ਵਿਸ਼ਵਪੱਧਰ ਦੇ ਪੱਤਰਕਾਰਾਂ ਦੀ ਗੱਲ ਕਰਦਿਆਂ ਸਾਡੇ ਭਾਰਤੀਆਂ ਦੀ ਜ਼ਬਾਨ ’ਤੇ ਸਭ ਤੋਂ ਪਹਿਲਾ ਨਾਮ ਜਿਸ ਸੰਵਾਦਦਾਤਾ ਦਾ ਆਉਂਦਾ ਹੈ, ਉਹ ਹੈ ਸ੍ਰੀ ਮਾਰਕ ਟਲੀ। ਮਾਰਕ ਟਲੀ ਦਾ ਪੂਰਾ ਨਾਮ ਮਾਰਕ ਵਿਲੀਅਮ ਟਲੀ ਹੈ। ਉਹ 24 ਅਕਤੂਬਰ 1935 ਨੂੰ ਕਲਕੱਤਾ (ਭਾਰਤ) ਵਿਖੇ ਜਨਮੇ ਸਨ। ਨੌ ਸਾਲ ਦੀ ਆਯੂ ਵਿੱਚ ਉਹ ਇੰਗਲੈਂਡ ਆ ਗਏ। ਬਾਕੀ ਦੀ ਪਰਵਰਿਸ਼ ਅਤੇ ਤਾਲੀਮ ਉਨ੍ਹਾਂ ਨੇ ਇਥੋਂ ਇੰਗਲੈਂਡ ਤੋਂ ਹੀ ਹਾਸਲ ਕੀਤੀ ਹੈ।
ਪੱਤਰਕਾਰੀ ਦੇ ਅਖਾੜੇ ਵਿੱਚ ਪ੍ਰਵੇਸ਼ ਕਰਨਾ ਮਾਰਕ ਲਈ ਪੁਨਰ ਨਿਰਧਾਰਤ ਨਹੀਂ ਸੀ। ਬਲਕਿ ਹਾਦਸਨ ਵਾਪਰੀ ਇੱਕ ਕਿਰਿਆ ਸੀ। ਇਸ ਖੇਤਰ ਵਿੱਚ ਦਾਖਲ ਹੋਣ ਦਾ ਉਨ੍ਹਾਂ ਨੇ ਕਦੇ ਸੁਪਨਾ ਵੀ ਨਹੀਂ ਸੀ ਲਿਆ। ਬਚਪਨ ਤੋਂ ਹੀ ਉਨ੍ਹਾਂ ਦੇ ਮਨ ਅੰਦਰ ਪਾਦਰੀ ਬਣਨ ਦੀ ਤੀਬਰ ਇੱਛਾ ਸੀ। ਸਕੂਲੀ ਵਿਦਿਆ ਮੁਕੰਮਲ ਕਰਨ ਉਪਰੰਤ ਉਨ੍ਹਾਂ ਨੇ ਪਾਦਰੀ ਬਣਨ ਦੀ ਮੁਰਾਦ ਨੂੰ ਸਰਅੰਜ਼ਾਮ ਦੇਣ ਦੀ ਧਾਰੀ ਸੀ। ਇਸੇ ਸੰਕਲਪ ਨੂੰ ਪੂਰਾ ਕਰਨ ਹਿੱਤ ਉਨ੍ਹਾਂ ਨੇ 1959 ਵਿੱਚ ਕੈਂਬਰਿਜ ਯੂਨੀਵਰਸਿਟੀ ਤੋਂ ਪਹਿਲਾਂ ਗਰੈਜੂਏਸ਼ਨ ਕੀਤੀ। ਫੇਰ ਅਧਿਆਤਮਕ ਅਤੇ ਪਰਮਾਰਥ ਦੇ ਪ੍ਰਸਿਧ ਕੇਂਦਰ ਯਾਨੀ ਕਿ Theological college ਦਾਖਲਾ ਲੈ ਲਿਆ। ਲੇਕਿਨ ਧਰਮ ਸ਼ਾਸ਼ਤਰ ਪੜ੍ਹਦਿਆਂ ਅਤੇ ਧਾਰਮਿਕ ਤੱਤਾਂ ਦਾ ਅਧਿਐਨ ਕਰਦਿਆਂ ਉਨ੍ਹਾਂ ਦਾ ਦਿਲ ਉਚਾਟ ਹੋ ਗਿਆ। ਉਹਨਾਂ ਦਾ ਆਯਾਸ਼ ਮਨ ਚਰਚ ਤੋਂ ਦੂਰ ਪੱਬਾਂ-ਕਲੱਬਾਂ ਵੱਲ ਦੌੜਦਾ ਸੀ। ਪਾਦਰੀ ਦੀ ਸਿਖਿਆ ਅਤੇ ਯੋਗਤਾ ਤੋਂ ਵਿਪਰੀਤ ਦਿਸ਼ਾ ਵੱਲ ਲਿਜਾਂਦੀ ਆਪਣੀ ਤਰਜ-ਏ-ਜ਼ਿੰਦਗੀ ਨੂੰ ਯਕਦਮ ਬਦਲ ਸਕਣਾ ਉਨ੍ਹਾਂ ਲਈ ਸੰਭਵ ਨਹੀਂ ਸੀ। ਪਾਦਰੀ ਬਣਨ ਲਈ ਉਹ ਬਾਕੀ ਸਾਰਾ ਕੁੱਝ ਕੁਰਬਾਨ ਨਹੀਂ ਸੀ ਕਰਨਾ ਚਾਹੁੰਦੇ। ਇਸ
ਲਈ ਪਾਦਰੀ ਪਦ ਦੀ ਸਿਖਲਾਈ ਅਤੇ ਤਾਲੀਮ ਵਿੱਚਾਲੇ ਛੱਡ ਕੇ ਉਹ ਇੱਕ ਬਿਰਧਾਂ ਦੇ ਆਸ਼ਰਮ ਵਿੱਚ ਬਜ਼ੁਰਗਾਂ ਦੀ ਦੇਖਭਾਲ ਕਰਨ ਦੀ ਨੌਕਰੀ ਕਰਨ ਲੱਗ ਪਏ। 15 ਅਗਸਤ 1960 ਨੂੰ ਉਹਨਾਂ ਦੀ ਸ਼ਾਦੀ ਫਰੈਂਸਿਸ ਮਾਰਗਰਟ ਨਾਲ ਹੋਈ ਤੇ ਜਿਨ੍ਹਾਂ ਤੋਂ ਉਹਨਾਂ ਦੇ ਦੋ ਬੇਟੇ ਵਿਲੀਅਮ ਸੈਮਿਉਲ ਨਿਕਲਸਨ, ਪੈਟਰਿਕ ਹੈਨਰੀ ਅਤੇ ਦੋ ਬੇਟੀਆਂ ਸਾਹਰਾ ਜਿਲੀਅਨ ਅਤੇ ਐਮਾ ਹਨ।
1964 ਵਿੱਚ ਬੇਤਰੀਨ ਨੌਕਰੀ ਦੀ ਜੁਸਤਜੂ ਉਨ੍ਹਾਂ ਨੂੰ ਬੀ.ਬੀ.ਸੀ. (British Broadcasting Corporation) ਦੀ ਸਰਦਲ ਤੱਕ ਲੈ ਗਈ। ਉਹ ਬੀ.ਬੀ.ਸੀ. ਦੇ ਨਿਜੀ ਵਿਭਾਗ ਵਿੱਚ ਨੌਕਰੀ ਕਰਨ ਲੱਗ ਪਏ। ਦਫ਼ਤਰੀ ਮਾਹੌਲ ਤੋਂ ਅੱਕ ਕੇ ਉਨ੍ਹਾਂ 1965 ਵਿੱਚ ਬੀ.ਬੀ.ਸੀ. ਦੀ ਦਿੱਲੀ ਸ਼ਾਖਾ ਵਿਖੇ ਖਾਲੀ ਪਈ ਸਹਾਇਕ ਨੁਮਾਇੰਦੇ ਦੀ ਨੌਕਰੀ ਪ੍ਰਾਪਤ ਕਰ ਲਿੱਤੀ ਤੇ ਇੰਗਲੈਂਡ ਛੱਡ ਕੇ ਭਾਰਤ ਚਲੇ ਗਏ। ਇਥੇ ਹੀ ਉਨ੍ਹਾਂ ਦੀ ਮਿਹਨਤ ਅਤੇ ਲਗਨ ਨੂੰ ਦੇਖਦਿਆਂ ਅਦਾਰੇ ਨੇ 1972 ਵਿੱਚ ਉਨ੍ਹਾਂ ਨੂੰ ਆਪਣੀ ਇਸੇ ਸੰਸਥਾ ਦਾ ਮੁੱਖੀ (Chief of Bureau) ਥਾਪ ਦਿੱਤਾ। ਇਸ ਪਦਵੀ ਤੇ ਬਿਰਾਜਮਾਨ ਹੁੰਦਿਆਂ ਹੀ ਉਨ੍ਹਾਂ ਨੇ ਬਹੁਤ ਹੀ ਕਾਬਲ-ਏ-ਜ਼ਿਕਰ ਪ੍ਰਾਪਤੀਆਂ ਕੀਤੀਆਂ ਅਤੇ ਪ੍ਰਸਿਧੀ ਖੱਟੀ। ਮਾਰਕ ਟੱਲੀ ਨੇ ਰੇਡੀਉ ਅਤੇ ਟੈਲੀਵਿਜ਼ਨ ਲਈ ਤਿਆਰ ਕਰਕੇ ਅਣਗਿਣਤ ਖਬਰਾਂ ਨਸ਼ਰ ਅਤੇ ਦਸਤਾਵੇਜ਼ੀ ਪ੍ਰੋਗਰਾਮਾਂ ਨੂੰ ਪ੍ਰਸਾਰਿਤ ਕੀਤਾ ਹੈ। ਜਿਨ੍ਹਾਂ ਵਿਚੋਂ ਬੰਗਲਾ ਦੇਸ਼ ਦੀ ਜੰਗ, ਭੂਟੋ ਨੂੰ ਫਾਂਸੀ, ਇੰਦਰਾ ਗਾਂਧੀ ਦੀ ਐਮਰਜੈਂਸੀ, ਭਾਰਤ ਦੇ ਦੋਨਾਂ ਪ੍ਰਧਾਨ ਮੰਤਰੀਆਂ(ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ) ਦੀ ਹੱਤਿਆ, ਭੋਪਾਲ ਗੈਸ ਲੀਕ, ਬਾਬਰੀ ਮਸਜਿਦ, ਉਪਰੇਸ਼ਨ ਬਲੈਕ ਥੰਡਰ, ਸਾਕਾ ਨੀਲਾ ਤਾਰਾ ਅਤੇ ਕੁੰਭ ਦਾ ਮੇਲਾ ਆਦਿ ਖਾਸ ਤੌਰ ’ਤੇ ਵਰਣਨਯੋਗ ਹਨ। ਇਸ ਤੋਂ ਇਲਾਵਾ ਭਾਰਤੀ ਸਿਨੇਮੇ ਦੇ ਇਤਿਹਾਸ ਉਤੇ ਅਧਾਰਤ ਉਹਨਾਂ ਦੀ ਬਣਾਈ ਡੌਕੂਮੈਂਟਰੀ ਫਿਲਮ ਵੀ ਕਾਫ਼ੀ ਚਰਚਿਤ ਹੋ ਚੁੱਕੀ ਹੈ। ਗਾਹੇ-ਬਗਾਹੇ ਉਹ ਸਮਾਜਿਕ ਅਤੇ ਸਿਆਸੀ ਸਰਗਰਮੀਆਂ ਨੂੰ ਪੇਸ਼ ਕਰਦੇ ਰਹਿੰਦੇ ਹਨ।
ਪੱਤਰਕਾਰਤਾ ਤੋਂ ਇਲਾਵਾ ਉਨ੍ਹਾਂ ਨੂੰ ਸਾਹਿਤਕ ਸਿਰਜਣਾ ਦਾ ਸ਼ੌਕ ਵੀ ਹੈ ਤੇ ਉਹ ਬਹੁਤ ਉਮਦਾ ਲਿਖਾਰੀ ਹਨ। ਕਿਤਾਬਾਂ ਵਿੱਚ ਵਰਤੀ ਹੋਈ ਮਾਰਕ ਦੀ ਬੋਲੀ ਐਨੀ ਸਾਦੀ ਅਤੇ ਸਰਲ ਹੁੰਦੀ ਹੈ ਕਿ ਪਾਠਕ ਪਹਾੜ ਤੋਂ ਹੇਠਾਂ ਰੁੜੇ ਆਉਂਦੇ ਬਾਰਿਸ਼ ਦੇ ਪਾਣੀ ਵਾਂਗ ਤੀਬਰ ਗਤੀ ਨਾਲ ਪੜ੍ਹਦਾ ਚਲਿਆ ਜਾਂਦਾ ਹੈ। ਕਿਧਰੇ ਵੀ ਕੋਈ ਅਕਾਉ, ਅੜਿਕਾ ਪਾਊ ਵਾਕ ਜਾਂ ਖੱਡਾਂ ਜਿਹਾ ਡੂੰਘਾ ਲਫ਼ਜ਼ (ਜੀਹਦਾ ਮਤਲਵ ਦੇਖਣ ਲਈ ਡਿਕਸ਼ਨਰੀਆਂ ਚੁੱਕਣੀਆਂ ਪੈਣ ਤੇ ਫਿਰ ਵੀ ਅਰਥ ਪੱਲੇ ਨਾ ਪਵੇ। ਜੋ ਸਿਰਫ਼ ਰੋਹਬ ਪਾਉਣ ਲਈ ਹੀ ਵਰਤਿਆ ਗਿਆ ਹੁੰਦਾ ਹੈ।) ਨਹੀਂ ਮਿਲਦਾ, ਜਿਸ ਵਿੱਚ ਕਿ ਪਾਠਕ ਨੂੰ ਆਉਖੜਣ ਦਾ ਖਦਸਾ ਬਣਿਆ ਰਹੇ। ਮਾਰਕ ਦੀ ਵਿਲੱਖਣ ਸ਼ੈਲੀ ਅਤੇ ਘੜੇ ਹੋਏ ਵਾਕਾਂ ਵਿੱਚਲੀ ਸੰਜ਼ਮੀ ਸ਼ਬਦ ਵਰਤੋਂ ਨੂੰ ਸ਼ੌਕੀਨਣ ਕੁੜੀ ਦੀ ਗੁੰਦੀ ਗੁੱਤ ਨਾਲ ਤਸਬੀਹ ਦਿੱਤਾ ਜਾ ਸਕਦਾ ਹੈ। ਉਨ੍ਹਾਂ ਦੁਆਰਾ ਰਚੀਆਂ ਪੁਸਤਕਾਂ ਦੀ ਸੂਚੀ ਇਸ ਪ੍ਰਕਾਰ ਹੈ:-
1. From Raj to Rajiv: 40 Years 1988/1996,
2. No full stop in India 1992
3. Great Railways Journeys 1994
4. Heart of India 1996
5. God, Jew, Rebel, The hidden Jesus, An investigation into lives of Jesus 1996
6. Amritsar : Mrs Ghandi’s last Battle
7. A Jouerny to India
8. ਅਮ੍ਰਿਤਸਰ: ਸ੍ਰੀਮਤੀ ਗਾਂਧੀ ਦੀ ਅੰਤਲੀ ਲੜਾਈ (ਪੰਜਾਬੀ ਵਿੱਚ ਉਪਲੱਵਧ ਹੈ, ਅਨੁਵਾਦਕ ਹਰੀਸ਼ ਜੈਨ) 1999
ਮੌਜੂਦਾ ਸਮੇਂ ਵੀ ਮਾਰਕ ਭਾਰਤ ਦੀ ਰਾਜਨੀਤੀ ਵਿਚਲੇ ਦੋਸ਼ਾਂ ਅਤੇ ਖਡਯੰਤਰਾਂ ਦੇ ਪਾਜ ਉਘਾੜਦੀ ਇੱਕ ਵਿਸ਼ੇਸ਼ ਪੁਸਤਕ ਦੇ ਰਚਨਾ ਕਾਰਜ ਵਿੱਚ ਮਸਰੂਫ ਹਨ।
No full stop in India ਵਿੱਚ ਇੱਕ ਜਗ੍ਹਾ ਮਾਰਕ ਲਿਖਦੇ ਹਨ ਕਿ ਭਾਰਤ ਨੂੰ ਆਪਣੀਆਂ ਖਾਮੀਆ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਆਪਣੀਆਂ ਸਮੱਸਿਆਵਾਂ ਦਾ ਹੱਲ ਆਪਣੇ ਅੰਦਰੋਂ ਢੂੰਡਣਾ ਚਾਹੀਦਾ ਹੈ। ਨਾ ਕਿ ਉਸਦੇ ਸਮਾਧਾਨ ਲਈ ਦੂਜੇ ਮੁਲਖਾਂ ਦੇ ਮੂੰਹ ਕਨੀ ਝਾਕਣਾ ਚਾਹੀਦਾ ਹੈ। ਇਸ ਕਟਾਖਸ਼ਮਈ ਟਿਪਣੀ ਨੂੰ ਲੈ ਕੇ ਕੁੱਝ ਸਿਆਸਤਦਾਨਾਂ ਵੱਲੋਂ ਉਨ੍ਹਾਂ ਉਂੱਪਰ ਬੇਲੋੜੇ ਵਿਵਾਦ ਵੀ ਚਲਾਏ ਗਏ ਸਨ। ਸਾਡੇ ਭਾਰਤ ਦੀ ਇੱਕ ਪ੍ਰਸਿੱਧ ਲੇਖਿਕਾ ਅਤੇ ਜਰਨਲਿਸਟ ਨੂੰ ਤਾਂ ਉਸਦੇ ਜੁਆਬ ਵਿੱਚ ਇਥੋਂ ਤੱਕ ਵੀ ਲਿਖਣਾ ਪਿਆ ਕਿ, ਹੁਣ ਮੈਂ ਵੀ ਇੱਕ ਕਿਤਾਬ ਲਿਖੂੰਗੀ ਤੇ ਉਸਦਾ ਸਿਰਲੇਖ ਰੱਖੂੰਗੀ ‘NO EXCLAMATION MARK(S) IN BRITAIN’
ਉਪਰੋਕਤ ਵਰਣਨ ਕੀਤੀਆਂ ਗਈਆਂ ਸਾਰੀਆਂ ਕਿਤਾਬਾਂ ਵਿੱਚੋਂ ਮਾਰਕ ਟਲੀ ਦੀ ਕਿਤਾਬ Amritsar: Mrs Ghandi’s last Battle ਸਭ ਤੋਂ ਵੱਧ ਵਿਕਣ ਅਤੇ ਪੜ੍ਹੀ ਜਾਣ ਵਾਲੀ ਕਿਤਾਬ ਹੈ, ਜੋ ਉਨ੍ਹਾਂ ਨੇ ਆਪਣੇ ਸਹਾਇਕ ਸਤੀਸ਼ ਜੈਕਬ ਦੇ ਸਹਿਯੋਗ ਨਾਲ ਲਿਖੀ ਸੀ। ਪੰਜਾਬ ਦੇ ਸੰਕਟਮਈ ਕਾਲ ਵਿੱਚ ਉਹ ਅਕਸਰ ਪੰਜਾਬ ਦੇ ਦੌਰੇ ਕਰਦੇ ਰਿਹਾ ਕਰਦੇ ਸਨ। ਸਾਕਾ ਨੀਲਾ ਤਾਰਾ ਤੋਂ ਪੂਰਬ ਅਤੇ ਪਸ਼ਚਾਤ ਪੰਜਾਬ ਦੇ ਹਾਲਾਤਾਂ ਵਿੱਚ ਆਉਂਦੀ ਉਥਲ-ਪੁਥਲ ਦਾ ਉਹ ਗੰਭੀਰ ਚਿੰਤਨ ਕਰਦੇ ਰਹੇ ਸਨ। ਸਾਕਾ ਨੀਲਾ ਤਾਰਾ ਦੀ ਕਵਰੇਜ਼ ਲਈ ਬੀ.ਬੀ.ਸੀ. ਵੱਲੋਂ ਉਨ੍ਹਾਂ ਨੂੰ ਉਚੇਚੇ ਤੌਰ ’ਤੇ ਅੰਮ੍ਰਿਤਸਰ ਭੇਜਿਆ ਗਿਆ ਸੀ। ਫਿਰ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਇਹਨਾਂ ਤਜ਼ਰਬਿਆਂ ਨੂੰ ਕਲਮਬੰਦ ਕਰਕੇ ਕਿਤਾਬ ਦਾ ਰੂਪ ਦਿੱਤਾ। ਇਹ ਪੁਸਤਕ ਜਿਸਨੇ ਕਿ ਮਹਿਜ਼ ਹਿੰਦੁਸਤਾਨ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਹਲਚਲ ਪੈਦਾ ਕਰਕੇ ਰੱਖ ਦਿੱਤੀ ਸੀ। ਇਸ ਕਿਤਾਬ ਨੂੰ ਲਿਖਣ ਵਿੱਚ ਉਨ੍ਹਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਸਭ ਤੋਂ ਵੱਡੀ ਸਮੱਸਿਆ ਉਨ੍ਹਾਂ ਲਈ ਸਮੱਗਰੀ ਤੱਕ ਰਸਾਈ ਦੀ ਬਣੀ ਸੀ। ਕਿਉਂਕਿ ਸਾਕਾ ਨੀਲਾ ਤਾਰਾ ਘੋਸ਼ਿਤ ਹੁੰਦਿਆਂ ਹੀ ਮਾਰਕ ਨੂੰ ਤਾਂ ਸਰਕਾਰੀ ਹੁਕਮਾਂ ਅਨੁਸਾਰ ਵਿਦੇਸ਼ੀ ਹੋਣ ਕਰਕੇ ਪੰਜਾਬ ਤੋਂ ਬਾਹਰ ਕੱਢ ਮਾਰਿਆ ਗਿਆ ਸੀ। ਉਹ ਪਾਬੰਦੀ ਲੱਗੀ ਹੋਣ ਕਰਕੇ ਅੰਮ੍ਰਿਤਸਰ ਜਾ ਨਹੀਂ ਸੀ ਸਕਦੇ। ਇਸੇ ਕਰਕੇ ਉਨ੍ਹਾਂ ਨੇ ਸਤੀਸ਼ ਦਾ ਸਹਾਰਾ ਲਿਆ। ਮਾਰਕ ਦਿੱਲੀ ਬੈਠ ਕੇ ਕਿਤਾਬ ਲਿਖਣ ਵਿੱਚ ਰੁੱਝ ਗਏ ਤੇ ਸਤੀਸ਼ ਪੰਜਾਬ ਵਿੱਚੋਂ ਜਾਣਕਾਰੀ ਇਕੱਤਰ ਕਰਕੇ ਦਿੱਲੀ ਨੂੰ ਭੇਜਦਾ ਗਿਆ।
ਮੇਰੇ ਮੁਜਬ Amritsar: Mrs Ghandi’s last Battle ਪੁਸਤਕ ਦੀ ਪ੍ਰਸਿਧੀ ਅਤੇ ਰਿਕਾਰਡ ਤੋੜ ਵਿਕਰੀ ਵਿੱਚ ਇਸਦਾ ਸਿਰਲੇਖ ਹੀ ਸਭ ਤੋਂ ਵੱਧ ਸਹਾਈ ਸਿੱਧ ਹੋਇਆ ਹੈ। ਕਿਉਂਕਿ ਓਪਰੀ ਨਜ਼ਰੇ ਇਹ ਐਂਟੀ ਸਿੱਖ ਹੋਣ ਦਾ ਪ੍ਰਭਾਵ ਦਿੰਦਾ ਹੈ। ਦੂਜਾ ਕਾਰਨ ਇਸਦੀ ਮਕਬੂਲੀਅਤ ਦਾ ਮੈਂ ਸਮਝਦਾ ਹਾਂ ਕਿ ਮਾਰਕ ਟਲੀ ਵੱਲੋਂ ਲਿਖੀ ਗਈ ਹੋਣਾ ਹੈ। ਚੂੰ ਕਿ ਮਾਰਕ ਬਰਤਾਨਵੀਂ ਮੂਲ ਦੇ ਹਨ ਇਸ ਲਈ ਪਾਠਕ ਉਨ੍ਹਾਂ ਵੱਲੋਂ ਕਰੀ ਗਈ ਗੱਲ ਨੂੰ ਵਧੇਰੇ ਵਜ਼ਨਦਾਰ, ਤਰਕਭਰਪੂਰ, ਨਿੱਗਰ ਅਤੇ ਨਿਰਪੱਖ ਮੰਨ ਕੇ ਯਕੀਨ ਕਰਦੇ ਹਨ। ਭਾਵੇਂ ਕਿ ਸਾਕਾ ਨੀਲਾ ਤਾਰਾ ਬਾਰੇ ਅੱਜ ਤੱਕ ਸੈਕੜੇ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਵੇਂ ਕਿ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਵੀ ਇੱਕ ਕਿਤਾਬ ਲਿਖ ਚੁੱਕਾ ਹੈ। ਇੰਝ ਹੀ ਉਸ ਸਾਕੇ ਦੇ ਹੋਰ ਵੀ ਕਈ ਚਸ਼ਮਦੀਦ ਗਵਾਹਾਂ ਨੇ ਕਾਫ਼ੀ ਕੁੱਝ ਲਿਖਿਆ ਹੈ। ਪਰ ਜੋ ਸ਼ੁਹਰਤ ਮਾਰਕ ਟਲੀ ਦੀ ਪੁਸਤਕ ਨੂੰ ਨਸੀਬ ਹੋਈ ਹੈ ਉਹ ਕਿਸੇ ਹੋਰ ਦੇ ਹਿੱਸੇ ਨਹੀਂ ਆ ਸਕੀ। ਇਸ ਕਥਿਤ ਪੁਸਤਕ ਵਿੱਚ ਮਾਰਕ ਨੇ ਸਾਕਾ ਨੀਲਾਂ ਤਾਰਾ ਨਾਲ ਸੰਬੰਧਿਤ ਬਹੁਤ ਸਾਰੇ ਮਹੱਤਵਪੂਰਨ ਤੱਥਾਂ ਅਤੇ ਪਹਿਲੂਆਂ ਨੂੰ ਉਜਾਗਰ ਕੀਤਾ ਹੈ ਤਥਾ ਧਾਰਮਿਕ, ਰਾਜਨੀਤੀਕ ਅਤੇ ਰਾਜਸੀ ਮਸਲਿਆਂ ਉਪਰ ਬੇਖੌਫ, ਅਤੇ ਬੇਬਾਕ; ਬੌਧਿਕਤਾ ਭਰਪੂਰ ਬੇਸ਼ੁਮਾਰ ਟਿਪਣੀਆਂ ਦਰਜ਼ ਕੀਤੀਆਂ ਹਨ। ਪਹਿਲੀ ਅਪ੍ਰੈਲ 2001 ਨੂੰ ਮੇਰੇ ਨਾਲ ਹੋਈ ਇੱਕ ਅਖਬਾਰੀ ਮੁਲਾਕਾਤ ਦੌਰਾਨ ਉਨ੍ਹਾਂ ਨੇ ਸਾਕਾ ਨੀਲਾ ਤਾਰਾ ਅਤੇ ਪੰਜਾਬ ਦੇ ਮਸਲਿਆਂ ਦੀਆਂ ਅਨੇਕਾਂ ਪਰਤਾਂ ਫਰੋਲ ਕੇ ਹੁਣ ਤੱਕ ਛੁਪੇ ਅਤੇ ਅਣਗੌਲੇ ਰਹਿ ਗਏ ਕਈ ਰਹੱਸਾਂ ਉਤੇ ਰੌਸਨੀ ਪਾਈ ਸੀ।
ਮਾਰਕ ਅਨੁਸਾਰ ਉਨ੍ਹਾਂ ਦੀ ਇਹ ਕਥਿਤ ਪੁਸਤਕ ਕਈਆਂ ਵਿਅਕਤੀਆਂ ਨੂੰ ਚੁੱਭੀ ਅਤੇ ਜਿਨ੍ਹਾਂ ਨੂੰ ਇਹ ਸਭ ਤੋਂ ਵਧੇਰੇ ਅੱਖਰਨੀ ਸੀ ਉਹ ਇਸਦੀ ਛਪਾਈ ਤੱਕ ਇਸ ਦੁਨੀਆਂ ਤੋਂ ਰੁਖਸਤ ਹੋ ਚੁੱਕੇ ਸਨ। ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਇਸ ਪੁਸਤਕ ਬਾਰੇ ਸੁਣ ਕੇ ਬੜਾ ਤਿਲਮਿਲਾਇਆ ਸੀ। ਫੇਰ ਮਾਰਕ ਨੇ ਸ: ਜੈਲ ਸਿੰਘ ਨੂੰ ਆਪਣੀ ਸਫ਼ਾਈ ਪੇਸ਼ ਕਰਦਿਆਂ ਕਿਹਾ ਸੀ, ਗਿਆਨੀ ਜੀ ਬਤਾਈਏ ਹਮਾਰਾ ਕਸੂਰ ਕਿਆ ਹੈ? ਅਸੀਂ ਤਾਂ ਆਪਣੇ ਅਨੁਸਾਰ ਸੱਚ ਲਿਖਿਆ ਹੈ। ਤੁਹਾਡਾ ਪੱਖ ਜਾਨਣ ਲਈ ਅਸੀਂ ਅਨੇਕਾਂ ਬਾਰ ਤੁਹਾਡੇ ਤੋਂ ਸਮਾਂ ਮੰਗਿਐ। ਤੁਸੀਂ ਨਹੀਂ ਮਿਲੇ ਤਾਂ ਸਾਡੀ ਕੀ ਗਲਤੀ ਹੈ?
ਬਾਜ਼ ਦਫਾ ਜਦੋਂ ਮਾਰਕ ਪੱਤਰਕਾਰਤਾ ਕਾਰਜ਼ ਤੋਂ ਬੇਜ਼ਾਰ ਹੋ ਜਾਂਦੇ ਹਨ ਤਾਂ ਅਜਿਹੀ ਸਮੇਂ ਉਹ ਕੋਈ ਨਾ ਕੋਈ ਕਿਤਾਬ ਪੜ੍ਹ ਕੇ ਆਪਣਾ ਮਨੋਰੰਜਨ ਕਰਦੇ ਹਨ ਜਾਂ ਮੱਛੀਆਂ(ਪਾਣੀ ਵਾਲੀਆਂ!) ਫੜ੍ਹਨ ਲੱਗ ਜਾਂਦੇ ਹਨ। ਸ਼੍ਰੀ ਲਾਲ ਸ਼ੁਕਲਾ ਦੁਆਰਾ ਰਚਿਤ ਹਿੰਦੀ ਨਾਵਲ ਰਾਗ ਦਰਬਾਰੀ ਜਿਸਨੂੰ ਕਿ Gillian Wright ਨੇ ਅਨੁਵਾਦ ਕੀਤਾ ਹੈ, ਮਾਰਕ ਦੀ ਸਭ ਤੋਂ ਪਸੰਦਿਦਾ ਪੁਸਤਕ ਹੈ। ਜੇ ਹੋਰ ਕੁੱਝ ਨਹੀਂ ਤਾਂ ਆਪਣੀ ਬੋਰੀਅਤ ਨੂੰ ਮਾਰਨ ਲਈ ਮਾਰਕ ਦੂਰ ਕਿਧਰੇ ਸੁੰਨਸਾਨ ਰਾਹਾਂ ਤੇ ਅਕਾਰਥ ਹੀ ਘੁੰਮਣ ਨਿਕਲ ਜਾਂਦੇ ਹਨ। ਪੰਜਾਬ ਦੇ ਪਿੰਡਾਂ ਖਾਸ ਕਰ ਮਾਝੇ ਖਿੱਤੇ ਦਾ ਤਾਂ ਉਹਨਾਂ ਨੇ ਚੱਪਾ-ਚੱਪਾ ਗਾਇਆ ਹੋਇਆ ਹੈ। ਅਮਿੰ੍ਰਤਸਰ ਆਪਣੇ ਕਿਆਮ ਦੌਰਾਨ ਉਹ ਹਮੇਸ਼ਾਂ ਰਿਟਜ਼ ਹੋਟਲ ਵਿੱਚ ਠਹਿਰਿਆ ਕਰਦੇ ਸਨ।
ਲੰਡਨ ਮਾਰਕ ਟਲੀ ਦੇ ਘਰ ਬੈਠੇ ਗੱਲਾਂ ਕਰਦਿਆਂ ਜਦੋਂ ਮੈਨੂੰ ਪਤਾ ਲੱਗਿਆ ਕਿ ਉਹ ਗਲਪ ਸਾਹਿਤ ਪੜ੍ਹਨ ਦੇ ਵੀ ਸੌਕੀਨ ਹਨ ਤਾਂ ਮੈਂ ਉਹਨਾਂ ਨੂੰ ਆਪਣੀਆਂ ਕੁੱਝ ਕਾਲਜ਼ ਵੇਲੇ ਦੀਆਂ ਲਿਖੀਆਂ ਅੰਗਰੇਜ਼ੀ ਕਹਾਣੀਆਂ, (ਜੋ ਕਿ Rowley Regis College ਪੜ੍ਹਦਿਆਂ ਏ ਲੈਵਲ ਦੇ ਕੋਰਸ ਵਰਕ ਲਈ ਲਿਖੀਆਂ ਸਨ।) ਭੇਜੀਆਂ ਅਤੇ ਬੇਨਤੀ ਕੀਤੀ ਕਿ ਉਹ ਨਿਗਾਹ ਥਾਣੀਂ ਕੱਢ ਕੇ ਆਪਣੇ ਕੀਮਤੀ ਸੁਝਾਅ ਦੇਣ। ਹਫਤੇ ਬਾਅਦ ਹੀ ਦਿੱਲੀ ਤੋਂ ਉਨਾਂ ਦਾ ਵਿਸਥਾਰਪੂਰਵਕ ਲਿਖਿਆ ਖਤ ਆ ਡਿੱਗਿਆ, ਜਿਸ ਵਿੱਚ ਉਨਾਂ ਨੇ ਮੇਰੀ ਸਭ ਤੋਂ ਪਹਿਲੀ ਕਹਾਣੀ Boaderline ਦੀ ਬੜ੍ਹੀ ਖੁੱਲ੍ਹ ਕੇ ਤਾਰੀਫ ਕੀਤੀ ਸੀ। ਨਾਲ ਹੀ ਉਨ੍ਹਾਂ ਨੇ ਮੈਨੂੰ ਤਾਕੀਦ ਕਰਦਿਆਂ ਲਿਖਿਆ ਸੀ, “ਪਿਆਰ ਬਲਰਾਜ, ਤੂੰ ਐਡਾ ਵਧੀਆ ਰਾਈਟਰ ਹੋ ਕੇ ਐਵੇਂ ਹੀ ਰੁਲਿਆ ਫਿਰਦੈਂ। ਤੈਨੂੰ ਇਨ੍ਹਾਂ ਰਚਨਾਵਾਂ ਨੂੰ ਛਪਵਾਉਣ ਦਾ ਉਦਮ ਕਰਨਾ ਚਾਹੀਦਾ ਹੈ।”
ਭਾਰਤੀ ਸਿਆਸਤ ਦਾ ਮਾਰਕ ਨੇ ਬੜੀ ਗਹਿਰਾਈ ਵਿੱਚ ਜਾ ਕੇ ਅਧਿਐਨ ਕੀਤਾ ਹੈ। ਇਸ ਲਈ ਉਨ੍ਹਾਂ ਦੇ ਗਾਲਬਨ ਹਰੇਕ ਵੱਡੇ-ਛੋਟੇ ਨੇਤਾਵਾਂ ਨਾਲ ਸੰਪਰਕ ਰਹੇ ਹਨ। ਸਾਬਕਾ ਰਾਸ਼ਟਪਤੀ ਗਿਆਨੀ ਜੈਲ ਸਿੰਘ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਉਹ ਨਿਕਟਵਰਤੀ ਰਹਿ ਚੁੱਕੇ ਹਨ। ਖਾਸਕਰ ਰਾਜੀਵ ਗਾਂਧੀ ਨੂੰ ਤਾਂ ਉਹਨਾਂ ਨੇ ਕਾਫ਼ੀ ਨੇੜੇ ਹੋ ਕੇ ਜਾਣਿਆ ਹੈ ਤੇ ਉਸ ਨਾਲ ਉਨ੍ਹਾਂ ਦੇ ਕਾਫ਼ੀ ਪੱਕੇ ਦੋਸਤਾਨਾਂ ਸੰਬੰਧ ਸਨ। ਪੰਜਾਬ ਦੇ ਸਾਰੇ ਪ੍ਰਮੁੱਖ ਲੀਡਰ ਜਿਵੇਂ ਕਿ ਗੁਰਚਰਨ ਸਿੰਘ ਟੌਹੜਾ, ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ, ਕੈਪਟਨ ਅਮਰਿੰਦਰ ਸਿੰਘ, ਸੰਤ ਹਰਚੰਦ ਸਿੰਘ ਲੌਂਗੋਵਾਲ ਆਦਿ ਨਾਲ ਉਹ ਸਮੇਂ-ਸਮੇਂ ਸਿਰ ਰਾਬਤਾ ਕਾਇਮ ਕਰਦੇ ਰਹੇ ਹਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਉਨ੍ਹਾਂ ਨੇ ਅਨੇਕਾਂ ਅਵਸਰਾਂ ਉਤੇ ਮੁਲਾਕਾਤਾਂ ਕੀਤੀਆਂ ਸਨ।
ਅਖਬਾਰ, ਰੇਡਿਉ ਅਤੇ ਟੈਲੀਵਿਜ਼ਨ, ਤਿੰਨਾਂ ਪਰੈਸ ਮਾਧਿਅਮਾਂ ਰਾਹੀਂ ਉਨ੍ਹਾਂ ਨੂੰ ਬਰਾਬਰ ਪੇਸ਼ ਹੋਣ ਦੇ ਮੌਕੇ ਮਿਲਦੇ ਰਹੇ ਹਨ। ਲੇਕਿਨ ਉਨ੍ਹਾਂ ਦੀ ਆਵਾਜ਼ ਦਿੱਖ ਨਾਲੋਂ ਜ਼ਿਆਦਾ ਪ੍ਰਭਾਵਸ਼ਾਲੀ ਹੈ। ਇਸ ਯਥਾਰਥ ਨੂੰ ਖੁਦ ਮਾਰਕ ਨੇ ਵੀ ਸਵਿਕਾਰਿਆ ਹੈ ਤੇ ਇਸੇ ਲਈ ਆਪਣਾ ਝੁਕਾਅ ਵਧੇਰੇ ਰੇਡਿਉ ਵੱਲ ਹੀ ਰੱਖਿਆ ਹੈ। ਟੀਵੀ ਉਤੇ ਵੀ ਵਾਹ ਲੱਗਦਿਆਂ ਕੈਮਰੇ ਦੇ ਪਿਛਵਾੜੇ ਰਹਿਣ ਦਾ ਯਤਨ ਕੀਤਾ ਹੈ।
ਮਾਰਕ ਟਲੀ ਦੀਆਂ ਸਮੁੱਚੀਆਂ ਸੇਵਾਵਾਂ ਅਤੇ ਯੋਗਦਾਨ ਨੂੰ ਮੁੱਖ ਰੱਖਦਿਆਂ ਹੋਇਆਂ ਅਨੇਕਾਂ ਸੰਸਥਾਵਾਂ, ਸ਼ਖਸੀਅਤਾਂ ਅਤੇ ਅਦਾਰਿਆਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਅਗਰ ਮਾਰਕ ਟਲੀ ਨੂੰ ਮਿਲੇ ਹੋਏ ਇਨਾਮਾਂ ਅਤੇ ਸਨਮਾਨ ਦਸਤਾਵੇਜ਼ਾਂ ਨੂੰ ਇੱਕਠਾ ਕਰਨ ਲੱਗ ਜਾਈਏ ਤਾਂ ਕਈ ਗੱਡੇ ਭਰ ਜਾਣਗੇ। ਪਰ ਉਹਨਾਂ ਵਿੱਚੋਂ ਪ੍ਰਮੁੱਖ Broadcasting Press Guild Award, ਪਦਮ ਸ਼੍ਰੀ, ਰਿਚਅਡ ਡਿੰਬਲੀ ਅਵਾਰਡ 1985, OBE1985 ਅਤੇ ਬੀ.ਬੀ.ਸੀ. ਏਸ਼ੀਆ ਮੈਗਾ ਮੇਲਾ(ਬਰਮਿੰਘਮ) ਤੇ ਦਿੱਤਾ ਗਿਆ Life time achievement award 2001 ਹਨ।
ਉਹ ਐਨ ਯੂ ਜੇ ਦੇ ਮੈਂਬਰ ਵੀ ਹਨ। ਪੱਤਰਕਾਰੀ ਵਰਗਾ ਜੋਖਮ ਭਰਿਆ ਕਿੱਤਾ ਕਰਦਿਆਂ ਅਨੇਕਾਂ ਹੀ ਹਾਦਸੇ ਵਾਪਰਦੇ ਰਹਿੰਦੇ ਹਨ ਤੇ ਪੈਰ ਪੈਰ ’ਤੇ ਖਤਰਿਆਂ ਨਾਲ ਖੇਡਣਾ ਪੈਂਦਾ ਹੈ। ਜਾਨੀ ਅਤੇ ਮਾਲੀ ਖਤਰਾ ਇਸ ਪੇਸ਼ੇ ਦਾ ਪ੍ਰਮੁੱਖ ਅੰਗ ਹੈ। ਵੈਸੇ ਤਾਂ ਮਾਰਕ ਦੇ ਹੁਣ ਤੱਕ ਦੇ ਸਮੁੱਚੇ ਕੈਰੀਅਰ ਦੌਰਾਨ ਅਨੇਕਾਂ ਛੋਟੀਆਂ-ਮੋਟੀਆਂ ਘਟਨਾਵਾਂ ਘਟ ਚੁੱਕੀਆਂ ਹਨ। ਪਰ ਉਨ੍ਹਾਂ ਵਿੱਚੋਂ ਦੋ ਜ਼ਿਕਰਯੋਗ ਅਜਿਹੀਆਂ ਘਟਨਾਵਾਂ ਹਨ, ਜਦੋਂ ਉਹ ਮੌਤ ਨਾਲ ਖਹਿ ਕੇ ਲੰਘੇ ਸਨ। ਇੱਕ ਤਾਂ ਭੁੱਟੋ ਦੇ ਪ੍ਰਾਣ-ਦੰਡ ਵੇਲੇ ਕੁੱਝ ਜਾਨੂੰਨੀ ਉਨ੍ਹਾਂ ਨੂੰ ਜਾਨੋਂ ਮਾਰਨਾ ਚਾਹੁੰਦੇ ਸਨ, ਉਦੋਂ ਉਹ ਵਾਲਾਵਾਲ ਬਚੇ। ਦੂਜਾ ਜਦੋਂ ਉਹ ਆਯੋਧਿਆ (ਯੂਪੀ) ਵਿਖੇ ਬਾਬਰੀ ਮਸਜਿਦ ਦੀ ਵਾਰਤਾ ਨੂੰ ਕਵਰ ਕਰਨ ਗਏ ਸੀ ਤਾਂ ਉਦੋਂ ਕੁੱਝ ਲੋਕ ਉਨ੍ਹਾਂ ਮਗਰ ਹੱਥ ਧੋਹ ਕੇ ਪੈ ਗਏ ਸਨ। ਉਸ ਵੇਲੇ ਭਾਰਤੀ ਪੱਤਰਕਾਰਾਂ ਨੇ ਉਨ੍ਹਾਂ ਦੀ ਹਿਫ਼ਾਜਤ ਕੀਤੀ ਸੀ। ਇਨ੍ਹਾਂ ਦੋਹਾਂ ਵਾਰਦਾਤਾਂ ਨੂੰ ਯਾਦ ਕਰਕੇ ਅੱਜ ਵੀ ਮਾਰਕ ਨੂੰ ਕੰਬਣੀ ਛਿੜ ਜਾਂਦੀ ਹੈ।
ਬੀਹ ਵਰ੍ਹਿਆ ਦੇ ਲੰਮੇ ਅਰਸੇ ਬਾਅਦ ਭਾਰਤ ਦੀ ਧਰਤੀ ’ਤੇ ਪਹਿਲਾ ਕਦਮ ਰੱਖਣ ਦੇ ਅਨੁਭਵ ਬਾਰੇ ਮਾਰਕ ਬੜ੍ਹੇ ਭਾਵੁਕ ਹੋ ਕੇ ਬਿਆਨ ਕਰਿਆ ਕਰਦੇ ਹਨ, “ਉਨ੍ਹਾਂ ਦਿਨਾਂ ਵਿੱਚ ਫਰੈਂਫਰਟ, ਤਹਿਰਾਨ ਆਦਿ ਅਨੇਕਾਂ ਸਥਾਨਾਂ ਉਂੱਤੇ ਰੁਕਦਾ ਹੋਇਆ ਮੇਰਾ ਜਹਾਜ਼, ਪੰਦਰਾਂ ਸੋਲ੍ਹਾਂ ਘੰਟਿਆਂ ਦੀ ਲੰਮੀ ਉਡਾਨ ਬਾਅਦ ਦਿੱਲੀ ਪੁੰਹਚਿਆ ਸੀ। ਮੈਂ ਬਹੁਤ ਫਿਕਰਮੰਦ ਅਤੇ ਘਬਰਾਇਆ ਹੋਇਆ ਸੀ। ਮੈਨੂੰ ਧੜਕਾ ਲੱਗਿਆ ਹੋਇਆ ਸੀ ਕਿ ਮੇਰਾ ਸਭ ਕੁੱਝ ਛੱਡ ਛਡਾ ਕੇ ਭਾਰਤ ਆਉਣ ਦਾ ਕੀ ਪਰਿਣਾਮ ਨਿਕਲੇਗਾ? ਮੇਰੇ ਜ਼ਿਹਨ ਦੀ ਜ਼ਰਖੇਜ਼ ਜ਼ਮੀਨ ’ਤੇ ਅੱਜ ਵੀ ਹੁਸੀਨ ਪਲ ਕਿਸੇ ਸੱਜਰੀ ਲਿਖੀ ਇਬਾਰਤ ਵਾਂਗ ਤਾਜ਼ਾ ਰੂਪ ਵਿੱਚ ਅੰਕਿਤ ਹਨ, ਜਦੋਂ ਪਹਿਲੇ ਹੀ ਦਿਨ ਦਿੱਲੀ ਹੋਟਲ ਦੇ ਬਰਾਂਡੇ ਵਿੱਚ ਖੜ੍ਹਾ ਮੈਂ ਆਲੇ-ਦੁਆਲੇ ਨੂੰ ਨਿਹਾਰ ਰਿਹਾ ਸੀ। ਦੂਰੋਂ ਮਾਲੀ ਦੇ ਘਰੋਂ ਪੱਕਦੇ ਖਾਣੇ ਦੀ ਮਹਿਕ ਪੌਣਾਂ ਵਿੱਚ ਰਲ੍ਹ ਕੇ ਮੇਰੇ ਤੱਕ ਆਈ ਸੀ। ਮਿੱਟੀ ਦੀ ਭਿੰਨੀ-ਭਿੰਨੀ ਖੁਸ਼ਬੂ ਵਿੱਚੋਂ ਮੈਨੂੰ ਅਪਣੱਤ ਅਤੇ ਪਿਆਰ ਦਾ ਝਲਕਾਰਾ ਮਹਿਸੂਸ ਹੋਇਆ ਸੀ। ਮੈਂ ਆਪਣੇ ਆਪਨੂੰ ਸਿਰ ਤੋਂ ਪੈਰਾਂ ਤੱਕ ਸਿਮਰਤੀਆਂ ਦੇ ਵਾਹ-ਵਰੋਲੇ ਵਿੱਚ ਘਿਰਿਆ ਅਨੁਭਵ ਕਰਿਆ ਸੀ। ਬਚਪਨ ਦੀਆਂ ਉਹ ਤਮਾਮ ਯਾਦਾਂ ਜਿਨ੍ਹਾਂ ਨੂੰ ਤਿਲਾਜ਼ਲੀ ਦੇ ਕੇ ਮੈਂ ਭਾਰਤ ਵਿੱਚ ਹੀ ਛੱਡ ਗਿਆ ਸੀ, ਉਹ ਸਭ ਯਾਨੀ ਮੇਰੇ ਨਾਲ ਫਿਰ ਆ ਬਗਲਗੀਰ ਹੋ ਗਈਆਂ ਸਨ। ਧਰਤੀ ਦਾ ਚੱਪਾ-ਚੱਪਾ ਮੈਨੂੰ ਖੁਸ਼ਾਮਦੀਦ ਆਖ ਰਿਹਾ ਸੀ। ਮੇਰੇ ਅੰਤਰਮਨ ਨੂੰ ਜਾਪਿਆ ਸੀ ਕਿ ਉਸ ਜਗ੍ਹਾ ਭਵਿੱਖ ਮੇਰੇ ਲਈ ਕੋਈ ਨਾਇਯਾਬ ਨਜ਼ਰਾਨਾਂ ਛੁਪਾਈ ਬੈਠਾ ਹੈ। ਇਸ ਤਰ੍ਹਾਂ ਮੈਂ ਉਥੇ ਦਾ ਹੀ ਹੋ ਕੇ ਰਹਿ ਗਿਆ ਹਾਂ ਤੇ ਹੁਣ ਨੌਕਰੀ ਛੱਡਣ ਉਪਰੰਤ ਵੀ ਉਥੋਂ ਆਉਣ ਨੂੰ ਦਿਲ ਨਹੀਂ ਕਰਦਾ।”
ਇੱਕ ਵਾਰ ਮੈਂ ਮਾਰਕ ਟਲੀ ਨੂੰ ਮਿਲਣ ਉਨ੍ਹਾਂ ਦੇ ਘਰ ਗਿਆ। ਮੇਰਾ ਤਪਾਕ ਨਾਲ ਸਵਾਗਤ ਕਰਨ ਬਾਅਦ ਮੈਨੂੰ ਉਨ੍ਹਾਂ ਨੇ ਆਪਣੀ ਬੈਠਕ ਵਿੱਚ ਬੈਠਾਉਂਦਿਆਂ ਪੁੱਛਿਆ, “ਵੱਟ ਵੁੱਡ ਯੂ ਲਾਈਕ, ਰਾਜ?”
“ਐਨੀਥਿੰਗ?” ਮੈਂ ਕਮਰੇ ਦੇ ਕੋਨੇ ਵਿੱਚ ਪਈ ਬੁੱਕ ਸ਼ੈਲਵ ਵਿੱਚ ਖੁੱਭਦਿਆਂ ਬੇਪਰਵਾਹੀ ਨਾਲ ਉਂੱਤਰ ਦਿੱਤਾ।
“ਅੱਛਾ ਤੋ ਕੁਛ ਭੀ ਚਲੇਗਾ, ਹੈਂ? ਯੇਹ ਹੂਈ ਨਾ ਬਾਤ!” ਮਾਰਕ ਹਿੰਦੀ ਵਿੱਚ ਬੋਲੇ।
ਮੇਰੇ ਲਈ ਇਹ ਪਹਿਲਾ ਅਵਸਰ ਸੀ ਜਦੋਂ ਮੈਂ ਮਾਰਕ ਨੂੰ ਹਿੰਦੀ ਬੋਲਦੇ ਸੁਣਿਆ ਸੀ। ਮੈਂ ਹੈਰਾਨੀ ਅਤੇ ਪ੍ਰਸੰਨਤਾ ਦੇ ਮਿਲੇ-ਜੁਲੇ ਭਾਵ ਵਿਅਕਤ ਕਰਦਿਆਂ ਆਖਿਆ, “ਆਪ ਬਹੁਤ ਅੱਛੀ ਹਿੰਦੀ ਬੋਲਤੇ ਹੈਂ।”
ਇਹ ਸੁਣ ਕੇ ਮਾਰਕ ਨੇ ਝਟ ਹਿੰਦੀ ਤੋਂ ਬਦਲ ਕੇ ਮੁੜ ਅੰਗਰੇਜ਼ੀ ਵਾਲਾ ਤਵਾ ਲਾ ਲਿਆ ਤੇ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਬਕਾਇਦਾ ਦੇਵਨਾਗਰੀ ਲਿੱਪੀ ਸਿੱਖੀ ਹੈ ਅਤੇ ਉਹ ਸਿਰਫ਼ ਹਿੰਦੀ ਬੋਲਦੇ ਹੀ ਨਹੀਂ, ਪੜ੍ਹ ਅਤੇ ਲਿਖ ਵੀ ਸਕਦੇ ਹਨ।
ਮੈਂ ਪਹਿਲਾਂ ਪੀਣ ਲਈ ਕੁਸ਼ ਲਿਆਵਾਂ। ਆਖ ਕੇ ਮਾਰਕ ਸੋਫੇ ਤੋਂ ਉਠ ਕੇ ਮੈਨੂੰ ਦੁਬਾਰਾ ਪੁੱਛਣ ਲੱਗਿਆ, “ਟੀ ਔਰ ਕੌਫੀ?”
“ਆਈ ਡੌਂਟ ਮਾਈਂਡ। ਐਨੀਥਿੰਗ।”
ਗੱਲਾਂ ਕਰਦੇ -ਕਰਦੇ ਉਹ ਬਾਹਰ ਨਿਕਲ ਕੇ ਦੂਜੇ ਕਮਰੇ ਵਿੱਚ ਆਪਣੀ ਪਤਨੀ ਨੂੰ ਕੁੱਝ ਪੀਣ ਦਾ ਆਡਰ ਦੇਣ ਚਲੇ ਗਏ। ਉਸ ਤੋਂ ਪਿਛੋਂ ਉਨ੍ਹਾਂ ਦਾ ਕਿਹਾ ਹੋਇਆ ਵਾਕ, ‘ਅੱਛਾ ਤੋ ਕੁਛ ਭੀ ਚਲੇਗਾ, ਹੈਂ? ਯੇਹ ਹੂਈ ਨਾ ਬਾਤ!’ ਮੇਰੇ ਜ਼ਿਹਨ ਵਿੱਚ ਘੁੰਮੀ ਜਾ ਰਿਹਾ ਸੀ। ਯੇਹ ਹੂਈ ਨਾ ਬਾਤ! ਤਾਂ ਉਨ੍ਹਾਂ ਨੇ ਹੁਲਾਸ ਨਾਲ ਇੰਝ ਕਿਹਾ ਸੀ ਜਿਵੇਂ ਉਨ੍ਹਾਂ ਦਾ ਇਰਾਦਾ ਜੌਨੀਵਾਕਰ ਦੀ ਬੋਤਲ ਦਾ ਡੱਟ ਪੱਟਣ ਦਾ ਹੁੰਦੈ। ਉਂਝ ਮਹਿਮਾਨ ਨਿਵਾਜ਼ੀ ਵਿੱਚ ਉਹ ਕੋਈ ਕਸਰ ਬਾਕੀ ਨਹੀਂ ਰਹਿਣ ਦਿੰਦਾ। ਉਸ ਵਕਤ ਸਵੇਰਾ ਸੀ ਵਰਨਾ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਨੇ ਬੋਤਲ ਖੋਲ੍ਹਣ ਲੱਗੇ ਵੀ ਢਿੱਲ ਨਹੀਂ ਸੀ ਕਰਨੀ। ਜਦੋਂ ਮਾਰਕ ਵਾਪਸ ਆਏ ਤਾਂ ਮੈਂ ਉਨ੍ਹਾਂ ਨੂੰ ਇੰਗਲੈਂਡ ਵਿੱਚ ਧੜਾਧੜ ਖੁੱਲ੍ਹ ਰਹੇ ਭਾਰਤੀ ਰੈਸਟੋਰੈਂਟਾਂ ਤੇ ਉਹਨਾਂ ਨੂੰ ਭੱਜ-ਭੱਜ ਪੈ ਰਹੇ ਅੰਗਰੇਜ਼ ਗਾਹਕਾਂ ਬਾਰੇ ਦੱਸਣ ਲੱਗ ਪਿਆ। ਉਹ ਭਾਰਤ ਦੇ ਢਾਬਿਆਂ ਦੀ ਗੰਦਗੀ ਅਤੇ ਕਿਟਾਣੂਆਂ ਵਾਲੇ ਭੋਜਨ ਦੇ ਬੇਸੁਆਦੇ ਹੋਣ ਦੀਆਂ ਕਥਾਵਾਂ ਸੁਣਾ ਕੇ ਮੇਰੀਆਂ ਗੱਲਾਂ ਦਾ ਖੰਡਨ ਕਰੀ ਜਾ ਰਹੇ ਸਨ। ਐਨੇ ਨੂੰ ਮਾਰਕ ਦੀ ਪਤਨੀ ਕੇਤਲੀ, ਪਿਆਲੀਆਂ ਅਤੇ ਚਾਹ ਬਣਾਉਣ ਦੇ ਰਾਸ਼ਨ ਵਾਲੀ ਟਰੇਅ ਮੇਜ਼ ’ਤੇ ਰੱਖ ਕੇ ਚਲੀ ਗਈ। ਮਾਰਕ ਚਾਹ ਬਣਾਉਣ ਲਈ ਆਹੁਲਦੇ ਹੋਏ ਬੋਲੇ, ‘ਚਾਹ ਇੰਡਅਨ ਲਵੋਂਗੇ ਕਿ ਇੰਗਲੀਸ਼?’
ਸਾਰਾ ਕੁੱਝ ਅੱਡੋ-ਅੱਡ ਘੋਲ ਕੇ ਬਣਾਈ ਮਹਿੰਈਆਂ ਨੂੰ ਦੇਣ ਵਾਲੇ ਕਾਹੜੇ ਵਰਗੀ ਅੰਗਰੇਜ਼ੀ ਚਾਹ ਮੈਨੂੰ ਉਕਾ ਈ ਸਵਾਦ ਨਹੀਂ ਲੱਗਦੀ। ਇਸ ਲਈ ਮੈਂ ਚਾਹ ਦੀ ਬਜਾਏ ਆਮ ਤੌਰ ’ਤੇ ਕੌਫੀ ਦਾ ਸੇਵਨ ਹੀ ਕਰਿਆ ਕਰਦਾ ਹਾਂ। ਪਰ ਇੱਥੇ ਮਜ਼ਬੂਰੀ ਸੀ। ਮੈਂ ਬਿਗਾਨੇ ਥਾਂ ਬਹੁਤੇ ਨਖਰੇ ਨਹੀਂ ਸੀ ਕਰ ਸਕਦਾ। ਇੰਗਲੀਸ਼ ਦੀ ਬਜਾਏ ਮੈਂ ਮਾਰਕ ਨੂੰ ਇੰਡੀਅਨ ਚਾਹ ਬਣਾਉਣ ਲਈ ਆਖ ਦਿੱਤਾ। ਇੰਡੀਅਨ ਤੋਂ ਮੈਂ ਸਮਝਿਆ ਸੀ ਕਿ ਉਸਨੂੰ ਬਣਾਉਣ ਦਾ ਢੰਗ ਉਹ ਇੰਡਅਨ ਵਰਤਣਗੇ। ਪੰਜ-ਸੱਤ ਉਬਾਲੇ ਦੇ ਕੇ ਰਿਜੀ ਹੋਈ ਚਾਹ ਮੈਨੂੰ ਪੇਸ਼ ਕਰਨਗੇ। ਪਰ ਉਨ੍ਹਾਂ ਨੇ ਚਾਹ ਬਣਾਈ ਅੰਗੇਰਜ਼ੀ ਢੰਗ ਨਾਲ ਹੀ, ਲੇਕਿਨ ਸੀ ਉਹ ਇੰਡੀਅਨ ਚਾਹ। ਜਦੋਂ ਕੱਪ ਵਿੱਚ ਪਏ ਸਫੈਦ ਬੇਰੰਗ ਪਾਣੀ ਨੂੰ ਕਾਲੀ ਚਾਹ ਦੇ ਕਣਾਂ ਨੇ ਆਪਣੀ ਜੱਫੀ ਵਿੱਚ ਲੈ ਕੇ ਆਪਣੇ ਵਰਗਾ ਕਾਲਾ ਕਰ ਲਿਆ ਤਾਂ ਮਾਰਕ ਨੇ ਪੁੱਛਿਆ, “ਸ਼ੂਗਰ?”
“ਟੂ ਪਲੀਜ਼।”
ਉਨ੍ਹਾਂ ਨੇ ਦੋ ਚਮਚੇ ਚੀਨੀ ਦੇ ਸਿੱਟ ਕੇ ਪਿਆਲੀ ਵਿੱਚ ਝੰਡੇ ਵਾਂਗੂੰ ਚਮਚਾ ਗੱਡ ਕੇ ਚਾਹ ਮੈਨੂੰ ਫੜਾ ਦਿੱਤੀ। ਮਾਰਕ ਸ਼ਾਇਦ ਫਿੱਕੀ ਚਾਹ ਪੀਣ ਦੇ ਆਦੀ ਹਨ, ਇਸ ਲਈ ਉਨ੍ਹਾਂ ਨੂੰ ਮੇਰਾ ਦੋ ਚਮਚੇ ਚੀਨੀ ਪੀਣਾ ਅਜ਼ੀਬ ਜਿਹਾ ਪ੍ਰਤੀਤ ਹੋਇਆ ਸੀ। ਉਨ੍ਹਾਂ ਨੂੰ ਤਾਂ ਦੋ ਚਮਚਿਆਂ ਤੇ ਹੀ ਹੈਰਤ ਹੋ ਗਈ ਸੀ। ਫੇਰ ਪਤਾ ਨਹੀਂ ਕੀ ਹੋਣਾ ਸੀ ਜੇ ਮੈਂ ਮਾਰਕ ਨੂੰ ਦੱਸ ਦਿੰਦਾ ਕਿ ਸਾਡੇ ਘਰੇ ਤਾਂ ਅਸੀਂ ਚਾਹ ’ਚ ਕੜਸ਼ੀਆਂ ਨਾਲ ਖੰਡ ਸਿੱਟੀ ਦੀ ਐ। ਮੁੱਠੀ ਭਰ ਕੇ ਦੋ ਚਾਰ ਫੱਕੇ ਤਾਂ ਯਾਰ ਹੋਣੀ ਚਾਹ ’ਚ ਪਾਉਣ ਤੋਂ ਪਹਿਲਾਂ ਖੰਡ ਦਾ ਮਿੱਠਾ ਟੈਸਟ ਕਰਨ ਲਈ ਹੀ ਮਾਰ ਲੈਂਦੇ ਹਨ।
ਅਸੀਂ ਖਾਸੀ ਦੇਰ ਤੱਕ ਬੈਠੇ ਤਬਾਦਲਾ-ਏ-ਖਿਆਲਾਤ ਕਰਦੇ ਰਹੇ। ਦੇਸ਼-ਵਿਦੇਸ਼ ਦੇ ਲੇਖਕਾਂ ਅਤੇ ਕਿਤਾਬਾਂ ਦੀਆਂ ਗੱਲਾਂ। ਅੰਤਰਰਾਸ਼ਟਰੀ ਗਤੀਵਿਧੀਆ, ਸਰਗਮੀਆਂ, ਕਾਨਫਰੰਸਾਂ ਅਤੇ ਖਬਰਾਂ ਬਾਰੇ। ਭਾਰਤੀ ਫਿਲਮਾਂ ਨੂੰ ਮਾਰਕ ਟਲੀ ਨਿੱਠ ਕੇ ਦੇਖਦੇ ਹਨ ਤੇ ਅਮਰੀਸ਼ ਪੁਰੀ ਦੀ ਅਦਾਕਾਰੀ ਤੋਂ ਐਨਾ ਜ਼ਿਆਦਾ ਮੁਤਸਿਰ ਹਨ ਕਿ ਉਸਦੀ ਝਲਕ ਬੇਸ਼ੱਕ ਮਸ਼ਹੂਰਹੀਆਂ ਵਿੱਚ ਹੀ ਦਿਖਾਈ ਦੇਵੇ ਤਾਂ ਵੀ ਬੜ੍ਹੇ ਧਿਆਨ ਨਾਲ ਤੱਕਦੇ ਹਨ। ਮੈਂ ਆਚੰਭਿਤ ਸੀ ਕਿ ਅੰਗਰੇਜ਼ ਹੋ ਕੇ ਭਾਰਤੀ ਸਭਿਅਤਾ, ਸਾਸਕ੍ਰਿਤੀ, ਇਤਿਹਾਸ ਅਤੇ ਭੰਗੋਲ ਬਾਰੇ ਮਾਰਕ ਨੂੰ ਐਨੀ ਜ਼ਿਆਦਾ ਜਾਣਕਾਰੀ ਸੀ ਕਿ ਜਿਸ ਤੋਂ ਵੀ ਸਾਨੂੰ ਭਾਰਤੀਆਂ ਨੂੰ ਨਹੀਂ ਹੈ। ਸ਼ੋਭਾ ਡੇ ਨੇ ਮਾਰਕ ਟਲੀ ਬਾਰੇ ਠੀਕ ਹੀ ਲਿਖਿਆ ਹੈ ਕਿ, MORE INDIAN THAN MOST INDIANS.” ਸਿੱਖਿਆ ਗ੍ਰਹਿਣ ਕਰਨ ਉਪਰੰਤ ਉਨ੍ਹਾਂ ਨੇ ਭਾਰਤ ਜਾ ਕੇ ਨੌਕਰੀ ਹੀ ਨਹੀਂ ਕੀਤੀ, ਸਗੋਂ ਸਦਾ ਲਈ ਇੰਗਲੈਂਡ ਛੱਡ ਕੇ ਭਾਰਤ ਨੂੰ ਅਪਨਾਇਆ ਹੈ। ਦੂਜੇ ਵੰਨੇ ਅਸੀਂ ਹਾਂ ਕਿ ਆਪਣਾ ਵਤਨ ਛੱਡ ਕੇ ਇਸ ਪ੍ਰਵਾਸੀ ਮੁਲਖ ਵਿੱਚ ਡੇਰੇ ਲਾਈ ਬੈਠੇ ਹਾਂ। ਉਹ ਭਾਰਤੀ ਜੋ ਆਪਣੇ ਤੋਂ ਬਾਹਰ ਜਾ ਕੇ ਹੀ ਉਜਵਲ ਭਵਿੱਖ ਬਣਾ ਲੈਣ ਦੀ ਹਾਮੀ ਭਰਦੇ ਹਨ, ਮਾਰਕ ਟਲੀ ਉਨ੍ਹਾਂ ਭਾਰਤੀਆਂ ਦੀ ਸੋਚ ਅੱਗੇ ਕਈ ਪ੍ਰਸ਼ਨਚਿੰਨ ਖੜ੍ਹੇ ਕਰ ਦਿੰਦਾ ਹੈ।
ਹੱਥਾਂ ਵਿੱਚ ਭਾਫਾਂ ਛੱਡਦੇ ਦਾਰਜਲਿੰਗ ਚਾਹ ਦੇ ਮਹਿਕਦੇ ਕੱਪ ਲਈ ਬੈਠਿਆਂ ਮੈਂ ਮਾਰਕ ਨੂੰ ਭਾਰਤ ਜਾ ਕੇ ਰਹਿਣ ਦੇ ਅਨੁਭਵ ਬਾਰੇ ਪ੍ਰਸ਼ਨ ਕੀਤਾ ਤਾਂ ਉਹ ਹੱਸ ਕੇ ਜੁਆਬ ਦੇਣ ਲੱਗੇ, “ਜਦੋਂ ਮੈਂ ਘਰੇ ਆਪਣੇ ਇੰਡੀਆ ਨੌਕਰੀ ਮਿਲਣ ਬਾਰੇ ਦੱਸਿਆ ਸੀ ਤਾਂ ਮੈਨੂੰ ਮੇਰੇ ਸਕੇ ਸੰਬੰਧੀ ਸਭ ਹਿੰਦੁਸਤਾਨ ਜਾਣ ਤੋਂ ਵਰਜਦੇ ਸੀ। ਸਭ ਦਾ ਖਿਆਲ ਸੀ ਕਿ ਮੈਂ ਉਥੇ ਟਿਕ ਨਹੀਂ ਪਾਊਂਗਾ। ਲੇਕਿਨ ਮੈਂ ਆਪਣੀ ਜਨਮਭੂਮੀ ਦੇਖਣਾ ਚਾਹੁੰਦਾ ਸੀ। ਉਸ ਵਕਤ ਮੇਰੀ ਨੌਕਰੀ ਦੀ ਮਿਆਦ ਤਿੰਨ ਸਾਲ ਸੀ। ਮੈਂ ਕਿਹਾ ਮੈਂ ਔਖਾ-ਸੌਖਾ ਤਿੰਨ ਸਾਲ ਤਾਂ ਪਗਾਉਂਗਾ। ਉਸ ਤੋਂ ਪਸਚਾਤ ਜੋ ਹੋਊ ਦੇਖੀ ਜਾਊ। ਮੈਂ ਸਭ ਦਾ ਵਿਰੋਧ ਕਰਕੇ ਅੰਤ ਉਥੇ ਚਲਿਆ ਗਿਆ। ਮੈਂ ਆਪਣੇ ਜੀਵਨ ਦਾ ਮਹੱਤਵਪੂਰਨ ਅਤੇ ਕੀਮਤੀ ਸਮਾਂ ਭਾਰਤ ਵਿੱਚ ਹੰਢਾਇਆ ਹੈ, ਜ਼ਿੰਦਗੀ ਦੇ ਕਿਸੇ ਵੀ ਪੜਾਅ ਉਂੱਤੇ ਮੈਨੂੰ ਉਥੇ ਰਹਿੰਦਿਆਂ ਕਦੇ ਵੀ ਉਪਰਾਪਨ ਜਾਂ ਬੇਗਾਨਗੀ ਮਹਿਸੂਸ ਨਹੀਂ ਹੋਈ। ਭਾਰਤੀ ਲੋਕ ਬਹੁਤ ਹੀ ਮਿਲਣਸਾਰ ਹਨ। ਮੇਰੇ ਬਹੁਤ ਦੋਸਤ ਬਣੇ ਹੋਏ ਹਨ। ਉਥੇ ਇਸ ਕਰਕੇ ਮੇਰਾ ਹੁਣ ਉਥੋਂ ਆਉਣ ਨੂੰ ਬਿਲਕੁੱਲ ਦਿਲ ਨਹੀਂ ਕਰਦਾ। ਭਾਰਤ ਦੀ ਇਹ ਖੂਬੀ ਹੈ ਇਹ ਹਰ ਕਿਸਮ ਦੇ ਲੋਕਾਂ ਨੂੰ ਆਪਣੇ ਵਿੱਚ ਸਮੋਣ ਦੀ ਸਮਰੱਥਾ ਰੱਖਦਾ ਹੈ।”
ਮਾਰਕ ਦੇ ਮੁਖੋਂ ਇਹ ਸੁਣ ਕੇ ਮੇਰੀਆਂ ਅੱਖਾਂ ਅੱਗੇ ਸਾਗਰ ਦਾ ਦ੍ਰਿਸ਼ ਸਾਕਾਰ ਹੋ ਗਿਆ। ਸਾਹਿਲ ਵਿੱਚ ਖਲਬਲੀ ਜਿਹੀ ਮਚਦੀ ਹੈ। ਇੱਕ ਤੂਫਾਨ ਆਉਂਦਾ ਹੈ ਜੋ ਛੱਲ ਮਾਰ ਕੇ ਪਾਣੀ ਨੂੰ ਬਾਹਰ ਸਿੱਟ ਦਿੰਦਾ ਹੈ। ਕਿਨਾਰੇ ਪਿਆ ਰੇਤਾ ਉਸ ਪਾਣੀ ਦਿਆਂ ਕੁੱਝ ਬੂੰਦਾਂ ਨੂੰ ਆਪਣੇ ਵਿੱਚ ਜਜ਼ਬ ਕਰ ਲੈਂਦਾ ਹੈ। ਬਾਕੀ ਵਾਪਸ ਸਮੁੰਦਰ ਵਿੱਚ ਫੇਰ ਭਟਕਣ ਲਈ ਚਲੀਆਂ ਜਾਂਦੀ ਹਨ ਤੇ ਆਪਣਾ ਜੀਵਨ ਚੱਕਰ ਕੱਟਦੀਆਂ ਰਹਿੰਦੀਆਂ ਹਨ। ਰੇਤੇ ਨਾਲ ਰਲਗੱਡ ਹੋਈਆਂ ਬੂੰਦਾਂ ਦੀ ਮੁਕਤੀ ਹੋ ਜਾਂਦੀ ਹੈ। ਉਹ ਸੰਤੁਸ਼ਟ ਹੋ ਜਾਂਦੀਆਂ ਹਨ, ਕਿਉਂਕਿ ਇੱਕ ਦਿਨ ਉਹਨਾਂ ਪਾਣੀ ਦੇ ਕਤਰਿਆਂ ਦਾ ਜਨਮ ਵੀ ਇਸੇ ਰੇਤ ਦੇ ਕਣਾਂ ਵਿੱਚੋਂ ਹੋਇਆ ਸੀ। ਮਿੱਟੀ ਦੀ ਸਲਾਬ ਨੁੱਚੜ ਕੇ ਹੀ ਤਾਂ ਸਮੁੰਦਰ ਬਣਿਆ ਸੀ। ਮੈਨੂੰ ਮਾਰਕ ਟਲੀ ਕੱਕੇ ਰੇਤੇ ਵਰਗੇ ਭਾਰਤਵਰਸ਼ ਵਿੱਚ ਸਮਾਅ ਗਈ ਉਹ ਮੁਕਤੀ ਪ੍ਰਾਪਤ ਬੂੰਦ ਵਰਗਾ ਲੱਗਿਆ ਤੇ ਬਾਕੀ ਸਾਰੇ ਪ੍ਰਵਾਸੀ ਦੁਨੀਆਂ ਦੇ ਸਮੁੰਦਰ ਦੀਆਂ ਛਲਾਂ ਦੇ ਥਪੇੜੇ ਖਾਂਦੇ ਕਤਰੇ, ਜਿਨ੍ਹਾਂ ਵਿੱਚੋਂ ਖੌਰੇ ਕਦੋਂ ਕਿਸ-ਕਿਸ ਨੂੰ ਕਿਨਾਰੇ ਪਏ ਰੇਤੇ ਵਿੱਚ ਜਾ ਕੇ ਰਲਣਾ ਨਸੀਬ ਹੋਵੇਗਾ ਤੇ ਕਿਸ-ਕਿਸ ਨੇ ਸੂਰਜ ਦੀ ਗਰਮੀ ਨਾਲ ਵਾਸ਼ਪ ਬਣ ਕੇ ਉਡ ਜਾਣਾ ਹੈ।
ਹੁਣ ਵੀ ਇੰਗਲੈਂਡ ਤਾਂ ਮਾਰਕ ਮਹਿਮਾਨ ਬਣ ਕੇ ਹੀ ਆਉਂਦੇ ਹਨ। ਅਸਲ ਟਿਕਾਣਾ ਤਾਂ ਉਨ੍ਹਾਂ ਦਾ ਦਿੱਲੀ ਹੈ। 1994 ਵਿੱਚ ਉਹ ਸਵੈ ਇਛਾ ਨਾਲ ਬੀ ਬੀ ਸੀ ਨੂੰ ਅਸਤੀਫਾ ਦੇ ਗਏ ਤੇ ਹੁਣ ਆਜ਼ਾਦ ਤੌਰ ’ਤੇ ਟੀਵੀ ਚੈਨਲਾਂ ਅਤੇ ਰੇਡਿਉ ਲਈ ਕੰਮ ਕਰ ਰਹੇ ਹਨ। ਪੱਤਰਕਾਰੀ ਦੀ ਐਵਰੈਸਟ ਤੇ ਉਹ ਝੰਡਾ ਗੱਡੀ ਬੈਠੇ ਹਨ। ਵਰ੍ਹਿਆਂ ਦੀ ਤਪੱਸਿਆ ਨਾਲ ਉਨ੍ਹਾਂ ਨੇ ਆਪਣੀ ਕਲਾ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਹੈ। ਉਨ੍ਹਾਂ ਦੀ ਪੱਤਰਕਾਰੀ ਦੀ ਸਿਖਰ ਅਤੇ ਧਾਕ ਦਾ ਅੰਦਾਜ਼ਾ ਇਸ ਗੱਲ ਤੋਂ ਬਾਖੂਬ ਲਾਇਆ ਜਾ ਸਕਦਾ ਹੈ ਕਿ 31 ਅਕਤੂਬਰ 1984 ਨੂੰ ਜਦੋਂ ਭਾਰਤ ਦੀ ਪ੍ਰਧਾਨ ਮੰਤਰੀ ਮਿਸਜ਼ ਇੰਦਰਾ ਗਾਂਧੀ ਦੀ ਹੱਤਿਆ ਹੋਈ ਤਾਂ ਉਸ ਵੇਲੇ ਰਾਜੀਵ ਗਾਂਧੀ ਕਲਕੱਤੇ ਵਿਖੇ ਸੀ। ਬੀ ਬੀ ਸੀ ਦਾ ਦਾਵਾ ਹੈ ਕਿ ਰਾਜੀਵ ਗਾਂਧੀ ਨੇ ਇਸ ਖਬਰ ਉਂੱਤੇ ਉਨਾ ਚਿਰ ਤੱਕ ਵਿਸ਼ਵਾਸ਼ ਨਹੀਂ ਸੀ ਕਰਿਆ, ਜਿੰਨਾ ਚਿਰ ਤੱਕ ਉਸਨੇ ਮਾਰਕ ਦੀ ਜ਼ੁਬਾਨੀ ਦੀ ਇਹ ਖਬਰ ਨਹੀਂ ਸੀ ਸੁਣੀ।
ਅੱਜ ਮਾਰਕ ਟਲੀ ਨੂੰ ਪੱਤਰਕਾਰੀ ਦਾ ਮਹਾਂਵੀਰ ਕਿਹਾ ਜਾਂਦਾ ਹੈ। ਜਿਵੇਂ ਸਿਰੀ ਚੁੱਕਦਾ ਹੋਇਆ ਹਰ ਗਵੱਈਆ ਮੁਹੰਮਦ ਰਫੀ ਜਾਂ ਨੁਰਸਤ ਫਤੇਹ ਅਲੀ ਖਾਂ ਬਣਨਾ ਚਾਹੁੰਦਾ ਹੈ ਇਵੇਂ ਹੀ ਪੱਤਰਕਾਰੀ ਦੇ ਮੈਦਾਨ ਵਿੱਚ ਉਤਰਨ ਵਾਲਾ ਹਰ ਨਵਾਂ ਰੰਗਰੂਟ ਮਾਰਕ ਟਲੀ ਬਣਨ ਦਾ ਟੀਚਾ ਆਪਣੇ ਲਈ ਮਿਥ ਲੈਂਦਾ ਹੈ। ਸ਼ਾਲਾ ਪੱਤਰਕਾਰੀ ਦਾ ਇਹ ਸੁਨਿਹਰੀ ਹਸਤਾਖਰ ਇਸ ਤਰ੍ਹਾਂ ਚਮਕਦਾ ਦਮਕਦਾ ਰਹੇ!
ਨੋਟ: ਇਹ ਲੇਖ ਮੈਂ ਕੁਝ ਵਰ੍ਹੇ ਪਹਿਲਾਂ ਉਦੋਂ ਲਿਖਿਆ ਸੀ, ਜਦੋਂ ਮੈਂ ਮਾਰਕ ਟਲੀ ਦੇ ਸੰਪਰਕ ਵਿਚ ਸੱਜਰਾ ਆਇਆ ਸੀ। ਮਾਰਕ ਟਲੀ ਦੇ ਘਰ ਜਾਣ ਵੇਲੇ ਮੇਰੇ ਨਾਲ ਦਲਬੀਰ ਸੁੰਮਨ ਹਲਵਾਰਵੀ ਵੀ ਸੀ।
No comments:
Post a Comment