ਜਦੋਂ ਕੋਈ ਮਨੁੱਖ ਕਾਰਗੁਜ਼ਾਰੀਆਂ ਕਰਦਾ ਜਾਂ ਮਾਅਰਕੇ ਮਾਰਦਾ ਹੈ ਤਾਂ ਉਸ ਦੀ ਸਫਲਤਾ ਕੇਵਲ ਦੋ ਭਾਗਾਂ ਵਿਚ ਵਿਭਾਜਿਤ ਹੁੰਦੀ ਹੈ, ਇਕ ਤਾਂ ਉਹ ਖੇਤਰ ਜੋ ਉਸ ਦੀ ਉਪਜੀਵਕਾ ਦਾ ਸਾਧਨ ਬਣਿਆ ਹੋਵੇ ਤੇ ਦੂਜਾ ਕੇਵਲ ਤੇ ਕੇਵਲ ਉਸਦਾ ਸ਼ੌਂਕ ਜੋ ਅਕਸਰ ਕਲਾ ਦੇ ਮਾਧਿਅਮ ਨਾਲ ਸਬੰਧਿਤ ਹੁੰਦਾ ਹੈ।ਇਹ ਗੱਲ ਵੱਖਰੀ ਹੈ ਕਿ ਇਨਸਾਨ ਦਾ ਰੁਜ਼ਗਾਰ ਜਾਂ ਕਲਾ ਕਿਸ ਕਿਸਮ ਦੀ ਹੈ।
ਕਲਾ ਦਾ ਇਕ ਐਸਾ ਹੀ ਰੂਪ ਹੈ ਕਾਗਜ਼ ਦੀ ਸਤਹ ਉੱਤੇ ਕਲਮ ਨਾਲ ਸ਼ਿਲਪਕਾਰੀ ਕਰਨਾ… ਅੱਖਰਾਂ ਦਾ ਕਸੀਦਾ ਕੱਢਣਾ… ਅਲਫਾਜ਼ਾਂ ਦੇ ਤੰਦ ਪਾਉਣੇ…, ਵਾਕਾਂ ਦੀਆਂ ਜਾਦੂਈ ਬੁਣਤੀਆਂ ਬੁਣਨੀਆਂ ਅਤੇ ਪੁਨਰ ਨਿਰਧਾਰਿਤ ਵਿਧਾ ਦੇ ਕੈਨਵਸ ਉੱਤੇ ਕਲਪਨਾ ਦੇ ਰੰਗ ਬਿਖੇਰਨੇ। ਇਹ ਕਲਾ ਉਨ੍ਹਾਂ ਹੱਥਾਂ ਨੂੰ ਨਸੀਬ ਹੁੰਦੀ ਹੈ ਜਿਨ੍ਹਾਂ ਨੂੰ ਕੁਦਰਤ ਨੇ ਸ਼ਫਾਅ ਬਖਸ਼ੀ ਹੋਵੇ, ਪ੍ਰਮਾਤਮਾ ਜਿਨ੍ਹਾਂ ’ਤੇ ਮਿਹਰਬਾਨ ਹੋਇਆ ਹੋਵੇ। ਦੁਸਰੀਆਂ ਭਾਸ਼ਾਵਾਂ ਵਾਂਗ ਪੰਜਾਬੀ ਅਦਬ ਨੇ ਵੀ ਬਹੁਤ ਅਦੀਬ ਪੈਦਾ ਕੀਤੇ ਹਨ। ‘ਪੱਤ ਝੜੇ ਪੁਰਾਣੇ ਨੀ ਰੁੱਤ ਨਵਿਆਂ ਦੀ ਆਈ ਆ।’ ਦੇ ਸਿਧਾਂਤ ਅਨੁਸਾਰ ਅਨੇਕਾਂ ਸਾਹਿਤਕਾਰ ਆਏ, ਅਣਗਿਣਤ ਕਲਮਕਾਰ ਗਏ ਤੇ ਬੇਸ਼ੁਮਾਰ ਮੌਜੂਦ ਹਨ ਤੇ ਬੇਤਹਾਸ਼ਾ ਅੱਗੋਂ ਆਉਣਗੇ। ਪਰ ਚੰਦ ਕੁ ਦਸਤ-ਏ-ਮੁਬਾਰਕ ਅਜਿਹੇ ਹੁੰਦੇ ਹਨ ਕਿ ਉਨ੍ਹਾਂ ਦੀ ਪਕੜ ਵਿਚ ਆਈਆਂ ਕਲਮਾਂ ਇਤਿਹਾਸ ਸਿਰਜ ਦਿੰਦੀਆਂ ਹਨ ਤੇ ਲੇਖਣੀ ਦੀਆਂ ਪੈੜਾਂ ਦੀ ਅਮਿਟ ਛਾਪ ਗੱਡ ਦਿੰਦੇ ਹਨ ਉਹ ਹੱਥ।ਇਥੇ ਮੈਨੂੰ ਮਿਰਜ਼ਾ ਗਾਲਿਬ ਦੀ ਗਜ਼ਲ ਦਾ ਇਕ ਸ਼ਿਅਰ ਤੁਹਾਡੇ ਨਾਲ ਸ਼ੇਅਰ (Share) ਕਰਨ ਦੀ ਇੱਛਾ ਹੋ ਰਹੀ ਹੈ, “ਯੂੰ ਤੋਂ ਦੁਨੀਆ ਮੇ ਹੈਂ
ਸੁਖੱਨਵਰ ਬਹੁਤ ਅੱਛੇ, ਵੋ ਕਹਿਤੇ ਹੈ ਕਿ ਗਾਲਿਬ ਕਾ ਹੈ ਅੰਦਾਜ਼-ਏ-ਬਿਆਂ ਔਰ।”ਜਿਵੇਂ ਵਰਿਸ ਸ਼ਾਹ ਨੇ ਫਰਮਾਇਆ ਹੈ ਕਿ, “ਗੁੱਝੀ ਰਹੇ ਨਾ ਹੀਰ ਹਜ਼ਾਰ ਵਿਚੋਂ” ਉਵੇਂ ਹੀ ਸਾਹਿਤਕਾਰਾਂ ਦੀ ਭੀੜ ਵਿਚ ਵੱਖਰਾ ਪਹਿਚਾਣਿਆ ਜਾਣ ਵਾਲਾ ਸਾਹਿਤਕਾਰ, ਬ੍ਰਤਾਨਵੀਂ ਪੰਜਾਬੀ ਗੀਤਕਾਰੀ ਦੇ ਅੰਬਰ ਵਿਚ ਧਰੂ-ਤਾਰੇ ਵਾਂਗ ਚਮਕਦਾ, ਦਮਕਦਾ ਇਕ ਐਸਾ ਹੀ ਨਾਮ ਹੈ, ਤਰਲੋਚਨ ਸਿੰਘ ਚੰਨ ਜੰਡਿਆਲਵੀ। ਨਿਰਸੰਦੇਹ ਹੀ ਉਹਨਾਂ ਦਾ ਨਾਮ ਪ੍ਰਵਾਸੀ ਗੀਤਕਾਰਾਂ ਦੀ ਪਹਿਲੀ ਕਤਾਰ ਵਿਚ ਦਰਜ ਹੈ।ਇਸ ਗੱਲ ਦੀ ਸ਼ਾਹਦੀ ਭਰਦੇ ਹੋਏ ਸਵ: ਲੋਕਕਵੀ ਅਵਤਾਰ ਸਿੰਘ ਅਰਪਣ ਜੀ ਲਿਖਦੇ ਹਨ, “ਚੰਨ ਜੀ ਦੀਆਂ ਲਿਖਤਾਂ ਸਲਾਹੁਣ ਯੋਗ ਹਨ, ਭਾਵੇਂ ਹੀ ਗੀਤ ਹਨ, ਭਾਵੇਂ ਕਵਿਤਾਵਾਂ ਜਾਂ ਕਵਾਲੀਆਂ, ਹਰ ਇਕ ਵਿਚ ਵੱਖੋ-ਵੱਖਰਾ ਰੰਗ ਹੈ।”
ਇਸ ਬਿਆਨ ਦੀ ਕੁੰਡੀ ਨਾਲ ਕੁੰਡੀ ਮੇਲਦੇ ਹੋਏ ਬਜ਼ੁਰਗ ਕਵੀ ਚਰਨ ਸਿੰਘ ਸਫਰੀ ਆਖਦੇ ਹਨ, “ਚੰਨ ਦਾ ਆਪਣਾ ਗੀਤਾਂ-ਰੂਪੀ ਚਮਕਾਰਾ ਵਿਸ਼ੇਸ਼ ਖਿੱਚ ਪਾਉਂਦਾ ਹੈ। ਇਨ੍ਹਾਂ ਦੇ ਗੀਤਾਂ ਵਿਚ ਚੌਖੀ ਜਾਨ ਹੈ। ਵਲਵਲਾ ਭਰਪੂਰ ਗੀਤਾਂ ਰਾਹੀਂ ਚੰਨ ਜੀ ਨੇ ਪੰਜਾਬੀ ਦੀ ਨਿੱਗਰ ਸੇਵਾ ਕੀਤੀ ਹੈ।”
ਚੰਨ ਸਾਹਿਬ ਦੇ ਗੀਤਾਂ ਦੇ ਸੰਦਰਭ ਵਿਚ ਸਤਿਕਾਰਯੋਗ ਬਾਈ ਜੀ ਹਰਦੇਵ ਦਿਲਗੀਰ ਦੇਵ ਥਰੀਕਿਆਂਵਾਲਿਆਂ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ, “ਚੰਨ ਦੇ ਗੀਤ ਮੈਨੂੰ ਆਪਣੇ ਗੀਤਾਂ ਨਾਲੋਂ ਵੀ ਪਿਆਰੇ ਲਗਦੇ ਹਨ।”
ਚੰਨ ਸਾਹਿਬ ਦੇ ਕੁਝ ਕੁ ਗੀਤਾਂ ਨੂੰ ਤਾਂ ਲੋਕ-ਗੀਤ ਹੋ ਨਿਬੜਣ ਦਾ ਮਾਣ ਪ੍ਰਾਪਤ ਹੈ। ਲੇਕਿਨ ਫਿਰ ਵੀ ਚੰਨ ਸਾਹਿਬ ਵਿਚ ਇਸ ਗੱਲ ਦੀ ਨਾ ਆਕੜ ਤੇ ਨਾ ਹੀ ਅਫਰੇਵਾਂ ਹੈ। ਨਿੱਕੇ ਹੁੰਦੇ ਰੇਡੀਓ ਤੋਂ ਕੁਝ ਗੀਤ ਅਕਸਰ ਸੁਣਿਆ ਕਰਦੇ ਸੀ, “ਨੱਚਾਂ ਮੈਂ ਲੁਧਿਆਣੇ ਤੇ ਮੇਰੀ ਧਮਕ ਜਲੰਧਰ ਪੈਂਦੀ” ਅਤੇ “ਮਧਾਣੀਆਂ ਹਾਏ ਓ ਮੇਰੇ ਡਾਢਿਆ ਰੱਬਾ ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ” ਆਦਿ।ਜਿਸ ਸਮੇਂ ਤੋਂ ਇਹ ਗੀਤ ਕੰਨਾਂ ਵਿਚ ਰਸ ਘੋਲ ਰਹੇ ਸਨ ਉਸ ਸਮੇਂ ਤਾਂ ਭਾਵੇਂ ਬਹੁਤੀ ਸੋਝੀ ਨਹੀਂ ਸੀ। ਪਰੰਤੂ ਫਿਰ ਇੰਗਲੈਂਡ ਆ ਕੇ ਸਾਹਿਤ ਦੇ ਖੇਤਰ ਵਿਚ ਪੈਰ ਰੱਖਿਆ ਤੇ ਚੰਨ ਸਾਹਿਬ ਨਾਲ ਮੇਲ ਮਿਲਾਪ ਹੋਣ ਲੱਗਿਆ।ਫਿਰ ਵੀ ਕਈ ਵਰ੍ਹਿਆਂ ਤੱਕ ਇਲਮ ਨਾ ਹੋ ਸਕਿਆ ਕਿ ਉਪਰੋਕਤ ਵਰਣਿਤ ਗੀਤਾਂ ਨੂੰ ਜਨਮ ਦੇਣ ਵਾਲੇ ਚੰਨ ਜੰਡਿਆਲਵੀ ਜੀ ਹਨ। ਮੇਰੇ ਵਾਂਗ ਬਹੁਤ ਸਾਰੇ ਲੋਕ ਇਸ ਸਚਾਈ ਤੋਂ ਨਾਵਾਕਿਫ ਹਨ। ਇਸ ਤੱਥ ਦਾ ਇੰਕਾਸਾਫ ਸੁਰਿੰਦਰ ਕੌਰ ਜੀ ਦੀ ਬੇਟੀ ਡੌਲੀ ਗੁਲੇਰੀਆ ਇੰਝ ਕਰਦੀ ਹੈ, “ਚੰਨ ਜੀ ਦਾ ਗੀਤ ‘ਪਿਪਲੀ ’ਤੇ ਪੀਂਘ ਝੂਟਦੀ, ਨੀ ਮੈਂ ਤਾਂ ਅੜੀਓ ਸ਼ਰਾਬਣ ਹੋਈ।’ ਲੰਡਨ ਦੇ ਸ਼ੋ ਵਿਚ ਮੈਂ ਗਾਇਆ ਤੇ ਫਿਰ ਰਿਕਾਰਡ ਵੀ ਕਰਾਇਆ। ਮੇਰੀ ਮਾਂ, ਸ਼੍ਰੀਮਤੀ ਸੁਰਿੰਦਰ ਕੌਰ ਦੇ, ਮਸ਼ਹੂਰ ਗੀਤਾਂ ਵਿਚੋਂ ਇਕ ਗੀਤ, ਜੋ ਪੰਜਾਬੀਆਂ ਦੇ ਦਿਲਾਂ ਤੇ ਸਦਾ ਲਈ ਉਲੀਕਿਆ ਗਿਆ ਹੈ, ‘ਮਧਾਣੀਆਂ, ਹਾਏ ਓ ਮੇਰੇ ਡਾਢਿਆ ਰੱਬਾ…।’ ਇਕ ਲੋਕ ਗੀਤ ਬਣ ਚੁੱਕਿਆ ਹੈ। ਉਸ ਦੇ ਰਚੇਤਾ ਚੰਨ ਜੀ ਹਨ। ਇਹ ਸੁਣਕੇ ਲੋਕ ਹੈਰਾਨ ਹੋ ਜਾਂਦੇ ਨੇ, ਪਰ ਹਕੀਕਤ ਤਾਂ ਹਕੀਕਤ ਹੀ ਹੈ।”
ਕਈ ਦਹਾਕੇ ਬੀਤ ਗਏ ਹਨ ਚੰਨ ਸਾਹਿਬ ਨੂੰ ਲਿਖਦਿਆਂ, ਅਨੇਕਾਂ ਰੁੱਤਾਂ ਆਈਆਂ, ਮੌਸਮ ਬਦਲੇ, ਲੇਕਿਨ ਚੰਨ ਸਾਹਿਬ ਦੀ ਕਲਮ ਉਸੇ ਰਵਾਨਗੀ ਅਤੇ ਮਟਕ ਨਾਲ ਅੱਜ ਵੀ ਆਪਣੀ ਤੋਰ ਤੁਰੀ ਜਾ ਰਹੀ ਹੈ। ਅਵਾਜ਼-ਏ-ਪੰਜਾਬ ਸ਼ੌਕਤ ਅਲੀ, ਲਾਹੌਰ ਤੋਂ ਚੰਨ ਜੀ ਦੀ ਪ੍ਰਤੀ ਆਪਣੇ ਲਫਜ਼ਾਂ ਰਾਹੀਂ ਅਕੀਦਤ ਦੇ ਫੁੱਲ ਭੇਂਟ ਕਰਦਾ ਹੋਇਆ ਫਰਮਾਉਂਦਾ ਹੈ, “ਚੰਨ ਜੰਡਿਆਲਵੀ ਪੰਜਾਬੀ ਜ਼ਬਾਨ ਦੇ ਗੀਤ ਨਿਗਾਰਾਂ ਵਿਚ ਇਕ ਬਹੁਤ ਵੱਡਾ ਮੋਤਬਰ ਨਾਮ ਹੈ। ਉਨ੍ਹਾਂ ਦੇ ਕਲਾਮ ਦੀ ਸਚਾਈ ਤੇ ਜ਼ਾਤ ਦੀ ਨਫੀ ਉਨ੍ਹਾਂ ਨੂੰ ਬਹੁਤ ਵੱਡਾ ਤੇ ਉੱਚਾ ਸ਼ਾਇਰ ਬਣਾ ਦਿੰਦੀ ਹੈ।”
ਨੰਦ ਲਾਲ ਨੂਰਪੂਰੀ ਦੇ ਸ਼ਾਗਿਰਦ ਅਤੇ ਇੰਦਰਜੀਤ ਹਸਨਪੂਰੀ ਤੇ ਚਮਨ ਲਾਲ ਸ਼ੁਗਲ ਦੇ ਗੁਰ-ਭਾਈ ਚੰਨ ਜੰਡਿਆਲਵੀ ਜੀ ਦੀਆਂ ਹੁਣ ਤੱਕ ਚੌਦਾਂ ਪੁਸਤਕਾਂ ਛੱਪ ਚੁੱਕੀਆਂ ਹਨ ਤੇ ਉਹਨਾਂ ਦੇ ਹਜ਼ਾਰ ਤੋਂ ਵੱਧ ਗੀਤ ਰਿਕਾਰਡ ਹੋ ਚੁੱਕੇ ਹਨ।
ਬਲਬੀਰ ਸਿੰਘ ਕਲਸੀ, ਆਲ ਇੰਡੀਆ ਰੇਡਿਓ, ਜਲੰਧਰ ਵਾਲੇ ਚੰਨ ਸਾਹਿਬ ਮੁਅਤੱਲਕ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਆਖਦੇ ਹਨ, “ਤਰਲੋਚਨ ਸਿੰਘ ਚੰਨ ਜੰਡਿਆਲਵੀ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਕਾਵਿ-ਰੂਪੀ ਰਿਸ਼ਮਾਂ ਵੰਡਦਾ ਹੋਇਆ ਇਕ ਚੰਨ ਹੈ ਇਸ ਦੇ ਗੀਤਾਂ ਦੀ ਰੌਸ਼ਨੀ ਨਾਲ ਅੱਜ ਪੰਜਾਬ ਦੇ ਗਾਇਕ ਅਤੇ ਗਾਇਕਾਵਾਂ ਪੰਜਾਬ ਦੀ ਧਰਤੀ ਨੂੰ ਰੁਸ਼ਨਾ ਰਹੇ ਹਨ।”
ਮਸ਼ਹੂਰ ਸੰਗੀਤ ਨਿਰਦੇਸ਼ਕ ਜਨਾਬ ਕੇ. ਐਸ. ਨਰੂਲਾ ਜੀ ਚੰਨ ਸਾਹਿਬ ਦੀਆਂ ਸਿਨਫਾਂ ਦੇ ਪਰੀਪੇਖ ਵਿਚ ਆਪਣੀ ਰਾਏ ਇਉਂ ਵਿਅਕਤ ਕਰਦੇ ਹਨ, “ਸ਼ਾਇਰ ਦੀ ਉਡਾਰੀ ਦਾ ਥੋੜ੍ਹੇ ਹੀ ਲਫਜ਼ਾਂ ਵਿਚ ਪਤਾ ਲੱਗ ਜਾਂਦਾ ਹੈ ਕਿ ਸ਼ਾਇਰ ਕੀ ਕਹਿਣਾ ਚਾਹੁੰਦਾ ਹੈ। ਚੰਨ ਜੰਡਿਆਲਵੀ ਸਾਹਿਬ ਦੇ ਗੀਤ ਮੈਂ ਐਚ. ਐਮ. ਵੀ. ਤੋਂ ਲੈ ਕੇ ਬਹੁਤ ਸਾਰੀਆਂ ਕੰਪਨੀਆਂ ਵਿਚ ਰਿਕਾਰਡ ਕਰਵਾਏ ਹਨ ਜੋ ਗਿਣਤੀ ਤੋਂ ਬਾਹਰ ਹਨ।”
ਚੰਨ ਸਾਹਿਬ ਦੇ ਗੀਤਾਂ ਬਾਰੇ ਜ਼ਿਕਰ ਕਰਦਿਆਂ ਚਮਨ ਲਾਲ ਸ਼ੁਗਲ ਲਿੱਖਦਾ ਹੈ, “ਚੰਨ ਜੰਡਿਆਲਵੀ ਦੀ ਕਲਮ ਨੇ ਐਸੇ ਗੀਤ ਲਿਖੇ, ਜੋ ਚੰਗੇ-ਚੰਗੇ ਗਾਇਕਾਂ ਦੀ ਜ਼ਬਾਨ ’ਤੇ ਨੱਚਣ ਲੱਗ ਪਏ, ਸੰਗੀਤ ਨਾਲ ਖੇਡਣ ਲੱਗ ਪਏ, ਨਵੇਂ-ਨਵੇਂ ਸਾਜ਼ ਮੰਗਣ ਲੱਗ ਪਏ।”
ਲੰਡਨ ਦੇ ਰੇਡੀਓ ਪ੍ਰਜ਼ੈਂਟਰ ਚਮਨ ਲਾਲ ਚਮਨ ਦੀ ਜਾਚੇ ਚੰਨ ਜੀ ਦੇ ਗੀਤ, “ਮਿੱਠੇ ਖੂਹਾਂ ਦੇ ਪਾਣੀ ਵਰਗੇ, ਚਰਖੇ ਦੀਆਂ ਘੁਕਾਂ ਵਰਗੇ, ਪਹਿਲੇ ਤੋੜ ਦੀ ਬੋਤਲ ਵਰਗੇ ਹਨ।”
ਚੰਨ ਸਾਹਿਬ ਦੇ ਕਲਾਮ ਪ੍ਰਤੀ ਆਪਣੀ ਸ਼ਰਧਾ ਅਤੇ ਰਾਏ ਵਿਅਕਤ ਕਰਦਾ ਹੋਇਆ ਗਾਇਕ ਬਲਵਿੰਦਰ ਸਫਰੀ ਕਹਿੰਦਾ ਹੈ, “ਚੰਨ ਜੀ ਦੀ ਲੇਖਣੀ ਕੋਈ ਬਨਾਵਟੀ ਨਹੀਂ ਹੈ, ਆਮ ਜ਼ਿੰਦਗੀ ਵਿਚੋਂ ਲਿਖਣਾ ਉਨ੍ਹਾਂ ਦਾ ਸਭ ਤੋਂ ਵੱਡਾ ਗੁਣ ਹੈ, ਜੋ ਹਰ ਇਕ ਗਾਇਕ ਨੂੰ ਅਤੇ ਸਰੋਤੇ ਦੇ ਮਨ-ਭਾਉਂਦਾ ਹੈ। ਉਨ੍ਹਾਂ ਦਾ ਸੁਭਾਅ ਬੜਾ ਹੀ ਮਿਲਣਸਾਰ ਹੈ। ਉਹ ਪਹਿਲੀ ਮਿਲਣੀ ਵਿਚ ਹੀ ਕਿਸੇ ਦੂਸਰੇ ਨੂੰ ਆਪਣੇ ਪਿਆਰ ਨਾਲ ਆਪਣਾ ਬਣਾ ਲੈਂਦੇ ਹਨ।”
ਚੰਨ ਸਾਹਿਬ ਦੇ ਗੀਤਾਂ ਨੂੰ ਸੁਰਿੰਦਰ ਕੌਰ, ਜਗਮੋਹਣ ਕੌਰ, ਮਲਕੀਤ ਸਿੰਘ, ਬਲਵਿੰਦਰ ਸਫਰੀ, ਪਾਲੀ ਦੇਤਵਾਲੀਆ, ਆਸੀਆ ਸੁੰਮਨ, ਸ਼ੌਕਤ ਅਲੀ, ਨਰਿੰਦਰ ਬੀਬਾ, ਕੁਲਦੀਪ ਪਾਰਸ, ਡੌਲੀ ਗਲੋਰੀਆ, ਅਵਤਾਰ ਫਲੋਰਾ ਵਰਗੇ ਬੇਸ਼ੂਮਾਰ ਕਲਾਕਾਰਾਂ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ਤੇ ਚਰਨਜੀਤ ਅਹੂਜਾ, ਕੇਸਰ ਸਿੰਘ ਨਰੂਲਾ ਅਤੇ ਬਲਦੇਵ ਮਸਤਾਨਾ ਵਰਗੇ ਸੁਘੜ ਸੰਗੀਤਕਾਰਾਂ ਨੇ ਆਪਣੀਆਂ ਤਿਲੱਸਮੀ ਧੁੰਨਾਂ ਵਿਚ ਪਰੋਇਆ ਹੈ। ਬਲਦੇਵ ਮਸਤਾਨਾ ਚੰਨ ਜੀ ਬਾਰੇ ਜ਼ਿਕਰ ਕਰਦਾ ਹੋਇਆ ਕਹਿੰਦਾ ਹੈ, “ਤਰਲੋਚਨ ਸਿੰਘ ਚੰਨ ਜੰਡਿਆਲਵੀ ਉਹ ਸਖਸ਼ ਹੈ, ਜਿਸਨੂੰ ਇਕ ਉੱਚ-ਕੋਟੀ ਦਾ ਗੀਤਕਾਰ ਹੋਣ ਦੇ ਨਾਲ ਓਨਾ ਹੀ ਵਧੀਆ ਇਨਸਾਨ ਹੋਣ ਦਾ ਵਰ ਵੀ ਹਾਸਿਲ ਹੈ। ਮੇਰੀ ਇਹ ਖੁਸ਼ਕਿਸਮਤੀ ਹੈ ਕਿ ਹੁਣ ਤਾਈਂ ਚੰਨ ਸਾਹਿਬ ਦੇ ਦਰਜਨਾਂ-ਬੱਧੀ ਗੀਤਾਂ ਦੀਆਂ ਧੁੰਨਾਂ ਬਣਾ ਕੇ ਰਿਕਾਰਡ ਕਰਨ ਦਾ ਮਾਣ ਪ੍ਰਾਪਤ ਹੈ।”
ਵਿਲੀਅਮ ਵਰਡਜਵਰਥ ਅਨੁਸਾਰ, “ਕਵੀ ਇਕ ਮਨੁੱਖ ਹੁੰਦਾ ਹੈ ਜੋ ਦੂਸਰੇ ਮਨੁੱਖਾਂ ਨੂੰ ਸੰਬੋਧਨ ਕਰਦਾ ਹੈ ਤੇ ਉਨ੍ਹਾਂ ਦੀ ਰੂਹ ਨਾਲ ਸੰਵਾਦ ਰਚਾਉਂਦਾ ਹੈ।” ਬਾਇਬਲ ਦੇ ਨਵੇਂ ਟੈਸਟਾਮੈਂਟ ਤਾਂ ਇਥੋਂ ਤੱਕ ਗਵਾਹੀ ਭਰਦੇ ਹਨ ਕਿ , “ਸ਼ਾਇਰ ਪ੍ਰਮਾਤਮਾ ਦੇ ਪ੍ਰਤੀਨੀਧੀ ਹੁੰਦੇ ਹਨ।” ਇਕ ਵਧੀਆ ਕਲਮਕਾਰ ਹੋਣਾ ਹੋਰ ਗੱਲ ਹੈ ਤੇ ਵਧੀਆ ਇਨਸਾਨ ਹੋਣਾ ਵੱਖਰੀ ਗੱਲ ਹੈ। ਇਹ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਕਿ ਵਧੀਆ ਫਨਕਾਰ ਵਧੀਆ ਇੰਨਸਾਨ ਵੀ ਹੋਵੇ। ਚੰਨ ਸਾਹਿਬ ਬਾਰੇ ਇਹ ਗੱਲ ਬੇਧੜਕ ਅਤੇ ਬੇਹਿਚਕ ਕਹੀ ਜਾ ਸਕਦੀ ਹੈ ਕਿ ਜਿੰਨੇ ਉਹ ਕਲਮ ਦੇ ਧੰਨੀ ਹਨ, ਉਸ ਨਾਲੋਂ ਕਿਤੇ ਵਧੀਆ ਉਹ ਇਨਸਾਨ ਹਨ। ਇਸ ਗੱਲ ਦੀ ਗੋਲਡਨ ਸਟਾਰ ਮਲਕੀਤ ਸਿੰਘ ਵੀ ਤਸਦੀਕ ਕਰਦਾ ਹੈ, “ਚੰਨ ਜੰਡਿਆਲਵੀ ਆਪਣੇ ਆਪ ’ਚ ਇਕ ਸੰਸਥਾ ਹੈ। ਅਗਰ ਵਧੀਆ ਲੇਖਕ ਤੇ ਵਧੀਆ ਇਨਸਾਨ ਦੀ ਕੋਈ ਮਿਸਾਲ ਦੇਣੀ ਹੋਵੇ ਤਾਂ ਉਹ ਚੰਨ ਜੀ ਹਨ।”
ਚੰਨ ਸਾਹਿਬ ਜ਼ਿੰਦਾਦਿਲ, ਰੰਗੀਨ ਤਬੀਅਤ, ਮਿਲਾਪੜੇ ਸੁਭਾਅ ਅਤੇ ਸਮੇਂ ਦੇ ਹਾਣੀ ਹੋ ਕੇ ਜੀਉਣ ਵਾਲੇ ਆਸ਼ਾਵਾਦੀ ਮਨੁੱਖ ਹਨ।ਮਿੱਠਾ ਬੋਲਣਾ, ਨਿਮਰਤਾ, ਨਿਰਛੱਲਤਾ, ਉਨ੍ਹਾਂ ਦੀ ਸਖਸ਼ੀਅਤ ਦਾ ਅਨਿਖੜਵਾਂ ਅੰਗ ਹੈ।ਹਰ ਇਕ ਨਾਲ ਪਹਿਲੀ ਸੱਟੇ ਯਾਰੀ ਗੰਢ ਲੈਣਾ ਤੇ ਅਗਲੇ ਦਾ ਹਿਰਦਾ ਜਿੱਤ ਲੈਣਾ ਉਹਨਾਂ ਦੇ ਵਿਅਕਤਤਿਵ ਦੀ ਪ੍ਰਾਪਤੀ ਹੈ। ਉਹਨਾਂ ਦੀ ਫਿਤਰਤ ਵਿਚ ਸ਼ਾਮਿਲ ਹਲੀਮੀ, ਸਹਿਜਤਾ, ਨਿਰਲੇਪਤਾ ਅਤੇ ਭੋਲਾਪਨ ਉਨ੍ਹਾਂ ਦੇ ਵਿਅਕਤਤਿਵ ਦੇ ਆਦਾਰਸ਼ਕ ਅਤੇ ਪਾਰਦਰਸ਼ਕ ਰੂਪ ਨੂੰ ਉਜਾਗਰ ਕਰਦਾ ਹੈ।ਇਸ ਨੂੰ ਚੰਨ ਸਾਹਿਬ ਦੀ ਖੂਬੀ ਹੀ ਕਿਹਾ ਜਾ ਸਕਦਾ ਹੈ ਕਿ ਉਹ ਜਿਸ ਉਮਰ ਦੇ ਵਿਅਕਤੀ ਨੂੰ ਮਿਲਦੇ ਹਨ ਤਾਂ ਉਸ ਦੇ ਹਾਣ ਦੇ ਹੋ ਕੇ ਮਿਲਦੇ ਹਨ। ਇਸ ਗੱਲ ਦਾ ਮੈਂ ਖੁਦ ਚਸ਼ਮਦੀਦ ਗਵਾਹ ਹਾਂ। ਇਹ ਘਟਨਾ ਕੁਝ ਵਰ੍ਹੇ ਪਹਿਲਾਂ ਦੀ ਹੈ। ਭਾਰਤ ਤੋਂ ਚਰਨ ਸਿੰਘ ਸਫਰੀ ਆਏ ਹੋਏ ਸਨ। ਨਾਨਕਸਰ ਠਾਠ ਵਿਖੇ ਕਵੀ ਦਰਬਾਰ ਉਪਰੰਤ ਚੰਨ ਸਾਹਿਬ ਦੀ ਸਫਰੀ ਹੋਰਾਂ ਨਾਲ ਮਿਲਣੀ ਕਾਫੀ ਲੰਮਾ ਸਮਾਂ ਚੱਲੀ। ਇਸ ਮੁਲਾਕਾਤ ਦੌਰਾਨ ਉਹ ਸਫਰੀ ਹੋਰਾਂ ਨੂੰ ਉਨ੍ਹਾਂ ਦੀ ਉਮਰ ਦੇ ਹਾਣੀ ਹੋ ਕੇ ਮਿਲੇ। ਉਸ ਉਪਰੰਤ ਮੈਂ ਤੇ ਚੰਨ ਸਾਹਿਬ ਬੈਠੇ ਤੇ ਦੇਰ ਰਾਤ ਤੱਕ ਸਾਡੀ ਗੁਫਤਗੂ ਹੁੰਦੀ ਰਹੀ। ਮੈਨੂੰ ਇਹ ਮਹਿਸੂਸ ਹੀ ਨਹੀਂ ਹੋਇਆ ਜਿਵੇਂ ਉਹ ਮੇਰੇ ਨਾਲੋਂ ਉਮਰ ਵਿਚ ਕਈ ਸਾਲ ਵੱਡੇ ਹਨ। ਮੈਨੂੰ ਤਾਂ ਇੰਝ ਹੀ ਪ੍ਰਤੀਤ ਹੋਇਆ ਜਿਵੇਂ ਉਹ ਮੇਰੇ ਹਮਉਮਰ ਹੀ ਹੋਣ। ਇਹ ਅਨੁਭਵ ਉਹ ਹਰ ਮਿਲਣੀ ਵਿਚ ਕਰਵਾ ਜਾਂਦੇ ਹਨ। ਚੰਨ ਸਾਹਿਬ ਹਰ ਕਿਸੇ ਨੂੰ ਆਪਣਾ ਬਣਾ ਲੈਣ ਦੀ ਕਲਾ ਵਿਚ ਮਾਹਿਰ ਹਨ।ਉਨ੍ਹਾਂ ਦੀ ਸਖਸ਼ੀਅਤ ਵਿਚ ਮਿਕਨਾਤੀਸੀ ਖਿੱਚ ਹੈ ਜਿਸ ਬਾਰੇ ਗਾਇਕ ਨਿਰਮਲ ਸਿੱਧੂ ਫਰਮਾਉਂਦਾ ਹੈ, “ਚੰਨ ਜੰਡਿਆਲਵੀ ਜੀ ਨੂੰ ਮੈਂ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਘਰ ਇੰਗਲੈਂਡ ਵਿਚ ਮਿਲਿਆ ਤੇ ਇੰਝ ਲੱਗਾ ਜਿੱਦਾਂ ਮੈਂ ਉਨ੍ਹਾਂ ਨੂੰ ਬਚਪਨ ਤੋਂ ਹੀ ਜਾਣਦਾ ਹੋਵਾਂ। ਸ਼ਾਂਤ ਸੁਭਾਅ, ਮਿਲਣਸਾਰ, ਖਾਤਰਦਾਰੀ ’ਚ ਨਿਪੁੰਨ ‘ਚੰਨ ਜੰਡਿਆਲਵੀ’ ਉਹ ਸ਼ਾਇਰ ਹੈ ਜੋ ਖਿਆਲਾਂ ਦੀ ਤਰਜ਼ਮਾਨੀ ਕਰਦੀ ਸ਼ਾਇਰੀ ਹੀ ਨਹੀਂ, ਬਲਕਿ ਹਕੀਕਤ ਨੁੰ ਬਿਆਨ ਕਰਦੀ ਸਾਦਗੀ ਤੇ ਖੂਬਸੂਰਤੀ ਦੇ ਨਾਲ ਹਰ ਵਰਗ ਨੂੰ ਮੋਹ ਲੈਂਦੀ ਹੈ ਤੇ ਸ਼ਾਇਰੀ ਦੇ ਹਰ ਅਲਫਾਜ਼ ਨੂੰ ਕਮਰਸ਼ੀਅਲ ਦਿਸ਼ਾਂ ਵੀ ਪ੍ਰਦਾਨ ਕਰਦੀ ਹੈ।”
ਚੰਨ ਸਾਹਿਬ ਦੇ ਗੀਤਾਂ ਵਿਚ ਪੁਖਤਗੀ ਸਾਦਗੀ ਅਤੇ ਲੈਅ ਹੈ। ਉਨ੍ਹਾਂ ਨੇ ਰੂਹਾਂ ਨੂੰ ਸਰਸ਼ਾਰ ਕਰ ਦੇਣ ਵਾਲੀ ਸ਼ਾਇਰੀ ਕੀਤੀ ਹੈ। ਉਨ੍ਹਾਂ ਦੀਆਂ ਰਚਨਾਵਾਂ ਵਿਚ ਸ਼ਬਦਾਂ ਦੀ ਸੁਚੱਜੀ ਚੋਣ ਇੰਝ ਦੇਖਣ ਨੂੰ ਮਿਲਦੀ ਹੈ, ਜਿਵੇਂ ਰਾਜਸਥਾਨੀ ਘੱਗਰੇ ਵਿਚ ਸ਼ੀਸ਼ੇ ਜੜ੍ਹੇ ਹੋਣ। ਸਰਲਤਾ, ਸੰਜਮ ਅਤੇ ਮੁਹਾਵਰੇਦਾਰ ਬੋਲੀ ਦੀ ਠੇਠਤਾ ਉਨ੍ਹਾਂ ਦੀਆਂ ਰਚਨਾਵਾਂ ਦੇ ਪ੍ਰਮੁੱਖ ਗਹਿਣੇ ਹਨ।ਤੋਲ-ਤੁਕਾਂਤ ਦੀ ਸ਼ੁੱਧਤਾ, ਵਿਚਾਰਵਾਨੀ ਤੁਕਾਂ ਅਤੇ ਬਿੰਬਾਂ ਦੀ ਅਮੀਰੀ ਚੰਨ ਸਾਹਿਬ ਦੀ ਲੇਖਣੀ ਦੀ ਵਿਸ਼ੇਸ਼ ਉਪਲਵਧੀ ਹੈ।ਉਹ ਛੰਦ-ਪ੍ਰਬੰਧ ਦੇ ਰੂਪ-ਵਿਧਾਨ ਅਤੇ ਪਰੰਪਰਾਈ ਤਕਨੀਕ ਦੇ ਨਿਯਮਾਂ ਤੋਂ ਬਲੀ-ਭਾਂਤ ਜਾਣੂ ਹਨ।
ਇੰਦਰਜੀਤ ਹਸਨਪੁਰੀ ਅਨੁਸਾਰ, “ਗੀਤਾਂ ਰਾਹੀ ਚੰਨ ਜੰਡਿਆਲਵੀ ਆਪਣੇ ਜਜ਼ਬਾਤ ਪੇਸ਼ ਕਰਨ ਵਿਚ ਸਫਲ ਹੋਇਆ ਹੈ।”
ਮਿਊਜ਼ਿਕ ਡਾਇਰੈਕਟਰ ਚਰਨਜੀਤ ਆਹੂਜਾ ਜੀ ਦਾ ਕਥਨ ਹੈ, “ਪੰਜਾਬੀ ਦੇ ਸੈਂਕੜੇ ਗੀਤ ਮੇਰੇ ਹੱਥਾਂ ਵਿਚੋਂ ਵਿਚਰਦੇ, ਨਿਖਰਦੇ ਹਨ, ਇਨ੍ਹਾਂ ਵਿਚੋਂ ਚੰਨ ਜੀ ਦਾ ਆਪਣਾ ਹੀ ਨਵੇਕਲਾ ਸਥਾਨ ਹੈ, ਜੋ ਮੈਨੂੰ ਇਕ ਵੱਖਰਾ ਹੀ ਸਰੂਰ ਦਿੰਦਾ ਹੈ।”
ਅਰਸੂਤ ਆਪਣੀ ਪੁਸਤਕ ਫੋਲਟਿਚਿਸ ਵਿਚ ਬੜੀ ਖੁਬਸੂਰਤ ਗੱਲ ਕਹਿੰਦਾ ਹੈ ਜਿਸਦਾ ਅਨੁਵਾਦ ਇਸ ਪ੍ਰਕਾਰ ਹੋਵੇਗਾ, “ਮਨੁੱਖ ਇਕ ਰਾਜਨੀਤਕ ਪ੍ਰਾਣੀ ਹੈ ਤੇ ਹਰ ਕਾਰਜ ਨੂੰ ਰਾਜਨੀਤੀ ਨਾਲ ਜੋੜਨਾ ਇਸ ਦੀ ਆਦਤ ਹੈ।” ਇਸ ਪ੍ਰਕਾਰ ਸਾਹਿਤ, ਵਿਸ਼ੇਸ਼ ਕਰ ਪੰਜਾਬੀ ਸਾਹਿਤ ਵਿਚ ਵੀ ਅਕਸਰ ਸਿਆਸਤ ਦੀ ਘੁੱਸਪੈਠ ਦੇਖਣ ਨੂੰ ਮਿਲਦੀ ਹੈ। ਲੇਕਿਨ ਚੰਨ ਸਾਹਿਬ ਹਮੇਸ਼ਾਂ ਸਾਹਿਤਕਾਰੀ ਸਿਆਸਤਾਂ ਤੋਂ ਕੋਹਾਂ ਦੂਰ ਨਿਰਲੇਪ ਤੇ ਨਿਰਛੱਲ ਰਹੇ ਹਨ। ਸ਼ਰਾਫਤ ਜਾਣੀ ਉਨ੍ਹਾਂ ਦੀ ਤਬੀਅਤ ਵਿਚ ਕੁੱਟ-ਕੁੱਟ ਭਰੀ ਹੋਈ ਹੈ। ਮੁਲਤਾਨ ਦੀ ਜੰਮਪਲ, ਪਾਕਿਸਤਾਨੀ ਗੁਲੂਕਾਰਾ ਆਸੀਆ ਸੁੰਮਨ ਚੰਨ ਸਾਹਿਬ ਨਾਲ ਹੋਈ ਮਿਲਣੀ ਦੀ ਸ਼ਾਬਦਿਕ ਤਸਵੀਰਕਸ਼ੀ ਕੁਝ ਇੰਝ ਪ੍ਰਸਤੁਤ ਕਰਦੀ ਹੈ, “ਚੰਨ ਜੰਡਿਆਲਵੀ ਸਾਹਿਬ ਕੋ ਜਬ ਮੈਨੇ ਦੇਖਾ ਤੋ ਐਸਾ ਲਗਾ ਏਕ ਸਾਇਆਕਾਰ ਦਰੱਖਤ ਹੈ ਔਰ ਉਸ ਕੀ ਛਾਉਂ ਮੇਂ ਠੰਡਕ ਹੈ- ਉਨ੍ਹਕੀ ਸ਼ਾਇਰੀ ਸੁਣੀ ਤੋ ਸ਼ਾਇਰੀ ਮੇਂ ਸਭ ਰੰਗ ਥੇ।ਉਨਕੀ ਸ਼ਾਇਰੀ ਮੇਂ ਪੱਕਾ ਰੰਗ ਹੈ ਜੋ ਕਭੀ ਉਤਰਤਾ ਨਹੀਂ। ਉਨ੍ਹਕੀ ਸ਼ਾਇਰੀ ਨੇ ਰਿਸ਼ਤੋਂ ਕੇ ਤਕੱਦਸ ਕੋ ਅਹਿਮੀਅਤ ਦੀ ਹੈ। ਉਨ੍ਹਕੀ ਸ਼ਾਇਰੀ ਅਲਫਾਜ਼ ਕੀ ਸੂਰਤ ਮੇਂ ਦਿਲ ਪਰ ਅਸਰ ਕਰਤੀ ਹੈ, ਫਿਰ ਜਬ ਸੁਰੋਂ ਮੇ ਢਲਤੀ ਹੈ ਤੋਂ ਫਿਰ ਸੋਨੇ ਪੇ ਸੁਹਾਗਾ।ਯਾ ਅੱਲਾ-ਵੋ ਹਮੇਸ਼ਾਂ ਚੌਧਵੀਂ ਕੇ ਚਾਂਦ ਕੀ ਤਰਹ ਚਮਕਤੇ ਰਹੇਂ।”
ਚੀਨੀ ਜ਼ੁਬਾਨ ਦੀ ਇਕ ਕਹਾਵਤ ਹੈ ਕਿ ਹਰ ਕਾਮਯਾਬ ਮਰਦ ਦੇ ਪਿੱਛੇ ਕਿਸੇ ਨਾ ਕਿਸੇ ਔਰਤ ਦਾ ਹੱਥ ਹੁੰਦਾ ਹੈ ਤੇ ਹਰ ਸਫਲ ਔਰਤ ਪਿੱਛੇ ਅਨੇਕਾਂ ਪੁਰਸ਼ਾਂ ਦਾ! ਅਜੋਕੇ ਆਧੁਨਿਕ ਦੌਰ ਵਿਚ ਇਸ ਕਹਾਵਤ ਨੂੰ ਦਰੁਸਤ ਸਿੱਧ ਕਰਦੇ ਅਨੇਕਾਂ ਪ੍ਰਮਾਣ ਅਤੇ ਉਦਾਰਣਾਂ ਪ੍ਰਾਪਤ ਹੋ ਜਾਂਦੀਆਂ ਹਨ। ਤਰਲੋਚਨ ਸਿੰਘ ਚੰਨ ਜੰਡਿਆਲਵੀ ਅੱਜ-ਕੱਲ੍ਹ ਕਿਸੇ ਜਾਣ-ਪਹਿਚਾਣ ਦੇ ਮੁਹਥਾਜ ਨਹੀਂ ਹਨ।ਥਾਮਸ ਐਡੀਸਨ ਨੇ 1931 ਵਿਚ ਇਕ ਅਖਬਾਰ ਨੂੰ ਇੰਟਰਵਿਉ ਦਿੰਦਿਆਂ ਆਖਿਆ ਸੀ, “ਪ੍ਰਤਿਭਾ ਇਕ ਪ੍ਰਤੀਸ਼ਤ ਪ੍ਰੇਰਨਾ ਹੁੰਦੀ ਹੈ ਅਤੇ ਨੜਿਨਵੇਂ ਪ੍ਰਤੀਸ਼ਤ ਮਿਹਨਤ ਹੁੰਦੀ ਹੈ।”
ਨਿਰਸੰਦੇਹ ਚੰਨ ਜੰਡਿਆਲਵੀ ਜੀ ਦੇ ਇਸ ਮੁਕਾਮ ਤੱਕ ਪਹੁੰਚਣ ਵਿਚ ਉਹਨਾਂ ਦੀ ਕਲਾ ਅਤੇ ਮਿਹਨਤ ਦਾ ਹੱਥ ਹੈ ਪਰ ਇਸ ਸਭ ਨਾਲੋਂ ਜ਼ਿਆਦਾ ਉਹਨਾਂ ਨੂੰ ਇਸ ਮੰਜ਼ਿਲ ਤੱਕ ਪਹੁੰਚਾਣ ਵਿਚ ਉਹਨਾਂ ਦੀ ਧਰਮਪਤਨੀ ਸ਼੍ਰੀਮਤੀ ਹਰਜੀਤ ਕੌਰ ਜੀ ਦਾ ਵੀ ਬਹੁਤ ਵੱਡਾ ਯੋਗਦਾਨ ਅਤੇ ਪ੍ਰਭਾਵ ਰਿਹਾ ਹੈ। ਜਿਸਨੂੰ ਉਹ ਖੁਦ ਵੀ ਕਬੂਲਦੇ ਹਨ, “ਵਿਦੇਸ਼ ਵਿੱਚ ਵਤਨੋਂ ਦੂਰ ਇਹੀ ਮੇਰੀ ਅਸਲੀ ਸਰੋਤਾ ਹੈ ਜੋ ਪ੍ਰਸੰਸਾ ਵੀ ਕਰਦੀ ਹੈ ਤੇ ਮੇਰੀ ਰਚਨਾ ਸਬੰਧੀ ਸਲਾਹ ਵੀ ਦਿੰਦੀ ਹੈ।”
ਅਚਾਰੀਆ ਰਜਨੀਸ਼ ਓਸ਼ੋ ਨੇ ਪੂਨੇ ਆਪਣੇ ਆਸ਼ਰਮ ਪ੍ਰਵਚਨ ਕਰਦਿਆਂ ਇਕ ਵਾਰ ਕਿਹਾ ਸੀ ਕਿ, “ਕਿਸੇ ਦੇ ਸੁਪਨਿਆਂ ਨੂੰ ਆਪਣੇ ਖੰਭ ਪ੍ਰਦਾਨ ਕਰਨ ਦਾ ਮਤਲਬ ਆਪਣੇ ਸੁਪਨਿਆਂ ਨੂੰ ਅਕਾਸ਼ ਵਿਚ ਉੱਡਾਰੀ ਭਰਦੇ ਤੱਕਣਾ ਹੈ।” ਚੰਨ ਸਾਹਿਬ ਦੀ ਕਾਵਿਕ ਉਡਾਣ ਨੂੰ ਮਿਲੇ ਉਹਨਾਂ ਦੀ ਧਰਮਪਤਨੀ ਦੇ ਖੰਭਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਇਹ ਸ਼ਾਇਦ ਦੁਨੀਆ ਦਾ ਹੀ ਦਸਤੂਰ ਹੈ ਕਿ ਅਜੂਬੇ ਤਾਜਮਹਿਲ ਨੂੰ ਦੇਖਦਿਆਂ ਸ਼ਾਹਜਹਾਨ ਲਈ ਤਾਂ ਮੂੰਹੋਂ ‘ਵਾ-ਅ-ਵਾ’ ਨਿਕਲ ਜਾਂਦੀ ਹੈ, ਪਰ ਉਸਨੂੰ ਤਾਮੀਰ ਕਰਨ ਵਾਲੇ ਕਾਰੀਗਰਾਂ ਅਤੇ ਮਜਦੂਰਾਂ ਲਈ ਪ੍ਰਸੰਸਾ ਦਾ ਇਕ ਸ਼ਬਦ ਨਹੀਂ ਨਿਕਲਦਾ। ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸੰਸਥਾ ਪੰਜਾਬੀ ਸੱਥ ਲਾਂਬੜਾ, ਇਕ ਇਤਿਹਾਸਕਾਰੀ ਕਦਮ ਚੁੱਕਣ ਜਾ ਰਹੀ ਹੈ ਕਿ ਚੰਨ ਸਾਹਿਬ ਦੀ ਸਾਹਿਤਕ ਸੇਵਾ ਬਦਲੇ ਉਨ੍ਹਾਂ ਦੀ ਧਰਮਪਤਨੀ ਨੂੰ ਸਨਮਾਨ ਬਖਸ਼ ਰਹੇ ਹਨ।
ਰਚਨਾਤਮਿਕ ਕ੍ਰਿਤਾਂ ਸਿਰਜਣ ਲਈ ਕਲਮ ਦਾ ਨਿਰੰਤਰ ਚਲਦੇ ਰਹਿਣਾ ਹੀ ਜ਼ਰੂਰੀ ਨਹੀਂ ਹੁੰਦਾ। ਉਸ ਲਈ ਅਧਿਐਨ ਵੀ ਅਵੱਸ਼ਕ ਹੈ। ਅਧਿਐਨ ਅਤੇ ਸਿਰਜਣਾ ਕਾਰਜ ਇਹ ਦੋਨੋਂ ਚੀਜ਼ਾਂ ਤਪੱਸਿਆ ਵਾਂਗ ਇਕਾਂਤ ਦੀ ਮੰਗ ਕਰਦੀਆਂ ਹਨ।ਇਹ ਇਕਾਂਤ ਚੰਨ ਸਾਹਿਬ ਨੂੰ ਉਹਨਾਂ ਦੀ ਧਰਮਪਤਨੀ ਨੇ ਮੁਹੱਈਆ ਕਰਵਾਇਆ। ਸ਼੍ਰੀਮਤੀ ਹਰਜੀਤ ਕੌਰ ਜੀ ਜੇਕਰ ਘਰੇਲੂ ਜ਼ਿੰਮੇਵਾਰੀਆਂ ਨੂੰ ਪੂਰਣਰੂਪ ਵਿਚ ਆਪਣੀ ਗਰਿਫਤ ਵਿਚ ਨਾ ਲੈਂਦੇ ਤਾਂ ਚੰਨ ਜੀ ਨੇ ਕਿੱਥੇ ਕੰਵਲ, ਸ਼ਾਦ ਜਾਂ ਸ਼ਿਵ ਨੂੰ ਪੜ੍ਹ ਸਕਣਾ ਸੀ? ਪੰਜਾਬੀ ਕਾਵਿ ਜਗਤ ਅਤੇ ਨਗਮਾਨਿਗਾਰੀ ਦੇ ਅੰਬਰ ’ਤੇ ਕਿਵੇਂ ਚੰਨ ਵਾਂਗ ਚਮਕਣਾ ਸੀ? ਨੱਚਾਂ ਮੈਂ ਲੁਧਿਆਣੇ ਤੇ ਮੇਰੀ ਧਮਕ ਜਲੰਧਰ ਪੈਂਦੀ, ਮਧਾਣੀਆਂ ਹਾਏ ਓ ਮੇਰੇ ਡਾਢਿਆ ਰੱਬਾ ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ, ਮੂੰਹ ਵਿਚ ਭਾਬੀ ਦੇ ਨਣਦ ਬੁਰਕੀਆਂ ਪਾਵੇ… ਵਰਗੇ ਸਦਾ-ਬਹਾਰ ਗੀਤਾਂ ਦਾ ਰਚੇਤਾ ਅੱਜ ਸਮੇਂ ਦੀ ਧੂੜ ਵਿਚ ਸ਼ਾਇਦ ਕਿਧਰੇ ਗੁਆਚ ਗਿਆ ਹੁੰਦਾ। ਇਸ ਤੱਥ ਦੀ ਪੁਸ਼ਟੀ ਚੰਨ ਸਾਹਿਬ ਆਪ ਵੀ ਆਪਣੇ ਲਫਜ਼ਾਂ ਵਿਚ ਬਿਆਨ ਕਰਦੇ ਹੋਏ ਕਹਿੰਦੇ ਹਨ, “ਸ਼ਾਦੀ ਤੋਂ ਬਾਅਦ ਲਿਖਾਈ ਨਿਰੰਤਰ ਜਾਰੀ ਰਹੀ, ਜੇ ਕਿਤੇ ਹਰਜੀਤ ਨਾ ਹੁੰਦੀ, ਕੋਈ ਹੋਰ ਹੁੰਦੀ ਤਾਂ ਸ਼ਾਇਦ ਇਹ ਕਵੀਪੁਣਾ ਕਿੰਨੇ ਚਿਰ ਦਾ ਮੁੱਕ ਗਿਆ ਹੁੰਦਾ। ਲਾਵਾਂ ਵੇਲੇ ਵੀ ਇਹ ਮੇਰੇ ਮਗਰ ਸੀ ਤੇ ਹੁਣ ਵੀ ਮੇਰੇ ਮਗਰ ਹੈ।”
ਚੰਨ ਸਾਹਿਬ ਦੀ ਕਾਵਿ ਸਿਰਜਣਾ ਉਪਰ ਪੰਜਾਬੀ ਗੀਤਕਾਰੀ ਦੇ ਬਾਬਾ-ਬੋਹੜ ਬਾਬੂ ਸਿੰਘ ਮਾਨ ਮਰਾੜਾਂਵਾਲੇ ਕੁਝ ਇਸ ਪ੍ਰਕਾਰ ਟਿੱਪਣੀ ਕਰਦੇ ਹਨ, “ਚੰਨ ਦੇ ਧੀਰਜ ਅਤੇ ਸੱਮ੍ਹਲ ਨਾਲ ਲਿਖੇ ਗਏ ਕੁਝ ਗੀਤ ਪੰਜਾਬੀ ਦੇ ਸਫਲ ਗੀਤ ਅਖਵਾ ਸਕਦੇ ਹਨ। ਮੌਲਿਕ ਰਚਨਾ ਹੁੰਦਿਆਂ ਹੋਇਆਂ ਜੇ ਕੋਈ ਗੀਤ ਕਿਸੇ ਲੋਕਗੀਤ ਦਾ ਸੁਆਦਲਾ ਰੂਪ ਜਾਪੇ, ਤਾਂ ਉਸ ਦਾ ਇਹ ਕੁਦਰਤੀ ਹੋਣ ਦਾ ਭੁਲੇਖਾ ਹੀ ਉਸ ਦੀ ਉੱਤਮ ਹੋਣ ਦੀ ਨਿਸ਼ਾਨੀ ਹੈ।”
ਸ਼੍ਰੀਮਤੀ ਹਰਜੀਤ ਕੌਰ ਜੀ ਦਾ ਜਨਮ 3 ਅਗਸਤ 1947 ਨੂੰ ਜੰਡਿਆਲਾ ਨਜ਼ਦੀਕ ਪੈਂਦੇ ਪਿੰਡ ਸਮਰਾਵਾਂ ਵਿਖੇ ਹੋਇਆ ਸੀ। ਕੇਵਲ ਦੋ ਸਾਲ ਦੀ ਆਯੂ ਵਿਚ 3-2-1949 ਨੂੰ ਉਹ ਭਾਰਤ ਛੱਡ ਅਫਰੀਕਾ ਚਲੇ ਗਏ। ਸਿੰਘ ਸਭਾ ਖਾਲਸਾ ਸਕੂਲ, ਨੈਰੋਬੀ ਤੋਂ ਉਨਾਂ ਨੇ ਅੱਠ ਜਮਾਤਾਂ ਤੱਕ ਦੀ ਵਿੱਦਿਆ ਪ੍ਰਾਪਤ ਕੀਤੀ। 13 ਸਾਲ ਬਾਅਦ 1962 ਨੂੰ ਉਹ ਅਫਰੀਕਾ ਤੋਂ ਭਾਰਤ ਵਾਪਿਸ ਆਏ ਤੇ 1967 ਦੇ ਨਵੰਬਰ ਮਹੀਨੇ ਵਿਚ ਉਹਨਾਂ ਦਾ ਵਿਆਹ ਤਰਲੋਚਨ ਸਿੰਘ ਚੰਨ ਜੰਡਿਆਲਵੀ ਜੀ ਨਾਲ ਹੋ ਗਿਆ। ਵਿਆਹ ਤੋਂ ਇਕ ਸਾਲ ਤੇ ਤਿੰਨ ਮਹੀਨੇ ਉਪਰੰਤ ਉਹ ਫਰਵਰੀ 1968 ਨੂੰ ਇੰਗਲੈਂਡ ਆ ਗਏ।
ਇੰਗਲੈਂਡ ਆ ਕੇ ਸ਼੍ਰੀਮਤੀ ਹਰਜੀਤ ਕੌਰ ਜੀ ਨੇ ਇਕ ਘਰੇਲੂ ਸੁਆਣੀ ਦੀ ਭੂਮਿਕਾ ਨੂੰ ਪੂਰੇ ਸਿਰੜ ਅਤੇ ਦ੍ਰਿੜਤਾ ਦੇ ਨਾਲ ਨਿਭਾਇਆ।ਜ਼ਿੰਦਗੀ ਦੇ ਹਰਕਦਮ ਅਤੇ ਦੌਰ ਵਿਚ ਚੰਨ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ। ਉਨ੍ਹਾਂ ਨੇ ਆਪਣੇ ਰੁਝੇਵਿਆਂ ਨੂੰ ਬੱਚਿਆਂ ਦੇ ਵਿਦਿਅਕ ਅਦਾਰਿਆਂ ਤੋਂ ਲਿਆਉਣ-ਛੱਡਣ ਜਾਂ ਚੁੱਲੇ-ਚੌਂਕੇ ਤੱਕ ਹੀ ਮਹਿਦੂਦ ਨਹੀਂ ਰੱਖਿਆ, ਸਗੋਂ ਘਰ ਵਿਚ 12-12 ਘੰਟੇ ਸਿਲਾਈ ਮਸ਼ੀਨ ਚਲਾ ਕੇ ਹੱਢ-ਭੰਨਵੀਂ ਮਿਹਨਤ ਕੀਤੀ ਅਤੇ ਘਰ ਦੀ ਆਰਥਿਕ ਅਵਸਥਾ ਨੂੰ ਬਿਹਤਰ ਬਣਾਉਣ ਵਿਚ ਆਪਣਾ ਭਰਪੂਰ ਅਤੇ ਸ਼ਲਾਘਾਯੋਗ ਯੋਗਦਾਨ ਪਾਇਆ।
ਬੱਚਿਆਂ (ਦੋ ਬੇਟੇ ਅਤੇ ਇਕ ਬੇਟੀ) ਦੇ ਥੋੜ੍ਹਾ ਉਡਾਰ ਹੁੰਦਿਆਂ ਹੀ ਸ਼੍ਰੀਮਤੀ ਹਰਜੀਤ ਕੌਰ ਜੀ ਨੇ ਈਸਟਐਂਡ (Eastend) ਨਾਮੀ ਫੈਕਟਰੀ ਵਿਚ ਆਪਣੇ ਲਈ ਰੁਜ਼ਗਾਰ ਤਲਾਸ਼ ਲਿਆ। ਜਿਥੇ ਅੱਠ-ਦਸ ਘੰਟੇਂ ਕਰੜੀ ਮੁਸ਼ੱਕਤ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਆਪਣੇ ਘਰੇਲੂ ਫਰਜ਼ਾਂ ਤੋਂ ਮੁੱਖ ਨਹੀਂ ਮੋੜਿਆ ਅਤੇ ਹਰ ਜ਼ਿੰਮੇਵਾਰੀ ਪੂਰੀ ਕਾਰਜ-ਕੁਸ਼ਲਤਾ ਦੇ ਨਾਲ ਨਿਭਾਈ। ਇਸ ਪ੍ਰਕਾਰ ਸ਼੍ਰੀਮਤੀ ਹਰਜੀਤ ਕੌਰ ਜੀ ਨੇ ਚੰਨ ਜੀ ਨੂੰ ਘਰੇਲੂ ਕੰਮਾਂ ਤੋਂ ਫਾਰਗ ਰੱਖਿਆ ਤਾਂ ਜੋ ਉਹ ਆਪਣਾ ਵਡਮੁੱਲਾ ਸਮਾਂ ਪੰਜਾਬੀ ਸਾਹਿਤ ਨੂੰ ਸਮਰਪਿਤ ਕਰ ਸਕਣ।
ਇਹਨਾਂ ਪੱਛਮੀ ਦੇਸ਼ਾਂ (ਜਿਨ੍ਹਾਂ ਦੇ ਅਸੀਂ ਵਸਨੀਕ ਹਾਂ) ਵਿਚ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਅਤੇ ਸਕੇ ਸਬੰਧੀਆਂ ਨਾਲ ਮਿਲਣੀ ਦਾ ਮੌਕਾ ਸਪਤਾਅੰਤ (Weekend) ’ਤੇ ਹੀ ਮਿਲਦਾ ਹੈ। ਸਪਤਾਹਅੰਤ ’ਤੇ ਮਹਿਮਾਨਾਂ ਦੀ ਆਮਦ ਦੀ ਤਵੱਕੋਂ ਨਾ ਰੱਖਣਾ ‘ਬਿੱਲੀ ਨੂੰ ਦੇਖ ਕੇ ਕਬੂਤਰ ਦੇ ਅੱਖਾਂ ਮੀਚਣ’ ਵਾਲੇ ਜੁਮਲੇ ਵਰਗੀ ਗੱਲ ਜਾਪਦੀ ਹੈ। ਕਲਾਕਾਰਾਂ, ਲੇਖਕਾਂ ਦੇ ਘਰ ਪ੍ਰਾਹੁਣਿਆਂ ਦੀ ਆਵਾਜਈ ਵੈਸੇ ਵੀ ਕੁਝ ਜ਼ਿਆਦਾ ਹੀ ਹੁੰਦੀ ਹੈ।ਮੰਨੂ ਸਿਮ੍ਰਿਤੀ ਵਿਚ ਦਰਜ ਹੈ, “ਗ੍ਰਹਿਸਥੀ ਦੇ ਘਰ ਵਿਚ ਸਿਰਫ ਇਕ ਰਾਤ ਕੱਟਣ ਵਾਲੇ ਨੂੰ ਅਤਿਥੀ ਕਿਹਾ ਜਾਂਦਾ ਹੈ ਕਿਉਂਕਿ ਉਸ ਦੇ ਆਉਣ, ਜਾਣ ਦੀ ਅਤੇ ਠਹਿਰਨ ਦੀ ਤਿਥੀ ਦਾ ਪਤਾ ਨਹੀਂ ਹੁੰਦਾ।ਇਸ ਲਈ ਅਨਿਸਚਿਤਕਾਲ ਲਈ ਆਉਣ ਵਾਲੇ ਮਹਿਮਾਨ ਨੂੰ ਅਤਿਥੀ ਆਖਦੇ ਹਨ।”
ਚੰਨ ਜੀ ਦੇ ਗ੍ਰਹਿ ਵਿਖੇ ਵੀ ਮਹਿਮਾਨਾਂ ਦਾ ਤਾਂਤਾ ਲੱਗਿਆ ਰਹਿੰਦਾ ਸੀ। ਮਹਿਮਾਨਾਂ ਦੀ ਆਓ-ਭਗਤ ਕਰਨ ਵਿਚ ਸ਼੍ਰੀਮਤੀ ਹਰਜੀਤ ਕੌਰ ਜੀ ਨੇ ਅੱਜ ਤੱਕ ਕਦੇ ਮੱਥੇ ਵੱਟ ਨਹੀਂ ਪਾਇਆ ਤੇ ਸੰਸਕ੍ਰਿਤ ਦੇ ਸਲੋਕ ‘ਆਤਿਥੀ ਦੇਵੋ ਭਵੋ’ (Guest is God) ਦੀ ਪ੍ਰੋੜਤਾ ਕੀਤੀ ਹੈ।
ਚੰਨ ਸਾਹਿਬ ਦੇ ਘਰ ਇਕ ਹਫਤਾ ਠਹਿਰਨ ਦੇ ਬਾਅਦ ਮੂਣਕ ਦੀ ਦੋਸਤ ਕਵਿਤਰੀ ਰਵਿੰਦਰ ਕਿਰਨ ਮੈਨੂੰ ਮਿਲੀ ਤਾਂ ਚੰਨ ਸਾਹਿਬ ਬਾਰੇ ਉਸ ਦਾ ਪ੍ਰਸੰਸਾਮਈ ਪ੍ਰਤੀਕ੍ਰਮ ਇਹ ਸੀ, “ਸਿਰੇ ਦਾ ਲੇਖਕ ਹੀ ਨਹੀਂ, ਸਗੋਂ ਬੇਹੱਦ ਮਿਲਾਪੜਾ ਤੇ ਮਹਿਮਾਨਨਿਵਾਜ਼ ਹੈ ਚੰਨ ਜੰਡਿਆਲਵੀ।”
8 ਸਾਲ ਬਾਅਦ ਜਦ ਵੁਲਵਰਹੈਪਟਨ ਫੈਕਟਰੀ ਬੰਦ ਹੋਈ ਤਾਂ ਸ਼੍ਰੀਮਤੀ ਹਰਜੀਤ ਕੌਰ ਜੀ ਨੇ ਬ੍ਰਮਿੰਘਮ ਵਿਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ।8-9 ਘੰਟੇ ਦੀ ਨੌਕਰੀ, ਘਰ ਦਾ ਕੰਮ-ਕਾਜ਼, ਬੱਚਿਆਂ ਦਾ ਪਾਲਣ-ਪੋਸ਼ਣ, ਬੱਸਾਂ, ਟਰੇਨਾਂ ਦਾ ਸਫਰ… ਗੱਲ ਕੀ, ਜ਼ਿੰਦਗੀ ਦੀ ਭੱਜ-ਦੌੜ ਅਤੇ ਕਸ਼ਮਕਸ਼ ਨੂੰ ਸ਼੍ਰੀਮਤੀ ਹਰਜੀਤ ਕੌਰ ਜੀ ਨੇ ਖਿੜੇ ਮੱਥੇ ਝੱਲਿਆ ਜਿਸ ਸਦਕਾ ਉਨਾਂ ਦੀ ਦੇਹ ਨੂੰ ਦਮਾ (Asthama), ਉੱਚਤਮ ਰਕਤ-ਪ੍ਰਵਾਹ(High blood pressure), ਸ਼ੱਕਰਰੋਗ (Diabities) ਆਦਿਕ ਬਿਮਾਰੀਆਂ ਨਾਲ ਵੀ ਦੋ ਹੱਥ ਕਰਨੇ ਪਏ। ਸ਼ਰੀਰਕ ਅਵਸਥਾ ਠੀਕ ਨਾ ਹੋਣ ਸਦਕਾ ਉਨ੍ਹਾਂ ਨੂੰ ਆਖਰਕਾਰ ਇਕ ਦਿਨ ਮਜ਼ਬੂਰਨ ਦੌਰਾਡੇ ਦੀ ਨੌਕਰੀ ਵੀ ਛੱਡਣੀ ਪਈ।
ਖਲੀਲ ਜਿਬਰਾਨ, ਪੈਗੰਬਰ ਨਾਮੀ ਪੁਸਤਕ ਵਿਚ ਲਿਖਦਾ ਹੈ, “ਵਿਹਲੇ ਰਹਿਣਾ ਤਾਂ ਰੁੱਤਾਂ ਨਾਲ ਅਜਨਬੀ ਬਣਨਾ ਹੈ, ਜੀਵਨ ਦੀ ਕਤਾਰ ਵਿੱਚੋਂ ਬਾਹਰ ਨਿਕਲਣ ਸਮਾਨ ਹੈ।”
ਜਿਵੇਂ ਝਰਨੇ ਦੇ ਪਾਣੀਆਂ ਵਿਚ ਸਦਾ ਵਗਦੇ ਰਹਿਣ ਖਸਲਤ ਹੁੰਦੀ ਹੈ, ਉਵੇਂ ਹੀ ਮਿਹਨਤੀ ਅਤੇ ਕਾਮੇ ਮਨੁੱਖ ਅੰਦਰ ਵੀ ਇਹ ਗੁਣ ਹੁੰਦਾ ਹੈ ਕਿ ਉਹ ਵਿਹਲਾ ਨਹੀਂ ਬੈਠ ਸਕਦਾ। ਇੰਝ ਹੀ ਸ਼੍ਰੀਮਤੀ ਹਰਜੀਤ ਕੌਰ ਜੀ ਨੂੰ ਵੀ ਸਦੈਵ ਕੰਮ ਕਰਦੇ ਰਹਿਣ ਦੀ ਚੇਟਕ ਲੱਗੀ ਹੋਈ ਸੀ। ਇਤਫਾਕਨ ਉਨਾਂ ਨੂੰ ਇਕ ਦਿਨ ਪਤਾ ਲੱਗਾ ਕਿ ਉਹਨਾਂ ਦੇ ਘਰ ਦੇ ਨਜ਼ਦੀਕ ਹੀ ਇਕ ਕੱਪੜਾ ਉਤਪਾਦਕ ਫੈਕਟਰੀ (ਗਰਾਸਹੌਪਰ) ਖੁੱਲ੍ਹੀ ਹੈ ਤਾਂ ਉਨ੍ਹਾਂ ਨੇ ਝਟਪਟ ਜਾ ਉਥੇ ਦਰਖਾਸਤ ਦਿੱਤੀ। ਇਥੇ ਇਨ੍ਹਾਂ ਨੇ ਲਗਾਤਾਰ 14 ਵਰ੍ਹੇ ਪੂਰੀ ਤਨਦੇਹੀ, ਸਿਰੜ, ਲਗਨ, ਮਿਹਨਤ ਨਾਲ ਬਿਨਾ ਨਾਗਾ, ਬਿਮਾਰ-ਠਮਾਰ ਹੁੰਦਿਆਂ ਵੀ ਅਤਿਅਧਿਕਤਾ ਕਾਰਜਕਾਲ ਅੰਤ (Compulsary Redundancy) ਤੱਕ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ।
ਨੌਕਰੀ ਤੋਂ ਭਾਵੇਂ ਸ਼੍ਰੀਮਤੀ ਹਰਜੀਤ ਕੌਰ ਜੀ ਵਿਹਲੇ ਹੋ ਗਏ। ਪਰ ਫਿਰ ਘਰ ਵਿਚ ਗ੍ਰਹਿਸਥੀ ਜੀਵਨ ਦੀਆਂ ਜਿੰਮੇਵਾਰੀਆਂ ਹੋਰ ਵੱਧ ਗਈਆਂ। ਬੱਚਿਆਂ ਦੀ ਸ਼ਾਦੀ ਉਪਰੰਤ ਪੋਤੇ-ਪੋਤੀਆਂ ਅਤੇ ਬਿਮਾਰ ਸੱਸ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਨੇ ਆਪਣੇ ਹੱਥਾਂ ਵਿਚ ਲੈ ਲਈ ਤਾਂ ਜੋ ਚੰਨ ਜੀ ਦੀ ਕਲਮ ਨਿਰੰਤਰ ਵੇਗ ਵਿਚ ਚਲਦੀ ਰਹੇ ਤੇ ਨਿੱਤ ਨਵੇਂ ਦਿਸਹੱਦੇ ਛੂੰਹਦੀ ਰਹੇ।
ਹਿਯਾਤੀ ਦੇ ਅੱਜ 63ਵੇਂ ਵਰ੍ਹੇ ਵਿਚ ਵੀ ਸ਼੍ਰੀਮਤੀ ਹਰਜੀਤ ਕੌਰ ਜੀ ਚੰਨ ਜੀ ਨਾਲ ਕਦਮ ਨਾਲ ਕਦਮ ਮਿਲਾਕੇ ਪਿਆਰ-ਮਹੁੱਬਤ ਨਾਲ ਜੀਵਨ ਦਾ ਹਰ ਦੁੱਖ-ਸੁੱਖ ਮਾਣਦਿਆਂ ਵੁਲਵਰਹੈਂਪਟਨ ਦੇ ਘੁੱਗ ਵਸਦੇ ਇਕ ਛੋਟੇ ਜਿਹੇ ਖਿਤੇ ਵੈਂਡਸਫੀਲਡ ਵਿਚ ਖੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ।
ਚੰਨ ਸਾਹਿਬ ਦੇ ਮੁਸਤਕਬਿਲ ਬਾਰੇ ਸਾਜਨ ਰਾਏਕੋਟੀ ਦੁਆਰਾ ਮੰਗੀ ਦੁਆ ਨਾਲੋਂ ਬਿਹਤਰ ਹੋਰ ਕੋਈ ਦੁਆ ਨਹੀਂ ਹੋ ਸਕਦੀ, “ਚੰਨ ਜੰਡਿਆਲਵੀ ਦੀ ਕਲਮ ਨੂੰ ਰੱਬ ਨੇ ਚਾਰ-ਚੰਦ ਤਾਂ ਲਾਏ ਨੇ ਪਰ ਮੈਂ ਦੁਆ ਕਰਦਾ ਹਾਂ ਰੱਬ ਹੋਰ ਵੀ ਚਾਰ-ਚੰਦ(ਅੱਠ ਹੋ ਜਾਣ) ਲਾਵੇ।”
No comments:
Post a Comment