ਇੱਕ ਸਦਾਬਹਾਰ ਨਗ਼ਮਾ: ਚਰਨ ਸਿੰਘ ਸਫ਼ਰੀ

ਖਾਬ ਵਿੱਚ ਮਹਿਬੂਬ ਸਫ਼ਰੀ ਹਾਲ ਪੁਛਦਾ ਰਹਿ ਗਿਆ, ਅਫਸੋਸ ਸਾਨੂੰ ਸੁੱਤਿਆਂ ਨੂੰ ਕਿਉਂ ਜਗਾਇਆ ਕਿਸੇ ਨੇ।

ਚਰਨ ਸਿੰਘ ਸਫ਼ਰੀ ਪੰਜਾਬ ਦਾ ਬੜਾ ਅਜ਼ੀਮ ਸ਼ਾਇਰ  ਹੈ। ਉਹ ਸਿੱਖ ਜਗਤ ਵਿੱਚ ਇੱਕ ਪ੍ਰੋੜ ਗੀਤਕਾਰ ਅਤੇ ਕਲਾਤਮਿਕ ਕਵੀ ਵਜੋਂ ਆਪਣੀ ਪਹਿਚਾਣ ਸਥਾਪਿਤ ਕਰ ਚੁੱਕਾ ਹੈ। ਉਹਨੇ ਆਪਣੀ ਸ਼ਾਇਰੀ ਨਾਲ ਪੰਜਾਬੀ ਸਾਹਿਤ ਅਤੇ ਸਭਿਆਚਾਰਕ ਵਿਰਸੇ ਨੂੰ ਅਮੀਰ ਕੀਤਾ ਹੈ। ਧਾਰਮਿਕ ਅਤੇ ਸਮਾਜਿਕ ਪੀੜਾਂ ਨੂੰ ਬਿਆਨ ਕਰਨ ਵਾਲੇ ਇਸ ਅਦੀਬ ਦਾ ਜਨਮ 5 ਅਪ੍ਰੈਲ 1918 ਨੂੰ ਪਿੰਡ ਬੋਦਲ ਵਿਖੇ ਪਿਤਾ ਲਾਭ ਸਿੰਘ ਦੇ ਘਰ, ਮਾਤਾ ਇੰਦੀ ਦੇਵੀ ਦੀ ਕੁੱਖੋਂ ਹੋਇਆ ਸੀ। ਦੋ ਭੈਣਾਂ ਅਤੇ ਚਾਰ ਭਰਾਵਾਂ ਦੇ ਇਸ ਲਾਡਲੇ ਵੀਰ ਨੇ ਇਸਲਾਮੀਆਂ ਹਾਈ ਸਕੂਲ ਤੋਂ ਦਸਵੀਂ ਤੱਕ ਦੀ ਪੜ੍ਹਾਈ ਕੀਤੀ। ਫਿਰ ਗਿਆਨੀ ਅਤੇ ਉਦੂੰ ਮਗਰੋਂ ਓ ਟੀ ਕੀਤੀ। ਵਿੱਦਿਆ ਗ੍ਰਹਿਣ ਕਰਨ ਉਪਰੰਤ ਸਫ਼ਰੀ ਜੀ ਪੰਜਾਬੀ ਦੇ ਅਧਿਆਪਕ ਲੱਗ ਗਏ ਤੇ ਬੀਹ ਸਾਲ ਤੱਕ ਇੱਕੋ ਸਕੂਲ ਵਿੱਚ ਨੌਕਰੀ ਕਰਦੇ ਰਹੇ।  

ਸ਼ਾਇਰੀ ਦੀ ਚੇਟਕ ਸਫ਼ਰੀ ਨੂੰ ਧੁਰ ਦਰਗਾਹੋਂ ਹੀ ਲੱਗ ਗਈ ਸੀ। ਸਫ਼ਰੀ ਦੀ ਕਵਿਤਾ ਸਰਚਨਾ ਦਾ ਭੇਦ ਉਸਦੇ ਆਪਣੇ
ਸ਼ਬਦਾਂ ਵਿੱਚੋਂ ਹੀ ਵਿਦਮਾਨ ਹੋ ਜਾਂਦਾ ਹੈ ਜਦੋਂ ਉਹ ਲਿਖਦਾ ਹੈ, “ਕਵੀ ਕਿਵੇਂ ਬਣਦਾ ਹੈ? ਜਦੋਂ ਕਿਸੇ ਮਾਸੂਮ ’ਤੇ ਨਿਰਦੋਸ਼ ਹਿਰਦੇ ਨੂੰ ਕੋਈ ਕਰੜੀ ਬਜ਼ਰ ਵਰਗੀ ਚੋਟ ਵੱਜਦੀ ਹੈ। ਚੋਟ ਵਿਛੋੜੇ ਦੀ, ਅਨਿਆ ਦੀ, ਪਿਆਰ ਦੀ। ਉਹ ਚੋਟ ਹੀ ਹੌਂਕਿਆਂ, ਹਾਵਿਆਂ, ਅੱਥਰੂਆਂ ਤੇ ਚੀਸਾਂ ਦਾ ਰੂਪ ਧਾਰਨ ਕਰ ਜਾਂਦੀ ਹੈ। ਗ਼ਮਾਂ ਤੇ ਦਰਦਾਂ ਦੀ ਭੜਾਸ ਅੱਖੀਆਂ ਥਾਣੀ  ਬਾਹਰ ਆਉਣ ਦਾ ਯਤਨ ਕਰਦੀ ਹੈ। ਕੁੱਝ ਕੁ  ਨਿਕਲ ਵੀ ਜਾਂਦੀ ਹੈ, ਕੁੱਝ ਕੁ ਇਹ ਧੁਖਦਾ ਧੂੰਆਂ ਕਦੇ ਅੱਗ ਦਾ ਰੂਪ ਵੀ ਧਾਰਨ ਕਰ ਜਾਂਦਾ ਹੈ। ਇਸਦੀ ਕੋਈ ਵੀ ਲੰਬ ਜ਼ਜਬਿਆਂ ਦੇ ਰੂਪ ਵਿੱਚ ਜਦੋਂ ਬਾਹਰ ਨਿਕਲਦੀ ਹੈ, ਉਹਨੂੰ ਦਰਦੀਲੀ ਅਤੇ ਮੌਲਿਕ ਕਵਿਤਾ ਕਹਿੰਦੇ ਹਨ। ਕਵਿਤਾ ਤਖੀਅਲ ਤੇ ਵਲਵਲਿਆਂ ਦਾ ਨਾਮ ਹੈ। ਕਵਿਤਾ ਹਾਹਾ, ਹਾਹਾ, ਹਾਹਾ, ਹੀਹ, ਹੀਹ, ਹੀਹ, ਹੂਹ, ਹੂਹ, ਹੂਹ ਦਾ ਨਾਮ ਨਹੀਂ।” 

ਸੁਰਤ ਸੰਭਾਲਦਿਆਂ ਹੀ ਸਫ਼ਰੀ ਨੇ ਆਪਣੀ ਕਾਵਿ ਕਲਾ ਨੂੰ ਨਿਖਾਰਨਾ ਸ਼ੁਰੂ ਕਰ ਦਿੱਤਾ ਸੀ। ਜਿਵੇਂ ਕਿ ਸਫ਼ਰੀ ਨੇ ਆਪ ਵੀ ਇੱਕ ਜਗ੍ਹਾ ਲਿਖਿਆ ਹੈ, “ਬਿਨਾ ਪੂਰੇ ਮੁਰਸ਼ਦ ਦੇ, ਇੱਥੇ ਸਫ਼ਰੀ ਮਿਲੇ ਨਾਲ ਢੋਈ।” ਸਫ਼ਰੀ ਨੇ ਬਲਦੇਵ ਚੰਦਰ ਬੇਕਿਲ ਅੰਮ੍ਰਿਤਸਰੀ ਨੂੰ ਆਪਣਾ ਉਸਤਾਦ ਧਾਰਿਆ ਤੇ ਉਹਨਾਂ ਤੋਂ ਸ਼ਾਇਰੀ ਦੀਆਂ ਬਰੀਕੀਆਂ ਸਿੱਖੀਆਂ। ਗੀਤ ਵਿਧਾ ਦੀ ਤਕਨੀਕ ਅਤੇ ਲਫ਼ਜ਼ਾਂ ਨੂੰ ਗੀਤ ਦੇ ਫਰਮੇ ਵਿੱਚ ਜੜਨ ਦੀ ਜਾਚ ਸਿੱਖੀ। ਪਿੰਗਲ ਪੜ੍ਹ ਕੇ ਆਪਣੀ ਛੰਦਾ-ਬੰਦੀ ਨੂੰ ਚਮਕਾਇਆ ਅਤੇ ਆਰੂਜ ਦਾ ਅਧਿਐਨ ਕਰਕੇ ਕਾਫੀਏ, ਰਦੀਫ ਤੇ ਆਬੂਰ ਹਾਸਿਲ ਕੀਤਾ। ਬਹਿਰ, ਵਜ਼ਨ ਨੂੰ ਦਰੁਸਤ ਰੱਖਣ ਵਿੱਚ ਮੁਹਾਰਤ ਪਾਈ। ਜਿਸਦੇ ਫਲਸਰੂਪ ਸਫ਼ਰੀ ਨੇ ਚੌਦਾਂ-ਪੰਦਰਾਂ ਸਾਲਾਂ ਦੀ ਨਿਆਣੀ ਜਿਹੀ ਉਮਰੇ ਹੀ ਸਿਰ ਤੋੜ ਮਿਹਨਤ ਨਾਲ ਆਪਣੇ ਕਾਵਿ ਉਂੱਪਰ ਪੁਖਤਗੀ ਦੀ ਝਾਲ ਚਾੜ੍ਹ ਦਿੱਤੀ ਸੀ। ਬੀਹ ਸਾਲਾਂ ਦੀ ਜਵਾਨ ਉਮਰ ਵਿੱਚ ਉਸਨੇ ਆਪਣੀ ਸਭ ਤੋਂ ਪਹਿਲੀ ਪੁਸਤਕ ‘ਜੀਵਨ ਸਫਰ’ ਨਾਲ ਪੰਜਾਬੀ ਸਾਹਿਤ ਵਿੱਚ ਆਪਣਾ ਅਦਬੀ ਸਫ਼ਰ ਸ਼ੁਰੂ ਕੀਤਾ ਸੀ। ਹੁਣ ਤੱਕ ਉਹ ਚੌਦਾਂ ਕਿਤਾਬਾਂ ਦੀ ਰਚਨਾ ਕਰ ਚੁੱਕਾ ਹੈ। ਜਿਨ੍ਹਾਂ ਦੇ ਕ੍ਰਮਵਾਰ ਨਾਮ ਇਸ ਪ੍ਰਕਾਰ ਹਨ: ਜੀਵਨ ਸਫਰ, ਇਸ਼ਕ ਦੀ ਬਿਜਲੀ, ਮੀਰਾ ਬਾਈ, ਤਾਰਿਆਂ ਦੀ ਸੇਧ, ਪੰਜਾ ਗੁਰਾਂ ਨੇ ਪਹਾੜ ਵਿੱਚ ਲਾਇਆ, ਨੌਵੇਂ ਪਿਤਾ ਜਦ ਕਤਲਗਾਹ ’ਚ ਆਏ, ਤੇਗ ਦੀ ਧਾਰ ਉਂੱਤੇ ਨੱਚ ਓ ਖਾਲਸਾ, ਸਿੱਖੀ ਦੀਆਂ ਵਾਟਾਂ, ਲਹੂ ਦੀਆਂ ਲਾਟਾਂ, ਅੰਮ੍ਰਿਤ ਭਿੱਜੇ ਬੋਲ, ਗੁਰੂ ਰਵੀਦਾਸ ਮਹਿਮਾ, ਰਵੀਦਾਸ ਰਿਸ਼ਮਾਂ, ਜੀਵਨ ਬਾਬਾ ਹਰਨਾਮ ਸਿੰਘ ਅਤੇ ਤੱਕਲੇ ਦੇ ਵਲ ਕੱਢ ਲੈ।
ਸਭ ਤੋਂ ਸੱਜਰੀ ਅਤੇ ਨਵੀਂ ਹੋਣ ਕਰਕੇ ਆਉ ਤੱਕਲੇ ਦੇ ਵਲ ਕੱਢ ਲੈ  ਦਾ ਪਠਨ ਅਨੁਭਵ ਤੁਹਾਡਾ ਨਾਲ ਸਾਂਝਾ ਕਰਿਏ। 144 ਸਫਿਆਂ ਦੀ ਇਸ ਪੁਸਤਕ ਵਿੱਚ ਜੀਵਨ ਦੇ ਵਿਭਿੰਨ ਸਰੋਕਾਰਾਂ ਨਾਲ ਸੰਵਾਦ ਰਚਾਉਂਦੇ ਸਫ਼ਰੀ ਦੇ 136 ਕਾਵਿ ਪਰਾਗੇ ਹਨ। ਜਿਨ੍ਹਾਂ ਵਿੱਚ ਗੀਤ, ਕਵਿਤਾਵਾਂ, ਨਜ਼ਮਾਂ, ਕਵਾਲੀਆਂ, ਗਜ਼ਲਾਂ ਆਦਿ ਦੀ ਸ਼ਮੂਲੀਅਤ ਹੈ। ਪੂਰੀ ਪੁਸਤਕ ਦਾ ਅਧਿਐਨ ਕਰਿਆਂ ਗਿਆਨ ਹੁੰਦਾ ਹੈ ਕਿ ਸਫ਼ਰੀ ਨੂੰ ਕਾਲੇ ਰੰਗ ਨਾਲ ਇਸ਼ਕ ਹੈ। ਇਸੇ ਕਰਕੇ ਇਸ ਰੰਗ ਦੇ ਅਲੰਕਾਰੀ ਸ਼ਬਦ ਨੂੰ ਉਸਨੇ ਸਭ ਤੋਂ ਵੱਧ ਵਰਤਿਆ ਹੈ। ਮਿਸਾਲ ਦੇ ਤੌਰ ’ਤੇ ਹੇਠ ਲਿਖੀਆਂ ਕੁੱਝ ਕਾਵਿ ਟੁਕੜੀਆਂ ਵਾਚੀਆਂ ਜਾ ਸਕਦੀਆਂ ਹਨ:- 
1 ਮੈਨੂੰ ਪਤਾ ਨੀ ਵਕੀਂਦੇ ਕਿੱਥੇ ਕਾਲੇ ਕਾਲੇ ਨੈਣ। ( ਪੰਨਾ 96) 
2 ਮੈਂ ਹਾਂ ਚੰਬੇ ਦੀ ਕਲੀ ਜਾਗੇ ਭੌਰਾਂ ਦੇ ਨਸੀਬ
ਕਾਲੇ ਭੂੰਡ ਨੂੰ ਮੈਂ ਬਹਿਣ ਦਿੱਤਾ ਕਦੇ ਨਾ ਕਰੀਬ। (ਉਹੀ)
3 ਕਾਲੇ ਕਾਲੇ ਕੇਸ ਤੇਰੇ ਕਹਿਰ ਹੈ ਨੀ ਕਹਿਰ ਹੈ
ਗੁੱਤ ’ਤੇ ਵਸਾਇਆ ਚੰਡੀਗੜ੍ਹ ਜਿੱਡਾ ਸ਼ਹਿਰ ਹੈ। (ਪੰਨਾ 98) 
4 ਤੇਰੇ ਮੁੱਖੜੇ ’ਤੇ ਕਾਲਾ ਕਾਲਾ ਤਿਲ ਗੋਰੀਏ
ਸਾਡਾ ਕੱਢ ਕੇ ਲੈ ਗਿਆ ਦਿਲ ਗੋਰੀਏ। (ਪੰਨਾ 99 )
5 ਲਾਸ਼ ’ਤੇ ਕੋਈ ਡਿੱਗੀ ਉਸਦੇ ਕੇਸ ਕਾਲੇ ਪਿੰਡਰ ਗਏ
ਜਾਪਦਾ ਏ ਹੁਣੇ ਕਾਲਾ ਕਫ਼ਨ ਪਾਇਆ ਕਿਸੇ ਨੇ (ਪੰਨਾ 144) 
6 ਕਾਲੀਆਂ ਘਟਾਵਾਂ ਤੇਰੇ ਕੇਸ ਕਾਲੇ ਰੰਗ ਦੇ
ਲੁਕ ਲੁਕ ਸੁਣਾਗੇ ਖੜਾਕ ਤੇਰੀ ਵੰਗ ਦੇ (ਪੰਨਾ22)
7 ਕਾਲੀ ਕਫ਼ਨੀ ਵੀ ਮੈਂ ਪਹਿਨੀ ਕਾਲੇ ਕੇਸ ਵੀ ਬਨਾਏ
ਨੈਣੀ ਕੱਜਲਾ ਵੀ ਕਾਲਾ ਕਾਲੇ ਕੇਸ ਵੀ ਖਿੰਡਾਏ
ਕਾਲੀ ਮੱਥੇ ਦੀ ਲਿਖਾਈ ਪਿਆਰ ਕਾਲਿਆਂ ਨਾਲ ਪਾਇਆ
ਅਸਾਂ ਸੱਜਨਾ ਬਗੈਰ ਹਾਏ! ਸਾਵਨ ਮਨਾਇਆ। (ਪੰਨਾ 44)
8 ਕਾਲੇ ਕਾਲੇ ਕੱਜਲੇ ਨੇ ਦਿਨ ਕਾਹਲਾ ਪਾਇਆ ਏ
ਕਾਲੀ ਕਾਲੀ ਬੱਦਲੀ ਨੇ ਚੰਨ੍ਹ ਕੀ ਚੜ੍ਹਾਇਆ ਏ
ਕਾਲਿਆਂ ਕੇਸਾਂ ਸਾਨੂੰ ਕਾਲਖਾਂ ਲੁਆਈਆਂ
ਬੇਦਰਦਾ ਵੇ ਸਾਨੂੰ ਵੰਗਾਂ ਨਾ ਘਲਾਈਆਂ
ਕਾਲੀਆਂ-ਕਾਲੀਆਂ ਬਦਲੀਆਂ ਛਾਈਆਂ। (ਪੰਨਾ 67) 
9 ਕਾਲੀ ਕਾਲੀ ਬਦਲੀ
ਸਫ਼ਰੀ ਕੋਇਲ ਕਾਲੇ ਅੰਬਾਂ ਉਤੇ ਕੂਕਦੀ (ਪੰਨਾ 66) 
10 ਕਾਲੇ ਕੇਸ ਤੇ ਗੋਰਾ ਮੁੱਖੜਾ ਏ 
ਬੱਦਲਾਂ ਵਿੱਚ ਚੰਨ੍ਹ ਦਾ ਟੁਕੜਾ ਏ
ਨੇਕੀ ਤੋਂ ਲੱਖ ਚੰਗੇਰੀ ਏ
ਇਕ ਗਲਤੀ ਬਾਲ ਵਰੇਸਾਂ ਦੀ
ਗੁੱਤ ਕਰ ਲੈ ਕਾਲਿਆਂ ਕੇਸਾਂ ਦੀ
ਕੋਈ ਖਤ ਸੱਜਣਾਂ ਦਾ ਨਹੀਂ ਆਇਆ ਸੱਜਣਾ ਦਾ
ਕੋਈ ਖਬਰ ਨਹੀਂ ਪ੍ਰਦੇਸਾਂ ਦੀ। (ਪੰਨਾ 69) 
11 ਰੱਬ ਦਿਉ ਲੋਕੋ ਦੇਖੋ ਰੱਬ ਦੇ ਨਿਆਂ ਨੂੰ 
ਕਾਲਾ ਰੰਗ ਕੋਇਲ ਨੂੰ ਤੇ ਕਾਲਾ ਰੰਗ ਕਾਂ ਨੂੰ
ਗੋਰੀ ਗਊ ਨਾਲ ਗਧੇ ਨੂੰ ਮਿਲਾਉਂਦਾ
ਰੱਬ ਕਿਹੜਾ ਸੱਚ ਬੋਲਦਾ, ਭੋਲੇ ਜੱਗ ਨੂੰ ਭੁਲੇਖੇ ਵਿੱਚ ਪਾਉਂਦਾ। (ਪੰਨਾ 83) 
ਸਫ਼ਰੀ ਦੀ ਕਵਿਤਾ ਉਸਦੇ ਚਿੰਤਨ ਦੀ ਧਰਾਤਲ ਹੈ, ਉਸ ਦੀ ਚੇਤਨਾ ਅਕਸ ਹੈ। ਉਸ ਦੇ ਸਾਹਾਂ ਦੀ ਧੜਕਣ ਹੈ। ਕਿਸੇ ਚਿਹਰੇ ਦੇ ਨਕਸ਼ਾਂ ਦੀ ਸਿਰਜਣਾ ਹੈ। ਜਜ਼ਬਿਆਂ ਦੀ ਬਰਸਾਤ ਵਿੱਚ ਭਿੱਜੇ ਹੋਏ ਸ਼ਬਦ ਹਨ, ਉਹਦੀ ਅੱਖ ਚੋਂ ਟਪਕੇ ਅੱਥਰੂ ਹਨ, ਉਸਦੀ ਕਵਿਤਾ ਉਸਦੇ ਸਵੈ ਦਾ ਬਿਰਤਾਂਤ ਹੈ।  ਇਸ ਸੰਗ੍ਰਹਿ ਦੀਆਂ ਰਚਨਾਵਾਂ ਪਿਆਰ ਦੇ ਰਾਂਗਲੇ ਪਲਾਂ ਦੇ ਸਬੂਤ ਹਨ। ਇਨ੍ਹਾਂ ਰਾਹੀਂ ਸਫ਼ਰੀ ਅਭੀ ਤੋਂ ਮੈਂ ਜਵਾਨ ਹੂੰ ਦਾ ਜੈਕਾਰਾ ਗੂੰਜਾਉਂਦਾ ਹੈ। ਮੇਰੀ ਇਸ ਵਿਚਾਰ ਦੀ ਸਫ਼ਰੀ ਨੇ ਖੁਦ ਵੀ ਪੁਸ਼ਟੀ ਕੀਤੀ ਹੈ , ਜਦੋਂ ਉਸਨੇ ਭੂਮਿਕਾ ਵਿੱਚ ਲਿਖਿਆ ਹੈ, “ਇਹ ਗੀਤ ਮੈਨੂੰ ਆਪਣੀ ਸੰਤਾਨ ਤੋਂ ਵੀ ਵੱਧ ਪਿਆਰੇ ਲੱਗਦੇ ਹਨ। ਇਹਨ੍ਹਾਂ ਗੀਤਾਂ ਵਿੱਚ ਮੇਰੀ ਅਠਾਰਾਂ ਸਾਲ ਦੀ ਉਮਰ ਤੋਂ ਲੈ ਕੇ ਜੋ ਅੱਜ ਤੱਕ ਸੰਗੀਨ ਐਕਸੀਡੈਂਟ ਹੋਏ ਸਭ ਮੇਰੇ ਗੀਤਾਂ ਵਿੱਚੋਂ ਬੋਲਦੇ ਹਨ।”
ਸ਼ਫਰੀ ਦੀ ਸ਼ਾਇਰੀ ਉਨ੍ਹਾਂ ਰਮਜ਼ਾਂ ਨੂੰ ਪਕੜਦੀ ਹੈ ਜਿਨ੍ਹਾਂ ਬਿਨਾਂ ਸਮਾਜ ਦੀ ਕਾਲਪਨਿਕ ਅਤੇ ਸਹੁਜਾਤਮਿਕ ਤ੍ਰਿਪਤੀ ਨਹੀਂ ਹੋ ਸਕਦੀ। ਸਫ਼ਰੀ ਨੇ ਆਪਣੇ ਸਮੁੱਚੇ ਕੈਰੀਅਰ ਵਿੱਚ ਵਧੇਰੇ ਸਿਰਜਣਾ ਧਾਰਮਿਕ ਸਾਹਿਤ ਦੀ ਕੀਤੀ ਹੈ। ਇਸ ਲਈ ਉਹਦੀ ਛਵੀ ਸਿੱਖੀ ਅਸੂਲਾਂ ਨੂੰ ਸਮਰਪਿਤ ਕਵੀ ਵਜੋਂ ਬਣੀ ਹੋਈ ਹੈ। ਉਸਦੇ ਕਾਵਿ ਵਿੱਚ ਗੁਰਬਾਣੀ ਦਾ ਪ੍ਰਭਾਵ ਸਾਫ਼ ਝਲਕਦਾ ਨਜ਼ਰ ਆਉਂਦਾ ਹੈ। ਤਕੱਲੇ ਦੇ ਵਲ ਕੱਢ ਲੈ ਦੀਆਂ ਭਾਵੇਂ ਬਹੁ-ਗਿਣਤੀ ਰਚਨਾਵਾਂ ਰੋਮਾਂਟਿਕ ਹਨ। ਪਰ ਫੇਰ ਇਸ ਪੁਸਤਕ ਵਿੱਚ ਰਲ੍ਹੀਆਂ ਤੇਰੇ ਦਰ ’ਤੇ  ਅਤੇ ਤੇਰੀਆਂ ਤੂੰ ਜਾਣੇ ਆਦਿ ਧਾਰਮਿਕ ਰਚਨਵਾਂ ਸਦਕਾਂ ਸਫ਼ਰੀ ਦਾ ਧਾਰਮਿਕ ਅਕਸ ਵਿਗੜਨ ਦੀ ਬਜਾਏ ਉਵੇਂ ਬਰਕਰਾਰ ਰਹਿੰਦਾ ਹੈ। ਇਸ ਤੋਂ ਇਲਾਵਾ ਸਫ਼ਰੀ ਦੀ ਸ਼ਾਇਰੀ ਵਿੱਚ ਸੂਫੀਵਾਦ ਦਾ ਪ੍ਰਛਾਵਾਂ ਵੀ ਦੇਖਣ ਨੂੰ ਮਿਲਦਾ ਹੈ। ਬਾਕੌਲ ਕਵੀ:-
ਰੋਜੇ ਵੀ ਮੈਂ ਰੱਖੇ ਰੋਜ਼ ਰੀਤਾਂ ਨੂੰ ਵੀ ਵਾਚਿਆ
ਮਾਹੀ ਮੇਰਾ ਮੰਦਰਾਂ ਮਸੀਤਾਂ ਚ ਗੁਆਚਿਆ
ਆਤਮਾ ਨੂੰ ਘੋਖਿਆ ਮੈਂ ਸੀਨੇ ਨੂੰ ਫਰੋਲਿਆ
ਮੱਕੇ ਵਿੱਚੋਂ ਟੋਲਿਆ ਮੈਂ ਕਾਸ਼ੀ ਵਿੱਚ ਟੋਲਿਆ
ਦਿਲ ਦਾ ਪਿਆਰਾ ਮੇਰੇ ਦਿਲ ਵਿੱਚੋਂ ਬੋਲਿਆ। (ਸਫਾ 80)
ਅਤੇ ਪੁਸਤਕ ਦਾ ਸਿਰਲੇਖ ਗੀਤ:-
ਚਰਖੇ ਨੂੰ ਘੂਕਣ ਦੇ, ਕਿਤੇ ਆਪ ਘੂਕ ਨਾ ਬੈਠੀਂ।
ਅੱਖਾਂ ਵਿੱਚ ਅੱਗ ਮੱਚਦੀ, ਕਿਤੇ ਪੂਣੀਆਂ ਫੂਕ ਨਾ ਬੈਠੀਂ।
ਵਿਹਲੀਆਂ ਨੂੰ ਨਿੱਤ ਝਿੜਕਾਂ, ਜਿਹੜੀ ਕੱਤਦੀ ਉਹ ਦਾਜ ਬਣਾਵੇ।
ਤੱਕਲੇ ਦੇ ਵਲ ਕੱਢ ਲੈ, ਤੇਰਾ ਤੰਦ ਨਾ ਲਪੇਟਿਆ ਜਾਵੇ। (ਸਫਾ 11)
“ਨੀ ਮੈਂ ਸਰੂ ਨੂੰ ਕਲਾਵੇ ਵਿੱਚ ਲੈ ਲਿਆ, ਆਪਣਾ ਪਿਆਰਾ ਜਾਣ ਕੇ।” ਸਫਾ 78 ’ਤੇ ਅੰਕਿਤ ਗਾਣਾ ਇੱਕ ਜੋਬਨਮੱਤੀ ਮੁਟਿਆਰ ਦੇ ਅੰਦਰੂਨੀ ਵਲਵਲਿਆਂ ਅਤੇ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੈ। ਇਸ ਨੂੰ ਸਵ: ਜਗਮੋਹਨ ਕੌਰ ਨੇ ਰੋਮੈਂਟਿਕ ਅੰਦਾਜ਼ ਵਿੱਚ ਬੜਾ ਖੁੱਭ ਕੇ ਗਾਇਆ ਸੀ। ਗੀਤ ਗਾਉਂਦੀ ਉਹ ਜਦੋਂ ਆਪਣੇ ਸਵਰ ਨੂੰ ਨਿਢਾਲ ਜਿਹਾ ਕਰਕੇ ਆਹ ਭਰਦੀ ਹੈ ਤਾਂ ਉਸ ਨਾਲ ਗੀਤ ਨੂੰ ਚਾਰ ਚੰਨ ਲੱਗ ਜਾਂਦੇ ਹਨ। ਇਸ ਗੀਤ ਨੂੰ ਸੁਣਦਿਆਂ ਹੀ ਮੇਰੇ ਮੂੰਹੋਂ ਜਗਮੋਹਣ ਕੌਰ ਲਈ ਵਾਹ ਨਿਕਲ ਗਈ ਸੀ। ਅੱਜ ਢੇਰ ਸਾਰੇ ਸਮੇਂ ਬਾਅਦ ਉਹੀ ਗੀਤ ਤੱਕਲੇ ਦੇ ਵਲ ਕੱਢ ਲੈ ਕਿਤਾਬ ਵਿੱਚ ਪੜ੍ਹਦਿਆਂ ਮੇਰੇ ਮੂੰਹੋਂ ਇੱਕ ਵਾਰ ਫਿਰ ਵਾਹ ਨਿਕਲੀ ਹੈ। ਇਸ ਵਿੱਚ ਫ਼ਰਕ ਸਿਰਫ਼ ਇਤਨਾ ਹੈ ਕਿ ਉਦੋਂ ਜਗਮੋਹਣ ਕੌਰ ਦੀ ਵਧੀਆ ਗਾਇਕੀ ਨੂੰ ਦਾਦ ਦਿੱਤੀ ਸੀ ਤੇ ਹੁਣ ਸਫ਼ਰੀ ਦੀ ਵਧੀਆ ਲੇਖਣੀ ਨੂੰ।
ਕਈਆਂ ਰਚਨਾਵਾਂ ਵਿੱਚ ਕਟਾਕਸ਼ ਵਿਅੰਗ ਪ੍ਰਧਾਨ ਹੈ। ਥੋਥੇ ਧਾਰਮਿਕ ਢਾਂਚੇ ਨੂੰ ਮਜ਼ਾਕ ਕੀਤਾ ਗਿਆ ਹੈ। ਮਨੁੱਖੀ ਮਨ ਦੀਆਂ ਸੰਵੇਦਨਾਵਾਂ ਦਰਸਾਉਂਦੀਆਂ ਇਨ੍ਹਾਂ ਰਚਨਾਵਾਂ ਵਿੱਚ ਲੈਅ ਅਤੇ ਰਿਦਮ ਪਰਸਪਰ ਰਿੜਦਾ ਹੈ। ਸ਼ਬਦਾਂ ਵਿੱਚ ਸੁੱਤੀਆਂ ਸੁਰਾਂ ਦਾ ਸੰਗੀਤ ਪੜ੍ਹਦੇ ਵਕਤ ਮਨ ਵਿੱਚ ਗੂੰਜਾਰਾਂ ਪਾ ਦਿੰਦਾ ਹੈ। ਇਨਸਾਨੀ ਲਾਲਸਾਵਾਂ, ਇੱਛਾਵਾਂ, ਤੇ ਜ਼ਿੰਦਗੀ ਦੀਆ ਹਕੀਕਤਾ ਨੂੰ ਬਿਨਾਂ ਕਿਸੇ ਰੋਕ-ਟੋਕ ਤੋਂ ਪੇਸ਼ ਕਰਦੀ ਹੈ ਇਹ ਸ਼ਾਇਰੀ। 
ਇਸ ਪੁਸਤਕ ਵਿੱਚ ਸਫ਼ਰੀ ਨੇ ਜਦੋਂ ਵੀ ਹੁਸੀਨਾ ਦੀਆਂ ਜ਼ੁਲਫਾਂ ਦਾ ਜ਼ਿਕਰ ਕੀਤਾ ਹੈ ਹਮੇਸ਼ਾਂ ਹੀ ਉਨ੍ਹਾਂ ਨੂੰ ਪ੍ਰੰਪਰਾਵਾਦੀ ਪੰਜਾਬੀ ਕਵੀ ਵਾਂਗ ਨਾਗ ਨਾਲ ਤਸ਼ਬੀਹ ਦਿੱਤੀ ਹੈ। ਹਸਬੇਮਾਮੂਲ ਉਸਨੇ ਬਹੁਤੀ ਵਾਰ ਸੱਪ ਦੀ ਕਿਸਮ ਵੀ ਇੱਕੋ ਵਰਤੀ ਹੈ, ਜੋ ਕਿ ਖੜੱਪਾ ਹੈ। ਉਦਾਰਹਣ ਵਜੋਂ ਵੱਖੋ-ਵੱਖਰੀਆਂ ਸਿਨਫਾਂ ਦੀਆਂ ਚੋਣਵੀਂਆਂ ਸੱਤਰਾਂ ਤੁਹਾਡੀ ਨਜ਼ਰ ਕਰ ਰਿਹਾ ਹਾਂ:-
1 ਨਾਗਣਾਂ ਦੇ ਵਾਂਗ ਜ਼ੁਲਫਾਂ ਸੱਪ ਕਰ ਕੇ ਸ਼ੂਕੀਆਂ
ਵਸਲ ਦੇ ਇਨਕਾਰ ਲਈ ਜਦ ਸਰ ਹਿਲਾਇਆ ਕਿਸੇ ਨੇ। (ਪੰਨਾ 144 )
2 ਜ਼ੁਲਫਾਂ ਨੂੰ ਜਾਣ ਲੱਗਾ  ਕਹਿ ਗਿਉਂ ਤੂੰ ਨਾਗਣਾ
ਤਾਰਿਆਂ ਦੇ ਨਾਲ ਸਾਨੂੰ ਪੈ ਗਿਆ ਏ ਜਾਗਣਾ
ਕੋਹਿਆਂ ਤੂੰ ਸਾਨੂੰ ਵਾਂਗ ਕਸਾਈਆਂ
ਹਾਲ! ਓ ਰੱਬਾ ਅੱਖਾਂ ਬਿਰਹੋਂ ਸਤਾਈਆਂ। (ਪੰਨਾ 95)
3 ਗੁੱਤ ਦਾ ਖੜੱਪਾ ਚੰਨਾ! ਡੰਗ ਨਹੀਓ ਮਾਰਦਾ। (ਪੰਨਾ 16)
4 ਮੇਰੇ ਕੇਸ ਕਾਲੇ ਕਾਲੇ
ਮੈਥੋਂ ਜਾਣ ਨਾ ਸੰਭਾਲੇ
ਕਾਲਾ ਕਜਲਾ ਅੱਖਾਂ ਦੇ ਵਿੱਚ ਲੱਪ ਲੱਪ ਲੱਪ
ਲੋਕਾਂ ਆਖਿਆ ਗਲੀ ਦੇ ਵਿੱਚ ਸੱਪ ਸੱਪ ਸੱਪ
ਇਨ੍ਹਾਂ ਉਡਦੇ ਸਪੋਲਿਆਂ ਨੂੰ ਨੱਪ ਨੱਪ ਨੱਪ (ਪੰਨਾ 16)
5 ਕੇਸ ਖੜੱਪੇ ਸੱਪ ਇਨ੍ਹਾਂ ਨੂੰ ਵਿੱਚ ਪਟਾਰੀ ਪਾ
ਪੁਆੜਾ ਪੈ ਜਾਣਾ
ਨੀਵੇਂ ਪਾ ਲੈ ਨੈਣ ਨੀ ਕੁੜੀਏ ਵੰਗਾਂ ਨਾ ਛਣਕਾ
ਪੁਆੜਾ ਪੈ ਜਾਣਾ(ਪੰਨਾ 21)
6 ਗੁੱਤ ਦਾ ਖੜੱਪਾ ਜਿਹਨੂੰ ਇੱਕ ਵਾਰ ਡੰਗਦਾ
ਡਿੱਗਦਾ ਜ਼ਮੀਨ ਉਤੇ ਪਾਣੀ ਵੀ ਨਹੀਂ ਮੰਗਦਾ
ਕਿਹੜਾ ਏ ਸਪੇਰਾ ਜਿਹੜਾ ਪਹਿਲਾਂ ਡੰਗ ਖਾਏਗਾ
ਗੁੱਤ ਨਾ ਵੇ ਛੇੜੀਂ ਇਹਦਾ ਸੱਪ ਬਣ ਜਾਏਗਾ। (ਪੰਨਾ 90)
7 ਉਹਦੇ ਕੇਸ ਕਾਲੇ ਸੱਪ ਉਹਨੂੰ ਕਿਉਂ ਨਹੀਂ ਡੱਸਦੇ? (ਪੰਨਾ25)
8 ਸੁਪਨੇ ’ਚ ਉਹਨਾਂ ਮੈਨੂੰ ਗਲ ਨਾਲ ਲਾ ਲਿਆ।
ਗੁੱਤਾਂ ਨੇ ਵਲੇਵਾਂ ਕਾਲੇ ਸੱਪਾਂ ਵਾਂਗੂੰ ਪਾ ਲਿਆ। (ਪੰਨਾ 30)
9 ਕਾਹਨੂੰ ਕੇਸ ਕਾਲੇ ਸੱਪ ਇਹ ਤੂੰ ਗਲੇ ਵਿੱਚ ਪਾਏ
ਐਵੇਂ ਦੇਖ ਕੇ ਜ਼ਮਾਨੇ ਨੂੰ ਨਾ ਜ਼ਹਿਰ ਚੜ੍ਹ ਜਾਏ। (ਪੰਨਾ 86)
ਕਿਸੇ ਪਿਆਰੇ ਦੇ ਸਦੀਵੀ ਵਿਛੋੜੇ ਤੋਂ ਬਾਅਦ ਇੰਨਸਾਨ  ਦੀਆਂ ਦੁਸਵਾਰੀਆਂ ਅਤੇ ਸੋਗਮਈ ਪਲਾਂ ਦੀ ਦੇਖੋ ਕਿੱਡੀ ਵਧੀਆ ਤਸਵੀਰਕਸ਼ੀ ਕੀਤੀ ਗਈ ਹੈ ਇਹਨਾਂ ਅਗਲੀਆਂ ਸਤਰਾਂ ਵਿੱਚ:-
       ਜਲ ਗਿਉਂ ਤੂੰ ਸਿਵੇ ਦੇ ਵਿਚ ਮਗਰ ਤੈਨੂੰ ਕੀ ਪਤਾ
ਹੌਕਿਆਂ ਦੀ ਅੱਗ ਦੇ ਵਿਚ ਕੌਣ ਜਲਦਾ ਜਾ ਰਿਹੈ। (ਪੰਨਾ 73)
ਸਫਾ 58 ’ਤੇ ਦਰਜ਼ ਗੀਤ ਕੁੰਡਲਾਂ ਤੋਂ ਪੁੱਛ  ਗੋਰੀਏ ਜੋ ਕਿ ਆਸਾ ਸਿੰਘ ਮਸਤਾਨਾ ਦੁਆਰਾ ਰਿਕਾਰਡ ਕਰਵਾਇਆ ਜਾ ਚੁੱਕਾ ਹੈ। ਪੜ੍ਹਨ ਸੁਣਨ ਨੂੰ ਅੱਜ ਵੀ ਉਹਨਾਂ ਹੀ ਤਾਜ਼ਾ ਲੱਗਦਾ ਹੈ ਜਿਨ੍ਹਾਂ ਕਿ ਕਈ ਵਰ੍ਹੇ ਪਹਿਲਾਂ ਸੀ।
ਪੰਨਾ 104 ਵਾਲੇ ਗੁੱਸਾ ਨਾ ਕਰੀਂ ਸ਼ਰਾਬੀ ਦਾ ਵਰਗੇ ਗੀਤ ਨਾਲ ਸ਼ਰਾਬੀਆਂ ਦੇ ਹੱਕ ’ਚ ਨਾਅਰਾ ਮਾਰਦਿਆਂ ਵੀ ਸਿਖਿਆਦਾਇਕ ਗੱਲ ਕੀਤੀ ਹੈ।
ਕਵੀ ਮਹਿਬੂਬ ਦੀ ਬੇਵਫਾਈ ਮਗਰੋਂ ਆਪਣੇ ਦਿਲ ਨੂੰ ਇੰਝ ਦਿਲਜ਼ੋਈ ਦਿੰਦਾ ਹੈ:-
ਬੜਾ ਅਫਸੋਸ ਸੱਜਣਾ ’ਤੇ ਬਿਗੜ ਗਏ ਗੈਰ ਦੇ ਆਖੇ
ਤੂੰ ਰੱਖ ਕੁੱਝ ਹੌਂਸਲਾ ਸਫ਼ਰੀ ਕਈਆਂ ਦੇ ਮਰ ਵੀ ਜਾਂਦੇ ਨੇ। 89
ਸਫ਼ਰੀ ਕਾਵਿ-ਸ਼ਿਲਪ ਦਾ ਮਾਹਿਰ ਹੈ। ਕਵਿਤਾ ਦੀ ਹਰ ਸੱਤਰ, ਹਰ ਸਿਅਰ ਅਤੇ ਹਰ ਪੈਰ੍ਹੇ ਨੂੰ ਖੂਬ ਮਾਂਜ ਪੋਚ ਕੇ ਪੇਸ਼ ਕਰਦਾ ਹੈ। ਉਸਨੇ ਛੰਦ, ਚੁਪਈਆ, ਬੈਂਤ, ਕੋਰੜਾ ਆਦਿ ਅਦਬੀ ਰੂਪਾਂ ਦੀ ਬੜੀ ਕਲਾ ਕੁਸ਼ਲਤਾ ਨਾਲ ਵਰਤੋਂ ਕੀਤੀ ਹੈ। ਮੂਲ ਰੂਪ ਵਿੱਚ ਕਵਿਤਾ ਰਾਹੀਂ ਆਪਣੇ ਵਿਚਾਰ ਪ੍ਰਭਾਸ਼ਿਤ ਕਰਦਿਆਂ ਉਹ ਕਾਵਿ ਦੇ ਭੳਲਲੳਦੲ ਰੂਪ ਦਾ ਇਸਤੇਮਾਲ ਕਰਦਾ ਹੈ। ਉਸਨੇ ਸਮਾਜੀ ਸਰੋਕਾਰਾਂ ਨੂੰ ਆਪਣੇ ਕਾਵਿ-ਧਰਾਤਲ ਦਾ ਰੂਪ ਦੇ ਕੇ ਐਸੇ ਕਾਵਿ ਦੀ ਸਿਰਜਣਾ ਕੀਤੀ ਹੈ ਜਿਸਨੂੰ ਸਹਿਜੇ ਹੀ ਗੁਣਾਤਮਕ ਆਖਿਆ ਜਾ ਸਕਦਾ ਹੈ। ਉਸਦੇ ਕਾਵਮਈ ਫਿਕਰੇ ਦਰਦੀਲੀਆਂ ਉਦਗਾਰਾਂ ਨਾਲ ਉਤਪੋਤ ਹਨ। ਉਸਨੂੰ ਸੀਮਿਤ ਲਫ਼ਜ਼ਾਂ ਵਿੱਚ ਵਸੀਹ ਵਿਚਾਰ ਪ੍ਰਗਟ ਕਰਨ ਦੀ ਗੁਰ ਆਉਂਦਾ ਹੈ। ਉਹਦੀਆਂ ਕਵਿਤਾਵਾਂ ਦਾ ਕਰੁਣਾ ਅਤੇ ਬੀਰ ਰਸ ਸ਼ਿੰਗਾਰ ਬਣੇ ਦਿਸਦੇ ਹਨ। ਕਵਿਤਾ ਆਪਣੀ ਸਧਾਰਨ ਸ਼ੈਲੀ ਕਾਰਨ ਸਧਾਰਣ ਆਦਮੀ ਦੇ ਜ਼ਿਆਦਾ ਨੇੜੇ ਹਨ। ਇਨ੍ਹਾਂ ਕਵਿਤਾਵਾਂ ਦਾ ਦਾਇਰਾ ਵੀ ਵਿਸਾਲ ਹੈ। ਸਫ਼ਰੀ ਨੇ ਆਪਣੇ ਗੀਤਾਂ ਵਿੱਚ ਮੌਤ ਦੇ ਮੈਟਾਫਰ ਨੂੰ ਥਾਂ-ਥਾਂ ਡੀ ਕੋਡ ਕੀਤਾ ਹੈ। ਇਸ ਤੱਥ ਦੀ ਪ੍ਰੋੜਤਾ ਕੁੱਝ ਮਿਸਾਲਾਂ ਹਾਜ਼ਰ ਹਨ:-
1 ਅਸੀਂ ਸਫ਼ਰੀ ਪੰਖੇਰੂਆਂ ਨੇ ਉਂੱਡ ਚੱਲਣਾ। (ਸਫਾ 79)
2 ਆਪਣੀ ਤਾਂ ਵਾਰੀ ਬੇਦਰਦਾਂ ਘੁੰਗਟ ਵਿਚ ਸ਼ਕਲ ਲਕੋ ਲਈ ਸੀ,
ਤੇਰਾ ਕਿਉਂ ਸਫ਼ਰੀ ਮੋਏ ਦਾ ਮੂੰਹ ਕਫ਼ਨ ਉਠਾ ਕੇ ਦੇਖ ਲਿਆ। (ਸਫਾ 72)
3 ਘੁੰਡ ਚੁੱਕ ਕੇ ਹਾਏ! ਮੇਰਾ ਮੁੱਖ ਵੇਖਣ ਵਾਲੜਾ
ਆਪ ਕਿਉਂ ਹੁਣ ਲੱਕੜਾਂ ਦੇ ਵਿਚ ਲੁਕਦਾ ਜਾ ਰਿਹੈ। (ਪੰਨਾ 73)
4 ਦੋਜ਼ਖਾਂ ਦੀ ਅੱਗ ਮੇਰੀ ਲਾਸ਼ ਨੂੰ ਨਾ ਪੋਹ ਸਕੀ
ਮੋਏ ’ਤੇ ਵੀ ਪਾ ਦਿੱਤਾ ਜ਼ੁਲਫਾਂ ਦਾ ਸਾਇਆ ਕਿਸੇ ਨੇ। (ਪੰਨਾ 136)
5 ਕਹਾਨੀ ਬੜੇ ਸ਼ਰਮਸਾਰ ਨੇ ਕਾਹਨੀ ਵੀ ਅਰਥੀ ਚੁੱਕ ਕੇ
ਪੀਂਘ ਵਾਂਗ ਲਾਸ਼ ਨੂੰ ਦੇਂਦੇ ਹੁਲਾਰੇ ਨਿਕਲ ਗਏ। (ਪੰਨਾ 98) 
6 ਲਾਸ਼ ਮੇਰੀ ਦੇ ਲਾਗੇ ਆ ਕੇ
ਮੁੱਖ ਤੋਂ ਜ਼ਰਾ ਕਫ਼ਨ ਸਰਕਾ ਕੇ
ਲੱਖ ਆਵਾਜ਼ਾਂ ਦੇਵੀਂ ਸਫ਼ਰੀ
ਲੈ ਲੈ ਮੇਰਾ ਨਾਂ ਓ ਸੱਜਣਾ
ਮੈਂ ਨੀ ਬੋਲਣਾ। (ਪੰਨਾ 29)
7 ਲੋਕ ਲਜੀਂ ਆ ਗਿਆ ਮਹਿਬੂਬ ਸਫ਼ਰੀ ਲਾਸ਼ ਤੇ
ਪਰ੍ਹਾਂ ਮਾਰੋ ਗੱਲ ਚੋਂ ਲਾਹ ਕੇ ਮੋਤੀਆਂ ਦੇ ਹਾਰ ਨੂੰ।  ਪੰਨਾ 93)
8 ਖਤ ਹਸੀਨਾ ਦੇ ਹੀ ਮੇਰੀ ਲਾਸ਼ ਉਤੇ ਪਾ ਦਿਉ
ਕੌਣ ਕਫਨ ਲੈਣ ਸਾਡਾ ਜਾਏਗਾ ਬਾਜ਼ਾਰ ਨੂੰ (ਉਹੀ)
9 ਪੰਛੀ ਧੋਖਾ ਖਾ ਬਹਿੰਦੇ ਨੇ 
ਸਫ਼ਰੀ ਖੰਭ ਕਟਾ ਬਹਿੰਦੇ ਨੇ
ਬੇਦਰਦਾਂ ਦੀ ਕੈਦ ’ਚ ਨਾ ਤੂੰ
ਤੜਪ-ਤੜਪ ਮਰ ਜਾਈਂ 
ਪੰਛੀ ਉਂੱਡ ਜਾ, 
ਤੇਰੀਆਂ ਦੂਰ ਬਲਾਈਂ। (ਪੰਨਾ 83)
10 ਕਰ ਦਿਓ ਆਜ਼ਾਦ ਸਫ਼ਰੀ ਬੁਲਬਲੇ ਨਾਸ਼ਾਦ ਨੂੰ।
ਫਿਰ ਕਹੋਗੇ ਇਕ ਪੰਛੀ ਪਿਜਰੇ ’ਚ ਮਰ ਗਿਆ। (ਪੰਨਾ 66)
ਸਮਾਜੀ ਤਰੁਟੀਆਂ, ਦੁਖੀਆਂ ਤੇ ਬੇਸਹਾਰੇ ਲੋਕਾਂ ਦੇ ਹੌਕੇ, ਹਾਵਾਂ ਤੇ ਦੁੱਖ ਸਫ਼ਰੀ ਦੀਆਂ ਕਵਿਤਾਵਾਂ ਦਾ ਧੁਰਾਵੀ ਵਿਸ਼ਾ ਹੁੰਦੇ ਹਨ। ਉਹ ਬਿਰਹੋਂ ਨੂੰ ਤਰਜੀਹ ਦੇ ਕੇ ਲਿਖਦਾ ਹੈ। ਉਸ ਕੋਲ ਸ਼ਬਦਾਂ ਦਾ ਅਮੁੱਕ ਭੰਡਾਰ ਹੈ। ਉਹ  ਸੱਚ ਦਾ ਮੁਦੱਈ ਹੈ, ਇਸ ਲਈ ਉਹਦੀ ਵੀ ਕਲਮ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਲਿਖਣ ਵੇਲੇ ਡੋਲਦੀ ਨਹੀਂ। ਉਹਦੇ ਅੰਦਰ ਮੁਹੱਬਤ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਵਾਲੀ ਆਤਮਾ ਵਸਦੀ ਹੈ। ਤਦੇ ਹੀ ਤਾਂ ਉਹ ਲਿਖਦਾ ਹੈ, ਸਮਝ ਕੇ ਕੁਰਾਨ ਮੈਂ ਮੁੱਖ ਚੁੰਮਿਆਂ ਮਹਿਬੂਬ ਦਾ, ਇਹ ਗੁਨਾਹ ਕਿਉਂ ਬਖਸ਼ਦਾ ਹੈ ਕਹੋ ਬਖਸ਼ਣਹਾਰ ਨੂੰ। ਉਮੀਦ ਹੈ ਇਹ ਕਿਤਾਬ ਪੰਜਾਬੀ ਸਾਹਿਤ ਜਗਤ ਵਿੱਚ ਆਪਣਾ ਬਣਦਾ ਸਥਾਨ ਹਾਸਿਲ ਕਰ ਲਵੇਗੀ। ਤੱਕਲੇ ਦੇ ਵਲ ਕੱਢ ਲੈ ਨੂੰ ਪੰਜਾਬੀ ਅਦਬ ਦੀ ਮਾਣਮੱਤੀ ਪ੍ਰਾਪਤੀ ਆਖੀਆ ਜਾਵੇ ਤਾਂ ਕੋਹੀ ਅਤਿਕਥਨੀ ਨਹੀਂ ਹੋਵੇਗੀ।
ਪੁਸਤਕਾਂ ਦੀ ਰਚਨਾ ਕਰਨ ਦੇ ਨਾਲ-ਨਾਲ ਸਫ਼ਰੀ ਕਵੀ ਦਰਬਾਰਾਂ ਵਿੱਚ ਵੀ ਹਾਜਰੀ ਲਵਾਉਂਦਾ ਰਹਿੰਦਾ ਅਤੇ ਸਾਹਿਤਕ ਰਸਾਲਿਆਂ ਵਿੱਚ ਵੀ ਖੂਬ ਛਪਦਾ ਸੀ। ਇਸ ਨਾਲ ਉਸਨੂੰ ਮਕਬੂਲੀਅਤ ਹਾਸਲ ਹੋਈ ਤੇ ਉਸਦਾ ਕਲਾਕਾਰਾਂ ਨਾਲ ਤਾਲਮੇਲ ਪੈਦਾ ਹੋ ਗਿਆ। ਫਿਰ ਉਸਦੇ ਗੀਤ ਰਿਕਾਰਡ ਹੋਣ ਲੱਗ ਪਏ। ਉਹ ਵਿਸ਼ਵ ਪ੍ਰਸਿੱਧ ਕੰਪਨੀ ਐਚ ਐਮ ਵੀ ਤੋਂ ਸਾਕਾ ਸਰਹੰਦ ਦੀ 50 ਹਜ਼ਾਰ ਤੋਂ ਵੱਧ ਰਕਮ ਦੀ ਰਾਇਲਟੀ ਵਸੂਲ ਕਰ ਚੁੱਕਾ ਹੈ। ਹੁਣ ਤੱਕ ਸਫ਼ਰੀ ਨੇ ਚਾਰ ਸੌ ਗੀਤ ਲਿਖੇ ਹਨ ਅਤੇ ਜਿਨ੍ਹਾਂ ਵਿੱਚੋਂ ਤਿੰਨ ਸੌ ਪਜੱਤਰ ਗੀਤਾਂ ਦਾ ਰਿਕਾਰਡ ਹੋ ਜਾਣਾ ਆਪਣੇ ਆਪ ਵਿੱਚ ਇੱਕ ਮਹਾਨ ਪ੍ਰਾਪਤੀ ਹੈ। ਇਹਨਾਂ ਗੀਤਾਂ ਵਿੱਚੋਂ ਬੇਸ਼ੁਮਾਰ ਗੀਤ ਹਿੱਟ ਹੋਏ ਤੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣੇ। ਮਸਲਨ:- ਸਾਕਾ ਸਰਹੰਦ, ਸਾਕਾ ਚਮਕੌਰ ਦੀ ਗੜ੍ਹੀ, ਸਾਕਾ ਮੁਕਤਸਰ, ਚੰਨ ਮਾਤਾ ਗੁਜ਼ਰੀ ਦਾ, ਦੋ ਬੜੀਆਂ ਕੀਮਤੀ ਜਿੰਦਾਂ  (ਨਰਿੰਦਰ ਬੀਬਾ) ਨਾਨਕ ਦੀਆਂ ਗੁੱਝੀਆਂ ਰਮਜ਼ਾਂ ( ਸਰੂਪ ਸਿੰਘ ਸਰੂਪ) ਜਾਹ ਵੇ ਢੋਲਣਾ ਮੈਂ ਨਹੀਂ ਬੋਲਣਾ (ਨਰਿੰਦਰ ਬੀਬਾ) ਬੜੇ ਮਾਸੂਮ ਨੇ ਸਾਜਨ ਸ਼ਰਾਰਤ ਕਰ ਹੀ ਜਾਂਦੇ ਨੇ (ਨੂਰ ਜਹਾਂ) ਮੈਥੋਂ ਹਾਣ ਦੇ ਮੁੰਡੇ ਦੇ ਨਾਲ ਹੱਸ ਹੋ ਗਿਆ (ਪਾਲੀ ਦਿੱਲੀ ਵਾਲੀ) ਨਾਗਣੇ ਨੀ ਇੱਕ ਡੰਗ ਹੋਰ ਮਾਰ ਜਾਹ (ਹੰਸ ਰਾਜ ਹੰਸ) ਬਾਜ਼ਾਂ ਵਾਲਾ ਹੋਵੇਗਾ ਸਹਾਈ ਖਾਲਸਾ (ਮਨਮੋਹਣ ਵਾਰਿਸ) ਤੇਰੇ ਪਤਲੇ ਬੁੱਲ੍ਹਾਂ ਤੇ ਸਾਡਾ ਨਾਂ ਕਿੱਦਾ ਆਇਆ (ਕੁਲਦੀਪ ਪਾਰਸ)
ਦੋ ਬੜੀਆਂ ਕੀਮਤੀ ਜ਼ਿੰਦਾਂ ਨੂੰ ਤਾਂ ਮਾਸਟਰ ਸਲੀਮ ਅਤੇ ਮਾਸਟਰ ਖਾਨ ਦੀ ਆਵਾਜ਼ ਵਿੱਚ ਪੰਜਾਬੀ ਫਿਲਮ ਬਗਾਵਤ ਵਿੱਚ ਵੀ ਲਿਆ ਗਿਆ ਹੈ।
ਸਫ਼ਰੀ ਦੇ ਗੀਤਾਂ ਨੂੰ ਗਾ ਕੇ ਅਣਗਿਣਤ ਗਾਇਕ-ਗਾਇਕਾਵਾਂ ਨੇ ਨਾਮਣਾ ਖੱਟਿਆ, ਜਿਨ੍ਹਾਂ ਦੀ ਲੰਬੀ ਸੂਚੀ ਵਿੱਚੋਂ ਕੁੱਝ ਕੁ ਵਰਣਨਯੋਗ ਨਾਮ ਇਸ ਪ੍ਰਕਾਰ ਹਨ:- ਨਰਿੰਦਰ ਬੀਬਾ, ਜਗਮੋਹਣ ਕੌਰ, ਪ੍ਰਕਾਸ਼ ਕੌਰ, ਪ੍ਰੋ: ਸੂਰਪ ਸਿੰਘ ਸੂਰਪ, ਊਸ਼ਾ ਰਾਣੀ, ਹੰਸ ਰਾਜ ਹੰਸ, ਆਸਾ ਸਿੰਘ ਮਸਤਾਨਾ, ਨੂਰ ਜਹਾਂ, ਮਨਮੋਹਣ ਵਾਰਿਸ, ਨਰਿੰਦਰ ਚੰਚਲ, ਸੁਰਜੀਤ ਕੌਰ ਲੁਬਾਣੀ, ਰੋਸ਼ਨ ਸਾਗਰ, ਸਰਦੂਲ ਸਿਕੰਦਰ, ਮਾਸਟਰ ਸਲੀਮ, ਭਾਨ ਸਿੰਘ ਮਾਹੀ, ਕੁਲਦਪੀ ਪਾਰਸ, ਸੁਖਵੰਤ ਸੁੱਖੀ, ਸੁਰਿੰਦਰ ਲਾਡੀ, ਭੁਪਿੰਦਰ ਕੌਰ ਮੁਹਾਲੀ, ਨਰਿੰਦਰ ਮਾਵੀ, ਜੋਗਿੰਦਰ ਪਾਲ ਤੋਏ, ਮੇਜਰ ਰਾਜਸਧਾਨੀ, ਸਤਵਿੰਦਰ ਬੁੱਗਾ, ਮਾਸਟਰ ਖਾਨ, ਦੇਬੀ ਮਖਸੂਸਪੁਰੀ, ਸਰਬਜੀਤ ਕੋਕੇ ਵਾਲੀ, ਰਾਜ ਸਚਦੇਵਾ, ਸੁਮਨ ਆਨੰਦ, ਮਲਕੀਤ ਵਿੱਕੀ, ਮਦਨ ਮੱਦੀ, ਪ੍ਰਤਾਪ ਰਾਣਾ ਆਦਿ।
ਫਿਰੋਜ਼ਪੁਰ ਹੋਏ ਇੱਕ ਕਵੀ ਦਰਬਰ ਵਿੱਚ ਨੰਦ ਲਾਲ ਨੂਰਪੁਰੀ ਨੇ ਸਫ਼ਰੀ ਨਾਲ ਨਰਿੰਦਰ ਬੀਬਾ ਦਾ ਪਹਿਲੀ ਵਾਰ ਤਾਰੁਫ ਕਰਵਾਇਆ ਸੀ। ਉਸ ਤੋਂ ਬਾਅਦ ਸਫ਼ਰੀ ਬੀਬਾ ਜੀ ਨਾਲ ਐਸਾ ਜੁੜਿਆ ਕਿ ਲੋਕਾਂ ਵੱਲੋਂ ਨਰਿੰਦਰ ਦੀ ਆਵਾਜ਼ ਤੇ ਚਰਨ ਸਿੰਘ ਸਫ਼ਰੀ ਦੀ ਸ਼ਬਦ ਰਚਨਾ, ਇੱਕ ਹਿੱਟ ਗੀਤ ਦਾ ਫਾਰਮੂਲਾ ਮੰਨਿਆ ਜਾਣ ਲੱਗ ਪਿਆ ਸੀ। ਬੀਬਾ ਜੀ ਨੇ ਸਫ਼ਰੀ ਦੇ ਗੀਤਾਂ ਨੂੰ ਅਮਰ ਕਰ ਦਿੱਤਾ ਹੈ। ਸਫ਼ਰੀ ਆਪ ਵੀ ਭਾਵੁਕ ਹੋ ਕੇ ਇਸ ਸੰਦਰਭ ਵਿੱਚ ਆਖਦਾ ਹੈ, ਉਸ ਬੀਬੀ ਨੇ ਮੇਰੇ ਗੀਤਾਂ ਵਿੱਚ ਰੂਹ ਫੂਕ ਦਿੱਤੀ ਹੈ। ਇਸ ਲਈ ਮੈਂ ਉਹਨੂੰ ਪੂਜਦਾ ਹਾਂ। ਮੈਂ ਉਹਦੀ ਫੋਟੋ ਵੀ ਆਪਣੇ ਘਰ ਲਾਈ ਹੋਈ ਹੈ।
ਚਰਨ ਸਿੰਘ ਸ਼ਫਰੀ ਦੀ ਗੀਤਕਾਰੀ ਨੇ ਬੜਾ ਲੰਬਾ ਸਫ਼ਰ ਤਹਿ ਕੀਤਾ ਹੈ ਤੇ ਅਨੇਕਾਂ ਉਤਰਾਅ-ਚੜਾਅ ਤੋਂ ਹੁੰਦੀ ਹੋਈ ਗੁਜ਼ਰੀ ਹੈ। ਸਫ਼ਰੀ ਨੇ ਜੋ ਵੀ ਲਿਖਿਐ, ਉਹ ਲੋਕਾਂ ਦੀ ਬੋਲੀ ਵਿੱਚ ਲਿਖਿਆ ਹੈ ਅਤੇ ਹਮੇਸ਼ਾਂ ਆਪਣੀਆਂ ਰਚਨਾਵਾਂ ਵਿੱਚ ਲੋਕਾਂ ਦੇ ਦਰਦ ਨੂੰ ਚਿਤਰਣ ਦੀ ਕੋਸ਼ਿਸ਼ ਕੀਤੀ ਹੈ। ਉਸਨੇ ਸਿੰਘਾਂ, ਸੂਰਮਿਆਂ ਅਤੇ ਦੇਸ਼ ਭਗਤਾਂ, ਯੋਧੀਆਂ ਦੀ ਬਹਾਦਰੀ ਅਤੇ ਕਾਰਨਾਮਿਆਂ ਦਾ ਗੁਣਗਾਨ ਕੀਤਾ ਹੈ। 
ਜੁਲਾਈ 2001 ਨੂੰ ਮਿਊਜ਼ਿਕ ਟਾਈਮਜ਼ ਨੇ ਸਫ਼ਰੀ ਬਾਰੇ ਜ਼ਿਕਰ ਕਰਦਿਆਂ ਲਿਖਿਆ ਸੀ, “ਸਫ਼ਰੀ ਨੇ ਸਿੱਖ ਇਤਿਹਾਸ ਨੂੰ ਏਨੀ ਸੂਝ-ਬੂਝ ਨਾਲ ਲਿਖਿਐ ਕਿ ਆਉਣ ਵਾਲੀਆਂ ਪੀੜ੍ਹੀਆਂ ਸਫ਼ਰੀ ਦੀਆਂ ਲਿਖਤਾਂ ਨੂੰ ਪੂਜਣਗੀਆਂ।”
ਧਾਰਮਿਕ ਖੇਤਰ ਵਿੱਚ ਬਹੁਮੁਲੀਆਂ ਤੇ ਇਤਿਹਾਸਕ ਲਿਖਤਾਂ ਲਿਖਣ ਬਦਲੇ ਸਫ਼ਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਨੇ 5100 ਦੀ ਨਕਦ ਰਾਸ਼ੀ ਅਤੇ ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ ਹੈ। ਸੰਤ ਬਾਬਾ ਸਰਵਣ ਦਾਸ ਬੱਲਾਂ ਵਾਲਿਆਂ ਨੇ ਸੋਨੇ ਦਾ ਮੈਡਲ ਇਨਾਮ ਦਿੱਤਾ। ਪ੍ਰੋ: ਮੋਹਨ ਸਿੰਘ ਮੇਲੇ ਵਿੱਚ 5100 ਰੁ: ਦਾ ਪੁਰਸਕਾਰ। ਸਵ: ਨਰਿੰਦਰ ਬੀਬਾ ਵੱਲੋਂ ਸੋਨੇ ਦੀ ਮੁੰਦਰੀ ਇਨਾਮ ਅਤੇ ਹੋਰ ਬਹੇਤ ਸਾਰੀਆਂ ਸਭਾ ਸੁਸਇਟੀਆਂ ਵੱਲੋਂ ਸਫ਼ਰੀ ਨੂੰ ਢੇਰਾਂ ਹੀ ਮਾਨ-ਸਨਮਾਨ ਬਖਸ਼ੇ ਜਾ ਚੁੱਕੇ ਹਨ। ਮੇਰੇ ਸੁਣਨ ਵਿੱਚ ਤਾਂ ਇਹ ਵੀ ਆਇਆ ਹੈ ਕਿ ਸਫ਼ਰੀ ਦੀ ਮਾਤਾ ਗੁਜਰੀ ਨਾਮੀ ਕਰੁਣਾਮਈ ਕਵਿਤਾ ਦੇ ਇਕੋ ਬੰਦ ਤੋਂ ਮੁਤਾਸਿਰ ਹੋ ਕੇ ਕਨੇਡਾ ਦੀ ਇੱਕ ਬੀਬੀ ਨੇ ਉਥੇ ਹੀ ਸਟੇਜ਼ ’ਤੇ 1000 ਡਾਲਰ ਇਨਾਮ ਦਿੱਤਾ ਸੀ।
ਡਾਢਾ ਚਿਰ ਪਹਿਲਾਂ ਸਫ਼ਰੀ ਨੇ ਇੱਕ ਗੀਤ ਲਿਖਿਆ ਸੀ, “ਪਾਸ਼ੋ ਆ ਕੇ ਹਵੇਲਿਓਂ ਮੁੜ ਗਈ।” ਇਸ ਗੀਤ ਵਿੱਚ ਪਾਸ਼ੋ ਵਰਗੇ ਇੱਕ ਪ੍ਰਚਲਿਤ ਅਤੇ ਮਕਬੂਲ ਜਨਾਨਾ ਨਾਮ ਦੇ ਮਾਧਿਅਮ ਰਾਹੀਂ ਉਸਨੇ ਇੱਕ ਆਮ ਪੰਜਾਬਣ ਮੁਟਿਆਰ ਦੇ ਅਕਸ ਨੂੰ ਉਭਾਰਿਆ ਸੀ। ਪਾਸ਼ੋ ਇੱਕ ਸਧਾਰਨ ਮੁਟਿਆਰ ਦਾ ਪ੍ਰੀਤਕ ਸੀ। ਐਚ ਐਮ ਵੀ  ਵਿੱਚ ਪ੍ਰੋ: ਸਰੂਪ ਸਿੰਘ ਸਰੂਪ ਨੇ ਇਸਨੂੰ ਰਿਕਾਰਡ ਕਰਵਾਇਆ ਸੀ ਤੇ ਗੀਤ ਜਾਰੀ ਹੋਣ ਉਪਰੰਤ  ਇੱਕ ਆਦਮੀ ਆ ਕੇ ਸਫ਼ਰੀ ਜੀ ਨੂੰ ਕਹਿਣ ਲੱਗਾ, “ਤੂੰ ਮੇਰੀ ਤੀਵੀਂ ਦਾ ਨਾਂ ਕਿਉਂ ਲਿਖਿਐ ਗੀਤ ਵਿੱਚ। ਤੂੰ ਉਹਨੂੰ ਬਦਨਾਮ ਕਰਦੈਂ।”
ਅੱਗੋਂ ਸਫ਼ਰੀ ਸਾਹਿਬ ਦੀ ਹਾਜ਼ਰ ਜੁਆਬੀ ਦੇਖੋ, “ਹੋਰ ਮੈਂ ਮਲਿਕਾ ਅਲਿਜ਼ਬੱਥ ਦਾ ਨਾਂ ਲਿਖ ਦਿੰਦਾ। ਤੇਰੀ ਤੀਵੀਂ ਦਾ ਨਾਂ ਲਿਖਕੇ ਮੈਂ ਉਹਨੂੰ ਮਸ਼ਹੂਰ ਤੇ ਅਮਰ ਕਰ ਦਿੱਤੈ।”
ਸਫ਼ਰੀ ਸਟੇਜ ਦਾ ਧਨੀ ਹੈ। ਮੁਸ਼ਾਇਰਿਆਂ ਵਿੱਚ ਰੌਣਕਾਂ ਲਾ ਦਿੰਦਾ ਹੈ। ਸ਼ਾਇਦ ਇਸੇ ਲਈ ਹਰਭਜਨ ਸਿੰਘ ਗਿੱਲ ਨੇ ਲਿਖਿਆ ਸੀ, “ਕੋਈ ਧਾਰਮਿਕ ਸਮਾਗਮ ਹੋਵੇ ਜਾਂ ਸਮਾਜਿਕ ਕਵੀ ਦਰਬਾਰ ਹੋਵੇ। ਪਰ ਉਹਨਾਂ (ਸਫ਼ਰੀ ਸਾਹਿਬ)  ਦੀ ਹਾਜ਼ਰੀ ਬਿਨਾਂ ਸੁੰਨਾ ਹੀ ਲੱਗਦਾ ਹੈ।” 
21 ਜਨਵਰੀ 2001 ਨੂੰ ਨਾਨਕਸਰ ਠਾਠ ਈਸ਼ਰ ਦਰਬਾਰ ਵਿੱਚ ਮੈਨੂੰ ਪਹਿਲੀ ਵਾਰ ਸਫ਼ਰੀ ਦੇ ਰੂ-ਬਾ-ਰੂ ਹੋਣ ਦਾ ਇਤਿਫਾਕ ਹੋਇਆ ਸੀ। 83 ਸਾਲ ਦੀ ਉਮਰ ਵਿੱਚ ਵੀ ਉਹਦੀ ਆਵਾਜ਼ ਵਿੱਚ ਨੌਜਵਾਨਾਂ ਵਾਲਾ ਗੜ੍ਹਕਾ ਸੀ। ਗੱਭਰੂ ਅਵਸਥਾ ਵਾਲੇ ਜੋਸ਼-ਓ-ਖਰੋਸ਼ ਨਾਲ ਉਹ ਅਜੇ ਵੀ ਲਬਾਲਬ ਭਰਿਆ ਹੋਇਆ ਸੀ। ਤੇ ਹੈਰਤਅੰਗੇਜ਼ ਗੱਲ ਇਹ ਹੈ ਕਿ ਐਨੀ ਬਿਰਧ ਆਯੂ ਵਿੱਚ ਵੀ ਉਸਨੂੰ ਆਪਣੀਆਂ ਵਧੇਰੇ ਸਿਨਫਾਤ ਪੂਰੀਆਂ ਦੀਆਂ ਪੂਰੀਆਂ ਕੰਠ ਸਨ। ਬਿਰਧ ਉਮਰ ਦਾ ਉਸਦੀ ਯਾਦਦਾਸ਼ਤ ਉਂੱਤੇ ਰੰਚਕ ਮਾਤਰ ਵੀ ਪ੍ਰਭਾਵ ਨਹੀਂ ਸੀ ਪਿਆ। 
ਫਨਕਾਰਾਂ ਦੀ ਹਿਯਾਤੀ ਦੁੱਖਾਂ ਨਾਲ ਭਰੀ ਹੁੰਦੀ ਹੈ। ਇਸ ਜਾਵੀਏ ਤੋਂ ਸਫ਼ਰੀ ਵੱਲ ਦੇਖਦਿਆਂ ਮੈਂ ਪੁੱਛ ਬੈਠਾ ਕਿ ਜ਼ਿੰਦਗੀ ਦਾ ਕੋਈ ਗ਼ਮ? ਮੇਰੇ ਸਵਾਲ ਦੇ ਮੁੱਕਣ ਤੋਂ ਪਹਿਲਾਂ ਹੀ ਸਫ਼ਰੀ ਨੇ ਜੁਆਬ ਦੇਣਾ ਸ਼ੁਰੂ ਕਰ ਦਿੱਤਾ ਸੀ, “ਇਕ ਓਪੇਰਾ ਸੀ ਗੁਰੂ ਰਵੀਦਾਸ ਦਾ, ਜੋ ਸਵ: ਨਰਿੰਦਰ ਬੀਬਾ ਨੂੰ ਦਿੱਤਾ ਸੀ। ਪਰ ਉਹ ਰਿਕਾਰਡ ਨਾ ਹੋ ਸਕਿਆ। ਬੀਬਾ ਜੀ ਤੁਰ ਗਏ। ਬਹੁਤ ਹੀ ਦੁੱਖ ਹੋਇਆ ਕਿਉਂਕਿ ਉਹ ਰਿਕਾਰਡ ਸਾਕਾ ਸਰਹੰਦ ਦੇ ਮੁਕਾਬਲੇ ਦਾ ਸੀ। ਜਿਸਦਾ ਦੁੱਖ ਮੈਨੂੰ ਜ਼ਿੰਦਗੀ ਭਰ ਰਹੂਗਾ।” ਇਹ ਦੱਸਦਾ ਹੋਇਆ ਸਫ਼ਰੀ ਅੰਤਾਂ ਦਾ ਉਦਾਸ ਹੋ ਗਿਆ ਸੀ।
ਵੈਸੇ ਸਫ਼ਰੀ ਹਰ ਸਮੇਂ ਪ੍ਰਸੰਨਚਿਤ ਰਹਿਣ ਵਾਲੀ ਸ਼ਖਸੀਅਤ ਹੈ। ਚਮਨ ਹਰਗੋਬਿੰਦਪੁਰੀ ਦੇ ਕਥਨ ਅਨੁਸਾਰ, “ਸਫ਼ਰੀ ਇੱਕ ਜ਼ਿੰਦਾ ਦਿਲ ਸ਼ਾਇਰ ਹੈ, ਜਿਸਨੇ ਜ਼ਿੰਦਗੀ ਮਾਣੀ ਹੈ, ਘਸੀਟੀ ਨਹੀਂ।” 
ਉਹ ਨੰਦ ਲਾਲ ਨੂਰਪੁਰੀ, ਕਰਤਾਰ ਸਿੰਘ ਬਲੱਗਣ, ਫਰੋਜ਼ਦੀਨ ਸ਼ਰਫ ਤੇ ਪ੍ਰੀਤਮ ਸਿੰਘ ਕਾਸਿਦ, ਚਮਨ ਹਰਗੋਬਿੰਦਪੁਰੀ ਹੋਰਾਂ ਦਾ ਸੰਗੀ ਹੈ।
ਸ਼ਫਰੀ ਦੇ ਗੀਤ ਬਿਤੇ ਕੱਲ੍ਹ ਦੇ ਕਲਾਕਾਰ ਵੀ ਚਾਈਂ-ਚਾਈਂ ਰਿਕਾਰਡ ਕਰਵਾਉਂਦੇ ਸਨ ਤੇ ਮੌਜੂਦਾ ਗਾਇਕ ਵੀ ਖੁਸ਼ ਹੋ ਕੇ ਕਰਵਾਉਂਦੇ ਹਨ। ਜਿਸ ਤੋਂ ਸਾਬਤ ਹੁੰਦਾ ਹੈ ਕਿ ਉਹ ਸਦਾਬਹਾਰ ਗੀਤ ਵਾਂਗ ਅੱਜ ਵੀ ਚੱਲ ਰਿਹਾ ਹੈ। ਅੱਜ ਇੱਕ ਸਦੀ ਦੇ ਕਰੀਬ ਆਪਣਾ ਜੀਵਨ ਸਫ਼ਰ ਤੈਅ ਕਰ ਚੁੱਕਾ ਹੋਣ ਦੇ ਬਾਵਜੂਦ ਵੀ ਉਸਦੀ ਕਲਮ ਨਿਰੰਤਰ ਸਾਹਿਤ ਸਿਰਜ ਰਹੀ ਹੈ। ਫਿਕਰ ਹੋਣ ਲੱਗ ਪੈਂਦਾ ਹੈ ਜਦੋਂ ਸਫ਼ਰੀ ਹੰਝੂਓ ਵਿੱਚ ਕਹਿੰਦਾ ਹੈ,
ਮੁੱਕ ਗਏ ਹੁਣ ਪੰਧ ਲੰਬੇੜੇ
ਸਫ਼ਰੀ ਆ ਗਈ ਮੰਜ਼ਿਲ ਨੇੜੇ 
ਜਾਣ ਦਿਓ ਮੈਨੂੰ ਕੋਲ ਸੱਜਣ ਦੇ 
ਨਾ ਅਟਕਾਉ ਨਾ ਅਟਕਾਉ
ਹੰਝੂਓ ਵੇ ਕਿਤੇ ਲੁਕ ਛਿਪ ਜਾਓ।
ਸਾਡੇ ਪੰਜਾਬੀ ਅਦਬ ਨੂੰ ਚਰਨ ਸਿੰਘ ਸਫ਼ਰੀ ਵਰਗੀ ਪ੍ਰੋੜ ਕਲਮ ਦੀ ਅਜੇ ਬਹੁਤ ਜ਼ਰੂਰਤ ਹੈ। ਐਡੀ ਛੇਤੀ ਅਸੀਂ ਸਫ਼ਰੀ ਸਾਹਿਬ ਨੂੰ ਇਹ ਨਹੀਂ ਕਹਿਣ ਦੇਣਾ ਕਿ, “ਸੁਖੀ ਵਸੋ ਬੁਲਬਲੋ! ਤੇ ਮੌਜ਼ ਮਾਣਿਓ ਭੌਰਿਓ ਜਾ ਰਿਹਾ ਹੈ ਇਕ ਸਫ਼ਰੀ ਚਮਨ ਵਿਚੋਂ ਜਾ ਰਿਹੈ।” ਆਉ ਦੁਆ ਕਰੀਏ ਕਿ ਸਫ਼ਰੀ ਦੀ ਕਲਮ ਇਸੇ ਤਰ੍ਹਾਂ ਵਰ੍ਹਿਆਂ ਦੇ ਪੰਧ ਮੁਕਾਉਂਦੀ ਜੁੱਗਾਂ-ਜੁਗੱਤਰਾਂ ਤੱਕ ਬਿਨਾਂ ਰੁਕਿਆਂ ਆਪਣਾ ਸਫ਼ਰ ਤੈਅ ਕਰਦੀ ਰਹੇ।

ਸੰਸਕਾਰ ਤਾਂ ਹੋ ਚੁੱਕਾ ਸੀ ਔਹ ਕੌਣ ਆਇਆ ਪਛੜ ਕੇ
ਕੋਲੇ ਹੋ ਗਈ ਲਾਸ਼ ਦੇ ਜੋ ਹੋਰ ਕੋਲੇ ਕਰ ਗਿਆ (ਪੰਨਾ 74) 

****

No comments:

Post a Comment