ਦੌੜਾਕ

ਦੌੜ ਮੁਕਾਬਲੇ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਉਸ ਵਿੱਚ ਭਾਗ ਲੈਣ ਵਾਲੇ ਦੌੜਾਕ ਜਦੋਂ  ਉੱਛਲ-ਕੁੱਦ ਕੇ ਆਪਣੇ ਆਪਨੂੰ ਭਖਾ ਰਹੇ ਹੁੰਦੇ ਹਨ ਤਾਂ ਉਹਨਾਂ ਦੀਆਂ ਨਿਗਾਹਾਂ ਆਪਣੇ ਪ੍ਰਤਿਦਵੰਧੀਆਂ ਵੱਲ ਹੀ ਟਿੱਕੀਆਂ ਹੋਈ ਹੁੰਦੀਆਂ ਹਨ। ਇਹ ਜਾਨਣ ਲਈ ਕਿ ਉਹਨਾਂ ਦਾ ਮੁਕਾਬਲਾ ਕਿੰਨਾ ਕੁ ਸਖਤ ਹੋਵੇਗਾ? ਹਾਲਾਂਕਿ ਹਰ ਦੌੜਾਕ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਦੌੜ ਦਾ ਨਤੀਜਾ ਉਸਦੇ ਪਹਿਲਾਂ ਕੀਤੇ ਹੋਏ ਅਭਿਆਸ ਨੇ ਹੀ ਨਿਰਧਾਰਤ ਕਰਨਾ ਹੁੰਦਾ ਹੈ।
ਦੌੜ ਦੇ ਪ੍ਰਆਰੰਭਕ ਸਥਾਨ ਉੱਤੇ ਪੈਰ ਟਿਕਾਉਂਦਿਆਂ ਹੀ ਖਿਡਾਰੀ ਘੱਟੋ-ਘੱਟ ਇੱਕ ਵਾਰ ਅਵੱਸ਼ਯ ਹੀ ਆਪਣੇ ਟੀਚੇ ਵੱਲ ਦੇਖਦੇ ਹਨ। ਜਿਉਂ ਹੀ ਦੌੜਨ ਦਾ ਇਸ਼ਾਰਾ ਮਿਲਦਾ ਹੈ। ਸਭ ਇੱਕ ਵਾਰ ਤਾਂ ਕਮਾਨ ਵਿੱਚੋਂ ਨਿਕਲੇ ਤੀਰ ਵਾਂਗ ਨੱਠਦੇ ਹਨ।
ਦੌੜਾਂ ਦੀ ਪਿੜ ਦੇ ਲਾਹਮੀ ਤਿੰਨ ਤਰ੍ਹਾਂ ਦੇ ਦਰਸ਼ਕ ਬੈਠੇ ਹੁੰਦੇ ਹਨ, ਜਿਨ੍ਹਾਂ ਦਾ ਕਿ ਦੌੜਨ ਵਾਲਿਆਂ ਨਾਲੋਂ ਜ਼ਿਆਦਾ ਜ਼ੋਰ ਲੱਗਿਆ ਪਿਆ ਹੁੰਦਾ ਹੈ। ਪਹਿਲੀ ਕਿਸਮ ਦੇ ਦਰਸ਼ਕ ਸਿਰਫ ਆਪਣੇ ਮਨੋਰੰਜਨ ਲਈ ਦੌੜਾਂ ਦੇਖਣ ਆਏ ਹੁੰਦੇ ਹਨ ਅਤੇ ਉਹ ਚੁੱਪ ਕਰਕੇ ਦੇਖਦੇ ਰਹਿੰਦੇ ਹਨ।
ਦੂਜੀ ਕਿਸਮ ਦੇ ਦਰਸ਼ਕ ਨਾਮ ਲੈ ਕੇ ਆਪੋਂ ਆਪਣੇ ਪਸੰਦੀਦਾ ਦੌੜਾਕ ਨੂੰ ਹੱਲਾ-ਸ਼ੇਰੀ ਦਿੰਦੇ ਰਹਿੰਦੇ ਹਨ, ਫਲਾਨਿਆਂ ਚੱਕ ਦੇ ਫੱਟੇ। ਧੀਮਕਿਆ ਨਹੀਂ ਰੀਸਾਂ ਤੇਰੀਆਂ ਅਮਕਿਆ ਬਸ ਤੂੰ ਹੀ ਜਿੱਤਣੈ। ਤੈਨੂੰ ਹਰਾਉਣ ਵਾਲਾ ਕਿਹੜਾ ਜੰਮਿਐ।

ਦੂਜਿਆਂ ਦੇ ਮੁੱਖੋਂ ਆਪਣੇ ਨਾਮ ਨੂੰ ਸੁਣਨ ਵਿੱਚ ਵੀ ਬੜਾ ਨਸ਼ਾ ਹੈ। ਜੋ ਬਹਤਿਆਂ ਦੌੜਕਾਂ ਦੇ ਪੈਰ, ਬੇੜੀ ਬਣ ਕੇ ਰੋਕ ਲੈਂਦਾ ਹੈ ਤੇ ਦੌੜਾਕ ਦੌੜਨਾ ਛੱਡ ਕੇ ਆਪਣੀ ਸਿਫਤ ਸੁਣਨ ਖੜ੍ਹ ਜਾਂਦੇ ਹਨ।

ਖਿਡਾਰੀਆਂ ਦੇ ਦੌੜ ਲਈ ਮਿਥੀ ਹੋਈ ਕੁੱਲ ਦੂਰੀ ਵਿੱਚੋਂ ਅੱਧੀ ਵਾਟ ਤਹਿ ਕਰ ਜਾਣ ਤੱਕ ਆਸਾਰਾ ਨਜ਼ਰ ਆਉਣ ਲੱਗ ਜਾਂਦੇ ਹਨ ਕਿ ਕਿਸ ਨੇ ਅੱਵਲ ਆਉਣਾ ਹੈ।
ਤੀਜੀ ਕਿਸਮ ਦੇ ਉਹ ਦਰਸ਼ਕ ਹੁੰਦੇ ਹਨ ਜਿਨ੍ਹਾਂ ਦਾ ਕੋਈ ਆਪਣਾ ਚਹੇਤਾ ਵੀ ਦੌੜ ਵਿੱਚ ਹਿੱਸਾ ਲੈ ਰਿਹਾ ਹੁੰਦਾ ਹੈ, ਜਿਸਨੂੰ ਜਿਤਾਊਣ ਲਈ ਉਹ ਬਾਕੀ ਦੌੜਕਾਂ ਨੂੰ ਆਪਣੀ ਕਾਲੀ ਜ਼ੁਬਾਨ ਦਾ ਨਿਸ਼ਾਨਾ ਬਣਾਉਣ ਲੱਗ ਜਾਂਦੇ ਹਨ, ਮਰ ਪਰ੍ਹੇ ਉਏ ਲੰਙਗੜਿਆ ਮੂੰਹ ਚੁੱਕ ਕੇ ਭੱਜਣ ਲੱਗ ਗਿਐਂ ਤੈਨੂੰ ਤਾਂ ਹਾਲੇ ਚੱਜ ਨਾਲ ਤੁਰਨਾ ਵੀ ਨ੍ਹੀਂ ਆਉਂਦਾ।
ਆਲੋਚਨਾ ਸਹਿਨ ਕਰਨੀ ਬਹੁਤ ਔਖੀ ਹੈ। ਨਿੰਦਿਆ ਸੁਣਦਿਆਂ ਸਾਰ ਹੀ ਕਈ ਦੌੜਾਕਾਂ ਦਾ ਹੌਸਲਾ ਟੁੱਟ ਜਾਂਦਾ ਹੈ ਤੇ ਉਹ ਉੱਥੇ ਹੀ ਡਿੱਗ ਪੈਂਦੇ ਹਨ।
ਬਾਜ਼ ਦੌੜ ਰਹੇ ਦੌੜਾਕ ਵੀ ਕਿਸੇ ਨੂੰ ਆਪਣੇ ਤੋਂ ਅਗਾਂਹ ਲੰਘਦਾ ਹੋਇਆ ਨਹੀਂ ਦੇਖ ਸਕਦੇ। ਜਿਉਂ ਹੀ ਕੋਈ ਉਹਨਾਂ ਦੇ ਕੋਲ ਦੀ ਲੰਘਣ ਲੱਗਦਾ ਹੈ ਉਹ ਝੱਟ ਠਿੱਬੀ ਦੇ ਕੇ ਦੂਸਰੇ ਦੌੜਾਕ ਨੂੰ ਸਿੱਟਣ ਦੀ ਕੋਸ਼ਿਸ਼ ਕਰਦੇ ਹਨ। ਆਮ ਤੌਰ ’ਤੇ ਸਾਰੇ ਦੌੜਾਕ ਅਜਿਹੇ ਦੌੜਾਕਾਂ ਤੋਂ ਬਚਣ ਲਈ ਚੁਕੰਨੇ ਹੀ ਰਹਿੰਦੇ ਹਨ।
ਕਈ ਦੌੜਾਕ ਅੱਖਾਂ ’ਤੇ ਖੋਪੇ ਚਾੜ ਕੇ ਅਤੇ ਕੰਨਾਂ ਵਿੱਚ ਰੂੰ ਪਾ ਕੇ ਘਰੋਂ ਆਏ ਹੁੰਦੇ ਹਨ। ਉਹਨਾਂ ਦਾ ਇੱਕ ਵਾਰੀ ਜਿੱਧਰ ਨੂੰ ਮੂੰਹ ਹੋ ਗਿਆ। ਉਹ ਉਧਰ ਨੂੰ ਅੰਨ੍ਹੇਵਾਹ ਨੱਸੇ ਜਾਣਗੇ। ਉਹਨਾਂ ਰੱਬਦਿਆਂ ਬੰਦਿਆਂ ਨੇ ਰੁੱਕ ਕੇ ਨਹੀਂ ਕਿਸੇ ਦੀ ਸੁਣਨੀ ਹੁੰਦੀ। ਬੇਸ਼ੱਕ ਉਹ ਦੌੜ ਵਾਲੇ ਮੁਕਾਮ ਤੋਂ ਉੱਲਟ ਦਿਸ਼ਾ ਵੱਲ ਹੀ ਕਿਉਂ ਨਾ ਜਾ ਰਹੇ ਹੋਣ।
ਕੁੱਝ ਦੌੜਾਕ ਐਸੇ ਦੀ ਵੀ ਹੁੰਦੇ ਹਨ, ਜੀਹਨਾਂ ਦੀਆਂ ਨਜ਼ਰਾਂ ਦੌੜ ਸ਼ੁਰੂ ਕਰਨ ਤੋਂ ਵੀ ਪਹਿਲਾਂ ਦੀਆਂ ਹੀ ਸਮਾਪਤੀ-ਰੇਖਾ ਉੱਤੇ ਇਕਾਗਰ ਹੋਈਆਂ ਹੁੰਦੀਆਂ ਹਨ। ਉਹ ਦਰਸ਼ਕਾਂ ਦੇ ਫਿਕਰੇ ਚੇਤਨ ਹੋ ਕੇ ਸੁਣਦੇ ਜ਼ਰੂਰ ਹਨ। (ਉਹਨਾਂ ਵਿੱਚੋਂ ਕੰਮ ਦੀਆਂ ਟਿੱਪਣੀਆਂ ਨੂੰ ਅਗਲੀ ਦੌੜ ਦੀ ਤਿਆਰੀ ਵੇਲੇ ਵਰਤਦੇ ਵੀ ਹਨ।) ਪਰ ਉਸ ਵੇਲੇ ਆਪਣਾ ਧਿਆਨ ਨਹੀਂ ਉਖੜਨ ਦਿੰਦੇ ਤੇ ਸਮਾਪਤੀ ਸਥਾਨ ’ਤੇ ਪਹੁੰਚ ਕੇ ਹੀ ਦਮ ਲੈਂਦੇ ਹਨ।
ਵਧੀਆ ਲੇਖਕ ਬਣਨ ਦੇ ਇੱਛੁਕ ਹਰ ਇੰਨਸਾਨ ਨੂੰ ਵੀ ਆਪਣੀ ਮੰਜ਼ਿਲ ਤੱਕ ਉਪੜੇ ਸਫਲ ਦੌੜਾਕ ਵਾਲੀ ਸੋਚ ਅਪਨਾਉਣੀ ਚਾਹੀਦੀ ਹੈ। 

****

No comments:

Post a Comment