13 ਮਈ 2005 ਨੂੰ ਵਿਸ਼ਵ ਭਰ ਵਿਚ ਬੜੇ ਵੱਡੇ ਪੱਧਰ ਉੱਤੇ ਅਮਰੀਕਾ ਨਿਵਾਸੀ ਨਿਰਮਾਤਾ ਐਨ ਆਰ ਪਾਚੀਸੀਆ ਅਤੇ ਉਸ ਦੇ ਪੁੱਤਰ ਬਬਲੂ ਪਾਚੀਸੀਆ ਨੇ ਆਪਣੀ ਹਿੰਦੀ ਫਿਲਮ 'ਜੋ ਬੋਲੇ ਸੋ ਨਿਹਾਲ' ਜਾਰੀ ਕੀਤੀ। ਬੜ੍ਹੇ ਲੰਮੇ ਸਮੇਂ ਤੋਂ ਦਰਸ਼ਕਾਂ ਨੂੰ ਇਸ ਫਿਲਮ ਦੀ ਉਡੀਕ ਸੀ। ਵਰਣਨਯੋਗ ਹੈ ਕਿ ਇਸ ਫਿਲਮ ਦੀ ਘੋਸ਼ਣਾ ਅਤੇ ਸ਼ੂਟਿੰਗ ਸ਼ੁਰੂ ਹੁੰਦਿਆਂ ਹੀ ਫਿਲਮ ਉਦਯੋਗ ਦੇ ਜ਼ੋਤਸ਼ੀਆਂ ਨੇ ਇਸ ਫਿਲ਼ਮ ਦੇ ਬਾਕਸ ਆਫਿਸ 'ਤੇ ਹਿੱਟ ਹੋਣ ਦੀ ਭਵਿੱਖਬਾਣੀ ਕਰ ਦਿੱਤੀ ਸੀ। ਦਰਅਸਲ ਉਸ ਪੇਸ਼ਨਗੋਈ ਪਿਛੇ ਇਹ ਰਾਜ਼ ਛੁਪਿਆ ਹੋਇਆ ਹੈ ਕਿ ਜਿਸ ਫਿਲਮ ਵਿਚ ਸੰਨੀ ਦਿਉਲ ਪੱਗ ਬੰਨ੍ਹੇ (ਫਿਲਮ 'ਬਾਰਡਰ' ਅਤੇ 'ਗਦਰ' ਇਸ ਦੀਆਂ ਮਿਸਾਲਾਂ ਹਨ) ਜਾਂ ਉਸ ਦੇ ਵਿਰੁਧ ਕੋਈ ਖਾਨ ਵਿਲਨ ਹੋਵੇ (ਫਿਲਮ 'ਡਰ' ਇਸ ਦੀ ਵਧੀਆ ਮਿਸਾਲ ਹੈ) ਤਾਂ ਯਕੀਨਨ ਉਹ ਫਿਲਮ ਹਿੱਟ ਹੋਵੇਗੀ। ਇਸ ਤੋਂ ਇਲਾਵਾ ਇਸ ਫਿਲਮ ਵਿਚ ਸਵ: ਜਗਜੀਤ ਸਿੰਘ ਚੂਹੜਚੱਕ ਵਾਲੇ ਦਾ ਖੋਜਿਆ ਫਾਰਮੂਲਾ ਅਰਥਾਤ ਜੱਟਵਾਦ ਨੂੰ ਭਾਰੂ ਰੱਖਣਾ ਵੀ ਸ਼ਾਮਿਲ ਸੀ। ਫਿਲਮਾਂ ਵਿਚ ਅਨੇਕਾਂ ਸਥਾਨਾਂ 'ਤੇ ਸੰਨੀ ਦਿਉਲ ਵੱਲੋਂ 'ਨੋ ਇੱਫ, ਨੋ ਬੱਟ, ਸਿਰਫ ਜੱਟ' ਸੰਵਾਦ ਬੋਲਣਾ ਇਸ ਤੱਥ ਦੀ ਪੈਰ ਗੱਡ ਕੇ ਪ੍ਰੋੜਤਾ ਕਰਦਾ ਹੈ। ਇਸ ਵਿਚ ਕੋਈ ਸ਼ੱਕ ਦੀ ਗੁੰਜ਼ਾਇਸ਼ ਨਹੀਂ ਕਿ 'ਜੋ ਬੋਲੇ ਸੋ ਨਿਹਾਲ' ਵਿਚ ਹਿੱਟ ਹੋਣ ਦੀ ਪੂਰਣ ਸੰਭਾਵਨਾ ਸੀ ਅਤੇ ਹੁਣ ਵੀ ਹੈ। ਲੇਕਿਨ ਸਿੱਖ ਜਥੇਬੰਦੀਆਂ ਵੱਲੋਂ ਉੱਠੇ ਵਿਰੋਧ ਨੇ ਇਸ ਫਿਲਮ ਦੇ ਭਵਿੱਖ ਨੂੰ ਧੁੰਦਕਾਰੇ ਅਤੇ ਹਨੇਰੇ ਖੂਹ ਵਿਚ ਸਿੱਟ ਦਿੱਤਾ ਹੈ। ਕੁਝ ਕੁ (ਸਾਰੀਆਂ ਨਹੀਂ) ਸਿੱਖ ਜਥੇਬੰਦੀਆਂ ਵੱਲੋਂ ਇਸ ਫਿਲਮ ਦਾ ਵਿਰੋਧ ਕਰਦਿਆਂ ਜੋ ਇਤਰਾਜ਼ ਉਠਾਏ ਗਏ ਹਨ, ਹਥਲੇ ਲੇਖ ਵਿਚ ਉਹਨਾਂ ਬਾਰੇ ਦਲੀਲਪੂਰਵਕ ਵਿਚਾਰ ਅਤੇ ਨਿਰਣਾ ਕਰਾਂਗੇ ਕਿ ਉਹ ਕਿੰਨੇ ਕੁ ਜਾਇਜ਼ ਹਨ ਅਤੇ ਕਿੰਨੇ ਕੁ ਗਲਤ!!! ਉਨ੍ਹਾਂ ਵਿਵਾਦਾਂ ਦੇ ਉੱਠਣ ਦੇ ਕਿਹੜੇ ਕਿਹੜੇ ਕਾਰਨ ਸਨ ਅਤੇ ਉਨ੍ਹਾਂ ਦਾ ਲੋਕਾਂ 'ਤੇ ਕੀ ਪ੍ਰਭਾਵ ਪਿਆ?
ਇਸ ਤੋਂ ਪਹਿਲਾਂ ਕਿ ਫਿਲਮ ਪ੍ਰਤਿ ਉੱਠੇ ਇਤਰਾਜ਼ਾਂ ਦੀ ਫਰਿਸ਼ਤ ਬਣਾਇਏ ਅਤੇ ਉਹਨਾਂ ਨੂੰ ਘੋਖੀਏ। ਆਉ ਪਹਿਲਾ ਫਿਲਮ ਅਤੇ ਉਸ
ਨਾਲ ਜੁੜੇ ਕੁਝ ਪੱਖਾਂ ਬਾਰੇ ਕੁਝ ਵਿਚਾਰ ਕਰੀਏ:-ਇਸ ਫਿਲਮ ਨਾਲ ਜੁੜੀਆਂ ਹਸਤੀਆਂ ਅਤੇ ਉਹਨਾਂ ਦੇ ਕਾਰਜ ਹੇਠ ਲਿਖੇ ਪ੍ਰਕਾਰ ਹਨ:-
ਨਿਰਮਾਤਾ: ਬਬਲੂ ਅਤੇ ਐਨ ਆਰ ਪਚੀਸੀਆ
ਨਿਰਦੇਸ਼ਕ: ਰਾਹੁਲ ਰਵੇਲ
ਮੁੱਖ ਸਿਤਾਰੇ: ਸੰਨੀ ਦਿਉਲ, ਸ਼ੀਲਪੀ ਸ਼ਰਮਾ(ਮੁਧਗਲ), ਕਮਾਲ ਖਾਨ, ਨੂਪਰ ਮਹਿਤਾ, ਆਰੂਨ ਬਖਸ਼ੀ, ਸੁਰੇਖਾ ਸਿਕਰੀ ਅਤੇ ਯੂ ਐਸ ਨਿਵਾਸੀ ਅਮੈਰਿਕਨ ਇੰਡਅਨ ਐਕਟਰ ਥੌਮਸ ਓਮਰ ਟਿਵਾਣਾ
ਗੀਤਕਾਰ: ਦੇਵ ਕੋਹਲੀ
ਸੰਗੀਤਕਾਰ: ਆਨੰਦ ਰਾਜ ਆਨੰਦ
ਪਿੱਠਵਰਤੀ ਗਾਇਕ: ਸੁਖਵਿੰਦਰ ਸਿੰਘ, ਜਸਪਿੰਦਰ ਨਰੂਲਾ, ਅਲਕਾ ਯਾਗਨਿਕ, ਸੁਨਿੰਧੀ ਚੌਹਾਨ, ਉਦਿਤ ਨਰਾਇਣ
ਇਥੇ ਵਰਣਨਯੋਗ ਹੈ ਕਿ ਫਿਲਮ ਨਾਲ ਜੁੜੇ ਬਹੁਤੇ ਬੰਦੇ ਪੰਜਾਬੀ ਹਨ ਜਿਵੇਂ ਕਿ ਸੰਨੀ ਦਿਉਲ, ਦੇਵ ਕੋਹਲੀ (ਜੋ ਦਸਤਾਰਧਾਰੀ ਹਨ), ਆਨੰਦ ਰਾਜ ਆਨੰਦ, ਸੁਖਵਿੰਦਰ ਸਿੰਘ, ਜਸਪਿੰਦਰ ਨਰੂਲਾ ਆਦਿ।
ਆਉ ਹੁਣ ਕੁਝ ਫਿਲਮ ਦੀ ਕਹਾਣੀ ਅਤੇ ਉਸਦੇ ਤਕਨੀਕੀ ਪੱਖਾਂ 'ਤੇ ਨਿਗਾਹ ਮਾਰੀਏ:-
ਇਸ ਫਿਲਮ ਵਿਚ ਮੁੱਖ ਪਾਤਰ ਨਿਹਾਲ ਸਿੰਘ (ਸੰਨੀ ਦਿਉਲ ਉਰਫ ਅਜੇ ਸਿੰਘ ਦਿਉਲ, ਜੋ ਕਿ ਪ੍ਰਸਿੱਧ ਅਦਾਕਾਰ ਧਰਮਿੰਦਰ ਅਤੇ ਪ੍ਰਕਾਸ਼ ਕੌਰ ਦਾ ਪੁੱਤਰ ਹੈ ਤੇ ਜਿਸਦੇ ਦਾਦਕੇ ਸਾਹਨੇਵਾਲ, ਜ਼ਿਲਾ ਲੁਧਿਆਣਾ ਅਤੇ ਨਾਨਕੇ ਬਨਭੌਰੇ, ਜ਼ਿਲ੍ਹਾ ਸੰਗਰੂਰ ਹਨ) ਹੈ, ਜੋ ਪੰਜਾਬ ਪੁਲਸ ਵਿਚ ਨੌਕਰੀ ਕਰਨ ਦੇ ਬਾਵਜੂਦ ਵੀ ਬਹੁਤ ਭੋਲਾ ਅਤੇ ਰਹਿਮ ਦਿਲ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਹ ਰਿਸ਼ਵਤਖੋਰ ਨਹੀਂ ਹੈ ਤੇ ਵਾਹਿਗੁਰੂ 'ਤੇ ਭਰੋਸਾ ਰੱਖਦਾ ਤੇ ਉਸਦਾ ਭਾਣਾ ਮੰਨਣ ਵਾਲਾ ਇੰਨਸਾਨ ਹੈ।ਉਹ ਕਿਸੇ ਸਰਹੱਦੀ ਪਿੰਡ ਵਿਚ ਨੌਕਰੀ ਕਰਦਾ ਹੈ।
ਫਿਲਮ ਦਾ ਖਲਨਾਇਕ ਰੋਮੀਓ (ਕਮਾਲ ਖਾਨ- ‘ਓ ਓ ਜਾਨੇ ਜਾਨਾ’ ਗੀਤ ਨਾਲ ਚਰਚਿਤ ਹੋਣ ਵਾਲਾ ਬ੍ਰਿਟਿਸ਼ ਏਸ਼ੀਅਨ ਗਾਇਕ ਅਤੇ ਸਵ: ਮਹਿਮੂਦ ਦਾ ਪੁੱਤਰ) ਅੱਤਵਾਦੀ ਗੁੱਟ ਨਾਲ ਜੁੜਿਆ ਹੁੰਦਾ ਹੈ ਤੇ ਕੱਟੜ ਇਸਾਈ ਹੁੰਦਾ ਹੈ। ਉਹ ਨਿਰੰਤਰ ਗੁਨਾਹ ਕਰਨ ਦਾ ਆਦੀ ਹੈ ਤੇ ਹਰ ਐਤਵਾਰ ਪਾਦਰੀ ਕੋਲ ਚਰਚ ਜਾ ਕੇ ਆਪਣੇ ਗੁਨਾਹਾਂ ਦਾ ਇਕਬਾਲ ਕਰਕੇ ਪ੍ਰਮਾਤਮਾ ਤੋਂ ਆਪਣੀਆਂ ਭੁੱਲਾਂ ਬਖਸ਼ਾਉਂਦਾ ਹੈ। ਪਟਕਥਾਕਾਰ ਨੇ ਬੜ੍ਹੀ ਚਲਾਕੀ ਨਾਲ ਖਲਨਾਇਕ ਨੂੰ ਇਸਾਈ ਦਿਖਾ ਕੇ ਅਸਪਸ਼ਟ ਰੂਪ ਵਿਚ ਅੱਤਵਾਦੀਆਂ ਵੱਲ ਸਾਫ ਅਤੇ ਸਪੱਸ਼ਟ ਇਸ਼ਾਰਾ ਕਰ ਦਿੱਤਾ ਹੈ।ਰੋਮਿਓ ਬੰਬ ਧਮਾਕਿਆਂ ਦੀਆਂ ਅਤਿਸੰਗੀਨ ਵਾਰਦਾਤਾਂ ਕਰਦਾ ਕਰਦਾ ਨਿਹਾਲ ਸਿੰਘ ਨੂੰ ਆ ਟੱਕਰਦਾ ਹੈ ਤੇ ਨਿਹਾਲ ਸਿੰਘ ਉਸ ਨੂੰ ਮਾਮੂਲੀ ਜਿਹੇ ਜ਼ੁਰਮ ਅਧੀਨ ਗ੍ਰਿਫਤਾਰ ਕਰ ਲੈਂਦਾ ਹੈ। ਲੇਕਿਨ ਰੋਮਿਓ ਚਲਾਕੀ ਨਾਲ ਨਿਹਾਲ ਸਿੰਘ ਨੂੰ ਬੁੱਧੂ ਬਣਾ ਕੇ ਵਾਹਗਾ ਬਾਰਡਰ ਪਾਰ ਕਰ ਜਾਂਦਾ ਹੈ। ਰੋਮਿਓ ਤੋਂ ਰਿਸ਼ਵਤ ਲੈ ਕੇ ਉਸ ਨੂੰ ਫਰਾਰ ਕਰਾਉਣ ਦੇ ਇਲਜ਼ਾਮ ਵਿਚ ਨਿਹਾਲ ਸਿੰਘ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਜਾਂਦਾ ਹੈ। ਜਿਸ ਦੇ ਫਲਸਰੂਪ ਲੋਕ ਨਿਹਾਲ ਸਿੰਘ ਨੂੰ ਗਦਾਰ ਹੋਣ ਦਾ ਫਤਵਾ ਸੁਣਾ ਦਿੰਦੇ ਅਤੇ ਉਸ ਦੇ ਪਰਿਵਾਰ ਦਾ ਬਾਈਕਾਟ ਕਰ ਦਿੰਦੇ ਹਨ। ਨਿਹਾਲ ਸਿੰਘ ਦੇ ਪਿਉ ਤੋਂ ਸਰਪੰਚੀ ਵੀ ਜ਼ਬਰਦਸਤੀ ਖੋਹ ਲਈ ਜਾਂਦੀ ਹੈ। ਇਥੇ ਹੀ ਬਸ ਨਹੀਂ ਉਸ ਦੀ ਭੈਣ ਦਾ ਰਿਸ਼ਤਾ ਵੀ ਟੁੱਟ ਜਾਂਦਾ ਹੈ। ਜਾਣੀ ਕਿ ਨਿਹਾਲ ਸਿੰਘ ਅਤੇ ਉਸ ਦੇ ਪਰਿਵਾਰ ਉੱਤੇ ਦੁੱਖਾਂ ਦੇ ਪਹਾੜ ਟੁੱਟ ਪੈਂਦੇ ਹਨ।
ਨਿਤਾਣੇ ਹੋਏ ਨਿਹਾਲ ਸਿੰਘ ਨੂੰ ਉਸ ਮਾਂ (ਸੁਰੇਖਾ ਸਿਕਰੀ) ਹੌਂਸਲਾ ਦਿੰਦੀ ਹੋਈ ਆਖਦੀ ਹੈ ਕਿ ਪੁੱਤ ਤੂੰ ਢੇਰੀਆਂ ਨਾ ਢਾਹ ਵਾਹਿਗੁਰੂ 'ਤੇ ਭਰੋਸਾ ਰੱਖ ਉਹ ਤੇਰੀ ਮਦਦ ਜ਼ਰੂਰ ਕਰੇਗਾ। ਨਿਹਾਲ ਸਿੰਘ ਪਰਿਵਾਰ ਸਮੇਤ ਗੁਰਦੁਆਰੇ ਜਾ ਕੇ ਅਰਦਾਸ ਕਰਦਾ ਹੈ ਤਾਂ ਐਨ ਉਸੇ ਵਕਤ ਇਲਾਕੇ ਐਸ. ਐਸ. ਪੀ.(Senior Superdent of Police) ਨਾਲ ਅਮਰੀਕਾ ਦੀ ਖੁਫੀਆ ਏਜੰਸੀ ਐਫ. ਬੀ. ਆਈ. (Federal Bureau of Investigation) ਦੇ ਅਫਸਰ ਨਾਲ ਆ ਪਹੁੰਚਦੇ ਹਨ। ਐਫ. ਬੀ. ਆਈ. ਨੂੰ ਇਹ ਸੁਹ ਮਿਲਦੀ ਹੈ ਕਿ ਅੱਤਵਾਦੀਆਂ ਦੇ ਇਸ਼ਾਰੇ ’ਤੇ ਰੋਮਿਓ ਅਮਰੀਕਾ ਦੇ ਰਾਸ਼ਟਰਪਤੀ ਦੀ ਹੱਤਿਆ ਕਰਨੀ ਚਾਹੁੰਦਾ ਹੈ। ਉਹ ਰੋਮੀਓ ਦਾ ਸੁਰਾਗ ਲਾਉਣਾ ਚਾਹੁੰਦੇ ਹੁੰਦੇ ਹਨ, ਪਰ ਰੋਮੀਓ ਦੀ ਸ਼ਕਲ ਤੋਂ ਨਾਵਾਕਿਫ ਹੁੰਦੇ ਹਨ। ਕੇਵਲ ਨਿਹਾਲ ਸਿੰਘ ਹੀ ਅਜਿਹਾ ਵਿਅਕਤੀ ਹੁੰਦਾ ਹੈ ਜਿਸਨੇ ਰੋਮਿਓ ਨੂੰ ਦੇਖਿਆ ਹੁੰਦਾ ਹੈ। ਐਫ. ਬੀ. ਆਈ. ਵਾਲੇ ਰੋਮੀਓ ਦਾ ਹੁਲੀਆ ਜਾਨਣਾ ਚਾਹੁੰਦੇ ਹੁੰਦੇ ਹਨ। ਪਰ ਨਿਹਾਲ ਸਿੰਘ ਰੋਮੀਓ ਨੂੰ ਪੰਜਾਬ ਲਿਆਕੇ ਆਪਣੇ ਪਿੰਡ ਵਾਲਿਆਂ ਨੂੰ ਆਪਣੇ ਨਿਰਦੋਸ਼ ਹੋਣ ਬਾਰੇ ਸਾਬਤ ਕਰਨਾ ਚਾਹੁੰਦਾ ਹੈ। ਥੋੜ੍ਹੀ ਬਹਿਸ ਤੋਂ ਬਾਅਦ ਐਫ. ਬੀ. ਆਈ. ਨੂੰ ਨਿਹਾਲ ਸਿੰਘ ਦੀ ਮੰਨਣੀ ਪੈਂਦੀ ਹੈ। ਅਮਰੀਕਾ ਪੁਹੰਚਣ 'ਤੇ ਐਫ. ਬੀ. ਆਈ. ਦੇ ਏਜੰਟਾਂ ਵਿਚੋਂ ਦੋ ਭਾਰਤੀ ਏਜੰਟ ਉਸ ਦੀ ਮਦਦ ਅਤੇ ਤਰਜ਼ੁਮਾ ਕਰਨ ਲਈ ਮੁਹੱਈਆ ਕੀਤੇ ਜਾਂਦੇ ਹਨ ਜਿਨ੍ਹਾਂ ਵਿਚੋਂ ਇਕ ਤਾਂ ਥੌਮਸ ਓਮਰ ਟਿਵਾਣਾ ਹੁੰਦਾ ਹੈ। ਦੂਜੀ ਸਤਵਿੰਦਰ ਕੌਰ ਉਰਫ ਸੂਜ਼ੈਨ (ਸ਼ੀਲਪੀ ਸ਼ਰਮਾ-ਸ਼ਿਲਪੀ ਸ਼ਰਮਾ ਦਾ ਨਾਂਅ ਆਮ ਫ਼ਿਲਮੀ ਦਰਸ਼ਕਾਂ ਨੂੰ ਭਾਵੇਂ ਨਵਾਂ ਲੱਗਾ ਹੋਵੇ ਪਰ ਹਕੀਕਤ ਇਹ ਹੈ ਕਿ ਐਨ. ਚੰਦਰਾ ਦੀ ਫ਼ਿਲਮ 'ਸਟਾਇਲ' ਰਾਹੀਂ ਸ਼ਿਲਪੀ ਫ਼ਿਲਮ ਇੰਡਸਟਰੀ ਵਿਚ ਕਦਮ ਰੱਖ ਚੁੱਕੀ ਸੀ। ਹਾਲਾਂਕਿ ਇਹ ਫ਼ਿਲਮ ਸ਼ਿਲਪੀ ਦਾ ਕੋਈ ਫਾਇਦਾ ਨਹੀਂ ਕਰ ਸਕੀ ਪਰ ਫਿਰ ਵੀ ਸ਼ਿਲਪੀ ਨੇ ਹਿੰਮਤ ਨਹੀਂ ਹਾਰੀ ਅਤੇ ਆਪਣਾ ਸੰਘਰਸ਼ ਜਾਰੀ ਰਖਿਆ। ਇਸ ਭੂਮਿਕਾ ਲਈ 'ਜੋ ਬੋਲੇ ਸੋ ਨਿਹਾਲ' ਦੇ ਨਿਰਦੇਸ਼ਕ ਰਾਹੁਲ ਰਵੇਲ ਨੇ ਤਕਰੀਬਨ 200 ਕੁੜੀਆਂ ਦਾ ਸਕਰੀਨ ਟੈਸਟ ਲਿਆ ਸੀ ਪਰ ਅਖੀਰ ਵਿਚ ਉਨ੍ਹਾਂ ਨੇ ਇਸ ਭੂਮਿਕਾ ਲਈ ਸ਼ਿਲਪੀ ਸ਼ਰਮਾ ਨੂੰ ਚੁਣ ਲਿਆ। ਸ਼ਿਲਪੀ ਦੱਖਣ ਭਾਰਤੀ ਫ਼ਿਲਮਾਂ ਵੀ ਕਰ ਚੁੱਕੀ ਹੈ ਅਤੇ ਹੁਣ ਹਿੰਦੀ ਫ਼ਿਲਮਾਂ ਵਿਚ ਨਾਂਅ ਅਤੇ ਨਾਵਾਂ ਕਮਾਉਣਾ ਚਾਹੁੰਦੀ ਹੈ।ਉਹ ਅਮੀਰ ਪਰਿਵਾਰ 'ਚੋਂ ਹੈ ਅਤੇ ਉਸ ਦਾ ਪਰਿਵਾਰ ਰਾਜਨੀਤੀ ਵਿਚ ਵੀ ਸਰਗਰਮ ਹੈ ।) ਹੁੰਦੀ ਹੈ। ਜਿਉ ਜਿਉ ਕਹਾਣੀ ਅਗਾਂਹ ਵਧਦੀ ਹੈ ਉਸ ਵਿਚ ਰੋਮੀਓ ਵਾਰਦਾਤਾਂ ਕਰਦਾ ਰਹਿੰਦਾ ਹੈ ਤੇ ਨਿਹਾਲ ਸਿੰਘ ਉਸਦੀ ਭਾਲ ਕਰਦਾ ਰਹਿੰਦਾ ਹੈ। ਇਸੇ ਸੰਘਰਸ਼ ਦੌਰਾਨ ਸੂਜ਼ੈਨ, ਨਿਹਾਲ ਸਿੰਘ ਦੀ ਸ਼ਖਸੀਅਤ ਤੋਂ ਪ੍ਰਵਾਵਿਤ ਹੋ ਜਾਂਦੀ ਹੈ ਤੇ ਉਸ ਨੂੰ ਪਿਆਰ ਕਰਨ ਲੱਗ ਜਾਂਦੀ ਹੈ।
ਅੰਤ ਵਿਚ ਨਿਹਾਲ ਸਿੰਘ ਕਰੜੇ ਸੰਘਰਸ਼ ਤੋਂ ਬਾਅਦ ਆਪਣੀ ਜਾਨ ਹੀਲ ਕੇ ਰੋਮੀਓ ਨੂੰ ਗ੍ਰਿਫਤਾਰ ਕਰਕੇ ਪੰਜਾਬ ਲੈ ਆਉਂਦਾ ਹੈ ਤੇ ਪਿੰਡ ਵਾਲਿਆਂ ਸਾਹਮਣੇ ਆਪਣੇ ਨਿਰਦੋਸ਼ ਹੋਣ ਦਾ ਸਬੂਤ ਦਿੰਦਾ ਹੈ। ਸੂਜ਼ੈਨ ਵੀ ਅਮਰੀਕਾ ਤੋਂ ਨਿਹਾਲ ਸਿੰਘ ਨਾਲ ਘਰ ਵਸਾਉਣ ਲਈ ਆ ਜਾਂਦੀ ਹੈ। ਨਿਹਾਲ ਸਿੰਘ ਨੂੰ ਉਸਦਾ ਗਵਾਚਿਆ ਹੋਇਆ ਮਾਣ ਸਨਮਾਨ ਅਤੇ ਨੌਕਰੀ ਮਿਲ ਜਾਂਦੀ ਹੈ ਤੇ ਐਫ ਬੀ ਵਾਲੇ ਰੋਮੀਓ ਨੂੰ ਲੈ ਜਾਂਦੇ ਹਨ।ਨਿਹਾਲ ਸਿੰਘ ਤੇ ਉਸਦਾ ਪਰਿਵਾਰ ਗੁਰਦੁਆਰੇ ਖੜ੍ਹਕੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਦੇ ਹੋਏ ਜੈਕਾਰਾ ਲਾਉਂਦੇ ਹਨ।
ਇਹ ਤਾਂ ਸੀ ਸੰਖੇਪ ਵਿਚ ਫਿਲਮ ਦੀ ਕਹਾਣੀ। ਆਉ ਹੁਣ ਸਿੱਖ ਜਥੇਬੰਦੀਆਂ ਵੱਲੋਂ ਉਠਾਏ ਗਏ ਇਤਰਾਜ਼ਾਂ ਨੂੰ ਜਾਣੀਏ, ਜੋ ਮੂਲ ਰੂਪ ਵਿਚ ਹੇਠ ਲਿਖੇ ਪ੍ਰਕਾਰ ਹਨ:-
1) ਫਿਲਮ ਦਾ ਸਿਰਲੇਖ ਗੁਰਬਾਣੀ 'ਤੇ ਅਧਾਰਿਤ ਹੈ।'ਜੋ ਬੋਲੇ ਸੋ ਨਿਹਾਲ ਦਾ' ਇਹ ਜੈਕਾਰਾ ਗੁਰਦੁਆਰੇ ਤੋਂ ਬਾਹਰ ਨਹੀਂ ਵਰਤਿਆ ਜਾ ਸਕਦਾ।
2) ਧਾਰਮਿਕ ਸਿਰਲੇਖ ਵਾਲੀ ਫਿਲਮ ਵਿਚ ਰੋਮਾਂਚਿਕ ਦ੍ਰਿਸ਼ ਹਨ।ਫਿਲਮ ਦਾ ਨਾਮ ਬਦਲਿਆ ਜਾਵੇ ਜਾਂ ਦ੍ਰਿਸ਼ ਕੱਢੇ ਜਾਣ।
3) ਪੰਜਾਬ ਪੁਲਸ ਦੇ ਕਿਰਦਾਰ ਉੱਚਾ ਚੁੱਕਿਆ ਗਿਆ ਹੈ।ਜਦ ਕਿ ਪੰਜਾਬ ਪੁਲਿਸ ਜ਼ਾਲਮ ਅਤੇ ਅਤਿਆਚਾਰੀ ਹੈ।
4) ਸਿੱਖ ਨੂੰ ਸ਼ਰਾਬ ਪੀਂਦਿਆਂ ਦਿਖਾਇਆ ਗਿਆ ਹੈ।
5) ਸਿਰਲੇਖ ਗੀਤ ਵਿਚ ਗੁਰਬਾਣੀ ਦੀਆਂ ਤੁਕਾਂ ਤੋੜ-ਮਰੋੜ ਕੇ ਪੇਸ਼ ਕਰਨ ਨਾਲ ਗੁਰਬਾਣੀ ਦੀ ਬੇਅਦਬੀ ਹੋਈ ਹੈ।
ਇਹਨਾਂ ਉਪਰੋਕਤ ਨੁਕਤਿਆਂ ਨੂੰ ਅਧਾਰ ਬਣਾ ਕੇ ਸਿੱਖ ਜਥੇਬੰਦੀਆਂ ਨੇ ਇਹ ਬਿਆਨ ਦਿੱਤਾ ਹੈ ਕਿ ਇਸ ਨਾਲ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਸਭ ਤੋਂ ਪਹਿਲਾਂ ਤਾਂ ਪਹਿਲੇ ਨੁਕਤੇ ਨੂੰ ਵਿਚਾਰੀਏ। 'ਜੋ ਬੋਲੇ ਸੋ ਨਿਹਾਲ' ਇਕ ਜੈਕਾਰਾ ਹੈ ਜੋ ਕਿ ਚੜ੍ਹਦੀ ਕਲਾ ਦਾ ਬੋਲਾ ਹੈ ਤੇ ਸਿੰਘਾਂ ਵੱਲੋਂ ਸਿੱਖ ਧਰਮ ਉਪਮਾ ਕਰਨ, ਸ਼ਰਧਾ ਬਰਕਰਾਰ ਰੱਖਣ ਅਤੇ ਜੰਗਾਂ ਯੁੱਧਾਂ ਵਿਚ ਲੜਦੇ ਸਮੇਂ ਅਤੇ ਜ਼ੁਲਮ ਦਾ ਟਾਕਰਾ ਕਰਦਿਆਂ ਹਿੰਤਮ, ਹੌਂਸਲੇ ਬਲੁੰਦ ਕਰਨ ਅਤੇ ਸਾਥੀਆਂ ਵਿਚ ਸ਼ਕਤੀ ਭਰਨ ਲਈ ਇਸਤੇਮਾਲ ਕੀਤਾ ਜਾਂਦਾ ਸੀ ਤੇ ਕੀਤਾ ਜਾਂਦਾ ਹੈ। ਵਰਣਨਯੋਗ ਹੈ ਕਿ ਅਕਸਰ ਜਾਲੂਸ ਜਲਸਿਆਂ ਅਤੇ ਨਗਰ ਕੀਰਤਨਾਂ ਦੌਰਾਨ ਵੀ ਇਹ ਜੈਕਾਰਾ ਗੁੰਜਾਇਆ ਜਾਂਦਾ ਹੈ। 12 ਜੂਨ ਨੂੰ ਲੰਡਨ ਵਿਖੇ ਹੋ ਰਹੇ ਮੁਜ਼ਾਹਰੇ ਵਿਚ ਵੀ ਇਹ ਜੈਕਾਰੇ ਗੁੰਜਦੇ ਸੁਣੇ ਜਾ ਸਕਣਗੇ। ਸੋ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਕਿ ਫਿਲਮ ਦਾ ਸਿਰਲੇਖ 'ਜੋ ਬੋਲੇ ਸੋ ਨਿਹਾਲ' ਰੱਖ ਕੇ ਨਿਰਮਾਤਾ ਨੇ ਗੁਨਾਹ-ਏ-ਅਜ਼ੀਮ ਕਰ ਦਿੱਤਾ ਹੈ। ਸਾਰੀ ਫਿਲਮ ਹੀ ਸਿੱਖ ਫਲਾਸਫੀ 'ਤੇ ਅਧਾਰਤ ਹੈ। ਅਸੀਂ ਅਕਸਰ ਆਖਦੇ ਹਾਂ ਕਿ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ॥' ਇਹ ਫਿਲਮ ਇਸ ਗੱਲ ਨੂੰ ਸਾਬਤ ਕਰਦੀ ਕਿ ਵਾਹਿਗੁਰੂ ਆਪਣੇ ਸ਼ਰਧਾਵਾਨ ਸਿੱਖ ਦੀ ਮਦਦ ਕਰਦਾ ਹੈ। ਸਾਰੀ ਫਿਲਮ ਦਾ ਤਾਣਾ ਪੇਟਾ ਹੀ 'ਜੋ ਬੋਲੇ ਸੋ ਨਿਹਾਲ' ਦੇ ਜੈਕਾਰੇ ਦੇ ਇਰਦ-ਗਿਰਦ ਵਲਿਆ ਹੋਇਆ ਹੈ। ਇਸ ਵਿਚ ਫੇਰ ਬਦਲ ਕਰਨ ਨਾਲ ਫਿਲਮ ਦਾ ਉਹ ਪ੍ਰਭਾਵ ਹੀ ਨਹੀਂ ਰਹਿਣਾ, ਜੋ ਹੁਣ ਹੈ।
'ਜੋ ਬੋਲੇ ਸੋ ਨਿਹਾਲ' ਉਚਾਰਣ ਨਾਲ ਸਿੱਖੀ ਨੂੰ ਢਾਹ ਨਹੀਂ ਲਗਦੀ ਬਲਕਿ ਸਿੱਖ ਦਾ ਪਰਚਮ ਬੁਲੰਦ ਲਹਿਰਾਉਂਦਾ ਹੈ। ਇਥੇ ਮੈਂ ਇਕ ਨਿੱਕੀ ਜਿਹੀ ਮਿਸਾਲ ਦੇਣੀ ਚਾਹਾਂਗਾ। ਜ਼ਰ੍ਹਾ ਫਰਜ਼ ਕਰਕੇ ਦੇਖੋ ਕਿ ਜੇਕਰ ਪ੍ਰਯੋਗ ਦੇ ਤੌਰ 'ਤੇ ਫਿਲਮ ਨਿਰਮਾਤਾ 'ਜੋ ਬੋਲੇ ਸੋ ਨਿਹਾਲ' ਦੀ ਥਾਂ 'ਤੇ 'ਅੱਲਾ ਹੂ ਅਕਬਰ' ਕਹਾ ਦਿੰਦੇ ਤੇ ਫਿਲਮ ਦੇ ਨਾਇਕ ਨੂੰ ਮੁਸਲਮਾਨ ਬਣਾ ਦਿੰਦੇ। ਯਕੀਨ ਮੁਸਲਮਾਨਾਂ ਨੇ ਨਾ ਤਾਂ ਕੋਈ ਇਤਰਾਜ਼ ਕਰਨਾ ਸੀ। ਸਗੋਂ ਫਿਲਮ ਨੂੰ ਹਿੱਟ ਵੀ ਕਰਵਾਉਣਾ ਸੀ। ਹੁਣ ਜ਼ਰਾ ਫਿਲਮ ਦੇਖਣ ਜਾਉ ਤੇ ਜਿਥੇ ਨਾਇਕ 'ਜੋ ਬੋਲੇ ਸੋ ਨਿਹਾਲ' ਦਾ ਜੈਕਾਰਾ ਛੱਡਦਾ ਉਥੇ ਇਹ ਸਮਝ ਲੈਣਾ ਕਿ ਉਹ 'ਅੱਲਾ ਹੂ ਅਕਬਰ' ਆਖ ਰਿਹਾ ਹੈ। ਤੇ ਜਿਥੇ ਪੱਗ ਬੰਨ੍ਹੀ ਹੈ ਉਥੇ ਮੰਨ ਲੈਣਾ ਕਿ ਉਸਦੇ ਇਲਸਾਮੀ ਟੋਪੀ ਲਈ ਹੈ ਤੇ ਉਹ ਇਸਲਾਮ ਦਾ ਪੈਰੋਕਾਰ ਹੈ। ਫਿਰ ਨਿਰਣਾ ਕਰਨਾ ਕਿ ਜੇਕਰ ਕੋਈ ਮੁਸਲਮਾਨ ਇਹ ਫਿਲਮ ਉਸੇ ਰੂਪ ਵਿਚ ਦੇਖ ਰਿਹਾ ਹੋਵੇ ਜਿਵੇਂ ਕਿ ਆਪਾਂ ਕਾਲਪਨਿਕ ਤਬਦੀਲੀਆਂ ਕੀਤੀਆਂ ਹਨ, ਕੀ ਉਸ ਮੁਸਲਮਾਨ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਲੱਗੇਗੀ? ਯਕੀਨਨ ਤੁਹਾਡਾ ਉੱਤਰ ਨਾਂਹ ਵਿਚ ਹੋਵੇਗਾ! ਤੁਹਾਨੂੰ ਖੁਦ ਬਾਖੁਦ ਜਵਾਬ ਮਿਲ ਜਾਵੇਗਾ।
ਫਿਲਮ ਵਿਚ ਇਕ ਸੀਨ ਆਉਂਦਾ ਹੈ ਜਦੋਂ ਖਲਨਾਇਕ ਨੇ ਸਿੱਖ ਦਾ ਭੇਸ ਧਾਰਿਆ ਹੁੰਦਾ ਹੈ। ਉਸ ਨੂੰ ਉਸਦੇ ਦੁਸ਼ਮਣ ਮਾਰ ਰਹੇ ਹੁੰਦੇ ਹਨ ਤੇ ਨਾਇਕ ਆ ਕੇ ਉਸਦੀ ਰੱਖਿਆ ਕਰਦਾ ਹੈ ਤੇ ਖਲਨਾਇਕ ਨੂੰ ਦੱਸਦਾ ਹੈ ਕਿ ਉਸ ਨੇ ਉਸ ਨੂੰ ਪਹਿਚਾਣ ਲਿਆ ਹੈ ਕਿ ਉਹ ਅਸਲੀ ਸਿੱਖ ਨਹੀਂ ਕਿਉਂਕਿ ਉਹ 'ਜੋ ਬੋਲੇ ਸੋ ਨਿਹਾਲ' ਦਾ ਜਵਾਬ 'ਸਤਿ ਸ੍ਰੀ ਅਕਾਲ' ਵਿਚ ਨਹੀਂ ਦਿੰਦਾ!
ਦੂਜਾ ਗੰਭੀਰ ਦੋਸ਼ ਇਹ ਲਗਾਇਆ ਜਾਂਦਾ ਹੈ ਕਿ ਧਾਰਮਿਕ ਸਿਰਲੇਖ ਵਾਲੀ ਫਿਲਮ ਵਿਚ ਰੋਮਾਂਚਿਕ ਦ੍ਰਿਸ਼ ਹਨ।ਫਿਲਮ ਦਾ ਨਾਮ ਬਦਲਿਆ ਜਾਵੇ ਜਾਂ ਦ੍ਰਿਸ਼ ਕੱਢੇ ਜਾਣ।
ਇਥੇ ਹੁਣ ਦੋ ਸਵਾਲ ਖੜ੍ਹੇ ਹੁੰਦੇ ਹਨ ਇਕ ਤਾਂ ਜੇ ਫਰਜ਼ ਕਰੋ ਸਿਰਲੇਖ ਬਦਲ ਦਿੱਤਾ ਜਾਂਦਾ ਹੈ। ਫਿਰ ਸੀਨ ਕੱਢਣ ਦਾ ਤਾਂ ਸਵਾਲ ਹੀ ਨਹੀਂ ਉੱਠਦਾ। ਕੋਈ ਹੋਰ ਸਿਰਲੇਖ ਰੱਖ ਕੇ ਤਾਂ ਭਲਾ ਉਸ ਵਿਚ ਹੋਰ ਸੀਨ ਜੋੜ ਦਿੱਤੇ ਜਾਣ। ਸਿਰਲੇਖ ਬਦਲਣ ਬਾਅਦ ਇਤਰਾਜ਼ ਕਿਵੇਂ ਉਠਾਇਆ ਜਾ ਸਕਦਾ ਹੈ?
ਦੁਸਰੀ ਗੱਲ ਕਿ ਧਾਰਮਿਕ ਸਿਰਲੇਖ ਵਰਤ ਕੇ ਰੋਮਾਂਚਕ ਸੀਨ ਪਾਏ ਗਏ ਹਨ।ਜਿੰਨਾ ਲੋਕਾਂ ਦਾ ਇਹ ਵਿਚਾਰ ਹੈ, ਮੇਰੇ ਅਨੁਸਾਰ ਉਹ ਜਾਂ ਤਾਂ ਬਹੁਤ ਹੀ ਸੌੜੀ ਸੋਚ ਦੇ ਮਾਲਕ, ਅਸਭਿਅਕ ਤੇ ਪਹੀਆ ਯੁੱਗੀ ਇੰਨਸਾਨ ਹਨ ਜਾਂ ਫਿਰ ਉਹ ਔਰੰਗਜ਼ੇਬ ਵਾਂਗ ਆਪਣੇ ਅੰਦਰ ਅੰਨੀ ਕੱਟਤਾ ਪਾਲੀ ਬੈਠੇ ਹਨ। ਭੁੱਲਣਾ ਨਹੀਂ ਚਾਹੀਦਾ ਕਿ ਸਿੱਖ ਦਾ ਅਰਥ ਸਿੱਖਿਆਰਥੀ ਹੁੰਦਾ ਹੈ।ਕੀ ਅਜੇ ਤੱਕ ਸਿੱਖ ਨੇ ਕੁਝ ਵੀ ਨਹੀਂ ਸਿੱਖਿਆ? ਕੀ ਸਿੱਖ ਅਜੇ ਵੀ ਅਸਭਿਅਕ ਹਨ?
ਸਿੱਖ ਧਰਮ ਤਾਂ ਗ੍ਰਹਿਸਤ ਮਾਰਗ ਨੂੰ ਉੱਚਤਮ ਮੰਨਦਾ ਅਤੇ ਪ੍ਰਧਾਨਤਾ ਦਿੰਦਾ ਹੈ।ਔਰਤ ਮਰਦ ਸੰਬੰਧ ਤਾਂ ਬਾਬਾ ਆਦਮ ਅਤੇ ਹਵਾ ਦੇ ਸਮੇਂ ਤੋਂ ਸ਼ੁਰੂ ਹੋਏ ਹਨ ਤੇ ਇਹ ਜੁਗਾਂ-ਜੁਗੰਤਰਾਂ ਤੱਕ ਰਹਿਣਗੇ। ਗੁਰਬਾਣੀ ਪੰਜ ਵਕਾਰਾਂ ਵਿਚੋਂ ਕਾਮ ਨੂੰ ਵੀ ਇਕ ਸ਼ਕਤੀ ਵਜੋਂ ਸਵਿਕਾਰਦੀ ਹੈ। ਕਾਮ ਇਕ ਐਸੀ ਦਿੱਬਯ ਤਾਕਤ ਹੈ ਜਿਸਤੋਂ ਰਿਸ਼ੀ-ਮੁੰਨੀ ਵੀ ਨਹੀਂ ਬਚ ਸਕੇ। ਇਕ ਨੌਜਵਾਨ ਮੁੰਡਾ ਇਕ ਕੁੜੀ ਦੇ ਕਰੀਬ ਹੁੰਦਾ ਹੈ ਤੇ ਉਨ੍ਹਾਂ ਦਰਮਿਆਨ ਸੰਬੰਧ ਬਣ ਜਾਂਦੇ ਹਨ ਤਾਂ ਇਸ ਨਾਲ ਕਿਤੇ ਕਿੰਨੀ ਕੁ ਆਫਤ ਆ ਜਾਂਦੀ ਹੈ।ਉਸ ਫਿਲਮ ਵਿਚ ਨਿਰਮਾਤਾ ਨੇ ਕਈ ਵਾਰ ਦਿਖਾਇਆ ਹੈ ਕਿ ਜਦੋਂ ਵੀ ਨਾਇਕਾ ਆਪਣੀ ਅਦਾ ਦਾ ਤੀਰ ਛੱਡਦੀ ਜਾਂ ਆ ਆਪਣੇ ਜਿਸਮ ਨੂੰ ਹਥਿਆਰ ਬਣਾ ਕੇ ਵਰਤਦੀ ਹੈ ਤਾਂ ਨਾਇਕ ਬੇਹੋਸ਼ ਹੋ ਜਾਂਦਾ ਹੈ। ਇਹ ਗੱਲ ਇਸ ਤੱਥ ਦਾ ਪ੍ਰਮਾਣ ਦਿੰਦੀ ਹੈ ਕਿ ਨਾਇਕ ਉੱਚੇ ਇਖਲਾਕ ਦਾ ਮਾਲਿਕ ਹੈ।
ਫਿਰ ਇਕ ਦ੍ਰਿਸ਼ ਆਉਂਦਾ ਹੈ ਜਿਸ ਨੂੰ ਫਿਲਮ ਵਿਚ ਫੇਡ ਕਰਕੇ ਸੰਕੇਤਕ ਤੌਰ ’ਤੇ ਦਰਸਾਇਆ ਗਿਆ ਹੈ ਕਿ ਨਾਇਕ ਅਤੇ ਨਾਇਕਾ ਦਰਮਿਆਨ ਜਿਨਸੀ ਸੰਬੰਧ ਬਣਦੇ ਹਨ। ਜੇ ਨਿਰਮਾਤਾ ਅਜਿਹਾ ਨਾ ਕਰਦਾ ਤਾਂ ਫਿਰ ਸਿੱਖ ਜਥੇਬੰਦੀਆਂ ਨੇ ਇਹ ਆਖਣਾ ਸੀ ਕਿ ਨਿਰਮਾਤਾ ਨੇ ਸਿੱਖਾਂ ਨੂੰ ਨਿਪੁੰਸਕ ਦਰਸਾਇਆ ਹੈ।
ਰੋਮਾਂਚ ਦ੍ਰਿਸ਼ ਕਹਾਣੀ ਦੀ ਮੰਗ ਹਨ, ਕਿਉਂਕਿ ਐਫ. ਬੀ. ਆਈ. ਨਿਹਾਲ ਸਿੰਘ ਨੂੰ ਆਪਣੇ ਢੰਗ ਨਾਲ ਵਰਤਣਾ ਚਾਹੁੰਦੀ ਹੈ ਤੇ ਇਸ ਲਈ ਉਹ ਆਪਣੀ ਏਜੰਟ ਨੂੰ ਨਿਹਾਲ ਸਿੰਘ ’ਤੇ ਆਪਣੇ ਹੁਸਨ ਦਾ ਜਾਦੂ ਚਲਾਉਣ ਲਈ ਵੀ ਹੁਕਮ ਦਿੰਦੇ ਹਨ।ਫਿਲਮ ਵਿਚ ਇਸ ਸੰਬੰਧੀ ਸੰਵਾਦ ਵੀ ਦਰਜ਼ ਹੈ, “Even try your charm on him.”
ਦੁਸਰਾ ਮੁੱਖ ਨਾਇਕਾ ਅਮਰੀਕਾ ਦੀ ਜੰਮਪਲ ਹੈ ਦੇ ਉਸ ਦਾ ਲਿਬਾਸ ਵੀ ਉਸੇ ਪ੍ਰਕਾਰ ਦਾ ਹੀ ਹੋਵੇਗਾ। ਇਹੀ ਗੱਲ ਦੂਜੀ ਸਹਾਇਕ ਨਾਇਕਾ ਲੀਸਾ (ਨੂਪਰ ਮਹਿਤਾ) ’ਤੇ ਵੀ ਲਾਗੂ ਹੁੰਦੀ ਹੈ। ਬੇਸ਼ਕ ਨੂਪਰ ਮਹਿਤਾ ਦੇ ਰੋਲ ਦੀ ਕੋਈ ਖਾਸ ਲੋੜ ਨਹੀਂ ਸੀ, ਪਰ ਫਿਰ ਵੀ ਉਸ ਦੀ ਭੂਮਿਕਾ ਕੇਵਲ ਅੰਗਪ੍ਰਦਰਸ਼ਨ ਕਰਵਾਉਣ ਲਈ ਹੀ ਫਿਲਮ ਵਿਚ ਪਾਈ ਗਈ ਹੈ, ਜੋ ਕਿ ਫਿਲਮ ਲਈ ਕਾਰੋਬਾਰੀ ਪੱਖ ਤੋਂ ਕਾਫੀ ਸਹਾਈ ਸਿੱਧ ਹੋਈ ਹੈ।
ਅਸੀਂ ਪੱਛਮ ਵਿਚ ਰਹਿ ਰਹੇ ਹਾਂ ਤੇ ਉਸ ਤੋਂ ਕਿਤੇ ਵੱਧ ਨੰਗੇਜ਼ ਹਰ ਰੋਜ਼ ਜਾਣੇ ਅਣਜਾਣੇ ਦੇਖਦੇ ਹਾਂ। ਭਾਰਤ ਵਿਚ ਵੀ ਅੱਜਕੱਲ੍ਹ ਨੰਗੇਜ਼ਵਾਦ ਦਾ ਬੋਲਬਾਲਾ ਹੈ। ਭਾਵੇਂ ਕਿ ਅਸੀਂ ਇਸ ਗੱਲ ਨੂੰ ਸਵਿਕਾਰੀਏ ਜਾਂ ਨਾ। ਕਬੂਤਰ ਦੇ ਅੱਖਾਂ ਮੀਚਣ ਨਾਲ ਬਿੱਲੀ ਉਸ ਨੂੰ ਛੱਡ ਨਹੀਂ ਦਿੰਦੀ। ਅਸੀਂ ਲੱਖ ਕੋਸ਼ਿਸ਼ ਕਰ ਲਈਏ ਨੰਗੇਜ਼ਵਾਦ ਦਿਨੋਂ-ਦਿਨ ਵਧੀ ਜਾਣਾ ਹੈ ਘਟਣਾ ਨਹੀਂ। ਆਹੀਸਤਾ- ਆਹੀਸਤਾ ਨੌਬਤ ਇਥੋਂ ਤੱਕ ਆ ਜਾਵੇਗੀ ਕਿ ਆਦਿ ਕਾਲ ਦੇ ਆਦਿ ਮਾਨਵਾਂ ਵਾਂਗ ਲੋਕ ਸ਼ਰੇਆਮ ਨੰਗ-ਧੜੰਗੇ ਫਿਰਿਆ ਕਰਨਗੇ! ਫਿਰ ਉਸ ਤੋਂ ਕਈ ਸਾਲ ਬਾਅਦ ਜਦ ਲੋਕ ਨੰਗੇਜ਼ਬਾਦ ਤੋਂ ਅੱਕ ਜਾਣਗੇ ਤਾਂ ਮੁੜ ਜਿਸਮ ਨੂੰ ਕੱਝਣ ਦੀ ਮੁਹਿੰਮ ਸ਼ੁਰੂ ਹੋਵੇਗੀ। ਪਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਹੁਣ ਅਸੀਂ ਨੰਗੇਜ਼ਵਾਦ ਨੂੰ ਨੱਥ ਨਹੀਂ ਪਾ ਸਕਦੇ। ਹੁਣ ਤਾਂ ਸਾਨੂੰ ਇਸ ਨੂੰ ਝੱਲਣਾ ਪਵੇਗਾ। ਚਾਹੇ ਰੋ ਕੇ ਝੱਲੀਏ ਚਾਹੇ ਹੱਸ ਕੇ।
ਨੁਕਤਾ ਨੰਬਰ ਤਿੰਨ ਇਹ ਹੈ ਕਿ ਫਿਲਮ ਵਿਚ ਪੰਜਾਬ ਪੁਲਸ ਦੇ ਕਿਰਦਾਰ ਨੂੰ ਉੱਚਾ ਚੁੱਕਿਆ ਗਿਆ ਹੈ। ਜਦ ਕਿ ਪੁਲਿਸ ਨੇ ਬਹੁਤ ਅਤਿਆਚਾਰ ਕੀਤੇ ਹਨ। ਕੀ ਪੰਜੇ ਉਂਗਲਾਂ ਇਕੋ ਜਿਹੀਆਂ ਹੁੰਦੀਆਂ ਹਨ? ਪੁਲਸ ਵਾਲੇ ਵੀ ਆਮ ਇੰਨਸਾਨ ਹੀ ਹਨ। ਭਾਵੇਂ ਬਹੁ-ਗਿਣਤੀ ਮਾੜੇ ਹੁੰਦੇ ਹਨ, ਪਰ ਇਸ ਮਹਿਕਮੇ ਵਿਚ ਚੰਗੇ ਬੰਦੇ ਵੀ ਹਨ। ਬਹੁਤ ਸਾਰੇ ਅਜਿਹੇ ਅਫਸਰਾਂ (ਸੰਤਰੀ ਤੋਂ ਡੀ ਆਈ ਜੀ ਰੈਂਕ ਤੱਕ) ਨੂੰ ਮੈਂ ਨਿੱਜੀ ਤੌਰ ’ਤੇ ਜਾਣਦਾ ਹਾਂ, ਜੋ ਚੰਗੇ ਸ਼ਬਦ ਦੀ ਉਪਾਦੀ ਦੇ ਹੱਕਦਾਰ ਹਨ।(ਵਰਣਨਯੋਗ ਹੈ ਕਿ ਇਹਨਾਂ ਸਤਰਾਂ ਦਾ ਲੇਖਕ ਖੁਦ ਵੀ ਪੰਜਾਬ ਪੁਲਸ ਦੇ ‘ਥਰਡ ਡਿਗਰੀ’ ਤਸ਼ੱਦਦ ਨੂੰ ਪਿੰਡੇ ’ਤੇ ਹੰਢਾਅ ਚੁੱਕਾ ਹੈ।)
ਮੇਰੇ ਮੁਜਬ ਇਸ ਇਤਰਾਜ਼ ਵਿਚ ਵੀ ਕੋਈ ਬਹੁਤਾ ਵਜਨ ਨਹੀਂ ਕਿ ਪੰਜਾਬ ਪੁਲਸ ਨੂੰ ਵਡਿਆ ਗਿਆ ਹੈ। ਮਜ਼ੇ ਦੀ ਗੱਲ ਤਾਂ ਇਹ ਹੈ ਕਿ ਸ਼ੁਰੂ ਤੋਂ ਅੰਤ ਤੱਕ ਤਾਂ ਨਿਹਾਲ ਸਿੰਘ ਨੌਕਰੀਉਂ ਮੁਅੱਤਲ ਰਹਿੰਦਾ ਹੈ। ਪੁਲਿਸ ਕਰਮਚਾਰੀ ਤਾਂ ਉਹ ਹੈ ਹੀ ਨਹੀਂ। ਨਾ ਹੀ ਉਹ ਆਪਣੇ ਮਹਿਕਮੇ ਲਈ ਮੁਜ਼ਰਮਾਂ ਨੂੰ ਫੜ੍ਹਨਾ ਚਾਹੁੰਦਾ ਹੈ। ਇਹ ਤਾਂ ਇਕ ਨਿੱਜੀ ਵਿਅਕਤੀ ਦੀ ਜੰਗ ਹੈ ਜੋ ਆਪਣੇ ਮੱਥੇ ’ਤੇ ਲੱਗੇ ਕਲੰਕ ਨੂੰ ਧੋਣਾ ਚਾਹੁੰਦਾ ਹੈ।
ਚੌਥਾ ਤੇ ਅਗਲਾ ਇਤਰਾਜ਼ ਹੈ ਕਿ ਸਿੱਖ ਨੂੰ ਸ਼ਰਾਬ ਪੀਦਿਆਂ ਦਿਖਾਇਆ ਗਿਆ ਹੈ। ਇਸ ਵਿਚ ਕੀ ਗਲਤ ਹੈ? ਜੇ ਜ਼ਿਆਦਾ ਨਹੀਂ ਤਾਂ ਘੱਟੋ-ਘੱਟ 70 ਪ੍ਰਤੀਸ਼ਤ ਸਿੱਖ ਸ਼ਰਾਬ ਦਾ ਸੇਵਨ ਕਰਦੇ ਹਨ। ਵਰਣਨਯੋਗ ਹੈ ਕਿ ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਹੈ। ਜਿਸ ਦੁਆਰਾ ਕਲਮਬਧ ਕੀਤੇ ਸਿੱਖ ਇਤਹਾਸ ਨੂੰ ਅੰਗਰੇਜ਼ੀ ਲੇਖਕ ਵੀ ਸੰਕੇਤ ਦੇਣ ਸਮੇਂ ਵਰਤਦੇ ਹਨ। ਖੁਸ਼ਵੰਤ ਸਿੰਘ ਇਕ ਸਿੱਖ ਹੈ ਤੇ ਉਹ ਰੋਜ਼ ਸ਼ਰਾਬ ਪੀਂਦਾ ਹੈ।ਸਵ: ਸੰਤ ਸਿੰਘ ਸੇਖੋਂ ਜੀ ਵੀ ਸਿੱਖ ਸਨ ਤੇ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਅਨੁਵਾਦ ਕਰਦੇ ਸਮੇਂ ਉਹ ਦੋ ਪੇਟੀਆਂ ਸ਼ਰਾਬ ਪੀ ਗਏ ਸਨ। ਮਹਾਂਰਾਜਾ ਰਣਜੀਤ ਸਿੰਘ ਇਕ ਸਿੱਖ ਸੀ ਤੇ ਇਤਹਾਸ ਗਵਾਹ ਹੈ ਉਹ ਮਹੀਨਾ ਮਹੀਨਾ ਲਾਹੌਰ ਦੀ ਹੀਰਾ ਮੰਡੀ ਵਿਚ ਮੌਰਾਂ ਨਾਚੀ ਦੇ ਕੋਠੇ ’ਤੇ ਪਿਆ ਸ਼ਰਾਬ ਪੀਂਦਾ ਰਹਿੰਦਾ ਹੁੰਦਾ ਸੀ। ਬ੍ਰਮਿੰਘਮ ਜਾਂ ਸਾਉਥਾਲ ਦੇ ਕਿਸੇ ਵੀ ਪੱਬ ਵਿਚ ਚਲੇ ਜਾਇਉ ਤੁਹਾਨੂੰ ਕੋਈ ਨਾ ਕੋਈ ਸਿੱਖ ਉਥੇ ਸ਼ਰਾਬ ਪੀਂਦਾ ਨਜ਼ਰ ਆ ਜਾਵੇਗਾ।
ਪੰਜਵਾਂ ਇਤਰਾਜ਼ ਕੇ ਗੀਤ ਦੇ ਵਿਚ ਗੁਰਬਾਣੀ ਦੀਆਂ ਤੁਕਾਂ ਤੋੜ-ਮਰੋੜ ਕੇ ਪੇਸ਼ ਕੀਤੀਆਂ ਗਈਆਂ ਹਨ। ਪਾਠਕ ਗੀਤ ਦੇ ਬੋਲ ਪੜ੍ਹ ਕੇ ਆਪ ਹੀ ਅੰਦਾਜ਼ਾ ਲਾ ਸਕਦੇ ਹਨ ਕਿ ਉਹ ਤੁਕਾਂ ਵਰਤਣ ਨਾਲ ਗੀਤਕਾਰ ਦੇਵ ਕੋਹਲੀ ਨੇ ਕਿਤੇ ਕਿੰਨਾ ਕੁ ਅਨਰਥ ਕਰ ਦਿੱਤਾ ਹੈ। ਗੀਤ ਦੇ ਬੋਲ ਹੇਠ ਲਿਖੇ ਹਨ:-
ਅਸਥਾਈ: ਗੁਰੂਆਂ ਕਾ ਆਪਣੇ ਮਾਨ ਰੱਖਦੇ
ਆਪਣੀ ਹਥੇਲੀ ਪੇ ਜਾਨ ਰੱਖਦੇ
ਚਿੜੀਓ ਕੇ ਸੰਗ ਬਾਜ ਲੜਾਏਂ
ਚਲੇਂ ਸ਼ੇਰ ਸ਼ੇਰ ਕੀ ਚਾਲ
ਜਦ ਕੀਤਾ ਪੰਜਾਬੀਆਂ ਨੇ ਕੀਤਾ ਹੈ ਕਮਾਲ
ਓਏ ਜੋ ਬੋਲੇ ਸੋ ਨਿਹਾਲ
ਕੋਰਸ: ਸਤਿ ਸ੍ਰੀ ਅਕਾਲ
1) ਨਾਨਕ ਨਾਮ ਜਹਾਜ਼ ਹੈ ਜੋ ਚੜੇ ਸੋ ਉਤਰੇ ਪਾਰ
ਜਿਸਨੇ ਟੇਕ ਲਗਾਈ ਉਸਕਾ ਹੋ ਗਿਆ ਬੇੜਾ ਪਾਰ
ਰੱਬ ਸੱਚਾ ਹੈ ਅਪਨੇ ਬੰਦੋਂ ਕੇ ਵੋਹ ਕਾਜ ਸਵਾਰੇ
ਮੰਜ਼ਿਲ ਉਸੀ ਕੋ ਮਿਲਤੀ ਹੈ ਜੋ ਹਿੰਮਤ ਕਬੀ ਨਾ ਹਾਰੇ
ਜੋ ਕਹਿਤੇ ਹੈਂ ਵੋ ਕਰਤੇ ਹੈ ਯੇ ਗੁਰੂਓ ਕੇ ਲਾਲ
ਓਏ ਜੋ ਬੋਲੇ ਸੋ ਨਿਹਾਲ
ਕੋਰਸ: ਸਤਿ ਸ੍ਰੀ ਅਕਾਲ
2 ਸਵਾ ਲਾਖ ਸੇ ਏਕ ਲੜਾਊਂ ਤਬ ਗੁਰੂ ਗੋਬਿੰਦ ਕਹਿਲਾਊਂ
ਜਹਾਂ ਵੀ ਜਾਊਂ ਜੀਤ ਕੇ ਆਊਂ
ਦਾਸ ਤੇਰਾ ਐਸਾ ਕਹਿਲਾਊਂ
ਵਕਤ ਗਵਾਹੀ ਦੇਤਾ ਹੈ ਤੋੜੀ ਜਿਸ ਨੇ ਜੰਜੀਰੇਂ
ਲਿਖਨੇ ਵਾਲੋਂ ਨੇ ਲਿਖੀ ਹੈ ਖੁਦ ਆਪਨੀ ਤਕਦੀਰੇਂ
ਦੇਨੇ ਚਲੇ ਜਵਾਬ ਕਿਸੀ ਨੇ ਹਮ ਸੇ ਕਿਆ ਸਵਾਲ
ਓਏ ਜੋ ਬੋਲੇ ਸੋ ਨਿਹਾਲ
ਕੋਰਸ: ਸਤਿ ਸ੍ਰੀ ਅਕਾਲ
ਆਉ ਹੁਣ ਫਿਲਮ ਦੇ ਕੁਝ ਤਕਨੀਕੀ ਨੁਕਸ ਜਾਂ ਉਨ੍ਹਾਂ ਦ੍ਰਿਸ਼ਾਂ ਬਾਰੇ ਗੱਲ ਕਰੀਏ ਜੋ ਬੇਲੋੜੇ ਹਨ ਤੇ ਜਿਨ੍ਹਾਂ ਦੇ ਕੱਟਣ ਨਾਲ ਫਿਲਮ ’ਤੇ ਕੋਈ ਅਸਰ ਨਹੀਂ ਪੈਂਦਾ।:-
ਸੁਨਿੰਧੀ ਚੌਹਾਨ ਦੁਆਰਾ ਗਾਇਆ ਤੇ ਨੂਪਰ ਮਹਿਤਾ ਉੱਤੇ ਫਿਲਮਾਇਆ ਗੀਤ, ‘ਤੁਰ ਗਿਆ ਮਾਹੀ ਗੱਡੀ ਲੈ ਕੇ ਸਵੇਰ ਦੀ’ ਭਾਵੇਂ ਕਿ ਗੀਤ ਬਹੁਤ ਵਧੀਆ ਗਾਇਆ ਤੇ ਫਿਲਮਾਇਆ ਗਿਆ ਹੈ। ਨਿਰਸੰਦੇਹ ਇਹ ਗੀਤ ਫਿਲਮ ਨੂੰ ਚਾਰ ਚੰਨ ਲਾਉਂਦਾ ਹੈ। ਪਰ ਇਸ ਦੇ ਕੱਟਣ ਨਾਲ ਫਿਲਮ ਦੀ ਪਟਕਥਾ ’ਤੇ ਕੋਈ ਅਸਰ ਨਹੀਂ ਸੀ ਪੈਣਾ, ਉਹ ਮਹਿਜ਼ ਆਈਟਮ ਨੰਬਰ ਹੈ।
ਇਕ ਦ੍ਰਿਸ਼ ਵਿਚ ਨਾਇਕ ਨਾਇਕਾ ਨੂੰ ਪੰਜਾਬੀ ਵਿਚ ਆਖਦਾ ਹੈ, ‘ਹੋਰ ਕੀ ਹਾਲ ਐ?’ ਤਾਂ ਅੱਗੋ ਉਹ ਸਮਝਦੀ ਹੈ ਕਿ ਉਸ ਨੇ ਉਸ ਨੂੰ Whore (ਕੰਜਰੀ) ਕਹਿ ਕੇ ਸੰਬੋਧਨ ਕੀਤਾ ਹੈ। ਇਥੇ ਉਹ ਨਾਇਕ ਨੂੰ Whore ਦੇ ਅਰਥ ਸਮਝਾਉਂਦੀ ਹੋਈ ਆਪਣਾ ਗਾਊਨ ਖੋਲ੍ਹ ਕੇ ਆਪਣੇ ਪਹਿਨੇ ਹੋਏ ਅੰਦਰੂਨੀ ਵਸਤਰ ਦਿਖਾਉਂਦੀ ਹੈ। ਇਹ ਸੀਨ ਧੱਕੇ ਨਾਲ ਪਾਇਆ ਹੋਇਆ ਹੈ ਇਸ ਦੇ ਨਿਕਲਣ ਜਾਂ ਰਹਿਣ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ।
ਇਸ ਤੋਂ ਬਿਨਾ ਨਿਹਾਲ ਸਿੰਘ ਦੀ ਭੈਣ ਮਨਜੀਤ ਦਾ ਪਤੀ ਮੁਸਲਮਾਨ ਹੈ ਉਸ ਬਾਰੇ ਵੀ ਕੁਝ ਸਪਸ਼ਟ ਨਹੀਂ ਕੀਤਾ ਗਿਆ ਤੇ ਸਪਸ਼ਟ ਕਰਨ ਦੀ ਕੋਈ ਖਾਸ ਲੋੜ੍ਹ ਵੀ ਨਹੀਂ ਹੈ। ਵਿਦੇਸ਼ਾਂ ਵਿਚ ਰਹਿਣ ਵਾਲਾ ਸਮਝਦਾਰ ਸਰੋਤਾ ਉਸ ਬਾਰੇ ਕਿਆਫਾ ਲਗਾ ਹੀ ਲੈਂਦਾ ਹੈ।ਇਸ ਤੋਂ ਇਲਾਵਾ ਮਨਜੀਤ ਕੌਰ ਦਾ ਫੈਕਸ ਨੂੰ ਸੈਕਸ ਕਹਿਣਾ ਤੇ ਨਿਹਾਲ ਸਿੰਘ ਦੀ ਮਾਂ ਦਾ ਇਹ ਕਹਿਣਾ ਕਿ ਮੇਰਾ ਨਿਹਾਲਾ ਹੁਣ ਨਿਹਾਲ ਹੋ ਗਿਆ ਅਤਿ ਨੀਵੇਂ ਦਰਜੇ ਦਾ ਹਾਸਰਸ ਹੈ।
ਇਸ ਤੋਂ ਇਲਾਵਾ ਸਾਰੀ ਫਿਲਮ ਵਿਚ ਸ਼ੀਲਪੀ ਸ਼ਰਮਾ ਨੂੰ ਪੱਛਮੀ ਲਿਬਾਸ ਪੁਆਇਆ ਗਿਆ ਹੈ, ਜਿਸ ਵਿਚੋਂ ਉਸਦਾ ਅਰਧ ਨਗਨ ਬਦਨ ਹਮੇਸ਼ਾਂ ਖਲਕਦਾ ਰਹਿੰਦਾ ਹੈ। ਫਿਲਮ ’ਤੇ ਕਰੋੜਾ ਰੁਪਏ ਲਾ ਕੇ ਜੇਕਰ ਨਿਰਮਾਤਾ ਨੇ ਕੱਪੜਿਆਂ ਵਿਚੋਂ ਥੋੜਾ ਸਰਫਾ ਕਰ ਲਿਆ ਤਾਂ ਕੋਈ ਪਹਾੜ ਨਹੀਂ ਡਿੱਗ ਪੈਂਦਾ! ਲੇਕਿਨ ਅੰਤ ਵਿਚ ਸ਼ੀਲਪੀ ਨੂੰ ਪੰਜਾਮੀ ਸੂਟ ਪੁਆ ਕੇ ਤੇ ਉਸ ਦਾ ਸਿਰ ਚੁੰਨੀ ਨਾਲ ਢੱਕ ਕੇ ਪੇਸ਼ ਕੀਤਾ ਗਿਆ ਹੈ।ਜੋ ਕੋਈ ਬਹੁਤ ਹੀ ਵੱਖਰਾ ਅਤੇ ਵਧੀਆ ਪ੍ਰਭਾਵ ਛੱਡਦਾ ਹੈ।
ਇਹਨਾਂ ਚੰਦ ਗੱਲਾਂ ਤੋਂ ਇਲਾਵਾ ਸਾਰੀ ਫਿਲਮ ਸਿੱਖ ਧਰਮ ਦੀ ਉਪਮਾ ਕਰਦੀ ਹੈ। ਜੇਕਰ ਇਹ ਮਾਮੂਲੀ ਗੱਲਾਂ ਫਿਲਮ ਵਿਚ ਹਨ ਵੀ ਤਾਂ ਸਮਝਦਾਰ ਸਰੋਤਾ ਇਹਨਾਂ ਊਨਤਾਈਆਂ ਵੱਲ ਬਹੁਤੀ ਗੌਰ ਨਹੀਂ ਕਰਦਾ ਤੇ ਯਕੀਨਨ ਇਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਲੱਗਦੀ। ਸਿੱਖ ਇਕ ਬਹਾਦਰ, ਨਿੱਡਰ, ਸ਼ਹਾਦਤਾ ਦੇਣ, ਤਸੀਹੇ ਸਹਿਣ ਅਤੇ ਜ਼ੁਲਮ ਦਾ ਟਾਕਰਾ ਕਰਨ ਵਾਲੀ ਕੌਮ ਹੈ। ਬਦਕਿਸਮਤੀ ਨਾਲ ਜਿਸ ਨੂੰ ਸਮਝਦਾਰ ਲੀਡਰਾਂ ਦੀ ਥੁੜ ਰਹੀ ਹੈ। ਫਿਲਮ ਦਾ ਨਾਇਕ ਵੀ ਸਿੱਖੀ ਅਸੂਲਾ ਦੀ ਪਾਲਣਾ ਕਰਨ ਵਾਲਾ ਇੰਨਸਾਨ ਹੈ। ਜਿਨ੍ਹਾਂ ਨੂੰ ਇਤਰਾਜ਼ ਹੈ ਮੈਂ ਉਨ੍ਹਾਂ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀਆਂ ਭਾਵਨਾਵਾਂ ਨੂੰ ਐਨਾ ਜ਼ਿਆਦਾ ਕੋਮਲ ਨਾ ਬਣਾ ਕੇ ਰੱਖਣ ਕਿ ਮਾੜੀ ਮਾੜੀ ਗੱਲ ਨਾਲ ਉਨ੍ਹਾਂ ਨੂੰ ਠੇਸ ਲੱਗਦੀ ਰਹੇ, ਸਗੋਂ ਸਿੱਖਾਂ ਨੂੰ ਤਾਂ ਆਪਣੀਆਂ ਭਾਵਨਾਵਾਂ ਠੋਸ ਬਣਾਉਣ ਦੀ ਲੋੜ ਹੈ! 9 ਸੰਤਬਰ ਨੂੰ ਅੱਤਵਾਦੀ ਕਾਰਵਾਈਆਂ ਨਾਲ ਅਮਰੀਕਾ ਦਾ ਵਿਸ਼ਵ ਵਪਾਰ ਕੇਂਦਰ ਢਾਇਆ ਗਿਆ। ਜਿਸ ਦੇ ਸਿੱਟੇ ਵਜੋਂ ਸਿੱਖਾਂ ਨੂੰ ਵੀ ਅੰਗਰੇਜ਼ ਲੋਕਾਂ ਵੱਲੋਂ ਓਸਮਾ ਬਿਨ ਲਾਦੇਨ ਦੇ ਪ੍ਰੋਕਾਰ ਸਮਝ ਕੇ ਨਫਰਤ ਦਾ ਨਿਸ਼ਾਨਾਂ ਬਣਾਇਆ ਗਿਆ। ਉਸ ਵਕਤ ਸਿੱਖ ਕੌਮ ਨੂੰ ਲੋੜ ਮਹਿਸੂਸ ਹੋਈ ਕਿ ਅਸੀਂ ਜੱਗ ਨੂੰ ਆਪਣੀ ਵੱਖਰੀ ਕੌਮ ਬਾਰੇ ਜਾਣੂ ਕਰਵਾਈਏ। ਇਥੋਂ ਹੀ ਫਿਲਮ ‘ਜੋ ਬੋਲੇ ਸੋ ਨਿਹਾਲ’ ਦਾ ਜਨਮ ਹੁੰਦਾ ਹੈ।9/11 ਦੀ ਘਟਨਾ ਅਤੇ ਉਸ ਤੋਂ ਪੇਸ਼ਤਰ ਘਟਨਾਵਾਂ ਨੁੰ ਹੀ ਇਸ ਫਿਲਮ ਦੀ ਕਹਾਣੀ ਕਲੇਵਰ ਵਿਚ ਲੈਂਦੀ ਹੈ। ਸਿੱਖਾਂ ਨੂੰ ਇਸ ਫਿਲਮ ਦਾ ਜ਼ੋਰਦਾਰ ਸਮਰਥਨ ਕਰਨਾ ਚਾਹੀਦਾ ਸੀ, ਨਾ ਕਿ ਵਿਰੋਧ! ਇਸ ਫਿਲਮ ਨਾ ਜੋ ਵਾਪਰਿਆ ਉਹ ਬਹੁਤ ਹੀ ਸ਼ਰਮਨਾਕ ਹੈ!!! ਕੀ ਅੱਗੇ ਤੋਂ ਕੋਈ ਨਿਰਮਾਤਾ ਸਿੱਖ ਮਸਲਿਆਂ ਨੂੰ ਹੱਥ ਪਾ ਸਕੇਗਾ?
ਮੇਰੇ ਮੁਜਬ ਫਿਲਮ ਬਾਰੇ ਵਿਵਾਦ ਉੱਠਣ ਦੇ ਹੇਠ ਲਿਖੇ ਕਾਰਨ ਹੋ ਸਕਦੇ ਹਨ:-
1) ਫਿਲਮ ਬਾਰੇ ਵਿਵਾਦ ਫਿਲਮ ਦੇ ਜਾਰੀ ਹੋਣ ਤੋਂ ਪਹਿਲਾਂ ਹੀ ਆਰੰਭ ਹੋ ਗਏ ਸਨ ਅਤੇ ਫਿਲਮ ਦੇ ਜਾਰੀ ਹੋਣ ਤੱਕ ਭਾਰਤ ਭਰ ਵਿਚ ਜੰਗਲ ਦੀ ਅੱਗ ਵਾਂਗ ਫੇਲ ਗਏ ਸਨ। ਫਿਲਮ ਦੇ ਜਾਰੀ ਹੋਣ ਉਪਰੰਤ ਵਿਵਾਦ ਉੱਠਦੇ ਤਾਂ ਗੱਲ ਹੋਰ ਸੀ। ਪਰ ਕਿਉਂਕਿ ਇਹਨਾਂ ਵਿਵਾਦਾਂ ਨੂੰ ਫਿਲਮ ਦੇ ਜਾਰੀ ਹੋਣ ਤੋਂ ਪਹਿਲਾਂ ਹੀ ਹਵਾ ਦੇ ਦਿੱਤੀ ਗਈ ਸੀ। ਇਸ ਦਾ ਇਕੋ ਇਕ ਕਾਰਨ ਇਹ ਹੋ ਸਕਦਾ ਹੈ ਕਿ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਨੇ ਖੁਦ ਹੀ ਫਿਲਮ ਨੂੰ ਹਿੱਟ ਕਰਨ ਦੇ ਮਕਸਦ ਨਾਲ ਇਹਨਾਂ ਵਿਵਾਦਾਂ ਦਾ ਬੀਜ ਬੀਜਿਆ।ਜ਼ਿਕਰਯੋਗ ਹੈ ਕਿ ਮੁਬੰਈ ਫਿਲਮ ਇੰਡਸਟਰੀ ਇਸ ਵੇਲੇ ਦੁਨੀਆਂ ਵਿਚ ਸਭ ਨਾਲੋਂ ਵੱਧ ਸਲਾਨਾ ਫਿਲਮਾਂ ਦਾ ਨਿਰਮਾਣ ਕਰਦੀ ਹੈ। ਇਥੇ ਬਣਨ ਵਾਲੀਆਂ ਸਲਾਨਾਂ ਫਿਲਮ ਦੀ ਗਿਣਤੀ ਹੌਲੀਵੁੱਡ ਨੂੰ ਵੀ ਮਾਤ ਕਰ ਚੁੱਕੀ ਹੈ। ਅੱਜ ਕੱਲ੍ਹ ਫਿਲਮਾਂ ਉੱਤੇ ਕਰੋੜਾਂ ਹੀ ਰੁਪਏ ਖਰਚ ਆਉਂਦੇ ਹਨ ਅਤੇ ਕੁਝ ਕੁ ਫਿਲਮਾਂ ਤੋਂ ਬਿਨਾਂ ਬਾਕੀ ਸਾਰੀਆਂ ਫਿਲਮਾਂ ਲੱਗਿਆ ਪੈਸਾ ਪੂਰਾ ਕਰਨ ਤੋਂ ਅਸਮਰਥ ਹੁੰਦੀਆਂ ਹਨ ਤੇ ਫਲਾਪ ਹੋ ਜਾਂਦੀਆਂ ਹਨ। ਇਸ ਲਈ ਨਿਰਮਾਤਾ ਆਪਣੇ ਪੈਸੇ ਖਰੇ ਕਰਨ ਲਈ ਅਨੇਕਾਂ ਢਕਵੰਜ ਅਤੇ ਹਰਬੇ ਵਰਤਦੇ ਹਨ। ਪਿਛੇ ਜਿਹੇ ਇਕ ਫਿਲਮ ਆਈ ਸੀ 'ਇਕ ਛੋਟੀ ਸੀ ਲਵ ਸਟੋਰੀ', ਇਸ ਫਿਲਮ ਦੇ ਨਿਰਮਾਤਾ ਨੇ ਅਦਾਕਾਰਾਂ ਮਨਿਸ਼ਾਂ ਕੋਰਾਲਾ ਨਾਲ ਮਿਲ ਕੇ ਮਨਿਸ਼ਾਂ ਤੋਂ ਆਪਣੇ ਉੱਪਰ ਇਹ ਦੋਸ਼ ਲਵਾ ਕੇ ਕੇਸ ਕਰਵਾ ਲਿਆ ਕਿ ਫਿਲਮ ਵਿਚ ਅਸਲੀਲ ਦ੍ਰਿਸ਼ ਦੇਣ ਲਈ ਮਨਿਸ਼ਾਂ ਦੀ ਜੋ ਡੁਪਲੀਕੇਟ ਦੇ ਦ੍ਰਿਸ਼ ਪਾਏ ਗਏ ਹਨ। ਉਹ ਮਨਿਸ਼ਾ ਦੀ ਰਜ਼ਾਮੰਦੀ ਤੋਂ ਬਿਨਾ ਪਾਏ ਗਏ ਹਨ। ਅਜਿਹਾ ਕਰਨ ਨਾਲ ਫਿਲਮ ਨੂੰ ਮੁਫਤ ਵਿਚ ਪਬਲਸਿਟੀ ਮਿਲ ਗਈ। ਜਦੋਂ ਫਿਲਮ ਹਿੱਟ ਹੋ ਗਈ ਤਾਂ ਮਨਿਸ਼ਾ ਨੇ ਕੇਸ ਵਾਪਿਸ ਲੈ ਲਿਆ। ਇਸੇ ਹੀ ਤਰ੍ਹਾਂ 'ਫਾਇਰ' ਫਿਲਮ ਦੀ ਨਿਰਮਾਤਰੀ ਦੀਪਾ ਮਹਿਤਾ ਨੇ ਖੁਦ ਹੀ ਫਿਲਮ ਦਾ ਵਿਰੋਧ ਕਰਵਾ ਕੇ ਇਕ ਆਰਟ ਫਿਲਮ ਤੋਂ ਕਮੱਰਸ਼ੀਅਲ ਫਿਲਮ ਜਿੰਨਾ ਪੈਸਾ ਕਮਾ ਲਿਆ। ਹੁਣੇ ਹੁਣੇ ਮਹੇਸ਼ ਭੱਟ ਦੀ ਫਿਲਮ 'ਨਜ਼ਰ' ਜਾਰੀ ਹੋਈ ਹੈ। ਮਹੇਸ਼ ਭੱਟ ਨੇ ਪਾਕਿਸਤਾਨੀ ਅਭਿਨੇਤਰੀ ਮੀਰਾ ਰਬਾਬ ਅਲੀ ਦੇ ਇਕ ਚੁੰਮਣ ਦ੍ਰਿਸ਼ ਨੂੰ ਪਬਲਸਿਟੀ ਸਟੱਟ ਵਜੋਂ ਵਰਤਿਆ ਹੈ। ਇਕ ਹੀਰੋ-ਹੀਰੋਇਨ ਦੇ ਮਾਮੂਲੀ ਚੁੰਮਣ ਨੂੰ ਅਹਿਮ ਬਣਾਉਣ ਲਈ ਮਹੇਸ਼ ਭੱਟ ਨੇ ਪਹਿਲਾਂ ਹੀ ਜਾਣਬੁੱਝ ਕੇ ਹੀਰੋ ਹਿੰਦੂ ਲੜਕਾ ਲਿਆ ਤੇ ਲੜਕੀ ਮੁਸਲਮਾਨ ਤਾਂ ਕਿ ਇਸ ਨੂੰ ਹਿੰਦੂ ਮੁਸਲਮਾਨ ਮਸਲਾ ਬਣਾ ਕੇ ਪ੍ਰਚਾਰਿਆ ਜਾ ਸਕੇ। ਐਨ ਇਹੀ ਸੋਚ 'ਜੋ ਬੋਲੇ ਸੋ ਨਿਹਾਲ' ਦੇ ਨਿਰਮਾਤਾ ਅਤੇ ਵਿਕਰੇਤਾ ਦੀ ਸੀ।
2 ਫਿਲਮ ਬਾਰੇ ਵਿਵਾਦ ਉੱਠਣ ਦਾ ਇਕ ਕਾਰਨ ਮੈਂ ਇਹ ਵੀ ਸਮਝਦਾ ਹਾਂ ਕਿ ਇਸ ਵਿਚ ਜੱਟਾਂ ਦੇ ਪੂਰੇ ਨੰਬਰ ਬਣਾਏ ਗਏ ਹਨ ਜਿਸ ਨਾਲ ਦੁਸਰੀਆਂ ਜਾਤਾਂ ਦੇ ਵਿਅਕਤੀਆਂ ਨੂੰ ਖਿੱਝ ਆਉਣੀ ਲਾਜ਼ਮੀ ਹੈ।
3 ਸਿੱਖ ਪੰਥ ਵਿਚ ਅੱਜਕੱਲ੍ਹ ਲੀਡਰ ਐਨੇ ਜ਼ਿਆਦਾ ਹੋ ਗਏ ਹਨ ਕਿ ਹਰ ਇਕ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਲਈ ਆਏ ਦਿਨ ਕੋਈ ਨਾ ਕੋਈ ਮਸਲਾ ਪੈਦਾ ਕਰਨਾ ਪੈਂਦਾ ਹੈ। ਲੀਡਰਾਂ ਦੀ ਗਿਣਤੀ ਬਾਰੇ ਸੋਚਦਿਆਂ ਮੈਨੂੰ ਆਲੂ ਚੇਤੇ ਆ ਜਾਂਦੇ ਹਨ। ਪੰਜਾਬ ਵਿਚ ਕੁਝ ਸਾਲ ਪਹਿਲਾਂ ਨਵੀਆਂ ਨਵੀਆਂ ਖੰਡ ਮਿੱਲਾਂ ਲੱਗੀਆਂ ਸਨ ਅਤੇ ਕੁਝ ਵਿਦੇਸ਼ੀ ਕੰਪਨੀਆਂ ਨੇ ਤੇਲ ਉਤਪਾਦਕ ਕਾਰਖਾਨੇ ਲਗਾਏ। ਉਨ੍ਹਾਂ ਨੇ ਕਿਸਾਨਾਂ ਨੂੰ ਸਫੈਦੇ, ਪਾਪੂਲਰ, ਸੂਰਜਮੁੱਖੀ ਅਤੇ ਪਦੀਨਾ ਲਾਉਣ ਲਈ ਪ੍ਰੇਰਿਆ। ਇਕ ਸਾਲ ਵਿਚ ਤਿੰਨ ਤੋਂ ਵੱਧ ਫਸਲਾਂ ਕੱਢਣ ਦਾ ਪੰਜਾਬ ਦੇ ਕਿਸਾਨਾਂ ਵਿਚ ਰੁਝਾਨ ਪੈਦਾ ਹੋ ਗਿਆ। ਲੋਕਾਂ ਨੇ ਆਲੂਆਂ ਦੀ ਫਸਲ ਦਾ ਜੂਆ ਖੇਡਣ ਤੋਂ ਗੁਰੇਜ ਕੀਤਾ। ਜਿਸ ਦਾ ਨਤੀਜਾ ਇਹ ਹੋਇਆ ਕਿ ਉਸ ਵਰ੍ਹੇ ਪੰਜਾਬ ਵਿਚ ਆਲੂ ਨਾਮਾਤਰ ਹੀ ਬੀਜੇ ਗਏ। ਅਗਲੇ ਸਾਲ ਆਲੂ 56 ਰੁਪਏ ਕਿਲੋ ਹੋ ਗਏ। ਉਸ ਤੋਂ ਅਗਲੇ ਸਾਲ ਸਾਰੇ ਜ਼ਿਮੀਦਾਰਾਂ ਨੇ ਆਲੂ ਬੀਜ ਲਿਤੇ ਤੇ ਪੰਜਾਬ ਵਿਚ ਆਲੂ ਹੀ ਆਲੂ ਹੋ ਗਏ। ਆਲੂ ਦੀ ਐਨੀ ਬੇਕਦਰੀ ਹੋਈ ਕਿ ਲੋਕੀ ਆਪਣੇ ਖੱਤੇ ਵਿਹਲੇ ਕਰਨ ਲਈ ਮਿੰਨਤਾ ਕਰਦੇ ਫਿਰਦੇ ਸੀ ਕਿ ਕੋਈ ਆਲੂ ਮੁਫਤ ਵਿਚ ਲੈ ਜਾਉ। ਪਰ ਕੋਈ ਮੁਫਤ ਵਿਚ ਆਲੂਆਂ ਨੂੰ ਨਹੀਂ ਸੀ ਸਿਆਣਦਾ। ਲੋਕਾਂ ਨੇ ਅਗਲੀ ਫਸਲ ਲਈ ਜ਼ਮੀਨ ਤਿਆਰ ਕਰਨੀ ਕਰਕੇ ਤਵੀਆਂ ਨਾਲ ਵਾਹਣਾਂ ਵਿਚ ਹੀ ਆਲੂ ਵਾਹ ਦਿੱਤੇ। ਹੁਣ ਸਿੱਖ ਪੰਥ ਵਿਚ ਜਥੇਬੰਦੀਆਂ ਅਤੇ ਲੀਡਰ ਐਨੇ ਹੋ ਗਏ ਹਨ ਕਿ ਉਹਨਾਂ ਨੂੰ ਆਲੂਆਂ ਵਾਂਗੂ ਤਵੀਆਂ ਨਾਲ ਵਾਹੁਣ ਦੀ ਨੌਬਤ ਆ ਗਈ ਹੈ।ਫਿਲਮ 'ਜੋ ਬੋਲੇ ਸੋ ਨਿਹਾਲ' ਦੇ ਸੰਦਰਭ ਵਿਚ ਵੀ ਕੁਝ ਐਸਾ ਹੀ ਵਾਪਰਿਆ ਬਿਨਾ ਫਿਲਮ ਦੇਖਿਆ ਸੁਣਤੋ-ਸੁਣਤੀ ਲੀਡਰਾਂ ਨੇ ਮੋਰਚੇ ਲਾਉਣੇ ਸ਼ੁਰੂ ਕਰ ਦਿੱਤੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਫਿਲਮ ਦਾ ਵਿਰੋਧ ਕਰਨ ਲਈ ਕਈ ਤਾਂ ਰਾਤੋ-ਰਾਤ ਬਣੇ ਲੀਡਰ ਵੀ ਸਾਹਮਣੇ ਆਏ। ਲੇਕਿਨ ਪੁਰਾਣੇ ਹੰਢੇ ਹੋਏ ਲੀਡਰਾਂ ਨੇ ਇਹ ਕੀਤਾ ਕਿ ਇਮੋਸ਼ਨਲ ਭਾਸ਼ਨ ਝਾੜ ਕੇ ਆਮ ਜਨਤਾ ਨੂੰ ਉਕਸਾਇਆ। ਆਪਣੀ ਚਰਚਾ ਅਖਬਾਰਾਂ ਦੇ ਮੁੱਖ ਪੰਨਿਆਂ 'ਤੇ ਕਰਵਾਈ, ਲੇਕਿਨ ਰੋਸ ਮੁਜ਼ਾਰਿਆ ਵੇਲੇ ਆਪ ਇਹ ਆਖ ਕੇ ਪਿਛੇ ਰਹੇ ਕਿ ਜੰਗ ਵਿਚ ਸਿਪਾਹੀ ਮੁਹਰੇ ਹੋ ਕੇ ਲੜਦਾ ਹੈ ਜਰਨੈਲ ਨਹੀਂ। ਜਰਨੈਲ ਦੇ ਸਿਰ ਤਾਂ ਕੇਵਲ ਜਿੱਤ ਹਾਰ ਦਾ ਸਿਹਰਾ ਹੀ ਹੁੰਦਾ ਹੈ। ਅਖਬਾਰਾਂ ਦੀਆਂ ਸੁਰਖੀਆਂ ਵਿਚ ਰਹਿਣ ਦੇ ਆਦੀ ਲੀਡਰਾਂ ਦੀ ਚਰਚਾ ਹੋ ਗਈ ਤੇ ਆਮ ਜਨਤਾ ਦੇ ਕੁੱਟ ਪੈ ਗਈ। ਟਾਡਾ ਅਧੀਨ ਕੇਸ ਦਰਜ਼ ਹੋ ਗਏ। ਲੀਡਰਾਂ ਦੇ ਇਸ਼ਾਰਿਆਂ 'ਤੇ ਭੜਕਣ ਵਾਲੇ ਜਵਾਨਾਂ ਨੂੰ ਪਤਾ ਤਾਂ ਉਸ ਵੇਲੇ ਲੱਗੂ ਜਦੋਂ ਫੌਜਦਾਰੀ ਮੁਕੱਦਮੇ ਦੀਆਂ ਤਰੀਕਾਂ ਭੁਗਤਣੀਆਂ ਪਈਆਂ। ਭਾਰਤੀ ਦੰਡਾਵਲੀ ਵਿਚ ਟਾਡਾ ਸਭ ਤੋਂ ਗੰਦਾ ਕਾਨੂੰਨ ਹੈ। ਸੰਜੇ ਦੱਤ 'ਤੇ ਟਾਡਾ ਲੱਗੀ ਸੀ। ਭਾਵੇਂ ਕਿ ਉਸ ਕੋਲ ਸਿਆਸੀ ਲਿੰਕ, ਪੈਸਾ ਅਤੇ ਪਾਵਰ ਸੀ, ਲੇਕਿਨ ਫੇਰ ਵੀ ਉਹਦੀ ਇਸ ਕਾਨੂੰਨ ਨੇ ਐਸੀ ਦੀ ਤੈਸੀ ਫੇਰ ਕੇ ਰੱਖ ਦਿੱਤੀ ਸੀ। ਆਮ ਸ਼ਹਿਰੀ ਦਾ ਇਸ ਧਾਰਾ ਅਧੀਨ ਦਰਜ਼ ਹੋਏ ਕੇਸ ਨਾਲ ਕੀ ਹਸ਼ਰ ਹੋ ਸਕਦਾ ਹੈ, ਇਸ ਉਦਾਰਣ ਤੋਂ ਭਲੀਭਾਂਤ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
4 ਇਸ ਫਿਲਮ ਵਿਚ ਸਿੱਖਾਂ ਦਾ ਕੱਦ ਬਹੁਤ ਉੱਚਾ ਚੁੱਕਿਆ ਗਿਆ ਹੈ। ਇਸ ਲਈ ਵਿਵਾਦ ਦਾ ਕਾਰਨ ਸਿੱਖ ਵਿਰੋਧੀ ਤਾਕਤਾਂ ਵੀ ਹੋ ਸਕਦੀਆਂ ਹਨ।ਜਿਨ੍ਹਾਂ ਵਿਚ ਆਰ ਐਸ ਐਸ ਦੇ ਨਾਮ ਦਾ ਜ਼ਿਕਰ ਵੀ ਚੱਲ ਰਿਹਾ ਹੈ।
5 ਵਿਦੇਸ਼ੀ ਇਨਟੈਲੀਜੈਂਸੀ ਏਜੰਸੀਆਂ ਦਾ ਹੱਥ ਹੋਣਾ ਵੀ ਕੋਈ ਅਲੋਕਾਰੀ ਗੱਲ ਨਹੀਂ ਹੋਵੇਗੀ। ਜਿੰਨਾ ਵਿਚ ਪਾਕਿਸਤਾਨ ਦੀ ਏਜੰਸੀ ਆਈ ਐਸ ਆਈ ਤੇ ਐਫ ਵੀ ਆਈ ਦੇ ਨਾਮ ਸਭ ਤੋਂ ਉੱਤੇ ਆਉਂਦੇ ਹਨ। ਫਿਲਮ ਵਿਚ ਇਕ ਸੰਵਾਦ ਵੀ ਹੈ ਜਦੋਂ ਸੰਨੀ ਦਿਉਲ ਐਫ ਬੀ ਆਈ ਵਾਲਿਆਂ ਨੂੰ ਕਹਿੰਦਾ ਕਿ ਤੁਸੀਂ ਕਿਥੋਂ ਦੇ ਹੁਸ਼ਿਆਰ ਹੋ। ਦੁਨੀਆਂ ਵਿਚ ਅੱਤਵਾਦ ਫੈਲਾਉਣ ਲਈ ਬੰਦੇ ਟਰੇਂਡ ਕਰਦੇ ਹੋ। ਫਿਰ ਉਹ ਤੁਹਾਡੇ ਹੀ ਜਹਾਜ਼ ਅਗਵਾ ਕਰਕੇ ਤੁਹਾਡੀਆਂ ਹੀ ਬਿਲਡਿੰਗਾਂ ਢਾਉਂਦੇ ਹਨ।
6 ਇਸ ਫਿਲਮ ਦੇ ਸੰਗੀਤਕ ਹੱਕ ਟੀ ਸਿਰੀਜ਼ ਕੋਲ ਹਨ ਤੇ ਉਨ੍ਹਾਂ ਦੇ ਅਨੇਕਾਂ ਦੁਸ਼ਮਣ ਹਨ। ਕਿਉਂਕਿ ਭਾਰਤ ਵਿਚ ਟੀ ਸਿਰੀਜ਼ ਇਕੋ ਇਕ ਐਸੀ ਕੰਪਨੀ ਹੈ ਜਿਸ ਨੇ ਛੋਟੀਆਂ ਕੰਪਨੀਆਂ ਤੋਂ ਲੈ ਕੇ ਐਚ ਐਮ ਵੀ ਵਰਗੀਆਂ ਅੰਤਰਾਸ਼ਟਰੀ ਕੰਪਨੀ ਹੂੰਝ ਕੇ ਰੱਖ ਦਿੱਤੀਆਂ ਹਨ। ਅੰਡਰਵਰਲਡ ਅਤੇ ਪ੍ਰਮੁੱਖ ਮਾਫੀਆਂ ਸਰਗਣਿਆਂ ਨਾਲ ਇਸ ਕੰਪਨੀ ਦਾ ਕੀ ਹਿਸਾਬ ਕਿਤਾਬ ਹੈ, ਉਸ ਦਾ ਅੰਦਾਜ਼ਾ ਗੁਲਸ਼ਨ ਕੁਮਾਰ ਹੱਤਿਆਂ ਕਾਂਡ ਤੋਂ ਲਗਾਇਆ ਜਾ ਸਕਦਾ ਹੈ।
7 ਫਿਲਮ ਨਿਰਮਾਤਾ ਦੇ ਵਿਰੋਧੀਆਂ ਵੱਲੋਂ ਵੀ ਇਹਨਾਂ ਕਾਰਵਾਈਆਂ ਵਿਚ ਯੋਗਦਾਨ ਪਾਉਣ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਮੁਬੰਈ ਵਿਚ ਫਿਲਮ ਨਿਰਮਾਤਾਵਾਂ ਦਾ ਕੇਕੜਿਆਂ ਵਾਲਾ ਹਾਲ ਹੈ। ਕੇਕੜਿਆਂ ਵਾਲਾ ਜੁਮਲਾ ਇਸ ਪ੍ਰਕਾਰ ਹੈ ਕਿ ਕੋਈ ਆਦਮ ਸਮੁੰਦਰ ਦੇ ਕੰਡੇ ਖੜ੍ਹ ਸ਼ੀਸ਼ੀ ਲੈ ਕੇ ਕੇਕੜੇ ਫੜ੍ਹ ਰਿਹਾ ਸੀ, ਉਸ ਨੂੰ ਕੋਲੋਂ ਲੰਘਣ ਵਾਲਾ ਆਖਣ ਲੱਗਾ ਕਿ ਭਾਈ ਸਾਹਿਬ ਸ਼ੀਸ਼ੀ ਦਾ ਢੱਕਣ ਲਗਾ ਲਉ ਨਹੀਂ ਤਾਂ ਕੇਕੜੇ ਨਿਕਲ ਕੇ ਭੱਜ ਜਾਣਗੇ। ਅੱਗੋਂ ਉਹ ਆਦਮੀ ਕਹਿਣ ਲੱਗਾ ਕਿ ਨਹੀਂ ਇਹ ਭੱਜਦੇ ਨਹੀਂ ਕਿਉਂਕਿ ਜਦੋਂ ਇਕ ਕੇਕੜਾ ਸ਼ੀਸੀ ਦੇ ਮੂੰਹ ਵੱਲ ਨੂੰ ਜਾਣ ਲਗਦਾ ਹੈ ਤਾਂ ਦੂਸਰਾ ਫੜ ਕੇ ਉਸਦੀਆਂ ਲੱਤਾਂ ਖਿੱਚ ਲੈਂਦਾ ਹੈ। ਇਹੀ ਕੇਕੜਿਆਂ ਵਾਲਾ ਹਾਲ ਮੁੰਬਈ ਦੇ ਫਿਲਮ ਨਿਰਮਾਤਾਵਾਂ ਦਾ ਵੀ ਹੈ। ਜਦੋਂ ਇਕ ਉੱਪਰ ਜਾਣ ਲੱਗਦਾ ਹੈ ਤਾਂ ਦੂਸਰਾ ਉਸਦੀਆਂ ਲੱਤਾਂ ਖਿੱਚ ਦੇ ਉਪਰਾਲੇ ਕਰਨੇ ਸ਼ੁਰੂ ਕਰ ਦਿੰਦਾ ਹੈ।
8 ਫਿਲਮ ਬਾਰੇ ਵਿਵਾਦ ਉੱਠਣ ਦਾ ਇਕ ਕਾਰਨ ਮੈਂ ਇਹ ਵੀ ਸਮਝਦਾ ਹਾਂ ਕਿ ਇਸ ਵਿਚ ਜੱਟਾਂ ਦੇ ਪੂਰੇ ਨੰਬਰ ਬਣਾਏ ਗਏ ਹਨ ਜਿਸ ਨਾਲ ਦੁਸਰੀਆਂ ਜਾਤਾਂ ਦੇ ਵਿਅਕਤੀਆਂ ਨੂੰ ਖਿੱਝ ਆਉਣੀ ਲਾਜ਼ਮੀ ਹੈ।
ਕੀ ਵਿਰੋਧ ਕਰਨ ਨਾਲ ਫਿਲਮ ਬੰਦ ਹੋ ਗਈ। ਹੁਣ ਤਾਂ ਫਿਲਮ ਨੂੰ ਐਨੀ ਮਸ਼ਹੂਰੀ ਮਿਲ ਗਈ ਹੈ ਕਿ ਅੱਗੇ ਨਾਲੋਂ ਵੀ ਜ਼ਿਆਦਾ ਦੇਖੀ ਜਾ ਚੁੱਕੀ ਹੈ ਤੇ ਦੇਖੀ ਜਾਵੇਗੀ। ਲੋਕਾਂ ਨੇ ਨਕਲੀ ਸੀ ਡੀ ਖਰੀਦ ਲਈਆਂ ਜਾਂ ਇੰਟਰਨੈੱਟ ਤੋਂ ਡਾਉਨਲੋਡ ਕਰ ਲਿੱਤੀ। ਨਿਰਮਾਤਾ ਆਪਣਾ ਘਾਟਾ ਵਿਦੇਸ਼ਾਂ ਦੇ ਸਿਨੇਮਿਆਂ ਤੋਂ ਪੂਰਾ ਕਰ ਲਵੇਗਾ। ਲੇਕਿਨ ਜੋ ਸਿੱਖ ਜਥੇਬੰਦੀਆਂ ਨੇ ਸਿੱਖ ਦਾ ਅਕਸ ਖਰਾਬ ਕੀਤਾ ਹੈ, ਉਹ ਸ਼ਾਇਦ ਦਰੁਸਤ ਕਰਨ ਨੂੰ ਸਦੀਆਂ ਲੱਗ ਜਾਣ। ਅਜੇ ਵੀਮ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਆਉ ਇਸ ਫਿਲਮ ਨੂੰ ਭਰਵਾਂ ਹੁੰਗਾਰਾ ਦੇਈਏ। ਮੇਰੇ ਖਿਆਲ ਵਿਚ ਇਸ ਫਿਲਮ ਨੂੰ ਦੂਸਰੀਆਂ ਭਾਸ਼ਵਾਂ ਖਾਸ ਕਰ ਅੰਗਰੇਜ਼ੀ ਵਿਚ ਵੀ ਡੱਬ ਹੋਣਾ ਚਾਹੀਦਾ ਹੈ ਤਾਂ ਕਿ ਇਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ!
****
No comments:
Post a Comment