ਭਾਰਤ ਤੋਂ ਕੋਈ ਵੀ ਲੇਖਕ ਮਿੱਤਰ, ਗਾਇਕ ਦੋਸਤ, ਆਲੋਚਕ, ਪੱਤਰਕਾਰ, ਸੰਪਾਦਕ, ਫਿਲਮੀ ਅਦਾਕਾਰ, ਨਿਰਦੇਸ਼ਕ, ਖਿਡਾਰੀ, ਚਿੱਤਰਕਾਰ, ਵਾਕਿਫਕਾਰ ਜਾਂ ਕੋਈ ਸਕਾ-ਸੰਬੰਧੀ ਇੰਗਲੈਂਡ ਆਵੇ ਤਾਂ ਫੋਨ ਕਰਕੇ ਆਖੇਗਾ, “ਬਾਈ ਜੀ ਥੋਡੇ ਲੰਡਨ ’ਚ ਆਇਆ ਹੋਇਆਂ। ਥੋਨੂੰ ਮਿਲਣੈ।”
ਪਹਿਲੇ ਪਹਿਲ ਤਾਂ ਇਹ ਸੁਣ ਕੇ ਹਾਸਾ ਆ ਜਾਇਆ ਕਰਦਾ ਸੀ ਤੇ ਅਗਲੇ ਦੀ ਪਿਆਰ ਭਿੱਜੇ ਸ਼ਬਦਾਂ ਨਾਲ ਦਰੁਸਤੀ ਕਰੀਦੀ ਸੀ, “ਸੱਜਣਾ ਤੂੰ ਬ੍ਰਮਿੰਘਮ ਦਾ ਨੰਬਰ ਲਾਇਆ ਹੈ ਤਾਂ ਤੈਨੂੰ ਪਤਾ ਹੋਣਾ ਚਾਹੀਦੈ, ਮੈਂ ਲੰਡਨ ਨਹੀਂ ਸਗੋਂ ਇੰਗਲੈਂਡ ਦੇ ਦੂਜੇ ਵੱਡੇ ਸ਼ਹਿਰ ਬ੍ਰਮਿੰਘਮ ਵਿਚ ਰਹਿੰਦਾ ਹਾਂ ਜੋ ਲੰਡਨ ਤੋਂ ਪੂਰਾ ਇਕ ਸੌ ਪੱਚੀ ਮੀਲ ਦੂਰ, ਜਾਣੀ ਵਧੀਆ ਗੱਡੀ ਵਿਚ ਢਾਈ ਘੰਟੇ ਦਾ ਸਫਰ।”
ਖੈਰ, ਹੁਣ ਇਸ ਗੱਲ ਦੀ ਆਦਤ ਪੈ ਗਈ ਹੈ। ਇਕ ਵਾਰ ਪੰਮੀ ਬਾਈ ਦਾ ਫੋਨ ਆਇਆ। ਇੰਗਲੈਂਡ ਦੇ ਮੋਬਾਇਲ ਦਾ ਅਣਪਛਾਤਾ ਨੰਬਰ ਦੇਖ ਕੇ ਮੈਂ ਪੁੱਛਿਆ, “ਕੌਣ?” ਤਾਂ ਅੱਗੋਂ ਅਵਾਜ਼ ਆਈ।
“ਬਾਈ ਜੀ ਮੈਂ ਥੋਡਾ ਸਿਰਨਾਮੀਆ ਬੋਲਦੈਂ, ਪੰਮੀ ਬਾਈ।”
“ਓ ਬੱਲੇ-ਬੱਲੇ, ਬਾਈ ਜੀ ਤੁਸੀਂ ਮੇਰੇ ਸਰਨਾਵੀਏ ਨਹੀਂ ਸਰਨੇਮੀਏ (Surname,ਗੋਤੀ-ਭਾਵ ਸਿੱਧੂ) ਹੋ। ਕਦੋਂ ਆਏ?…ਕਿੱਥੇ ਹੋ?”
“ਮੈਂ ਲੰਡਨ ਹਾਂ।”
“ਮੈਂ ਤਾਂ ਯਾਰ ਬ੍ਰਮਿੰਘਮ ਰਹਿਨਾਂ। ਬ੍ਰਮਿੰਘਮ ਕਦੋਂ ਆਉਣੈ?… ਮੈਂ ਲੈਣ ਆਵਾਂ?”
“ਅੱਛਾ ਚਲੋ। ਮੇਰੀ ਦੋ ਤਿੰਨ ਘੰਟੇ ਨੂੰ ਫਲਾਈਟ ਐ, ਮੈਂ ਮੁੜ ਜਾਣੈ। ਖੇਰ ਫੇਰ ਕਦੇ ਸਹੀ। ਮੈਂ ਕਿਹਾ ਹਾਲ ਚਾਲ ਈ ਪੁੱਛ ਲਈਏ।” ਪੰਮੀ ਬਾਈ ਨੇ ਮੋਹ ਦਿਖਾਇਆ।
ਇੰਝ ਲੰਡਨ ਤੇ ਬ੍ਰਮਿੰਘਮ ਦੀ ਦੂਰੀ ਹੋਣ ਕਰਕੇ ਅਕਸਰ ਲੰਡਨ ਆਏ ਯਾਰ-ਦੋਸਤ ਬ੍ਰਮਿੰਘਮ ਵਾਲਿਆਂ ਨੂੰ ਮਿਲਣੋ ਵਾਂਝੇ ਰਹਿ ਜਾਂਦੇ ਹਨ ਤੇ ਬ੍ਰਮਿੰਘਮ ਆਏ ਲੰਡਨ ਵਾਲਿਆਂ ਤੋਂ। ਬ੍ਰਮਿੰਘਮ ਪਹੁੰਚਣ ’ਤੇ ਵਤਨੋਂ ਆਏ ਸੱਜਣਾਂ ਦੀ ਜਿਹੜੀ ਅਗਲੀ ਤੇ ਪਹਿਲੀ ਫਰਮਾਇਸ਼ ਹੁੰਦੀ ਹੈ, ਉਹ ਹੈ ਸੋਹੋ ਰੋਡ ਦੇਖਣ ਦੀ। ਇਹ ਫਰਮਾਇਸ਼ ਸੁਣ ਕੇ ਅਸੀਂ ਵਲਾਇਤੀਏ ਮਨ ਹੀ ਮਨ ਮੁਸ਼ਕੜੀਏ ਹੱਸਦੇ ਹਾਂ। ਜੇ ਕੋਈ ਸਾਡੇ ਇਸ ਗੁੱਝੇ ਹਾਸੇ ਨੂੰ ਫੜ੍ਹ ਲਵੇ ਤਾਂ ਅਸੀਂ ਫਿਰ ਵੀ ਅਸਲੀਅਤ ਨਹੀਂ ਦੱਸਦੇ ਤਾਂ ਕਿ ਅਗਲਾ ਇਹ ਨਾ ਸਮਝੇ ਬਈ ਅਸੀਂ ਨਾ ਲਿਜਾਣ ਦੇ ਮਾਰੇ ਕਹਿੰਦੇ ਹਾਂ। ਹਾਜੀ ਨੂੰ ਮੱਕਾ ਦਿਖਉਣ ਦਾ ਪੁੰਨ ਖੱਟਣ ਲਈ ਅਸੀਂ ਅਗਲੇ ਨੂੰ ਨਾਲ ਬਿਠਾਕੇ ਗੱਡੀ ਸਟਾਰਟ
ਕਰ ਲਈਦੀ ਹੈ। ਸਾਢੇ ਤਿੰਨਾਂ ਮਿੰਟਾਂ ਬਾਅਦ ਜਦੋਂ ਸੋਹੋ ਰੋਡ ਉੱਤੇ ਜਾ ਕੇ ਆਖੀਦੈ, “ਮਿੱਤਰਾ, ਆ ਲੈ। ਆ ਗਏ ਸੋਹੋ ਰੋਡ ’ਤੇ।”
ਕਰ ਲਈਦੀ ਹੈ। ਸਾਢੇ ਤਿੰਨਾਂ ਮਿੰਟਾਂ ਬਾਅਦ ਜਦੋਂ ਸੋਹੋ ਰੋਡ ਉੱਤੇ ਜਾ ਕੇ ਆਖੀਦੈ, “ਮਿੱਤਰਾ, ਆ ਲੈ। ਆ ਗਏ ਸੋਹੋ ਰੋਡ ’ਤੇ।”
ਅੱਗੋਂ ਅਗਲਾ ਟੈਬਲ ਫੈਨ ਵਾਂਗੂੰ ਸੱਜੇ-ਖੱਬੇ ਸਿਰ ਘੁੰਮਾ ਕੇ ਅਚਿੰਭਿਤ ਹੋਇਆ, “ਹੈਂ!” ਇੰਝ ਆਖੇਗਾ ਜਿਵੇਂ ਗੁਬਾਰੇ ਵਿਚੋਂ ਫੂਕ ਹੀ ਨਿਕਲ ਗਈ ਹੁੰਦੀ ਹੈ। ਅਗਲੇ ਨੂੰ ਸੋਹੋ ਰੋਡ ਬਾਰੇ ਕੀਤੀ ਹੋਈ ਆਪਣੀ ਕਲਪਨਾ ਦਾ ਖੂਨ ਹੋਇਆ ਨਜ਼ਰ ਆਉਂਦਾ ਹੈ।
ਸੋਹੋ ਰੋਡ ਬ੍ਰਮਿੰਘਮ ਦੇ ਹੈਂਡਸਵਰਥ ਇਲਾਕੇ ਵਿਚ ਸਥਿਤ ਹੈ। ਅਸਲ ਵਿਚ ਸੋਹੋ ਰੋਡ ਹੈ ਕੀ? ਜਿਸਨੂੰ ਸਾਡੇ ਪੰਜਾਬ ਵਸਦੇ ਪੰਜਾਬੀ ਅਜੂਬਾ ਸਮਝਦੇ ਹਨ। ਸੋਹੋ ਰੋਡ ਬਾਰੇ ਜਾਣਕਾਰੀ ਦੇਣ ਤੋਂ ਪਹਿਲਾਂ ਉਸ ਇਲਾਕੇ ਬਾਰੇ ਦੱਸਣਾ ਜ਼ਰੂਰੀ ਹੈ, ਜਿਸ ਦਾ ਸੋਹੋ ਰੋਡ ਧੜਕਦਾ ਹੋਇਆ ਦਿਲ ਹੈ। ਹੈਂਡਸਵਰਥ ਕਿਸੇ ਸਮੇਂ ਘਣਾ ਜੰਗਲ ਅਤੇ ਪਹਾੜੀ ਇਲਾਕਾ ਹੁੰਦਾ ਸੀ। ਇਸ ਇਲਾਕੇ ਦੀ ਸਾਰੀ ਜਾਗੀਰ ਦੇ ਐਂਗਲੋ-ਸੈਕਸਨ ਮਾਲਿਕ ਦਾ ਨਾਮ ਹੌਂਡਿਸ ਸੀ। ਹੌਂਡਿਸ ਦੇ ਨਾਮ ਅਤੇ ਪੁਰਾਤਨ ਅੰਗਰੇਜ਼ੀ ਦੇ ਸ਼ਬਦ Weorthing (ਜਿਸ ਦਾ ਅੱਖਰੀ ਅਰਥ ਹੈ ਜਾਗੀਰ ਜਾਂ ਪੈਲੀ) ਦੇ ਸੁਮੇਲ ਤੋਂ ਹੈਂਡਸਵਰਥ ਬਣਿਆ ਹੈ।1912 ਵਿਚ ਛਪੇ Anglo Saxon Chronicle ਦੇ ਮੁਤਾਬਕ (ਪੰਨਾ ਨੰ: ਪੰਜ, ਦੂਜਾ ਕਾਲਮ, ਚੌਥਾ ਪੈਰਾ) ਹੈਂਡਸਵਰਥ ਨੂੰ 1186 ਵਿਚ HUNDEWORDE, 1222 ਵਿਚ HUNESWORTH ਆਖਿਆ ਜਾਂਦਾ ਸੀ। ਫਿਰ HUNDWORP ਤੋਂ ਵਿਗੜ ਕੇ ਹੈਂਡਸਵਰਥ ਬਣਿਆ ਹੈ।
1045 ਤੱਕ ਹੌਂਡਿਸ ਦੇ ਇਕ ਝੁੱਗੀਨੁਮਾ ਕਮਰੇ ਤੋਂ ਸਿਵਾਏ ਇਥੇ ਹੋਰ ਕੁਝ ਵੀ ਨਹੀਂ ਸੀ। ਹੌਂਡਿਸ ਇਸ ਝੁੱਗੀ ਨੂੰ ਸ਼ਿਕਾਰ ਖੇਡਣ ਉਪਰੰਤ ਮਾਸ ਪਕਾਉਣ ਅਤੇ ਆਰਾਮ ਕਰਨ ਲਈ ਵਰਤਿਆ ਕਰਦਾ ਸੀ। ਫਿਰ ਕੁਝ ਅਰਸਾ ਬਾਅਦ ਹੌਂਡਿਸ ਇਥੇ ਆ ਕੇ ਰਹਿਣ ਲੱਗ ਗਿਆ। ਲੇਕਿਨ ਫਿਰ ਵੀ ਡਡਲੀ ਦੇ ਲਾਰਡ William Fitz-Ansculf ਅਨੁਸਾਰ 1086 ਤੱਕ ਇਹ ਖੇਤਾਂ-ਖਲਿਆਣਾ ਨਾਲ ਘਿਰਿਆ ਮਹਿਜ਼ ਇਕ ਜੰਗਲ ਹੀ ਰਿਹਾ।1650 ਦੇ ਕਰੀਬ ਕੁਝ ਕੁ ਲੋਕ ਆ ਕੇ ਇਥੇ ਵਸੇ ਪਰ ਫਿਰ ਵੀ ਇਹ ਪੰਜ-ਦਸ ਘਰਾਂ ਦਾ ਛੋਟਾ ਜਿਹਾ ਪਿੰਡ ਹੀ ਸੀ। 13ਵੀਂ ਤੋਂ ਲੈ ਕੇ 18ਵੀਂ ਸਦੀ ਤੱਕ ਹੈਂਡਸਵਰਥ ਨੇ ਕੋਈ ਜ਼ਿਕਰਯੋਗ ਵਿਕਾਸ ਨਾ ਕੀਤਾ ਤੇ ਗੁਪਤ ਹੀ ਰਿਹਾ। 1760 ਵਿਚ ਹੈਂਡਸਵਰਥ ਮੈਥਿਊ ਬੋਲਟਨ ਦੀ ਨਿਗਾਹ ਚੜ੍ਹ ਗਿਆ। ਉਸ ਨੇ ਇਸ ਇਲਾਕੇ ਵਿਚ ਆਪਣੇ ਰਹਿਣ ਲਈ ਇਕ ਮਹਿਲ ਤਾਮੀਰ ਕੀਤਾ ਜਿਸ ਨੂੰ ਉਸ ਨੇ ‘ਸੋਹੋ ਹਾਉਸ’ (Soho House) ਦਾ ਨਾਮ ਦਿੱਤਾ ਤੇ ਇਹ ਸੈਮੀਉਲ ਵਾਟ ਦੁਆਰਾ ਡਿਜ਼ਾਇਨ ਕੀਤਾ ਗਿਆ ਸੀ। ਸੋਹੋ ਹਾਊਸ ਨੂੰ 1809 ਵਿਚ ਬੋਲਟਨ ਦੀ ਮੌਤ ਉਪਰੰਤ ਮਹਿਲਾ ਕਾਲਜ, ਫਿਰ ਹੋਟਲ ਅਤੇ ਉਸ ਪਿਛੋਂ ਪੁਲਿਸ ਕਰਮਚਾਰੀਆਂ ਦੇ ਹੋਸਟਲ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਹੁਣ ਇਹ ਸੋਹੋ ਹਾਊਸ ਸੋਹੋ ਰੋਡ ਤੋਂ ਕੁਝ ਹਟਵਾ ਮਿਊਜ਼ਿਅਮ ਬਣਿਆ ਖੜ੍ਹਾ ਇੰਝ ਲੱਗਦਾ ਹੈ ਜਿਵੇਂ ਸੋਹੋ ਰੋਡ ਨਾਲ ਰੁੱਸ ਗਿਆ ਹੁੰਦਾ ਹੈ। ਸੋਹੋ ਹਾਊਸ ਦਾ ਵਰਣਨ ਕਰਦਾ ਹੋਇਆ ਇਕ ਅੰਗਰੇਜ਼ੀ ਕਵੀ ਲਿਖਦਾ ਹੈ,
“Behold Yon mansion, flanked by crowding trees,
Grace the green slope, and court the southern breeze.
Genius and worth, with Boulton there reside,
Boulton-of arts, the patron and the guide.”
ਸੋਹੋ ਸ਼ਬਦ ਦੇ ਅੱਖਰੀ ਅਰਥ ਹਨ ਸ਼ਿਕਾਰ ਮਾਰਕੇ ਉਸਦਾ ਸੇਵਨ ਕਰਨ ਅਤੇ ਐਸ਼ਪ੍ਰਸਤੀ ਕਰਨ ਵਾਲਾ ਸਥਾਨ। ਵੈਸੇ ਸੋਹੋ, ਵੈਟਸ ਐਂਡ ਲੰਡਨ ਦਾ ਇਕ ਇਲਾਕਾ ਹੈ ਜੋ ਵੈਸਟਮਨਿਸਟਰ ਸ਼ਹਿਰ ਦੇ ਅਧੀਨ ਆਉਂਦਾ ਹੈ। ਵੀਹਵੀਂ ਸਦੀ ਤੋਂ ਇਹ ਦੇਹ-ਵਪਾਰ, ਰੰਗੀਨ ਰਾਤਰੀ ਜੀਵਨ ਅਤੇ ਫਿਲਮ ਸਨਅਤ ਦਾ ਪ੍ਰਮੁੱਖ ਕੇਂਦਰ ਰਿਹਾ ਹੈ। ਅੱਜ ਵੀ ਇਹ ਇਲਾਕਾ ਇੰਗਲੈਂਡ ਦੀ ਸਭ ਤੋਂ ਵੱਡੀ ਸੈਕਸ ਇੰਡਸਟਰੀ ਹੈ। 200 ਤੋਂ ਵੱਧ ਸਾਲਾਂ ਤੋਂ ਕਾਨੂੰਨੀ ਅਤੇ ਗੈਰਕਾਨੂੰਨੀ ਢੰਗ ਨਾਲ ਸੋਹੋ ਵਿਖੇ ਦੇਹ-ਵਪਾਰ ਦਿਨ ਰਾਤ ਚੱਲ ਰਿਹਾ ਹੈ। ਇੰਗਲੈਂਡ ਕਈ ਵੱਡੇ-ਵੱਡੇ ਲੇਖਕ, ਕਵੀ ਅਤੇ ਚਿੱਤਰਕਾਰ ਆਪਣੀਆਂ ਪ੍ਰਸਿੱਧੀਆਂ ਨਾ ਪਚਾ ਸਕੇ ਤੇ ਇਥੋਂ ਦੇ ਸ਼ਰਾਬਖਾਨਿਆਂ ਵਿਚ ਆਪਣੀਆਂ ਜ਼ਿੰਦਗੀਆਂ ਵਾਰ ਗਏ। ਸਾਹਿਤਕਾਰਾਂ, ਫਨਕਾਰਾਂ ਅਤੇ ਚਿੱਤਰਕਾਰਾਂ ਦਾ ਪ੍ਰਮੁੱਖ ਅੱਡਾ ਹੋਣ ਕਾਰਨ ਬ੍ਰਤਾਨਵੀਂ ਸਾਹਿਤ ਅਤੇ ਕਲਾ ਇਥੋਂ ਦੇ ਜੀਵਨ ਦੀ ਤਸਵੀਰਕਸ਼ੀ ਨਾਲ ਲੱਥ-ਪੱਥ ਹੈ।1536 ਤੱਕ ਸੋਹੋ ਕੇਵਲ ਖੇਤੀ ਲਈ ਵਰਤਿਆ ਜਾਣ ਵਾਲਾ ਇਲਾਕਾ ਸੀ, ਉਸ ਉਪਰੰਤ ਹੈਨਰੀ ਅੱਠਵੇਂ ਨੇ ਸੋਹੋ ਵਿਖੇ ਵਾਈਟਹਾਲ ਮਹਿਲ ਵਾਸਤੇ ਸ਼ਾਹੀ ਬਾਗੀਚਾ ਬਣਵਾਇਆ। ਅੰਗਰੇਜ਼ੀ ਇਤਿਹਾਸਕਾਰਾਂ ਮੁਤਾਬਕ ਪਹਿਲੀ ਵਾਰ ਸੋਹੋ ਸ਼ਬਦ ਦਾ ਇਸਤੇਮਾਲ ਸੈਜ਼ੇਮੋਰ ਦੀ ਜੰਗ ਵਿਚ ਮੌਨਮਾਊਥ ਦੇ ਸਾਮੰਤ ਨੇ ਸਿਪਾਹੀਆਂ ਨੂੰ ਉਤਸ਼ਹਿਤ ਕਰਨ ਅਤੇ ਹੱਲਾਸ਼ੇਰੀ ਦੇਣ ਲਈ ਨਾਅਰੇ ਵਜੋਂ ਕੀਤਾ ਸੀ। ਸੋਹੋ ਸ਼ਬਦ ਦਾ ਪ੍ਰਯੋਗ ਪੁਰਾਤਨ ਸ਼ਿਕਾਰੀਆਂ ਵੱਲੋਂ ਸ਼ਿਕਾਰ ਖੇਡਦੇ ਸਮੇਂ ਕੀਤਾ ਜਾਂਦਾ ਸੀ, ਜਿਸ ਅਰਥ ਹੁੰਦਾ ਸੀ ਮੈਨੂੰ ਸ਼ਿਕਾਰ ਦਿਸ ਗਿਆ ਹੈ ਤੇ ਮੈਂ ਉਸਨੂੰ ਮਾਰਨ ਚੱਲਿਆ ਹਾਂ।ਸੋਹੋ ਇੰਗਲੈਂਡ ਦੇ ਇਕ ਸ਼ਹਿਰ ਸਾਊਥਹੈਂਪਟ ਦਾ ਪੁਰਾਣਾ ਨਾਮ ਵੀ ਸੀ। So ਦਾ ਮਤਲਬ ਸਾਊਥ ਅਤੇ Ho ਦਾ ਅਰਥ ਹੈਂਪਟਨ ਜਾਣੀ ਘਰ, ਨਿਵਾਸਸਥਾਨ ਜਾਂ ਛੋਟਾ ਪਿੰਡ ਹੈ।
ਮੈਥਿਊ ਬੋਲਟਨ ਨੇ ਹੈਂਡਸਵਰਥ ਵਿਖੇ ਦੱਬੀਆਂ ਹੋਈਆਂ ਕੋਲੇ, ਲੋਹੇ ਅਤੇ ਖਣਿਜ ਪਦਾਰਥਾਂ ਦੀਆਂ ਖਾਨਾਂ ਨੂੰ ਖੋਜਿਆ ਅਤੇ 1764 ਵਿਚ ਇਥੇ ਕਾਰਖਾਨੇ ਅਤੇ ਲੋਹੇ ਦੀਆਂ ਢਾਲਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜੋ ਕਿ ਬਾਅਦ ਵਿਚ Soho Foundry ਅਤੇ Soho Manufactory (ਸੋਹੋ ਕਾਰਖਾਨਾ) ਦੇ ਨਾਮ ਨਾਲ ਪ੍ਰਸਿੱਧ ਹੋਈਆਂ।ਸੋਹੋ ਸ਼ਿਲਪਗ੍ਰੁਹਿ ਦਾ ਨਿਰਮਾਣ 1761 ਵਿਚ ਸ਼ੁਰੂ ਕਰਕੇ 1765 ਵਿਚ ਮੁਕੰਮਲ ਕਰ ਲਿਆ ਗਿਆ ਸੀ ਤੇ ਇਸ ਉਪਰ ਉਸ ਸਮੇਂ £9,000 ਲਾਗਤ ਆਈ ਸੀ। 1769 ਵਿਚ ਇਥੇ 700 ਕਾਮੇ ਕੰਮ ਕਰਦੇ ਸਨ। ਇਹਨਾਂ ਕਾਰਖਾਨਿਆਂ ਵਿਚ ਮੈਥਿਊ ਬੋਲਟਨ ਨੇ ਰੋਜ਼ਮਰ੍ਹਾ ਕੰਮ ਆਉਣ ਵਾਲੀਆਂ ਵਸਤਾਂ ਤੋਂ ਇਲਾਵਾ, ਸਟੀਲ ਤਾਂਬੇ ਅਤੇ ਲੋਹੇ ਦੇ ਅਨੇਕਾਂ ਔਜ਼ਾਰ , ਸਿੱਕੇ, ਸਟੀਮ ਇੰਜਣ ਅਤੇ ਧਰਤੀ ਵਿਚੋਂ ਪਾਣੀ ਕੱਢਣ ਵਾਲੇ ਵਿੰਡਮਿਲ ਬਣਾਏ, ਗੈਸ ਨਾਲ ਰੋਸਨੀ ਪੈਦਾ ਕਰਨ ਦੀ ਕਾਢ ਕੱਢੀ। ਇਸੇ ਲਈ ਮੈਥਿਊ ਬੋਲਟਨ ਨੂੰ ਬ੍ਰਮਿੰਘਮ ਦੀ ਇੰਡਸਟਰੀ ਦਾ ਜਨਮਦਾਤਾ ਕਿਹਾ ਜਾਂਦਾ ਹੈ। ਇਸ ਕਾਰਜ ਵਿਚ ਉਸਦਾ ਸਾਥ ਦੋ ਸਕੌਟਿਸ਼ ਖੋਜੀਆਂ ਅਤੇ ਇੰਜੀਨੀਅਰਾਂ ਜੇਮਜ਼ ਵਾਟ (10 ਜਨਵਰੀ 1736-25 ਅਗਸਤ 1819) ਅਤੇ ਵਿਲੀਅਮ ਮਰਡੌਖ (27 ਅਗਸਤ 1754-15 ਨਵੰਬਰ 1839) ਨੇ ਦਿੱਤਾ।
ਮੈਥਿਊ ਬੋਲਟਨ ਨੇ ਆਪਣੇ ਕਾਮਿਆਂ ਦੀ ਰਿਹਾਇਸ਼ ਲਈ ਇਥੇ ਮਕਾਨ ਬਣਾਉਣੇ ਆਰੰਭੇ ਤੇ ਜਿਸਦੇ ਫਲਸਰੂਪ 1851 ਵਿਚ ਹੈਂਡਸਵਰਥ ਦੀ ਅਬਾਦੀ ਛੇ ਹਜ਼ਾਰ ਹੋ ਗਈ। ਬੋਲਟਨ ਦੇ ਦਿਹਾਂਤ ਤੋਂ ਕਈ ਸਾਲ ਬਾਅਦ 1860 ਵਿਚ ਸੋਹੋ ਕਾਰਖਾਨਾ ਦੰਮ ਤੋੜ ਗਿਆ।
1881 ਦੀ ਜਨਗਣਨਾ ਅਨੁਸਾਰ ਹੈਂਡਸਵਰਥ ਦੀ ਅਬਾਦੀ 32,000 ਸੀ ਤੇ 1911 ਤੱਕ ਇਹ ਵੱਧ ਕੇ 68,610 ਤੱਕ ਉਪੜ ਗਈ।9 ਨਵੰਬਰ 1911 ਦੀ ਡੂਮਸਡੇਅ ਬੁੱਕ (ਜਾਇਦਾਦ ਦੀ ਸੂਚੀ ਰੱਖਣ ਵਾਲੀ ਕਿਤਾਬ ਜਿਸ ਨੂੰ ਟੈਕਸ ਨਿਰਧਾਰਿਤ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਸੀ।) ਦੇ ਮਤਾਬਿਕ ਹੈਂਡਸਵਰਥ 7,752 ਏਕੜ ਵਿਚ ਫੈਲਿਆ ਹੋਇਆ ਸੀ ਤੇ ਇਹ ਸਟੈਫਰਡਸ਼ਾਇਰ ਦੇ ਅਧੀਨ ਪੈਂਦਾ ਸੀ। ਜਦਕਿ ਹੁਣ ਇਹ ਵਾਰਿਕਸ਼ਾਇਰ ਅਧੀਨ ਹੈ।1871 ਵਿਚ ਹੈਂਡਸਵਰਥ ਦੀ ਅਬਾਦੀ 14,359, 1971 ਵਿਚ 131, 896 ਅਤੇ 2001 ਵਿਚ 205719 ਸੀ। ਜਿਨ੍ਹਾਂ ਵਿਚੋਂ 69.9% ਘੱਟ ਗਿਣਤੀ ਕੌਮਾਂ ਸਨ। ਹੈਂਡਸਵਰਥ ਵਿਚ ਮੰਦਰ, ਗਿਰਜਾਘਰ, ਗੁਰਦੇਆਰਿਆਂ ਅਤੇ ਮਸੀਤਾਂ ਦਾ ਕੋਈ ਘਾਟਾ ਨਹੀਂ ਹੈ। ਰਹੀ ਗੱਲ ਪੱਬਾਂ ਦੀ ਉਹ ਤਾਂ ਇੰਗਲੈਂਡ ਦੇ ਹਰ ਸ਼ਹਿਰ ਵਿਚ ਤੁਹਾਨੂੰ ਦੋ ਸੌ ਤੋਂ ਪੰਜ ਸੌ ਯਾਰਡ ਦੇ ਫਾਸਲੇ ਵਿਚ ਜ਼ਰੂਰ ਹੀ ਮਿਲ ਜਾਂਦਾ ਹੈ। ਇੰਗਲੈਂਡ ਵਿਚ ਪੱਬ ਕਲਚਰ ਦਾ ਪਤਨ ਹੋ ਰਿਹਾ ਹੋਣ ਕਰਕੇ ਹੈਂਡਸਵਰਥ ਦੇ ਪੱਬ ਵੀ ਸੰਕਟਮਈ ਦੌਰ ’ਚੋਂ ਗੁਜ਼ਰਦੇ ਹੋਏ ਬੰਦ ਹੋ ਰਹੇ ਹਨ ਅਤੇ ਇਹਨਾਂ ਦਾ ਸਥਾਨ ਕਲੱਬ, ਬਾਰ-ਰੈਸਟੋਰੈਂਟ ਜਾਂ ਇੰਨ ਬਾਰ ਲੈ ਰਹੇ ਹਨ। ਹੈਂਡਸਵਰਥ ਵਿਚ ਅਨੇਕਾਂ ਸਲਾਨਾ ਤਿਉਹਾਰ ਮਨਾਏ ਜਾਂਦੇ ਅਤੇ ਮੇਲੇ ਲਗਦੇ ਹਨ, ਜਿਨ੍ਹਾਂ ਵਿਚੋਂ ਬ੍ਰੁਮਿੰਘਮ ਟੈਟੂ ਦਿਵਸ, ਬ੍ਰਮਿੰਘਮ ਮੇਲਾ, ਪੁਸਪ ਉਤਸਵ, ਬ੍ਰਮਿੰਘਮ ਪਾਲਤੂ ਕੁੱਤਾ ਮੰਡੀ, ਬ੍ਰਮਿੰਘਮ ਅੰਤਰਰਾਸ਼ਟਰੀ ਕਾਰਨੀਵਲ, ਸਕਾਊ ਰੈਲੀ ਅਤੇ ਬ੍ਰਮਿੰਗਮ ਦਾ ਸਭ ਤੋਂ ਵੱਡਾ ਵਿਸਾਖੀ ਮੇਲਾ ਪ੍ਰਮੁੱਖ ਹਨ। ਇੰਝ ਵਸਦਾ ਰਸਦਾ ਹੋਇਆ ਅੱਜ ਦਾ ਹੈਂਡਸਵਰਥ।
ਸੋਹੋ ਰੋਡ ਨੇ ਸੋਹੋ ਰੋਡ ਬਣਨ ਲਈ ਇਕ ਲੰਮਾ, ਰੌਚਕ ਅਤੇ ਇਤਿਹਾਸਕ ਸਫਰ ਤਹਿ ਕੀਤਾ ਹੈ। ਕੋਲੇ ਦੀਆਂ ਖਾਨਾਂ ਵਿਚ ਕੰਮ ਕਰਨ ਵਾਲੇ ਹੈਂਡਸਵਰਥ ਦੇ ਕਾਮੇ ਕੰਮ ਤੋਂ ਛੁੱਟੀ ਹੋਣ ਉਪਰੰਤ ਇਕ ਝੀਲ ਦੇ ਕੰਡੇ ਨਹਾਉਣ ਧੋਣ ਲਈ ਇਕੱਠੇ ਹੁੰਦੇ ਤੇ ਫਿਰ ਇਸੇ ਹੀ ਝੀਲ ਦੇ ਕੰਡੇ ਉਹ ਮਾਸ ਭੁੰਨਦੇ ਆਪਣਾ ਭੋਜਨ ਬਣਾਉਂਦੇ, ਦਾਰੂ-ਸਿਕਾ ਪੀਂਦੇ ਅਤੇ ਆਪਣੀ ਥਕਾਵਟ ਲਾਉਂਦੇ। ਕਦੇ-ਕਦਾਈਂ ਉਹ ਆਪਣੇ ਮੰਨੋਰੰਜਨ ਲਈ ਦੂਰ-ਦੂਰਾਡਿਓ ਨਾਚੀਆਂ ਵੀ ਮੰਗਵਾ ਲੈਂਦੇ। ਇਸ ਪ੍ਰਕਾਰ ਉਹ ਆਪਣਾ ਥਕੇਵਾਂ ਲਾਹ ਕੇ ਤਰ੍ਹੋ-ਤਾਜ਼ਾ ਹੋ ਅਗਲੇ ਦਿਨ ਦੀ ਦਿਹਾੜੀ ਲਾਉਣ ਲਈ ਤਿਆਰ ਹੋ ਜਾਂਦੇ। ਇਸ ਕਾਰਜ ਨੂੰ ਉਹ ‘ਬੈਟਰੀ ਚਾਰਜ’ ਕਰਨਾ ਆਖਦੇ ਤੇ ਅੱਜ ਇਹ ਅੰਗਰੇਜ਼ੀ ਜ਼ਬਾਨ ਦਾ ਇਕ ਮੁਹਾਵਰਾ ਬਣ ਗਿਆ ਹੈ। ਆਹੀਸਤਾ-ਆਹੀਸਤਾ ਇਨ੍ਹਾਂ ਨਾਚੀਆਂ ਨੇ ਇਸ ਜਗ੍ਹਾ ਨੂੰ ਆਪਣਾ ਅੱਡਾ ਬਣਾ ਲਿਆ ਤੇ ਇਥੇ ਉਹ ਸ਼ਰਾਬ ਵੇਚਦੀਆਂ, ਮੁਜਰੇ ਕਰਦੀਆਂ ਅਤੇ ਫਿਰ ਉਹਨਾਂ ਨੇ ਇਥੇ ਦੇਹ-ਵਪਾਰ ਕਰਨਾ ਵੀ ਸ਼ੁਰੂ ਕਰ ਦਿੱਤਾ। ਸਮੇਂ ਦੇ ਅੱਗੇ ਤੁਰਨ ਨਾਲ ਇਥੇ ਸਹੁਲਤਾਂ ਈਜ਼ਾਦ ਹੁੰਦੀਆਂ ਗਈਆਂ। ਮਜ਼ਦੂਰਾਂ ਦੇ ਨਹਾਉਣ ਲਈ ਜਨਤਕ ਗੁਸਲਖਾਨਿਆਂ ਦਾ ਨਿਰਮਾਣ ਕਰ ਦਿੱਤਾ ਗਿਆ ਤੇ ਝੀਲ ਹੌਲੀ-ਹੌਲੀ ਪੂਰ ਦਿੱਤੀ ਗਈ।
ਵੇਸਵਾਂ ਨੇ ਉਸੇ ਹੀ ਜਗ੍ਹਾ ਉੱਤੇ ਰਾਹ ਪੱਧਰਾ ਕਰਕੇ ਇਕ ਪਹੀ ਬਣਾ ਕੇ ਉਸ ਦੇ ਆਸੇ ਪਾਸੇ ਆਪਣੀਆਂ ਦੁਕਾਨ ਜਾਣੀ ਝੂਗੀਆਂ ਬਣਾ ਲਈਆਂ। ਇਹ ਉਹ ਹੀ ਰਸਤਾ ਸੀ ਜਿਸਨੂੰ ਬਾਅਦ ਵਿਚ ਮਜੂਦਾ ਸੋਹੋ ਰੋਡ ਦਾ ਨਾਮ ਦੇ ਦਿੱਤਾ ਗਿਆ।1798 ਦੇ ਨਕਸ਼ੇ (ਜੋ ਸੈਂਟਰਲ ਲਾਇਬਰੇਰੀ ਬ੍ਰਮਿੰਘਮ ਵਿਚ ਉਪਲਬਧ ਹੈ।) ਮੁਤਾਬਿਕ ਸੋਹੋ ਹਿੱਲ ਨੂੰ ਮਨੀ-ਬੈਗ ਹਿੱਲ ਕਿਹਾ ਜਾਂਦਾ ਸੀ ਤੇ ਸੋਹੋ ਰੋਡ ਦਾ ਨਾਮ ਮਨੀ-ਬੈਗ ਹਿੱਲ ਰੋਡ ਸੀ। ਮਨੀ-ਬੈਗ ਨਾਮਕਰਣ ਵੀ ਇਥੋਂ ਦੀਆਂ ਤਵਾਇਫਾਂ ਨਾਲ ਸੰਬੰਧਿਤ ਹੈ। ਮਜ਼ਦੂਰ ਤਨਖਾਹਾਂ ਨਾਲ ਭਰੇ ਝੋਲੇ ਲਿਆਉਂਦੇ ਅਤੇ ਨਾਚੀਆਂ ਉੱਤੇ ਸਾਰਾ ਧਨ ਵਾਰ ਕੇ ਖਾਲੀ ਥੈਲੇ ਕੇ ਘਰਾਂ ਨੂੰ ਚਲੇ ਜਾਂਦੇ।1802 ਵਿਚ ਇਹ ਨਾਮ ਬਦਲ ਕੇ ਪਾਰਕ ਰੋਡ ਕਰ ਦਿੱਤਾ ਗਿਆ। 1819 ਵਿਚ ਇਸ ਨੂੰ ਸ਼ਰੂਸਬਰੀ ਰੋਡ ਕਿਹਾ ਜਾਂਦਾ ਸੀ, 1834 ਵਿਚ ਇਹ ਸੋਹੋ ਸਟਰੀਟ ਵਜੋਂ ਜਾਣੀ ਜਾਂਦੀ ਸੀ ਤੇ 1855 ਵਿਚ ਸੋਹੋ ਰੋਡ ਨੂੰ ਵੁਲਵਰਹੈਂਪਟਨ ਰੋਡ ਦਾ ਨਾਮ ਦੇ ਦਿੱਤਾ ਗਿਆ ਸੀ ।1872 ਦੇ ਇਕ ਨਕਸ਼ੇ ਵਿਚ ਸੋਹੋ ਰੋਡ, ਫੈਕਟਰੀ ਰੋਡ ਵਜੋਂ ਦਰਜ਼ ਹੈ।
ਦੂਸਰੇ ਵਿਸ਼ਵ ਯੁੱਧ ਸਮੇਂ ਬੰਬਾਰੀ ਦੇ ਖਤਰਿਆਂ ਨੂੰ ਦੇਖਦਿਆਂ ਆਪਣੀ ਨਸਲਕੁਸ਼ੀ ਰੋਕਣ ਦੇ ਮਕਸਦ ਨਾਲ ਅੰਗਰੇਜ਼ਾਂ ਨੇ ਵੈਸਟਇੰਡੀਅਨ ਲੋਕਾਂ ਨੂੰ ਕਾਰਖਾਨਿਆਂ ਵਿਚ ਅੰਗਰੇਜ਼ਾਂ ਦੀ ਜਗ੍ਹਾ ਲਿਆ ਕੇ ਵਾੜ ਦਿੱਤਾ। ਜੰਗ ਉਪਰੰਤ ਇਹਨਾਂ ਐਫਰੋ-ਕੈਰੇਬੀਅਨ ਕਾਲੇ ਲੋਕਾਂ ਨੇ ਦੇਸ਼ ਦੀ ਪੂਨਰ ਉਸਾਰੀ ਵਿਚ ਆਪਣਾ ਬਹੁਤ ਯੋਗਦਾਨ ਪਾਇਆ। ਇਹਨਾਂ ਲੋਕਾਂ ਨੇ ਅੰਗਰੇਜ਼ਾਂ ਦੇ ਗੁਲਾਮ ਬਣ ਕੇ ਡੰਗਰਾਂ ਵਾਂਗ ਐਨੀ ਸ਼ਿੱਦਤ ਨਾਲ ਕੰਮ ਕੀਤਾ ਕਿ ਉਹਨਾਂ ਦੀ ਆਪਣੀ ਮੌਜੂਦਾ ਪਨੀਰੀ ਨੂੰ ਨਾ ਤਾਂ ਆਪਣੇ ਸਭਿਆਚਾਰ, ਇਤਿਹਾਸ, ਸੰਗੀਤ ਅਤੇ ਨਾ ਆਪਣੀ ਮਾਂ ਬੋਲੀ ਬਾਰੇ ਸਹੀ ਜਾਂ ਪੂਰੀ ਜਾਣਕਾਰੀ ਹੈ।ਇਕ ਤਰ੍ਹਾਂ ਅੰਗਰੇਜ਼ ਲੋਕਾਂ ਨੇ ਉਨ੍ਹਾਂ ਦੀ ਨਸਲ ਹੀ ਖਰਾਬ ਕਰਕੇ ਰੱਖ ਦਿੱਤੀ ਹੈ। ਪੁਰਾਣੇ ਬਜ਼ੁਰਗ ਕਾਲੇ ਲੋਕਾਂ ਨਾਲ ਅੱਜ ਵੀ ਇਸ ਸੰਦਰਭ ਵਿਚ ਗੱਲ ਛੇੜ ਕੇ ਦੇਖੋ ਤਾਂ ਉਹਨਾਂ ਦਾ ਮੂੰਹ ਕੁੜੱਤਣ ਨਾਲ ਭਰ ਜਾਂਦਾ ਹੈ ਤੇ ਅੱਖਾਂ ਵਿਚੋਂ ਲਹੂ ਦੇ ਹੰਝੂ ਟਪਕ ਪੈਂਦੇ ਹਨ। ਪ੍ਰਸਿੱਧ ਸਾਹਿਤਸ਼ਾਸ਼ਤਰੀ, ਇਤਿਹਾਸਕਾਰ, ਪੱਤਕਰਕਾਰ ਅਤੇ ਲੇਖਕਾ ਵਿਕਟੋਰੀਆ ਕੈਂਬਲ ਆਪਣੀ 2814 ਸਫਿਆਂ ਦੀ ਪੁਸਤਕ ‘ਬਲੈਕਸ ਇੰਨ ਬ੍ਰਿਟਨ’(ਜੋ ਉਸ ਨੇ ਬਾਰਾਂ ਸਾਲਾਂ ਦੀ ਮਿਹਨਤ ਨਾਲ ਦੌ ਹਜ਼ਾਰ ਪਰਿਵਾਰਾਂ ਨਾਲ ਮੁਲਕਾਤ ਕਰਕੇ ਲਿਖੀ ਹੈ) ਵਿਚ ਖੁਲਾਸਾ ਕਰਦੀ ਹੈ, ਵੈਸਟ ਇੰਡੀਅਨ ਲੋਕਾਂ ਨੂੰ ਅੰਗਰੇਜ਼ਾਂ ਨੇ ਇੰਗਲੈਂਡ ਸੱਦਣ ਲਈ ਝੂਠੇ ਸਬਜ਼ਬਾਗ ਦਿਖਾਏ ਤੇ ਵਧੀਆ ਜੀਵਨ ਪ੍ਰਦਾਨ ਕਰਨ ਦੇ ਝੂਠੇ ਵਾਅਦੇ ਕੀਤੇ ਸਨ।ਲੇਕਿਨ ਇੰਗਲੈਂਡ ਆਉਣ ’ਤੇ ਉਹਨਾਂ ਨਾਲ ਨਸਲ ਅਤੇ ਰੰਗ ਦੇ ਅਧਾਰ ਉੱਤੇ ਬਹੁਤ ਜ਼ੁਲਮ ਕੀਤੇ ਗਏ। ਕਾਲੇ ਲੋਕਾਂ ਨੂੰ ਬਹੁਤ ਸਾਰੀਆਂ ਥਾਵਾਂ ਉੱਤੇ ਜਾਣ ਦੀ ਮਨਾਹੀ ਸੀ। ਉਸ ਸਮੇਂ ਇਨ੍ਹਾਂ ਲੋਕਾਂ ਨਾਲ ਜੋ ਵਿਤਕਰਾ ਹੁੰਦਾ ਸੀ, ਉਹ ਉਹਨਾਂ ਦੀ ਲੋਕਾਂ ਦੀ ਜ਼ਬਾਨੀ ਉਪਰੋਕਤ ਵਰਣਿਤ ਪੁਸਤਕ ਦੇ ਪੰਨਾ 24 ਤੋਂ 36 ਵਿਚ ਦਰਜ਼ ਕੀਤਾ ਗਿਆ ਹੈ। ਕਾਲੇ ਲੋਕਾਂ ਦੇ ਉਨ੍ਹਾਂ ਬਿਆਨਾਂ ਨੂੰ ਪੜ੍ਹ ਕੇ ਇਨਸਾਨੀਅਤ ਸ਼ਰਮਸਾਰ ਹੋਈ ਪ੍ਰਤੀਤ ਹੁੰਦੀ ਹੈ ਤੇ ਉਨ੍ਹਾਂ ਦੇ ਹੰਢਾਏ ਦਰਦ ਦਾ ਅਹਿਸਾਸ ਹੁੰਦਾ ਹੈ।ਇਸ ਨਸਲਵਾਦ ਨਾਲ ਨਜਿੱਠਣ ਲਈ ਕਾਲਿਆਂ ਨੂੰ ਭਾਵੇਂ ਕਈ ਸਾਲ ਤਾਂ ਲੱਗ ਗਏ ਪਰ ਉਹਨਾਂ ਨੇ ਹਥਿਆਰ ਐਨਾ ਵਧੀਆ ਵਰਤਿਆ ਕਿ ਆਉਂਦੇ ਕਈ ਸਾਲਾਂ ਤੱਕ ਵੀ ਉਹ ਕਾਰਾਗਰ ਰਹੇਗਾ। ਉਹ ਹਥਿਆਰ ਸੀ ਕਲਮ ਦਾ। ਕਾਲਿਆਂ ਨੇ ਲੇਖਕ ਪੈਦਾ ਕੀਤੇ, ਜਿਨ੍ਹਾਂ ਨੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਅਧਾਰ ਬਣਾ ਕੇ ਸਾਹਿਤ ਰਚਿਆ ਤੇ ਉਸ ਸਾਹਿਤ ਨੂੰ ਕਾਲੇ ਕਲਮਕਾਰਾਂ ਦਾ ਸਾਹਿਤ ਗਰਦਾਨ ਕੇ ਮਾਨਤਾ ਹਾਸਿਲ ਕਰਵਾਈ।ਅੱਜ ਵੀ ਬ੍ਰਤਾਨਵੀ ਲਾਇਬਰੇਰੀਆਂ ਵਿਚ Black Writer's Litrature ਨਾਮੀ ਵੱਖਰੀਆਂ ਸ਼ੈਲਫਾਂ ਦੇਖੀਆਂ ਜਾ ਸਕਦੀਆਂ ਹਨ।
1961 ਵਿਚ ਵੈਸਟ ਇੰਡੀਅਨਾਂ ਦੀ ਸੰਖੀਆ 17,000 ਸੀ। ਸੋਹੋ ਰੋਡ ਦਾ ਨਕਸ਼ਾਂ ਕਾਫੀ ਹੱਦ ਤੱਕ ਬਦਲ ਚੁੱਕਿਆ ਸੀ। ਤੇ ਇਹ ਉਸ ਸਮੇਂ ਕਾਲੇ ਲੋਕਾਂ ਦੀ ਰਾਜਧਾਨੀ ਹੁੰਦੀ ਸੀ। ਇਥੇ ਇਹਨਾਂ ਲੋਕਾਂ ਨੇ ਆਪਣੀਆਂ ਦੁਕਾਨਾਂ, ਮਕਾਨ, ਜੂਏਖਾਨੇ, ਚਕਲੇ, ਅਤੇ ਰੇਸਟੋਰੈਂਟ ਬਣਾਏ। ਇਥੇ ਉਹ ਆਪਣਾ ਸਲਾਨਾ ਤਿਉਹਾਰ ਜਿਸਨੂੰ ਕਾਰਨੀਵੈਲ ਕਹਿੰਦੇ ਹਨ 1984 ਤੱਕ ਬਾਦਸਤੂਰ ਮਨਾਉਂਦੇ ਰਹੇ। ਕਾਲਿਆਂ ਦਾ ਇਕ ਤਰ੍ਹਾਂ ਨਾਲ ਇਥੇ ਸ਼ਾਸ਼ਨ ਹੀ ਚੱਲਦਾ ਸੀ। ਪੱਬਾਂ ਵਿਚ ਸ਼ਰੇਆਮ ਦੋ ਨੰਬਰ ਦੇ ਕੰਮ ਹੁੰਦੇ। ਗੈਰਕਾਨੂੰਨੀ ਹਥਿਆਰ ਅਤੇ ਨਸ਼ੀਲੇ ਪਦਾਰਥ ਖਰੀਦੇ ਅਤੇ ਵੇਚੇ ਜਾਂਦੇ। ਫਰੰਗੀ ਪੁਲਿਸ ਵੀ ਕੋਈ ਬਹੁਤੀ ਇਸ ਇਲਕੇ ਵਿਚ ਦਖਲਅੰਦਾਜ਼ੀ ਨਾ ਕਰਦੀ। ਲੜਾਈ-ਝਗੜਾ, ਵੱਢ-ਟੁੱਕ ਹੋਣ ’ਤੇ ਜੇ ਪੁਲਿਸ ਨੂੰ ਸੂਚਿਤ ਵੀ ਕੀਤਾ ਜਾਂਦਾ ਤਾਂ ਭਾਰਤੀ ਪੁਲਿਸ ਵਾਂਗ ਬ੍ਰਤਾਨਵੀ ਪੁਲਿਸ ਵੀ ਵਾਰਦਾਤ ਹੋ ਜਾਣ ਦੇ ਪਿਛੋਂ ਹੀ ਪਹੁੰਚਦੀ। ਬ੍ਰਮਿੰਘਮ ਵਿਚ ਅੱਜ ਵੀ ਹੈਂਡਸਵਰਥ ਵਿਖੇ ਜ਼ੁਰਮ ਦੀ ਦਰ ਸਭ ਤੋਂ ਜ਼ਿਆਦਾ ਹੈ। ਇਸੇ ਵਜ੍ਹਾ ਕਰਕੇ ਇਸ ਇਲਾਕੇ ਵਿਚ ਗੱਡੀਆਂ ਅਤੇ ਘਰਾਂ ਦੀਆਂ ਇੰਸ਼ੋਰੈਂਸਾਂ ਮਹਿੰਗੀਆਂ ਹੁੰਦੀਆਂ ਹਨ, ਕਿਉਂਕਿ ਲੁੱਟ-ਖੋਹ, ਅੱਗਜ਼ਨੀ ਅਤੇ ਚੋਰੀਆਂ ਚਕਾਰੀਆਂ ਦਾ ਖਦਸਾ ਅਕਸਰ ਬਣਿਆ ਰਹਿੰਦਾ ਹੈ। ਇਥੇ ਵਰਣਨਯੋਗ ਹੈ ਕਿ ਕਿ ਗੋਰੇ-ਕਾਲੇ ਲੋਕ ਵੱਧ ਤੋਂ ਵੱਧ ਨੌ ਕੈਰਟ ਦਾ ਸੋਨਾ ਪਹਿਨਦੇ ਹਨ ਤੇ ਭਾਰਤੀ ਬਾਈ ਜਾਂ ਚੌਵੀ। ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਚੌਵੀ ਕੈਰਟ ਦਾ ਸੋਨਾ ਵੀ ਹੁੰਦਾ ਹੈ ਤੇ ਉਹ ਉਹਨਾਂ ਦੇ ਸੋਨੇ ਨਾਲੋਂ ਮਹਿੰਗਾ ਹੁੰਦਾ ਹੈ। ਇਹ ਗੱਲ ਕਿੰਨੀ ਕੁ ਸਹੀ ਜਾਂ ਗਲਤ ਹੈ ਇਹ ਤਾਂ ਮੈਂ ਦਾਵੇ ਨਾਲ ਨਹੀਂ ਕਹਿ ਸਕਦਾ ਪਰ ਖਬਰਾਂ ਅਤੇ ਪੁਲਿਸ ਪੜਤਾਲਾਂ ਸਬੰਧੀ ਛਪੇ ਲੇਖਾਂ ਵਿਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਭਾਰਤੀ ਸੁਨਿਆਰੇ ਕਾਲਿਆਂ ਨੂੰ ਉਕਸਾ ਕੇ ਲੁੱਟ-ਖੋਹ ਅਤੇ ਚੋਰੀਆਂ ਕਰਵਾ ਕੇ ਉਨ੍ਹਾਂ ਤੋਂ ਸਸਤੇ ਭਾਅ ਸੋਨਾ ਖਰੀਦਦੇ ਅਤੇ ਫਿਰ ਉਸ ਨੂੰ ਅੱਗੋਂ ਗਾਹਕਾਂ ਨੂੰ ਵੇਚਦੇ। ਵਿਆਹਾਂ-ਸ਼ਾਦੀਆਂ ਸਮੇਂ ਜਦੋਂ ਕੋਈ ਵੱਡੀ ਮਾਤਰਾ ਵਿਚ ਸੋਨਾ ਖਰੀਦ ਕੇ ਲਿਜਾਂਦਾ ਤਾਂ ਆਪਣੇ ਗਾਹਕ ਦੇ ਘਰ ਚੋਰੀ ਕਰਨ ਲਈ ਕਾਲਿਆਂ ਨੂੰ ਜਾਣਕਾਰੀ ਇਹ ਸੁਨਿਆਰੇ (ਕੁਝ ਕੁ, ਸਾਰੇ ਨਹੀਂ) ਹੀ ਦਿੰਦੇ।ਇਸ ਗੱਲ ਦਾ ਭੇਤ ਉਸ ਸਮੇਂ ਖੁੱਲਿਆ ਸੀ ਜਦੋਂ ਪੁਲਿਸ ਦੁਆਰਾ ਇੰਗਲੈਂਡ ਦੇ ਕਿਸੇ ਹੋਰ ਸ਼ਹਿਰ ਵਿਚ ਇਕ ਜਾਲ ਵਿਛਾਇਆ ਗਿਆ। ਪੁਲਿਸ ਵੱਲੋਂ ਗਿਣੀ-ਮਿਥੀ ਸਾਜ਼ਿਸ਼ ਅਧਿਨ ਇਕ ਦੇਸੀ ਪਰਿਵਾਰ ਨੂੰ ਕੁੜੀ ਦੇ ਵਿਆਹ ਦਾ ਬਹਾਨਾ ਬਣਾ ਕੇ ਸੋਨਾ ਖਰੀਦਣ ਭੇਜਿਆ ਗਿਆ। ਉਸ ਪਰਿਵਾਰ ਵੱਲੋਂ ਸੁਨਿਆਰੇ ਨੂੰ ਆਪਣੇ ਘਰ ਦਾ ਪਤਾ ਉਹ ਲਿਖਾਇਆ ਗਿਆ ਜੋ ਪੁਲਿਸ ਦੁਆਰਾ ਦੱਸਿਆ ਗਿਆ ਸੀ। ਮਜ਼ੇ ਦੀ ਗੱਲ ਹੈ ਕਿ ਉਸ ਸਿਰਨਾਵੇਂ ਉੱਤੇ ਉਸੇ ਰਾਤ ਹੀ ਕਾਲੇ ਚੋਰੀ ਕਰਨ ਚਲੇ ਗਏ ਅਤੇ ਪਹਿਲਾਂ ਹੀ ਲੁੱਕ ਕੇ ਉਹਨਾਂ ਦਾ ਇੰਤਜ਼ਾਰ ਕਰ ਰਹੀ ਪੁਲਿਸ ਨੇ ਫੜ੍ਹ ਲਏ।
ਲਗਭਗ 1960 ਵਿਚ ਬ੍ਰਤਾਨਵੀ ਸਰਕਾਰ ਨੇ ਤਿੰਨ ਸ਼੍ਰੇਣੀਆਂ (A,B,C) ਤਹਿਤ ਵਾਊਚਰ ਸਿਸਟਮ ਚਲਾਇਆ।1961 ਦੇ ਕਰੀਬ ਹੀ ਭਾਰਤ ਤੇ ਖਾਸ ਕਰਕੇ ਪੰਜਾਬ ਤੋਂ ਲੋਕੀ ਇਥੇ ਆਉਣੇ ਸ਼ੁਰੂ ਹੋ ਗਏ ਸਨ। ਅਫਰੀਕਾ ਤੋਂ ਵੀ ਭਾਰੀ ਮਾਤਰਾ ਵਿਚ ਪੰਜਾਬੀ ਲੋਕ ਇਥੇ ਆਏ। ਪੰਜਾਬੀਆਂ ਨੇ ਕੋਲੇ ਦੀਆਂ ਖਾਨਾਂ, ਢਾਲਾਂ, ਫੈਕਟਰੀਆਂ ਵਿਚ ਕੰਮ ਕੀਤਾ ਅਤੇ ਕੁਝ ਕੁ ਨੂੰ ਨਜ਼ਦੀਕ ਹੀ ਪੈਂਦੇ ਕਸਬੇ ਲੌਂਗਬਰਿਜ ਵਿਖੇ ਮੋਟਰ ਗੱਡੀਆਂ ਬਣਾਉਣ ਦੇ ਕਾਰਖਾਨੇ ਵਿਚ ਕੰਮ ਮਿਲ ਗਏ। ਪੰਜਾਬੀਆਂ ਨੇ ਵੀ ਸੋਹੋ ਰੋਡ ਨੂੰ ਧੁਰਾ ਬਣਾ ਕੇ ਇਸ ਦੇ ਇਰਧ-ਗਿਰਧ ਖੇਤਰਾਂ ਵਿਚ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ। 1964 ਵਿਚ ਵੈਸਟਇੰਡੀਅਨਾਂ ਦੀ ਸੰਖੀਆ ਰੋਕਣ ਦੇ ਮਕਸਦ ਨਾਲ ਵਾਊਚਰ ਦੀ ਤੀਜੀ ਕੈਟਾਗੀਰੀ ਬੰਦ ਕਰ ਦਿੱਤੀ ਗਈ। ਅੰਗਰੇਜ਼ਾਂ ਨੂੰ ਉਹ ਕਾਮੇ ਚਾਹੀਦੇ ਸਨ ਜੋ ਮਿਹਨਤੀ, ਕਾਰੀਗਰ ਹੋਣ ਦੇ ਨਾਲ ਨਾਲ ਆਪਣੀ ਧਰਤੀ ਨਾਲ ਬਹੁਤਾ ਜੁੜੇ ਨਾ ਹੋਣ ਭੂਹੇਰਵੇ ਦੇ ਅਸਾਨੀ ਨਾਲ ਸ਼ਿਕਾਰ ਹੋਣ ਵਾਲੇ ਨਾ ਹੋਣ, ਭਾਵ ਕਿ ਉਹ ਪੌਦੇ ਜੋ ਜ਼ਮੀਨ ਵਿਚੋਂ ਪੱਟ ਕੇ ਗਮਲਿਆਂ ਵਿਚ ਲਾਏ ਜਾ ਸਕਦੇ ਹੋਣ। ਜਿਵੇਂ ਕਿ ਫੌਜੀ। ਇਸ ਗੱਲ ਦਾ ਖੁਲਾਸਾ ਕਰਦੇ ਹੋਏ ਲੇਖਕ ਅਤੇ ਇਤਿਹਾਸਕਾਰ ਪੀਟਰ ਰੈਟਕਲਿਫ ਆਪਣੀ ਵੱਡ-ਅਕਾਰੀ ਖੋਜ ਪੁਸਤਕ 'Racism and Reaction' ਦੇ ਪਹਿਲੇ ਅਧਿਆਏ ਦੇ ਪੰਨਾ ਨੰ: 17 ਉੱਤੇ ਲਿਖਦਾ ਹੈ, “The people of Punjab have developed an unusual capacity for adjustment to change which makes them one of the least ‘ROOTED’ communities in India, mentally, culturailt and physically.” ਇਸੇ ਲੜੀ ਨੂੰ ਅੱਗੇ ਤੋਰਦਾ ਹੋਇਆ ਪੰਜਾਬੀਆਂ ਦੇ ਇੰਗਲੈਂਡ ਆਉਣ ਦੇ ਕਾਰਨਾਂ ਦੇ ਜ਼ਿਕਰ ਵਿਚ ਉਹ ਦੋ ਪ੍ਰਮੁੱਖ ਕਾਰਨ ਦੱਸਦਾ ਹੈ। ਇਕ ਤਾਂ ਗਰੀਬੀ ਅਤੇ ਧਨ ਕਮਾਕੇ ਵਧੀਆ ਜੀਵਨ ਜੀਉਣ ਦੀ ਲਾਲਸਾ। ਦੂਜਾ ਉਹ 1947 ਦੀ ਵੰਡ ਦੇ ਸਿੱਟਿਆਂ ਨੂੰ ਵੀ ਇਸਦਾ ਕਾਰਨ ਮੰਨਦਾ ਹੈ।ਉਸ ਅਨੁਸਾਰ ਪਾਕਿਸਤਾਨ ਤੋਂ ਹਿਜ਼ਰਤ ਕਰਕੇ ਭਾਰਤ ਵਿਚ ਗਏ ਲੋਕ ਆਪਣੀਆਂ ਜੜਾਂ ਲਾਉਣ ਤੋਂ ਅਸਮਰਥ ਰਹੇ ਲੋਕਾਂ ਨੇ ਵਿਦੇਸ਼ਾਂ ਵੱਲ ਆਉਣ ਦਾ ਰੁਖ ਕੀਤਾ।
ਤਿੰਨ ਵੱਖੋ-ਵੱਖਰੀਆਂ ਨਸਲਾਂ, ਰੰਗਾਂ ਅਤੇ ਦੇਸ਼ਾਂ ਦੇ ਬੰਦੇ ਇਕ ਜਗ੍ਹਾ ਹੈਂਡਸਵਰਥ ਵਿਖੇ ਇਕੱਠੇ ਹੋਏ ਤਾਂ ਉਹੀ ਹੋਣ ਲੱਗਾ ਜੋ ਇਨਸਾਨੀ ਫਿਤਰਤ ਹੈ। ਕਾਲੇ, ਗੋਰੇ ਅਤੇ ਭੂਰੇ ਲੋਕਾਂ ਵਿਚ ਨਸਲੀ ਵਿਤਕਰੇ ਹੋਣ ਲੱਗੇ ਤੇ ਸੋਹੋ ਰੋਡ ਇਹਨਾਂ ਦੇ ਜੰਗੀ ਅਖਾੜਿਆਂ ਦੀ ਰਣਭੂਮੀ ਬਣਨ ਲੱਗਾ। ਆਏ ਦਿਨ ਦੰਗੇ ਫਸਾਦ ਹੋਣ ਲੱਗੇ। ਇਕ ਕਾਲੀ ਕੁੜੀ ਦਾ ਏਸ਼ੀਅਨਾਂ (ਪਾਕਿਸਤਾਨੀਆਂ) ਵੱਲੋਂ ਬਲਾਤਕਾਰ ਕਰਨ ’ਤੇ। 1985 ਵਿਚ ਹੈਂਡਸਵਰਥ ਵਿਚ ਇਕ ਐਸਾ ਨਸਲੀ ਭਾਂਬੜ ਮੱਚਿਆ ਕਿ ਜਿਸਦੀ ਲਪੇਟ ਵਿਚ ਪੂਰਾ ਮੁਲਕ ਆ ਗਿਆ ਸੀ। ਉਸ ਸਮੇਂ ਅਵਾਮ ਨੂੰ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਉਠਾਉਣਾ ਪਿਆ ਸੀ। ਲੇਕਿਨ ਹੌਲੀ-ਹੌਲੀ ਲੋਕੀ ਇਸ ਸਭ ਕਾਸੇ ਦੇ ਆਦੀ ਹੋਣ ਲੱਗ ਪਏ।
ਇਕ ਇਕ ਕਰਕੇ ਕਾਲੇ ਸੋਹੋ ਰੋਡ ਛੱਡਦੇ ਗਏ ਤੇ ਭਾਰਤੀ ਆਪਣੇ ਪੈਰ ਅਜ਼ਮਾਉਂਦੇ ਗਏ। ਫਿਰ ਇਹ ਸੋਹੋ ਰੋਡ ਭਾਰਤੀਆਂ ਦਾ ਮੁੱਖ ਕੇਂਦਰ ਬਣ ਗਈ। ਕੋਈ ਭਾਰਤੀ ਸਮਾਨ, ਕੱਪੜਾ-ਲੀੜਾ ਜਾਂ ਸੌਦਾ-ਪੱਤਾ ਲੈਣਾ ਹੁੰਦਾ ਤਾਂ ਉਹ ਕੇਵਲ ਸੋਹੋ ਰੋਡ ਤੋਂ ਹੀ ਮਿਲਦਾ ਸੀ। ਇਕ ਸਮਾਂ ਤਾਂ ਐਸਾ ਆਇਆ ਕਿ ਇੰਝ ਪ੍ਰਤੀਤ ਹੋਣ ਲੱਗਾ ਜਿਵੇਂ ਇੰਡੀਆ ਤੋਂ ਆਉਣ ਵਾਲਾ ਜਹਾਜ਼ ਸਿੱਧਾ ਉਤਰਦਾ ਹੀ ਸੋਹੋ ਰੋਡ ਉੱਤੇ ਹੈ।
ਪ੍ਰਦੂਸ਼ਨ ਦੀ ਰੋਕਥਾਮ ਲਈ ਸਰਕਾਰ ਨੇ ਕਾਨੂੰਨ ਬਣਾਏ ਤਾਂ ਫੈਕਟਰੀਆਂ, ਫਾਊਂਡਰੀਆਂ ਬੰਦ ਹੋਣ ਲੱਗੀਆਂ। ਕੋਲੇ ਦੀਆਂ ਖਾਨਾਂ ’ਚੋਂ ਕੋਲਾ ਮੁੱਕ ਚੁੱਕਿਆ ਸੀ। ਉਸ ਉਪਰੰਤ ਕਪੜੇ ਦੇ ਕਾਰੋਬਾਰ ਦਾ ਇਨਕਲਾਬ ਆਇਆ। ਸੋਹੋ ਰੋਡ ਦੇ ਆਲੇ-ਦੁਆਲੇ ਕੱਪੜੇ ਸਿਲਾਈਆਂ-ਬੁਣਾਈ ਦੀਆਂ ਫੈਕਟਰੀਆਂ ਖੁੱਲ ਗਈਆਂ। ਇਹ ਫੈਕਟਰੀਆਂ ਵਾਲੇ ਵਧੀਆ ਮਾਲ ਚੰਗੇ ਸਟੋਰਾਂ ਨੂੰ ਵੇਚ ਕੇ ਰਹਿੰਦ-ਖੂੰਹਦ ਸੋਹੋ ਰੋਡ ਦੀ ਮਾਰਕੀਟ ਵਿਚ ਸਟਾਲ ਲਾ ਕੇ ਵੇਚ ਲੈਂਦੇ। ਦੇਸੀ ਬੰਦੇ ਇੰਡੀਆ ਨੂੰ ਜਾਣ ਲੱਗੇ ਸਸਤੇ ਭਾਅ ਦਾ ਇਹ ਬਾਹਰਲਾ ਸਮਾਨ ਖਰੀਦ ਆਪਣੇ ਰਿਸ਼ਤੇਦਾਰਾਂ ਅਤੇ ਸਕੇ ਸਬੰਧੀਆਂ ਨੂੰ ਗਿਫਟ ਕਰ ਆਉਂਦੇ। ਇਸ ਨਾਲ ਰਿਸ਼ਤੇਦਾਰੀ ਵੀ ਨਾ ਟੁੱਟਦੀ ਤੇ ਜੇਬ ਵੀ ਨਾ ਰੁੱਸਦੀ।ਰੱਬ ਵੀ ਰਾਜੀ, ਰਾਂਝਾ ਵੀ ਰਾਜੀ। ਇਸ ਤਰ੍ਹਾਂ ਸੋਹੋ ਰੋਡ ਪੰਜਾਬੀਆਂ ਨੂੰ ਕਿਸੇ ਨਾ ਕਿਸੇ ਬਹਾਨੇ ਆਪਣੇ ਕੋਲ ਬੁਲਾ ਲੈਂਦੀ। ਹੁਣ ਤਾਂ ਇਹ ਹਾਲਤ ਹੋ ਗਈ ਹੈ ਕਿ ਪੰਜਾਬੀਆਂ ਦੇ ਲੋੜ ਦੀ ਭਾਵੇਂ ਕੋਈ ਚੀਜ਼ ਇੰਡੀਆ ਤੋਂ ਨਾ ਮਿਲੇ, ਪਰ ਉਹ ਸੋਹੋ ਰੋਡ ਤੋਂ ਜ਼ਰੂਰ ਮਿਲ ਜਾਵੇਗੀ। ਬਹੁਤੀਆਂ ਉਪਹਾਰ ਦੇਣ ਲਈ ਵਰਤੀਆਂ ਜਾਣ ਵਾਲੀਆਂ ਵਸਤਾਂ ਚਾਇਨਾ ਜਾਂ ਇੰਡੀਆ ਤੋਂ ਆਉਂਦੀਆਂ ਹਨ ਤੇ ਵਲੈਤੀਏ ਖਰੀਦ ਕੇ ਇੰਡੀਆ ਤੋਹਫਾ ਦੇਣ ਲਈ ਵਾਪਿਸ ਮੋੜ ਕੇ ਲੈ ਜਾਂਦੇ ਹਨ।
ਔਰਤਾਂ ਨੂੰ ਬੇਫਜ਼ੂਲ ਖਰੀਦਾਰੀ ਦੀ ਆਦਤ ਹੁੰਦੀ ਹੈ ਇਸ ਲਈ ਛੁੱਟੀ ਵਾਲੇ ਦਿਨ ਕੁੜੀਆਂ-ਚਿੜੀਆਂ ਪਹਿਨ-ਪਚਰ ਕੇ ਸੋਹੋ ਰੋਡ ਆ ਜਾਂਦੀਆਂ ਤੇ ਮੁੰਡੇ ਖੁੰਡੇ ਅਵਾਰਾਗਰਦੀ ਕਰਨ ਆ ਜਾਂਦੇ। ਅੱਜ ਵੀ ਸੋਹੋ ਰੋਡ ’ਤੇ ਖਰੀਦਾਰੀ ਕਰਨ ਵਾਲੇ ਘੱਟ ਅਤੇ ਪਹਿਲਵਾਨੀ ਗੇੜੇ ਦੇਣ ਵਾਲੇ ਬਹੁਤੇ ਹੁੰਦੇ ਹਨ। ਸੋਹੋ ਰੋਡ ਦੇ ਕੰਡਿਆਂ ਉੱਤੇ ਲੱਗੇ ਬੈਂਚਾਂ ਉੱਤੇ ਪੰਜਾਬੀ ਬਜ਼ੁਰਗ ਬਾਬੇ ਸੱਥਾਂ ਦੀਆਂ ਯਾਦਾਂ ਤਾਜ਼ਾ ਕਰਨ ਆ ਬੈਠਦੇ ਹਨ ਤੇ ਇਕ ਦੂਜੇ ਨਾਲ ਆਪਣਾ ਦੁੱਖ-ਸੁੱਖ ਫਰੋਲ ਕੇ ਸ਼ਾਮ ਨੂੰ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ। ਕੁਝ ਕੁ ਬੈਂਚਾਂ ਉੱਪਰ ਤੁਹਾਨੂੰ ਇੰਡੀਆ ਤੋਂ ਸਜਰੇ ਆਏ ਮੁੰਡੇ ਵੀ ਨਜ਼ਰ ਆ ਜਾਣਗੇ, ਜੋ ਇਹਨਾਂ ਬੈਂਚਾਂ ਉੱਪਰ ਆਪਣਾ ਹੱਕ ਜਮਾਉਣ ਲਈ ਸ਼ਰਾਬ ਪੀਂਦੇ ਜਾਂ ਰਾਹ ਜਾਂਦੀਆਂ ਕੁੜੀਆਂ ਨੂੰ ਛੇੜਨਾ ਆਪਣਾ ਜਨਮਸਿੱਧ ਅਧਿਕਾਰ ਸਮਝਦੇ ਹਨ। ਇਹ ਭੱਦਰਪੁਰਸ਼ ਲੜਕੀਆਂ ਨੂੰ ਫਿਕਰਾ ਕਸਣ ਲੱਗੇ ਇਹ ਵੀ ਨਹੀਂ ਦੇਖਦੇ ਕਿ ਉਸ ਲੜਕੀ ਨਾਲ ਉਸਦਾ ਭਰਾ, ਪਿਉ, ਪਤੀ ਜਾਂ ਮਰਦ ਮਿੱਤਰ ਜਾ ਰਿਹਾ ਹੈ।ਬਸ ਇਹ ਤਾਂ ਕਿਸੇ ਹੋਰ ਦੇ ਵਿਚ ਦੀ ਕੱਢ ਕੇ ‘ਸਾਸਰੀਕਾਲ’ ਬਲਾਉਣ ਤੋਂ ਖੂੰਝਦੇ ਨਹੀਂ। ਇਸ ਪ੍ਰਕਾਰ ਸੋਹੋ ਰੋਡ ਨੇ ਸੈਰਗਾਹ ਵਾਲਾ ਰੁਤਬਾ ਹਾਸਿਲ ਕਰ ਲਿਆ ਹੈ। ਕਹਿਣ ਦਾ ਭਾਵ ਸੋਹੋ ਰੋਡ ਉਹੀ ਹੈ ਜੋ ਪਟਿਆਲੇ ਦਾ 22 ਨੰਬਰ ਫਾਟਕ, ਚੰਡੀਗੜ੍ਹ ਦੀ ਸੁਖਨਾ ਝੀਲ, ਮੁਬੰਈ ਦਾ ਬੈਂਡਸਟੈਂਡ, ਦਿੱਲੀ ਦਾ ਪਾਲਕਾ ਬਜ਼ਾਰ ਹੈ ਜਾਂ ਕਾਠਮੰਡੂ ਦਾ ਪਸ਼ੂ-ਪਤੀ।
ਹੁਣ ਸਵਾਲ ਉੱਠਦਾ ਹੈ ਕਿ ਸੋਹੋ ਰੋਡ ਦੀਆਂ ਧੁੰਮਾਂ ਪੰਜਾਬ ਤੱਕ ਕਿਵੇਂ ਪਹੁੰਚੀਆਂ? ਇਹ ਸਭ ਮੀਡੀਏ ਤੇ ਲੇਖਕਾਂ ਦੀ ਮਿਹਰਬਾਨੀ ਹੈ। ਨੌਵੇਂ ਦਹਾਕੇ ਵਿਚ ਇੰਗਲੈਂਡ ਦੇ ਇਕ ਪੰਜਾਬੀ ਸੰਗੀਤ ਗਰੁੱਪ ‘ਆਪਨਾ ਸੰਗੀਤ’ ਨੇ ਗੀਤ ਕੱਢਿਆ ਸੀ, “ਸੋਹੋ ਰੋਡ ਉੱਤੇ ਤੈਨੂੰ ਲੱਭਦਾ ਫਿਰਾਂ ਨੀ ਮੈਂ ਕੰਨਾਂ ਵਿਚ ਮੁੰਦਰਾਂ ਪਾਕੇ, ਇੰਡੀਆ ’ਚ ਮੇਰੇ ਨਾਲ ਅੱਖਾਂ ਜੋ ਲੜਾਈਆਂ ਭੁੱਲ ਗਈ ਵਲੈਤ ਵਿਚ ਆ ਕੇ।” ਉਹ ਗੀਤ ਐਨਾ ਚੱਲਿਆ ਕਿ ਸੋਹੋ ਰੋਡ ਦੀ ਮਸ਼ਹੂਰੀ ਨੂੰ ਇੰਗਲੈਂਡ ਤੱਕ ਸੀਮਿਤ ਨਾ ਰੱਖੇ ਕੇ ਵਿਸ਼ਵ ਪੱਧਰ ਤੱਕ ਲੈ ਗਿਆ। ਗੱਲ ਕੀ ਸੀ ਫਿਰ ਪੰਜਾਬ ਦੇ ਕਈ ਗੀਤਕਾਰ ਜਿਨ੍ਹਾਂ ਦੇ ਪਾਸਪੋਰਟ ਵੀ ਨਹੀਂ ਸੀ ਬਣੇ, ਸੋਹੋ ਰੋਡ ਤਾਂ ਉਹਨਾਂ ਨੇ ਕੀ ਦੇਖਣੀ ਸੀ, ਉਨ੍ਹਾਂ ਨੇ ਵੀ ਆਪਣੇ ਗੀਤਾਂ ਅਤੇ ਬੋਲੀਆਂ ਵਿਚ ਸੋਹੋ ਰੋਡ ਨੂੰ ਫਿੱਟ ਕਰਨਾ ਸ਼ੁਰੂ ਕਰ ਦਿੱਤਾ। ਇੰਝ ਸੋਹੋ ਰੋਡ ਦੀ ਛਵੀ ਵਿਚ ਇਜ਼ਾਫਾ ਹੁੰਦਾ ਗਿਆ।
ਕੁਝ ਵਰ੍ਹੇ ਪਹਿਲਾਂ ਅਸੀਂ ਸਟੂਡੀਓ ਵਿਚ ਬੈਠੇ ਗੀਤ ਰਿਕਾਰਡ ਕਰ ਰਹੇ ਸੀ। ਇੰਡੀਆ ਤੋਂ ਆਏ ਇਕ ਗਾਇਕ ਦਾ ਗੀਤ ਸੀ ਜਿਸ ਵਿਚ ਜੀ.ਟੀ. ਰੋਡ ਉੱਤੇ ਤੇਜ਼ ਰਫਤਾਰ ਭੱਜੇ ਜਾਂਦੇ ਟਰੱਕ ਦਾ ਵਰਣਨ ਸੀ, ਰਿਕਾਰਡ ਹੋ ਰਿਹਾ ਸੀ। ਮੈਂ ਤਾਂ ਅਜੇ ਉਸ ਭਲੇਮਾਣਸ ਗਾਇਕ ਦਾ ਤਲੱਫਜ਼ ਤੇ ਕਾਫੀਏ ਹੀ ਠੀਕ ਕਰਵਾ ਰਿਹਾ ਸੀ ਕਿ ਉਸਨੇ ਸੋਹੋ ਰੋਡ ’ਤੇ ਟਰੱਕ ਭਜਾਉਣਾ ਸ਼ੁਰੂ ਕਰ ਦਿੱਤਾ। ਮੈਂ ਉਸ ਨੂੰ ਪੁੱਛਿਆ, “ਉਏ ਇਹ ਕੀ ਕਰ ਰਿਹੈਂ?” ਤਾਂ ਅੱਗੋਂ ਹੁੱਭ ਕੇ ਉਸਨੇ ਜੁਆਬ ਦਿੱਤਾ, “ਭਾਜੀ, ਦੇਖਿਓ ਚੱਲੂ ਬਹੁਤ ਇਹ ਗੀਤ, ਮੈਂ ਇਹਦੇ ’ਚ ਸੋਹੋ ਰੋਡ ਗੱਡ’ਤੀ।”
ਮੈਨੂੰ ਉਸਦੀ ਮੂਰਖਤਾ ਉੱਤੇ ਹਾਸਾ ਵੀ ਆਵੇ ਤੇ ਖਿਝ ਵੀ। ਫਿਰ ਉਸ ਗਾਇਕ ਨੂੰ ਰਿਕਾਰਡਿੰਗ ਰੂਮ ਵਿਚੋਂ ਬਾਹਰ ਕੱਢ ਕੇ ਸਮਝਾਇਆ ਕਿ ਜੋ ਉਹ ਕਰ ਰਿਹਾ ਹੈ ਠੀਕ ਨਹੀਂ ਹੈ ਤੇ ਨਾ ਹੀ ਉਹ ਗੀਤ ਨਾਲ ਇੰਨਸਾਫ ਹੈ, ਕਿਉਂਕਿ ਗੀਤਕਾਰ ਨੇ ਜੋ ਵਿਸ਼ਾ ਛੋਹਿਆ ਸੀ ਉਸਨੂੰ ਸਾਰੇ ਗੀਤ ਵਿਚ ਖੂਬਸੂਰਤੀ ਨਾਲ ਨਿਭਾਇਆ ਸੀ। ਦੂਜਾ ਸੋਹੋ ਰੋਡ ਵਰਤਣ ਨਾਲ ਉਹ ਗੀਤ ਯਥਾਰਥ ਤੋਂ ਕੋਹਾਂ ਦੂਰ ਜਾਂਦਾ ਸੀ। ਸੋਹੋ ਰੋਡ ਦਾ ਇਕ ਕੰਡਾ ਜਾ ਕੇ ਹੌਲੀਹੈੱਡ ਰੋਡ ਨੂੰ ਲੱਗਦਾ ਹੈ ਜੋ ਕਿ ਸਿੱਧੀ ਜਾ ਕੇ ਮੋਟਰਵੇਅ ਨੂੰ ਮਿਲਾਉਂਦੀ ਹੈ, ਜਿੱਥੋਂ ਇੰਗਲੈਂਡ ਦੇ ਕਿਸੇ ਵੀ ਹਿੱਸੇ ਵੱਲ ਜਾਇਆ ਜਾ ਸਕਦਾ ਹੈ ਤੇ ਦੂਸਰੇ ਕਿਨਾਰੇ ਨੇ ਸੋਹੋ ਹਿੱਲ ਦਾ ਲੜ੍ਹ ਫੜ੍ਹਿਆ ਹੋਇਆ ਹੈ, ਜੋ ਕਿ ਬ੍ਰਮਿੰਘਮ ਸਿਟੀ ਸੈਂਟਰ ਵੱਲ ਜਾਂਦਾ ਹੈ। ਇਸ ਲਈ ਸੋਹੋ ਰੋਡ ਉੱਤੇ ਐਨਾ ਟਰੈਫਿਕ ਹੁੰਦਾ ਹੈ ਕਿ 0.8 ਮੀਲ (ਮੀਲ ਤੋਂ ਵੀ ਘੱਟ) ਦੇ ਇਸ ਫਾਸਲੇ ਅਤੇ ਦੋ ਪੈਲਿਕਨ ਕਰਾਸਿੰਗ ਬੱਤੀਆਂ, ਪੰਜ ਟਰੈਫਿਕ ਬੱਤੀਆਂ ਨੂੰ ਪਾਰ ਕਰਨ ਲਈ ਕਾਰ ਵਿਚ ਅੱਧਾ ਘੰਟਾ ਲੱਗਣਾ ਮਾਮੂਲੀ ਜਿਹੀ ਗੱਲ ਹੈ ਤੇ ਸਾਡੇ ਗਾਇਕ ਸਾਹਿਬ ਉੱਥੋਂ ਸੌ ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਟਰੱਕ ਭਜਾ ਰਹੇ ਸਨ। ਇੰਗਲੈਂਡ ਵਿਚ ਸੱਤਰ ਮੀਲ ਤੋਂ ਵੱਧ ਮੋਟਰਵੇਅ ’ਤੇ ਗੱਡੀ (ਟਰੱਕਾਂ ਵਾਸਤੇ ਰਫਤਾਰ ਉਸ ਤੋਂ ਵੀ ਘੱਟ ਹੈ।) ਚਲਾਉਣਾ ਵੀ ਅਪਰਾਧ ਹੈ ਤੇ ਸਾਡਾ ਪੰਜਾਬੀ ਗਾਇਕ ਤੀਹ ਮੀਲ ਰਫਤਾਰ ਵਾਲੇ ਇਲਾਕੇ ਵਿਚ ਇਹ ਭਾਣਾ ਵਰਤਾ ਰਿਹਾ ਸੀ।
ਵੈਸੇ ਅੰਗਰੇਜ਼ੀ ਸਾਹਿਤ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿਚ ਰਚੀਆਂ ਰਚਨਾਵਾਂ ਉਪਲਬਧ ਹਨ ਜਿਨ੍ਹਾਂ ਵਿਚ ਸੋਹੋ ਰੋਡ ਦਾ ਜ਼ਿਕਰ ਆਉਂਦਾ ਹੈ।ਲੇਕਿਨ ਕਵੀ ਹੈਂਡਸਵਰਥ ਦੇ ਜਮਪਲ ਬੈਨਜ਼ਮਿਨ (Benjamin Zephaniah) ਦੀ ਸੋਹੋ ਰੋਡ ਉੱਤੇ ਲਿਖੀ ਇਕ ਕਵਿਤਾ ਸ਼ੋਹੋ Soho Road Then and Now ਬਹੁਤ ਮਸ਼ਹੂਰ ਹੋਈ ਹੈ। ਜਿਸਦੀਆਂ ਕੁਝ ਸੱਤਰਾਂ ਨਮੂਨੇ ਵਜੋਂ ਪੇਸ਼ ਹਨ:-
“Handsworth wakes
But Handsworth never sleeps
And Soho road is where the heart beats,
Industrious it has always been
And the people have always been keen
To say ‘Good Day’ and welcome you
And do what must be done they do
We work and play
We work away
On Soho road from night to day
From time to time come rain come shine
We buy and sell, we wine and dine.”
ਸੋਹੋ ਰੋਡ ਦੇ ਇਕ ਸਿਰੇ ’ਤੇ ਗੁਰਦੁਆਰਾ ਯਾਦ ਸ਼ਹੀਦ ਬਾਬਾ ਦੀਪ ਸਿੰਘ ਸਸ਼ੋਬਿਤ ਹੈ (ਹੁਣ ਇਹ ਗੁਰਦੁਆਰਾ ਸੋਹੋ ਰੋਡ ਦੀ ਹੱਦ ਵਿਚ ਨਾ ਹੋ ਕੇ ਸੋਹੋ ਰੋਡ ਨੂੰ ਜੁੜਦੀ ਹੌਲੀਹੈੱਡ ਰੋਡ ’ਤੇ ਹੈ) ਤੇ ਦੂਜੇ ਸਿਰੇ ਗੁਰਦੁਆਰਾ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਹੈ। ਦੋ ਗੁਰਦੁਆਰਿਆਂ ਵਿਚ ਘਿਰੀ ਸੋਹੋ ਰੋਡ ਹੈਲੀਕਪਟਰ ਰਾਹੀਂ ਦੇਖਿਆਂ ਇਉਂ ਲੱਗਦੀ ਹੈ ਜਿਵੇਂ ਸਪੀਚਮਾਰਕਾਂ ਵਿਚ ਕੋਈ ਭਾਵਪੂਰਨ ਖੂਬਸੂਰਤ ਵਾਕ ਲਿਖਿਆ ਹੋਵੇ।
1930 ਵਿਚ ਸੋਹੋ ਰੋਡ ਸਥਿਤ 2000 ਸੀਟਾਂ ਵਾਲਾ ਰੀਗਲ ਸਿਨਮਾਂ ਇੰਗਲੈਂਡ ਦਾ ਸਭ ਤੋਂ ਮਸ਼ਹੂਰ ਸਿਨਮਾ ਗਿਣਿਆ ਜਾਂਦਾ ਸੀ, ਜਿਸਦਾ ਹੁਣ ਨਾਮੋਨਿਸ਼ਾਨ ਤੱਕ ਨਹੀਂ ਹੈ। ਅੱਜ ਸੋਹੋ ਰੋਡ ਉੱਤੇ ਸਭ ਤੋਂ ਵੱਧ ਭਾਰਤੀ ਸਾੜੀਆਂ, ਸੂਟਾਂ ਅਤੇ ਦੁਲਹਾ-ਦੁਹਲਨ ਦੇ ਲਿਬਾਸਾਂ ਦੀਆਂ ਦੁਕਾਨਾਂ ਹਨ, ਜਿਨ੍ਹਾਂ ਦੀ ਕੁੱਲ ਸੰਖਿਆ 42 ਹੈ।20 ਦੁਕਾਨਾਂ ਇਥੇ ਫਾਸਟ-ਫੂਡ ਦੀਆਂ ਹਨ, ਜਿਨ੍ਹਾਂ ਤੋਂ ਤੁਹਾਨੂੰ ਕੈਰੇਬੀਅਨ, ਚਾਇਨਿਸ, ਇਟੈਲੀਅਨ, ਫਰਾਂਸਿਸੀ, ਅਮੈਰੀਕਨ, ਕੌਨਟੀਨੈਂਟਲ, ਤੁਰਕੀ ਅਤੇ ਭਾਰਤੀ-ਪਾਕਿਸਤਾਨੀ ਖਾਣਿਆਂ ਤੋਂ ਇਲਾਵਾ ਇੰਗਲੈਂਡ ਦਾ ਰਾਸ਼ਟਰੀ ਭੋਜ ਜਾਣੀ ਮੱਛੀ-ਚਿਪਸ ਅਸਾਨੀ ਨਾਲ ਮਿਲ ਜਾਂਦੇ ਹਨ।15 ਮਠਿਆਈ ਦੀਆਂ ਦੁਕਾਨਾਂ ਹਨ, ਜਿਨ੍ਹਾਂ ਦੇ ਵਿਚ ਹੀ ਰੈਸਟੋਰੈਂਟ ਬਣੇ ਹਨ ਤੇ ਇਥੋਂ ਤੁਸੀਂ ਬਾਰਾਂ ਮਹੀਨੇ ਤੀਹ ਦਿਨ ਹਰ ਕਿਸਮ ਦੇ ਪਰੌਂਠੇ, ਲੱਸੀ, ਸਾਗ ਤੇ ਗਰਮ-ਗਰਮ ਤਾਜ਼ੀਆਂ ਜਲੇਬੀਆਂ ਆਪਣੀਆਂ ਅੱਖਾਂ ਮੂਹਰੇ ਬਣਾਵਾ ਕੇ ਖਾਹ ਸਕਦੇ ਹੋ। ਭਾਰਤੀ ਗਹਿਣੇ ਖਰੀਦਣ ਦਾ ਮਨ ਹੋਵੇ ਤਾਂ ਤੁਹਡੀਆਂ ਜੇਬਾਂ ਹੌਲੀਆਂ ਕਰਨ ਲਈ ਸੋਹੋ ਰੋਡ ਉੱਤੇ 17 ਸੁਨਿਆਰਿਆਂ ਦੀਆਂ ਦੁਕਾਨਾਂ ਹਨ। ਸੋਹੋ ਰੋਡ ਦੇ ਮੱਧ ਵਿਚ 20-25 ਦੁਕਾਨਾਂ ਦੀ ਸਮਰਥਾ ਵਾਲਾ ਦੋ ਮੰਜ਼ਿਲਾ ਇਕ ਸ਼ਾਪਿੰਗ ਮਾਲ ਹੈ।ਸੋਹੋ ਰੋਡ ’ਤੇ 11 ਛੋਟੇ ਵੱਡੇ ਅੰਗਰੇਜ਼ੀ, ਯੌਰਪੀਅਨ, ਤੁਰਕੀ, ਪਾਕਿਸਤਾਨੀ ਅਤੇ ਭਾਰਤੀ ਸਪੁਰਸਟੋਰ ਹਨ ਅਤੇ ਅੱਠ ਨਿਉਜ਼ਏਜੰਟ-ਔਫ ਲਾਇੰਸਸ (ਠੇਕੇ) ਹਨ।10 ਨਹੁੰ ਸ਼ਿਗਾਰਘਰ ਅਤੇ ਬਿਉਟੀ ਪਾਰਲਰ ਹਨ।10 ਟਰੈਵਲ ਏਜੰਟ ਅਤੇ ਇੰਸ਼ੋਰੇਂਸ ਬਰੋਕਰ, 9 ਬਿਜ਼ਲੀ ਉਪਕਰਨਾਂ ਦੇ ਸ਼ੋਅਰੂਮ ਹਨ।9 ਬੱਸ ਸਟਾਪ, 9 ਦਵਾਫਰੋਸ਼ (Chemists) , 8 ਵਾਲ ਕੱਟਣ ਵਾਲੇ ਬਾਰਬਰ, 8 ਵਕੀਲਾਂ ਦੇ ਦਫਤਰ ਹਨ, ਜੋ ਕਰੀਮੀਨਲ, ਸਿਵਲ ਅਤੇ ਇੰਮੀਗਰੇਸ਼ਨ ਦੇ ਮਸਲਿਆਂ ਦੇ ਮਾਹਿਰ ਹਨ।ਇਥੇ 6 ਬੈਂਕਾਂ ਹਨ, Barclay’s, Lloyds TSB, State Bank of India, Bank of Broda, Punjab National Bank, Bank of India ਅਤੇ 3 ਬਿਲਡਿੰਗ ਸੁਸਾਇਟੀਆਂ ਹਨ, Netwest, West Bromwich, Nationwide. ਇਹਨਾਂ ਬਿਲਡਿੰਗ ਸੁਸਾਇਟੀਆਂ ਦਾ ਕੰਮ ਵੀ ਲਗਭਗ ਬੈਂਕਾਂ ਵਾਲਾ ਹੀ ਹੁੰਦਾ ਹੈ। ਇਥੇ ਛੇ ਪੱਬ ਹਨ।‘ਗੇਟਵੇਅ ਟੂ ਇੰਡਆ’ ਪੱਬ ਦੇ ਕੋਲ ਦੀ ਸੋਹੋ ਰੋਡ ਦੇ ਥੱਲੇ ਦੀ ਰੇਲਵੇ ਲਾਇਨ ਲੰਘਦੀ ਹੈ।1837 ਵਿਚ ਲਿਵਰਪੂਲ ਨਾਲ ਬ੍ਰਮਿੰਘਮ ਨੂੰ ਜੋੜਨ ਲਈ ਇਸ ਗ੍ਰੈਂਡ ਰੇਲਵੇਅ ਜੰਕਸ਼ਨ ਦਾ ਨਿਰਮਾਣ ਕੀਤਾ ਗਿਆ ਸੀ।
ਸੋਹੋ ਰੋਡ ਉੱਤੇ ਸਿੱਕਿਆਂ ਅਤੇ ਕਰੈਡਿਟ ਕਾਰਡ ਨਾਲ ਚੱਲਣ ਵਾਲੇ ਪੰਜ ਫੋਨ-ਬੂਥ ਹਨ, ਜਿਨ੍ਹਾਂ ਦੇ ਵਿਚ ਹੀ ਇੰਟਰਨੈੱਟ ਦੀ ਸਹੁਲਤ ਵੀ ਹੈ। ਜੇਕਰ ਤੁਹਾਡੇ ਕੋਲ ਭਾਨ ਜਾਂ ਕਾਰਡ ਨਾ ਵੀ ਹੋਵੇ ਤਾਂ ਫਿਰ ਵੀ ਤੁਸੀਂ ਫੋਨ ਦੇ ਕੀਅਪੈਡ ਤੋਂ ਅੰਗਰੇਜ਼ੀ ਸ਼ਬਦ Reverse ਟਾਈਪ ਕਰਕੇ ਮੁਫਤ ਫੋਨ ਕਰ ਸਕਦੇ ਹੋ ਅਗਰ ਕਾਲ ਲੈਣ ਵਾਲਾ ਉਪਰੇਟਰ ਦੇ ਸੂਚਿਤ ਕਰਨ ’ਤੇ ਉਸ ਕਾਲ ਦਾ ਖਰਚਾ ਝੱਲਣਾ ਮਨਜ਼ੂਰ ਕਰੇ।ਪੰਜ ਬੇਕਰੀਆਂ, ਪੰਜ ਭਾਰਤੀ ਸੰਗੀਤ ਅਤੇ ਫਿਲਮਾਂ ਵੇਚਣ ਵਾਲੀਆਂ ਦੁਕਾਨਾਂ, ਪੰਜ ਫੋਟੋਗ੍ਰਾਫਰ ਅਤੇ ਪੈਂਟਿੰਗਾਂ ਵੇਚਣਵਾਲੇ ਹਨ।ਸੋਹੋ ਰੋਡ ’ਤੇ ਚਾਰ ਜੁੱਤੀਆਂ ਦੀਆਂ ਦੁਕਾਨਾਂ, ਚਾਰ ਮੀਟ ਦੀਆਂ ਦੁਕਾਨਾਂ ਜਿਨ੍ਹਾਂ ਤੋਂ ਦੇਸੀ ਮੁਰਗਾ, ਤਿੱਤਰ, ਬਟੇਰੇ, ਗਾਂ, ਸੂਰ ਆਦਿਕ ਤਕਰੀਬਨ ਹਰ ਜਾਨਵਰ ਅਤੇ ਜਨੌਰ ਦਾ ਮੀਟ ਮਿਲ ਜਾਂਦਾ ਹੈ।ਚਾਰ ਕਾਰਪਾਰਕਾਂ, ਚਾਰ ਐਨਕਸਾਜ਼, ਤਿੰਨ ਫਰਨੀਚਰ ਸ਼ੋਅਰੂਮ ਅਤੇ ਇਥੇ ਤਿੰਨ ਕਮਿਊਨਟੀ ਸੈਂਟਰ ਹਨ। ਇਕ ਸੈਂਟਰ ਦੇ ਮੁੱਖ ਰੂਪ ਵਿਚ ਸੰਚਾਲਕ ਜਮੀਕਣ ਹਨ, ਦੂਜਾ ਸਿੱਖ ਯੂਥ ਐਂਡ ਕਮਿਊਨਟੀ ਸੈਟਰ ਅਤੇ ਤੀਜਾ ਸ਼ਹੀਦ ਊਧਮ ਸਿੰਘ ਵੈਲਫੇਅਰ ਸੈਂਟਰ ਹੈ ਜਿਸਨੂੰ ਤਰਕਸੀਲ ਸੁਸਾਇਟੀ ਦੇ ਦਫਰਤ ਵਜੋਂ ਵੀ ਵਰਤਿਆ ਜਾਂਦਾ ਹੈ।ਇਹਨਾਂ ਸੈਂਟਰਾਂ ਤੋਂ ਕਾਨੂੰਨੀ ਸਲਾਹ ਮਸ਼ਵਰੇ, ਸਿੱਖਿਆਵਾਂ, ਟਰੈਨਿੰਗਾਂ ਅਤੇ ਫਾਰਮ ਆਦਿ ਭਰਾਉਣ ਦਾ ਕੰਮ ਮੁਫਤ ਲਿਆ ਜਾ ਸਕਦਾ ਹੈ।ਇਥੇ ਤਿੰਨ ਡਰਾਈਕਲੀਨਰ, ਦੋ ਜੂਆਘਰ, ਦੋ ਮਨੀਟਰਾਂਸਫਰ ਕੇਂਦਰ, ਦੋ ਕਿਤਾਬਾਂ (ਇਕ ਸਿੱਖ ਸਾਹਿਤ ਦੀ ਤੇ ਦੂਜੀ ਇਸਲਾਮੀ ਸਾਹਿਤ ਦੀ) ਦੀਆਂ ਦੁਕਾਨਾਂ, ਦੋ ਇੰਟਰਨੈਟ ਕੈਫੇ (ਜੋ ਸਮਾਲੀਅਨ ਚਲਾਉਂਦੇ ਹਨ), ਦੋ ਨੋਟਰੀ ਪਬਲਿਕ, ਧਾਰਮਿਕ ਬਿਰਤੀ ਵਾਲਿਆਂ ਲਈ ਦੋ ਗੁਰਦੁਆਰੇ ਅਤੇ ਦੋ ਚਰਚ ਤੋਂ ਇਲਾਵਾ ਇਕ ਡਾਕਖਾਨਾ, ਦੋ ਲੈਟਰਬਾਕਸ, ਇਕ ਸਨੋਕਰ ਕਲੱਬ, ਇਕ ਚੈਰਟੀ ਸ਼ਾਪ, ਇਕ ਦੰਦਸਾਜ਼, ਇਕ ਕਲੀਨਿਕ, ਇਕ ਰੁਜ਼ਗਾਰ ਏਜੰਸੀ, ਇਕ ਰੁਜ਼ਗਾਰ ਦਫਤਰ, ਇਕ ਕੋਚ ਸਟੇਸ਼ਨ, ਇਕ ਫੁੱਲਾਂ ਦੀ ਦੁਕਾਨ, ਇਕ ਕਾਲਜ, ਇਕ ਲਾਇਬਰੇਰੀ ਹੈ, ਜੋ 1940 ਵਿਚ ਖੋਲੇ ਜਾਣ ਤੋਂ ਪੂਰਬ ਕਾਊਂਸਲ ਹਾਊਸ ਲਈ 30 ਅਕਤੂਬਰ 1877 ਵਿਚ ਵਿਕਟੋਰੀਅਨ ਇੱਟਾਂ ਨਾਲ ਬਣਾਈ ਗਈ ਸੀ। ਸੋਹੋ ਰੋਡ ਤੋਂ ਹਟਵਾਂ ਪਰ ਬਿਲਕੁਲ ਮੁੱਡ ਪੁਲੀਸ ਸਟੇਸ਼ਨ ਅਤੇ ਪੈਟਰੋਲ ਸਟੇਸ਼ਨ ਵੀ ਹੈ। ਸੋਹੋ ਰੋਡ ਦੇ ਆਲੇ-ਦੁਆਲੇ ਜਿਸਮਫਰੋਸ਼ੀ ਅੱਜ ਵੀ ਚਲਦੀ ਹੈ, ਲੇਕਿਨ ਢੰਗ ਤਰੀਕੇ ਬਦਲ ਗਏ ਹਨ।
ਜੇ ਹੈਂਡਸਵਰਥ ਨੂੰ ਲੁਧਿਆਣਾ ਤੇ ਸੋਹੋ ਰੋਡ ਨੂੰ ਚੌੜਾ ਬਜ਼ਾਰ ਆਖ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਜਿਵੇਂ ਲੁਧਿਆਣਾ ਕਲਾਕਾਰਾਂ ਦਾ ਗੜ੍ਹ ਹੈ, ਉਵੇਂ ਹੀ ਹੈਂਡਸਵਰਥ ਨੇ ਵੀ ਬਹੁਤ ਸਾਰੇ ਕਲਾਕਾਰ ਪੈਦਾ ਕੀਤੇ ਹੈ ਜਿਨ੍ਹਾਂ ਦਾ ਅੰਗਰੇਜ਼ੀ ਸੰਗੀਤ ਵਿਚ ਇਕ ਉੱਚਾ ਸਥਾਨ ਰਿਹਾ ਹੈ।ਸਟੀਲ ਪਲਸ, ਜਿਸਨੇ ਆਪਣੀ ਪਹਿਲੀ ਸੰਗੀਤ ਐਲਬਮ ਦਾ ਨਾਮ ਵੀ ਆਪਣੇ ਇਲਾਕੇ ਦੇ ਨਾਮ ’ਤੇ 'Handsworth Revolution' ਰੱਖਿਆ ਸੀ। ਵੈਬਸਟਰ ਬੂਥ, ਜੋਐਨ ਅਰਮਾਟਰੇਡਿੰਗ, ਪੈਟੋ ਬੈਨਟਨ, ਸਟੀਵ ਵਿਨਵੁੱਡ, ਗਿਟਾਰਵਾਦਕ ਰਿਚਰਡ ਮਾਇਕਲ ਅਤੇ ਰੌਕ ਡਰੱਮਰ ਕਾਰਲ ਪਾਲਮਰ ਤੋਂ ਇਲਾਵਾ ਅਨੇਕਾਂ ਮਹਾਨ ਹਸਤੀਆਂ ਦਾ ਜਨਮ ਹੈਂਡਸਵਰਥ ਵਿਖੇ ਹੋਇਆ ਹੈ।
ਪੰਜਾਬੀ ਗਾਇਕ ਬਲਵਿੰਦਰ ਸਫਰੀ ਦੇ ਗੀਤ ‘ਪਾਰ ਲੰਘਾਦੇ ਵੇ ਘੜਿਆ ਮਿੰਨਤਾਂ ਤੇਰੀਆਂ ਕਰਦੀ’ ਦਾ ਸੰਗੀਤਕਾਰ ਬੂਟਾ ਜਗਪਾਲ, ਉਸਦਾ ਭਰਾ ਬਾਲੀ ਜਗਪਾਲ ਅਤੇ ਜੱਸੀ ਸਿੱਧੂ ਵੀ ਹੈਂਡਸਵਰਥ ਦੇ ਜੰਮਪਲ ਹਨ ਤੇ ਇਹਨਾਂ ਨੇ ਆਪਣੇ ਗੁਰੱਪ ਦਾ ਨਾਮ B21 ਰੱਖਿਆ ਸੀ ਜੋ ਕਿ ਹੈਂਡਸਵਰਥ ਦਾ ਪੋਸਟ ਕੋਡ ਹੈ।ਬਲਵਿੰਦਰ ਸਫਰੀ, ਏ. ਐਸ. ਕੰਗ, ਸੁਖਜਿੰਦਰ ਸ਼ਿੰਦਾ, ਤਰਲੋਚਨ ਬਿਲਗਾ, ਦੇਵਰਾਜ ਜੱਸਲ, ਗੁਰਚਰਨ ਮੱਲ (48 ਘੰਟੇ ਲਗਾਤਾਰ ਡੋਲ ਵਜਾ ਕੇ ਗੀਨਿਸਬੁੱਕ ਵਿਚ ਨਾਮ ਦਰਜ਼ ਕਰਵਾਉਣ ਵਾਲਾ ਢੋਲੀ), ਅਪਾਚੀ ਇੰਡੀਅਨ ਅਤੇ ਅਨੇਕਾਂ ਕਲਾਕਾਰ ਹੈਂਡਸਵਰਥ ਦੇ ਬਾਸ਼ੀਦੇ ਹਨ।
ਏਸ਼ੀਆਈ ਭਾਈਚਾਰੇ ਨਾਲ ਸੰਬੰਧਿਤ ਕੋਈ ਵੀ ਵਪਾਰ ਕਰਨ ਲਈ ਸੋਹੋ ਰੋਡ ਨੂੰ ਸਭ ਤੋਂ ਢੁਕਵੀਂ ਥਾਂ ਮੰਨਿਆ ਜਾਂਦਾ ਹੈ। ਇਸੇ ਵਜਾ ਕਰਕੇ ਦੇਸੀ ਮਿਡੀਆ ਵਾਲੇ ਹੋਰ ਕਿਧਰੇ ਆਪਣਾ ਦਫਤਰ ਬਣਾਉਣ ਤੋਂ ਪਹਿਲਾਂ ਸੋਹੋ ਰੋਡ ਤੋਂ ਹੀ ਸ਼ੁਰੂਆਤ ਕਰਦੇ ਹਨ। ਅਨੇਕਾ ਅਖਬਾਰਾਂ, ਰੇਡੀਉ ਸਟੇਸ਼ਨਾਂ ਅਤੇ ਏਸੀਆਈ ਟੀ. ਵੀ. ਚੈਨਲਾਂ ਦਾ ਆਗਾਜ਼ ਸੋਹੋ ਰੋਡ ਤੋਂ ਹੀ ਹੋਇਆ ਹੈ, ਭਾਵੇਂ ਕਿ ਸੋਹੋ ਰੋਡ ਉੱਤੇ ਹੁਣ ਕਿਸੇ ਵੀ ਪ੍ਰਕਾਰ ਦਾ ਮਿਡੀਆ ਨਹੀਂ ਹੈ।
ਹੁਣ ਭਾਰਤੀ ਲੋਕ ਵੀ ਸੋਹੋ ਰੋਡ ਨੂੰ ਛੱਡਦੇ ਜਾ ਰਹੇ ਹਨ ਤੇ ਉਨ੍ਹਾਂ ਦੀ ਜਗ੍ਹਾ ਪੌਲਿਸ਼ ਅਤੇ ਰਸ਼ੀਅਨ ਲੋਕ ਆਪਣੀਆਂ ਦੁਕਾਨਾਂ ਬਣਾ ਰਹੇ ਹਨ। ਇਹ ਲੋਕ ਭਾਰਤੀ ਲੋਕਾਂ ਨਾਲੋ ਜ਼ਿਆਦਾ ਮਿਹਨਤੀ ਅਤੇ ਸੁਹਿਰਦ ਹਨ। ਇਹਨਾਂ ਪੌਲਿਸ਼ ਲੋਕਾਂ ਦੀਆਂ ਇਸਤਰੀਆਂ ਖੂਬਸੂਰਤ, ਪਿਆਰ ਕਰਨ ਵਾਲੀਆਂ ਤੇ ਸਭ ਤੋਂ ਵੱਡੀ ਗੱਲ ਵਫਦਾਰ ਐਨੀਆਂ ਹਨ ਕਿ ਪਿਆਰੇ ਲਈ ਜਾਨ ਦੇਣ ਲੱਗੀ ਜਰ੍ਹਾ ਵੀ ਸੋਚਣਗੀਆਂ ਨਹੀਂ। ਇਹ ਕਿਆਫਾ ਲਾਇਆ ਜਾ ਸਕਦਾ ਹੈ ਕਿ ਸੋਹੋ ਰੋਡ ਦੇ ਅਗਲੇ ਸ਼ਾਸ਼ਕ ਪੌਲਿਸ਼ ਹੋਣਗੇ।
ਬੀਤੇ ਦਿਨੀਂ ਕਿਸੇ ਕੰਮ ਹਾਈਕੋਰਟ, ਚੰਡੀਗੜ੍ਹ ਦੇ ਵਕੀਲ ਅਤੇ ਪੰਜਾਬੀ ਲੇਖਕ ਬੀ. ਐਸ. ਢਿੱਲੋਂ ਜੀ ਨੂੰ ਫੋਨ ਕੀਤਾ ਤੇ ਉਹਨਾਂ ਦੇ ਚੁੱਕਣ ’ਤੇ ਮੈਂ ਆਪਣਾ ਪ੍ਰੀਚਯ ਦਿੱਤਾ, “ਢਿੱਲੋਂ ਸਾਹਿਬ ਮੈਂ ਇੰਗਲੈਂਡ ਤੋਂ ਬਲਰਾਜ ਸਿੱਧੂ ਬੋਲਦਾਂ।”
ਢਿੱਲੋਂ ਸਾਹਿਬ ਨੇ ਪਹਿਚਾਣ ਕੇ ਗਿਲਾ ਕਰਦਿਆਂ ਕਿਹਾ, “ਤੁਸੀਂ ਇੰਗਲੈਂਡ ਵਿਚ ਹੀ ਰਹਿੰਦੇ ਹੋ ਨਾ? ਮੈਂ ਇੰਗਲੈਂਡ ਆਇਆ ਸੀ। ਤੁਹਾਡੇ ਨਾਲ ਮੁਲਾਕਾਤ ਨਹੀਂ ਹੋ ਸਕੀ।”
ਦਰਅਸਲ ਜਦੋਂ ਢਿੱਲੋਂ ਸਾਹਿਬ ਇੰਗਲੈਂਡ ਆਏ ਸਨ ਤਾਂ ਮੈਂ ਉਸ ਸਮੇਂ ਬੈਲਜ਼ੀਅਮ ਗਿਆ ਹੋਇਆ ਸੀ। ਆਪਣੇ ਆਪ ਨੂੰ ਕਵਰ ਕਰਨ ਲਈ ਮੈਂ ਆਖ ਦਿੱਤਾ ਕਿ ਮੈਂ ਬ੍ਰਮਿੰਘਮ ਰਹਿੰਦਾ ਹਾਂ ਤਾਂ ਅੱਗੋਂ ਉਹ ਆਖਣ ਲੱਗੇ, “ਮੈਂ ਬ੍ਰਮਿੰਘਮ ਵੀ ਆਇਆ ਸੀ। ਤੁਹਾਡੀ ਉਹ ਸੋਹੋ ਰੋਡ ਤਾਂ ਕੁਸ਼ ਨਹੀਂ। ਪੰਜਾਬ ਵਾਂਗੂ ਲੋਕ ਦੁਕਾਨਾਂ ਮੂਹਰੇ ਰੇੜੀਆਂ ਜਿਹੀਆਂ ਲਾਈ ਬੈਠੇ ਹਨ… ਬਈ ਥੋਡੇ ਲੋਕ ਵੀ ਹੱਦ ਨੇ, ਉਥੇ ਊਧਮ ਸਿੰਘ ਸੈਂਟਰ ਵਿਚ ਗੋਰੇ ਐਮ. ਪੀ. ਨੂੰ ਸੱਦ ਕੇ ਡਾਇਰ ਨੂੰ ਮਾਰਨ ਸਮੇਂ ਦੀ ਊਧਮ ਸਿੰਘ ਦੀ ਤਸਵੀਰ ਭੇਂਟ ਕਰੀ ਜਾਂਦੇ ਸੀ। ਡਾਇਰ ਤਾਂ ਉਹਨਾਂ ਗੋਰਿਆਂ ਦਾ ਪਿਉ ਸੀ…।”
ਮੈਂ ਢਿੱਲੋਂ ਸਾਹਿਬ ਨੂੰ ਟੋਕਦਿਆਂ ਕਿਹਾ, “ਢਿੱਲੋ ਸਾਹਿਬ ਇਹੀ ਤਾਂ ਹੈ ਸੋਹੋ ਰੋਡ!”
ਢਿੱਲੋਂ ਸਾਹਿਬ ਠਹਾਕਾ ਲਾ ਕੇ ਹੱਸੇ।
ਕੁਝ ਵੀ ਕਹਿ ਲਈਏ ਸੋਹੋ ਰੋਡ ਤਾਂ ਸੋਹੋ ਰੋਡ ਹੀ ਹੈ। ਜਿਵੇਂ ਲਾਹੌਰੀਏ ਆਖਦੇ ਹਨ ਕਿ ਜੀਹਨੇ ਲਾਹੌਰ ਨਹੀਂ ਤੱਕਿਆ ਉਹ ਜੰਮਿਆ ਨਹੀਂ। ਇੰਝ ਇਹ ਵੀ ਆਖਿਆ ਜਾ ਸਕਦਾ ਹੈ ਕਿ ਜੀਹਨੇ ਸੋਹੋ ਰੋਡ ਨਹੀਂ ਦੇਖੀ ਉਹ ਇੰਗਲੈਂਡ ਘੁੰਮਿਆ ਨਹੀਂ।
****
No comments:
Post a Comment