ਬਹੁੜੀਂ ਵੇ ਤਬੀਬਾ, ਮੈਂਡੀ ਜ਼ਿੰਦ ਗਈ ਆ

ਗੁਪਤ ਅੰਗਾਂ ਦੀ ਖਾਰਸ਼:- ਦੁਨੀਆਂ ਦੀਆਂ ਸੋਲਾਂ ਤੋਂ ਸੱਠ ਸਾਲ ਦੀ ਉਮਰ ਦੀਆਂ ਪਚਾਸੀ ਪ੍ਰਤਿਸ਼ਤ ਔਰਤਾਂ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਜ਼ਰੂਰ ਯੌਨੀ ਦੀ ਖਾਜ਼ (Vaginal Thrush) ਦਾ ਸ਼ਿਕਾਰ ਹੁੰਦੀਆਂ ਹਨ। ਕੁੱਝ ਔਰਤਾਂ ਇੱਕ ਅੱਧੀ ਮਰਤਬਾ ਇਸ ਬਿਮਾਰੀ ਨਾਲ ਪੀੜਤ ਹੁੰਦੀਆਂ ਹਨ ਅਤੇ ਕਈਆਂ ਨੂੰ ਵਾਰ-ਵਾਰ ਇਹ ਰੋਗ ਜਕੜਦਾ ਰਹਿੰਦਾ ਹੈ। ਇਹ ਰੋਗ ਕੋਈ ਬਹੁਤਾ ਭਿਅੰਕਰ ਨਹੀਂ ਹੈ ਅਤੇ ਇੱਕ ਦੋ ਦਿਨਾਂ ਵਿੱਚ ਉਪਚਾਰ ਕਰਨ ਨਾਲ ਇਸ ਦਾ ਠੀਕ ਵੀ ਹੋ ਜਾਂਦਾ ਹੈ। ਪਰ ਜਿਨ੍ਹਾਂ ਮਹਿਲਾਵਾਂ ਨੂੰ ਇਹ ਪਹਿਲੀ ਦਫਾ ਹੁੰਦਾ ਹੈ, ਉਹ ਇਸ ਨੂੰ ਲੈ ਕੇ ਕਾਫੀ ਪਰੇਸ਼ਾਨ ਹੋ ਜਾਂਦੀਆਂ ਹਨ। ਕਈ ਪ੍ਰਕਾਰ ਦੇ ਸ਼ੰਕੇ ਰੋਗੀ ਦੇ ਮਨ ਵਿੱਚ ਉਪਜਣ ਲੱਗ ਜਾਂਦੇ ਹਨ। ਸਹੀ ਗਿਆਨ ਦੀ ਘਾਟ ਹੋਣ ਕਾਰਨ ਕਈ ਬੀਬੀਆਂ ਤਾਂ ਇਸ ਮਾਮੂਲੀ ਜਿਹੇ ਮਰਜ਼ ਨੂੰ ਪਤਾ ਨਹੀਂ ਕੀ ਦਾ ਕੀ ਨਾਮ ਦੇ ਲੈਂਦੀਆਂ ਹਨ। ਆਉ ਇਸ ਰੋਗ ਬਾਰੇ ਕੁੱਝ ਜਾਣੀਏ, ਜਿਸਨੂੰ ਵਿਗਿਆਨਕ ਭਾਸ਼ਾ ਵਿੱਚ ਯੌਨੀ ਦੀ ਖਾਰਸ਼ ਜਾਂ ਅੰਗਰੇਜ਼ੀ ਵਿੱਚ ਵਿਜਾਇਨਲ ਥਰੱਸ਼ ਕਿਹਾ ਜਾਂਦਾ ਹੈ ਅਤੇ ਇਸ ਦੀ ਸ਼ਨਾਖਤ ਹੇਠ ਲਿਖੇ ਲੱਛਣਾਂ ਤੋਂ ਕੀਤੀ ਜਾ ਸਕਦੀ ਹੈ:-
1  ਪਿਸ਼ਾਬ ਕਰਦਿਆਂ ਜਲਣ ਹੋਣੀ।
2  ਅੰਦਰੋਂ ਬਦਬੂਦਾਰ ਮਾਦੇ ਦਾ ਵਹਿਣਾ।
3  ਯੌਨੀ ਦੇ ਉਪਰਲੇ ਬੁੱਲ੍ਹ ’ਤੇ ਸੋਜ਼ਸ਼ ਆਉਣੀ।
4  ਯੌਨੀ ਦੇ ਕਿਸੇ ਵੀ ਭਾਗ ਵਿੱਚ ਖਾਰਸ਼ ਹੋਣਾ।
5  ਹੱਥ ਲਾਇਆਂ ਸੂਈਆਂ ਚੁੱਭਣ ਵਰਗਾ ਦਰਦ ਹੋਣਾ।
6  ਸੰਭੋਗ ਦੌਰਾਨ ਕਠਿਨਾਈ ਅਤੇ ਅਸਹਿ ਪੀੜ ਦਾ ਹੋਣਾ।
7  ਯੌਨੀ ਦੀਆਂ ਦੀਵਾਰਾਂ ਉੱਤੇ ਛੋਟੀਆਂ-ਛੋਟੀਆਂ ਪਿੱਤ ਵਰਗੀਆਂ ਫਿਣਸੀਆਂ ਜਾਂ ਛਾਲਿਆਂ ਦਾ ਪ੍ਰਗਟ ਹੋਣਾ।
ਉਪਰੋਕਤ ਵਰਣਨ ਕੀਤੇ ਗਏ ਆਸਾਰਾਂ ਵਿੱਚੋਂ ਅਗਰ ਕੋਈ ਵੀ ਤੁਹਾਨੂੰ ਨਜ਼ਰ ਆਉਂਦਾ ਹੈ ਤਾਂ ਫੌਰਨ ਆਪਣੇ ਡਾਕਟਰ ਨੂੰ ਮਿਲੋ। ਇਲਾਜ਼ ਕਰਨ ਵਿੱਚ ਜ਼ਰਾ ਵੀ ਘੌਲ ਨਹੀਂ ਕਰਨੀ ਚਾਹੀਦੀ। ਵਰਨਾ ਇਹ ਰੋਗ ਵਿਕਰਾਲ ਰੂਪ ਧਾਰਨ ਕਰ ਸਕਦਾ ਹੈ ਅਤੇ ਦੇਰੀ ਕਰਨ ਨਾਲ ਮਰੀਜ਼ ਨੂੰ ਕਸ਼ਟ ਤਾਂ ਸਹਿਣਾ ਹੀ ਪੈਂਦਾ ਹੈ। ਸਗੋਂ ਫਿਰ ਸਿਹਤਯਾਬ ਹੋਣ ਨੂੰ ਵੀ ਵਕਤ ਲੱਗਦਾ ਹੈ।
ਇਸ ਬਿਮਾਰੀ ਦਾ ਪਤਾ ਲਾਉਣ ਲਈ ਯੌਨੀ ਦੇ ਅੰਦਰੂਨੀ ਭਾਗ ਦੀ ਜਾਂਚ ਅਵੱਸ਼ਕ ਹੈ। ਇਹ ਲਾਗ ਦੀ ਬਿਮਾਰੀ ਹੈ ਅਤੇ ਇਸ ਨਾਲ ਪੀੜਤ ਔਰਤ ਸੰਗ ਸੈਕਸ ਕਰਦਿਆਂ ਮਰਦ ਨੂੰ ਵੀ ਹੋ ਸਕਦੀ ਹੈ। ਇਸ ਸੂਰਤ ਵਿੱਚ ਦੋਨਾਂ ਦਾ ਇਲਾਜ਼ ਜ਼ਰੂਰੀ ਹੈ। ਇਸ ਰੋਗ ਦੇ ਹੋਣ ਦਾ ਮੁੱਖ ਕਾਰਨ ਇੱਕ ਪ੍ਰਕਾਰ ਦਾ ਖਮੀਰ ਹੈ, ਜਿਸਨੂੰ ਕੈਨਡੀਡਾ ਪੁਕਾਰਿਆ ਜਾਂਦਾ ਹੈ। ਕੈਨਡੀਡਾ (ਜੋ ਕਿ ਭਗਨਾਸਾ ਅੰਦਰ ਜੰਮਦਾ ਹੈ) ਦੇ ਬਣਨ ਦੀ ਮਾਤਰਾ ਦਾ ਸੰਚਾਲਨ ਮਨੁੱਖੀ ਸ਼ਰੀਰ ਦੇ ਕੁਦਰਤੀ ਤੇਜ਼ਾਬੀ ਤੱਤ ਕਰਦੇ ਹਨ। ਅਲਬੱਤਾ ਕਦੇ ਕਦਾਈਂ ਉਹਨਾਂ ਤੱਤਾਂ ਦੀ ਪ੍ਰਣਾਲੀ ਵਿੱਚ ਗੜਬੜ ਹੋ ਜਾਂਦੀ ਹੈ ਤੇ ਕੈਨਡੀਡਾ ਦੀ ਮਿਕਦਾਰ ਜ਼ਿਆਦਾ ਵੱਧ ਜਾਂਦੀ ਹੈ, ਜੋ ਖਾਰਸ਼ ਦਾ ਸਬੱਬ ਬਣ ਜਾਂਦੀ ਹੈ। ਅਜਿਹਾ ਇਹਨਾਂ ਨਿਮਤ ਲਿਖਤ ਕਾਰਨਾਂ ਕਰਕੇ ਹੁੰਦਾ ਹੈ:-
1   ਮੋਨੋਪਾਜ਼।
2  ਸ਼ੱਕਰਰੋਗ।
3  ਗਰਭਕਾਲ ਦੌਰਾਨ।
4  ਮਾਸਕ-ਧਰਮ ਦੇ ਵਕਤ।
5   ਹਾਰਮੋਨਜ਼ ਵਿੱਚ ਬਦਲਾਅ।
6  ਰੋਗਨਾਸ਼ਕ ਦਵਾਈ ਦੇ ਸੇਵਨ ਨਾਲ।
7  ਗਰਭਰੋਕੂ ਗੋਲੀਆਂ  ਦੀ ਵਰਤੋਂ ਸਦਕਾ।
8  ਤੰਗ ਸਿਨਥੈਟਿਕ ਕੱਪੜੇ ਪਹਿਨਣ ਨਾਲ।
9  ਗੁਪਤ ਅੰਗਾਂ ਦੀ ਲੋੜੀਂਦੀ ਸਫਾਈ ਨਾ ਰੱਖਣਾ।
10  ਖੁਸ਼ਬੂਦਾਰ ਸਾਬਣ, ਬਾਥ ਕਰੀਮ ਜਾਂ ਤੇਲ ਆਦਿ ਨਾਲ ਇਸ਼ਨਾਨ ਕਰਨ ਨਾਲ।
ਇਲਾਜ਼:-  ਇਸ ਰੋਗ ਨੂੰ ਦੂਰ ਕਰਨ ਲਈ ਕਈ ਪ੍ਰਕਾਰ ਦੀਆਂ ਦਵਾਈਆਂ ਹਨ। ਸਭ ਤੋਂ ਸੌਖਾ ਤਾਂ ਮੂੰਹ ਰਾਹੀਂ ਲੈਣ ਵਾਲਾ ਕੈਪਸੂਲ ਹੈ। ਕਰੀਮ ਵੀ ਹੈ ਜੋ ਰੋਗਗ੍ਰਸਤ ਭਾਗ ਉੱਤੇ ਮਲੀ ਜਾ ਸਕਦੀ ਹੈ ਅਤੇ ਇਨਜੈਕਟਰ ਦੀ ਮਦਦ ਨਾਲ ਅੰਦਰ ਤੱਕ ਪਹੁੰਚਾਈ ਜਾ ਸਕਦੀ ਹੈ। ਸਭ ਤੋਂ ਅਸਰਦਾਰ ਪੇਸਾਰੀ ਹੈ। ਪੇਸਾਰੀ ਇੱਕ ਗੋਲੀ ਦੀ ਤਰ੍ਹਾਂ ਹੁੰਦੀ ਹੈ ਜੋ ਐਪਲੀਕੇਟਰ ਦੇ ਸਹਾਰੇ ਯੌਨੀ ਦੇ ਅੰਦਰ ਜਿੰਨੀ ਦੂਰ ਤੱਕ ਹੋ ਸਕੇ ਰੱਖਣੀ ਚਾਹੀਦੀ ਹੈ ਅਤੇ ਹੌਲੀ-ਹੌਲੀ ਪੇਸਾਰੀ ਆਪੇ ਖੂਰ ਜਾਂਦੀ ਹੈ। ਇਸ ਨਾਲ ਛੇ ਘੰਟਿਆਂ ਵਿੱਚ ਹੀ ਬਿਮਾਰੀ ਨੂੰ ਹੈਰਾਨੀਜ਼ਨਕ ਮੋੜ ਪੈ ਜਾਂਦਾ ਹੈ ਅਤੇ ਰੋਗੀ ਰਾਹਤ ਮਹਿਸੂਸ ਕਰਦਾ ਹੈ।
ਅਗਰ ਤੁਹਾਨੂੰ ਪਰੀਸਕਿਪਸ਼ਨ ਦਾ ਖਰਚ ਦੇਣਾ ਪੈਂਦਾ ਹੈ ਤਾਂ ਤੁਹਾਡੇ ਲਈ ਬਿਹਤਰ ਇਹ ਹੀ ਰਹੇਗਾ ਕਿ ਤੁਸੀਂ ਡਾਕਟਰ ਤੋਂ ਨਰੀਖਣ ਕਰਵਾ ਕੇ ਤਸੱਲੀ ਕਰਵਾ ਲਵੋ ਕਿ ਤੁਹਾਨੂੰ ਵਿਜਾਇਨਲ ਥਰੱਸ਼ ਹੀ ਹੈ ਅਤੇ ਫਿਰ ਕੈਮਿਸਟ ਤੋਂ ਕੋਈ ਵੀ ਬਿਨਾ ਪੱਰਚੀ ਵਾਲੀ ਦਵਾਈ ਲੈ ਲਵੋ। ਇਸ ਰੋਗ ਦੀਆਂ ਅਨੇਕਾਂ ਹੀ OTC (over the counter) ਦਵਾਈਆਂ ਦਸਤਯਾਬ ਹਨ। ਜੋ ਕਿ ਪੱਰਚੀ ਦੇ ਖਰਚ ਨਾਲੋਂ ਸਸਤੀਆਂ ਹਨ। ਇੱਥੇ ਮੈਂ ਕਿਸੇ ਦਵਾਈ ਦਾ ਪਰਚਾਰ ਨਹੀਂ ਕਰਨਾ ਚਾਹੁੰਦਾ ਅਤੇ ਕੁੱਝ ਕਾਨੂੰਨੀ ਬੰਦਸ਼ਾਂ ਕਾਰਨ ਕਿਸੇ ਵੀ ਦਵਾਈ ਦਾ ਨਾਮ ਨਹੀਂ ਲਿਖ ਸਕਦਾ। ਪਰ ਤੁਹਾਡਾ ਫਾਰਮਸਿਸਟ ਤੁਹਾਨੂੰ ਇਸ ਰੋਗ ਦੀਆਂ ਸਭ ਉਪਲਬਧ ਦਵਾਈ ਦੀ ਸੂਚੀ ਦੇ ਦੇਵੇਗਾ। ਇਸ ਵਕਤ ਘੱਟੋ-ਘੱਟ ਬੀਹ ਦਵਾਈਆਂ ਮਾਰਕੀਟ ਵਿੱਚ ਹਨ। ਜੋ ਤੁਹਾਨੂੰ ਠੀਕ ਲੱਗੇ ਵਰਤ ਸਕਦੇ ਹੋ। ਜੇਕਰ ਗਰਭਵਤੀ ਜਾਂ ਬੱਚੇ ਨੂੰ ਆਪਣਾ ਦੁੱਧ ਚੁੰਘਾ ਰਹੇ ਹੋ ਤਾਂ ਆਪਣੀ ਇਸ ਹਾਲਾਤ ਬਾਰੇ ਡਾਕਟਰ/ ਫਾਰਮਸਿਸਟ ਨੂੰ ਦੱਸਣਾ ਨਾ ਭੁੱਲੋਂ ਤਾਂ ਕਿ ਤੁਹਾਨੂੰ ਯੋਗ ਦਵਾਈ ਦਿੱਤੀ ਜਾ ਸਕੇ। ਇਸ ਬਿਮਾਰੀ ਵਿੱਚ ਮਿਰਚ-ਮਸਾਲਿਆਂ ਵਾਲਾ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦੀ ਹੈ ਤੇ ਦੁੱਧ-ਦਹੀਂ ਆਦਿ ਦਾ ਰੱਜ ਕੇ ਸੇਵਨ ਕਰਨਾ ਫਾਇਦੇਮੰਦ ਸਾਬਤ ਹੁੰਦਾ ਹੈ।

****

No comments:

Post a Comment