ਜ਼ਿੰਦਗੀ

‘ਜ਼ਿੰਦਗੀ ਹਰ ਕਦਮ ਇੱਕ ਨਈਂ ਜੰਗ ਹੈ, ਜੀ ਜਾਏਂਗੇ ਹਮ ਤੂੰ ਅਗਰ ਸੰਗ ਹੈ।’ 
ਜੀ ਹਾਂ, ਤੁਸੀਂ ਬਿਲਕੁੱਲ ਸਹੀ ਸਮਝ ਰਹੇ ਹੋ। ਇਹ ਸੱਤਰਾਂ ਇੱਕ ਫਿਲਮੀ ਗੀਤ  ਦੀਆਂ ਹੀ ਹਨ। ਪਰ ਜੇ ਗੌਰ ਨਾਲ ਸੋਚੋਂ ਤਾਂ ਕਿੰਨੀ ਗਹਿਰਾਈ ਹੈ ਇਹਨਾਂ ਚੰਦ ਸ਼ਬਦਾਂ ਵਿੱਚ। ਹੈ ਨਾ? 
ਹਿਯਾਤੀ ਵਿੱਚ ਪੈਰ-ਪੈਰ ’ਤੇ ਅਸੀਂ ਨਵੀਆਂ-ਨਵੀਆਂ ਚਨੌਤੀਆਂ ਦਾ ਸਾਹਮਣਾ ਕਰਦੇ ਹਾਂ। ਦਿਨ ਭਰ ਦੀ ਜਦੋ-ਜਹਿਦ ਦੇ ਬਾਅਦ ਰਾਤ ਨੂੰ ਸੌਂਦੇ ਹਾਂ ਤੇ ਅਗਲੀ ਸਵੇਰ ਦਾ ਉਗਦਾ ਹੋਇਆ ਸੂਰਜ ਸਾਡੇ ਲਈ ਨਿੱਤ ਨਵਾਂ ਸੰਘਰਸ਼ ਪਰੋਸ ਕੇ ਲਿਆਉਂਦਾ ਹੈ। ਇਉਂ ਜੂਝਦੇ ਰਹਿਣਾ ਹੀ ਜੀਵਨ ਹੈ। ਹੌਂਸਲੇ ਢਾਹ ਕੇ ਬੈਠ ਜਾਣਾ ਅਤੇ ਥੱਕਣਾ ਮੌਤ ਦਾ ਪ੍ਰਤੀਕ ਹੈ।
ਨਦੀ ਦੇ ਪਾਣੀ ਨੂੰ ਕਦੇ ਧਿਆਨ ਨਾਲ ਵੇਖੋ ਉਹ ਕਦੇ ਨਹੀਂ ਰੁੱਕਦਾ। ਬਲਕਿ ਛੋਟੇ-ਮੋਟੇ ਅਤੇ ਹੌਲੇ ਕੰਕਰਾਂ ਨੂੰ ਆਪਣੇ ਨਾ ਵਹਾ ਕੇ ਲੈ ਜਾਂਦਾ ਹੈ। ਜੋ ਇੱਟਾਂ-ਵੱਟੇ ਭਾਰੇ ਹੁੰਦੇ ਹਨ। ਉਹਨਾਂ ਦੇ ਉੱਪਰ ਦੀ ਲੰਘ ਜਾਂਦਾ ਹੈ। ਜਿਹੜੀਆਂ ਚਟਾਨਾਂ ਜਾਂ ਵੱਡੇ ਅਕਾਰ ਦੇ ਪੱਥਰ ਵਹਿਣ ਦੇ ਰਾਹ ਵਿੱਚ ਆ ਜਾਂਦੇ ਹਨ, ਪਾਣੀ ਉਨ੍ਹਾਂ ਦੇ ਅਟਕਾਇਆਂ ਨਹੀਂ ਖੜ੍ਹਦਾ। ਸਗੋਂ ਪਾਸੇ ਦੀ ਆਪਣਾ ਰਾਸਤਾ ਬਣਾ ਕੇ ਅੱਗੇ ਵੱਧ ਜਾਂਦਾ ਹੈ। ਨਿਰੰਤਰ ਵੇਗ ਨਾਲ ਵਹਿੰਦੇ ਰਹਿਣਾ ਹੀ ਪਾਣੀ ਦੀ ਜ਼ਿੰਦਗੀ ਹੈ। ਜੇਕਰ ਪਾਣੀ ਇੱਕ ਜਗ੍ਹਾ ਰੁੱਕ ਜਾਵੇ ਤਾਂ ਖੜੋਤ ਆਉਣ ਸਦਕਾ  ਕੁੱਝ ਦਿਨਾਂ ਵਿੱਚ ਹੀ ਉਹ ਗੰਦਲਾ ਹੋ ਜਾਵੇਗਾ ਅਤੇ ਉਸ ਵਿੱਚੋਂ ਬਦਬੂ ਆਉਣ ਲੱਗ ਜਾਵੇਗੀ। 
ਇਹ ਜ਼ਰੂਰੀ ਨਹੀਂ ਕਿ ਹਰ ਵਾਰ ਪਾਣੀ ਦੇ ਰਾਹ ਵਿੱਚ ਪੱਥਰਾਂ ਦੀਆਂ ਰੁਕਾਵਟਾਂ ਹੀ ਆਉਣ। ਕਦੇ-ਕਦੇ ਪਾਣੀ ਢਲਾਨਾਂ ਉੱਪਰ ਦੀ ਵੀ ਚਲਦਾ ਹੈ ਜੋ ਉਸ ਦੇ ਪਰਵਾਹ ਦੀ ਗਤੀ ਨੂੰ ਵਧਾਉਣ ਵਿੱਚ ਸਹਾਈ ਹੋ ਨਿਬੜਦੀਆਂ ਹਨ ਤੇ ਉਸਦੀ ਧਾਰਾਂ ਨੂੰ ਤੇਜ਼ ਕਰ ਜਾਂਦੀਆਂ ਹਨ।
ਇਸੇ ਪ੍ਰਕਾਰ ਹੀ ਮਨੁੱਖੀ ਜੀਵਨ ਵਿੱਚ ਸੁੱਖਾਂ ਅਤੇ ਦੁੱਖਾਂ ਦੀ ਅਹਿਮੀਅਤ ਹੈ। ਕਦੇ ਗ਼ਮਾਂ ਦੇ ਪੱਥਰ ਸਾਡੇ ਰਾਹਾਂ ਵਿੱਚ ਆ
ਖਲੋਂਦੇ ਹਨ ਤੇ ਕਦੇ ਅਸੀਂ ਖੁਸ਼ੀਆਂ ਦੀਆਂ ਢਲਾਨਾਂ ਤੋਂ ਰੁੜਦੇ ਆਪਣੀ ਉਮਰ ਦਾ ਸਫਰ ਤਹਿ ਕਰਦੇ ਅੱਗੇ ਵੱਧਦੇ ਜਾਂਦੇ ਹਾਂ। ਇਹ ਸੁੱਖ-ਦੁੱਖ ਤਾਂ ਅਸੀਂ ਜਾਣਦੇ ਹੀ ਹਾਂ ਕਿ ਸਾਡੇ ਜੀਵਨ ਦਾ ਹੀ ਇੱਕ ਹਿੱਸਾ ਹੈ। ਸ਼ਾਇਦ ਇਹਨਾਂ ਸੁੱਖਾਂ-ਦੁੱਖਾਂ ਕਾਰਨ ਹੀ ਇੰਨਸਾਨ ਦੇ ਮਨ ਵਿੱਚ ਪ੍ਰਮਾਤਮਾਂ ਦੀ ਹੋਂਦ ਦਾ ਤਸੱਵਰ ਉਪਜਿਆ ਹੋਵੇਗਾ? ਜਦੋਂ ਸਾਡੇ ਉੱਤੇ ਬਹੁਤ ਸਾਰੇ ਗ਼ਮ ਇਕੱਠੇ ਹੋ ਕੇ ਹੱਲਾ ਬੋਲ ਦਿੰਦੇ ਹਨ ਤਾਂ ਅਸੀਂ ਸੁੱਖਾਂ ਦੀ ਪ੍ਰਾਪਤੀ ਲਈ ਕਿਸੇ ਸੁਪਰੀਮ ਪਾਵਰ ਅਰਥਾਤ ਰੱਬ ਅੱਗੇ ਲੇਲੜੀਆਂ ਕੱਢਣ ਲੱਗ ਜਾਂਦੇ ਹਾਂ ਅਤੇ ਇਸ ਦੇ ਉਲਟ ਜਦੋਂ ਖੁਸ਼ੀਆਂ ਦਾ ਕਾਫਲਾ ਸਾਨੂੰ ਮਿਲ ਜਾਂਦਾ ਹੈ ਤਾਂ ਅਸੀਂ ਇਸ਼ਵਰ ਨੂੰ ਵਿਸਾਰ ਦਿੰਦੇ ਹਾਂ। ਸਾਡੀ ਜ਼ਿੰਦਗੀ ਵਿੱਚ ਕੁੱਝ ਅਜਿਹਾ ਵੀ ਵਾਪਰਦਾ ਹੈ ਜੋ ਮੁੜ ਤੋਂ ਉਸ ਪਰਵਦਿਗਾਰ ਦੀ ਹਸਤੀ ਵਿੱਚ ਸਾਡਾ ਆਸਥਾ ਬੰਨ੍ਹਾ ਦਿੰਦਾ ਹੈ। ਐਸੀਆਂ ਹੀ ਅਨੇਕਾਂ ਘਟਨਾਵਾਂ ਮੇਰੀ ਜ਼ਿੰਦਗੀ ਨਾਲ ਵੀ ਜੁੜੀਆਂ ਹੋਈ ਹਨ, ਜਿਨ੍ਹਾਂ ਵਿੱਚ ਇੱਕ ਦਾ ਮੈਂ ਇੱਥੇ ਜ਼ਿਕਰ ਕਰਨਾ ਯੋਗ ਸਮਝਦਾ ਹਾਂ।
ਕਰੀਬ ਡੇਢ ਦੋ ਵਰ੍ਹੇ ਪਹਿਲਾਂ, ਪੂਰੇ ਛੇ ਮਹੀਨਿਆਂ ਦੀ ਮਿਹਨਤ ਨਾਲ ਲਿੱਖੀ ਕਿਤਾਬ ਦਾ ਖਰੜਾ ਰੱਬ ਦਾ ਨਾਂ ਲੈ ਕੇ ਮੈਂ ਛਪਣ ਲਈ ਪਬਲੀਜ਼ਰ ਨੂੰ ਭੇਜ ਕੇ ਸੁਰਖਰੂ ਹੋ ਗਿਆ ਸੀ। ਲੇਕਿਨ ਅਨੁਮਾਨ ਮੁਤਾਬਕ ਜਿੰਨੇ ਦਿਨਾਂ ਵਿੱਚ ਖਰੜਾ ਉਥੇ ਪਹੁੰਚਣਾ ਚਾਹੀਦਾ ਸੀ, ਉਸ ਤੋਂ ਦੂਗਣੇ ਦਿਨਾਂ ਲੰਘ ਗਏ। ਖਰੜੇ ਦੀ ਕੋਈ ਉਗ-ਸੁੱਘ ਨਾ ਨਿਕਲੀ। ਪ੍ਰਕਾਸ਼ਕ ਕਹੇ ਉਹਨੂੰ ਮਿਲੀਆ ਨਹੀਂ, ਮੈਂ ਕਹਾਂ ਮੈਂ ਭੇਜਿਆ ਹੋਇਆ ਹੈ। ਫਿਕਰਾਂ ਦੀਆਂ ਚਿੰਬੜੀਆਂ ਹੋਈਆਂ ਜੋਕਾਂ ਨੇ ਮੇਰਾ ਖੂਨ ਸੁਕਾਇਆ ਪਿਆ ਸੀ। ਡਾਕਖਾਨੇ ਤੋਂ ਪਤਾ ਕਰਕੇ ਪਾਰਸਲ ਦੀ ਪੈੜ ਕੱਢਵਾਉਣ ਦਾ ਉਪਰਾਲਾ ਕੀਤਾ ਗਿਆ। ਅੱਗੋਂ ਰੌਇਲ ਮੇਲ ਤੋਂ ਜੁਆਬ ਆਇਆ, ਇੰਨਕੁਆਰੀ ਕਰ ਰਹੇ ਹਾਂ। ਦੋ ਤੋਂ ਚਾਰ ਮਹੀਨੇ ਲੱਗ ਸਕਦੇ ਹਨ। ਅਗਰ ਤੁਹਾਡੀ ਅਮਾਨਤ ਅਸੀਂ ਨਾ ਲੱਭ ਸਕੇ ਤਾਂ ਤੁਸੀਂ ਖਰਚਾ ਕਲੇਮ ਕਰ ਲੈਣਾ।
ਇਹ ਚਿੱਠੀ ਪੜ੍ਹ ਕੇ ਮੈਂ ਉਸ ਬਹੁ-ਮੰਜ਼ਿਲੀ ਇਮਾਰਤ ਵਾਂਗ ਡਿੱਗ ਪਿਆ ਸੀ ਜਿਸ ਦੀ ਸਭ ਤੋਂ ਹੇਠਲੀ ਮੰਜ਼ਿਲ ਨੂੰ ਬੰਬ ਨਾਲ ਉੱਡਾ ਦਿੱਤਾ ਗਿਆ ਹੋਵੇ ਤੇ ਬਾਕੀ ਦੀਆਂ ਧੜਾ-ਧੜ ਆਪ  ਹੀ ਧਰਤੀ ’ਤੇ ਆ ਡਿੱਗਣ। ਖਰੜਾ ਗੁਆਚਣ ਦੇ ਸੰਦਰਭ ਵਿੱਚ ਲਿੱਖਿਆ ਹੋਇਆ ਸ਼ਬਦ ਲੌਸਟ ਨੇਜੇ ਵਾਂਗ ਮੇਰੇ ਦਿਲ ਵਿੱਚ ਖੁੱਭ ਗਿਆ ਸੀ। ਹੁਣ ਕਿਵੇਂ ਕੋਈ ਸਮਝਾਵੇ ਕਿ ਜੋ ਚੀਜ਼ ਗੁੰਮ ਹੋਈ ਹੈ ਪੌਂਡ ਉਸ ਦਾ ਬਦਲ ਨਹੀਂ ਹੋ ਸਕਦੇ। ਪਹਿਲੀ ਕਿਤਾਬ ਹੋਣ ਕਰਕੇ ਇਹ ਵੀ ਨਹੀਂ ਸੀ ਪਤਾ ਕਿ ਖਰੜੇ ਦੀ  ਇੱਕ ਕਾਪੀ ਕੋਲ ਵੀ ਰੱਖਣੀ ਚਾਹੀਦੀ ਹੈ। ਮੇਰਾ ਖਿਆਲ ਹੈ ਇਸ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ ਜੇ ਮੈਂ ਇਹ ਕਹਾਂ ਕਿ ਪਹਿਲੀ ਕਿਤਾਬ ਹਰ ਕਲਮਕਾਰ ਨੂੰ ਪਹਿਲੀ ਮੁਹੱਬਤ ਵਾਂਗ ਅਜ਼ੀਜ਼ ਹੁੰਦੀ ਹੈ। ਮੇਰਾ ਜੀਅ ਕਰਦਾ ਸੀ ਧਾਹਾਂ ਮਾਰ ਕੇ ਰੋਵਾਂ। ਉਸ ਵੇਲੇ ਮੇਰੀ ਹਾਲਤ ਉਸ ਕਿਸਾਨ ਵਰਗੀ ਸੀ ਜਿਸ ਦੀ ਖੂਨ-ਪਸੀਨਾ ਵਹਾ ਕੇ ਪਾਲੀ ਹੋਈ ਫਸਲ ਵੱਢਣ ਵੇਲੇ ਉਸ ਦੀਆਂ ਅੱਖਾਂ ਸਾਹਮਣੇ ਹੀ ਤਬਾਹ ਹੋ ਗਈ ਹੋਵੇ। ਮੈਂ ਚਿੱਠੀ ਫੜ੍ਹੀ ਲੁੱਟਿਆ ਹੋਇਆ ਬੈਠਾ ਸੀ। ਮੇਰੀ ਆਤਮਾ ਕੀਰਨੇ ਪਾ ਰਹੀ ਸੀ। ਕੱਟੜ ਨਾਸਤਕ ਸੋਚ ਦਾ ਧਾਰਨੀ ਬਣ ਚੁੱਕਿਆ ਹੋਣ ਦੇ ਬਾਵਜੂਦ ਵੀ ਪਤਾ ਨਹੀਂ  ਕਿਉਂ ਬਿਵੱਸ਼ ਹੋ ਕੇ ਮੇਰੀ ਨਜ਼ਰ ਉਪਰ ਆਸਮਾਨ ਵੱਲ ਉੱਠ ਗਈ ਸੀ, “ਰੱਬਾ ਮੇਰੇ ਨਾਲ ਹੀ ਤੂੰ ਇਉਂ ਕਿਉਂ ਕਰਦੈਂ?” ਮੇਰੇ ਧੂਰ ਅੰਦਰੋਂ ਆਵਾਜ਼ ਨਿਕਲੀ ਸੀ।
ਦੋ ਤਿੰਨ ਘੰਟੇ ਸੋਗ ਮਨਾਉਣ ਬਾਅਦ ਮੈਂ ਉਸ ਦੋ ਸੌ ਸਫਿਆਂ ਦੀ ਗੁਆਚੀ ਹੋਈ ਪੁਸਤਕ ਨੂੰ ਦੁਬਾਰਾ ਨਵੇਂ ਸਿਰਿਉਂ ਲਿੱਖਣ ਲਈ ਉੱਠ ਖੜਿਆ ਸੀ। ਪੂਰੀ ਰਾਤ ਦੀ ਤਪੱਸਿਆ ਬਾਅਦ ਸੁਬ੍ਹਾ ਹੋਣ ਤੱਕ ਕੁੱਝ ਸਫੇ ਝਰੀਟ ਵੀ ਦਿੱਤੇ ਸਨ। ਕੁੱਝ ਦੇਰ ਅਰਾਮ ਕਰਨ ਬਾਰੇ ਸੋਚ ਕੇ ਲੇਟਣ ਹੀ ਲੱਗਿਆ ਸੀ ਕਿ ਇੰਡੀਆ ਤੋਂ ਪ੍ਰਕਾਸ਼ਕ ਦਾ ਫੋਨ ਆ ਗਿਆ ਸੀ। ਕਰੀਸ਼ਮਾ ਹੋ ਚੁੱਕਿਆ ਸੀ। ਖਰੜਾ ਮਿਲਣ ਦੀ ਇਤਲਾਹ ਦੇ ਕੇ ਉਸ ਨੇ ਮੇਰੇ ਲਾਸ਼ ਬਣ ਚੁੱਕੇ ਵਜੂਦ ਵਿੱਚ ਜਾਨ ਪਾ ਦਿੱਤੀ ਸੀ। ਐਨ ਉਸੇ ਵਕਤ ਮੈਨੂੰ ਮੈਨ ਐਂਡ ਗੌਡ ਅੰਗਰੇਜ਼ੀ ਦੀ ਬੜੀ ਪੁਰਾਣੀ ਕਵਿਤਾ ਯਾਦ ਆਈ ਸੀ। ਉਸ ਕਵਿਤਾ ਨੂੰ ਪਤਾ ਨਹੀਂ ਮੈਂ ਕਿੰਨੀ ਵਾਰ ਪੜ੍ਹਿਆ ਹੈ। ਹਰ ਵਾਰ ਉਹ ਮੈਨੂੰ ਉਤਨੀ ਹੀ ਦਿਲਚਸਪ ਲੱਗਦੀ ਹੈ, ਜਿੰਨੀ ਪਹਿਲੀ ਵਾਰੀ ਪੜ੍ਹਨ ਤੇ ਲੱਗੀ ਸੀ। ਇਸ ਕਵਿਤਾ ਦਾ ਪਠਨ ਕਰਨ ਬਾਅਦ ਹਮੇਸ਼ਾ ਇੱਕ ਪ੍ਰਸ਼ਨ ਮੇਰੇ ਜ਼ਿਹਨ ਵਿੱਚ ਭੜਥੂ ਪਾਉਣ ਲੱਗ ਜਾਂਦਾ ਹੈ। ਉਹ ਹੈ ਕਿ ਇਹ ਲਿੱਖੀ ਕਿਸ ਨੇ ਹੈ? ਕਿਉਂਕਿ ਕਵਿਤਾ ਦੇ ਨਾਲ ਲੇਖਕ ਦਾ ਕੋਈ ਨਾਮ ਨਹੀਂ ਹੈ। ਬਸ ਅੁਟਹੋਰ ੁਨਕਨੋਾਨ ਛਪਿਆ ਹੋਇਆ ਸੀ। ਲੇਖਕ ਦੇ ਅਗਿਆਤ ਹੋਣ ਦੇ ਅਨੇਕਾਂ ਕਾਰਨ ਹੋ ਸਕਦੇ ਹਨ। ਹੋ ਸਕਦਾ ਹੈ ਲੇਖਕ ਨੇ ਜਾਣ ਬੁੱਝ ਕੇ ਆਪਣਾ ਨਾਮ ਗੁਪਤਾ ਰੱਖਿਆ ਹੋਵੇ? ਸਮੇਂ ਦੀ ਮਾਰ ਨੇ ਲੇਖਕ ਦਾ ਨਾਮ ਇਸ ਅਮਰ ਰਚਨਾ ਨਾਲੋਂ ਤੋੜ ਦਿੱਤਾ ਹੋਵੇ? ਜਾਂ ਕੋਈ ਸਾਜ਼ਿਸ਼? ਅਸਲ ਵਜ੍ਹਾ ਕੀ ਹੈ? ਰੱਬ ਜਾਣੇ। ਲੇਕਿਨ ਮੈਂ ਬੜਾ ਉਤਸੁਕ ਹਾਂ ਉਸ ਕਵਿਤਾ ਦੇ ਰਚੇਤੇ ਦਾ ਨਾਮ ਜਾਨਣ ਲਈ। ਮੇਰਾ ਬਹੁਤ ਦਿਲ ਕਰਦਾ ਹੈ ਉਸ ਮਹਾਨ ਸਾਹਿਤਕਾਰ ਦੀਆਂ ਹੋਰ ਲਿਖਤਾਂ ਪੜ੍ਹਣ ਨੂੰ। 
ਖੈਰ, ਇੱਥੇ ਉਸ ਕਵਿਤਾ ਦਾ ਜ਼ਿਕਰ ਛੇੜਨ ਪਿੱਛੇ ਮੇਰਾ ਮਕਸਦ ਉਸ ਰਚਨਾ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਹੈ। ਕਵਿਤਾ ਵਿਚੋਂ ਜੋ ਕਥਾ ਉਭਰਦੀ ਹੈ ਉਹ ਕੁੱਝ ਇਸ ਪ੍ਰਕਾਰ ਹੈ:-
ਲੇਖਕ ਕਹਿੰਦਾ ਹੈ ਕਿ ਉਸ ਨੇ ਸਾਰੀ ਉਮਰ ਬੜਾ ਕਰੜਾ ਸੰਘਰਸ਼ ਕੀਤਾ। ਸਾਰੀ ਉਮਰ ਉਹ ਪੂਜਾ-ਪਾਠ ਕਰਦਾ ਰਿਹਾ। ਗ਼ਮਾਂ ਦੇ ਦੌਰ ਵਿੱਚ ਕਿਸੇ ਗੈਅਬੀ ਸ਼ਕਤੀ ਨੇ ਉਸਦੀ ਸਹਾਇਤਾ ਨਾ ਕੀਤੀ। ਕਿੰਤੂ ਉਹ ਫੇਰ ਵੀ ਪਰਮੇਸ਼ਵਰ ਨੂੰ ਧਿਆਉਂਦਾ ਰਿਹਾ। ਅੰਤ ਨੂੰ ਅੱਕ ਕੇ ਇੱਕ ਦਿਨ ਉਸ ਨੇ ਨਾਸਤਕ ਬਣਨ ਬਾਰੇ ਸੋਚਿਆ। ਰੱਬ ਦੀ ਹੋਂਦ ਵਿੱਚੋਂ ਉਸ ਦਾ ਵਿਸ਼ਵਾਸ ਉੱਠ ਗਿਆ ਸੀ। ਉਸ ਵਕਤ ਉਹ ਆਪਣੀ ਜ਼ਿੰਦਗੀ ਦੇ ਅੰਤਮ ਦਿਨ ਹੰਢਾਅ ਰਿਹਾ ਸੀ। ਉਸੇ ਰਾਤ ਲੇਖਕ ਨੂੰ ਸੁਪਨਾ ਆਉਂਦਾ ਹੈ ਕਿ ਉਹ ਸਮੁੰਦਰ ਦੇ ਕੰਡੇ ਜਾ ਰਿਹਾ ਹੁੰਦਾ ਹੈ ਤੇ ਰੱਬ ਵੀ ਉਹਦੇ ਨਾਲ ਤੁਰ ਰਿਹਾ ਹੁੰਦਾ ਹੈ। ਦੋਨੋਂ ਜਣੇ ਚੱਲਦੇ-ਚੱਲਦੇ ਇੱਕ ਜਗ੍ਹਾ ਜਾ ਕੇ ਰੁੱਕ ਜਾਂਦੇ ਹਨ। ਲੇਖਕ ਪਿੱਛੇ ਪਿੱਠ ਘੁੰਮਾ ਕੇ ਦੇਖਦਾ ਹੈ। ਉਸ ਨੂੰ ਰੇਤ ਉੱਤੇ ਦੋ ਪ੍ਰਾਣੀਆਂ ਦੀਆਂ ਪੈੜਾਂ ਦਿਖਾਈ ਦਿੰਦੀਆਂ ਹਨ। ਜਿੰਨ੍ਹਾਂ ਵਿੱਚੋਂ ਇੱਕ ਉਸਦੀ ਆਪਣੀ ਅਤੇ ਦੂਸਰੀ ਭਗਵਾਨ ਦੀ ਸੀ। ਲੇਖਕ ਦੂਰ ਤੱਕ ਉਹਨਾਂ ਪੈੜਾਂ ਨੂੰ ਦੇਖਦਾ ਹੈ। ਪੈੜ ਬੀਤੀ ਜ਼ਿੰਦਗੀ ਦੀ ਪ੍ਰਤੀਕ ਹੁੰਦੀ ਹੈ। ਲੇਖਕ ਨੂੰ ਪੈੜਾਂ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਕਿਤੇ-ਕਿਤੇ ਦੋ ਦੀ ਬਜਾਏ ਉਥੇ ਇੱਕ ਹੀ ਪੈੜ ਹੈ। ਲੇਖਕ ਅਚੰਬਿਤ ਹੋ ਕੇ ਰੱਬ ਨੂੰ ਪੁੱਛਦਾ ਹੈ, “ਹੇ ਮੇਰੇ ਮਾਲਕਾ, ਆਹ ਕੀ? ਮੈਂ ਸਾਰੀ ਉਮਰ ਤੇਰੀ ਭਗਤੀ ਕੀਤੀ। ਤੇਰਾ ਨਾਮ ਜਪਿਆ ਤਾਂ ਕਿ ਤੂੰ ਸਦਾ ਮੇਰੇ ਅੰਗ-ਸੰਗ ਸਹਾਈ ਹੋਵੇਂ। ਅੱਜ ਜਦੋਂ ਮੈਂ ਆਪਣੀ ਗੁਜ਼ਰੀ ਜ਼ਿੰਦਗੀ ’ਤੇ ਨਿਗਾਹ ਮਾਰਦਾ ਹਾਂ ਤਾਂ ਲੱਭਦਾ ਹਾਂ ਕਿ ਉਥੇ ਸਿਰਫ ਇੱਕ ਹੀ ਪੈੜ ਹੈ। ਤੇ ਜਿੱਥੇ ਇਹ ਇੱਕ ਪੈੜ ਹੈ। ਉਹ ਸਮਾਂ ਮੇਰੀ ਜ਼ਿੰਦਗੀ ਦਾ ਸਭ ਤੋਂ ਦੁੱਖਦਾਈ ਸਮਾਂ ਸੀ। ਉਸ ਵਕਤ ਸਭ ਸੱਜਣ-ਬੇਲੀ ਮੇਰਾ ਸਾਥ ਛੱਡ ਗਏ ਸਨ। ਰੱਬਾ, ਘੱਟੋ-ਘੱਟ ਤੂੰ ਤਾਂ ਨਾਲ ਰਹਿੰਦਾ? ਤੂੰ ਵੀ ਮੈਨੂੰ ਛੱਡ ਗਿਆ ਸੀ?”
ਫਿਰ ਪਰਮਾਤਮਾ ਲੇਖਕ ਨੂੰ ਜੁਆਬ ਦਿੰਦਾ ਹੈ, “ਠੀਕ ਹੈ, ਮੇਰੇ ਬੱਚੇ ਕਿ ਜਿੱਥੇ ਤੂੰ ਇੱਕ ਪੈੜ ਵੇਖ ਰਿਹਾ ਹੈਂ, ਉਹ ਤੇਰੇ ਜੀਵਨ ਦਾ ਸਭ ਤੋਂ ਔਖਾ ਸਮਾਂ ਸੀ। ਪਰ ਮੈਂ ਉਦੋਂ  ਵੀ ਤੇਰੇ ਨਾਲ ਸੀ। ਧਿਆਨ ਨਾਲ ਦੇਖ, ਉਹ ਜਿਹੜੀ ਤੂੰ ਇੱਕ ਪੈੜ ਦੇਖ ਰਿਹਾ ਹੈਂ ਨਾ? ਉਹ ਤੇਰੀ ਨਹੀਂ ਮੇਰੀ ਹੈ। ਜਦੋਂ ਤੇਰੇ ਤੇ ਦੁੱਖ ਆਏ ਸਨ, ਤੂੰ ਤਾਂ ਡਿੱਗ ਪਿਆ ਸੀ। ਤੇਰੇ ਵਿੱਚ ਤੁਰਨ ਦੀ ਹਿੰਮਤ ਹੀ ਕਿੱਥੇ ਸੀ? ਇਹ ਮੈਂ ਹੀ ਸੀ ਜਿਹੜਾ ਤੈਨੂੰ ਚੱਕ ਕੇ ਉਦੋਂ ਤੁਰਿਆ ਸੀ। ਇਸ ਲਈ ਉਥੋਂ ਤੇਰੀ ਪੈੜ ਗਾਇਬ ਹੈ।” 
ਐਨਾ ਸੁਣ ਕੇ ਲੇਖਕ ਪ੍ਰਭੂ ਦੇ ਚਰਨਾਂ ਵਿੱਚ ਡਿੱਗ ਪੈਂਦਾ ਹੈ ਤੇ ਮੁੜ ਤੋਂ ਸਦਾ ਲਈ ਆਸਤਕ ਬਣੇ ਰਹਿਣ ਦਾ ਨਿਸਚਾ ਕਰ ਲੈਂਦਾ ਹੈ। 
ਰੱਬ ਹੈ ਜਾਂ ਨਹੀਂ ਰੱਬ ਜਾਣੇ। ਪਰ ਦੁੱਖ ਅਤੇ ਸੁੱਖ ਸਾਡੀ ਜ਼ਿੰਦਗੀ ਦਾ ਹਿੱਸਾ ਜ਼ਰੂਰ ਹਨ।

****

No comments:

Post a Comment