ਅੱਖਾਂ ਅਤੇ ਐਨਕ


ਅੱਖਾਂ ਤੋਂ ਐਨਕ ਲਾਹਿਆ ਕਰ।ਨੈਣਾਂ ਨਾਲ ਨੈਣ ਮਿਲਾਇਆ ਕਰ।


ਇਸ ਤੱਥ ਵਿੱਚ ਰੰਚਕ ਮਾਤਰ ਵੀ ਝੂਠ ਜਾਂ ਸ਼ੱਕ ਦੀ ਗੁੰਜ਼ਾਇਸ਼ ਨਹੀਂ ਹੈ ਕਿ ਸਾਡੇ ਸ਼ਰੀਰ ਦੇ ਸਾਰੇ ਅੰਗ ਹੀ ਮਹੱਤਵਪੂਰਨ ਹਨ। ਲੇਕਿਨ ਅੱਖਾਂ ਦੀ ਆਪਣੀ ਵਿਸ਼ੇਸ਼ਤਾ ਹੈ। ਸਿਆਣਿਆਂ ਦਾ ਕਥਨ ਹੈ, ‘ਅੱਖਾਂ ਗਈਆਂ ਜ਼ਹਾਨ ਗਿਆ।’ ਵਾਕਈ ਅੱਖਾਂ ਸਾਡੇ ਵਜੂਦ ਦਾ ਇੱਕ ਸ਼ਕਤੀਸ਼ਾਲੀ ਅਤੇ ਅਤਿਜ਼ਰੂਰੀ ਅੰਗ ਹਨ। ਨੇਤਰਾਂ ਦੀ ਜੋਤ ਬੁੱਝ ਗਈ ਤਾਂ ਸਮਝੋ ਇੰਨਸਾਨ ਅੱਧਾ ਮਰ ਗਿਆ! ਅੱਖਾਂ ਦੀ ਕਾਰਜਪ੍ਰਣਾਲੀ ਲਗਭਗ ਤਸਵੀਰਾਂ ਉਤਾਰਨ ਵਾਲੇ ਕੈਮਰੇ ਵਰਗੀ ਹੁੰਦੀ ਹੈ। ਇਥੇ ਸੁਆਲ ਉਠਦਾ ਹੈ ਕਿ ਅਸੀਂ ਛੋਟੀਆਂ -ਛੋਟੀਆਂ ਅੱਖਾਂ ਨਾਲ ਐਡਾ ਵਿਸ਼ਾਲ ਸੰਸਾਰ ਤੱਕਣ ਦੇ ਸਮਰੱਥ ਕਿਵੇਂ ਬਣਦੇ ਹਾਂ? ਇਸ ਪ੍ਰਸ਼ਨ ਦਾ ਵਿਗਿਆਨਕ ਜੁਆਬ ਕੁੱਝ ਇਸ ਪ੍ਰਕਾਰ ਦਿੱਤਾ ਜਾਵੇਗਾ ਕਿ ਵਸਤੂ ਨਾਲ ਟਕਰਾ ਕੇ ਪਰਤੀਆਂ ਪ੍ਰਕਾਸ਼ ਦੀਆਂ ਕਿਰਨਾਂ ਅੱਖ ਦੇ ਲੈਂਜ਼ ਚੋਂ ਲੰਘ ਕੇ ਪਰਦੇ ਅਰਥਾਤ ਰੈਟੀਨਾਂ(ਅੱਖ ਦੀ ਗੇਂਦ ਦੇ ਅੰਦਰਲੇ ਭਾਗ ਨੂੰ ਢੱਕਦੀ ਇੱਕ ਰੌਡ ਤੇ ਕੋਨ ਨਾਮੀ ਸੈਲਾਂ ਦੀ ਪਰਤ) ਉਤੇ ਪੈਂਦੀਆਂ ਹਨ। ਇਸ ਨਾਲ ਵਸਤੂ ਦਾ ਇੱਕ ਪ੍ਰਤੀਬਿੰਬ ਬਣ ਜਾਂਦਾ ਹੈ, ਜੋ ਕਿ ਉਲਟੀ ਅਵਸਥਾ ਵਿੱਚ ਹੁੰਦਾ ਹੈ ਤੇ ਜ਼ਿਹਨ ਤੱਕ ਪਹੁੰਚਦਾ-ਪਹੁੰਚਦਾ ਪਾਸਾ ਮਾਰ ਕੇ ਸਿੱਧਾ ਹੋ ਜਾਂਦਾ ਹੈ। ਉਸ ਤਸਵੀਰ ਨੂੰ ਦਿਮਾਗ ਪੜ੍ਹ ਲੈਂਦਾ ਹੈ। ਇਸ ਤਰ੍ਹਾਂ ਵਸਤੂ ਦਾ ਅਸਲ ਰੂਪ ਸਾਨੂੰ ਦਿਖਾਈ ਦਿੰਦਾ ਹੈ। ਸਰਲ ਸ਼ਬਦਾਂ ਵਿੱਚ ਅਸੀਂ ਇਸ ਪ੍ਰਕਿਰਿਆ ਦਾ ਵਿਸ਼ਲੇਸ਼ਨ ਕਰਨ ਲਈ ਇਹ ਆਖ ਸਕਦੇ ਹਾਂ ਕਿ ਅੱਖਾਂ ਦ੍ਰਿਸ਼ ਸਕੈਨ ਕਰਕੇ ਦਿਮਾਗ ਤੱਕ ਪਹੁੰਚਾਉਂਦੀਆਂ ਹਨ ਤੇ ਦਿਮਾਗ ਉਸ ਦ੍ਰਿਸ਼ ਨੂੰ ਪ੍ਰੋਸੈਸ ਅਤੇ ਪ੍ਰਿੰਟ ਕਰਦਾ ਹੈ। ਯਾਨੀ ਕਿ ਤਸਵੀਰ ਨੂੰ ਪਰਦੇ ਉਤੇ ਉਤਾਰਦਾ ਹੈ। ਅਰੋਗ ਅੱਖਾਂ ਵਿੱਚ ਪ੍ਰਤੀਬਿੰਬ ਹਮੇਸ਼ਾਂ ਰੈਟੀਨਾ ’ਤੇ ਬਣਦਾ ਹੈ। ਪਰ ਜਦੋਂ ਲੈਂਜ਼ ਤੇ ਰੈਟੀਨਾਂ ਦੇ ਵਿਚਕਾਰ ਦੀ ਦੂਰੀ ਵਿੱਚ ਅੰਤਰ ਆ ਜਾਂਦਾ ਹੈ ਤਾਂ ਪ੍ਰਤੀਬਿੰਬ ਰੈਟੀਨਾਂ ਤੋਂ ਅੱਗੇ ਜਾਂ ਪਿੱਛੇ ਬਣਦਾ ਹੈ ਅਤੇ ਵਸਤੂ ਦੇਖਣ ਵਿੱਚ ਸਪਸ਼ਟ ਦਿਖਾਈ ਨਹੀਂ ਦਿੰਦੀ। ਇਸ ਗੜਬੜ ਨਾਲ ਜੋ ਦ੍ਰਿਸ਼ਟੀ ਦੋਸ਼ ਪੈਦਾ ਹੁੰਦੇ ਹਨ, ਉਹ ਤਿੰਨ ਪ੍ਰਕਾਰ ਦੇ ਹੁੰਦੇ ਹਨ:-

1 Myopia : (ਨਜ਼ਦੀਕ ਦ੍ਰਿਸ਼ਟੀ) ਇਸ ਰੋਗ ਨਾਲ ਪੀੜਤ ਰੋਗੀ ਦੀ ਅੱਖ ਵਿੱਚ ਪ੍ਰਤੀਬਿੰਬ ਰੈਟੀਨਾ ਤੋਂ ਪਹਿਲਾਂ ਬਣਦਾ ਹੈ। ਜਿਸ ਕਾਰਨ ਦੂਰ ਦੀਆਂ ਵਸਤਾਂ ਸਾਫ਼ ਦਿਖਾਈ ਨਹੀਂ ਦਿੰਦੀਆਂ। ਇਸ ਦੋਸ਼ ਨੂੰ ਅਵਤਲ ਸ਼ੀਸ਼ੇ ਵਾਲੀਆਂ ਐਨਕਾਂ ਦਾ ਪ੍ਰਯੋਗ ਕਰਕੇ
ਦਰੁਸਤ ਕੀਤਾ ਜਾਂਦਾ ਹੈ।

2 Hyperopia (ਦੂਰ ਦ੍ਰਿਸ਼ਟੀ)- ਇਸ ਰੋਗ ਵਿੱਚ ਬਿੰਬ ਰੈਟੀਨਾਂ ਤੋਂ ਬਾਅਦ ਬਣਦਾ ਹੈ ਤੇ ਇਸ ਦੋਸ਼ ਨੂੰ ਉਤਲ ਸ਼ੀਸ਼ਾ ਵਰਤ ਕੇ ਸੁਧਾਰਿਆ ਜਾ ਸਕਦਾ ਹੈ।
3 Astigmatism : ਇਸ ਰੋਗ ਵਿੱਚ ਵਸਤੂ-ਬਿੰਬ ਰੈਟੀਨਾ ਤੇ ਆਨੇ ਵਾਲੀ ਥਾਂ ਬਣਨ ਦੀ ਬਜਾਏ ਵੱਖੋ-ਵੱਖਰੀ ਦੂਰੀ ਉਤੇ ਬਣਦਾ ਹੈ। ਇਸ ਦੋਸ਼ ਨੂੰ ਬੇਲਣਾਕਾਰ ਸ਼ੀਸ਼ੇ ਦੀ ਵਰਤੋਂ ਨਾਲ ਦੂਰ ਕੀਤਾ ਜਾਂਦਾ ਹੈ।
ਜਦੋਂ ਸਾਡੀਆਂ ਅੱਖਾਂ ਉਪਰੋਕਤ ਦਿੱਤੇ ਗਏ ਕਿਸੇ ਵੀ ਇੱਕ ਰੋਗ ਨਾਲ ਪੀੜਤ ਹੋ ਜਾਂਦੀਆਂ ਹਨ ਤਾਂ ਸਾਨੂੰ ਤੱਕਣ ਵਿੱਚ ਦਿੱਕਤਾਂ-ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫਿਰ ਸਾਡੀਆਂ ਅੱਖੀਆਂ ਨੂੰ ਜਗਤ ਤਮਾਸ਼ਾਂ ਤੱਕਣ ਲਈ ਐਨਕ ਰੂਪੀ ਹਥਿਆਰ ਦਾ ਸਹਾਰਾ ਲੈਣਾ ਪੈਂਦਾ ਹੈ। ਅੱਜਕੱਲ੍ਹ ਦੀ ਸਾਡੀ ਭੱਜਨੱਠ ਵਾਲੀ ਜ਼ਿੰਦਗੀ, ਆਸੰਤੁਲਿਤ ਖੁਰਾਕ ਅਤੇ ਮਾਨਸਿਕ ਤਨਾਉ ਸਦਕਾ 90% ਲੋਕੀ ਦ੍ਰਿਸ਼ਟੀ ਦੋਸ਼ਾਂ ਦਾ ਸ਼ਿਕਾਰ ਹਨ ਤੇ ਨਿਗਾਹ ਵਾਲੇ ਚਸ਼ਮੇ ਇਸਤੇਮਾਲ ਕਰਦੇ ਹਨ। ਬਾਕੀ ਦੇ 10% ਫੈਸ਼ਨ ਜਾਂ ਸ਼ੌਕ ਵਜੋਂ ਕਾਲੀਆਂ ਧੁੱਪ ਵਾਲੀਆਂ ਐਨਕਾਂ ਵਰਤ ਲੈਂਦੇ ਹਨ। ਤਦੇ ਹੀ ਤਾਂ ਹਸੀਨਾਵਾਂ ਦੇ ਧੁੱਪ ਵਾਲੀਆਂ ਐਨਕਾਂ ਲਾਈਆਂ ਦੇਖ ਕੇ ਮਨਚਲਿਆਂ ਦੇ ਮੂੰਹੋਂ ਨਿਕਲ ਜਾਂਦਾ ਹੈ, ‘ਗੋਰੇ ਗੋਰੇ ਮੁੱਖੜੇ ਪੇ ਕਾਲਾ ਕਾਲਾ ਚਸ਼ਮਾ। ਤੌਬਾ ਖੁਦਾ ਖੈਰ ਕਰੇ, ਖੂਬ ਹੈ ਕਰੀਸ਼ਮਾ।’
ਐਨਕਾਂ ਦਾ ਇਤਿਹਾਸ ਬੜ੍ਹਾ ਪੁਰਾਣਾ ਹੈ। 4000 B.C. ਵਿੱਚ Chaldeans ਨੇ ਕੋਈ ਦੂਰਬੀਨ ਵਰਤੀ ਸੀ, ਇਥੋਂ ਹੀ ਐਨਕਾਂ ਦੀ ਬੁਨੀਆਦ ਰੱਖੀ ਗਈ ਸਿੱਧ ਹੁੰਦੀ ਹੈ। ਵੈਸੇ ਰੋਮਨ ਸ਼ਾਸ਼ਕ ਨੀਰੋ ਵੀ ਦੂਰ ਦੀਆਂ ਚੀਜ਼ਾਂ ਨੂੰ ਸਪਸ਼ਟ ਦੇਖਣ ਲਈ ਕਿਸੇ ਮਹਿੰਗੇ ਅਤੇ ਸੁੰਦਰ ਹੀਰੇ ਦਾ ਸਹਾਰਾ ਲਿਆ ਕਰਦਾ ਸੀ। ਪੌਪ ਕਲੈਮੰਟ ਚੌਥਾ ਪੜ੍ਹਣ ਲਈ ਵਿਸ਼ਾਲੀਕਰਨ ਸ਼ੀਸ਼ੇ (Magnifying Glass) ਦਾ ਪ੍ਰਯੋਗ ਕਰਿਆ ਕਰਦਾ ਸੀ। 1268 ਵਿੱਚ ਰੌਜਰ ਬੇਕਨ ਨੇ ਨਿਗਾਹ ਲਈ ਵਿਸ਼ੇਸ਼ ਸ਼ੀਸ਼ਾ ਬਣਾ ਕੇ ਫਲੌਰੈਂਸ ਦੇ ਅਲੈਸਐਂਡਰੋ ਡੀ ਸਪਾਈਨਾ ਨੂੰ ਭੇਂਟ ਕੀਤਾ ਸੀ।
ਐਨਕ ਦੀ ਖੋਜ਼ ਪਹਿਲਾਂ ਪੂਰਬ ਵਿੱਚ ਹੋਈ ਜਾਂ ਪੱਛਮ ਵਿੱਚ, ਇਹ ਵੀ ਇੱਕ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ। 13ਵੀਂ ਸਦੀ ਦੇ ਮੁੱਢ ਵਿੱਚ ਏਸ਼ੀਆ ਦਾ ਦੌਰਾ ਕਰਨ ਵਾਲੇ ਪਹਿਲੇ ਯੌਰਪੀਅਨ ਯਾਤਰੀ, ਮਾਰਕੋ ਪੋਲੋ ਨੇ ਚੀਨ ਵਿੱਚ ਐਨਕ ਦੇਖਣ ਦਾ ਦਾਵਾ ਕੀਤਾ ਸੀ। ਪਰ ਐਨਕ ਦੀ ਕਾਢ ਕੱਢਣ ਦਾ ਦਸਤਾਵੇਜ਼ੀ ਸਬੂਤ ਸਿਰਫ ਡੀ ਅਰਮੈਟੋ ਨਾਮ ਦਾ ਇਤਾਲਵੀ ਸ਼ਖਸ ਹੀ ਪੇਸ਼ ਕਰ ਸਕਿਆ ਸੀ। ਇਸ ਲਈ ਮਰਨ ਉਪਰੰਤ ਉਹਦੀ ਕਬਰ ਉਤੇ ਵੀ ਇੰਝ ਖੋਦਿਆ ਗਿਆ ਹੈ, “HERE LIES SALVINO D’ ARMATO OF THE ARMATI OF FLORENCE. INVENTOR OF SPECTACLES. GOD PARDON HIM HIS SINS. A. D. 1317.” (ਚਸ਼ਮਿਆਂ ਦੀ ਖੋਜ ਕਰਨਵਾਲਾ, ਫਲੋਰੈਂਸ ਦੀ ਅਰਮਾਟੀ ਦਾ ਸੈਲਵੀਨੋ ਡੀ ਅਰਮਾਤੋ ਇੱਥੇ ਦਫਨ ਹੈ। ਹੇ ਪ੍ਰਭੂ ਉਸਦੇ ਗੁਨਾਹਾਂ ਨੂੰ ਬਖਸ਼ੀਂ। 1317ਈ.)
ਪਹਿਲੇ-ਪਹਿਲ ਵੀਨਸ ਦੇ ਉਪਚਾਰ ਕੇਂਦਰ ਨੇ ਐਨਕਾਂ ਬਣਾਉਣੀਆਂ ਆਰੰਭ ਕੀਤੀਆਂ ਸਨ ਅਤੇ ਫੇਰ ਤਾਂ ਜਰਮਨੀ ਵਿੱਚ ਵੀ ਬਣਨੀਆਂ ਸ਼ੁਰੂ ਹੋ ਗਈਆਂ ਸਨ। ਟਮਾਸੋ ਡਾ ਮੌਡੇਨਾ ਨਾਮੀ ਚਿੱਤਰਕਾਰ ਵੱਲੋਂ 1352 ਵਿੱਚ ਬਣਾਈ ਹੋਈ ਹੱਗ ਔਫ ਪਰੋਵੈਂਸ ਦੀ ਤਸਵੀਰ ਵਿੱਚ ਵੀ ਐਨਕ ਲੱਗੀ ਦੇਖੀ ਜਾ ਸਕਦੀ ਹੈ।
ਪਹਿਲਾਂ ਦੂਰ ਦੀ ਨਜ਼ਰ ਦੇ ਉਪਚਾਰ ਲਈ ਕੌਨਵੈਕਸ ਸ਼ੀਸ਼ੇ ਵਰਤੇ ਜਾਣ ਲੱਗੇ ਸਨ, ਜਿਨ੍ਹਾਂ ਦਾ ਸਬੂਤ 1480 ਵਿੱਚ ਡਿਮੈਨੀਕੋ ਗਿਰਲੈਂਡਐਜੋ ਦੇ ਹੱਥੀਂ ਬਣੀ ਸੰਤ ਜੈਰੋਮ ਦੀ ਪੇਂਟਿੰਗ ਵਿੱਚੋਂ ਮਿਲਦਾ ਹੈ।
ਰੈਪਹੇਲ ਵੱਲੋਂ 1517 ਵਿੱਚ ਬਣਾਏ ਗਏ ਪੌਪ ਲੀਓ ਦਸਵੇਂ ਦਾ ਪੋਟਰੇਟ ਦੇਖਣ ’ਤੇ ਪਤਾ ਲੱਗਦਾ ਹੈ ਕਿ ਨੇੜੇ ਦੀ ਨਿਗਾਹ ਲਈ ਕੌਨਕੇਵ ਲੈਂਜ਼ ਦੀ ਵਰਤੋਂ ਬਾਅਦ ਵਿੱਚ ਜਾ ਕੇ 15ਵੀਂ ਸਦੀ ਵਿੱਚ ਹੋਣ ਲੱਗੀ ਸੀ।
ਬਾਈਫੋਕਲ 1760 ਤੋਂ 1784 ਦੇ ਦਰਮਿਆਨ ਬੈਨਜ਼ਮਿਨ ਫਰੈਂਕਲੀਨ ਵੱਲੋਂ ਬਣਾਏ ਮੰਨੇ ਜਾਂਦੇ ਹਨ। Cemented bifocals ਦੀ ਕਾਢ 1884 ਵਿੱਚ ਨਿਕਲੀ ਸੀ। Trifocals ਅਤੇ ਇੱਕ ਭਾਗ ਵਾਲੀਆਂ ਐਨਕ ਦੀਆਂ ਕਿਸਮਾਂ 1908-1910 ਵਿੱਚ ਇਜ਼ਾਦ ਹੋਈਆਂ।ਠਰਡਿੋਚੳਲਸ ਅਤੇ ਹੋਰ ਡਿਜ਼ਾਇਨ ਤਾਂ ਮਗਰੋਂ ਆਏ। ਸ਼ੁਰੂ-ਸ਼ੁਰੂ ਵਿੱਚ ਵੀਨਸ ਅਤੇ ਨਿਉਰਨਬਰਗ ਐਨਕ ਉਦਯੋਗ ਦੇ ਮੁੱਖ ਕੇਂਦਰ ਸਨ। ਕਾਰਲ ਜ਼ੀਅਸ, ਐਰਨੇਸਟ ਐਬੇ ਅਤੇ ਓਟੋ ਸਸ਼ੌਟ ਵਰਗੇ ਜਰਮਨ ਸਾਇੰਸਦਾਨਾਂ ਨੇ ਰਲ੍ਹ ਕੇ 1885 ਵਿੱਚ ਜੀਨਾ ਵਿਖੇ ਐਨਕਾਂ ਲਈ ਕੱਚ ਦੇ ਸ਼ੀਸ਼ੇ ਬਣਾਏ ਸਨ। ਕੱਚ ਦੇ ਸ਼ੀਸ਼ੇ ਭਾਰ ਹੁੰਦੇ ਸਨ। 19ਵੀਂ ਸਦੀ ਦੇ ਮੁੱਢਲੇ ਦੌਰ ਵਿੱਚ ਪਲਾਸਟਿਕ ਦੇ ਹਲਕੇ ਸ਼ੀਸ਼ਿਆਂ ਦਾ ਜਨਮ ਹੋਇਆ ਸੀ। ਪੁਰਾਣੇ ਫਰੇਮ ਦਾ ਵੀ ਖਾਸਾ ਭਾਰ ਹੁੰਦਾ ਸੀ। ਇਸ ਲਈ ਐਨਕ ਪਹਿਨਣ ਵਾਲੇ ਦੇ ਨੱਕ ’ਤੇ ਦਾਗ ਪੈ ਜਾਂਦਾ ਹੁੰਦਾ ਸੀ। ਹੁਣ ਤਾਂ ਅਜਿਹੇ ਫਰੇਮ ਬਣ ਗਏ ਹਨ ਕਿ ਨਾ ਉਹਨਾਂ ਦਾ ਨੱਕ ਤੇ ਕੋਈ ਨਿਸ਼ਾਨ ਪੈਂਦਾ ਹੈ ਤੇ ਨਾ ਹੀ ਉਹ ਮੁਚੜ ਕੇ ਟੁੱਟਦੇ ਹਨ। ਭਾਵੇਂ ਗੁੱਛਾ-ਮੁੱਛਾ ਕਰਕੇ ਬੰਦ ਮੁੱਠੀ ਵਿੱਚ ਫੜ੍ਹ ਲਉ।
ਅੱਜ-ਕੱਲ੍ਹ ਤਾਂ ਐਨਕਾਂ ਲਾਉਣ ਦਾ ਰਿਵਾਜ਼ ਘੱਟਦਾ ਜਾਂਦਾ ਹੈ। ਅਜੌਕੇ ਦੌਰ ਵਿੱਚ ਤਾਂ ਕੌਨਟੈਕਟ ਲੈਂਜ਼ਾਂ ਦਾ ਬੋਲ-ਬਾਲਾ ਹੈ। ਭਾਵੇਂ ਅੱਖਾਂ ਦੇ ਅੰਦਰ ਪਹਿਨਣ ਵਾਲੇ ਲੈਂੱਨਜ਼ ਉਨੀਵੀਂ ਸ਼ਤਾਬਦੀ ਦੇ ਨੌਵੇਂ ਦਹਾਕੇ ਵਿੱਚ ਬਹੁਤੇ ਮਸ਼ਹੂਰ ਹੋਏ ਸਨ। ਪਰ ਅੰਗਰੇਜ਼ੀ ਚਿਕਿਤਸਾ ਸ਼ਾਸਤਰੀ ਸਰ ਜੌਨ ਐਫ ਹਰਸ਼ੈਲ ਦਾ ਮੰਨਣਾ ਹੈ ਕਿ 1827 ਵਿੱਚ ਹੀ ਕੌਨਟੈਕਟ ਲੈਂਜ਼ ਹੋਂਦ ਵਿੱਚ ਆ ਗਏ ਸਨ। 1887 ਵਿੱਚ ਐਡੌਲਫ ਫਿੱਕ ਦੇ ਬਣਾਏ ਹੋਏ ਸ਼ੀਸ਼ੇ ਜ਼ਿਆਦਾ ਦੇਰ ਤੱਕ ਅੱਖ ਵਿੱਚ ਨਹੀਂ ਸੀ ਰੱਖੇ ਜਾ ਸਕਦੇ। ਹਿੱਲ-ਜੁੱਲ ਹੋਣ ਨਾਲ ਉਹ ਆਪਣੇ ਸਥਾਨ ਤੋਂ ਖਿਸਕ ਜਾਂਦੇ ਸਨ। ਕੈਵਿਨ ਟੈਓਹੇ ਨੇ 1948 ਵਿੱਚ ਪਲਾਸਟਿਕ ਦੇ ਹਾਰਡ ਲੈਂਜ਼ ਬਣਾਏ ਤੇ ਫੇਰ 1970 ਵਿੱਚ ਸੌਫਟ ਲੈਂਜ਼ ਦਾ ਨਿਰਮਾਣ ਹੋ ਗਿਆ ਸੀ। ਇਨ੍ਹਾਂ ਲੈਂਜ਼ਾਂ ਦਾ ਖਰਚਾ ਬਹੁਤ ਆਉਂਦਾ ਹੈ। ਲੈਂਜ਼ਾਂ ਨੂੰ ਸਾਫ-ਸੁਥਰੇ ਰੱਖਣ ਲਈ ਕਈ ਪ੍ਰਕਾਰ ਦੇ ਰਸਾਇਣਕ ਤਰਲ ਪਦਾਰਥ ਵਰਤਣੇ ਪੈਂਦੇ ਹਨ। ਪਰ 1995 ਵਿੱਚ ਰੰਗਦਾਰ ਲੈਂਜ਼ ਮਾਰਕੀਟ ਵਿੱਚ ਆਏ ਤੇ 1998 ਵਿੱਚ ਡਿਸਪੋਜ਼ਬਲ ਆ ਗਏ ਸਨ। ਇਨ੍ਹਾਂ ਡਿਸਪੋਜ਼ਬਲ ਲੈਂਜ਼ਾਂ ਨੂੰ ਸਵੇਰੇ ਪਾਉ ਤੇ ਸ਼ਾਮ ਨੂੰ ਵਰਤ ਕੇ ਸਿੱਟ ਦਿਉ। ਇਹ ਲੈਂਜ਼ ਦੂਸਰੇ ਸੌਫਟ ਲੈਂਜ਼ਾਂ ਨਾਲੋਂ ਮਹਿੰਗੇ ਤਾਂ ਜ਼ਰੂਰ ਪੈਂਦੇ ਹਨ, ਪਰ ਕਈ ਗੁਣਾ ਚੰਗੇ ਹਨ। ਕਿਉਂਕਿ ਆਮ ਸੌਫਟ ਲੈਂਜ਼ਾਂ ਦੀ ਮਿਆਦ ਮਹੀਨਾਂ, ਛੇ ਮਹੀਨੇ ਜਾਂ ਸਾਲ ਤੱਕ ਹੁੰਦੀ ਹੈ। ਫਿਰ ਉਹਨਾਂ ਦੀ ਧੋਹ-ਧਵਾਈ ਦਾ ਬੜਾ ਖਿਆਲ ਰੱਖਣਾ ਪੈਂਦਾ ਹੈ। ਹਰ ਹਫਤੇ ਸਟੈਰਾਲਾਈਜ਼ ਕਰਨ ਦਾ ਯੱਭ ਕਰਨਾ ਪੈਂਦਾ ਹੈ। ਇੰਨਫੈਕਸ਼ਨ ਅਤੇ ਹੋਰ ਅੱਖਾਂ ਦੇ ਰੋਗਾਂ ਦੇ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ।
ਸਾਇੰਸ ਦਿਨੋਂ-ਦਿਨ ਤਰੱਕੀ ਕਰੀ ਜਾ ਰਹੀ ਹੈ। ਹੌਲੀ-ਹੌਲੀ ਐਨਕਾਂ ਅਤੇ ਲੈਂਜ਼ਾਂ ਨੇ ਮੁਕੰਮਲ ਤੌਰ ’ਤੇ ਅਲੋਪ ਹੋ ਜਾਣਾ ਹੈ। ਕਿਉਂਕਿ 1980 ਤੋਂ ਸਰਕਾਰੀ ਅਤੇ ਗੈਰਸਰਕਾਰੀ ਤੌਰ ’ਤੇ ਲੇਜ਼ਰ ਉਪਚਾਰ ਦੀ ਵਰਤੋਂ ਹੋਣ ਲੱਗ ਪਈ ਹੈ। ਇਸ ਇਲਾਜ਼ ਵਿੱਚ ਸਰਜਨ ਮਰੀਜ਼ ਦੀਆਂ ਅੱਖਾਂ ਵਿੱਚ ਬਹੁਤ ਹੀ ਹਲਕੀ ਤਾਕਤ ਦਾ ਲੈਜ਼ਰ ਬੀਮ ਮਾਰ ਕੇ ਸੁਰਾਖ ਕਰ ਦਿੰਦਾ ਹੈ, ਜਿਸ ਨਾਲ ਬੇਅਕਾਰੀ ਹੋਈ ਅੱਖ ਦੀ ਪੁਤਲੀ ਸੁੰਗੜ ਕੇ ਆਪਣੇ ਸਹੀ ਆਕਾਰ ਵਿੱਚ ਪਰਤ ਆਉਂਦੀ ਹੈ ਤੇ ਰੋਗੀ ਦੀ ਅੱਖ ਤੰਦਰੁਸਤ ਹੋ ਜਾਂਦੀ ਹੈ। ਅਜੇ ਨਵਾਂ ਹੋਣ ਕਰਕੇ ਇਹ ਇਲਾਜ਼ ਮਹਿੰਗਾ ਹੈ। ਪਰ ਆਹਿਸਤਾ-ਆਹਿਸਤਾ ਇਹ ਮਕਬੂਲ ਹੁੰਦਾ ਜਾ ਰਿਹਾ ਹੈ। ਇਸ ਵਿਧੀ ਰਾਹੀਂ ਲੋਕੀ ਐਨਕਾਂ ਅਤੇ ਲੈਂਜ਼ਾਂ ਤੋਂ ਛੁਟਕਾਰਾ ਪਾਉਂਦੇ ਜਾ ਰਹੇ ਹਨ। ਉਹ ਦਿਨ ਹੁਣ ਦੂਰ ਨਹੀਂ ਜਦੋਂ ਐਨਕਾਂ ਸਿਰਫ ਅਜਾਇਬ ਘਰਾਂ ਵਿੱਚ ਹੀ ਦੇਖਣ ਨੂੰ ਮਿਲਿਆ ਕਰਨਗੀਆਂ। ਫਿਰ ਦੇਬੀ ਮਖਸੂਸਪੁਰੀ ਵਰਗੇ ਸ਼ਾਇਰਾਂ ਨੂੰ ਇਹ ਕਹਿਣ ਦਾ ਅਵਸਰ ਨਹੀਂ ਮਿਲੇਗਾ ਕਿ, ‘ਅਸੀਂ ਨਜ਼ਰ ਮਿਲਾਇਏ ਕੀ ਅੜੀਏ, ਤੂੰ ਕਾਲੀ ਐਨਕ ਲਾਹੁੰਦੀ ਨਾ?’

ਨੋਟ: ਇਹ ਲੇਖ ਮਹਾਨਕੋਸ਼ ਅਤੇ ਅੰਗਰੇਜ਼ੀ ਲੇਖਾਂ ਤੋਂ ਪ੍ਰਾਪਤ ਜਾਣਕਾਰੀ ਦੀ ਸਹਾਇਤਾ ਨਾਲ ਲਿਖਿਆ ਗਿਆ ਹੈ।
****

No comments:

Post a Comment