ਸਮੇਂ ਦੇ ਬਦਲਣ ਨਾਲ ਵਿਚੋਲਿਆਂ ਦੀ ਜਗ੍ਹਾ ਦੂਜੇ ਸਾਧਨਾਂ ਨੇ ਲੈ ਲਈ। ਜਿਵੇਂ ਕਿ ਅਖ਼ਬਾਰੀ, ਰੇਡੀਉ ਜਾਂ ਇੰਟਰਨੈਟ ਇਸ਼ਤਿਆਰ ਆਦਿ। ਇਸੇ ਹੀ ਪ੍ਰਕਾਰ ਇਨ੍ਹਾਂ ਪੱਛਮੀ ਮੁਲਕਾਂ ਵਿੱਚ ਮੁੰਡਿਆਂ-ਕੁੜੀਆਂ ਦਾ ਮੇਲ ਕਰਵਾਉਣ ਲਈ ਡੇਟਿੰਗ ਏਜੰਸੀਆਂ ਬਣੀਆਂ ਹੋਈਆਂ ਹਨ। ਬੜੀ ਚੰਗੀ ਗਲ ਹੈ। ਆਏ ਦਿਨ ਇਹ ਲੱਖਾਂ ਮੁੰਡਿਆਂ ਕੁੜੀਆਂ ਦੇ ਮੇਲ ਕਰਵਾਉਂਦੇ ਹਨ। ਲੇਕਿਨ ਸਾਡੇ ਦੇਖਣ ਵਿਚ ਆਇਆ ਹੈ ਕਿ ਹੁਣ ਕੁਝ ਅਜਿਹੀਆਂ ਡੇਟਿੰਗ ਏਜੰਸੀਆਂ ਵੀ ਹੋਂਦ ਵਿਚ ਆਈਆਂ ਹਨ ਜੋ ਕਿ ਕੇਵਲ ਵਿਆਹਿਆਂ ਵਿਅਕਤੀਆਂ ਨੂੰ
ਆਪਣਾ ਨਿਸ਼ਾਨਾਂ ਬਣਾ ਕੇ ਕੰਮ ਕਰਦੀਆਂ ਹਨ। ਹਰ ਵਿਆਹੁਤਾ ਜੋੜੇ ਦਰਮਿਆਨ ਹਮੇਸ਼ਾ ਮਾੜੀ ਮੋਟੀ ਨੋਕ-ਝੋਕ ਤਾਂ ਹੁੰਦੀ ਹੀ ਰਹਿੰਦੀ ਹੈ। ਬਸ ਇਸੇ ਚੀਜ਼ ਦਾ ਫ਼ਾਇਦਾ ਇਹ ਡੇਟਿੰਗ ਏਜੰਸੀਆਂ ਉਠਾਉਂਦੀਆਂ ਹਨ। ਇਹ ਲੋਕਾਂ ਨੂੰ ਉਕਸਾਉਂਦੇ ਹਨ ਕਿ ਜੇਕਰ ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਲੜਿਆ ਹੋਇਆ ਹੈ ਜਾਂ ਤੁਹਾਡੇ ਨਾਲ ਦੁਰਵਿਹਾਰ ਕਰਦਾ ਹੈ ਤਾਂ ਉਸ ਦੀਆਂ ਮਿੰਨਤਾਂ ਨਾ ਕਰੋ ਅਤੇ ਉਸ ਦਾ ਖਹਿੜਾ ਛਡੋ। ਅਸੀਂ ਤੁਹਾਨੂੰ ਨਵਾਂ ਅਤੇ ਵਧੀਆ ਸਾਥੀ ਤਾਲਾਸ਼ ਕੇ ਦਿੰਦੇ ਹਾਂ। ਇਸ ਪ੍ਰਕਾਰ ਤਨਾਅਗ੍ਰਸਤ ਵਿਆਹੀਆਂ ਔਰਤਾਂ ਅਤੇ ਮਰਦਾਂ ਨੂੰ ਆਪਣੀ ਸ਼ਾਦੀ ਤੋਂ ਬਾਹਰ ਰਿਸ਼ਤੇ ਬਣਾਉਣ ਲਈ ਹਲਾਸ਼ੇਰੀ ਮਿਲਦੀ ਹੈ। ਕੁਝ ਕੁ ਵਿਆਹੇ ਔਰਤਾਂ ਮਰਦ ਐਸੇ ਵੀ ਹਨ ਜਿੰਨ੍ਹਾਂ ਦੇ ਵਿਆਹੁਤਾ ਜੀਵਨ ਵਿੱਚ ਕੋਈ ਵੀ ਨੁਕਸ ਨਹੀਂ ਹੁੰਦਾ ਤੇ ਉਹ ਆਪਣੇ ਸਾਥੀ ਨਾਲ ਖੁਸ਼ਹਾਲ ਜਿ਼ੰਦਗੀ ਬਸਰ ਕਰ ਰਹੇ ਹੁੰਦੇ ਹਨ। ਲੇਕਿਨ ਫਿਰ ਵੀ ਉਹ ਸ਼ਰਾਰਤ ਵਜੋਂ ਜਾਂ ਮੌਜ-ਮਸਤੀ ਵਾਸਤੇ ਇਨ੍ਹਾਂ ਏਜੰਸੀਆਂ ਨਾਲ ਤਾਲਮੇਲ ਬਣਾ ਕੇ ਇਨ੍ਹਾਂ ਜ਼ਰੀਏ ਨਵੇਂ ਸਬੰਧ ਸਥਾਪਤ ਕਰਦੇ ਹਨ। ਸ਼਼ੁਰੂ-ਸ਼਼ੁਰੂ ਵਿਚ ਇਨ੍ਹਾਂ ਲੋਕਾਂ ਦੇ ਮਨ ਵਿਚ ਥੋੜਚਿਰੇ ਰਿਸ਼ਤੇ ਦੀ ਇਛਾ ਹੁੰਦੀ ਹੈ, ਪਰ ਕਈ ਮਰਤਬਾ ਐਸਾ ਹੁੰਦਾ ਨਹੀਂ। ਡੇਟਿੰਗ ਏਜੰਸੀ ਦੁਆਰਾ ਲਭ ਕੇ ਦਿੱਤੇ ਗਏ ਸਾਥੀ ਨਾਲ ਉਹ ਐਸੇ ਜੁੜਦੇ ਹਨ ਕਿ ਆਪਣੇ ਅਸਲ ਜੀਵਨ ਸਾਥੀ ਤੋਂ ਵੀ ਕਿਨਾਰਾਕਸ਼ੀ ਕਰ ਬੈਠਦੇ ਹਨ।ਇਹ ਰੁਝਾਨ ਅੱਜਕਲ੍ਹ ਇੰਗਲੈਂਡ ਵਿੱਚ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਖ਼ਾਸਕਰ ਨੌਜਵਾਨ ਅਤੇ ਸਜਰੇ ਵਿਆਹੇ ਦੰਪਤੀ ਜੋੜੇ ਤਾਂ ਸ਼ਾਦੀ ਤੋਂ ਬਾਹਰ ਰਿਸ਼ਤੇ ਬਣਾਉਣ ਵੱਲ ਉਚੇਚਾ ਰੁਚਿਤ ਹੋ ਰਹੇ ਹਨ। ਇਸ ਦਾ ਮੂਲ ਕਾਰਨ ਵਿਆਹੇ ਜੋੜਿਆਂ ਲਈ ਬਣੀਆਂ ਹੋਈਆਂ ਇਹ ਅਖੌਤੀ ਡੇਟਿੰਗ ਏਜੰਸੀਆਂ ਹਨ। ਵਿਆਹੁਤ ਜੋੜਿਆਂ ਨੂੰ ਅਜਿਹੀਆਂ ਸੇਵਾਵਾਂ ਪ੍ਰਦਾਨ ਕਰਦੀਆਂ ਏਜੰਸੀਆਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਤੇ ਆਪਣੇ ਘਰ ਪਰਿਵਾਰ 'ਤੇ ਤਵਜੋ ਦੇਣੀ ਚਾਹੀਦੀ ਹੈ। ਵਿਆਹ ਕੋਈ ਖੇਡ ਨਹੀਂ। ਇਹ ਇਕ ਪਵਿੱਤਰ ਅਤੇ ਧਾਰਮਿਕ ਬੰਧਨ ਹੈ, ਵਿਆਹ ਇਕ ਸੰਸਥਾ ਹੈ, ਵਿਆਹ ਆਪਣੀ ਪੀੜ੍ਹੀ ਨੂੰ ਅੱਗੇ ਵਧਾਉਣ ਦਾ ਵਸੀਲਾ ਹੈ, ਵਿਆਹ ਦੋ ਰੂਹਾਂ ਦਾ ਮੇਲ ਹੈ, ਵਿਆਹ ਦੋ ਖਾਨਦਾਨਾਂ ਦਾ ਸਾਕ ਹੈ। ਥੋੜ੍ਹ ਚਿਰੇ ਸ਼ੁਗਲ ਮੇਲੇ ਬਦਲੇ ਵਿਆਹਤਾ ਜੀਵਨ ਨੂੰ ਤਬਾਹ ਨਹੀਂ ਕਰਨਾ ਚਾਹੀਦਾ।
ਸਮਾਜ ਸੇਵਾ ਕਰ ਰਹੀਆਂ ਸੰਸਥਾਵਾਂ ਨੂੰ ਵੀ ਚਾਹੀਦਾ ਹੈ ਕਿ ਲੋਕਾਂ ਦੇ ਘਰ ਪਟ ਰਹੀਆਂ ਅਜਿਹੀਆਂ ਏਜੰਸੀਆਂ ਨੂੰ ਨਥ ਪਾਉਣ ਲਈ ਕੋਈ ਉਪਰਾਲਾ ਕਰਨ।
No comments:
Post a Comment