ਪੰਜਾਬੀ ਕਹਾਣੀ ਦਾ ਆਰਕਿਔਲਜਿਸਟ: ਮਨਮੋਹਨ ਬਾਵਾ

Manmohan Bawa
ਵਿਸ਼ਵਪ੍ਰਸਿੱਧ ਮੁਨੱਵਰ ਸ਼੍ਰੀ ਮਨਜੀਤ ਬਾਵਾ ਦੇ ਵੱਡੇ ਭਰਾਤਾ ਸ਼੍ਰੀ ਮਨਮੋਹਣ ਸਿੰਘ ਬਾਵਾ ਜੀ ਨੇ ਪੰਜਾਬੀ ਕਥਾ ਜਗਤ ਵਿੱਚ ਆਪਣੀ ਵਿਲੱਖਣ ਪਹਿਚਾਣ ਸਥਾਪਤ ਕਰ ਲਿੱਤੀ ਹੈ। ਅਜੋਕੀ ਪੰਜਾਬੀ ਕਹਾਣੀ ਵਿੱਚ ਜੋ ਆਦਰਯੋਗ ਸਥਾਨ ਉਨ੍ਹਾਂ ਨੇ ਮਲ ਲਿਆ ਹੈ, ਉਸਨੂੰ ਕੋਈ ਹੋਰ ਨਹੀਂ ਲੈ ਸਕਦਾ। ਤੇ ਇਹ ਸਥਾਨ ਉਨ੍ਹਾਂ ਨੇ ਰਾਤੋ-ਰਾਤ ਹਾਸਿਲ ਨਹੀਂ ਕੀਤਾ। ਬਲਕਿ ਇਸਦੇ ਪਿੱਛੇ ਉਨ੍ਹਾਂ ਦੀ ਲਗਨ, ਦ੍ਰਿੜ ਵਿਸ਼ਵਾਸ, ਗਿਆਨ, ਅਧਿਐਨ, ਉਮਰ ਦਾ ਤਜਰਬਾ ਅਤੇ ਵਰ੍ਹਿਆਂ ਦੀ ਸਾਧਨਾ ਹੈ। ਕਹਾਣੀ ਲਿਖਣੀ ਔਖੀ ਹੁੰਦੀ ਹੈ। ਪਰ ਮਨਮੋਹਣ ਬਾਵਾ ਵਰਗੀ ਕਹਾਣੀ ਲਿਖਣੀ ਤਾਂ ਬਹੁਤ ਬਹੁਤ ਬਹੁਤ ਹੀ ਔਖੀ ਹੈ। ਉਨ੍ਹਾਂ ਦੀਆਂ ਕਹਾਣੀਆਂ ਵਰਗੀਆਂ ਕਹਾਣੀਆਂ ਲਿਖਣ ਦਾ ਖਿਆਲ ਕਰਦਿਆਂ ਹੀ ਮਾੜੇ-ਮੋਟੇ ਕਹਾਣੀਕਾਰ ਦੀ ਤਾਂ ਮਤਮਾਰੀ ਜਾਂਦੀ ਹੈ। ਲਿਖਣ ਲੱਗੇ ਤਾਂ ਭੂਤਨੀ ਭੁੱਲਣੀ ਹੀ ਹੈ। ਮਨਮੋਹਨ ਬਾਵਾ ਦੀਆਂ ਕਹਾਣੀਆਂ ਦਾ ਮਹਿਜ਼ ਮੁਹਾਂਦਰਾ ਹੀ ਦੂਜਿਆਂ ਨਾਲੋਂ ਵੱਖਰਾ ਨਹੀਂ ਹੁੰਦਾ, ਬਲਕਿ ਉਨ੍ਹਾਂ ਦੀਆਂ ਕਥਾਵਾਂ ਦੇ ਸਿਰਲੇਖ ਵੀ ਅਜੀਬੋ-ਗਰੀਬ ਅਤੇ ਅਨੋਖੇ ਹੁੰਦੇ ਹਨ। ਮਿਸਾਲ ਦੇ ਤੌਰ 'ਤੇ ਅਲੋਰਾ ਦੀ ਮਹਾਂਮੇਧਾ, ਉਦਾਬਰਾਂ, ਕਵਸ਼ ਦਾ ਮਾਰੂਥਲ,  ਰਿਕਵ, ਰੂਪਾਂਤਰਣ, ਪ੍ਰਭਾਵਤੀ, ਮੰਦਾਲਿਕਾ ਆਦਿ। ਮਨਮੋਹਨ ਬਾਵਾ ਨੇ ਹੁਣ ਤੱਕ ਜਿੰਨਾ ਵੀ ਕੰਮ ਕੀਤਾ ਹੈ, ਉਹ ਲਕੀਰ ਤੋਂ ਹਟਵਾਂ ਕੀਤਾ ਹੈ। ਇਸੇ ਲਈ ਉਹ ਆਮ ਲਿਖਾਰੀਆਂ ਦੀ ਭੀੜ ਵਿੱਚ ਰਲ ਕੇ ਗੁਆਚਦੇ ਨਹੀਂ ਹਨ।

ਨਿਵੇਕਲਾ ਕਲਮਕਾਰ ਨਿੰਦਰ ਘੁਗਿਆਣਵੀ

Ninder ghugiyanvi

 ਪੰਜਾਬੀਆਂ ਵਿਚ ਸਾਹਿਤਕਾਰਾਂ ਦੀ ਗਿਣਤੀ ਹਜ਼ਾਰਾਂ ਨਹੀਂ ਬਲਕਿ ਲੱਖਾਂ ਵਿਚ ਹੈ ਜੋ ਸਾਹਿਤ ਰਚ-ਰਚ ਅੰਬਾਰ ਲਾਈ ਜਾ ਰਹੇ ਹਨ। ਬਹੁਤੇ ਸਾਹਿਤਕਾਰਾਂ ਨੂੰ ਤਾਂ ਇਸ ਗੱਲ ਦੀ ਵੀ ਪ੍ਰਵਾਹ ਨਹੀਂ ਹੈ ਕਿ ਉਹਨਾਂ ਦੇ ਸਾਹਿਤ ਨੂੰ ਕੋਈ ਪੜ੍ਹਦਾ ਵੀ ਹੈ ਜਾਂ ਨਹੀਂ। ਉਹਨਾਂ ਲਈ ਸਾਹਿਤ ਰਚਨਾ ਸਿਗਰਟਨੋਸ਼ੀ ਵਾਂਗ ਹੈ।ਬਸ ਧੂੰਆਂ ਕੱਢਣਾ ਹੈ ਤੇ ਸਿਗਰਟ ਨੂੰ ਰਾਖ ਵਿਚ ਤਬਦੀਲ ਕਰ ਦੇਣਾ ਹੈ, ਸਰੂਰੀ ਆਵੇ ਜਾਂ ਨਾ ਪਰ ਹਰ ਹਾਲ ਮਸਤੀਹੀਣ ਭੁੱਸ ਪੂਰਾ ਕਰਨਾ ਹੁੰਦਾ ਹੈ।
ਅਜੋਕਾ ਪਾਠਕ ਬਹੁਤ ਸਮਝਦਾਰ ਹੈ, ਉਹ ਆਪਣੇ ਮਤਲਬ ਦੀ ਰਚਨਾ ਪੜ੍ਹਦਾ ਹੈ ਤੇ ਬਾਕੀ ਸਾਹਿਤ ਦੇ ਪੰਨੇ ਉਂਗਲਾਂ ਨੂੰ ਥੁੱਕ ਲਾ ਕੇ ਪਰਤਾ ਦਿੰਦਾ ਹੈ।ਪਾਠਕ ਸਿਰਫ ਉਹਨੂੰ ਪੜ੍ਹਦਾ ਹੈ ਜੋ ਉਹਨਾਂ ਦੀ ਗੱਲ ਵਧੀਆ ਤਰੀਕੇ ਨਾਲ ਉਹਨਾਂ ਦੀ ਹੀ ਸਰਲ ਭਾਸ਼ਾ ਵਿਚ ਕਰੇ। ਪੰਜਾਬੀ ਵਿਚ ਇਹੋ ਜਿਹੇ ਗਿਣਵੇਂ ਚੁਣਵੇ ਸਾਹਿਤਕਾਰ ਹੀ ਹਨ, ਜਿਨ੍ਹਾਂ ਦੇ ਨਾਮ ਨੂੰ ਦੇਖ ਕੇ ਪਾਠਕ ਦੇ ਹੱਥ ਪੰਨਾ ਗਰਦੀ ਕਰਨੋ ਰੁੱਕ ਜਾਂਦੇ ਹਨ। ਅਜਿਹਾ ਹੀ ਇਕ ਨਾਮ ਹੈ ਨਿੰਦਰ ਘੁਗਿਆਣਵੀ।