ਪੰਜਾਬੀ ਗਾਇਕੀ ਦਾ ਗਾਡਰ ਗਾਇਕ - ਅੰਗਰੇਜ਼ ਅਲੀ

ਸੰਗੀਤ ਨੂੰ ਅਸੀਂ ਰੂਹ ਦੀ ਖੁਰਾਕ ਮੰਨਦੇ ਹਾਂ। ਮਹਾਨ ਲੇਖਕ ਕੰਗਰੀਵ ਆਪਣੀ ਪੁਸਤਕ ‘ਦਿ ਮੌਰਨਿੰਗ ਬਰਾਇਡ’ ਵਿਚ ਲਿਖਦਾ ਹੈ, “ਸੰਗੀਤ ਵਿਚ ਹੈਵਾਨ ਨੂੰ ਸ਼ੈਤਾਨ ਬਣਾਉਣ ਦੀ ਸਮਰਥਾ ਹੈ।” (ਇਸ ਦੀ ਇਕ ਮਿਸਾਲ ਸਾਡੇ ਕੋਲ ਜਗਤ ਸਿੰਘ ਜੱਗਾ ਹੈ ਜੋ ਡਾਕੂ ਹੋਣ ਉਪਰੰਤ ਪੰਜਾਬੀ ਦਾ ਪ੍ਰਸਿੱਧ ਗਾਇਕ ਬਣ ਕੇ ਕਨੈਡਾ ਵਿਚ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਹੈ। ਸਿੱਖ ਕੰਕਾਰ ਕੜੇ ਨੂੰ ਜਗਤ ਸਿੰਘ ਜੱਗੇ ਨੇ ਬਤੌਰ ਮਿਊਜ਼ਿਕਲ ਇਨਸਟਰੂਮੈਂਟ ਪੇਸ਼ ਕੀਤਾ ਸੀ।) ਇਸੇ ਲਈ ਦੁਨੀਆਂ ਦੀਆਂ ਅਨੇਕਾਂ ਜੇਲ੍ਹਾਂ ਵਿਚ ਕੈਦੀਆਂ ਨੂੰ ਸੁਧਾਰਨ ਲਈ ਸੰਗੀਤਕ ਪ੍ਰੋਗਰਾਮ ਕਰਾਏ ਜਾਂਦੇ ਹਨ। ਕਹਿੰਦੇ ਨੇ ਮਲਿਹਾਰ ਰਾਗ ਵਿਚ ਐਨੀ ਸ਼ਕਤੀ ਹੈ ਕਿ ਮੀਂਹ ਪਾਇਆ ਜਾ ਸਕਦਾ ਹੈ ਤੇ ਦੀਪਕ ਰਾਗ ਨਾਲ ਅੱਗ ਪੈਦਾ ਕਰੀ ਜਾ ਸਕਦੀ ਹੈ। ਬਾਸ਼ਰਤੇ ਇਹਨਾਂ ਨੂੰ ਗਾਉਣ ਵਾਲਾ ਨਿਪੁੰਨ ਹੋਣਾ ਚਾਹੀਦਾ। 
ਮੈਂ ਚੰਡੀਗੜ੍ਹ ਸ਼ਿਵਾਲਿਕ ਵਿਚ ਪੜ੍ਹਦਾ ਸੀ ਤੇ ਸਾਡੇ ਸਕੂਲ ਵਿਚ ਸੰਤ ਹਰਚੰਦ ਸਿੰਘ ਲੌਗੋਵਾਲ ਦਾ ਦਿਵਾਨ ਲੱਗਿਆ ਸੀ। ਉਨਾਂ ਨੇ ਮਲਿਹਾਰ ਰਾਗ ਵਿਚ ‘ਝਿੰਮ ਝਿੰਮ ਬਰਸੇ ਅੰਮ੍ਰਿਤ ਧਾਰਾ’ ਗਾਇਆ ਤੇ ਮੀੰਹ ਪੈਂਦਾ ਮੈਂ ਖੁੱਦ ਦੇਖਿਆ।ਨਿਪੁੰਨਤਾ ਹਾਸਿਲ ਹੁੰਦੀ ਹੈ ਮਿਹਨਤ ਨਾਲ। ਕਲਾ ਬੇਸ਼ਕ ਰੱਬ ਦੀ ਦੇਣ ਹੈ ਪਰ ਕਿਸੇ ਵੀ ਫਨ ਲਈ ਇਕ ਪ੍ਰਤੀਸ਼ਤ ਕਲਾ, ਦੋ ਪ੍ਰਤੀਸ਼ਤ ਕਿਸਮਤ ਤੇ ਬਾਕੀ ਸਤੱਨਵੇਂ ਪ੍ਰਤੀਸ਼ਤ ਮਿਹਨਤ ਦੀ ਲੋੜ ਪੈਂਦੀ ਹੈ। ਪੰਜਾਬੀ ਗਾਇਕੀ ਦੇ ਖੇਤਰ ਵਿਚ ਕਈ ਸਾਲਾਂ ਤੋਂ ਆਪਣੇ ਆਪ ਨੂੰ ਮਿਹਨਤ ਦੀ ਭੱਠੀ ਵਿਚ ਝੋਕਣ ਵਾਲਾ ਨਾਮ ਹੈ ਅੰਗਰੇਜ਼ ਅਲੀ। ਅੰਗਰੇਜ਼ ਉਹਨਾਂ ਅਜੋਕੇ ਉਂਗਲਾਂ ਦੇ ਪੋਟਿਆਂ ’ਤੇ ਗਿਣੇ ਜਾਣ ਵਾਲੇ ਨਾਮਾਂ ਵਿਚੋਂ ਇਕ ਨਾਮ ਹੈ ਜਿਸਨੂੰ ਗੀਤ ਮਾਰਕੀਟ ਵਿਚ ਆਏ ਤੋਂ ਬਾਅਦ ਉਸਦੇ ਚੱਲਣ ਬਾਰੇ ਫਿਕਰ ਨਹੀਂ ਕਰਨਾ ਪੈਂਦਾ, ਕਿਉਂਕਿ ਉਸ ਨੇ ਇਹ ਫਿਕਰ ਪਹਿਲਾਂ ਹੀ ਮੁਕਾ ਲਿਆ ਹੁੰਦਾ ਹੈ।ਉਹ ਕਾਹਲੀ ਨਹੀਂ ਕਰਦਾ ਤੇ ਸੋਚ ਸਮਝ ਕੇ ਠਰਮੇ ਨਾਲ ਚਲਦਾ ਹੈ। ਉਸ ਦੇ ਗਾਏ ਕਿਸੇ ਗੀਤ ਉੱਤੇ ਉਂਗਲ ਨਹੀਂ ਧਰੀ ਜਾ ਸਕਦੀ, ਨਾ ਹੀ ਉਹ ਮੈਟਰ ਦੀ ਚੋਣ ਵਿਚ ਸਮਝੌਤਾ ਕਰਦਾ ਹੈ। ਭਾਵੇਂ ਕੋਈ ਕਿੰਨਾ ਨਾਮਵਰ ਜਾਂ ਕਰੀਬੀ ਗੀਤਕਾਰ ਕਿਉਂ ਨਾ ਹੋਵੇ। ਉਹ ਗੀਤਕਾਰ ਨਹੀਂ ਗੀਤ ਦੇਖਦਾ ਹੈ। 
ਗੀਤਕਾਰ ਅਲਫਾਜ਼ ਲਿਖਦੈ, ਫਿਰ ਉਹਨਾਂ ਲਫਜ਼ਾਂ ਨੂੰ ਸੰਗੀਤਕਾਰ ਸੁਰਾਂ ਵਿਚ ਪਰੋਂਦੈ, ਉਸ ਤੋਂ ਪਿਛੋਂ ਗਾਇਕ ਆਵਜ਼ ਦੇ ਕੇ ਸ਼ਬਦਾਂ ਉਨ੍ਹਾਂ ਨੂੰ ਸੁਰਜੀਤ ਕਰਦੈ। ਫਿਰ ਜਾ ਕੇ ਗੀਤ ਬਣਦਾ ਹੈ। ਲੇਕਿਨ ਜਦੋਂ ਗੀਤ ਨੂੰ ਸਰੋਤਾ ਸੁਣਦਾ ਹੈ ਤਾਂ ਇਹ ਕ੍ਰਮ ਉਲਟਾ ਹੋ ਜਾਂਦਾ ਹੈ। ਸਭ ਤੋਂ ਪ੍ਰਥਮ ਆਕਰਸ਼ਣ ਅਵਾਜ਼, ਫਿਰ ਸਾਜ਼, ਫਿਰ ਅਲਫਾਜ਼। ਅੱਜਕੱਲ੍ਹ ਤਾਂ ਇਕ ਹੋਰ ਚੀਜ਼ ਵੀ ਨਾਲ ਜੁੜ ਗਈ ਹੈ ਲਿਬਾਸ, ਭਾਵ ਵਿਡੀਉ। ਹੁਣ ਜੇ ਗੀਤ ਦੀ ਸਾਰੀ ਜ਼ਿੰਮੇਵਾਰੀ ਗਾਇਕ ਦੀ ਬਣ ਜਾਂਦੀ ਹੈ ਤਾਂ ਉਹ ਸਮਝੌਤਾ ਕਰੇ ਵੀ ਕਿਉਂ?
ਗੱਲ 1997 ਦੀ ਹੈ ਫਾਇਟੋਨ ਕੰਪਨੀ ਦੇ ਦਫਤਰ ਵਿਚ ਅਸੀਂ ਲੁਧਿਆਣੇ ਬੈਠੇ ਸੀ। ਮੈਂ ਬਾਈ ਅਵਤਾਰ ਹੋਰਾਂ ਨੂੰ ਕਿਹਾ, “ਆਪਾਂ ਅਖਾੜਾ ਲਾਉਣਾ ਹੈ ਕੋਈ ਵਧੀਆ ਜਿਹਾ ਗਾਇਕ ਦੱਸੋ। ਬਹਿਜਾ ਬਹਿਜਾ ਹੋਣੀ ਚਾਹੀਦੀ ਹੈ।”
ਅਵਤਾਰ ਹੋਰਾਂ ਨੇ ਦੱਸਿਆ, “ਗਾਇਕ ਹੈਗਾ। ਅੰਗਰੇਜ਼ ਅਲੀ… ਫੱਟੇ ਚੁੱਕਦੂ।”
ਇਹ ਪਹਿਲੀ ਵਾਰ ਸੀ ਜਦੋਂ ਮੈਂ ਅੰਗਰੇਜ਼ ਅਲੀ ਦਾ ਨਾਮ ਸੁਣਿਆ ।ਮੈਂ ਕਿਹਾ ਮੈਂ ਤਾਂ ਕਦੇ ਉਹਦਾ ਨਾਮ ਨਹੀਂ ਸੁਣਿਆ, ਪਰ ਉਂਝ ਨਾਮ ਬੜਾ ਘੈਂਟ ਆ। ਉਹ ਕਹਿੰਦੇ ਗਾੳਂੁਦਾ ਵੀ ਘੈਂਟ ਆ। ਖੈਰ ਸਾਡਾ ਮੁਲਾਕਾਤ ਦਾ ਸਬੱਬ ਨਾ ਬਣ ਸਕਿਆ।
ਮੈਂ ਇੰਗਲੈਂਡ ਵਾਪਿਸ ਆ ਗਿਆ ਤੇ ਆਉਂਦਾ ਹੋਇਆ ਕੁਝ ਰੀਲਾਂ ਲਿਆਇਆ, ਜਿਸ ਵਿਚ ਇਤਫਾਕਨ ਅੰਗਰੇਜ਼ ਦੀ ਕੈਸਟ ‘ਹੁਸਨ ਵਾਲੇ’ ਵੀ ਸੀ। ਮੈਂ ਸੁਣੀ ਤੇ ਮੈਨੂੰ ਖੁਸ਼ੀਨੁਮਾ ਹੈਰਾਨੀ ਹੋਈ।ਗਲੇ ਵਿਚ ਲਚਕ, ਸ਼ਬਦਾਂ ਨੂੰ ਉਨ੍ਹਾਂ ਦੀ ਅਸਲੀ ਤਰਜ਼ਮਾਨੀ ਕਰਨ ਦਾ ਗੁਣ, ਹਰਕਤਾਂ, ਗਰਾਰੀਆਂ ਲਾਉਂਦੇ ਸਮੇਂ ਸੋਹਜ਼ ਅਤੇ ਕਾਮੁਕਤਾ ਦਾ ਸੁਮੇਲ, ਉੱਚੀ ਦਮਦਾਰ ਤੇ ਸੁਰੀਲੀ ਅਵਾਜ਼। ਮੈਂ ਮਨ ਬਣਾਇਆ ਕਿ ਇਸ ਬੰਦੇ ਨਾਲ ਭਵਿਖ ਵਿਚ ਜ਼ਰੂਰ ਕੋਈ ਪ੍ਰੋਜੈਕਟ ਕਰਨਾ ਹੈ। ਫਿਰ ਦੋ ਤਿੰਨ ਸਾਲ ਬਾਅਦ ਮੈਂ ਫਿਰ ਇੰਡੀਆ ਗਿਆ ਤੇ ਅੰਗਰੇਜ਼ ਨੂੰ ਪਹੁੰਚ ਕੀਤੀ। ਪਰ ਉਹਦੋਂ ਅੰਗਰੇਜ਼ ਦਾ ਕਿਸੇ ਕੰਪਨੀ ਨਾਲ ਇਕਰਾਰਨਾਮਾ ਹੋ ਚੁੱਕਾ ਸੀ।
2004 ਵਿਚ ਅੰਗਰੇਜ਼ ਇੰਗਲੈਂਡ ਆਇਆ। ਪਹਿਲੀ ਵਾਰ ਮੈਂ ਅੰਗਰੇਜ਼ ਨੂੰ ਮਿਲਿਆ। ਉਹਦੇ ਵਰਸਾਚੀ ਦਾ ਸੂਟ ਪਹਿਨਿਆ ਹੋਇਆ ਸੀ। ਦਾੜੀ ਫਰੈਂਚ ਕੱਟ।ਕਦੇ ਉਹ ਮੈਨੂੰ ਦਿਲਸ਼ਾਦ ਅਖਤਰ ਲੱਗੇ ਤੇ ਕਦੇ ਚਮਕੀਲੇ ਦਾ ਭੁਲੇਖਾ ਪਵੇ।ਅਸੀਂ ਇਕ ਰੈਸਟੋਰੈਂਟ ਵਿਚ ਬੈਠੇ…ਵੱਧ ਤੋਂ ਵੱਧ ਪੰਜ ਜਾਂ ਦਸ ਮਿੰਟ ਗੱਲਾਂ ਹੋਈਆਂ ਹੋਣਗੀਆਂ ਸਾਡੀਆਂ। ਇਸ ਪਹਿਲੀ ਮਿਲਣੀ ਵਿਚ ਹੀ ਅੰਗਰੇਜ਼ ਮੇਰੇ ਅੰਦਰ ਘਰ ਕਰ ਗਿਆ। ਉਹਦਾ ਮਿਲਾਪੜਾ ਸੁਭਾਅ ਹੂਵਰ ਦੀ ਵੈਕਿਉਮ ਕਲੀਨਰ ਵਾਂਗੂ ਧੂਹ ਕੇ ਬੰਦੇ ਦਾ ਕਾਲਜਾ ਕੱਢ ਲੈਂਦਾ ਹੈ। ਇਉਂ ਸਾਡੀ ਨੇੜਤਾ ਬਣ ਗਈ ਤੇ ਨੇੜਤਾ ਦੋਸਤੀ ਤੇ ਦੋਸਤੀ ਇਕ ਰਿਸ਼ਤਾ ਜੋ ਗਾਇਕ ਅਤੇ ਗੀਤਕਾਰ ਵਿਚਾਲੇ ਹੁੰਦਾ ਹੈ। 
ਮੈਂ ਅੰਗਰੇਜ਼, ਮਨਜੀਤ ਰੂਪੋਵਾਲੀਏ ਤੇ ਬਲਵਿੰਦਰ ਮੱਤੇਵਾੜੀਏ ਨੂੰ ਲੈ ਕੇ ਪ੍ਰੋਜੈਕਟ ਸ਼ੁਰੂ ਕਰ ਦਿੱਤਾ। ਅਸੀਂ ਸੈਂਡਵਲ ਵੈਲੀ ਪਾਰਕ ਵਿਚ ਬੈਠੇ। ਮੈਂ ਇਹਨਾਂ ਤਿੰਨਾਂ ਮੂਹਰੇ ਡਾਇਰੀ ਰੱਖ ਦਿੱਤੀ। ਬਾਕੀਆਂ ਨੇ ਪਹਿਲਾਂ ਗੀਤ ਚੁਣ ਲਏ। ਅੰਗਰੇਜ਼ ਦੀ ਵਾਰੀ ਪਿਛੋਂ ਆਈ।ਡਾਇਰੀ ਖੋਲਦਿਆਂ ਅੰਗਰੇਜ਼ ਨੇ ਗੀਤ ਪੜ੍ਹਿਆ ਜੋ ‘ਨੱਚਦੀ ਦੇ ਮਿੱਤਰਾਂ ਨੇ ਨਾਲ ਨੱਚਣਾ’ ਸਿਰਲੇਖ ਹੇਠ ਰਿਲੀਜ਼ ਹੋਇਆ ਹੈ। ਅੰਗਰੇਜ਼ ਨੇ ਗੀਤ ’ਤੇ ਠੋਲਾ ਮਾਰਕੇ ਕਿਹਾ, “ਬਾਈ ਆਹ ਗੀਤ ਕਰਦੇ ਹਾਂ। ਗੀਤ ਹਿੱਟ ਹੋ ਜਾਣੈ।”
ਉਥੇ ਹੀ ਬੈਠਿਆਂ ਕੰਪੋਜ਼ਿਸ਼ਨ ਬਣੀ। ਅੰਗਰੇਜ਼ ਨੇ ਗਾ ਕੇ ਸੁਣਾਇਆ ਤਾਂ ਬਾਕੀ ਕਹਿਣ ਲੱਗੇ ਮੈਂ ਰਿਕਾਰਡ ਕਰਨੈ, ਮੈਂ ਰਿਕਾਰਡ ਕਰਨੈ। ਮਨਜੀਤ ਜ਼ਿੱਦ ਕਰਨ ਲੱਗਿਆ ਕਿ ਇਹ ਗੀਤ ਉਹਨੇ ਰਿਕਾਰਡ ਕਰਵਾਉਣਾ ਹੈ। ਉਹਨੂੰ ਉਸ ਗੀਤ ਦੀ ਹੁੱਕ ਲਾਇਨ  ਉਹੀ ਰੱਖ ਕੇ ਮੈਂ ਨਵੇਂ ਅੰਤਰੇ ਤੇ ਨਵੀਂ ਕੰਪੋਜ਼ੀਨ ਤਿਆਰ ਕਰ ਕੇ ਦਿੱਤੀ। ਰਣਜੀਤ ਮਣੀ ਦੇ ਭਤੀਜੇ ਸੰਜੇ ਧਾਲੀਵਾਲ ਨੂੰ ਸਾਰੇ ਗੀਤ ਦਾ ਸਾਰ ਉਹੀ ਰੱਖਕੇ ਸ਼ਬਦ ਘੁੰਮਾ ਕੇ ਨਵਾਂ ਗੀਤ ਬਣਾ ਕੇ ਦਿੱਤਾ। ਜੋ ‘ਪੰਜਾਬੀ ਬਾਏ ਨੇਚਰ’ ਦੀ ਟੇਪ ‘ਸੈਟਿੰਗ ਦੀ ਸਟੈਂਡਰਡ’ ਵਿਚ ਆਇਆ ਤੇ ਖੁਸ਼ਕਿਸਤੀ ਨਾਲ ਉਹ ਗੀਤ ਪਹਿਲਾਂ ਰਿਲੀਜ਼ ਹੋਇਆ ਤੇ ਚੱਲਿਆ ਵੀ। ਬਲਵਿੰਦਰ ਮੱਤੇਵਾੜੀਏ ਨੂੰ ਬਹਾਨਾ ਲਾ ਕੇ ਟਾਲਿਆ ਕਿ ਲੋਕੀ ਕਹਿਣਗੇ ਬਲਰਾਜ ਸਿੱਧੂ ਕੋਲ ਇਕ ਹੀ ਗੀਤ ਹੈ, ਤੂੰ ਹੋਰ ਗੀਤ ਕਰ ਲੈ। ਲੇਕਿਨ ਮੱਤੇਵਾੜੀਏ ਨੂੰ ਗੀਤ ਅਤੇ ਤਰਜ਼ ਯਾਦ ਹੋ ਗਈ ਸੀ ਤੇ ਉਸਨੇ ਮੇਰੇ ਤੋਂ ਚੋਰੀ ਮਿਊਜ਼ਿਕ ਵਰਲਡ ਕੰਪਨੀ ਵਿਚ ਰਿਕਾਰਡ ਕਰਵਾ ਦਿੱਤਾ। ਇਤਫਾਕਨ ਮੈਂ ਸਤਪਾਲ ਕੋਲ ਗਿਆ ਤੇ ਮੈਨੂੰ ਇਸ ਗੱਲ ਦਾ ਪਤਾ ਲੱਗਿਆ। ਮੈਂ ਫਿਰ ਉਸ ਗੀਤ ਨੂੰ ਰੋਕਿਆ। ਇਸ ਗੀਤ ਨਾਲ ਸਬੰਧਤ ਇਕ ਟੋਟਕਾ ਹੈ।ਕਿਸੇ ਪਿੰਡ ਵਿਚ ਤਿੰਨ ਭਰਾ ਸੀ ਦੋ ਤਾਂ ਠੀਕ ਠਾਕ, ਇਕ ਵਿਚਾਰਾ ਲੰਗੜਾ। ਅੰਤਾਂ ਦੇ ਗਰੀਬ। ਉਨ੍ਹਾਂ ਨੇ ਸਲਾਹ ਬਣਾਈ ਕਿ ਵਿਆਹ ਤਾਂ ਹੋਣਾ ਨਹੀਂ। ਕਿਉਂ ਨਾ ਮੁੱਲ ਦੀ ਜਨਾਨੀ ਲੈ ਆਈਏ। ਜਨਾਨੀ ਤਲਾਸ਼ ਲਈ ਗਈ। ਉਹ ਦੋਨਾਂ ਤੰਦਰੁਸਤ ਭਰਾਵਾਂ ਲਈ ਤਾਂ ਮੰਨ ਗਈ। ਪਰ ਲੰਗੜੇ ਨੂੰ ਉਸਨੇ ਨਾਂਹ ਕਰ ਦਿੱਤੀ। ਦੋਨੇ ਭਰਾ ਜਦੋਂ ਖੰਡ ਦੀ ਬੋਰੀ ਨੂੰ ਮੂੰਹ ਮਾਰਿਆ ਕਰਨ ਲੰਗੜਾ ਵਿਚਾਰਾ ਦੰਦ ਪੀਹਿਆ ਕਰੇ। ਅੱਕ ਕੇ ਇਕ ਦਿਨ ਉਸ ਨੇ ਜ਼ਮੀਨ ਵੰਡਣ ਦਾ ਫੈਸਲਾ ਕਰ ਲਿਆ। ਜਦੋਂ ਪੰਚਾਇਤ ਜ਼ਮੀਨ ਵੰਡਣ ਆਈ ਤਾਂ ਜਨਾਨੀ ਨੇ ਚਾਲ ਖੇਡੀ ਕਿ ਆਪਣੀ ਕੁਛੜ ਚੋਂ ਮੁੰਡਾ ਲੰਗੜੇ ਨੂੰ ਫੜਾਉਂਦੀ ਹੋਈ ਪੰਚਾਇਤ ਨੂੰ ਕਹਿੰਦੀ ਕਿ ਇਹ ਲੰਗੜੇ ਮੁੰਡਾ ਹੈ। ਪੰਚਾਇਤ ਨੇ ਫੈਸਲਾ ਕੀਤਾ ਤੇ ਜ਼ਨਾਨੀ ਨੂੰ ਮਨਾਇਆ ਕਿ ਜਿਥੇ ਦੋ ਨੇ ਉਥੇ ਤੀਜਾ ਵੀ ਸਹੀ। ਇਹੀ ਹਾਲ ‘ਨੱਚਦੀ’ ਗੀਤ ਦਾ ਹੋਇਆ ਹੈ।ਅੰਗਰੇਜ਼ ਨੇ ਅਮਨ ਹੇਅਰ ਨੂੰ ਸੁਣਾਇਆ ਤਾਂ ਉਹ ਵੀ ਇਸ ਗੀਤ ਨੂੰ ਕਰਨ ਲਈ ਤਿਆਰ ਹੋ ਗਿਆ। ਇਕ ਵਾਰ ਫੇਰ ਹੁੱਕ ਲਾਇਨ ਉਹੀ ਤੇ ਅੰਤਰੇ ਨਵੇਂ।ਪਰ ਇਸ ਵਾਰ ਇਸ ਗੀਤ ਦਾ ਨਵੀਨੀਕਰਨ ਕਰਨ ਵਿਚ ਰਾਮੂਵਾਲ ਦੇ ਮੁੰਡੇ ਬੇਲੀ ਬਲਕਰਨ ਦਾ ਬਹੁਤ ਵੱਡਾ ਹੱਥ ਸੀ। 
‘ਨੱਚਦੀ’ ਪਹਿਲਾਂ ਅੰਗਰੇਜ਼ ਨੇ 2004 ਦੇ ਨਵੇਂ ਸਾਲ ਦੇ ਪ੍ਰੋਗਰਾਮ ਵਿਚ ਗਾਇਆ ਤੇ ਗੀਤ ਕਾਫੀ ਚੱਲਿਆ।ਫੇਰ ਮੇਰੀ ਟੇਪ ਵਿਚ ਆਇਆ ਤੇ ਜਦੋਂ ਹੁਣ ਅਮਨ ਹੇਅਰ ਨੇ ਕੀਤਾ ਤਾਂ ਅਗਲੀ ਪਿਛਲੀਆਂ ਸਾਰੀਆਂ ਕਸਰਾਂ ਨਿਕਲ ਗਈਆਂ। ਮੇਰੇ ਮਨ ਵਿਚ ਆਇਆ ਕਿ ਕਿਉਂ ਨਾ ਇਸ ਗੀਤ ਨੂੰ ਹਿੰਦੀ ਵਿਚ ਕਰਕੇ ਕਿਸੇ ਫਿਲਮ ਵਿਚ ਪਵਾ ਦਈਏ।ਇਸ ਕੰਮ ਲਈ ਮੇਰੇ ਦਿਮਾਗ ਵਿਚ ਪ੍ਰੀਤੀ ਸਪਰੂ ਦੇ ਜੀਜੇ ਰਿਕੂ ਰਕੇਸ਼ ਨਾਥ ਦਾ ਖਿਆਲ ਆਇਆ। ਕਿਉਂਕਿ ਉਸ ਦੀ ਇੰਡਸਟਰੀ ਵਿਚ ਕਾਫੀ ਪਹੁੰਚ ਹੈ।ਰਿਕੂ ਦਾ ਨੰਬਰ ਲੈਣ ਲਈ ਮੈਂ ਮੁੰਬਈ ਆਪਣੇ ਦੋਸਤ ਰਵਿੰਦਰ ਨੂੰ ਫੋਨ ਕੀਤਾ।ਗੀਤ ਸੁਣ ਕੇ ਉਹ ਕਹਿਣ ਲੱਗਿਆ ਤੁਸੀਂ ਕੀ ਗੀਤ ਪਹੁੰਚਾਉਣਾ ਹੈ ਇਹ ਗੀਤ ਤਾਂ ਪਹਿਲਾਂ ਹੀ ਇਥੇ ਬਹੁਤ ਚੱਲ ਚੁੱਕਿਆ ਹੈ ਤੇ ਮੁਬੰਈ ਦੀ ਹਰ ਪਾਰਟੀ ਇਸ ਗੀਤ ਬਿਨਾ ਅਧੂਰੀ ਮੰਨੀ ਜਾਂਦੀ ਹੈ।ਰਵਿੰਦਰ ਤੋਂ ਹੀ ਮੈਨੂੰ ਪਤਾ ਚੱਲਿਆ ਕਿ ‘ਨੱਚਦੀ’ ਗੀਤ ਚੋਰੀ ਕਰਕੇ ‘ਸੰਘਰਸ਼’ ਫਿਲਮ ਵਿਚ ਫਿਲਮਾਇਆ ਜਾ ਚੁੱਕਾ ਹੈ।ਜਦੋਂ ਕਿਤੇ ਵੀ ਇਸ ਗੀਤ ਦਾ ਜ਼ਿਕਰ ਛਿੜਦਾ ਹੈ ਤਾਂ ਮੈਂ ਨਸ਼ਿਆ ਜਿਹਾ ਜਾਂਦਾ ਹਾਂ।ਜਿਸ ਕੁੜੀ ਉੱਤੇ ਇਹ ਗੀਤ ਲਿਖਿਆ ਗਿਆ ਸੀ। ਅੱਜ ਉਹ ਇਕ ਬਹੁਤ ਵੱਡੀ ਹਸਤੀ ਹੈ। ਇਸ ਦਾ ਪਿਛੋਕੜ ਇਹ ਹੈ ਕਿ ਅਸੀਂ ਰੌਅਲੀ ਰਿਜ਼ਿਸ ਕਾਲਜ ਵਿਚ ਪੜ੍ਹਦਿਆਂ ਕੁਝ ਦੋਸਤਾਂ ਨੇ ਸਲਾਹ ਕੀਤੀ ਕਿ ਗਿੱਗ ਕਰਵਾਇਆ ਜਾਵੇ। ਡਡਲੀ ਕਲੱਬ ਬੁੱਕ ਕਰਕੇ ਅਸੀਂ ਗਿੱਗ ਕਰਵਾ ਦਿੱਤਾ। ਗਿੱਗ ਵਿਚ ਮੇਰੀ ਇਕ ਦੋਸਤ ਕੁੜੀ ਦੀ ਕਜ਼ਨ ਦਿੱਲੀ ਤੋਂ ਇੰਗਲੈਂਡ ਘੁੰਮਣ ਆਈ ਹੋਈ ਸੀ। ਉਹ ਚੋਰੀ ਚੋਰੀ ਮੇਰੇ ਵੱਲ ਦੇਖਿਆ ਕਰੇ ਤੇ ਜਦੋਂ ਮੈਂ ਦੇਖਿਆ ਕਰਾਂ ਉਹ ਨੀਵੀਂ ਪਾ ਲਿਆ ਕਰੇ।ਪੰਦਰਾਂ ਵੀਹ ਮਿੰਟ ਤੱਕ ਇਹ ਸਿਲਸਿਲਾ ਚੱਲਦਾ ਰਿਹਾ।ਫੇਰ ਉਹਨੇ ਮੇਰੇ ਵੱਲ ਦੇਖਿਆ ਤਾਂ ਮੈਂ ਇਸ਼ਾਰਾ ਮਾਰ ਦਿੱਤਾ ਕਿ ਆ ਡਾਂਸ ਫਲੋਰ ’ਤੇ ਤੇਰੇ ਨੱਚਦੀ ਨਾਲ ਨੱਚਣਾ ਹੈ। ਬਸ ਐਨੀ ਗੱਲ ਗੀਤ ਬਣ ਗਈ। ਤੇ ਮੈਂ ਲਿਖ ਦਿੱਤਾ, ‘ਜੇ ਦੇਖੇਂਗੀ ਅਸਾਂ ਨੂੰ ਅਸੀਂ ਤੈਨੂੰ ਤੱਕਣਾ। ਤੇਰੇ ਨੱਚਦੀ ਦੇ ਮਿੱਤਰਾਂ ਨੇ ਨਾਲ ਨੱਚਣਾ।’ ਇਹ ਗੀਤ ਮੈਂ ਇਕ ਵਾਰ ਬਰੂਗੇ (ਬੈਲਜ਼ੀਅਮ) ਪੰਜਾਬੀ ਕਹਾਣੀਕਾਰ ਸੁੱਖੀ ਸਮੁੰਦਰੀ ਦੀ ਦੁਕਾਨ ’ਤੇ ਲਾਇਆ ਹੋਇਆ ਸੀ ਤੇ ਉਥੇ ਲਾ ਪਲਾਜ਼ਾ ਕਲੱਬ ਦੀ ਮਨੇਜੇਰ ਆਈ। ਉਹਨੇ ਗੀਤ ਸੁਣਿਆ ਤੇ ਪੁੱਛਣ ਲੱਗੀ, “ਬਹੁਤ ਸੈਕਸੀ ਅਵਾਜ਼ ਹੈ। ਕਿਹੜਾ ਮਿਊਜ਼ਿਕ ਹੈ ਇਹ? ਕਿਥੋਂ ਮਿਲੂ?”
ਮੈਂ ਉਹਨੂੰ ਅੰਗਰੇਜ਼ ਬਾਰੇ ਦੱਸਿਆ ਤੇ ਸੀਡੀ ਦੇ ਦਿੱਤੀ। ਉਹ ਪੈਸੇ ਦਵੇ। ਮੈਂ ਲਏ ਨਾ। ਅਗਲੇ ਦਿਨ ਗੀਤ ਸੁਣ ਕੇ ਖਾਸਤੌਰ ’ਤੇ ਧੰਨਵਾਦ ਕਰਨ ਆਈ। ਉਸੇ ਰਾਤ ਮੈਂ ਨਾਇਟ ਕਲੱਬ ਗਿਆ ਤਾਂ ਇਸ ਗੀਤ ਉੱਤੇ ਨੱਚ ਨੱਚ ਪਾਗਲ ਹੋ ਰਹੀਆਂ ਗੋਰੀਆਂ ਦੇਖ ਕੇ ਹੈਰਾਨ ਰਹਿ ਗਿਆ। ਇਕ ਰਾਤ ਵਿਚ ਡੀ ਜੇ ਵਾਲਿਆਂ ਨੇ ਅੱਠ ਵਾਰ ਇਸ ਗੀਤ ਨੂੰ ਲਾਇਆ।
ਖੈਰ ਮੇਰੇ ਪ੍ਰੋਜੈਕਟ ਦਾ ਰਿਆਜ਼ ਚੱਲ ਰਿਹਾ ਸੀ ਤੇ ਮੈਂ ਅੰਗਰੇਜ਼ ਨੂੰ ਇਕ ਹੋਰ ਗੀਤ ਸੁਣਾਇਆ ਜਿਸ ਵਿਚ ਊਧਮ ਸਿੰਘ ਡਾਇਰ ਨੂੰ ਮਾਰਨ ਤੋਂ ਇਕ ਦਿਨ ਪਹਿਲਾਂ ਆਪਣੇ ਪਸਤੌਲ ਨਾਲ ਗੱਲਾਂ ਕਰਦਾ ਹੈ ਤੇ ਜਿਸ ਵਿਚ ਜਲਿਆਵਾਲੇ ਬਾਗ ਦੇ ਸਾਕੇ ਅਤੇ ਡਾਇਰ ਨੂੰ ਮਾਰਨ ਤੱਕ ਦਾ ਇਤਿਹਾਸ ਉਘੜ ਕੇ ਸਾਹਮਣੇ ਆਉਂਦਾ ਹੈ। ਅੰਗਰੇਜ਼ ਕਹਿਣ ਲੱਗਿਆ, ਬਾਈ ਇਹ ਗੀਤ ਵੀ ਮੇਰਾ ਤੂੰ ਕਿਸੇ ਹੋਰ ਨੂੰ ਨਾ ਸੁਣਾਈਂ। ਮੈਂ ਗੀਤ ਵਾਲਾ ਵਰਕਾ ਹੀ ਕੱਢ ਕੇ ਅੰਗਰੇਜ਼ ਨੂੰ ਦੇ ਦਿੱਤਾ। ਦੋ ਗੀਤ ਹੋਰ ਸਲੈਕਟ ਕਰੇ। ਅੰਗਰੇਜ਼ ਨੇ ਠਾਹ ਕੰਪੋਜ਼ ਕਰਕੇ ਸੁਣਾ ਦਿੱਤੇ।ਇਥੇ ਵਰਣਨਯੋਗ ਹੈ ਕਿ ਆਨੰਦ ਰਾਜ ਆਨੰਦ ਤੋਂ ਬਾਅਦ ਅੰਗਰੇਜ਼ ਹੀ ਇਕ ਐਸਾ ਕਲਾਕਾਰ ਮੈਂ ਦੇਖਿਆ ਜੋ ਪਹਿਲੀ ਵਾਰੀ ਗੀਤ ਪੜ੍ਹਕੇ ਕੰਪੋਜ਼ੀਸਨ ਬਣਾਉਂਦਾ ਹੋਵੇ। ਉਸ ਵਿਚ ਵਧੀਆ ਕੰਪੋਜ਼ਰ ਦੇ ਗੁਣ ਵੀ ਹਨ।
ਊਧਮ ਸਿੰਘ ਗੀਤ ਮੈਂ ਜ਼ਿੱਦ ਵਿਚ ਆ ਕੇ ਲਿਖਿਆ ਸੀ। ਹੋਇਆ ਇੰਝ ਕਿ ਇਕ ਵਾਰ ਮੈਂ ਤੇ ਪੰਜਾਬੀ ਸੱਥ ਲਾਂਬੜਾ ਵਾਲੇ ਮੋਤਾ ਸਿੰਘ ਸਰਾਏ ਪੀਟਰਬਰਾਅ ਇਕ ਪ੍ਰੋਗਰਾਮ ਤੋਂ ਆ ਰਹੇ ਸੀ।ਉਦੋਂ ਰਾਜ ਬੱਬਰ ਦੀ ਊਧਮ ਸਿੰਘ ਫਿਲਮ ਨਵੀਂ ਨਵੀਂ ਆਈ ਸੀ।ਸਾਡੀਆਂ ਫਿਲਮ ਬਾਰੇ ਗੱਲਾਂ ਛਿੱੜ ਪਈਆਂ। ਮੋਤਾ ਸਿੰਘ ਨੇ ਮੈਨੂੰ ਇਕ ਗੀਤ ਸੁਣਾਇਆ ਜੋ ਊਧਮ ਸਿੰਘ ਬਾਰੇ ਸੀ ਤੇ ਉਸ ਲੇਖਕ ਦਾ ਲਿਖਿਆ ਹੋਇਆ ਸੀ, ਜਿਸ ਤੋਂ ਮੈਨੂੰ ਖੁੰਦਕ ਸੀ। ਮੈਂ ਮੋਤਾ ਸਿੰਘ ਨੂੰ ਕਿਹਾ ਕਿ ਉਸਨੇ ਕੀ ਲਿਖਿਆ ਹੈ, ਊਧਮ ਸਿੰਘ ਤੁਹਾਨੂੰ ਮੈਂ ਲਿਖ ਕੇ ਦਿਖਾਊਂ। ਅੱਗੇ ਗੱਲਾਂ ਚੱਲਦਿਆਂ ਮੈਨੂੰ ਮੋਤਾ ਸਿੰਘ ਨੇ ਦੱਸਿਆ ਕਿ ਉਸ ਵੇਲੇ ਇਹ ਗੱਲ ਪ੍ਰਚੱਲਤ ਸੀ ਕਿ ਪਿਸਟਲ ਮਿਸ ਫਾਇਰ ਬਹੁਤ ਕਰਦੇ ਸਨ। ਮੈਂ ਕਿਹਾ ਫਿਰ ਇਸਦਾ ਤਾਂ ਊਧਮ ਸਿੰਘ ਨੂੰ ਵੀ ਪਤਾ ਹੋਵੇਗਾ? ਮੋਤਾ ਸਿੰਘ ਕਹਿਣ ਲੱਗੇ, “ਹੋ ਸਕਦਾ ਹੈ।”
ਮੈਂ ਘਰ ਆ ਗਿਆ ਤੇ ਉਸ ਰਾਤ ਸੌਂ ਨਾ ਸਕਿਆ। ਅਗਲੀ ਸਵੇਰ ਮੈਂ ਸਿੱਧਾ ਸੈਂਟਰਲ ਲਾਇਬਰੇਰੀ ਬ੍ਰਮਿੰਘਮ ਗਿਆ ਤੇ ਪੁਰਾਣੇ ਉਸ ਵੇਲੇ ਦੇ ਅਖਬਾਰ ਕੱਢਵਾਏ ਜਦੋਂ ਊਧਮ ਸਿੰਘ ਨੇ ਡਾਇਰ ਨੂੰ ਮਾਰਿਆ ਸੀ। ਇਤਫਾਕਨ ਜਿਸ ਅਖਬਾਰ ਵਿਚ ਊਧਮ ਸਿੰਘ ਦੀ ਖਬਰ ਲੱਗੀ ਸੀ। ਉਸੇ ਵਿਚ ਹੀ ਇਕ ਪੰਜ ਬੋਰ ਦੇ ਪਸਤੌਲਾਂ ਬਾਰੇ ਲੇਖ ਛਪਿਆ ਸੀ। ਜਿਸ ਵਿਚ ਲਿਖਿਆ ਗਿਆ ਸੀ ਕਿ ਪੰਜ ਬੋਰ ਦੇ ਪਿਸਟਲ ਮਿਸ ਫਾਇਰ ਕਰਨ ਲੱਗ ਪਏ ਸਨ ਤੇ ਉਨ੍ਹਾਂ ਦਾ ਨਵੀਨੀਕਰਨ ਕਰਕੇ ਪੁਇੰਟ ਥਰੀ ਟੂ ਜਾਣੀ ਬੱਤੀ ਬੋਰ ਇਜ਼ਾਦ ਕੀਤੇ ਗਏ ਸਨ। ਲੇਖ ਪੜ੍ਹਦਿਆਂ ਸਾਰ ਮੇਰੇ ਮਨ ਵਿਚ ਸੋਚ ਆ ਗਈ ਕਿ ਗੀਤ ਵਿਚ ਊਧਮ ਸਿੰਘ ਦੀਆਂ ਪਿਸਟਲ ਨਾਲ ਗੱਲਾਂ ਕਰਵਾਈਏ। ਮੇਰੇ ਦਿਮਾਗ ਵਿਚ ਕਸ਼ਮਕਸ਼ ਚੱਲ ਰਹੀ ਸੀ ਤੇ ਲਾਇਬਰੇਰੀ ਤੋਂ ਬਾਹਰ ਆ ਕੇ ਮੈਂ 87 ਨੰਬਰ ਬੱਸ ਫੜੀ।ਗੀਤ ਦਾ ਪਹਿਲਾ ਅੰਤਰਾ ਉਤਰ ਆਇਆ, ‘ਆ ਬੱਤੀ ਬੋਰ ਦੇ ਪਿਸਟਲਾਂ ਤੈਨੂੰ ਹਿੱਕ ਨਾਲ ਲਾਵਾਂ। ਦਿਲ ਆਪਣੇ ਦਾ ਤੌਖਲਾ ਫਿਰ ਖੋਲ ਸੁਣਾਵਾਂ। ਮੇਰੀਆਂ ਅੱਖਾਂ ਸਾਹਵੇਂ ਘੁੰਮਦਾ ਰਹੇ ਖੂਨੀ ਨਜ਼ਾਰਾ। ਧੋਖਾ ਨਾ ਦੇਖੀਂ ਦੇ ਜਾਈਂ ਕਿਤੇ ਕੱਲ੍ਹ ਨੂੰ ਯਾਰਾ।’ ਮੈਨੂੰ ਫਿਕਰ ਹੋਣ ਲੱਗਿਆ ਕਿ ਕਿਧਰੇ ਮੈਂ ਲਾਇਨਾਂ ਭੁੱਲ ਨਾ ਜਾਵਾਂ। ਮੈਂ ਪੈੱਨ ਕੱਢਿਆ ਤੇ ਬੱਸ ਦੀ ਟਿਕਟ ਉੱਤੇ ਹੀ ਲਾਇਨਾਂ ਲਿਖ ਲਈਆਂ।ਫੇਰ ਮੇਰੇ ਮਨ ਵਿਚ ਖਿਆਲ ਆਇਆ ਕਿ ਊਧਮ ਸਿੰਘ ਦਾ ਪਿਸਟਲ ਤਾਂ ਪੰਜ ਬੋਰ ਦਾ ਸੀ ਤੇ ਮੈਂ ਬੱਤੀ ਬੋਰ ਲਿਖੀ ਜਾਂਦਾ ਹਾਂ।ਮੈਂ ਪੰਜ ਬੋਰ ਗਾ ਕੇ ਦੇਖਿਆ। ਪਰ ਮੈਨੂੰ ਪ੍ਰਭਾਵਸ਼ਾਲੀ ਨਾ ਲੱਗਿਆ। ਮੈਂ ਸੋਚਿਆ ਬੱਤੀ ਬੋਰ ਹੀ ਲਿਖ ਦਿੰਦਾ ਹਾਂ। ਮੇਰਾ ਆਪਣਾ ਰਿਵਾਲਵਰ ਵੀ ਬੱਤੀ ਬੋਰ ਦਾ ਸੀ ਤੇ ਅੰਗਰੇਜ਼ ਦਾ ਵੀ। ਮੈਂ ਸੋਚਿਆ ਰਚਨਾ ਵਿਚ ਨਿੱਜ ਵਾੜ ਦਿਉ। ਨਾਲੇ ਫੇਰ ਪੰਜਾਬੀ ਲੇਖਕਾਂ ਨੂੰ ਅੱਵਲ ਤਾਂ ਇਸ ਗਲਤੀ ਦਾ ਪਤਾ ਨਹੀਂ ਚੱਲਣਾ ਤੇ ਦੂਜਾ ਪੰਜਾਬੀ ਦਾ ਕੋਈ ਲੇਖਕ ਐਸਾ ਨਹੀਂ ਜਿਸਨੂੰ ਹਥਿਆਰਾਂ ਬਾਰੇ ਜਾਣਕਾਰੀ ਹੋਵੇ। ਰਸਤੇ ਵਿਚ ਹੀ ਬਾਕੀ ਅੰਤਰੇ ਬਣ ਗਏ।ਪਰ ਲਿਖਣ ਲਈ ਕਾਗਜ਼ ਨਾ ਮਿਲੇ। ਮੈਂ ਕਫ ਉਤਾਂਹ ਚਾੜ੍ਹ ਕੇ ਬਾਂਹ ਤੇ ਹੀ ਗੀਤ ਲਿਖ ਲਿਆ। ਉਸ ਸਮੇਂ ਇਹ ਨਹੀਂ ਸੀ ਪਤਾ ਕਿ ਅਣਜਾਣੇ ਵਿਚ ਜੋ ਬਾਂਹ ’ਤੇ ਲਿਖ ਰਿਹਾ ਹਾਂ, ਉਹ ਹਸਤਾਖਰ ਬਣ ਕੇ ਪੱਕਾ ਹੀ ਖੁਣਿਆ ਜਾਵੇਗਾ।ਇਸ ਗੀਤ ਦੀ ਅਸਥਾਈ ਵਿਚ ਹਿੱਕ ਅਤੇ ਦਿਲ ਸਿੰਬਲ ਵਰਤੇ ਗਏ। ਦਿਲ ਭਾਵੇਂ ਵੱਖੀ ਦੇ ਖੱਭੇ ਪਾਸੇ ਹੁੰਦਾ ਹੈ ਪਰ ਸ਼ਾਇਰੀ ਵਿਚ ਇਸਨੂੰ ਛਾਤੀ ਦੇ ਮੱਦ ਵਿਚ ਵਰਣਨ ਕੀਤਾ ਜਾਂਦਾ ਹੈ। ਗੀਤ ਵਿਚ ਅੱਗੇ ਜਾ ਕੇ ਮੈਂ ਲਿਖਣਾ ਸੀ ਕਿ ਊਧਮ ਸਿੰਘ ਡਾਇਰ ਦੀ ਹਿੱਕ ਵਿਚ ਗੋਲੀ ਮਾਰਦਾ ਹੈ। ਹਿੱਕ ਸ਼ਬਦ ਪਹਿਲਾਂ ਹੀ ਵਰਤਿਆ ਹੋਣ ਕਰਕੇ ਆਪਣੀ ਵਕੈਬਲਰੀ ਦਿਖਾਉਣ ਲਈ ਮੈਂ ਲਿੱਖ ਦਿੱਤਾ, ‘ਖਾਲੀ ਤੇਰੇ ਵਜੂਦ ਅੰਦਰ ਛੇ ਗੋਲੀਆਂ ਭਰਕੇ। ਕੈਂਘਸਟਨ ਹਾਲ ਲਿਜਾਊਂ ਵਿਚ ਕਿਤਾਬ ਦੇ ਧਰਕੇ। ਛਾਤੀ ਵਿਚ ਉਡਵਾਇਰ ਦੀ ਖਾਲੀ ਕਰਨਾ ਸਾਰਾ।’ ਇਕ ਅਲੰਕਾਰ ਤਿੰਨ ਵੱਖਰੇ ਰੂਪਾਂ ਵਿਚ ਵਰਤਿਆ ਗਿਆ ਤੇ ਗੀਤ ਦੀ ਖੂਬਸੂਰਤੀ ਬਣ ਗਈ।ਗੀਤ ਦੇ ਮੈਂ ਨੌਂ ਅੰਤਰੇ ਲਿਖੇ ਤੇ ਜਿਸ ਗੱਲ ਦਾ ਜ਼ਿਕਰ ਕਰਨ ਲਈ ਗੀਤ ਲਿਖਿਆ ਗਿਆ ਸੀ, ਉਹ ਫੇਰ ਰਹਿ ਗਈ। ਮੁੜਕੇ ਮੈਂ ਅੰਤਰਾ ਫਿੱਟ ਕੀਤਾ, ‘ਮੈਂ ਸੁਣਿਆ ਹੈ ਮਿਸ ਫਾਇਰ ਦੀ ਤੈਨੂੰ ਆਦਤ ਪੈ ਗਈ। ਮੇਰੀ ਆਸ ਉਮੀਦ ਤਾਂ ਤੇਰੇ ਤੱਕ ਹੀ ਰਹਿ ਗਈ। ਹੋਰ ਸਸ਼ਤਰ ਸੰਗ ਲਿਜਾਣ ਦਾ ਨਹੀਂ ਕੋਈ ਬਣਦਾ ਚਾਰਾ।’ ਇਥੇ ਵਰਣਨਯੋਗ ਹੈ ਕਿ ਇਸ ਗੀਤ ਵਿਚ ਭਾਰੀ ਭਰਕਮ ਅਤੇ ਸਾਹਿਤਕ ਸ਼ਬਦ ਐਸੇ ਵਰਤੇ ਹਨ ਜੋ ਆਮ ਲੋਕਾਂ ਨੇ ਕਬੂਲੇ ਹਨ। ਗੀਤ ਰਿਲੀਜ਼ ਕਰਕੇ ਪੂਰੇ ਇੰਗਲੈਂਡ ਵਿਚ ਮੈਂ ਖੁਦ ਡਿਸਟਰੀਬਿਊਸ਼ਨ ਕੀਤੀ ਤੇ ਵਿਡੀਉ ਬਣਾਉਣ ਲਈ ਸਕਰਿਪਟ ਲਿਖਣ ਲੱਗ ਪਿਆ। ਉਧਰੋਂ ਅੰਗਰੇਜ਼ ਨੂੰ ਫੈਨਾਂ ਦੇ ਫੋਨਾਂ ਦੀ ਝੜੀ ਲੱਗ ਗਈ।ਗੀਤ ਦਾ ਮਿਊਜ਼ਿਕ ਕਿਹੋ ਜਿਹਾ ਹੋਇਆ ਹੈ ਤੇ ਰਿਲੀਜ਼ ਕਦੋਂ ਹੋਇਆ ਹੈ? ਇਸ ਗੱਲ ਦਾ ਅੰਗਰੇਜ਼ ਨੂੰ ਵੀ ਪਤਾ ਨਹੀਂ ਸੀ ਕਿਉਂਕਿ ਸਾਡਾ ਸੰਪਰਕ ਨਹੀਂ ਸੀ ਹੋ ਸਕਿਆ।ਟੈਲੀਫੂਨ ਕਾਲਾਂ ਨੇ ਅੰਗਰੇਜ਼ ਨੂੰ ਵੀ ਕਮਲਾ ਕਰ ਛੱਡਿਆ ਸੀ।ਕਿਸੇ ਪ੍ਰਸੰਸਕ ਨੇ ਉਸਨੂੰ ਦੱਸਿਆ ਕਿ ਗਾਣਾ ਯੂ ਟਿਊਨ ਉੱਤੇ ਪੈ ਚੁੱਕਿਆ ਹੈ। ਅੰਗੇਰਜ਼ ਨੇ ਪਹਿਲੀ ਵਾਰ ਯੂ ਟਿਊਬ ’ਤੇ ਜਾ ਕੇ ਗਾਣਾ ਸੁਣਿਆ ਤੇ ਬਜਾਏ ਆਪਣੀ ਗਾਇਕੀ ਦੀ ਸਿਫਤ ਕਰਨ ਦੇ ਕਹਿਣ ਲੱਗਿਆ, “ਬਾਈ ਊਧਮ ਸਿੰਘ ਵਿਚ ਵੱਜਿਆ ਮਿਊਜ਼ਿਕ ਪੀਸ ਸੁਣ ਕੇ ਮੇਰੀ ਤਸੱਲੀ ਹੋ ਗਈ।”
ਊਧਮ ਸਿੰਘ ਦੇ ਅਸੀਂ ਕਵੈਂਟਰੀ ਬਲਦੇਵ ਮਸਤਾਨਾ ਜੀ ਦੇ ਸਟੂਡਿਉ ਵੋਕਲ ਕੀਤੇ ਤੇ ਵਾਪਸ ਬ੍ਰਮਿੰਘਮ ਨੂੰ ਆ ਰਹੇ ਸੀ। ਅੰਗਰੇਜ਼ ਕੁਝ ਚੁੱਪ ਜਿਹਾ ਨਜ਼ਰ ਆਇਆ। ਮੈਂ ਕਾਰਨ ਪੁੱਛਿਆ ਤਾਂ ਅੰਗਰੇਜ਼ ਕਹਿਣ ਲੱਗਾ, “ਬਲਰਾਜ ਯਾਰ ਆਪਣਾ ਊਧਮ ਸਿੰਘ ਮੇਰੇ ਕੋਲੋਂ ਉਨਾ ਵਧੀਆ ਨਹੀਂ ਗਾ ਹੋਇਆ, ਜਿੰਨਾ ਮੈਂ ਗਾ ਸਕਦਾਂ ਨਾਲੇ ਇਹ ਤੇਰੀ ਰਚਨਾ ਨਾਲ ਵੀ ਇੰਨਸਾਫ ਨਹੀਂ। ਆਪਾਂ ਇਹ ਗੀਤ ਦੁਬਾਰਾ ਕਰਦੇ ਹਾਂ ਤੇ ਨਾਲੇ ਇਹਦੇ ਨਾਲ ਕੌਮੈਂਟਰੀ ਵੀ ਲਾਉਂਦੇ ਹਾਂ।” 
ਮੈਂ ਕਿਹਾ ਠੀਕ ਹੈ, ਦੁਬਾਰਾ ਕਰ ਲੈਂਦੇ ਹਾਂ, ਪਰ ਕੌਮੈਂਟਰੀ ਦੀ ਜ਼ਰੂਰਤ ਨਹੀਂ। ਕਿਉਂਕਿ ਗੀਤ ਖੁਦ ਸਾਰੀ ਘਟਨਾ ਦੀ ਤਸਵੀਰਕਸ਼ੀ ਕਰਦਾ ਹੈ। ਇਕ ਵਾਰ ਅਮੀਰ ਖਾਨ ਨੇ ਆਪਣੀ ਮੁਲਾਕਤ ਵਿਚ ਸਰੋਤਿਆਂ ਤੇ ਪ੍ਰਭਾਵ ਪਾਉਣ ਲਈ ਕਹਿ ਦਿੱਤਾ ਕਿ ‘ਰਾਜਾ ਹਿੰਦੁਸਤਾਨੀ’ ਫਿਲਮ ਦੇ ਸ਼ਰਾਬ ਵਾਲੇ ਸੀਨ ਨੂੰ ਯਥਾਰਥਵਾਦੀ ਪੇਸ਼ ਕਰਨ ਲਈ ਉਸਨੇ ਜ਼ਿੰਦਗੀ ਵਿਚ ਪਹਿਲੀ ਵਾਰੀ ਸ਼ਰਾਬ ਪੀ ਕੇ ਦੇਖੀ। ਉਸ ਨੂੰ ਕੋਈ ਪੁੱਛੇ ਕਿ ‘ਮੰਗਲ ਪਾਂਡੇ’ ਦੇ ਫਾਂਸੀ ਵਾਲੇ ਸੀਨ ਵਿਚ ਵੀ ਕੀ ਉਹ ਪਹਿਲਾਂ ਸੱਚੀ ਫਾਂਸੀ ਚੜ੍ਹ ਕੇ ਦੇਖਦਾ ਹੈ। ਵਧੀਆ ਐਕਟਰ ਤਾਂ ਕਿਸੇ ਕਿਸਮ ਦੀ ਐਕਟਿੰਗ ਕਰਕੇ ਸਰੋਤੇ ਨੂੰ ਸੱਚ ਮੰਨਵਾ ਸਕਦਾ ਹੈ। ਉਹ ਗੀਤ ਹੀ ਕੀ ਹੋਇਆ ਜਿਹੜਾ ਅੱਖਾਂ ਮੂਹਰੇ ਤਸਵੀਰ ਨਾ ਖਿੱਚੇ। ਪਰ ਮੈਂ ਇਸ ਲਈ ਜ਼ਰੂਰ ਰਜ਼ਾਮੰਦ ਹੋ ਗਿਆ ਕਿ ਅੰਗਰੇਜ਼ੀ ਵਿਚ ਕੌਮੈਂਟਰੀ ਲਾਵਾਂਗੇ ਤਾਂ ਕਿ ਇਥੇ ਦੀ ਨਵੀਂ ਪਨੀਰੀ ਨੂੰ ਵੀ ਪਤਾ ਲੱਗੇ।
ਬਦਕਿਸਮਤੀ ਨਾਲ ਮੇਰੀਆਂ ਮਜਬੂਰੀਆਂ ਕਾਰਨ ਪ੍ਰੋਜੈਕਟ ਲੇਟ ਹੋ ਗਿਆ। ਇਸੇ ਦਰਮਿਆਨ ਯੂਨਿਕ ਸਾਊਂਡ ਵਾਲੇ ਡੀ ਜੇ ਨਿੱਕੂ ਨਾਲ ਸੰਪਰਕ ਹੋਇਆ ਮੈਂ ਗੀਤ ਚੁੱਕ ਕੇ ਨਿੱਕੂ ਨੂੰ ਦੇ ਦਿੱਤਾ। ਉਹਨਾਂ ਨੇ ‘ਦੀ ਐਲਬਮ’ ਵਿਚ ਜਦੋਂ ਜਾਰੀ ਕੀਤਾ ਤਾਂ ਵਿਡੀਉ ਦੀ ਬਜਾਏ ਇਕੱਲਾ ਪ੍ਰੋਮੋ ਹੀ ਸ਼ੂਟ ਕਰ ਹੋਇਆ। ਅਸੀਂ ਵਿਡੀਉ ਨਾ ਬਣਾ ਸਕੇ, ਪਰ ਲੋਕਾਂ ਨੇ ਘਰੇਲੂ ਕੈਮਰਿਆਂ ਨਾਲ ਆਪੇ ਹੀ ਬਣਾ ਬਣਾ ਕੇ ਵਿਡੀਉਆਂ ਯੂ ਟਿਊਬ ਉੱਤੇ ਪਾ ਦਿੱਤੀਆਂ। ਊਧਮ ਸਿੰਘ ਗੀਤ ਰਾਹੀਂ ਅੰਗਰੇਜ਼ ਨੇ ਇਹ ਧਾਰਨਾ ਵੀ ਝੁਠਲਾ ਕੇ ਦਿਖਾ ਦਿੱਤੀ ਕਿ ਮਹਿੰਗੀ ਵਿਡੀਉ ਬਣਾਉਣ ’ਤੇ ਹੀ ਲੋਕ ਗੀਤ ਸੁਣਦੇ ਹਨ।ਉਸ ਗੀਤ ਦੀ ਰਿਸਪੌਂਸ ਐਸੀ ਮਿਲੀ ਕਿ ਮੇਰਾ ਲਿਖਣਾ ਹੀ ਛੁੱਟ ਗਿਆ, ਹੁਣ ਮੈਂ ਸੋਚਣ ਲੱਗ ਪੈਂਦਾ ਹਾਂ ਕਿ ਹੁਣ ਮੈਨੂੰ ਵਧਿਆ ਹੀ ਲਿਖਣਾ ਪੈਣਾ।ਮੇਰੇ ਨਾਲ ਤਾਂ ਰਾਜ ਕਪੂਰ ਦੀਆਂ ਹੀਰੋਇਨਾਂ ਵਾਲੀ ਹੋਈ। ਮੰਦਾਕਣੀ ‘ਰਾਮ ਤੇਰੀ ਗੰਗਾ ਮੈਲੀ’ ਤੇ ਜ਼ੇਬਾ ਬਖਤਿਆਰ ‘ਹੀਨਾ’ ਤੋਂ ਬਾਅਦ ਖਤਮ ਹੋ ਗਈਆਂ।ਪਰ ਅੰਗਰੇਜ਼ ਦੇ ਕੈਰੀਅਰ ਲਈ ਇਹ ਗੀਤ ਅਗਲੀ ਪੁਲਾਘ ਸਾਬਤ ਹੋਇਆ ਹੈ।ਇਸ ਗੀਤ ਦਾ ਰਿਕਾਰਡ ਹੈ ਕਿ ਇਕ ਦਿਨ ਵਿਚ 167 ਫੋਨ ਕਾਲ ਆਇਆਂ ਕਿ ਗੀਤ ਮਿਲੂ ਕਿਥੋਂ? ਅੰਗਰੇਜ਼ ਇਸ ਗੀਤ ਦੇ ਜਾਰੀ ਕਰਨ ਵੇਲੇ ਕੈਨੇਡਾ ਵਿਚ ਸੀ ਉਸਨੂੰ ਜੋ ਪ੍ਰਸੰਸਕਾਂ ਨੇ ਦੁੱਭਰ ਕੀਤਾ ਉਹੀ ਦਸ ਸਕਦਾ ਹੈ। ਵਿਆਹਾਂ ਦੇ ਪ੍ਰੋਗਰਾਮਾਂ ਵਿਚ ਲੋਕ ਫਰਮਾਇਸ਼ ਕਰਕੇ ਪੰਜ ਪੰਜ ਵਾਰੀ ਉਸ ਗੀਤ ਨੂੰ ਸੁਣਦੇ ਹਨ।ਊਧਮ ਸਿੰਘ ਗੀਤ ਬਾਰੇ ਟਿਪਣੀ ਕਰਦਿਆਂ ਪੰਜਾਬੀ ਦੇ ਇਕ ਸਿਰਮੌਰ ਗੀਤਕਾਰ ਨੇ ਕਿਹਾ ਹੈ ਕਿ ਊਧਮ ਸਿੰਘ ’ਤੇ ਪਹਿਲਾਂ ਵੀ ਗੀਤ ਹੋਏ ਹਨ ਤੇ ਅੱਗੋਂ ਵੀ ਹੋਣਗੇ ਪਰ ਜਿਹੜਾ ਮੀਲਪੱਥਰ ਤੁਸੀਂ ਗੱਡ ਦਿੱਤਾ ਉਸ ਨੂੰ ਨਹੀਂ ਹਿਲਾ ਹੋਣਾ। ਹੁਣ ਉਸੇ ਗੀਤ ਨੂੰ ਦੁਬਾਰਾ ਅਮਨ ਹੇਅਰ ਕਰ ਰਿਹਾ ਹੈ।ਇਕ ਵਾਰ ਟੀਵੀ ਉੱਤੇ ਲਮਿੰਗਟਨ ਵਿਸਾਖੀ ਮੇਲੇ ਦਾ ਪ੍ਰਸਾਰਣ ਚੱਲ ਰਿਹਾ ਸੀ। ਅੰਗਰੇਜ਼ ਸਟੇਜ਼ ਉੱਤੇ ਗਾ ਰਿਹਾ ਸੀ। ਅੰਗਰੇਜ਼ ਗੀਤ ਪੂਰਾ ਕਰਕੇ ਕਹਿਣ ਲੱਗਿਆ, ਨੱਚਣ ਟੱਪਣ ਤਾਂ ਚੱਲਦਾ ਹੀ ਰਹਿਣਾ ਹੈ, ਹੁਣ ਇਕ ਗੀਤ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਜਿਨ੍ਹਾਂ ਦੀ ਬਦੌਲਤ ਅਸੀਂ ਇੰਗਲੈਂਡ ਵਿਚ ਵਿਸਾਖੀ ਮੇਲੇ ਮਨਾ ਰਹੇ ਹਾਂ।ਅੰਗਰੇਜ਼ ਨੇ ਊਧਮ ਸਿੰਘ ਗਾਇਆ ਤੇ ਗੀਤ ਨੂੰ ਹਜ਼ਾਰਾਂ ਸਰੋਤਿਆਂ ਦਾ ਪਿਆਰ ਮਿਲਦਾ ਦੇਖ ਕੇ ਭਾਵੁਕ ਹੋਏ ਤੋਂ ਮੈਥੋਂ ਆਪਣਾ ਰੋਣਾ ਨਾ ਰੋਕ ਹੋਇਆ।

ਮੇਰਾ ਇਕ ਹੋਰ ਗੀਤ ਅੰਗਰੇਜ਼ ਨੇ ਰਿਕਾਰਡ ਕਰਵਾਇਆ, ‘ਕਰੇ ਸਲਾਮਾ ਚੰਨ’। ਗੀਤ ਦੀ ਅਸਥਾਈ ਹੈ, ‘ਗਿੱਧੇ ਦੇ ਵਿਚ ਰੌਣਕ ਲਾਈ। ਨਵੀਂ ਨਕੋਰ ਜਿਹੀ ਬੋਲੀ ਪਾਈ। ਲੋਕੀ ਪੁੱਛਦੇ ਕੋਣ ਇਹ ਆਈ। ਸਾਰੇ ਗਏ ਤੈਨੂੰ ਮੰਨ ਨੀ। ਔਹ ਵੇਖ ਗੋਰੀਏ ਤੈਨੂੰ ਕਰੇ ਸਲਾਮਾਂ ਚੰਨ ਨੀ।’ ਇਸੇ ਹੀ ਗੀਤ ਵਿਚ ਅੱਗੇ ਜਾ ਕੇ ਅੰਤਰਾ ਆਉਂਦਾ ਹੈ, ‘ਨਸ਼ਾ ਜਿਹਾ ਵਿਚ ਤੇਰੇ ਨੈਣਾਂ। ਨਕਸ਼ਾਂ ਬਾਰੇ ਕੀ ਹੈ ਕਹਿਣਾ। ਗੋਰਾ ਰੰਗ ਹੁਸਨ ਦਾ ਗਹਿਣਾ। ਝੁੰਮਕੇ ਤੋ ਸੋਹਣੇ ਕੰਨ ਨੀ।’ ਇਹ ਪੜ੍ਹ ਕੇ ਅੰਗਰੇਜ਼ ਕਹਿਣ ਲੱਗਿਆ, “ਬਾਈ ਇਹ ਗਲਤੀ ਨਾਲ ਲਿਖਿਆ ਗਿਆ ਜਾਂ…?”
ਮੈਂ ਕਿਹਾ ਜਾਣਬੁੱਝ ਕੇ ਲਿਖਿਆ ਹੈ।ਪੰਜਾਬੀ ਗੀਤਕਾਰੀ ਵਿਚ ਇਕ ਦੋਸ਼ ਹੈ ਕਿ ਅਸੀਂ ਮੁਟਿਆਰ ਦੇ ਹੁਸਨ ਦੀ ਤਾਰੀਫ ਕਰਨ ਲੱਗੇ ਸੂਟਾਂ ਲਹਿੰਗਿਆਂ  ਦੀ ਇਸ਼ਤਿਆਰਬਾਜ਼ੀ ਕਰਨ ਲੱਗ ਪੈਂਦਾ ਹਾਂ। ਜੇ ਲਹਿੰਗਾ ਹੀ ਸੋਹਣਾ ਹੈ ਤੇ ਉਹ ਕਿਸੇ ਦੇ ਵੀ ਪਾਇਆ ਹੋਇਆ ਵੀ ਉਨਾ ਸੋਹਣਾ ਹੀ ਲੱਗੇਗਾ। ਕਿਸੇ ਹੋਰ ਮੁਟਿਆਰ ਅਤੇ ਤੁਹਾਡੀ ਮਹਿਬੂਬ ਵਿਚ ਅੰਤਰ ਕੀ ਹੋਇਆ? ਅੰਗਰੇਜ਼ ਕਹਿੰਦਾ ਇਹ ਗੱਲ ਠੀਕ ਹੈ। 
ਮੇਰੇ ਗੀਤ ਪੜ੍ਹਦਿਆਂ ਇਕ ਵਾਰ ਅੰਗਰੇਜ਼ ਨੇ ਇਕ ਗੀਤ ਕੱਢਿਆ, ‘ਭੀੜ ਪਈ ਤੇ ਯਾਦ ਕਰੇ ਤਾਂ ਭੁੱਲਗੇ ਉਹ ਪਿਆਰਾਂ ਨੂੰ। ਚਲੋ ਹੋਰ ਨਹੀਂ ਤਾਂ ਏਸ ਬਹਾਨੇ ਪਰਖ ਲਿਆ ਏ ਯਾਰਾਂ ਨੂੰ।’ ਅੱਗੇ ਅੰਤਰਾ ਆਉਂਦਾ ਹੈ, ‘ਇਕ ਦੁੱਖ ਮਗਰੇ ਬੰਦੇ ’ਤੇ ਡਿੱਗ ਪਏ ਪਹਾੜ ਕਈ ਦੁੱਖਾਂ ਦਾ। ਪਤਝੜ ਵਿਚ ਤਾਂ ਪੱਤੇ ਵੀ ਛੱਡ ਜਾਂਦੇ ਸਾਥ ਨੇ ਰੱਖਾਂ ਦਾ। ਫੁੱਲ ਫੱਲ ਵੀ ਫਿਰ ਆ ਲੱਗਦੇ ਨੇ ਆਪੇ ਹੀ ਫੇਰ ਬਹਾਰਾਂ ਨੂੰ।’ ਗੀਤ ਦੇ ਬਾਕੀ ਅੰਤਰੇ ਪੜ੍ਹ ਕੇ ਅੰਗਰੇਜ਼ ਕਹਿਣ ਲੱਗਿਆ, “ਬਾਈ ਆਹ ਗੀਤ ਕਰਦੇ ਆਂ। ਕਵੀਸ਼ਰੀ ਸਟਾਇਲ ਵਿਚ। ਲਿਆ ਦੱਸੀਏ ਲੋਕਾਂ ਨੂੰ ਪੋਇਟਰੀ ਕਿਹਨੂੰ ਕਹਿੰਦੇ ਹਨ।” ਉਹ ਗੀਤ ਅੰਗਰੇਜ਼ ਨੇ ਹੁਣ ਤੱਕ ਗਾਏ ਸਾਰੇ ਗੀਤਾਂ ਨਾਲੋਂ ਖੁੱਭ ਕੇ ਗਾਇਆ ਹੈ।
ਗੁਰੁ ਨਾਨਕ ਦੇਵ ਜਦੋਂ ਮੁਲਤਾਨ ਗਏ ਤਾਂ ਸਿੱਧਾ ਨਾਲ ਗੋਸ਼ਟੀ ਹੋਈ ਜਿਸ ਤੋਂ ਸਿੱਧ ਗੋਸ਼ਟ ਬਾਣੀ ਰਚੀ ਗਈ। ਸਿੱਧਾ ਨੇ ਉਹਨਾਂ ਮੂਹਰੇ ਦੁੱਧ ਦਾ ਕਟੋਰਾ ਨਕੋ-ਨਕ ਭਰਿਆ ਰੱਖ ਦਿੱਤਾ ਜੋ ਇਸ ਗੱਲ ਦਾ ਸੂਚਕ ਸੀ ਕਿ ਦੁੱਧ ਪਹਿਲਾਂ ਹੀ ਬਹੁਤ ਹੈ ਇਕ ਤੁਪਕਾ ਵੀ ਹੋਰ ਸਮਾ ਨਹੀਂ ਸਕਦਾ। ਭਾਵ ਇਥੇ ਅੱਗੇ ਹੀ ਮਹਾਤਮਾ ਫਕੀਰ ਹਨ ਤੇ ਤੁਹਾਡੇ ਲਈ ਕੋਈ ਸਥਾਨ ਨਹੀਂ। ਗੁਰੁ ਨਾਨਕ ਦੇਵ ਜੀ ਨੇ ਕਟੋਰੇ ਵਿਚ ਫੁੱਲ ਰੱਖ ਦਿੱਤਾ। ਦੁੱਧ ਡੁੱਲਿਆ ਨਾ ਤੇ ਫੁੱਲ ਤਰਦਾ ਰਿਹਾ। ਇਹ ਜਵਾਬ ਸੀ ਸਿੱਧਾ ਦੇ ਪ੍ਰਸ਼ਨ ਦਾ। ਅੰਗਰੇਜ਼ ਨੇ ਜਦੋਂ ਇੰਗਲੈਂਡ ਦੀ ਮਿਊਜਿਕ ਇੰਡਸਟਰੀ ਵਿਚ ਪੈਰ ਰੱਖਿਆ ਤਾਂ ਡੀ ਜੇ ਕਲਚਰ ਜ਼ੋਰਾਂ ’ਤੇ ਸੀ। ਇੰਗਲੈਂਡ ਵਿਚ ਨਵੇਂ ਗਾਇਕ ਦਾ ਪੈਰ ਰੱਖਣਾ ਸੌਖਾ ਨਹੀਂ ਸੀ। ਅੰਗਰੇਜ਼ ਨੇ ‘ਜਦ ਪੈਰ ਪੱਟਣ ਗੱਭਰੂ ਧਰਤੀ ਹਿੱਲਦੀ’ ਦਾ ਫੁੱਲ ਰੱਖਿਆ। ਜਿਸਦੀ ਪ੍ਰਸਿੱਧੀ ਦੀ ਬਦੌਲਤ ਅੱਜ ਹਰ ਡੀ ਜੇ ਵਾਲਾ ਉਸਦਾ ਗੀਤ ਕਰਨ ਨੂੰ ਫਿਰਦਾ ਹੈ। ਮੇਰੀ ਇਕ ਪੌਲਿਸ਼ ਫਰੈਂਡ ਹੁੰਦੀ ਸੀ ਤੇ ਮੇਰੇ ਨਾਲ ਹੀ ਕੰਮ ਕਰਦੀ ਸੀ। ਲੰਚ ਟਾਇਮ ਅਸੀਂ ਖਾਣਾ ਲੈਣ ਜਾਣਾ ਤਾਂ ਉਹਨੇ ਰੇਡੀਉ ਲਗਾ ਲੈਣਾ। ਮੇਰੀ ਗੱਡੀ ਵਿੱਚ ਏਸ਼ੀਅਨ ਰੇਡੀਉ ਲੱਗਿਆ ਹੋਣਾ ਤੇ ਇਤਫਾਕਨ ਇਕ ਦੋ ਵਾਰੀ ਅੰਗਰੇਜ਼ ਦਾ ਗਾਣਾ ‘ਜਦ ਪੈਰ ਪੱਟਣ ਗੱਭਰੂ।’ ਚੱਲਦਾ ਹੁੰਦਾ ਸੀ।ਗੀਤ ਸੁਣ ਕੇ ਨੈਟਲੀ ਮੈਨੂੰ ਪੁੱਛਣ ਲੱਗੀ ਕਿ ਇਹ ਕੌਣ ਸਿੰਗਰ ਹੈ? ਮੈਂ ਕਿਹਾ ਕਿ ਆਪਣਾ ਛੋਟਾ ਭਾਈ ਹੈ।ਉਹਨੇ ਮੈਥੋਂ ਗੀਤ ਦੀ ਸੀ. ਡੀ. ਮੰਗੀ। ਮੈਂ ਖਰੀਦ ਕੇ ਦਿੱਤੀ ਤੇ ਨੈਟਲੀ ਨੇ ਪੂਰਾ ਗੀਤ ਯਾਦ ਕਰ ਲਿਆ।
ਅੰਗੇਰਜ਼ ਨੇ ਅੱਜ ਇਹ ਮੁਕਾਮ ਹਾਸਿਲ ਕੀਤਾ ਹੈ ਤਾਂ ਇਸ ਦੇ ਪਿਛੇ ਉਸਦੀ ਤਪਸਿਆ ਹੈ। ਅੰਤਾਂ ਦੇ ਗਰੀਬੀ ਪਰਿਵਾਰ ਵਿਚ ਅੰਗਰੇਜ਼ ਦਾ ਜਨਮ ਮਨਸੂਰ ਦੇਵਾ ਤਹਿਸੀਲ ਜ਼ੀਰਾ ਜ਼ਿਲਾ ਫਿਰੋਜ਼ਪੁਰ ਵਿਖੇ ਹੋਇਆ। ਪਰ ਗਾਇਕੀ ਦਾ ਵਿਰਾਸਤੀ ਖਜ਼ਾਨਾ ਉਸ ਨੂੰ ਮਿਲ ਗਿਆ।ਨਿੱਕਾ ਹੁੰਦਾ ਜਦੋਂ ਉਹ ਬਾਲ ਸਭਾਵਾਂ ਵਿਚ ਗਾਉਂਦਾ ਤਾਂ ਉਹਦੇ ਅਧਿਆਪਕ ਰਵੀ ਕਾਂਤ ਸ਼ੁਕਲਾ ਉਸ ਨੂੰ ਸੁਣਕੇ ਅਕਸਰ ਕਹਿੰਦੇ ਕਿ ਤੂੰ ਤਰੱਕੀ ਬਹੁਤ ਕਰੇਂਗਾ। ਫਿਰ ਅੰਗਰੇਜ਼ ਢਾਡੀਆਂ ਨਾਲ ਗਾਉਣ ਲੱਗ ਪਿਆ।ਜੋ ਤਿਲ ਫੁੱਲ ਭੇਟਾਂ ਮਿਲਣੀ ਉਸੇ ਨਾਲ ਪਰਿਵਾਰ ਦਾ ਗੁਜ਼ਾਰਾ ਹੋਣਾ।ਇਸੇ ਸਮੇਂ ਦੌਰਾਨ ਉਸਨੂੰ ਅਮਰੀਕ ਤਲਵੰਡੀ ਦੀ ਸਰਪਰਸਤੀ ਮਿਲੀ। ਤਲਵੰਡੀ ਨੇ ਅੰਗਰੇਜ਼ ਨੂੰ ਕਮਰਸ਼ੀਅਲ ਗਾਇਕੀ ਵੱਲ ਆਉਣ ਲਈ ਪ੍ਰੇਰਿਆ ਤੇ ਮਿੱਠਾ ਸਿੰਘ ਵਡਾਲੀ ਤੋਂ ਸਿਖਲਾਈ ਦਿਵਾਈ। ਤਲਵੰਡੀ ਨੇ ਉਹਦਾ ਜਗਦੇਵ ਸਿੰਘ ਜਸੋਵਾਲ ਨਾਲ ਤਾਰੂਫ ਕਰਾਉਂਦਿਆਂ ਕਿਹਾ ਕਿ ਇਹ ਬੜੇ ਜਾਨਦਾਰ ਖੰਭਾਂ ਵਾਲਾ ਕਬੂਤਰ ਹੈ ਤਾਂ ਜਸੋਵਾਲ ਕਹਿੰਦਾ ਲਿਆਉ ਫਿਰ ਇਸਦੀ ਮੋਹਨ ਸਿੰਘ ਮੇਲੇ ਵਿਚ ਉਡਾਰੀ ਲਵਾਇਏ। ਕਲਾਕਾਰਾਂ ਦੀ ਭਰਮਾਰ ਵਿਚ ਉਸਨੂੰ ਨਵਾਂ ਹੋਣ ਕਰਕੇ ਬਹੁਤਾਂ ਗੌਲਿਆ ਨਾ ਗਿਆ। ਵੇਅਲ ਮੱਛੀਆਂ ਨੇ ਗੋਲਡ ਫਿਸ਼ ਨੂੰ ਨੇੜੇ ਨਾ ਲੱਗਣ ਦਿੱਤਾ। ਉਦੋਂ ਕਿਸੇ ਨੇ ਇਹ ਚਿਤਵਿਆ ਵੀ ਨਹੀਂ ਸੀ ਹੋਣਾ ਕਿ ਇਹੀ ਗੋਲਡ ਫਿਸ਼ ਕਦੇ ਡੌਲਫਿਨ ਬਣ ਕੇ ਇੰਗਲੈਂਡ, ਕਨੇਡਾ, ਅਮਰੀਕਾ ਦੇ ਸੰਗੀਤ ਸਾਗਰਾਂ ਵਿਚ ਤਾਰੀਆਂ ਲਾਵੇਗੀ।
ਉਸ ਤੋਂ ਉਪਰੰਤ ਅੰਗਰੇਜ਼ ਨੇ ਹੋਰ ਮੇਲਿਆਂ ਵਿਚ ਹਾਜ਼ਰੀ ਲਵਾਈ। ਡੈਨਮਾਰਕ ਮੇਲੇ ਵਿਚ ਅੰਗਰੇਜ਼ ਨੇ ਜਦੋਂ ਆਪਣੀ ਬੁਲੰਦ ਅਵਾਜ਼ ਵਿਚ ਗਾਇਆ ਤਾਂ ਲੋਕ ਜੱਸੋਵਾਲ ਨੂੰ ਪੁੱਛਣ ਲੱਗ ਪਏ ਕਿ ਇਹ ਹੀਰਾ ਕਿਥੋਂ ਲੱਭਿਆ ਹੈ? ਤੇ ਫੇਰ ਅੰਗਰੇਜ਼ ਜੱਸੋਵਾਲ ਦੇ ਘਰ ਤਿੰਨ ਸਾਲ ਰਿਹਾ।ਇਥੇ ਰਹਿੰਦਿਆਂ ਇਸਨੇ ਜਸਵੰਤ ਭੰਮਰੇ ਦੀ ਸ਼ਾਗਿਰਦੀ ਕੀਤੀ। ਗਾਇਕੀ ਦੀਆਂ ਬਰੀਕੀਆਂ ਸਿੱਖੀਆਂ। ਉਹਦੀ ਟੇਪਾਂ ਪ੍ਰੋਗਰਾਮਾਂ ਦਾ ਸਿਲਸਿਲਾ ਸ਼ੁਰੂ ਹੋਇਆ, ਜਿਨ੍ਹਾਂ ਦੀ ਸੂਚੀ ਇਸ ਪ੍ਰਕਾਰ ਹੈ:-
ਤਿਖੇ ਨੈਣਾਂ ਵਾਲੀਏ 
ਕੋਕੇ ਦੇ ਲਿਸ਼ਕਾਰੇ
ਨੈਣ ਕੁਆਰੇ
ਹੁਸਨ ਵਾਲੇ
ਮੁੰਡਾ ਸ਼ੌਂਕੀ
ਜਦ ਪੈਰ ਪੱਟਣ ਗੱਭਰੂ (ਗਰਾਂਉਂਡ ਸ਼ੇਕਰ 1)
ਦੋ ਗੀਤ (ਗਰਾਂਉਂਡ ਸ਼ੇਕਰ 2)
ਇਕ ਦਿਨ
ਊਧਮ ਸਿੰਘ ਧੋਖਾ (ਦੀ ਐਲਬਮ)
ਨੱਚਦੀ ਦੇ ਅਤੇ ਕਰੇ ਸਲਾਮਾਂ ਚੰਨ (ਕਰੂਜ਼ ਕੰਟਰੋਲ ਯਾਰੀ)
ਨੱਚਦੀ ਦੇ
ਜਾਨ ਨੀ ਪਿਆਰੀ ਲੱਗਦੀ (ਬਰੇਵਹਾਰਟ)
ਇਕ ਵਾਰ ਮੈਂ ਤੇ ਅੰਗਰੇਜ਼ ਸਟਾਰਸਿਟੀ ਫਿਲਮ ਦੇਖਣ ਗਏ। ਉਥੇ ਇਕ ਮਹਾਨ ਸ਼ਖਸੀਅਤ ਨੂੰ ਦੇਖ ਕੇ ਅੰਗਰੇਜ਼ ਮੈਨੂੰ ਕਹਿੰਦਾ ਯਾਰ ਇਹਨੂੰ ਪੁੱਛ ਇਹਦੇ ਨਾਲ ਫੋਟੋ ਖਿਚਵਾਉਣ ਨੂੰ ਦਿਲ ਕਰਦੈ।ਉਸ ਵੇਲੇ ਸੁਭਾਵਿਕ ਹੀ ਮੇਰੇ ਮੂੰਹੋਂ ਨਿਕਲ ਗਿਆ ਕਿ ਅੰਗਰੇਜ਼ ਪੁੱਛਣ ਦੀ ਨਹੀਂ ਲੋੜ। ਅਜੇ ਵਕਤ ਨਹੀਂ ਆਇਆ।ਇਕ ਟਾਇਮ ਆਊਗਾ, ਜਦੋਂ ਲੋਕ ਆਪ ਤੈਨੂੰ ਤੇਰੇ ਨਾਲ ਫੋਟੋ ਖਿਚਵਾਉਣ ਲਈ ਕਿਹਾ ਕਰਨਗੇ।ਅੱਜ ਉਹ ਗੱਲ ਸੱਚ ਹੋ ਗਈ ਹੈ।ਉਹ ਸਟਾਰ ਬਣ ਗਿਆ ਹੈ। ਤੇ ਲੋਕ ਉਹਦੇ ਨਾਲ ਚਾਅ ਨਾਲ ਫੋਟੋ ਖਿਚਵਾਉਂਦੇ ਹਨ।
ਮੈਂ ਫਿਰ ਇੰਡੀਆ ਗਿਆ ਤੇ ਪਤਾ ਚਲਿਆ ਅੰਗਰੇਜ਼ ਦਾ ਨਿਕਾਹ ਹੋ ਗਿਆ ਹੈ। ਮੈਂ ਸੋਚਿਆ ਵਧਾਈਆਂ ਦੇ ਚਲੀਏ। ਇਤਫਾਕਵਸ ਮੈਂ ਦੁੱਗਰੀ ਦੇ ਕੋਲ ਸੀ।ਅੰਗਰੇਜ਼ ਉੱਡ ਕੇ ਤਪਾਕ ਨਾਲ ਮਿਲਿਆ।ਮੈਨੂੰ ਬੈਠਕ ਵਿਚ ਬੈਠਾ ਕੇ ਵਿਆਹ ਦੀ ਐਲਬਮ ਦੇ ਕੇ ਖਾਣ ਪੀਣ ਦਾ ਬੰਦੋਬਸਤ ਕਰਨ ਚਲਾ ਗਿਆ। ਮੈਂ ਕਾਹਲੀ ਕਾਹਲੀ ਪੰਨਾ ਗਰਦੀ ਕਰਕੇ ਐਲਬਮ ਰੱਖ ਦਿੱਤੀ। ਅੰਗਰੇਜ਼ ਆਇਆ ਤਾਂ ਕਹਿਣ ਲੱਗਾ ਫੋਟੋ ਦੇਖੋ। ਮੈਂ ਕਿਹਾ ਮੈਂ ਦੇਖ ਲਈਆਂ ਤਾਂ ਅੰਗਰੇਜ਼ ਆਖਣ ਲੱਗਾ ਇਸ ਤਰ੍ਹਾਂ ਨਹੀਂ ਹੋ ਸਕਦਾ। ਸਾਡਾ ਟਾਇਮ ਮਿਣਿਆ ਹੋਇਐ ਐਲਬਮ ਦੇਖਣ ਨੂੰ ਪੂਰਾ ਅੱਧਾ ਘੰਟਾ ਲਗਦਾ ਹੈ।ਮੈਂ ਛਿੱਥਾ ਜਿਹਾ ਪੈ ਗਿਆ। ਦਰਅਸਲ ਮੈਂ ਆਪਣੇ ਜਲਦੀ ਵਿਚ ਹੋਣ ਦਾ ਕਾਰਨ ਦੱਸਿਆ ਤੇ ਫਿਰ ਮਿਲਣ ਦਾ ਵਾਅਦਾ ਕਰਕੇ ਉਥੋਂ ਆ ਗਿਆ।
ਕੁਝ ਦਿਨ ਬਾਅਦ ਅੰਗਰੇਜ਼ ਨੇ ਮੈਨੂੰ ਦਾਅਵਤ ਕੀਤੀ। ਅਸੀਂ ਬਸੰਤ ਰੈਸਟੋਰੈਂਟ ਵਿਚ ਬੈਠ ਕੇ ਖਾਣਾ ਖਾਧਾ। ਯਾਦਾਂ ਸਾਂਝੀਆਂ ਕੀਤੀਆਂ। ਮੈਂ ਗੀਤ ਛੇਤੀ ਜਾਰੀ ਕਰਨ ਦਾ ਵਾਅਦਾ ਕੀਤਾ। ਗੁਰਪ੍ਰੀਤ ਲੰਡੇਕੇ ਇੰਡੀਆ ਤੋਂ ਆ ਕੇ ਦੱਸਣ ਲੱਗਾ ਕਿ ਉਸਦੀ ਅੰਗਰੇਜ਼ ਨੇ ਚੰਗੀ ਖਾਤਰਦਾਰੀ ਕੀਤੀ। ਅੰਗਰੇਜ਼ ਵਿਚ ਚਮਕੀਲੇ ਵਾਂਗ ਅੰਤਾਂ ਦੀ ਨਰਮਾਈ ਹੈ।ਮਿਲਾਪੜਾ ਸੁਭਾਅ ਹੈ। ਜਿਸਦੀ ਬਦੌਲਤ ਉਹਦੇ ਦੋਸਤਾਂ ਦੀ ਲਿਸਟ ਬਹੁਤ ਲੰਮੀ ਹੈ।ਅੰਗਰੇਜ਼ ਜਦੋਂ ਢਾਡੀਆਂ ਨਾਲ ਗਾਉਣ ਜਾਂਦਾ ਹੁੰਦਾ ਸੀ ਤਾਂ ਕੁੜਤਾ ਪੰਜਾਮਾ ਵੀ ਦੋਸਤ ਕੋਲ ਮੰਗ ਕੇ ਲਿਜਾਂਦਾ ਹੁੰਦਾ ਸੀ।ਫੇਰ ਪਹਿਲੀ ਟੇਪ ਵੀ ਉਹਦੀ ਦੋਸਤਾਂ ਨੇ ਹੀ ਕੀਤੀ। ਹੁਣ ਜਦੋਂ ਇਕ ਵਾਰ ਗੀਤ ਦੀ ਵਿਡੀਉ ਬਣਾਉਣ ਦਾ ਵੇਲਾ ਆਇਆ ਤਾਂ ਦੋਸਤਾਂ ਨੇ ਕਿਹਾ ਚੱਕ ਦਸ ਲੱਖ ਬਣਾ ਵਿਡੀਉ।ਇਹਨਾਂ ਹੀ ਦੋਸਤਾਂ ਨੂੰ ਸਮਰਪਿਤ ਉਸ ਨੇ ਦਵਿੰਦਰ ਧੂੜਕੋਟ ਦਾ ਗੀਤ ਕੀਤਾ, ‘ਫੱਟੇ ਚੱਕ ਦੇਣਗੇ ਨੀ, ਸੁੱਖ ਨਾਲ ਮਿੱਤਰਾਂ ਦੇ ਯਾਰ ਬੜੇ।’
ਪਿਛਲੇ ਸਾਲ ਅੰਗਰੇਜ਼ ਫਿਰ ਇੰਗਲੈਂਡ ਆਇਆ ਤਾਂ ਸੁਖਜੀਤ ਥਾਂਦੀ ਮੈਨੂੰ ਕਹਿਣ ਲੱਗਾ ਅੰਗਰੇਜ਼ ਤੇਰਾ ਨੰਬਰ ਮੰਗਦਾ ਸੀ। ਮੈਂ ਕਿਹਾ ਛੱਡ ਯਾਰ ਨਾ ਤਾਂ ਉਹ ਰਾਜੇ ਰਹੇ ਨੇ ਤਾਂ ਨਾ ਪਰਜਾ। ਹੁਣ ਅੰਗਰੇਜ਼ ਸਟਾਰ ਬਣ ਗਿਆ।ਉਹਦੇ ਕੋਲ ਆਪਣੇ ਲਈ ਸਮਾਂ ਨਹੀਂ ਹੋਣਾ।
ਅੰਗਰੇਜ਼ ਨੇ ਸੁਰਿੰਦਰ ਸੰਘੇ ਦੀ ਐਲਬਮ ਵਿਚ ਇਕ ਗੀਤ ਕੀਤਾ ‘ਜਾਨ ਨੀ ਪਿਆਰੀ ਲੱਗਦੀ’। ਉਸਦੇ ਸਿਲਸਲੇ ਵਿਚ ਅੰਗਰੇਜ਼ ਸੰਘੇ ਦੇ ਘਰ ਆਇਆ। ਸੰਘਾ ਕਹਿਣ ਲੱਗਾ ਅੰਗਰੇਜ਼ ਆਇਆ ਹੋਇਆ ਤੈਨੂੰ ਮਿਲਣਾ ਚਾਹੁੰਦਾ। ਆਜਾ ਘਰੇ ਬੈਠਦੇ ਹਾਂ।ਮੈਂ, ਸੁਖਜੀਤ ਥਾਂਦੀ, ਮੰਨਾ ਢਿੱਲੋਂ ਅਤੇ ਦੋ ਚਾਰ ਹੋਰ ਬੰਦੇ ਜਿਨ੍ਹਾਂ ਦੇ ਮੈਨੂੰ ਨਾਮ ਨਹੀਂ ਯਾਦ ਇਕੱਠੇ ਹੋਏ। ਲਤੀਫਾਬਾਜ਼ੀ, ਗਾਉਣ ਵਜਾਉਣ ਅਤੇ ਗੱਲਾਂਬਾਤਾਂ ਦੀ ਸੋਹਣੀ ਮਹਿਫਲ ਲੱਗੀ। ਕਦੋਂ ਤਿੰਨ ਵੱਜ ਗਏ ਸਾਨੂੰ ਪਤਾ ਹੀ ਨਾ ਚੱਲਿਆ। ਮੁਦਤਾਂ ਉਪਰੰਤ ਮੈਂ ਖੁੱਲਕੇ ਹੱਸਿਆ ਸੀ ਉਦਣ। ਅੰਗਰੇਜ਼ ਦੀ ਮਿਲਣੀ ਵਿਚ ਉਹੀ ਪਹਿਲਾਂ ਵਾਲਾ ਨਿੱਘ ਸੀ। ਅਫਰੇਵਾਂ ਤੇ ਆਕੜਾਂ ਤੋਂ ਰਹਿਤ, ਪਹਿਲਾਂ ਵਰਗਾ।ਇਸ ਮਿਲਣੀ ਵਿਚ ਅੰਗਰੇਜ਼ ਮੈਨੂੰ ‘ਬਾਬਾ’ ਆਖ ਕੇ ਸੰਬੋਧਨ ਕਰਨ ਲੱਗ ਪਿਆ ਸੀ। ਮੈਂ ਅੰਗਰੇਜ਼ ਨੂੰ ਕਿਹਾ ਕਿ ਆਪਣੀ ਉਮਰ ਦਾ ਇਕ ਦੋ ਸਾਲ ਦਾ ਫਰਕ ਹੈ ਤੇ ਤੂੰ ਮੈਨੂੰ ‘ਬਾਬਾ’ ਕਿਉਂ ਆਖ ਰਿਹਾ ਹੈਂ? ਅੰਗਰੇਜ਼ ਕਹਿੰਦਾ ਰਾਈਟਰ ਤਾਂ ਬਹੁਤ ਮਿਲਦੇ ਰਹਿੰਦੇ ਹਨ ਪਰ ਤੇਰੀ ਉਮਰ ਵਿਚ ਤੇਰੇ ਜਿੰਨੀ ਨੌਲਿਜ਼ ਕਿਸੇ ਕੋਲ ਨ੍ਹੀਂ ਦੇਖੀ। ਤੂੰ ਤਾਂ ਬਹਿਸ ਕਰਨ ਲੱਗਿਆਂ ਵੱਡੇ ਵੱਡਿਆਂ ਦੀਆਂ ਗੋਡਣੀਆਂ ਲਵਾ ਦਿੰਦਾ ਹੈਂ। ਏਸ ਲਈ ਸਤਿਕਾਰ ਨਾਲ ਤੈਨੂੰ ‘ਬਾਬਾ’ ਆਖ ਕੇ ਬੁਲਾਇਆ ਕਰਨਾ ਹੈ।
ਮੈਂ ਅੰਗਰੇਜ਼ ਨੂੰ ਕਿਹਾ ਤੂੰ ਸੋਹਣੇ ਪੱਤੇ ਖੇਡੇ ਹਨ ਤੇ ਸਾਰੇ ਸਿੱਧੇ ਪਏ ਹਨ। ਜਦ ਪੈਰ ਪੱਟਣ ਗੱਭਰੂ, ਨੀ ਤੂੰ ਸਾਡੇ ਨਾਲ ਕੀਤੀ ਬੜੇ ਹਿਸਾਬ ਨਾਲ ਕੀਤੀ, ਧੋਖਾ ਕਰ ਜਾਏ ਯਾਰ ਤਾਂ ਪੀਣੀ ਪੈਂਦੀ ਐ, ਸਾਰੀ ਰਾਤ ਨੱਚਦੀ ਰਹੂੰ, ਕਬੱਡੀ, ਫੱਟੇ ਚੁੱਕ ਦੇਣਗੇ ਨੀ ਸੁੱਖ ਨਾਲ ਮਿੱਤਰਾਂ ਦੇ ਯਾਰ ਬੜੇ ਆਦਿ ਉਹਦੇ ਸਾਰੇ ਹੀ ਗੀਤ ਅਜਿਹੇ ਹਨ ਜੋ ਸਮੂਚੇ ਸਰੋਤਾ ਵਰਗ ਨੂੰ ਕਲਾਵੇ ਵਿਚ ਨਾ ਲੈ ਕੇ ਵਿਸ਼ੇਸ਼ ਵਰਗ ਤੱਕ ਸੀਮਿਤ ਰਹਿੰਦੇ ਹਨ। ਪਰ ਫੇਰ ਵੀ ਸਮੁੱਚੇ ਵਰਗ ਵੱਲੋਂ ਸਵਿਕਾਰੇ ਗਏ ਹਨ ਤੇ ਹਰ ਪ੍ਰਕਾਰ ਦੇ ਸਰੋਤਿਆਂ ਨਾਲ ਉਸਦਾ ਘੇਰਾ ਵਿਸ਼ਾਲ ਹੋਇਆ ਹੈ। ਇਸ ਤਜ਼ਰਬੇ ਨਾਲ ਇਹ ਗੱਲ ਤਾਂ ਸਪਸ਼ਟ ਹੋ ਗਈ ਕਿ ਲੰਬੇ ਸਮੇਂ ਤੱਕ ਸਰੋਤਿਆਂ ਦੇ ਦਿਲਾਂ ‘ਤੇ ਰਾਜ਼ ਕਰਨ ਲਈ ਹਰ ਵਰਗ ਲਈ ਕੁਝ ਨਾ ਕੁਝ ਕਰਨ ਦੀ ਲੋੜ ਹੈ ਉਸ ਲਈ ਵਕਫੇ ਦੀ ਲੋੜ ਹੈ। ਇਕੋ ਕੈਸਿਟ ਵਿਚ ਵੰਨਗੀ ਵਾਲਾ ਮੈਟਰ ਪਾ ਕੇ ਅਜਿਹਾ ਨਹੀਂ ਕੀਤਾ ਜਾ ਸਕਦਾ। ਹੁਣ ਅੰਗਰੇਜ਼ ਉਸ ਮੌਕਾਮ ’ਤੇ ਖੜਾ ਹੈ ਜਿੱਥੇ ਉਸਨੂੰ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਗੀਤ ਕਰਨਾ ਚਾਹੀਦਾ ਹੈ। ਉਹਦੇ ਸਾਰੇ ਗੀਤ ਹਿੱਟ ਰਹੇ ਤੇ ਸਰੋਤੇ ਉਸਦੇ ਆਉਣ ਵਾਲੇ ਗੀਤ ਦਾ ਜਿਥੇ ਇੰਤਜ਼ਾਰ ਕਰਦੇ ਹਨ ਉਥੇ ਗਾਇਕ ਸੋਚਦੇ ਹਨ ਕਿ ਅਗਲਾ ਬੰਬ ਕਿਹੜਾ ਸੁੱਟੇਗਾ।
ਕਬੱਡੀ ਉੱਤੇ ਅਨੇਕਾਂ ਗੀਤਕਾਰਾਂ ਤੇ ਗਾਇਕਾਂ ਨੇ ਗੀਤ ਕੀਤੇ ਹਨ। ਲੇਕਿਨ ਅੰਗੇਰਜ਼ ਦਾ ਗੀਤ ਸਭ ਤੋਂ ਪਹਿਲਾ ਸੀ ਜਿਸ ਵਿਚ ਕਬੱਡੀ ਖਿਡਾਰੀਆਂ ਦੇ ਐਨੀ ਖੂਬਸੂਰਤੀ ਨਾਲ ਨਾਮ ਫਿੱਟ ਕੀਤੇ ਗਏ ਹਨ ਕੇ ਕੋਈ ਵੀ ਨਾਮ ਅੱਖਰਦਾ ਨਹੀਂ।
ਮੈਂ ਤੇ ਅੰਗਰੇਜ਼ ਬ੍ਰਮਿੰਘਮ ਸਿਟੀ ਸੈਂਟਰ ਚਾਇਨਾ ਟਾਉਨ ਵਿਖੇ ਰੈਂਸਟੋਰੈਂਟ ਵਿਚ ਬੈਠੇ ਸੀ।ਅੰਗਰੇਜ਼ ਪੱਕਾ ਵੈਸ਼ਨੂੰ ਤੇ ਖਾਣ ਪੀਣ ਵਿਚ ਬੜੀ ਇਤਿਆਤ ਰੱਖਦਾ ਹੈ। ਸਾਡੇ ਸਾਹਮਣੇ ਇਕ ਗੋਰੀ ਲੜਕੀ ਬੈਠੀ ਸੀ।ਉਹਦੀਆਂ ਨੀਲੀਆਂ ਅੱਖਾਂ ਦੇਖ ਕੇ ਅੰਗਰੇਜ਼ ਕਹਿੰਦਾ ਬਾਈ ਕੁੜੀ ਦੀਆਂ ਅੱਖਾਂ ਕਿੰਨੀਆਂ ਪਿਆਰੀਆਂ ਨੇ? ਮੈਂ ਦੇਖ ਕੇ ਕਿਹਾ ਹਾਂ ਯਾਰ ਟਾਇਟੈਨੀਕ ਜਹਾਜ਼ ਵਾਂਗੂੰ ਇਹਨਾਂ ’ਚ ਡੁੱਬਣ ਨੂੰ ਜੀਅ ਕਰਦੈ। ਐਨੇ ਨੂੰ ਉਹ ਲੜਕੀ ਆਪਣੀ ਕੌਫੀ ਖਤਮ ਕਰਕੇ ਉੱਠੀ ਤੇ ਵਾਕਿੰਗ ਸਟਿੱਕ ਦੇ ਸਹਾਰੇ ਤੁਰਦੀ ਦੇਖ ਕੇ ਮੇਰੀਆਂ ਅੱਖਾਂ ਹੈਰਾਨੀ ਨਾਲ ਅੱਡੀਆਂ ਰਹਿ ਗਈਆਂ। ਅੰਗਰੇਜ਼ ਮੇਰੀ ਹੈਰਾਨੀ ਦਾ ਕਾਰਨ ਪੁੱਛਣ ਲੱਗਾ। ਮੈਂ ਦੱਸਿਆ, “ਤੈਨੂੰ ਪਤੈ ਉਹ ਕੁੜੀ ਅੰਨੀ ਹੈ?”

“ਨਹੀਂ।” ਕਹਿ ਕੇ ਅੰਗਰੇਜ਼ ਵੀ ਉਦਾਸ ਜਿਹਾ ਹੋ ਗਿਆ। ਇਸ ਘਟਨਾ ਨੇ ਮੇਰੇ ਮਨ ’ਤੇ ਗਹਿਰਾ ਅਸਰ ਕੀਤਾ ਤੇ ਮੈਂ ਇਕ ਗੀਤ ਲਿਖਿਆ, ‘ਧਿਆਨ ਨਾਲ ਬਸ ਤੱਕਦੇ ਰਹਿਣਾ। ਇਕ ਸ਼ਬਦ ਨਾ ਮੁੱਖੋਂ ਕਹਿਣਾ। ਜ਼ੁਬਾਨ ਤੇਰੀ ਜੋ ਕਹਿੰਦੀ ਨਾ, ਗੱਲ ਉਹੀਓ ਕਹਿਣ। ਤੇਰੇ ਨੈਣ ਸੋਹਣੀਏ ਨੀ ਤੇਰੇ ਨੈਣ।’ ਗੀਤ ਪੂਰਾ ਕਰਕੇ ਮੈਂ ਅੰਗੇਰਜ਼ ਨੂੰ ਸੁਣਇਆ ਤਾਂ ਉਹ ਕਹਿਣ ਲੱਗਾ, “ਆ ਚੱਲ, ਅੱਜੇ ਰਿਕਾਰਡ ਕਰਦੇ ਹਾਂ।” ਅਸੀਂ ਉਸੇ ਵਕਤ ਜਾ ਕੇ ਸਟੂਡਿਉ ਵਿਚ ਰਿਕਾਰਡ ਕਰਵਾ ਦਿੱਤਾ। ਉਹੀ ਗੀਤ ਕਾਫੀ ਦੇਰ ਮੇਰੇ ਕੋਲ ਪਿਆ ਰਿਹਾ ਤੇ ਮੈਨੂੰ ਵੀ ਯਾਦ ਭੁੱਲ ਗਿਆ।ਇਕ ਦਿਨ ਲਿਮਿਟਲੈੱਸ ਰਿਕਾਡਿੰਗ ਕੰਪਨੀ ਵਾਲਾ ਬੌਬੀ ਬਸਰਾ ਮੇਰੇ ਕੋਲ ਪੰਜਾਬੀ ਬਾਏ ਨੇਚਰ ਦੀ ਅਗਲੀ ਟੇਪ ਲਈ ਗੀਤ ਲੈਣ ਆਇਆ ਤਾਂ ਲੈਪਟੌਪ ਵਿਚੋਂ ਮੈਨੂੰ ‘ਨੈਣਾਂ’ ਵਾਲਾ ਗੀਤ ਲੱਭ ਗਿਆ।ਗੀਤ ਸੁਣ ਕੇ ਬੌਬੀ ਝੂਮਦਾ ਹੋਇਆ ਕਹਿਣ ਲੱਗਿਆ, “ਮੈਂ ਕਰਨਾ ਇਹ ਗੀਤ। ਪੈਸੇ ਬੋਲ ਕਿੰਨੇ ਚਾਹੀਦੇ ਨੇ?” ਮੈਂ ਗੀਤ ਉਸਨੂੰ ਦੇ ਦਿੱਤਾ।
ਡੀ ਜੇ ਨਿੱਕੂ ਮੇਰੇ ਕੋਲ ਆਪਣੀ ਅਗਲੀ ਟੇਪ ਲਈ ਗੀਤ ਲੈਣ ਆਇਆ ਜੋ ਉਹ ਸਿੰਗਲ ਰਿਲੀਜ਼ ਕਰਨਾ ਚਾਹੁੰਦਾ ਸੀ।ਮੈਂ ਉਸਨੂੰ ਕਿਹਾ ਕਿ ਮੇਰਾ ‘ਨੱਚਦੀ’ ਗੀਤ ਹਿੱਟ ਹੋ ਗਿਆ ਤੇ ਮੈਂ ਆਪਣੀ ਕੀਮਤ ਵਧਾ ਦਿੱਤੀ ਹੈ।ਉਹ ਕਹਿੰਦਾ ਗੀਤ ਤੇਰਾ ਹੀ ਲੈਣਾ ਹੈ। ਬੋਲ ਕਿੰਨੇ ਪੈਸੇ ਚਾਹੀਦੇ ਹਨ?
ਮੈਂ ਡੀਲ ਡੰਨ ਕਰਕੇ ਪੁੱਛਿਆ ਕਿ ਗੀਤ ਕਿਹੋ ਜਿਹਾ ਚਾਹੀਦਾ ਹੈ ਤਾਂ ਉਹ ਕਹਿਣ ਲੱਗੇ, “ਪਹਾੜੀ ਰਾਗ ਵਿਚ ਤਰਜ਼ ਬਣਨੀ ਚਾਹੀਦੀ ਹੈ।ਆਹ ਚੁੱਕ ਬੀਟ। 90 ਤੋਂ ਥੱਲੇ ਟੈਪੋ ਨਾ ਹੋਵੇ। ਖਾੜਕੂਵਾਦੀ ਗੀਤ ਹੋਵੇ ਨਾਲੇ ਰੋਮੈਟਿਕ ਵੀ ਹੋਵੇ।ਡਾਂਸ ਨੰਬਰ ਹੋਵੇ। ਨੱਚਣ ਬਾਰੇ ਵੀ ਜ਼ਿਕਰ ਹੋਵੇ।ਜੋ ਨਿਰਮਲ ਸਿੱਧੂ ਦੀ ਪਿੱਚ ਦਾ ਹੋਵੇ।”
ਇਹ ਸੁਣ ਕੇ ਮੈਂ ਸੋਚੀ ਪੈ ਗਿਆ ਬਈ ਇਹੋ ਜਿਹਾ ਕਿਹੜਾ ਗੀਤ ਬਣੂਗਾ।ਦੋ ਤਿੰਨ ਦਿਨ ਮੈਂ ਹਰਮੋਨੀਅਮ ’ਤੇ ਪਹਾੜੀ ਰਾਗ ਵਜਾਉਂਦਾ ਰਿਹਾ, ਪਰ ਕੋਈ ਗੱਲ ਨਾ ਬਣੀ। ਐਨੇ ਨੂੰ ਅੰਗਰੇਜ਼ ਦਾ ਫੋਨ ਆ ਗਿਆ। ਉਹ ਕਹਿੰਦਾ, “ਬਾਬਾ ਉਦਣ ਮਹਿਫਲ ਵਿਚ ਬਹੁਤ ਮਜ਼ਾ ਆਇਆ। ਕਿਸੇ ਦਿਨ ਫੇਰ ਉਹੇ ਜਿਹੀ ਮਹਿਫਲ ਲਾਉਣੀ ਹੈ।” ਗੱਲਬਾਤ ਕਰਨ ਬਾਅਦ ਫੋਨ ਰੱਖਿਆ ਤਾਂ ਜਦੇ ਗੀਤ ਅਹੁੜ ਗਿਆ। ‘ਕਰਕੇ ਯਾਰ ਬੇਲੀ ਸਭ ਕੱਠੇ ਤੇ ਇਕ ਮਹਿਫਲ ਲਾਉਣੀ ਏ। ਤੇਰੇ ਨਾਂ ’ਤੇ ਨਖਰੇਲੋ ਹਰ ਇਕ ਬੋਲੀ ਪਾਉਣੀ ਏ। ਦੇਖ ਲਵਾਂਗੇ ਤਾਕਤ ਕਿਹੜੀ ਸਾਨੂੰ ਡੱਕੂਗੀ। ਯਾਰ ਪਾਉਣਗੇ ਭੰਗੜਾ ਤੇ ਦੁਨੀਆਂ ਖੜ੍ਹ ਖੜ੍ਹ ਤੱਕੂਗੀ’ ਡੀ ਜੇ ਨਿੱਕੂ ਦੀ ਮੰਗ ਅਨੁਸਾਰ ਵਧੀਆ ਗੀਤ ਲਿਖਿਆ ਗਿਆ।ਕੰਪੋਜ਼ੀਸ਼ਨ ਬਣਾਉਣ ਲੱਗਿਆ ਸੈਟ ਨਾ ਆਵੇ ਤਾਂ ਮੈਂ ਅੰਗਰੇਜ਼ ਨੂੰ ਇੰਡਿਆ ਫੋਨ ਕਰਕੇ ਗੀਤ ਦਾ ਅਸਥਾਈ ਅੰਤਰਾ ਦਿੱਤਾ।ਅੰਗਰੇਜ਼ ਨੇ ਕੰਪਜ਼ੀਸ਼ਨ ਬਣਾਈ। ਬਸ ਦੁੱਖ ਹੀ ਤੋੜ ਦਿੱਤੇ।
ਅੰਗਰੇਜ਼ ਦਾ ਇਕ ਦਿਨ ਫੋਨ ਆਇਆ, “ਬਾਬਾ ਗੀਤਾਂ ਦੀ ਪੈਅਮੈਂਟ ਮਿਲਗੀ ਸੀ?”
ਮੈਂ ਕਿਹਾ ਨਹੀਂ ਤੇ ਨਾ ਹੀ ਮੈਂ ਕੰਪਨੀ ਨੂੰ ਫੋਨ ਕੀਤਾ।ਅੰਗਰੇਜ਼ ਕਹਿਣ ਲੱਗਿਆ ਕਿਉਂ ਨਹੀਂ ਕੀਤਾ ਫੋਨ? ਇਹ ਤਾਂ ਤੇਰਾ ਹੱਕ ਬਣਦੈ। ਲੋਕੀ ਤਾਂ ਆਪਣੇ ਹੱਕ ਖੋਂਹਦੇ ਨੇ ਤੇ ਤੂੰ ਮੰਗਿਆ ਵੀ ਨਹੀਂ। ਮੈਂ ਕਰਦਾਂ ਮੂਵੀਬੌਕਸ ਨੂੰ ਫੋਨ ਤੇ ਤੈਨੂੰ ਘਰੇ ਆ ਕੇ ਪੈਸੇ ਦੇ ਕੇ ਜਾਂਦਾ ਹਾਂ।ਫੋਨ ਰੱਖਿਆ ਤਾਂ ਮੈਨੂੰ ਲੱਗਿਆ ਵਧੀਆ ਗੀਤ ਬਣ ਸਕਦਾ ਹੈ। ਫਿਰ ਗੀਤ ਲਿਖਿਆ ਗਿਆ, ‘ਮਾੜਾ ਮੋਟਾ ਵੈਰੀ ਘੱਟ ਨਾ ਸਮਝੀਏ, ਯਾਰ ਬੇਲੀ ਕਦੇ ਕਦੇ ਟੋਹਣੇ ਪੈਂਦੇ ਆ। ਮੰਗਿਆਂ ਨ੍ਹੀਂ ਹੱਕ ਕਦੇ ਮਿਲਦੇ, ਮਿੱਤਰੋ ਇਹ ਹੱਕ ਸਦਾ ਖੋਂਹਣੇ ਪੈਂਦੇ ਆ।’ ਇਹ ਅੰਗਰੇਜ਼ ਦਾ ਅਮੀਰੀ ਗੁਣ ਹੈ ਕਿ ਨਿੱਕੀ ਨਿੱਕੀ ਗੱਲ ਤੋਂ ਗੀਤ ਬਣਵਾ ਦਿੰਦਾ ਹੈ। ਆਮ ਤੌਰ ’ਤੇ ਸਥਾਪਿਤ ਗਾਇਕ ਨਵੇਂ ਗੀਤਕਾਰ ਦਾ ਗੀਤ ਲੈਣ ਲੱਗੇ ਝਿਜਕਦੇ ਹਨ।ਪਰ ਅੰਗੇਰਜ਼ ਨੇ ਲੱਭ ਲੱਭ ਨਵੇਂ ਮੁੰਡਿਆਂ ਦੇ ਗੀਤ ਗਾਏ ਤੇ ਪਹਿਲੇ ਪਹਿਲੇ ਗੀਤ ਤੋਂ ਨਵੇਂ ਗੀਤਕਾਰਾਂ ਦੇ ਘਰ ਗਾਇਕਾਂ ਨੂੰ ਗੇੜੇ ਮਾਰਨ ਲਾ ਦਿੱਤਾ। ਅਸੀਂ ਇੰਡੀਆ ਕੋਠੀ ਪਾਉਂਦੇ ਸੀ। ਸ਼ਾਮ ਨੂੰ ਮਿਸਤਰੀ ਤੇ ਮਜ਼ਦੂਰਾਂ ਨੂੰ ਬੋਤਲ ਖੋਲਦਿਆ ਕਰਨੀ। ਸਾਡੇ ਮਿਸਤਰੀ ਨੇ ਟੱਲੀ ਹੋ ਕੇ ਆਖਿਆ ਕਰਨਾ, “ਲੈ ਹੁਣ ਮੈਨੂੰ ਫੜ੍ਹ ਕੇ ਸਾਇਕਲ ਤੇ ਬਿਠਾ ਦਿਉ। ਮੇਰੇ ਵਿਚ ਐਨਾ ਦਮ ਹੈ ਮੈਂ ਘਰੇ ਜਾ ਕੇ ਡਿੱਗੂ। ਰਸਤੇ ’ਚ ਨ੍ਹੀ ਡਿੱਗਦਾ।” ਅਸੀਂ ਚਾੜ੍ਹ ਦਿਆ ਕਰਨਾ ਤੇ ਉਹਨੇ ਸੱਚੀਂ ਘਰੇ ਜਾ ਕੇ ਡਿੱਗਿਆ ਕਰਨਾ। ਇਉਂ ਹੀ ਅੰਗਰੇਜ਼ ਕਰਦਾ ਹੈ। ਨਵੇਂ ਗੀਤਕਾਰ ਦਾ ਗੀਤ ਗਾ ਕੇ ਉਸਨੂੰ ਇਕ ਵਾਰ ਤਾਂ ਪ੍ਰਸਿੱਧੀ ਦੇ ਸਾਇਕਲ ਉੱਤੇ ਬਿਠਾ ਦਿੰਦਾ ਹੈ। ਅੱਗੋਂ ਜ਼ਿੰਮੇਵਾਰੀ ਗੀਤਕਾਰ ਦੀ ਬਣ ਜਾਂਦੀ ਹੈ ਕਿ ਉਸ ਵਿਚ ਕਿੰਨਾ ਦਮ ਹੈ ਤੇ ਉਹ ਜਾ ਕੇ ਕਿੱਥੇ ਡਿੱਗਦਾ ਹੈ।
ਇਕ ਇੰਗਲੈਂਡ ਦਾ ਗਾਇਕ ਮੈਨੂੰ ਤਨਜ਼ੀਆ ਜਿਹੇ ਲਹਿਜ਼ੇ ਵਿਚ ਪੁੱਛ ਲੱਗਾ, “ਇਹ ਭਲਾਂ ਅੰਗਰੇਜ਼ ਕਿਹੜੇ ਸਕੇਲ ’ਤੇ ਗਾਉਂਦਾ ਹੈ?”
ਮੈਂ ਉਸ ਨੂੰ ਜੁਆਬ ਦਿੱਤਾ, “ਜਿਥੇ ਤੇਰੀ ਹੱਦ ਮੁੱਕ ਜਾਂਦੀ ਹੈ। ਉਸ ਤੋਂ ਅਗਲੇ ਸਪਤਕ ਤੋਂ ਉਹ ਗਾਉਣਾ ਸ਼ੁਰੂ ਕਰਦਾ ਹੈ। ਨਾਲੇ ਉਹ ਤੇਰੇ ਵਾਂਗੂ ਸੀਡੀ ਲਾ ਕੇ ਮੂੰਹ ਨਹੀਂ ਹਿਲਾਉਂਦਾ। ਲਾਇਵ ਗਾਉਂਦਾ ਹੈ ਤੇ ਜਦੋਂ ਚੜ੍ਹ ਕੇ ਗਾਉਂਦਾ ਹੈ ਤਾਂ ਸਟੇਜ਼ ਬਾਈਬ੍ਰੇਟ ਕਰਨ ਲੱਗ ਪੈਂਦੀ ਤੇ ਲੱਗਦਾ ਹੁੰਦਾ ਉਹਦੀ ਅਵਾਜ਼ ਹਾਲ ਦੀਆਂ ਕੰਧਾਂ ਪਾੜ ਦਿਊਗੀ।”
ਅੱਗੋਂ ਕੱਚਾ ਜਿਹਾ ਹੋ ਕੇ ਉਹ ਗਾਇਕ ਕਹਿਣ ਲੱਗਾ, “ਜੇ ਅੰਗਰੇਜ਼ ਦਾ ਤੇ ਮਿਸ ਪੂਜਾ ਦਾ ਗਾਣਾ ਆ ਜਾਵੇ ਤਾਂ ਚੱਲੂ ਬਹੁਤ।”
ਮੈਂ ਕਿਹਾ, “ਫੌੜੀਆਂ ਦੀ ਜ਼ਰੂਰਤ ਉਹਨਾਂ ਨੂੰ ਹੁੰਦੀ ਹੈ, ਜਿਨ੍ਹਾਂ ਦੇ ਆਪਣੇ ਪੈਰ ਸਲਾਮਤ ਨਹੀਂ ਹੁੰਦੇ। ਅੰਗਰੇਜ਼ ਨੇ ਤਾਂ ਕਦੇ ਰੈਪਰ ਨਹੀਂ ਵਰਤੇ।”
ਅੱਜਕੱਲ੍ਹ ਧੜਾਧੜ ਮਾਰਕੀਟ ਵਿਚ ਐਨੇ ਗਾਣੇ ਆ ਰਹੇ ਹਨ ਕਿ ਹਰ ਬੰਦੇ ਲਈ ਹਰ ਗਾਣਾ ਸੁਣਨਾ ਨਾਮੁਮਿਕਨ ਹੈ। ਬਾਕੀਆਂ ਦੀ ਗੱਲ ਛੱਡੋ ਮਿਸ ਪੂਜਾ ਹੀ ਸਾਹ ਨਹੀਂ ਲੈਣ ਦਿੰਦੀ।ਕਿਸੇ ਸਾਧ ਨੂੰ ਉਹਦਾ ਚੇਲਾ ਕਹਿੰਦਾ ਗੁਰੂ ਜੀ ਆਪਣੇ ਡੇਰੇ ਵਿਚ ਚੇਲੇ ਬਹੁਤ ਹੋ ਗਏ। ਅੱਗੋਂ ਸਾਧ ਕਹਿੰਦਾ ਕੋਈ ਨਹੀਂ ਸਾਲੇ ਜਦੋਂ ਭੁੱਖੇ ਮਰੇ ਆਪੇ ਭੱਜ ਜਾਣਗੇ।ਉਹੀ ਹਾਲ ਗਾਇਕਾ ਦਾ ਹੋ ਰਿਹਾ ਹੈ।

ਹੁਣ ਪਹਿਲਾਂ ਵਾਲੀਆਂ ਗੱਲਾਂ ਵੀ ਨਹੀਂ ਰਹੀਆਂ ਤੇ ਸੰਗੀਤ ਮਹਿੰਗਾ ਵੀ ਬਹੁਤ ਹੋ ਗਿਆ। ਇਕੱਲੇ ਇੰਗਲੈਂਡ ਵਿਚ ਹੀ ਜੇ ਮਿਊਜਿਕ ਐਲਬੰਮ ਕਰਨੀ ਹੋਵੇ ਤਾਂ ਨਿਰਮਾਤਾ ਦੇ ਪਿਉ ਕੋਲ ਕਈ ਘਰ ਹੋਣੇ ਚਾਹੀਦੇ ਹਨ ਤੇ ਉਹਨਾਂ ਨੂੰ ਵੇਚਣ ਦੀ ਵਸੀਅਤ ਜਾਂ ਮੁਖਤਿਅਤਰਨਾਮਾ ਆਪਣੇ ਨਾਮ ਕਰਵਾ ਕੇ ਜੇਬ ਵਿਚ ਪਾਇਆ ਹੋਣਾ ਜ਼ਰੂਰੀ ਹੈ।ਇਹੀ ਵਜਾ ਹੈ ਕਿ ਇੰਗਲੈਂਡ ਦੇ ਕਈ ਸਥਾਪਿਤ ਤੇ ਵੱਡੇ ਗਾਇਕਾਂ ਦਾ ਵੀ ਕਈ ਸਾਲਾਂ ਤੋਂ ਕੋਈ ਪਰੋਜੈਕਟ ਕਰਨ ਦਾ ਹਿਆਂ ਨਹੀਂ ਪੈਂਦਾ। ਡੀ ਜੇ ਵਾਲੇ ਆਪਣੇ ਆਪ ਨੂੰ ਮਿਊਜ਼ਿਕ ਡਾਇਰੈਕਟਰ ਅਖਵਾਉਣ ਲੱਗ ਪਏ ਹਨ। ਕਿਸੇ ਮਿਊਜ਼ਿਕ ਡਾਇਰੈਕਟਰ ਤੋਂ ਮਿਊਜ਼ਿਕ ਕਰਵਾ ਕੇ ਆਪਣੇ ਨਾਮ ’ਤੇ ਜਾਰੀ ਕਰੀ ਜਾ ਰਹੇ ਹਨ। ਸਿੰਗਲ ਰਿਲੀਜ਼ ਕਰਨ ਨਾਲ ਸਾਲ ਦੇ ਦੋ ਚਾਰ ਪ੍ਰੋਗਰਾਮ ਬੁੱਕ ਹੋ ਜਾਂਦੇ ਹਨ। ਅਸਲੀ ਕਲਾਕਾਰ ਇਸ ਤੋਂ ਚਿੰਤਤ ਹਨ।
ਇਤਿਹਾਸਕ ਸਾਖੀ ਹੈ ਅਸੀਂ ਸਾਰੇ ਵਾਕਿਫ ਹਾਂ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਬਾਬੇ ਬਕਾਲੇ ਭਗਤੀ ਵਿਚ ਲੀਨ ਸਨ ਤਾਂ ਅਸਲੀ ਗੁਰੂ ਦੀ ਗੈਰ-ਹਾਜ਼ਰੀ ਨੂੰ ਭਾਂਫਕੇ ਅਨੇਕਾਂ ਹੀ ਗੁਰੂ ਪੈਦਾ ਹੋ ਗਏ ਸਨ। ਸਭ ਆਪਣੇ ਆਪ ਨੂੰ ਮੱਥੇ ਟਕਵਾਉਣ ਲੱਗ ਪਏ। ਫਿਰ ਮੱਖਣ ਸ਼ਾਹ ਲਭਾਣੇ ਦਾ ਡੁੱਬਦਾ ਬੇੜਾ ਪਾਰ ਕਰਕੇ ਗੁਰੁ ਸਾਹਿਬ ਪ੍ਰਗਟ ਹੋਏ। ਅੱਜ ਦਾ ਸਰੋਤਾ ਬਹੁਤ ਸਮਝਦਾਰ ਹੈ।ਉਹ ਪਰਖ ਜਾਣਦਾ ਹੈ, ਨਕਲੀਆਂ ਨੂੰ ਨਕਾਰਦਾ ਹੈ ਤੇ ਅਸਲੀਆਂ ਨੂੰ ਸਵਿਕਾਰਦਾ ਹੈ।
ਬ੍ਰਿਟ ਏਸੀਆ ’ਤੇ ਕਿਊਜ਼ ਸ਼ੋਅ ਵਿਚ ਹੋਸਟ ਨੂਰੀਨ ਖਾਨ ਨੇ ਇੰਗਲੈਂਡ ਦੇ ਅਜੋਕੇ ਛੇ ਬਹੁਚਰਚਿਤ ਮਿਊਜ਼ਿਕ ਪ੍ਰਡਿਉਸਰਾਂ ਨੂੰ ਸਵਾਲ ਕੀਤਾ ਕਿ ਕਿਅਬੋਰਡ ਦਾ ਸਭ ਤੋਂ ਅੰਤਿਮ ਨੋਟ ਕਿਹੜਾ ਹੁੰਦਾ ਹੈ? ਇਕ ਨੂੰ ਵੀ ਜੁਆਬ ਨਹੀਂ ਆਇਆ, ਇਕ ਦੂਜੇ ਦੇ ਮੂੰਹ ਵੱਲ ਭੁੱਲੇ ਬਤਾਰੂ ਵਾਂਗੂ ਝਾਕਣ। ਮੇਰਾ ਇਕ ਦੋਸਤ ਇਹ ਦੇਖ ਕੇ ਕਹਿੰਦਾ ਕਿਸੇ ਦੇ ਪੱਲੇ ਕੁਝ ਨਹੀਂ, ਮਿਊਜ਼ਿਕ ਇਹ ਕਾਹਦੇ ਨਾਲ ਕਰਦੇ ਆ? ਕੀ ਬਣੂ ਪੰਜਾਬੀ ਗਾਇਕੀ ਦਾ? ਉਹਦੀ ਚਿੰਤਾ ਦਾ ਨਿਵਰਣ ਕਰਨ ਲਈ ਮੈਂ ਇਕ ਹੱਢਬੀਤੀ ਸੁਣਾਈ।
ਸਾਡੇ ਜਗਰਾਉਂ ਸ਼ਹਿਰ ਇਕ ਮੋਚੀ ਹੁੰਦਾ ਸੀ। ਇਕ ਵਾਰ ਆਪਣੇ ਦਾਦੇ ਨਾਲ ਮੈਂ ਉਹਦੇ ਘਰ ਗਿਆ।ਇਕ ਕਮਰੇ ਦਾ ਘਰ, ਦੋ ਖਣਾਂ ਦਾ।ਸ਼ਤੀਰੀ ਬਾਲਿਆਂ ਦੀ ਛੱਤ। ਸ਼ਤੀਰੀ ਘੁਣ ਨੇ ਖਾਧੀ ਹੋਈ। ਛੱਤ ਡਿੱਗੂ, ਡਿੱਗੂ ਕਰੇ। ਮੇਰਾ ਦਾਦਾ ਉਹਨੂੰ ਕਹਿੰਦਾ ਸਾਡੇ ਖੇਤ ਗਾਡਰ ਪਿਆ। ਪਏ ਨੂੰ ਜੰਗਾਲ ਲੱਗ ਜਾਣੈ। ਤੂੰ ਲੈ ਆ ਤੇ ਲਿਆ ਕੇ ਅਪਾਣੀ ਛੱਤ ਬਦਲ ਲੈ।
ਉਹ ਰਜ਼ਾਮੰਦ ਹੋ ਗਿਆ। ਪਰ ਘੌਲੀ ਹੋਣ ਕਰਕੇ ਗਾਡਰ ਨਾ ਲਿਆ ਸਕਿਆ। ਕੁਦਰਤੀ ਉਨ੍ਹੀਂ ਦਿਨੀਂ ਮੀਂਹ ਬਹੁਤ ਪੈ ਗਏ। ਛੱਤ ਡਿੱਗ ਪਈ ਤੇ ਉਹ ਸਾਡੇ ਘਰੇ ਮੀਂਹ ਪੈਂਦੇ ’ਚ ਯੂਰੀਏ ਦੀ ਬੋਰੀ ਵਾਲਾ ਦੇਸੀ ਰੇਨ ਕੋਟ ਲਈ ਭੱਜਿਆ ਆਇਆ।
“ਸਰਦਾਰ ਜੀ, ਮੇਰੀ ਛੱਤ ਡਿੱਗ ਪਈ, ਤੁਸੀਂ ਗਾਡਰ ਨਾ ਕਿਸੇ ਨੂੰ ਦਿਉ।”
ਮੇਰਾ ਦਾਦਾ ਕਹਿੰਦਾ, “ਪਹਿਲਾਂ ਹੀ ਗਾਡਰ ਪਾ ਲੈਂਦਾ ਤਾਂ ਅੱਜ ਇਹ ਨੌਬਤ ਨਹੀਂ ਸੀ ਆਉਣੀ।”
ਮੈਂ ਆਪਣੇ ਮਿੱਤਰ ਨੂੰ ਸਮਝਾਇਆ ਪੰਜਾਬੀ ਗਾਇਕੀ ਦੀ ਛੱਤ ਨਹੀਂ ਡਿੱਗਦੀ। ਇਹਦੇ ਥੱਲੇ ਆਪਣੇ ਅੰਗਰੇਜ਼ ਵਰਗੇ ਗਾਡਰ ਵੀ ਪਏ ਹੋਏ ਨੇ। ਇਹਨਾਂ ਫੌਲਾਦੀਆਂ ਨੇ ਛੱਤ ਚੱਕੀ ਰੱਖਣੀ ਹੈ। ਬਸ ਰੱਬ ਇਹਨਾਂ ਨੂੰ ਜੰਗਾਲ ਲੱਗਣ ਤੋਂ ਬਚਾਵੇ।ਬਾਕੀ ਸਿਉਂਕ ਵਾਲੇ ਛਤੀਰੀਆਂ ਬਾਲੇ ਜਿਹੇ ਆਪੇ ਜਿੱਦਣ ਮੀਂਹ ਪਿਆ ਝੜ ਜਾਣਗੇ।

****

No comments:

Post a Comment