ਔਰੰਗਜ਼ੇਬੀ ਇਸ਼ਕ ਤੇ ਰਾਣਾ-ਏ-ਦਿਲ

 

-ਬਲਰਾਜ ਸਿੰਘ ਸਿੱਧੂ, ਯੂ. ਕੇ.
ਸ਼ਾਹਜਹਾਨ ਦੇ ਦਰਬਾਰ ਦੀ ਹਿੰਦੂ ਨਾਚੀ ਗੌਤਮੀ ਨੂੰ ਮੀਨਾ ਬਜ਼ਾਰ ਵਿੱਚ ਸ਼ਹਿਜ਼ਾਦਾ ਦਾਰਾ ਸ਼ਿਕੋਅ ਅਤੇ ਸ਼ਹਿਜ਼ਾਦਾ ਔਰੰਗਜ਼ੇਬ ਦੇਖਦੇ ਹਨ ਤਾਂ ਦੋਨੋਂ ਹੀ ਉਸ 'ਤੇ ਫਿਦਾ ਹੋ ਜਾਂਦੇ ਹਨ। ਦਾਰਾ ਸ਼ਿਕੋਅ ਦੀਆਂ ਧਾਰਮਿਕ ਰੂਚੀਆਂ ਤੋਂ ਪ੍ਰਭਾਵਿਤ ਹੋ ਕੇ ਗੌਤਮੀ ਦਾਰੇ ਵੱਲ ਖਿੱਚੀ ਜਾਂਦੀ ਹੈ। ਇਸ ਦਾ ਦੂਜਾ ਕਾਰਨ ਇਹ ਵੀ ਸੀ ਕਿ ਦਾਰਾ ਸ਼ਾਹਜਹਾਨ ਦਾ ਗਰਦਾਨਿਆ ਹੋਇਆ ਵਲੀ ਅਹਿਦ ਸੀ ਭਾਵ ਰਾਜਗੱਦੀ ਦਾ ਅਗਲਾ ਵਾਰਿਸ। ਹਿੰਦੁਸਤਾਨ ਦਾ ਹੋਣ ਵਾਲਾ ਨਵਾਂ ਬਾਦਸ਼ਾਹ। ਗੌਤਮੀ ਦਾਰੇ ਦੇ ਹਰਮ ਦਾ ਹਿੱਸਾ ਬਣ ਜਾਂਦੀ ਹੈ। ਔਰੰਗੇਜ਼ਬ ਆਪਣੇ ਪਿਤਾ ਸ਼ਾਹਜਹਾਨ ਨੂੰ ਕੈਦ ਕਰਕੇ ਬਗਾਵਤ ਕਰ ਦਿੰਦਾ ਹੈ। ਮੁਗਲੀਆ ਸ਼ਾਹੀ ਪਰਿਵਾਰ ਵਿੱਚ ਖੂਨੀ ਜੰਗ ਆਰੰਭ ਹੋ ਜਾਂਦੀ ਹੈ। ਔਰੰਗਜ਼ੇਬ ਤੇਰਾਂ ਸਾਲ ਦੀ ਉਮਰ ਵਿੱਚ ਆਪਣੇ ਪਿਉ ਤੋਂ ਤੋਹਫੇ ਵਿੱਚ ਮਿਲੀ ਆਲਮਗੀਰੀ ਤਲਵਾਰ ਮਿਆਨ ਵਿੱਚੋਂ ਕੱਢ ਕੇ ਭਰਾ ਦਾਰਾ ਸ਼ਿਕੋਅ, ਜਹਾਨਆਰਾ ਭੈਣ ਦੇ ਪਤੀ ਤੇ ਹੋਰ ਅਨੇਕਾਂ ਰਿਸ਼ਤੇਦਾਰਾਂ ਦੇ ਖੂਨ ਨਾਲ ਰੰਗ ਕੇ ਹਿੰਦੁਸਤਾਨ ਦੇ ਸ਼ਾਹੀ ਤਖਤ ਉੱਪਰ ਆਲਮਗੀਰ ਬਣ ਕੇ ਬੈਠ ਜਾਂਦਾ ਹੈ। ਸ਼ਾਹਜਹਾਨ ਅਤੇ ਦਾਰੇ ਦੇ ਹਰਮ ਦੀਆਂ ਸਾਰੀਆਂ ਔਰਤਾਂ ਔਰੰਗਜ਼ੇਬ ਦੇ ਹਰਮ ਵਿੱਚ ਚਲੀਆਂ ਜਾਂਦੀਆਂ ਹਨ, ਸਿਵਾਏ ਗੌਤਮੀ ਦੇ।
ਆਲਮਗੀਰ ਔਰੰਗਜ਼ੇਬ ਗੌਤਮੀ ਨੂੰ ਆਪਣੇ ਹਰਮ ਦੀ ਸ਼ਾਨ ਬਣਨ ਲਈ ਨਜ਼ਾਰਾਨਾ ਭੇਜਦਾ ਹੈ। ਗੌਤਮੀ ਠੁਕਰਾ ਦਿੰਦੀ ਹੈ ਤੇ ਸਵਾਲ ਲਿਖ ਕੇ ਭੇਜਦੀ ਹੈ ਕਿ ਔਰੰਗਜ਼ੇਬ ਉਸਨੂੰ ਕਿਉਂ ਚਾਹੁੰਦਾ ਹੈ। ਜੁਆਬ ਵਿੱਚ ਔਰੰਗਜ਼ੇਬ ਗੌਤਮੀ ਦੇ ਹੁਸਨ ਦੀ ਤਾਰੀਫ ਵਿੱਚ ਸ਼ਾਇਰੀ ਲਿੱਖ ਕੇ ਭੇਜਦਾ ਹੈ। ਵਰਣਨਯੋਗ ਹੈ ਕਿ ਔਰੰਗਜ਼ੇਬ ਬਹੁਤ ਵਧੀਆ ਸ਼ਾਇਰ ਅਤੇ ਸਿਤਾਰਵਾਦਕ ਸੀ। ਔਰੰਗਜ਼ੇਬ ਵੱਲੋਂ ਲਿਖੀ ਸ਼ਾਇਰੀ ਵਿੱਚ ਗੌਤਮੀ ਦੇ ਹੁਸਨ ਦੀ ਸਿਰ ਤੋਂ ਪੈਰਾਂ ਤੱਕ ਤਾਰੀਫ ਲਿਖੀ ਗਈ ਹੁੰਦੀ ਹੈ। ਗੌਤਮੀ ਫੇਰ ਸਵਾਲ ਕਰਦੀ ਹੈ ਕਿ ਕੋਈ ਇੱਕ ਅੰਗ ਲਿਖੋ ਜੋ ਤੁਹਾਨੂੰ (ਔਰੰਗਜ਼ੇਬ ਨੂੰ) ਸਭ ਤੋਂ ਸੋਹਣਾ ਲੱਗਦਾ ਹੈ।
ਔਰੰਗਜ਼ੇਬ ਗੌਤਮੀ ਦੇ ਲੰਮੇ ਵਾਲਾ ਦੀ ਸਿਫਤ ਕਰਦਾ ਹੈ। ਗੌਤਮੀ ਆਪਣੇ ਸਿਰ ਦੇ ਸਾਰੇ ਵਾਲ ਮੁਨਵਾ ਕੇ ਔਰੰਗਜ਼ੇਬ ਨੂੰ ਭੇਜ ਦਿੰਦੀ ਹੈ। ਔਰੰਗਜ਼ੇਬ ਦੀ ਤਸੱਲੀ ਨਹੀਂ ਹੁੰਦੀ। ਉਹ ਗੌਤਮੀ ਨੂੰ ਸੰਦੇਸ਼ ਭੇਜਦਾ ਹੈ ਕਿ ਉਹ ਗੌਤਮੀ ਦੇ ਜਿਸਮ ਦੇ ਹਰ ਅੰਗ ਉੱਪਰ ਆਪਣਾ ਨਾਮ ਲਿਖਣਾ ਚਾਹੁੰਦਾ ਹੈ। ਗੌਤਮ ਰਾਤ ਨੂੰ ਔਰੰਗਜ਼ੇਬ ਕੋਲ ਜਾਂਦੀ ਹੈ ਤੇ ਆਪਣੇ ਸਾਰੇ ਵਸਤਰ ਉਤਾਰ ਕੇ ਉਸ ਮੁਹਰੇ ਅਲਫ ਨਗਨ ਲੇਟ ਜਾਂਦੀ ਹੈ। ਉਹ ਔਰੰਗੇਜ਼ ਨੂੰ ਆਪਣੀ ਹਸਰਤ ਪੂਰੀ ਕਰਨ ਲਈ ਆਖਦੀ ਹੈ ਤੇ ਨਾਲ ਸ਼ਰਤ ਰੱਖਦੀ ਹੈ ਕਿ ਉਹ ਗੌਤਮੀ ਦੇ ਸ਼ਰੀਰ ਦੇ ਕਿਸੇ ਅੰਗ ਨੂੰ ਹੱਥ ਨਹੀਂ ਲਾਵੇਗਾ। ਔਰੰਗਜ਼ੇਬ ਪੂਰੀ ਰਾਤ ਮੋਰ ਦੇ ਖੰਬ ਦੀ ਕਲਮ ਨਾਲ ਗੌਤਮੀ ਦੇ ਬਦਨ ਉੱਪਰ ਆਪਣਾ ਨਾਮ ਲਿਖਦਾ ਰਹਿੰਦਾ ਹੈ।
ਕੁਝ ਦਿਨਾਂ ਬਾਅਦ ਔਰੰਗਜ਼ੇਬ ਨੂੰ ਗੌਤਮੀ ਦੀ ਫੇਰ ਤਲਬ ਹੁੰਦੀ ਹੈ। ਉਹ ਉਸ ਨੂੰ ਆਪਣੇ ਹਰਮ ਦੀ ਜੀਨਤ ਬਣਨ ਲਈ ਦੁਬਾਰਾ ਪੇਸ਼ਕਸ਼ ਭੇਜਦਾ ਹੈ। ਗੌਤਮੀ ਫੇਰ ਪ੍ਰਸ਼ਨ ਕਰਦੀ ਹੈ ਕਿ ਔਰੰਗਜ਼ੇਬ ਨੂੰ ਉਸਦਾ ਕੀ ਸੋਹਣਾ ਲੱਗਦਾ ਹੈ। ਔਰੰਗਜ਼ੇਬ ਸੁਨੇਹਾ ਭੇਜਦਾ ਹੈ ਕਿ ਉਸਨੂੰ ਗੌਤਮੀ ਦਾ ਚਿਹਰਾ ਬਹੁਤ ਖੂਬਸੁਰਤ ਲੱਗਦਾ ਹੈ। ਗੌਤਮੀ ਖੰਜ਼ਰ ਲੈ ਕੇ ਔਰੰਗਜ਼ੇਬ ਕੋਲ ਜਾਂਦੀ ਹੈ ਤੇ ਆਪਣਾ ਸਾਰਾ ਚਿਹਰਾ ਬੁਰੀ ਤਰ੍ਹਾਂ ਛਲਣੀ ਕਰ ਲੈਂਦੀ ਹੈ। ਔਰੰਗਜ਼ੇਬ ਉਸਨੂੰ ਆਖਦਾ ਹੈ ਕਿ ਮੈਂ ਆਲਮਗੀਰ ਹਾਰ ਗਿਆ ਤੇ ਤੂੰ ਮਾਮੂਲੀ ਨਰਤਕੀ ਜਿੱਤ ਗਈ।
ਔਰੰਗਜ਼ੇਬ ਉਸਦਾ ਇਲਾਜ ਚੋਟੀ ਦੇ ਵੈਦਾਂ ਤੋਂ ਕਰਵਾਉਂਦਾ ਹੈ। ਕੁਝ ਹੀ ਮਹੀਨਿਆਂ ਵਿੱਚ ਜ਼ਖਮ ਭਰ ਜਾਂਦੇ ਹਨ ਤੇ ਗੌਤਮੀ ਦਾ ਚਿਹਰਾ ਪਹਿਲਾਂ ਨਾਲੋਂ ਵੀ ਹੁਸੀਨ ਨਿਕਲ ਆਉਂਦਾ ਹੈ। ਔਰੰਗਜ਼ੇਬ ਗੌਤਮੀ ਨੂੰ ਆਖਦਾ ਹੈ ਕਿ ਮੈਂ ਤੈਨੂੰ ਚਾਹਾਂ ਤਾਂ ਧੱਕੇ ਨਾਲ ਵੀ ਪ੍ਰਾਪਤ ਕਰ ਸਕਦਾ ਹਾਂ। ਲੇਕਿਨ ਕਰਾਂਗਾ ਨਹੀਂ। ਸਗੋਂ ਤੈਨੂੰ ਪਾਉਣ ਦੀ ਕਾਮਨਾ ਦਾ ਤਿਆਗ ਕਰਦਾ ਹਾਂ। ਵਰਣਨਯੋਗ ਹੈ ਕਿ ਔਰੰਗਜ਼ੇਬ ਸਾਰੇ ਮੁਗਲ ਬਾਦਸ਼ਾਹਾਂ ਵਿੱਚੋਂ ਸਭ ਤੋਂ ਘੱਟ ਆਇਯਾਸ਼ ਸੀ। ਇਸ ਤੋਂ ਬਾਅਦ ਆਲਮਗੀਰ ਔਰੰਗਜ਼ੇਬ ਗੌਤਮੀ ਨੂੰ ਰਾਣਾ-ਏ-ਦਿਲ ਦਾ ਖਿਤਾਬ ਅਰਥਾਤ ਦਿਲ ਨੂੰ ਜਿੱਤਣ ਵਾਲੀ ਦਾ ਲਕਬ ਬਖਸ਼ਦਾ ਹੈ ਤੇ ਤਮਾਮ ਉਮਰ ਲਈ ਉਸਨੂੰ ਜਾਗੀਰ ਦੇ ਕੇ ਨਿਵਾਜ਼ਦਾ ਹੈ।

ਚਮਕੀਲੇ ਦੀ ਪੱਤਣਾਂ 'ਤੇ ਕੂਕ ਪਵੇ -ਬਲਰਾਜ ਸਿੰਘ ਸਿੱਧੂ


Post image

Chamkila's Kamaldeep Chamkila 

ਪੰਜਾਬੀ ਸੰਗੀਤ ਵਿੱਚ ਨੂੰ ਜੇ ਦੋ ਭਾਗਾਂ ਵਿੱਚ ਵੰਡ ਕੇ ਦੇਖੀਏ ਤਾਂ ਸਾਹਮਣੇ ਗੀਤ ਵਿਧਾ ਦੀਆਂ ਮੁੱਖ ਤਿੰਨ ਵੰਨਗੀਆਂ ਆਉਂਦੀਆਂ ਹਨ। ਇੱਕ ਸਮੂਹਿਕ ਗਾਨ ( Group Song), ਦੋਗਾਣਾ ( Duet) ਤੇ ਇਕਹਿਰੀ ਗਾਇਕੀ ( Solo)। ਪੰਜਾਬੀ ਸੰਗੀਤ ਦੇ ਇਤਿਹਾਸ ਨੂੰ ਵਾਚੀਏ ਤਾਂ ਇਹ ਤਿੰਨੋਂ ਵੰਨਗੀਆਂ ਪੁਰਾਤਨ ਸਮੇਂ ਵਿੱਚ ਲਗਭਗ ਇਕੋ ਜਿਹੀਆਂ ਮਕਬੂਲ ਰਹੀਆਂ ਸਨ। ਪਰੰਤੂ ਜਦੋਂ ਤੋਂ ਸਾਡੇ ਸੰਗੀਤ ਦਾ ਬਿਜ਼ਲਈ ਸਾਧਨਾਂ ਨਾਲ ਬਜ਼ਾਰੀਕਰਨ ਹੋਣ ਲੱਗਾ ਤਾਂ ਵਪਾਰੀਆਂ ਨੇ ਆਪਣੀ ਲੋੜ ਅਨੁਸਾਰ ਕਦੇ ਸੋਲੋ ਤੇ ਕਦੇ ਡਿਊਟ ਨੂੰ ਪ੍ਰੋਤਸਾਹਣ ਤੇ ਹੱਲਾਸੇਰੀ ਦੇ ਕੇ ਉਭਾਰਿਆ ਤੇ ਦਬਾਇਆ। ਉਸ ਦਾ ਨਤੀਜਾ ਇਹ ਹੋਇਆ ਕਿ ਦੋਗਾਣਾ ਗਾਇਕੀ ਪਿੰਡਾਂ ਵਾਲਿਆਂ ਵਿੱਚ ਪ੍ਰਚਲਤ ਰਹੀ ਤੇ ਸੋਲੋ ਸ਼ਹਿਰੀਆਂ ਦੀ ਪਸੰਦ ਬਣੀ ਰਹੀ। ਸਮੂਹਿਕ ਗਾਇਕੀ ਦੋ ਭਾਗਾਂ ਵਿੱਚ ਵੰਡੀ ਗਈ। ਸਿੱਠਣੀਆਂ, ਘੋੜੀਆਂ, ਸ਼ਗਨਾਂ ਦੇ ਗੀਤ ਅਤੇ ਕੀਰਨੇ ਦੇ ਰੂਪ ਵਿੱਚ ਪੇਂਡੂਆਂ ਕੋਲ ਚਲੀ ਗਈ ਅਤੇ ਦੇਸ਼ ਭਗਤੀ ਅਤੇ ਧਾਰਮਿਕ ਗੀਤਾਂ ਰਾਹੀਂ ਸ਼ਹਿਰੀਆਂ ਪੱਲੇ ਪੈ ਗਈ।

ਦੋਗਾਣਾ ਗਾਇਕੀ ਨਾਲ ਧੱਕਾ ਇਹ ਹੋਇਆ ਕਿ ਇਸ ਨੂੰ ਅਣਪੜ੍ਹ, ਗਵਾਰ, ਪੇਂਡੂਆਂ ਅਤੇ ਟਰੱਕ ਡਰਾਇਵਰ ਨਾਲ ਜੋੜ ਕੇ ਲੱਚਰ ਕਰਾਰ ਦੇ ਦਿੱਤਾ ਜਾਂਦਾ ਰਿਹਾ ਹੈ। ਇਸ ਦੇ ਸਿੱਟੇ ਵਜੋਂ ਇਹ ਹੋਇਆ ਕਿ ਪੰਜਾਬੀ ਦੀਆਂ ਬਹੁਤ ਸਾਰੀਆਂ ਦੋਗਾਣਾ ਗਾਇਕ ਜੋੜੀਆਂ ਨੂੰ ਸੁਣਨ ਤੋਂ ਪੜ੍ਹੇ ਲਿਖੇ ਵਰਗ ਨੇ ਹਮੇਸ਼ਾਂ ਕੰਨੀ ਕਤਰਾਈ ਰੱਖੀ। ਅਜਿਹੀ ਹੀ ਇੱਕ ਸਭ ਤੋਂ ਪ੍ਰਸਿੱਧ ਗਾਇਕ ਜੋੜੀ ਸਵ: ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਕੌਰ ਦੀ ਸੀ। ਚਮਕੀਲੇ ਦੀ ਤਰਾਸਦੀ ਇਹ ਰਹੀ ਹੈ ਕਿ ਆਪਣੇ ਸਮੇਂ ਦਾ ਸਭ ਤੋਂ ਮਹਿੰਗਾ, ਮਸਰੂਫ ਅਤੇ ਵੱਧ ਵਿਕਣ ਵਾਲਾ ਕਲਾਕਾਰ ਹੋਣ ਦੇ ਬਾਵਜੂਦ ਵੀ ਉਸਦੇ ਗੀਤਾਂ ਦਾ ਕਿਸੇ ਨੇ ਆਲੋਚਨਾਤਮਕ ਅਧਿਐਨ ਨਹੀਂ ਕੀਤਾ ਤੇ ਨਾ ਹੀ ਅੱਜ ਤੱਕ ਉਸਦੇ ਗੀਤਾਂ ਦੀਆਂ ਵਿਸ਼ੇਸ਼ਤਾਈਆਂ ਬਾਰੇ ਅਕਾਦਮਿਕ ਪੱਧਰ ਉੱਪਰ ਲਿੱਖਿਆ ਗਿਆ ਹੈ।

ਆਉ ਅਮਰ ਸਿੰਘ ਚਮਕੀਲੇ ਦੀ ਇੱਕ ਰਚਨਾ ਉੱਪਰ ਸਾਹਿਤਕ ਪੱਖ ਤੋਂ ਨਜ਼ਰ ਮਾਰੀਏ। ਚਮਕੀਲੇ ਦਾ ਇੱਕ ਬਹੁਤ ਹੀ ਮਕਬੂਲ ਗੀਤ ਹੈ, 'ਸੋਹਣਿਆ ਕੱਲੀ ਨੂੰ ਲੈ ਜਾ ਕਿਤੇ ਦੂਰ।' ਇਹ ਗੀਤ ਚਮਕੀਲੇ ਨੂੰ ਖੁਦ ਵੀ ਆਪਣੇ ਸਾਰੇ ਗੀਤਾਂ ਵਿੱਚੋਂ ਪਿਆਰਾ ਸੀ ਤੇ ਮੇਰਾ ਵੀ ਮਨਪਸੰਦ ਗੀਤ ਹੈ। ਗੀਤ ਦੇ ਸੰਦਰਭ ਵਿੱਚ ਆਪਣੀ ਗੱਲ ਅੱਗੇ ਕਰਨ ਤੋਂ ਪਹਿਲਾਂ ਗੀਤ ਦੇ ਬੋਲਾਂ ਨੂੰ ਪੇਸ਼ ਕਰਦਾ ਹਾਂ:-

ਕੱਲੀ ਨੂੰ ਲੈ ਜਾ ਕਿਤੇ ਦੂਰ

ਕੁੜੀ: ਹੱਥ ਬੰਨ੍ਹ ਮੈਂ ਮਿੰਨਤਾ ਕਰਦੀ, ਇੱਕ ਗੱਲ ਤੂੰ ਮੰਨ ਲੈ ਮੇਰੀ।

ਸਹੁੰ ਤੇਰੀ ਮੇਰੇ ਸੋਹਣਿਆਂ ਵੇ, ਬਣ ਕੇ ਮੈਂ ਰਹਿਣਾ ਤੇਰੀ।

ਝੱਲੀਏ ਕਿਸੇ ਦੀ ਕਾਹਨੂੰ ਘੂਰ, ਸੋਹਣਿਆਂ ਕੱਲੀ ਨੂੰ ਲੈ ਜਾ ਕਿਤੇ ਦੂਰ...।

ਮੁੰਡਾ : ਜੋ ਨਾਰਾਂ ਉੱਧਲ ਗਈ ਨੀ, ਉਨ੍ਹਾਂ ਨੂੰ ਦਾਜ ਜੁੜੇ ਨਾ,

ਕੱਚਿਆਂ ਤੋਂ ਰੁੜਗੇ ਜਿਹੜੇ ਨੀ, ਪਿੱਛੇ ਉਹ ਯਾਰ ਮੁੜੇ ਨਾ

ਰੱਬ ਸਾਡੀ ਸੁਣ ਜੇ ਲਵੇ, ਸੋਹਣੀਏ ਪੱਤਣਾਂ 'ਤੇ ਕੂਕ ਪਵੇ...।

ਕੁੜੀ: ਹਾਸੇ ਨਾਲ ਹਾਸ ਰਹਿ ਗਿਐ, ਸੱਚੀਂ ਹਾਂ ਹਾਂ ਵੇ ਮੇਰੀ,

ਰਹਿ ਸਾਡੇ ਨੇੜੇ-ਨੇੜੇ, ਫੜ ਲੈ ਬਾਂਹ ਬਾਂਹ ਵੇ ਮੇਰੀ,

ਚੱਖੀਏ ਜਵਾਨੀ ਦਾ ਸਰੂਰ, ਸੋਹਣਿਆਂ ਕੱਲੀ ਨੂੰ ਲੈ ਜਾ ਕਿਤੇ ਦੂਰ...।

ਮੁੰਡਾ : ਰੱਖੇ ਰੱਬ ਰਾਜ਼ੀ ਤੈਨੂੰ ਨੀ, ਰੋ ਨਾ ਹਾਏ ਰੋ ਨੀ ਅੜੀਏ,

ਕੱਖਾਂ ਤੋਂ ਹੌਲੀ ਐਵੇ ਨੀ, ਹੋ ਨਾ ਹਾਏ ਹੋ ਨੀ ਅੜੀਏ,

ਯਾਰ ਤੇਰਾ ਵਸਦਾ ਰਵੇ, ਸੋਹਣੀਏ ਪੱਤਣਾਂ 'ਤੇ ਕੂਕ ਪਵੇ...।

ਕੁੜੀ:ਸਾਰਾ ਜੱਗ ਵੈਰੀ ਹੋਇਐ, ਆ ਬਹਿ ਬਹਿ ਵੇ ਚੰਨਾ,

ਮੈਥੋਂ ਨੀ ਦਿਨ ਕੱਟ ਹੁੰਦੇ, ਦਿਲ ਵਿੱਚ ਰਹਿ ਰਹਿ ਵੇ ਚੰਨਾ,

ਮਰ ਜਾਣਾ ਸਾਨੂੰ ਮਨਜ਼ੂਰ, ਸੋਹਣਿਆਂ ਕੱਲੀ ਨੂੰ ਲੈ ਜਾ ਕਿਤੇ ਦੂਰ...।

ਮੁੰਡਾ : ਪਿੰਡ 'ਚੋਂ ਸਿਰ ਕੱਢਵੇ ਲਾਣੇ ਦੀ, ਧੀ ਏ ਤੂੰ ਧੀ ਹਾਨਣੇ,

ਕਲਯੁੱਗ ਮੂੰਹ ਅੱਡੀ ਬੈਠਾ, ਬੁੱਲ੍ਹੀਆਂ ਲੈ ਸੀ ਹਾਨਣੇ,

ਘੂਰਦੇ ਗਰੀਬ ਨੂੰ ਸਭੇ, ਸੋਹਣੀਏ ਪੱਤਣਾਂ 'ਤੇ ਕੂਕ ਪਵੇ...।

ਕੁੜੀ:ਮੇਰਾ ਹੁਣ ਵੈਰੀ ਹੋਇਐ, ਘਰ ਦਾ ਜੀਅ ਜੀਅ ਹਾਣੀਆ,

ਮੇਰੇ ਜੋ ਦਿਲ 'ਤੇ ਬੀਤੇ, ਦੱਸਾਂ ਕੀ ਕੀ ਹਾਣੀਆ,

ਹਾਉਕਿਆਂ ਚਿੱਤ ਚੂਰੋ ਚੂਰ, ਸੋਹਣਿਆਂ ਕੱਲੀ ਨੂੰ ਲੈ ਜਾ ਕਿਤੇ ਦੂਰ...।

ਮੁੰਡਾ : ਦੋ ਘੜੀਆ ਹੱਸ ਖੇਡ ਕੇ ਨੀ, ਦੁੱਖਾਂ ਦੀ ਜੂਨ ਹੰਢਾਉਣੀ,

ਕੱਲਿਆਂ ਬਹਿ ਬਹਿ ਕੇ ਰੋਣਾ, ਕੰਧਾਂ ਨੂੰ ਹੂਕ ਸਣਾਉਣੀ,

ਮਾੜਾ ਚਮਕੀਲਾ ਕੀ ਕਵੇ, ਸੋਹਣੀਏ ਪੱਤਣਾਂ 'ਤੇ ਕੂਕ ਪਵੇ...।

ਗੀਤ ਵਿੱਚ ਪੱਤਣਾਂ 'ਤੇ ਕੂਕ ਪਵੇ ਦਾ ਵਰਣਨ ਆਉਂਦਾ ਹੈ। ਕੂਕ ਦੇ ਅਰਥ ਇੱਥੇ ਬਹੁਤ ਗਹਿਰਾ ਮਹੱਤਵ ਰੱਖਦੇ ਹਨ। ਕੂਕ ਪੀੜ ਅਤੇ ਦਰਦ ਨਾਲ ਕੁਰਾਹੁਣ ਤੋਂ ਬਾਅਦ ਅਤੇ ਰੋਣ ਤੋਂ ਪਹਿਲੀ ਅਵਸਥਾ ਵਿੱਚ ਇਨਸਾਨ ਮੂੰਹੋਂ ਆਪ-ਮੁਹਾਰੇ ਨਿਕਲਣ ਵਾਲੀ ਅਵਾਜ਼ ਨੂੰ ਕਿਹਾ ਜਾਂਦਾ ਹੈ। ਉਹ ਅਵਾਜ਼ ਜੋ ਸੁਤੇ-ਸਿੱਧ ਦਿਲ ਦੀਆਂ ਗਹਿਰਾਈਆਂ ਤੋਂ ਨਿਕਲਦੀ ਹੈ।

ਪੰਛੀਆਂ ਵਿੱਚੋਂ ਕੋਇਲ ਦੀ ਅਵਾਜ਼ ਨੂੰ ਸੰਗੀਤਮਈ ਮੰਨਿਆ ਜਾਂਦਾ ਹੈ। ਇਸ ਲਈ ਜਿਵੇਂ ਕਾਵਾਂ ਦੀ ਬੋਲੀ ਨੂੰ ਕਾਂ ਕਾਂ ਜਾਂ ਕਾਵਾਂ ਰੌਲੀ, ਕੁਕੜਾਂ ਦੀ ਭਾਸ਼ਾ ਨੂੰ ਕੌਅ ਕੌਅ, ਪਸ਼ੂਆਂ ਦੀ ਜ਼ੁਬਾਨ ਨੂੰ ਰਿੰਗਣਾ ਆਖਿਆ ਜਾਂਦਾ ਹੈ। ਉਵੇਂ ਕੋਇਲ ਦੀ ਸੁਰੀਲੀ ਅਵਾਜ਼ ਨੂੰ ਕੂਕ ਕਿਹਾ ਜਾਂਦਾ ਹੈ। ਲੇਕਿਨ ਜਦੋਂ ਪ੍ਰੇਮ ਪ੍ਰਸੰਗ ਵਿੱਚ ਅਸੀਂ ਤੜਫ ਨਾਲ ਜੋੜ ਕੇ ਦੇਖਦੇ ਹਾਂ ਤਾਂ ਪਪੀਹੇ ਦੀ ਕੂਕ ਨੂੰ ਸ੍ਰਵੋਤਮ ਮੰਨਿਆ ਜਾਂਦਾ ਹੈ। ਇਸ ਲਈ ਕਿਸੇ ਨੇ ਉਚਾਰਿਆ ਸੀ, "ਸੁਣੀ ਦਾਤਿਆ ਵੇ ਮੇਰੀ ਕੂਕ ਪਪੀਹੇ ਵਾਲੀ।" ਜਾਂ ਕੂਕ ਦਾ ਮਤਲਬ ਪੁਕਾਰ ਵੀ ਹੂੰਦਾ ਹੈ, 'ਜੇ ਦਰਿਮਾਂਗਤ ਕੂਕ ਕਰੇ ਮਹਲੀ ਖਸਮ ਸੁਣੇ। (ਆਸਾ ਮਹਲਾ 1)' ਕੂਕ ਦਾ ਅਰਥ ਢੰਡੋਰਾ ਪਿੱਟਣਾ ਜਾਂ ਹੋਕਾ ਦੇਣਾ ਵੀ ਹੁੰਦਾ ਹੈ, "ਸਾਸਤ੍ਰ ਬੇਦ ਕੀ ਫਿਰਿ ਕੂਕ ਨ ਹੋਇ। (ਮਲਾ ਮ: 3)"

ਪੁਰਾਤਨ ਮਿਥਿਹਾਸਕ ਗ੍ਰੰਥਾਂ ਅਨੁਸਾਰ ਪਪੀਹਾ ਇਸ਼ਕ ਵਿੱਚ ਸਭ ਤੋਂ ਵਫਾਦਾਰ ਪੰਛੀ ਗਰਦਾਨਿਆ ਗਿਆ ਹੈ। "ਚਾਤ੍ਰਿਕ ਚਿਤ ਸੁਚਿਤ ਸੁ ਸਾਜਨ ਚਾਹੀਐ।" (ਫੁਨਹੇ ਮ: 5) ਰਿੱਗਵੇਦ ਵਿੱਚ ਇੱਕ ਕਰਾਮਾਤੀ ਤੇ ਪਵਿੱਤਰ ਨਦੀ ਸਵਾਂਤੀ ਦਾ ਵਰਨਣ ਆਉਂਦਾ ਹੈ। ਬੋਧ ਗ੍ਰੰਥਾਂ ਅਨੁਸਾਰ ਇਹ ਨਦੀ ਉਦਿਆਨ (ਭਾਰਤ) ਦੇਸ਼ ਵਿੱਚ ਸੀ। ਪਪੀਹੇ ਦੇ ਸੰਦਰਭ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਦ ਤੱਕ ਸੁਆਂਤੀ ਨਦੀ ਦੇ ਪਾਣੀ ਦੀ ਬੂੰਦ ਉਸਦੇ ਮੂੰਹ ਵਿੱਚ ਨਹੀਂ ਪੈਂਦੀ, ਉਸਦੀ ਮੁਕਤੀ ਨਹੀਂ ਹੁੰਦੀ ਤੇ ਉਹ ਸਾਰੀ ਉਮਰ ਇਸ ਦੀ ਪ੍ਰਾਪਤੀ ਲਈ ਤੜਫਦਾ ਰਹਿੰਦਾ ਹੈ। "ਤੂ ਨ ਜਾਣਹੀ ਕਿਆ ਤੁਧੁ ਵਿਚਿ ਤਿਖਾ ਹੈ।" (ਵਾਰ ਮਲਾ ਮ: 3) ਜਿਗਆਸੂ , ਜੋ ਹਰਿਰਸ ਤੋਂ ਛੁੱਟ ਹੋਰ ਕਿਸੇ ਰਸ ਵੱਲ ਧਿਆਨ ਨਹੀਂ ਦਿੰਦਾ। ਚਾਤ੍ਰਿਕ, ਪਪੀਹਾਂ ਜਾਂ ਮੇਘਜੀਵ ਅਖਵਾਉਂਦਾ ਹੈ।

ਯੂਨਾਨੀ ਮਿਥਿਹਾਸ ਵਿੱਚ ਕੁਕਨੁਸ ਪੰਛੀ ਦਾ ਜ਼ਿਕਰ ਆਉਂਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਪੰਛੀ ਮਧੁਰ ਰਾਗ ਅਲਾਪਦਾ ਹੈ। ਬਸੰਤ ਰੁੱਤ ਵਿੱਚ ਦੀਪਕ ਰਾਗ ਆਲਪਦਾ ਹੋਇਆ ਇਹ ਭਸਮ ਹੋ ਜਾਂਦਾ ਹੈ ਤੇ ਵਰਖਾ ਰੁੱਤ ਵਿੱਚ ਉਸਦੀ ਭਸਮ ਸੁਆਂਤੀ ਨਦੀ ਦੇ ਵਾਸ਼ਪ ਬਣ ਕੇ ਵਰੇ ਪਾਣੀ ਦੀ ਬੂੰਦ ਦੇ ਸੰਗਮ ਨਾਲ ਅੰਡੇ ਦਾ ਰੂਪ ਦਾਰ ਜਾਂਦੀ ਹੈ ਤੇ ਫਿਰ ਉਸ ਵਿੱਚੋਂ ਨਵੇਂ ਕੁਕਨੁਸ ਦਾ ਜਨਮ ਹੁੰਦਾ ਹੈ। ਵਰਣਨਯੋਗ ਹੈ ਕਿ ਇਸ ਪੰਛੀ ਦੀ ਕੇਵਲ ਮਦੀਨ ਹੁੰਦੀ ਹੈ, ਨਰ ਨਹੀਂ ਹੁੰਦਾ। ਖ਼ੈਰ ਇਹ ਮਿਥਿਹਾਸ ਹੈ।

ਸੰਸਾਰ ਦੀਆਂ ਜਿੰਨੀਆਂ ਵੀ ਪ੍ਰੀਤ ਕਹਾਣੀਆਂ ਹਨ, ਉਹਨਾਂ ਸਭਨਾਂ ਵਿੱਚ ਇੱਕ ਗੱਲ ਸਾਂਝੀ ਹੈ ਕਿ ਪ੍ਰੇਮੀ ਅਤੇ ਪ੍ਰੇਮਿਕਾ ਕਦੇ ਬਰਾਬਰ ਦੇ ਨਹੀਂ ਹੁੰਦੇ। ਉਨ੍ਹਾਂ ਵਿੱਚ ਜਾਤ-ਪਾਤ, ਅਮੀਰੀ-ਗਰੀਬੀ, ਕਾਲਾ-ਗੋਰਾ ਰੰਗ, ਉੱਚਾ-ਨੀਵਾਂ ਭਾਵ ਕੋਈ ਨਾ ਕੋਈ ਵਖਰੇਵਾਂ ਜ਼ਰੂਰ ਹੁੰਦਾ ਹੈ, ਜੋ ਉਨ੍ਹਾਂ ਦੇ ਇਸ਼ਕ ਦਾ ਇਮਤਿਹਾਨ ਲੈਂਦਾ ਹੈ। ਇਹੀ ਤੱਤ ਉਨ੍ਹਾਂ ਦੀ ਕਹਾਣੀ ਨੂੰ ਆਮ ਜ਼ਿੰਦਗੀ ਨਾਲੋਂ ਵੱਖ ਕਰਕੇ ਖਾਸ ਹੋਣ ਦਾ ਰੁਤਬਾ ਦਿਵਾਉਂਦਾ ਹੈ।

ਚਮਕੀਲੇ ਦੇ ਇਸ ਗੀਤ ਵਿੱਚ ਵੀ ਅਮੀਰ ਕੁੜੀ ਨਾਲ ਗਰੀਬ ਮੁੰਡੇ ਦਾ ਪਿਆਰ ਦਰਸਾਇਆ ਗਿਆ ਹੈ। ਪ੍ਰੇਮੀ ਅਤੇ ਪ੍ਰਮਿਕਾ ਦਾ ਵਾਰਤਾਲਾਪ ਬਹੁਤ ਖੂਬਸੂਰਤੀ ਨਾਲ ਪੇਸ਼ ਕਰਦਿਆਂ ਸਮਾਜਿਕ ਮਰਿਆਦਾ ਨੂੰ ਕਾਇਮ ਰੱਖਦਿਆਂ ਮੁਹੱਬਤ ਦੇ ਸਫ਼ਰ ਉੱਪਰ ਚੱਲਣ ਦੀ ਪ੍ਰੇਰਣਾ ਦਿੱਤੀ ਗਈ ਹੈ ਇਸ ਦੋਗਾਣੇ ਵਿੱਚ।

ਗੀਤ ਦਾ ਪਾਤਰ ਮੁੰਡਾ ਨਾਇਕਾ ਕੁੜੀ ਨਾਲੋਂ ਵੱਧ ਹੰਢਿਆ ਹੋਇਆ ਤੇ ਸਮਝਦਾਰ ਹੈ। ਕੁੜੀ ਵਿੱਚ ਜੁਆਨੀ ਦਾ ਵੇਗ ਤੇ ਬਚਪਨਾ ਹੈ। ਕੁੜੀ ਕਾਮੁਕਤਾ ਨਾਲ ਭਰੀ ਪਈ ਹੈ। ਮੁੰਡੇ ਵਿੱਚ ਠਰਮਾ ਅਤੇ ਜ਼ਾਬਤਾ ਕਾਇਮ ਰੱਖਣ ਦੀ ਸਮਰਥਾ ਝਲਕਦੀ ਹੈ। ਵੇਗਮਤੀ ਮੁਟਿਆਰ ਆਪਣੇ ਆਸ਼ਿਕ ਨੂੰ ਘਰੋਂ ਭਜਾ ਕੇ ਲਿਜਾਣ ਲਈ ਉਕਸਾਉਂਦੀ ਹੈ ਤੇ ਕੁੱਲ ਜਹਾਨ ਤੋਂ ਬਾਗੀ ਹੋ ਕੇ ਆਪਣੇ ਪ੍ਰੇਮੀ ਨਾਲ ਨਵੀਂ ਦੁਨੀਆ ਵਸਾਉਣ ਦੀ ਖਾਹਿਸ਼ਮੰਦ ਹੈ। ਕੁੜੀ ਬੇਬਾਕ, ਨਿਸ਼ੰਗ ਅਤੇ ਦਲੇਰ ਹੈ। ਮੁੰਡਾ ਡਰੂ, ਨਿਮਾਣਾ ਅਤੇ ਸੰਗਾਊ ਹੈ। ਮੁੰਡਾ ਦਲੀਲਾਂ ਦੇ ਕੇ ਕੁੜੀ ਨੂੰ ਜਵਾਨੀ ਦੇ ਨਸ਼ੇ ਵਿੱਚ ਅੰਨ੍ਹੀ ਹੋਈ ਨੂੰ ਕੋਈ ਗਲਤ ਕਦਮ ਚੁੱਕਣ ਤੋਂ ਵਰਜਦਾ ਹੋਇਆ ਨਸੀਹਤਾਂ ਦਿੰਦਾ ਹੈ। ਮੁੰਡਾ ਸਮਾਜ ਵੱਲੋਂ ਪ੍ਰਵਾਨਿਆ ਰਿਸ਼ਤਾ ਸਥਾਪਿਤ ਕਰਕੇ ਕੁੜੀ ਨੂੰ ਅਪਨਾਉਣਾ ਚਾਹੁੰਦਾ ਹੈ। ਮੁੰਡਾ ਦੱਸਦਾ ਹੈ ਕਿ ਬੁਰੇ ਕੰਮ ਦਾ ਨਤੀਜਾ ਵੀ ਬੁਰਾ ਹੁੰਦਾ ਹੈ। ਕੁੜੀ ਸਭ ਫੈਸਲੇ ਲਈ ਬੈਠੀ ਹੁੰਦੀ ਹੈ ਤੇ ਪਿਆਰ ਦੀ ਅਸਫਲਤਾ ਬਰਦਾਸ਼ਤ ਨਹੀਂ ਕਰਨਾ ਚਾਹੁੰਦੀ ਤੇ ਮਰਨ ਤੱਕ ਲਈ ਵੀ ਕਮਰ ਕਸੀ ਫਿਰਦੀ ਹੁੰਦੀ ਹੈ। ਲੇਕਿਨ ਮੁੰਡਾ ਯੋਗ ਵਸੀਲੇ ਉਪਲਵਧ ਨਾ ਹੋਣ ਕਰਕੇ ਕੋਈ ਵੀ ਹਾਮੀ ਭਰਨ ਤੋਂ ਅਸਮਰਥ ਹੁੰਦਾ ਹੈ। ਇਸ਼ਕ ਦੇ ਵਿੱਚ ਭਿੱਜੀ ਕੁੜੀ ਹਰ ਹੱਦ ਪਾਰ ਕਰਨ ਲਈ ਤਿਆਰ ਹੈ ਤੇ ਮੁੰਡਾ ਆਪਣੇ ਇਰਦ-ਗਿਰਦ ਹੱਦਾਂ ਉਸਾਰਦਾ ਰਹਿੰਦਾ ਹੈ। ਮੁੰਡਾ ਕੁੜੀ ਦੀ ਇੱਜ਼ਤ ਆਬਰੂ ਉੱਪਰ ਹਰਫ ਆਉਣ ਦੇ ਡਰੋਂ ਵਿਯੋਗ ਵਿੱਚ ਤੜਫਦੇ ਰਹਿਣ ਨੂੰ ਤਰਜੀਹ ਦਿੰਦਾ ਹੈ।

ਪੱਤਣਾਂ ਤੇ ਕੂਕ ਪਵੇ ਦੇ ਅਰਥ ਗੀਤ ਦੇ ਹਰ ਅੰਤਰੇ ਵਿੱਚ ਬਦਲਦੇ ਹਨ। ਪਹਿਲੇ ਅੰਤਰੇ ਵਿੱਚ ਲੜਕਾ ਸੋਹਣੀ ਮਹਿਵਾਲ ਦੇ ਕਿੱਸੇ ਦਾ ਹਵਾਲਾ ਦਿੰਦਾ ਹੈ ਕਿ ਦੇਖ ਸੋਹਣੀ ਨੇ ਹਵਸ ਵਿੱਚ ਅੰਨ੍ਹੀ ਹੋ ਕੇ ਜੋ ਗੈਰਇਖਲਾਕੀ ਕਦਮ ਚੁੱਕਿਆ ਸੀ, ਉਸ ਨਾਲ ਉਸਨੂੰ ਕੁਝ ਵੀ ਹਾਸਿਲ ਨਹੀਂ ਹੋਇਆ ਸੀ। ਆਪਾਂ ਅਜਿਹਾ ਕਦਮ ਹਰਗਿਜ਼ ਨਹੀਂ ਚੁੱਕਣਾ। ਨਾਇਕ ਅਨੁਸਾਰ ਪੱਤਣਾਂ ਦੇ ਗਵਾਹ ਪਾਣੀ ਹੋਕਾ ਦੇ ਕੇ ਪ੍ਰੇਮੀਆਂ ਨੂੰ ਉਨ੍ਹਾਂ ਰਾਹਾਂ ਵੱਲ ਜਾਣ ਤੋਂ ਵਰਜਦੇ ਹਨ।

ਦੂਜੇ ਅੰਤਰੇ ਵਿੱਚ ਉਹ ਕਹਿੰਦਾ ਹੈ ਕਿ ਜਦ ਤੱਕ ਮੈਂ ਜਿਉਂਦਾ ਹਾਂ ਤੈਨੂੰ ਪਾਉਣ ਦਾ ਯੋਗ ਉੱਦਮ ਕਰਦਾ ਰਹਾਂਗਾ ਤੇ ਤੇਰੇ ਸਿਵਾਏ ਕਿਸੇ ਹੋ ਦਾ ਨਹੀਂ ਹੋਵਾਂਗਾ। ਕੂਕ ਇੱਥੇ ਪਪੀਹੇ ਵਾਂਗ ਵਫਾਦਾਰੀ ਦਾ ਅਹਿਦ ਕਰਨ ਦੀ ਜਾਮਨ ਬਣ ਜਾਂਦੀ ਹੈ।

ਤੀਜੇ ਅੰਤਰੇ ਵਿੱਚ ਕੂਕ ਦੇ ਨਵੇਂ ਅਰਥ ਸਿਰਜੇ ਜਾਂਦੇ ਹਨ। ਮੁੰਡਾ ਦੱਸਦਾ ਹੈ ਕਿ ਮੇਰੀ ਗਰੀਬੀ ਕਾਰਨ ਮੇਰੇ ਉੱਪਰ ਤਸੱਦਦ ਅਤੇ ਜ਼ੁਲਮ ਵੀ ਹੋ ਸਕਦਾ ਹੈ। ਮੈਂੁੰ ਜਾਂ ਮੇਰੇ ਪਰਿਵਾਰ ਨੂੰ ਵਿਰੋਧ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਕੜੇ ਦਾ ਸੱਤੀ ਵੀਹੀਂ ਸੌ ਹੁੰਦਾ ਹੈ ਤੇ ਗਰੀਬ ਨਿਰਦੋਸ਼ ਹੁੰਦੇ ਹੋਏ ਵੀ ਗੁਨਾਹਗਾਰ ਬਣਾ ਦਿੱਤਾ ਜਾਂਦਾ ਹੈ। ਕੂਕ ਇੱਥੇ ਮਾਨਸਿਕ ਵੇਦਨਾ ਅਤੇ ਕੁਰਲਾਹਟ ਦਾ ਪ੍ਰਤੀਕ ਬਣ ਕੇ ਉੱਭਰਦੀ ਹੈ।

ਅਖੀਰਲੇ ਅੰਤਰੇ ਵਿੱਚ ਪ੍ਰੇਮੀ ਆਪਣੀ ਬੇਬਸੀ ਤੇ ਲਾਚਾਰੀ ਪ੍ਰਗਟ ਕਰਦਾ ਹੋਇਆ ਪਿਆਰ ਲਈ ਕੁਰਬਾਨੀ ਦੇਣ ਨੂੰ ਤਿਆਰ ਹੈ, ਪਰੰਤੂ ਇੱਜ਼ਤ ਉੱਪਰ ਦਾਗ ਲਾਉਣ ਵਾਲੇ ਕਰਮ ਕਰਨ ਦੀ ਹਾਮੀ ਨਹੀਂ ਭਰਦਾ। ਇੱਥੇ ਕੂਕ ਕੁਕਨਸ ਵਾਂਗ ਫਨਾਹ ਹੋ ਕੇ ਭਵਿੱਖ ਸਿਰਜਣ ਦੀ ਇੱਛਾ ਬਣ ਜਾਂਦੀ ਹੈ। ਪ੍ਰੇਮੀ ਦਾ ਜਮਾਨੇ ਦੇ ਦਸਤੂਰਾਂ ਅੱਗੇ ਹਾਰ ਕੇ ਧੂਰ ਅੰਦਰੋਂ ਨਿਕਲਦੇ ਪੀੜਾ ਜਨਕ ਵਿਰਲਾਪ ਨੂੰ ਕੂਕ ਬਣਾ ਕੇ ਵਰਣਿਤ ਕੀਤਾ ਗਿਆ ਹੈ ਇੱਥੇ।

ਇਸ ਗੀਤ ਵਿੱਚ ਚਮਕੀਲੇ ਨੇ ਇੱਕ ਬਹੁਤ ਵਧੀਆ ਤਕਨੀਕੀ ਤਜਰਬਾ ਵੀ ਕੀਤਾ ਹੈ। ਗੀਤ ਵਿੱਚ ਉਸਨੇ ਦੁਹਰਾਓ ਸ਼ਬਦਾਂ ਦਾ ਬੜੇ ਉਮਦਾ ਢੰਗ ਨਾਲ ਪ੍ਰਯੋਗ ਕੀਤਾ ਹੈ। ਮਿਸਾਲ ਦੇ ਤੌਰ 'ਤੇ ਦੇਖੋ:-

1 ਸੱਚੀਂ ਹਾਂ ਹਾਂ ਵੇ ਮੇਰੀ।

2 ਰਹਿ ਸਾਡੇ ਨੇੜੇ-ਨੇੜੇ।

4 ਫੜ ਲੈ ਬਾਂਹ ਬਾਂਹ ਵੇ ਮੇਰੀ।

5 ਰੋ ਨਾ ਹਾਏ ਰੋ ਨੀ ਅੜੀਏ।

6 ਹੋ ਨਾ ਹਾਏ ਹੋ ਨੀ ਅੜੀਏ।

7 ਆ ਬਹਿ ਬਹਿ ਵੇ ਚੰਨਾ।

8 ਦਿਲ ਵਿੱਚ ਰਹਿ ਰਹਿ ਵੇ ਚੰਨਾ।

9 ਘਰ ਦਾ ਜੀਅ ਜੀਅ ਹਾਣੀਆ।

10 ਦੱਸਾਂ ਕੀ ਕੀ ਹਾਣੀਆ।

11 ਹਾਉਕਿਆਂ ਚਿੱਤ ਚੂਰੋ ਚੂਰ।

ਮੇਰੇ ਹਿਸਾਬ ਨਾਲ ਇਹ ਅਮਰ ਸਿੰਘ ਚਮਕੀਲੇ ਦਾ ਬਹੁਤ ਸਭਿਅਕ, ਸੇਧਮਈ, ਮਿਆਰੀ ਅਤੇ ਸਾਹਿਤਕ ਗੀਤ ਹੈ। ਅਗਰ ਕੋਈ ਮੇਰੇ ਇਸ ਵਿਚਾਰ ਨਾਲ ਸਹਿਮਤ ਨਹੀਂ ਤਾਂ ਇਹ ਉਹਦੀ ਸਮਝ ਦੀ ਸਮੱਸਿਆ ਹੈ, ਚਮਕੀਲਾ ਇਸ ਲਈ ਦੋਸ਼ੀ ਨਹੀਂ ਹੈ।


ਬੁੱਤ


 ਬਲਰਾਜ ਸਿੰਘ ਸਿੱਧੂ

ਕੇਰਾਂ ਬਾਬੇ ਮਾਇਕਲ ਏਂਜ਼ਲੋ ਦੇ ਬਣਾਏ ਬੁੱਤ ਦੀ ਤਾਰੀਫ ਕਰਦਿਆਂ ਕਿਸੇ ਨੇ ਉਹਨੂੰ ਕਿਹਾ, "ਬਾਈ ਬੌਹ ਵਧੀਆ ਮੂਰਤੀ ਬਣਾਈ ਆ... ਜਮਾ ਸਿਰਾ...।"

ਬਾਬਾ ਏਂਜਲੋ ਕਹਿੰਦਾ, "ਭਰਾਬਾ ਮੂਰਤੀ ਤਾਂ ਪੱਥਰ ਵਿੱਚ ਪਹਿਲਾਂ ਹੀ ਪਈ ਸੀ। ਮੈਂ ਤਾਂ ਬਸ ਵਾਧੂ ਪੱਥਰ ਝਾੜ ਕੇ ਸੰਤ ਡੇਵਿਡ ਨੂੰ ਬਾਹਰ ਕੱਢਿਐ।"

ਤਸਵੀਰ: ਇਟਲੀ ਦੇ ਸ਼ਹਿਰ ਫਲੌਰੈਂਸ ਵਿਖੇ ਮਾਇਕਲ ਏਂਜਲੋ ਹਿੱਲ 'ਤੇ ਲੱਗਿਆ ਸੰਤ ਡੇਵਿਡ ਦਾ ਬੁੱਤ।

ਸ਼ਿੰਦੇ ਦਾ ਰਾਕਟ


-ਬਲਰਾਜ ਸਿੰਘ ਸਿੱਧੂ

ਕੇਰਾਂ ਵੀਕ ਐਂਡ ਜਿਆ ਸੀਗਾ। ਮੈਂ ਤੇ ਸ਼ਿੰਦਾ ਬਰੋਡ ਸਟਰੀਟ ਬ੍ਰਮਿੰਘਮ ਆਲੇ ਨਾਇਟ ਕਲੱਬ ਚੋਂ ਆਈਏ। ਜਦੋਂ ਪਿੰਡ ਕੋਲ ਆਏ ਤਾਂ ਗੋਰਿਆਂ ਦੇ ਗੁਰਦਾਰੇ ਕੋਲ ਪੁਲਸ ਦਾ ਨਾਕਾ ਲੱਗਿਆ ਹੋਇਆ। ਗੱਡੀ ਰੋਕ ਰੋਕ ਕੁਝ ਪੁੱਛਣ ਸਾਰੇ ਡਲੈਵਰਾਂ ਤੋਂ। ਮੈਂ ਸ਼ਿੰਦੇ ਨੂੰ ਪੁੱਛਿਆ, "ਸ਼ਿੰਦਿਆ ਕੋਈ ਕਰਤੂਤ ਤਾਂ ਨ੍ਹੀਂ ਕੀਤੀ ਤੈਂ। ਕੋਈ ਕੁੜੀ ਕਾੜੀ ਛੇੜੀ ਹੋਬੇ?"
"ਨਾ ਕਿੱਥੇ ਯਾਰ ਕਿਸੇ ਗੋਰੀ ਗੂਰੀ ਨੇ ਭਲਾਂ ਮੈਨੂੰ ਛੇੜਿਆ ਹੋਊ।... ਹਾਂ ਯਾਰ ਕਲੱਬ 'ਚ ਇੱਕ ਦੇ ਚੂੰਡੀ ਜਈ ਮਾੜੀ ਜੀ ਵੱਡੀ ਸੀ।"
"ਚੂੰਡੀ ਕਿਉਂ ਵੱਢੀ? ਸਾਲਿਆ ਕੇ. ਪੀ. ਐਸ ਗਿੱਲ ਸੀ ਤੂੰ?"
"ਮੈਂ ਨਾ ਵੱਢਦਾ, ਉਹ ਕਿਸੇ ਹੋਰ ਤੋਂ ਵਢਾ ਲੈਂਦੀ। ਨਾਲੇ ਕੇ. ਪੀ. ਐਸ. ਗਿੱਲ ਨੂੰ ਤਾਂ ਵੱਢਣੀ ਨ੍ਹੀਂ ਆਈ। ਐਵੇਂ ਰੌਲਾ ਪੁਆ ਲਿਆ। ਸਾਡੀ ਵੱਢੀ ਚੂੰਡੀ ਦੀ ਤਾਂ ਅਗਲੀ ਭਾਫ ਨ੍ਹੀਂ ਕੱਢਦੀ।"
ਐਨੇ ਨੂੰ ਭਾਈ ਸਾਡੀ ਗੱਲੀ ਕੋਲ ਆ ਕੇ ਪੁਲਸ ਆਲਾ ਪੁੱਛਣ ਲੱਗ ਪਿਆ, "ਸੋਡੇ ਚੋਂ ਸ਼ਿੰਦਾ ਕਿਹੜੈ ਬਾਈ?"
ਸ਼ਿੰਦਾ ਖੁੱਦੋਂ ਆਗੂੰ ਬੁੜਕ ਕੇ ਗੱਡੀ ਚੋਂ ਬਾਹਰ ਖੜ ਗਿਆ, "ਦਾਸ ਨਹੀਂ ਨਹੀਂ ਹਜ਼ੂਰ ਨੂੰ ਹੀ ਸ਼ਿੰਦਾ ਸ਼ੁਦਾਈ ਕਹਿੰਦੇ ਨੇ ਤੇ ਅਸੀਂ ਤਾਰੀਫ ਦੇ ਮੁਥਾਜ ਨ੍ਹੀਂ।"
ਪੁਲਸ ਆਲੇ ਸ਼ਿੰਦੇ ਦੇ ਪੈਰੀਂ ਪਈ ਜਾਣ, "ਫਟਾਫਟ ਚੱਲ ਔਹ ਲਿਮੋਜ਼ੀਨ ਤੇਰੇ ਲਈ ਲਿਆਂਦੀ ਆ। ਅਸੀਂ ਤਾਂ ਤੈਨੂੰ ਭਰਾਵਾ ਲੱਭ ਲੱਭ ਕਮਲੇ ਹੋਗੇ। ਨਾਸਾ ਆਲਿਆਂ ਦਾ ਤੇਰੇ ਬਿਨਾ ਕੰਮ ਖੜਿਆ ਪਿਆ।"
"ਮੈਂ ਉਨ੍ਹਾਂ ਦੀ ਨਲੀ ਪੂੰਜਣੀ ਆ।... ਬਾਈ ਨਾਸਾਂ ਤਾਂ ਸਭ ਦੇ ਲੱਗੀਆਂ ਹੁੰਦੀਆਂ। ਕੋਈ ਬਿਨਾ ਨਾਸਾਂ ਤੋਂ ਵੀ ਹੁੰਦੈ।"
"ਕੰਜਰਾ ਨਾਸਾਂ ਨ੍ਹੀਂ। ਇਹ ਨਾਸਾ ਆਲਿਆਂ ਦੀ ਗੱਲ ਕਰਦੇ ਆ। ਉਹ ਵਿਗਿਆਨੀ ਜੇ ਜਿਹੜੇ ਰੌਕਟ ਸਾਇੰਸ ਦੇ ਮਾਹਰ ਹੁੰਦੇ ਆ। ਖੋਜਾਂ ਖੂਜਾਂ ਕਰਦੇ ਆ। ਤੈਨੂੰ ਚੰਨ ਦੀ ਮੈਂ ਸੈਰ ਕਰਵਾਂ, ਨੀ ਰੂਸ ਦੇ ਰਾਕਟ 'ਤੇ ਗਾਣਾ ਨ੍ਹੀਂ ਸੁਣਿਐ। ਉਹ ਰਾਕਟ ਬਣਾਉਣ ਆਲੇ ਮਿਸਤਰੀ ਆ ਸ਼ਿੰਦਿਆ ਨਾਸਾ ਵਾਲੇ।"
"ਉਨ੍ਹਾਂ ਨੇ ਕੁੜੀ ਦਾ ਰਿਸ਼ਤਾ ਕਰਨੈ ਮੈਨੂੰ।"
ਪੁਲਸ ਆਲੇ ਕਹਾਲੇ ਪਈ ਜਾਣ ਤੇ ਘਨੇੜਿਆ ਤੇ ਚੱਕ ਕੇ ਸਿੰਦੇ ਨੂੰ ਨਾਸਾ ਆਲਿਆ ਕੋਲੋ ਮਰੀਕਾ ਨੂੰ ਲੈ'ਗੇ। ਸ਼ਿੰਦਾ ਜਾਂਦਾ ਈ ਪੁੱਛਦੈ, "ਕੀ ਕੰਮ ਆ?"
"ਭਰਾਵਾਂ ਅਸੀਂ ਬਹੁਤ ਖਰਚਾ ਕਰਕੇ ਆਹਾ ਰੌਕਿਟ ਬਣਾਇਆ ਸੀ ਚੰਦ ਤੇ ਭੇਜਣ ਨੂੰ। ਇਹ ਹੁਣ ਉੱਡਦਾ ਨ੍ਹੀਂ। ਕਰ ਇਹਦਾ ਕੁਸ਼।" ਨਾਸਾ ਆਲੇ ਸ਼ਿੰਦੇ ਦੇ ਦੁਆਲੇ ਹੱਥ ਜੋੜ ਕੇ ਖੜ'ਗੇ। ਸ਼ਿੰਦਾ ਕਹਿੰਦਾ , "ਇਹਦਾ ਤਾਂ ਪਿਉ ਵੀ ਉੱਡੂ। ਪਰ ਪਹਿਲਾਂ ਘਰ ਦੀ ਕੱਢੀ ਬੋਤਲ ਲਿਆਉ।"
ਉਹਨਾਂ ਨੇ ਮਕਾਲਨ ਵਿਸਕੀ ਦੀ ਬੋਤਲ ਤੇ ਕਾਜੂ ਕੁਜੂ ਜਿਹੇ ਸ਼ਿੰਦੇ ਮੂਹਰੇ ਟਿਕਾ ਤੇ। ਸ਼ਿੰਦੇ ਨੇ ਨਾਲੇ ਦੋ ਕੁ ਪੈੱਗ ਮਾਰੇ , ਨਾਲੇ ਲਲਕਾਰਾ ਮਾਰ ਕੇ ਜਦੋਂ ਬੁਰੱਰਰਰਰਰਰਾਅ ਕੀਤੀ ਨਾਸਾ ਆਲੇ ਕੰਬਣ ਲੱਗ'ਪੇ। ਸ਼ਿੰਦਾ ਕਹਿੰਦਾ ਦਿਖਾਓ ਕਿਹੜਾ ਰਾਕਟ ਆ ਥੋਡਾ ਜਿਹੜਾ ਉੱਡਦਾ ਨ੍ਹੀਂ। ਉਹ ਰੌਕਿਟ ਕੋਲ ਲੈ ਗਏ। ਸ਼ਿੰਦਾ ਰੌਕਿਟ ਦੀ ਪ੍ਰਕਰਮਾ ਕਰਕੇ ਉਹਨਾਂ ਨੂੰ ਕਹਿੰਦੈ, "ਲੈ ਬਈ ਸਟੈਂਡ ਤੋਂ ਲਾਹ ਕੇ ਇਹਨੂੰ ਮੇਰੇ ਮੂਹਰੇ ਲੰਮਾ ਪਾ'ਦੋ।"
ਉਹਨਾਂ ਨੇ ਉਵੇਂ ਕੀਤਾ। ਰੌਕਿਟ ਸਟੈਂਡ ਤੋਂ ਲਾਹਿਆ ਤੇ ਸ਼ਿੰਦੇ ਮੂਹਰੇ ਟੇਡਾ ਕਰਕੇ ਰੱਖ ਦਿੱਤਾ। ਦੋ ਕੁ ਮਿੰਟ ਬਾਅਦ ਸ਼ਿੰਦਾ ਕਹਿੰਦਾ, "ਲੈ ਹੁਣ ਇਹਨੂੰ ਓਕਣੇ ਟੰਗਦੋ।"
ਉਹਨਾਂ ਨੇ ਕੜਾ ਕਰਕੇ ਸਟੇਂਡ ਤੇ ਪਹਿਲਾਂ ਵਾਂਗ ਲਾ ਦਿੱਤਾ। ਸ਼ਿੰਦਾ ਕਹਿੰਦੈ, "ਲੈ ਹੁਣ ਬਾਬੇ ਦਾ ਨਾਂ ਲੈ ਕੇ ਜਿਵੇਂ ਇਹਨੂੰ ਸਟਾਰਟ ਕਰਦੇ ਹੁੰਨੇ ਓ ਓਕਣ ਕਰਕੇ ਦੇਖੋ। ਉੱਡ'ਜੂ।"
ਉਹਨਾਂ ਨੇ ਬਟਨ ਦੱਬ ਕੇ ਕਾਉਂਟ ਡਾਉਨ ਯਾਨੀ ਪੁੱਠੀ ਗਿਣਤੀ ਸ਼ੁਰੂ ਕਰ'ਤੀ, "10…9…8..."
ਜਦੋਂ ਗਿਣਤੀ ਸਿਰਫ ਤੇ ਆਈ ਸਾਡੇ ਪਿੰਡ ਆਲੇ ਅਮਲੀ ਮਾਸਟਰ ਦੀ ਕਰ ਆਂਗੂੰ ਫਰਾਟਾ ਜਿਹਾ ਮਾਰ ਕੇ ਰੌਕਿਟ ਨੇ ਧੂੰਆਂ ਕੱਢਿਆ ਤੇ ਬੱਦਲਾਂ ਨੂੰ ਬਾਰ੍ਹਾਂ ਬੋਰ ਦੀ ਦੇ ਫਾਇਰ ਆਂਗੂੰ ਪਾੜ ਪਾਉਂਦਾ ਠਾਹ ਚੰਦ 'ਤੇ ਪਹੁੰਚ ਗਿਆ। ਰੌਕਿਟ ਪਤੰਦਰ ਨੇ ਤਾਂ ਸੂਰਜ ਕੋਲੇ ਕੜ੍ਹਕੇ ਸਾਹ ਵੀ ਨ੍ਹੀਂ ਲਿਆ। ਨਾਸਾ ਆਲੇ ਭਾਈ ਹੈਰਾਨ ਬਈ ਸਾਡੇ ਵਿਗਿਆਨੀ ਮੱਥਾ ਮਾਰ ਕੇ ਕਮਲੇ ਹੋਗੇ। ਉਹਨਾਂ ਤੋਂ ਗੱਲ ਨ੍ਹੀਂ ਬਣੀ। ਸ਼ਿੰਦੇ ਨੇ ਤਾਂ ਹੱਥ ਲਾ ਕੇ ਨ੍ਹੀਂ ਸੀ ਦੇਖਿਆ ਤੇ ਰੌਕਿਟ ਕਿਮੇਂ ਉੱਡਾਤਾ। ਉਹ ਕਹਿੰਦੇ, "ਸ਼ਿੰਦਿਆ ਡਾਲਰ ਜਿੰਨੇ ਮਰਜ਼ੀ ਲੈ'ਲੀ 'ਕੇਰਾਂ ਦੱਸਦੇ ਤੈਂ ਜਾਦੂ ਕੀ ਮਾਰਿਆ?"
ਸ਼ਿੰਦਾ ਪਕੌੜੀਆਂ ਚੋਂ ਮੂਫਲੀ ਦੇ ਦਾਣੇ ਚੁਗਦਾ ਹੋਇਆ ਕਹਿਣ ਲੱਗਾ, "ਜਾਦੂ ਜੁਦੂ ਤਾਂ ਕਾਹਦੈ ਬਾਈ। ਸਾਡੇ ਪਿੰਡਾਂ ਕਨੀ ਤਾਂ ਏਕਣ ਈ ਕਰਦੇ ਹੁੰਦੇ ਆ। ਜਦੋਂ ਸਕੈਟਰ ਸਟਾਰਟ ਨਾ ਹੁੰਦਾ ਹੋਬੇ। ਮਾੜਾ ਜਿਹਾ ਟੇਢਾ ਕਰ ਲਈਦੈ ਤੇ ਕਿੱਕ ਮਾਰੀਦੀ ਆ। ਸਟਾਰਟ ਹੋ ਜਾਂਦਾ। ਉਹੀ ਮੈਂ ਥੋਡੇ ਰਾਕਟ ਨਾਲ ਕੀਤਾ। ਟੇਢਾ ਕਰਿਆ ਆਪੇ ਸਟਾਰਟ ਹੋ ਗਿਐ। ਬੁਰੱਰਰਰਰਰਅ!"

ਵੈਲਨਟਾਇਨ ਦਿਵਸ









-ਬਲਰਾਜ ਸਿੰਘ ਸਿੱਧੂ
14 ਫਰਵਰੀ ਨੂੰ ਵੈਲਨਟਾਇਨ ਦਿਵਸ ਦੇ ਰੂਪ ਵਿੱਚ ਦੁਨੀਆਂ ਭਰ ਵਿੱਚ ਪ੍ਰੇਮੀਆਂ ਦੇ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਆਧੁਨਿਕ ਦੌਰ ਵਿੱਚ ਪ੍ਰੇਮੀ ਅਤੇ ਪ੍ਰੇਮਿਕਾਵਾਂ ਆਪਣੇ ਸਾਥੀ ਨੂੰ ਇਸ ਦਿਨ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੇ ਅਤੇ ਤੋਹਫਿਆਂ ਅਤੇ ਪ੍ਰੇਮ ਪੱਤਰਾਂ ਦਾ ਅਦਾਨ-ਪ੍ਰਦਾਨ ਕਰਿਆ ਕਰਦੇ ਹਨ।
ਵੈਲਨਟਾਇਨ ਸ਼ਬਦ ਦਾ ਨਿਕਾਸ ਲਤੀਨੀ (Latin) ਭਾਸ਼ਾ ਦੇ ਸ਼ਬਦ ਵੈਲਨਟੀਨਸ (Valentinus) ਤੋਂ ਹੋਇਆ ਹੈ। ਜਿਸ ਦੇ ਅੱਖਰੀ ਅਰਥ ਤਾਕਤਵਰ ਜਾਂ ਜਿਗਰੇ ਵਾਲਾ ਹੁੰਦਾ ਹੈ। ਇਹ ਸ਼ਬਦ ਦੂਜੀ ਤੋਂ ਤੀਜੀ ਸ਼ਤਾਬਦੀ ਦਰਮਿਆਨ ਜ਼ਿਆਦਾ ਮਕਬੂਲ ਹੋਇਆ ਸੀ। ਵੈਲਨਟਾਇਨ ਦਿਹਾੜੇ ਦਾ ਇਤਿਹਾਸ ਸੰਤ ਵੈਲਨਟਾਇਨ ਨਾਲ ਜੋੜਿਆ ਜਾਂਦਾ ਹੈ। ਰੋਮਨੀ ਮਿਥਿਹਾਸ ਅਤੇ ਇਤਿਹਾਸ ਵਿੱਚ ਅਨੇਕਾਂ ਹੀ ਸੰਤ ਵੈਲਨਟਾਇਨ ਹੋਏ ਹਨ। ਕੁਝ ਰੋਮਨ ਪੋਪ (ਰੋਮਨ ਕੈਥੋਲਿਕ ਮਤ ਦਾ ਧਰਮ ਗੁਰੂ) ਅਤੇ ਬਿਸ਼ਪ (ਧਰਮ ਅਧਿਅਕਸ਼) ਵੀ ਹੋਏ ਹਨ। ਵੈਲਨਟਾਇਨ ਦਾ ਸੰਬੰਧ ਜਿਸ ਸੰਤ ਵੈਲਨਟਾਇਨ ਨਾਲ ਜੁੜਦਾ ਹੈ, ਉਹ ਰੋਮ ਦਾ ਵਸਨੀਕ ਸੀ। ਰੋਮਨ ਸ਼ਾਸਕ ਮਾਰਕੁਸਯੂਰਲੀਅਸ ਕਲਾਊਡਸ ਦੂਜਮ (Marcus Aurelius Claudius 'Gothicus' (10 May 214 – January 270), also known as Claudius II, was Roman emperor from 268 to 270. During his reign he fought successfully against the Alemanni and decisively defeated the Goths at the Battle of Naissus.) ਦੇ ਰਾਜ ਸਮੇਂ ਸ਼ਾਹੀ ਸੈਨਿਕਾਂ ਨੂੰ ਵਿਆਹ ਕਰਵਾਉਣ ਦੀ ਆਗਿਆ ਨਹੀਂ ਸੀ, ਕਿਉਂਕਿ ਰਾਜੇ ਦਾ ਮੰਨਣਾ ਸੀ ਕਿ ਘਰ-ਗ੍ਰਹਿਸਥੀ ਦੇ ਬੰਧਨਾਂ ਤੋਂ ਮੁਕਤ ਵਿਅਕਤੀ ਹੀ ਵਧੀਆ ਸੈਨਿਕ ਸੇਵਾਵਾਂ ਦੇ ਸਕਦੇ ਹਨ ਤੇ ਫੌਜ ਨੂੰ ਪੂਰਨ ਰੂਪ ਵਿੱਚ ਸਮਰਪਿਤ ਹੋ ਸਕਦੇ ਹਨ। ਸੰਤ ਵੈਲਨਟਾਇਨ ਨੇ ਇਸ ਨੂੰ ਕੁਦਰਤ ਦੇ ਨਿਯਮਾਂ ਦੇ ਉੱਲਟ ਘੋਸ਼ਿਤ ਕਰਦਿਆਂ ਅਨੇਕਾਂ ਸੈਨਿਕਾਂ ਦੇ ਗੁਪਤ ਵਿਆਹ ਕਰਵਾਏ ਸਨ। ਹੁਕਮਰਾਨ ਨੂੰ ਇਸ ਗੱਲ ਦਾ ਪਤਾ ਲੱਗਣ ’ਤੇ ਸੰਤ ਵੈਲਨਟਾਇਨ ਨੂੰ ਕੁਝ ਦੇਰ ਕੈਦ ਵਿੱਚ ਰੱਖਣ ਉਪਰੰਤ 269 ਈਸਵੀ ਵਿੱਚ ਸਜ਼ਾ-ਏ-ਮੌਤ ਦੇ ਦਿੱਤੀ ਗਈ ਸੀ।
ਇੱਕ ਹੋਰ ਪ੍ਰਚਲਤ ਰੋਮਨੀ ਕਥਾਵਾਂ ਅਨੁਸਾਰ ਸੰਤ ਵੈਲਨਟਾਇਨ ਇੱਕ ਧਰਮ ਗੁਰੂ ਹੋਣ ਦੇ ਨਾਲ ਨਾਲ ਵਧੀਆ ਉਪਚਾਰਕ ਵੀ ਸੀ। ਉਹ ਕੈਦਖਾਨਿਆਂ ਵਿੱਚ ਬਿਮਾਰ ਕੈਦੀਆਂ ਦਾ ਉਪਚਾਰ ਕਰਨ ਜਾਂਦਾ ਹੁੰਦਾ ਸੀ ਤੇ ਉਸਨੇ ਕੁਝ ਕੈਦੀਆਂ ਨੂੰ ਕੈਦ ਵਿੱਚੋਂ ਭਜਾਇਆ ਸੀ, ਜਿਸ ਕਰਕੇ ਉਸਨੂੰ ਜ਼ੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ।
ਸੰਤ ਵੈਲਨਟਾਇਨ ਨੇ ਜ਼ੇਲ੍ਹਰ ਦੀ ਅੰਨੀ ਬੇਟੀ ਦੀਆਂ ਅੱਖਾਂ ਦਾ ਇਲਾਜ ਕਰਕੇ ਉਸਨੂੰ ਮੁੜ ਰੋਸ਼ਨੀ ਪ੍ਰਦਾਨ ਕੀਤੀ ਸੀ। ਉਹ ਲੜਕੀ ਸੰਤ ਵੈਲਨਟਾਇਨ ਨੂੰ ਮੁਹੱਬਤ ਕਰਨ ਲੱਗ ਪਈ ਸੀ ਤੇ ਜ਼ੇਲ੍ਹ ਵਿੱਚ ਅਕਸਰ ਉਸਨੂੰ ਮਿਲਣ ਜਾਇਆ ਕਰਦੀ ਸੀ। ਸੰਤ ਵੈਲਨਟਾਇਨ ਨੇ ਆਪਣੀ ਪ੍ਰੇਮਿਕਾ ਨੂੰ ਅਨੇਕਾਂ ਪ੍ਰੇਮ-ਪੱਤਰ ਲਿੱਖੇ ਸਨ। ਫਾਂਸੀ ਲੱਗਣ ਵਾਲੇ ਦਿਨ ਸੰਤ ਵੈਲਨਟਾਇਨ ਨੇ ਆਪਣੀ ਪ੍ਰੇਮਿਕਾ ਨੂੰ ਲਿੱਖੇ ਖਤ ਵਿੱਚ ਕੇਵਲ ਇਹ ਹੀ ਲਿੱਖਿਆ ਸੀ, “ਵੱਲੋਂ ਤੇਰਾ ਵੈਲਨਟਾਇਨ”। ਸੰਤ ਵੈਲਨਟਾਇਨ ਦੀ ਮਿ੍ਰਤਕ ਦੇਹ ਨੂੰ ਕੈਟਾਕੌਂਭ, ਰੋਮ ਵਿਖੇ ਦਫਨਾ ਦਿੱਤਾ ਗਿਆ ਸੀ। ਸੰਤ ਵੈਲਨਟਾਇਨ ਦੀ ਖੋਪੜੀ ਸੈਂਟਾ ਮਾਰੀਆ ਬੈਸਲਿਕਾ ਗਿਰਜ਼ਾਘਰ, ਰੋਮ ਵਿਖੇ ਅੱਜ ਵੀ ਸਸ਼ੋਭਿਤ ਹੈ ਤੇ ਬਾਕੀ ਹਿੱਸੇ ਕਬਰ ਵਿੱਚੋਂ ਅਠਾਵੀਂ ਸਦੀ ਵਿੱਚ ਕੱਢ ਕੇ ਇੰਗਲੈਂਡ, ਸਕਾਟਲੈਂਡ, ਆਇਰਲੈਂਡ, ਫਰਾਂਸ ਅਤੇ ਚੱੈਖ ਰਿਪਬਲਿਕ ਵਿਖੇ ਦਫਨ ਕਰ ਦਿੱਤੇ ਗਏ ਸਨ।
ਵੈਲਨਟਾਇਨ ਦੇ ਦਿਹਾੜੇ ਨੂੰ ਰੋਮਨਾਂ ਦੇ ਸਮੇਂ ਤੋਂ ਚੱਲਦੇ ਲੂਪਰਕੇਲੀਆ ਭੋਜ ਉਤਸਵ ਨਾਲ ਵੀ ਜੋੜਿਆ ਜਾਂਦਾ ਹੈ। ਲੂਪਰਕੇਲੀਆ ਰੋਮਨਾਂ ਦੇ ਖੇਤੀਬਾੜੀ ਦੇ ਦੇਵਤਾ ਫਾਨੁੱਸ ਨੂੰ ਖੁਸ਼ ਕਰਨ ਲਈ ਮਨਾਇਆ ਜਾਂਦਾ ਸੀ। ਪੁਰਾਤਨ ਰੋਮਨੀ ਕਿਸਾਨ ਆਪਣੀ ਫਸਲਬਾੜੀ ਦੀ ਆਮਦਨ ਨਾਲ ਇੱਕ ਸਮੂਹਿਕ ਭੋਜ ਉਤਸਵ ਕਰਦੇ ਸਨ, ਜਿਵੇਂ ਸਾਡੇ ਪੰਜਾਬ ਵਿੱਚ ਕਦੇ ਵਿਸਾਖੀ ਮਨਾਈ ਜਾਂਦੀ ਸੀ। ਇਸੇ ਭੋਜ ਉਤਸਵ ਵਿੱਚ ਉਹ ਆਪਣੇ ਲੜਕੇ ਅਤੇ ਲੜਕਿਆਂ ਦੇ ਰਿਸ਼ਤੇ ਵਰ ਅਤੇ ਵਧੂ ਚੁਣ ਕੇ ਤੈਅ ਕਰਿਆ ਕਰਦੇ ਸਨ।
496 ਈਸਵੀ ਵਿੱਚ ਰੋਮਨ ਧਰਮ ਗੁਰੂ ਗੈਲਾਸੀਅਸ ਪ੍ਰਥਮ ਨੇ ਵੈਲਨਟਾਇਨ ਨੂੰ ਮਹਿਜ਼ ਸਮੂਹਿਕ ਭੋਜ ਵਜੋਂ ਮਨਾਏ ਜਾਣ ਦਾ ਆਦੇਸ਼ ਦਿੱਤਾ ਸੀ ਤੇ ਹੁਕਮ ਕੀਤਾ ਸੀ ਕਿ ਇਹ ਦਿਵਸ ਪ੍ਰੇਮੀ ਦਿਵਸ ਵਜੋਂ ਨਾ ਮਨਾਇਆ ਜਾਵੇ।
ਵੈਲਨਟਾਇਨ ਦਿਹਾੜੇ ਨੂੰ ਪ੍ਰੇਮੀ ਦਿਵਸ ਵਜੋਂ ਮਨਾਉਣ ਦੀ ਪ੍ਰਥਾ 1375 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਜ਼ੈਫਰੀ ਚੌਸਰ ਦੀ ਕਵਿਤਾ (Parliament of Foules, “For this was sent on Seynt Valentyne’s day / Whan every foul cometh ther to choose his mate.”) ਤੋਂ ਬਾਅਦ ਹੋਈ ਇਸ ਕਵਿਤਾ ਵਿੱਚ ਉਸਨੇ ਵਰਣਨ ਕੀਤਾ ਸੀ ਕਿ ਇਸ ਦਿਨ ਪੰਛੀ ਆਪਣੇ ਸਾਥੀ ਚੁਣਦੇ ਹਨ।
1800 ਈਸਵੀ ਇਸ ਸ਼ੁਭ ਦਿਨ ਕਾਰਡ ਦੇਣ ਦਾ ਪ੍ਰਚਲਨ ਆਰੰਭ ਹੋ ਗਿਆ ਸੀ ਤੇ 1913 ਵਿੱਚ ਕਾਰਡ ਛਾਪਕ ਹਾਲਮਾਰਕ ਨੇ ਇਸ ਨੂੰ ਚਰਮਸੀਮਾ ਤੱਕ ਲਿਜਾ ਕੇ ਰੀਤ ਬਣਾ ਦਿੱਤਾ ਸੀ। ਵੈਲਨਟਾਇਨ ਕਾਰਡਾਂ ਉੱਪਰ ਇੱਕ ਨਿਆਣੇ ਦੇ ਹੱਥ ਵਿੱਚ ਤੀਰ ਅਤੇ ਉਸਦੀ ਪਿੱਠਭੂਮੀ ’ਤੇ ਦਿਲ ਬਣਿਆ ਤੁਸੀਂ ਅਕਸਰ ਦੇਖਦੇ ਹੋ। ਉਹ ਨਿਆਣਾ ਰੋਮਨ ਪ੍ਰੇਮ ਦੀ ਦੇਵੀ ਵਿਨੀਸ ਅਤੇ ਜੰਗ ਦੇ ਦੇਵਤਾ ਮਾਰਜ਼ ਦਾ ਪੁੱਤਰ ਕਿਊਪਿੱਡ ਹੈ। ਉਸਦੇ ਹੱਥ ਫੜਿਆ ਤੀਰ ਪਿਆਰ ਦਾ ਨਿਸ਼ਾਨ ਅਤੇ ਜਿਸਨੂੰ ਅਸੀਂ ਦਿਲ ਕਹਿੰਦੇ ਹਾਂ, ਦਰਅਸਲ ਉਹ ਉਸਦੀ ਢਾਲ ਹੈ। ਯੂਨਾਨੀ ਮਿਥਿਹਾਸ ਕਿਊਪਿੱਡ ਨੂੰ ਯੂਨਾਨੀ ਪਿਆਰ ਦੇ ਦੇਵਤੇ ਇਰੋਸ ਦਾ ਪੁੱਤਰ ਦੱਸਦੀ ਹੈ।
ਰੋਮਨ ਪਿਆਰ ਦੀ ਦੇਵੀ ਵਿਨੀਸ ਨੂੰ ਗੁਲਾਬ ਪਸੰਦ ਹੋਣ ਕਰਕੇ ਸਵੀਡਨ ਦੇ ਰਾਜਾ ਚਾਰਲਸ ਦੂਜ਼ਮ ਨੇ ਇਸ ਦਿਨ ਫੁੱਲਾਂ ਨੂੰ ਪਿਆਰ ਦੀ ਭਾਸ਼ਾ ਆਖ ਕੇ ਗੁਲਾਬ ਦੇ ਫੱਲਾਂ ਦੇ ਅਦਾਨ-ਪ੍ਰਦਾਨ ਦੀ ਪ੍ਰਥਾ ਤੋਰੀ ਸੀ। ਅਜੋਕੇ ਦੌਰ ਵਿੱਚ ਇਸ ਪਵਿੱਤਰ ਦਿਹਾੜੇ ਦੀ ਆੜ ਵਿੱਚ ਮਨਚਲੇ ਆਸ਼ਿਕਾਂ ਵੱਲੋਂ ਕੁੜੀਆਂ ਨੂੰ ਛੇੜਨ ਦਾ ਪ੍ਰਚਲਨ ਵੀ ਹੁੰਦਾ ਹੈ। ਯਾਦ ਰਹੇ ਇਹ ਵਲੀਆਂ ਦਾ ਦਿਨ ਹੈ, ਵੈਲੀਆਂ ਦਾ ਨਹੀਂ!
ਵੈਲਨਟਾਇਨ ਦਿਵਸ ਮਨੁੱਖਤਾ ਲਈ ਸ਼ਹੀਦ ਹੋਣ ਵਾਲੇ ਸੰਤ ਵੈਲਨਟਾਇਨ ਦੀ ਸ਼ਹਾਦਤ ਨੂੰ ਯਾਦ ਰੱਖਣ ਦਾ ਦਿਹਾੜਾ ਹੈ।

ਸੁੱਖਾਂ ਪੂਰੀਆਂ ਕਰਨ ਵਾਲਾ ਸੂਰ ਦੇਵਤਾ


-ਬਲਰਾਜ ਸਿੰਘ ਸਿੱਧੂ

ਜਦੋਂ ਇਨਸਾਨ ਕਿਸੇ ਚੀਜ਼ ਨੂੰ ਸ਼ਿੱਦਤ ਨਾਲ ਚਾਹੁੰਦਾ ਹੁੰਦਾ ਹੈ ਤਾਂ ਉਸਨੂੰ ਉਸ ਸ਼ੈਅ ਦੀ ਪ੍ਰਾਪਤੀ ਲਈ ਅੱਚਵੀ ਲੱਗ ਜਾਂਦੀ ਹੈ। ਇਹੀ ਅੱਚਵੀ ਉਸਨੂੰ ਅੰਨੀ ਸ਼ਰਧਾ ਵੱਲ ਲੈ ਤੁਰਦੀ ਹੈ। ਇਨਸਾਨ ਦੈਵੀ ਸ਼ਕਤੀਆਂ ਦੁਅਰਾ ਉਸਨੂੰ ਜਲਦ ਹਾਸਿਲ ਕਰਨ ਲਈ ਮੰਨਤਾਂ ਮੰਗਣ ਲੱਗ ਜਾਂਦਾ ਹੈ। ਸਾਡੇ ਮੁਲਖਾਂ ਵਿੱਚ ਅਖੰਡ ਪਾਠ ਸੁੱਖਣ, ਰਮਾਲੇ ਚੜ੍ਹਾਉਣ, ਪੀਰਾਂ ਦੀਆਂ ਦਰਗਾਹਾਂ ਤੇ ਚਾਦਰਾਂ ਚੜ੍ਹਾਉਣ ਜਾਂ ਮਾਤਾ ਦੇ ਮੰਦਰਾਂ ਵਿੱਚ ਸੋਨੇ ਦੇ ਛਤਰ ਤੱਕ ਚੜ੍ਹਾਉਣ ਦੀਆਂ ਰੀਤਾਂ ਹਨ। ਇਸੇ ਪ੍ਰਕਾਰ ਪੱਛਮੀ ਮੁਲਖਾਂ ਵਿੱਚ ਵੀ ਬਹੁਤ ਸਾਰੇ ਖੂਹਾਂ, ਬੁੱਤਾਂ ਅਤੇ ਫੁਹਰਿਆਂ ਵਿੱਚ ਪੈਸੇ ਸਿੱਟ ਕੇ ਆਸਥਾ ਰੱਖਣ ਵਾਲੇ ਸੁੱਖਾਂ ਸੁੱਖਦੇ ਹਨ। ਅਜਿਹੀ ਹੀ ਮੰਨਤਾਂ ਮੰਗਣ ਵਾਲੀ ਇੱਕ ਜਗ੍ਹਾ ਫਲੌਰੈਂਸ, ਇਟਲੀ ਵਿੱਚ ਹੈ। ਉੱਥੇ ਕੋਈ ਦੇਵੀ ਦੇਵਤਾ ਦਾ ਬੁੱਤ ਨਹੀਂ ਬਲਕਿ ਇੱਕ ਤਾਂਬੇ ਦਾ ਬਣਿਆ ਸੂਰ ਦੇ ਬੁੱਤ ਵਾਲਾ ਫੁਹਾਰਾ ਹੈ। ਜਿਸਨੂੰ ਫਲੌਰੈਂਸ, ਇਟਲੀ ਵਾਸੀਆਂ ਦੀ ਸਥਾਨਕ ਭਾਸ਼ਾ ਵਿੱਚ ਪੋਰਕਲੀਨੋ ਕਿਹਾ ਜਾਂਦਾ ਹੈ। ਪੋਰਕਲੀਨੋ ਦਾ ਅਰਥ ਸੂਰ ਹੁੰਦਾ ਹੈ। ਫਲੌਰੈਂਸ ਸ਼ਹਿਰ ਦੇ ਐਨ ਵਿਚਕਾਰ ਬਣਿਆ ਇੱਕ ਸੂਰ ਦਾ ਬੁੱਤਨੁਮਾ ਫੁਹਾਰਾ ਆਪਣੇ ਆਪ ਵਿੱਚ ਵਿਲੱਖਣ ਤੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ। ਲੋਕ ਇਸ ਸੂਰ ਦੇ ਮੂੰਹ ਵਿੱਚ ਛੋਟੇ ਛੋਟੇ ਸਿੱਕੇ ਰੱਖਦੇ ਹਨ। ਮੰਨਣਾ ਹੈ ਕਿ ਅਗਰ ਸਿੱਕਾ ਸੂਰ ਦੇ ਮੂੰਹ ਅੰਦਰ ਚਲਾ ਜਾਵੇ ਤਾਂ ਤੁਹਾਡੀ ਕਾਮਨਾ ਪੂਰੀ ਹੋ ਜਾਵੇਗੀ। ਜ਼ਿਆਦਾਤਰ ਸਿੱਕੇ ਸੂਰ ਦੇ ਮੂੰਹ ਹੇਠ ਬਣੀ ਡਰੇਨ ਰੂਪੀ ਗੋਲਕ ਵਿੱਚ ਡਿੱਗ ਪੈਂਦੇ ਹਨ। ਸਿੱਕਾ ਸੂਰ ਨੂੰ ਭੇਂਟ ਕਰਨ ਬਾਅਦ ਉਸਨੂੰ ਪਲੋਸਣ ਦੀ ਰਸਮ ਕੀਤੀ ਜਾਂਦੀ ਹੈ, ਜਿਸ ਬਾਰੇ ਧਾਰਨਾ ਹੈ ਕਿ ਤੁਹਾਡਾ ਦੁਬਾਰਾ ਇਸ ਸਥਾਨ 'ਤੇ ਆਉਣ ਦਾ ਜਲਦ ਸਬੱਬ ਬਣੇਗਾ।
ਫਲੌਰੈਂਸ ਘੁੰਮਦਿਆਂ ਇਸੇ ਅਜੂਬੇ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਦੇਖਿਆ ਕਿ ਉੱਥੇ ਸੂਰ ਦੇ ਮੂੰਹ ਵਿੱਚ ਸਿੱਕੇ ਪਾਉਣ ਵਾਲਿਆ ਦੀ ਵਾਰੀ ਵੀ ਬਹੁਤ ਮੁਸ਼ਕਿਲ ਨਾਲ ਆਉਂਦੀ ਹੈ। ਅਸਲ ਵਿੱਚ ਸੂਰ ਦਾ ਅਜਿਹਾ ਬੁੱਤ ਪੀਟਰੋ ਟੈਕਾ Pietro Tacca (1577–1640) ਵੱਲੋਂ 1634 ਵਿੱਚ ਬਣਾਇਆ ਗਿਆ ਸੀ ਤੇ ਰੋਮ ਵਿਖੇ ਸਥਾਪਿਤ ਕੀਤਾ ਗਿਆ ਸੀ। ਉਸਦੀ ਨਕਲ ਕਰਕੇ ਕੱਚ ਦਾ ਸੂਰ ਬਣਾਇਆ ਗਿਆ, ਜੋ ਅੱਜ ਵੀ ਸਥਾਨਕ ਉਗਫੀ ਅਜਾਇਬਘਰ ਵਿੱਚ ਦੇਖਿਆ ਜਾ ਸਕਦਾ ਹੈ। ਸੋਲ੍ਹਵੀਂ ਸਦੀ ਵਿੱਚ ਤਾਂਬੇ ਦਾ ਸੂਰ ਰੋਮ ਤੋਂ ਫਲੌਰੈਂਸ ਲਿਆਂਦਾ ਗਿਆ। ਜੋ ਮਾਰਕੋਟੋ ਨੋਵੋ ਅਜ਼ਾਇਬ ਘਰ ਵਿੱਚ ਸਥਾਪਿਤ ਕੀਤਾ ਗਿਆ। ਮਜੂਦਾ ਸਮੇਂ ਲੱਗਿਆ ਬੁੱਤ ਬਾਅਦ ਟੈਕਾ ਦੇ ਬੁੱਤ ਦੀ ਨਕਲ ਕਰਕੇ Ferdinando Marinelli Artistic Foundry ਵੱਲੋਂ 1998 ਵਿੱਚ ਬਣਾਇਆ ਗਿਆ ਸੀ। ਬਾਅਦ ਵਿੱਚ 2008 ਵਿੱਚ ਇਸ ਨੂੰ ਦੁਬਾਰਾ ਢਾਲ ਕੇ ਬਣਾਇਆ ਗਿਆ। ਟੈਕਾ ਦਾ ਬਣਾਇਆ ਅਸਲ ਬੁੱਤ ਹੁਣ ਪਲੈਜ਼ਾ ਮੋਇਜ਼ੀ ਦੇ ਬਰਡੀਨੀ ਮਿਉਜ਼ਿਅਮ ਵਿੱਖੇ ਦੇਖਿਆ ਜਾ ਸਕਦਾ ਹੈ।
ਇਸ ਪੋਰਕਲੀਨੋ ਦਾ ਜ਼ਿਕਰ ਹੰਸ ਕਰੀਸ਼ਟਨ ਐਂਡਰਸਨ ਦੀ ਕਿਤਾਬ ਪੋਇਟਜ਼ ਬਜ਼ਾਰ ਦੇ 'ਦਾ ਬਰੌਂਨਜ਼ ਹੌਂਗ' ਨਾਮੀ ਚੈਪਟਰ ਵਿੱਚ ਵੀ ਆਉਂਦਾ ਹੈ। 2001 ਵਿੱਚ ਬਣੀ ਇਟੈਲੀਅਨ ਫਿਲਮ ਹੈਨੀਬਾਲ ਵਿੱਚ ਇਸ ਸੂਰ ਦੇ ਮੂੰਹ ਵਿੱਚੋਂ ਵਗਦੇ ਪਾਣੀ ਨਾਲ ਨਾਇਕ ਨੂੰ ਹੱਥ ਧੋਂਹਦੇ ਦਿਖਾਇਆ ਗਿਆ ਹੈ। ਇਸ ਸੂਰ ਦੇ ਬੁੱਤ ਦੀਆਂ ਨਕਲਾਂ ਕਰਕੇ ਅਸਟਰੇਲੀਆ, ਬੈਲਜ਼ੀਅਮ, ਕੈਨੇਡਾ, ਅਮਰੀਕਾ, ਫਰਾਂਸ, ਡੈਨਮਾਰਕ, ਜਰਮਨੀ, ਇੰਗਲੈਂਡ, ਨੌਰਵੇਅ, ਸਪੇਨ, ਸਵੀਡਨ ਆਦਿਕ ਮੁਲਖਾਂ ਵਿੱਚ 28 ਬੁੱਤ ਲਗਾਏ ਜਾ ਚੁੱਕੇ ਹਨ। ਬੇਸ਼ੱਕ ਸਾਡੇ ਸਮਾਜ ਵਿੱਚ ਸੂਰ ਨੂੰ ਬੁਰਾ ਸਮਝਿਆ ਜਾਂਦਾ ਹੈ ਤੇ ਕਿਸੇ ਨੂੰ ਸੂਰ ਕਹਿ ਦੇਣਾ ਗਾਲ ਬਰਾਬਰ ਹੈ। ਲੇਕਿਨ ਪੱਛਮੀ ਲੋਕਾਂ ਨੇ ਉਸਨੂੰ ਦੇਵਤੇ ਦੀ ਉਪਾਧੀ ਦੇ ਰੱਖੀ ਹੈ। ਜ਼ਿੰਦਗੀ ਮੌਕਾ ਦੇਵੇ ਤਾਂ ਅੱਖੀ ਦੇਖ ਲੈਣਾ, ਫਲੌਰੈਂਸ ਸ਼ਹਿਰ ਦੇ ਬਜ਼ਾਰ ਵਿੱਚ ਲੱਗਿਆ ਇਹ ਪੋਰਕਲੀਨੋ।