ਪੰਜਾਬੀ ਦੇ ਚਮਤਕਾਰੀ ਲੇਖਕ - 2

ਜਿਵੇਂ ਮੰਟੋ ਨੂੰ ਜੁੱਤੀਆਂ ਨਾਲ ਇਸ਼ਕ ਸੀ ਤੇ ਉਹ ਹਰ ਆਪਣੀ ਰਚਨਾਵਾਂ ਵਿਚ ਇਸਦਾ ਜ਼ਿਕਰ ਕਰਦਾ ਸੀ। ਜਸਵੰਤ ਸਿੰਘ ਕੰਵਲ ਪਾਤਰਾਂ ਨੂੰ ਚਾਹ ਪਿਆ ਪਿਆ ਮਾਰ ਦਿੰਦਾ ਹੈ।ਗਾਰਗੀ ਤੋਂ ਆਪਣਾ ਸ਼ੂਕਦਾ ਵੇਗ ਨਹੀਂ ਸਾਂਭਿਆ ਜਾਂਦਾ ਸੀ ਤੇ ਸੁਰਜੀਤ ਪਾਤਰ ਦਾ ਖਹਿੜਾ ਰੁੱਖ ਨਹੀਂ ਛਡਦੇ। ਉਵੇਂ ਦੀਦਾਰ ਨੂੰ ਆਪਣੇ ਭਰਾ ਨਾਲ ਲਗਾਅ ਸੀ। ਉਹਦੇ ਗੀਤਾਂ ਵਿਚ ਉਸਦਾ ਵਾਰ ਵਾਰ ਵਰਣਨ ਆਉਂਦਾ ਹੈ।'ਸੁੱਕਾ ਕੰਨੀ ਦੇ ਕਿਆਰੇ ਵਾਂਗੂੰ ਜੇਠ ਰਹਿ ਗਿਆ।', 'ਕੁੰਦਨ ਕਪੂਰੇ ਦਾ ਕੰਧ ਤੋਂ ਦੀ ਮਾਰੇ ਝਾਤੀਆਂ' ਅਤੇ 'ਕੁੰਦਨ ਵਰਗੇ ਆਖਣਗੇ, ਦੇਖੋ ਇਹ ਸੰਧੂ ਕੀ ਕਰਦੈ' ਆਦਿ।ਜੇਠ ਉਸਦੇ ਗੀਤਾਂ ਵਿਚ ਧੱਕੇ ਨਾਲ ਹੀ ਆ ਵੜ੍ਹਦਾ ਸੀ ਤੇ ਇਸ ਕਮਜ਼ੋਰੀ ਨੇ ਉਸ ਤੋਂ ਇਕ ਗੀਤ ਵਿਚ ਬਜ਼ਰ ਗਲਤੀ ਵੀ ਕਰਵਾਈ, ਜੋ ਕਿਸੇ ਨਾ ਫੜ੍ਹੀ।ਉਸ ਦੇ ਗੀਤ ਵਿਚ ਅੰਤਰਾ ਆਉਂਦਾ ਹੈ, "ਨੀ ਮੈਂ ਪੁੱਤ ਬੁੜ੍ਹੀ ਦਾ ਕੱਲਾ, ਵਹੁਟੀ ਜਿਉਂ ਚਾਂਦੀ ਦਾ ਛੱਲਾ, ਤੂੰ ਨਾ ਸਰਕਾਵੀਂ ਪੱਲਾ, ਨੀ ਕੋਈ ਹਾਉਕਾ ਭਰਜੂਗਾ, ਦਰਸ਼ਨ ਕਰਕੇ ਤੇਰੇ ਨੀ ਸਿਰ ਚੜ੍ਹ ਕੇ ਮਰ 'ਜੂਗਾ" ਅੱਗੇ ਜਾ ਕੇ ਦੀਦਾਰ ਅਗਲੇ ਅੰਤਰੇ ਵਿਚ ਲਿਖਦਾ ਹੈ, "ਛਿਪ ਗਿਆ ਚੰਦ ਟਹਿਕਦੇ ਤਾਰੇ, ਘਰ ਵਿਚ ਚੁੱਪ ਵਰਤ ਗਈ ਸਾਰੇ, ਤੇਰਾ ਜੇਠ ਖੰਘੂਰੇ ਮਾਰੇ, ਉਹਦਾ ਵੀ ਸਿਰ ਸੜ੍ਹਜੂਗਾ।' ਹੁਣ ਜੇ ਬੁੜ੍ਹੀ ਦਾ ਪੁੱਤ ਇਕੱਲਾ ਹੈ ਤਾਂ ਅਗਲੇ ਅੰਤਰੇ ਵਿਚ ਜੇਠ ਕਿਥੋਂ ਪੈਦਾ ਹੋ ਗਿਆ?

ਅਮਰੀਕਾ ਬੈਠੇ ਪੰਜਾਬੀ ਲੇਖਕ ਵਿਦਵਾਨ ਡਾ: ਗੁਰਮੇਲ ਸਿੱਧੂ ਦੇ ਮਨ ਵਿਚ ਵਿਚਾਰ ਆਉਂਦਾ ਹੈ ਕਿ ਪੰਜਾਬੀਆਂ ਦੇ ਪ੍ਰਸਿਧ ਲੋਕ
ਗਾਇਨ 'ਜੁਗਨੀ' ਬਾਰੇ ਪੰਜਾਬੀ ਪਾਠਕਾਂ ਨੂੰ ਇਕ ਖੋਜ ਭਰਪੂਰ ਲੇਖ ਲਿਖ ਕੇ ਦਿੱਤਾ ਜਾਵੇ। ਉਹ ਕੰਪਿਊਟਰ ਉੱਤੇ ਬੈਠ ਕੇ ਗੂਗਲ ਸਰਚ ਇੰਜਨ ਵਿਚ 'ਜੁਗਨੀ' ਟਾਇਪ ਕਰਦੇ ਹਨ। ਠਾਹ ਦੇਣੇ ਵਿਕੀਪੀਡੀਆ ਉੱਤੇ 'ਜੁਗਨੀ' ਬਾਰੇ ਲੇਖ ਆ ਜਾਂਦਾ ਹੈ। ਡਾ: ਸਹਿਬ ਨੂੰ ਸਾਇਸ ਦੇ ਯੁੱਗ ਵਿਚ ਇਸ ਪ੍ਰਕਾਰ ਇਲਹਾਮ ਹੁੰਦਾ ਹੈ।ਜਿਵੇਂ ਅੰਨ੍ਹੇ ਦੇ ਪੈਰ ਹੇਠ ਬਟੇਰਾ ਆਏ 'ਤੇ ਉਹ ਖੁਦ ਨੂੰ ਸ਼ਿਕਾਰੀ ਸਮਝਣ ਲੱਗ ਜਾਂਦਾ ਹੈ, ਕੁਝ ਇਹੋ ਜਿਹੀ ਅਵਸਥਾ ਡਾ: ਸਾਹਿਬ ਦੀ ਵੀ ਹੁੰਦੀ ਹੈ। ਇਸ ਤੋਂ ਪਹਿਲਾਂ ਕਿ ਕੋਈ ਹੋਰ ਚੋਰੀ ਕਰੇ, ਸਾਰਾ ਪੁੰਨ ਡਾ: ਸਾਹਿਬ ਖੱਟ ਲੈਣਾ ਚਾਹੁੰਦੇ ਹਨ।ਉਹ ਹੱਫਲ ਕੇ ਉਸ ਲੇਖ ਦਾ ਪੰਜਾਂ ਮਿੰਟਾਂ ਵਿਚ ਅਨੁਵਾਦ ਕਰ ਦਿੰਦੇ ਹਨ। ਛੇਵੇਂ ਮਿੰਟ ਲੇਖ ਅਖਬਾਰ ਪਤ੍ਰਿਕਾਵਾਂ ਨੂੰ ਈ-ਮੇਲ ਹੋ ਜਾਂਦਾ ਹੈ। ਅੱਗੋਂ ਡਾ: ਗੁਰਦਿਆਲ ਸਿੰਘ ਰਾਏ ਜੀ ਸੱਤਵੇਂ ਮਿੰਟ ਇਹ ਗਿਆਨ ਵਰਧਕ ਲੇਖ 'ਜੁਗਨੀ ਦਾ ਨਿਕਾਸ ਅਤੇ ਵਿਕਾਸ' ਲਿਖਾਰੀ.ਓਰਗ (www.likhari.org) ਦੀ ਸਾਇਟ ਉੱਤੇ ਚਾੜ੍ਹ ਦਿੰਦੇ ਹਨ।ਸੱਤਾਂ ਮਿੰਟਾਂ ਵਿਚ ਇਕ ਇਤਿਹਾਸਕ ਅਤੇ ਖੋਜ ਭਰਪੂਰ ਲੇਖ ਪੰਜਾਬੀ ਪਾਠਕਾਂ ਮੂਹਰੇ ਪਰੋਸਿਆ ਜਾਂਦਾ ਹੈ। ਕੀ ਕੋਈ ਹੋਰ ਭਾਸ਼ਾ ਦਾ ਲੇਖਕ ਐਨੀ ਫਾਸਟ ਸਰਵਿਸ ਦੇ ਸਕਦਾ ਹੈ? ਅੰਗਰੇਜ਼ੀ ਦੇ ਕਿਸੇ ਲੇਖਕ ਨੇ ਇਹੀ ਲੇਖ ਲਿਖਣਾ ਹੁੰਦਾ ਤਾਂ ਪਹਿਲਾਂ ਉਹਨੇ ਕਿਤਾਬਾਂ ਲੱਭਣੀਆਂ ਸੀ ਜਾਂ ਗਾਇਕਾਂ ਤੋਂ ਪਤਾ ਕਰਨਾ ਸੀ ਕਿ ਤੁਸੀਂ ਗਾਈ ਜਾਂਦੇ ਹੋ, ਤੁਹਾਨੂੰ ਇਸਦੇ ਪਿਛੋਕੜ ਦਾ ਗਿਆਨ ਹੈ? ਜਾਂ ਮਹਾਨ ਕੋਸ਼ ਫਰੋਲਣੇ ਸੀ। ਖੋਜ ਕਰਦਿਆਂ ਹੋ ਸਕਦਾ ਅੰਗਰੇਜ਼ੀ ਦਾ ਲਿਖਾਰੀ ਜੁਗਨੀ ਦੀਆਂ ਪੈੜਾਂ ਲੱਭਦਾ ਭਾਰਤ, ਮੁਲਤਾਨ ਜਾਂ ਇਰਾਨ ਚਲਾ ਜਾਂਦਾ। ਪਰ ਸਾਡੇ ਪੰਜਾਬੀ ਲੇਖਕਾਂ ਕੋਲ ਐਨਾ ਸਮਾਂ ਕਿਥੇ ਹੈ? ਜਿਹੜਾ ਉਹ ਫਜ਼ੂਲ ਖਰਚਦੇ ਫਿਰਨ ਤੇ ਨਾ ਹੀ ਪੰਜਾਬੀ ਪਾਠਕਾਂ ਕੋਲ ਐਨਾ ਸਬਰ ਹੈ ਕਿ ਉਹ ਐਨਾ ਚਿਰ ਉਡੀਕਣ? 
ਡਾ: ਸਾਹਿਬ ਦਾ ਲੇਖ ਇੰਟਰਨੈਟ 'ਤੇ ਪੜ੍ਹ ਕੇ ਜੁਗਨੀ ਵਿਚਾਰੀ ਰੋ ਪੈਂਦੀ ਹੈ, ਕੁਰਾਲਉਂਦੀ ਹੈ, ਵੈਣ ਪਾਉਂਦੀ ਹੈ, "ਇਹ ਮੇਰਾ ਨਿਕਾਸ ਤੇ ਵਿਕਾਸ ਕਰਦਿਆਂ, ਮੇਰਾ ਤਾਂ ਸਤਿਨਾਸ ਹੀ ਕਰ ਸਿੱਟਿਆ ਹੈ। ਮੇਰਾ ਜਨਮਦਿਨ ਹੀ ਬਦਲ ਕੇ ਰੱਖ ਦਿੱਤਾ ਹੈ। ਦੋ ਹਜ਼ਾਰ ਸਾਲ ਤੋਂ ਵੀ ਵਡੇਰੀ ਮੇਰੀ ਉਮਰ ਨੂੰ ਬਦਲ ਕੇ ਉਨੀ ਸੌ ਛੇ ਬਣਾ ਦਿੱਤਾ? ਹਾਏ ਮੇਰਿਆਂ ਰੱਬਾ!"
ਮਾਨਯੋਗ ਡਾ: ਸਾਹਿਬ ਲੇਖ ਦਾ ਅਨਵਾਦ ਕਰਕੇ ਆਪਣੀ ਮੌਲਿਕ ਰਚਨਾ ਦਰਸਾਉਣ ਲੱਗੇ ਇਹ ਭੁੱਲ ਗਏ ਕਿ ਜਿਵੇਂ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਉਵੇਂ ਵਿਕੀਪੀਡੀਆ 'ਤੇ ਦਿੱਤੀ ਜਾਣਕਾਰੀ ਧੂਰ ਦਰਗਾਹੀ ਜਾਂ ਇਲਾਹੀ ਤੇ ਖੋਜ ਭਰਪੂਰ ਨਹੀਂ ਹੁੰਦੀ। ਕੋਈ ਵੀ ਲੱਲੀ-ਛੱਲੀ ਉੱਠ ਕੇ ਉਸਨੂੰ ਸੰਪਾਦਿਤ ਕਰ ਸਕਦਾ ਹੈ। ਡਾ: ਗੁਰਮੇਲ ਸਿੱਧੂ ਦਾ ਲੇਖ ਲਿਖਾਰੀ ਦੀ ਸਾਇਟ ਉੱਤੇ ਪੜ੍ਹ ਕੇ ਅਤੇ ਜੁਗਨੀ ਬਾਰੇ ਵਿਕੀਪੀਡੀਆ ਦਾ ਲੇਖ ਪੜ੍ਹ ਪਾਠਕ ਸਮਝ ਸਕਦੇ ਹਨ ਕਿ ਡਾ: ਸਾਹਿਬ ਨੇ ਇਕ ਅੱਖਰ ਪੱਲਿਉਂ ਨਹੀਂ ਲਿਖਿਆ। ਡਾ: ਸਾਹਿਬ ਇੰਟਰਨੈਟ 'ਤੇ ਲਿਖੇ ਲੇਖ ਵਾਲੀ ਤੂਤੀ ਬੋਲਦੇ ਹੋਏ ਆਖਦੇ ਹਨ ਕਿ ਅੰਗਰੇਜ਼ਾਂ ਦੇ ੧੯੦੬ ਵਿਚ ਜੁਬਲੀ ਮਨਾਉਣ ਤੋਂ ਪਹਿਲਾਂ ਜੁਗਨੀ ਦਾ ਕਿਧਰੇ ਵੀ ਜ਼ਿਕਰ ਨਹੀਂ ਆਉਂਦਾ।ਜ਼ਿਕਰ ਤਾਂ ਮਿਲਦਾ ਜੇ ਡਾ: ਸਾਹਿਬ ਨੇ ਕੋਈ ਕਿਤਾਬ ਫਰੋਲੀ ਹੁੰਦੀ ਜਾਂ ਖੋਜ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ। ਇੰਟਰਨੈਟ ਜ਼ਿੰਦਾਬਾਦ! ਹਿੰਗ ਲੱਗੇ ਨਾ ਫਟਕੜੀ ਰੰਗ ਚੌਖਾ ਹੀ ਚੌਖਾ।ਅਰਬੀ ਦੇ ਹਜ਼ਾਰ ਸਾਲ ਪੁਰਾਣੇ ਗ੍ਰੰਥ 'ਨਾਰਦ' ਵਿਚ ਜੁਗਨੀ ਦਾ ਵਿਸਥਾਰਪੁਰਵਕ ਜ਼ਿਕਰ ਹੈ। ਡਾ: ਸਾਹਿਬ ਜੁਬਲੀ ਵਾਲੀ ਮਿਸ਼ਾਲ ਨਾਲ ਮੜ੍ਹ ਕੇ ਜੁਗਨੀ ਦਾ ਇਤਿਹਾਸਕ ਮਹੱਤਵ ਜੋੜ ਦਿੰਦੇ ਹਨ। ਇਸ ਨਾਲ ਉਹ ਜੁਗਨੀ ਦੇ ਕੁਝ ਟੱਪੇਆਂ ਦੀ ਬਣਤਰ ਉੱਤੇ ਵੀ ਟਿੱਪਣੀ ਕਰਦੇ ਹਨ। ਪਰ ਡਾ: ਸਾਹਿਬ ਨੂੰ ਟੱਪਿਆਂ ਵਿਚ ਸੰਕੇਤ ਨਜ਼ਰ ਨਹੀਂ ਆਉਂਦਾ।ਡਾ: ਸਾਹਿਬ ਸੰਕੇਤ ਦੇਖੋ:-
ਮੇਰੀ ਜੁਗਨੀ ਦੇ ਧਾਗੇ ਬੱਗੇ
ਜੁਗਨੀ ਉਹਦੇ ਮੂੰਹੋਂ ਫੱਬੇ
ਜੀਹਨੂੰ ਸੱਟ ਇਸ਼ਕ ਦੀ ਲੱਗੇ।
ਹੁਣ ਇਸ਼ਕ ਇਥੇ ਇਸ਼ਕ ਮਜ਼ਾਜੀ ਨਹੀਂ, ਇਸ਼ਕ ਹਕੀਕੀ ਵੱਲ ਇਸ਼ਾਰਾ ਹੈ। ਕੀ
ਮਿਸ਼ਾਲ ਨੂੰ ਧਾਗੇ ਲੱਗੇ ਹੁੰਦੇ ਹਨ? ਧਾਗੇ ਅੱਗ ਨਾਲ ਸੜ੍ਹਣਗੇ ਨਹੀਂ? ਇਹ ਧਾਗੇ ਉਹ ਹਨ ਜਿਸ ਵਿਚ ਤਾਵੀਜ਼ ਰੂਪੀ ਜੁਗਨੀ ਪਰੋਈ ਹੁੰਦੀ ਹੈ।
ਆਉ ਹੁਣ ਜੁਗਨੀ ਬਾਰੇ ਥੋੜਾ ਜਿਹਾ ਮੈਂ ਚਾਨਣਾ ਪਾਵਾਂ। ਜੁਗਨੀ ਦਾ ਜਨਮ ਉੱਤਰੀ ਭਾਰਤ ਵਿਚ ਦੋ ਹਜ਼ਾਰ ਸਾਲ ਪਹਿਲਾਂ ਹੋਇਆ ਸੀ। ਨਾਥ ਯੋਗੀ, ਯੋਗ ਧਾਰਨ ਕਰਵਾਉਣ ਸਮੇਂ ਆਪਣੇ ਚੇਲਿਆਂ ਦੇ ਗਲੇ ਵਿਚ ਨਿਸ਼ਾਨੀ ਵਜੋਂ ਇਕ ਵਿਸ਼ੇਸ਼ ਕਿਸਮ ਦਾ ਧਾਤੂ ਤਵੀਤ ਪਾਇਆ ਕਰਦੇ ਸਨ। ਜਿਸਨੂੰ ਉਹ ਯੋਗ+ਗ੍ਰਹਿਨੀ ਕਿਹਾ ਕਰਦੇ ਸਨ।ਇਕ ਜਗ੍ਹਾ ਰਹਿੰਦਿਆਂ ਜਦੋਂ ਉਹਨਾਂ ਨੂੰ ਅਹਿਸਾਸ ਹੋ ਜਾਂਦਾ ਸੀ ਕਿ ਉਹਨਾਂ ਦੇ ਚੇਲੇ ਯੋਗ ਵਿਦਿਆ ਵਿਚ ਮਾਹਿਰ ਹੋ ਗਏ ਹਨ ਤਾਂ ਉਹ ਅਗਲੀ ਮੰਜ਼ਿਲ 'ਤੇ ਜਾ ਕਿਆਮ ਕਰਦੇ ਸਨ। ਨਵੇਂ ਥਾਂ ਉਹ ਯੋਗ+ਗ੍ਰਹਿਨੀ ਲੈ ਜਾਂਦੇ ਤੇ ਯੋਗ ਦਾ ਪ੍ਰਚਾਰ ਕਰਦੇ। ਇਹ ਯੋਗ ਗ੍ਰਹਿਨੀ ਹੌਲੀ ਹੌਲੀ ਯੋਗਨੀ ਬਣ ਗਈ। ਨਾਥਾਂ ਦੀ ਪ੍ਰੰਮਪਰਾ ਦਾ ਇਕ ਅੰਗ।ਯੋਗਨੀ ਸਿੱਧਾਂ ਨਾਥ ਦੀ ਪਹਿਚਾਣ ਦਾ ਇਕ ਚਿੰਨ੍ਹ ਬਣ ਕੇ ਪ੍ਰਚੱਲਤ ਹੋਈ। ਦੇਸ਼ ਵਿਦੇਸ਼ਾਂ ਵਿਚ ਯੋਗੀਆਂ ਨੇ ਆਪਣੇ ਅਕੀਦੇ ਅਤੇ ਇਸ਼ਟ ਨੂੰ ਪ੍ਰਚਾਰਿਆ। ਉਸ ਤੋਂ ਉਪਰੰਤ ਹਜ਼ਰਤ ਮੁਹੰਮਦ ਦੇ ਪੈਰੋਕਾਰ ਤੁਅਸਬੀ ਹੁੰਦੇ ਗਏ, ਜਿਸ ਦੀ ਬਗਾਵਤ ਦੇ ਸਿੱਟੇ ਵਜੋਂ ਸੂਫੀ ਸੰਪਰਦਾਏ ਦਾ ਜਨਮ ਹੋਇਆ।ਸੂਫੀ ਭਾਵੇਂ ਮੰਨਦੇ ਤਾਂ ਇਸਲਾਮ ਨੂੰ ਹੀ ਸੀ, ਪਰ ਉਹ ਪੁਰਾਤਨ ਮੁਸਲਮਾਨਾਂ ਵਾਂਗ ਕੱਟੜ ਨਹੀਂ ਸਨ। ਇਸ ਕਾਰਨ ਸੂਫੀਵਾਦ ਦਾ ਉਭਾਰ ਬਹੁਤ ਤੀਰਬਰਗਤੀ ਨਾਲ ਹੋਇਆ।ਸੂਫੀਆਂ ਨੂੰ ਜਦੋਂ ਯੋਗਨੀ ਬਾਰੇ ਇਲਮ ਹੋਇਆ ਤਾਂ ਉਹਨਾਂ ਨੇ ਯੋਗਨੀ ਨੂੰ ਅਪਨਾ ਲਿਆ। ਪਰ ਇਸ ਦੀ ਦਿੱਖ ਅਤੇ ਬਣਤਰ ਵਿਚ ਤਬਦੀਲੀ ਕਰਕੇ ਉਹ ਇਸਨੂੰ ਆਪਣੇ ਡੌਲ੍ਹੇ ਉੱਤੇ ਬੰਨ੍ਹਣ ਲੱਗ ਪਏ।ਨਾਥਾਂ ਨਾਲੋਂ ਸੂਫੀਆਂ ਨੇ ਯੋਗਨੀ ਨੂੰ ਇਕ ਉੱਚਾ ਤੇ ਵਿਸ਼ੇਸ਼ ਦਰਜਾ ਪ੍ਰਦਾਨ ਕੀਤਾ। ਉਹ ਹਰੇਕ ਚੇਲੇ ਦੀ ਬਜਾਏ ਯੋਗਨੀ ਆਪਣੇ ਅਗਲੇ ਗੱਦੀਨਸ਼ੀਨ ਨੂੰ ਸੌਂਪਦੇ। ਜਿਹੜਾ ਸੂਫੀ ਦਰਵੇਸ਼ 'ਮਾਰਫਤ' ਦੀ ਅਵਸਥਾ ਉੱਤੇ ਪਹੁੰਚ ਜਾਂਦਾ, ਯੋਗਨੀ ਉਸ ਕੋਲ ਹੁੰਦੀ ਤੇ ਅੱਗੋਂ ਉਹ ਇਸਨੂੰ ਆਪਣੇ ਮੁਕਾਬਲੇ ਉੱਤੇ ਪਹੁੰਚ ਚੁੱਕੇ ਫਕੀਰ ਨੂੰ ਹੀ ਬਖਸ਼ਦੇ।ਇਸ ਤਰ੍ਹਾਂ ਸੂਫੀ ਫਕੀਰ ਯੋਗਨੀ ਨੂੰ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਸਫਰ ਕਰਵਾਉਂਦੇ। ਜਿਥੇ ਯੋਗਨੀ ਚਲੀ ਜਾਂਦੀ ਉਥੇ ਦੇ ਫਕੀਰਾਂ ਵਿਚ ਹੁਲਾਸ ਦੀ ਲਹਿਰ ਦੌੜ ਜਾਂਦੀ। ਉਹ ਯੋਗਨੀ ਪ੍ਰਾਪਤ ਕਰਨ ਦੀ ਲਾਲਸਾ ਵਿਚ ਕਠਿਨ ਤੋਂ ਕਠਿਨ ਇਮਤਿਹਾਨ ਦਿੰਦੇ। ਚਿੱਲੇ ਕੱਟਦੇ।ਯੋਗਨੀ ਧਾਰਨ ਕਰਵਾਉਣ ਸਮੇਂ ਜਸ਼ਨ ਹੁੰਦਾ। ਯੋਗਨੀ ਦਾ ਗੁਣਗਾਨ ਕੀਤਾ ਜਾਂਦਾ।ਜੁਗਨੂੰ ਇਕ ਜੀਵ ਹੁੰਦਾ ਹੈ, ਜਦੋਂ ਉਹ ਹਵਾ ਵਿਚ ਉੱਡਦਾ ਹੈ ਤਾਂ ਰੋਸ਼ਨੀ ਪੈਦਾ ਕਰਦਾ ਹੈ। ਇਥੋਂ ਹੀ ਇਹ ਗਿਆਨਤਾ ਦਾ ਚਾਨਣ ਫੈਲਾਉਣ ਵਾਲੀ ਯੋਗਨੀ; ਜੁਗਨੀ ਬਣ ਕੇ ਸਾਡਾ ਲੋਕ ਗੀਤ ਬਣੀ। ਬੇਸ਼ਕ ਆਧੁਨਿਕ ਕਵੀਆਂ ਨੇ ਇਸਦੇ ਨਕਸ਼ ਵਿਗਾੜ ਕੇ ਇਸ ਨੂੰ ਮੁਟਿਆਰ ਵਜੋਂ ਚਿੱਤਰਿਆ ਹੈ, ਪਰ ਪੁਰਾਤਨ ਕਾਵਿ ਵਿਚ ਇਸ ਦਾ ਸਪਸ਼ਟ ਜ਼ਿਕਰ ਆਉਂਦਾ ਹੈ। ਖਾਸ ਕਰ ਅਰਬੀ ਅਤੇ ਫਾਰਸੀ ਦੀਆਂ ਭਾਸ਼ਾਵਾਂ ਵਿਚਲੇ ਜੁਗਨੀ ਕਾਵਿ ਵਿਚ। ਬਾਬਾ ਸ਼ੇਖ ਫਰੀਦ ਸਾਹਿਬ ਨੇ ਅਜ਼ਮੇਰ ਸ਼ਰੀਫ ਵਿਖੇ ਚਿੱਲਾ ਕੱਟ ਕੇ ਜੁਗਨੀ ਪ੍ਰਾਪਤ ਕੀਤੀ ਸੀ। ਅੱਜ ਵੀ ਅਜ਼ਮੇਰ ਸ਼ਰੀਫ ਜਾਵੋ ਤਾਂ ਦਰਗਾਹ ਵਿਚ ਵੜ੍ਹਦਿਆਂ ਜੇ ਖੱਬੇ ਪਾਸੇ ਮੁੜ ਜਾਇਏ ਤਾਂ ਉਥੇ ਉਹ ਜਗ੍ਹਾ ਮੌਜੂਦ ਹੈ ਜਿਥੇ ਸ਼ੇਖ ਫਰੀਦ ਸਾਹਿਬ ਨੇ ਚਿੱਲਾ ਕੱਟਿਆ ਸੀ। ਉੱਥੇ ਬਕਾਇਦਾ ਹਰੇ ਰੰਗ ਦੇ ਅੱਖਰਾਂ ਵਿਚ ਹਿੰਦੀ ਅਤੇ ਉਰਦੂ ਵਿਚ ਇਹ ਲਿਖਿਆ ਹੋਇਆ ਹੈ। ਮੈਂ ਕਈ ਵਾਰ ਜਾ ਚੁੱਕਾ ਹਾਂ। ਤੁਸੀਂ ਜਾ ਕੇ ਦੇਖ ਸਕਦੇ ਹੋ। 
ਉਥੋਂ ਥੋੜ੍ਹੀ ਵਿੱਥ 'ਤੇ ਰਾਜਸਥਾਨ ਵਿਚ ਹੀ ਇਕ ਪੁਸ਼ਕਰ ਨਾਮ ਦੀ ਜਗ੍ਹਾ ਹੈ, ਬ੍ਰਹਮਾ ਦਾ ਭਾਰਤ ਵਿਚ ਸਭ ਤੋਂ ਵੱਡਾ ਮੰਦਰ ਇਸ ਸਥਾਨ 'ਤੇ ਸਥਿਤ ਹੈ। ਪੁਸ਼ਕਰ ਦੇ ਕਰੀਬ ਹੀ ਅਜੇ ਨਗਰ ਨਾਮ ਦਾ ਕਸਬਾ ਹੈ। ਇਸ ਕਸਬੇ ਵਿਚ ਇਕ ਬਹੁਤ ਉੱਚੇ ਪਹਾੜ ਉੱਤੇ ਕਾਦਰੀ ਮੱਤ ਦੇ ਨਾਥਾਂ ਦਾ ਟਿੱਲਾ ਹੈ। ਉਸ ਟਿੱਲੇ ਵਿਚ ਯੋਗੀਆਂ ਦੇ ਰੁਦਰਾਖਸ਼ ਅਤੇ ਜੁਗਨੀਆਂ ਪਾਈਆਂ ਤੁਸੀਂ ਅੱਜ ਵੀ ਦੇਖ ਸਕਦੇ ਹੋ। 
ਮੇਰਾ ਜੱਦੀ ਸ਼ਹਿਰ ਜਗਰਾਉਂ ਹੈ।ਪੰਜਾਬੀ ਗੀਤਾਂ ਵਿਚ ਵੀ ਇਸਦਾ ਜ਼ਿਕਰ ਆਉਂਦਾ ਹੈ:-
ਆਰੀ ਆਰੀ ਆਰੀ
ਵਿਚ ਜਗਰਾਵਾਂ ਦੇ
ਲੱਗਦੀ ਰੋਸਨੀ ਭਾਰੀ
ਵੈਅਲੀਆਂ ਦਾ 'ਕੱਠ ਹੋ ਗਿਆ
ਉਥੇ ਬੋਤਲਾਂ ਮੰਗਾ ਲਈਆਂ ਚਾਲੀ
ਚਾਲੀਆਂ 'ਚੋਂ ਇਕ ਬਚ'ਗੀ
ਉਹ ਚੁੱਕ ਕੇ ਮਹਿਲ ਨਾਲ ਮਾਰੀ
ਮੁਨਸ਼ੀ ਡਾਗੋਂ ਦਾ 
ਡਾਂਗ ਰੱਖਦਾ ਗੰਡਾਸੇ ਵਾਲੀ
ਮੋਦਨ ਕਾਉਂਕਿਆਂ ਦਾ 
ਜੀਹਨੇ ਕੁੱਟਤੀ ਪੰਡੋਰੀ ਸਾਰੀ
ਧੰਨ ਕੁਰ ਦੌਧਰ ਦੀ 
ਲੱਕ ਪਤਲਾ ਬਦਨ ਦੀ ਭਾਰੀ
ਪਰਲੋਂ ਆ ਜਾਂਦੀ
ਜੇ ਹੁੰਦੀ ਨਾ ਪੁਲਸ ਸਰਕਾਰੀ
ਜਗਰਾਉਂ ਇਕ ਸੂਫੀ ਫਕੀਰ ਜੱਗਰਾਵ ਨੇ ਵਸਾਇਆ ਸੀ। ਮੇਰੇ ਸ਼ਹਿਰ ਹਰ ਸਾਲ ਮਾਰਚ ਮਹੀਨੇ ਵਿਚ ਇਕ ਮਸ਼ਹੂਰ ਮੇਲਾ ਲੱਗਦਾ ਹੈ, ਜਿਸਨੂੰ 'ਰੋਸਨੀ ਦਾ ਮੇਲਾ' ਕਿਹਾ ਜਾਂਦਾ ਹੈ। ਜੋ ਮੇਰੇ ਜੱਦੀ ਘਰ ਦੇ ਐਨ ਸਾਹਮਣੇ ਬਣੀ ਖਾਨਗਾਹ ਵਿਚ ਲੱਗਦਾ ਹੈ।ਇਹ ਮੇਲਾ ਜਹਾਂਗੀਰ ਦੇ ਜਗਰਾਂਉ ਆਉਣ ਸਮੇਂ ਤੋਂ ਹੀ ਲੱਗਣ ਲੱਗਾ ਹੈ।ਇਥੇ ਵਰਣਨਯੋਗ ਹੈ ਕਿ ਰੋਸ਼ਨੀ ਦੇ ਮੇਲੇ ਵਿਚ ੧੮੪੦ ਤੋਂ ਜੁਗਨੀ ਗਾਈ ਜਾਂਦੀ ਹੈ। ੧੮੫੭ ਦੇ ਗਦਰ ਤੋਂ ਵੀ ਪਹਿਲਾਂ। ਲੱਗਦੈ ਕਦੇ ਡਾ: ਸਾਹਿਬ ਨੂੰ 'ਛਪਾਰ ਦਾ ਮੇਲਾ' ਦੇਖਣ ਦਾ ਅਵਸਰ ਨਹੀਂ ਮਿਲਿਆ, ਉਥੇ ਜਿੱਥੇ ਲੁੱਚੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ, ਉੱਥੇ ਜੁਗਨੀ, ਜਿੰਦੂਆ ਤੇ ਮਾਹੀਆ ਵੀ ਸੈਂਕੜੇ ਸਾਲਾਂ ਤੋਂ ਗਾਏ ਜਾਂਦੇ ਹਨ।ਜੁਗਨੀ ਬਾਰੇ ਖੋਜ ਕਰਨ ਲਈ ਇਨਸਾਈਕਲੋਪੀਡੀਆ ਔਫ ਸੂਫੀਇਜ਼ਮ ਦਾ ਪੰਨਾ ਨੰ: ੯੦੦ ਦੇਖੋ। ਇਸ ਤੋਂ ਇਲਾਵਾਂ ਹੇਠ ਲਿਖੀਆਂ ਕਿਤਾਬਾਂ ਪੜ੍ਹਣ ਦੀ ਖੇਚਲ ਕਰੋ। ਜੁਗਨੀ ਬਾਰੇ ਇਤਿਹਾਸਕ ਲੇਖ ਲਿਖਣ ਦਾ ਮਜ਼ਾ ਦੇਖਿਉ ਕਿੰਨਾ ਆਉਂਦਾ ਹੈ:-
1. Sufism by Seyyed and Llewellyn Vaughan-Lee,

2. Kashf al-Mahjûb by Hujwiri

3. The Risâla by Qushayri Hossein Nasr,

4. Sufi practices by Sunil Verma

5. The Sufi movement by Sayyid Muhammad Baba As-Samasi and Alen Gorden

6. Sufism's Many Paths by Dr. Alan Godlas, University of Georgia

7. Gorakshanath Jogis of India by Ramesh Upadiay

ਤਸਲੀਮਾ ਨਸਰੀਨ ਨੇ ਕੁਝ ਔਰਤਾਂ ਦੇ ਹੱਕਾਂ ਬਾਰੇ ਲੇਖ ਲਿਖੇ। ਉਹਨਾਂ ਲੇਖਾਂ ਦਾ ਅਨੁਵਾਦ ਕਰਕੇ ਇਕ ਹਿੰਦੀ ਦੇ ਪ੍ਰਕਾਸ਼ਕ ਨੇ ਕਿਤਾਬ ਛਾਪ ਦਿੱਤੀ, 'ਔਰਤ ਕੇ ਹੱਕ ਮੇ'ਉਹ ਕਿਤਾਬ ਸਾਡੀ ਇਕ ਪਟਿਆਲੇ ਦੀ ਵਿਦਵਾਨ ਡਾ: ਕੁਲਵੰਤ ਕੌਰ ਨੇ ਪੜ੍ਹੀ ਤੇ ਚੁੱਕ ਕੇ ਪੰਜਾਬੀ ਵਿਚ ਚੇਪ ਦਿੱਤੀ।ਕੁਝ ਗੱਲਾਂ ਨਾਲ ਆਪਣੇ ਧਰਮ ਨਾਲ ਸਬੰਧਤ ਕਰਕੇ ਲਿਖ ਦਿੱਤੀਆਂ ਗਈਆਂ। ਪੰਜਾਬੀ ਪਾਠਕਾਂ ਲਈ ਇਕ ਨਾਇਯਾਬ ਤੋਹਫਾ ਤਿਆਰ ਹੋ ਗਿਆ। ਸਿੱਖ ਸਾਇਕੀ ਦੀ ਵੀ ਗੱਲ ਹੋ ਗਈ। ਪੁਸਤਕ ਦਾ ਨਾਮਕਰਨ ਕਰਨ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤੁਕ ਚੁੱਕ ਲਈ, 'ਦੌਲਤ ਗੁਜ਼ਰਾਨ ਹੈ। ਪੁੱਤਰ ਨਿਸ਼ਾਨ ਹੈ। ਔਰਤ ਇਮਾਨ ਹੈ'ਪੁਸਤਕ ਇੰਗਲੈਂਡ ਵਿਚ ਆ ਕੇ ਰਿਲੀਜ਼ ਕਰ ਦਿੱਤੀ ਗਈ। ਸਾਊਥਾਲ ਵਿਚ ਹੋਏ ਰਿਲੀਜ਼ ਸਮਾਹਰੋ ਵਿਚ ਇੰਗਲੈਂਡ ਦੇ ਲੇਖਕਾਂ ਦੀ ਕਰੀਮ ਦੇ ਇਕੱਠ (ਜਿਸ ਵਿਚ ਸਾਥੀ ਲੁਧਿਆਣਵੀ ਤੇ ਬਹਾਦਰ ਸਾਥੀ ਸ਼ਾਮਲ ਸਨ।) ਵਿਚ ਪੁਸਤਕ ਸਬੰਧੀ ਇੰਗਲੈਂਡ ਦੇ ਇਕ ਡਾ: ਵਿਦਵਾਨ ਗੁਰਦੀਪ ਸਿੰਘ ਜਗਬੀਰ ਨੇ ਪਰਚਾ ਪੜ੍ਹ ਦਿੱਤਾ।ਉਥੇ ਹਾਜ਼ਰ ਪਤਵੰਤਿਆਂ ਵਿਚੋਂ ਕਿਸੇ ਨੇ ਵੀ ਮੇਰੇ ਤੋਂ ਸਿਵਾਏ (ਜਾਂ ਲੇਖਿਕਾ ਡਾ: ਸਾਹਿਬਾ ਤੋਂ ਬਿਨਾ) ਦੋਨੋਂ ਪੁਸਤਕਾਂ ਨਹੀਂ ਪੜ੍ਹੀਆਂ ਸਨ।ਵਿਦਵਾਨਾਂ ਦੀਆਂ ਟਿਪਣੀਆਂ ਸ਼ੁਰੂ ਹੋ ਜਾਂਦੀਆਂ ਹਨ, "ਔਰਤ ਨੂੰ ਕਿਸੇ ਧਰਮ ਨੇ ਬਰਾਬਰ ਦਾ ਹੱਕ ਦਿੱਤਾ ਹੈ। ਜੇ ਦਿੱਤਾ ਹੈ, ਤਾਂ ਸਿਰਫ ਸਿੱਖ ਧਰਮ ਨੇ ਦਿੱਤਾ ਹੈ"

ਮੇਰੇ ਮਨ ਵਿਚ ਪ੍ਰਸ਼ਨ ਖੜ੍ਹੇ ਹੋ ਜਾਂਦੇ ਹਨ। ਸਿੱਖ ਧਰਮ ਨੇ ਔਰਤ ਨੂੰ ਬਰਾਬਰ ਦਾ ਸਥਾਨ ਦਿੱਤਾ ਹੈ? ਸਿੱਖਾਂ ਦੇ ਦਸ ਗੁਰੂ ਹੋਏ ਦਸ ਦੇ ਦਸ ਮਰਦ! ਪੰਜ ਪਿਆਰੇ ਪੰਜ ਦੇ ਪੰਜ ਮਰਦ! ਅੱਜ ਵੀ ਔਰਤਾਂ ਨੂੰ ਪੰਜ ਪਿਆਰਿਆਂ ਵਿਚ ਸ਼ਾਮਿਲ ਨਹੀਂ ਕੀਤਾ ਜਾਂਦਾ! ਅਸੀਂ ਆਪਣੇ ਧਾਰਮਿਕ ਗ੍ਰੰਥ ਵਿਚ ਭਗਤਾਂ ਦੀ ਬਾਣੀ ਲੈ ਲਈ। ਭੱਟਾਂ ਦੀ ਬਾਣੀ ਲੈ ਲਈ। ਪਰ ਕਿਸੇ ਇਕ ਔਰਤ ਦੀ ਬਾਣੀ ਨਹੀਂ।ਕੀ ਉਦੋਂ ਔਰਤਾਂ ਨੂੰ ਬਾਣੀ ਰਚਨ ਦੀ ਆਜ਼ਾਦੀ ਨਹੀਂ ਸੀ? ਪਰ ਮੀਰਾ ਬਾਈ ਤਾਂ ਉਸ ਤੋਂ ਬਹੁਤ ਪਹਿਲਾਂ ਹੋਈ ਹੈ ਤੇ ਉਹਦੀ ਬਾਣੀ ਉਪਲਵਧ ਹੈ!ਸਾਡੇ ਦਰਬਾਰ ਸਾਹਿਬ ਵਿਚ ਔਰਤਾਂ ਨੂੰ ਕੀਰਤਨ ਦੀ ਆਗਿਆ ਦਾ ਮਸਲਾ?... ਇਹ ਵਿਦਵਾਨ ਜੋ ਕਹਿ ਰਹੇ ਨੇ ਠੀਕ ਹੀ ਕਹਿ ਰਹੇ ਹੋਣਗੇ। ਹਾਂ ਬਈ ਸਿੱਖ ਧਰਮ ਵਿਚ ਔਰਤ ਨੂੰ ਬਰਾਬਰ ਦਾ ਅਧਿਕਾਰ ਹੈ।

"ਪੜ੍ਹ ਅੱਖਰ ਇਹੋ ਬੁਝੀਏ, ਮੂਰਖ ਨਾਲ ਨਾ ਲੁਝੀਏ।"

ਸ਼ੈਕਸਪੀਅਰ ਦਾ ਓਪਹੀਲਿਆ ਨਾਂ ਦੀ ਇਕ ਨਾਟ ਮੰਡਲੀ ਦੀ ਅਦਾਕਾਰਾ ਨਾਲ ਧੂੰਆਂ-ਧਾਰ ਇਸ਼ਕ ਚੱਲਦਾ ਸੀ। ਸ਼ੈਕਸਪੀਅਰ ਦੇ ਘਰ ਦੇ ਨੇੜ੍ਹੇ ਹੀ ਕੌਪਲਟਨ ਪਰਿਵਾਰ ਦਾ ਮਹਿਲ ਸੀ। ਉਹਨਾਂ ਦੀਆਂ ਜਾਗੀਰਾਂ ਨੂੰ ਲੂਸੀ ਕੌਪਲਟਨ ਅਸਟੇਟ ਕਿਹਾ ਜਾਂਦਾ ਸੀ। ਸ਼ੈਕਸਪੀਅਰ ਦਾ ਵਿਆਹ ਹੋਣ ਵਿਚ ਇਹ ਪਰਿਵਾਰ ਬਹੁਤ ਵੱਡਾ ਅੜੀਕਾ ਬਣਿਆ ਸੀ। ਉਹਨਾਂ ਦੀ ਲੜਕੀ ਮਾਰਗਰਟ ਕੌਪਲਟਨ ਦਾ ਕਿਸੇ ਸਧਾਰਨ ਲੜਕੇ ਉੱਤੇ ਦਿਲ ਆ ਜਾਂਦਾ ਹੈ ਤੇ ਉਹ ਹਾਸੇ ਵਿਚ ਉਸ ਲੜਕੇ ਨੂੰ ਸਰਕਸ ਵਾਲੇ ਕਿਸੇ ਭਲਵਾਨ ਨਾਲ ਘੁਲਣ ਨੂੰ ਆਖਦੀ ਹੈ ਤੇ ਮੁਕਾਬਲੇ ਵਿਚ ਉਹ ਲੜਕਾ ਮਾਰਿਆ ਜਾਂਦਾ ਹੈ।ਮਾਰਗਰਟ ਨੂੰ ਆਪਣੀ ਭੁੱਲ ਦਾ ਅਹਿਸਾਸ ਹੁੰਦਾ ਹੈ ਤੇ ਉਹ ਡੁੱਬ ਕੇ ਮਰ ਜਾਂਦੀ ਹੈ।ਇਸ ਗੱਲ ਉੱਤੇ ਕੌਪਲਟਨ ਪਰਿਵਾਰ ਆਪਣੇ ਅਸਰ ਰਸੂਖ ਨਾਲ ਮਿੱਟੀ ਪਾ ਲੈਂਦਾ ਹੈ। ਸ਼ੈਕਸਪੀਅਰ ਦਾ ਵਿਆਹ ਐਨ ਹੈਥਵੇਅ ਨਾਲ ਹੋ ਜਾਂਦਾ ਹੈ।ਐਨ ਪੰਜਾਬੀ ਲੇਖਕਾਂ ਦੀਆਂ ਪਤਨੀਆਂ ਵਰਗੀ ਹੁੰਦੀ ਹੈ, ਉਸਨੂੰ ਸ਼ੈਕਸਪੀਅਰ ਦੇ ਰਚੇ ਸਾਹਿਤ ਨਾਲ ਕੋਈ ਦਿਲਚਸਪੀ ਨਹੀਂ ਹੁੰਦੀ।ਸ਼ੈਕਸਪੀਅਰ ਆਪਣੀ ਹਰ ਰਚਨਾ ਮੁਕੰਮਲ ਕਰਨ ਬਾਅਦ ਆਪਣੇ ਜ਼ਿਹਨ ਨੂੰ ਖਾਲੀ ਕਰਨ ਲਈ ਰੱਜ ਕੇ ਜੱਟਾਂ ਵਾਂਗ ਸ਼ਰਾਬ ਪੀਂਦਾ ਤੇ ਕਈ ਕਈ ਦਿਨ ਬੇਸੁਰਤ ਰਹਿੰਦਾ ਸੀ। ਕਈ ਵਾਰ ਤਾਂ ਉਸਨੂੰ ਘੋੜਾਗੱਡੀ 'ਤੇ ਲੱਧ ਕੇ ਉਸਦੇ ਘਰ ਦੇ ਨਜ਼ਦੀਕ ਬਣੇ ਸ਼ਰਾਬਖਾਨੇ 'ਡਨ ਕਾਉ' ਵਿਚੋਂ ਦੋਸਤ ਘਰ ਛੱਡਕੇ ਆਉਂਦੇ ਹੁੰਦੇ ਸੀ।ਉਦੋਂ ਸ਼ਰਾਬਖਾਨਿਆਂ ਨੂੰ ਪਬਲਿਕ ਹਾਉਸ ਕਿਹਾ ਜਾਂਦਾ ਸੀ। ਇਸੇ ਪਬਲਿਕ ਹਾਉਸ ਨੂੰ ਸੰਖੇਪ ਕਰ ਕੇ ਮੌਜੂਦਾ ਪੱਬ ਸ਼ਬਦ ਈਜ਼ਾਦ ਹੋਇਆ ਹੈ। ਬਹਰਹਾਲ, ਇਕ ਵਾਰ ੧੫੮੫ ਵਿਚ ਸ਼ੈਕਸਪੀਅਰ ਨੇ ਤੜਕ ਸਾਰ ਇਕ ਨਾਟਕ ਮੁਕੰਮਲ ਕਰ ਲਿਆ। ਉਸ ਤੋਂ ਬਾਅਦ ਆਦਤਨ ਉਸਨੂੰ ਸ਼ਰਾਬ ਪੀਣ ਦੀ ਤਲਬ ਹੋਈ। ਘਰੇ ਆਇਰਸ਼ ਘਰ ਦੀ ਕੱਢੀ ਦੀ ਬੋਤਲ ਪਈ ਸੀ। ਉਹਨੂੰ ਪੀਂਦਿਆਂ ਕਿਤੇ ਸ਼ੈਕਸਪੀਅਰ ਨੂੰ ਮਾਰਗਰਟ ਦਾ ਖਿਆਲ ਆ ਗਿਆ। ਉਹ ਜਾ ਕੇ ਕੌਪਲਟਨ ਹਾਊਸ ਮੂਹਰੇ ਅੰਮ੍ਰਿਤ ਵੇਲੇ ਗਾਲ੍ਹਾਂ ਕੱਢ ਕੇ ਆਪਣੀ ਭੜਾਸ ਕੱਢਣ ਲੱਗ ਪਿਆ।ਮਹਿਲ ਦੇ ਦਰਵਾਜ਼ੇ ਮੂਹਰੇ ਇਕ ਖਰਗੋਸ਼ ਭੱਜਿਆ ਫਿਰਦਾ ਸੀ। ਸ਼ੈਕਸਪੀਅਰ ਨੇ ਉਹ ਫੜ੍ਹ ਲਿਆ ਤੇ ਘਰੇ ਆ ਕੇ ਭੁੰਨ੍ਹ ਕੇ ਮੀਟ ਬਣਾ ਲਿਆ।ਕੌਪਲਟਨ ਪਰਿਵਾਰ ਨੂੰ ਇਸ ਬਾਰੇ ਪਤਾ ਲੱਗ ਗਿਆ ਤੇ ਉਹਨਾਂ ਨੇ ਅਦਾਲਤੀ ਕਾਰਵਾਈ ਕਰਕੇ ਸ਼ੈਕਸਪੀਅਰ ਨੂੰ ਜੁਰਮਾਨਾ ਕਰਵਾ ਦਿੱਤਾ। ਉਸ ਉਪਰੰਤ ਸ਼ੈਕਸਪੀਅਰ ਦੀਆਂ ਬਦਤਮੀਜ਼ੀਆਂ ਤੋਂ ਤੰਗ ਆ ਕੇ ਉਹਨਾਂ ਨੇ ਸ਼ੈਕਸਪੀਅਰ ਨੂੰ ਆਨੇ-ਬਹਾਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਮਜ਼ਬੂਰਨ ਸ਼ੈਕਸਪੀਅਰ ਨੂੰ ਸਟੈਟਫਰਡ ਛੱਡਣਾ ਪਿਆ। ਪਰ ਉਹਨੇ ਪਿਉ ਦੇ ਪੁੱਤ ਨੇ ਫਿਰ ਆਪਣੀਆਂ ਰਚਨਾਵਾਂ ਵਿਚ ਇਸ ਲੂਸੀ ਕੌਪਲਟਨ ਪਰਿਵਾਰ ਦੀ ਉਹ ਮਿੱਟੀ ਪਲੀਤ ਕੀਤੀ ਰਹੇ ਰੱਬ ਦਾ ਨਾਂ।ਨਮੂਨਾ ਦੇਖੋ:-

A Parliament member, a Justice of the Peace,

At home a poor scarecrow, in London an ass;
If lousy is Lucy, as some folk miscall it,
Then Lucy is lousy, whatever befall it.
He think himself great,
Yet an ass in his state
We allow by his ears
With but asses to mate.
ਇਸ ਤੋਂ ਇਲਾਵਾ ਬਹੁਤ ਸਾਰੀਆਂ ਰਚਨਾਵਾਂ ਵਿਚ ਸ਼ੈਕਸਪੀਅਰ ਨੇ ਐਨਾ ਕੁਝ ਲਿਖਿਆ ਹੈ ਕਿ ਉਸਦਾ ਸਹੀ ਤਰਜ਼ਮਾ ਪੰਜਾਬੀ ਵਿਚ ਕਰੀਏ ਤਾਂ ਉਹ ਲਿਖਣ ਤੇ ਛਾਪਣਯੋਗ ਨਹੀਂ। ਉਹ ਕਿੱਸੇ ਯਾਰਾਂ ਦੋਸਤਾਂ ਦੀ ਢਾਣੀ ਵਿਚ ਬੈਠ ਕੇ ਚੁਟਖਾਰੇ ਲੈ ਕੇ ਸੁਣਾਏ ਜਾ ਸਕਦੇ ਹਨ।

ਸਾਡੇ ਪੰਜਾਬੀ ਲੇਖਕ ਵੀ ਅਜਿਹੇ ਕੰਮਾਂ ਵਿਚ ਪਿਛੇ ਨਹੀਂ ਰਹੇ।ਕੋਈ ਸੱਪ ਦੀ ਪੂਛ ਉੱਤੇ ਤਾਂ ਪੈਰ ਰੱਖ ਕੇ ਸੱਪ ਤੋਂ ਤਾਂ ਬਚ ਸਕਦਾ ਹੈ। ਪਰ ਪੰਜਾਬੀ ਲੇਖਕ ਤੋਂ ਨਹੀਂ।ਪੰਜਾਬੀ ਲੇਖਕ ਤਾਂ ਤੁਰੇ ਫਿਰਦੇ ਪ੍ਰਮਾਣੂ ਬੰਬ ਹਨ। ਇਕ ਪੰਜਾਬੀ ਗੀਤਕਾਰ ਦੀ ਗੁਆਡੀਆਂ ਨਾਲ ਨਹੀਂ ਸੀ ਬਣਦੀ।ਉਹਨੇ ਗੀਤਾਂ ਵਿਚ ਉਹਨਾਂ ਦੀ ਕੁੜੀ ਦਾ ਨਾਮ ਤੱਕ ਲਿਖ ਕੇ ਐਨੀ ਜੱਖਣਾ ਪੱਟੀ ਕਿ ਵਿਚਾਰਿਆਂ ਦੀ ਕੁੜੀ ਦਾ ਪੱਕਾ ਹੋਇਆ ਰਿਸ਼ਤਾ ਟੁੱਟ ਗਿਆ ਤੇ ਫਿਰ ਜਿਹੜਾ ਸਾਕ ਹੋਣ ਲੱਗਿਆ ਕਰੇ। ਆਡੋਂ-ਗੁਆਡੋਂ ਲੜਕੀ ਵਾਲਿਆਂ ਬਾਰੇ ਪੁੱਛ-ਪੜਤਾਲ ਕਰਕੇ ਪੂਠੇ ਪੈਰੀਂ ਮੁੜ ਜਾਇਆ ਕਰੇ। ਅੱਕ ਕੇ ਵਿਚਾਰਿਆਂ ਸ਼ਹਿਰ ਛੱਡ ਦਿੱਤਾ ਆਪਣੇ ਪਿੰਡ ਰਹਿ ਕੇ ਆਪਣੀ ਲੜਕੀ ਵਿਆਹੀ।

ਪੰਜਾਬੀ ਲੇਖਕ ਨੂੰ ਜੇ ਕੋਈ ਐਨਾ ਆਖ ਦੇਵੇ ਕਿ ਤੁਹਾਡੀ ਰਚਨਾ ਪੜ੍ਹੀ ਸੀ। ਹੁਣ ਅੱਗੇ ਭਾਵੇਂ ਅਗਲੇ ਨੇ ਅਲੋਚਨਾ ਹੀ ਕਰਨੀ ਹੋਵੇ। ਸਾਡੇ ਲੇਖਕ ਜਦੇ ਗੱਲ ਬੋਚ ਲੈਂਦੇ ਹਨ, "ਦੇਖਿਆ? ਪਾ'ਤੇ ਕੁਨਾ ਭੜਾਕੇ। 'ਠਾਰਾਂ ਕਿਤਾਬਾਂ ਪੜ੍ਹਨੀਆਂ ਪਈਆਂ ਮੈਨੂੰ। ਮੈਂ ਪੰਜ ਸਾਲ 'ਡੀਕਦਾ ਰਿਹਾ।ਕੋਈ ਹੋਰ ਇਸ ਵਿਸ਼ੇ 'ਤੇ ਲਿਖੂ। ਹੋਰ ਤਾਂ ਸਾਰੇ ਜੂੰਆਂ ਜਿਹੀਆਂ ਮਾਰਨ ਜੋਗੇ ਨੇ। ਹਾਰਕੇ ਮੈਂ ਕਿਹਾ ਮਨਾ ਤੇਰੀ ਕਲਮ ਨੂੰ ਹੀ ਲਿਖਣਾ ਪੈਣਾ। ਹਲੇ ਤੂੰ ਇਹਦੀ ਅਗਲੀ ਕਿਸ਼ਤ ਪੜ੍ਹੀ ਦੇਖੀਂ ਮੈਂ ਤਾਂ ਅੱਗ 'ਤੇ ਬਰਫ ਬਣਾ ਕੇ ਦਿਖਾਤੀ।…" ਲੇਖਕ ਇਕੋ ਸਾਹ ਲੱਗਿਆ ਪਿਆ ਹੁੰਦਾ ਹੈ ਤੇ ਅਗਲਾ ਸੋਚਦਾ ਹੈ। ਕਿਥੇ ਪੰਗਾ ਲੈ ਲਿਆ।ਮੈਂ ਤਾਂ ਇਹਨੂੰ ਦੱਸਣਾ ਸੀ ਬਈ ਫਲਾਨੇ ਲੇਖਕ ਨੇ ਇਹੀ ਚੀਜ਼ ਬਹੁਤ ਵਧੀਆ ਲਿਖੀ ਸੀ।ਤੂੰ ਉਹਨੂੰ ਪੜ੍ਹੀਂ।ਇਹ ਅਸਮਾਨ ਨੂੰ ਹੀ ਅੱਡੀਆਂ ਲਾਈ ਜਾਂਦਾ ਹੈ।ਲੇਖਕ ਬੇਅਟਕ ਜਾਰੀ ਹੁੰਦਾ ਹੈ, "ਉਹ ਮੈਂ ਜਿਹੜਾ ਪਿਛਲੇ ਸਾਲ ਨਾਵਲ ਲਿਖਿਆ ਸੀ ਨਾ। ਉਹ ਪੜ੍ਹ ਕੇ ਮੇਰੀ ਇਕ ਪਾਠਕਾ ਨੇ ਕਨੇਡਾਸਰਦਾਰ ਜੀ ਕਨੇਡਾ ਕਨੇਡਾਕਨੇਡਾ ਤੋਂ ਫੋਨ ਕੀਤਾ।" ਇਹ ਸੁਣ ਕੇ ਸੁਣਨ ਵਾਲਾ ਆਪਣੇ ਮਨ ਵਿਚ ਆਖਦਾ ਹੈ, "ਗੱਪੀਆ ਫੇਰ ਕੀ ਵਰਲਡ ਟਰੇਡ ਸੈਂਟਰ ਡਿੱਗ ਪਿਐ। ਕਨੇਡਾ ਵੀ ਧਰਤੀ ਉੱਤੇ ਹੀ ਹੈ। ਉਹ ਕਿਹੜਾ ਚੰਨ 'ਤੇ ਵਸਿਆ ਹੋਇਆ ਹੈ।"

"ਕਨੇਡਾ ਤੋਂ ਫੋਨ ਕਰਕੇ ਕਹਿੰਦੀ ਭਾਜੀ ਮੈਨੂੰ ਉਹ ਪੈਨ ਦੇ ਦਿਉ ਜਿਸ ਨਾਲ ਤੁਸੀਂ ਇਹ ਨਾਵਲ ਲਿਖਿਆ ਹੈ। ਸਾਡੇ ਇਥੇ ਅੰਗਰੇਜ਼ਾਂ ਨੇ ਕਈ ਦੇਸ਼ਾਂ ਦੇ ਮਹਾਨ ਲੇਖਕਾਂ ਦੀਆਂ ਕਲਮਾਂ ਦੀ ਪ੍ਰਦਰਸ਼ਣੀ ਲਾਉਣੀ ਹੈ ਜਿਨ੍ਹਾਂ ਨਾਲ ਉਹਨਾਂ ਨੇ ਵਿਸ਼ਵਪ੍ਰਸਿੱਧ ਨਾਵਲ ਲਿਖੇ। ਤੁਹਾਡਾ ਪੈਨ ਰੱਖ ਕੇ ਮੈਂ ਵੀ ਮਾਣ ਨਾਲ ਕਹੂੰ। ਇਹ ਸਾਡੇ ਪੰਜਾਬੀ ਦੇ ਬਹੁਤ ਵੱਡੇ ਨਾਵਲਿਸਟ ਦਾ ਉਹ ਪੈਨ ਹੈ ਜਿਸਦੇ ਨਾਲ ਉਹਨੇ ਕਲਾਸਿਕ ਨਾਵਲ ਲਿਖਿਆ ਹੈ।ਮੈਂ ਉਦੋਂ ਹੀ ਭੱਜ ਕੇ ਡਾਕ 'ਚ ਪਾ ਕੇ ਆਇਆ।ਘਰਵਾਲੀ ਕਹੇ ਰੋਟੀ ਖਾਹ ਜੋ। ਤੁਸੀਂ ਰਾਤ ਵੀ ਨਹੀਂ ਸੀ ਖਾਧੀ। ਮੈਂ ਕਿਹਾ ਰੋਟੀ ਰੂਟੀ ਮੈਂ ਆ ਕਿ ਹੀ ਖਾਊਂਗਾ। ਸਰਦਾਰ ਜੀ, ਐਤਕੀ ਫੇਰ ਮੈਂ ਸੋਚਿਆ ਕੋਈ ਕੱਲ੍ਹ ਨੂੰ ਹੋਰ ਪੈਨ ਮੰਗ ਲੈਂਦੈ। ਆਹ ਦੋ ਕਿਸ਼ਤਾਂ ਦਾ ਲੇਖ ਮੈਂ ਬਾਰਾਂ ਪੈਨਾਂ ਨਾਲ ਲਿਖਿਐ। ਜਿਹੜਾ ਮੰਗੂ ਆਪਾਂ ਨਾਂਹ ਨਹੀਂ ਕਰਨੀ।" ਅਗਲਾ ਸਮਝ ਜਾਂਦਾ ਹੈ ਕਿ ਇਹ ਤਾਂ ਤੋਪੇ ਹੀ ਤੋੜੀ ਜਾਂਦਾ ਹੈ।ਇਹਦੇ ਤੋਂ ਖਹਿੜਾ ਛੁਡਾਉ। ਅਗਲਾ ਕੋਈ ਬਹਾਨਾ ਲਾ ਕੇ ਜਾਣ ਲੱਗਦਾ ਹੈ ਤਾਂ ਲੇਖਕ ਸਾਹਿਬ ਪਿਛੀਉਂ ਅਵਾਜ਼ ਮਾਰ ਕੇ ਆਖਦੇ ਹਨ, "ਉਹ ਸੱਚ ਯਾਰਪੈਗ-ਸ਼ੈਗ ਲਵਾਇਏ ਤੈਨੂੰ?"

ਪਹਿਲਾਂ ਹੀ ਤਸ਼ੱਦਦ ਸਹਾਰ ਚੁੱਕਾ ਅਗਲਾ ਪਿੱਛੇ ਮੁੜ ਕੇ ਨਹੀਂ ਦੇਖਦਾ ਤੇ ਗੱਲ ਅਣਸੁਣੀ ਕਰਕੇ ਭੱਜਣ ਦੀ ਕਰਦਾ ਹੈ। 
ਇਸੇ ਨਾਲ ਮਿਲਦੀ ਜੁਲਦੀ ਇਕ ਸੱਚੀ ਘਟਨਾ ਹੈ।ਇਕ ਬੰਦਾ ਆਪਣੇ ਕਿਸੇ ਦੋਸਤ ਤੋਂ ਪੰਜ ਹਜ਼ਾਰ ਰੁਪਏ ਉਦਾਰੇ ਮੰਗਣ ਗਿਆ ਤਾਂ ਦੋਸਤ ਨੇ ਕਾਰਨ ਪੁੱਛਿਆ।ਅੱਗੋਂ ਉਹਨੇ ਆਪਣੇ ਕਿਸੇ ਕੇਸ ਵਿਚ ਫਸੇ ਹੋਣ ਬਾਰੇ ਦੱਸ ਕੇ ਦੱਸਿਆ ਕਿ ਇਹ ਫਲਾਨੇ ਅਫਸਰ ਨੂੰ ਚਾਹ ਪਾਣੀ ਵਾਸਤੇ ਦੇਣੇ ਹਨ। ਅੱਗੋਂ ਉਹਦਾ ਦੋਸਤ ਬੋਲਿਆ, "ਤੂੰ ਕਮਲਾ ਹੋਇਐਂ? ਪੰਜ ਹਜ਼ਾਰ ਰੁਪਈਏ ਖਰਾਬ ਕਰਨ ਲੱਗਿਐ। ਉਹ ਪੁਲਿਸ ਅਫਸਰ ਅਖਬਾਰਾਂ ਵਿਚ ਪੰਜਾਬੀ ਦੇ ਲੇਖ ਲਿਖਦੈ। ਜਾ ਕੇ ਦੋ ਕੁ ਲੇਖਾਂ ਦੀਆਂ ਤਾਰੀਫਾਂ ਕਰਾਂਗੇਉਹ ਤਾਂ ਫਿਰੂ ਸੱਪ ਵਾਂਗੂ ਮੇਲਦਾ। ਕੰਮ ਵੀ ਮੁਫਤ ਕਰੂ ਨਾਲੇ ਆਪਾਂ ਨੂੰ ਚਾਹ ਪਾਣੀ ਵੀ ਉਹੀ ਪਿਆਊ।"
ਤੇ ਅਜਿਹਾ ਹੀ ਹੋਇਆ।
ਸਾਡੇ ਮਿਡਲੈਂਡ ਦੇ ਇਕ ਪੰਜਾਬੀ ਲੇਖਕ ਨੇ ਕੈਥਰੀਨ ਕੁੱਕਸਨ ਦੇ ਸਾਰੇ ਲੇਖ ਪੜ੍ਹੇ ਹੋਏ ਹਨ। ਕੈਥਰੀਨ ਕੁਕਸਨ ਨੇ ਕੇਵਲ ਨਾਵਲ ਲਿਖੇ ਹਨ ਤੇ ਜ਼ਿੰਦਗੀ ਵਿਚ ਇਕ ਵੀ ਲੇਖ ਨਹੀਂ ਲਿਖਿਆ। ਪਰ ਸਾਡੇ ਲੇਖਕ ਨੇ ਫੇਰ ਵੀ ਪੜ੍ਹ ਲਏ। ਸੋਚੋ ਇਹ ਭਲਾਂ ਕਿਸੇ ਕਰਿਸ਼ਮੇ ਤੋਂ ਘੱਟ ਹੈ?
ਇੰਡੀਆ ਛੁੱਟੀਆਂ ਕੱਟਣ ਗਿਆ ਮੈਂ ਦਿੱਲੀ ਆਪਣੀ ਇਕ ਦੋਸਤ ਦੇ ਘਰੇ ਤ੍ਰੀਯ ਨਗਰ ਰਹਿੰਦਾ ਸੀ। ਜੂਨ ਜੁਲਾਈ ਦਾ ਮਹੀਨਾ। ਗਰਮੀ ਸਿਖਰਾਂ 'ਤੇ।ਟੈਲੀਵਿਜ਼ਨ 'ਤੇ ਫਿਲਮ ਦੇਖਦਿਆਂ ਅਚਾਨਕ ਬਿਜਲੀ ਚਲੀ ਗਈ।ਏ ਸੀ ਦੀ ਠੰਡਕ ਪਲਾਂ ਵਿਚ ਹੁੰਮਸ ਵਿਚ ਬਦਲ ਗਈ।ਮੈਂ 'ਨਾਗਮਣੀ' ਚੁੱਕੀ ਤੇ ਨਾਲ ਦੀ ਗਲੀ ਵਿਚ ਫਿਲਮ ਐਕਟਰ ਗੁਲਸ਼ਨ ਗਰੋਵਰ ਦੀ ਦੁਕਾਨ 'ਤੇ ਇਹ ਸੋਚ ਕੇ ਚਲਾ ਗਿਆ ਕਿ ਉਥੇ ਘੱਟੋ-ਘੱਟ ਪੱਖਾ ਤਾਂ ਚੱਲਦਾ ਹੋਵੇਗਾ। 'ਨਾਗਮਣੀ' ਪੜ੍ਹਦਿਆਂ ਮੈਨੂੰ ਖਿਆਲ ਆਇਆ ਕਿ ਮੈਨੂੰ ਤਾਂ ਦਿੱਲੀ ਵਿਚ ਅਯਾਸ਼ੀਆਂ ਕਰਦਿਆਂ ਮਹੀਨਾ ਹੋ ਗਿਆ ਹੈ। ਦਿੱਲੀ ਦੇਸ਼ ਦੀ ਹੀ ਨਹੀਂ। ਪੰਜਾਬੀ ਸਾਹਿਤਕਾਰਾਂ ਦੀ ਵੀ ਰਾਜਧਾਨੀ ਹੈ। ਮੈਂ ਕਿਸੇ ਸਾਹਿਤਕਾਰ ਨੂੰ ਵੀ ਨਹੀਂ ਸੀ ਮਿਲ ਸਕਿਆ।ਅਮਰਜੀਤ ਸਿੰਘ ਨੇ ਮੈਨੂੰ 'ਅਕਸ' ਵਿਚ ਰੱਜ ਕੇ ਛਾਪਿਆ। ਉਸਨੂੰ ਫੋਨ ਤੱਕ ਨਹੀਂ ਸੀ ਕਰ ਹੋਇਆ।ਚਲੋ ਅੰਮ੍ਰਿਤਾ ਪ੍ਰੀਤਮ ਨੂੰ ਮਿਲ ਕੇ ਆਉਂਦੇ ਹਾਂ। ਪਤਾ ਨੋਟ ਕਰਦਿਆਂ ਜਦੋਂ ਮੈਂ ਹੌਜ਼ ਖਾਸ ਪੜ੍ਹਿਆ ਤਾਂ ਇਕਦਮ ਦਿਮਾਗ ਵਿਚ ਆਇਆ। ਉਹ!ਹੋ!! ਹੌਜ਼ ਖਾਸ ਤਾਂ ਆਪਣਾ ਮਨਮੋਹਨ ਬਾਵਾ ਵੀ ਰਹਿੰਦਾ ਹੈ। ਮਨਮੋਹਨ ਬਾਵੇ ਨੂੰ ਫੋਨ ਕਰਕੇ ਮਿਲਣ ਦੀ ਇੱਛਾ ਪ੍ਰਗਟ ਕੀਤੀ।ਅੱਗੋਂ ਪ੍ਰਵਾਨਗੀ ਮਿਲ ਗਈ। ਮੈਂ ਹੀਰੋ ਹਾਂਡਾ ਹੌਜ਼ ਖਾਸ ਵੱਲ ਸਿੱਧਾ ਕਰ ਦਿੱਤਾ।
ਮੈਂ ਮਨਮੋਹਨ ਬਾਵੇ ਦੀਆਂ ਕਹਾਣੀਆਂ ਤੋਂ ਮੁਤਾਸਰ ਹੋ ਕੇ ਪੁਰਾਤਨ ਸੋਹਲਵੀਂ ਸਦੀ ਦੇ ਸਿੱਖਾਂ ਉੱਤੇ ਇਕ ਕਹਾਣੀ ਸਫਲ ਕਹਾਣੀ ਲਿਖੀ ਸੀ, 'ਪ੍ਰਿਥਮ ਭਗੌਤੀ ਸਿਮਰ ਕੈ'ਆਮ ਕਹਾਣੀ ਤਾਂ ਮੈਂ ਛੋਲਿਆਂ ਦਾ ਫੱਕਾ ਮਾਰਨ ਵਾਂਗ ਲਿਖ ਲੈਂਦਾ ਸੀ, ਪਰ ਇਹ ਕਹਾਣੀ ਇਕ ਚਣੌਤੀ ਸੀ। ਅਨੇਕਾਂ ਪੁਸਤਕਾਂ ਪੜ੍ਹਨੀਆਂ ਪਈਆਂ। ਵਿਸ਼ੇਸ਼ ਕਰ ਜਸਵੰਤ ਸਿੰਘ ਨੇਕੀ ਦੀ ਪੁਸਤਕ 'ਅਰਦਾਸ', ਨਾਨਕ ਸਿੰਘ ਦਾ ਨਾਵਲ 'ਸੂਹੀਆ', ਸੋਹਣ ਸਿੰਘ ਸੀਤਲ, ਸੰਤ ਸਿੰਘ ਮਸਕੀਨ, ਸੂਰਜ ਪ੍ਰਤਾਪ ਗ੍ਰੰਥ, ਗਿਆਨੀ ਗਿਆਨ ਸਿੰਘ ਦਾ 'ਪੰਥ ਪ੍ਰਕਾਸ਼' ਤੇ ਪਤਾ ਨਹੀਂ ਕਿੰਨਾ ਕੁਝ।ਕਹਾਣੀ ਲਿਖਣ ਵਿਚ ਸੁਆਦ ਆਇਆ।
ਮੈਂ ਮਨਮੋਹਨ ਬਾਵੇ ਦੇ ਘਰ ਦੀ ਡੋਰ-ਬੈਲ ਕੀਤੀ ਤੇ ਚਿੱਟੇ ਕਪੜ੍ਹਿਆਂ ਵਿਚ ਇਕ ਦਰਵੇਸ਼ ਮੇਰੇ ਸਾਹਮਣੇ ਖੜ੍ਹਾ ਸੀ। ਪੌੜ੍ਹੀਆਂ ਚੜ੍ਹ ਕੇ ਅਸੀਂ ਡਰਾਇੰਗਰੂਮ ਵਿਚ ਜਾ ਬੈਠੇ। ਸਾਹਿਤ ਅਤੇ ਕਲਾ ਬਾਰੇ ਗੱਲਾਂ ਚੱਲੀਆਂ।ਖਾਣੇ ਵਾਲੀ ਮੇਜ਼ ਉੱਤੇ ਮੈਂ, ਬਾਵਾ ਜੀ ਤੇ ਉਹਨਾਂ ਦੀ ਪਤਨੀ ਫਰੂਟ ਸੈਲਡ ਦਾ ਸੇਵਨ ਕਰਨ ਲੱਗ ਪਏ।ਅਚਾਨਕ ਮੇਰੀ ਨਿਗਾਹ ਬਾਵਾ ਜੀ ਦੇ ਪਿਛੇ ਪਏ ਇਕ ਸ਼ੋ ਪੀਸ ਉੱਤੇ ਚਲੀ ਗਈ।ਅਜੀਬ ਤੇ ਬੇਤਰੀਬੀ ਜਿਹੀ ਕਿਸਮ ਦਾ ਸ਼ੋ ਪੀਸ।ਮੈਂ ਉਸਦੀ ਸ਼ੇਪ ਵਿਚੋਂ ਅਰਥ ਤਲਾਸ਼ਣ ਲੱਗਾ।ਬਾਵਾ ਜੀ ਨੇ ਮੇਰੇ ਤੇ ਉਸ ਐਨਟੀਕ ਸ਼ੋ ਪੀਸ ਵੱਲ ਦੇਖਿਆ, "ਜਾਣਦਾਂ ਇਸ ਦੀ ਕੀ ਕਿਮਤ ਹੋਵੇਗੀ?"
"ਇਸ ਸਬੰਧੀ ਮੈਨੂੰ ਜ਼ਿਆਦਾ ਨੌਲੇਜ ਨਹੀਂ। ਹੋਊ ਕੋਈ ਪੰਜ ਦਸ ਹਜਾਰ ਦਾ?"
"ਸਾਢੇ ਚਾਰ ਲੱਖ ਕੀਮਤ ਹੈ ਇਸਦੀ।"
ਮੇਰੇ ਭਰਵੱਟੇ ਉੱਪਰ ਚੜ੍ਹ ਗਏ।ਇਸ ਲਈ ਨਹੀਂ ਕਿ ਮੈਨੂੰ ਕੀਮਤ ਦਾ ਯਕੀਨ ਨਹੀਂ ਸੀ। ਬਲਕਿ ਹੈਰਾਨੀ ਇਸ ਗੱਲ ਦੀ ਸੀ ਕਿ ਪੰਜਾਬੀ ਸਾਹਿਤਕਾਰਾਂ ਵਿਚ ਵੀ ਕੋਈ ਸ਼ੌਂਕੀਨ ਕਲਾ ਪ੍ਰੇਮੀ ਹੈ।
ਬਾਵਾ ਜੀ ਉਸ ਬਾਰੇ ਜਾਣਕਾਰੀ ਦੇਣ ਲੱਗ ਪਏ।
"ਬਾਵਾ ਜੀ ਮੈਂ ਔਰਤ ਮਰਦ ਸੰਬਧਾਂ 'ਤੇ ਹੀ ਕਹਾਣੀਆਂ ਲਿਖਦਾ ਹਾਂ। ਮੈਂ ਮਹਾਰਾਜਾ ਰਣਜੀਤ ਸਿੰਘ ਅਤੇ ਮੋਰਾਂ ਕੰਚਨੀ ਦੇ ਸੰਬੰਧਾਂ ਉੱਤੇ ਇਕ ਕਹਾਣੀ ਲਿਖੀ ਹੈ, 'ਮੋਰਾਂ ਦਾ ਮਹਾਰਾਜਾ'"
"ਕਹਾਣੀ ਸੁਣਾ?"
ਮੈਂ ਕਹਾਣੀ ਸੁਣਾਈ।
"ਇਹ ਕਹਾਣੀ ਕਿਧਰੇ ਛਪਾਈ ਨਾ।"
"ਕਿਉਂ ਕੀ ਵਧੀਆ ਨਹੀਂ?"
"ਇਹ ਗੱਲ ਨਹੀਂ। ਤੂੰ ਆਪਣੀ ਉਮਰ ਤੋਂ ਵੱਡੀਆਂ ਕਹਾਣੀਆਂ ਲਿਖਦਾ ਹੈਂ। ਮੋਰਾਂ 'ਤੇ ਮੈਂ ਵੀ ਕਹਾਣੀ ਲਿਖੀ ਸੀ। ਲੇਖਕਾਂ ਨੂੰ ਸੁਣਾਈ। ਪੰਜਾਬੀ ਦਾ ਪਾਠਕ ਅਜੇ ਐਨਾ ਮਿਚਿਉਰ ਨਹੀਂ ਹੋਇਆ ਹੈ।ਲੇਖਕ ਭਰਮਾਂ ਵਿਚ ਜਿਉ ਰਹੇ ਹਨ।ਉਹਨਾਂ ਨੂੰ ਭਰਮਾਂ ਵਿਚ ਜੀਉਣ ਦਿਉ।"
"ਪਰ ਬਾਵਾ ਜੀ ਮੈਂ ਇਸ ਕਹਾਣੀ ਉੱਤੇ ਬਹੁਤ ਮਿਹਨਤ ਕੀਤੀ ਹੈ। ਬੜਾ ਅਧਿਐਨ ਕੀਤਾ ਹੈ। ਉਸ ਵੇਲੇ ਦੇ ਅੰਗਰੇਜ਼ ਅਫਸਰਾਂ ਦੀਆਂ ਡਾਇਰੀਆਂ, ਜੀਵਨੀਆਂ ਸਫਰਨਾਮੇ ਪੜ੍ਹੇ ਨੇ। ਸਰਕਾਰੀ ਗੈਰ ਸਰਕਾਰੀ ਦਸਤਵੇਜ਼ ਫਰੋਲੇ ਨੇ।ਪੰਜਾਬੀ ਇਤਿਹਾਸਕਾਰਾਂ ਨੂੰ ਤਾਂ ਬਹੁਤ ਗੱਲਾਂ ਦਾ ਗਿਆਨ ਹੀ ਨਹੀਂ ਹੈ।ਮੈਂ ਸਚਾਈ ਲਿਖੀ ਹੈ। ਮੋਰਾਂ ਦਾ ਜਾਦੂ ਰਣਜੀਤ ਸਿੰਘ ਦੇ ਸਿਰ ਚੜ੍ਹ ਕੇ ਬੋਲਦਾ ਸੀ।ਉਹਦੀ ਗ੍ਰਿਫਤ ਵਿਚ ਉਹ ਬੁਰੀ ਤਰ੍ਹਾਂ ਫਸਿਆ ਹੋਇਆ ਸੀ। ਮਹੀਨਾ ਮਹੀਨਾ ਸ਼ਰਾਬ ਪੀ ਕੇ ਉਸ ਕੋਲ ਪਿਆ ਰਹਿੰਦਾ ਹੁੰਦਾ ਸੀ।"
"ਮੇਰੀ ਕਹਾਣੀ 'ਤੇ ਅਖੌਤੀ ਲੇਖਕ ਬਹੁਤ ਟੱਪੇ ਸਨ। ਤੇਰੇ ਨਾਲ ਵੀ ਅਜਿਹਾ ਹੀ ਹੋਵੇਗਾ।"
"ਮੇਰੀ ਤਾਂ ਹਰ ਕਹਾਣੀ ਉੱਤੇ ਟੱਪਦੇ ਹਨ। ਲੇਖਕਾਂ ਦੀ ਐਸੀ ਦੀ ਤੈਸੀ। ਮੈਂ ਤਾਂ ਫੜ੍ਹ ਕੇ ਤਹਿ ਲਾ 'ਦੂੰ।"
"ਪਰ ਲੇਖਕਾਂ ਦੀ ਤਹਿ ਤਾਂ ਮਗਰੋਂ ਲਾਵੇਗਾ, ਜਦੋਂ ਉਹ ਪ੍ਰਤੀਕ੍ਰਮ ਦੇਣਗੇ। ਉਸ ਤੋਂ ਪਹਿਲਾਂ ਤਾਂ ਮਹਾਰਾਜੇ ਦੀ ਤਹਿ ਲੱਗ ਜਾਵੇਗੀ। ਤੇਰੀ ਕਹਾਣੀ ਪੜ੍ਹ ਕੇ ਉਸਦੀ ਛਵੀ ਵਿਗੜ ਜਾਵੇਗੀ।ਲੋਕ ਉਸਨੂੰ ਇਨਸਾਫ ਪਸੰਦ, ਸਾਊ ਤੇ ਸਿੱਖ ਰਾਜਾ ਮੰਨਦੇ ਹਨ। ਉਸਦੇ ਰਾਜ ਨੂੰ ਖਾਲਸਾ ਰਾਜ ਪ੍ਰਚਾਰਿਆ ਜਾ ਰਿਹੈ।"
"ਹਾਂ ਸਿੱਖਾਂ ਦੀ ਇਹ ਤ੍ਰਾਸਦੀ ਤਾਂ ਹੈ ਕਿ ਉਹਨਾਂ ਕੋਲ ਤਕੜਾ ਇਕ ਹੀ ਹੁਕਮਰਾਨ ਹੋਇਆ ਹੈ। ਉਸ ਨੂੰ ਕੇਵਲ ਸ਼ਾਸ਼ਕ ਨਾ ਮੰਨ ਕੇ ਸਿੱਖ ਸ਼ਾਸ਼ਕ ਕਿਹਾ ਜਾਂਦਾ ਹੈ। ਪਰ ਉਹ ਵੀ ਇਕ ਇੰਨਸਾਨ ਸੀ। ਇਕ ਰਾਜਾ ਸੀ ਤੇ ਉਸਨੇ ਰਜਵਾੜਿਆਂ ਵਾਲੇ ਸ਼ੌਂਕ ਪੂਰੇ ਕੀਤੇ।ਕੁਲੂ, ਚੰਬੇ, ਰਾਜਸਥਾਨ ਜਿਥੋਂ ਕੋਈ ਇਸਤਰੀ ਉਸਨੂੰ ਪਸੰਦ ਆਉਂਦੀ ਚੱਕ ਕੇ ਆਪਣੇ ਹਰਮ ਵਿਚ ਲੈ ਆਉਂਦਾ ਸੀ। ਕਈ ਰਾਣੀਆਂ ਉਹਦੀ ਚਿਤਾ ਵਿਚ ਜਲਕੇ ਸਤੀ ਹੋਈਆਂ।"
"ਤੂੰ ਕਹਾਣੀ ਲਿਖ ਕੇ ਸਾਬਿਤ ਕੀ ਕਰਨੈ ਚਾਹੁੰਦੈ? ਇਸ ਕਹਾਣੀ ਨੂੰ ਇਥੇ ਹੀ ਦਫਨ ਕਰ 'ਦੇ।"
ਬਾਵਾ ਜੀ ਨੂੰ ਅਲਵਿਦਾ ਆਖ ਕੇ ਮੈਂ ਆਉਣ ਲੱਗਾ ਤਾਂ ਮੇਰੇ ਮਿਨਰਲ ਵਾਟਰ ਵਾਲੀ ਬੋਤਲ ਤਪ ਚੁੱਕੀ ਸੀ। ਮੈਂ ਬਾਵਾ ਜੀ ਦੀ ਪਤਨੀ ਤੋਂ ਉਸਦਾ ਪਾਣੀ ਬਦਲਵਾ ਕੇ ਠੰਢਾ ਭਰਾ ਲਿਆ। ਮੈਂ ਘਰ ਦੇ ਬਾਹਰ ਆਇਆ ਤੇ ਸੋਚਿਆ। ਹਾਂ ਮਨਮੋਹਨ ਬਾਵਾ ਠੀਕ ਕਹਿੰਦਾ ਹੈ। ਪੰਜਾਬੀ ਪਾਠਕ ਅਜੇ ਐਨਾ ਮਿਚਿਉਰ ਨਹੀਂ ਹੋਇਆ। ਲੇਖਕਾਂ ਨੂੰ ਭਰਮਾਂ ਦੇ ਚੱਕਰਵਿਊ ਵਿਚ ਹੀ ਫਸੇ ਰਹਿਣ ਦਿਉ।ਪਰ ਮੈਂ ਆਪਣੇ ਆਪ ਨਾਲ ਇਕ ਪ੍ਰਣ ਕੀਤਾ ਕਿ ਮੈਂ ਪੰਜਾਬੀ ਦੇ ਪਾਠਕ ਨੂੰ ਮਿਚਿਉਰ ਕਰਾਂਗਾ। ਮੈਂ ਹਜ਼ਾਰਾਂ ਸਾਲ ਪੁਰਣੀਆਂ ਅੰਗਰੇਜ਼ੀ ਦੀਆਂ ਲੋਕ ਗਾਥਾਵਾਂ ਪੰਜਾਬੀ ਵਿਚ ਲਿਖਾਂਗਾ। ਮੈਂ ਪਿਛੇ ਮੁੜ ਕੇ ਬਾਵਾ ਜੀ ਦੇ ਘਰ ਵੱਲ ਦੇਖਿਆ।ਛੱਤ ਉਪਰੋਂ ਸੂਰਜ ਸਿੱਧਾ ਮੇਰੇ 'ਤੇ ਪੈ ਰਿਹਾ ਸੀ।ਮੈਂ ਹੱਸਿਆ, "ਵਾਹ! ਮੇਰੀ ਮੋਰਾਂ ਦੇ ਮਹਾਰਾਜਿਆ।" ਮੇਰਾ ਗਲਾ ਸੁੱਕ ਰਿਹਾ ਸੀ। ਬੋਤਲ ਦਾ ਡੱਟ ਖੋਲ੍ਹ ਕੇ ਕੂਨੀਨ ਖਾਣ ਵਾਂਗ ਪਾਣੀਆਂ ਦੀਆਂ ਘੁੱਟਾਂ ਨਾਲ ਕਹਾਣੀ ਵੀ ਗਟਾਗਟ ਪੀ ਕੇ ਆਪਣੇ ਅੰਦਰ ਸਿੱਟ ਲਈ। 
ਕਨੇਡਾ ਤੋਂ ਇਕ ਕਵੀ ਇੰਗਲੈਂਡ ਆਪਣੇ ਰਿਸ਼ਤੇਦਾਰ ਪੰਜਾਬੀ ਦੇ ਲੇਖਕ ਕੋਲ ਆਇਆ। ਉਸ ਲੇਖਕ ਨੇ ਇਕ ਮਜ਼ਲਸ ਰੱਖੀ। ਪੰਜ ਸੱਤ ਕਵੀਆਂ ਨੂੰ ਆਪਣੇ ਘਰ ਆਮੰਤ੍ਰਿਤ ਕੀਤਾ। ਮੈਨੂੰ ਵੀ ਬੁਲਾਇਆ ਗਿਆ ਤੇ ਸੱਜਰੀ ਕਵਿਤਾ ਨਾਲ ਲਿਆਉਣ ਦੀ ਤਾਕੀਦ ਕੀਤੀ ਗਈ।ਮੈਂ ਹੈਰਾਨ ਕਿ ਇਹਨਾਂ ਨੂੰ ਅਜੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਮੈਂ ਕਵਿਤਾ ਨਹੀਂ, ਕਹਾਣੀ ਲਿਖਦਾ ਹਾਂ।ਕਵਿਤਾਵਾਂ ਦਾ ਦੌਰ ਚੱਲਿਆ। ਗੁਫਤਗੂ ਹੋਈ।ਵੱਡੇ ਹਾਲ ਕਮਰੇ ਵਿਚ ਦੋ ਸੋਫੇ ਲੱਗੇ ਸਨ, ਜਿਨ੍ਹਾਂ ਉੱਤੇ ਬਾਕੀ ਸਾਰੇ ਕਵੀ ਵਿਰਾਜਮਾਨ ਸਨ। ਸੋਫਿਆਂ ਦੇ ਸਾਹਮਣੇ ਡਾਇੰਨਿਗ ਟੇਬਲ ਪਿਆ ਸੀ, ਜਿਸਦੀ ਕੁਰਸੀ ਉੱਤੇ ਮੈਂ ਬੈਠਾ ਸੀ।ਘਰ ਦਾ ਮੁੱਖ ਦੁਆਰ ਅਤੇ ਬੈਡਰੂਮ ਨੂੰ ਜਾਣ ਵਾਲੀਆਂ ਪੌੜੀਆਂ ਦਾ ਇਤਫਾਕਤਨ ਰਸਤਾ ਵੀ ਉਸੇ ਹਾਲ ਵਿਚੋਂ ਹੋ ਕੇ ਜਾਂਦਾ ਸੀ। ਸਾਡੇ ਗੱਲਾਂ ਕਰਦਿਆਂ ਲੇਖਕ ਦਾ ਬੇਟਾ ਅੰਦਰ ਆਇਆ ਤੇ ਸਾਨੂੰ ਫਤਿਹ ਬੁਲਾ ਕੇ ਮੇਰੇ ਕੋਲ ਮੇਜ਼ 'ਤੇ ਕਿਤਾਬ ਰੱਖ ਕੇ ਪੌੜੀਆਂ ਚੜ੍ਹ ਗਿਆ। ਥੋੜ੍ਹੀ ਦੇਰ ਬਾਅਦ ਮੈਂ ਲਾਇਬਰੇਰੀ ਤੋਂ ਲਿਆਂਦੀ ਹੋਈ ਉਹ ਕਿਤਾਬ ਚੁੱਕ ਲਈ। ਇਹ ਅਰੁਨਧਤੀ ਰੌਏ ਦਾ ਨਾਵਲ ਸੀ।ਮੈਂ ਪੰਨੇ ਫਰੋਲਣ ਲੱਗ ਪਿਆ ਤਾਂ ਮੈਥੋਂ ਇਕ ਲੇਖਕ ਨੇ ਕਿਤਾਬ ਦੇਖਣ ਲਈ ਮੰਗ ਲਈ। ਕਿਤਾਬ ਦੇ ਬੈਕ ਕਵਰ ਨੂੰ ਉਸ ਨੇ ਕੁਝ ਦੇਰ ਨਿਹਾਰਿਆ ਤੇ ਬੋਲਿਆ, "ਵਾਹ!"
ਉਸ ਤੋਂ ਕਿਤਾਬ ਉਹਦੇ ਨਾਲ ਬੈਠੇ ਨੇ ਫੜ੍ਹ ਲਈ। ਕਿਤਾਬ ਦਾ ਫਰੰਟ ਅਤੇ ਬੈਕ ਕਵਰ ਦੇਖ ਕੇ ਉਹ ਬੋਲਿਆ, "ਕਮਾਲ ਐ!"
ਜਿਵੇਂ ਮੁਗਲਾਂ ਸਮੇਂ ਮੁਸ਼ਾਇਰੇ ਵਿਚ ਸ਼ਾਇਰ ਮੂਹਰੇ ਬਲਦੀ ਸ਼ਮਾ ਰੱਖੀ ਜਾਂਦੀ; ਉਹ ਕਲਾਮ ਪੜ੍ਹਦਾ ਤੇ ਫਿਰ ਅਗਲੇ ਮੂਹਰੇ ਕਰ ਦਿੱਤੀ ਜਾਂਦੀ, ਉਹ ਕਲਾਮ ਪੜ੍ਹਦਾ। ਇੰਝ ਕਿਤਾਬ ਘੁੰਮਦੀ ਗਈ ਤੇ ਟਿਪਣੀ ਹੁੰਦੀ ਗਈ। ਜਦੋਂ ਅਖੀਰਲੇ ਦੇ ਹੱਥ ਵਿਚ ਕਿਤਾਬ ਪਹੁੰਚੀ ਤਾਂ ਬੈਕ ਕਵਰ 'ਤੇ ਲੱਗੀ ਅਰੁਨਧਤੀ ਰੌਏ ਦੀ ਫੋਟੋ ਉੱਤੇ ਹੱਥ ਫੇਰਦਾ ਹੋਇਆ ਕਹਿਣ ਲੱਗਾ, "ਊਂ ਸੋਹਣੀ ਐ, ਪਰ ਰੰਗ ਤੋਂ ਥੋੜ੍ਹੀ ਜਿਹੀ ਮਾਰ ਖਾਹ'ਗੀ।"
ਮਹਿਫਲ ਤੋਂ ਬਾਅਦ ਖਾਣਪੀਣ ਦਾ ਪ੍ਰਬੰਧ ਸੀ ਤੇ ਡਾਇਨਿੰਗ ਟੈਬਲ 'ਤੇ ਬੈਠਿਆਂ ਸਾਡੇ ਲਿਖਾਰੀਆਂ ਨੇ ਬਿਨਾ ਪੜ੍ਹਿਆਂ 'ਗੌਡ ਔਫ ਸਮਾਲ ਥਿੰਗਜ਼' ਨੂੰ  ਸਰਭ ਸੰਮਤੀ ਨਾਲ ਮਤਾ ਪਾਸ ਕਰਕੇ ਸਦੀ ਦੀ ਸਭ ਤੋਂ ਬਿਹਤਰੀਨ ਕਿਤਾਬ ਐਲਾਨ ਦਿੱਤਾ ਸੀ।
ਇੰਡੀਆ ਵਿਚ ਰਹਿੰਦੇ ਸਾਹਿਤਕਾਰਾਂ ਨੇ ਵਿਦੇਸ਼ਾਂ ਵਿਚ ਰਹਿੰਦੇ ਸਾਹਿਤਕਾਰਾਂ ਲਈ ਇਕ ਵਿਸ਼ੇਸ਼ ਕੈਟਾਗਿਰੀ ਬਣਾ ਦਿੱਤੀ ਹੈ। ਪ੍ਰਵਾਸੀ ਸਾਹਿਤਕਾਰ। ਪਟਿਆਲੇ ਯੂਨੀਵਰਸਿਟੀ ਵਿਚ ਬੈਠਿਆਂ ਇਕ ਆਲੋਚਕ ਮੈਨੂੰ ਕਹਿਣਾ ਲੱਗਾ, "ਤੁਹਾਡਾ ਪ੍ਰਵਾਸੀ ਸਾਹਿਤਕਾਰਾਂ ਦਾ ਰਚਿਆ ਸਾਹਿਤ ਮੁਖ ਧਾਰਾ ਦਾ ਸਾਹਿਤ ਨਹੀਂ ਅਖਵਾ ਸਕਦਾ।"
"ਤੂੰ ਇਥੇ ਬੈਠਾ ਧਾਰਾਂ ਕੱਢੀ ਚੱਲ।ਅਸੀਂ ਜਿੰਨੇ ਜੋਗੇ ਹਾਂ ਸੱਤ ਸਮੁੰਦਰ ਪਾਰ ਬੈਠੇ ਆਪਦਾ ਕੰਮ ਕਰੀ  ਜਾ ਰਹੇ ਹਾਂ। ਸਾਹਿਤ ਸਾਹਿਤ ਹੁੰਦੈ। ਚੰਗਾ ਜਾਂ ਮਾੜਾ। ਪਾਠਕ ਸਾਹਿਤ ਦੇਖਦਾ ਹੈ। ਇਹ ਸਾਹਿਤ ਦੀ ਵਰਗੀ ਵੰਡ ਤੁਹਾਡੀ ਸਹੁਲਤ ਲਈ ਹੈ, ਪਾਠਕ ਲਈ ਨਹੀਂ।" 
"ਤੂੰ ਪੜ੍ਹਦਾ ਕੀ ਹੁੰਨੈ?"
"ਮੈਂ ਚੁਣ ਕੇ ਪੜ੍ਹਦਾ ਹੁੰਦਾਂ। ਮੇਰੇ ਪੜ੍ਹਨ ਦੇ ਤਿੰਨ ਤਰੀਕੇ ਨੇ। ਇਕ ਤਾਂ ਜੋ ਮੈਨੂੰ ਚੰਗਾ ਲੱਗੇ, ਵਧੀਆ ਹੋਵੇ। ਦੂਜਾ ਜਿਸਦੀ ਮੈਨੂੰ ਲਿਖਣ ਲਈ ਲੋੜ੍ਹ ਹੋਵੇ। ਭਾਵ ਖੋਜ ਕਰਨ ਵਾਲਾ ਸਾਹਿਤ। ਤੀਜਾ ਜਦੋਂ ਕੋਈ ਸਾਹਿਤਕਾਰ ਪਿਆਰ ਨਾਲ ਆਪਣੀ ਪੁਸਤਕ ਭੇਂਟ ਕਰੇ।"
"ਵਧੀਆ ਪੁਸਤਕ ਲਈ ਤੇਰੀ ਕੀ ਪ੍ਰੀਭਾਸ਼ਾ ਹੈ?
"ਇਕ ਲੜਕੀ ਕਿਤਾਬਾਂ ਦੀ ਦੁਕਾਨ 'ਤੇ ਕਿਤਾਬ ਖਰੀਦਣ ਗਈ। ਉਹ ਦੁਕਾਨਦਾਰ ਨੂੰ ਕਹਿੰਦੀ ਵਧੀਆ ਜਿਹੀ ਕਿਤਾਬ ਦਿਉ। ਦੁਕਾਨਦਾਰ ਇਕ ਕਿਤਾਬ ਕੱਢ ਕੇ ਕਹਿੰਦਾ। ਆਹ ਕਿਤਾਬ ਪੜ੍ਹ ਤੂੰ ਇਸ 'ਤੇ ਮਰ ਜਾਵੇਗੀ। ਲੜਕੀ ਕਹਿੰਦੀ ਰਹਿਣ 'ਦੇ। ਮੈਨੂੰ ਉਹ ਕਿਤਾਬ ਚਾਹੀਦੀ ਹੈ। ਜਿਸਨੰੂੰ ਪੜ੍ਹ ਕੇ ਮਰ ਰਹੇ ਕਿਸੇ ਵਿਅਕਤੀ ਅੰਦਰ ਜੀਉਣ ਦੀ ਹਸਰਤ ਪੈਦਾ ਹੋ ਜਾਵੇ।ਵਧੀਆ ਪੁਸਤਕ ਦੀ ਇਹੋ ਮੇਰੀ ਪ੍ਰੀਭਾਸ਼ਾ ਹੈ।"
ਸਾਡੇ ਪੰਜਾਬੀ ਦੇ ਆਲੋਚਕ ਵੀ ਲੇਖਕਾਂ ਨਾਲੋਂ ਘੱਟ ਨਹੀਂ ਹਨ।ਉਹਨਾਂ ਨੇ ਰੈਡੀਮੇਡ ਤਨਕੀਦੀ ਲੇਖ ਲਿਖ ਕੇ ਖਾਲੀ ਥਾਵਾਂ ਛੱਡੀਆਂ ਹੁੰਦੀਆਂ ਹਨ ਤੇ ਉਥੇ ਜਿਹੜੇ ਮਰਜ਼ੀ ਲੇਖਕ ਦਾ ਨਾਮ ਤੇ ਰਚਨਾ ਦਾ ਨਾਮ ਜਦੋਂ ਜੀਅ ਚਾਹੇ ਉਹ ਭਰ ਲੈਂਦੇ ਹਨ।ਅਜਿਹੇ ਹੀ ਸਾਡੇ ਇੰਗਲੈਂਡ ਦੇ ਵਿਦਵਾਨ ਆਲੋਚਕ ਹਨ ਡਾ: ਸਵਰਨ ਚੰਦਨ।ਚੰਦਨ ਨੂੰ ਪਤਾ ਨਹੀਂ ਕਿਉਂ ਅਸਚਰਜ ਲੱਗਦਾ ਹੈ ਜਦੋਂ ਵੀਨਾ ਵਰਮਾ ਜਾਂ ਮੇਰੇ ਅੰਗਰੇਜ਼ ਪਾਤਰਾਂ ਦੇ ਸੰਵਾਦ ਅਸੀਂ ਕੇਵਲ ਪੰਜਾਬੀ ਵਿਚ ਹੀ ਨਹੀਂ ਲਿਖਦੇ ਬਲਕਿ ਉਨ੍ਹਾਂ ਤੋਂ ਟਕਸਾਲੀ ਦੀ ਬਜਾਏ ਮਲਵਈ ਬੋਲੀ ਵੀ ਬੁਲਵਾਉਂਦੇ ਹਾਂ। ਐਨੀ ਨਿੱਕੀ ਜਿਹੀ ਗੱਲ ਜਿਸਨੂੰ ਸਧਾਰਨ ਪਾਠਕ ਵੀ ਸਮਝ ਜਾਂਦਾ ਹੈ, ਡਾ: ਚੰਦਨ ਨੂੰ ਸਮਝ ਨਹੀਂ ਆਉਂਦੀ।ਸਾਡੇ ਅੰਗਰੇਜ਼ ਪਾਤਰਾਂ ਦੇ ਸੰਵਾਦ ਪੰਜਾਬੀ ਵਿਚ ਇਸ ਲਈ ਹਨ ਕਿਉਂਕਿ ਅਸੀਂ ਪੰਜਾਬੀ ਕਹਾਣੀ ਲਿਖ ਰਹੇ ਹਾਂ ਤੇ ਉਸਨੂੰ ਪੜ੍ਹਨ ਵਾਲੇ ਪਾਠਕ ਵੀ ਪੰਜਾਬੀ ਹਨ। ਹੁਣ ਜੇ ਕਿਸੇ ਪਾਠਕ ਨੂੰ ਅੰਗਰੇਜ਼ੀ ਆਉਂਦੀ ਨਾ ਹੋਵੇ ਤੇ ਅਸੀਂ ਇਹ ਦੱਸਣ ਲਈ ਕਿ ਸਾਨੂੰ ਅੰਗਰੇਜ਼ੀ ਵੀ ਆਉਂਦੀ ਹੈ, ਡਾਇਲਾਗ ਅੰਗਰੇਜ਼ੀ ਵਿਚ ਧਸੋੜ ਦੇਈਏ। ਉਹਦਾ ਕੀ ਫਾਇਦਾ ਹੋਇਆ? ਇਸ ਨਾਲੋਂ ਤਾਂ ਚੰਗਾ ਨਹੀਂ ਕਿ ਪਾਠਕ ਅੰਗਰੇਜ਼ੀ ਕਹਾਣੀ ਹੀ ਪੜ੍ਹ ਲਵੇ। ਨਾਲੇ ਮੈਂ ਕਦੋਂ ਕਿਹਾ ਹੈ ਕਿ ਮੇਰੇ ਅੰਗਰੇਜ਼ ਪਾਤਰ ਪੰਜਾਬੀ ਬੋਲਦੇ ਹਨ। ਮੈਂ ਤਾਂ ਇਹ ਦੱਸਦਾ ਹਾਂ ਕਿ ਜੋ ਉਹ ਬੋਲ ਰਹੇ ਹਨ ਪੰਜਾਬੀ ਵਿਚ ਉਸ ਦਾ ਇਹ ਅਰਥ ਹੈ। ਜਦੋਂ ਮੈਂ ਇਹ ਲਿਖ ਹੀ ਦਿੱਤਾ ਕਿ ਇਹ ਪਾਤਰ ਅੰਗਰੇਜ਼ ਹੈ ਤਾਂ ਜ਼ਾਹਿਰ ਹੈ ਕਿ ਉਹ ਅੰਗਰੇਜ਼ੀ ਬੋਲਦਾ ਹੋਵੇਗਾ। ਮਿਸਾਲ ਦੇ ਤੌਰ 'ਤੇ ਜੇ ਮੇਰਾ ਪਾਤਰ ਚੀਨੀ ਹੋਵੇ ਤਾਂ ਕੀ ਮੈਂ ਕਹਾਣੀ ਵਿਚ ਉਸਨੂੰ ਵਾੜ ਨਹੀਂ ਸਕਦਾ? ਮੈਨੂੰ ਚਾਇਨੀਜ਼ ਨਹੀਂ ਆਉਂਦੀ, ਮੇਰੇ ਪਾਠਕ ਨੂੰ ਨਹੀਂ ਆਉਂਦੀ। ਉਥੇ ਮੈਂ ਇਹ ਆਖ ਕੇ ਹੀ ਕੰੰਮ ਚਲਾਵਾਂਗਾ ਕਿ ਚੀਨੀ ਪਾਤਰ ਨੇ ਆਪਣੀ ਭਾਸ਼ਾ ਵਿਚ ਇਹ ਕਿਹਾ। ਕੀ ਕਿਹਾ ਹੈ ਉਹ ਮੈਂ ਨਿਸੰਦੇਹ ਪੰਜਾਬੀ ਵਿਚ ਹੀ ਦੱਸਾਂਗਾ। ਮਲਵਈ ਬੁਲਵਾਉਂ ਦਾ ਮਤਲਬ ਹੈ ਕਿ ਪਾਤਰ ਆਪਣਾ ਇਲਾਕਾਈ ਉਚਾਰਨ ਕਰਦਾ ਹੈ। ਜਿਵੇਂ ਪਾਤਰ ਬ੍ਰਮਿੰਘਮ ਦਾ ਹੈ ਤਾਂ ਉਹ ਬ੍ਰਮੀ ਬੋਲੇਗਾ।
ਮੇਰੀ ਕਹਾਣੀ 'ਨੰਗੀਆਂ ਅੱਖੀਆਂ' ਬਾਰੇ ਜ਼ਿਕਰ ਕਰਦਿਆਂ ਇਕ ਵਾਰ ਚੰਦਨ ਨੇ ਕਿਹਾ ਕਿ ਤੇਰੀਆਂ ਪਾਤਰ ਕੁੜੀਆਂ ਆਪਸ ਵਿਚ ਜਿਵੇਂ ਲੁੱਚੀਆਂ ਗੱਲਾਂ ਕਰਦੀ ਹਨ, ਏਦਾਂ ਹੁੰਦਾ ਨਹੀਂ।
"ਮੇਰੀਆਂ ਪਾਤਰ ਕੁੜੀਆਂ ਪੈਮ ਤੇ ਸ਼ੈਲੀ ਇੰਗਲੈਂਡ ਦੀਆਂ ਜੰਮਪਲ ਬਾਲਗ ਅਜ਼ਾਦ ਖਿਆਲ ਕੁੜੀਆਂ ਹਨ।ਜਿਨ੍ਹਾਂ ਦੇ ਆਪਣੇ ਪ੍ਰੇਮੀਆਂ ਨਾਲ ਸ਼ਰੀਰਕ ਸੰਬੰਧ ਅਕਸਰ ਬਣਦੇ ਰਹਿੰਦੇ ਹਨ। ਆਪਸ ਵਿਚ ਮੁੰਡਿਆਂ ਬਾਰੇ ਨੌਜਵਾਨ ਕੁੜੀਆਂ ਉਹੋ ਜਿਹੀਆਂ ਗੱਲਾਂ ਹੀ ਕਰਦੀਆਂ ਹਨ ਜੋ ਮੈਂ ਆਪਣੀ ਕਹਾਣੀ ਵਿਚ ਦਰਸਾਇਆ ਹੈ। ਨਾਲੇ ਇਕ ਚੁਟਕਲਾ ਵੀ ਹੈ। ਇਕ ਜਨਾਨੀ ਦੂਜੀ ਨੂੰ ਪੁੱਛਦੀ ਹੈ, ਨੀ ਜਦੋਂ ਦੋ ਬੰਦੇ ਇਕੱਠੇ ਹੁੰਦੇ ਹਨ ਤਾਂ ਕਿਹੋ ਜਿਹੀਆਂ ਗੱਲਾਂ ਕਰਦੇ ਹੋਣਗੇ। ਦੂਜੀ ਜੁਆਬ ਦਿੰਦੀ ਹੈ। ਉਹੀ ਜੋ ਆਪਾਂ ਕਰਦੀਆਂ ਹਾਂ। ਤਾਂ ਪਹਿਲੀ ਫੱਟ ਬੋਲ ਪੈਂਦੀ ਹੈ, ਹੈ ਨੀ ਭਾਈਆਂ ਦਿਉ ਐਨੀ ਲੁੱਚੀਆਂ ਗੱਲਾਂ ਕਰਦੇ ਨੇ? ਡਾ: ਸਾਹਿਬ ਕਹਾਣੀ ਵਿਚ ਦੋ ਕੁੜੀਆਂ ਆਪਸ ਵਿਚ ਜੋ ਗੱਲਾਂ ਕਰਦੀਆਂ ਹਨ, ਉਸ ਨਾਲੋਂ ਕਿਤੇ ਅਸ਼ਲੀਲ ਗੱਲਾਂ ਮੇਰੀਆਂ ਕੌਲੀਗ ਬਿਨਾ ਕਿਸੇ ਝਿਜਕ ਦੇ ਮੇਰੇ ਨਾਲ ਕਰ ਲੈਂਦੀਆਂ ਹਨ। ਵੈਸੈ ਤੁਹਾਡੇ ਨਾਵਲ ਵਿਚ ਵੀ ਪਿਕਾਡਿੱਲੀ ਦੋ ਔਰਤਾਂ ਲੁੱਚੀਆਂ ਗੱਲਾਂ ਕਰਦੀਆਂ ਹਨ?" 
ਚੰਦਨ ਖੁਦੋਂ ਵਾਂਗ ਬੁੜ੍ਹਕ ਕੇ ਬੋਲਿਆ, "ਮੇਰੀਆਂ ਪਾਤਰ ਵੇਸਵਾਵਾਂ ਹਨ। ਉਨ੍ਹਾਂ ਤੋਂ ਹੋਰ ਮੈਂ ਕੀ ਸੁਖਮਨੀ ਸਾਹਿਬ ਦਾ ਪਾਠ ਕਰਵਾਉਂਦਾ?"
"ਬਸ ਤੁਹਾਨੂੰ ਆਪਣੇ ਸੁਆਲ ਦਾ ਜੁਆਬ ਤੁਹਾਡੇ ਆਪਣੇ ਮੂੰਹੋਂ ਮਿਲ ਗਿਐ?"
ਚੰਦਨ ਸਾਹਿਬ ਸੋਚਣ ਲੱਗ ਪਏ ਇਹ ਮੈਂ ਕੀ ਕਹਿ ਬੈਠਾ।
ਸਾਡੇ ਪ੍ਰਵਾਸੀ ਸਾਹਿਤਕਾਰ ਜਦੋਂ ਇੰਡੀਆ ਜਾਂਦੇ ਹਨ ਤਾਂ ਇਹਨਾਂ ਦਾ ਹਲ੍ਹਕ ਦੇਖਣ ਵਾਲਾ ਹੁੰਦਾ ਹੈ। ਬਜੁਰਗ ਸਾਹਿਤਕਾਰ ਜਿਨ੍ਹਾਂ ਨੇ ਕਵਿਤਾਵਾਂ ਦੇ ਲਿਖ ਲਿਖ ਗਰੇ ਲਾਏ ਹੁੰਦੇ ਹਨ, ਉਹ ਆਪਣੇ 'ਮਾਸਟਰਪੀਸ' ਅਟੇਚੀ 'ਚੋਂ ਕੱਢ ਕੇ ਖਰੜਾ ਤਿਆਰ ਕਰ ਲੈਂਦੇ ਹਨ ਜਾਂ ਅੱਜ ਤੋਂ ਪੰਜਾਹ ਸਾਲ ਪਹਿਲਾਂ ਦੀਆਂ ਨਸਲਵਾਦ ਵਰਗੀਆਂ ਤੇ ਭੂਹ-ਹਰੇਵੇ ਵਰਗੀਆਂ ਸਮਸਿਆਵਾਂ (ਜਿਨ੍ਹਾਂ ਦਾ ਹੁਣ ਨਾਮੋਨਿਸ਼ਾਨ ਨਹੀਂ ਲੱਭਦਾ) 'ਤੇ ਗ੍ਰੰਥਾਂ ਵਰਗਾ ਨਾਵਲ ਲਿਖ ਕੇ ਇੰਡੀਆਂ ਲਿਜਾਂਦੇ ਹਨ ਤੇ ਪ੍ਰਕਾਸ਼ਕਾਂ ਤੋਂ ਆਪਣੀ ਖੱਲ ਲਹਾਉਂਦੇ ਹਨ। ਪ੍ਰਵਾਸੀ ਸਾਹਿਤਕਾਰਾਂ ਦੀ ਵਧੀਆ ਢੰਗ ਨਾਲ ਖੱਲ ਉਧੇੜਣ ਵਿਚ ਨਵਯੁੱਗ ਪਬਲਿਜ਼ਰ ਵਾਲਾ ਭਾਪਾ ਪ੍ਰੀਤਮ ਸਿੰਘ ਕਾਫੀ ਮੰਨਿਆ ਹੋਇਆ ਨਾਮ ਸੀ।ਸਿਆਲ ਦੀ ਰੁੱਤ ਦੇ ਸ਼ੁਰੂ ਹੁੰਦਿਆਂ ਹੀ ਪੰਜਾਬੀ ਪ੍ਰਕਾਸ਼ਕ ਆਪਣੇ ਉਸਤਰੇ ਤਿੱਖੇ ਕਰਕੇ ਬਿੰਗਾਂ ਨੂੰ ਧੂਫ-ਬੱਤੀ ਕਰਨੀ ਸ਼ੁਰੂ ਕਰ ਦਿੰਦੇ ਹਨ, ਕਿਉਂਕਿ ਪ੍ਰਵਾਸੀ ਪਰਿੰਦਿਆਂ ਨੇ ਪੰਜਾਬ ਇਸੇ ਰੁੱਤ ਵਿਚ ਉੱਡ ਕੇ ਆਉਣਾ ਹੁੰਦਾ ਹੈ। ਜਿਨ੍ਹਾਂ ਸਾਹਿਤਕਾਰਾਂ ਦਾ ਮਾੜਾ ਮੋਟਾ ਹੱਥ ਪੈਂਦਾ ਹੈ। ਉਹ ਆਪਣੇ ਰੂ-ਬਾ-ਰੂ ਸਮਾਗਮ ਅਤੇ ਗੋਸ਼ਟੀਆਂ ਕਰਵਾਉਣ ਵਿਚ ਰੁੱਝ ਜਾਂਦੇ ਹਨ। ਯੂਨੀਵਰਸਿਟੀਆਂ ਵਿਚ ਘੁੱਸਪੈਠ ਕਰਨੀ ਤੇ ਮਾਨਤਾ ਪ੍ਰਾਪਤ ਅਦਾਰਿਆਂ (ਜਿਵੇਂ ਪੰਜਾਬੀ ਸੱਥ ਜਾਂ ਭਾਸ਼ਾ ਵਿਭਾਗ ਆਦਿ) ਤੋਂ ਪੁਰਸਕਾਰ/ ਮਾਨ-ਸਨਮਾਨ ਲੈਣ ਲਈ ਜੁਗਾੜ ਲਾਉਣੇ ਇਸ ਤੋਂ ਉਪਰਲੇ ਡੰਡੇ ਦੇ ਲੇਖਕਾਂ ਦੇ ਨਸੀਬ ਵਿਚ ਆ ਜਾਂਦਾ ਹੈ। ਸਾਡੇ ਵਰਗੇ ਨੌਜਵਾਨ ਪ੍ਰਵਾਸੀ ਲੇਖਕ ਜਿਹੜੇ ਸ਼ਾਇਰੀ ਨੂੰ ਮਾੜਾ-ਮੋਟਾ ਮੂੰਹ ਮਾਰ ਲੈਂਦੇ ਹਨ, ਉਹ ਪ੍ਰਸੰਸਕ ਕੁੜੀਆਂ ਨਾਲ ਮਿਲਣੀਆਂ ਵਿਚ ਮਸਰੂਫ ਹੋ ਜਾਂਦੇ ਹਨ। ਕਈ ਵਾਰ ਤਾਂ ਉਹਨਾਂ ਨੇ ਇਹ ਪ੍ਰਸੰਸਕਾਂ ਬਹੁਤ ਥੋੜ੍ਹੇ ਸਮੇਂ ਦੇ ਨੋਟਿਸ ਵਿਚ ਪੈਦਾ ਕੀਤੀਆਂ ਹੋਈਆਂ ਹੁੰਦੀਆਂ ਹਨ। ਮੈਟਰੀਮੋਨੀਅਲ, ਡੇਟਿੰਗ ਅਤੇ ਹੁਣ ਫੇਸਬੁੱਕ ਇਸ ਕੰਮ ਲਈ ਵਧੀਆ ਔਜ਼ਾਰ ਹਨ।
ਸਾਡੇ ਇਕ ਇੰਗਲੈਂਡ ਦੇ ਨੌਜੁਆਨ ਗਜ਼ਲਗੋ (ਲੇਖਕ ਦੀ ਵਿਆਹੁਤਾ ਜ਼ਿੰਦਗੀ 'ਤੇ ਕੋਈ ਅਸਰ ਨਾ ਪਵੇ ਇਸ ਲਈ ਨਾਵਾਂ ਅਤੇ ਥਾਵਾਂ ਦੇ ਕੁਝ ਕੁ ਵੇਰਵੇ ਬਦਲ ਦਿੱਤੇ ਗਏ ਹਨ।) ਦੀਆਂ ਗਜ਼ਲਾਂ ਇੰਡੀਆ ਦੇ ਰਸਾਲੇ ਮੈਗਜ਼ੀਨਾਂ ਵਿਚ ਪ੍ਰਕਾਸ਼ਿਤ ਹੋਣ ਲੱਗ ਪਈਆਂ।ਜਿਵੇਂ ਆਮ ਹੁੰਦਾ ਹੈ ਕਿ ਇੰਡੀਆ ਦੇ ਪੇਪਰ ਰਚਨਾ ਨਾਲ ਲੇਖਕ ਦਾ ਜੀਵਨ ਬਿਉਰਾ ਅਤੇ ਪਤਾ ਵੀ ਛਾਪ ਦਿੰਦੇ ਹਨ।ਜਿਸ ਨਾਲ ਪਾਠਕਾਂ ਦਾ ਸਿੱਧਾ ਰਾਬਤਾ ਲਿਖਾਰੀ ਨਾਲ ਹੋ ਜਾਂਦਾ ਹੈ।ਗਜ਼ਲਕਾਰ ਦੇ ਕੁਝ ਪ੍ਰਸੰਸਕ ਵੀ ਬਣ ਗਏ, ਜਿਨ੍ਹਾਂ ਵਿਚ ਇਕ ਨੌਜਵਾਨ ਕੁੜੀ ਵੀ ਸੀ। ਕੁੜੀ ਬਾਹਰ ਆਉਣ ਲਈ ਆਪਣਾ ਦਾਅ ਲਾ ਰਹੀ ਸੀ ਤੇ ਗਜ਼ਲਗੋ ਇੰਡੀਆ ਵਿਚ ਜਾਣ ਵੇਲੇ ਆਪਣੀਆਂ ਛੁੱਟੀਆਂ ਸੁਹਾਵਣੀਆਂ ਬਣਾਉਣ ਦੇ ਚੱਕਰ ਵਿਚ ਸੀ। ਖਤੋ-ਖਿਤਾਬਤ ਹੁੰਦਾ ਰਿਹਾ। ਗੱਲ ਇੰਟਰਨੈਟ 'ਤੇ ਚੈਟਿੰਗ ਤੱਕ ਪਹੁੰਚ ਗਈ।ਈ-ਮੇਲ ਰਾਹੀਂ ਤਸਵੀਰਾਂ ਦਾ ਤਬਾਦਲਾ ਹੋ ਗਿਆ। 
ਬੇਸਬਰਾ ਹੋ ਕੇ ਸਾਡਾ ਗਜ਼ਲਗੋ ਇੰਡੀਆ ਚਲਾ ਗਿਆ।ਬਦਕਿਸਮਤੀ ਨਾਲ ਉਸਦੀ ਪ੍ਰਸੰਸਕਾ ਨੂੰ ਕਾਲਜ ਤੋਂ ਛੁੱਟੀਆਂ ਹੋ ਗਈਆਂ ਸਨ ਤੇ ਉਸ ਨੂੰ ਘਰੋਂ ਇਕੱਲੀ ਬਾਹਰ ਨਿਕਲਣ ਦੀ ਇਜ਼ਾਜਤ ਨਹੀਂ ਸੀ।ਪਰ ਉਹ ਈ-ਮੇਲ ਬਕਾਇਦਾ ਕਰਦੀ ਰਹੀ। ਗਜ਼ਲਗੋ ਵਿਚਾਰਾ ਮੱਛੀ ਵਾਂਗ ਤੜਫਿਆਂ ਪਿਆ ਸੀ। ਕਹੇ ਈ-ਮੇਲਾਂ ਤਾਂ ਇੰਗਲੈਂਡ ਵਿਚ ਵੀ ਪੜ੍ਹ ਸਕਦਾ ਸੀ।ਦੋ ਹਫਤੇ ਵਾਪਸ ਜਾਣ ਵਿਚ ਰਹਿ ਗਏ। 
ਗਜ਼ਲਗੋ ਦੀ ਰਿਸ਼ਤੇਦਾਰੀ ਵਿਚ ਇਕ ਐਤਵਾਰ ਨੂੰ ਅਖੰਠ ਪਾਠ ਸੀ।ਮੈਂ ਵੀ ਉਦੋਂ ਇੰਡੀਆ ਗਿਆ ਹੋਇਆ ਸੀ। ਮੈਨੂੰ ਫੋਨ ਕਰਕੇ ਉਹ ਕਹਿਣ ਲੱਗਾ, "ਅੰਬਰਸਰ 'ਖੰਡ ਪਾਠ 'ਤੇ ਜਾਣੈ। ਆਜਾ 'ਕੱਠੇ ਚੱਲਦੇ ਹਾਂ।"
ਮੈਂ ਸੋਚਿਆ ਚਲੋ ਬਹਾਨੇ ਨਾਲ ਦਰਬਾਰ ਸਾਹਿਬ ਮੱਥਾ ਟੇਕਿਆ ਜਾਵੇਗਾ। ਮੈਂ ਉਸ ਨਾਲ ਚਲਾ ਗਿਆ।ਅਸੀਂ ਅਜੇ ਸ਼ਹੀਦ ਬਾਬਾ ਦੀਪ ਸਿੰਘ ਦੀ ਸਮਾਧ ਲੰਘੇ ਹੀ ਸੀ ਕਿ ਗਜ਼ਲਗੋ ਨੂੰ ਉਸਦੀ ਉਸ ਪ੍ਰਸੰਸਕਾ ਦਾ ਫੋਨ ਆ ਗਿਆ ਕਿ ਉਹ ਅੰਬਾਲੇ ਕਿਸੇ ਸਹੇਲੀ ਦੇ ਵਿਆਹ ਆਪਣੀ ਭੈਣ ਨਾਲ ਆਈ ਹੋਈ ਸੀ ਤੇ ਮਿਲਣ ਲਈ ਇਹ ਢੁਕਵਾਂ ਮੌਕਾ ਸੀ।ਸਾਡਾ ਗਜ਼ਲਗੋ ਬੈਠਾ ਬੈਠਾ ਆਪਣੀ ਸੀਟ ਤੋਂ ਗਿੱਠ ਉੱਚਾ ਬੁੜਕਿਆ, "ਥੋਡੀ ਭੈਣ ਨੂੰਤੂੰ ਫੋਨ ਰੱਖ ਮੈਂ ਹੁਣੇ ਅੰਬਾਲੇ ਅੱਡੇ 'ਚ ਆ ਕੇ ਤੈਨੂੰ ਫੋਨ ਕਰਦਾਂਪਹਿਲੀ ਘੰਟੀ 'ਤੇ ਚੱਕ 'ਲੀ। ਤੇਰਾ ਆਹੀ ਨੰਬਰ ਆ ਨਾ?"
"ਹਾਂਜੀ।" ਫੋਨ ਕੱਟ ਦਿੱਤਾ ਗਿਆ।
"ਚਲੋ ਬਈ ਗੱਡੀ ਮੋੜੋ ਅੰਬਾਲੇ ਚੱਲੀਏ।"
ਸਾਡੇ ਡਰਾਇਵਰ ਤਾਰੀ ਨੇ ਗੱਡੀ ਦਾ ਰੁਖ ਅੰਬਲੇ ਵੱਲ ਨੂੰ ਕਰ ਦਿੱਤਾ।
"ਬਈ ਉਹਨੇ ਟਿਕਾਕੇ ਮਿਲੀਅਨ ਪੌਂਡ ਦਾ ਕੋਈ 'ਹਾਂਜੀ' ਕਿਹਾ।ਲਤਾ ਵਰਗੀ 'ਵਾਜ਼ ਸੀ।ਜੇ ਤੂੰ ਈ-ਮੇਲਾਂ ਪੜ੍ਹੇ ਇੰਗਲਿਸ਼ ਵੀ ਐਨੀ ਹਾਈ। ਮੈਨੂੰ ਐਨੇ ਸਾਲ ਇੰਗਲੈਂਡ ਵਿਚ ਰਹਿ ਕੇ ਨ੍ਹੀਂ ਉਨੀ ਆਈਆਪਾਂ ਰਾਹ 'ਚੋਂ ਕੋਈ ਗਿਫਟ ਗੂਫਟ ਨਾ ਲੈ ਲਈਏ?... ਤਾਰੀ, ਤੇਜ਼ ਚਲਾ ਆਪਾਂ 'ਨੰਦਾਂ ਤੋਂ ਪਹਿਲਾਂ ਪਹਿਲਾਂ ਪਹੁੰਚਣੈਬਸ ਐਦਾ ਈ ਖਿੱਚੀ ਚੱਲਹਾਰਨ ਤੋਂ ਹੱਥ ਨਾ ਚੱਕਪਾਸੇ ਕਰਾ ਟਰੱਕ ਵਾਲੇ ਨੂੰਗਾਣੇ ਗੂਣੇ ਜਿਹੇ ਲਾਉਣ ਨੂੰ ਛੱਡ। ਤੂੰ ਸੜਕ 'ਤੇ ਧਿਆਨ ਰੱਖਮੈਂ ਕੀ ਕਹਿਨਾਂ?… ਮੈਂ ਰੀਲ ਚੁੱਕ ਕੇ ਬਾਹਰ ਮਾਰੂੰਕਰ 'ਲੋ ਘਿਉ ਨੂੰ ਭਾਂਡਾਆਹ ਕਿਸੇ ਡੰਗਰ ਜਿਹੇ ਨੇ ਮੱਝਾਂ ਸੜਕ 'ਤੇ ਛੱਡ'ਤੀਆਂਹਾਰਨ ਮਾਰੀ ਚੱਲਓਏ ਕਰ ਲੈ ਹੁਣ ਮਾਂਵਾਂ ਨੂੰ ਛੇਤੀ ਛੇਤੀ ਪਾਸੇ।ਇੰਡੀਆ ਨ੍ਹੀਂ ਤਰੱਕੀ ਕਰ ਸਕਦਾਇਹਨਾਂ ਨੇ ਸੌ ਸਾਲ ਪਿਛੇ ਹੀ ਰਹਿਣੈਤਾਰੀ ਸਾਡੀ ਕੰਟਰੀ 'ਚ ਨ੍ਹੀਂ ਆਹ ਕੁਸ਼ ਹੈਗਾਪੁੱਛ ਲਾ ਬਲਰਾਜ ਨੂੰਕਿਉਂ ਬਲਰਾਜ?... ਸਾਡੇ ਉਥੇ 'ਗਲੈਂਡ 'ਚ ਪਸ਼ੂਆਂ ਲਈ ਅੱਡ ਈ ਫਾਰਮ ਬਣੇ ਹੋਏ ਆਉਥੇ ਜੇ ਆ ਕੰਮ ਹੋਜੇ ਤਾਂ ਸਾਡਾ ਐਮ ਸਿਕਸ ਮੋਟਰਵੇਅ ਤਾਂ ਹਰ ਵਾਲੇ ਬਲੌਕ ਹੀ ਰਹੇਅੱਧੀ ਇੰਗਲੈਂਡ ਦਾ ਕਾਰੋਬਾਰ ਠੱਪ ਹੋ ਜਾਏ।ਲੈ ਹੁਣ ਸਾਲੀ ਰਿਸ਼ੈਪਸ਼ਨ ਚਲੀ ਗਈਮੈਂ ਉਹਨੂੰ ਟੈਕਸਟ ਕਰਨਾ ਸੀ ਬਈ ਲੁਧਿਆਣਾ ਪਾਰ ਕਰ ਆਏਏਅਰਟੈਲ ਵੀ ਰੱਦੀ ਕੰਪਨੀ ਆਸਿੱਧੂ ਤੇਰਾ ਸਪਾਇਸ ਦਾ ਨੈਟਵਰਕ ਆਤੇਰੇ ਫੋਨ 'ਤੇ ਕਿੰਨੀਆਂ ਕੁ ਬਾਰਾਂ ਆਉਂਦੀਆਂ... ਵੂ ਈ ਹੈਵਲੁਦੇਆਣਾ ਸੌਰਟ 'ਚ ਕਿਵੇਂ ਲਿਖ ਹੋਊ? ਐਲ... ਦੇਖੀਂ ਤਾਂ ਸਪੈਲਿੰਗ ਠੀਕ ਨੇਆਹ ਚੱਕ, ਮੈਸਿਜ਼ ਸੈਂਟਮੋਬਾਇਲਾਂ ਤੇ ਇੰਟਰਨੈਟ ਦਾ ਕਿੰਨਾ ਫਾਇਦਾ ਹੋ ਗਿਐਸਾਡੇ ਵੇਲੇ ਜਦੋਂ ਅਸੀਂ ਇਥੇ ਪੜ੍ਹਦੇ ਹੁੰਦੇ ਸੀਮਹੀਨਾ ਮਹੀਨਾ ਲੈਟਰ ਈ ਕੁੜੀ ਨੂੰ ਫੜ੍ਹਾਉਂਣ ਦਾ ਮੌਕਾ ਨ੍ਹੀਂ ਸੀ ਲੱਗਦਾ ਹੁੰਦਾਲੈਟਰ ਜੇਬ 'ਚ ਈ ਪਾਟ ਜਾਣੇਹੁਣ ਭਲਾ ਸਵੇਰੇ ਡੇਟਿੰਗ ਸਾਈਟ 'ਤੇ ਕੁੜੀ ਲੱਭੋਸ਼ਾਮ ਨੂੰ ਵਿਆਹ ਕਰਾ 'ਲੋ।ਕਾਹਲੀ ਅੱਗੇ ਟੋਏਨਾਕਾਆਹ ਪੁਲਸ ਆਲੇ ਕੀਹਨੇ ਖੁੱਲ੍ਹੇ ਛੱਡ'ਤੇ?"
"ਗੱਡੀ ਸਾਇਡ 'ਤੇ ਲਾਓ।" ਪੁਲਿਸ ਕੰਸਟੇਬਲ ਨੇ ਹੱਥ ਦੇ ਕੇ ਰੁੱਕੀ, ਸਾਡੀ ਗੱਡੀ ਕੋਲ ਆ ਕੇ ਕਿਹਾ।
"ਸਿੱਧੂ ਕੱਢ ਆਵਦੇ ਐਸ ਐਸ ਪੀ ਜਿਹੇ ਦਾ ਕਾਰਡ।"
ਐਨੇ ਨੂੰ ਏ ਐਸ ਆਈ ਨੇ ਆ ਕੇ ਸਾਡੇ ਕੋਲੋਂ ਪੁੱਛਿਆ, "ਹਾਂ ਬਈ ਕਿਥੋਂ ਆਏਂ ਹੋ?"
'ਲੁਧਿਆਣਿਉਂ।' ਤਾਰੀ ਨੇ ਜੁਆਬ ਦਿੱਤਾ।
"ਕਾਗਜ਼ ਪੂਰੇ ਆ। ਆਰ ਸੀ, ਇੰਸ਼ੋਰੰਸ, ਲਸੰਸ?"
"ਹਾਂ ਜੀ।"
"ਆ ਐਸ ਐਸ ਪੀ ਸਿੰਘਦਾ ਬੰਦਾ ਬੈਠਾ ਪਿਛੇ। ਆ ਦੇਖੋ ਕਾਰਡ ਉਦੇ ਸੈਨ ਕੀਤੇ ਹੋਏ ਆ।" ਸਾਡੇ ਗਜ਼ਲਗੋ ਤੋਂ ਰਹਿ ਨਾ ਹੋਇਆ ਤੇ ਏ ਐਸ ਆਈ ਥੋੜ੍ਹਾ ਖਿਝ ਕੇ ਬੋਲਿਆ, "ਮੈਂ ਤੈਨੂੰ ਪੁੱਛਿਆ? ਮੈਂ ਡਰਾਇਵਰ ਨਾਲ ਗੱਲ ਕਰਦਾਂਪਲਿਊਸ਼ਨ?"
"ਆ ਹਰਾ ਜਿਹਾ ਫਲਤਰਾ ਤਾਂ ਲੱਗਿਆ ਸ਼ੀਸ਼ੇ 'ਤੇ।" ਸਾਡਾ ਗਜ਼ਲਗੋ ਫਿਰ ਵੀ ਬਾਜ ਨਾ ਆਇਆ।
"ਚੰਗਾ ਜਾਓ।"
"ਭੈਣ ਮਰੌਣੇ ਪੈਸੇ ਝਾੜਨ ਨੂੰ ਖੜ੍ਹੇ ਸੀ।ਇਹ ਤਾਂ ਚਗਲ ਜਿਹਾ ਆਪਣੀ ਟੌਰ 'ਤੇ ਆ ਸਿੱਧੂ ਤੇਰੇ ਵੀ ਆਈ ਪੀ ਕਾਰਡ ਕਰਕੇ ਡਰ ਗਿਆ।ਨਹੀਂ ਤਾਂ ਸਾਲੇ ਨੇ ਇਥੇ ਹੀ ਆਥਣ ਪਾ ਦੇਣਾ ਸੀ।ਇਹ ਹਰਾਮਦੇ ਹੁੰਦੇ ਆਤੈਨੂੰ ਚੁਟਕਲਾ ਸੁਣਾਉਨਾਂ। ਇਕ ਵਾਰ ਇਕ ਮਰਾਸੀ ਬੱਸ 'ਚ ਪੀਪਾ ਲਈ ਬੈਠਾ ਸੀ। ਦੋ ਪੁਲਸ ਆਲੇ ਚੜ੍ਹੇ ਤੇ ਉਹਦੇ ਪੀਪੇ 'ਤੇ ਡੰਡਾ ਮਾਰਕੇ ਕਹਿੰਦੇ ਇਹਦੇ 'ਚ ਕੀ ਹੈ? ਮਰਾਸੀ ਕਹਿੰਦਾ, ਜੀ ਪੰਜੀਰੀ ਆ ਘਰਵਾਲੀ ਦੇ ਜੁਆਕ ਹੋਇਐ ਸਾਹੁਰੀਂ ਚੱਲਿਆਂ। ਹੋਰ ਇਹਦੇ 'ਚ ਕਿਹੜਾ ਟੁੰਬਾਂ ਹੋਣੀਆਂ। ਪੁਲਸ ਵਾਲੇ ਕਹਿੰਦੇ ਕਿੰਨਾ ਚਿਰ ਹੋ ਗਿਆ ਤੈਨੂੰ ਘਰਵਾਲੀ ਨੂੰ ਮਿਲੇ ਨੂੰ? ਮਰਾਸੀ ਕਹਿੰਦਾ ਜੀ ਦੂਜਾ ਸਾਲ ਹੋ ਗਿਆ। ਪੁਲਸ ਵਾਲੇ ਹੱਸ ਕੇ ਕਹਿਣ ਲੱਗੇ ਨਿਆਣਾ ਫੇਰ ਤੇਰਾ ਨੀ ਉਹ ਤਾਂ ਹਰਾਮ ਦਾ ਹੈ। ਮਰਾਸੀ ਬੋਲਿਆ ਚਲੋ ਆਪਾਂ ਕਿਹੜਾ ਘਰੇ ਰਖਣੈ ਪੁਲਸ 'ਚ ਹੀ ਭਰਤੀ ਕਰਾ ਦੇਣੈ।"
ਖੰਨਾ ਲੰਘਦੇ ਹੋਏ ਅਸੀਂ ਮੁਨਿਆਰੀ ਦੀ ਇਕ ਦੁਕਾਨ ਤੋਂ ਰੁੱਕ ਕੇ ਸਾਢੇ ਅੱਠ ਸੌ ਦਾ ਪਰਫਿਊਮ ਤੇ ਢੇਡ ਸੌ ਦਾ ਕਾਰਡ ਲਿਆ। ਗਜ਼ਲਗੋ ਮੈਨੂੰ ਪੁੱਛਣ ਲੱਗਾ ਉਹ ਉਸ ਵਿਚ ਕੀ ਲਿਖੇ? ਮੈਂ ਸੋਚਣ ਲੱਗ ਪਿਆ। ਉਹ ਆਪ ਹੀ ਬੋਲ ਪਿਆ, "ਮੇਰੀ ਗਜ਼ਲ ਦਾ ਇਕ ਸ਼ੇਅਰ ਹੈ ਉਹ ਲਿਖ ਦਿਆਂ?"
ਸ਼ੇਅਰ ਦੇ ਅਰਥ ਬਣਦੇ ਸਨ ਕਿ ਮੇਰੇ ਕੋਲ ਤੈਨੂੰ ਦੇਣ ਲਈ ਕੋਈ ਤੋਹਫਾ ਨਹੀਂ ਸੀ ਇਸ ਲਈ ਆਪਣਾ ਦਿਲ ਦੇ ਰਿਹਾ ਹਾਂ।
ਮੈਂ ਉਸ ਨੂੰ ਕਿਹਾ ਕਿ ਦੇ ਤੂੰ ਪ੍ਰਫਿਊਮ ਰਿਹਾ ਹੈਂ ਤੇ ਆਖਦਾ ਹੈਂ ਦਿਲ। ਉਹ ਮੈਨੂੰ ਪੁੱਛਣ ਲੱਗਾ ਫੇਰ ਕੀ ਲਿਖੀਏ। ਮੈਂ ਕਿਹਾ ਤੂੰ ਸ਼ਾਇਰ ਹੈਂ ਕੁਝ ਉਚਾਰ।
"ਸ਼ਾਇਰੀ ਏਸ ਵਾਲੇ ਸੁਝਦੀ ਹੈ। ਮੈਂ ਹੱਥਾਂ ਪੈਰਾਂ ਵਿਚ ਆਇਆ ਪਿਆਂ। ਲੱਗਦੇ ਸ਼ਾਇਰੀ ਦੇ। ਦੱਸ ਫੇਰ ਕੁਸ਼…?"
"ਤੂੰ ਲਿਖਦੇ ਕਿ ਇਹ ਪ੍ਰਫਿਊਮ ਮੈਂ ਤੈਨੂੰ ਇਸ ਲਈ ਦੇ ਰਿਹਾ ਹਾਂ ਤਾਂ ਕਿ ਤੇਰੇ ਖੂਸਬੂਦਾਰ ਬਦਨ ਨਾਲ ਲੱਗ ਕੇ ਇਹ ਵੀ ਮਹਿਕ ਜਾਏ।"
"ਹਾਂ, ਆਹ ਗੱਲ ਬਣੀ। ਪਰ ਤੂੰ ਮੈਨੂੰ ਇੰਗਲਿਸ਼ ਵਿਚ ਲਿਖਕੇ 'ਦੇ।ਕੀ ਬਣੂ ਇਹਦੀ ਇੰਗਲੀਸ਼।"
"ਲਿਆ ਫੜ੍ਹਾਵੱਡੇ ਇੰਗਲੈਂਡੀਏ।" ਮੈਂ ਲਿਖ ਦਿੱਤਾ।
ਅਸੀਂ ਸਫਰ ਜਾਰੀ ਕਰ ਦਿੱਤਾ।
"…ਅੱਛਾ ਮੈਨੂੰ ਦੱਸ ਮੈਂ ਉਹਦੇ ਨਾਲ ਗੱਲ ਕੀ ਕਰੂੰ?... ਦੱਸ ਯਾਰ ਤੇਰਾ ਐਕਸਪੀਰੀਐਂਸ ਮੇਰੇ ਨਾਲੋਂ ਜ਼ਿਆਦੇ ਆ। ਔਰਤ ਮਰਦ ਸਬੰਧਾਂ 'ਤੇ ਐਮ ਵੱਨ ਜੀਡੀਆਂ ਜੀਡੀਆਂ ਕਹਾਣੀਆਂ ਲਿਖੀ ਜਾਨੈ।ਅੰਬਾਲਾ ਆ ਗਿਆ ਹੈਲਪ ਕਰ ਮੇਰੀ..."
"ਤੇਰੇ ਵਾਂਗੂੰ ਨਾ ਆਪਣੇ ਉਥੇ ਇੰਗਲੈਂਡ ਵਿਚ ਇੰਡੀਆ ਤੋਂ ਨਵੀਂ ਨਵੀਂ ਕੁੜੀ ਆਈ। ਉਹਦੀ ਕਿਤੇ ਆਪਣੇ ਬ੍ਰਿਟਿਸ਼ ਬੌਰਨ ਨਾਲ ਡੇਟ ਸੈਟ ਹੋ ਗਈ। ਉਹ ਆਪਣੀ ਸਹੇਲੀ ਨੂੰ ਪੁੱਛਣ ਲੱਗੀ ਮੈਨੂੰ ਤਾਂ ਇੰਗਲਿਸ਼ ਨ੍ਹੀਂ ਆਉਂਦੀ ਮੈਂ ਕੀ ਕਰੂੰਗੀ ਤੂੰ ਮੈਨੂੰ ਇੰਗਲਿਸ਼ ਸਿਖਾਦੇ। ਉਹਦੀ ਸਹੇਲੀ ਕਹਿੰਦੀ ਇਹ ਕਿਹੜੀ ਗੱਲ ਹੈ। ਉਹ ਡੇਟ ਦੌਰਾਨ ਤੈਨੂੰ ਟੱਚ ਕਰਨ ਦੀ ਕੋਸ਼ਿਸ਼ ਕਰੂਗਾ। ਤੂੰ ਕਹਿ ਦੇਈਂ ਡੌਂਟ। ਫਿਰ ਤੈਨੂੰ ਗਰਮਾ ਕੇ ਉਹ ਕਿੱਸ ਕਰਨ ਦੀ ਟਰਾਈ ਕਰੂ ਤੂੰ ਕਹਿ ਦੇਈਂ ਸਟੌਪ। ਬੱਸ ਐਨਾ ਕੰਮ ਹੈ। 
ਅਗਲੇ ਦਿਨ ਇੰਡੀਆ ਵਾਲੀ ਕੁੜੀ ਆਪਣੀ ਸਹੇਲੀ ਨੂੰ ਮਿਲੀ ਤਾਂ ਉਹਦੀ ਸਹੇਲੀ ਪੁੱਛਣ ਲੱਗੀ ਕਿਵੇਂ ਰਿਹਾ ਤਾਂ ਇੰਡੀਆ ਵਾਲੀ ਕਹਿੰਦੀ ਉਵੇਂ ਹੀ ਹੋਇਆ ਜਿਵੇਂ ਤੂੰ ਕਿਹਾ ਸੀ। ਉਹਨੇ ਦੋਨੇ ਗੱਲਾਂ ਇਕੱਠੀਆਂ ਕਰ ਦਿੱਤੀਆਂ। ਮੈਂ ਦੋਨੇ ਗੱਲਾਂ ਇਕੱਠੀਆਂ ਕਹਿ ਦਿੱਤੀਆਂ, ਡੌਂਟ ਸਟੌਪ (ਰੁਕ ਨਾਂਹ!)" ਮੈਂ ਆਪਣਾ ਜੁਆਬ ਦੇ ਦਿੱਤਾ।
"ਤੁਹਾਨੂੰ ਮਜ਼ਾਕ ਸੁਝਦੈ, ਮੈਨੂੰ ਮੁੜ੍ਹਕਾ ਆਈ ਜਾਂਦੈ। ਡਿਉਡਰੈਂਟ ਜਿਹੀ ਕੋਈ ਹੈਗੀ? ਏਦਾਂ ਕਰਿਉ ਸਿੱਧੂ ਆਪਾਂ ਕਿਸੇ ਆਇਸਕ੍ਰੀਮ ਬਾਰ ਜਾਂ ਰੈਸਟੋਰੈਂਟ ਵਿਚ ਉਹਨਾਂ ਨੂੰ ਲੈ ਚੱਲਾਂਗੇ। ਤੁਸੀਂ ਉਹਦੀ ਭੈਣ ਨੂੰ ਬਿਜ਼ੀ ਰੱਖਿਓ। ਅਸੀਂ ਅੱਡ ਬੈਠ ਕੇ ਆਪਣਾ ਦੁੱਖ-ਸੁੱਖ ਕਰ ਲਵਾਂਗੇਨਹੀਂ ਨਹੀਂ ਪਹਿਲੀ ਵਾਰੀ ਮਿਲਣੈ ਉਹ ਕਹੂ ਮੁੰਡੀਹਰ ਨਾਲ ਲੈ ਆਇਐ।ਨਾ ਬਾਬਾ ਰਹਿਣ ਦੋ ਕਿਤੇ ਇਹ ਨਾ ਹੋਵੇ ਲਾੜਾ ਰਹਿ'ਜੇ ਤੇ ਬਰਾਤੀ ਲੈ 'ਜੇ।ਤਾਰੀ ਰੋਕ ਓਏ ਆਹ ਢਾਬੇ 'ਤੇ ਗੱਡੀ। ਤੁਸੀਂ ਐਥੇ ਰੋਟੀ ਖਾਓ, ਮੈਂ ਗੱਡੀ ਲੈ ਕੇ ਜਾਨਾਂ। ਮੈਂ ਇਥੇ ਹੀ ਤੁਹਾਨੂੰ ਆ ਕੇ ਮਿਲ ਲਊਂ।"
ਐਨੇ ਨੂੰ ਵਿਆਕੁਲ ਪ੍ਰਸੰਸਕਾ ਦਾ ਫੋਨ ਆ ਗਿਆ, "ਤੁਸੀਂ ਕਿਥੇ ਹੋ? ਮੈਂ ਅੱਡੇ ਵਿਚ ਖੜ੍ਹੀ ਤੁਹਾਡੀ ਉਡੀਕ ਕਰ ਰਹੀ ਹਾਂ। ਤੁਹਾਡੀ ਗੱਡੀ ਕਿਹੜੀ ਤੇ ਨੰਬਰ ਕੀ ਹੈ?"
"ਤਾਰੀ ਗੱਡੀ ਦਾ ਨੰਬਰ ਕੀ ਹੈ ਆਪਣਾ?" ਸਾਡੇ ਗਜ਼ਲਗੋ ਨੇ ਫੋਨ 'ਤੇ ਹੱਥ ਰੱਖ ਕੇ ਪੁੱਛਿਆ।
ਮੈਂ ਉਸਨੂੰ ਇਸ਼ਾਰੇ ਨਾਲ ਆਖ ਦਿੱਤਾ ਕਿ ਸਹੀ ਨੰਬਰ ਨਾ ਦੇਵੇ। ਉਸ ਨੇ ਐਸਾ ਹੀ ਕੀਤਾ।ਗਲਤ ਨੰਬਰ ਲਿਖਾ ਦਿੱਤਾ। ਉਧਰੋਂ ਨੀਲੇ ਸੂਟ ਦੀ ਨਿਸ਼ਾਨੀ ਦੱਸੀ ਗਈ। ਉਸ ਉਪਰੰਤ ਗਜ਼ਲਗੋ ਨੇ ਮੈਨੂੰ ਇਸਦਾ ਕਾਰਨ ਪੁੱਛਿਆ ਤਾਂ ਮੈਂ ਉਹਨੂੰ ਦੱਸਿਆ ਕਿ ਬਲਾਇੰਡ ਡੇਟ ਕਈ ਵਾਰੀ ਧਰਤੀ ਤੋਂ ਅਸਮਾਨ ਵਿਚ ਲਿਜਾਣ ਦੀ ਬਜਾਏ ਪਤਾਲ ਵਿਚ ਸਿੱਟ ਦਿੰਦੀ ਹੈ। ਤੂੰ ਉਸ ਨੂੰ ਮਿਲਿਆ ਨਹੀਂ ਕੀ ਪਤਾ ਉਹ ਕਿਹੋ ਜਿਹੀ ਲੱਗਦੀ ਹੈ?
"ਲੈ ਮੈਨੂੰ ਉਹਨੇ ਫੋਟੋਆਂ ਈ-ਮੇਲ ਕੀਤੀਆਂ ਸੀ। ਕੈਟਰੀਨਾ ਕੈਫ ਵਰਗੀ ਹੈ।"
ਸਾਨੂੰ ਢਾਬੇ ਉੱਤੇ ਉਤਾਰ ਕੇ ਉਹ ਚਲਾ ਗਿਆ। ਉਹ ਢਾਬਾ ਬਹੁਤ ਘਟੀਆ ਜਿਹਾ ਸੀ। ਮੈਂ ਤਾਰੀ ਨੂੰ ਕਿਹਾ ਕੋਈ ਹੋਰ ਚੰਗਾ ਜਿਹਾ ਰੈਸਟੋਰੈਂਟ ਲੱਭਦੇ ਹਾਂ। ਖਾਣਾ ਖਾਹ ਕੇ ਮੁੜ ਆਵਾਂਗੇ।ਵਧੀਆ ਰੈਸਟੋਰੈਂਟ ਦੀ ਤਲਾਸ਼ ਵਿਚ ਅਸੀਂ ਕਾਫੀ ਅੱਗੇ ਨਿਕਲ ਗਏ। ਰਸਤੇ ਵਿਚ ਮੈਨੂੰ ਤਾਰੀ ਕਹਿੰਦਾ, "ਬਾਈ ਮੈਂ ਤੇਰਾ ਚੇਲਾ ਬਣ ਜਾਣੈ। ਆਪਾਂ ਹੁਣੇ ਪੱਗ ਤੇ ਲਲੇਰੇ ਜਿਹਾ ਨਿਕੜ ਸੁਕੜ ਲੈ ਲੈਂਦੇ ਆਂ। ਮੈਨੂੰ ਲੇਖਕ ਬਣਾ'ਦੇ 'ਕੇਰਾਂ। ਮੈਨੂੰ ਤਾਂ ਪਤਾ ਈ ਨਹੀਂ ਸੀ ਲਿਖਾਰੀਆਂ ਉੱਤੇ ਕੁੜੀਆਂ ਇਉਂ ਮਰਦੀਆਂ ਫਿਰਦੀਆਂ। ਤੁਸੀਂ ਤਾਂ ਟੀਸੀ ਵਾਲੇ ਬੇਰ ਤੋੜਦੇ ਹੋ।"
ਉਹਦੀ ਗੱਲ ਨੂੰ ਮੈਂ ਹੱਸ ਕੇ ਟਾਲ ਦਿੱਤਾ ਤੇ ਅਸੀਂ ਇਕ ਰੈਸਟੋਰੈਂਟ ਵਿਚ ਵੜ੍ਹ ਗਏ।
ਦੋ ਘੰਟੇ ਬਾਅਦ ਅਸੀਂ ਮੁੜੇ ਤਾਂ ਸਾਡਾ ਗਜ਼ਲਗੋ ਗੱਡੀ ਦੀ ਸੀਟ ਦੀ ਢੋਅ ਥੋੜ੍ਹੀ ਪਿੱਛੇ ਨੂੰ ਉਲਾਰੀ ਅੱਖਾਂ ਮਿਚੀ ਪਿਆ ਸੀ। ਤਾਰੀ ਮੈਨੂੰ ਕਹਿੰਦਾ, "ਦੇਖ ਲੈ ਹਜੇ ਵੀ ਕੈਟਰੀਨਾ ਕੈਫ ਦੇ ਈ ਸੁਪਨੇ ਲਈ ਜਾਂਦੈ।"
"ਹੂੰ, ਅੱਜ ਨ੍ਹੀਂ ਸੌਂਦਾ ਇਹ।" ਮੈਂ ਹੁੰਗਾਰਾ ਭਰਿਆ।
ਗੱਡੀ ਕੋਲ ਜਾ ਕੇ ਅਸੀਂ ਉਸਨੂੰ ਉਠਾਇਆ, "ਹਾਂ ਬਈ ਕੀ ਬਣਿਆਂ ਰਾਂਝਿਆ?"
"ਕਿੱਥੇ ਮਰ'ਗੇ ਸੀ ਤੁਸੀਂ? ਮੈਂ ਕਦੋਂ ਦਾ ਉਡੀਕੀ ਜਾਨੈ। ਮੇਰੀ ਬੇਟਰੀ ਵੀ ਫਲੇਟ ਹੋਗੀ।"
"ਅੱਛਾ? ਐਨਾ ਜ਼ੋਰ ਲਵਾ'ਤਾ? ਕੋਈ ਨ੍ਹੀਂ ਤੈਨੂੰ ਸ਼ਿਲਾਜੀਤ ਤੇ ਸੋਨੇ ਦੀ ਭਸਮ ਚਾਰਦੇ ਹਾਂ ਚੱਲਕੇ।" ਮੈਂ ਟਿਚਰ ਕਰੀ।
"ਫੋਨ ਦੀ ਕਹਿਨਾਂ।"
"ਨਾ ਤੂੰ ਸੁਣਾ ਕਿੰਝ ਰਾਤ ਮੁਕਲਾਵੇ ਦੀ ਗੁਜ਼ਾਰੀ ਬੱਲੀਏ, ਕੀ ਹੋਇਆ?"
"ਹੋਇਆ ਕੀ ਸੁਆਹ ਦੀ ਖੇਹ। ਜਿਵੇਂ ਆਪਾਂ ਗਲਤ ਨੰਬਰ ਦੱਸਿਆ, ਉਵੇਂ ਉਹਨੇ ਗਲਤ ਸੂਟ ਦੱਸਿਆ।ਮੈਂ ਨੀਲਾ ਸੂਟ ਟੋਲਾ, ਉਹ ਪੀ ਬੀ ੧੦ਲੱਭੇ। ਦਸਾਂ ਮਿੰਟਾਂ ਬਾਅਦ ਮੈਂ ਅੱਕ ਕੇ ਫੋਨ ਕੀਤਾ। ਮੇਰੇ ਸਾਹਮਣੇ ਖੜ੍ਹੀਆਂ ਦੋ ਗੁਲਾਬੀ ਸੂਟਾਂ ਵਾਲੀਆਂ 'ਚੋਂ ਇਕ ਨੇ ਚੱਕ ਲਿਆ। ਸ਼ਕਲ ਦੇਖ ਕੇ ਮੇਰੇ ਤਾਂ ਮਾਪੇ ਈ ਮਰ'ਗੇ। ਤਵੇ ਅਰਗਾ ਰੰਗ। ਸਾਰਾ ਮੂੰਹ ਫਿਣਸੀਆਂ ਨਾਲ ਭਰਿਆ ਪਿਆ। ਭੈਣ 'ਚੋਚੁੜੇਲ ਜਿਹੀ ਲੱਗੇ। ਨਾ ਮੈਂ ਭੱਜਣ ਜੋਗਾ।ਆਈਸ ਕ੍ਰੀਮ ਬਾਰ 'ਚ ਲੈ ਗਈਆਂ। ਮੇਰੇ ਢਾਈ ਸੌ ਵੇਸਟ ਕਰਵਾ'ਤੇ। ਮੇਰੀਆਂ ਗਜ਼ਲਾਂ ਦੇ ਸ਼ੇਅਰਾਂ ਦੀ ਤਰੀਫ ਨਾ ਕਰਨੋਂ ਹਟੇ, ਮੈਂ ਅੱਕ ਕੇ ਕਹਿ ਦਿੱਤਾ। ਮੇਰੀਆਂ ਮੂਰੀਆਂ ਨ੍ਹੀਂ ਲਿਖੀਆਂ ਇਹ ਮੈਂ ਤਾਂ ਸਾਡਾ ਇਕ ਘਾਣੀਕਾਰ ਜਿਹੈ, ਬਲਰਾਜ ਸਿੱਧੂ ਉਹਦੀਆਂ ਚੋਰੀ ਕਰਕੇ ਛਪਵਾਈਆਂ ਸੀ।"
"ਤੂੰ ਮੇਰਾ ਨਾਂ ਕਿਉਂ ਲਿਆ?" ਮੈਂ ਭੜਕਿਆ।
"ਹੋਰ ਮੈਂ ਕੀ ਕਰਦਾ। ਖਹਿੜਾ ਤਾਂ ਛਡਾਉਣਾ ਸੀ।ਸੁਆਦ ਹੀ ਖਰਾਬ ਕਰਤਾ।ਇਹਦੂੰ ਤਾਂ 'ਖੰਡ ਪਾਠ 'ਤੇ ਈ ਕੁਸ਼ ਨਾ ਕੁਸ਼ ਮਿਲ ਜਾਣਾ ਸੀ।ਬਾਰਾਂ ਸੌ ਨੂੰ ਥੁੱਕ ਲੱਗ ਗਿਆ। ਤੇਲ ਤੇ ਟੈਮ ਵਾਧੂ ਦਾ। ਤੂੰ ਠੀਕ ਕਿਹਾ ਸੀ।"
"ਖਹਿੜਾ ਹੀ ਛੁਡਾਉਣਾ ਸੀ ਤਾਂ ਬਾਬਾ ਮਾਰ ਦਿੰਦਾ।"
"ਕੀ ਮਤਲਬ?"
"ਤੇਰੇ ਵਰਗੀ ਇੰਨ-ਬਿੰਨ ਸਿਚੁਏਸ਼ਨ ਪੈਦਾ ਹੋ ਗਈ ਸੀ ਕਿਸੇ ਮੁੰਡੇ ਕੁੜੀ ਦੀ। ਬਲਾਇੰਡ ਡੇਟ। ਕੁੜੀ ਨੂੰ ਮੁੰਡਾ ਨਾ ਪਸੰਦ ਤੇ ਮੁੰਡੇ ਨੂੰ ਕੁੜੀ ਨਾ ਪਸੰਦ। ਕਾਫੀ ਦੇਰ ਚੁੱਪ ਬੈਠੇ ਰਹੇ। ਫੇਰ ਮੁੰਡੇ ਨੇ ਕਿਹਾ, ਮਾਫ ਕਰਨਾ ਮੈਂ ਘਰੇ ਜਰ੍ਹਾ ਫੋਨ ਕਰ ਲਵਾਂ। ਫੋਨ ਕਰਨ ਮਗਰੋਂ ਮੁੰਡਾ ਅਫਸੋਸਿਆ ਜਿਹਾ ਮੂੰਹ ਬਣਾ ਕੇ ਕੁੜੀ ਨੂੰ ਕਹਿੰਦਾ ਮੈਨੂੰ ਜਾਣਾ ਪੈਣਾ ਹੈ ਮੇਰਾ ਬਾਬਾ ਮਰ ਗਿਆ ਹੈ। ਕੁੜੀ ਕਹਿੰਦੀ ਚਲੋ ਸ਼ੁਕਰ ਹੈ ਨਹੀਂ ਮੇਰਾ ਬਾਬਾ ਮਰ ਜਾਣਾ ਸੀ।" 
ਅਸੀਂ ਗੱਡੀ ਵਿਚ ਬੈਠ ਕੇ ਵਾਪਸੀ ਦੇ ਰਾਹ ਪਏ ਤਾਂ ਤਾਰੀ ਮੇਰੇ ਵੱਲ ਧੌਣ ਕਰਕੇ ਬੋਲਿਆ, "ਬਾਈ ਮੈਂ ਨ੍ਹੀਂ ਤੇਰਾ ਚੇਲਾ ਚੂਲਾ ਬਣਨਾ। ਜੇ ਲਿਖਾਰੀਆਂ ਨਾਲ ਐਨੀ ਕੁੱਤੇ ਖਾਣੀ ਹੁੰਦੀ ਆ ਤਾਂਮੇਰੀ ਤਾਂ ਗਰੀਬ ਦੀ ਦੋ ਹਜ਼ਾਰ ਰੁਪਈਆ ਮਹੀਨੇ ਦੀ ਤਨਖਾਹ ਆ। ਮੈਂ ਤਾਂ ਇਕੇ ਦਿਨ 'ਚ ਉੜਾਦਿਆ ਕਰੂੰ।"
"ਨਾ ਕੈਟਰੀਨਾ ਕੈਫ ਐਵੇਂ ਮਿਲ ਜਾਂਦੀ ਹੈ? ਕਿਉਂ ਬਈ ਅਕਸ਼ੇ ਕੁਮਾਰ?"
ਸਾਡੇ ਗਜ਼ਲਗੋ ਨੇ ਖਿੱਝ ਕੇ ਦੰਦ ਪੀਂਹਦਿਆਂ ਡੈਸ਼ਬੋਰਡ ਤੋਂ ਚੁੱਕ ਕੇ ਚਾਰ ਪੰਜ ਆਡੀਉ ਕੈਸਟਾਂ ਮੇਰੇ ਉੱਤੇ ਵਗਾਹ ਮਾਰੀਆਂ।
ਯਾਦਵਿੰਦਰ ਸਿੱਧੂ ਦਾ ਪੇਂਡੂ ਸ਼ੇਰਜੀਤ ਸਿੱਧੂ ਇਕ ਵਾਰ ਦੋ ਲੇਖ ਲੈ ਕੇ ਮੇਰੇ ਦਫਤਰ ਆਇਆ ਛਪਣ ਲਈ।ਮੈਂ ਸਰਸਰੀ ਜਿਹੀ ਨਿਗਾਹ ਮਾਰੀ। ਲੇਖ ਪੰਜਾਬੀ ਫਿਲਮਾਂ ਵਾਲਿਆਂ ਬਾਰੇ ਸੀ।ਦਿਲਚਸਪ ਸੀ। ਮੈਂ ਉਹਨੂੰ ਛਾਪਣ ਦਾ ਵਾਅਦਾ ਕਰ ਦਿੱਤਾ। ਜਦੋਂ ਮੈਂ ਦੂਜੇ ਲੇਖ 'ਤੇ ਨਿਗਾਹ ਮਾਰੀ ਤਾਂ ਉਸ ਉੱਤੇ ਸ਼ੇਰਜੀਤ ਦੀ ਬਜਾਏ ਕਿਸੇ ਕੁੜੀ ਦਾ ਨਾਮ ਸੀ। ਸੈਕਸੀ ਜਿਹਾ ਨਾਮ।ਮੇਰੇ ਪੁੱਛਣ 'ਤੇ ਉਹਨੇ ਦੱਸਿਆ ਕਿ ਕਿਸੇ ਦੋਸਤ ਕੁੜੀ ਦਾ ਹੈ। ਇੰਡੀਆ ਰਹਿੰਦੀ ਹੈ ਤੇ ਨਵੀਂ ਨਵੀਂ ਲਿਖਣ ਲੱਗੀ ਹੈ। ਮੈਂ ਬਾਅਦ ਵਿਚ ਜਦੋਂ ਮੈਡਮ ਦਾ ਲੇਖ ਪੜ੍ਹ ਰਿਹਾ ਸੀ ਤਾਂ ਮੈਨੂੰ ਲੱਗਾ ਕਿ ਉਹ ਲੇਖ ਪਹਿਲਾਂ ਵੀ ਕਿਧਰੇ ਪੜ੍ਹਿਆ ਹੈ। ਫਿਰ ਇਹ ਸੋਚਿਆ ਕਿ ਸ਼ਾਇਦ ਮੇਰਾ ਭੁਲੇਖਾ ਹੋਵੇਗਾ।ਲੇਖ ਕੰਪੋਜ਼ ਕਰਕੇ ਜਦੋਂ ਪਰੂਫਰੀਡਿੰਗ ਕਰਨ ਲੱਗਾ ਤਾਂ ਫੇਰ ਮੇਰੇ ਮਨ ਵਿਚ ਆਇਆ ਕਿ ਜ਼ਰੂਰ ਕਿਤੇ ਪੜ੍ਹਿਆ ਹੈ। ਮੈਂ ਕੁਝ ਮੈਗਜ਼ੀਨ ਫਰੋਲੇ ਤਾਂ 'ਕਲਾਕਾਰ' ਮੈਗਜ਼ੀਨ ਵਿਚ ਮੈਨੂੰ ਉਹ ਲੇਖ ਮਿਲ ਗਿਆ, ਪਰ ਉਥੇ ਲੇਖਕ ਦਾ ਨਾਮ ਹੋਰ ਸੀ ਤੇ ਉਹ ਲੇਖਕ ਵੀ ਇੰਗਲੈਂਡ ਦਾ ਸੀ। ਮੈਂ ਸ਼ੇਰਜੀਤ ਨੂੰ ਇਸ ਬਾਰੇ ਦੱਸਿਆ ਤਾਂ ਉਹ ਕਹਿਣ ਲੱਗਾ, "ਮੇਰਾ ਲੇਖ ਭਲਾਂ ਰਹਿਣ ਦੇਈਂ। ਪਰ ਤੂੰ ਉਹਦਾ ਛਾਪ ਦੇਈ। ਪੰਜਾਬੀ ਦੇ ਸੰਪਾਦਕ ਤਾਂ ਬੰਦਾ ਖਾਹ ਕੇ ਡਕਾਰ ਨਾ ਮਾਰਨ। ਤੈਥੋਂ ਐਨੀ ਗੱਲ ਨਹੀਂ ਸਾਂਭ ਹੁੰਦੀ।"
"ਪਰ ਜੀਹਦਾ ਲੇਖ ਹੈ। ਉਹ ਨਾ ਪਿਟੂਗਾ?"
"ਇਥੇ ਬੜ੍ਹਾ ਪਤਾ ਲੱਗਦੈ। ਅੰਨ੍ਹੀਂ ਨੂੰ ਬੋਲ੍ਹਾ ਧੂਹੀ ਫਿਰਦੈ।"
ਖੈਰ, ਮੈਂ ਲੇਖ ਵਿਚ ਕਾਫੀ ਸਾਰਾ ਫੇਰ ਬਦਲ ਕਰ ਦਿੱਤਾ। ਕੁਦਰਤੀ ਇਕ ਲੁੱਚਾ ਜਿਹਾ ਚੁਟਕਲਾ ਫਿੱਟ ਹੁੰਦਾ ਸੀ ਉਹ ਵੀ ਨਾਲ ਲਿਖ ਦਿੱਤਾ।ਲੇਖ ਦੇ ਥੱਲੇ ਲੇਖਕਾ ਦਾ ਫੋਨ ਨੰਬਰ ਵੀ ਲਿਖਿਆ ਹੋਇਆ ਸੀ, ਜੋ ਸ਼ੇਰਜੀਤ ਮੇਰੇ ਕੋਲ ਲਿਆਉਣ ਤੋਂ ਪਹਿਲਾਂ ਪੈਨ ਨਾਲ ਕੱਟ ਲਿਆਇਆ ਸੀ। ਮੈਨੂੰ ਹਾਸਾ ਆਇਆ ਕਿ ਸ਼ੇਰਜੀਤ ਦਾਈਆਂ ਤੋਂ ਢਿੱਡ ਲਕੋ ਰਿਹਾ ਹੈ! ਉਹਨਾਂ ਦਿਨਾਂ ਵਿਚ ਕਲਪਨਾ ਚਾਵਲਾ ਅਜੇ ਸੱਜਰੀ ਹੀ ਮਰੀ ਸੀ। ਉਸਦੀ ਖਬਰ ਕੰਪੋਜ਼ ਕਰਦਿਆਂ ਮੇਰੇ ਦਿਮਾਗ ਵਿਚ ਖਿਆਲ ਆਇਆ ਕਿ ਯਾਰ ਹੁਣ ਤਾਂ ਪੁਲਾੜ ਵਿਚ ਜਗ੍ਹਾ ਖਾਲੀ ਹੈ ਕਿਉਂਕਿ ਨਾ ਨਵੀਂ ਬੀਬੀ ਛੱਡੀਏ।ਮੈਂ ਉਸ ਲੇਖਕਾ ਦਾ ਲੇਖ ਚੁੱਕਿਆ ਤੇ ਪੁੱਠਾ ਕਰਕੇ ਟੇਬਲ ਲੈਂਪ ਮੂਹਰੇ ਕੀਤਾ ਤਾਂ ਮਿਟੇ ਹੋਣ ਦੇ ਬਾਵਜੂਦ ਵੀ ਸਾਰੇ ਹਿੰਦਸੇ ਉਘੜ ਆਏ। ਨੰਬਰ ਨੋਟ ਕਰਕੇ ਮੈਂ ਲੇਖਕਾਂ ਨੂੰ ਫੋਨ ਲਾ ਲਿਆ।ਅੱਧੇ ਘੰਟੇ ਦੀ ਗੱਲਬਾਤ ਦੌਰਾਨ ਲੇਖਕਾ ਨੂੰ ਚੰਗੇ ਖੰਭ ਲਾਏ। ਉਹਦੀ ਫੋਟੋ ਮੰਗੀ ਤੇ ਇਸ਼ਾਰੇ ਨਾਲ ਇਹ ਵੀ ਕਿਹਾ ਕਿ ਅੱਗੇ ਤੋਂ ਕੁਝ ਆਪਣਾ ਲਿਖ ਕੇ ਭੇਜੇ।ਪਰ ਉਹਨੂੰ ਸਮਝ ਨਾ ਆਈ ਕਿ ਉਸਦੀ ਚੋਰੀ ਫੜ੍ਹੀ ਗਈ ਹੈ। ਅਗਲੇ ਦਿਨ ਫੋਟੋ ਅਤੇ ਚਾਰ ਪੰਜ ਰਚਨਾਵਾਂ ਈ-ਮੇਲ ਰਾਹੀਂ ਆ ਗਈਆਂ।ਮੇਰੇ ਹੱਲਾਸ਼ੇਰੀ ਦੇਣ ਤੇ ਮਾਂ ਦੀ ਧੀ ਨੇ 'ਕਲਾਕਾਰ' ਦੇ ਉਸੇ ਅੰਕ ਨੂੰ ਹੀ ਵਾਢਾ ਧਰ ਦਿੱਤਾ ਸੀ ਤੇ ਇਕ ਇਕ ਕਰਕੇ ਸਾਰੇ ਲੇਖ, ਕਹਾਣੀਆਂ, ਕਵਿਤਾਵਾਂ ਚੋਰੀ ਕਰ ਲਈਆਂ ਸਨ।ਉਹਦੇ ਦਿਮਾਗ ਵਿਚ ਇਹ ਨਹੀਂ ਆਇਆ ਕਿ ਕਿਸੇ ਹੋਰ ਮੈਗਜ਼ੀਨ ਨੂੰ ਮੂੰਹ ਮਾਰ ਲਵੇ।ਲੇਖ ਫੋਟੋ ਅਤੇ ਫੋਨ ਨੰਬਰ ਸਮੇਤ ਜਦੋਂ ਛਪਿਆ ਤਾਂ ਲੇਖਕਾਂ ਨੂੰ ਇੰਗਲੈਂਡ ਤੋਂ ਨੌਜਵਾਨ ਪਾਠਕਾਂ ਦੇ ਫੋਨ ਜਾਣ ਲੱਗ ਪਏ।
ਦੋ ਕੁ ਹਫਤੇ ਬਾਅਦ ਮੈਨੂੰ ਲੇਖਕਾ ਦਾ ਖਿਆਲ ਆਇਆ ਕਿ ਥਰਮਾ ਮੀਟਰ ਲਾ ਕੇ ਲੇਖਕਾ ਦਾ ਤਾਪਮਾਨ ਚੈਕ ਕਰੀਏ। ਮੈਂ ਖੁਦ ਹੀ ਫਰਜੀ ਨਾਮ ਦੱਸ ਕੇ ਪਾਠਕ ਬਣ ਕੇ ਲੇਖਕਾ ਨੂੰ ਫੋਨ ਕਰ ਦਿੱਤਾ। ਲੇਖਕਾ ਬੈਨਸਨ ਦੀ ਆਤਿਸ਼ਬਾਜ਼ੀ ਵਾਂਗੂੰ ਬੋਤਲ 'ਚੋਂ ਉੱਡ ਉੱਡ ਜਾਵੇ।ਠੱਕ ਠੱਕ ਗੱਲਾਂ ਦੇ ਐਸੇ ਸ਼ੌਟ ਮਾਰੇ ਜਿਵੇਂ ਸਾਨੀਆ ਮਿਰਜ਼ਾ ਟੈਨਿਸ ਖੇਡਦੀ ਹੁੰਦੀ ਹੈ। ਪਹਿਲਾਂ ਤਾਂ ਉਹਨੂੰ ਚੁਟਕਲਾ ਸੁਣਾਇਆ ਜੋ ਮੈਂ ਕੋਲੋਂ ਪਾਇਆ ਸੀ। ਚੁਟਕਲਾ ਸੁਣ ਕੇ ਉਹ ਖਿੜ ਖਿੜ ਹੱਸੀ। ਕਿਉਂਕਿ ਚੁਟਕਲਾ ਉਸਨੇ ਪਹਿਲੀ ਵਾਰ ਸੁਣਿਆ ਸੀ। ਫੇਰ ਬਣਾ ਸੁਆਰ ਕੇ ਆਖਣ ਲੱਗੀ, "ਮੈਂ ਤਾਂ ਏਦਾਂ ਹੀ ਖੁੱਲ੍ਹਾ ਡੁੱਲ੍ਹਾ ਜਿਹਾ ਤਸਲੀਮਾ ਨਸਰੀਨ (ਉਹਨੂੰ ਇਹ ਵੀ ਨਹੀਂ ਸੀ ਪਤਾ ਕਿ ਤਸਲੀਮਾ ਨੇ ਕੀ ਲਿਖਿਆ ਹੈ।) ਵਾਂਗੂੰ ਬੇਬਾਕੀ ਨਾਲ ਲਿਖ ਦਿੰਦੀ ਆਂ।"
"ਦੇਖਿਉ ਕਿਤੇ ਫਤਵਾ ਲੱਗ ਕੇ ਦੇਸ਼ ਨਿਕਾਲਾ ਨਾ ਹੋ ਜੋ?"
"ਫੇਰ ਤੁਹਾਡੇ ਵਰਗੇ ਮੇਰੇ ਪਾਠਕ ਜੋ ਹੈਗਾ ਆ ਬਾਹਰਲੇ ਮੁਲਖਾਂ 'ਚ ਸਾਭਣ ਵਾਲੇ।ਮੈਨੂੰ ਤਾਂ ਬਲਰਾਜ ਸਿੱਧੂ ਵੀ ਕਹਿੰਦਾ ਸੀ ਕਿ ਮੇਰੀ ਵਾਰਤਕ ਅੰਮ੍ਰਿਤਾ ਪ੍ਰੀਤਮ ਤੇ ਅਜੀਤ ਕੌਰ ਦੇ ਟੱਕਰਦੀ ਐ।ਕਹਾਣੀ 'ਚ ਮੈਂ ਵੀਨਾ ਵਰਮਾ ਨੂੰ ਪਿਛੇ ਛੱਡਗੀ। ਦੇਖਿਉ ਮੇਰੀਆਂ ਗਜ਼ਲਾਂ ਛਪਣਗੀਆਂ ਹੁਣ ਲੋਕ ਸੁਖਵਿੰਦਰ ਅੰਮ੍ਰਿਤ ਨੂੰ ਭੁੱਲ ਜਾਣਗੇ।…" ਇਉਂ ਲੇਖਕਾਂ ਨੇ ਡਰਬੀ ਰੇਸ ਕੋਰਸ ਦੇ ਘੋੜੇ ਕਿੰਗਫਿਸ਼ਰ ਵਾਲੀ ਸਪੀਡ ਨਾਲ ਪੌਣਾ ਘੰਟਾ ਐਸੇ ਫੈਂਟਰ ਛੱਡੇ ਕਿ ਮੈਂ ਦੋ ਤਿੰਨ ਵਾਰ ਤਾਂ ਕੁਰਸੀ 'ਤੇ ਬੈਠਾ ਡਿੱਗਣ ਹੀ ਲੱਗਾ ਸੀ। ਜੇ ਮੈਂ ਉਦੋਂ ਉਸਨੂੰ ਆਪਣਾ ਸਹੀ ਨਾਮ ਦੱਸ ਦਿੰਦਾ ਤਾਂ ਉਸਨੇ ਪਾਣੀ ਪਾਣੀ ਹੋ ਜਾਣਾ ਸੀ। ਪਰ ਮੈਂ ਉਹਦਾ ਭਰਮ ਬਣਿਆ ਹੀ ਰਹਿਣ ਦਿੱਤਾ। 
ਜਦੋਂ ਮੈਂ ਪੁੱਛਿਆ ਕਿ ਐਡਾ ਖੂਬਸੂਰਤ ਲੇਖ ਲਿਖਿਆ ਕਿਥੇ ਬੈਠ ਕੇ ਸੀ ਤਾਂ ਲੇਖਕਾ ਦਾ ਜੁਆਬ ਸੀ, "ਡਲਹੌਜੀ।" ਦੇਖੋ ਪੰਜਾਬੀ ਦੇ ਲੇਖਕਾਂ ਦਾ ਕਿੰਨਾ ਸਟੈਂਡਰਡ ਹਾਈ ਹੈ, ਚੋਰੀ ਦਾ ਲੇਖ ਲਿਖਣ ਲਈ ਵੀ ਡਲਹੌਜੀ ਤੋਂ ਨੇੜ੍ਹੇ ਨਹੀਂ ਖੜ੍ਹਦੇ।ਅਗਰ ਉਸਨੇ ਆਪਣੀ ਕੋਈ ਮੌਲਿਕ ਰਚਨਾ ਕਰਨੀ ਹੁੰਦਾ ਉਹ ਇੰਦਰਲੋਕ ਇੰਦਰ ਦੇ ਅਖਾੜੇ ਵਿਚ ਜਾ ਕੇ ਕਰਦੀ।
ਮੈਂ ਆਪਣੇ ਕੋਲੋਂ ਲਿਖ ਕੇ ਦੋ ਤਿੰਨ ਲੇਖ ਉਹਦੇ ਨਾਮ ਹੇਠ ਛਾਪੇ ਤਾਂ ਲੇਖਕਾ ਅਸਮਾਨੀ ਉਡਾਰੀਆਂ ਮਾਰਨ ਲੱਗ ਪਈ।ਉਹਨੇ ਰੱਬ ਨੂੰ ਯੱਬ ਦੱਸਣਾ ਸ਼ੁਰੂ ਕਰ ਦਿੱਤਾ।ਉਹਨੂੰ ਕਿਸੇ ਪ੍ਰਸੰਸਕ ਨੇ ਇੰਗਲੈਂਡ ਤੋਂ ਮੋਬਾਇਲ ਫੋਨ ਵੀ ਭੇਜ ਦਿੱਤਾ।ਸ਼ੇਰਜੀਤ ਨਾਲ ਵੀ ਉਸਦਾ ਰਵਈਆ ਬਦਲ ਗਿਆ। ਸ਼ੇਰਜੀਤ ਮੈਨੂੰ ਕਹਿਣ ਲੱਗਾ, "ਅਸਮਾਨ 'ਤੇ ਤਾਂ ਚਾੜ੍ਹ ਦਿੱਤੀ ਐ। ਹੁਣ ਹੇਠਾਂ ਕਿਵੇਂ ਲਾਵੇਗਾ?"
"ਹੇਠਾਂ ਨ੍ਹੀਂ ਹੁਣ ਇਹ ਲਹਿਣੀ।ਇਹ ਤਾਂ ਹੁਣ ਕਲਪਨਾ ਚਾਵਲਾ ਦੀ ਥਾਂ ਅੰਤਰਰਿਕਸ਼ 'ਚ ਹੀ ਰਹੂਗੀ। ਜਿਦਣ ਇਹਦਾ ਸਪੇਸਸ਼ਿਪ ਹਾਦਸਾਗ੍ਰਸਤ ਹੋਇਆ ਉਦਣ ਧਰਤੀ 'ਤੇ ਆਊ।" ਕਹਿ ਕੇ ਮੈਂ ਹੱਸ ਪਿਆ।
ਉਹ ਲੇਖਕਾ ਥੱਮਜ਼ਅੱਪ ਵੀ ਕਿਤੇ ਵਰ੍ਹੇ ਛਮਾਹੀ ਸ਼ਹਿਰ ਗਈ ਪੀਂਦੀ ਹੁੰਦੀ ਸੀ ਤੇ ਹੁਣ ਫਰੈਂਚ ਵਾਈਨ ਤੋਂ ਥੱਲੇ ਗੱਲ ਨਹੀਂ ਕਰਦੀ। ਹੁਣ ਉਹਨੂੰ ਕੁਲੂ ਮਨਾਲੀ ਦੇ ਸਾਰੇ ਹੋਟਲਾਂ ਦੀ ਰੇਟ ਲਿਸਟ ਯਾਦ ਹੈ। ਇਕ ਮਾਸਕ ਮੈਗਜ਼ੀਨ ਵਿਚ ਛਪਣ ਲਈ ਉਹ ਜਿਸ ਸੰਪਾਦਕ ਦੀਆਂ ਮਿੰਨਤਾਂ ਕਰਦੀ ਹੁੰਦੀ ਸੀ। ਰਚਨਾ ਮੰਗਣ 'ਤੇ ਉਸ ਸੰਪਾਦਕ ਨੂੰ ਉਸਦਾ ਜੁਆਬ ਸੀ, "ਮਾੜੇ ਮੋਟੇ ਮੈਗਜ਼ੀਨਾਂ 'ਚ ਨ੍ਹੀਂ ਮੈਂ ਛਪਦੀ ਹੁੰਦੀ। ਮੇਰੇ ਲੇਖ ਤਾਂ ਇੰਗਲੈਂਡ 'ਚ ਛਪਦੇ ਨੇ।"
ਸੰਪਾਦਕ ਦੋਸਤ ਨੇ ਉਚੇਚਾ ਫੋਨ ਕਰਕੇ ਇਹ ਗੱਲ ਦੱਸੀ ਤੇ ਪੱਛਣ ਲੱਗਾ, "ਯਾਰ ਤੁਸੀਂ ਲੇਖਕਾਂ ਨੂੰ ਟੀਕਾ ਲਾਉਣ ਵੇਲੇ ਦਵਾਈ ਕਿਹੜੀ ਭਰਦੇ ਹੁੰਦੇ ਓ?"
ਇੰਡੀਆ ਗਏ ਨੇ ਮੈਂ ਉਹਦੇ ਦੁੱਧ ਵਰਗੇ ਦਰਸ਼ਨ ਕਰਨੇ ਚਾਹੇ ਤਾਂ ਉਹਨੇ ਮੈਨੂੰ ਜਲੰਧਰ ਦੇ ਸਭ ਤੋਂ ਮਹਿੰਗੇ ਹੋਟਲ ਵਿਚ ਬੁਲਾਇਆ, "ਇਕੱਲਾ ਆਈਂ" ਸਖਤ ਲਹਿਜ਼ੇ ਵਿਚ ਕਿਹਾ।
"ਹੋਰ ਮੈਂ ਕਿਹੜਾ ਨਾਲ ਮਿਲਟਰੀ ਲਿਆਉਣੀ ਐ।"
ਇਹ ਤਾਂ ਮੈਂ ਆਪਣੀ ਚੁਸਤੀ ਨਾਲ ਬਚ ਗਿਆ। ਵਰਨਾ ਉਹਨੇ ਤਾਂ ਮੇਰਾ ਮੀਟਰ ਘੁੰਮਾਉਣ ਦੀ ਪੂਰੀ ਸਕੀਮ ਬਣਾਈ ਹੋਈ ਸੀ।ਹੁਣ ਤਾਂ ਉਸ ਲੇਖਕਾਂ ਦੀ ਇਹ ਹਾਲਤ ਹੋ ਗਈ ਹੈ ਕਿ ਜੇ ਦੂਰਬੀਨ ਲੈ ਕੇ ਵੀ ਦੇਖੀਏ ਤਾਂ ਵੀ ਨਜ਼ਰ ਨਹੀਂ ਆਉਂਦੀ।
ਪੰਜਾਬੀ ਦਾ ਕਵੀਦਰਬਾਰ ਹੋਵੇ ਤਾਂ ਇਕ ਗੱਲ ਮਜ਼ੇਦਾਰ ਦੇਖਣ ਨੂੰ ਮਿਲਦੀ ਹੈ। ਕਵੀ ਨੂੰ ਆਪਣੀ ਕਵਿਤਾ ਸੁਣਾਉਣ ਬਾਅਦ ਜ਼ਰੂਰੀ ਕੰਮ ਪੈ ਜਾਂਦਾ ਹੈ ਤੇ ਉਸਨੇ ਜਲਦੀ ਘਰੇ ਜਾਣਾ ਹੁੰਦਾ ਹੈ।ਕਵੀਆਂ ਦੀ ਇਸ ਆਦਤ ਬਾਰੇ ਤਾਂ ਪੰਜਾਬੀ ਵਿਚ ਕਿਸੇ ਨੇ ਚੁਟਕਲਾ ਵੀ ਘੜ੍ਹ ਲਿਆ ਹੈਦੋ ਵਿਅਕਤੀ ਅੱਗੜ-ਪਿਛੜ ਭੱਜੇ ਜਾ ਰਹੇ ਹੁੰਦੇ ਹਨ।ਪਿਛਲਾ ਉੱਚੀ ਉੱਚੀ 'ਫੜ੍ਹੋ ਫੜ੍ਹੋ' ਬੋਲ ਰਿਹਾ ਹੁੰਦਾ ਹੈ। ਉਸ ਨੂੰ ਕੋਈ ਹੋਰ ਵਿਅਕਤੀ ਰੋਕ ਕੇ ਕਾਰਨ ਪੁੱਛਦਾ ਹੈ ਤਾਂ ਅੱਗੋ ਉਹ ਜੁਆਬ ਦਿੰਦਾ ਹੈ, "ਯਾਰ ਉਹ ਆਪਣੀ ਕਵਿਤਾ ਸੁਣਾ ਗਿਆ ਤੇ ਹੁਣ ਮੇਰੀ ਸੁਣਦਾ ਨਹੀਂ।"
ਇਸ ਨਾਲ ਮਿਲਦੀ ਜੁਲਦੀ ਸੁਰਜੀਤ ਪਾਤਰ ਨੇ ਇਕ ਵਾਰ ਹੱਢਬੀਤੀ ਸੁਣਾਈ। ਉਹ ਤੇ ਕੁਝ ਕਵੀ ਮੁਸ਼ਾਇਰੇ ਤੋਂ ਆ ਰਹੇ ਸੀ।ਰਸਤੇ ਵਿਚ ਮੁਸ਼ਾਇਰੇ ਵਿਚੋਂ ਮਿਲੇ ਪੈਸਿਆਂ ਦੀ ਬੋਤਲ ਲੈ ਕੇ ਪੀਣ ਖੜ੍ਹ ਗਏ। ਪੁਲਸ ਵਾਲੇ ਫੜ੍ਹ ਕੇ ਲੈ ਗਏ।ਉਹ ਜਾ ਕੇ ਐਸ ਐਚ ਓ ਨੂੰ ਕਹਿਣ ਲੱਗੇ ਅਸੀਂ ਕਵੀ ਹਾਂ।ਕਵੀ ਦਰਬਾਰ 'ਚੋਂ ਆਏ ਸੀ। ਸੋਚਿਆ ਘਰਾਂ ਨੂੰ ਜਾਣ ਤੋਂ ਪਹਿਲਾਂ ਘੁੱਟ ਘੁੱਟ ਪੀ ਚੱਲੀਏ।
ਇਹ ਸੁਣ ਕੇ ਐਸ. ਐਚ. . ਮੁਣਸ਼ੀ ਨੂੰ ਕਹਿਣ ਲੱਗਾ, "ਦਰਵਾਜ਼ਾ ਬੰਦ ਕਰ ਮੁਣਸ਼ੀ, ਭੱਜ ਨਾ ਜਾਣ। ਮੇਰੀ ਡਾਇਰੀ ਲਿਆ, ਇਹਨਾਂ ਨੂੰ ਕਵਿਤਾਵਾਂ ਸੁਣਾਈਏ।"
ਲੇਖਕਾਂ ਅਤੇ ਸ਼ਰਾਬ ਦਾ ਸੱਗੀ ਪਰਾਂਦੇ ਵਾਲਾ ਸਾਥ ਹੁੰਦਾ ਹੈ।ਇਕ ਵਾਰ ਗੀਤਕਾਰ ਗੁਰਦੇਵ ਮਾਨ ਹੋਰੀਂ ਮੁਸ਼ਾਇਰੇ ਤੋਂ ਆਏ ਤੇ ਸ਼ਰਾਬ ਦੀ ਬੋਤਲ ਲੈ ਕੇ ਰਸਤੇ ਵਿਚ ਪੈਂਦੀ ਕਿਸੇ ਦੀ ਮੋਟਰ 'ਤੇ ਬੈਠ ਗਏ। ਪੀਣ ਲਈ ਗਿਲਾਸ ਨਾ ਲੱਭਣ। ਫਿਰ ਸਲਾਹ ਹੋਈ।ਮਸ਼ਕ ਵੀ ਚਮੜੇ ਦੀ ਹੁੰਦੀ ਹੈ ਤੇ ਜੁੱਤੀਆਂ ਵੀ ਚਮੜੇ ਦੀਆਂ। ਚਲੋ ਜੁੱਤੀਆਂ 'ਚ ਸ਼ਰਾਬ ਪਾ ਕੇ ਪੀਓ। ਤੇ ਇੰਝ ਹੀ ਕੀਤਾ ਗਿਆ।
ਸਾਡੀ ਦਲੀਪ ਕੌਰ ਟਿਵਾਣਾ ਲਿਖਦੀ ਹੈ। ਮੈਂ ਕਹਾਣੀ ਲਿਖੀ। ਮੈਨੂੰ ਲੱਗਿਆ ਮੈਂ ਕਹਾਣੀ ਲਿਖ ਸਕਦੀ ਹਾਂ। ਉਹੇ ਜਿਹੀਆਂ ਅੱਠ ਨੌ ਕਹਾਣੀਆਂ ਹੋਰ ਲਿਖੀਆਂ। ਕਿਤਾਬ ਛਾਪ ਲਈ ਮੈਂ ਲੇਖਿਕਾ ਬਣ ਗਈ। ਲੇਖਕ ਬਣਨਾ ਕਿਹੜੀ ਔਖੀ ਗੱਲ ਹੈ? ਪਰ ਹੁਣ ਤਾਂ ਲੇਖਕ ਬਣਨਾ ਹੋਰ ਵੀ ਸੌਖਾ ਹੋ ਗਿਆ ਹੈ। ਤੁਹਾਨੂੰ ਕਿਤਾਬ ਲਿਖਣ ਦੀ ਵੀ ਜ਼ਰੂਰਤ ਨਹੀਂ। ਕੋਈ ਵੀ ਅਖਬਾਰ ਜਾਂ ਮੈਗਜ਼ੀਨ ਚੁੱਕੋ। ਉਸ ਵਿਚ ਕਿਸੇ ਲੇਖਕ ਦੀ ਰਚਨਾ ਪੜ੍ਹੋ ਤੇ ਅਖਬਾਰ ਨੂੰ ਚਿੱਠੀ ਲਿਖ ਦੇਉ ਰਚਨਾ ਬੜ੍ਹੀ ਵਧੀਆ ਸੀ। ਤੁਹਾਨੂੰ ਇਹ ਵੀ ਲਿਖਣ ਦੀ ਜ਼ਰੂਰਤ ਨਹੀਂ ਕਿ ਉਹ ਕਿਉਂ ਵਧੀਆ ਸੀ ਜਾਂ ਉਸ ਦੇ ਕੀ ਗੁਣ ਹਨ। ਤੁਹਾਡੀ ਚਿੱਠੀ ਛਪ ਜਾਵੇਗੀ। ਇਹੋ ਜਿਹੀਆਂ ਉਪਰੋ-ਥਲੀ ਦੋ ਤਿੰਨ ਚਿੱਠੀਆਂ ਛਪਵਾਉ। ਤੁਸੀਂ ਲੇਖਕ ਬਣ ਗਏ।
ਇੰਝ ਹੀ ਇਕ ਵਾਰ ਇਕ ਸਵਿਟਜ਼ਰਲੈਂਡ ਰਹਿੰਦੇ ਬੰਦੇ ਸਤਪਾਲ ਸਿੰਘ ਸਤ ਦਾ ਪਾਠਕਾਂ ਦੇ ਪੱਤਰ ਵਿਚ ਖਤ ਛਪ ਗਿਆ। ਉਹਦਾ ਹੌਂਸਲਾ ਖੁੱਲ੍ਹ ਗਿਆ। ਡੰਗਰ ਦਾ ਮੂੰਹ ਮੇਰੇ ਵੱਲ ਹੋ ਗਿਆ, ਜਿਵੇਂ ਮੈਂ ਉਹਦੀ ਕੁੜੀ ਕੱਢ ਲਈ ਹੁੰਦੀ ਹੈ ਤੇ ਉਹਨੇ ਕਸਮ ਖਾਹ ਲਈ ਮੇਰੇ ਖਿਲਾਫ ਲਿਖਣ ਦੀ।ਲੱਚਰ ਲਿਖਦੈ, ਲੱਚਰ ਲਿਖਦੈ ਕਰੀ ਜਾਇਆ ਕਰੇ।ਪਹਿਲਾਂ ਤਾਂ ਮੈਂ ਇਹ ਕਹਿ ਕੇ ਨਜ਼ਰਅੰਦਾਜ਼ ਕਰਦਾ ਰਿਹਾ ਕਿ, Creator is always greater than Critric.ਫਿਰ ਉਹ ਰਚਨਾ ਦੀ ਆਲੋਚਨਾ ਬਜਾਏ ਥੋੜ੍ਹਾ ਪਰਸਨਲ ਹੋਣ ਲੱਗ ਪਿਆ।ਮੈਨੂੰ ਯਾਰ ਦੋਸਤ ਕਹਿਣ ਲੱਗੇ, "ਨੱਥ ਪਾ ਇਹਨੂੰ ਇਹ ਤਾਂ ਤੇਰੇ ਸਿੰਗ ਮਾਰੂ।ਨਾਲੇ ਉਹ ਆਹ ਇਕ ਲੇਖਕ ਦੀ ਤਰੀਫ ਕਰੀ ਜਾਂਦੈ ਤੇ ਉਹ ਲੇਖਕ ਵੀ ਗੰਦ ਚੰਗਾ ਵੱਢਦਾ ਹੈ। ਇਹ ਇਕੱਲਾ ਤੈਨੂੰ ਲੱਚਰ ਆਖੀ ਜਾਂਦਾ ਹੈ। ਫਿਰ ਆਹ ਦੇਖ ਇਹ ਲੇਖਕ ਉਸ ਕੋਲ ਜਾ ਕੇ ਠਹਿਰ ਰਿਹਾ ਹੈ। ਗੱਲ ਸਮਝ ਆਈ?"
ਮੈਂ ਸਮਝ ਗਿਆ।ਮੇਰਾ ਇਕ ਪਾਠਕ ਸਵਿਟਜ਼ਰਲੈਂਡ ਰਹਿੰਦਾ ਸੀ। ਕੁਦਰਤੀ ਉਹਦਾ ਫੋਨ ਆ ਗਿਆ ਤੇ ਮੈਂ ਚਿੱਠੀਆਂ ਵਾਲੇ ਬਾਬੇ ਬਾਰੇ ਉਸਨੂੰ ਪੜਤਾਲ ਕਰਨ ਲਈ ਕਿਹਾ। ਅੱਗੋਂ ਉਹ ਸਤ ਸਾਹਿਬ ਨੂੰ ਜਾਣਦਾ ਸੀ ਤੇ ਬਾਬੇ ਦਾ ਉਹਨੇ ਸਾਰਾ ਜੀਵਨ ਬਿਓਰਾ ਤੇ ਜਨਮ ਪੱਤਰੀ ਮੈਨੂੰ ਸੁਣਾ ਦਿੱਤੀ, "ਦੇਖ ਲੈ ਬਾਈ ਕਹੇਂ ਤਾਂ ਸਰਵਿਸ ਕਰ ਦਿੰਦੇ ਹਾਂ?"
ਮੈਂ ਉਸ ਨੂੰ ਹਟਾਇਆ, "ਨਹੀਂ ਤੁਸੀਂ ਨਾ ਕੁਝ ਕਰਿਓ। ਇਲਜ਼ਾਮ ਮੇਰੇ ਸਿਰ 'ਤੇ ਹੀ ਆ ਜਾਣੈ, ਆਪਾਂ ਗੁੰਡਾਗਰਦੀ ਨ੍ਹੀਂ ਕਰਨੀ। ਦਿਮਾਗ ਨਾਲ ਹੀ ਢਾਵਾਂਗੇ ਇਹਨੂੰ। ਜਦੋਂ ਅੜਿਕੇ ਆਇਆ ਦਰਸ਼ਣ ਡੇਲੋਂ ਵਾਂਗੂ ਕੇਲਾ ਖੁਆ ਕੇ ਉਹਦਾ ਇਨਕਾਉਂਟਰ ਮੈਂ ਹੀ ਕਰੂੰ। ਹੁਣ ਉਹ ਚਿੱਠੀਆਂ ਛਾਪ ਕੇ ਆਪਣੇ ਆਪਨੂੰ ਲੇਖਕ ਸਮਝਣ ਲੱਗ ਪਿਐ। ਚਾਮ੍ਹਲਿਆ ਹੋਇਆ ਹੈ। ਹੁਣ ਉਹ ਕੋਈ ਗਲਤੀ ਜ਼ਰੂਰ ਕਰੇਗਾ ਤੇ ਫੇਰ ਪੁੱਤ ਬਣਾਵਾਂਗੇ।"
ਇਕ ਦਿਨ ਐਵੇਂ ਬੈਠਾ ਬੈਠਾ ਮੈਂ ਬਲੈਕ ਲੇਬਲ ਦੀ ਪੂਰੀ ਬੋਤਲ ਪੀ ਗਿਆ। ਬੋਤਲ ਪੀ ਕੇ ਖਿਆਲ ਆਇਆ ਕਿ ਬੋਤਲ ਤਾਂ ਪੀ ਲਈ ਮਨਾ ਹੁਣ ਖੇੜਨੀ ਕੀਹਦੇ 'ਤੇ ਹੈ? ਕਿਸੇ ਲੇਖਕ ਨੂੰ ਫੜ੍ਹਨ ਦੇ ਮਕਸਦ ਨਾਲ ਮੈਂ ਅਖਬਾਰ ਖੋਲ੍ਹਿਆ ਤਾਂ ਪਾਠਕਾਂ ਦੇ ਪੱਤਰਾਂ ਵਾਲਾ ਸਫਾ ਸਾਹਮਣੇ ਆ ਗਿਆ।ਜਿਸ ਵਿਚ ਸਵਿਟਜ਼ਰਲੈਂਡ ਵਾਲੇ ਬਾਬੇ ਸਤਪਾਲ ਸਤ ਦੀ ਰਚਨਾ ਸੀ। ਮੈਨੂੰ ਸ਼ਿਕਾਰ ਲੱਭ ਗਿਆ।ਉਸ ਬਾਬੇ ਨੇ ਮੇਰੀ ਨਿੰਦਿਆ ਵਾਲੇ ਖਤ ਵਿਚ ਕਿਸੇ ਭੁਪਿੰਦਰ ਸਿੰਘ ਦੀ ਕਵਿਤਾ ਦੀ ਤਾਰੀਫ ਕੀਤੀ ਹੋਈ ਸੀ।ਮੈਂ ਰਿਕਾਡਰ ਫੋਨ ਨਾਲ ਲਾਇਆ ਤੇ ਭੁਪਿੰਦਰ ਸਿੰਘ ਬਣ ਕੇ ਸਵਿਟਜ਼ਰਲੈਂਡ ਫੋਨ ਲਾ ਲਿਆ।ਬਾਬਾ ਜੀ ਨੂੰ ਫੂਕ ਛਕਾਈ ਤੇ ਉਹ ਸਾਰਾ ਕੁਝ ਬਕਾ ਲਿਆ ਜੋ ਮੈਂ ਸੁਣਨਾ ਚਾਹੁੰਦਾ ਸੀ। ਬਾਬਾ ਜੋਤਿਸ਼ੀਆਂ ਦੇ ਤੋਤੇ ਵਾਂਗੂੰ ਬੋਲੇ। ਜਦੋਂ ਬਾਬੇ ਨੇ ਸਾਰਾ ਕੁਝ ਉਗਲ ਦਿੱਤਾ ਤਾਂ ਮੈਂ ਫੋਨ ਰੱਖ ਕੇ ਪਹਿਲਾਂ ਰਿਕਾਡਿੰਗ ਚੈਕ ਕੀਤੀ। ਫੇਰ ਬਾਬੇ ਨੂੰ ਦੁਬਾਰਾ ਫੋਨ ਲਾ ਲਿਆ। ਜਦੋਂ ਬਾਬੇ ਨੂੰ ਆਪਣਾ ਅਸਲੀ ਨਾਮ ਦੱਸਿਆ ਤਾਂ ਉਹਨੂੰ ਸੱਪ ਸੁੰਘ ਗਿਆ।ਪਹਿਲਾਂ ਰੱਜ ਕੇ ਗਾਲ੍ਹ ਵਰਾਈ। ਅਠਾਰਾਂ ਪੌਂਡ ਬੋਤਲ ਵਾਲੇ ਖਰੇ ਕੀਤੇ। ਬਾਬੇ ਨੇ ਸਾਰੇ ਮੈਗਜ਼ੀਨ ਵਿਚੋਂ ਸਭ ਤੋਂ ਪਹਿਲਾਂ ਮੇਰੀ ਅੱਠ ਸਫਿਆਂ ਦੀ ਕਹਾਣੀ ਪੜ੍ਹੀ ਸੀ ਤੇ ਇਥੋਂ ਤੱਕ ਕਿ ਆਪਣੇ ਚਹੇਤੇ ਲੇਖਕ ਦੀ ਇਕ ਸਫੇ ਦੀ ਰਚਨਾ ਵੀ ਨਹੀਂ ਸੀ ਪੜ੍ਹੀ।
ਮੈਂ ਉਹਨੂੰ ਪੈ ਨਿਕਲਿਆ, "ਜਦ ਤੈਨੂੰ ਪਤੈ ਮੈਂ ਲੁੱਚਾਂ, ਅਸ਼ਲੀਲ ਕਹਾਣੀਆਂ ਲਿਖਦਾਂ। ਤੂੰ ਮੇਰੀ ਕਹਾਣੀ ਕਿਉਂ ਪੜ੍ਹੀ? ਨਾਲੇ ਤੇਰਾ ਬੰਦਾ ਵੀ ਅਸ਼ਲੀਲ ਲਿਖਦਾ ਤੂੰ ਉਹਦੇ ਬਾਰੇ ਇਕ ਅੱਖਰ ਨਹੀਂ ਲਿਖਿਆ।"
"ਉਹਨੂੰ ਮੈਂ ਉਂਝ ਦੱਸ ਦਿੱਤਾ ਸੀ। ਉਹ ਕਹਿੰਦਾ ਕਦੇ ਕਦੇ ਲਿਖਣਾ ਪੈ ਜਾਂਦੈ।"
"ਆਹੋ ਤੋਪ ਨਾਲ ਬੰਨ੍ਹਿਆ ਹੁੰਦੈ ਉਹਨੂੰਲਿਖਣਾ ਪੈ ਜਾਂਦੈ।"
"ਉਹ ਤਾਂ ਮੈਨੂੰ ਕਹਿੰਦਾ ਸੀ ਤੂੰ ਬਹੁਤ ਪੜ੍ਹਿਆਂ ਹੋਇਆ ਲੇਖਕ ਹੈਂ?"
"ਪੜ੍ਹਿਆ ਤਾਂ ਹੈਗਾਂ।ਪਰ ਮੈਂ ਅੜਬ ਜੱਟ ਵੀ ਆਂ।ਬਾਦਲ ਨੇ ਐਲਾਨ ਕਰਵਾ ਦਿੱਤਾ ਕਿ ਪੁਲਿਸ ਮਹਿਕਮਾ ਆਮ ਨਾਗਰਿਕ ਨੂੰ ਸ਼੍ਰੀ ਮਾਨ ਜੀ ਆਖ ਕੇ ਸੰਬੋਧਨ ਕਰਿਆ ਕਰੇਗਾ। ਰਾਏਕੋਟ ਠਾਣੇ ਵਿਚ ਇਕ ਬੰਦਾ ਆਪਣੇ ਮਕਾਨ ਮਾਲਕ ਦੀ ਵਧੀਕੀ ਵਿਰੁੱਧ ਸ਼ਿਕਾਇਤ ਦੀ ਅਰਜ਼ੀ ਲਿਖ ਲਿਆਇਆ। ਮੁਣਸ਼ੀ ਨੇ ਬਿਨਾ ਪੜ੍ਹਿਆਂ ਕਹਿ ਦਿੱਤਾ, ਠੀਕ ਨਹੀਂ ਦੁਬਾਰਾ ਲਿਖ ਕੇ ਲਿਆ। ਉਹ ਬੰਦਾ ਦੁਬਾਰਾ ਲਿਖ ਲਿਆਇਆ। ਮੁਣਸ਼ੀ ਨੇ ਫੇਰ ਆਖ ਦਿੱਤਾ ਸਹੀ ਕਰਕੇ ਲਿਆ। ਉਹ ਬੰਦਾ ਕਹਿੰਦਾ ਤੁਸੀਂ ਆਪ ਹੀ ਲਿਖ ਲਊ ਜਿਵੇਂ ਲਿਖਣੀ ਹੈ।ਮੁਣਸ਼ੀ ਨੇ ਮੇਰੇ ਵੱਲ ਇਸ਼ਾਰਾ ਕਰਕੇ ਉਸ ਨੂੰ ਕਹਿ ਦਿੱਤਾ, ਔਹ ਮੁੰਡਾ ਰਾਇਟਰ ਹੈ। ਉਸ ਤੋਂ ਲਿਖਾ ਕੇ ਲਿਆ। ਉਸ ਬੰਦੇ ਨੇ ਮੇਰੇ ਕੋਲ ਆ ਕੇ ਦਰਖਾਸਤ ਲਿਖਣ ਦੀ ਬੇਨਤੀ ਕੀਤੀ। ਮੈਂ ਉਸਨੂੰ ਸਮਝਾਇਆ ਕਿ ਇਹਦੇ ਨਾਲ ਹਜ਼ਾਰ ਪੰਜ ਸੌ ਨੱਥੀ ਕਰ, ਇਹੀ ਠੀਕ ਹੋ ਜਾਣੀ ਹੈ। ਉਹ ਬੰਦਾ ਮੁਣਸ਼ੀ ਨੂੰ ਜਾ ਕੇ ਕਹਿਣ ਲੱਗਿਆ, ਤੁਸੀਂ ਮੈਥੋਂ ਰਿਸ਼ਵਤ ਮੰਗਦੇ ਹੋ। ਮੈਂ ਵਿਜੀਲੈਂਸ ਕੋਲ ਤੁਹਾਡੀ ਸ਼ਿਕਾਇਤ ਕਰਾਂਗਾ।ਮੂਹਰਿਆਂ ਮੁਣਸ਼ੀ ਗੁੱਸੇ ਵਿਚ ਆ ਕੇ ਕੁਰਸੀ ਤੋਂ ਖੜ੍ਹਾ ਹੋ ਗਿਆ, ਗੱਲ ਸੁਣ ਉਏ ਭੈਣ ਦੇਣਿਆ ਸ਼੍ਰੀ ਮਾਨਾ, ਮੈਂ ਤੈਥੋਂ ਕਦੋਂ ਰਿਸ਼ਵਤ ਮੰਗੀ ਹੈ? ਉਹੀ ਗੱਲ ਬਾਬਾ ਮੈਂ ਤੇਰੇ ਨਾਲ ਕੀਤੀ ਹੈ। ਪਹਿਲਾ ਤੂੰ ਜੱਟ ਬਲਰਾਜ ਸਿੱਧੂ ਨੂੰ ਸੁਣਿਐ, ਹੁਣ ਰਾਇਟਰ ਬਲਰਾਜ ਸਿੱਧੂ ਨੂੰ ਸੁਣ। ਆਪਦੇ ਪੂਜਨੀਕ ਲੇਖਕ ਨੂੰ ਮੇਰੇ ਵੱਲੋਂ ਇਕ ਕਹਾਣੀ ਸੁਣਾ ਦੇਈ, ਸਮਝਦਾਰ ਹੋਇਆ ਆਪੇ ਸਮਝ ਜਾਊ। ਇਕ ਰਾਜਕੁਮਾਰੀ ਦੀ ਕਿਸੇ ਰਾਜਕੁਮਾਰ ਨਾਲ ਚਿਰਾਂ ਦੀ ਸੀਟੀ ਜਿਹੀ ਰਲਦੀ ਸੀ। ਉਥੇ ਨਵਾਂ ਰਾਜਕੁਮਾਰ ਆ ਜਾਂਦਾ ਹੈ।ਰਾਜਕੁਮਾਰੀ ਦਾ ਝੁਕਾਅ ਨਵੇਂ ਰਾਜਕੁਮਾਰ ਵੱਲ ਹੋ ਜਾਂਦਾ ਹੈ। ਪੁਰਾਣੇ ਰਾਜਕੁਮਾਰ ਨੂੰ ਜਲਣ ਹੁੰਦੀ ਹੈ। ਉਹ ਆਪਣੇ ਸਿਪਾਹੀਆਂ ਨਾਲ ਮਿਲਕੇ ਨਵੇਂ ਰਾਜਕੁਮਾਰ ਨੂੰ ਇਕ ਕਿਲ੍ਹੇ ਵਿਚ ਕੈਦ ਕਰਵਾ ਦਿੰਦਾ ਹੈ ਤਾਂ ਕਿ ਨਵਾਂ ਰਾਜਕੁਮਾਰ ਰਾਜਕੁਮਾਰੀ ਨੂੰ ਨਾ ਮਿਲ ਸਕੇ। ਕੈਦ ਹੋਇਆ ਰਾਜਕੁਮਾਰ ਕਿਲ੍ਹੇ ਦਾ ਇਕ ਦਰਵਾਜ਼ਾ ਖੋਲ੍ਹਣ ਦਾ ਯਤਨ ਕਰਦਾ ਹੈ।ਪੁਰਾਣੇ ਰਾਜਕੁਮਾਰ ਦੇ ਸਿਪਾਹੀ ਬਾਹਰੋਂ ਜ਼ੋਰ ਮਾਰ ਕੇ ਉਸਨੂੰ ਖੁੱਲ੍ਹਣ ਨਹੀਂ ਦਿੰਦੇ। ਨਵਾਂ ਰਾਜਕੁਮਾਰ ਦੂਜਾ ਬੂਹਾ ਅਜ਼ਮਾਉਂਦਾ ਹੈ। ਸਿਪਾਹੀ ਉਸਨੂੰ ਵੀ ਡੱਕ ਲੈਂਦੇ ਹਨ। ਇਉਂ ਰਾਜਕੁਮਾਰ ਇਕ ਇਕ ਕਰਕੇ ਸੌ ਦੇ ਸੌ ਦਰਵਾਜ਼ੇ ਖੋਲ੍ਹਣ ਦੇ ਯਤਨ ਕਰਦਾ ਹੈ। ਸਭ ਡੱਕ ਲਏ ਜਾਂਦੇ ਹਨ। ਕੈਦੀ ਰਾਜਕੁਮਾਰ ਛੱਤ ਪਾੜ੍ਹ ਕੇ ਰਾਜਕੁਮਾਰੀ ਨੂੰ ਲੈ ਕੇ ਫਰਾਰ ਹੋ ਜਾਂਦਾ ਹੈ ਤੇ ਪੁਰਾਣਾ ਰਾਜਕੁਮਾਰ ਤੇ ਉਸਦੇ ਸਿਪਾਹੀ ਕਿਲ੍ਹੇ ਦੇ ਦਰਵਾਜ਼ਿਆਂ ਨੂੰ ਢੂਹੀਆਂ ਲਾ ਕੇ ਖੜ੍ਹੇ ਰਹਿ ਜਾਂਦੇ ਹਨ।"
"ਕਹਾਣੀ ਤਾਂ ਵਧੀਆ ਹੈ, ਪਰ ਇਹਦਾ ਮੈਨੂੰ ਸੁਣਾਉਣ ਦਾ ਕੀ ਮਤਲਬ?"
"ਮਤਲਬ 'ਉਹ' ਤੇ ਤੇਰੇ ਵਰਗੇ ਛਪਣ ਵਾਲੇ ਅਖਬਾਰਾਂ ਵਿਚ ਤਾਂ ਮੈਨੂੰ ਬੰਦ ਕਰਵਾ ਲਉਂਗੇ। ਮੈਂ ਆਪਣੀ ਵੈਬਸਾਇਟ ਬਣਾ ਕੇ ਰਚਨਾਵਾਂ ਉਹਦੇ ਉੱਤੇ ਨਸ਼ਰ ਕਰ ਦੇਊ।ਫੜ੍ਹ ਲਿਉ ਫੇਰ ਮੇਰੀ ਪੂਛ।ਮੈਂ ਇਹ ਨਹੀਂ ਕਹਿੰਦਾ ਕਿ ਮੇਰੀ ਕਹਾਣੀ ਦੀ ਆਲੋਚਨਾ ਕਿਉਂ ਕੀਤੀ।ਫਰੀਡਮ ਔਫ ਸਪੀਚ ਹੈ। ਪਾਠਕ ਨੂੰ ਹੱਕ ਬਣਦਾ ਹੈ ਉਹ ਆਪਣੇ ਅਜ਼ਾਦੀ ਨਾਲ ਵਿਚਾਰ ਦੇਵੇ। ਪਰ ਇਹ ਨਹੀਂ ਕਿ ਇਕ ਗੱਲ ਲਈ ਤੁਸੀਂ ਇਕ ਨੂੰ ਨਿੰਦੋ ਤੇ ਦੂਜੇ ਨੂੰ ਸਹਾਰੋ। ਨਿਰਪੱਖ ਹੋ ਕੇ ਲਿਖੋ। ਉਹਦੇ ਬਾਰੇ ਵੀ ਲਿਖੋ।"
"ਉਹਨੇ ਗੁੱਸੇ ਹੋ ਜਾਣੈ।"
"ਮੈਂ ਕਿਹੜਾ ਪਿਆਰ ਕਰੂੰ ਤੇ ਗਲ 'ਚ ਵਰਮਾਲਾ ਪਾਊ?"
ਬਾਬੇ ਨੇ ਮਾਫੀ ਮੰਗ ਕੇ ਖਹਿੜਾ ਛੁਡਾਇਆ ਤੇ ਮੁੜਕੇ ਨਾ ਚਿੱਠੀ ਲਿਖਣ ਦਾ ਵਾਅਦਾ ਕੀਤਾ।
ਮੇਰੇ ਫੋਨ ਕੱਟਦਿਆਂ ਉਸਦੇ ਚਹੇਤੇ ਲੇਖਕ ਦਾ ਆਸਟਰੀਆ ਤੋਂ ਫੋਨ ਆ ਗਿਆ, "ਤੈਨੂੰ ਪਤੈ ਬਾਬਾ ਹਾਰਟ ਦਾ ਮਰੀਜ਼ ਐ। ਤੈਨੂੰ ਉਹਨੂੰ ਧਮਕਾਉਣਾ ਨਹੀਂ ਸੀ ਚਾਹੀਦਾ। ਉਹ ਬਹੁਤ ਡਰਿਆ ਹੋਇਐ।"
"ਹਾਰਟ ਦੇ ਮਰੀਜ਼ ਨੂੰ ਪੰਗੇ ਨ੍ਹੀਂ ਲੈਣੇ ਚਾਹੀਦੇ। ਤੂੰ ਵੀ ਮੇਰੇ ਮਨੋਂ ਉਤਰ ਗਿਐਂ। ਮੈਨੂੰ ਮੂਹ 'ਤੇ ਸਰਾਉਂਦਾਂ ਤੇ ਪਿੱਠ ਪਿਛੇ ਨਿੰਦਦੈਂ।ਦੋਸਤ ਉਹ ਜੋ ਮੂੰਹ 'ਤੇ ਨਿੰਦੇ ਪਿੱਠ ਪਿਛੇ ਸਰਾਹੇ।"
ਉਸ ਤੋਂ ਬਾਅਦ ਵਿਚ ਬਾਬੇ ਦੀ ਅੱਜ ਤੱਕ ਚਿੱਠੀ ਲਿਖਣ ਦੀ ਜ਼ੁਅਰਤ ਨਹੀਂ ਪਈ। ਉਸ ਦੋਗਲੇ ਲੇਖਕ ਬਾਰੇ ਮੇਰੇ ਮਨ ਵਿਚ ਘ੍ਰਿਣਾ ਆ ਗਈ।ਜਿਸ ਕਰਕੇ ਕਈ ਵਾਰ ਉਹਦੇ ਤਖੱਲਸ ਵਿਚ ਲੱਗਦੇ ਕੱਕੇ ਦੀ ਬਜਾਏ ਮੇਰੇ ਮੂੰਹੋਂ ਘੱਗਾ ਹੀ ਉਚਾਰਿਆ ਜਾਂਦਾ ਹੈ।
ਇਹ ਉਹੀ ਲੇਖਕ ਸੀ ਜਿਸਦਾ ਮੈਨੂੰ ਉਸ ਵੇਲੇ ਪਹਿਲੀ ਵਾਰ ਫੋਨ ਆਇਆ ਸੀ, ਜਦੋਂ ਹਾਲੇ ਮੇਰੀਆਂ ਇਕ ਜਾਂ ਦੋ ਕਹਾਣੀਆਂ ਹੀ ਛਪੀਆਂ ਸਨ।ਉਸ ਦੇ ਦੱਸਣ ਮੁਤਾਬਕ ਉਸਨੂੰ ਮੇਰੀਆਂ ਕਹਾਣੀਆਂ ਬੜੀਆਂ ਪਸੰਦ ਆਈਆਂ ਸਨ।ਮੇਰੇ ਤੋਂ ਪਹਿਲਾਂ ਦਾ ਲਿਖਦਾ ਹੋਣ ਕਰਕੇ ਤੇ ਪਿਛਿਉਂ ਮੇਰੇ ਇਲਾਕੇ ਦਾ ਹੋਣ ਕਰਕੇ ਮੈਂ ਉਸ ਦਾ ਸਤਿਕਾਰ ਕਰਨ ਲੱਗ ਪਿਆ ਸੀ।ਉਹਦੇ ਹੀ ਪਿੰਡ ਦਾ ਇਕ ਸਾਹਿਤਕਾਰ ਕਰਮਜੀਤ ਕੁੱਸਾ ਬੜਾ ਮਸ਼ਹੂਰ ਹੋਇਆ ਸੀ। ਕਾਫੀ ਦੇਰ ਤਾਂ ਮੈਂ ਇਸ ਲੇਖਕ ਨੂੰ ਕਰਮਜੀਤ ਵਾਲਾ ਕਰੈਡਿਟ ਹੀ ਭੁਲੇਖੇ ਨਾਲ ਦਿੰਦਾ ਰਿਹਾ। 
"ਮੇਰੀ ਕਹਾਣੀ ਪੜ੍ਹੀ? ਕਿਵੇਂ ਲੱਗੀ?"
ਉਹਦੇ ਪ੍ਰਸ਼ਨ ਦੇ ਜੁਆਬ ਵਿਚ ਮੈਂ ਕਿਹਾ ਸੀ, "ਤੇਰੀ ਪੇਂਡੂ ਬੋਲੀ ਤੇ ਸ਼ੈਲੀ ਵਧੀਆ ਹੈ। ਮੈਨੂੰ ਪਿੰਡਾਂ ਵਿਚ ਰਹਿਣ ਦਾ ਮੌਕਾ ਨਹੀਂ ਮਿਲਿਆ। ਇੰਗਲੈਂਡ ਵਿਚ ਉਡਾਰ ਹੋਇਆ ਹਾਂ। ਮੇਰੇ ਵਿਚ ਇਹ ਕਮੀ ਹੈ।ਪਰ ਤੇਰੀ ਕਹਾਣੀ ਵਿਧਾ 'ਤੇ ਗਰਿਪ ਢਿੱਲੀ ਹੈ। ਤੂੰ ਇਧਰ ਧਿਆਨ ਦੇਵੀਂ।"
ਇਸ ਗੱਲ ਦਾ ਉਸਨੂੰ ਬੁਰਾ ਲੱਗਾ ਸੀ ਤੇ ਉਹ ਮੈਨੂੰ ਆਪਣੀਆਂ ਰਚਨਾਵਾਂ ਗਿਣਾਉਣ ਲੱਗ ਪਿਆ ਸੀ। ਮੈਂ ਉਸਨੂੰ ਕਿਹਾ ਕਿ ਤੂੰ ਵਿਚਾਰ ਪੁੱਛਿਐ। ਮੈਂ ਸੁਹਿਰਦ ਹੋ ਕੇ ਆਪਣਾ ਵਿਚਾਰ ਦਿੱਤਾ।ਨਾਲੇ ਐਨੀ ਵਾਟ ਤੁਰਨ ਵਾਲਾ ਤਾਂ ਬੈਸਟ ਅਥਲੀਟ ਬਣ ਜਾਂਦੈ ਤੇ ਤੈਨੂੰ ਤੁਰਨਾ ਵੀ ਨਹੀਂ
"ਬਾਈ ਮੇਰਾ ਗੋਤ ਵੀ ਬਰਾੜ ਹੈ ਤੇ ਤੂੰ ਸਿੱਧੂ।"(ਇਥੇ ਉਸਨੇ ਝੂਠ ਬੋਲਿਆ ਸੀ।) 
"ਫੇਰ ਕੀ ਹੋਇਐ? ਮੈਂ ਕੁਨਬਾਪ੍ਰਸਤ ਨਹੀਂ। ਜੇ ਇਹੀ ਰਚਨਾ ਮੇਰੇ ਸਕੇ ਭਰਾ ਨੇ ਲਿਖੀ ਹੁੰਦੀ ਤਾਂ ਫੇਰ ਵੀ ਮੇਰਾ ਵਿਚਾਰ ਇਹੀ ਰਹਿਣਾ ਸੀ।"
ਉਸ ਖਬਤੀ ਵੱਲੋਂ ਫੋਨ ਕਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਉਹ ਫੋਨ ਕਰਦਾ ਤੇ ਮੈਨੂੰ ਪੰਪ ਭਰਦਾ। ਉਹਦੇ ਫੋਨ ਰੱਖਣ 'ਤੇ ਮੈਂ ਦਿਮਾਗ ਦੀ ਟੂਟੀ ਢਿੱਲੀ ਕਰਕੇ ਉਹਦੇ ਵੱਲੋਂ ਭਰੀ ਹਵਾ ਕੱਢ ਦਿੰਦਾ।ਇਹ ਫੋਨ ਕਰਨ ਦਾ ਉਸਨੂੰ ਜਨੂੰਨ ਹੈ। ਲੇਖਕਾਂ ਨੂੰ ਫੋਨ ਕਰਕੇ ਪੰਪ ਮਾਰਨ ਪਿਛੇ ਉਸਦਾ ਮਕਸਦ ਕੇਵਲ ਇਹ ਹੁੰਦਾ ਹੈ ਕਿ ਅਗਲਾ ਭਾਜੀ ਮੋੜੇ। ਬਦਲੇ ਵਿਚ ਉਸਦੀ ਪ੍ਰਸੰਸਾ ਕਰੇ। ਅਖਬਾਰਾਂ ਵਿਚ ਉਸ ਬਾਰੇ ਲਿਖੇ। ਲੇਖਕਾਂ ਨਾਲ ਉਸ ਦੀ ਉਮਰ ਦੇ ਹਿਸਾਬ ਨਾਲ ਉਹ ਰਿਸ਼ਤੇਦਾਰੀ ਗੰਢ ਲੈਂਦਾ ਹੈ। ਚੁਸਤ ਉਸ ਤੋਂ ਪਾਸਾ ਵੱਟ ਲੈਂਦਾ ਹੈ ਤੇ ਭੋਲਾ ਉਸ ਦੇ ਖਿਲਾਰੇ ਚੋਗ ਨੂੰ ਚੁਗ ਲੈਂਦਾ ਹੈ।ਜਿਵੇਂ ਨਿਆਣਾ ਮਿੱਠੀ ਗੋਲੀ ਚੂਸਦਾ ਰਹਿੰਦਾ ਹੈ, ਇਉਂ ਲੇਖਕ ਦਿਨ ਰਾਤ ਉਹਦੀ ਪ੍ਰਸੰਸਾ ਕਰਦਾ ਨਹੀਂ ਥੱਕਦਾ। ਉਸਦਾ ਨਾਮ ਆਪਣੀਆਂ ਰਚਨਾਵਾਂ ਵਿਚ ਮਾਣ ਨਾਲ ਸ਼ਾਮਿਲ ਕਰਦਾ ਹੈ। ਉਸਦੀਆਂ ਰਚਨਵਾਂ ਬਾਰੇ ਵਧਾ ਚੜ੍ਹਾ ਕੇ ਲਿਖਦਾ ਹੈ। ਜਦੋਂ ਇਸ ਲੇਖਕ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਫਲਾਨੇ ਲੇਖਕ ਨੇ ਜਿੰਨਾ ਮੇਰੇ ਬਾਰੇ ਲਿਖ ਕੇ ਮੇਰੀਆਂ ਸਿਫਤਾਂ ਦੇ ਪੁੱਲ ਉਸਰਨੇ ਸੀ। ਉਸਾਰ ਚੁੱਕਾ ਹੈ। ਹੁਣ ਉਸਦਾ ਸੀਮਿੰਟ ਖਤਮ ਹੈ ਤਾਂ ਇਸਦੀਆਂ ਉਸ ਲੇਖਕ ਨਾਲ ਦੂਰੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਕੋਈ ਹੋਰ ਲੇਖਕ ਇਸਦਾ ਅਗਲਾ ਸ਼ਿਕਾਰ ਹੁੰਦਾ ਹੈ। ਇੰਝ ਹੀ ਕਦੇ ਉਸਦੀ ਸਾਡੇ ਬ੍ਰਮਿੰਘਮ ਦੇ ਇਕ ਹਾਸਰਸ ਦੇ ਕਵੀ ਸਤਿਕਾਰਯੋਗ ਤੇਜਾ ਸਿੰਘ ਤੇਜ ਜੀ ਕੋਟਲੇਵਾਲੇ ਨਾਲ ਨੇੜਤਾ ਬਣੀ ਸੀ।ਪਰ ਹੁਣ ਸ਼ਾਇਦ ਲੰਮੇ ਅਰਸੇ ਤੋਂ ਉਸ ਬਜੁਰਗ ਕਵੀ ਨੂੰ ਕਦੇ ਫੋਨ ਵੀ ਨਹੀਂ ਕੀਤਾ। ਉਹਨੇ 'ਨਿੱਤ ਨਵੇਂ ਮਿੱਤ, ਪੁਰਾਣੇ ਕੀਹਦੇ ਚਿੱਤ' ਵਾਲੀ ਨੀਤੀ ਅਪਣਾਈ ਹੋਈ ਹੈ। ਪਾਠਕਾਂ ਨੂੰ ਵੀ ਇਹ ਇਸੇ ਤਰ੍ਹਾਂ ਐਕਸਪੋਲਾਇਟ ਕਰਨ ਦੀ ਹੱਦ ਤੱਕ ਜਾਂਦਾ ਹੈ।ਇੰਡੀਆ ਗਿਆ ਇਹ ਕਾਰ ਚਲਾਉਂਦਾ ਤਾਂ ਹੁੰਦਾ ਹੈ ਮਾਰੂਤੀ। ਉਹ ਵੀ ਦੇਵ ਥਰੀਕਿਆਂ ਵਾਲੇ ਨੂੰ ਪੰਜਾਬ ਸਰਕਾਰ ਦੀ ਦਿੱਤੀ ਮੰਗਵੀ ਤੇ ਲਿਖੂਗਾ ਮੈਂ ਸਕੋਰਪੀਉ ਵਿਚ ਗਿਆ ਸੀ।ਚਰਚਾ ਦਾ ਰੱਜ ਕੇ ਭੁੱਖਾ ਹੈ। ਇਸਦਾ ਬਸ ਚੱਲੇ ਤਾਂ ਇਹ ਆਪਣੇ ਛਿੱਕ ਮਾਰਨ ਦੀ ਖਬਰ ਵੀ ਲਵਾਏ।
ਮੈਨੂੰ ਕਈ ਵਾਰ ਇਸ ਲੇਖਕ ਦੇ ਫੋਨ ਆ ਚੁੱਕੇ ਸਨ ਤੇ ਮੈਂ ਇਕ ਵਾਰ ਵੀ ਉਸਨੂੰ ਫੋਨ ਨਹੀਂ ਸੀ ਕੀਤਾ। ਇਸਨੇ ਗਿਲਾ ਕੀਤਾ, "ਮੈਂ ਤੈਨੂੰ ਐਨੇ ਫੋਨ ਕਰ'ਤੇ, ਤੂੰ ਕਦੇ ਫੋਨ ਨਹੀਂ ਕੀਤਾ?" 
"ਮੇਰੀ ਆਦਤ ਹੈ। ਮੈਂ ਤਾਂ ਕਦੇ ਗਰਲ ਫਰੈਂਡ ਨੂੰ ਆਪ ਬਿਨਾ ਵਜ੍ਹਾ ਫੋਨ ਨਹੀਂ ਕੀਤਾ।"
ਇਸ ਲੇਖਕ ਦੀਆਂ ਇਕ ਦੋ ਫੋਨ ਕਾਲਾਂ ਤੋਂ ਮੈਂ ਅੰਦਾਜ਼ਾ ਲਗਾ ਲਿਆ ਸੀ ਕਿ ਇਹ ਬੰਦਾ ਫੁਕਰਾ, ਸਿਰੇ ਦਾ ਗੱਪੀ ਅਤੇ ਭਰਮ ਪਾਲਣ ਦਾ ਸ਼ੌਂਕੀਨ ਹੈ।ਇਕ ਵਾਰ ਉਸਨੂੰ ਖੁਸ਼ਫਹਿਮੀ ਹੋ ਗਈ ਕਿ ਗੁਰਦਾਸ ਮਾਨ ਦਾ ਲਿਖਿਆ ਤੇ ਗਾਇਆ ਗੀਤ, 'ਟੀਵੀ ਉੱਤੇ ਦੇਖੀ ਜਾਉ ਬਲਾਉਂਜ਼ ਚੱਡੀਆਂ।' ਉਸ ਦਾ ਲਿਖਿਆ ਹੋਇਆ ਹੈ।ਇਹ ਖੁਸ਼ਫਹਿਮੀ ਸਾਂਝੀ ਕਰਨ ਲਈ ਇਹਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਉਸਦਾ ਗੀਤ ਗੁਰਦਾਸ ਮਾਨ ਨੇ ਰਿਕਾਰਡ ਕਰਵਾਇਆ ਹੈ ਤੇ ਮਨਜੀਤ ਮਾਨ ਨੇ ਅੱਜ ਹੀ ਉਸਨੂੰ ਕੈਸਟ ਦੀ ਕਾਪੀ ਭੇਜੀ ਹੈ। ਮੈਂ ਮੁਬਾਰਕਬਾਦ ਦੇ ਕੇ ਗੀਤ ਪੁੱਛਿਆ। ਉਸ ਦੇ ਗੀਤ ਦੇ ਬੋਲ ਦੱਸਣ 'ਤੇ ਮੈਂ ਉਸਨੂੰ ਪ੍ਰਸ਼ਨ ਕੀਤਾ ਕਿ ਗੀਤ ਉੱਤੇ ਤੇਰਾ ਨਾਮ ਤਾਂ ਕਿਧਰੇ ਹੈ ਨਹੀਂ। ਇਸਦਾ ਜੁਆਬ ਸੀ, "ਮੈਂ ਗੁਰਦਾਸ ਮਾਨ ਨੂੰ ਕਿਹਾ ਤੂੰ ਆਪਦਾ ਨਾਮ ਪਾ ਲੈ ਗੀਤ ਚੱਲ ਜਾਊਗਾ।" 
ਮੈਂ ਹੱਸ ਕੇ ਟਿੱਚਰ ਕੀਤੀ, "ਯਾਰ ਜ਼ਿਆਦੇ ਹੋ ਗਿਐ, ਥੋੜ੍ਹਾ ਘੱਟ ਕਰ ਲੈ।" ਅੱਗੋਂ ਉਹ ਠੁੱਸ ਜਿਹਾ ਹੋ ਗਿਆ ਤੇ ਉਸਨੇ ਗੱਲ ਬਦਲ ਦਿੱਤੀ।ਇਵੇਂ ਹੀ ਇਸਨੂੰ ਇਕ ਹੋਰ ਵਹਿਮ ਹੈ ਕਿ ਫਿਲਮਾਂ ਵਾਲੇ ਉਸਦੇ ਨਾਵਲਾਂ ਉੱਤੇ ਫਿਲਮ ਬਣਾਉਣ ਲਈ ਤਰਲੋਮੱਛੀ ਹੋਏ ਪਏ ਹਨ। ਦਸ ਬਾਰਾਂ ਸਾਲ ਹੋ ਗਏ ਉਸ ਦੇ ਨਾਵਲ ਉੱਤੇ ਫਿਲਮ ਬਣਦਿਆਂ ਪਰ ਅਜੇ ਤੱਕ ਮੁਕੰਮਲ ਨਹੀਂ ਹੋਈ। ਐਨਾ ਸਮਾਂ ਤਾਂ ਮੁਗਲ--ਆਜ਼ਮ ਅਤੇ ਟਾਇਟੈਨਿਕ ਨੂੰ ਵੀ ਨਹੀਂ ਸੀ ਲੱਗਿਆ, ਜਿੰਨਾ ਇਸ ਲੇਖਕ ਦੀ ਬਲੌਕਬਸਟਰ ਨੂੰ ਬਣਨ ਵਿਚ ਲੱਗ ਰਿਹਾ ਹੈ।ਇਸੇ ਪ੍ਰਕਾਰ ਉਸਨੂੰ ਇਕ ਹੋਰ ਵਹਿਮ ਦੇ ਭਰਿੰਡ ਨੇ ਡੰਗਿਆ ਹੋਇਆ ਹੈ ਕਿ ਅੰਗਰੇਜ਼ੀ ਸਾਹਿਤ ਵਾਲੇ ਉਸਦਾ ਸਾਹਿਤ ਪੜ੍ਹਣ ਲਈ ਸਾਰੇ ਕੰਮ ਛੱਡੀ ਬੈਠੇ ਹਨ।ਦਸ ਬਾਰਾਂ ਸਾਲਾਂ ਤੋਂ ਹੀ ਮੈਂ ਉਸ ਤੋਂ ਸੁਣਦਾ ਆ ਰਿਹਾ ਹਾਂ ਕਿ ਉਸਦੇ ਨਾਵਲਾਂ ਦਾ ਅੰਗਰੇਜ਼ੀ ਵਿਚ ਅਨੁਵਾਦ ਹੋ ਰਿਹਾ ਹੈ। ਅੱਜ ਤੱਕ ਕੋਈ ਅਨੁਵਾਦ ਸਾਹਮਣੇ ਨਹੀਂ ਆਇਆ।ਸ਼ਾਇਦ ਅਨੁਵਾਦਕ ਕਲਮਾਂ ਘੜ੍ਹਦੇ ਹੋਣਗੇ? ਆਪਣੀਆਂ ਮੁਲਾਕਾਤਾਂ, ਜੋ ਆਮ ਤੌਰ ਉੱਤੇ ਉਸਦੀਆਂ ਖੁਦ ਹੀ ਲਿਖੀਆਂ ਹੋਈਆਂ ਹੁੰਦੀਆਂ ਹਨ। ਉਹਨਾਂ ਵਿਚ ਵੀ ਉਹ ਅਕਸਰ ਭੋਲਾ ਜਿਹਾ ਮੂੰਹ ਬਣਾ ਕੇ ਵੱਡਾ ਸਾਰਾ ਬੰਬ ਸਿੱਟ ਜਾਂਦਾ ਹੈ। ਇਕ ਇੰਟਰਵਿਊ ਵਿਚ ਉਸਨੇ ਦੱਸਿਆ ਕਿ ਉਸਨੇ ੧੬-੧੭ ਕੰਪਿਊਟਰ ਦੀਆਂ ਡਿਗਰੀਆਂ ਕੀਤੀਆਂ ਹੋਈਆਂ ਹਨ।ਇਸ ਨੇ ਬਿੱਲ ਗੇਟਸ ਵੀ ਇਹ ਆਖ ਕੇ ਭੁੰਜੇ ਲਾਹ ਦਿੱਤਾ।ਇਕ ਡਿਗਰੀ ਕਰਨ ਨੂੰ ਤਿੰਨ ਸਾਲ ਲੱਗੇ ਤੇ ਡੀਹ ਸਾਲਾਂ ਵਿਚ ਦੱਸ ਡਿਗਰੀਆਂ ਹੁੰਦੀਆਂ ਹਨ।ਗੱਪ ਮਾਰਨ ਦੀ ਬਿਮਾਰੀ ਦੀ ਵੀ ਕੋਈ ਹੱਦ ਹੁੰਦੀ ਹੈ। ਇਕ ਇੰਟਰਵਿਊ ਵਿਚ ਇਸ ਨੇ ਤਿੰਨ ਚਾਰ ਲਾਇਬ੍ਰੇਰੀਆਂ ਪੜ੍ਹਨ ਦਾ ਦਾਵਾ ਕੀਤਾ ਹੈ।ਕਿਸੇ ਮੁਲਾਕਾਤ ਵਿਚ ਉਹ ਏਅਰਪੋਰਟ 'ਤੇ ਦੁਭਾਸੀਏ ਦੀ ਨੌਕਰੀ ਕਰਦਾ ਹੁੰਦਾ ਹੈ ਤੇ ਕਿਸੇ ਵਿਚ ਜਰਮਨ ਬਾਰਡਰ ਪੁਲਿਸ ਵਿਚ ਅਫਸਰ।ਅਗਰ ਉਹ ਸੱਚੀਂ ਦੁਭਾਸ਼ੀਏ ਦੀ ਨੌਕਰੀ ਕਰਦਾ ਹੁੰਦਾ ਤਾਂ ਉਸਨੂੰ ਸਥਾਨਕ ਭਾਸ਼ਾ ਦਾ ਭਰਪੂਰ ਗਿਆਨ ਹੋਣਾ ਚਾਹੀਦਾ ਹੈ ਤੇ ਜੇ ਇਹ ਹੁੰਦਾ ਤਾਂ ਸਭ ਤੋਂ ਪਹਿਲਾਂ ਉਹਨੇ ਆਪਣੀਆਂ ਹੀ ਰਚਨਾਵਾਂ ਡੱਚ ਵਿਚ ਅਨੁਵਾਦ ਕਰ ਲੈਣੀਆਂ ਸਨ ਜਾਂ ਡੱਚ ਵਿਚ ਮੌਲਿਕ ਰਚਨਾਵਾਂ ਰਚ ਲਿੱਤੀਆਂ ਹੁੰਦੀਆਂ।ਝੂਠ ਨੰਬਰ ਦੋ ਪੁਲਿਸ ਦੀ ਨੌਕਰ ਦੇ ਤਜ਼ਰਬੇ ਬਾਰੇ ਉਸ ਤੋਂ ਅੱਜ ਤੱਕ ਇਕ ਅੱਖਰ ਨਹੀਂ ਲਿਖ ਹੋਇਆ। ਪੁਲਿਸ ਦੀ ਵਧੀਆ ਨੌਕਰੀ ਛੱਡ ਕੇ ਉਹ ਇੰਗਲੈਂਡ ਧੱਕੇ ਖਾਣ ਉਦੋਂ ਆਇਆ ਹੈ, ਜਦੋਂ ਇਥੇ ਬੇਰੋਜ਼ਗਾਰੀ ਜ਼ੋਰਾਂ 'ਤੇ ਹੈ। 
ਮੇਰਾ ਪਹਿਲਾ ਕਹਾਣੀ ਸੰਗ੍ਰਹਿ 'ਅਣਲੱਗ' ਛਪਿਆ ਤਾਂ ਇਸ ਨੇ ਫੋਨ ਕਰਕੇ ਮੈਥੋਂ ਪੜ੍ਹਨ ਲਈ ਉਸਦੀ ਕਾਪੀ ਮੰਗੀ। ਮੈਂ ਕਿਤਾਬ ਭੇਜ ਦਿੱਤੀ। ਇਸ ਦਾ ਫੋਨ ਆਇਆ ਤੇ ਇਸ ਨੂੰ ਹੋਰ ਭਰਮ ਨੇ ਡੱਸ ਲਿਆ ਸੀ। ਪੰਜਾਬ ਦੀ ਇਕ ਨਾਮਾਵਰ ਆਲੋਚਕਾ ਇਸਦੀ ਘਰਵਾਲੀ ਹੈ ਤੇ ਇਹ ਮੇਰੀ ਕਿਤਾਬ ਉੱਤੇ ਉਸ ਤੋਂ ਪਰਚਾ ਲਿਖਵਾਏਗਾ। ਇਤਫਾਕਨ ਮੈਂ ਆਲੋਚਕਾ ਅਤੇ ਉਸ ਦੇ ਘਰਵਾਲੇ ਨੂੰ ਜਾਣਦਾ ਸੀ। ਮੈਂ ਇਸ ਨੂੰ ਜੁਆਬ ਦਿੱਤਾ ਕਿ ਮੈਂ ਮੁੱਖਬੰਦ ਨਹੀਂ ਲਿਖਵਾਇਆ, ਪਰਚੇ ਕਿਥੋਂ ਲਿਖਵਾਉਣੇ ਹਨ। ਪਰਚਾ ਲਿਖਵਾਉਣਾ ਹੋਇਆ ਤਾਂ ਮੈਂ ਰਜਨੀਸ਼ ਬਹਾਦਰ ਤੋਂ ਲਿਖਵਾ ਲਊਂ। ਨਹੀਂ ਹਜ਼ਾਰ ਰੁਪਈਆ ਮੂੰਹ 'ਤੇ ਮਾਰ ਕੇ ਜਿਹੜੇ ਮਰਜ਼ੀ ਆਲੋਚਕ ਤੋਂ ਜੋ ਮਰਜ਼ੀ ਲਿਖਵਾ ਲਵੋਂ।ਪ੍ਰਵਾਸੀ ਲੇਖਕਾਂ ਬਾਰੇ ਲਿਖਣਾ ਤਾਂ ਉਹ ਇੰਝ ਮਾਣ ਸਮਝਦੇ ਹਨ ਜਿਵੇਂ ਪੁਰਾਣਿਆਂ ਸਮਿਆਂ ਵਿਚ ਛੋਟੇ ਮੋਟੇ ਰਾਜੇ ਬਾਦਸ਼ਾਹਾਂ ਨਾਲ ਆਪਣੀਆਂ ਕੰਨਿਆਵਾਂ ਦਾ ਰਿਸ਼ਤਾ ਕਰਨ ਵਿਚ ਫਖਰ ਮਹਿਸੂਸ ਕਰਿਆ ਕਰਦੇ ਸਨ।ਫਿਰ ਇਹ ਮਹਾਸ਼ਯ ਆਪਣੇ ਪਾਠਕਾਂ ਕੋਲ ਮੇਰੇ ਬਾਰੇ ਇਹ ਕਹਿਣ ਲੱਗ ਪਿਆ ਕਿ ਬਲਰਾਜ ਸਿੱਧੂ ਨੇ ਆਪਣੀ ਕਿਤਾਬ ਮੈਨੂੰ ਰਿਵੀਉ ਕਰਨ ਲਈ ਭੇਜੀ ਮੈਂ ਕਿਤਾਬ ਦੇਖਦਿਆਂ ਸਿੱਟ ਦਿੱਤੀ ਕਿ ਮੈਂ ਐਨੀ ਗੰਦੀ ਕਿਤਾਬ ਬਾਰੇ ਨਹੀਂ ਲਿਖ ਸਕਦਾ। ਕਮਾਲ ਦੀ ਗੱਲ ਹੈ ਕਿ ਮੈਨੂੰ ਪੂਰੇ ਪੰਜਾਬੀ ਜਗਤ ਵਿਚ ਕੇਵਲ ਇਕ ਇਹੀ ਰਿਵੀਉਕਾਰ ਮਿਲਿਆ ਸੀ।ਮੇਰੇ ਬਾਰੇ ਇਕ ਵੀ ਪੰਜਾਬੀ ਦਾ ਲੇਖਕ, ਆਲੋਚਕ ਜਾਂ ਰਿਵੀਉਕਾਰ ਕਹਿ ਦੇਵੇ ਕਿ ਮੈਂ ਉਸਨੂੰ ਆਪਣੀ ਕਿਤਾਬ ਦਾ ਰਿਵੀਉ ਜਾਂ ਆਪਣੀ ਕਿਸੇ ਰਚਨਾ ਬਾਰੇ ਲਿਖਣ ਲਈ ਕਿਹਾ ਹੋਵੇ ਤਾਂ, ਮੈਂ ਸਦਾ ਲਈ ਲਿਖਣਾ ਛੱਡ ਦੇਉਂ!!! ਬਾਕੀ ਰਿਵੀਉਕਾਰ ਬਣਨ ਦੇ ਸੌਂਕੀਨ ਇਸ ਲੇਖਕ ਨੂੰ ਵੀ ਮੈਂ ਚੈਂਲਿਜ ਕਰਕੇ ਆਖਦਾਂ ਕਿ ਕਹਾਣੀ ਲਿਖਣ ਦੀਆਂ ਅੱਠ ਤਕਨੀਕਾਂ ਹੁੰਦੀਆਂ ਹਨ। ਉਹ ਅੱਠਾਂ ਵਿਚੋਂ ਕੇਵਲ ਚਾਰਾਂ ਦੇ ਨਾਮ ਹੀ ਗਿਣਾ ਦੇਵੇ। 
ਜਦੋਂ ਇਸ ਲੇਖਕ ਨੂੰ ਅਹਿਸਾਸ ਹੋ ਗਿਆ ਕਿ ਮੈਂ ਉਸਨੂੰ ਜ਼ਿਆਦਾ ਮੂੰਹ ਨਹੀਂ ਲਾਉਂਦਾ ਤਾਂ ਇਸਦੀਆਂ ਮੇਰੇ ਤੋਂ ਦੂਰੀਆਂ ਬਣਦੀਆਂ ਗਈਆਂ। ਸੁੱਖੀ ਸਮੁੰਦਰੀ ਨਾਲ ਵੀ ਇਹਦੀ ਇਹੋ ਡਾਇਲਾਗਬਾਜ਼ੀ ਸੀ, ਜੋ ਮੇਰੇ ਨਾਲ।ਪਹਿਲਾਂ ਇਸਨੇ ਬੂਟਾ ਸਿੰਘ ਸ਼ਾਦ ਦਾ ਸਟਾਇਲ ਚੋਰੀ ਕੀਤਾ।ਨਾਵਲ ਦਾ ਕਾਂਡ ਸ਼ੁਰੂ ਹੋਣ ਤੋਂ ਪਹਿਲਾਂ ਗੀਤ ਦੀਆਂ ਲਾਇਨਾਂ ਲਿਖਣੀਆਂ ਜਿਨ੍ਹਾਂ ਦਾ ਰਚਨਾ ਨਾਲ ਕੋਈ ਸਬੰਧ ਨਹੀਂ। ਫਿਰ ਸੁੱਖੀ ਖਾੜਕੂਵਾਦ ਉੱਤੇ ਕਹਾਣੀਆਂ ਲਿਖਣ ਲੱਗਾ ਤਾਂ ਉਹਦਾ ਵਿਸ਼ਾ ਚੋਰੀ ਕਰ ਲਿਆ ਗਿਆ।ਇਸ ਲੇਖਕ ਦਾ ਤਾਂ ਉਹ ਹਾਲ ਹੈ ਗੰਗਾ ਗਏ ਤਾਂ ਗੰਗਾ ਰਾਮ, ਯਮੁਨਾ ਗਏ ਤਾਂ ਯਮੁਨਾ ਦਾਸ।ਜੇ ਰੇਵ ਪੰਜਾਮੀਆਂ ਦਾ ਰਿਵਾਜ਼ ਚੱਲਿਆ ਤਾਂ ਰੇਵ ਪੰਜਾਮੀ ਪਾ ਲਈ। ਜੇ ਫਰਾਕ ਸੂਟ ਚੱਲੇ ਤਾਂ ਫਰਾਕ ਸੂਟ ਪਾ ਲਿਆ। ਜੇ ਫਿੱਸ਼ ਕੱਟ ਲਾਚੇ ਚੱਲ ਪਏ ਤਾਂ ਉਹ ਪਾ ਲਏ। ਇਸ ਨੇ ਆਪਣੀ ਵੱਖਰੀ ਕੋਈ ਲਾਇਨ ਨਹੀਂ ਫੜ੍ਹੀ ਹੈ। ਉਧਰ ਅਸੀਂ ਗੂਚੀ ਵਰਸਾਚੀ ਵਾਂਗ ਆਪਣਾ ਫੈਸ਼ਨ ਆਪਣਾ ਬ੍ਰੈਂਡ ਚਲਾਇਆ ਹੈ ਤੇ ਉਹੀ ਰੱਖਿਆ ਹੈ।
ਬੂਟਾ ਸਿੰਘ ਸ਼ਾਦ ਨਾਲ ਨੇੜਤਾ ਗੰਢਣ ਪਿਛੇ ਇਸ ਲੇਖਕ ਦਾ ਸਵਾਰਥ ਕੇਵਲ ਐਨਾ ਸੀ ਕਿ ਸ਼ਾਇਦ ਸ਼ਾਦ ਉਸਦੇ ਨਾਵਲਾਂ ਉੱਤੇ ਫਿਲਮ ਬਣਾ ਦੇਵੇਗਾ। ਫਿਲਮਾਂ ਬਣਾਉਂਣਾ ਖੇਡ ਹੁੰਦੀ ਜਾਂ ਸ਼ਾਦ ਕੋਲ ਜਾਦੂ ਦੀ ਛੜੀ ਹੁੰਦੀ ਤਾਂ ਸਭ ਤੋਂ ਪਹਿਲਾਂ ਉਹ ਅਪਣੇ ਨਾਵਲਾਂ ਉੱਤੇ ਨਾ ਫਿਲਮਾਂ ਬਣਾ ਲੈਂਦਾ। ਇੰਡੀਆ ਦੇ ਪੱਤਰਕਾਰ ਗਾਇਕਾਂ ਤੋਂ ਇਸ਼ਤਿਆਰ ਲੈਣ ਦੀ ਗਰਜ਼ ਨਾਲ ਦੋ ਕੁ ਕਾਲਮ ਦਾ ਉਨ੍ਹਾਂ ਬਾਰੇ ਲੇਖ ਲਿਖ ਦਿੰਦੇ ਹਨ। ਜੋ ਲਗਭਗ ਸਾਰੇ ਗਾਇਕਾਂ ਬਾਰੇ ਇਕ ਹੀ ਹੁੰਦਾ ਹੈ। ਇਸ ਲੇਖਕ ਦੇ ਮਨ ਵਿਚ ਗੀਤ ਰਿਕਾਰਡ ਕਰਵਾਉਣ ਦੀ ਸੁਲਘਦੀ ਚਿੰਗਿਆਰੀ ਨੇ ਵੀ ਗਾਇਕਾ ਨਾਲ ਇਸਨੂੰ ਨੇੜਤਾ ਬਣਾਉਣ ਲਈ ਮਜ਼ਬੂਰ ਕੀਤਾ। ਸੰਗੀਤ ਬਾਰੇ ਇੱਲ-ਕੁਕੜ ਨਾ ਜਾਣਦੇ ਹੋਣ ਦੇ ਬਾਵਜੂਦ ਇਹ ਗਾਇਕ ਦਾ ਖਿਦਮਤਗਾਰ  ਬਣ ਕੇ ਪ੍ਰਸੰਸਾਮਈ ਲੇਖ ਲਿਖਣ ਲੱਗ ਜਾਂਦਾ ਹੈ।ਇਸ ਨੂੰ ਇਹ ਵੀ ਨਹੀਂ ਪਤਾ ਹੁੰਦਾ ਹੈ ਕਿ ਜਿਸ ਬਾਰੇ ਇਹ ਲਿਖ ਰਿਹਾ ਹੁੰਦਾ ਹੈ ਉਸ ਗਾਇਕ ਨੇ ਕੀ ਚੰਦ ਚਾੜ੍ਹੇ ਹਨ, ਉਸਦਾ ਮਾਰਕੀਟ ਵਿਚ ਕੀ ਰੈਪੂਟੇਸ਼ਨ ਹੈ ਤੇ ਉਸ ਵਿਚ ਕਿੰਨਾ ਕੁ ਦਮ ਹੈ, ਸੰਗੀਤ ਦਾ ਉਸਨੂੰ ਕਿੰਨਾ ਕੁ ਗਿਆਨ ਹੈ, ਵਗੈਰਾਅੱਗੋਂ ਜਿਵੇਂ ਲੰਡੇ ਨੂੰ ਮੀਣਾ ਸੌ ਵਲ੍ਹ ਪਾ ਕੇ ਟੱਕਰਾ ਹੈ, ਜਿਹੋ ਜਿਹਾ ਮੇਰਾ ਫੱਤੂ ਉਹੋ ਜਿਹੇ ਫੱਤੂ ਦੇ ਮੁਲਾਹਜੇ। ਉਹਦੇ ਪਸੰਦਿਦਾ ਕਿਸੇ ਗਾਇਕ ਨੇ ਚਮਕੀਲੇ ਦੇ ਬੋਲ ਤੇ ਤਰਜ਼ਾਂ ਚੋਰੀ ਕੀਤੀਆਂ ਹੁੰਦੀਆਂ ਹਨ ਤੇ ਕਿਸੇ ਹਾਕਮ ਬਖਤੜੀ ਵਰਗੇ ਨੇ ਬਲਦੇਵ ਮਸਤਾਨੇ ਵਰਗਿਆਂ ਦਾ ਗੀਤ ਚੋਰੀ ਕਰਕੇ ਆਪਣੇ ਨਾਮ 'ਤੇ ਰਿਕਾਰਡ ਕਰਵਾਇਆ ਹੁੰਦਾ ਹੈ। ਗੀਤ ਵਿਚ ਮਸਤਾਨਾ ਸ਼ਬਦ ਵੀ ਉਹ ਕੱਟਦੇ ਨਹੀਂ ਕਿਉਂਕਿ ਉਹਨਾਂ ਨੂੰ ਇਲਮ ਨਹੀਂ ਹੁੰਦਾ ਕਿ ਮਸਤਾਨਾ ਸ਼ਬਦ ਹੈ ਜਾਂ ਗੀਤਕਾਰ ਦਾ ਤਖੱਲਸ।
ਵਧੀਆ ਲੇਖਕ ਦਾ ਗੁਣ ਹੁੰਦਾ ਹੈ ਕਿ ਉਹ ਰਾਜਨੀਤੀ ਵਿਚ ਨਹੀਂ ਪੈਂਦਾ ਤੇ ਆਪਣੀ ਕਲਾ ਦੇ ਵਿਕਾਸ ਉੱਤੇ ਸਮਾਂ ਅਤੇ ਮਿਹਨਤ ਖਰਚਦਾ ਹੈ। ਪਰ ਅੱਜਕੱਲ੍ਹ ਇੰਗਲੈਂਡ ਦੀ ਧਰਤੀ ਨੂੰ ਭਾਗ ਲਾ ਰਹੇ ਸਾਡੇ ਇਸ ਲੇਖਕ ਦਾ ਬਹੁਤ ਸਮਾਂ ਸਟੰਟ ਪਲੈਨਿੰਗ ਉੱਤੇ ਖਰਚ ਹੁੰਦਾ ਹੈ। ਜੇ ਦੋ ਕੁ ਮਹੀਨੇ ਇਸ ਲੇਖਕ ਦੀ ਕੋਈ ਰਚਨਾ ਨਾ ਛਪੇ ਤਾਂ ਉਸਦੇ ਪਾਠਕ ਮਰਨ ਵਾਲੇ ਹੋ ਜਾਂਦੇ ਹਨ। ਲੇਖਕ ਨੂੰ ਲੇਖ ਲਿਖਕੇ ਦੱਸਣਾ ਪੈਂਦਾ ਹੈ ਕਿ ਉਹ ਹਾਜਰ ਹੈ। ਹਾਜਰ ਹੈ ਵੀ ਉਹ ਇੰਝ ਕਹਿੰਦਾ ਹੈ ਜਿਵੇਂ ਮਾਸਟਰ ਨੇ ਸਕੂਲ ਵਿਚ ਰੋਲ ਨੰਬਰ ਬੋਲਿਆ ਹੁੰਦਾ ਹੈ ਤੇ ਵਿਦਿਆਰਥੀ ਅੱਗੋ ਬੋਲਦਾ ਹੈ, "ਹਾਜ਼ਰ ਹਾਂ ਜੀ।" ਪੰਜਾਬੀ ਸਾਹਿਤ ਵਿਚ ਵਾਕਈ ਇਸ ਲੇਖਕ ਦੇ ਨਾਲ ਦਾ ਕੋਈ ਹੋਰ ਮਸਖਰਾ ਜਾਂ ਅਜੂਬਾ ਨਹੀਂ ਹੈ।ਲੰਡਨ ਵੱਲ ਰਹਿੰਦੇ ਇਸ ਲੇਖਕ ਨੇ ਤਾਂ ਰਚਨਾਵਾਂ ਦੀ ਫਰੀ ਹੋਮ ਡਲੀਵਰੀ ਵੀ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਉਸਦਾ ਵਿਚਾਰ ਹੈ ਕਿ ਪੀਜ਼ੇ ਵਾਂਗ ਸੱਜਰੀ ਤੇ ਤੱਤੀ ਤੱਤੀ ਰਚਨਾ ਪਾਠਕ ਤੱਕ ਪਹੁੰਚਣੀ ਚਾਹੀਦੀ ਹੈ। ਇਕੋ ਸਮੇਂ ਉਹਦੀ ਰਚਨਾ ਅਖਬਾਰ ਵਿਚ ਛੱਪਣ ਜਾਂਦੀ ਹੈ ਤੇ ਉਸੇ ਸਮੇਂ ਉਸਦੇ ਚਹੇਤੇ ਪਾਠਕਾਂ ਕੋਲ। ਇਸ ਨਾਲ ਉਸ ਲੇਖਕ ਨੂੰ ਇਹ ਫਾਇਦਾ ਹੁੰਦਾ ਹੈ ਕਿ ਜਦ ਤੱਕ ਰਚਨਾ ਅਖਬਾਰ ਵਿਚ ਛਪਦੀ ਹੈ ਉਹ ਆਪਣੇ ਪਾਠਕ ਨੂੰ ਰਚਨਾ ਪੜ੍ਹਾ ਕੇ ਉਸ ਬਾਰੇ ਚਿੱਠੀ ਵੀ ਅਖਬਾਰ ਨੂੰ ਕੱਢਵਾ ਚੁੱਕਿਆ ਹੁੰਦਾ ਹੈ।ਅਖਬਾਰ ਦੀ ਅਗਲੀ ਅਡੀਸ਼ਨ ਵਿਚ ਉਸ ਚਿੱਠੀ ਨੂੰ ਢੁਕਵਾ ਥਾਂ ਦਿਵਾਉਣ ਲਈ ਇਹਦੇ ਵਧੀਆ ਆਇਡੀਆ ਭਲਾਂ ਕੋਈ ਹੋ ਸਕਦਾ ਹੈ।
ਵੀਨਸ ਟੀਵੀ ਉੱਤੇ ਇਸ ਲੇਖਕ ਦੀ ਇੰਟਰਵਿਉ ਕਰਦਿਆਂ ਭੋਲੀ ਮੁਲਾਕਾਤੀ, ਰੂਪਦਵਿੰਦਰ ਕੌਰ ਦੇ ਮੂੰਹੋਂ ਨਿਕਲ ਜਾਂਦਾ ਹੈ ਕਿ ਹਾਂ ਜੀ ਮੈਨੂੰ ਪਤਾ ਲੱਗਿਆ ਹੈ ਕਿ ਤੁਹਾਨੂੰ ਬਹੁਤ ਪੜ੍ਹਿਆ ਜਾਂਦਾ ਹੈ, ਲੋਕਾਂ ਦੇ ਬਹੁਤ ਫੋਨ ਆਏ ਕਿ ਤੁਹਾਨੂੰ ਇੰਟਰਵਿਉ ਕੀਤਾ ਜਾਵੇ। ਹੁਣ ਇਸ ਬਿਆਨ ਵਿਚੋਂ ਤਿੰਨ ਗੱਲਾਂ ਸਪਸ਼ਟ ਹੋ ਜਾਂਦੀਆਂ ਹਨ। ਇਕ ਤਾਂ ਰੂਪਦਵਿੰਦਰ ਕੌਰ ਨੇ ਉਸਨੂੰ ਖੁਦ ਨਹੀਂ ਪੜ੍ਹਿਆਂ ਕਿਉਂਕਿ ਉਸਦੀ ਰਚਨਾ ਬਾਰੇ ਕੋਈ ਸਵਾਲ ਨਹੀਂ ਕਰ ਸਕੀ।ਉਸ ਨੇ ਆਏ ਫੋਨ ਕਾਲਾਂ ਤੋਂ ਆਪਣੀ ਰਾਏ ਕਾਇਮ ਕਰ ਲਿੱਤੀ।ਦੂਜਾ ਮੀਡੀਏ ਵਿਚ ਰਹਿਣ ਦੀ ਬਾਵਜੂਦ ਰੂਪਦਵਿੰਦਰ ਕੌਰ ਨੂੰ ਸਟੰਟਬਾਜ਼ੀਆਂ ਅਤੇ ਸ਼ੜਯੰਤਰਾਂ ਦਾ ਇਲਮ ਨਹੀਂ। ਤੀਜਾ ਫੋਨ ਆਏ ਨਹੀਂ ਬਲਕਿ ਰੂਪਦਵਿੰਦਰ ਕੌਰ ਦਾ ਨੰਬਰ ਦੇ ਕੇ ਕਰਵਾਏ ਗਏ। ਕੀ ਮੈਂ ਝੂਠ ਬੋਲਿਐ?… ਕੀ ਮੈਂ ਕੂਫਰ ਤੋਲਿਆ?… ਹੋ ਕੋਈ ਨਾ ਬਈ ਕੋਈ ਨਾ…!!!
ਪੰਜਾਬੀ ਕਹਾਣੀਕਾਰ ਬਲਰਾਜ ਸਿੱਧੂ ਨੂੰ ਮੇਰੇ ਨਾਲੋਂ ਵੱਧ ਕੋਈ ਨਹੀਂ ਜਾਣਦਾ।ਮੈਂ ਉਸਨੂੰ ਬਹੁਤ ਨੇੜਿਉਂ ਦੇਖਿਆ ਹੈ।ਦਿਨ ਰਾਤ ਉਹਦੇ ਨਾਲ ਰਿਹਾ ਹਾਂ। ਉਹਦਾ ਅੰਗਰੱਖਿਅਕ ਬਣ ਕੇ। ਬੈਲਜ਼ੀਅਮ, ਫਰਾਂਸ, ਜਰਮਨ, ਗੋਆ, ਮੁੰਬਈ, ਸਾਇਪਰਸ, ਨੇਪਾਲ, ਚੈਖ ਰਿਪਬਲਿਕ, ਡੁਬਈ, ਪੋਲੈਂਡ ਮੈਂ ਉਹਦੇ ਨਾਲ ਅਯਾਸ਼ੀਆਂ ਕੀਤੀਆਂ। ਦੇਸ਼ਾਂ ਵਿਦੇਸ਼ਾਂ ਦੀਆਂ ਹਵਾਲਾਤਾਂ ਤੇ ਜੇਲ੍ਹਾਂ ਦੀ ਯਾਤਰਾਵਾਂ ਉਹਦੇ ਨਾਲ ਕੀਤੀਆਂ। ਹਸਪਤਾਲਾਂ ਵਿਚ ਉਹਦੇ ਮਰਦੇ ਨਾਲ ਮਰਦਾ ਤੇ ਜੀਉਂਦੇ ਨਾਲ ਜੀਉਂਦਾ ਰਿਹਾਂ। ਮੈਂ ਹਮੇਸ਼ਾਂ ਉਸ ਦੇ ਅੰਦਰ ਬੈਠਾ ਰਹਿੰਦਾ ਹਾਂ, ਅੱਜ ਤੁਹਾਨੂੰ ਮਿਲਣ ਲਈ ਤੇ ਉਹਦੇ ਬਾਰੇ ਦੱਸਣ ਲਈ ਬਾਹਰ ਨਿਕਲਿਆ ਹਾਂ। ਉਹ ਛੋਟਾ ਹੁੰਦਾ ਚੰਡੀਗੜ੍ਹ ਦੇ ਕੌਨਵੈਂਟ ਸਕੂਲਾਂ ਵਿਚ ਪੜ੍ਹਿਆ ਤੇ ਛੋਟਾ ਹੁੰਦਾ ਇੰਗਲੈਂਡ ਆ ਗਿਆ। ਇੰਗਲੈਂਡ ਆ ਕੇ ਉਹਨੇ ਸੁਰਤ ਸੰਭਾਲੀ। ਪੰਜਾਬੀ ਦੀ ਔਫੀਸ਼ਲੀ ਇਕ ਜਮਾਤ ਨਹੀਂ ਪੜ੍ਹਿਆ 'ਤੇ ਅੱਜ ਪੰਜਾਬੀ ਦਾ ਲੇਖਕ ਹੈ।ਸਾਹਿਤ ਨਾਲ ਉਸਦਾ ਕੋਈ ਵਾਸਤਾ ਨਹੀਂ ਸੀ। ਆਪਣੀ ਪ੍ਰੇਮਿਕਾ ਨਾਲ ਕਲਾਸ ਵਿਚ ਇਕੱਠੇ ਬੈਠਣ ਦੇ ਮਾਰੇ ਨੇ ਉਸਨੇ ਅੰਗਰੇਜ਼ੀ ਸਾਹਿਤ ਦਾ ਏ ਲੈਵਲ ਕੋਰਸ ਕਾਲਜ ਵਿਚ ਲੈ ਲਿਆ ਸੀ।ਕੋਰਸ ਵਰਕ ਦੀ ਸ਼ਰਤ ਪੂਰੀ ਕਰਨ ਲਈ ਮਜ਼ਬੂਰੀ ਵਿਚ ਉਸਨੇ ਪਹਿਲੀ ਕਹਾਣੀ 'ਬੌਰਡਰਲਾਇਨ' ਲਿਖੀ। ਕਿਸੇ ਨੇ ਯਕੀਨ ਨਾ ਕੀਤਾ। ਉਸਦੀ ਅਧਿਆਪਕਾ ਨੇ ਉਸਨੂੰ ਸਾਹਮਣੇ ਬਿਠਾ ਕੇ ਵਿਸ਼ਾ ਦਿੱਤਾ ਤੇ ਕਿਹਾ, "ਨਵੀਂ ਕਹਾਣੀ ਲਿਖ ਕੇ ਸਾਬਤ ਕਰ ਕਿ ਇਹ ਕਹਾਣੀ ਤੂੰ ਲਿਖੀ ਹੈ।"
ਦੋ ਘੰਟੇ ਵਿਚ ਉਸ ਨੇ ਨਵੀਂ ਕਹਾਣੀ 'ਬੈਟਰੇਅਲ' ਲਿਖ ਦਿੱਤੀ।ਉਹਦੀ ਅਧਿਆਪਕਾ ਦੰਗ ਰਹਿ ਗਈ ਤੇ ਉਸ ਨੂੰ ਧੱਕੇ ਨਾਲ ਸਾਹਿਤ ਪੜ੍ਹਾ ਕੇ ਉਹਦੀ ਕਹਾਣੀ ਕਲਾ ਚਮਕਾਉਣ ਲੱਗ ਪਈ।ਹਰ ਸਾਲ ਬ੍ਰਮਿੰਘਮ ਵਿਚ ਹੁੰਦੇ ਕਹਾਣੀ ਮੁਕਾਬਲੇ ਲਈ ਉਸਨੂੰ ਤਿਆਰ ਕੀਤਾ ਜਾਣ ਲੱਗਾ। ਮਿਡਲੈਂਡ ਕਰੀਏਟਿਵ ਰਾਇਟਿੰਗ ਮੁਕਾਬਲੇ ਵਿਚ ਉਸਦੀ ਅਧਿਆਪਕਾ ਨੇ ਕਾਲਜ ਵੱਲੋਂ ਉਸਦਾ ਨਾਮ ਭਰਿਆ ਤਾਂ ਬਾਕੀ ਅਧਿਆਪਕਾਂ ਅਤੇ ਹੈਠਟੀਚਰ ਨੇ ਉਸਦੇ ਨਾਮ ਦੀ ਮੁਖਲਫਤ ਕੀਤੀ, "ਮਿਸ ਹੈਲਨ ਵੌਕਰ, ਆਪਣਾ ਕਾਲਜ ਪਿਛਲੇ ਪੰਜ ਸਾਲਾਂ ਤੋਂ ਇਹ ਮੁਕਾਬਲਾ ਹਾਰਦਾ ਆ ਰਿਹਾ। ਬੋਰਡ ਕੋਲ ਪਹਿਲਾਂ ਹੀ ਆਪਣਾ ਰੈਪੂਟੇਸ਼ਨ ਬੁਰਾ ਬਣਿਆ ਹੈ। ਇਹ ਨਵਾਂ ਹੈ। ਕੋਈ ਸੈਕਿੰਡ ਯਿਅਰ ਦਾ ਨਿਪੁੰਨ ਵਿਦਿਆਰਥੀ ਪਾਉ। ਕੋਈ ਇੰਗਲੀਸ਼ ਕੁੜੀ। ਇਹ ਏਸ਼ੀਅਨਇਸ ਵਿਚ ਕੀ ਖਾਸੀਅਤ ਹੈ?"
"ਇਸ ਮੁੰਡੇ ਅੰਦਰ ਅੱਗ ਹੈ ਜੋ ਮੈਂ ਦੇਖੀ ਹੈ।ਤੁਸੀਂ ਦੇਖਿਆ ਨਹੀਂ ਕਿਵੇਂ ਉਸਦੀਆਂ ਅੱਖਾਂ ਵਿਚੋਂ ਚੰਗਿਆੜੇ ਨਿਕਲਦੇ ਹੁੰਦੇ ਹਨ। ਮੁਕਾਬਲਾ ਤਾਂ ਇਹੀ ਲੜੂਗਾ ਨਹੀਂ ਮੇਰਾ ਅਸਤੀਫਾ ਤੁਹਾਨੂੰ ਮਿਲ ਜਾਵੇਗਾ।"
ਅਧਿਆਪਕਾ ਆ ਕੇ ਉਸਨੂੰ ਕਹਿੰਦੀ ਹੈ "ਰਾਜ, ਮੇਰੀ ਇੱਜ਼ਤ ਤੇਰੇ ਹੱਥ ਹੈ। ਮੈਂ ਤੇਰੀ ਖਾਤਰ ਲੜ੍ਹ ਕੇ ਆਈ ਹਾਂ। ਲਾਜ ਰੱਖੀਂ।"
"ਮਿਸ ਟਰੱਸਟ ਮੀ। ਆਈ ਵੌਂਟ ਲੈਟ ਯੂ ਡਾਊਨ। ਮੈਂ ਹਨੇਰੀਆਂ ਲਿਆ'ਦੂੰ।"
ਹਾਫ ਟਰਮ ਦੀਆਂ ਛੁੱਟੀਆਂ ਹੋਈਆਂ। ਉਹਨੇ 'ਉਮਰਾਉ ਜਾਨ' ਫਿਲਮ ਦੇਖੀ। ਜੋ ਮਿਰਜ਼ਾ ਹਾਦੀ ਰੁਸਵਾ ਦੇ ਲਿਖੇ ਊਰਦੂ ਦੇ ਪਹਿਲੇ ਨਾਵਲ 'ਉਮਰਾਉ ਜਾਨ ਅਦਾ' ਉੱਤੇ ਅਧਾਰਤ ਸੀ। ਉਸ ਨੇ ਖਰੀਦ ਕੇ ਉਸਦਾ ਅੰਗਰੇਜ਼ੀ ਅਨੁਵਾਦ ਪੜ੍ਹਿਆ। ਉਸਨੂੰ ਮਜ਼ਾ ਨਾ ਆਇਆ। ਉਸਨੇ ਲਾਇਬਰੇਰੀ ਵਿਚੋਂ ਟਾਕਿੰਗ ਬੁੱਕ ਲੈ ਕੇ ਅਸਲੀ ਉਰਦੂ ਨਾਵਲ ਤਿੰਨ ਦਿਨ ਲਗਾਤਾਰ ਸੁਣਿਆ।ਚੌਥੇ ਦਿਨ ਫਲਾਇਟ ਫੜ੍ਹ ਕੇ ਉਹ ਲਖਨਊ ਪਹੁੰਚ ਗਿਆ। ਉਹਨੇ ਜਦੋਂ ਕਿਤੇ ਜਾਣਾ ਹੋਵੇ, ਫਲਾਇਟ ਇੰਝ ਫੜ੍ਹਦਾ ਹੈ ਜਿਵੇਂ ਨਾਨਕਿਆਂ ਨੂੰ ਜਾਣ ਵਾਲੀ ਬੱਸ ਹੋਵੇ।ਲਖਨਊ ਜਾ ਕੇ ਉਹਨੇ ਉਮਰਾਊ ਜਾਨ ਬਾਰੇ ਅਨੇਕਾਂ ਕਿੱਸੇ ਸੁਣੇ।ਉਮਰਾਉ ਜਾਨ ਅਦਾ ਹਾਦੀ ਰੁਸਵਾ ਦੀ ਮਾਂ ਸੀ।ਅੱਜ ਵੀ ਉਥੋਂ ਦੀਆਂ ਗਲੀਆਂ ਵਿਚ ਅਮਰਾਉਂ ਜਾਨ ਦੀ ਅੱਡੀ ਦੀ ਧਮਕ ਅਤੇ ਉਹਦੇ ਝਾਂਜਰਾਂ ਦੀ ਛਣਕਾਰ ਗੂੰਝਦੀ ਹੈ। ਮੁਜ਼ਰਿਆਂ ਦੀ ਖਤਮ ਹੋ ਗਈ ਪ੍ਰੰਪਰਾ ਦੀ ਖੋਜ ਕਰਕੇ ਬਲਰਾਜ ਵਾਪਸ ਇੰਗਲੈਂਡ ਆ ਕੇ ਮੁਜਰਾ ਕਲਚਰ ਉੱਤੇ ਨਵੀਂ ਕਹਾਣੀ 'ਬਰੌਥਲ' ਲਿਖ ਦਿੰਦਾ ਹੈ ਤੇ ਇਹੀ ਕਹਾਣੀ ਮੁਕਾਬਲੇ ਵਿਚ ਪੜ੍ਹੀ।ਕਹਾਣੀ ਬਾਰੇ ਉਸਨੂੰ ਮੁਕਾਬਲੇ ਵਿਚ ਅਨੇਕਾਂ ਸਵਾਲ ਕੀਤੇ ਗਏ, ਉਸਨੇ ਦ੍ਰਿੜਤਾ ਨਾਲ ਦਲੀਲਾਂ ਦੇ ਕੇ ਸਭ ਨੂੰ ਪ੍ਰਸ਼ਨਹੀਨ ਅਤੇ ਲਾਜਵਾਬ ਕਰ ਦਿੱਤਾ।ਉਹ ਕੁਰਸੀ ਤੋਂ ਉੱਠਣ ਲੱਗਾ ਤਾਂ ਜੱਜਾਂ ਦੇ ਪੈਨਲ ਵਿਚੋਂ ਇਕ ਜੱਜ (ਅੰਗਰੇਜ਼) ਨੇ ਉਸ ਨੂੰ ਰੋਕ ਲਿਆ।
ਜੱਜ: ਮੈਂ ਇੰਡੀਆ ਕਾਫੀ ਦੇਰ ਰਿਹਾ ਹਾਂ ਤੇ ਮੈਨੂੰ ਤੁਹਾਡੇ ਸਭਿਆਚਾਰ ਬਾਰੇ ਗਿਆਨ ਹੈ। ਤੂੰ ਭਾਰਤੀ ਸੰਸਕ੍ਰਿਤੀ ਨੂੰ ਪੇਸ਼ ਕਰਦੀ ਬਹੁਤ ਉਮਦਾ ਕਹਾਣੀ ਲਿਖੀ ਹੈ ਤੇ ਮੁਜਰਾ ਸਭਿਆਚਰ ਨੂੰ ਕਲਾਤਮਕ ਢੰਗ ਨਾਲ ਬਹੁਤ ਖੂਬਸੂਰਤ ਦਰਸਾਇਆ ਹੈ।ਕਲਾਇਮੈਕਸ ਵਿਚ ਸਨੈਪ ਸੌਟ ਵਿਧੀ ਦਾ ਬੜੀ ਕਾਰਗਰੀ ਨਾਲ ਇਸਤੇਮਾਲ ਕੀਤਾ ਹੈ। -ਤੇਰੀ ਜਨਮ ਤਾਰੀਕ ਦੇ ਹਿਸਾਬ ਨਾਲ ਤੇਰੀ ਉਮਰ ਸਤਾਰਾਂ ਸਾਲ ਬਣਦੀ ਹੈ ਤੇ ਤੂੰ ਵਿਆਹਿਆ ਨਹੀਂ ਹੋਵੇਂਗਾ?
ਬਲਰਾਜ: ਮੈਂ ਅੰਡਰ ਏਜ਼ ਹਾਂ, ਜ਼ਹਿਰ ਹੈ ਮੈਂ ਕੁਆਰਾ ਹਾਂ।
ਜੱਜ: ਫਰਜ ਕਰ ਤੇਰਾ ਵਿਆਹ ਹੋ ਜਾਂਦਾ ਹੈ ਤੇ ਤੈਨੂੰ ਬੱਚਾ ਪੈਦਾ ਕਰਨ ਦੀ ਇੱਛਾ ਵੀ ਹੋਵੇਗੀ?
ਬਲਰਾਜ: ਕੁਦਰਤੀ ਹੈ, ਵਿਆਹ ਤੋਂ ਬਾਅਦ ਅਗਲਾ ਚੈਪਟਰ ਬੱਚੇ ਹੁੰਦਾ ਹੈ।
ਜੱਜ: ਤੂੰ ਲੜਕੀ ਚਾਹੇਂਗਾ ਜਾਂ ਲੜਕਾ?
ਬਲਰਾਜ: ਪਹਿਲੇ ਬੱਚੇ ਵੇਲੇ ਮੇਰੀ ਹਸਰਤ ਹੋਵੇਗੀ ਕਿ ਲੜਕਾ ਹੋਵੇ ਤਾਂ ਕਿ ਮੈਨੂੰ ਆਪਣੇ ਵੰਸ਼ ਦੇ ਅੱਗੇ ਵਧਣ ਦਾ ਯਕੀਨ ਹੋ ਜਾਵੇ। ਉਸ ਤੋਂ ਬਾਅਦ ਰੱਬ ਦੀ ਮਰਜੀ ਜੋ ਉਹ ਦੇਣਾ ਚਾਹੇ।
ਜੱਜ (ਮੇਜ 'ਤੇ ਹੱਥ ਮਾਰਦਿਆਂ): ਹਾਂ! ਮੈਂ ਤੇਰੇ ਮੂੰਹੋਂ ਇਹੀ ਸੁਣਨਾ ਚਾਹੁੰਦਾ ਸੀ। ਜ਼ਿਆਦਾਤਰ ਅਤੇ ਆਮ ਲੋਕ ਲੜਕੇ ਦੀ ਕਾਮਨਾ ਕਰਦੇ ਹਨ, ਖਾਸਕਰ ਤੁਸੀਂ ਏਸ਼ੀਅਨ ਲੋਕ।ਤੇਰੀ ਕਹਾਣੀ ਵਿਚ ਇਕ ਬਹੁਤ ਵੱਡਾ ਤਕਨੀਕੀ ਨੁਕਸ ਹੈ। ਤੇਰੀ ਵੇਸਵਾ ਨਾਇਕਾ ਮਜ਼ਾਰ 'ਤੇ ਜਾਂਦੀ ਹੈ ਤੇ ਰੱਬ ਤੋਂ ਲੜਕੀ ਮੰਗਦੀ ਹੈ? ਲੱਗੀ ਸਮਝ?
ਬਲਰਾਜ: ਇਹ ਨੁਕਸ ਨਹੀਂ ਮੈਂ ਜਾਣਬੁੱਝ ਕੇ ਲਿਖਿਆ ਹੈ। ਸ਼ਾਇਦ ਮੇਰੀ ਕਹਾਣੀ ਨੂੰ ਤੁਸੀਂ ਚੰਗੀ ਤਰ੍ਹਾਂ ਸਮਝੇ ਨਹੀਂ।ਮੇਰੀ ਨਾਇਕਾ ਆਮ ਔਰਤ ਨਹੀਂ, ਵੇਸਵਾ ਹੈ। ਵੇਸਵਾ ਕਦੇ ਲੜਕਾ ਪੈਦਾ ਨਹੀਂ ਕਰਨਾ ਚਾਹੁੰਦੀ ਹੁੰਦੀ, ਕਿਉਂਕਿ ਉਸਨੂੰ ਪਤਾ ਹੁੰਦਾ ਹੈ ਕਿ ਵੱਡਾ ਹੋ ਕੇ ਉਹ ਜ਼ਿਲਤ ਦੀ ਜ਼ਿੰਦਗੀ ਜੀਵੇਗਾ ਤੇ ਦਲਾਲ ਬਣੇਗਾ। ਆਪਣੀ ਮਾਂ ਦਾ, ਭੈਣ ਦਾ, ਪਤਨੀ ਦਾ ਜਾਂ ਹੋਰ ਔਰਤਾਂ ਦਾ। ਲੜਕੀ ਵੇਸਵਾ ਇਸ ਲਈ ਮੰਗਦੀ ਹੈ ਕਿਉਂਕਿ ਉਹੀ ਲੜਕੀ ਵੱਡੀ ਹੋ ਕੇ ਉਸ ਦੇ ਬੁੜ੍ਹਪੇ ਦਾ ਸਹਾਰਾ ਬਣਦੀ ਹੈ। ਉਸੇ ਲੜਕੀ ਵਿਚੋਂ ਬੁੜ੍ਹਪੇ ਵਿਚ ਉਸਨੇ ਆਪਣੇ ਆਪ ਦੀ ਜਵਾਨੀ ਅਤੇ ਕਸ਼ਿਸ਼ ਨੂੰ ਦੇਖਣਾ ਹੁੰਦਾ ਹੈ।ਲੜਕੀ ਇਕ ਤਰ੍ਹਾਂ ਨਾਲ ਵੇਸਵਾ ਦੀ ਪੈਨਸ਼ਨ ਹੁੰਦੀ ਹੈ। ਇਸੇ ਲਈ ਵੇਸਵਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੇ ਸਭ ਤੋਂ ਸੁਨੱਖੇ ਗਾਹਕ ਤੋਂ ਗਰਭਵਤੀ ਹੋਣ ਤਾਂ ਜੋ ਉਹਨਾਂ ਦੇ ਸੁੰਦਰ ਲੜਕੀ ਪੈਂਦਾ ਹੋਵੇ। ਰਹੀ ਗੱਲ ਵੇਸਵਾ ਦੇ ਮਜ਼ਾਰ 'ਤੇ ਜਾਣ ਦੀ ਤਾਂ ਇਕ ਹਿੰਦੂ ਪ੍ਰਥਾ ਮੁਤਾਬਿਕ ਇਕ ਖਾਸ ਪੂਜਾ ਕਰਨ ਲਈ ਮੂਰਤੀ ਨੂੰ ਵੇਸਵਾ ਦੇ ਕੋਠੇ ਦੀ ਮਿੱਟੀ ਲਿਆ ਕੇ ਵਿਸ਼ੇਸ਼ ਤੌਰ 'ਤੇ ਲਾਈ ਜਾਂਦੀ ਹੈ।
ਜੱਜ ਕਾਗਜ਼ ਉੱਤੇ ਕੁਝ ਲਿਖ ਲੈਂਦਾ ਹੈ।ਤਿੰਨ ਦਿਨ ਦੇ ਮੁਕਾਬਲੇ ਵਿਚ ਪੜ੍ਹੀਆਂ ਗਈਆਂ ਛੱਤੀ ਕਹਾਣੀਆਂ ਦਾ ਜਦੋਂ ਜੇਤੂ ਐਲਾਨ ਕਰ ਦਾ ਵਕਤ ਆਇਆ ਤਾਂ ਬਲਰਾਜ ਆਪਣੀ ਅਧਿਆਪਕਾ ਨਾਲ ਸਭ ਤੋਂ ਪਿਛੇ ਖੜ੍ਹਾ ਸੀ। ਉਸ ਦੀ ਅਧਿਆਪਕਾ ਮਨਹੂਸ ਖਬਰ ਸੁਣਨ ਦੇ ਡਰੋਂ ਆਪਣੇ ਕੰਨਾਂ ਉੱਤੇ ਹੱਥ ਰੱਖ ਕੇ ਅੱਖਾਂ ਮੀਚ ਖੜ੍ਹੀ ਸੀ। ਇਹ ਦੇਖ ਕੇ ਉਸਦੀਆਂ ਅੱਖਾਂ ਭਰ ਆਈਆਂ ਸਨ। ਹੰਝੂਆਂ ਦਾ ਸਾਗਰ ਬਾਹਰ ਕੇਰਨ ਲਈ ਉਹਨੇ ਅੱਖਾਂ ਘੁੱਟ ਕੇ ਮੀਚੀਆਂ ਤਾਂ ਉਸਦੇ ਕੰਨਾਂ ਵਿਚ ਆਵਾਜ਼ ਪਈ, "ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਕਹਾਣੀ ਹੈ 'ਬਰੌਥਲ -ਬਾਏ ਬਲਰਾਜ ਸਿੱਧੂ।' ਉਸਦੀਆਂ ਅਤੇ ਉਸਦੀ ਅਧਿਆਪਕਾ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਸਨ।ਉਹਦੀ ਅਧਿਆਪਕਾ ਨੇ ਉਸਨੂੰ ਘੁੱਟ ਕੇ ਜੱਫੀ ਵਿਚ ਲੈ ਲਿਆ ਸੀ।ਉਸਦਾ ਮੱਥਾ ਚੁੰਮਿਆ ਸੀ, "ਰਾਜ, ਐਮ ਪਰਾਉਡ ਔਫ ਯੂ।" ਜਿੱਤ ਦੀ ਟਰੌਫੀ ਲੈਣ ਉਹ ਖੁਦ ਸਟੇਜ਼ 'ਤੇ ਨਹੀਂ ਸੀ ਗਿਆ ਉਹਨੇ ਆਪਣੀ ਅਧਿਆਪਕਾ ਨੂੰ ਭੇਜਿਆ ਸੀ, "ਮਿਸ ਜਾਉ ਲਉ ਆਪਣੀ ਟਰੌਫੀ ਇਸ 'ਤੇ ਮੇਰਾ ਨਹੀਂ ਤੁਹਾਡਾ ਹੱਕ ਹੈ।"
ਮੁਕਾਬਲੇ ਉਪਰੰਤ ਪਾਰਟੀ ਵਿਚ ਉਹ ਤੇ ਉਸਦੀ ਅਧਿਆਪਕਾ ਖੜ੍ਹੇ ਸ਼ੈਮਪੇਨ ਪੀ ਰਹੇ ਸਨ ਕਿ ਇਕ ਯੂਨੀਵਰਸਿਟੀ ਦਾ ਪ੍ਰੋਫੈਸਰ ਆ ਕੇ ਉਹਨਾਂ ਨੂੰ ਮੁਬਾਰਕਬਾਦ ਦੇ ਕੇ ਪੁੱਛਦਾ ਹੈ, "ਹੈਲਨ, ਇਹ ਇੰਡੀਅਨ ਸੱਪ ਕਿਥੋਂ ਫੜ੍ਹਿਐ? ਬੜਾ ਜ਼ਹਿਰੀਲੈ?"
"ਡਾ: ਯੇਟਸ ਏਸ ਸੱਪ 'ਚ ਤਾਂ ਮੈਂ ਅਜੇ ਜ਼ਹਿਰ ਭਰ ਰਹੀ ਆਂ। ਜਦੋਂ ਛੱਡੂੰਗੀ ਇਹ ਨਿਉਲੇ ਮੂਧੇ ਕਰੂ। ਆਹ ਤਾਂ ਅੱਜ ਮਹਿਜ਼ ਇਹਤੋਂ ਫੂਕਾਰਾ ਜਿਹਾ ਮਰਵਾ ਕੇ ਦੇਖਿਆ ਸੀ।" 
ਇਉਂ ਉਸ ਤੋਂ ਬਾਅਦ ਬਲਰਾਜ ਨੇ ਅੱਠ ਅੰਗਰੇਜ਼ੀ ਕਹਾਣੀਆਂ ਲਿਖੀਆਂ ਤੇ ਅੱਠਾਂ ਦੇ ਨਾਮ ਉਸਦੇ ਆਪਣੇ ਨਾਮ ਵਾਲੇ ਅੰਗਰੇਜ਼ੀ ਅੱਖਰ ਬੀ ਤੋਂ ਸ਼ੁਰੂ ਹੁੰਦੇ ਹਨ।ਅੰਗੇਰਜ਼ੀ ਪਬਲਿਜ਼ਰਾਂ ਤੋਂ ਏਸ਼ੀਅਨ ਹੋਣ ਕਰਕੇ ਉਸਨੂੰ ਬਹੁਤਾ ਹੁੰਗਾਰਾ ਨਾ ਮਿਲਿਆ ਤੇ ਉਸਨੇ ਲਿਖਣਾ ਛੱਡ ਦਿੱਤਾ।
ਇੰਗਲੈਂਡ ਵਿਚ ਭੰਗੜਾ ਮਿਊਜ਼ਿਕ ਜੋਬਨ 'ਤੇ ਆਇਆ ਤਾਂ ਉਸਨੇ ਗੀਤ ਲਿਖਣ ਦੇ ਇਰਾਦੇ ਨਾਲ ਪੰਜਾਬੀ ਸਿੱਖੀ। ਪੰਜਾਬੀ ਸਾਹਿਤ ਡੀਕਾਂ ਲਾ ਲਾ ਪੀਤਾ।ਕੁਲਵੰਤ ਸਿੰਘ ਵਿਰਕ, ਸੰਤ ਸਿੰਘ ਸੇਖੋਂ, ਅਜੀਤ ਸਿੰਘ ਪੱਤੋਂ, ਹਰੀ ਸਿੰਘ ਦਿਲਬਰ ਤੋਂ ਲੈ ਕੇ ਵੀਨਾ ਵਰਮਾ ਤੱਕ ਸਭ ਨੂੰ ਖਰੀਦ ਖਰੀਦ ਪੜ੍ਹਿਆ। ਸ਼ਿਵ, ਪਾਸ਼, ਪਾਤਰ ਪੜ੍ਹੇ। ਨਾਨਕ ਸਿੰਘ, ਕੰਵਲ ਸਭ ਦੀਆਂ ਸਾਰੀਆਂ ਰਚਨਾਵਾਂ।ਅੱਜ ਬਲਰਾਜ ਸਿੱਧੂ ਸਾਹਿਤ ਦੀਆਂ ਸਾਰੀਆਂ ਵਿਧਾਵਾਂ ਵਿਚ ਲਿਖ ਰਿਹਾ ਹੈ। ਦੋ ਨਾਵਲ, ਦੋ ਕਹਾਣੀ ਸੰਗ੍ਰਹਿ ਪੰਜਾਬੀ ਵਿਚ ਅਤੇ ਇਕ ਪੁਸਤਕ ਪੰਜਾਬੀ ਤੋਂ ਅਨੁਵਾਦ ਕੇ ਅੰਗਰੇਜ਼ੀ ਵਿਚ ਛਾਪ ਚੁੱਕਾ ਹੈ।
ਸਾਹਿਤ, ਸੰਗੀਤ, ਸ਼ਰਾਬ ਅਤੇ ਸੈਕਸ ਉਸਦੀਆਂ ਕਮਜ਼ੋਰੀਆਂ ਹਨ। ਇਹਨਾਂ ਤਿੰਨਾਂ ਵਿਚੋਂ ਉਹਦੀ ਜ਼ਿੰਦਗੀ ਵਿਚ ਕਿਹੜੀ ਚੀਜ਼ ਜ਼ਿਆਦਾ ਹੈ, ਇਸਦਾ ਨਿਰਣਾ ਕਰਨਾ ਮੁਸ਼ਕਿਲ ਹੈ।ਉਹਦੇ ਪਾਠਕਾਂ ਵਿਚ ਬਹੁ-ਗਿਣਤੀ ਔਰਤਾਂ, ਖਾਸ ਕਰ ਨੌਜਵਾਨ ਕੁੜੀਆਂ ਦੀ ਹੈ।
ਇੰਡੀਆਂ ਤੋਂ ਇਕ ਨੌਜਵਾਨ ਕਵਿਤਰੀ ਨੇ ਇੰਗਲੈਂਡ ਫੇਰੀ 'ਤੇ ਆਉਣਾ ਸੀ। ਯਾਦਵਿੰਦਰ ਸਿੱਧੂ ਨੇ ਉਸਦੀ ਡਿਉਟੀ ਲਗਾਈ ਕਿ ਤੂੰ ਇੰਗਲੈਂਡ ਦੇ ਚੰਗੇ ਚੰਗੇ ਸਾਹਿਤਕਾਰਾਂ ਤੇ ਗਾਇਕਾਂ ਦੀਆਂ ਮੁਲਾਕਾਤਾਂ ਕਰਕੇ ਲਿਆਈ। ਆਪਾਂ 'ਮੁਲਾਕਾਤ' ਮੈਗਜ਼ੀਨ ਵਿਚ ਛਾਪਾਂਗੇ। ਨਾਲ ਉਸ ਨੇ ਇਹ ਵੀ ਕਿਹਾ, "ਕੋਈ ਨਵਾਂ ਮੁੰਡਾ ਬਲਰਾਜ ਸਿੱਧੂ ਕਹਾਣੀ ਲਿਖਣ ਲੱਗਿਐ। 'ਸਿਰਜਣਾ' ਵਿਚ ਉਹਦੀ ਕਹਾਣੀ ਛਪੀ ਐ। ਡਾ: ਰਘਬੀਰ ਸਿੰਘ ਸਿਰਜਣਾ ਹਲਕੀ ਕਹਾਣੀ ਤੇ ਮਾੜੇ ਲੇਖਕ ਨੂੰ ਨੇੜ੍ਹੇ ਨਹੀਂ ਲੱਗਣ ਦਿੰਦਾ। ਮੈਂ ਉਹਦੀ 'ਕਹਾਣੀ ਪੰਜਾਬ' ਵਿਚ ਕਹਾਣੀ ਪੜ੍ਹੀ ਹੈ, 'ਨੰਗੀਆਂ ਅੱਖੀਆਂ' ਮੁੰਡੇ 'ਚ ਦਮ ਹੈ। ਉਹਨੂੰ ਜ਼ਰੂਰ ਮਿਲੀ। ਆਪਣੇ ਮੈਗਜ਼ੀਨ ਬਾਰੇ ਦੱਸੀਂ।"
ਕਵਿਤਰੀ ਇੰਗਲੈਂਡ ਆ ਜਾਂਦੀ ਹੈ। ਸਾਹਿਤਕਾਰਾਂ ਤੋਂ ਬਲਰਾਜ ਸਿੱਧੂ ਬਾਰੇ ਪੁੱਛਦੀ ਹੈ।ਹਰ ਕੋਈ ਉਸਨੂੰ ਬਲਰਾਜ ਸਿੱਧੂ ਨਾਲ ਮਿਲਣ ਤੋਂ ਵਰਜਦਾ ਹੈ। ਜਾਂ ਜਿਹੜੇ ਉਸ ਨਾਲ ਗੱਡੀ ਵਿਚ ਬੈਠ ਕੇ ਦੋ ਦੋ ਬੋਤਲਾਂ ਵੜ੍ਹਕਾ ਚੁੱਕੇ ਹੁੰਦੇ ਹਨ, ਉਹਨਾਂ ਨੇ ਉਹਦਾ ਨਾਮ ਨਹੀਂ ਸੁਣਿਆ ਹੁੰਦਾ। ਜਿਹੜੇ ਸਾਹਿਤਕਾਰਾਂ ਨੇ ਉਸ ਦੀਆਂ ਕਹਾਣੀਆਂ ਨਾ ਛਾਪਣ ਬਾਰੇ ਅਖਬਾਰਾਂ ਨੂੰ ਚਿੱਠੀਆਂ ਲਿਖ ਕੇ ਨੇਕ ਸਲਾਹ ਦਿੱਤੀ ਹੁੰਦੀ ਹੈ।ਉਹਨਾਂ ਨੇ ਕਦੇ ਉਸਨੂੰ ਪੜ੍ਹਿਆ ਸੁਣਿਆ ਨਹੀਂ ਹੁੰਦਾ।ਕਵਿਤਰੀ ਸੋਚਦੀ ਹੈ ਆਖਰ ਬਲਰਾਜ ਸਿੱਧੂ ਕਿਹੜਾ ਇਹੋ ਜਿਹਾ ਡਾਇਨਾਮਾਇਟ ਹੈ ਜਿਸ ਤੋਂ ਹਰ ਕੋਈ ਮੈਨੂੰ ਦੂਰ ਰੱਖਣਾ ਚਾਹੁੰਦਾ ਹੈ? ਉਸ ਨੌਜਵਾਨ ਕਵਿਤਰੀ ਨੂੰ ਇੰਗਲੈਂਡ ਅਤੇ ਯੂਰਪ ਭਰ ਤੋਂ ਪ੍ਰਸੰਸਕਾਂ ਅਤੇ ਕਵੀ ਵਿਸ਼ਾਲ ਵਰਗੇ ਨੌਜਵਾਨ ਸ਼ਾਦੀਸ਼ੁਦਾ ਲੇਖਕਾਂ ਦੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਹਨ।ਹਰ ਕੋਈ ਆਪੋ ਆਪਣੀ ਟਰਾਈ ਮਾਰਦਾ ਹੈ।ਜਿਸ ਵਿਚ ਕਨੈਡਾ ਦੇ ਇਕ ਅਖਬਾਰ ਦਾ ਅਧਖੜ੍ਹ ਸੰਪਾਦਕ ਜਿਸਦੇ ਅਮਰੀਕਾ, ਕਨੇਡਾ ਤੇ ਇੰਡੀਆ ਅਖਬਾਰ ਨਿਕਲਦੇ ਹਨ ਅਤੇ ਇਕ ਇੰਗਲੈਂਡ ਦਾ ਹੀ ਉਹ ਗੀਤਕਾਰ ਵੀ ਸ਼ਾਮਿਲ ਹੁੰਦੇ ਹਨ ਜਿਸ ਦੀ ਵਕੀਲ ਕੁੜੀ ਦੀ ਉਮਰ ਵੀ ਉਸ ਕਵਿਤਰੀ ਨਾਲੋਂ ਜ਼ਿਆਦਾ ਹੁੰਦੀ ਹੈ।ਉਸ ਕਵਿਤਰੀ ਦੇ ਹੱਥ ਬਲਰਾਜ ਸਿੱਧੂ ਦੀ ਕਹਾਣੀ 'ਅਣਲੱਗ' ਲੱਗ ਜਾਂਦੀ ਹੈ। ਪੜ੍ਹ ਕੇ ਉਹ ਬਲਰਾਜ ਨੂੰ ਮਿਲਣ ਲਈ ਤੜਫ ਜਾਂਦੀ ਹੈ। ਇਹ ਬਲਰਾਜ ਸਿੱਧੂ ਦੀ ਕਹਾਣੀ ਦੀ ਪ੍ਰਾਪਤੀ ਹੈ ਕਿ ਨੌਜਵਾਨ ਕੁੜੀ ਕਹਾਣੀ ਪੜ੍ਹਣ ਉਪਰੰਤ ਉਸਨੂੰ ਮਿਲਣਾ ਚਾਹੁੰਦੀ ਹੈ। ਦੇਖਣਾ ਚਾਹੁੰਦੀ ਹੈ ਉਹ ਕੀ ਚੀਜ਼ ਹੈ? ਇਕ ਵਾਰ ਅਮਰਗੜ੍ਹ ਕਹਾਣੀਕਾਰ ਜਸਵੀਰ ਰਾਣੇ ਦੀ ਸਟੂਡੈਂਟ ਉਸਦੀਆਂ ਕਿਤਾਬਾਂ ਦੇਖਣ ਲੱਗ ਗਈ।ਹਜ਼ਾਰਾਂ ਕਿਤਾਬਾਂ ਵਿਚੋਂ ਉਸਨੇ ਸਿੱਧੂ ਦੀ ਕਿਤਾਬ 'ਨੰਗੀਆਂ ਅੱਖੀਆਂ' ਕੱਢ ਲਈ। ਰਾਣੇ ਨੇ ਉਸਨੂੰ ਪੁੱਛ ਲਿਆ, "ਤੂੰ ਐਨੀਆਂ ਕਿਤਾਬਾਂ ਛੱਡ ਕੇ ਇਹੀ ਕਿਤਾਬ ਕਿਉਂ ਚੁੱਕੀ?"
"ਬਸ ਮੈਨੂੰ ਚੰਗੀ ਲੱਗੀ।ਮੈਂ ਪੜ੍ਹਣ ਲਈ ਲੈ ਜਾਵਾਂ?"
ਕਿਤਾਬ ਪੜ੍ਹਨ ਉਪਰੰਤ ਉਸ ਨੇ ਰਾਣੇ ਨੂੰ ਕਿਹਾ ਕਿ ਇਹ ਬਲਰਾਜ ਸਿੱਧੂ ਜਦੋਂ ਇੰਡੀਆ ਆਵੇ ਮੈਨੂੰ ਜ਼ਰੂਰ ਮਿਲਾਈ। ਉਹਦੇ ਇੰਡੀਆ ਗਏ 'ਤੇ ਜਸਵੀਰ ਰਾਣੇ ਦੇ ਘਰ ਉਹ ਪਾਠਕਾ ਉਸਨੂੰ ਮਿਲੀ।
ਕਵਿਤਰੀ ਬ੍ਰਮਿੰਘਮ ਆਈ ਤਾਂ ਬਲਰਾਜ ਸਿੱਧੂ ਦੇ ਸਾਹਿਤਕ ਸਨੇਹੀ ਪ੍ਰਿਤਪਾਲ ਸਿੰਘ ਮਾਨ, ਜਿਨ੍ਹਾਂ ਨਾਲ ਸਿੱਧੂ ਦਾ ਪਰਿਵਾਰ ਵਾਲਾ ਰਿਸ਼ਤਾ ਸੀ ਦੇ ਘਰ ਉਸ ਕਵਿਤਰੀ ਦਾ ਬਲਰਾਜ ਨਾਲ ਫੋਨ ਸੰਪਰਕ ਕਾਇਮ ਹੋ ਗਿਆ। ਮਾਨ ਹੋਰਾਂ ਨੇ ਪੈਰ ਗੱਡ ਕੇ ਬਲਰਾਜ ਦੀ ਪੈਰਵਾਈ ਕੀਤੀ।ਮਿਲਣ ਦਾ ਸਮਾਂ ਮੁਕੱਰਰ ਹੋ ਗਿਆ। ਮਿਥੇ ਸਮੇਂ ਉੱਤੇ ਉਸ ਕਵਿਤਰੀ ਨੂੰ ਇੰਗਲੈਂਡ ਦੀ ਇਕ ਕਵਿਤਰੀ ਧੋਖੇ ਨਾਲ ਡਾ: ਸਵਰਨ ਚੰਦਨ ਦੇ ਘਰ ਲੈ ਗਈ ਤਾਂ ਕਿ ਉਹ ਬਲਰਾਜ ਸਿੱਧੂ ਨੂੰ ਨਾ ਮਿਲੇ। ਕਵਿਤਰੀ ਨੇ ਬਲਰਾਜ ਸਿੱਧੂ ਨੂੰ ਮਿਲਣ ਦੀ ਜ਼ਿਦ ਕੀਤੀ ਤਾਂ ਇੰਗਲੈਂਡ ਦੀ ਕਵਿਤਰੀ ਉਹਦੇ ਨਾਲ ਲੜ੍ਹ ਪਈ। ਲੇਕਿਨ ਇੰਡੀਆ ਵਾਲੀ ਕਵਿਤਰੀ ਫੇਰ ਵੀ ਬਲਰਾਜ ਸਿੱਧੂ ਨੂੰ ਮਿਲਣ ਚਲੀ ਗਈ।ਜਦ ਉਹ ਕਮਰੇ ਵਿਚ ਦਾਖਲ ਹੋਇਆ ਤਾਂ ਉਹ ਚੁੰਧਿਆ ਗਈ। ਉਸ ਨਾਲ ਗੱਲਬਾਤ ਕਰਕੇ ਹੋਰ ਪ੍ਰਭਾਵਿਤ ਹੋ ਗਈ।ਕਵਿਤਰੀ ਉਸਦਾ ਨੰਬਰ ਲੈ ਕੇ ਇਕ ਰਾਤ ਉਸਨੂੰ ਫੋਨ ਕਰਦੀ ਹੈ ਤੇ ਇਸ਼ਰਿਆਂ ਵਿਚ ਉਸ ਉਤੇ ਮੋਹਿਤ ਹੋਣ ਦੇ, ਉਸਨੂੰ ਸੰਕੇਤ ਦਿੰਦੀ ਹੈ।ਉਹ ਆਪਣੇ ਕਿਸੇ ਤਿੜਕਦੇ ਜਾ ਰਹੇ ਰਿਸ਼ਤੇ ਨੂੰ ਸੰਭਾਲਣ ਦੇ ਯਤਨਾਂ ਵਿਚ ਲੱਗਾ ਹੋਣ ਕਰਕੇ ਕਵਿਤਰੀ ਦੇ ਇਸ਼ਾਰੇ ਸਮਝਦਾ ਹੋਇਆ ਵੀ ਅਣਜਾਣ ਬਣਦਾ ਹੈ।ਇਹ ਉਹਦੀ ਖਾਸੀਅਤ ਹੈ ਕਿ ਉਹ ਇਕ ਸਮੇਂ ਇਕ ਰਿਸ਼ਤਾ ਹੀ ਹੰਢਾਉਂਦਾ ਹੈ! ਝੂਠੇ ਤੇ ਦਿਖਾਵੇ ਵਾਲੇ ਇਸ਼ਕ ਨਾਲ ਉਸਨੂੰ ਕੋਈ ਸਰੋਕਾਰ ਨਹੀਂ।
ਕਵਿਤਰੀ ਲਈ ਇਕ ਸਮਾਗਮ ਸਿੱਖ ਯੂਥ ਕਮਿਊਂਟੀ ਸੈਂਟਰ, ਸੋਹੋ ਰੋਡ, ਬ੍ਰਮਿੰਘਮ ਵਿਖੇ ਰਚਾਇਆ ਜਾਂਦਾ ਹੈ। ਸਮਾਗਮ ਕਰਵਾਉਣ ਵਾਲਿਆਂ ਵਿਚ ਇਕ ਅਜਿਹਾ 'ਉਤੋਂ ਬੀਬੀ ਦਾੜ੍ਹੀ ਵਿਚੋਂ ਕਾਲਾ ਕਾਂ' ਸਾਹਿਤਕਾਰ; ਜੋ ਆਪਣੇ ਆਪ ਨੂੰ ਧਰਮ ਪ੍ਰਚਾਰਕ ਕਹਾਉਂਦਾ ਹੈ, ਵੀ ਹੁੰਦਾ ਹੈ ਜਿਸਦੇ ਘਰ ਉਸ ਦੇ ਪਰਿਵਾਰ ਨਾਲ ਠਹਿਰਨ ਦਾ ਵਾਅਦਾ ਉਸ ਕਵਿਤਰੀ ਨੇ ਕੀਤਾ ਹੁੰਦਾ ਹੈ। ਕਿਉਂਕਿ ਆਪਣੇ ਘਰੇ ਲਿਜਾ ਕੇ ਕਵਿਤਰੀ ਦੀ ਸੇਵਾ ਕਰਕੇ ਉਸ ਸਾਹਿਤਕਾਰ ਨੇ ਕਵਿਤਰੀ ਤੋਂ ਕੁਝ ਨਾ ਕੁਝ ਆਪਣੇ ਬਾਰੇ ਲਿਖਵਾਉਣਾ ਹੁੰਦਾ ਹੈ। ਸਮਾਗਮ ਉਪਰੰਤ ਜਦੋਂ ਉਹ ਕਵਿਤਰੀ ਬਲਰਾਜ ਸਿੱਧੂ ਨੂੰ ਦੇਖਦੀ ਹੈ ਤਾਂ ਫੱਟ ਫਰਮਾਇਸ਼ ਕਰਦੀ ਹੈ, "ਬਲਰਾਜ ਤੇਰੇ ਨਾਲ ਇਕ ਫੋਟੋ ਖਿਚਵਾ ਲਵਾਂ?"
"ਜ਼ਰੂਰ।"
ਫੋਟੋ ਖਿਚਵਾਉਣ ਲੱਗਿਆਂ ਉਹ ਕਵਿਤਰੀ ਉਸਦੀਆਂ ਬਾਹਾਂ ਵਿਚ ਬਾਹਾਂ ਪਾ ਲੈਂਦੀ ਹੈ।ਉਹ ਕੁਝ ਝਿਜਕਦਾ ਹੈ। ਕਈ ਸਾਹਿਤਕਾਰ ਖੜ੍ਹੇ ਇਹ ਦ੍ਰਿਸ਼ ਦੇਖ ਰਹੇ ਹੁੰਦੇ ਹਨ। ਉਹ ਕਵਿਤਰੀ ਦੀਆਂ ਅੱਖਾਂ ਵਿਚ ਇਕ ਤੜਫ ਦੇਖਦਾ ਹੈ ਤੇ ਪੱਥਰ ਤੋਂ ਮੋਮ ਵਾਂਗ ਪਿਘਲ ਜਾਂਦਾ ਹੈ, "ਆ ਚੱਲ ਅੱਜ ਮੇਰੇ ਨਾਲ।"
ਦੋਨੋਂ ਬਾਹਾਂ ਵਿਚ ਬਾਹਾਂ ਪਾਈ ਸੋਹੋ ਰੋਡ ਕਮਿਊਨਟੀ ਸੈਂਟਰ ਵਿਚੋਂ ਨਿਕਲ ਜਾਂਦੇ ਹਨ।
ਜਿਸ ਸਾਹਿਤਕਾਰ ਦੇ ਘਰ ਕਵਿਤਰੀ ਦੇ ਰਹਿਣ ਦਾ ਪ੍ਰਬੰਧ ਸੀ। ਉਹ ਇਹ ਅਲੋਕਿਕ ਦ੍ਰਿਸ਼ ਦੇਖ ਕੇ ਪਿੱਟਦਾ ਫਿਰਦਾ ਕਮਿਊਨਟੀ ਸੈਂਟਰ ਦੇ ਸੰਚਾਲਕ ਦਲ ਸਿੰਘ ਢੇਸੀ ਨੂੰ ਆਖਦਾ ਹੈ, "ਉਹ ਲੈ ਗਿਆਢੇਸੀ ਦੇਖਆਪਣੀਆਂ ਅੱਖਾਂ ਦੇ ਸਾਹਮਣੇ ਲੈ ਗਿਆਦੇਖ ਕਿਵੇਂ ਬਾਹਾਂ 'ਚ ਬਾਹਾਂ"
"ਉਹ ਕਿਹੜਾ ਚੋਰੀ ਕਰਕੇ ਜਾਂ ਜ਼ਬਰਦਸਤੀ ਲੈ ਗਿਐ? ਆਪਣੀ ਮਰਜ਼ੀ ਨਾਲ ਉਹਦੇ ਕੋਲ ਗਈ ਹੈ।"
ਇਸ ਪ੍ਰਕਾਰ ਦੀਆਂ ਹੁਸਨਾਂ ਦੀਆਂ ਚੋਰੀਆਂ ਕਰਨ ਵਿਚ ਉਹ ਮਾਹਿਰ ਹੈ। ਪਰ ਛੱਲ-ਕਪਟ, ਧੋਖਾ ਤੇ ਝੂਠ ਤੋਂ ਕੋਹਾਂ ਦੂਰ ਹੈ।ਉਹ ਰੂਹ ਦੇ ਹਾਣ ਦੀ ਜੁਸਜੂ ਕਰਦਾ ਹੈ।ਚੰਗਾ! ਨੀ ਮੇਰੀ ਬਾਤ, ਉੱਤੋਂ ਪੈ ਗਈ ਰਾਤ। ਛੱਤਣਾ ਸੀ ਕੋਠਾ, ਛੱਤ'ਲੀ ਸਬਾਤ। ਹੁਣ ਮੈਂ ਆਪਣੇ ਟਿਕਾਣੇ 'ਤੇ ਜਾਂਦਾ ਹਾਂ।ਜਿਥੋਂ ਮੈਂ ਆਇਆ ਸੀ ਤੇ ਜਿਥੋਂ ਨਾਲ ਮੈਂ ਸੰਬਧਿਤ ਹਾਂ। ਮੈਂ ਫਿਰ ਤੋਂ ਬਲਰਾਜ ਦੇ ਅੰਦਰ ਵੜ੍ਹ ਕੇ ਬੈਠ ਗਿਆ ਹਾਂ।  
ਪਿਛਲੇ ਚਾਰ ਪੰਜ ਸਾਲ ਤੋਂ ਮੈਂ ਸਾਹਿਤ ਦਾ ਇਕ ਵੀ ਅੱਖਰ ਨਹੀਂ ਲਿਖਿਆ। ਪਾਠਕਾਂ, ਅਖਬਾਰਾਂ ਤੇ ਸਾਹਿਤ ਨਾਲੋਂ ਮੇਰਾ ਲਗਭਗ ਨਾਤਾ ਹੀ ਟੁੱਟ ਗਿਆ ਸੀ। ਐਨੇ ਲੰਮੇ ਵਕਫੇ ਬਾਅਦ ਪਤਾ ਨਹੀਂ ਕਿਵੇਂ ਇਕ ਪਾਠਕ ਦੋਸਤ ਦਾ ਫੋਨ ਆਇਆ। ਰਸਮੀ ਗੱਲਬਾਤ ਤੋਂ ਬਾਅਦ ਉਹਨੇ ਦੱਸਿਆ ਕਿ ਵੱਖ ਵੱਖ ਅਖਬਾਰਾਂ ਵਿਚ ਇਕ ਚਿੱਠੀ ਛਪੀ ਹੈ ਤੇ ਕਿਸੇ ਨੇ ਸਾਰੇ ਪੰਜਾਬੀ ਲੇਖਕਾਂ ਨੂੰ ਚੇਲਿੰਜ਼ ਕੀਤਾ ਹੈ ਕਿ ਕੋਈ ਉਸਦੇ ਚਹੇਤੇ ਲੇਖਕ ਨੂੰ ਸਾਹਿਤਕ ਅਖਾੜੇ ਵਿਚ ਢਾਹ ਕੇ ਦਿਖਾਵੇ।
ਮੈਨੂੰ ਸੁਣ ਕੇ ਝਟਕਾ ਜਿਹਾ ਲੱਗਿਆ ਕਿ ਰਾਜਨੀਤੀ ਤਾਂ ਰਣ ਦਾ ਮੈਦਾਨ ਸੀ। ਸਾਹਿਤ ਕਦੋਂ ਤੋਂ ਕੁਰਖੇਤਰ ਬਣ ਗਿਆ।ਮੈਂ ਆਪਣੇ ਦੋਸਤ ਨੂੰ ਕਿਹਾ ਕਿ ਉਹ ਚਿੱਠੀ ਪੜ੍ਹ ਕੇ ਸੁਣਾਵੇ ਤਾਂ ਜੋ ਮੈਨੂੰ ਵੀ ਪਤਾ ਲੱਗੇ ਇਹ ਕਿਹੜਾ ਸੱਜਣ ਸਿਉਂ ਐਨੇ ਹੰਕਾਰ ਵਿਚ ਆ ਗਿਆ ਹੈ।ਉਸਨੇ ਪੜ੍ਹ ਕੇ ਸੁਣਾਈ ਤਾਂ ਮੈਂ ਉਸਨੂੰ ਝੱਟ ਦੱਸ ਦਿੱਤਾ ਕਿ ਇਸ ਦੀ ਇਬਾਰਤ ਵਿਚੋਂ ਪਾਠਕ ਪਿਸ਼ੌਰਾ ਸਿੰਘ ਲਲਹੇੜੀ ਨਹੀਂ ਲੇਖਕ ਖੁਦ ਬੋਲਦਾ ਹੈ, ਇਹ ਡਿਕਟੇਟਡ ਚਿੱਠੀ, ਮਹਿਜ਼ ਪਬਲਸਿਟੀ ਸਟੰਟ ਹੈ। ਮੈਨੂੰ ਮੇਰਾ ਦੋਸਤ ਕਹਿਣ ਲੱਗਾ ਤੂੰ ਇਸਦਾ ਜੁਆਬ ਦੇ। ਮੈਂ ਕਿਹਾ ਇਹੀ ਤਾਂ ਉਹ ਲੇਖਕ ਚਾਹੁੰਦਾ ਹੈ ਕਿ ਵਿਵਾਦਾਂ ਨਾਲ ਮੁਫਤ ਦੀ ਚਰਚਾ ਬਟੋਰੇ। ਪਹਿਲਾਂ ਉਹਨੇ ਇਕ ਜਗ੍ਹਾ ਚਿੱਠੀ ਛਪਵਾਈ, ਫਿਰ ਦੂਜੀ ਥਾਂ, ਫਿਰ ਤੀਜੀ। ਜਿਨ੍ਹਾਂ ਅਖਬਾਰਾਂ ਵਿਚ ਜਿਸ ਪਾਠਕ ਦੇ ਨਾਮ 'ਤੇ ਚਿੱਠੀ ਛਪੀ ਹੈ। ਉਹਦੇ 'ਚੋਂ ਅੱਧੀਆਂ ਬਾਰੇ ਤਾਂ ਸ਼੍ਰੀ ਮਾਨ ਲਿਖਤੁਮ ਨੂੰ ਵੀ ਨਹੀਂ ਪਤਾ ਹੋਣਾ। ਵਧੀਆ ਜੁਆਬ ਇਸਦਾ ਇਹ ਹੈ ਕਿ ਕੋਈ ਜੁਆਬ ਨਾ ਦਿੱਤਾ ਜਾਵੇ।ਇਸ ਨੂੰ ਨਜ਼ਰਅੰਦਾਜ਼ ਕੀਤਾ ਜਾਵੇ।
"ਪਰ ਭਾਜੀ ਐਨੇ ਅਖਬਾਰਾਂ ਵਾਲਿਆਂ ਨੇ ਕਿਵੇਂ ਇਹ ਚਿੱਠੀ ਛਾਪ ਦਿੱਤੀ?ਉਹ ਤਾਂ ਇਹ ਵੀ ਛਾਪੀ ਜਾਂਦੇ ਹਨ ਕਿ ਉਹ ਲੇਖਕ ਵਿਸ਼ਵਪੱਧਰ ਦਾ ਲੇਖਕ ਹੈ।"
"ਯਾਰ ਉਹ ਕੱਟੀਆਂ ਵਿਚ ਝੋਟਾ ਛੱਡੀ ਰੱਖਣਗੇ ਤਾਂ ਇਹੀ ਕੁਝ ਹੋਊ।"
"ਕੀ ਕਿਹੈ?"
"ਕਹਿਣ ਦਾ ਭਾਵ ਇਹ ਕਿ ਆਪਣੇ ਪੰਜਾਬ ਵਿਚ ਜਦੋਂ ਸੂਈ ਹੋਈ ਮੱਝ ਦੀ ਕੱਟੀ, ਥੋੜ੍ਹੀ ਉਡਾਰ ਹੋ ਜਾਂਦੀ ਤਾਂ ਉਸਨੂੰ ਕਿਸੇ ਪਸ਼ੂਪਾਲਕ ਨੂੰ ਧਲਿਆਰੇ 'ਤੇ ਦੇ ਦਿੱਤਾ ਜਾਂਦਾ। ਉਹ ਪਾਲਕ ਜਦੋਂ ਕੱਟੀ ਮੱਝ ਬਣਕੇ ਸੂਣ ਵਾਲੀ ਹੋ ਜਾਂਦੀ ਤਾਂ ਮਾਲਕਾਂ ਨੂੰ ਮੋੜ ਜਾਂਦਾ। ਇਸ ਦੇ ਇਵਜ ਵਿਚ ਉਸਨੂੰ ਪੈਸੇ ਮਿਲਦੇ। ਇਵੇਂ ਕਿਸੇ ਬੰਦੇ ਨੇ ਧਲਿਆਰੇ ਉੱਤੇ ਕਈ ਕੱਟੀਆਂ ਲਈਆਂ ਹੋਈਆਂ ਸਨ। ਜ਼ਾਹਿਰ ਹੈ ਉਹਨੇ ਇਕ ਝੋਟਾ ਵੀ ਰੱਖਿਆ ਸੀ। ਉਹ ਰੋਜ ਰੌਲਾ ਪਾਇਆ ਕਰੇ ਸਾਡਾ ਝੋਟਾ ਕੱਟੀ ਨੂੰ ਮੂਹਰੇ ਲਾਈ ਫਿਰਦੈ। ਸਾਡੇ ਝੋਟੇ ਨੇ ਗਾਹ ਪਾਇਆ ਪਿਐ, ਵਗੈਰਾ। ਇਕ ਦਿਨ ਉਹਦਾ ਸ਼ੋਰ ਸ਼ਰਾਬਾ ਸੁਣ ਕੇ ਉਨ੍ਹਾਂ ਦਾ ਗੁਆਂਢੀ ਕਹਿੰਦਾ, "ਓਨਾ ਗਾਹ ਥੋਡਾ ਝੋਟਾ ਨਹੀਂ ਪਾਉਂਦਾ ਜਿੰਨਾ ਤੁਸੀਂ ਉਹਦੀ ਸਿਫਤ ਵਿਚ ਪਾਉਂਦੇ ਰਹਿੰਦੇ ਹੋ। ਜੇ ਝੋਟੇ ਦਾ ਜ਼ਿਆਦਾ ਹੀ ਹੰਕਾਰ ਐ ਤਾਂ ਇਕ ਵਾਰ ਸਾਡੇ ਸਾਨ੍ਹ ਨੂੰ ਆਪਣੇ ਵਾੜੇ ਵਿਚ ਵਾੜ੍ਹ ਕੇ ਦੇਖੋ। ਫੇਰ ਦੇਖਾਂਗੇ ਥੋਡਾ ਝੋਟਾ ਕਿਵੇਂ ਖੌਰੂ ਪਾਉਂਦੈ।"
"ਇਸ ਚਿੱਠੀ ਬਾਰੇ ਕੀ ਕਰਨਾ ਚਾਹੀਦੈ?"
ਮੈਂ ਲੰਮੀਆਂ ਤਾਣ ਕੇ ਪਿਆ ਸੋਫੇ ਉੱਤੇ ਉੱਠ ਕੇ ਬੈਠ ਗਿਆ, "ਕਰਨਾ ਕੀ ਐ ਸਾਨ੍ਹ ਉੱਠ ਖੜ੍ਹਿਐ। ਦੇਖ ਮਰਦਾਨਿਆ ਰੰਗ ਕਰਤਾਰ ਦੇ। ਆਪੇ ਸਾਨ੍ਹ ਕਲੋਲ ਕਰੂ। ਤਮਾਸ਼ਾ ਦੇਖ।ਅਸੀਂ ਤੋਪਾਂ ਦੇ ਮੂੰਹ ਨੀਵੇਂ ਕਰ ਲਏ ਤਾਂ ਲੋਕੀ ਸਮਝਣ ਲੱਗ ਪਏ ਉਹ ਗੋਲੇ ਵਰਸਾਉਣੋਂ ਹੱਟ ਗਈਆਂ? ਜਿਥੇ ਲੀਕ ਛੱਡੀ ਸੀ ਉਥੋਂ ਖਿਚਣੀ ਫੇਰ ਸ਼ੁਰੂ ਕਰ ਦਿੰਦੇ ਹਾਂ। ਆਪੇ ਅਖਬਾਰਾਂ ਵਾਲਿਆਂ ਤੇ ਪਾਠਕਾਂ ਨੂੰ ਦਿਸ ਜਾਊ ਕੀਹਦੀ ਲਕੀਰ ਲੰਮੀ ਜਾਂਦੀ ਹੈ।"
ਰਹੀ ਗੱਲ ਵਿਸ਼ਵਪੱਧਰ ਦੇ ਸਾਹਿਤਕਾਰ ਦੀ। ਪੰਜਾਬੀ ਦਾ ਕੋਈ ਸਾਹਿਤਕਾਰ ਵਿਸ਼ਵਪੱਧਰ ਦਾ ਨਹੀਂ ਸ਼ਿਵ ਕੁਮਾਰ ਬਟਾਲਵੀ ਨੂੰ ਸਾਰੇ ਪੰਜਾਬੀ ਸਾਹਿਤਕਾਰਾਂ ਨਾਲੋਂ ਵੱਧ ਸ਼ੁਹਰਤ ਮਿਲੀ ਹੈ, ਅਠਾਈ ਸਾਲ ਦੀ ਉਮਰ ਵਿਚ ਸਾਹਿਤ ਅਕੈਡਮੀ ਅਵਾਰਡ ਮਿਲਿਐ। ਉਹ ਵੀ ਵਿਸ਼ਵਪੱਧਰ ਦਾ ਸਾਹਿਤਕਾਰ ਨਹੀਂ। ਉਸਦੀ ਮਕਬੂਲੀਅਤ ਸਿਰਫ ਪੰਜਾਬੀ ਤੱਕ ਹੀ ਸੀਮਿਤ ਹੈ। ਪੰਜਾਬੀ ਵਾਲੇ ਲੇਖਕ ਪਾਠਕ ਮੂੰਗਫਲੀ ਖਾਹ ਕੇ ਬਦਮਾਂ ਦੇ ਸੁਆਦ ਦੱਸਣ ਲੱਗ ਜਾਂਦੇ ਹਨ।ਦੋ ਪੈੱਗ ਪੀ ਕੇ ਹਰੇਕ ਲੱਲੀ-ਛੱਲੀ ਨੂੰ ਵਿਸ਼ਵ ਪੱਧਰ ਦਾ ਸਾਹਿਤਕਾਰ ਬਣਾ ਕੇ ਸਿਰ 'ਤੇ ਟੋਕਰੇ ਵਾਂਗੂੰ ਧਰੀ ਜਾਵਾਂਗੇ ਤਾਂ ਜਿਹੜੇ ਸੱਚੀਂ ਵਿਸ਼ਵ ਪੱਧਰ ਦੇ ਸਾਹਿਤਕਾਰ ਹਨ, ਉਹਨਾਂ ਨੂੰ ਚੰਨ 'ਤੇ ਛੱਡ ਕੇ ਆਉਣਾ ਪਊ।ਆਪਣੇ ਜਿਸਮਾਨੀ ਤੌਰ 'ਤੇ ਇਕ ਤੋਂ ਵੱਧ ਦੇਸ਼ਾਂ ਵਿਚ ਜਾਣ ਜਾਂ ਉਥੋਂ ਦੇ ਅਖਬਾਰਾਂ ਵਿਚ ਛਪਣ ਨਾਲ ਕੋਈ ਵਿਸ਼ਵਪੱਧਰ ਦਾ ਸਾਹਿਤਕਾਰ ਨਹੀਂ ਬਣਦਾ। ਸਾਇਬੇਰੀਅਨ ਕ੍ਰੇਨ ਹਜ਼ਾਰਾਂ ਮੀਲਾਂ ਦੀ ਦੂਰ ਤੈਅ ਕਰਕੇ ਮੌਸਮ ਦੇ ਪ੍ਰੀਵਰਤਨ ਆਉਂਣ ਨਾਲ ਇਕ ਮੁਲਖ ਤੋਂ ਦੂਜੇ ਮੁਲਕ ਵਿਚ ਜਾਂਦੇ ਰਹਿੰਦੇ ਹਨ। ਉਹ ਵਿਸ਼ਵਪੱਧਰੀ ਪੰਛੀ ਨਹੀਂ ਬਣ ਜਾਂਦੇ।ਗਧੇ ਤੇ ਘੋੜੇ ਨੂੰ ਇਕੋ ਰੱਸੇ ਬੰਨ੍ਹਣ ਵਾਲਿਆਂ ਲੱਲੂਹੇੜੀਆਂ ਜਿਹਿਆਂ ਨੂੰ ਮੇਰੀ ਸਲਾਹ ਹੈ, ਪਹਿਲਾਂ ਵਿਸ਼ਵਪੱਧਰ ਦੇ ਸਾਹਿਤਕਾਰਾਂ ਨੂੰ ਪੜ੍ਹੋ, ਫੇਰ ਤਗਮੇ ਵੰਡਣ ਲੱਗਿਉ।
ਮੇਰੀ ਅੰਗਰੇਜ਼ੀ ਕਹਾਣੀ 'ਬਰੌਥਲ' (ਚਕਲਾ) ਦੀ ਨਾਇਕਾ ਇਕ ਮੁਜਰੇ ਵਾਲੀ ਹੁੰਦੀ ਹੈ। ਜਦੋਂ ਉਹ ਬੁੜ੍ਹੀ ਹੋ ਜਾਂਦੀ ਹੈ ਤਾਂ ਉਸਦੀ ਲੜਕੀ ਜਵਾਨ ਹੋ ਜਾਂਦੀ ਹੈ। ਲੜਕੀ ਨੂੰ ਧੰਦੇ ਵਿਚ ਲਾਉਣ ਲਈ 'ਨੱਥ' ਉਤਰਾਈ (ਕੁਆਰਾਪਨ ਭੰਗ ਕਰਨ) ਦੀ ਰਸਮ ਦਾ ਸਮਾਗਮ ਹੁੰਦਾ ਹੈ। ਉਸ ਵਿਚ ਨਾਇਕਾ ਦਾ ਪੁਰਾਣਾ ਬੁੱਢਾ ਗਾਹਕ ਉਸਦੀ ਲੜਕੀ ਲਈ ਸਭ ਤੋਂ ਵੱਡੀ ਰਕਮ ਦੇਣ ਦਾ ਹੋਕਾ ਦਿੰਦਾ ਹੈ। ਲੇਕਿਨ ਉਥੇ ਕੋਈ ਜਵਾਨ ਨਵਾਬਜ਼ਾਦਾ ਵੀ ਹੁੰਦਾ ਹੈ ਜਿਸਨੇ ਸਭ ਤੋਂ ਘੱਟ ਰਕਮ ਦੀ ਆਪਣੀ ਹੈਸੀਅਤ ਮੁਤਾਬਕ ਪੇਸ਼ਕਸ਼ ਕਰੀ ਹੁੰਦੀ ਹੈ। ਨਾਇਕਾ ਆਪਣੀ ਲੜਕੀ ਨੂੰ ਹਸਰਤ ਭਰੀਆਂ ਨਿਗਾਹਾਂ ਨਾਲ ਉਸ ਨਵਾਬਜ਼ਾਦੇ ਵੱਲ ਤੱਕਦਾ ਦੇਖਕੇ ਲੜਕੀ ਨੂੰ ਇਹ ਸੋਚ ਕੇ ਨਵਾਬਜ਼ਾਦੇ ਕੋਲ ਭੇਜ ਦਿੰਦੀ ਹੈ ਕਿ ਬਾਕੀ ਜ਼ਿੰਦਗੀ ਤਾਂ ਉਸਨੂੰ ਗਾਹਕਾਂ ਨੇ ਪਸੰਦ ਕਰਕੇ ਚੁਣਨਾ ਹੈ, ਅੱਜ ਦਾ ਇਕ ਦਿਨ ਤਾਂ ਉਹ ਆਪਣੀ ਬੇਟੀ ਨੂੰ ਮਨਪਸੰਦ ਗਾਹਕ ਚੁਣ ਲੈਣ ਦੇਵੇ। ਫਿਰ ਕਈ ਸਾਲਾਂ ਬਾਅਦ ਉਹੀ ਬੁੱਢਾ ਗਾਹਕ ਨਾਇਕਾ ਦੀ ਲੜਕੀ ਨਾਲ ਰਾਤ ਗੁਜ਼ਾਰਨ ਆਉਂਦਾ ਹੈ। ਨਾਇਕਾ ਲੋੜ੍ਹ ਤੋਂ ਕੁਝ ਵੱਧ ਮੰਗਦੀ ਹੈ। ਬੁੱਢਾ ਜੁਆਬ ਦਿੰਦਾ ਹੈ, "ਅੱਜ ਤੈਨੂੰ ਮੈਂ ਉਨੇ ਪੈਸੇ ਨਹੀਂ ਦੇ ਸਕਦਾ। ਇਹ ਰਕਮ ਤੂੰ ਉਦੋਂ ਲੈ ਸਕਦੀ ਸੀ ਜਦੋਂ ਨੱਥ ਨਹੀਂ ਸੀ ਉਤਰੀ। ਹੁਣ ਦਿਨੋਂ ਦਿਨ ਤੇਰੀ ਲੜਕੀ ਦਾ ਭਾਅ ਥੱਲੇ ਜਾਣਾ ਹੈ ਵੱਧਣਾ ਨਹੀਂ।"
ਇੰਨ-ਬਿੰਨ ਇਹੀ ਸਥਿਤੀ ਪੰਜਾਬੀ ਲੇਖਕਾਂ ਦੀ ਹੈ। ਪੰਜਾਬੀ ਪੜ੍ਹਣ ਵਾਲੇ ਦਿਨੋਂ ਦਿਨ ਘੱਟ ਰਹੇ ਹਨ।ਪੰਜਾਬੀ ਲੇਖਕ ਆਪਣੀ ਨੱਥ ਉਤਰੀ ਭੁੱਲ ਕੇ ਆਪਣੀ ਹੈਸੀਅਤ ਤੋਂ ਵੱਧ ਦੀ ਇੱਛਾ ਰੱਖਦੇ ਹਨ। ਵਿਸ਼ਵ ਪੱਧਰ ਦੇ ਸਾਹਿਤਕਾਰਾਂ ਨਾਲ ਇਕ ਮੰਚ ਉੱਤੇ ਖੜ੍ਹੇ ਹੋਣ ਦੇ ਸੁਪਨੇ ਪਾਲ ਬੈਠਦੇ ਹਨ। ਪਰ ਹਕੀਕਤ ਤਾਂ ਇਹ ਹੈ ਕਿ ਪੰਜਾਬੀ ਦੇ ੯੯% ਸਾਹਿਤਕਾਰਾਂ ਨੂੰ ਉਹਨਾਂ ਦੇ ਪੂਰੇ ਪਰਿਵਾਰ ਨੇ ਵੀ ਨਹੀਂ ਪੜ੍ਹਿਆ ਹੁੰਦਾ।ਕੋਈ ਕਿੱਲੇ ਨਾਲ ਬੰਨ੍ਹਿਆ ਪਸ਼ੂ ਕਿੱਲੇ ਦੇ ਇਰਦ-ਗਿਰਦ ਉਨੀ ਦੂਰ ਤੱਕ ਹੀ ਘੁੰਮ ਸਕਦਾ ਹੈ ਜਿੰਨਾ ਉਸਦਾ ਅਕਾਰ ਤੇ ਗਲ੍ਹ ਪਾਏ ਸੰਗਲ ਦੀ ਲੰਬਾਈ ਹੈ। ਉਸ ਤੋਂ ਦੂਰ ਦੀ ਜ਼ਮੀਨ ਨੂੰ ਛੂਹਣਾ ਨਾਮੁਕਿਨ ਹੈ।ਪੰਜਾਬੀ ਲੇਖਕ ਆਪਣੀ ਸਮਰੱਥਾ ਅਤੇ ਮਿਹਨਤ ਤੋਂ ਵੱਧ ਫਲ ਦੀ ਤਵੱਕੋਂ ਰੱਖਦੇ ਹਨ। 
ਦੂਰ ਉੱਚੇ ਪਹਾੜ ਉੱਤੇ ਚੜ੍ਹ ਕੇ ਮੈਂ ਦੇਖਦਾ ਹਾਂ ਕਿ ਪੰਜਾਬੀ ਲੇਖਕ (ਇਨ੍ਹਾਂ ਵਿਚ ਮੈਂ ਖੁਦ ਵੀ ਸ਼ਾਮਿਲ ਹਾਂ!) ਭਰਮਾਂ ਦੇ ਕਿਲ੍ਹੇ ਵਿਚ ਕੈਦ ਇਕ ਦੂਜੇ ਨਾਲ ਘੁੱਲ੍ਹਣ ਲੱਗੇ ਹਨ ਤੇ ਉਹਨਾਂ ਨੂੰ ਰਿਹਾਈ ਦਾ ਖੁੱਲ੍ਹਾਂ ਦਰਵਾਜ਼ਾ ਦਿਖਾਈ ਨਹੀਂ ਦਿੰਦਾ।ਉਹ ਦਰਵਾਜ਼ਾ ਜੋ ਉਹਨਾਂ ਨੂੰ ਵਿਸ਼ਵਪੱਧਰ ਦੇ ਪਾਠਕਾਂ ਤੱਕ ਲਿਜਾਂਦਾ ਹੈ। ਮੇਰੇ ਮਨ ਵਿਚ ਉਰਦੂ ਦਾ ਸ਼ੇਅਰ ਆਉਂਦਾ ਹੈ; 
"ਬਰਬਾਦ--ਗੁਲਿਸਤਾਨ ਕਰਨੇ ਕੋ ਏਕ ਹੀ ਉਲੂ ਕਾਫੀ ਹੈ
ਅੰਜਾਨ--ਗਲਿਸਤਾਨ ਕਿਆ ਹੋਗਾ ਹਰ ਸ਼ਾਖ ਪੇ ਉਲੂ ਬੈਠਾ ਹੈ।"
ਇਹ ਲੇਖ ਉਹਨਾਂ ਕੈਦੀ ਸਾਹਿਤਕਾਰਾਂ ਨੂੰ ਮੇਰੇ ਵੱਲੋਂ ਭਰਮਾਂ ਦੀ ਕੈਦ ਵਿਚੋਂ ਨਿਕਲਣ ਲਈ ਮਾਰੀ ਗਈ ਇਕ ਅਵਾਜ਼ ਹੈ। ਉਸ ਝੂਠੀ ਹਾਉਮੇ ਵਿਚ ਗ੍ਰਸੇ ਗੱਪੀ, ਬਨਾਉਟੀ ਦੁਨੀਆ ਦੇ ਲੇਖਕ ਲੋਕਾਂ ਨੂੰ ਭਰਮਾਂ ਦੇ ਕੈਦਖਾਨੇ ਦੇ ਖੁੱਲ੍ਹੇ ਦਰਵਾਜ਼ਿਆਂ ਨੂੰ ਦਿਖਾਉਣ ਲਈ ਮਾਰੀ ਗਈ ਇਕ ਸਰਚਲਾਇਟ ਹੈ, "ਆਉ ਮਿੱਤਰੋ, ਬਾਹਰ ਆ ਜਾਉ! ਅਜ਼ਾਦ ਫਿਜ਼ਾ ਵਿਚ ਤਾਂ ਜੋ ਵਿਸ਼ਵਪੱਧਰ ਦਾ ਤੇ ਆਪਣਾ ਮੌਲਿਕ ਸਾਹਿਤ ਰਚੀਏ!!!"
"ਮਿਟਾ ਦੇ ਅਪਨੀ ਹਸਤੀ ਕੋ, ਅਗਰ ਕੁਛ ਮਰਤਬਾ ਚਾਹੇ
 ਕਿ ਦਾਨਾ ਖਾਕ ਮੇਂ ਮਿਲ ਕਰ, ਗੁਲੋ ਗੁਲਜ਼ਾਰ ਹੋਤਾ ਹੈ।"



****

No comments:

Post a Comment