ਚਿੱਤਰਕਲਾ ਦਾ ਅਮਿੱਟ ਹਸਤਾਖਰ: ਅੱਛਰ ਸਿੰਘ


ਇਹ ਗੱਲ ਕੁਝ ਵਰ੍ਹੇ ਪਹਿਲਾਂ ਦੀ ਹੈ, ਇਕ ਪੰਜਾਬੀ ਅਖਬਾਰ ਨੂੰ ਫਰੋਲਦਿਆਂ ਕਹਾਣੀਆਂ ਨਾਲ ਬਣੀਆਂ ਖੁਬਸੂਰਤ ਇਲੱਸਟਰੇਸ਼ਨਾਂ ਦੇਖੀਆਂ। ਜਿਨ੍ਹਾਂ ਹੇਠ ਆਰਟਿਸਟ ਦੇ ਹਸਤਾਖਰ ਵੀ ਕਰੇ ਹੋਏ ਸਨ। ਇਉਂ ਮੇਰਾ ਪਹਿਲਾਂ ਤੁਆਰਫ ਅੱਛਰ ਸਿੰਘ  ਨਾਲ ਹੋਇਆ ਸੀ। ਇਸ ਤੋਂ ਕੁਝ ਕੁ ਸਾਲਾਂ ਬਾਅਦ ਮੈਂ ਆਪਣੀ ਪਹਿਲੀ ਕਹਾਣੀ ‘ਹੋਣੀ’ ਲਿਖੀ ਤੇ ਛਪਣ ਲਈ ਸਾਊਥਾਲ ਤੋਂ ਛਪਦੇ ਇਕ ਪੰਜਾਬੀ ਹਫਤਾਵਾਰੀ ਅਖਬਾਰ ‘ਦੇਸ ਪ੍ਰਦੇਸ’ ਨੂੰ ਭੇਜ ਦਿੱਤੀ। ਕਹਾਣੀ ਜਦੋਂ ਛਪੀ ਤਾਂ ਉਸ ਨਾਲ ਅੱਛਰ ਸਿੰਘ ਦੀ ਬਣਾਈ ਹੋਈ ਇਲੱਸਟ੍ਰੇਸ਼ਨ ਸੀ। ਅੱਛਰ ਸਿੰਘ  ਦੁਆਰਾ ਬਣਾਇਆ ਹੋਇਆ ਸਕੈੱਚ ਕਹਾਣੀ ਨੂੰ ਪੜਨ ਲਈ ਉਕਸਾਉਂਦਾ ਸੀ। ਮੈਨੂੰ ਕਹਾਣੀ ਦੇ ਛਪਣ ਨਾਲੋਂ ਜਿਆਦਾ ਖੁਸ਼ੀ ਇਸ ਗੱਲ ਦੀ ਹੋਈ ਸੀ ਕਿ ਉਸਨੂੰ ਅੱਛਰ ਸਿੰਘ ਨੇ ਇਲੱਸਟਰੇਟ ਕੀਤਾ ਸੀ। ਖੁਦ ਮੈਨੂੰ ਪੇਂਟਿੰਗ ਦਾ ਬਹੁਤ ਸ਼ੌਂਕ ਸੀ ਤੇ ਅੱਛਰ ਸਿੰਘ ਦੀ ਕਲਾ ਤੋਂ ਮੁਤਾਸਰ ਹੋ ਕੇ ਮੈਂ ਉਨ੍ਹਾਂ ਦਾ ਤੱਕੜਾ ਫੈਨ ਬਣ ਗਿਆ ਸੀ। ਉਦੋਂ ਹੀ ਮੈਂ ਫੇਸਲਾ ਕਰ ਲਿਆ ਸੀ ਕਿ ਜ਼ਿੰਦਗੀ ਵਿਚ ਜੇ ਕਦੇ ਕੋਈ ਕਿਤਾਬ ਲਿਖੀ ਤਾਂ ਉਸ ਦਾ ਸਰਵਰਕ ਅੱਛਰ ਸਿੰਘ ਤੋਂ ਬਣਵਾਵਾਂਗਾ।ਤੇ ਮੈਂ ਅਜਿਹਾ ਕੀਤਾ ਵੀ। ਮੇਰੇ ਦੋਨਾਂ ਨਾਵਲਾਂ (ਵਸਤਰ ਅਤੇ ਤਪ) ਅਤੇ ਦੋਨਾਂ ਕਹਾਣੀ ਸੰਗ੍ਰਹਿਆਂ (ਅਣਲੱਗ ਅਤੇ ਨੰਗੀਆਂ ਅੱਖੀਆਂ) ਦੇ ਟਾਈਟਲ ਅੱਛਰ ਸਿੰਘ ਦੇ ਹੀ ਬਣਾਏ ਹੋਏ ਹਨ। 
ਬੜੇ ਹੀ ਮਿਲਾਪੜੇ ਸੁਭਾਅ ਦੇ ਮਾਲਕ ਅਤੇ ਸਾਊ ਬੀਬੇ ਜਿਹੇ ਬੰਦੇ, ਅੱਛਰ ਸਿੰਘ ਦਾ ਜਨਮ 03-02-1946 ਨੂੰ ਪਿੰਡ ਸੈਦੂਪੁਰਦਾਤਾ (ਟਾਂਡਾ) ਵਿਖੇ ਸ: ਰੱਖਾ ਸਿੰਘ ਕਲਸੀ ਦੇ ਘਰ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ਦਾ ਕਾਰੋਬਾਰ ਅਲਵਰ (ਰਾਜਸਥਾਨ) ਵਿਖੇ ਸੀ। ਜਿਸ ਕਰਕੇ ਉਨ੍ਹਾਂ ਨੇ ਆਪਣੀ ਮੁਢਲੀ ਪੜ੍ਹਾਈ ਅਲਵਰ ਤੋਂ ਹੀ ਹਾਸਿਲ ਕੀਤੀ ਹੈ। ਪੰਜਵੀ-ਛੇਵੀ ਤੋਂ ਉਨ੍ਹਾਂ ਨੂੰ ਚਿੱਤਰਕਾਰੀ ਦਾ ਸ਼ੌਂਕ ਪੈ ਗਿਆ ਸੀ। ਮਿਡਲ ਪਾਸ ਕਰਨ ਉਪਰੰਤ ਅੱਛਰ ਸਿੰਘ ਜਲੰਧਰ ਆ ਕੇ ਰਹਿਣ ਲੱਗ ਪਏ।  ਨੌਵੀਂ ਵਿਚ ਪੜ੍ਹਦਿਆਂ ਉਨ੍ਹਾਂ ਨੇ ਫਿਲਮਾਂ ਦੇ ਬੈਨਰ ਬਣਾਉਣ ਦਾ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਇਹ ਕੰਮ ਅੱਛਰ ਸਿੰਘ ਨੇ ਮਿਹਰ ਸਿੰਘ ਆਰਟਿਸਟ ਦੀ ਨਿਗਰਾਨੀ ਹੇਠ ਜਲੰਧਰ ਵਿਖੇ ਆਰੰਭ ਕੀਤਾ ਸੀ। ਹਾਇਰਸਕੈਂਡਰੀ ਕਰਨ ਤੋਂ ਬਾਅਦ ਅੱਛਰ ਸਿੰਘ ਨੇ ਪ੍ਰਸਿੱਧ ਆਰਟਿਸਟ ਜੀ
ਐੱਸ ਬਾਂਸਲ ਦੀ ਰਹਿਨੁਮਾਈ ਵਿਚ ਬਤੌਰ ਉਨ੍ਹਾਂ ਦੇ ਅਸਿਸਟੈਂਟ ਕੰਮ ਕੀਤਾ। ਮੁਸੱਵਰ ਜੀ ਐੱਸ ਬਾਂਸਲ ਦੀ ਪ੍ਰੇਰਨਾ ਸਦਕਾ ਹੀ ਅੱਛਰ ਸਿੰਘ ਨੇ ਜੰਮੂ  ਤੋਂ ਆਰਟ ਮਾਸਟਰਜ਼ ਦਾ ਡਿਪਲੋਮਾ ਕੀਤਾ। ਉਸ ਪਿਛੋਂ ਅੱਛਰ ਸਿੰਘ ਜੰਮੂ ਮਾਡਲ ਅਕੈਡਮੀ ਵਿਚ ਆਰਟ ਦੇ ਅਧਿਆਪਕ ਲੱਗ ਗਏ। ਸਾਲ ਕੁ ਉਨ੍ਹਾਂ ਨੇ  ਇਥੇ ਵਿਦਿਆਰਥੀਆਂ ਨੂੰ ਆਰਟ ਦੀ ਸਿੱਖਿਆ ਦਿੱਤੀ।ਫਿਰ ਅੱਛਰ ਸਿੰਘ ਆਰਟਿਸਟ ਦੇਵਦਾਸ ਦੇ ਸੰਪਰਕ ਵਿਚ ਆਏ ਤੇ ਜਿਨ੍ਹਾਂ ਤੋਂ ਉਨ੍ਹਾਂ ਨੇ ਅਮੈਜੀਨੇਸ਼ਨ ਵਰਕ ਯਾਨੀ ਕਿ ਕਲਪਨਾ ਦੇ ਬਲਬੂਤੇ ਤਸਵੀਰਾਂ ਬਣਾਉਣ ਦਾ ਗਿਆਨ ਅਤੇ ਗੁਰ ਪ੍ਰਾਪਤ ਕੀਤਾ।  ਉਸ ਤੋਂ ਮਗਰੋਂ ਅੱਛਰ ਸਿੰਘ ਨੇ ਸ੍ਰੀ ਨਗਰ ਜਾ ਕੇ ਫਾਈਨ ਆਰਟ ਕਾਲਜ ਵਿਚ ਵੀ ਕੁਝ ਦੇਰ ਮੌਡਰਨ ਆਰਟ ਦੀ ਤਾਲੀਮ ਹਾਸਲ ਕੀਤੀ। 
ਜਦੋਂ ਅੱਛਰ ਸਿੰਘ ਨੂੰ ਚਿੱਤਰਕਾਰੀ ਵਿਚ ਕਾਫੀ ਮਹਾਰਤ ਹਾਸਲ ਹੋ ਗਈ ਤਾਂ ਉਨ੍ਹਾਂ ਨੇ ਕਲੰਡਰ ਦੀ ਲਾਈਨ ਵੀ ਅਖਤਿਆਰ ਕਰ ਲਈ ਤੇ ਹੁਣ ਤੱਕ ਉਨ੍ਹਾਂ ਨੇ ਅਣਗਿਣਤ ਕਲੰਡਰਾਂ ਦੀਆਂ ਤਸਵੀਰਾਂ ਬਣਾਈਆਂ ਹਨ। ਜਿਨ੍ਹਾਂ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਬਹੁਤ ਹੀ ਕਲਬੂਲ ਹੋਈ ਜੋ ਕਿ ਟੈਕਸਲਾ ਟੈਲੀਵਿਜ਼ਨ ਨੇ ਛਾਪੀ ਸੀ॥
1971 ਵਿਚ ਅੱਛਰ ਸਿੰਘ ਨੇ ਹਿੰਦ ਸਮਾਚਾਰ ਗੁਰੱਪ ਨੂੰ ਜੁਆਇਨ ਕਰ ਲਿਆ ਤੇ ਪੰਜਾਬ ਕੇਸਰੀ ਅਤੇ ਜੱਗਬਾਣੀ ਲਈ ਚਿੱਤਰਕਾਰੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਥੋਂ ਹੀ ਅੱਛਰ ਸਿੰਘ ਨੇ ਕਾਹਣੀਆਂ ਦੀਆਂ ਇਲੱਸਟਰੇਸ਼ਨਾਂ ਬਣਾਉਣੀਆਂ ਸ਼ੁਰੂ ਕੀਤੀਆਂ। ਅੱਛਰ ਸਿੰਘ ਦੀ ਖੂਬੀ ਇਹ ਹੈ ਕਿ ਉਹ ਕਹਾਣੀ ਨੂੰ ਪੜ੍ਹ ਕੇ ਅਤੇ ਪੂਰਾ ਪੂਰਾ ਸਮਝ ਕੇ ਫਿਰ ਹੀ ਉਸ ਦੀ ਇਲੱਸਟਰੇਸ਼ਨ ਬਣਾਉਂਦੇ ਹਨ।
ਅੱਛਰ ਸਿੰਘ ਨੇ ਬਹੁਤ ਸਾਰੇ ਹਿੰਦੀ ਅਤੇ ਪੰਜਾਬੀ ਅਖਬਾਰਾਂ ਲਈ ਕੰਮ ਕੀਤਾ ਹੈ ਜਿਨ੍ਹਾਂ ਵਿਚ ਤਸਵੀਰ, ਅਪਸਰਾ, ਅਕਾਲੀ ਪਤਿੱਰਕਾ, ਅਜੀਤ, ਸਾਊਥਾਲ ਤੋਂ ਛਪਦਾ ਪੰਜਾਬੀ ਅਖਬਾਰ ‘ਦੇਸ ਪ੍ਰਦੇਸ’, ਜਥੇਦਾਰ, ਪ੍ਰਦੀਪ, ਦ੍ਰਿਸ਼ਟੀ ਆਦਿ ਦੇ ਨਾਮ ਵਰਣਨਯੋਗ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਐਜੂਕੁਸ਼ਨ ਕਿਤਾਬਾਂ ਵੀ ਵੱਡੀ ਗਿਣਤੀ ਵਿਚ ਇਲੱਸਟਰੇਟ ਕੀਤੀਆਂ ਹਨ।
1989 ਵਿਚ ਅੱਛਰ ਸਿੰਘ ਇੰਡੀਆ ਤੋਂ ਸਲੋਹ ਆ ਗਏ । ਇਥੇ ਆ ਕੇ ਉਨ੍ਹਾਂ ਨੇ ਆਪਣਾ ਸਟੂਡੀਉ ਬਣਾ ਲਿਆ ਤੇ ਇਥੋਂ ਦੇ ਕਲਾ ਪ੍ਰੇਮੀਆਂ ਨੂੰ ਕਲਾ ਦਾ ਬੋਧ ਕਰਵਾਇਆ। ਉਨ੍ਹਾਂ ਨੇ ਨਾਨਕਸਰ ਈਸਰ ਠਾਠ, ਵੁਲਵਰਹੈਪਟਨ, ਗੁਰੁ ਨਾਨਕ ਸਿੱਖ ਕਾਲਜ, ਹੇਜ਼ ਅਤੇ ਹੋਟਲਾਂ ਲਈ ਅਣਗਿਣਤ ਤਸਵੀਰਾਂ ਬਣਾਈਆਂ ਹਨ। ਅੱਜਕਲ੍ਹ ਉਹ ਬਤੌਰ ਆਰਟਿਸਟ ਕੰਮ ਕਰ ਰਹੇ ਹਨ ਤੇ ਸਲੋਹ ਵਿਚ ਉਨ੍ਹਾਂ ਨੇ ਰਿਹਾਇਸ਼ ਰੱਖੀ ਹੋਈ ਹੈ। ਉਨ੍ਹਾਂ ਦੀਆਂ ਬਣਾਈਆਂ ਤਸਵੀਰਾਂ ਗਾਹੇ-ਬਗਾਹੇ ਅਖਬਾਰਾਂ ਅਤੇ ਰਸਾਲਿਆਂ ਵਿਚ ਛਪਦੀਆਂ ਰਹਿੰਦੀਆਂ ਹਨ।
ਹੁਣ ਤੱਕ ਅੱਛਰ ਸਿੰਘ ਨੇ ਹਜ਼ਾਰਾਂ ਹੀ ਕਹਾਣੀਆਂ ਇਲੱਸਟਰੇਟ ਕੀਤੀਆਂ ਹਨ। 100 ਤੋਂ ਵੱਧ ਤੇਲ ਚਿੱਤਰ, 150 ਤੋਂ ਵੱਧ ਪੋਟਰੇਟਸ ਅਤੇ ਬੇਸ਼ੁਮਾਰ ਹੋਰ ਤਸਵੀਰਾਂ-ਸਕੈੱਚ ਬਣਾਏ ਹਨ। ਆਮ ਤੌਰ ’ਤੇ ਚਿੱਤਰਕਾਰ ਇਕ ਕਿਸਮ ਦੇ ਚਿੱਤਰ ਹੀ ਬਣਾਉਂਦੇ ਹਨ। ਲੇਕਿਨ ਅੱਛਰ ਸਿੰਘ  ਨੇ ਹਰ ਪ੍ਰਕਾਰ ਅਤੇ ਸ਼ੈਲੀ ਦੇ ਚਿੱਤਰ ਬਣਾਏ ਹਨ। ਉਨ੍ਹਾਂ ਨੇ ਜੇ ਇਕ ਪਾਸੇ ਗੁਰੁ ਸਾਹਿਬਾਨਾਂ ਦੀਆਂ ਤਸਵੀਰਾਂ ਬਣਾਈਆਂ ਹਨ ਤਾਂ ਦੂਜੇ ਪਾਸੇ ਕੈਨਵਸ ’ਤੇ ਪੰਜਾਬੀ ਸਭਿਆਚਾਰ ਅਤੇ ਲੋਕ ਗਾਥਾਵਾਂ ਨੂੰ ਵੀ ਆਪਣੀ ਕਲਾ ਰਾਹੀਂ ਉਜਾਗਰ ਕੀਤਾ ਹੈ। ਸਾਊਥਾਲ ਦੇ ਤੰਦੂਰੀ ਰੈਸਟੋਰੈਂਟ ਵਿਚ ਲੱਗੀ ‘ਹੀਰ ਰਾਂਝੇ’ ਦੀ ਪੇਂਟਿੰਗ ਅਤੇ ਸਲੋਹ ਦੇ ਰਾਮਗੜ੍ਹੀਆ ਗੁਰਦੁਆਰੇ ਵਿਚ ਲੱਗੀਆਂ ਗੁਰੁ ਸਾਹਿਬਾਨਾਂ ਦੀਆਂ ਫੋਟੋਆਂ ਇਸ ਦੀਆਂ ਮਿਸਾਲਾਂ ਹਨ। ਇਸ ਤੋਂ ਇਲਾਵਾ ਅੱਛਰ ਸਿੰਘ ਨੇ ਆਪਣੇ ਆਲੇ-ਦੁਆਲੇ ਨੂੰ ਵੀ ਬੜੀ ਖੂਬਸੁਰਤੀ ਨਾਲ ਆਪਣੀ ਚਿੱਤਰਕਾਰੀ ਰਾਹੀਂ ਪੇਸ਼ ਕੀਤਾ ਹੈ। ਜਿਵੇਂ ਕਿ ਸਲੋਹ ਦੀ ਪਾਰਕ ਜਾਂ ਆਈਸ ਅਰੀਨਾ ਉਨ੍ਹਾਂ ਦੇ ਬੁਰਸ ਦਾ ਵਿਸ਼ਾ ਬਣਿਆ। 
ਅੱਛਰ ਸਿੰਘ ਨੇ ਨਵੀਆਂ ਤਕਨੀਕਾਂ, ਨਵੀਨ ਸ਼ੈਲੀਆਂ ਅਤੇ ਵੰਨ-ਸੁਵੰਨੇ ਮਾਧਿਅਮਾਂ ਰਾਹੀਂ ਆਪਣੀ ਚਿੱਤਰਕਾਰੀ ਦੇ ਖੇਤਰ ਵਿਚ ਅਨੇਕਾਂ ਤਜਰਬੇ ਕੀਤੇ ਹਨ। ਇਹ ਹੀ ਨਹੀਂ ਅੱਛਰ ਸਿੰਘ  ਨੇ ਤਾਂ ਤੇਲ ਚਿੱਤਰ, ਜਲ ਚਿੱਤਰ, ਪਿਸਟਲ ਕਲਰ ਅਤੇ ਪੋਸਟਰ ਕਲਰ ਆਦਿ ਹਰ ਮਾਧਿਅਮ ਅਤੇ ਵਿਧਾ ’ਤੇ ਵੀ ਸਫਲਤਾਪੂਰਵਕ ਹੁਨਰ ਅਜਮਾਈ ਕੀਤੀ ਹੈ।ਉਨ੍ਹਾਂ ਦੀਆਂ ਤਸਵੀਰਾਂ ਦੀਆਂ ਅਨੇਕਾਂ ਪ੍ਰਦਰਸ਼ਨੀਆਂ ਵੀ ਲੱਗ ਚੁੱਕੀਆਂ ਹਨ, ਜਿਨ੍ਹਾਂ ਵਿਚੋਂ  ਲਲਿਤ ਕਲਾ ਅਕੈਡਮੀ (ਚੰਡੀਗੜ੍ਹ), ਠਾਕਰ ਸਿੰਘ ਅਕੈਡਮੀ (ਅੰਮ੍ਰਿਤਸਰ), ਪੰਜਾਬੀ ਯੁਨੀਵਰਸਿਟੀ (ਪਟਿਆਲਾ) ਡੋਗਰਾ ਆਰਟ ਗੈਲਰੀ, ਜੰਮੂ ਅਤੇ ਸਲੋਹ ਅਜਾਇਬਘਰ ਵਿਚ ਲੱਗੀਆਂ ਪ੍ਰਦਰਸ਼ਨੀਆਂ ਅਹਿਮ ਹਨ। ਭਾਵੇਂ ਕਿ ਅੱਛਰ ਸਿੰਘ ਨੇ ਕਲਾ ਦੇ ਖੇਤਰ ਵਿਚ ਬਹੁਤ ਸਾਰਾ ਕੰਮ ਕੀਤਾ ਹੈ ਪਰ ਉਹ ਅਜੇ ਵੀ ਹੋਰ ਬਹੁਤ ਕੁਝ ਕਰਨ ਦਾ ਇਰਾਦਾ ਰੱਖਦੇ ਹਨ। ਇਸ ਮਹਾਨ ਚਿੱਤਰਕਾਰ ਨੂੰ ਇਸ ਅਲਪ ਜਿਹੇ ਲੇਖ ਰਾਹੀਂ ਸਿਜਦਾ ਕਰ ਰਹੇ ਹਾਂ। 


****

No comments:

Post a Comment