ਹੱਸਦੀ ਦੇ ਦੰਦ ਗਿਣਦਾ

‘ਮੇਰਾ ਦਿਉਰ ਬੜ੍ਹਾ ਟੁੱਟ ਪੈਣਾ, ਨੀ ਹੱਸਦੀ ਦੇ ਦੰਦ ਗਿਣਦਾ।’ ਇਹ ਲੋਕ ਬੋਲੀ ਸ਼ਾਇਦ ਉਸ ਵੇਲੇ ਦੀ ਹੈ ਜਦੋਂ ਲੋਕ ਖੁੱਲ੍ਹ ਕੇ ਹੱਸਦੇ ਹੁੰਦੇ ਸੀ। ਅੱਜ-ਕੱਲ੍ਹ ਹੱਸਣਾ ਕਿਸ ਨੂੰ ਆਉਂਦਾ ਹੈ? ਜਨਤਾ ਰੋਅ-ਪਿੱਟ ਲਵੇ ਏਨਾ ਹੀ ਥੋੜਾ ਹੈ? ਜਿਸਨੂੰ ਮਰਜ਼ੀ ਦੇਖ ਲਉ, ਮੂੰਹ ’ਤੇ ਸੱਤ-ਪੱਚੀ ਦਾ ਖਾਕਾ ਬਣਿਆ ਹੁੰਦਾ ਹੈ। ਦੱਸ ਵੱਜ ਕੇ ਦੱਸ ਮਿੰਟ (ਚੀਨੀ ਮੁਹਾਵਰਾ, ਜਿਸ ਦਾ ਮਤਲਬ ਮੁਸਕਰਾਉਂਦਾ ਚਿਹਰਾ) ਕਿਸੇ ਦੇ ਮੂੰਹ ਉਤੇ ਨਹੀਂ ਦਿਸਣਗੇ। 
ਕਿਸੇ ਅਗਿਆਤ ਲਿਖਾਰੀ ਨੇ ਲਿਖਿਆ ਹੈ, Even if there is nothing to laugh about, laugh on credit ਸੁਣਿਆ ਹੈ ਪਹਿਲੇ ਵੇਲਿਆਂ ਵਿੱਚ ਚਾਹੇ ਖੁਸ਼ੀ ਹੁੰਦੀ ਤੇ ਚਾਹੇ ਗ਼ਮੀ ਲੋਕ ਹੱਸਦੇ ਹੀ ਰਹਿੰਦੇ ਹੁੰਦੇ ਸੀ। ਹੱਸ-ਹੱਸ ਲੋਕੀਂ ਜਾਨਾਂ ਵਾਰ ਦਿੰਦੇ ਹੁੰਦੇ ਸੀ। ਹੱਸ ਕੇ ਦਿਲ ਦੇ ਦਿੰਦੇ ਹੁੰਦੇ ਸੀ। ਹੱਸ ਕੇ ਮੁੱਕਰ ਜਾਂਦੇ ਹੁੰਦੇ ਸੀ। ਕੁੱਝ ਮੰਗਣ ’ਤੇ ਹੱਸ ਕੇ ਸਾਰ ਦਿੰਦੇ ਹੁੰਦੇ ਸੀ। ਜਾਣੀ ਕਿ ਹਰ ਕੰਮ ਲੋਕ ਹੱਸ ਕੇ ਹੀ ਕਰਿਆ ਕਰਦੇ ਸਨ। Victor Borge  ਦਾ ਕਥਨ ਹੈ “Laughter is the shortest distance between two people.” ਹੱਸ-ਦੰਦਾਂ ਦੀ ਪ੍ਰੀਤ ਰੱਖ ਲੈ ਬੱਲੀਏ ਤੇ ਹੱਸਦੀ-ਵਸਦੀ ਰਹਿ ਨਖਰੋ ਨੀ ਚਾਹੇ ਨਾ ਮਿੱਤਰਾਂ ਨਾਲ ਬੋਲੀਂ ਵਰਗੇ ਦੋ-ਗਾਣੇ ਵੀ ਉਦੋਂ ਹੀ ਕਿਤੇ ਘੜੇ ਗਏ ਹੋਣਗੇ। ਹੁਣ ਤਾਂ ਮੇਰੇ ਨੈਨਾਂ ਸਾਵਨ ਭਾਦੋਂ ਜਾਂ ਛਮ-ਛਮ ਅੱਖੀਆਂ ਬਰਸੀ ਵਰਗੇ ਗੀਤ ਹੀ ਲਿਖੇ ਜਾਂਦੇ ਹਨ। 
ਦਿਲ ਦਾ ਦੌਰਾ, ਦਿਮਾਗ ਦੀ ਨਾਲੀ ਦਾ ਫੱਟਣਾ ਅਤੇ ਮਾਨਸਿਕ ਤਨਾਉ ਵਰਗੇ ਰੋਗਾਂ ਨੂੰ ਪੁਰਾਣੇ ਸਮਿਆਂ ਵਿੱਚ ਲੋਕ ਇਉਂ ਨਹੀਂ ਸੀ ਜਾਣਦੇ ਜਿਵੇਂ ਹੁਣ ਖੁਸ਼ ਰਹਿਣ ਅਤੇ ਹੱਸਣ-ਹਸਾਉਣ ਤੋਂ ਅਣਜਾਣ ਹਨ। ਐਵੇਂ ਨਹੀਂ ਸਿਆਣਿਆਂ ਨੇ ਕਿਹਾ ਸੀ ਕਿ ਹੱਸਦਿਆਂ ਦੇ ਘਰ ਵਸਦੇ। ਅਜੋਕੇ ਸਮੇਂ ਦੇ ਡਾਇਵੋਰਸ ਰੇਟ (ਤਲਾਕ ਦਰ) ਬਾਰੇ ਮੇਰਾ ਖਿਆਲ ਨਹੀਂ ਕਿ ਤੁਹਾਨੂੰ ਚਾਨਣਾ ਪਾਉਣ ਦੀ ਲੋੜ੍ਹ ਹੈ? 
Yiddish Proverb  ਨੇ ਤਾਂ ਇਥੋਂ ਤੱਕ ਲਿਖਿਆ ਹੈ, "What soap is to the body, laughter is to the soul.
ਹਾਸੇ ਦੀ ਵੀ ਆਪਣੀ ਇੱਕ ਭਾਸ਼ਾ ਹੁੰਦੀ ਹੈ। ਜਿਹੜੇ ਮਨਚਲੇ ਇਸ ਭਾਸ਼ਾ ਨੂੰ ਬਾਖੂਬ ਸਮਝਦੇ ਹਨ, ਉਹਨਾਂ ਨੇ ਤਾਂ ਇੱਕ ਗੋਲਡਨ ਰੂਲ ਵੀ ਬਣਾਇਆ ਹੋਇਆ ਹੈ। ਗੋਲਡਨ ਰੂਲ ਨਹੀਂ ਪਤਾ? ਹਾਂ ਬਾਬਾ ਮੈਂ ਉਸੇ ਗੋਲਡਨ ਰੂਲ ਦੀ ਗੱਲ ਕਰ ਰਿਹਾ ਹਾਂ ਜਿਸ ਮੁਤੱਅਲਕ ਫਰਾਈਡ ਨੇ ਕਿਹਾ ਹੈ, “The golden rule is that there is no golden rule.” ਅੱਛਾ, ਮੈਂ ਆਸ਼ਕਾਂ ਦੇ ਗੋਲਡਨ ਰੂਲ ਬਾਬਤ ਦੱਸ ਰਿਹਾ ਸੀ ਤੇ ਉਹ ਹੈ, ਕੁੜੀ ਹੱਸੀ ਤਾਂ ਸਮਝੋ।
ਸੱਜਰੇ ਵਿਆਹੇ ਜੋੜੇ ਦੇ ਕੰਮਰੇ ਵਿੱਚੋਂ ਜੇ ਘੁੰਗਰੂਆਂ ਵਾਂਗ ਛਣਕਦਾ ਹਾਸਾ ਸੁਣੇ ਤਾਂ ਉਸ ਵਿੱਚ ਵੀ ਕੋਈ ਰਹੱਸ ਹੁੰਦਾ ਹੈ। 
ਕਿਸੇ ਦੀ ਗੱਲ ’ਤੇ ਹੱਸ ਛੱਡਣ ਦਾ ਵੀ ਕੋਈ ਅਰਥ ਹੁੰਦਾ ਹੈ। 
ਤੁਸੀਂ ਉਹ ਟੱਪਾ ਸੁਣਿਐ? ਹੱਸਦੀ ਤਾਂ ਯਾਰੋ ਫੁੱਲ ਕਿਰਦੇ, ਕੁੜੀ ਇੱਕ ਹੀਰ ਵਰਗੀ। ਜੇ ਹੱਸੂਗੀ ਤਾਂ ਖੁਸ਼ਬੂਦਾਰ ਫੁੱਲ ਕਿਰਨਗੇ, ਨਹੀਂ ਰੋਂਇਆਂ ਤਾਂ ਹੰਝੂ ਟਪਕਣਗੇ। ਉਹ ਵੀ ਮੁਸ਼ਕ ਮਾਰਦੇ।
ਮੇਰੇ ਵਾਂਗ ਕਈਆਂ ਦੀਆਂ ਗੱਲ੍ਹਾਂ ’ਚ ਟੋਏ ਪੈਂਦੇ ਹੁੰਦੇ ਹਨ। ਜਿਨ੍ਹਾਂ ਨੂੰ ਅੰਗਰੇਜ਼ੀ ’ਚ ਡਿੰਪਲਸ  ਕਿਹਾ ਜਾਂਦਾ ਹੈ। ਤੇ ਇਹ ਟੋਏ ਐਵੇਂ ਨਹੀਂ ਪੈਂਦੇ, ਹੱਸਿਆਂ ਹੀ ਪੈਂਦੇ ਹਨ।
ਵੈਸੇ ਹੱਸਣਾ ਇੱਕ ਕਲਾ ਹੈ। ਤੇ ਜਿਵੇਂ ਮੈਂ ਉਪਰ ਦੱਸ ਚੁੱਕਿਆ ਹਾਂ ਕਿ ਇਹ ਕਲਾ ਚੀਤਿਆਂ ਦੀ ਨਸਲ ਵਾਂਗ ਲਗਭਗ ਅਲੋਪ ਹੀ ਹੋ ਗਈ ਹੈ। 
ਹਾਸਿਆਂ ਨੇ ਗਾਇਬ ਤਾਂ ਆਪੇ ਹੀ ਹੋਣਾ ਹੈ ਜਦੋਂ ਦੁਨੀਆਂ ਮਤਲਬਪ੍ਰਸਤ ਹੁੰਦੀ ਜਾ ਰਹੀ ਹੈ। ਹੁਣ ਦੂਰ ਨਾ ਜਾਉ, ਸਾਡੇ ਇੰਗਲੈਂਡ ਦੇ ਹੀ ਇੱਕ ਲੇਖਕ ਦੀ ਗੱਲ ਲੈ ਲਉ। ਨਾ ਛੱਡੋ ਯਾਰ। ਆਪਦੇ ਬਾਰੇ ਪੜ੍ਹਦਿਆਂ ਹੀ ਮੇਰੇ ਦਰਾਂ ਮੂਹਰੇ ਆ ਖੜੂ। ਕਹਾਨੂੰ ਟੰਬੇ ਖਾਣ ਵਾਲੀ ਗੱਲ ਕਰਨੀ ਆ। ਕਿਸੇ ਇੰਡੀਆ ਦੇ ਲਿਖਾਰੀ ਦੀ ਐਸੀ ਦੀ ਤੈਸੀ ਕਰਦੇ ਹਾਂ। ਚਲੋ ਉਹਨਾਂ ਦੀ ਗੱਲ ਵੀ ਨਹੀਂ ਕਰਦੇ। ਕੰਨ ਕਰੋ ਉਰਾਂ ਨੂੰ। ਇੱਕ ਪੜ੍ਹਦੇ ਵਾਲੀ ਗੱਲ, ਥੋਨੂੰ ਮੈਂ ਦੱਸ ਦਿੰਦਾ ਹਾਂ। ਅਗਾਂਹ ਨਾ ਕਿਸੇ ਕੋਲ ਭਾਫ ਕੱਢਿਉ! ਗੱਲ ਫੈਲਣੀ ਨ੍ਹੀਂ ਚਾਹੀਦੀ। ਇੰਡੀਆ ਦੇ ਲੇਖਕਾਂ ਨਾਲ ਬਿਗਾੜਨੀ ਨ੍ਹੀਂ ਚਾਹੀਦੀ। ਉਹ ਤਾਂ ਸਾਰੇ ਹੀ ਟੂ ਇੰਨ ਵੱਨ ਹੁੰਦੇ ਨੇ। ਜਾਣੀ ਲੇਖਕ ਵੀ ਤੇ ਆਲੋਚਕ (ਜੇ ਤੁਹਾਡੇ ਨਾਲ ਬਣੀ ਹੋਈ ਹੈ ਤਾਂ ਤੁਹਾਡੇ ਲਈ ਪ੍ਰਸੰਸਕ) ਵੀ। ਹੋਰ ਪੁੱਛੋ? ਕੁੱਝ ਕੁ ਤਾਂ ਥਰੀ ਇੰਨ ਵੱਨ ਕਿਸਮ ਦੇ ਵੀ ਇੰਡੀਆ ਵਿੱਚ ਪਾਏ ਜਾਂਦੇ ਹਨ। ਜਿਹੜੇ ਰੀਵੀਊਕਾਰ ਵੀ ਹੁੰਦੇ ਹਨ। ਹਾਂ ਸੱਚ, ਇਹ ਦੱਸਣਾ ਤਾਂ ਮੈਂ ਭੁੱਲ ਹੀ ਚੱਲਿਆ ਸੀ ਕਿ ਕਈ ਪਤੰਦਰ ਤਾਂ ਫੋਰ ਇੰਨ ਵੱਨ ਦੀ ਉਪਾਧੀ ਹਾਸਲ ਕਰੀ ਬੈਠੇ ਹਨ। ਉਹ ਸੰਪਾਦਕ ਵੀ ਨੇ। ਕੋਈ ਨਾ ਕੋਈ ਪਰਚਾ ਵੀ ਕੱਢਦੇ ਹਨ। ਇੱਕ ਪੰਜਵੀਂ ਟਾਈਪ ਵੀ ਹੁੰਦੀ ਹੈ। ਉਹਨਾਂ ਬਾਰੇ ਨਹੀਂ ਮੈਂ ਦੱਸਣਾ ਕਿ ਲੇਖਕ ਹੋਣ ਦੇ ਨਾਲ-ਨਾਲ ਉਹ ਪ੍ਰਕਾਸ਼ਕ ਵੀ ਹੁੰਦੇ ਹਨ, ਇਸ ਲਈ ਨਾ ਹੀ ਤੁਸੀਂ ਕੁੱਝ ਪੁੱਛਣ ਦੀ ਖੇਚਲ ਕਰਿਉ। ਸੋ ਆਪਾਂ ਇੰਡੀਆ ਦੇ ਲੇਖਕਾਂ ਦੀ ਗੱਲ ਵੀ ਨਹੀਂ ਕਰਦੇ। ਭੂੰਡਾਂ ਦੀ ਖੱਖਰ ਨੂੰ ਛੇੜ ਕੇ ਕੀ ਲੈਣੈ? ਚਲੋ ਫੇਰ ਕਿਸੇ ਸਵਰਗ ਵਾਸੀ ਲੇਖਕ ਦੀਆਂ ਲੱਤਾਂ ਖਿੱਚਦੇ ਹਾਂ। ਕਬੀਰ ਨੂੰ ਹੀ ਫੜ੍ਹ ਲਉ। ਪਤਾ ਉਹ ਕੀ ਕਹਿੰਦਾ ਸੀ। ਅਖੇ ਕਬੀਰਾ ਜਬ ਹਮ ਆਏ ਜਗਤ ਮੇ, ਜੱਗ ਹਸਿਆ ਹਮ ਰੋਏ। ਐਸੀ ਕਰਨੀ ਕਰ ਚਲੇ, ਹਮ ਹੱਸੇ ਜੱਗ ਰੋਏ। 
ਦੇਖਿਐ? ਕਿੱਡਾ ਚਲਾਕ ਨਿਕਲਿਆ, ਕਬੀਰ। ਤੁਸੀਂ ਉਹਨੂੰ ਭੋਲਾ ਜਿਹਾ ਸਮਝਦੇ ਸੀ। ਰੋਣੇ ਦੇ ਗਿਆ ਤੇ ਹਾਸੇ ਲੈ ਗਿਆ। 
ਪਰ ਤੁਸੀਂ ਮੇਰੇ ਹੁੰਦਿਆਂ ਚਿੰਤਾ ਨਾ ਕਰੋ। ਡੌਂਟ ਫਿਕਰ। ਸਾਇੰਸਦਾਨ ਹਾਸਿਆਂ ਨੂੰ ਸਵਰਗ ਲੋਕ ਤੋਂ ਵਾਪਸ ਲਿਆਉਣ ਦੇ ਯਤਨਾਂ ਵਿੱਚ ਲੱਗ ਗਏ ਹਨ। (ਦੂਜੇ ਗ੍ਰਹਿਾਂ ਉਤੇ ਵਸਦੀ ਦੁਨੀਆਂ ਲੱਭ ਕੇ ਉਹਨਾਂ ਬਿਚਾਰਿਆਂ ਦਾ ਵੀ ਡਾਟ ਨਿਕਲਿਆ ਪਿਆ ਹੈ ਨਾ? ਤਾਂ ਕਰਕੇ।) ਦੁਨੀਆਂ ਭਰ ਵਿੱਚ ਹਾਸਾ ਕਲੱਬਾਂ  ਦੇ ਜਾਲ ਵਿਛਾਏ ਜਾ ਰਹੇ ਹਨ। ਕਿਸੇ ਵੀ ਉਮਰ ਦਾ ਨਰ/ਨਾਰੀ ਇਸ ਕਲੱਬ ਦਾ ਮੈਂਬਰ ਬਣ ਸਕਦਾ ਹੈ। ਪੰਦਰਾਂ-ਬੀਹ ਜਣੇ, ਜੋ ਕਲੱਬ ਦੇ ਮੈਂਬਰ ਹੁੰਦੇ ਹਨ, ਕਿਸੇ ਖੁੱਲ੍ਹੇ ਮੈਦਾਨ ਜਾਂ ਪਾਰਕ ਵਿੱਚ ਇਕੱਠੇ ਹੋ ਜਾਂਦੇ ਹਨ। ਉਹਨਾਂ ਵਿੱਚੋਂ ਇੱਕ ਜਣਾ ਬਿਨਾਂ ਕਿਸੇ ਗੱਲ ਤੋਂ ਅਚਾਨਕ ਜ਼ੋਰ-ਜ਼ੋਰ ਦੀ ਹੱਸਣਾ ਸ਼ੁਰੂ ਕਰ ਦਿੰਦਾ ਹੈ। ਉਸ ਨੂੰ ਦੇਖ ਕੇ ਦੂਜੇ ਮੈਂਬਰਾਂ ਨੂੰ ਵੀ ਹਾਸਾ ਆ ਜਾਂਦਾ ਹੈ। ਪੰਜ-ਦਸ ਮਿੰਟ ਵਿੱਚ ਹੀ ਸਭ ਪਾਗਲਾਂ ਵਾਂਗ ਹੱਸਣ ਲੱਗ ਜਾਂਦੇ ਹਨ। ਤੇ ਹੱਸ-ਹੱਸ ਲੋਟ-ਪੋਟ ਹੋ ਜਾਂਦੇ ਹਨ। ਤੁਸੀਂ ਹੈਰਾਨ ਹੋਏ ਹੋਵੋਗੇ, ਇਹ ਸੁਣ ਕੇ ਕਿ ਬਿਨਾਂ ਵਜ੍ਹਾ ਕੋਈ ਕਿਵੇਂ ਹੱਸ ਸਕਦਾ ਹੈ? ਨਾ ਕੋਈ ਚੁਟਕਲਾ ਸੁਣਾਉਣਾ। ਨਾ ਹੀ ਕੋਈ ਮੂੰਹ ਬਣਾਉਣਾ ਜਾਂ ਕੋਈ ਹਸਾਉਣ ਵਾਲੀ ਹਰਕਤ ਕਰਨੀ। ਬਸ ਦੂਜੇ ਨੂੰ ਹੱਸਦੇ ਦੇਖ ਕੇ ਹਾਸਾ ਆ ਜਾਂਦੈ? ਨਹੀਂ ਮੰਨਦੇ ਨਾ ਤੁਸੀਂ? ਮੈਂ ਵੀ ਨਹੀਂ ਮੰਨਦਾ! 
ਚੱਲ ਨਹੀਂ ਮੰਨਦੇ ਨਾ ਮੰਨੋ, ਥੋਡੇ ਨਾਲ ਕਿਹੜਾ ਮੈਂ ਵਿਆਹ ਕਰਾਉਣੈ! ਬਈ ਤੁਹਾਡੀ ਰਜ਼ਾਮੰਦੀ ਬਿਨਾਂ ਮੇਰਾ ਕੰਮ ਨਹੀਂ ਚੱਲਣਾ।
ਹਾਸੇ ਨਾਲ ਹਾਸਾ ਰਹਿ ਗਿਆ। ਮੰਨੋ ਚਾਹੇ ਨਾ ਮੰਨੋ। ਪਰ ਹੈ ਇਹ ਸੌ ਫੀਸਦੀ ਸੱਚ। ਇਸ ਸੇ ਆਗੇ ਹਮ ਔਰ ਕਿਆ ਕਹੇਂ? ਜਾਨਮ ਸਮਝਾ ਕਰੋ!
ਅਸਲ ਵਿੱਚ ਇਹ ਹਾਸਾ ਮੁਹਿੰਮ ਪੰਜ ਸਾਲ ਪਹਿਲਾਂ ਭਾਰਤ ਵਿੱਚ ਡਾਕਟਰ ਮਦਨ ਕਟਾਰੀਆ ਨੇ ਸ਼ੁਰੂ ਕੀਤੀ ਸੀ। ਪਹਿਲੇ ਹੀ ਸਾਲ ਵਿੱਚ ਡਾ ਕਟਾਰੀਆਂ ਨੂੰ ਆਪਣੇ ਪ੍ਰਯੋਗ ਵਿੱਚ ਐਨੀ ਸਫਲਤਾ ਮਿਲੀ ਕੇ ਉਹਨਾਂ ਦੇ ਕਲੱਬਾਂ ਦੇ ਮੈਂਬਰਾਂ ਦੀ ਗਿਣਤੀ 10,000 ਟੱਪ ਗਈ ਅਤੇ ਮੁਬੰਈ, ਕਲਕੱਤਾ, ਚੇਨਈ ਤੇ ਦਿੱਲੀ ਵਰਗੇ ਮਹਾਂਨਗਰਾਂ ਵਿੱਚ ਡਾ ਸਾਹਿਬ ਨੂੰ ਅਨੇਕਾਂ  ਹਾਸਾ ਕਲੱਬ ਸਥਾਪਤ ਕਰਨੇ ਪਏ। ਭਾਵੇਂ ਇਹ ਹਾਸਾ ਬਨਾਉਟੀ ਹੀ ਹੁੰਦਾ ਹੈ, ਲੇਕਿਨ ਫਿਰ ਵੀ ਇਹ ਸਾਡੇ ਸ਼ਰੀਰ ਵਿੱਚਲੀ ਦਰਦ ਸਹਿਣ ਸ਼ਕਤੀ ਦੇ ਮਾਦੇ (ENDORPHINS) ਦੀ ਮਾਤਰਾਂ ਵਿੱਚ ਵਾਧਾ ਕਰਦਾ ਹੈ। ਜਿਸ ਨਾਲ ਗਠੀਏ ਅਤੇ ਅਧਰੰਗ ਤੋਂ ਪੀੜਤ ਮਰੀਜ਼ਾਂ ਨੂੰ ਕਾਫੀ ਲਾਭ ਪਹੁੰਚਦਾ ਹੈ ਅਤੇ ਉਹਨਾਂ ਦੀ ਪੀੜ ਝੱਲਣ ਸਮਰੱਥਾ ਵਿੱਚ ਅਪਾਰ ਇਜ਼ਾਫਾ ਹੁੰਦਾ ਹੈ। ਜ਼ੋਰ-ਜ਼ੋਰ ਦੀ ਹੱਸਣਾ ਦਮੇ ਦੇ ਰੋਗੀਆਂ ਲਈ ਤਾਂ ਵਰਦਾਨ ਸਾਬਤ ਹੁੰਦਾ ਹੈ, ਕਿਉਂਕਿ  ਹੱਸਣ ਨਾਲ ਫੇਫੜਿਆਂ ਦੀ ਕਸਰਤ ਹੋ ਜਾਂਦੀ ਹੈ ਅਤੇ ਉਹ ਵਧੇਰੇ ਆਕਸੀਜ਼ਨ ਖਿੱਚ ਕੇ ਸਾਡੇ ਸ਼ਰੀਰ ਵਿੱਚ ਫੈਲਾਉਂਦੇ ਹਨ। 
ਹੱਸਣ ਵਾਲੀ ਕੁਦਰਤੀ ਇਲਾਜ ਵਿਧੀ ਦੇ ਸਿੱਟਿਆਂ ਦਾ ਅਧਿਐਨ ਕਰਨ ਉਪਰੰਤ ਬਰਤਾਨਵੀ ਮਨੋ ਰੋਗਾਂ ਦੇ ਮਾਹਰਾਂ ਨੇ ਵੀ ਸਲਾਹ ਬਣਾਈ ਹੈ ਕਿ ਥੋੜਾ-ਥੋੜਾ ਹੱਸਣਾ ਜ਼ਰੂਰ ਚਾਹੀਦਾ ਹੈ। ਇਸ ਲਈ ਪਿਛਲੇ ਮਹੀਨੇ ਡਾਕਟਰ ਕਟਾਰੀਆਂ ਨੂੰ ਭਾਰਤ ਤੋਂ ਉਚੇਚੇ ਤੌਰ ਉਤੇ ਸੱਦਿਆ ਗਿਆ ਤਾਂ ਕਿ ਉਹ ਮੁਲਖ ਦੇ ਕੁੱਝ ਚੋਣਵੇਂ ਮਨੋ ਚਿਕਿਤਸਕਾਂ ਨੂੰ ਹਸਾਉਣ ਕਲਾ  ਦੇ ਜਰੀਏ ਉਪਚਾਰ ਕਰਨ ਦੇ ਢੰਗਾਂ ਬਾਰੇ ਸਿਖਿਅਤ ਕਰ ਸਕਣ। ਜਲਦੀ ਹੀ ਯੂਕੇ ਭਰ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਹਾਸਾ ਕਲੱਬ ਹੋਂਦ ਵਿੱਚ ਆ ਜਾਣਗੇ। ਜੇਕਰ ਹਾਸਾ ਕਲੱਬ ਇੰਗਲੈਂਡ ਵਿੱਚ ਮਕਬੂਲ ਹੋ ਗਏ ਤਾਂ ਜਲਦੀ ਹੀ ਏਡਜ਼ ਦੀ ਬਿਮਾਰੀ ਵਾਂਗ ਸਾਰੀ ਦੁਨੀਆਂ ਵਿੱਚ ਫੈਲ ਜਾਣਗੇ ਤੇ ਫੇਰ ਕੋਈ ਵੀ ਇਹ ਨਹੀਂ ਕਹਿ ਸਕੇਗਾ ਬਈ, ਤੇਰੀਆਂ ਮੁਹੱਬਤਾਂ ’ਚ ਝੱਲਿਆ ਵੇ ਅਸੀਂ ਹੱਸਣਾ ਭੁੱਲ ਗਏ। Puzant Kevork Thomajan ਨੇ ਫਰਮਾਇਆ ਹੈ, “A hearty laugh gives one a dry cleaning, while a good cry is a wet wash. ”  ਇਸ ਲਈ ਹਸਦੇ ਵਸਦੇ ਰਹੋ!

****

No comments:

Post a Comment