
ਹੁਣੇ-ਹੁਣੇ ਅਨਹਦ ਪਬਲੀਕੇਸ਼ਨ (ਪਟਿਆਲਾ) ਵੱਲੋਂ ਹਰਜਿੰਦਰ ਸਿੰਘ ਮੰਡੇਰ ਦਾ ਪਲੇਠਾ ਅਤੇ ਸੱਜਰਾ ਕਾਵਿ-ਸੰਗ੍ਰਹਿ 'ਖਾਮੋਸ਼ ਪੰਜਾਬ' ਪ੍ਰਕਾਸ਼ਤ ਕੀਤਾ ਗਿਆ ਹੈ। ਇਸ ਮਿਆਰੀ ਪੁਸਤਕ ਦੀ ਦਿਖ ਸੁੰਦਰ ਬਣਾਉਣ ਦੇ ਨਾਲ-ਨਾਲ ੧੦੦ ਰੁਪਏ/ ੨ ਪੌਂਡ ਕੀਮਤ ਵੀ ਬਹੁਤ ਹੀ ਵਾਜਬ ਰੱਖੀ ਗਈ ਹੈ। ਇਸ ਕਿਤਾਬ ਵਿੱਚ ਕੁੱਲ ਤੇਤੀ ਕਾਵਿਕ ਰਚਨਾਵਾਂ ਸੰਕਲਿਤ ਕੀਤੀਆਂ ਗਈਆਂ ਹਨ। ਜੋ ਕਵੀ ਵੱਲੋਂ ਆਪਣੇ ਅਨੁਭਵ ਅਤੇ ਤਜ਼ਰਬਿਆਂ ਨੂੰ ਸਿਰਜਣਾਤਮਕ ਅਤੇ ਦਸਤਾਵੇਜੀ ਅਮਲ ਵਿੱਚ ਪਾਉਣ ਦੀ ਗਵਾਹੀ ਭਰਦੀਆਂ ਹਨ। ਇਹਨਾਂ ਵਿੱਚ ਕੁੱਝ ਗੀਤ ਹਨ, ਕੁੱਝ ਨਜ਼ਮਾਂ ਅਤੇ ਬਹੁ-ਗਿਣਤੀ ਵਿੱਚ ਕਵਿਤਾਵਾਂ
ਦੀ ਸ਼ਮੂਲੀਅਤ ਹੈ। ਜ਼ਿਆਦਾਤਰ ਕਵਿਤਾਵਾਂ ਖੁੱਲ੍ਹੇ ਰੂਪ ਦੀਆਂ ਹਨ। ਪਰ ਕੁੱਝ ਕੁ ਛੰਦਬੰਦ ਵੀ ਅੰਕਿਤ ਕੀਤੀਆਂ ਹੋਈਆਂ ਹਨ। ਰੂਪਕ ਪੱਖੋਂ ਆਜ਼ਾਦ ਕਵਿਤਾਵਾਂ ਵੀ ਲੈਅਆਤਮਿਕ ਹਨ ਤੇ ਉਚਾਰਨ ਕਰਦਿਆਂ ਮੱਲੋਮੱਲੀ ਸਵਰਧੁੰਨੀ ਵਿੱਚ ਪੈਦਾ ਹੋਏ ਸੰਗੀਤ ਨੂੰ ਮਹਿਸੂਸਿਆ ਅਤੇ ਮਾਣਿਆ ਜਾ ਸਕਦਾ ਹੈ। ਇਹ ਵਿਧੀ ਕੰਨਾਂ ਨੂੰ ਅਨੂਠਾ ਰਸ ਪ੍ਰਦਾਨ ਕਰਕੇ ਕਵਿਤਾ ਦੇ ਪਾਠ ਨੂੰ ਅਨੰਦਮਈ ਬਣਾਉਂਦੀ ਹੈ। ਮੰਡੇਰ ਨੂੰ ਕਵਿਤਾ ਦੇ ਰੂਪ-ਵਿਧਾਨ ਦੀ ਪੂਰੀ ਸਮਝ ਹੈ। ਜਿਵੇਂ ਕਿ ਆਮ ਨੌਜਵਾਨ ਕਵੀਆਂ ਦੀਆਂ ਪ੍ਰਥਮ ਜਾਂ ਮੁਢਲੀਆਂ ਰਚਨਾਵਾਂ ਦੇ ਵਿਸ਼ਾ-ਵਸਤੂ ਵਿੱਚ ਬੇਵਫਾਈਆਂ, ਰੁਸਵਾਈਆਂ, ਜਾਮ-ਸੁਰਾਹੀਆਂ, ਹੁਸਨ ਦੀਆਂ ਸਲਾਈਆਂ ਅਤੇ ਇਸ਼ਕ ਦੀਆਂ ਦੁਹਾਈਆਂ ਗੁੰਦੀਆਂ ਹੁੰਦੀਆਂ ਹਨ। ਇਸ ਪੁਸਤਕ ਵਿੱਚ ਅਜਿਹਾ ਕੁੱਝ ਦੇਖਣ ਨੂੰ ਨਹੀਂ ਮਿਲਦਾ। ਸਗੋਂ ਮੰਡੇਰ ਦੀ ਕਲਮ ਵਿੱਚੋਂ ਕੌਮੀ ਜ਼ਜਬੇ, ਪੰਜਾਬ ਤ੍ਰਾਸਦੀ ਦੀ ਚਿੰਤਾ, ਅਵਾਮ ਦਾ ਦੁੱਖ-ਦਰਦ, ਸੰਵੇਨਸ਼ੀਲਤਾ, ਚੇਤਨਤਾ, ਨਿਮਰਤਾ, ਤੜਪ, ਸ਼ਾਤੀ, ਬਲੀਦਾਨ, ਉਦਾਰਤਾ ਅਤੇ ਕੁਰਬਾਨੀ ਇਤਿਆਦਿ ਮੀਰੀ ਗੁਣ ਅਭਿਵਿਅਕਤ ਹੁੰਦੇ ਹਨ। ਮੰਡੇਰ ਕੱਚੀ ਉਮਰ ਦੇ ਆਰਜ਼ੀ ਭਾਵਾਂ ਅਤੇ ਵਲਵਲਿਆ ਤੋਂ ਬਹੁਤ ਪਹਿਲਾਂ ਹੀ ਉਂੱਪਰ ਉਠਿਆ ਮਾਲੂਮ ਹੁੰਦਾ ਹੈ। ਉਹ ਸਵੈ-ਕੇਂਦਰਤ ਨਹੀਂ ਹੁੰਦਾ ਤੇ ਉਸਨੇ ਨਿੱਜ ਦੀ ਬਜਾਏ ਸਾਰੀ ਕਾਇਨਾਤ ਦੀ ਗੱਲ ਕੀਤੀ ਹੈ।
ਕਵੀ ਵੱਲੋਂ ਵਰਤੇ ਗਏ ਪ੍ਰਤੀਕ, ਬਿੰਬ, ਚਿੰਨ, ਅਲੰਕਾਰ, ਸ਼ਬਦ-ਚਿੱਤਰ, ਤਸੱਵਰ ਅਤੇ ਤਸਬੀਹਾਂ ਹਾਏ ਤੌਬਾ ਤੌਬਾ! ਬਸ ਸਭ ਕਮਾਲ-ਕਮਾਲ ਹੀ ਹੈ। ਜਿੰਨੀ ਸਿਫਤ ਕੀਤੀ ਜਾਵੇ ਉਨੀ ਥੋੜੀ। ਇੱਕ-ਇੱਕ ਲਫਜ਼ ਦਿਮਾਗ ਵਿੱਚ ਸ਼ਿਲਾਲੇਖ ਵਾਂਗ ਖੁਣਿਆ ਜਾਣ ਵਾਲਾ। ਹਰ ਰਚਨਾ ਮਨ ਤੇ ਡੂੰਘਾ ਅਤੇ ਅਮਿੱਟ ਪ੍ਰਭਾਵ ਛੱਡਣ ਦੀ ਸਮਰੱਥਾ ਰੱਖਦੀ ਹੈ। ਧਾਰਮਿਕਤਾ ਵਿੱਚ ਮਿਸ਼ਰਤ ਖਿਆਲਾਂ ਦੀ ਸੂਖਮਤਾ, ਮਾਸ਼ਾਅੱਲ੍ਹਾ! ਜੋਸ਼ ਨਾਲ ਲਬਰੇਜ਼ ਪਹਾੜੀ ਝਰਨੇ ਵਾਂਗ ਠਾਠਾਂ ਮਾਰਦੇ ਜਵਾਨ ਜਜ਼ਬੇ। ਵਾਹ, ਸੁਭਾਹਨ-ਅੱਲ੍ਹਾ! ਦਿਲਕਸ਼ ਅੰਦਾਜ਼-ਏ-ਬਿਆਨ, ਮਨਮੋਹਣੀ ਸ਼ੈਲੀ ਅਤੇ ਕਵੀ ਦੁਆਰਾ ਕੀਤੀ ਮਨੋਭਾਵਾਂ ਦੀ ਤਸਵੀਰ ਨੁਮਾ ਲਫਜ਼ਕਸ਼ੀ ਪੜ੍ਹ ਕੇ ਪਾਠਕ ਦਾ ਚਿੱਤ ਕੁਰਬਾਨ ਹੋਣ ਨੂੰ ਨਾ ਕਰੇ ਤਾਂ ਹੋਰ ਕੀ ਕਰੇ?
ਕਵੀ ਆਪਣੀਆਂ ਭਾਵਨਾਵਾਂ ਅਤੇ ਜ਼ਿਹਨੀਅਤ ਦਾ ਪ੍ਰਗਟਾਵਾ ਸਮਰਪਣ ਪੰਨੇ ਤੋਂ ਹੀ ਕਰ ਦਿੰਦਾ ਹੈ। ਜਦੋਂ ਉਹ ਲਿਖਦਾ ਹੈ , ਕਾਲੇ ਦੌਰ ਵਿੱਚ ਭਰ ਜਵਾਨੀ ਦੀ ਉਮਰੇ ਸ਼ਹੀਦੀਆਂ ਪਾ ਗਏ ਨੌਜਵਾਨਾਂ ਨੂੰ।
ਇਸ ਸੰਗ੍ਰਹਿ ਦੀਆਂ ਸਮੁੱਚੀਆਂ ਰਚਨਾਵਾਂ ਦੇ ਰਚਨਾਕਾਲ ਬਾਰੇ ਕਵੀ ਖੁਦ ਹੀ ਆਪਣੇ ਵੱਲੋਂ ਦਸਤਕ ਦੇ ਸਿਰਲੇਖ ਹੇਠ ਦਰਜ਼ ਕੀਤੀ ਭੂਮਿਕਾ ਵਿੱਚ ਇਉਂ ਸੰਕੇਤ ਕਰਦਾ ਹੈ, ਪਿਛਲੇ ਦਹਾਕੇ ਵਿੱਚ ਵਿਦਿਆਰਥੀ ਜੀਵਨ ਤੋਂ ਲੈ ਕੇ ਅੱਜ ਤੱਕ ਜੋ ਅਨੁਭਵ ਕੀਤਾ, ਉਸ ਸੋਚ ਨੂੰ ਮੈਂ ਚੰਦ ਸ਼ਬਦਾਂ ਰਾਹੀਂ ਵਿਅਕਤ ਕਰਦਾ ਰਿਹਾ ਹਾਂ। ( ਪੰਨਾ ੬)
ਸਫ਼ਾ ੭ ਤੋਂ ੯ ਤੱਕ ਬਰਤਾਨਵੀ ਸਾਹਿਤ ਦੇ ਜਾਣੇ ਪਹਿਚਾਣੇ ਹਸਤਾਖਰ ਗੁਰਦੀਪ ਸਿੰਘ ਪੁਰੀ ਜੀ ਦਾ ਲਿਖਿਆ ਗਿਆ ਮੁੱਖਬੰਦ ਹੈ। ਜਿਸ ਵਿੱਚ ਉਹ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੁਸਤਕ ਅਤੇ ਲੇਖਕ ਦਾ ਪਾਠਕਾਂ ਨਾਲ ਤਾਰੁਫ ਕਰਵਾਉਂਦੇ ਹਨ। ਪੁਸਤਕ ਦੀ ਪਹਿਲੀ ਰਚਨਾ ਖਾਮੋਸ਼ ਪੰਜਾਬ ਜਿਸ ਉਂੱਤੇ ਕਿ ਪੁਸਤਕ ਦਾ ਨਾਮਕਰਣ ਕੀਤਾ ਗਿਆ ਹੈ, ਇੱਕ ਲੰਮੀ ਅਤੇ ਆਜ਼ਾਦ ਕਵਿਤਾ ਹੈ। ਕਵੀ ਨੇ ਆਪਣੇ ਤਖਈਅਲ ਦੇ ਮਾਧਿਅਮ ਨਾਲ ਪੰਜਾਬ ਤੋਂ ਉਸਦੇ ਪੈਦਾ ਹੋਣ ਤੋਂ ਲੈ ਕੇ ਜਵਾਨ ਹੋਣ ਤੱਕ ਅਤੇ ਬੋਲਣਾ ਆਰੰਭ ਕਰਨ ਤੋਂ ਲੈ ਕੇ ਚੁੱਪ ਹੋ ਜਾਣ ਤੱਕ ਦੇ ਇਤਿਹਾਸਕ ਸਫਰ ਦੀ ਦਾਸਤਾਨ ਬਿਆਨ ਕਰਵਾਈ ਹੈ। ਪੰਜਾਬ ਕਿਵੇਂ, ਕਦੋਂ ਅਤੇ ਕਿਨ੍ਹਾਂ ਪ੍ਰਸਥਿਤੀਆਂ ਵਿੱਚੋਂ ਗਰਜ਼ਰਿਆ ਹੈ, ਉਸ ਲੰਮੇਰੀ ਬਾਤ ਨੂੰ ਬੜੀ ਸੰਜ਼ਮਤਾ ਅਤੇ ਕਲਾਤਮਕਤਾ ਨਾਲ ਕਵੀ ਸੀਮਿਤ ਅਤੇ ਚੋਣਵੇਂ ਸ਼ਬਦਾਂ ਵਿੱਚ ਵਰਣਨ ਕਰਕੇ ਆਪਣੀ ਕਲਾ-ਕੁਸ਼ਲਤਾ ਅਤੇ ਯੋਗਤਾ ਦਾ ਪ੍ਰਮਾਣ ਦਿੰਦਾ ਹੈ। ਕਵੀ ਦੁਆਰਾ ਵਰਤਿਆ ਗਿਆ ਅਲੰਕਾਰ ਸੀਸਦਾਨ ਕੈਂਪ ਇੱਕ ਵਾਕੇ ਦਾ ਨਹੀਂ। ਬਲਕਿ ਇੱਕ ਸਾਕੇ ਦਾ ਚਿੱਤਰ ਉਲੀਕ ਕੇ ਪਾਠਕ ਦੇ ਸਨਮੁੱਖ ਵਿਦਮਾਨ ਕਰ ਦਿੰਦਾ ਹੈ। ਇਸੇ ਹੀ ਕਵਿਤਾ ਵਿੱਚ ਅੱਗੇ ਚੱਲ ਕੇ ਸਿਆਸੀ ਸਥਿਤੀ ਅਤੇ ਘੱਲੂਘਾਰੇ ਦੀ ਦ੍ਰਿਸ਼ਕਸ਼ੀ ਕਾਬਲੇ ਗੌਰ ਹੈ,
ਨੱਚਦੇ ਗਾਉਂਦੇ ਪੰਜਾਬੀਆ ਨੂੰ
ਸਾਡੇ ਦਿਲਾਂ ਦੀਆਂ ਆਜ਼ਾਦੀਆਂ ਨੂੰ
ਤੁਸੀਂ ਬਰਬਾਦੀ ਵਿੱਚ ਬਦਲ ਕੇ
ਅੱਜ ਆਖਦੇ ਹੋ
ਪੰਜਾਬ ਖਾਮੋਸ਼ ਹੈ!
ਪੰਜਾਬ ਸ਼ਾਂਤ ਹੈ!
ਪੰਜਾਬ ਦਾ ਜ਼ਰਾ ਜ਼ਰਾ
ਚੁੱਪ ਹੈ!! ( ਪੰਨਾ ੧੪ )
ਇੰਝ ਪੰਜਾਬ ਆਪਣੇ ਮਨ ਦੇ ਗੁਬਾਰ ਕੱਢਦਾ ਹੋਇਆ ਆਪਣਾ ਦਿਲ ਫਰੋਲਦਾ ਚਲਿਆ ਜਾਂਦਾ ਹੈ ਤੇ ਇੱਕ ਜਗ੍ਹਾ ਜਾ ਕੇ ਖਾਮੋਸ਼ੀ ਦਾ ਕਾਰਨ ਪੰਜਾਬ ਕੁੱਝ ਇਸ ਤਰ੍ਹਾਂ ਦੱਸਦਾ ਹੈ,
ਅੱਜ ਜੇ ਮੈਂ ਖਾਮੋਸ਼ ਹਾਂ
ਇਹ ਖਾਮੋਸ਼ੀ
ਜਵਾਲਾ ਮੁਖੀ ਫਟਣ ਤੋਂ
ਪਹਿਲਾਂ ਵਾਲੀ ਖਾਮੋਸ਼ੀ ਹੈ।
ਤੂਫਾਨ ਆਉਣ ਤੋਂ
ਪਹਿਲਾਂ ਵਾਲਾ ਹੁੰਮਸ ਹੈ
ਜਿਸ ਹੁੰਮਸ ਵਿੱਚ ਤੁਸੀਂ
ਮੇਰੇ ਪੁੱਤਰਾਂ ਦੀ
ਬਲੀ ਲੈਂਦੇ ਰਹੇ ਹੋ। (ਪੰਨਾ ੧੫)
ਇਸ ਆਪਣੀ ਸਵੈ-ਜੀਵਨੀ ਨੂੰ ਅੱਗੇ ਤੋਰਦਾ ਹੋਇਆ ਪੰਜਾਬ ਲੰਮੀ ਚੁੱਪ ਧਾਰਨ ਤੋਂ ਪੂਰਬ ਇੱਕ ਪੇਸ਼ਨਗੋਈ ਕਰਦਾ ਹੋਇਆ ਵਿਰੋਧੀ ਅਤੇ ਖੜਯੰਤਰੀ ਤਾਕਤਾਂ ਨੂੰ ਖਬਰਦਾਰ ਕਰਕੇ ਵੰਗਾਰਦਾ ਹੈ,
ਦੇਖਣਾ!
ਸੁਲਘਦੇ ਜਵਾਲਾਮੁੱਖੀ
ਤੋਂ ਦੂਰ ਰਹਿਣਾ
ਸੁਲਘਦੇ ਜਵਾਲਾਮੁਖੀ
ਫਟਣ ਤੋਂ ਪਹਿਲਾਂ
ਸੰਭਲੋ ਤੇ ਸੰਭਾਲੋ
ਕਿਤੇ ਵੇਲਾ ਹੀ ਨਾ ਵਿਹਾ ਜਾਇਓ
ਤੇ ਮੈਂ ਕਿਸੇ ਲੁੱਟੀ ਹੋਈ
ਸੁਹਾਗਣ ਦੀ
ਟੁੱਟੀ ਵੰਗ ਵਾਂਗੂੰ
ਬਿਖਰ ਨਾ ਜਾਵਾਂ
ਬਿਖਰ ਨਾ ਜਾਵਾਂ। (ਪੰਨਾ ੧੬ )
ਜਥੇਦਾਰੀ ਇਸ ਪੁਸਤਕ ਵਿੱਚਲੀ ਇੱਕ ਹੋਰ ਉੱਚ ਕੋਟੀ ਦੀ ਕਵਿਤਾ ਹੈ। ਕਵੀ ਜਥੇਦਾਰ ਲਫਜ਼ ਦੇ ਅਸਲ ਅਰਥ (ਜਿਸਨੂੰ ਕਿ ਅਸੀਂ ਲਗਭਗ ਵਿਸਾਰ ਹੀ ਚੁੱਕੇ ਹਾਂ) ਦਾ ਵਿਸਲੇਸ਼ਨ ਕਰਦਾ ਹੈ। ਇਸ ਵਿੱਚ ਕਵੀ ਲਾਲਚੀ ਖੁਦਗਰਜ਼ ਅਤੇ ਚੌਧਰਾਂ ਦੇ ਭੁੱਖੇ ਸਿੱਖ ਆਗੂਆਂ ਦੀ ਤਿਜ਼ਾਰਤੀ ਮਾਨਸਿਕਤਾ ਨੂੰ ਲਾਹਨਤਾਂ ਪਾਉਂਦਾ ਹੈ ਤੇ ਉਹਨਾਂ ਦਾ ਧਿਆਨ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੁਕਰਮਾਂ ਅਤੇ ਦੋਸ਼ਾਂ ਵੱਲ ਇਉਂ ਦਵਾਉਂਦਾ ਹੈ,
ਖਾਲਸੇ ਦੀ ਜਥੇਦਾਰੀ ਕੰਟੈਸਾ, ਇੰਪਾਲਾ
ਜਾਂ ਮਰਸੀਡੀਜ਼ ਕਾਰਾਂ ਦੇ ਝੂਟੇ ਨਹੀਂ
ਤੇ ਚੰਡੀਗੜ੍ਹ ਚ ਏਅਰ ਕੰਡੀਸ਼ਨਡ
ਫਲੈਟਾਂ ਦੇ ਸੁਪਨੇ ਵੀ ਨਹੀਂ।
ਕਿਸੇ ਬਿਪਰ ਨਾਲ ਸਾਂਝ ਪਾ
ਕੌਮ ਦੀ ਗੁਲਾਮੀ ਮੁੱਲ ਲੈਣਾ ਵੀ ਨਹੀਂ। ( ਪੰਨਾ੧੮ )
ਦੇਸ਼, ਕੌਮ ਅਤੇ ਮਜ਼ਬ ਲਈ ਬਣਦੇ ਕਰਤੱਵ, ਮਿਸ਼ਨ ਅਤੇ ਫਰਜ਼ਾਂ ਦੀ ਪੂਰਤੀ ਲਈ ਮੋਹ, ਮਾਇਆ ਤਿਆਗ ਕੇ ਸਿਰੜ ਅਤੇ ਸਿਦਿਕ ਪੁਗਾਉਣ ਦੀ ਕਵੀ ਦੀ ਲੋਚਾ ਅਤੇ ਵੀਰਤਾ ਸਾਡੀ ਵਾਪਸੀ ਕਵਿਤਾ ਦੀਆਂ ਇਹਨਾਂ ਸੱਤਰਾਂ ਵਿੱਚੋਂ ਮੂਰਤੀਮਾਨ ਹੁੰਦੀ ਹੈ। ਬਾਕੌਲ ਕਵੀ,
ਸੰਘਰਸ਼-ਏ-ਆਜ਼ਾਦੀ ਤੋਂ
ਪਿਛੇ ਹਟ ਜਾਹ ਪੁੱਤਰਾ,
ਕਹਿਣ ਵਾਲੀ ਇਸਤਰੀ
ਸਾਡੀ ਮਾਂ ਨਹੀਂ ਹੈ ਸ਼ਾਇਦ। (ਪੰਨਾ ੨੧)
ਮੰਡੇਰ ਧਾਰਮਿਕ ਜਨੂੰਨ ਵਿੱਚ ਅੰਨ੍ਹਾ ਹੋ ਕੇ ਤੁਅੱਸਬੀ ਨਹੀਂ ਬਣਦਾ। ਇੱਕ ਪਾਸੜ ਸੋਚ ਨਹੀਂ ਅਪਣਾਉਂਦਾ ਅਤੇ ਨਾ ਹੀ ਕਿਧਰੇ ਉਲਾਰ ਹੁੰਦਾ ਹੈ।
ਉਸਨੇ ਪੰਜਾਬ ਤ੍ਰਾਸਦੀ ਨਾਲ ਸੰਬੰਧਤ ਬਹੁ-ਭਾਂਤੀ ਸਰੋਕਾਰਾਂ ਨੂੰ ਆਪਣੀ ਕਾਵਿਕ-ਮਾਲਾ ਵਿੱਚ ਪਰੋਇਆ ਹੈ। ਪੰਜਾਬ ਅਤੇ ਸਿੱਖ ਸੰਘਰਸ਼ ਦੇ ਸੰਦਰਭ ਵਿੱਚ ਲਿਖੀਆਂ ਸਾਰੀਆਂ ਕਵਿਤਾਵਾਂ ਵਿੱਚ ਉਹ ਇੱਕ ਹੀ ਦ੍ਰਿਸ਼ਟੀਕੋਣ ਨਹੀਂ ਅਪਨਾਉਂਦਾ। ਸਗੋਂ ਵਿਵਿਧਤਾ ਨਾਲ ਭਰਪੂਰ ਦਿਮਾਗ ਅਤੇ ਬਾਜ਼ ਅੱਖ ਤੋਂ ਕੰਮ ਲੈਂਦਿਆਂ ਉਹ ਸਮੱਸਿਆ ਨੂੰ ਗਲੋਬ ਵਾਂਗ ਆਪਣੇ ਮੂਹਰੇ ਘੁੰਮਾ ਕੇ ਸੰਕਟ ਦੇ ਹਰ ਪਹਿਲੂ ਨੂੰ ਸੁਚੇਤ ਹੋ ਕੇ ਵਿਚਾਰਦਾ ਹੈ। ਉਹ ਆਪਣੀਆਂ ਕਜ਼ੋਰੀਆਂ ਵੱਲ ਦੇਖ ਕੇ ਅੱਖਾਂ ਨਹੀਂ ਮੀਚਦਾ। ਸਗੋਂ ਪੂਰੀ ਚੇਤਨਤਾ ਨਾਲ ਹਰ ਕਦਮ ਸੋਚ ਵਿਚਾਰ ਕੇ ਚੁੱਕਣ ਦਾ ਹਾਮੀ ਹੈ। ਉਹ ਜੋਸ਼ ਵਿੱਚ ਹੋਸ਼ ਨਹੀਂ ਗਵਾਉਂਣ ਨੂੰ ਮਾੜਾ ਗਿਣਦਾ ਹੈ। ਉਸਨੂੰ ਆਪਣੀ ਦੂਰਅੰਦੇਸ਼ੀ ਕਾਰਨ ਹਰ ਕਾਰਵਾਈ ਦੇ ਚੰਗੇ-ਮਾੜੇ ਸਿੱਟਿਆਂ ਦਾ ਪੇਸ਼ਤਰ ਹੀ ਅੰਦਾਜ਼ਾ ਹੋ ਜਾਂਦਾ ਹੈ। ਉਹ ਮਜ਼ਲੂਮਾਂ ਦੀ ਟੀਸ ਨੂੰ ਅਨੁਭਵ ਕਰਦਾ ਹੈ ਤੇ ਜਾਬਰ ਦੇ ਵਿਰੁੱਧ ਆਵਾਜ਼ ਬੁਲੰਦ ਕਰਦਾ ਹੈ। ਉਹ ਜ਼ੁਲਮ ਦੇ ਖਿਲਾਫ ਲੜਨ ਲਈ ਆਖਦਾ ਹੈ, ਪਰ ਹਿੰਸਾਂ ਦਾ ਵਿਰੋਧੀ ਹੈ। ਉਸਦੀ ਇਹ ਨੀਤੀ ਤੁਪਕ-ਏ-ਖਾਲਸਾ ਵਿੱਚ ਉਦੋਂ ਸਪਸ਼ਟ ਹੋ ਜਾਂਦੀ ਹੈ, ਜਦੋਂ ਉਹ ਅਰਦਾਸ ਕਰਦਾ ਹੋਇਆ ਕਹਿੰਦਾ ਹੈ,
ਮੇਰੇ ਪਿਆਰੇ ਸਤਿਗੁਰੂ
ਖਾਲਸੇ ਦੀ ਬੰਦੂਕ ਦਾ ਮੂੰਹ
ਏਨਾ ਵੀ ਨਾ ਖੋਹਲ,
ਕਿ ਤਵਾਰੀਖ-ਏ-ਖਾਲਸਾ
ਦਾਗ ਦਾਰ ਹੋ ਜਾਵੇ। (ਪੰਨਾ ੨੩ )
ਮੰਡੇਰ ਦਾ ਅਣਖੀਲਾ ਸੁਭਾਅ, ਉਸਦੀ ਅੰਬਰੀ ਉੱਡਦੀ ਕਲਪਨਾ ਅਤੇ ਸਦੈਵ ਅਗਰਗਾਮੀ ਰਹਿਣ ਵਾਲੀ ਸੋਚ ਦੀ ਸਵੱਛਤਾ, ਸਰਦਾਰੀ ਦੀ ਗੱਲ ਕਵਿਤਾ ਦੀਆਂ ਇਹਨਾਂ ਲਾਈਨਾਂ ਵਿੱਚੋਂ ਖੋਜੀ ਜਾ ਸਕਦੀ ਹੈ,
ਮੌਤ ਭਲੀ ਗੁਲਾਮੀ ਦੇ ਜੀਣ ਨਾਲੋਂ
ਖਾਲਸਾ ਕਰੇ ਤਾਂ ਕਰੇ ਸਰਦਾਰੀ ਦੀ ਗੱਲ। (ਪੰਨਾ ੨੬)
ਅਤੇ,
ਵੈਰੀ ਨੂੰ ਪਾਉਣਾ ਵੈਰ ਸਿਖਾ ਦੇਈਏ
ਜਾਨ ਨਿਸ਼ਾਵਰ ਕਰਦੇ ਹਾਂ ਦਿਲਦਾਰਾਂ ਤੇ। ( ਨਜ਼ਮ, ਪੰਨਾ ੪੯ )
ਸਰਬੱਤ ਦਾ ਭਲਾ ਮੰਗਣ ਵਾਲਾ ਕਵੀ ਦੇਸ਼ ਦੇ ਸੰਕਟਮਈ ਦੌਰ ਬਾਰੇ ਚਿੱਤਵ ਕੇ ਕੇਹੀ ਵਗੀ ਵਾ ਰਚਦਾ ਹੋਇਆ ਕੂਜ਼ ਵਾਂਗ ਕੂਕ ਅਤੇ ਕੁਰਲਾ ਉਠਦਾ ਹੈ:
ਕੇਹੀ ਵਗੀ ਵਾ ਇਹ ਮੇਰੇ ਦੇਸ਼ ਅੰਦਰੇ
ਕੌਣ ਨਿੱਤ ਪਾਉਂਦਾ ਏ ਕਲੇਸ਼ ਚੰਦਰੇ। (ਪੰਨਾ ੩੪)
ਜੰਗ ਹਮੇਸ਼ਾਂ ਤਬਾਹੀ ਅਤੇ ਬਰਬਾਦੀ ਦੀ ਸੂਚਕ ਰਹੀ ਹੈ। ਜੰਗ ਕਵਿਤਾ ਵਿੱਚ ਜੰਗ ਦੀ ਪਰਿਭਾਸ਼ਾ ਦੱਸਦਾ ਕਵੀ ਲੜਾਈ ਦੇ ਮਾਰੂ ਅਸਰਾਂ ਅਤੇ ਪ੍ਰਭਾਵਾਂ ਤੋਂ ਖਲਕਤ ਨੂੰ ਚੁਕੰਨਾ ਕਰਵਾਉਂਦਾ ਹੈ। ਉਹ ਜੰਗ ਨੂੰ ਨਿੰਦਦਾ ਅਤੇ ਜੰਗਪਸੰਦ ਅਨਸਰਾਂ ਨੂੰ ਬੁਜ਼ਦਿਲ ਅਤੇ ਕਾਇਰ ਆਖ ਕੇ ਕੁੱਝ ਨਸੀਹਤਾਂ ਦਿੰਦਾ ਹੈ,
ਹੱਕਾਂ ਲਈ ਜੋ ਲੜਦਾ ਏ
ਦੂਸਰੇ ਲਈ ਮਰਦਾ ਏ
ਬਾਂਹ ਮਾੜੇ ਦੀ ਹੀ ਫੜਦਾ ਏ
ਉਹਨੂੰ ਕਹੋ ਯੋਧਾ, ਬੀਰ ਬਲੀ ਬਜਰੰਗ। ( ਪੰਨਾ ੩੭ )
ਕਦੇ-ਕਦੇ ਕਵੀ ਦੀ ਕਲਮ ਭਾਵਕੁਤਾ ਦੇ ਰੰਗ ਵਿੱਚ ਵੀ ਡੁੱਬ ਜਾਂਦੀ ਹੈ। ਉਹ ਸ਼ਰਧਾਜਲੀ ਰੂਪੀ ਕਵਿਤਾ ਸ਼ਹੀਦ ਸਾਥੀ ਨੂੰ ਵਿੱਚ ਲਿਖਦਾ ਹੈ,
ਤੇਰੀ ਸ਼ਹੀਦੀ ਨੇ ਇਹ ਕੇਹਾ ਰੰਗ ਚੜਾਇਆ ਏ
ਜੋ ਕਹਿੰਦਾ ਸੈਂ ਤੂੰ ਉਹੀਓ ਕਰ ਦਿਖਾਇਆ ਏ। (ਪੰਨਾ ੪੦)
ਅਖੀਰਲੇ ਪੰਨਿਆਂ ਦੀ ਤਰਫ ਪ੍ਰਸਥਾਨ ਕਰਦਿਆਂ-ਕਰਦਿਆਂ ਮੰਡੇਰ ਦਾ ਕਾਵਿ ਇੱਕ ਅਨੋਖੀ ਅਤੇ ਨਿਵੇਕਲੀ ਅੰਗੜਾਈ ਲੈਂਦਾ ਹੈ। ਸੱਜਣ ਬਾਝੋਂ ਅਤੇ ਇੱਕ ਖਿਆਲ ਆਦਿ ਕੁੱਝ ਕਵਿਤਾਵਾਂ ਉਂੱਤੇ ਮਹੁੱਬਤ ਦੀ ਪਾਣ ਵੀ ਚੜੀ ਹੋਈ ਦਿਸਦੀ ਹੈ। ਫਿਰ ਵੀ ਇਹਨਾਂ ਸਿਨਫਆਤ ਵਿੱਚੋਂ ਇਸ਼ਕ-ਮਿਜ਼ਾਜੀ ਦੀ ਬੂ ਨਹੀਂ, ਬਲਕਿ ਇਸ਼ਕ-ਹਕੀਕੀ ਦੀ ਸੁਗੰਧ ਆਉਂਦੀ ਹੈ।
ਮੰਡੇਰ ਦੀ ਦਲੇਰੀ ਦੀ ਉਦੋਂ ਦਾਦ ਦੇਣੀ ਅਵੱਸ਼ਕ ਹੋ ਜਾਂਦੀ ਹੈ, ਜਦੋਂ ਉਹ ਸਮੇਂ ਦੀ ਸਰਕਾਰ ਨੂੰ ਸਿੱਧਾ ਅਤੇ ਨਿਧੜਕ ਹੋ ਕੇ ਮੁਖਾਤਿਬ ਹੁੰਦਾ ਹੈ,
ਜਾਪਦੈ,
ਗਿਣਤੀ ਦੇ ਭੁਲੇਖੇ ਦਾ
ਸ਼ਿਕਾਰ ਏਂ ਤੂੰ
ਇਹ ਵੀ ਵਹਿਮ ਏ ਤੇਰਾ
ਦਰਖਤ ਡਿੱਗਣ ਨਾਲ
ਹਨ੍ਹੇਰੀ ਆਉਂਦੀ ਏ।
ਤੂੰ ਅੱਖੀਂ ਦੇਖ ਲਏਂਗਾ
ਹਨ੍ਹੇਰੀ ਆਉਣ ਨਾਲ
ਪੁੱਟੀਂਦੇ ਨੇ ਰੁੱਖ।। (ਭੁਲੇਖਾ,ਪੰਨਾ ੪੪/੪੫ )
ਲਾੜੀ ਆਜ਼ਾਦੀ (ਪੰਨਾ ੪੭/੪੮) ਕਵਿਤਾ ਵਿੱਚਲੇ ਕਵੀ ਦੇ ਖਿਆਲ ਭਗਤ ਸਿੰਘ ਅਤੇ ਸਰਾਭੇ ਜਿਹੇ ਸ਼ਹੀਦਾਂ ਅਤੇ ਅਜ਼ਾਦੀ ਪਰਵਾਨਿਆਂ ਨਾਲ ਮਿਲਦੇ-ਜੁਲਦੇ ਪ੍ਰਤੀਤ ਹੁੰਦੇ ਹਨ। ਖਾਸ ਕਰ ਕਵਿਤਾ ਦੇ ਅੰਤਮ ਬੰਦ ਵਿੱਚ ਜਦੋਂ ਉਹ, ਸ਼ਰਫਰੋਸ਼ੀ ਕੀ ਤਮੰਨਾ ਅਭ ਹਮਾਰੇ ਦਿਲ ਮੇ ਹੈ। ਦੇਖਨਾ ਹੈ ਜ਼ੋਰ ਕਿਤਨਾ ਬਾਜੂਏ ਕਾਤਿਲ ਮੇ ਹੈ। ਐ ਆਸਮਾਂ ਹਮ ਅਭੀ ਸੇ ਕੈਸੇ ਕਹੇਂ, ਕਿਆ ਹਮਾਰੇ ਦਿਲ ਮੇ ਹੈ। ਵਾਲੇ ਸ਼ਿਅਰ ਨੂੰ ਆਪਣੇ ਲਫ਼ਜ਼ਾਂ ਵਿੱਚ ਪ੍ਰਸਤੁਤ ਕਰਦਾ ਹੈ,
ਜ਼ਰਾ ਇੰਤਜ਼ਾਰ ਤੇ ਕਰ
ਤੂੰ ਹਾਮੀ ਤਾਂ ਭਰ
ਅਸੀਂ ਆਉਂਦਾ ਹਾਂ
ਦੇਖਣਾ ਹੈ ਲਾੜੀ ਮੌਤ
ਸਾਨੂੰ ਵਰਦੀ ਹੈ
ਜਾਂ ਅਸੀਂ
ਤੈਨੂੰ ਪਰਨਾਉਂਦੇ ਹਾਂ। ( ਪੰਨਾ ੪੮ )
ਮੰਡੇਰ ਇੱਕ ਅਨੁਭਵੀ ਲੇਖਕ ਹੈ। ਉਹ ਹਿਯਾਤੀ ਨੂੰ ਚਾਰ-ਛੇਪਰਿਉਂ ਬਗਲੀ ਬੈਠੇ ਯਥਾਰਥ ਅਤੇ ਅਧਿਆਤਕ ਦੀ ਪਛਾਣ ਕਰਨ ਵੱਲ ਹਮੇਸ਼ਾਂ ਰੁਚਿਤ ਰਹਿੰਦਾ ਹੈ। ਉਹ ਖੁਦ ਜੀਉ ਔਰੋਂ ਕੋ ਭੀ ਜੀਨੇ ਦੋ ਦੇ ਸਿਧਾਂਤ ਤੇ ਅਮਲ ਕਰਦਾ ਹੈ ਤੇ ਖੁੱਲੀ ਫਿਜ਼ਾ ਵਿੱਚ ਆਜ਼ਾਦੀ ਦੇ ਸਾਹ ਭਰਨ ਦਾ ਮੁਤਲਾਸ਼ੀ ਹੈ। ਉਹ ਆਉਂਦੀਆਂ ਨਸਲਾਂ ਦਾ ਭਵਿੱਖ ਸਵਾਰਨ ਲਈ ਆਪਾ ਕੁਰਬਾਨ ਕਰਨ ਅਤੇ ਫਾਂਸੀ ਦੇ ਰੱਸੇ ਚੁੰਮਣ ਦਾ ਖਾਹਿਸ਼ਮੰਦ ਹੈ,
ਤੇਰਾ ਖਤ ਵੀ ਯਾਦ ਏ ਮੈਨੂੰ
ਤੂੰ ਲਿਖਦੀ ਸੈਂ
ਮੇਰੇ ਆਸ਼ਕਾਂ ਦੀ
ਬੇਸ਼ਕ ਮੈਂ ਬਰਬਾਦੀ ਹਾਂ
ਬਾਕੀ ਬਚ ਗਏ ਲੋਕਾਂ ਦੀ
ਪੂਰਨ ਆਜ਼ਾਦੀ ਹਾਂ। (ਇਕ ਕੁੜੀ, ਪੰਨਾ ੬੧ )
ਖਾਮੋਸ਼ ਪੰਜਾਬ ਪੁਸਤਕ ਵਿੱਚ ਸਮੋਈ ਸਾਰੀ ਸ਼ਾਇਰੀ ਬਹੁ-ਵਿਧ ਅਹਿਸਾਸਾਂ ਦੀ ਸ਼ਾਇਰੀ। ਦਿਮਾਗ ਨੂੰ ਰੁਸਨਾਉਣ, ਮਨ ਨੂੰ ਮਚਲਾਉਣ ਅਤੇ ਰੂਹ ਨੂੰ ਖਿੜਾਉਣ ਵਾਲੀ ਸ਼ਾਇਰੀ ਹੈ। ਸੰਗੀਨ ਅਤੇ ਸੰਜੀਦਾ ਸ਼ਾਇਰੀ ਹੈ। ਇਸ ਲਈ ਇਹ ਪੁਸਤਕ ਪਾਠਕਾਂ ਦੇ ਗੰਭੀਰ ਪਠਨ ਦੀ ਮੰਗ ਕਰਦੀ ਹੈ। ਇਸ ਵਿਚਾਰ ਅਧੀਨ ਪੁਸਤਕ ਦਾ ਰਿਵੀਊ ਕਰਦਿਆਂ ਜਿਸ ਸ਼ਦੀਦ ਸਮੱਸਿਆ ਦਾ ਮੈਨੂੰ ਸਾਹਮਣਾ ਕਰਨਾ ਪਿਆ। ਉਹ ਇਹ ਹੈ ਕਿ ਮੈਨੂੰ ਇਹ ਪਤਾ ਨਹੀਂ ਸੀ ਚੱਲਦਾ ਕਿ ਪਾਠਕਾਂ ਨੂੰ ਵੰਨਗੀ ਮਾਤਰ ਪੇਸ਼ ਕਰਨ ਲਈ ਕਿਸ ਕਾਵਿ ਟੁਕੜੀ ਨੂੰ ਅੰਡਰਲਾਈਨ ਕਰਾਂ ਤੇ ਕਿਸ ਨੂੰ ਛੱਡਾਂ। ਕਿਉਂਕਿ ਹਰ ਰਚਨਾ ਦੇ ਹਰ ਪੈਰੇ ਦੀ ਹਰ ਸੱਤਰ ਹੀ ਕਾਬਲ-ਏ-ਦਾਦ ਅਤੇ ਪੜ੍ਹਨਯੋਗ ਹੈ। ਹਰੇਕ ਸਫੇ ਨੂੰ ਪੜ੍ਹਦਿਆਂ ਮੇਰੇ ਮੂੰਹੋਂ ਆਫਰੀਨ-ਆਫਰੀਨ ਆਫਰੀਨ। ਦਾ ਜਾਪ ਹੁੰਦਾ ਰਿਹਾ ਸੀ। ਤਨਾਅ ਅਤੇ ਦਰਦ ਨਾਸ਼ਕ ਗੋਲੀ ਵਰਗੀ ਇਹ ਹਥਲੀ ਪੁਸਤਕ ਵਿੱਚੋਂ ਗੁਜ਼ਰਨ ਬਾਅਦ ਮੈਨੂੰ ਇਉਂ ਜਾਪਿਆ ਜਿਵੇਂ ਰੂਹ ਵਿਸਮਾਦ ਦੀ ਮਦਿਰਾ ਵਿੱਚ ਚੁੱਭੀ ਮਾਰ ਕੇ ਸਰੂਰੀ ਗਈ ਹੋਵੇ। ਮੰਡੇਰ ਕੋਲ ਪ੍ਰਤੀਭਾ ਹੈ, ਗਿਆਨ ਹੈ, ਕਲਾ ਹੈ ਤੇ ਉਸਨੂੰ ਪ੍ਰਭਾਸ਼ਿਤ ਕਰਨ ਦੀ ਜਾਚ ਵੀ ਹੈ। ਆਸ ਰੱਖਦਾ ਹਾਂ ਕਿ ਅੱਗੇ ਤੋਂ ਵੀ ਉਹ ਇਸ ਤਰ੍ਹਾਂ ਵਧੀਆ, ਸਸ਼ੱਕਤ, ਪ੍ਰਪੱਕ ਅਤੇ ਪ੍ਰੋੜ ਰਚਨਵਾਂ ਦੇ ਕੇ ਪੰਜਾਬੀ ਸਾਹਿਤ ਨੂੰ ਹੋਰ ਅਮੀਰ ਕਰੇਗਾ।
ਇੰਨਸ਼ਾ-ਅੱਲ੍ਹਾ ਮੰਡੇਰ ਦੀ ਸੰਦਲੀ ਕਲਮ ਨਿੱਤ ਨਵੇਂ ਦਿਸਹੱਦੇ ਪਾਰ ਕਰੇ ਅਤੇ ਉਸਦੀ ਇਸ ਕਿਤਾਬ ਦੇ ਪੰਜਾਬੀ ਸਹਿਤ ਵਿੱਚ ਪ੍ਰਵੇਸ਼ ਨੂੰ ਖੁਸ਼ਾਮਦੀਦ ਕਹਿੰਦਿਆਂ, ਇਸ ਦੇ ਸੁਨਿਹਰੀ ਅਤੇ ਉਜਵਲ ਭਵਿੱਖ ਲਈ ਮੈਂ ਪ੍ਰਮਾਤਮਾ ਅੱਗੇ ਦੁਆਗੋ ਹਾਂ।
ਇਸ ਕਿਤਾਬ ਖਾਮੋਸ਼ ਪੰਜਾਬ ਦੇ ਅਧਿਐਨ ਉਪਰੰਤ ਮੈਨੂੰ ਇੰਝ ਲੱਗਿਆ ਜਿਵੇਂ ਖਾਮੋਸ਼ ਅੱਖਰਾਂ ਦੀ ਮਾਰਫਤ ਪੰਜਾਬ ਬੋਲ ਰਿਹਾ ਹੋਵੇ ਆਪਣੇ ਵੱਲ ਬੁਲਾ ਰਿਹਾ ਹੋਵੇ। ਆਓ ਤੁਸੀਂ ਸਾਰੇ ਵੀ ਖਾਮੋਸ਼ ਪੰਜਾਬ ਪੁਸਤਕ ਨੂੰ ਪੜ੍ਹ ਕੇ ਪੰਜਾਬ ਦੀ ਪੁਕਾਰ ਨੂੰ ਪੰਜਾਬ ਦੀ ਆਵਾਜ਼ ਨੂੰ ਸੁਣੋ ਤਾਂ ਜੋ ਉਸਦਾ ਧਾਰਿਆ ਮੌਨ ਟੁੱਟ ਸਕੇ!
****
No comments:
Post a Comment