ਗਿਆਨ ਦਾ ਭੰਡਾਰ: ਹਰਿੰਦਰ ਸਿੰਘ ਮਹਿਬੂਬ

ਸ਼੍ਰੀ ਨਨਕਾਣਾ ਸਾਹਿਬ (ਮਾਜੂਦਾ ਪਾਕਿਸਤਾਨ) ਤੋਂ ਦਸ ਮੀਲ ਦੂਰ ਵਸਦੇ ਜ਼ਿਲ੍ਹਾਂ ਲਾਇਲਪੁਰ ਦਾ ਇੱਕ ਪਿੰਡ ਸੀ, ਜਿਸਨੂੰ ਚੱਕ ਨੰ: 233 ਆਖਿਆ ਜਾਂਦਾ ਸੀ। ਇਸੇ ਪਿੰਡ ਵਿੱਚ 1-10-1937 ਨੂੰ ਹਰਿੰਦਰ ਸਿੰਘ ਮਹਿਬੂਬ ਦਾ ਜਨਮ ਹੋਇਆ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਨਾਲ ਪਾਵਨ ਹੋਈ ਮਿੱਟੀ ਵਿੱਚ ਖੇਡ ਕੇ ਉਹ ਪਲੇ ਹਨ। ਅੱਜ ਵੀ ਉਹੀ ਨਨਕਾਣੇ ਦੀ ਮਹਿਕਦੀ ਫਿਜ਼ਾ ਉਨ੍ਹਾਂ ਦੇ ਸਾਹਾਂ ਵਿੱਚ ਰਚੀ ਹੋਈ ਹੈ।  ਸ਼ਾਇਦ ਇਸੇ ਕਾਰਨ ਸਿੱਖੀ ਜਜ਼ਬੇ ਉਨ੍ਹਾਂ ਦੇ ਰੋਮ-ਰੋਮ ਵਿੱਚੋਂ ਰਿਸਦੇ ਨਜ਼ਰ ਆਉਂਦੇ ਹਨ। ਉਹ ਪੂਰਨਰੂਪ ਵਿੱਚ ਖਾਲਸਾ ਪੰਥ ਨੂੰ ਸਮਰਪਿਤ ਕਲਮਕਾਰ ਹਨ। ਪੰਜਾਬੀ ਸਾਹਿਤ ਵਿੱਚ ਸਿੱਖਵਾਦ ਉਤੇ ਲਿਖਣ ਵਾਲੇ ਲੇਖਕਾਂ ਵਿੱਚੋਂ ਉਨ੍ਹਾਂ ਨੂੰ ਸਿਰਕੱਢ ਲੇਖਕ ਮੰਨਿਆ ਜਾਂਦਾ ਹੈ। ਇਸੇ ਕਰਕੇ ਜੋ ਸਨਮਾਨਯੋਗ ਦਰਜ਼ਾ ਮਹਿਬੂਬ ਸਾਹਿਬ ਨੂੰ ਪ੍ਰਾਪਤ ਉਹ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ। 
ਜੇਕਰ ਮਹਿਬੂਬ ਸਾਹਿਬ ਦੀਆਂ ਵਿਦਿਅਕ ਯੋਗਤਾਵਾਂ ਵੱਲ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ ਪੰਜਾਬੀ ਅਤੇ ਅੰਗਰੇਜ਼ੀ ਦੀ ਐਮ ਏ ਪਾਸ ਕਰਨ ਤੋਂ ਇਲਾਵਾ ਹੋਰ ਬਹੁਤ ਸਾਰੇ ਧਾਰਮਿਕ ਅਤੇ ਅਧਰਾਮਿਕ ਗ੍ਰੰਥਾਂ ਦਾ ਗਹਿਰਾ ਅਧਿਐਨ ਕੀਤਾ ਹੈ। ਅਣਗਿਣਤ ਪੂਰਬੀ ਅਤੇ ਪੱਛਮੀ ਫਲਸਫੇ ਉਨ੍ਹਾਂ ਨੂੰ ਇਉਂ ਯਾਦ ਹਨ ਜਿਵੇਂ ਪੰਡਤ ਦੇ ਤੋਤੇ ਨੂੰ ਰਾਮ ਰਾਮ ਚੇਤੇ ਹੁੰਦਾ ਹੈ।
ਪੇਸ਼ੇ ਵਜੋਂ ਉਨ੍ਹਾਂ ਨੇ ਅਧਿਆਪਨ ਦੇ ਕਿੱਤੇ ਨੂੰ ਅਪਨਾਇਆ ਹੋਇਆ ਸੀ। ਨਵੰਬਰ 1968 ਤੋਂ 30 ਸਤੰਬਰ 1997 ਤੱਕ ਉਹ ਖਾਲਸਾ ਕਾਲਜ਼ ਗੜ੍ਹਦੀਵਾਲਾ ਵਿਖੇ ਅੰਗਰੇਜ਼ੀ ਪੜ੍ਹਾਉਂਦੇ ਰਹੇ ਸਨ। ਅੱਜ-ਕੱਲ੍ਹ ਉਹ ਨੌਕਰੀ ਤੋਂ ਸੇਵਾ ਮੁਕਤ ਹੋਣ ਕਾਰਨ ਸੁਤੰਤਰਤਾ ਨਾਲ ਲੇਖਣੀ ਕਾਰਜ਼ਾਂ ਵਿੱਚ ਰੁਝੇ ਹੋਏ ਹਨ।
ਮਹਿਬੂਬ ਸਾਹਿਬ ਦੀ ਰਚੀ ਹਰ ਇੱਕ ਸਿਨਫ ਦੀ ਸਾਹਿਤਿਕ ਹਲਕਿਆਂ ਵਿੱਚ ਭਰੂਪਰ ਚਰਚਾ ਹੁੰਦੀ ਹੈ। ਉਨ੍ਹਾਂ ਦੀਆਂ ਰਚਨਾਵਾਂ ਉਂੱਪਰ ਅਨੇਕਾਂ ਵਿਵਾਦ ਛਿੜਦੇ ਰਹੇ ਹਨ, ਜਿਨ੍ਹਾਂ ਕਰਕੇ ਉਨ੍ਹਾਂ ਨੂੰ ਕਰੜੀ ਆਲੋਚਨਾ ਦਾ ਨਿਸ਼ਾਨਾ ਵੀ ਬਣਨਾ ਪਿਆ
ਅਤੇ ਕਈ ਅਵਸਰਾਂ ਉਤੇ ਉਨ੍ਹਾਂ ਨੂੰ ਪੁਲੀਸ ਦੀਆਂ ਵਧੀਕੀਆਂ ਵੀ ਜਰਨੀਆਂ ਪਈਆਂ। ਪਰੰਤੂ ਉਨ੍ਹਾਂ ਨੇ ਸੱਚ ਦਾ ਪੱਲਾ ਨਹੀਂ ਛੱਡਿਆ। ਮਹਿਬੂਬ ਸਾਹਿਬ ਦਾ ਹੌਂਸਲਾ ਕਾਬਲ-ਏ-ਦਾਦ ਹੈ। ਲੱਖਾਂ ਸਿਤਮ ਝੱਲ ਕੇ ਵੀ ਉਹ ਝੁੱਕੇ ਨਹੀਂ ਅਤੇ ਆਪਣੇ ਵਿਚਾਰਾਂ ਉਤੇ ਖਾਲ੍ਹ ਮੱਲੀ ਬੈਠੇ ਸਾਨ ਵਾਂਗ ਡਟੇ ਰਹੇ ਹਨ।
ਜਿੱਥੇ ਜਾ ਕੇ ਆਮ ਆਦਮੀ ਦੇ ਗਿਆਨ ਦੀ ਸੀਮਾ ਮੁੱਕਦੀ ਹੈ, ਉਥੋਂ ਮਹਿਬੂਬ ਸਾਹਿਬ ਲਿਖਣਾ ਸ਼ੁਰੂ ਕਰਦੇ ਹਨ। ਉਨ੍ਹਾਂ ਨੇ ਅਧਿਐਨ ਅਤੇ ਅਨੁਭਵ ਉਤੇ ਰਸ਼ਕ ਆਉਂਦਾ ਹੈ। ਉਹ ਇੰਨਸਾਨ ਨਹੀਂ, ਬਲਕਿ ਗਿਆਨ ਦੇ ਸਾਗਰ ਹਨ। ਵਰਨਾ 3-12-1982 ਨੂੰ ਗੁਰਦੁਆਰਾ ਪੰਜਾ ਸਾਹਿਬ ਹੋਏ ਬਹਿਸ-ਮੁਬਾਇਸੇ ਵਿੱਚ Dr.W.H. Mcleod  ਵਰਗੇ ਵਿਦਵਾਨ ਦੀ ਪਿੱਠ ਲਵਾ ਸਕਣਾ ਕਿਸੇ ਮਾੜੇ ਮੋਟੇ ਲੇਖਕ ਦੇ ਬਸ ਦਾ ਰੋਗ ਨਹੀਂ ਸੀ। ਅਧਿਆਤਮਕਵਾਦ ਦੇ ਜਿਸ ਮੁਕਾਮ ਤੱਕ ਉਪੜਣ ਲਈ ਇੱਕ ਆਮ ਮਨੁੱਖ ਨੂੰ ਜਨਮਾਂ ਦੇ ਜਨਮ ਲੱਗ ਜਾਂਦੇ ਹਨ। ਮਹਿਬੂਬ ਸਾਹਿਬ ਨੇ ਆਪਣੀ ਅਣਥੱਕ ਮਿਹਨਤ ਅਤੇ ਲਗਨ ਸਦਕਾ ਉਹ ਪੈਂਡਾ ਵਰ੍ਹਿਆਂ ਵਿੱਚ ਹੀ ਤੈਅ ਕਰ ਵਿਖਾਇਆ ਹੈ। ਸੂਫੀਵਾਦ ਵਿੱਚ ਇੱਕ ਉਚ ਦਰਜ਼ੇ ਦੀ ਪਦਵੀ ਹੁੰਦੀ ਹੈ ਜਿਸਨੂੰ ਮਾਰਫਤ ਦਾ ਨਾਮ ਦਿੱਤਾ ਗਿਆ ਹੈ। ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ਜੇ ਅਸੀਂ ਕਹੀਏ ਕਿ ਮਹਿਬੂਬ ਸਾਹਿਬ ਸਿੱਖ ਧਰਮ ਦੀ ਮਾਰਫਤ ਵਾਲੀ ਅਵਸਥਾ ਤੱਕ ਪਹੁੰਚ ਗਏ ਹਨ।   
ਮਹਿਬੂਬ ਸਾਹਿਬ ਦੀਆਂ ਰਚਨਾਵਾਂ ਚੋਂ ਉਨ੍ਹਾਂ ਦਾ ਦਰਵੇਸ਼ੀ ਸੁਭਾਅ ਸਾਫ਼ ਝਲਕਦਾ ਦਿਸਦਾ ਹੈ। ਪੁਸਤਕਾਂ ਉਪਰ ਛਪਣ ਵਾਲੀ ਉਨ੍ਹਾਂ ਦੀ ਫੋਟੋ ਉਨ੍ਹਾਂ ਵੱਲੋਂ ਜੀਉਏਂ ਜਾਂਦੇ ਸਾਦਾ ਤੇ ਸੂਫੀਆਨਾ ਜੀਵਨ ਦਾ ਸਬੂਤ ਪੇਸ਼ ਕਰਦੀ ਹੈ। ਮਹਿਬੂਬ ਸਾਹਿਬ ਨੂੰ ਪੜ੍ਹਦਿਆਂ ਉਨ੍ਹਾਂ ਦੇ ਸਫ਼ਾਫ਼ ਖਿਆਲਾ ਵਿਚੋਂ ਉਨ੍ਹਾਂ ਦੀ ਪਾਕੀਜ਼ ਰੂਹ ਦੇ ਦਰਸ਼ਨ ਹੁੰਦੇ ਹਨ। ਮਹਿਬੂਬ ਸਾਹਿਬ ਖੰਡਾਂ-ਬ੍ਰਹਿਮੰਡਾਂ ਵਿੱਚ ਵਿਆਪ ਰਹੇ ਅਮਰ ਸੱਚ ਨੂੰ ਤਲਾਸ਼ ਕੇ ਉਸਦਾ ਲਿਬਾਸ ਆਪਣੀ ਕਵਿਤਾ ਨੂੰ ਪਹਿਨਾਉਂਦੇ ਹਨ ਅਤੇ ਫਿਰ ਉਚੇ ਨਛੱਤਰੀ ਵਸਦੇ ਪਵਿੱਤਰ ਸ਼ਬਦਾਂ ਦਾ ਸਿੰਗਾਰ ਕਰਕੇ ਉਸਨੂੰ ਦੁਲਹਨ ਵਾਂਗ ਸਜਾਉਂਦੇ ਹਨ। ਇਸੇ ਲਈ ਮਹਿਬੂਬ ਸਾਹਿਬ ਦੀ ਕਵਿਤਾ ਹੁਸੀਨ-ਤਰੀਨ ਹੁੰਦੀ ਹੈ।
ਮਹਿਬੂਬ ਸਾਹਿਬ ਵਿੱਚ ਅਥਾਹ ਰਚਨਾਤਮਕ ਸ਼ਕਤੀ ਹੈ। ਉਨ੍ਹਾਂ ਦੀ ਸਮਰਥਾ ਦੂਜੇ ਲਿਖਾਰੀਆਂ ਨੂੰ ਚਕਾ-ਚੌਂਦ ਕਰਕੇ ਰੱਖ ਦਿੰਦੀ ਹੈ। ਮਹਿਬੂਬ ਸਾਹਿਬ ਦੇ ਅਨੁਸਾਰ ਉਹ ਆਪਣੀਆਂ ਰਚਨਾਵਾਂ ਨੂੰ ਕਾਗਜ਼ ’ਤੇ ਉਤਾਰਨ ਤੋਂ ਪਹਿਲਾ ਖੁਦ ਮਹਿਸੂਸਦੇ ਅਤੇ ਜੀਉਂਦਾ ਹਨ।
ਮਹਿਬੂਬ ਸਾਹਿਬ ਨੂੰ ਪੜ੍ਹ ਕੇ ਹੀ ਮੈਨੂੰ ਬੋਧ ਹੋਇਆ ਹੈ ਕਿ ਦਸ ਮਾੜੇ ਲੇਖਕਾਂ ਨੂੰ ਪੜ੍ਹਨ ’ਤੇ ਵਕਤ ਜਾਇਆ ਕਰਨ ਦੀ ਬਜਾਏ ਇੱਕ ਚੰਗੇ ਲੇਖਕ ਨੂੰ ਪੜ੍ਹ ਲੈਣਾ ਜ਼ਿਆਦੇ ਲਾਭਕਾਰੀ ਹੈ। ਮਹਿਬੂਬ ਸਾਹਿਬ ਨੂੰ ਪੜ੍ਹਦਿਆਂ ਤੁਸੀਂ ਸਿਰਫ ਹਰਿੰਦਰ ਸਿੰਘ ਮਹਿਬੂਬ ਨੂੰ ਹੀ ਨਹੀਂ ਪੜ੍ਹਦੇ। ਸਗੋਂ ਤੁਸੀਂ ਇੱਕੋ ਸਮੇਂ ਹੈਨਰੀ ਕੈਸਿੰਜਰ, ਇਆਗੋ, ਸ਼ੈਕਸਪੀਅਰ ਆਦਿ ਅਨੇਕਾਂ ਉਨ੍ਹਾਂ ਲੇਖਕਾਂ ਨੂੰ ਵੀ ਪੜ੍ਹ ਜਾਂਦੇ ਹੋ, ਜਿਨ੍ਹਾਂ ਨੂੰ ਮਹਿਬੂਬ ਸਾਹਿਬ ਨੇ ਘੋਟੇ ਚਾੜ੍ਹੇ ਹੋਏ ਹਨ। ਦੇਸ਼-ਬਿਦੇਸ਼ ਦੇ ਅਖਬਾਰਾਂ, ਰਸਾਲਿਆਂ ਵਿੱਚ ਅਕਸਰ ਉਨ੍ਹਾਂ ਦੀਆਂ ਰਚਨਾਵਾਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ।
ਮਨੁੱਖੀ ਇਤਿਹਾਸ ਦੀ ਅਦੁੱਤੀ ਘਟਨਾ ਭਾਵ ਕਿ ਖਾਲਸੇ ਦੀ ਸਿਰਜਣਾ ਬਾਰੇ ਹਰਿੰਦਰ ਸਿੰਘ ਮਹਿਬੂਬ ਨੇ ਇੱਕ ਵੱਡਅਕਾਰੀ ਪੁਸਤਕ ਸਹਿਜੇ ਰਚਿਉ ਖਾਲਸਾ ਲਿਖੀ ਹੈ। ਉਨ੍ਹਾਂ ਅਨੁਸਾਰ 3 ਨਵੰਬਰ 1972 ਨੂੰ ਉਨ੍ਹਾਂ ਨੇ ਇਹ ਲੇਖਾਂ ਦੇ ਸੰਗ੍ਰਹਿਾਂ ਵਾਲੀ ਕਿਤਾਬ ਲਿਖਣੀ ਆਰੰਭ ਕਰਕੇ 8 ਮਾਰਚ 1979 ਨੂੰ ਸਮਾਪਤ ਕੀਤੀ ਸੀ। ਇਸ ਪੁਸਤਕ ਵਿੱਚ ਮਹਿਬੂਬ ਸਾਹਿਬ ਨੇ ਖਾਲਸਾਈ ਲਹਿਰ ਦੇ ਸਮੱਗਰ ਅਨੁਭਵ ਨੂੰ ਵਿਲੱਖਣ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ। ਇਹ ਪੁਸਤਕ ਅੱਠ ਕਾਡਾਂ ਵਿੱਚ ਵਿਭਾਜਿਤ ਹੋਈ ਮਿਲਦੀ ਹੈ, ਜਿਨ੍ਹਾਂ ਨੂੰ ਅੱਠ ਵੱਖੋ-ਵੱਖਰੀਆਂ ਕਿਤਾਬਾਂ ਵਜੋਂ ਵੀ ਵਾਚਿਆ ਜਾ ਸਕਦਾ ਹੈ। ਜੋ ਇਸ ਪ੍ਰਕਾਰ ਹਨ:-
(1) ਜਿਉ ਕਰਿ ਸੂਰਜ ਨਿਕਲਿਆ- ਇਹ ਭਾਗ ਪਹਿਲੀ ਪਾਤਸ਼ਾਹੀ ਦੇ ਜੀਵਨ ਉਤੇ ਕੇਂਦ੍ਰਿਤ ਹੈ।
(2) ਅਕਾਲ ਫਤਹ- ਇਸ ਹਿੱਸੇ ਵਿੱਚ ਦੂਜੀ ਤੋਂ ਲੈ ਕੇ ਨੌਵੀਂ ਪਾਤਸ਼ਾਹੀ ਦੇ ਜੀਵਨਕਾਲ  ਦੌਰਾਨ ਘਟੀਆਂ ਅਹਿਮ ਘਟਨਾਵਾਂ ਨਾਲ ਸੰਬੰਧਿਤ ਸਾਖੀਆਂ ਹਨ।
(3) ਸ਼ਬਦ ਅਸਗਾਹ- ਇਸ ਭਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਿੰਮਾ ਦਾ ਗੁਣਗਾਨ ਹੈ। 
(4) ਪੰਥ ਦਾ ਵਾਲੀ- ਇਹ ਕਾਂਡ ਦਸਮੇਸ਼ ਪਿਤਾ ਦੀ ਜ਼ਿੰਦਗੀ ਅਤੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਬਾਕੀ ਭਾਗਾਂ ਦੇ ਮੁਕਾਬਲਤਨ ਇਸ ਹਿੱਸੇ ਵਿੱਚ ਜ਼ਿਆਦਾ ਸਮੱਗਰੀ ਮਾਜੂਦ ਹੈ।
(5) ਜ਼ਫ਼ਰਨਾਮਾ- ਇਸ ਵਿੱਚ ਦਸਾਂ ਸਿੱਖ ਗੁਰੂ ਸਹਿਬਾਨਾਂ ਦੇ ਮੁਗਲ ਬਾਦਸ਼ਾਹਾਂ ਨਾਲ ਅਧਿਆਤਮਕ ਸੰਬੰਧਾਂ ਅਤੇ ਟਕਰਾਵਾਂ ’ਤੇ ਚਾਨਣਾ ਪਾਇਆ ਗਿਆ ਹੈ। 
(6) ਬਿਪਰ ਸੰਸਕਾਰ- ਇਸ ਵਿੱਚ ਸਿੱਖ ਧਰਮ  ਲਈ ਨੁਕਸਾਨਦੇਈ ਸਾਬਤ ਹੋਣ ਵਾਲੀਆਂ ਕੁਰੀਤੀਆਂ ਅਤੇ ਸਾਜ਼ਸ਼ਾਂ ਦਾ ਜ਼ਿਕਰ ਕੀਤਾ  ਗਿਆ ਹੈ।
(7) ਸਹਿਜੇ ਰਚਿਓ ਖਾਲਸਾ- ਇਸ ਪੁਸਤਕ ਨੂੰ ਮਜ਼ਬ੍ਹਾਂ ਦਾ ਸਫ਼ਰ ਸਿਰਲੇਖ ਨਾਲ ਸ਼ੁਰੂ ਕੀਤਾ ਗਿਆ ਹੈ। ਦੂਸਰੇ ਧਰਮਾਂ ਨਾਲ ਖਾਲਸੇ ਦੀ ਤੁਲਨਾ ਕਰਕੇ ਖਾਲਸੇ ਦੀ ਵਿਲੱਖਣਤਾ ਨੂੰ ਦਰਸਾਇਆ ਗਿਆ ਹੈ।
(8) ਸ਼ਮਸ਼ੀਰਾਂ ਦਾ ਵਜਦ- ਇਸ ਵਿੱਚ ਖਾਲਸਾ ਪੰਥ ਦੀ ਪਰਖ ਦੀਆਂ ਘੜੀਆਂ ਦੇ ਕੁੱਝ ਇਤਿਹਾਸਕ ਵੇਰਵੇ ਦਰਜ਼ ਹਨ।
ਇਹ ਕਿਤਾਬ ਇੱਕ ਸਿੱਖ ਰੈਫਰੈਂਸ ਬੁੱਕ ਜਾਂ ਖਾਲਸਾ ਕੋਸ਼ ਦਾ ਦਰਜਾ ਪ੍ਰਾਪਤ ਕਰਨ ਦਾ ਹੱਕ ਰੱਖਦੀ ਹੈ।
ਸਹਿਜੇ ਰਚਿਉ ਖਾਲਸਾ ਦਾ ਦੋ ਮਹੀਨੇ ਲਾ ਕੇ ਪਠਨ ਕਰਨ ਉਪਰੰਤ ਮੈਂ ਮਹਿਸੂਸ ਕੀਤਾ ਕਿ ਸਿੱਖਇੱਜ਼ਮ ਦੇ ਦਿਸਹੱਦਿਆਂ ਨੂੰ ਨਾਪਣ ਅਤੇ ਸਿੱਖ ਚਿੰਤਨ ਨੂੰ ਨਵੀਨ ਸੇਧ ਦੇਣ ਵਾਲੀ ਅਜਿਹੀ ਗਿਆਨਭਰੂਪਰ ਅਤੇ ਬਹੁ-ਦਿਸ਼ਾਵੀਂ ਰਚਨਾ ਸਿਰਫ਼ ਹਰਿੰਦਰ ਸਿੰਘ ਮਹਿਬੂਬ ਵਰਗਾ ਸਿਰੜੀ ਕਲਮਕਾਰ ਹੀ ਕਰ ਸਕਦਾ ਸੀ। ਖਾਲਸਾ ਪੰਥ ਦੀ ਹਸਤੀ ਦਾ ਵਿਸਥਾਰਪੂਰਵਕ ਅਧਿਐਨ ਕਰਨ ਲਈ ਇਹ ਪੁਸਤਕ ਪੜ੍ਹਨੀ ਅਤਿ ਜ਼ਰੂਰੀ ਹੈ। 
ਮਹਿਬੂਬ ਸਾਹਿਬ ਦੁਆਰਾ ਸਿਰਜੇ  ਸੱਤ ਕਾਵਿ ਪੁਸਤਕਾਂ ਦੇ ਸੰਗ੍ਰਹਿ ਝਨਾਂ ਦੀ ਰਾਤ ਨੂੰ 1991 ਵਿੱਚ ਸਾਹਿਤ ਅਕਾਦਮੀ ਵੱਲੋਂ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ। 
ਇਲਾਹੀ ਨਦਰ ਦੇ ਪੈਂਡੇ ਮਹਿਬੂਬ ਸਾਹਿਬ ਦੀ ਇੱਕ ਹੋਰ ਸ਼ਾਹਕਾਰੀ ਰਚਨਾ ਹੈ। ਇਸਦੀ ਪਹਿਲੀ ਜਿਲਦ ਵਿੱਚ ਉਨ੍ਹਾਂ ਨੇ ਮਹਾਂ-ਨਾਇਕ ਗੁਰੂ ਨਾਨਕ ਸਾਹਿਬ ਨੂੰ ਬ੍ਰਹਿਮੰਡੀ ਪਸਾਰੇ ਦੇ ਵਸੀਹ ਚਿੱਤਰਪਟ ਉਂੱਤੇ ਆਪਣੇ ਨਿਵੇਕਲੇ ਅੰਦਾਜ਼ ਨਾਲ ਚਿਤਰਨ ਦਾ ਕ੍ਰਿਸ਼ਮਾ ਕਰ ਦਿਖਾਇਆ ਹੈ। ਇਲਾਹੀ ਨਦਰ ਦੇ ਪੈਂਡੇ ਦੀਆਂ ਚਾਰ ਜਿਲਦਾਂ ਸੰਪੂਰਨ ਕਰਨੀਆਂ ਹੀ ਮਹਿਬੂਬ ਸਾਹਿਬ ਦੀ ਜ਼ਿੰਦਗੀ ਦਾ ਮਿਸ਼ਨ ਬਣ ਗਿਆ ਹੈ। ਇੱਥੇ ਹੀ ਬਸ ਨਹੀਂ। ਸਾਨੂੰ ਮਹਿਬੂਬ ਸਾਹਿਬ ਤੋਂ ਕਈ ਹੋਰ ਮਹਾਂ-ਕਾਵਿ ਤੇ ਕੱਦਾਵਰ ਪੁਸਤਕਾਂ ਦੀ ਆਸ ਅਤੇ ਉਡੀਕ ਹੈ। ਉਮੀਦ ਹੈ ਉਹ ਸਾਡੀਆਂ ਹਸਰਤਾਂ ਨੂੰ ਪੂਰਾ ਕਰਨਗੇ। ਉਨ੍ਹਾਂ ਦੇ ਸਾਡੇ ਸਾਹਿਤ ਦੇ ਖਜ਼ਾਨੇ ਨੂੰ ਅਮੀਰ ਕਰਨ ਵਿੱਚ ਪਾਏ ਯੋਗਦਾਨ ਦੀ ਕਦਰ ਕਰਦਿਆਂ ਮੇਰੇ ਵੱਲੋਂ ਹਰਿੰਦਰ ਸਿੰਘ ਮਹਿਬੂਬ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ!
ਨੋਟ: ਇਹ ਲੇਖ ਕੁਝ ਵਰ੍ਹੇ ਪਹਿਲਾਂ ਲਿਖਿਆ ਗਿਆ ਹੈ!

No comments:

Post a Comment