ਸਾਹਿਤਕ ਸਾਗਰ ਦੀ ਮੱਛਲੀ: ਵਿਰਜੀਨੀਆ ਵੌਲਫ

“ਜੇਕਰ ਤੁਸੀਂ ਆਪਣੀ ਹਕੀਕਤ ਬਿਆਨ ਨਹੀਂ ਕਰਦੇ ਤਾਂ ਤੁਸੀਂ ਦੂਜਿਆਂ ਬਾਰੇ ਸੱਚ ਵੀ ਨਹੀਂ ਦੱਸ ਸਕਦੇ।”
ਇਸ ਉਪਰੋਕਤ ਸੱਤਰ ਦੀ ਰਚੇਤਾ ਤੇ ਅੰਗਰੇਜ਼ੀ ਜ਼ਬਾਨ ਦੀ ਮਹਾਨ ਲੇਖਿਕਾ, ਵਿਰਜੀਨੀਆ ਵੌਲਫ ਦਾ ਜਨਮ 1882 ਨੂੰ ਲੰਡਨ ਵਿਖੇ ਹੋਇਆ ਸੀ। ਭਾਵੇਂ ਕਿ ਉਹ ਵਿਰਜੀਨੀਆ ਵੌਲਫ ਦੇ ਨਾਮ ਨਾਲ ਪ੍ਰਸਿੱਧ ਹੋਈ,  ਪਰ ਉਸਦਾ ਜਨਮ ਤੋਂ ਨਾਂ ਐਡੀਲਾਈਨ ਵਿਰਜੀਨੀਆ ਸਟੀਵਨ ਸੀ। ਉਹ ਆਪਣੇ ਸਮੇਂ ਦੇ ਚੋਟੀ ਦੇ ਸਾਹਿਤਕਾਰ ਸਰ ਲੈਸਲੀ ਸਟੀਵਨ ਅਤੇ ਜੂਲੀਆ ਡੱਕਵਰਥ ਦੀ ਦੂਜੀ ਲੜਕੀ ਸੀ। 
ਅਜੇ ਵਿਰਜੀਨੀਆ 13 ਵਰਸ਼ ਦੀ ਹੀ ਹੋਈ ਸੀ ਕਿ ਉਸਦੇ ਮਾਤਾ ਜੀ ਫ਼ੌਤ ਹੋ ਗਏ ਸਨ। ਉਸ ਤੋਂ ਪਿਛੋਂ ਉਹ ਅਕਸਰ ਉਦਾਸ ਰਹਿਣ ਲੱਗ ਪਈ ਸੀ। 
ਪਰਿਵਾਰ ਦੀਆਂ ਆਰਥਿਕ ਤੰਗੀਆਂ ਕਾਰਨ ਵਿਰਜੀਨੀਆ ਸਕੂਲ ਨਹੀਂ ਸੀ ਜਾ ਸਕੀ ਅਤੇ ਉਸਨੇ ਆਪਣੇ ਪਿਤਾ ਵੱਲੋਂ ਚਲਾਏ ਜਾਂਦੇ ਇੱਕ ਮੁਫ਼ਤ ਪੁਸਤਕਾਲਿਆ ਵਿੱਚ ਪੜ੍ਹ ਕੇ ਹੀ ਆਪਣੀ ਮੁਢਲੀ ਸਾਰੀ ਤਾਲੀਮ ਹਾਸਿਲ ਕੀਤੀ ਸੀ।
1904 ਵਿੱਚ ਵਿਰਜੀਨੀਆ ਦੇ ਸਿਰੋਂ ਪਿਉ ਦਾ ਸਾਇਆ ਵੀ ਉਂੱਠ ਗਿਆ ਸੀ। ਪਿਤਾ ਦੇ ਅਕਾਲ ਚਲਾਣੇ ਤੋਂ ਬਾਅਦ ਉਹ ਆਪਣੀ ਭੈਣ ਵਨੈਸਾ ਕੋਲ ਗੋਰਡਨ ਸੁਕੇਅਰ, ਬਲੂਮਸਬਰੀ ਚਲੀ ਗਈ। ਵਿਰਜੀਨੀਆ ਦੀ ਭੈਣ ਵਨੈਸਾ ਵੀ ਉਸ ਦੌਰ ਦੀ ਪ੍ਰਸਿੱਧ ਚਿਤਰਕਾਰਾ ਸੀ।
ਵਿਰਜੀਨੀਆ ਨੂੰ ਇੱਕ ਤਾਂ ਗੁੜਤੀ ਹੀ ਸਾਹਿਤ ਦੀ ਮਿਲੀ ਹੋਈ ਸੀ ਤੇ ਦੂਜਾ ਉਸਦੀ ਜ਼ਿੰਦਗੀ ਵਿੱਚ ਆਏ ਗ਼ਮਾਂ ਦਾ ਸਿੱਟਾ ਸੀ ਕਿ ਉਸਨੇ ਕਲਮ ਚੁੱਕ ਲਈ ਤੇ ਦਿਨ ਰਾਤ ਆਪਣੇ ਆਪ ਨੂੰ ਸਹਿਤ ਦੇ ਸਮੁੰਦਰ ਵਿੱਚ ਡੋਬ ਲਿਆ। 
ਫਿਰ ਇੱਕ ਰੋਜ਼ ਵਿਰਜੀਨੀਆ ਦੀ ਮਿਹਨਤ ਨੂੰ ਬੂਰ ਪਿਆ ਤੇ 1905 ਸਾਲ ਵਿੱਚ ‘ਦੀ ਟਾਇਮਜ਼’ ਦੇ ਸਾਹਿਤ ਸਪਲਮੈਂਟ ਵਿੱਚ ਉਹਦੀ ਪਹਿਲੀ ਰਚਨਾ ਪ੍ਰਕਾਸ਼ਿਤ ਹੋਈ ਸੀ। ਉਸ ਤੋਂ ਬਾਅਦ ਉਹ ਧੜਾਧੜ ਛਪਣ ਲੱਗ ਪਈ ਸੀ। 
ਲੰਡਨ ਦੇ ਸਾਹਿਤਕਾਰਾਂ ਅਤੇ ਕਲਾਕਾਰਾਂ ਵੱਲੋਂ ਸੰਗਠਿਤ ਕੀਤੀ ਗਈ ਇੱਕ ਬਲੂਮਸਬਰੀ ਗਰੁੱਪ ਨਾਮ ਦੀ ਸੰਸਥਾ ਦੀ ਵਿਰਜੀਨੀਆ ਧੜਕਣ ਹੁੰਦੀ ਸੀ। ਬਲੂਮਸਬਰੀ ਜਿਲ੍ਹੇ ਵਿੱਚ ਕਲਾ ਅਤੇ ਔਰਤ ਮਰਦ ਦੇ ਆਪਸੀ ਰਿਸ਼ਤਿਆਂ ਬਾਰੇ ਆਜ਼ਾਦ ਖਿਆਲ ਧਾਰਨਵਾਂ ਸਥਾਪਿਤ ਕਰਨ ਲਈ ਜਦੋ-ਜਹਿਦ ਵਿੱਚ ਵਿਰਜੀਨੀਆ ਨੇ ਕ੍ਰਾਂਤੀਕਾਰੀ ਰੋਲ ਨਿਭਾਇਆ ਸੀ। ਵਿਰਜੀਨੀਆ
ਦੀ ਕਲਾ ਅਤੇ ਸਾਹਿਤ ਸਭਾ ਦੇ ਕਲਾਈਵ ਬੈਂੱਲ, ਵਨੈਸਾ, ਲਿਟਨ ਸਟਰੈਚੀ, ਈ ਐਮ ਫੌਸਟਰ, ਰੌਜਰ ਫਰਾਈ, ਜੇ ਏ ਕੀਨਸ ਆਦਿ ਹੋਰ ਵੀ ਕਈ ਕਲਾ ਪ੍ਰੇਮੀ ਮੈਂਬਰ ਸਨ। ਇਹੋ ਜਿਹੇ ਅਦਬੀ ਮਾਹੌਲ ਤੋਂ  ਵਿਰਜੀਨੀਆ ਨੂੰ ਆਪਣੀ ਕਲਾ ਨਿਖਾਰਨ ਲਈ ਕਾਫ਼ੀ ਪ੍ਰੋਤਸਾਹਨ ਮਿਲਿਆ।
1905 ਵਿੱਚ ਆਪਣੀ ਬਹੁਤ ਹੀ ਅਜ਼ੀਜ ਅਤੇ ਸੌਤੇਲੀ ਭੈਣ ਸਟੈਂੱਲਾ ਦੇ ਦੇਹਾਂਤ ਤੋਂ ਤਤਪਸ਼ਚਾਤ 1906 ਵਿੱਚ ਭਰਾ ਟੌਭੀ ਦੀ ਮੌਤ ਹੋਣ ਨਾਲ ਵਿਰਜੀਨੀਆ ਨੂੰ ਡੂੰਘਾ ਸਦਮਾ ਲੱਗਿਆ ਤੇ ਉਹ ਹੋਰ ਵੀ ਗ਼ਮਜ਼ਦਾ ਰਹਿਣ ਲੱਗੀ। ਜਿਸਦੇ ਸਿੱਟੇ ਵਜੋਂ ਉਹ ਡਿਪਰੈਸਨ ਦੀ ਰੋਗਣ ਬਣ ਗਈ। 
ਵਿਰਜੀਨੀਆ ਦੀ ਭੈਣ ਵਨੈਸਾ ਨੇ ਮਸ਼ਹੂਰ ਕਲਾ ਆਲੋਚਕ ਕਲਾਈਵ ਬੈਂੱਲ ਨਾਲ 1907 ਵਿੱਚ ਸ਼ਾਦੀ ਕਰ ਲਿੱਤੀ ਤੇ ਉਸਤੋਂ  ਬਾਅਦ  ਵਿਰਜੀਨੀਆ ਆਪਣੇ ਭਰਾ ਐਡਰੀਅਨ ਕੋਲ ਫਿਟਜ਼ਰੋਅ ਸੁਕੇਅਰ, ਲੰਡਨ ਜਾ ਕੇ ਰਹਿਣ ਲੱਗ ਪਈ।
ਵਿਰਜੀਨੀਆ ਦਾ 1912 ਵਿੱਚ ਲਿਉਨਾਰਡ ਵੌਲਫ ਨਾਲ ਵਿਆਹ ਹੋਇਆ ਸੀ। ਵਿਰਜੀਨੀਆ ਆਪਣੇ ਪਤੀ ਨਾਲ ਆਪਣਾ ਸਮਾਂ ਲੰਡਨ ਅਤੇ ਰੌਡਮੈਲ (ਸੁਸੈਕਸ) ਵਾਲੇ ਮਕਾਨ ਵਿੱਚ ਵੰਡਦੀ ਹੁੰਦੀ ਸੀ। 
ਉਸ ਦੌਰ ਵਿੱਚ ਇੰਗਲੈਂਡ ਵਿੱਚ ਵੀ ਅਜੇ ਉਤਨੀ ਜਾਗ੍ਰਿਤੀ ਨਹੀਂ ਸੀ ਆਈ। ਇਥੋਂ ਦੇ ਮਰਦ ਲੇਖਕ ਵਿਰਜੀਨੀਆ ਵਰਗੀ ਉਮਦਾ ਅਤੇ ਦਬੰਗ ਕਲਮਕਾਰਾ ਨੂੰ ਬਰਦਾਸ਼ਤ ਨਹੀਂ ਸੀ ਕਰਦੇ। ਜਿਸਦੇ ਫਲਸਰੂਪ ਵਿਰਜੀਨੀਆ ਨੂੰ ਆਲੋਚਨਾ ਦੇ ਤਿੱਖੇ ਨਸ਼ਤਰਾਂ ਵੀ ਸਹਿਣ ਕਰਨੇ ਪੈਂਦਾ ਸਨ।
1917 ਵਿੱਚ ਵਿਰਜੀਨੀਆ ਨੇ ਅਤੇ ਉਹਦੇ ਘਰਵਾਲੇ ਲਿਉਨਾਰਡ ਵੌਲਫ ਨੇ ਹੋਗੈਰਥ ਪ੍ਰੈਸ ਚਲਾਈ, ਜਿੱਥੇ ਉਹਨਾਂ ਨੇ ਵਿਰਜੀਨੀਆ ਦੀਆਂ ਆਪਣੀਆਂ ਪੁਸਤਕਾਂ Mrs. Dalloways(1925), To the lighthouse (1927)  The Waves(1931) ਛਾਪ ਕੇ ਛਪਾਈ ਦੇ ਮਿਆਰ ਨੂੰ ਕਾਫ਼ੀ ਉਚਾ ਚੁੱਕਿਆ ਅਤੇ ਇਸ ਤੋਂ ਇਲਾਵਾ ਟੀ ਐਸ ਇਲੀਅਟ ਅਤੇ ਕੈਥਰੀਨ ਮੈਨਸਡੀਲਫ ਵਰਗੇ ਨਾਮੀ-ਗਰਾਮੀ ਸਾਹਿਤਕਾਰਾਂ ਦੀਆਂ ਕਈ ਉਤਮ ਰਚਨਾਵਾਂ ਛਾਪੀਆਂ, ਜੋ ਕਿ 20ਵੀਂ ਸਦੀ ਦੀਆਂ ਸ਼ਾਹਕਾਰ ਰਚਨਾਵਾਂ ਗਿਣੀਆਂ ਜਾਂਦੀਆਂ ਹਨ।
ਵਿਰਜੀਨੀਆ ਦਾ ਪਹਿਲਾ ਨਾਵਲ The Voyage out 1915 ਛਪਿਆ ਸੀ, ਜੋ ਕਿ ਅਤਿ ਭਾਵੁਕ ਅਤੇ ਸਵੈਜੀਵਨੀਕ ਰੂਪੀ ਰਚਨਾ ਹੈ।
ਦੂਜਾ Night and Day (1919) ਉਸਦੇ ਵਿਅਕਤੀਤੱਵ ਅਤੇ ਆਲੇ-ਦੁਆਲੇ ਦੇ ਵਿਕਾਸ ਦੀ ਸਟੇਟਮੈਂਟ ਹੈ। 
Monday or Tuesday (1921) ਤੋਂ ਪਿੱਛੋਂ ਪ੍ਰਕਾਸ਼ਿਤ ਹੋਏ Jacob’s Room  (1922) ਵਿੱਚ ਵਿਰਜੀਨੀਆ ਨੇ ਪ੍ਰਤੀਭਾਵਾਨ ਮਰਦ ਦੇ ਸੰਘਰਸ਼ ਦੀ ਗਾਥਾ ਬਿਆਨੀ ਹੈ।
Mrs Dalloway (1925) ਰਾਹੀਂ ਉਸਨੇ ਲੰਡਨ ਵਿੱਚ ਬਿਤਾਏ ਆਪਣੇ ਦਿਨਾਂ ਦਾ ਬਹੁਤ ਹੀ ਖੂਬਸੂਰਤ ਸ਼ਬਦ ਚਿੱਤਰ ਖਿੱਚਿਆ ਹੈ।
ਔਰਤ ਮਰਦ ਦੇ ਰਿਸ਼ਤੇ ਦੀਆਂ ਕਈ ਪਰਤਾਂ ਫਰੋਲਦੇ  ਠੋ To the Lighthouse (1927) ਨਾਵਲ ਨੂੰ  ਉਹਦੀ ਸਰਵੋਤਮ ਰਚਨਾ ਗਰਦਾਨਿਆ ਜਾਂਦਾ ਹੈ। ਇਸ ਨਾਵਲ ਵਿੱਚ ਭਾਵੇਂ ਉਹਨੇ  Isle of skye ਨੂੰ ਘਟਨਾ-ਸਥੱਲ ਵਜੋਂ ਵਰਤਿਆ ਹੈ, ਪਰ ਅਸਲ ਵਿੱਚ ਇੱਥੇ ਵਿਰਜੀਨੀਆ ਨੇ St. Ives (ਕੋਰਨਵੌਲ) ਵਿਖੇ ਬਿਤਾਈਆਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਇਕੱਠੀਆਂ ਕੀਤੀਆਂ ਆਪਣੀਆਂ ਬਚਪਨ ਦੀਆਂ ਯਾਦਾਂ ਨੂੰ ਅੰਕਿਤ ਕੀਤਾ ਹੈ। ਇਸ ਸਿਨਫ ਵਿੱਚ ਉਸਨੇ ਘਟਨਾਕ੍ਰਮ ਅਤੇ ਦ੍ਰਿਸ਼ ਉਸਾਰੀ ਨੂੰ ਪਾਤਰਾਂ ਦੀ ਮਾਨਸਿਕ ਅਵਸਥਾ ਜਰੀਏ ਬਿਆਨ ਕਰਨ ਦੀ ਨਵੀਂ ਪ੍ਰਿਤ ਪਾਈ ਹੈ।
Orlando (1928) ਵਿਟਾ ਸੈਕਵਿਲੇ ਵੈਸਟ ਲਈ ਲਿਖੀ ਜੀਵਨੀ ਵਿੱਚੋਂ ਵਿਰਜੀਨੀਆ ਦੀਆਂ ਉਸ ਪ੍ਰਤਿ ਭਾਵਨਾਵਾਂ ਅਤੇ ਨੇੜਤਾ ਪ੍ਰਗਟ ਹੁੰਦੀ ਹੈ। A biography of virginia Woolf: ਆਤਮਕਥਾ ਵਿਚਲੇ ਵਿਰਜੀਨੀਆ ਦੇ ਸਵੈਜੀਵਨਿਕ ਕਥਨਾਂ ਵਿੱਚੋਂ ਅੰਤਾਂ ਦੀ ਬੇਬਾਕੀ ਅਤੇ ਸਾਫ਼ਗੋਈ ਝਲਕਦੀ ਹੈ। ਇਸ ਪੁਸਤਕ ਰਾਹੀਂ ਵਿਰਜੀਨੀਆ ਨੇ ਆਪਣੇ ਇਸ਼ਕ ਦਾ ਇੰਕਾਸਾਫ਼ ਵੀ ਕੀਤਾ ਸੀ। ਜਿਸ ਕਾਰਨ ਉਸ ਵਕਤ ਬਹੁਤ ਹੁਲੜ ਮੱਚਿਆ ਸੀ ਤੇ ਉਸਦੇ ਆਪਣੇ ਪਤੀ ਨਾਲ ਸੰਬੰਧਾਂ ਵਿੱਚ ਵੀ ਦਰਾਰ ਆ ਗਈ ਸੀ।  ਉਸਦੇ ਪਤੀ ਲਿਉਨਾਰਡੋ ਨੇ ਆਪਣੇ ਵਾਲੀ ਜੀਵਨੀ ਵਿੱਚ ਵਿਰਜੀਨੀਆ ਨਾਲ ਆਪਣੇ ਸੰਬੰਧਾਂ ਦਾ ਖੁੱਲ੍ਹ ਕੇ ਜ਼ਿਕਰ ਕੀਤਾ ਹੈ। 
The Waves (1931) ਨੇ ਮੈਨੂੰ ਬਹੁਤਾ ਨਹੀਂ ਟੁੰਬਿਆਂ ਕਿਉਂਕਿ ਇਸ ਵਿੱਚ ਵਿਰਜੀਨੀਆ ਨੇ ਕੁੱਝ ਹਟਕੇ ਕਰਨ ਦੀ ਬਜਾਏ ਉਸ ਵੇਲੇ ਦੀਆਂ ਪ੍ਰਚੱਲਤ ਤਕਨੀਕਾਂ ਨੂੰ ਹੀ ਵਰਤਿਆ ਸੀ।
The Years (1937) ਅਤੇ Between the Acts (1941), ਇਹ ਦੋਨੋਂ ਰਚਨਾਵਾਂ ਨਾ ਪੜ੍ਹੀਆਂ ਹੋਣ ਕਰਕੇ ਮੈਂ ਕੋਈ ਟਿਪਣੀ ਕਰਨ ਤੋਂ ਅਸਮਰਥ ਹਾਂ। ਵਰਨਾ ਇਨ੍ਹਾਂ ਬਾਰੇ ਵੀ ਹਲਕੀ ਜਿਹੀ ਜਾਣਕਾਰੀ ਦਾ ਸਿੱਟਾ ਤੁਹਾਡੇ ਅੱਗੇ ਸਿੱਟਦਾ।
ਇਸ ਤੋਂ ਬਿਨਾਂ ਵੀ ਵਿਰਜੀਨੀਆ ਨੇ ਹੋਰ ਢੇਰ ਸਾਰਾ ਕੰਮ ਕੀਤਾ ਹੈ ਜੋ ਲੇਖ, ਕਹਾਣੀਆਂ, ਆਲੋਚਨਾ, ਸਫਰਨਾਮੇ ਆਦਿਕ ਵਿਧਾਵਾਂ ਵਿੱਚ ਮਿਲਦਾ ਹੈ। ਉਸਦੇ ਨਿਬੰਧ ਸੰਗ੍ਰਹਿਾਂ ਵਿੱਚੋਂ The common Reader (1925), A room of one’s own (1929), Three Guineas (1938)  ਹਨ। ਇਨ੍ਹਾਂ ਵਿੱਚੋਂ ਨਾਰੀਵਾਦੀ ਸੁਰ ਉਭਰਦੀ ਹੈ ਅਤੇ ਗਿਆਨ ਹੁੰਦਾ ਹੈ ਕਿ ਸਮਾਜ ਔਰਤ ਲਈ ਸਾਹਿਤ ਸਿਰਜਨਾ ਦੇ ਕਾਰਜ਼ਾਂ ਵਿੱਚ ਕਿਵੇਂ ਰੁਕਾਵਟਾਂ ਪਾਉਂਦਾ ਹੈ? Flush (1933) ਇਲੀਜ਼ਬੈਂੱਥ ਬੈਰਟ ਦੀ ਜੀਵਨੀ ਹੈ। Roger Fry (1940) ਵਿਰਜੀਨੀਆ ਵੱਲੋਂ ਆਪਣੇ ਦੋਸਤ ਨੂੰ ਦਿੱਤੀ ਪੁਸਤਕ ਰੂਪੀ ਸ਼ਰਧਾਜਲੀ ਹੈ।
ਵਿਰਜੀਨੀਆ ਹਾਜ਼ਰ ਜੁਆਬ ਵੀ ਬਹੁਤ ਸੀ। ਯਕਵਾਰ ਇੱਕ ਮੁਲਾਕਾਤ ਵਿੱਚ ਕਿਸੇ ਨੇ ਉਸਨੂੰ ਸਵਾਲ ਕੀਤਾ ਕਿ ਤੁਹਾਡੀਆਂ ਬਹੁਤੀਆਂ ਰਚਨਾਵਾਂ ਦਾ ਕੇਂਦਰੀ ਵਿਸ਼ਾ ਇੱਕ ਹੀ ਹੈ। ਤੁਹਾਨੂੰ ਲਿਖਣ ਲਈ ਹੋਰ ਕੁੱਝ ਨਹੀਂ ਮਿਲਦਾ? ਤੁਸੀਂ ਇੱਕੋ ਹੀ ਸਮੱਸਿਆ ਉਂੱਤੇ ਕਿਉਂ ਲਿਖੀ ਜਾਂਦੇ ਹੋ? ਤਾਂ ਅੱਗੋਂ ਵਿਰਜੀਨੀਆ ਨੇ ਹੱਸ ਕੇ ਸੁਆਲ ਉਤੇ ਸੁਆਲ ਗੱਡ ਦਿੱਤਾ, “ਕੀ ਜ਼ਿੰਦਗੀ ਨੂੰ ਦੁਸ਼ਵਾਰ ਬਣਾਉਣ ਲਈ ਇੱਕ ਸਮੱਸਿਆ ਕਾਫ਼ੀ ਨਹੀਂ?” ਇਹ ਜੁਆਬ ਸੁਣ ਕੇ ਮੁਲਾਕਾਤੀ ਨੂੰ ਗੱਲ ਨਹੀਂ ਸੀ ਆਹੁੜੀ।
5 ਮਈ 1974 ਦੇ The Daily Telegraph  ਅਖਬਾਰ ਵਿੱਚ ਸੂਜ਼ਨ ਹਿੱਲ ਨੇ ਵਿਰਜੀਨੀਆ ਵੌਲਫ ਮੁਅਤੱਲਕ ਲਿਖਿਆ ਹੈ, “ਮੈਂ ਨਹੀਂ ਮੰਨਦੀ ਕਿ ਉਹਨੇ (ਵਿਰਜੀਨੀਆ ਵੌਲਫ) ਗਲਪ ਸਾਹਿਤ ਵਿੱਚ ਇੱਕ ਵੀ ਸ਼ਬਦ ਐਸਾ ਲਿਖਿਆ ਹੋਉ ਜਿਹੜਾ ਸਾਡੇ ਚੌਗਿਰਦੇ ਵਿੱਚ ਉਸਰੀਆਂ ਤੇ ਦਿਨੋਂ-ਦਿਨ ਸੁੰਘੜਦੀਆਂ ਜਾ ਰਹੀਆਂ ਅਗਿਆਨਤਾ ਦੀਆਂ ਵਲਗਣਾਂ ਨੂੰ ਪਰ੍ਹਾਂ ਧੱਕ ਕੇ ਮੋਕਲਾ ਨਾ ਕਰਦਾ ਹੋਵੇ। ਉਹਨੇ ਕੋਈ ਵੀ ਕਿਤਾਬ ਐਸੀ ਨਹੀਂ ਲਿਖੀ ਜੋ ਬੁੱਧੀਮਾਨੀ ਦੇ ਨਵੇਂ ਧਰਾਤਲ ਨਾ ਸਿਰਜਦੀ ਹੋਵੇ ਜਾਂ ਸਾਡੇ ਅਦਬ ਨੂੰ ਨਵੀਨ  ਤੇ ਖਮੀਰ ਤਜਰਬਿਆਂ ਨਾ ਮਾਲਾ-ਮਾਲ ਨਾ ਕਰਦੀ ਹੋਵੇ।”
ਸਾਰੀ ਜ਼ਿੰਦਗੀ ਵਿਰਜੀਨੀਆ ਦੁੱਖਾਂ ਦੇ ਦਰਿਆ ਵਿੱਚ ਗੋਤੇ ਖਾਂਦੀ ਰਹੀ। ਆਪਣੇ ਗ਼ਮਾਂ ਤੋਂ ਮੁਕਤੀ ਪਾਉਣ ਦੇ ਪ੍ਰੀਯਾਸ ਵਿੱਚ ਉਹ ਆਪਣੇ ਆਪਨੂੰ ਸਾਹਿਤ ਸਿਰਜਣਾ ਵਿੱਚ ਮਸਰੂਫ ਰੱਖਦੀ। ਅਗਰ ਉਸਨੇ ਖੁਸ਼ੀ-ਖੁਸ਼ੀ ਹੰਢਾਏ ਹੋਣਗੇ ਤਾਂ ਬਸ ਉਹ ਗਿਣਤੀ ਦੇ ਹੀ ਕੁੱਝ ਦਿਨ ਹੋਣਗੇ। ਵਰਨਾ ਖੁਸ਼ਹਾਲੀ ਕੀ ਹੁੰਦੀ ਹੈ? ਇਸਦਾ ਤਾਂ ਉਸਨੂੰ ਪਤਾ ਹੀ ਨਹੀਂ ਸੀ ਲੱਗਿਆ। ਤਮਾਮ ਉਮਰ ਉਹ ਜਲ ਤੋਂ ਬਾਹਰ ਡਿੱਗੀ ਮੀਨ ਵਾਂਗ ਤੜਫਦੀ ਰਹੀ ਸੀ। 1941 ਵਰ੍ਹੇ ਦੇ ਆਪਣੇ ਜੀਵਨ ਦੇ ਅੰਤਲੇ ਦਿਨਾਂ ਵਿੱਚ ਤਾਂ ਉਹ ਤਨਾਉ ਰੋਗ ਨਾਲ ਬਹੁਤ ਬੁਰੀ ਤਰ੍ਹਾਂ ਪੀੜਤ ਹੋ ਗਈ ਸੀ। ਕਲਮ ਉਸਦੇ ਹੱਥੋਂ ਡਿੱਗ ਗਈ ਸੀ ਤੇ ਦਿਨ ਦਾ ਚੈਨ ਅਤੇ ਉਸਦੀ ਰਾਤਾਂ ਦੀ ਨੀਂਦ ਹਰਾਮ ਹੋ ਗਈ ਸੀ। ਮਾਨਸਿਕ ਪਰੇਸ਼ਾਨੀਆਂ ਕਾਰਨ ਤੰਗ ਆਈ ਵਿਰਜੀਨੀਆ ਨੇ ਹਾਰ ਕੇ ਆਪਣੇ Sussex ਵਾਲੇ ਘਰ ਕੋਲ ਵਗਦੀ ਇੱਕ ਨਹਿਰ ਵਿੱਚ ਛਾਲ ਮਾਰ ਕੇ ਆਤਮਹੱਤਿਆ ਕਰ ਲਿੱਤੀ ਸੀ।  
ਵਿਰਜੀਨੀਆ ਦੀ ਮੌਤ ਤੋਂ ਬਾਅਦ ਉਹਦੇ ਪਤੀ ਨੇ ਉਸਦਾ ਬਹੁਤ ਸਾਰਾ ਅਣਛਪਿਆ ਸਾਹਿਤ ਛਪਵਾਇਆ ਸੀ। ਜਿਨ੍ਹਾਂ ਵਿੱਚ ਉਸਦਾ ਆਖਰੀ ਨਾਵਲ Between The Acts (1941), ਕਹਾਣੀ ਸੰਗ੍ਰਹਿ A haunted house (1943) ਅਤੇ ਅਨੇਕਾਂ ਲੇਖ ਹਨ।
ਕੁੱਝ ਕੁ ਵਰ੍ਹੇ ਪਹਿਲਾਂ ਦੀ ਗੱਲ ਹੈ ਕਾਲਜ਼ ਦੀ ਲਾਇਬਰੇਰੀ ਵਿੱਚ ਬੈਠਾ ਮੈਂ ਕਿਤਾਬ ਪੜ੍ਹ ਰਿਹਾ ਸੀ। ਮੇਰੇ ਹੱਥਾਂ ਵਿੱਚ ਵਿਰਜੀਨੀਆ ਵੌਲਫ ਦੀ ਸਵੈਜੀਵਨੀ ਤੱਕ ਕੇ ਮੇਰੀ ਇੱਕ ਮਹਿਬੂਬ ਕੁੜੀ ਕਹਿਣ ਲੱਗੀ,“ਤੂੰ ਵਿਰਜੀਨੀਆ ਵੌਲਫ ਦੀਆਂ ਬੜੀਆਂ ਕਿਤਾਬਾਂ ਪੜ੍ਹਦੈਂ। ਚੱਲ ਤੈਨੂੰ ਉਹਦਾ ਗਰਾਂ ਦਿਖਾ ਕੇ ਲਿਆਵਾਂ।”
“ਚੱਲ ਫੇਰ।” ਮੈਂ ਕਿਤਾਬ ਬੰਦ ਕਰੀ ਤੇ ਹੇਜ਼ਲ ਦੇ ਨਾਲ ਜੋਟੀ ਪਾ ਕੇ ਤੁਰ ਪਿਆ। ਅਸੀਂ ਉਹਦੀ ਪ੍ਰਾਇਵੇਟ ਨੰਬਰ ਪਲੇਟ ਵਾਲੀ ਨਵੀਂ ਨਕੋਰ ਬੀ ਐਮ ਡੱਬਲਯੂ ਕਾਰ ’ਚ ਸਵਾਰ ਹੋਏ ਤੇ ਉਹਨੇ ਗੱਡੀ ਸਿੱਧੀ Sussex ਨੂੰ ਖਿੱਚ ਦਿੱਤੀ। 
ਰੌਡਮੈਲ ਦੀ ਜ਼ਿਆਰਤ ਕਰਦਿਆਂ ਜਦੋਂ ਅਸੀਂ ਉਸ ਨਹਿਰ ’ਤੇ ਪੁੱਜੇ ਜਿਸ ਵਿੱਚ ਛਾਲ ਮਾਰ ਕੇ ਵਿਰਜੀਨੀਆ ਮਰੀ ਸੀ ਤਾਂ ਮੈਂ ਉਸ ਨਹਿਰ ਦੇ ਅਦਨੇ ਆਕਾਰ ਨੂੰ ਦੇਖ ਕੇ ਮੈਂ ਦੰਗ ਰਹਿ ਗਿਆ। ਹੈਂ! ਉਹ ਵਿਰਜੀਨੀਆ ਵੌਲਫ ਜੀਹਦੇ ਅੰਦਰ ਸਮੁੰਦਰਾਂ ਦੇ ਸਮੁੰਦਰ ਜਜ਼ਬ ਹੋ ਸਕਦੇ ਸਨ। ਐਡੀ ਵੱਡੀ ਲੇਖਿਕਾ ਨੂੰ ਇਹ ਛੋਟੀ ਜਿਹੀ ਨਹਿਰ ਨਿਗਲ ਗਈ? ਮੈਨੂੰ ਆਪਣੀਆਂ ਅੱਖਾਂ ਉਤੇ ਯਕੀਨ ਨਹੀਂ ਸੀ ਆ ਰਿਹਾ। ਪਰ ਯਥਾਰਥ ਨੂੰ ਵੀ ਝੂਠਲਾਉਣਾ ਸੰਭਵ ਨਹੀਂ ਸੀ। ਮੈਂ ਖਾਸੀ ਦੇਰ ਤੱਕ ਪਾਣੀ ਦੀਆਂ ਲਹਿਰਾਂ ਨੂੰ ਨੀਝ ਨਾਲ ਦੇਖਦਾ ਰਿਹਾ। ਮੈਨੂੰ ਇੰਝ ਲੱਗਦਾ ਸੀ ਜਿਵੇਂ ਵਿਰਜੀਨੀਆ ਉਸ ਨੀਰ ਵਿੱਚੋਂ ਨਿਕਲ ਕੇ ਹੁਣ ਵੀ ਬਾਹਰ ਆਈ ਹੁਣ ਵੀ ਬਾਹਰ ਆਈ। ਪਰ ਉਹਨੇ ਕੀ ਆਉਣਾ ਸੀ? ਉਹ ਤਾਂ ਮੱਛੀ ਬਣ ਕੇ ਪਾਣੀ ਵਿੱਚ ਕਿਧਰੇ ਡੂੰਗੀ ਉਤਰ ਗਈ ਸੀ। ਨਹੀਂ, ਅਜਿਹਾ ਸੋਚਣਾ ਵੀ ਮੇਰੀ ਭੁੱਲ ਸੀ। ਉਹ ਪਾਣੀ ਵਿੱਚ ਨਹੀਂ ਸੀ ਰਹੀ। ਉਸਨੂੰ ਤਾਂ ਮੌਤ ਰੂਪੀ ਬਗਲਾ ਛਕ ਗਿਆ ਸੀ।  
“ਰਾਜ, ਕਮਔਨ ਲੈਟਸ ਗੋ?” (ਆ ਚੱਲੀਏ) ਹੇਜ਼ਲ ਨੇ ਮੇਰੇ ਹੱਥ ਵਿੱਚ ਫਸੇ ਪਏ ਆਪਣੇ ਹੱਥਾਂ ਦੀਆਂ ਉਂਗਲਾਂ ਨੂੰ ਘੁੱਟਿਆ ਤਾਂ ਮੈਂ ਯਾਨੀ ਨੀਂਦ ਵਿੱਚੋਂ ਜਾਗਿਆ। ਉਸੇ ਖਿਣ ਮੈਨੂੰ ਚੇਤਾ ਆਇਆ ਕਿ ਮੈਂ ਤਾਂ ਆਪਣੇ ਸੰਗ ਇੱਕ ਫੁੱਲ ਸ਼ਰਧਾ ਭਾਵਨਾ ਨਾਲ ਲੈ ਕੇ ਆਇਆ ਹੋਇਆ ਹਾਂ। ਕੋਟ ਦੀ ਅੰਦਰਲੀ ਜੇਬ ਵਿੱਚੋਂ ਕੱਢ ਕੇ ਉਹ ਗੁਲਾਬ ਦਾ ਫੁੱਲ ਮੈਂ ਉਸ ਨਹਿਰ ਦੇ ਕੰਡੇ ਉਤੇ ਰੱਖ ਦਿੱਤਾ ਤੇ ਵਗਦੇ ਪਾਣੀ ਨੂੰ ਸਿਜਦਾ ਕਰਕੇ ਅਸੀਂ ਉਥੋਂ ਚਲੇ ਪਏ।  
ਇਹ ਲੇਖ ਜੋ ਤੁਹਾਡੀ ਨਜ਼ਰ ਕੀਤਾ ਹੈ ਇਸਨੂੰ ਮਹਿਜ਼ ਸ਼ਬਦਾਂ ਦਾ ਮਜਮਾ ਨਾ ਜਾਣਿਉ। ਇਹ ਲਫ਼ਜ਼ ਨਹੀਂ ਬਲਕਿ ਹਨ ਵਿਰਜੀਨੀਆ ਵੌਲਫ ਨੂੰ ਯਾਦ ਕਰਦਿਆਂ ਵਹੇ ਹੋਏ ਅਕੀਦਤ ਦੇ ਹੰਝੂ!




No comments:

Post a Comment