ਸਿੱਖ ਸਾਹਿਤ ਦਾ ਸੂਰਜ: ਪ੍ਰੋ: ਪਿਆਰਾ ਸਿੰਘ ਪਦਮ

ਪੰਜਾਬੀ ਸਾਹਿਤ ਦੇ ਇਤਿਹਾਸਕ ਖੇਤਰ ਤੇ ਖਾਸਕਰ ਸਿੱਖ ਸਾਹਿਤ ਦੇ ਚਿਤੇਰਿਆਂ ਅਤੇ ਰਚਨਾਕਾਰਾਂ ਦੀ ਮੂਹਰਲੀ ਕਤਾਰ ਵਿੱਚ ਜਿਹੜੇ ਨਾਵਾਂ ਦਾ ਜ਼ਿਕਰ ਆਉਂਦਾ ਹੈ, ਉਨ੍ਹਾਂ ਵਿੱਚੋਂ ਨਿਰਸੰਦੇਅ ਪ੍ਰੋ: ਪਿਆਰਾ ਸਿੰਘ ਪਦਮ ਜੀ ਵੀ ਇੱਕ ਹਨ। ਉਨ੍ਹਾਂ ਦਾ ਜਨਮ 28 ਦਸੰਬਰ 1921 ਨੂੰ ਸ: ਗੁਰਨਾਮ ਸਿੰਘ ਦੇ ਘਰ ਲੁਧਿਆਣਾ ਜਿਲ੍ਹੇ ਦੇ ਪਿੰਡ ਘੁੰਗਰਾਣਾ ਵਿਖੇ ਹੋਇਆ ਸੀ। 
ਮੁਢਲੀ ਸਿੱਖਿਆ ਪ੍ਰਾਪਤ ਕਰਨ ਉਪਰੰਤ ਪਦਮ ਜੀ ਨੇ ਹਿੰਦੀ ਦੀ ਪ੍ਰਭਾਕਰ ਅਤੇ ਪੰਜਾਬੀ ਦੀ ਗਿਆਨੀ ਕੀਤੀ। ਇਨ੍ਹਾਂ ਵਿਦਿਅਕ ਯੋਗਤਾਵਾਂ ਨੂੰ ਪ੍ਰਾਪਤ ਕਰਨ ਉਪਰੰਤ ਉਹ ਸਿੱਖ ਮਿਸ਼ਨਰੀ ਦਾ ਕੋਰਸ ਕਰਨ ਹਿੱਤ ਸਿੱਖ ਮਿਸ਼ਨਰੀ ਕਾਲਜ਼ ਅੰਮ੍ਰਿਤਸਰ ਵਿੱਚ ਦਾਖਲ ਹੋ ਗਏ। ਇੱਥੇ ਵਰਣਨਯੋਗ ਹੈ ਕਿ ਉਹ ਬਾਅਦ ਵਿੱਚ ਆਪਣੀ ਮਿਹਨਤ ਅਤੇ ਪ੍ਰਤਿਭਾ ਦੇ ਬਲਬੂਤੇ ’ਤੇ ਇਸੇ ਕਾਲਜ਼ ਵਿੱਚ ਸਿੱਖ ਸਾਹਿਤ ਅਤੇ ਇਤਿਹਾਸ ਦੇ ਲੈਕਚਰਾਰ ਲੱਗ ਗਏ ਸਨ। 
ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਵੱਲੋਂ ਕੱਢੇ ਜਾਂਦੇ ਮਾਸਿਕ ਪੱਤਰ ਗੁਰਦੁਆਰਾ ਗਜ਼ਟ ਦੀ 1948-49 ਵਿੱਚ ਸੰਪਾਦਨਾ ਕਰਨ ਦਾ ਮਾਣ ਵੀ ਪਦਮ ਜੀ ਨੂੰ ਹਾਸਿਲ ਹੈ।

ਪ੍ਰੋ: ਪਿਆਰਾ ਸਿੰਘ ਪਦਮ ਜੀ ਦੀ ਸਾਹਿਤਕ ਅਤੇ ਧਾਰਮਿਕ ਹਲਕਿਆਂ ਵਿੱਚ ਦਿਨੋਂ-ਦਿਨ  ਹੋ ਰਹੀ ਚੜ੍ਹਤ ਦੇਖ ਕੇ ਭਾਸ਼ਾ
ਵਿਭਾਗ ਪਟਿਆਲਾ ਵਾਲਿਆਂ ਨੇ 1950 ਦੇ ਅਪ੍ਰੈਲ ਮਹੀਨੇ ਵਿੱਚ ਉਨ੍ਹਾਂ ਨੂੰ ਕੁੰਡੀ ਪਾ ਕੇ ਆਪਣੇ ਵੱਲ ਐਸਾ ਖਿਚਿਆ ਕਿ ਉਸ ਤੋਂ ਬਾਅਦ ਦੀ ਗਾਲਬਨ ਸਾਰੀ ਹਿਯਾਤੀ ਉਹ ਪਟਿਆਲਾ ਸ਼ਹਿਰ ਵਿੱਚ ਹੀ ਟਿਕੇ ਰਹੇ। ਪਟਿਆਲੇ ਰਹਿੰਦਿਆਂ ਕੁੱਝ ਵਰ੍ਹੇ ਉਨ੍ਹਾਂ ਇਸੇ ਵਿਭਾਗ ਦੇ ਮਾਸਕ ਪੱਤਰ ਪੰਜਾਬੀ ਦੁਨੀਆਂ ਦੀ ਬੜੀ ਕਲਾ-ਕਸ਼ਲਤਾ ਨਾਲ ਸੰਪਾਦਕੀ ਕੀਤੀ ਤੇ ਫੇਰ ਉਨ੍ਹਾਂ ਆਪਣੇ ਆਪਨੂੰ ਵਿਭਾਗ ਦੇ ਹੋਰ ਸਾਹਿਤਕ ਕੰਮਾਂ ਵਿੱਚ ਉਲਝਾ ਲਿਆ। ਇਸ ਤਰ੍ਹਾਂ ਅਕਤੂਬਰ 1965 ਤੱਕ ਉਹ ਭਾਸ਼ਾ ਵਿਭਾਗ ਦਾ ਹੱਥ ਵਟਾਉਂਦੇ ਰਹੇ ਸਨ।

ਅਕਤੂਬਰ 1965 ਤੋਂ ਲੈ ਕੇ ਜਨਵਰੀ 1983 ਤੱਕ ਪਦਮ ਜੀ ਪੰਜਾਬੀ ਯੂਨੀਵਰਸਟੀ ਪਟਿਆਲਾ ਵਿਖੇ ਉਂੱਚੇ ਅਤੇ ਸਨਮਾਨਯੋਗ ਆਹੁਦੇ ਉਂੱਤੇ ਨਿਯੁਕਤ ਰਹੇ। ਕੁੱਝ ਦੇਰ ਲਈ ਉਹ ਯੂਨੀਵਰਸਿਟੀ ਪਟਿਆਲਾ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਮੁੱਖੀ ਵੀ ਰਹਿ ਚੁੱਕੇ ਹਨ।
ਨੌਕਰੀ ਉਤੋਂ ਸੇਵਾ ਮੁਕਤ ਹੋਣ ਮਗਰੋਂ ਵੀ ਪ੍ਰੋ: ਪਿਆਰਾ ਸਿੰਘ ਪਦਮ ਜੀ ਟਿਕ ਕੇ ਘਰੇ ਨਹੀਂ ਸਨ ਬੈਠੇ, ਸਗੋਂ ਉਹਨਾਂ ਨੇ ਆਪਣੇ ਆਪਨੂੰ ਸਾਹਿਤਕ ਕਾਰਜ਼ਾਂ ਵਿੱਚ ਪਹਿਲਾਂ ਨਾਲੋਂ ਵੀ ਵਧੇਰੇ ਮਸਰੂਫ ਕਰ ਲਿਆ ਸੀ।
ਅਨੇਕਾਂ ਹੀ ਸਾਹਿਤ ਸੰਭਾਵਾਂ ਨੇ ਪਦਮ ਜੀ ਨੂੰ ਸਨਮਾਨਿਤ ਕਰਕੇ ਆਪਣਾ ਮਾਣ ਵਧਾਇਆ  ਸੀ। ਜਿਨ੍ਹਾਂ ਵਿੱਚੋਂ ਪ੍ਰਮੁੱਖ ਨਾਮ ਇਸ ਪ੍ਰਕਾਰ ਹਨ:-
-ਪੰਜਾਬੀ ਸਾਹਿਤ ਅਕਾਦਮੀ (ਲੁਧਿਆਣਾ)
-ਪੰਜਾਬੀ ਸਾਹਿਤ ਟਰੱਸਟ (ਢੁੱਡੀਕੇ)
-ਪੰਜਾਬੀ ਸੱਥ ਲਾਂਬੜਾ (ਜਲੰਧਰ)
-ਹਾਸ਼ਮ ਯਾਦਗਾਰੀ ਟਰੱਸਟ, ਜਗਦੇਉ ਕਲਾਂ(ਅੰਮ੍ਰਿਤਸਰ)
(ਜੇਕਰ ਇੱਥੇ ਇੰਗਲੈਂਡ ਦੀ ਕਿਸੇ ਸੰਸਥਾ ਦਾ ਨਾਮ ਰਹਿ ਗਿਆ ਹੋਵੇ ਤਾਂ  ਉਹ ਮੈਨੂੰ ਸਨਮਾਨਿਤ ਕਰਕੇ ਆਪਣਾ ਨਾਮ ਸ਼ਾਮਲ ਕਰਵਾ ਸਕਦੇ ਹਨ। -ਮਜ਼ਾਕ ਕਰਦਾਂ। ਗੁੱਸਾ ਨਾ ਕਰ ਜਾਇਉ!)
-ਸਿੱਖ ਆਰਟ ਐਂਡ ਕਲਚਰਲ ਸੁਸਾਇਟੀ  (ਇੰਗਲੈਂਡ)
ਇਸ ਤੋਂ ਇਲਾਵਾ ਪਦਮ ਜੀ ਪੰਜਾਬੀ ਯੂਨੀਵਰਸਿਟੀ ਤੋਂ ਉਮਰ ਭਰ ਲਈ ਫੈਲੋਸ਼ਿਪ ਅਤੇ ਪੰਜਾਬ ਸਰਕਾਰ ਵੱਲੋਂ ਵਰ੍ਹਾਂ 2001 ਦਾ ਸ਼੍ਰੋਮਣੀ ਸਾਹਿਤਕਾਰ ਅਵਾਰਡ ਵੀ ਪ੍ਰਾਪਤ ਕਰ ਚੁੱਕੇ ਸਨ।
ਪ੍ਰੋ: ਪਿਆਰਾ ਸਿੰਘ ਪਦਮ ਜੀ ਦਾ ਕਲਮ ਸਭ ਤੋਂ ਪਸੰਦਿਦਾ ਸ਼ਬਦ ਸੀ ਅਤੇ ਇਸ ਸ਼ਬਦ ਨੂੰ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿੱਚ ਵਾਰ-ਵਾਰ ਵਰਤਿਆਂ ਹੈ। ਆਪਣੀਆਂ ਕਈ ਪੁਸਤਕਾਂ ਦਾ ਨਾਮਕਰਨ ਵੀ ਉਨ੍ਹਾਂ ਨੇ ਇਸ ਲਫ਼ਜ਼ ਨਾਲ ਕੀਤਾ ਹੈ। ਉਦਾਹਰਣ ਦੇ ਤੌਰ ’ਤੇ ਕਲਮ ਦੇ ਚਮਤਕਾਰ ਅਤੇ ਕਲਮ ਦੇ ਧਨੀ ਆਦਿ। ਇਸ ਤੋਂ ਇਲਾਵਾ ਆਪਣੀ ਜਾਣ-ਪਛਾਣ ਲਈ ਛਾਪੀ ਗਈ ਦੁਵਰਕੀ ਦਾ ਟਾਇਟਲ ਵੀ ਪਦਮ ਜੀ ਨੇ ਕਲਮਨਾਮਾ ਰੱਖਿਆ ਸੀ। ਇੱਥੇ ਹੀ ਬਸ ਨਹੀਂ ਉਨ੍ਹਾਂ ਨੇ ਤਾਂ ਲੋਅਰ ਮਾਲ ਰੋਡ, ਪਟਿਆਲਾ ਉਂੱਤੇ ਸਥਿਤ ਆਪਣੇ ਮਕਾਨ ਦਾ ਨਾਮ ਵੀ ਕਲਮਮੰਦਰ ਧਰਿਆ ਹੋਇਆ ਸੀ।
ਵੈਸੇ  ਤਾਂ ਸਾਹਿਤ ਚਾਹੇ ਕਿਸੇ ਵੀ ਰੂਪ ਦਾ ਹੋਵੇ ਉਸਨੂੰ ਸਿਰਜਣਾ ਕਠਿਨ ਕਾਰਜ਼ ਹੁੰਦਾ ਹੈ। ਪਰ ਫੇਰ ਵੀ ਸਮਕਾਲੀ ਘਟਨਾਵਾਂ ਉਂੱਤੇ ਅਧਾਰਤ ਜਾਂ ਅਜੋਕੇ ਜਨ-ਜੀਵਨ ਨੂੰ ਦਰਸਾਉਂਦੇ ਸਾਹਿਤ ਦੀ ਰਚਨਾ ਕਰਨੀ ਅਜੇ ਫੇਰ ਵੀ ਕੁੱਝ ਸਰਲ ਹੁੰਦੀ ਹੈ। ਇਤਿਹਾਸ ਨੂੰ ਬਿਆਨ ਕਰਨਾ ਔਖਾ ਹੁੰਦਾ ਹੈ ਅਤੇ ਗੁਆਚੇ ਹੋਏ ਇਤਿਹਾਸ ਲੱਭ ਕੇ ਲਿਖਣਾ ਤਾਂ ਬਿਲਕੁੱਲ ਹੀ ਕੋਈ ਖਾਲਾ ਜੀ ਦਾ ਵਾੜ੍ਹਾ ਨਹੀਂ ਹੈ। ਧੰਨ ਦੇ ਸਨ ਪਦਮ ਜੀ, ਜਿਹੜੇ ਜੀਵਨ ਭਰ ਇਹ ਮੁਸ਼ਕਿਲ ਕੰਮ ਕਰਦੇ ਰਹੇ ਤੇ ਅੰਤਿਮ ਸੁਆਸਾਂ ਤੱਕ ਉਨ੍ਹਾਂ ਨੇ ਆਪਣੀ ਕਲਮ ਨੂੰ ਅਰਾਮ ਨਹੀਂ ਕਰਨ ਦਿੱਤਾ।
ਪ੍ਰੋ: ਪਿਆਰਾ ਸਿੰਘ ਪਦਮ ਜੀ ਬੜੇ ਸਿਰੜੀ ਅਤੇ ਮਿਹਨਤੀ ਸਨ। ਉਹਨਾਂ ਦੀ ਇਤਿਹਾਸ ਨੂੰ ਖੋਜਣ ਦੀ ਘਾਲਣਾ ਦਾ ਹੀ ਨਤੀਜਾ ਹੈ ਕਿ ਅੱਜ ਮੇਰੇ ਕੋਲ, ਮੇਰੇ ਸਟੱਡੀ-ਟੇਬਲ  ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਰਤਨ ਵਰਗੀ ਨਾਇਯਾਬ ਪੁਸਤਕ ਪਈ ਹੈ। ਇਸ ਕਿਤਾਬ ਵਿੱਚ ਉਨ੍ਹਾਂ ਨੇ ਪੂਰੇ 125 ਕਵੀਆਂ ਦੇ ਵੇਰਵੇ ਅੰਕਿਤ ਕਰਕੇ ਚਕ੍ਰਿਤ ਕਰ ਦਿੱਤਾ ਹੈ। ਵਰਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀਆਂ ਬਾਰੇ ਸਾਡੀ ਜਾਣਕਾਰੀ 52 ਦੇ ਹਿੰਦਸੇ ਉਂੱਤੇ ਹੀ ਆ ਕੇ ਅੜ੍ਹਕ ਜਾਇਆ ਕਰਦੀ ਸੀ।
ਪਦਮ ਜੀ ਨੇ ਗੁਣਾਤਮਕ ਅਤੇ ਗਿਣਾਤਮਕ ਪੱਖੋਂ ਅਨੇਕਾਂ ਲਾਸਾਨੀ ਮੱਲਾਂ ਮਾਰੀਆਂ ਹਨ। ਪ੍ਰਾਚੀਨ ਯੋਧਿਆਂ, ਵਿਦਵਾਨਾਂ ਅਤੇ ਗੁਰੂ ਸਹਿਬਾਨਾਂ ਦੇ ਉਨ੍ਹਾਂ ਨੇ ਸੰਲਾਘਾਯੋਗ ਕਲਮ ਚਿੱਤਰ ਉਲੀਕੇ ਹਨ। ਉਨ੍ਹਾਂ ਦੀ ਹਰੇਕ ਪੁਸਤਕ ਦੇ ਕਈ-ਕਈ ਅਡੀਸ਼ਨ ਛਪਦੇ ਰਹੇ ਸਨ ਤੇ ਹੁਣ ਵੀ ਛਪ ਰਹੇ ਹਨ। ਇੱਕ ਅੰਦਾਜ਼ੇ ਮੁਤਾਬਿਕ ਸਮੁੱਚੇ ਜੀਵਨਕਾਲ ਵਿੱਚ ਉਨ੍ਹਾਂ ਨੇ 80/82 ਦੇ ਕਰੀਬ ਪੁਸਤਕਾਂ ਰਚੀਆਂ ਹਨ। ਜਿਨ੍ਹਾਂ ਵਿੱਚੋਂ ਚੋਣਵੀਆਂ ਦੀ ਸੂਚੀ ਪੇਸ਼ ਹੈ:- ਸੰਖੇਪ ਸਿੱਖ ਇਤਿਹਾਸ, ਦਸਮ ਗ੍ਰੰਥ ਦਰਸ਼ਨ, ਪੰਜ ਦਰਿਆ, ਜ਼ਫਰਨਾਮਾ ਸਟੀਕ, ਕਲਾਮ ਭਾਈ ਨੰਦ ਲਾਲ, ਪੰਜਾਬੀ ਬੋਲੀ ਦਾ ਇਤਿਹਾਸ, ਗੁਰਮੁਖੀ ਲਿਪੀ ਦਾ ਇਤਿਹਾਸ, ਪੰਜਾਬੀ ਸਾਹਿਤ ਦੀ ਰੂਪਰੇਖਾ, ਪੰਜਾਬੀ ਡਾਇਰੈਕਟਰੀ, ਪੰਜਾਬੀ ਵਾਰਾਂ, ਪੰਜਾਬੀ ਬਾਰਾਂਮਾਹੇ, ਪੁਸ਼ਪਾਂਜਲੀ, ਖਲੀਲ ਜ਼ਿਬਰਾਨ ਦੇ ਬਚਨ ਬਿਲਾਸ, ਗੁਰੂ ਗ੍ਰੰਥ ਵਿਚਾਰ ਕੋਸ਼, ਗੁਰੂ ਗ੍ਰੰਥ ਸੰਕੇਤ ਕੋਸ਼, ਗੁਰੂ ਗ੍ਰੰਥ ਮਹਿਮਾ ਕੋਸ਼, ਮਿਰਜ਼ੇ ਦੀਆਂ ਸੱਦਾਂ।
ਪ੍ਰੋ: ਪਿਆਰਾ ਸਿੰਘ ਪਦਮ ਦੀ ਰਚੀ ਪੁਸਤਕ ਆਦਿ ਗ੍ਰੰਥ ਦਰਸ਼ਨ ਮੈਂ ਸੱਜਰੀ ਪੜ੍ਹੀ ਹੈ। ਇਸ ਵਿੱਚ ਉਨ੍ਹਾਂ ਆਦਿ ਗ੍ਰੰਥ ਸਾਹਿਬ ਉਂੱਤੇ ਅਲਪ ਜਿਹੀ ਝਾਤ ਪਾਉਣ ਦਾ ਯਤਨ ਕੀਤਾ ਹੈ। ਭਾਵੇਂ ਕਿ ਇਸ ਤੋਂ ਪੂਰਬ ਆਪਣੀ ਕਿਤਾਬ ਸ਼੍ਰੀ ਗੁਰੂ ਗ੍ਰੰਥ ਪ੍ਰਕਾਸ਼ ਵਿੱਚ ਪਦਮ ਜੀ ਇਸੇ ਵਿਸ਼ੇ ’ਤੇ ਬੜ੍ਹੀ ਤਫਸੀਲ ਨਾਲ ਲਿਖ ਚੁੱਕੇ ਹਨ। ਪਰ ਫਿਰ ਵੀ ਇਸ ਵਿਚਾਰ ਅਧੀਨ ਪੁਸਤਕ ਵਿੱਚ ਉਨ੍ਹਾਂ ਨੇ ਆਦਿ ਗ੍ਰੰਥ ਸਾਹਿਬ ਦੇ ਕੁੱਝ ਖਾਸ ਪਹਿਲੂਆਂ ’ਤੇ ਆਪਣੇ ਦ੍ਰਿਸ਼ਟੀਕੋਣ ਤੋਂ ਰੌਸ਼ਨੀ ਪਾਉਣ ਦਾ ਯਤਨ ਕੀਤਾ ਹੈ। ਮੁੱਖ ਰੂਪ ਵਿੱਚ ਉਨ੍ਹਾਂ ਨੇ ਇਸ ਪੁਸਤਕ ਨੂੰ ਪੰਜ ਭਾਗਾਂ ਵਿੱਚ ਵੰਡਿਆ ਹੈ। 
(1 ) ਆਦਿ ਗੁਰੂ ਗੰ੍ਰਥ ਸਾਹਿਬ -ਇਸ ਭਾਗ ਵਿੱਚ ਉਨ੍ਹਾਂ ਨੇ ਆਦਿ ਗ੍ਰੰਥ ਸਾਹਿਬ ਦੀ ਮਹੱਤਤਾ ਅਤੇ ਗੁਣਾਂ ਦਾ ਉਲੇਖ ਕੀਤਾ ਹੈ। ਸਾਡੇ ਜੀਵਨ ਵਿੱਚ ਗੁਰੂ ਗ੍ਰੰਥ ਸਾਹਿਬ ਕਿਵੇਂ ਸਹਾਈ ਹੋ ਸਕਦਾ ਹੈ ਅਤੇ ਇਸ ਗ੍ਰੰਥ ਦੀ ਹੋਂਦ ਵਿੱਚ ਆਉਣ ਸੰਬੰਧੀ ਕਾਫੀ ਜਾਣਾਕਰੀ ਦਿੱਤੀ ਹੈ। 
(2) ਆਦਿ ਗੁਰੂ ਗੰ੍ਰਥ ਦੇ ਰਹੱਸਵਾਦੀ ਕਵੀ -ਇਸ ਹਿੱਸੇ ਵਿੱਚ ਪ੍ਰੋ: ਪਿਆਰਾ ਸਿੰਘ ਪਦਮ ਜੀ ਨੇ ਉਨ੍ਹਾਂ ਕਵੀਆਂ ਦੇ ਸੰਖੇਪ ਜੀਵਨ ਬਿਓਰੇ ਅੰਕਿਤ ਕੀਤੇ ਹਨ, ਅਤੇ ਉਨ੍ਹਾਂ ਦੀਆਂ ਬਾਣੀਆਂ ਦੀ ਉਦਾਹਰਣਾਂ ਵੀ ਦਿੱਤੀਆਂ ਹਨ। ਜਿਨ੍ਹਾਂ ਦੀ ਬਾਣੀ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੈ। ਜਿਵੇਂ ਕਿ ਗੁਰੂ ਕਵੀ,  ਭਗਤ ਕਵੀ ਅਤੇ  ਭੱਟਾਂ ਹਨ। ਪ੍ਰੋ: ਪਿਆਰਾ ਸਿੰਘ ਪਦਮ ਜੀ  ਅਨੁਸਾਰ ਗੁਰੂ ਗ੍ਰੰਥ ਵਿੱਚ 5894 ਸ਼ਬਦ ਹਨ। ਜਿਨ੍ਹਾਂ ਵਿੱਚੋਂ 4956 ਗੁਰੂਆਂ ਦੇ ਤੇ 938 ਭਗਤਾਂ ਅਤੇ ਭੱਟਾਂ ਦੇ ਹਨ। ਪਰ ਇਸ ਗਿਣਤੀ ਵਿੱਚ ਦੂਸਰੇ ਵਿਦਵਾਨ ਦੇ ਮਤਭੇਦ ਹਨ। ਜਿਵੇਂ ਕਿ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਇਹ ਸੰਖਿਆ 5867 ਬਣਦੀ ਹੈ।
(3) ਆਦਿ ਗ੍ਰੰਥ ਦੀ ਵਿਚਾਰਧਾਰਾ- ਇਥੇ ਪਦਮ ਜੀ ਨੇ ਆਦਿ ਗੰ੍ਰਥ ਸਾਹਿਬ ਦੀ ਵਿਚਾਰਧਾਰਾ ਦਾ ਵਿਸ਼ਲੇਸ਼ਨ ਕਰਕੇ ਸਿੱਧ ਕੀਤਾ ਹੈ ਕਿ ਗੁਰੂ ਗੰ੍ਰਥ ਸਾਹਿਬ ਦੂਸਰੇ ਧਾਰਮਿਕ ਗ੍ਰੰਥਾਂ ਤੋਂ ਕਿੱਥੋਂ, ਕਿਵੇਂ ਅਤੇ ਕਿਉਂ ਵੱਖਰਾ ਹੈ।
(4) ਆਦਿ ਗੰ੍ਰਥ ਸੰਸਕ੍ਰਿਤੀ ਤੇ ਕਲਾ- ਇਸ ਭਾਗ ਵਿੱਚ ਆਦਿ ਗੰ੍ਰਥ ਸਾਹਿਬ ਦੀ ਸਾਡੀ ਕਲਾ ਅਤੇ ਸੰਸਕ੍ਰਿਤੀ ਨੂੰ ਕੀ ਦੇਣ ਹੈ? ਇਸ ਵਿਸ਼ੇ ਉਂੱਤੇ ਕੇਂਦ੍ਰਿਤ ਹੈ।
(5) ਆਦਿ ਗੰ੍ਰਥ- ਇਸ ਭਾਗ ਵਿੱਚ ਪਦਮ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸਾਰਥਿਕਤਾ ਅਤੇ ਉਪਦੇਸ਼ ਦਾ ਵਰਣਨ ਕੀਤਾ ਹੈ।  ਅੰਤ ਵਿੱਚ ਇਸ ਪੁਸਤਕ ਵਿੱਚ ਪਦਮ ਜੀ ਨੇ ਮਹਾਨ ਸਖਸ਼ੀਅਤਾਂ ਅਤੇ ਵਿਦਿਵਾਨਾਂ ਦੇ ਗੁਰੂ ਗ੍ਰੰਥ ਸਾਹਿਬ ਬਾਰੇ ਵਿਚਾਰ ਸ਼ਾਮਲ ਕੀਤੇ ਹਨ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਨ੍ਹਾਂ ਰਾਗਾਂ ਵਿੱਚ ਰਾਗਬਧ ਹੈ, ਇਸ ਪੁਸਤਕ ਵਿੱਚ ਉਨ੍ਹਾਂ 31 ਰਾਗਾਂ ਬਾਰੇ ਵੀ ਜਾਣਕਾਰੀ ਮਿਲਦੀ ਹੈ ਜਿਵੇਂ ਕਿ ਉਹ ਰਾਗ ਹਨ:- ਸ਼੍ਰੀ ਰਾਗ, ਮਾਝ, ਗਾਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ, ਮਾਲੀਗਉੜਾ, ਮਾਰੂ, ਤੁਖਾਰੀ, ਕਿਦਾਰਾ, ਭੈਰਉ, ਬਸੰਤ, ਸਾਰੰਗ, ਮਲ੍ਹਾਰ, ਕਾਨੜਾ, ਕਲਿਆਨ, ਪ੍ਰਭਾਤੀ ਤੇ ਜੈਜਾਵੰਤੀ।
ਇਸ ਤੋਂ ਇਲਾਵਾਂ ਅਤੇ ਪ੍ਰੋ: ਪਿਆਰਾ ਸਿੰਘ ਪਦਮ ਜੀ ਇਸ ਪੁਸਤਕ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਕਾਵਿ ਰੂਪਾਂ ਦਾ ਵੀ ਜ਼ਿਕਰ ਕਰਦੇ ਹਨ ਜੋ ਕਿ ਸਲੋਕ, ਪਾਉੜੀ, ਛੰਦ, ਵਾਰ, ਦੋਹਰਾ, ਅਸ਼ਟਪਦੀ, ਸਵਯੇ, ਬਾਰਾਂਮਾਹ, ਥਿਤੀ, ਪਹਰੇ, ਵਾਰ, ਪਟੀ, ਘੋੜੀਆਂ, ਅਲਾਹੁਣੀਆਂ ਤੇ ਕਰਹਲੇ ਆਦਿਕ ਹਨ। 
ਪ੍ਰੋ: ਪਿਆਰਾ ਸਿੰਘ ਪਦਮ ਜੀ ਕਲਮ ਹੀ ਵਧੀਆ ਨਹੀਂ ਸਨ ਚਲਾਉਂਦੇ। ਸਗੋਂ ਵਧੀਆ ਬੁਲਾਰੇ ਵੀ ਸਨ। ਜਦੋਂ ਉਹ ਸਟੇਜ਼ ’ਤੇ ਚੜ੍ਹ ਕੇ ਬੋਲਦੇ ਤਾਂ ਐਸਾ ਰੰਗ ਬੰਨ੍ਹਦੇ ਕਿ ਸਰੋਤਿਆਂ ਨੂੰ ਕੁੱਲ ਆਲਮ ਭੁੱਲ ਜਾਂਦਾ ਹੁੰਦਾ ਸੀ। ਜਦੋਂ ਪਦਮ ਜੀ ਗੋਰੀ ਦੀਆਂ ਛਣਕਦੀਆਂ ਝਾਜਰਾਂ ਵਰਗੀ ਟਣਕਦੀ ਆਪਣੀ ਆਵਾਜ਼ ਵਿੱਚ ਇਤਿਹਾਸਕ ਅਤੇ ਗੁਰਬਾਣੀ ਦੇ ਹਵਾਲੇ ਦੇ ਕੇ ਦਲੀਲ ਦਿੰਦੇ ਤਾਂ ਵੱਡੇ-ਵੱਡੇ ਵਿਦਵਾਨ ਉਨ੍ਹਾਂ ਦੇ ਗਿਆਨ ਦਾ ਅਨੁਮਾਨ ਲਾਉਂਦੇ ਹੋਏ ਦੰਗ ਰਹਿ ਜਾਂਦੇ ਹੁੰਦੇ ਸਨ। ਪਦਮ ਜੀ ਨੇ ਮਨੁੱਖਾਂ ਵਾਲੇ ਕੰਮ ਨਹੀਂ ਬਲਕਿ ਸੰਸਥਾਵਾਂ ਵਾਲੇ ਕੰਮ ਕਰਕੇ ਦਿਖਾਏ ਹਨ। ਸਾਨੂੰ ਨਵੇਂ ਕਲਮਕਾਰਾਂ ਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਅਤੇ ਅਗਵਾਈ ਲੈਣੀ ਚਾਹੀਦੀ ਹੈ। 
ਭਾਵੇਂ ਕਿ ਸਿੱਖ ਇਤਿਹਾਸ ਅਤੇ ਗੁਰਮਿਤ ਸਾਹਿਤ ਨੂੰ ਕਲਮਬੰਦ ਕਰਨ ਵਾਲਾ ਇਹ ਪ੍ਰੋ: ਪਿਆਰਾ ਸਿੰਘ ਪਦਮ ਨਾਮ ਦਾ ਸੂਰਜ ਸੰਨ 2001 ਦੀ ਪਹਿਲੀ ਮਈ ਵਾਲੀ ਰਾਤ ਮੌਤ ਦੇ ਪਹਾੜਾਂ ਵਿੱਚ ਕਿਧਰੇ ਅਸਤ ਹੋ ਚੁੱਕਿਆ ਹੈ। ਫਿਰ ਵੀ ਇਸ ਸੂਰਜ ਦੀਆਂ ਛੱਡੀਆਂ ਪੁਸਤਕਾਂ ਰੂਪੀ ਕਿਰਨਾਂ ਦੀ ਤਪਸ਼ ਸਾਡੀ ਜ਼ਿੰਦਗੀ ਦੇ ਸਰਦ ਪਲਾਂ ਨੂੰ ਹਮੇਸ਼ਾਂ ਗਰਮਾਉਂਦੀ ਰਹੇਗੀ। ਪੰਜਾਬੀ ਪਾਠਕਾਂ ਦੇ ਮਨਾਂ ਵਿੱਚ ਇਹ ਸੂਰਜ ਸਦੈਵ ਚੜ੍ਹਿਆ ਰਹੇਗਾ। ਤੇ ਮੇਰੇ ਵੱਲੋਂ ਸਿੱਖ ਸਾਹਿਤ ਦੇ ਇਸ ਮਹਾਨ ਅਤੇ ਵਿਸ਼ਾਲ ਆਫਤਾਬ ਨੂੰ ਇਨ੍ਹਾਂ ਸ਼ਬਦਾਂ ਦਾ ਅਰਘ! 

ਨੋਟ: ਇਹ ਲੇਖ ਕੁਝ ਵਰ੍ਹੇ ਪਹਿਲਾਂ ਲਿਖਿਆ ਗਿਆ ਹੈ।

****

1 comment:

  1. A great man, indeed! He was a very good friend of my dad and I can vouch for him as well.
    Thanks for sharing!

    ReplyDelete