ਅਦਬ ਦਾ ਮੀਨਾਰ: ਸਆਦਤ ਹਸਨ ਮੰਟੋ

ਗੱਲ ਚਾਹੇ ਚੋਟੀ ਦੇ ਕਹਾਣੀਕਾਰਾਂ ਦੀ ਚੱਲੇ ਜਾਂ ਸਰਵੋਤਮ ਉਰਦੂ ਅਫਸਾਨਿਆਂ ਦੀ ਤਾਂ ਪਹਿਲਾ ਨਾਮ ਜੋ ਸਾਡੀ ਜ਼ਬਾਨ ਉੱਤੇ ਆਉਂਦਾ ਹੈ, ਉਹ ਹੈ ਮੰਟੋ। ਮੰਟੋ ਦਾ ਅਸਲ ਨਾਮ ਸਆਦਤ ਹਸਨ ਸੀ, ਪਰ ਆਮ ਤੌਰ ’ਤੇ ਉਸਨੂੰ ਮੰਟੋ ਦੇ ਉਪਨਾਮ ਨਾਲ ਜਾਣਿਆ ਜਾਂਦਾ ਹੈ। ਮੰਟੋ ਕਸ਼ਮੀਰ ਵਿੱਚ ਤਕੜੀ ਨੂੰ ਕਹਿੰਦੇ ਹਨ। ਆਪਣੇ ਨਾਮ ਬਾਰੇ ਮੰਟੋ ਦਾ ਕਹਿਣਾ ਸੀ ਕਿ ਕਸ਼ਮੀਰ ਵਿੱਚ ਸਾਡੇ ਬਜ਼ੁਰਗਾਂ ਦੇ ਦੌਲਤ  ਮੰਟੋ (ਤੱਕੜੀ) ਨਾਲ ਤੋਲੀ ਜਾਂਦੀ ਸੀ, ਇਸੇ ਰਿਵਾਇਤ ਨਾਲ ਅਸੀਂ ਮੰਟੋ ਅਖਵਾਉਂਦੇ ਹਾਂ। ਅਰਬ ਵਿੱਚ ਮੁੰਟੋ ਹੀਰੇ ਤੋਲਣ ਲਈ ਵਰਤੇ ਜਾਂਦੇ ਸਭ ਤੋਂ ਭਾਰੇ ਤੱਕੜੀ ਦੇ ਵੱਟੇ ਨੂੰ ਕਿਹਾ ਜਾਂਦਾ ਹੈ। ਇਸ ਸੰਦਰਭ ਵਿੱਚ ਵਿਚਾਰ ਕਰੀਏ ਤਾਂ ਇਹ ਵਿਸ਼ੇਸ਼ਣ ਵੀ ਮੰਟੋ ਉੱਪਰ ਪੂਰਾ ਫਿੱਟ ਬੈਠਦਾ ਹੈ ਕਿਉਂਕਿ ਉਹ ਨਿੱਗਰ ਅਤੇ ਵਜ਼ਨਦਾਰ ਸਾਹਿਤ ਦਾ ਰਚਿਆਰਾ ਸੀ। ਆਪਣੇ ਸਮੇਂ ਉਹ ਸਾਰੇ ਸਾਥੀ ਸਾਹਿਤਕਾਰਾਂ ’ਤੇ ਭਾਰਾ ਪਿਆ ਹੋਇਆ ਸੀ। 


ਸਆਦਤ ਹਸਨ ਮੰਟੋ ਹਿੰਦੁਸਤਾਨ ਅਤੇ ਪਾਕਿਸਤਾਨ ਦਾ ਸਭ ਤੋਂ ਵੱਡਾ ਅਤੇ ਚਰਚਿਤ ਅਫਸਾਨਾਨਿਗਾਰ ਹੋਇਆ ਹੈ। ਉਹਦੀ ਹਰ ਕਹਾਣੀ ਸੋਹਣੀ ਅਤੇ ਮਨਮੋਹਣੀ ਹੁੰਦੀ ਸੀ। ਉਸਦਾ ਪਿੱਛਾ ਕਸ਼ਮੀਰ ਦਾ ਸੀ। ਕਸ਼ਮੀਰੀ ਹੋਣ ਦਾ ਤਾਂ ਦੂਜਾ ਮਤਲਵ ਖੂਬਸੂਰਤ ਹੋਣਾ ਜਾਂ ਹੁਸਨ ਨਾਲ ਤਅੱਲਕ ਰੱਖਣਾ ਹੁੰਦਾ ਹੈ। ਫਿਰ ਮੰਟੋ ਦੀ ਲਿਖਤ ਹੁਸੀਨ ਹੁੰਦੀ ਵੀ ਕਿਉਂ ਨਾ? ਭਾਵੇਂ ਮੰਟੋ ਦਾ ਪਿਛੋਕੜ ਕਸ਼ਮੀਰੀ ਸੀ, ਲੇਕਿਨ ਉਹ ਪੰਜਾਬ ਦਾ ਜਮਪਲ ਸੀ। ਉਹ ਜ਼ਿਲ੍ਹਾ ਲੁਧਿਆਣੇ ਦੇ ਕਸਬੇ ਸਮਰਾਲਾ ਵਿਖੇ 11 ਮਈ 1912 ਨੂੰ ਜਨਮਿਆ ਸੀ ਅਤੇ ਵੱਡੇ ਹੋ ਕੇ ਉਸਨੇ ਆਪਣੀ ਵਿਦਿਆ ਅੰਮ੍ਰਿਤਸਰ ਅਤੇ ਅਲੀਗੜ੍ਹ ਤੋਂ ਪ੍ਰਾਪਤ ਕੀਤੀ। ਅੰਮ੍ਰਿਤਸਰ ਵਿੱਚ ਕੂਚਾਂ ਵਕੀਲਾਂ, ਮੰਟੋਆਂ ਦਾ ਮੁਹੱਲਾ ਹੁੰਦਾ ਸੀ।  ਮੰਟੋ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਅੰਮ੍ਰਿਤਸਰ, ਲੁਧਿਆਣੇ, ਅਲੀਗੜ੍ਹ, ਲਾਹੌਰ,
ਦਿੱਲੀ ਅਤੇ ਬੰਬਈ(ਮੁਬੰਈ) ਵਿੱਚ ਬਿਤਾਇਆ ਸੀ।
ਮੰਟੋ ਦੀ ਸਭ ਤੋਂ ਪਹਿਲੀ ਕਹਾਣੀ ਤਮਾਸ਼ਾ ਅੰਮ੍ਰਿਤਸਰ ਤੋਂ ਨਿਕਲਦੇ ਹਫਤਾਵਾਰੀ ਅਖਬਾਰ ਖਲਕ ਵਿੱਚ ਛਾਇਆ ਹੋਈ ਸੀ। ਉਸਤੋਂ ਉਪਰੰਤ ਉਸਦਾ ਪ੍ਰਿਥਮ ਕਥਾ ਸੰਗ੍ਰਹਿ ਚਿੰਗਾਰੀਆਂ 1935 ਵਿੱਚ ਪ੍ਰਕਾਸ਼ਿਤ ਹੋਇਆ ਸੀ।
ਮੰਟੋ ਰੋਜ਼ ਨੇਮ ਨਾਲ ਆਪਣੇ ਕਮਰੇ ਵਿੱਚ ਸੋਫੇ ਉੱਪਰ ਬੈਠ ਜਾਂਦਾ। ਕਾਗ਼ਜ਼ ਕਲਮ ਫੜਦਾ ਤੇ ਕਹਾਣੀ ਦਾ  ਬਿਸਮਿੱਲਾਹ ਕਰ ਦਿੰਦਾ। ਉਹਦੀਆਂ ਤਿੰਨੇ ਬੱਚੀਆਂ; ਨਕਹਤ, ਨਜ਼ਹਤ, ਨੁਸਰਤ  ਉਹਦੇ ਕੋਲ ਹੀ ਰੌਲਾ ਪਾ ਰਹੀਆਂ ਹੁੰਦੀਆਂ। ਉਹ ਉਹਨਾਂ ਨਾਲ ਗੱਲਾਂ ਵੀ ਕਰਦਾ। ਉਹਨਾਂ ਦੀਆਂ ਆਪਸੀ ਲੜਾਈਆਂ ਦਾ ਫੈਸਲਾ ਵੀ ਕਰਦਾ। ਆਪਣੇ ਲਈ ਸਲਾਦ ਵੀ ਕੱਟਦਾ। ਕੋਈ ਮਿਲਣ ਵਾਲਾ ਆ ਜਾਂਦਾ ਤਾਂ ਉਸਦੀ ਖਾਤਰਦਾਰੀ ਵੀ ਕਰਦਾ। ਤੇ ਕਹਾਣੀ ਵੀ ਲਿਖ ਲੈਂਦਾ!
ਕਹਾਣੀਕਾਰੀ ਦੀ ਉਹਨੂੰ ਸ਼ਰਾਬ ਵਾਂਗ ਆਦਤ ਪੈ ਗਈ ਸੀ। ਅਮਲ ਲੱਗ ਗਿਆ ਸੀ। ਉਸਨੂੰ ਲਿਖਣ ਦੀ ਅਡੀਕਟਸ਼ਨ ਹੋ ਗਈ ਸੀ। ਮੰਟੋ ਖੁਦ ਵੀ ਕਹਿੰਦਾ ਹੁੰਦਾ ਸੀ,  ਮੈਂ ਕਹਾਣੀ ਨਾ ਲਿਖਾਂ ਤਾਂ ਮੈਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਮੈਂ ਕੱਪੜੇ ਨਹੀਂ ਪਹਿਨੇ ਜਾ ਮੈਂ ਨਾਤ੍ਹਾਂ ਨਹੀਂ। ਜਾਂ ਮੈਂ ਦਾਰੂ ਨਹੀਂ ਪੀਤੀ। 
ਮੰਟੋ ਕਹਾਣੀ ਨਹੀਂ ਲਿਖਦਾ ਸੀ। ਹਕੀਕਤ ਇਹ ਹੈ ਕਿ ਕਹਾਣੀ ਉਹਨੂੰ ਲਿਖਦੀ ਸੀ। ਕਹਾਣੀ ਉਹਦੇ ਦਿਮਾਗ ਵਿੱਚ ਨਹੀਂ ਸਗੋਂ ਉਹਦੀ ਜੇਬ ਵਿੱਚ ਹੁੰਦੀ ਸੀ, ਜਿਸਦੀ ਉਹਨੂੰ ਕੋਈ ਖਬਰ ਨਹੀਂ ਸੀ ਹੁੰਦੀ। ਉਹ ਆਪਣੇ ਦਿਮਾਗ ਉੱਪਰ ਜ਼ੋਰ ਪਾਉਂਦਾ ਰਹਿੰਦਾ ਕਿ ਕੋਈ ਕਹਾਣੀ ਨਿਕਲ ਆਵੇ, ਕਹਾਣੀਕਾਰ ਬੁਣਨ ਦਾ ਪ੍ਰਯਾਸ ਕਰਦਾ। ਸਿਗਰਟ ’ਤੇ ਸਿਗਰਟ ਫੂਕਦਾ। ਪਰ ਕਹਾਣੀ ਬਾਹਰ ਨਾ ਨਿਕਲਦੀ। ਆਖਰ ਥੱਕ ਹਾਰ ਕੇ ਬਾਂਝ ਤੀਵੀਂ ਵਾਂਗ ਲੇਟ ਜਾਂਦਾ। ਕਿਉਂਕਿ ਅਣਲਿੱਖੀ ਕਹਾਣੀ ਦੀ ਕੀਮਤ ਉਹ ਪੇਸ਼ਗੀ ਵਸੂਲ ਕਰ ਚੁੱਕਿਆ ਹੁੰਦਾ। ਇਸ ਲਈ ਉਹਨੂੰ ਅੱਚਵੀ ਲੱਗ ਜਾਂਦੀ। ਉਹ ਪਾਸੇ ਪਰਤਦਾ ਰਹਿੰਦਾ, ਉੱਠ ਕੇ ਆਪਣੀਆਂ ਚਿੱੜੀਆਂ ਨੂੰ ਦਾਣੇ ਪਾਉਂਦਾ, ਬੱਚੀਆਂ ਨੂੰ ਪੀਂਘ ਝੂਟਾਉਂਦਾ। ਘਰਦਾ ਕੂੜਾ ਕਰਕਟ ਸਾਫ਼ ਕਰਦਾ। ਘਰ ਵਿੱਚ ਥਾਂ ਪੁਰ ਥਾਂ ਖਿਲਰੀਆਂ ਪਈਆਂ ਜੁੱਤੀਆਂ ਨੂੰ ਚੁੱਕ ਕੇ ਇੱਕ ਥਾਂ ਰੱਖਦਾ। ਪਰ ਕੰਬਖਤ ਕਹਾਣੀ ਉਹਦੀ ਜੇਬ ਵਿੱਚੋਂ, ਉਹਦੇ ਜ਼ਿਹਨ ਵਿੱਚ ਨਾ ਜਾਂਦੀ ਅਤੇ ਉਹ ਤਿਲਮਲਾਉਂਦਾ ਰਹਿੰਦਾ। ਜਦ ਬਹੁਤ ਜ਼ਿਆਦਾ ਕੋਫਤ ਹੁੰਦੀ ਤਾਂ ਉਹ  ਬਾਥਰੂਮ ਵਿੱਚ ਚਲਾ ਜਾਂਦਾ। ਪਰ ਉਸਦੀ ਸੋਚ ਕੋਈ ਕੰਮ ਨਾ ਕਰਦੀ। ਉਹ ਬਾਹਰ ਆ ਜਾਂਦਾ। ਫਿਰ ਉਸਦੀ ਵਹੁਟੀ ਸੋਫੀਆ ਬੇਗਮ ਆਖਦੀ, ਤੁਸੀਂ ਸੋਚੋ ਨਾਂਹ, ਕਲਮ ਚੁੱਕੋ ਅਤੇ ਲਿਖਣਾ ਸ਼ੁਰੂ ਕਰ ਦਿਉ ਜੀ। 
ਮੰਟੋ ਉਸਦੇ ਕਹਿਣ ’ਤੇ ਕਲਮ ਜਾਂ ਪੈਨਸਲ ਚੁੱਕਦਾ ਅਤੇ ਲਿਖਣਾ ਸ਼ੁਰੂ ਕਰ ਦਿੰਦਾ। ਜਾਂ ਆਪਣੀ ਟਾਈਪਰਾਇਟਰ ’ਤੇ ਕਾਗਜ਼ ਚਾੜ ਲੈਂਦਾ। ਮੰਟੋ ਅਕਸਰ ਸਿੱਧਾ ਹੀ ਟਾਈਪਰਾਇਟਰ ਉੱਤੇ ਕਹਾਣੀ ਲਿਖਦਾ ਸੀ। ਉਸਦਾ ਦਿਮਾਗ ਬਿਲਕੁੱਲ ਖਾਲੀ ਹੁੰਦਾ। ਐ ਪਰ ਜ਼ੇਬ ਭਰੀ ਹੁੰਦੀ। ਆਪਣੇ ਆਪ ਕੋਈ ਕਹਾਣੀ ਉਛਲ ਕੇ ਬਾਹਰ ਆਉਂਦੀ ਤੇ ਛੜੱਪਾ ਮਾਰ ਕੇ ਉਹਦੇ ਦਿਮਾਗ ਵਿੱਚ ਵੜ੍ਹ ਜਾਂਦੀ। ਮੰਟੋ ਦੇ ਹੱਥ ਅਤੇ ਜ਼ਿਹਨ ਜੋਟੀ ਪਾ ਕੇ ਚੱਲਦੇ ਦੌੜਦੇ ਜਾਂਦੇ। ਕੁੱਝ ਪਲਾਂ ਬਾਅਦ ਕਹਾਣੀ ਤਿਆਰ ਹੁੰਦੀ। ਇਸ ਲਿਹਾਜ਼ ਨਾਲ ਮੰਟੋ ਨੂੰ ਜੇਬ-ਕਤਰਾ ਵੀ ਆਖਿਆ ਜਾ ਸਕਦਾ ਹੈ। ਜੋ ਆਪਣੀ ਹੀ ਜੇਬ ਕੱਟ ਕੇ  ਅਦਬ ਦੀ ਝੋਲੀ ਭਰਦਾ ਸੀ। 
ਸਾਹਿਤਕ ਕ੍ਰਿਤ ਦੀ ਬੇਵਜਾ ਚੀਰ ਫਾੜ ਕਰਨ ਵਾਲਿਆਂ ਤੋਂ ਮੰਟੋ ਨੂੰ ਖਾਸ ਚਿੜ ਸੀ ਤੇ ਅਜਿਹੇ ਤਨਕੀਦ ਨਵੀਸਾਂ ਦੀ ਮੰਟੋ ਖੂਬ ਤਹਿ ਲਾਉਂਦਾ ਹੁੰਦਾ ਸੀ। ਉਹਦਾ ਆਖਣਾ ਸੀ, ਅਦਬ ਲਾਸ਼ ਨਹੀਂ, ਜਿਸਨੂੰ ਡਾਕਟਰ ਜਾਂ ਉਸਦੇ ਕੁੱਝ ਸ਼ਾਗਿਰਦ ਪੱਥਰ ਦੇ ਮੇਜ਼ ਉੱਪਰ ਲਿਟਾ ਕੇ ਪੋਸਟ ਮੌਰਟਮ ਸ਼ੁਰੂ ਕਰ ਦੇਣ। ਸਾਹਿਤ ਬਿਮਾਰੀ ਨਹੀਂ, ਸਗੋਂ ਬਿਮਾਰੀ ਦੀ ਪ੍ਰਤਿਕ੍ਰਿਆ ਹੈ। ਇਹ ਉਹ ਕੁੱਝ ਵੀ ਨਹੀਂ, ਜਿਸਦੀ ਵਰਤੋਂ ਲਈ ਸਮਾਂ ਅਤੇ ਮਾਤਰਾ ਦੀ ਪਾਬੰਦੀ ਨੀਯਤ ਕੀਤੀ ਜਾਂਦੀ ਹੈ। ਸਾਹਿਤ ਤਾਪਮਾਨ ਹੈ ਆਪਣੇ ਮੁਲਕ ਦਾ, ਆਪਣੀ ਕੌਮ ਦਾ -ਉਹ ਉਸਦੀ ਸਿਹਤ ਅਤੇ ਬਿਮਾਰੀ ਦੀ ਖਬਰ ਦਿੰਦਾ ਰਹਿੰਦਾ ਹੈ। -ਪੁਰਾਣੀ ਅਲਮਾਰੀ ਦੇ ਕਿਸੇ ਖਾਨੇ ਵਿੱਚੋਂ ਹੱਥ ਵਧਾ ਕੇ ਕੋਈ ਮਿੱਟੀ ਘੱਟੇ ਨਾਲ ਅੱਟੀ ਕਿਤਾਬ ਚੁੱਕੋ, ਬੀਤੇ ਹੋਏ ਜ਼ਮਾਨੇ ਦੀ ਨਬਜ਼ ਤੁਹਾਡੀਆਂ ਉਂਗਲਾਂ ਹੇਠਾਂ ਧੜਕਣ ਲੱਗੇਗੀ। ਮੈਨੂੰ ਅਖੌਤੀ ਆਲੋਚਕਾਂ ਵਿੱਚ ਕੋਈ ਦਿਲਚਸਪੀ ਨਹੀਂ। ਨੁਕਤਾਚੀਨੀਆਂ ਸਿਰਫ਼ ਪੱਤੀਆਂ ਨੋਚ ਮਰੁੰਡ ਕੇ ਬਿਖੇਰ ਸਕਦੀਆਂ ਹਨ, ਪਰ ਉਨ੍ਹਾਂ ਨੂੰ ਇਕੱਠਿਆਂ ਕਰਕੇ ਇੱਕ ਸਾਲਮ ਫੁੱਲ ਨਹੀਂ ਬਣਾ ਸਕਦੀਆਂ। ਫੁੱਲ  ਬਣਾਉਣ ਦਾ ਸਵਾਬ ਭਰਪੂਰ ਕੰਮ ਸਾਹਿਤਕਾਰ ਕਰਦਾ ਹੈ।
ਮੰਟੋ ਕਸ਼ਮੀਰ ਦੇ ਇੱਕ ਬਾਗੀ ਦੀ ਧੀ ਨਾਲ ਇਸ਼ਕ ਕਰਦਾ ਸੀ। ਇੱਕ ਵਾਰ ਭੇਡਾਂ ਚਾਰਦੀ ਦੀ ਉਹਦੀ ਕਿੱਧਰੇ ਨੰਗੀ ਕੂਹਣੀ ਮੰਟੋ ਨੂੰ ਦਿਸ ਗਈ। ਬਸ ਮੰਟੋ ਉਹਦੀ ਕੂਹਣੀ ਦੇਖ ਕੇ ਹੀ ਉਸ ਨਾਲ ਪਿਆਰ ਕਰ ਬੈਠਾ। ਰੋਜ਼ ਉਹ ਭੇਡਾਂ ਚਾਰਨ ਆਉਂਦੀ ਤੇ ਮੰਟੋ ਰੋਜ਼ ਉਹਨੂੰ ਦੂਰੋਂ ਇੱਕ ਪਹਾੜੀ ਤੋਂ ਲੇਟਿਆਂ ਹੋਇਆਂ ਤੱਕਦਾ ਰਹਿੰਦਾ। ਉਡਕਦਾ ਰਹਿੰਦਾ ਕਿ ਕਦੋਂ ਉਹ ਆਪਣੇ ਵਾਲਾਂ ਵਿੱਚ ਹੱਥ ਮਾਰੇ ਤੇ ਉਹਦਾ ਕਫ਼ ਪਰ੍ਹਾਂ ਹੋ ਕੇ ਉਸਦੀ ਕੂਹਣੀ ਨੂੰ ਫਿਰ ਨੰਗਾ ਕਰੇ। ਕੂਹਣੀ ਦੀ ਇੱਕ ਝਲਕ ਲਈ ਹੀ ਮੰਟੋ ਕਈ-ਕਈ ਘੰਟੇ ਉਹਨੂੰ ਨਿਹਾਰਦਾ ਰਹਿੰਦਾ। 
ਮੁਹੱਬਤ ਅਤੇ ਮੁਹੱਬਤ ਕਰਨ ਵਾਲਿਆਂ ਬਾਰੇ ਮੰਟੋ ਦੇ ਬਹੁਤ ਖੂਬਸੂਰਤ ਵਿਚਾਰ ਸਨ, ਇੰਨਸਾਨ ਔਰਤ ਨਾਲ ਮੁਹੱਬਤ ਕਰਦਾ ਹੈ ਤਾਂ ਹੀਰ ਰਾਂਝੇ ਦੀ ਕਹਾਣੀ ਬਣ ਜਾਂਦੀ ਹੈ। ਰੋਟੀ ਨਾਲ ਪ੍ਰੇਮ ਕਰਦਾ ਹੈ ਤਾਂ ਐਪੀਕਿਊਰਸ ਦਾ ਫਲਸਫਾ ਪੈਦਾ ਹੋ ਜਾਂਦਾ ਹੈ। ਤਖਤ ਨਾਲ ਇਸ਼ਕ ਕਰਦਾ ਹੈ ਤਾਂ ਸਿਕੰਦਰ, ਚੰਗੇਜ਼, ਤੈਮੁਰ ਬਣ ਜਾਂਦਾ ਹੈ। ਸੱਤਾ ਨਾਲ ਪਿਆਰ ਕਰਦਾ ਹੈ ਤਾਂ ਹਿਟਲਰ ਹੋ ਜਾਂਦਾ ਹੈ। ਦੀਨ ਨਾਲ ਉਲਫਤ ਕਰਦਾ ਹੈ ਤਾਂ ਔਰੰਗਜ਼ੇਬ ਬਣ ਜਾਂਦਾ ਹੈ ਅਤੇ ਜਦ ਖੁਦਾ ਨਾਲ ਲਿਵ ਲਾਉਂਦਾ ਹੈ ਤਾਂ ਮਹਾਤਮਾ ਬੁੱਧ ਦਾ ਰੂਪ ਧਾਰ ਲੈਂਦਾ ਹੈ।
ਇਸਤਮ ਚੁਗਤਾਈ ਨੇ ਇੱਕ ਵਾਰ ਮੰਟੋ ਨੂੰ ਮੁਹੱਬਤ ਬਾਰੇ ਪੁੱਛ ਲਿਆ ਤਾਂ ਉਸਨੇ ਜੁਆਬ ਦਿੱਤਾ, “ਮੁਹੱਬਤ ਦਾ ਕੀ ਐ? ਮੈਨੂੰ ਆਪਣੀ ਜ਼ਰੀ ਦੀ ਜੁੱਤੀ ਨਾਲ ਮੁਹੱਬਤ ਹੈ।” 
ਵਾਕਈ ਮੰਟੋ ਨੂੰ ਆਪਣੀ ਜ਼ਰੀ ਦੀ ਜੁੱਤੀ ਨਾਲ ਇਸ਼ਕ ਸੀ। ਇਸੇ ਲਈ ਜੁੱਤੀ ਦਾ ਵਰਣਨ ਉਸਦੀਆਂ ਰਚਨਾਵਾਂ ਵਿੱਚ ਵਾਰ-ਵਾਰ ਆਇਆ ਹੈ। ਮਿਸਾਲ ਵਜੋਂ ਉਸਦੀਆਂ ਵੱਖ-ਵੱਖ ਕਹਾਣੀ ਵਿੱਚੋਂ ਕੁੱਝ ਸੱਤਰਾਂ ਹਾਜ਼ਰ ਹਨ:-
*ਕਾਲੀ ਸਲਵਾਰ*
-ਇਸ ਸਾੜੀ ਨਾਲ ਪਹਿਨਣ ਨੂੰ ਅਨਵਰੀ ਕਾਲੀ ਮਖਮਲ ਦੀ ਇਕ ਜੁੱਤੀ ਲਿਆਈ ਸੀ, ਜੋ ਬੜੀ ਨਾਜ਼ੁਕ ਸੀ। 
*ਆਖਰੀ ਰਾਤ*
-ਮੈਂ ਇੱਕ ਹੋਟਲ ਵਿੱਚ ਬੈਠਾ ਡਾਕ ਗੱਡੀ ਦੀ ਉਡੀਕ ਕਰ ਰਿਹਾ ਸੀ, ਜਿਸ ਵਿੱਚ ਮੇਰੇ ਜੁੱਤੇ ਆਉਣ ਵਾਲੇ ਸਨ।
-ਭਾਈ ਅਜ਼ੀਬ ਮੁਸੀਬਤ ਹੈ, ਜੁੱਤਾ ਮੁਜ਼ਰਾਬਾਦ ਵਿੱਚ ਫਟਿਆ ਤੇ ਮੁਰੰਮਤ ਲਈ ਉਸਨੂੰ ਰਾਵਲਪਿੰਡੀ ਭੇਜਣਾ ਪਿਆ ਹੈ। 
-ਅੱਜ ਮੈਂ ਆਪਣੇ ਮੁਰੰਮਤ ਕੀਤੇ ਹੋਏ ਜੁੱਤਿਆਂ ਦੇ ਲਈ ਤਿੰਨਾਂ ਘੰਟਿਆਂ ਤੋਂ ਇੰਤਜ਼ਾਰ ਵਿੱਚ ਬੈਠਾ ਹਾਂ ਤੇ ਨਾਮੁਰਾਦ ਡਾਕ ਗੱਡੀ ਵੀ ਅੱਜ ਹੀ ਲੇਟ ਹੋਈ ਹੈ।
*ਧੂੰਆਂ*
-ਮੌਸਮ ਕੁਝ ਅਜਿਹੀ ਹੀ ਕੈਫ਼ੀਅਤ ਲਾਏ ਹੋਏ ਸੀ, ਜੋ ਰਬੜ ਦੇ ਜੁੱਤੇ ਪਹਿਨ ਕੇ ਚੱਲਣ ਨਾਲ ਹੁੰਦੀ ਹੈ। 
ਮੰਟੋ ਦਾ ਹੁਲੀਆ ਬਿਆਨਦੇ ਹੋਈ ਬਲਵੰਤ ਗਾਰਗੀ ਜੀ ਲਿਖਦੇ ਹਨ, “ਪਤਲਾ ਲੰਮਾ ਜਿਸਮ ਜਿਸ ਵਿੱਚ ਬੈਂਤ ਵਰਗੀ ਲਚਕ ਸੀ, ਚੌੜਾ ਮੱਥਾ, ਕਸ਼ਮੀਰੀ ਤਿੱਖਾ ਨੱਕ ਤੇ ਤੇਜ਼ ਅੱਖਾਂ ਉੱਤੇ ਚਸ਼ਮਾ। ਉਸਨੇ ਸਫੈਦ ਕਮੀਜ਼, ਸ਼ੇਰਵਾਨੀ, ਲੱਠੇ ਦੀ ਸਲਵਾਰ ਤੇ ਜ਼ਰੀ ਦਾ ਜੁੱਤਾ ਪਹਿਨਿਆ ਹੋਇਆ ਸੀ।”
ਮੰਟੋ ਦੋ ਸਾਲ ਦਿੱਲੀ ਆਲ ਇੰਡੀਆ ਰੇਡਿਉ ’ਤੇ ਨੌਕਰੀ ਕਰਨ ਬਾਅਦ ਬੰਬਈ ਚਲਾ ਗਿਆ ਸੀ, ਜਿੱਥੇ ਉਸਨੇ ਇੰਪੀਰੀਅਲ ਫਿਲਮ ਕੰਪਨੀ ਵਿੱਚ ਡਾਇਲਾਗ ਰਾਇਟਰ ਵਜੋਂ ਵੀ ਕੰਮ ਕੀਤਾ। ਡਰਾਮੇ ਤੇ ਫੀਚਰ ਲਿਖੇ। ਕ੍ਰਿਸ਼ਨ ਚੰਦਰ, ਇਸਮਤ ਚੁਗਤਾਈ, ਰਾਜਿੰਦਰ ਸਿੰਘ ਬੇਦੀ ਤੇ ਅਹਿਮਦ ਨਦੀਮ ਦਾ ਮੰਟੋ ਦੇ ਖਾਸ ਦੋਸਤਾਂ ਵਿੱਚ ਸ਼ੁਮਾਰ ਹੁੰਦਾ  ਸੀ। 
ਮੰਟੋ ਨੂੰ ਆਪਣੀ ਕਲਾ ਉੱਤੇ ਫਖਰ ਅਤੇ ਕਹਿਰਾਂ ਦਾ ਸਵੈ-ਵਿਸ਼ਵਾਸ ਸੀ। ਜੇ ਕੋਈ ਉਸਨੂੰ ਕਹਿ ਦਿੰਦਾ ਕਿ ਆਹ ਮੇਜ਼ ਪਿਆ ਹੈ। ਇਸ ਬਾਰੇ ਕਹਾਣੀ ਲਿੱਖ? ਆਹ ਕੁਰਸੀ ਪਈ ਹੈ, ਇਸ ਉੱਤੇ ਹੁਣੇ ਹੀ ਇੱਥੇ ਹੀ ਕਹਾਣੀ ਲਿੱਖ ਕੇ ਦਿਖਾ? ਤਾਂ ਮੰਟੋ ਫੱਟ ਲਿੱਖ ਦਿੰਦਾ ਹੁੰਦਾ ਸੀ। ਉਸਨੇ ਸ਼ਰਤਾਂ ਲਾ ਕੇ ਕਈ ਡਰਾਮੇ ਅਤੇ ਕਹਾਣੀਆਂ ਲਿਖੀਆਂ ਸਨ। ਇਸੇ ਤਰ੍ਹਾਂ ਮੰਟੋ ਨੇ ਲੋਕਾਂ ਦੀਆਂ ਚੁਨੌਤੀਆਂ ਸਵਿਕਾਰ ਕੇ ਇੰਤਜ਼ਾਰ, ਕਿਆ ਮੈਂ ਅੰਦਰ ਆ ਸਕਤਾ ਹੂੰ? ਅਤੇ ਕਬੂਤਰੀ ਆਦਿ ਡਰਾਮੇ ਲਿਖ ਕੇ ਆਪਣੀ ਕਲਾ ਦਾ ਲੋਹਾ ਮੰਨਵਾਇਆ ਸੀ। 
ਕੁੱਝ ਤਨੱਜ਼ਲਪਸੰਦ ਲੋਕਾਂ ਨੇ ਮੰਟੋ ਵਰਗੇ ਪ੍ਰਗਤੀਸ਼ੀਲ ਕਲਮਕਾਰ ਉੱਤੇ ਫਾਹਸ (ਲੱਚਰ) ਸਾਹਿਤ ਰਚਣ ਦਾ ਦੋਸ਼ ਲਾਇਆ। ਮੰਟੋ ਦੀਆਂ ਛੇ ਕਹਾਣੀਆਂ, ਕਾਲੀ ਸਲਵਾਰ, ਬੂ, ਠੰਡਾ ਗੋਸ਼ਤ, ਧੂੰਆਂ, ਖੋਲ੍ਹ ਦੋ, ਉੱਪਰ ਨੀਚੇ ਔਰ ਦਰਮਿਆਨ, ਉੱਪਰ ਅਸ਼ਲੀਲਤਾ ਦਾ ਦੋਸ਼ ਲਗਾ ਕੇ ਮੁਕੱਦਮੇ ਚਲਾਏ ਗਏ। ਮੰਟੋ ਨੂੰ ਅਦਾਲਤਾਂ ਵਿੱਚ ਖੱਜਲ ਖੁਆਰ ਹੋਣਾ ਪਿਆ। ਮਜ਼ੇ ਦੀ ਗੱਲ ਇਹ ਹੈ ਕਿ ਮੰਟੋ ਛੇ ਦੇ ਛਿਆਂ ਮੁਕੱਦਿਮਿਆਂ ਵਿੱਚੋਂ ਬਾਇੱਜ਼ਤ ਬਰੀ ਹੋਇਆ ਸੀ। 
ਮੰਟੇ ਨੇ ਕਹਾਣੀਆਂ ਵਿੱਚ ਤਕਨੀਕੀ ਪੱਖੋਂ ਅਤੇ ਮਨੋਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਅਨੇਕਾਂ ਤਜ਼ਰਬੇ ਕੀਤੇ। ਮਸਲਨ ਕਥਾ ਵਿਧਾ ਵਿੱਚ ਪ੍ਰਚਲਤ ਅਤੇ ਮਕਬੂਲ ਤਕਨੀਕਾਂ ਨੂੰ ਤਿਲਾਜਲੀ ਦੇ ਕੇ ਤਸਵੀਰ ਕਹਾਣੀ ਨੂੰ ਬਿਰਤਾਂਤ ਵਿਧੀ  ਵਿੱਚ ਲਿਖਿਆ ਹੈ। ਸਿਰਫ਼ ਵਾਰਤਾਲਾਪ ਦੇ ਥਮਲਿਆਂ ਉੱਤੇ ਹੀ ਇਹ ਸਾਰੀ ਦੀ ਸਾਰੀ ਕਹਾਣੀ ਖੜ੍ਹੀ ਹੈ। ਉਸ ਵਿੱਚ ਕੋਈ ਵੀ ਹੋਰ ਵਰਣਨ ਜਾਂ ਵੇਰਵਾ ਨਹੀਂ ਹੈ। ਦੋ ਪਾਤਰਾਂ ਦੇ ਸੰਵਾਦ ਚਲਦੇ ਜਾਂਦੇ ਹਨ ਅਤੇ ਕਹਾਣੀ ਦੀਆਂ ਪਰਤਾਂ ਉਧੜਦੇ ਨੜੇ ਵਾਂਗ ਖੁੱਲ੍ਹਦੀਆਂ ਚਲਈਆਂ ਜਾਂਦੀਆਂ ਹਨ। 
ਪਾਤਰ ਦਾ ਸਵੈ-ਵਿਸ਼ਲੇਸ਼ਣ ਮੰਟੋ ਦੀ ਸਾਹਿਤਕ ਪ੍ਰਤਿਭਾ ਦੀ ਵਿਸ਼ੇਸ਼ਤਾ ਸੀ। ਮੰਟੋ ਨੇ ਗਲਪ ਵਿੱਚ ਨਵੇਂ-ਨਵੇਂ ਪ੍ਰਯੋਗ ਕਰਨ ਦੀ ਪਿਰਤ ਪਾਈ। ਉਸਨੇ ਕਹਾਣੀ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਕਹਾਣੀ ਦਾ ਵਿਸ਼ਾ ਚੋਣ ਵੇਲੇ ਮੰਟੋ ਬੇਹੱਦ ਸਤਰਕ ਰਹਿੰਦਾ, ਉਹ ਜ਼ਿੰਦਗੀ ਦੇ ਸੂਖਮ ਭਾਵਾਂ ਨੂੰ ਕਹਾਣੀ ਵਿੱਚ ਇਉਂ ਪ੍ਰਭਾਸ਼ਿਤ ਕਰਦਾ ਕਿ ਚਾਹੇ ਉਹ ਅੱਲੜ ਦੀ ਦਸਾਤਾਨ ਹੁੰਦੀ ਜਾਂ ਪ੍ਰੋੜ ਵਿਅਕਤੀ ਦਾ ਅਫਸਾਨਾ ਹੁੰਦਾ, ਮੰਟੋ ਆਪਣੇ ਕਲਾਤਮਕ ਉਦੇਸ਼ ਦੀ ਪ੍ਰਾਪਤੀ ਪ੍ਰਤੀ ਲਾਪਰਵਾਹੀ ਦਾ ਅਪਰਾਧੀ ਨਹੀਂ ਸੀ ਬਣਦਾ। ਆਪਣੀ ਬਦਲ ਰਹੀ ਸ਼ਰੀਰਕ ਬਣਤਰ ਤੋਂ ਬੇਖਬਰ ਅਤੇ ਅਣਜਾਣ ਇੱਕ ਕਿਸ਼ੋਰ ਬਾਲਕ ਦੀ ਕੈਫ਼ੀਅਤ ਨੂੰ ਬੜੇ ਵਧੀਆ ਢੰਗ ਨਾਲ ਮੰਟੋ ਨੇ ਬਲਾਊਜ਼ ਕਹਾਣੀ ਵਿੱਚ ਚਿਤਰਿਆ ਹੈ। 
ਇੱਕ ਸੱਜਰੀ ਮੁਟੀਆਰ ਹੋ ਰਹੀ ਲੱੜਕੀ ਕਲਮੂਸ ਅੰਦਰ ਜਾਗਦੀ ਜਿਣਸੀ ਪਿਆਸ ਦੀ ਐਨੀ ਮਨਲੁਭਾਉਣੀ ਅਤੇ ਹੈਰਾਨੀਜ਼ਨਕ ਪੇਸ਼ਕਾਰੀ ਕੀਤੀ ਹੈ ਮੰਟੋ ਨੇ ਧੂੰਆਂ ਕਹਾਣੀ ਵਿੱਚ ਕਿ ਬਾਕੀ ਦੇ ਕਹਾਣੀਕਾਰਾਂ ਦਾ ਧੂੰਆਂ ਕੱਢ ਕੇ ਰੱਖ ਦਿੱਤਾ ਹੈ। ਕਹਾਣੀ ਦੇ ਅੰਤ ਵਿੱਚ ਕਲਮੂਸ ਅਤੇ ਉਸਦੀ ਸਹੇਲੀ ਬਿਮਲਾ ਨੂੰ ਕਲਮੂਸ ਦੇ ਭਰਾ ਮਸਊਦ  ਵੱਲੋਂ ਇੱਕੋ ਬਿਸਤਰੇ ਵਿੱਚ ਇਤਰਾਜ਼ਯੋਗ ਹਾਲਤ ਵਿੱਚ ਫੜ੍ਹਨਾ ਕਹਾਣੀ ਨੂੰ ਹੋਰ ਵੀ ਜ਼ਬਰਦਸਤ ਬਣਾ ਦਿੰਦਾ ਹੈ। 
ਮੰਟੋ ਨੇ ਉਰਦੂ ਸਾਹਿਤ ਨੂੰ ਚਾਰ ਚੰਨ ਲਾਏ ਅਤੇ ਆਪਣੀ ਕਲਾ, ਪ੍ਰਤਿਭਾ ਨਾਲ ਅਮੀਰ ਕੀਤਾ। ਮੰਟੋ ਦੀਆਂ ਕਹਾਣੀਆਂ ਜਿੱਥੇ ਪਾਠਕ ਦਾ ਭਰਪੂਰ ਮੰਨੋਰੰਜਨ ਕਰਦੀਆਂ ਹਨ, ਉਥੇ ਪਾਠਕ ਨੂੰ ਹਲੂਣਦੀਆਂ ਅਥਵਾ ਝੰਜੋੜਦੀਆਂ ਵੀ ਹਨ। ਉਨ੍ਹਾਂ ਨੂੰ ਜੀਵਨ ਦੇ ਯਥਾਰਥ ਦੇ ਰੂ-ਬਾ-ਰੂ ਕਰਵਾਉਂਦੀਆਂ ਹਨ। ਉਸਦੀਆਂ ਕਹਾਣੀਆਂ ਸਮੁੱਚੇ ਸਮਾਜ ਦਾ ਅਕਸ ਹੋ ਨਿਭੜਦੀਆਂ ਹਨ। ਇੱਕ ਲੜਕੀ ਦੀਆਂ ਖਰਾਬ ਅੱਖਾਂ ਦੀ ਖੂਬਸੂਰਤੀ ਨੂੰ ਉਜਾਗਰ ਕਰਨ ਵਾਲੀ ਅੱਖਾਂ ਨਾਮੀ ਉੱਚ ਕੋਟੀ ਦੀ ਕਹਾਣੀ ਸਿਰਫ਼ ਮੰਟੋ ਹੀ ਲਿਖ ਸਕਦਾ ਸੀ। ਮੰਟੋ ਨੇ ਆਪਣੀ ਕਲਮ ਰਾਹੀਂ ਹਮੇਸ਼ਾਂ ਕੌੜੇ ਸੱਚ ਬਿਆਨ ਕੀਤੇ, ਜਿਨ੍ਹਾਂ ਬਦਲੇ ਉਹਨੂੰ ਅਨੇਕਾਂ ਪ੍ਰਕਾਰ ਦੇ ਸਿਤਮ ਸਹਿਣੇ ਪਏ।  
ਮੰਟੋ ਦੀ ਕਹਾਣੀ ਬਿਨਾਂ ਸੰਪਾਦਕ ਆਪਣੇ ਸਾਹਿਤਕ ਰਸਾਲਿਆਂ ਨੂੰ ਅਧੂਰਾ ਅਮੁਕੱਮਲ ਖਿਆਲ ਕਰਦੇ ਸਨ। ਮਕਤਬਾ ਉਰਦੂ ਦੇ ਸਰਪਰਸਤ ਚੌਧਰੀ ਨਜ਼ੀਰ ਅਹਿਮਦ ਵਰਗੇ ਮੰਟੋ ਨੂੰ ਚਿੱਠੀ ਲਿਖਦੇ, ਤਾਰਾਂ ਘੱਲਦੇ ਤੇ ਉਸਦੀ ਕਹਾਣੀ ਦੀ ਬੇਤਾਬੀ ਨਾਲ ਉਡੀਕ ਕਰਦੇ। ਉਸਨੂੰ ਕਹਾਣੀਆਂ ਦਾ ਮਿਹਨਤਾਨਾ ਦੂਜੇ ਲਿਖਾਰੀਆਂ ਨਾਲੋਂ ਦੁਗਣਾ ਅਤੇ ਕਈ-ਕਈ ਮਹਿਨੇ ਅਡਵਾਂਸ ਹੀ ਪਹੁੰਚਾ ਦਿੱਤਾ ਜਾਂਦਾ।
1947 ਦੀ ਚੰਦਰੀ ਭਾਰਤ-ਪਾਕ ਵੰਡ ਨੇ ਮੰਟੋ ਸਾਡੇ ਕੋਲੋਂ ਖੋਹ ਲਿਆ।  ਬੰਬਈ ਤੋਂ ਹਿਜ਼ਰਤ ਕਰਕੇ ਮੰਟੋ ਨੂੰ ਲਾਹੌਰ ਜਾਣਾ ਪੈ ਗਿਆ। ਭਾਰਤ ਨਾਲੋਂ ਟੁੱਟਣ ਦਾ ਮੰਟੋ ਨੇ ਵੀ ਬੁਰਾ ਮਨਾਇਆ ਸੀ। ਇਸ ਲਈ ਉਹ ਆਪਣੀ ਟੋਬਾ ਟੇਕ ਸਿੰਘ ਨਾਮਕ ਕਹਾਣੀ ਵਿੱਚ ਵਟਵਾਰੇ ਨੂੰ ਨਿੰਦਦਾ ਹੈ। ਪਾਕਿਸਤਾਨ ਜਾਣ ਤੋਂ ਬਾਅਦ ਮੰਟੋ ਦੀ ਕਲਮ ਨੇ ਨਵੀਂ ਕਰਵਟ ਲਿੱਤੀ। ਉਸਨੇ ਦੰਗਿਆ ਦੇ ਵਿਸ਼ੇ ਤੇ ਆਪਣੀ ਦ੍ਰਿਸ਼ਟੀ ਕੇਂਦ੍ਰਿਤ ਕਰਕੇ ਅਨੇਕਾਂ ਮਾਅਰਕੇ ਦੀਆਂ ਕਹਾਣੀ ਲਿਖੀਆਂ। ਉਸਨੇ ਸਿਆਹ ਹਾਸ਼ੀਏ, ਉਹ ਲੜਕੀ ਅਤੇ ਖੁਦਾ ਦੀ ਕਸਮ ਆਦਿਕ  ਵਿੱਚ ਫਿਰਕੂ ਫਸਾਦਾਂ ਦੀ ਦਰਿੰਦਗੀ ਦਾ ਦਿਲ ਸੱਲਵਾਂ ਵਰਣਨ ਕੀਤਾ ਹੈ। ਮੰਟੋ ਵਹਿਸ਼ੀਆਨਾ ਘਟਨਾਵਾਂ ਨੂੰ ਕਹਾਣੀਆਂ ਵਿੱਚ ਇਸ ਕਦਰ ਨੰਗਾ ਕਰਦਾ ਹੈ ਕਿ ਪਾਠਕ ਪੜ੍ਹ ਕੇ ਚੌਂਕ ਜਾਂਦੇ ਹਨ ਅਤੇ ਸੰਬੰਧਤ ਪਾਤਰ ਸ਼ਰਮਸਾਰ ਹੋ ਉਠਦੇ ਹਨ। 
ਮਸ਼ਹੂਰ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਐਸ ਮੁਖਰਜੀ ਹਮੇਸ਼ਾਂ ਸਿੱਖਿਆਦਾਇਕ ਫਿਲਮਾਂ ਦਾ ਨਿਰਮਾਣ ਕਰਇਆ ਕਰਦਾ ਸੀ। ਹਰ ਫਿਲਮ ਬਣਾਉਣ ਤੋਂ ਪਹਿਲਾਂ ਕਹਾਣੀ ਚੁਣਨ ਲਈ ਉਹ ਅਨੇਕਾਂ ਕਹਾਣੀਕਾਰਾਂ ਨੂੰ ਵਾਰੋ-ਵਾਰੀ ਆਪਣੇ ਦਫ਼ਤਰ ਵਿੱਚ ਸੱਦ ਕੇ ਕਹਾਣੀ ਸੁਣਾਉਣ ਲਈ ਕਹਿੰਦਾ ਹੁੰਦਾ ਸੀ ਤੇ ਆਪ ਮੇਜ਼ ਉੱਤੇ ਲੱਤਾਂ ਰੱਖ ਕੇ ਅੱਖਾਂ ਬੰਦ ਕਰਕੇ ਬੈਠ ਜਾਂਦਾ ਹੁੰਦਾ ਸੀ। ਇਸੇ ਤਰ੍ਹਾਂ ਇੱਕ ਪ੍ਰਸਿੱਧ ਕਹਾਣੀਕਾਰ ਉਸਨੂੰ ਆਪਣੀ ਕਹਾਣੀ ਸੁਣਾ ਕੇ ਹੱਟਿਆ ਤਾਂ ਮੁਖਰਜੀ ਸਾਹਿਬ ਨੇ ਉਸਨੂੰ ਆਖਿਆ ਕਿ  ਕਹਾਣੀ ਮੁੱਕ ਗਈ ਹੈ ਤਾਂ ਤੁਸੀਂ ਜਾ ਸਕਦੇ ਹੋ। ਕਹਾਣੀਕਾਰ ਸਮਝ ਗਿਆ ਕਿ ਉਸਦੀ ਕਹਾਣੀ ਰੱਦ ਕਰ ਦਿੱਤੀ ਗਈ ਹੈ। ਇਸ ਕਰਕੇ ਕਹਾਣੀਕਾਰ ਖਿੱਝ ਗਿਆ ਤੇ ਮੁਖਰਜੀ ਸਾਹਿਬ ਨੂੰ ਆਕੜ ਕੇ ਆਖਣ ਲੱਗਾ, ਤੁਸੀਂ ਮੇਰਾ ਸਮਾਂ ਖਰਾਬ ਕੀਤਾ ਹੈ। ਕਹਾਣੀ ਤੁਸੀਂ ਸਵਾਹ ਸੁਣੀ ਹੈ? ਤੁਸੀਂ ਤਾਂ ਬਦਤਮੀਜ਼ੀ ਨਾਲ ਮੇਜ ਉੱਤੇ ਲੱਤਾਂ ਰੱਖੀ ਆਪਣੀਆਂ ਅੱਖਾਂ ਬੰਦ ਕਰੀ ਬੈਠੇ ਸੀ। ਧਿਆਨ ਨਹੀਂ ਦੇਣਾ ਸੀ ਤਾਂ ਕਮ-ਅਜ਼-ਕਮ ਆਪਣੀਆਂ ਅੱਖਾਂ ਤਾਂ ਖੋਲ੍ਹ ਕੇ ਰੱਖਦੇ। 
ਮੁਖਰਜੀ ਸਾਹਿਬ ਨੇ ਅੱਗੋਂ ਉਸਨੂੰ ਬੜਾ ਦਿਲਚਸਪ ਜੁਆਬ ਦਿੰਦਿਆਂ ਕਿਹਾ, “ਭਾਈ ਕਹਾਣੀ ਮੈਂ ਅੱਖਾਂ ਨਾਲ ਨਹੀਂ ਕੰਨਾਂ ਨਾਲ ਸੁਣ ਰਿਹਾ ਸੀ। ਤੇ ਜਿਥੋਂ ਤੱਕ ਅੱਖਾਂ ਖੋਲ੍ਹਣ ਦਾ ਸਵਾਲ ਹੈ। ਇਹ ਤੇਰੀ ਕਹਾਣੀ ਵਿੱਚ ਹੀ ਦਮ ਹੋਣਾ ਚਾਹੀਦਾ ਹੈ ਕਿ ਉਹ ਮੇਰੀਆਂ ਬੰਦ ਅੱਖਾਂ ਖੋਲ੍ਹ ਦੇਵੇ। ਮੈਂ ਸਮਾਜਕ ਬਰਾਈਆਂ ਨੂੰ ਖਤਮ ਕਰਨ ਲਈ ਸਮਾਜ਼ ਦੇ ਭਲੇ ਲਈ ਸਿਰਫ਼ ਅਜਿਹੀਆਂ ਫਿਲਮਾਂ ਹੀ ਬਣਾਉਂਦਾ ਹਾਂ, ਜਿਨ੍ਹਾਂ ਨੂੰ ਦੇਖ ਕੇ ਦੁਨੀਆਂ ਦੀਆਂ ਅੱਖਾਂ ਖੁੱਲ੍ਹ ਜਾਣ। ਜੇ ਤੇਰੀ ਕਹਾਣੀ ਮੇਰੀਆਂ ਅੱਖਾਂ ਹੀ ਨਾ ਖੋਲ੍ਹ ਸਕੀ ਤਾਂ ਉਸ ਕਹਾਣੀ ਉੱਤੇ ਬਣਾਈ ਹੋਈ ਫਿਲਮ ਮੁਆਸ਼ਰੇ ਦੀਆਂ ਅੱਖਾਂ ਕਿਵੇਂ ਖੋਲ੍ਹ ਸਕਦੀ ਹੈ?” 
ਇਸ ਜੁਮਲੇ ਨੂੰ ਪੇਸ਼ ਕਰਨ ਦਾ ਮੇਰਾ ਤਾਤਪਰਜ਼ ਇਹ ਹੈ ਕਿ ਮੰਟੋ ਨੇ ਵੀ ਅਜਿਹੀਆਂ ਕਹਾਣੀਆਂ ਦੀ ਰਚਨਾ ਕੀਤੀ ਹੈ ਜਿਨ੍ਹਾਂ ਨੂੰ ਪੜ੍ਹ ਕੇ ਪਾਠਕ ਦੀਆਂ ਅੱਖਾਂ ਇੱਕਦਮ ਚੌਪਾਟ ਖੁੱਲ ਜਾਂਦੀਆਂ ਸਨ। 
ਮੰਟੋ ਦੀ ਕਹਾਣੀ ਖੋਲ੍ਹ ਦਿਉ ਦੇ ਪਾਤਰ ਸਰਾਜੁਦੀਨ ਦੀ 1947 ਦੇ ਦੰਗਿਆਂ ਵਿੱਚ ਹੁਸੀਨ ਪਤਨੀ ਬੇਇਜ਼ੱਤ ਕਰਕੇ ਮਾਰ ਦਿੱਤੀ ਜਾਂਦੀ ਹੈ। ਸਰਾਜੁਦੀਨ ਨੂੰ ਮਾਰਨ ਦੇ ਯਤਨ ਵਿੱਚ ਸੱਟ ਮਾਰ ਕੇ ਸਿੱਟ ਦਿੱਤਾ ਜਾਂਦਾ ਹੈ ਤੇ ਉਸਦੀ ਜਵਾਨ ਅਤੇ ਖੂਬਸੂਰਤ ਬੇਟੀ ਸਕੀਨਾ ਧਿੱਗੋਜ਼ੋਰੀ ਖੋਹ ਲਈ ਜਾਂਦੀ ਹੈ। ਪਰ ਸਰਾਜੁਦੀਨ ਮਰਦਾ ਨਹੀਂ ਤੇ ਬੇਹੋਸ਼ੀ ਦੀ ਹਾਲਤ ਵਿੱਚ ਅੰਮ੍ਰਿਤਸਰ ਤੋਂ ਰੇਲ ਰਾਹੀਂ ਮੁਗਲਪੁਰੇ ਪਾਕਿਸਤਾਨ ਪਹੁੰਚ ਜਾਂਦਾ ਹੈ। ਜਦੋਂ ਸੁਰਾਜੁਦੀਨ  ਨੂੰ ਹੋਸ਼ ਆਉਂਦੀ ਹੈ ਤਾਂ ਉਹ ਆਪਣੀ ਬੇਟੀ ਨੂੰ ਲੱਭਦਾ ਹੈ। ਬੇਟੀ ਉਸਨੂੰ ਕਿਧਰੋਂ ਨਹੀਂ ਮਿਲਦੀ। ਸਰਾਜੁਦੀਨ ਬੇਟੀ ਦੀ ਭਾਲ ਵਿੱਚ ਮਾਰਾ-ਮਾਰਾ ਫਿਰਦਾ ਹੈ ਤੇ ਜਣੇ-ਖਣੇ ਤੋਂ ਉਸਦੀ ਪੜਤਾਲ ਕਰਦਾ ਰਹਿੰਦਾ ਹੈ। ਕੁੱਝ ਮੁਸਲਮਾਨ ਸਵੈ-ਸੇਵਕ ਉਸਦੀ ਬੇਟੀ ਨੂੰ ਲੱਭਣ ਦਾ ਵਾਅਦਾ ਕਰਦੇ ਹਨ। ਸਰਾਜੁਦੀਨ ਉਹਨਾਂ ਨੂੰ ਆਪਣੀ ਬੇਟੀ ਦੀ ਸ਼ਨਾਖਤ ਦੱਸ ਦਿੰਦਾ ਹੈ। 
ਮੁਸਲਮਾਨ ਸਵੈ-ਸੇਵਕ ਸਕੀਨਾ ਨੂੰ ਲੱਭ ਕੇ ਕਈ ਦਿਨ ਉਸ ਨਾਲ ਜ਼ਬਰ-ਜਿਨਾਹ ਕਰਦੇ ਰਹਿੰਦੇ ਹਨ।  ਤੇ ਮਰਨ ਵਰਗੀ ਕਰਕੇ ਰੇਲਵੇ ਲਾਈਨ ’ਤੇ ਸੁੱਟ ਦਿੰਦੇ ਹਨ। ਉਥੋਂ ਤੜਫਦੀ ਸਕੀਨਾ ਨੂੰ ਚੁੱਕ ਕੇ ਹਸਪਤਾਲ ਲਿਆਂਦਾ ਜਾਂਦਾ ਹੈ। ਬੁੱਢਾ ਸਰਾਜੁਦੀਨ ਸਕੀਨਾ ਨੂੰ ਲੱਭਦਾ ਹੋਇਆ ਹਸਪਤਾਲ ਆ ਪਹੁੰਚਦਾ ਹੈ। ਸਕੀਨਾ ਦੇ ਸ਼ਰੀਰ ਵਿੱਚ ਹਰਕਤ ਹੁੰਦੀ ਹੈ। ਸਰਾਜੁਦੀਨ ਨੂੰ ਚਾਅ ਚੜ੍ਹ ਜਾਂਦਾ ਹੈ ਕਿ ਉਸਦੀ ਬੇਟੀ ਜ਼ਿੰਦਾ ਹੈ। ਉਹ ਸਕੀਨਾ-ਸਕੀਨਾ ਪੁਕਾਰਦਾ ਹੈ। ਸਟਰੈਚਰ ’ਤੇ ਲਾਸ਼  ਬਣੀ ਪਈ ਸਕੀਨਾ  ਦਾ ਮੁਆਇਨਾ ਕਰਨ ਵਾਲਾ ਡਾਕਟਰ ਸਕੀਨਾ ਕੋਲ ਆ ਕੇ ਬਦਬੋ ਅਤੇ ਗਰਮੀ ਤੋਂ ਨਿਜਾਤ ਪਾਉਣ ਦੇ ਮਕਸਦ ਨਾਲ ਨਰਸ ਨੂੰ ਬੂਹੇ ਅਤੇ ਬਾਰੀਆਂ ਵੱਲ ਇਸ਼ਾਰਾ ਕਰਕੇ ਕਹਿੰਦਾ ਹੈ, “ਖੋਲ੍ਹ ਦਿਉ।” 
ਸਕੀਨਾ ਆਪਣਾ ਨਾਲਾ ਖੋਲ੍ਹ ਦਿੰਦੀ ਹੈ ਤੇ ਆਪਣੀ ਸਲਵਾਰ ਹੇਠਾਂ ਨੂੰ ਸਰਕਾ ਦਿੰਦੀ ਹੈ। ਡਾਕਟਰ ਉਸਦੇ ਸਲਵਾਰ ਲਾਹੁਣ ਦੇ ਰਹੱਸ ਅਤੇ ਪ੍ਰਵਿਰਤੀ ਤੋਂ ਜਾਣੂ ਹੁੰਦਾ ਹੋਣ ਕਰਕੇ ਸ਼ਰਮ ਨਾਲ ਗਰਕ ਜਾਂਦਾ ਹੈ। ਬੇਸੁਰਤ ਸਕੀਨਾ ਦੇ ਡਾਕਟਰ ਦਾ ਖੋਲ੍ਹ ਦਿਉ ਵਾਲਾ ਹੁਕਮ ਸੁਣ ਕੇ ਡਾਕਟਰ ਅਤੇ ਬਾਪ ਅੱਗੇ ਸਲਵਾਰ ਲਾਹੁਣ ਦੇ ਕਾਰਜ਼ ਤੋਂ ਹੀ ਉਸ ਵੱਲੋਂ ਬੀਤੇ ਦਿਨਾਂ ਵਿੱਚ ਝੱਲਿਆ ਤਸ਼ੱਦਦ ਮੂਰਤੀਮਾਨ ਹੋ ਜਾਂਦਾ ਹੈ। ਕਈ ਦਿਨ ਬਲਵਾਈਆਂ ਦੇ ਸਿਲਸਲੇਬੱਧ  ਜ਼ੁਲਮ ਨੂੰ ਬਰਦਾਸ਼ਤ ਕਰਦਿਆਂ ਸਲਵਾਰ ਖੋਲ੍ਹਣਾ ਸਕੀਨਾ ਦੀ ਮਾਨਸਿਕਤਾ ਦਾ ਭਾਗ ਅਤੇ ਫਿਤਰਤ ਬਣ ਜਾਂਦਾ ਹੈ। ਇਉਂ ਮੰਟੋ ਇਸ ਕਹਾਣੀ ਰਾਹੀਂ ਸਮਾਜ਼ ਸੇਵਾ ਦੇ ਨਾਂ ਹੇਠ ਕੁਕਰਮ ਕਰ ਰਹੇ ਅਖੌਤੀ ਮੁਸਲਮਾਨ ਸੇਵਕਾਂ ਦਾ ਪਾਜ ਖੋਲ੍ਹਦਾ ਹੈ।   
ਮੰਟੋ ਦੀ ਕਹਾਣੀ ‘ਬੂ’ ਪੜ੍ਹਿਆਂ ਇਉਂ ਲੱਗਦਾ ਹੈ ਜਿਵੇਂ ਔਰਤ ਮਰਦ ਸੰਬੰਧਾਂ ਉੱਤੇ ਉਸਤੋਂ ਵੱਧੀਆ ਕਹਾਣੀ ਲਿਖੀ ਹੀ ਨਹੀਂ ਜਾ ਸਕਦੀ। ਇਸ ਕਹਾਣੀ ਨੂੰ ਪੜ੍ਹਿਆ ਹੋਣ ਕਰਕੇ ਅੱਜ ਵੀ ਮੰਟੋ ਦਾ ਨਾਮ ਲੈਂਦਾ ਹਾਂ ਤਾਂ ਅੰਦਰ ਅਹਿਸਾਸ-ਏ-ਕਮਤਰੀ ਦੇ ਭਾਵ ਪੈਦਾ ਹੋ ਜਾਂਦੇ ਹਨ। ਇਸੇ ਕਹਾਣੀ ਦੇ ਸੰਦਰਭ ਵਿੱਚ ਮੇਰੇ ਮਹਿਬੂਬ ਕਲਮਕਾਰ ਬਲਵੰਤ ਗਾਰਗੀ ਜੀ ਆਪਣਾ ਅਨੁਭਵ ਲਿਖਦੇ ਹਨ, “ਜਦ ਮੰਟੋ ਨੂੰ ਪੜ੍ਹਿਆ ਤਾਂ ਮਹਿਸੂਸ ਹੋਇਆ ਕਿ ਮੈਂ ਇਹੋ ਜਿਹੀ ਕਹਾਣੀ ਨਹੀਂ ਲਿਖ ਸਕਦਾ। ਕਾਸ਼! ਮੈਂ ਅਜਿਹੀ ਨਿਵੇਕਲੀ ਤੇ ਉੱਚ ਕੋਟੀ ਦੀ ਕਹਾਣੀ ਲਿਖ ਸਕਦਾ ਹੁੰਦਾ। ਨਹੀਂ, ਮੈਂ ਇਤਨੀ ਮਹਾਨ ਕਹਾਣੀ ਕਦੇ ਵੀ ਨਹੀਂ ਲਿਖ ਸਕਦਾ।  ਮੈਂ ਬੂ ਕਹਾਣੀ ਪੜ੍ਹਨ ਲਗਾ ਤਾਂ ਇਕੋ ਰੌਅ ਵਿੱਚ ਸਾਰੀ ਕਹਾਣੀ ਪੜ੍ਹ ਗਿਆ। ਹਰ ਫਿਕਰਾ ਹੁਸੀਨ। ਕਹਾਣੀ ਦੇ ਪਾਤਰਾਂ ਦੇ ਮਾਨਸਿਕ ਤੇ ਸਰੀਰਕ ਰਿਸਤੇ ਬਹੁਤ ਸਪੱਸ਼ਟ  ਤੇ ਜਾਦੂ ਭਰੇ ਸਨ। ਕਹਾਣੀ ਵਿੱਚ ਜਿਸਮਾਨੀ ਖੇੜਾ ਸੀ, ਇੱਕ ਚਮਕ ਸੀ। ਮਾਨਸਿਕ ਤਜ਼ਰਬਾ ਤੇ ਲੱਜ਼ਤ ਸੀ। ਛੋਟੇ ਛੋਟੇ ਫਿਕਰਿਆਂ ਵਿੱਚ ਸਾਦਗੀ ਜੋ ਇੱਕ ਪੁਖਤਾ ਮੰਝੇ ਹੋਏ ਕਲਾਕਾਰ ਵਿੱਚ ਹੁੰਦੀ ਹੈ। ਇਸ ਕਹਾਣੀ ਨੂੰ ਪੜ੍ਹਨ ਪਿਛੋਂ ਮੈਂ ਪਹਿਲੀ ਵਾਰ ਨਵੇਂ ਉਰਦੂ ਸਾਹਿਤ ਬਾਰੇ ਨਵੇਂ ਢੰਗ ਨਾਲ ਸੋਚਿਆ।”
ਮੈਂ ਗਾਰਗੀ ਸਾਹਿਬ ਨਾਲ ਇੱਥੇ ਸੌ ਫਸਦੀ ਸਹਿਮਤ ਹਾਂ। ਵਾਕਈ ਮੰਟੋ ਦੀ ਇਸ ਕਹਾਣੀ ਦਾ ਇੱਕ-ਇੱਕ ਸ਼ਬਦ ਸਵਾ-ਸਵਾ ਲੱਖ ਦਾ ਹੈ। ਕਹਾਣੀ ਜੀਵਨ ਦੇ ਐਨੀ ਜ਼ਿਆਦਾ ਨਜ਼ਦੀਕ ਅਤੇ ਪਾਤਰ ਐਨੇ ਯਥਾਰਥਕ ਕੇ ਕਹਾਣੀ ਦਾ ਪਠਨ ਕਰਦਿਆਂ ਮੈਨੂੰ ਲੱਗਿਆ ਕਿ ਇਸ ਕਹਾਣੀ ਦਾ ਨਾਇਕ ਰਣਧੀਰ ਤਾਂ ਮੈਂ ਜਾਂ ਕੋਈ ਵੀ ਮੇਰੇ ਵਰਗਾ ਨੌਜਵਾਨ ਹੋ ਸਕਦਾ ਹੈ।
‘ਬੂ’ ਕਹਾਣੀ ਦਾ ਹੀਰੋ ਰਣਧੀਰ ਇੱਕ ਅਯਾਸ਼, ਵੁਮਿਨਾਇਜ਼ਰ, ਜਵਾਨ ਮਰਦ ਹੈ। ਉਹ ਅਨੇਕਾਂ ਕਹਿੰਦੀਆਂ-ਕਹਾਉਂਦੀਆਂ ਅਤੇ ਅਤਿ ਖੂਬਸੂਰਤ ਕ੍ਰਿਸਚੀਅਨ ਛੋਕਰੀਆਂ ਨਾਲ ਜਿਸਮਾਨੀ ਤਅੱਲਕਾਤ ਸਥਾਪਿਤ ਕਰ ਚੁੱਕਿਆ ਹੁੰਦਾ ਹੈ। ਸਿਰੇ ਦਾ ਤੀਵੀਬਾਜ਼ ਹੋਣ ਕਰਕੇ ਆਪਣਾ ਬਿਸਤਰਾ ਗਰਮ ਰੱਖਣ ਦਾ ਉਹ ਕਿਵੇਂ ਨਾ ਕਿਵੇਂ ਕੋਈ ਨਾ ਕੋਈ ਹੀਲਾ-ਵਸੀਲਾ ਕਰੀ ਰੱਖਦਾ ਹੈ। ਅੜੇ-ਥੁੜੇ ਵੇਲੇ ਜੇ ਕੋਈ ਸ਼ਿਕਾਰ ਹੱਥ ਨਾ ਲੱਗੇ ਤਾਂ ਉਹ ਆਪਣੀ ਜ਼ਰੂਰਤ ਪੂਰੀ ਕਰਨ ਲਈ ਬੰਬਈ  ਦੇ ਨਾਗਪਾੜਾ ਅਤੇ ਤਾਜ਼ ਮਹਿਲ ਹੋਟਲ ਦੀਆਂ ਨਰਤਕੀਆਂ ਸਸਤੇ ਮੁੱਲ ’ਤੇ ਵੀ ਲਿਆਉਣ ਤੋਂ ਗੁਰੇਜ਼ ਨਹੀਂ ਕਰਦਾ। ਜੰਗ ਤੋਂ ਪੂਰਬ ਉਸਦੀ ਹਰ ਰਾਤ ਰੰਗੀਨ ਹੁੰਦੀ ਹੈ। ਪਰੰਤੂ ਯੁੱਧ ਉਪਰੰਤ ਸਭ ਕ੍ਰਿਸਚੀਅਨ ਲੜਕੀਆਂ ਫੋਰਟ ਦੇ ਇਲਾਕੇ ਵੱਲ ਪ੍ਰਸਥਾਨ ਕਰ ਜਾਂਦੀਆਂ ਹਨ। ਉਥੇ ਉਹ ਆਪਣਾ ਤੋਰੀ-ਫੁੱਲਕਾ ਚਲਾਉਣ ਲਈ ਡਾਂਸ ਸਕੂਲ ਖੋਲ੍ਹ ਲੈਂਦੀਆਂ ਹਨ। ਉਸ ਇਲਾਕੇ ਵਿੱਚ ਸਿਰਫ਼ ਅੰਗਰੇਜ਼ ਹੀ ਜਾ ਸਕਦੇ ਹੁੰਦੇ ਹਨ ਤੇ ਭੂਰੇ, ਕਾਲੇ ਲੋਕਾਂ ਨੂੰ ਜਾਣ ਦੀ ਮਨਾਹੀ ਹੁੰਦੀ ਹੈ। 
ਰਣਧੀਰ ਗੋਰੇ ਫੌਜੀਆਂ ਦੇ ਮੁਕਾਬਲਤਨ ਵੱਧ ਸਿਆਣਾ, ਪੜ੍ਹਿਆ-ਲਿੱਖਿਆ, ਗੱਭਰੂ ਅਤੇ ਖੂਬਸੂਰਤ ਹੋਣ ਦੇ ਬਾਵਜੂਦ ਵੀ ਆਪਣੀ ਚਮੜੀ ਦੀ ਰੰਗਤ ਗੋਰੀ ਨਿਛੋਹ ਨਾ ਹੋਣ ਕਰਕੇ ਫੋਰਟ ਦੇ ਇਲਾਕੇ ਦੇ ਕਲੱਬਾਂ ਵਿੱਚ ਜਾਣ ਤੋਂ ਵਾਂਝਾ ਰਹਿ ਜਾਂਦਾ ਹੈ। ਜਿਸਦੇ ਕਾਰਨ ਉਸਦੀ ਸੇਜ ਸੁੰਨ੍ਹੀ ਹੋ ਜਾਂਦੀ ਹੈ ਤੇ ਕਈ-ਕਈ ਦਿਨ ਉਸਨੂੰ ਔਰਤ ਦੇ ਸਾਥ ਤੋਂ ਬਿਨਾਂ ਬਤੀਤ ਕਰਨੇ ਪੈਂਦੇ ਹਨ। ਕਾਮੁਕ ਚੇਸ਼ਟਾ ਉਸਨੂੰ ਸਤਾਉਂਦੀ ਰਹਿੰਦੀ ਹੈ। ਗੋਰਿਆਂ ਤੋਂ ਵੱਧ ਕਾਬਲ ਹੋਣ ਦੇ ਬਾਵਜੂਦ ਫੋਰਟ ਦੇ ਇਲਾਕੇ ਵਿੱਚ ਪ੍ਰਵੇਸ਼ ਨਾ ਕਰ ਸਕਣ ਦੇ ਰੰਗੀ ਵਿਤਕਰੇ ਦੀ ਘਟਨਾ ਉਸਦੇ ਜ਼ਿਹਨ ਵਿੱਚ ਡੂੰਘੀ ਉਤਰ ਜਾਂਦੀ ਹੈ ਤੇ ਇਸਦੇ ਸਿੱਟੇ ਵਜੋਂ ਅਵਚੇਤਨ ਤੌਰ ’ਤੇ ਉਹ ਗੋਰੇ ਰੰਗ ਨੂੰ ਨਫ਼ਰਤ ਅਤੇ ਕਾਲੇ ਰੰਗ ਨੂੰ ਮੁਹੱਬਤ ਕਰਨ ਲੱਗ ਜਾਂਦਾ ਹੈ।
  ਰਣਧੀਰ ਆਪਣੇ ਚੁਬਾਰੇ ਦੇ ਥੱਲੇ ਵਾਲੇ ਕਮਰੇ ਵਿੱਚ ਰਹਿਣ ਵਾਲੀ ਹੇਜ਼ਲ ਉੱਤੇ ਅਕਸਰ ਟਰਾਈਆਂ ਮਾਰਦਾ ਰਹਿੰਦਾ ਹੈ। ਪਰ ਉਹ ਆਕੜਕੰਨੀ ਹੇਜ਼ਲ ਉਸਨੂੰ ਨਖਰੇ ਦਿਖਾਉਂਦੀ ਹੁੰਦੀ ਹੈ। ਜਿਸਮਾਨੀ ਤੌਰ ’ਤੇ ਅਤ੍ਰਿਪਤ ਰਣਧੀਰ ਆਪਣੀ ਵਾਸਨਾ ਪੂਰਤੀ ਕਰਨ ਲਈ ਤਿਲਮਿਲਾ ਰਿਹਾ ਹੁੰਦਾ ਹੈ। ਕਾਮ ਭੁੱਖ ਉਸਨੂੰ ਸਤਾ ਰਹੀ ਹੁੰਦੀ ਹੈ।  ਕਿਉਂਕਿ ਉਸਦੇ ਕਈ ਦਿਹਾੜੇ ਸੁੱਕੇ ਲੰਘੇ ਹੁੰਦੇ ਹਨ। 
ਬੇਜ਼ਾਰ ਹੋਇਆ ਉਹ ਬਾਲਕੋਨੀ ਵਿੱਚ ਜਾ ਖੜਦਾ ਹੈ। ਬਾਰਿਸ਼ ਹੋ ਰਹੀ ਹੁੰਦੀ ਹੈ। ਸਾਹਮਣੇ ਸੜਕ ’ਤੇ ਇਮਲੀ ਦੇ ਦਰੱਖਤ ਥੱਲੇ ਇੱਕ ਪਹਾੜਨ ਕੁੜੀ, ਜੋ ਨੇੜੇ ਦੇ ਰੱਸੀਆਂ ਦੇ ਕਾਰਖਾਨੇ ਵਿੱਚ ਕੰਮ ਕਰਦੀ ਸੀ। ਮੀਂਹ ਤੋਂ ਬਚਣ ਲਈ ਖੜ੍ਹੀ ਹੁੰਦੀ ਹੈ। ਹੇਜਲ ਤੋਂ ਬਦਲਾ ਲੈਣ ਲਈ ਰਣਧੀਰ ਪਹਾੜਨ ਨੂੰ ਖੰਘੂਰੇ ਮਾਰ-ਮਾਰ ਉੱਪਰ ਬੁਲਾ ਲੈਂਦਾ ਹੈ। ਉਸਦੇ ਕੱਪੜੇ ਭਿੱਜੇ ਦੇਖ ਕੇ ਉਸਨੂੰ ਕੱਪੜੇ ਬਦਲਣ ਲਈ ਆਪਣੇ ਲੀੜੇ ਦੇ ਦਿੰਦਾ ਹੈ। ਉਹ ਲਹਿੰਗਾ ਉਤਾਰ ਕੇ ਰਣਧੀਰ ਦੀ ਧੋਤੀ ਪਹਿਨ ਲੈਂਦੀ ਹੈ। ਫਿਰ ਉਹ ਚੋਲੀ ਉਤਾਰਨ ਲਈ ਚੋਲੀ ਦੇ ਦੋ ਸਿਰਿਆਂ ਦੀ ਗੱਠ (ਜੋ ਉਸਨੇ ਆਪਣੀ ਛਾਤੀ ਉੱਤੇ ਦਿੱਤੀ ਹੁੰਦੀ ਹੈ) ਖੋਲ੍ਹਣ ਦਾ ਯਤਨ ਕਰਦੀ ਹੈ। ਪਰ ਉਸਤੋਂ ਗੱਠ ਨਹੀਂ ਖੁੱਲ੍ਹਦੀ। ਚੂੰਕਿ ਭਿੱਜਣ ਨਾਲ ਪਿੱਚੀ ਗਈ ਹੁੰਦੀ ਹੈ। ਉਹ ਮਦਦ ਲਈ ਰਣਧੀਰ ਨੂੰ ਆਖਦੀ ਹੈ। ਰਣਧੀਰ ਜ਼ੋਰਦਾਰ ਝਟਕਾ ਮਾਰ ਕੇ ਗੱਠ ਖੋਲ੍ਹ ਦਿੰਦਾ ਹੈ ਤੇ ਦੋ ਧੜਕਦੇ ਸੁਰਮੇ ਰੰਗੇ ਸਤਨ ਪ੍ਰਗਟ ਹੋ ਕੇ ਰਣਧੀਰ ਦੇ ਹੱਥਾਂ  ਵਿੱਚ ਆ ਜਾਂਦੇ ਹਨ। ਉਥੇ ਮੰਟੋ ਨੇ ਜੋ ਸੱਤਰਾਂ ਲਿੱਖੀਆਂ ਹਨ, ਉਹਨਾਂ ਦਾ ਅਨੁਵਾਦ ਕਾਬਲ-ਏ-ਗੌਰ ਹੈ:- ਪਲ ਭਰ ਦੇ ਲਈ ਰਣਧੀਰ ਨੇ ਸੋਚਿਆ ਕਿ ਉਸਦੇ ਆਪਣੇ ਹੱਥਾਂ ਨੇ ਉਸ ਘਾਟਨ ਲੌਂਡੀ ਦੇ ਸੀਨੇ ਉੱਤੇ ਨਰਮ ਨਰਮ ਗੁੰਨ੍ਹੀ ਹੋਈ ਮਿੱਟੀ ਨੂੰ ਬੁਹਾਰ ਕੇ ਘੁਮਿਆਰ ਦੀ ਤਰ੍ਹਾਂ ਦੋ ਪਿਆਲੀਆਂ ਦੀ ਸ਼ਕਲ ਬਣਾ ਦਿੱਤੀ। ਉਸਦੀਆਂ ਸਿਹਤਮੰਦ ਛਾਤੀਆਂ ਵਿੱਚ ਉਹੀ ਗੁਦਗਦਾਹਟ, ਉਹੀ ਧੜਕਣ, ਉਹੀ ਗੋਲਾਈ, ਉਹੀ ਗਰਮ-ਗਰਮ ਠੰਡਕ ਸੀ, ਜੋ ਘੁਮਿਆਰ ਦੇ ਹੱਥਾਂ ਚੋਂ, ਨਿਕਲੇ ਹੋਏ ਤਾਜ਼ੇ ਬਰਤਨਾਂ ਵਿੱਚ ਹੁੰਦੀ ਹੈ। 
ਜ਼ਰਾ ਗੌਰ ਫਰਮਾਉਣਾ? ਗਰਮ-ਗਰਮ ਠੰਡਕ! ਵਾਹ! ਕਿਆ ਖੂਬਸੂਰਤ ਤਸ਼ਬੀਹ ਹੈ। ਅੱਗੇ ਚੱਲ ਕੇ ਮੰਟੋ ਇੱਕ ਹੋਰ ਹੁਸੀਨ ਅਲੰਕਾਰ ਵਰਤਦਾ ਹੈ, ਉਸਦੇ ਸੀਨੇ ਉੱਤੇ ਇਹ ਉਭਾਰ ਦੋ ਦੀਵੇ ਮਾਲੂਮ ਹੁੰਦੇ ਸਨ। ਜੋ ਤਲਾਬ ਦੇ ਗੰਦਲੇ ਪਾਣੀ ਉੱਤੇ ਜਲ ਰਹੇ ਸਨ।
ਫਿਰ ਉਹ ਮੂੰਹੋਂ ਇੱਕ ਵੀ ਸ਼ਬਦ ਨਹੀਂ ਬੋਲਦੇ ਤੇ ਉਹਨਾਂ ਦੇ ਜਿਸਮ ਗੱਲਾਂ ਕਰਦੇ ਹਨ। ਦਿਨ ਭਰ ਪਹਾੜਨ ਲੜਕੀ ਅਤੇ ਰਣਧੀਰ ਇੱਕ ਦੂਜੇ ਵਿੱਚ ਗਡਮਡ ਹੋਏ ਰਹਿੰਦੇ ਹਨ। ਰਣਧੀਰ ਨੂੰ ਉਸਦੇ ਮਿਹਨਤਕਸ਼ ਜਿਸਮ ਦੀ ਬੂ ਵੀ ਇਤਰ ਦੀਆਂ ਖਸ਼ਬੋਆਂ ਤੋਂ ਬੇਹਤਰ ਜਾਪਦੀ ਹੈ। ਸਾਰਾ ਦਿਨ, ਸਾਰੀ ਰਾਤ ਉਹ ਪਹਾੜਨ ਨਾਲ ਚਿੰਬੜਿਆ ਰਹਿੰਦਾ ਹੈ ਤੇ ਬੂ ਨੂੰ ਮਾਣਦਾ ਰਹਿੰਦਾ ਹੈ। ਉਸ ਲੜਕੀ ਨਾਲ ਬਤੀਤ ਕੀਤੇ ਲਮਹੇ ਰਣਧੀਰ ਲਈ ਤਵਾਰਿਖੀ ਪਲ ਹੋ ਨਿਬੜਦੇ ਹਨ। 
ਉਸ ਦਿਨ ਤੋਂ ਮਗਰੋਂ ਰਣਧੀਰ ਅਨੇਕਾਂ ਹੁਸੀਨ ਤੋਂ ਹੁਸੀਨ ਅਤੇ ਗੋਰੀਆਂ ਲੜਕੀਆਂ ਨਾਲ ਹਮਬਿਸਤਰ ਹੁੰਦਾ ਹੈ। ਪਰ ਉਸਨੂੰ ਉਹਨਾਂ ਵਿੱਚ ਉਹ ਮਜ਼ਾ ਨਹੀਂ ਆਉਂਦਾ, ਜੋ ਪਹਾੜਨ ਉਸਨੂੰ ਦੇ ਕੇ ਗਈ ਹੁੰਦੀ ਹੈ। ਮੁੜ ਰਣਧੀਰ ਨੂੰ ਉਹ ਬੂ (ਸੈਕਸ ਸਮੈਲ) ਸੁੰਘਣ ਨੂੰ ਨਹੀਂ ਮਿਲਦੀ।
ਫਿਰ ਰਣਧੀਰ ਦਾ ਵਿਆਹ ਹੋ ਜਾਂਦਾ ਹੈ ਤੇ ਆਪਣੀ ਸੁਹਾਗਰਾਤ ਨੂੰ ਉਹ ਆਪਣੀ ਬੀ ਏ ਪਾਸ, ਅਮੀਰ ਤੇ ਖੂਬਸੂਰਤ ਪਤਨੀ ਦੇ ਮਹਿਕਦੇ ਸ਼ਰੀਰ ਚੋਂ ਬੂ ਤਲਾਸ਼ ਕਰਦਾ ਹੈ। ਪਰ ਉਹ ਬੂ ਉਸਨੂੰ ਨਹੀਂ ਲੱਭਦੀ। ਰਣਧੀਰ ਨੂੰ ਬੂ ਕਾਲੇ ਰੰਗ ਚੋਂ ਨਹੀਂ ਬਲਕਿ ਗੋਰੇ ਚੋਂ ਆਉਂਦੀ ਹੈ। 
ਕਹਾਣੀ ਵਿੱਚ ਮੰਟੋ ਨੇ ਰੁੱਖ ਦੇ ਪੱਤਿਆਂ ਤੇ ਬਾਰਿਸ਼ ਦੀਆਂ ਬੂੰਦਾਂ ਪੈਣ ਦਾ ਪ੍ਰਤੀਕ ਕਈ ਵਾਰ ਵਰਤਿਆਂ ਹੈ। ਇਸੇ ਪ੍ਰਤੀਕ ਤੋਂ ਹੀ ਕਹਾਣੀ ਦੀ ਇਬਤਦਾ ਹੁੰਦੀ ਹੈ। ਮੀਂਹ ਦੇ ਪਾਣੀ ਵਿੱਚ ਦਰੱਖਤ ਦੇ ਪੱਤਿਆਂ ਦੇ ਭਿੱਜਣ ਦਾ ਅਰਥ ਹੈ ਕਿ ਜ਼ਰੂਰੀ ਨਹੀਂ ਕਿ ਪਾਣੀ ਦੀ ਹਰ ਬੂੰਦ ਹਰ ਪੱਤੇ ਨੂੰ ਭਿਉਂ ਦੇਵੇ। ਕੁੱਝ ਪੱਤੇ ਮੋਹਲੇਧਾਰ ਮੀਂਹ ਪੈਣ ਦੇ ਬਾਵਜੂਦ ਵੀ ਸੁੱਕੇ ਰਹਿ ਜਾਂਦੇ ਹਨ। ਤੇ ਕੋਈ ਕੋਈ ਬੂੰਦ ਅਜਿਹੀ  ਹੁੰਦੀ ਹੈ ਜੋ ਇਕੱਲੀ ਹੀ ਪੱਤੇ ਨੂੰ ਗੱਚ ਕਰ ਜਾਂਦੀ ਹੈ। ਜਿਵੇਂ  ਕਿ ਰਣਧੀਰ ਦੀ ਜ਼ਿੰਦਗੀ ਵਿੱਚ ਆਈਆਂ ਤਮਾਮ ਔਰਤਾਂ ਉਸਦੇ ਮਨ ਨੂੰ ਛੁਹ ਨਹੀਂ ਸਕਦੀਆਂ ਦੇ ਪਹਾੜਨ ਉਸਦੀ ਆਤਮਾਂ ਨੂੰ ਨਾਗਵਲ ਮਾਰ ਜਾਂਦੀ ਹੈ।
ਇੰਝ ਮੰਟੋ ਇਸ ਉਪਰੋਕਤ ਕਹਾਣੀ ਜ਼ਰੀਏ ਇੰਨਸਾਨ ਦੀ ਨੈਗਿਟਵ ਸੋਚ ਨੂੰ ਕੇਵਲ ਪੌਜੇਟਿਵ ਵਿੱਚ ਤਬਦੀਲ ਕਰਨ ਦਾ ਯਤਨ ਹੀ ਨਹੀਂ ਕਰਦਾ, ਸਗੋਂ ਮਨੋਵਿਗਿਆਨਕ ਅਪਰੋਚ ਅਪਨਾਉਂਦਾ ਹੋਇਆ ਕਾਮ ਅਤੇ ਨਸਲਵਾਦ ਦੀ ਸਮੱਸਿਆ ਨਾਲ ਇੱਕੋ ਵੇਲੇ ਨਿਪਟਦਾ ਹੈ। ਇਸ ਕਹਾਣੀ ਨੂੰ ਪੜ੍ਹ ਕੇ ਮੈਂ ਦੰਗ ਰਹਿ ਗਿਆ ਤੇ ਮੈਨੂੰ ਅਹਿਸਾਸ ਹੋਇਆ ਕਿ ਮਹਿਜ਼ ਉਰਦੂ ਸ਼ਾਇਰੀ ਹੀ ਨਹੀਂ, ਬਲਕਿ ਉਰਦੂ ਗਲਪ ਵੀ ਸਾਡੇ ਪੰਜਾਬੀ ਸਾਹਿਤ ਨਾਲੋਂ ਕਈ ਕਦਮ ਅੱਗੇ ਹੈ।  ਇਸ ਸਾਹਿਤਕ ਸ਼ਾਹਕਾਰ ਕਹਾਣੀ ਨੂੰ ਪੜ੍ਹਣ ਬਾਅਦ ਮੰਟੋ ਦੀ ਕਹਾਣੀ ਕਲਾ ਦੀ ਬੂ (ਜੋ ਸਦੈਵ ਖੁਸ਼ਬੂ ਤੋਂ ਤੀਖਣ ਹੁੰਦੀ ਹੈ।) ਮੇਰੇ ਧੁਰ ਅੰਦਰ ਤੱਕ ਉਤਰ ਗਈ ਸੀ। ਜਿਸਦੇ ਪ੍ਰਣਾਮਸਰੂਪ ਮੈਂ ਇਸ  ਕਹਾਣੀ ਦਾ ਅਨੁਵਾਦ ਪੜ੍ਹਨ ਤੋਂ ਅਗਲੇ ਹੀ ਦਿਨ ਉਰਦੂ ਸਿਖਣੀ ਸ਼ੁਰੂ ਕਰ ਦਿੱਤੀ।
ਚੰਡੀਗੜ੍ਹ ਜਾਂ ਦਿੱਲੀ ਦੇ ਏ ਸੀ ਲੱਗੇ ਕਮਰਿਆਂ ਵਿੱਚ ਬੈਠ ਕੇ ਪੰਜਾਬ ਦੇ ਖੇਤਾਂ ਵਿੱਚ ਖੂਨ-ਪਸੀਨਾ ਵਹਾ ਰਹੇ ਕਾਮਿਆਂ ਦੀਆਂ ਕਹਾਣੀਆਂ ਲਿਖਣ ਵਾਲੇ ਅਡੰਬਰੀ ਅਤੇ ਕਾਗਜ਼ੀ ਲੇਖਕਾਂ ਵਰਗਾ ਨਹੀਂ ਸੀ ਮੰਟੋ। ਉਹ ਯਥਾਰਥਵਾਦੀ ਅਤੇ ਮਿਹਨਤੀ ਕਲਮਕਾਰ ਸੀ। ਉਹ ਕਹਾਣੀ ਲਿਖਣ ਲਈ ਆਪਣੇ ਪਾਤਰਾਂ ਵਿੱਚ ਵਿਚਰਦਾ ਅਤੇ ਉਹਨਾਂ ਦੇ ਅੰਗ-ਸੰਗ ਜਿਉਂਦਾ ਸੀ। ਕਾਲੀ ਸਲਵਾਰ ਵਰਗੀਆਂ ਵੇਸਵਾਂ ਦੇ ਜੀਵਨ ਉੱਤੇ ਅਧਾਰਤ ਕਹਾਣੀਆਂ ਲਿਖਣ ਲਈ ਉਹ ਲਾਹੌਰ ਦੀ ਹੀਰਾ ਮੰਡੀ ਦੀਆਂ ਰੰਡੀਆਂ, ਦਿੱਲੀ ਦੀਆਂ ਵੇਸਵਾਂ ਅਤੇ ਬੰਬਈ ਦੀਆਂ ਤਵਾਇਵਾਂ ਦੇ ਕੋਠਿਆਂ ਤੇ ਸ਼ਿਰਕਤਫਰਮਾਨ ਹੁੰਦਾ ਰਿਹਾ। ਕਈ-ਕਈ ਮਹੀਨੇ ਉਹਨਾਂ ਦੇ ਮੁਜ਼ਰੇ ਦੇਖਣ ਅਤੇ ਸੁਣਨ ਜਾਂਦਾ ਰਿਹਾ। ਉਹਨਾਂ ਦੇ ਚਕਲਿਆਂ, ਭੜੂਏਆਂ ਅਤੇ ਦਲਾਲ ਨਾਲ ਤਾਲਮੇਲ ਰੱਖਦਾ ਰਿਹਾ। ਕਾਲੀ ਸਲਵਾਰ ਦੀ ਨਾਇਕਾ ਸੁਲਤਾਨਾ ਦਿੱਲੀ ਦੇ ਅਜਮੇਰੀ ਗੇਟ ਦੇ ਬਾਹਰ ਜੀ ਬੀ ਰੋਡ ਉੱਤੇ ਇੱਕ ਕੋਠੇ ਵਿੱਚ ਰਹਿੰਦੀ ਇੱਕ ਵੇਸਵਾ ਸੀ। ਜਿਸ ਨਾਲ ਮੰਟੋ ਬਹੁਤ ਦੇਰ ਤੱਕ ਬਾਵਸਤਾ ਰਿਹਾ। ਇਸੇ ਲਈ ਕਾਲੀ ਸਲਵਾਰ ਕਹਾਣੀ ਵਿੱਚ ਉਹ ਵੇਸਵਾਂ ਦੇ ਜੀਵਨ ਦਾ ਸੰਜੀਵ ਚਿਤਰਣ ਕਰ ਸਕਣ ਵਿੱਚ ਕਾਮਯਾਬ ਹੋਇਆ ਹੈ। 
ਕਹਾਣੀ ਅਨੁਸਾਰ ਸੁਲਤਾਨਾ ਆਪਣੇ ਫੋਟੋਗਰਾਫਰ ਯਾਰ ਖੁਦਾਬਖਸ਼ ਨਾਲ ਅੰਬਾਲੇ ਰਹਿੰਦੀ ਹੁੰਦੀ ਹੈ। ਉਥੇ ਉਸ ਕੋਲ ਛਾਉਣੀ ਦੇ ਅੰਗਰੇਜ਼ ਗਾਹਕ ਆਉਂਦੇ ਰਹਿੰਦੇ ਹਨ ਅਤੇ ਉਸਦਾ ਧੰਦਾ ਖੂਬ ਚਲਦਾ ਹੈ। ਉਹ ਨੋਟਾਂ ਵਿੱਚ ਖੇਡਦੀ ਹੈ। ਫਿਰ ਖੁਦਾਬਖਸ਼ ਉਸਨੂੰ ਲੈ ਕੇ ਦਿੱਲੀ ਆ ਵਸਦਾ ਹੈ। ਜਿੱਥੇ ਆ ਕੇ ਉਸਦਾ ਧੰਦਾ ਢਿੱਲਾ ਪੈ ਜਾਂਦਾ ਹੈ। ਇਹਨਾਂ ਮੰਦਹਾਲੀ ਦੇ ਦਿਨ ਵਿੱਚ ਸੁਲਤਾਨਾ ਸ਼ੰਕਰ ਨਾਮ ਦੇ ਇੱਕ ਹੋਰ ਵਿਅਕਤੀ ਉੱਤੇ ਫਿਦਾ ਹੋ ਜਾਂਦੀ ਹੈ। ਮੁਹੱਰਮ ਨਜ਼ਦੀਕ ਆ ਰਹੀ ਹੁੰਦੀ ਹੈ। ਸੁਲਤਾਨਾ ਨੂੰ ਉਸ ਖਾਸ ਮੌਕੇ ਤੇ ਪਹਿਨਣ ਲਈ ਆਪਣੀ ਸਹੇਲੀ ਅਨਵਰੀ ਵਰਗੀ ਕਾਲੀ ਸਲਵਾਰ ਚਾਹੀਦੀ ਹੁੰਦੀ ਹੈ। ਪਰ ਉਹ ਖਰੀਦਣ ਤੋਂ ਅਸਮਰਥ ਹੁੰਦੀ ਹੈ। ਉਹ ਸ਼ੰਕਰ ਕੋਲ ਕਾਲੀ ਸਲਵਾਰ ਦੀ ਫਰਮਾਇਸ਼ ਕਰਦੀ ਹੈ। ਸ਼ੰਕਰ ਉਸਦੇ ਬੁੰਦੇ ਠੱਗ ਕੇ ਲੈ ਜਾਂਦਾ ਹੈ ਤੇ ਉਹ ਅਨਵਰੀ ਨੂੰ ਦੇ ਕੇ ਉਹਨਾਂ ਬਦਲੇ ਉਸਦੀ ਸਲਵਾਰ ਸੁਲਤਾਨਾ ਨੂੰ ਲਿਆ ਕੇ ਦੇ ਦਿੰਦਾ ਹੈ। ਅਨਵਰੀ ਨੂੰ ਬੁੰਦੇ ਚਾਹੀਦੇ ਹੁੰਦੇ ਹਨ ਤੇ ਸੁਲਤਾਨਾ ਨੂੰ ਸਲਵਾਰ। ਕਾਲੀ ਸਲਵਾਰ ਤਾਂ ਮਹਿਜ਼ ਇਸ ਕਹਾਣੀ ਵਿੱਚ ਇੱਕ ਪ੍ਰਤੀਕ ਹੈ। ਔਰਤ ਦੀਆਂ ਖੁਆਇਸ਼ਾਂ ਦਾ। ਔਰਤ ਦੀਆਂ ਸੱਧਰਾਂ ਦਾ ਅਤੇ ਉਸ ਦੀ ਚਾਹਤ ਅਤੇ ਹਸਰਤਾਂ ਦਾ। ਇਸ ਕਹਾਣੀ ਰਾਹੀਂ ਮੰਟੋ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਹਰ ਔਰਤ ਵੇਸਵਾਂ ਨਹੀਂ ਹੁੰਦੀ, ਮਗਰ ਹਰ ਵੇਸਵਾ ਇੱਕ ਔਰਤ ਹੁੰਦੀ ਹੈ। ਤੇ ਹਰ ਔਰਤ ਮਰਦ ਨਾਲ ਘਰ ਵਸਾਉਣਾ ਚਾਹੁੰਦੀ ਹੁੰਦੀ ਹੈ। ਕਾਲੀ ਸਲਵਾਰ ਇਸੇ ਦੀ ਸੂਚਕ ਹੈ।
ਠੰਡਾ ਗੋਸ਼ਤ ਕਥਾ ਦੇ ਨਾਇਕ ਈਸ਼ਰ ਸਿੰਘ ਦੇ ਕਲਵੰਤ ਕੌਰ ਨਾਲ ਦਹਿਕਦੇ ਸ਼ਰੀਰਕ ਸੰਬੰਧ ਹੁੰਦੇ ਹਨ। ਉਹ ਕਲਵੰਤ ਕੌਰ ਨਾਲ ਹੋਟਲ ਵਿੱਚ ਕਮਰਾ ਕਿਰਾਏ ਤੇ ਲੈ ਕੇ ਰਹਿ ਰਿਹਾ ਹੁੰਦਾ ਹੈ। ਦੰਗਿਆਂ ਦੌਰਾਨ ਈਸਰ ਸਿੰਘ ਲੋਕਾਂ ਦੀ ਧਨ-ਸੰਪਤੀ ਲੁੱਟ ਕੇ ਲਿਆਉਂਦਾ ਹੁੰਦਾ ਹੈ। ਇੱਕ ਦਿਨ ਉਹ ਲੁੱਟ-ਖੋਹ ਕਰਨ ਗਿਆ ਕਾਫ਼ੀ ਦਿਨਾਂ ਦੇ ਵਕਫੇ ਬਾਅਦ ਕਲਵੰਤ ਕੌਰ ਨੂੰ ਮਿਲਦਾ ਹੈ। ਬਿਰਹਾਕੁਠੀ ਕਲਵੰਤ ਕੌਰ ਉਸਨੂੰ ਪਾਉਣ ਲਈ ਤੜਫੀ ਪਈ ਹੁੰਦੀ ਹੈ। ਉਹ ਵਾਰ-ਵਾਰ ਈਸ਼ਰ ਸਿੰਘ ਨੂੰ ਸੈਕਸ ਕਰਨ ਲਈ ਆਖਦੀ ਹੈ। ਉਕਸਾਉਂਦੀ ਹੈ। ਪਰ ਈਸ਼ਰ ਸਿੰਘ ਠੰਡਾ ਗੋਸ਼ਤ ਬਣਿਆ ਰਹਿੰਦਾ ਹੈ। ਉਸ ਤੋਂ ਗਰਮੀ ਨਹੀਂ ਫੜ੍ਹ ਹੁੰਦੀ। ਕਿਉਂਕਿ ਉਸਦਾ ਜ਼ਿਹਨ ਠਰ ਗਿਆ ਹੁੰਦਾ ਹੈ। ਸੁੰਨ੍ਹ ਹੋ ਗਿਆ ਹੁੰਦਾ ਹੈ। 
ਵਸਤਰ ਉਤਾਰੀ ਬੈਠੀ ਕਲਵੰਤ ਕੌਰ ਈਸਰ ਸਿੰਘ ਨੂੰ ਉਸਦੇ ਮੱਘਦੇ ਲਾਵੇ ਤੋਂ ਠੰਡਾ ਗੋਸ਼ਤ ਬਣਨ ਦਾ ਕਾਰਨ ਪੁੱਛਦੀ ਹੈ। ਉਹ ਦੱਸਦਾ ਹੈ ਕਿ ਉਸਨੇ ਇੱਕ ਮਕਾਨ ਉੱਪਰ ਧਾਵਾ ਬੋਲਿਆ। ਉਥੇ ਛੇ ਆਦਮੀ ਅਤੇ ਇੱਕ ਲੜਕੀ ਸੀ। ਆਦਮੀਆਂ ਨੂੰ ਉਸਨੇ ਕਿਰਪਾਨ ਨਾਲ ਵੱਢ ਦਿੱਤਾ। ਪਰ ਲੜਕੀ ਨੂੰ ਚੁੱਕ ਕੇ ਲੈ ਗਿਆ। ਲੜਕੀ ਜਵਾਨ ਅਤੇ ਸੋਹਣੀ ਸੀ। ਉਸਨੇ ਮਾਰਨ ਦੀ ਬਜਾਏ ਉਸ ਨਾਲ ਸੰਭੋਗ ਕਰਨ ਦੀ ਸੋਚੀ। ਈਸਰ ਸਿੰਘ ਉਸਨੂੰ ਝਾੜੀਆਂ ਵਿੱਚ ਲਿਟਾ ਕੇ ਆਪਣਾ ਪੱਤਾ ਸਿੱਟਦਾ ਹੈ! 
ਲੜਕੀ ਵੱਲੋਂ ਕੋਈ ਪ੍ਰਤਿਕ੍ਰਮ ਨਹੀਂ ਹੁੰਦਾ। ਉਸਦਾ ਜਿਸਮ ਬੇਹਰਕਤ ਹੁੰਦਾ ਹੈ।  ਉਹਦੀ ਸਾਹ ਰਗ ਬੰਦ ਅਤੇ ਉਸਦਾ ਗੋਸ਼ਤ ਠੰਡਾ ਹੋ ਚੁੱਕਿਆ  ਹੁੰਦਾ ਹੈ। 
ਜਿਨ੍ਹਾਂ ਛੇ ਆਦਮੀਆਂ ਨੂੰ ਈਸਰ ਸਿੰਘ ਨੇ  ਮੌਤ ਦੀ ਘਾਟ ਉਤਾਰਿਆ ਹੁੰਦਾ ਹੈ, ਉਹ ਅਸਲ ਵਿੱਚ ਮੁਸਲਮਾਨ ਦੰਗਾਕਾਰੀ ਹੁੰਦੇ ਹਨ ਅਤੇ ਲੜਕੀ ਸਿੱਖ। ਕਈ ਦਿਨ ਉਹਨਾਂ ਬਲਾਤਕਾਰੀਆਂ ਦੀ ਹਵਸ ਦਾ ਸ਼ਿਕਾਰ ਹੁੰਦੀ ਰਹਿਣ ਬਾਅਦ ਜਦੋਂ ਲੜਕੀ ਈਸਰ ਸਿੰਘ ਤੱਕ ਪਹੁੰਚਦੀ ਹੈ ਤਾਂ ਉਸਦੀ ਹਾਲਤ ਐਨੀ ਬਦਤਰ ਹੋ ਚੁੱਕੀ ਹੁੰਦੀ ਹੈ ਕਿ ਉਸ ਵਿੱਚ ਹੋਰ ਜਬਰ ਸਹਿਣ ਕਰਨ ਦੀ ਸਮਰੱਥਾ ਅਤੇ ਸ਼ਕਤੀ ਬਾਕੀ ਨਹੀਂ ਰਹਿੰਦੀ। ਉਹ ਅਸਹਿ ਸਦਮੇ ਨਾਲ ਪ੍ਰਾਣ ਤਿਆਗ ਦਿੰਦੀ ਹੈ। ਇਸ ਘਟਨਾ ਨੂੰ ਕਲਵੰਤ ਕੌਰ ਕੋਲ ਬਿਆਨ ਕਰਦਿਆਂ ਈਸਰ ਸਿੰਘ ਦਾ ਗੋਸ਼ਤ ਠੰਡਾ ਹੋ ਜਾਂਦਾ ਹੈ। ਇੱਥੇ ਹੀ ਬਸ ਨਹੀਂ ਇੰਨਸਾਨੀ ਹੈਵਾਨੀਅਤ ਨੂੰ ਨੰਗਾ ਕਰਦੀ ਇਸ ਕਹਾਣੀ ਦਾ ਅੰਤ ਪੜ੍ਹ ਕੇ ਪਾਠਕ ਵੀ ਠਰ ਜਾਂਦਾ ਹੈ। ਉਸਦਾ ਗੋਸ਼ਤ ਵੀ ਠੰਡਾ, ਇੱਕਦਮ ਯਖ ਹੋ ਜਾਂਦਾ ਹੈ।
ਠੰਡਾ ਗੋਸ਼ਤ ਵਰਗੀ ਸ਼ਸ਼ੱਕਤ ਕਹਾਣੀ ਨੂੰ ਪਾਕਸਤਾਨੀ ਕਾਨੂੰਨ ਨੇ ਉਸ ਵੇਲੇ ਤੱਕ ਦੀ ਸਭ ਤੋਂ ਅਸ਼ਲੀਲ ਕਹਾਣੀ ਗਰਦਾਨਿਆ ਸੀ।  ਇਸ ਕਹਾਣੀ ਦੀ ਸਿਰਜਣਾ ਕਰਨ ਦੇ ਦੋਸ਼ ਅਧੀਨ ਨਿੱਚਲੀ ਅਦਾਲਤ ਨੇ ਮੰਟੋ ਨੂੰ ਸਜ਼ਾ ਦਿੱਤੀ। ਸੈਸ਼ਨ ਕੋਰਨ ਨੇ ਉਹਨੂੰ ਬਰੀ ਕਰ ਦਿੱਤਾ। ਹਕੂਮਤ ਨੇ ਮੰਟੋ ਨੂੰ ਹਾਈ ਕੋਰਟ ਵਿਚ ਖਿੱਚ ਲਿਆ। ਹਾਈਕੋਰਟ ਨੇ ਥੱਲੜੀ ਅਦਾਲਤ ਵਾਲੇ ਫੈਸਲੇ ਨੂੰ ਬਰਕਰਾਰ ਰੱਖਦਿਆਂ ਮੰਟੋ ਦੀ ਸਜ਼ਾ ਵਿੱਚ ਵਾਧਾ ਕਰ ਦਿੱਤਾ। ਮਾਮਲਾ ਹੋਰ ਉੱਪਰ ਚਲਿਆ ਗਿਆ। ਠੰਡਾ ਗੋਸ਼ਤ ਵਿੱਚ ਮੰਟੋ ਕਲਵੰਤ ਕੌਰ ਦੇ ਨਕਸ਼ਾਂ ਅਤੇ ਅੰਗਾਂ ਦਾ ਵਰਣਨ ਕਰਕੇ ਉਸਦੀ ਸ਼ਖਸੀਅਤ ਨੂੰ ਉਭਾਰਦਾ ਹੈ। ਕਲਵੰਤ ਕੌਰ ਦੀ ਸ਼ਰੀਰਕ ਦਿੱਖ ਦਾ ਚਿਤਰਨ ਕਰਦਾ ਹੋਇਆ ਉਹ ਕਲਵੰਤ ਕੌਰ ਦੇ ਨਿਤੰਬਾਂ ਅਤੇ ਛਾਤੀ ਉੱਤੇ ਚੜ੍ਹੇ ਹੋਏ ਗੋਸ਼ਤ ਦਾ ਜ਼ਿਕਰ ਕਰਦਾ ਹੋਇਆ ਸਪਸ਼ਟ ਕਰਦਾ ਹੈ ਕਿ ਉਹ ਹੱਡਾਂ-ਪੈਰਾਂ ਦੀ ਖੁੱਲੀ, ਇੱਕ ਹੁੰਦੜ-ਹੇਲ ਜਨਾਨੀ ਸੀ। ਬਸ ਇੱਥੇ ਹੀ ਵਰਤੇ ਗਏ ਕੁੱਝ ਸ਼ਬਦਾਂ ਤੇ ਇਤਰਾਜ਼ ਉਠਣ ਤੇ ਮੰਟੋ ਨੇ ਦਲੀਲ ਦਿੱਤੀ ਕਿ ਅਸੀਂ ਕਹਾਣੀ ਵਿੱਚ ਔਰਤ ਦੀ ਛਾਤੀ ਦਾ ਜ਼ਿਕਰ ਕਰਨਾ ਹੈ। ਹੁਣ ਜੇ ਆਰੂਜ਼ ਲਈ ਬਣੇ ਅਸਲ ਸ਼ਬਦ ਨੂੰ ਨਾ ਵਰਤੀਏ ਤਾਂ ਕੀ ਉਸਦੀ ਜਗ੍ਹਾ ਔਰਤ ਦੇ ਸਤਨਾਂ ਨੂੰ ਮੇਜ਼ ਲਿੱਖਿਆ ਕਰੀਏ, ਕੁਰਸੀ ਜਾਂ ਮੁੰਗਫਲੀ ਦਾ ਢੇਰ? 
ਜੱਜ ਨਿਰਉੱਤਰ ਅਤੇ ਮੰਟੋ ਦੀ ਦਲੀਲ ਦਾ ਕਾਇਲ ਹੋ ਗਿਆ ਸੀ। ਉਸਨੇ ਮੰਟੋ ਨੂੰ ਨਿਰਦੋਸ਼ ਕਰਾਰ ਦਿੰਦਿਆਂ ਸਜਾ ਮੁਕਤ ਕਰ ਦਿੱਤਾ ਸੀ। ਮੰਟੋ ਦਾ ਰਚਿਆ ਸਾਹਿਤ ਅਸ਼ਲੀਲ ਲਿਖਣ ਵਾਲੇ ਤਮਾਮ ਲਿਖਾਰੀਆਂ ਵਿੱਚੋਂ ਸਭ ਨਾਲੋਂ ਸਾਫ਼-ਸੁਥਰਾ ਹੈ। ਉਹ ਅਤਿਸੰਵੇਦਨਸ਼ੀਲ, ਸੰਜੀਦਾ, ਵਿਲੱਖਣ ਅਤੇ ਮਾਨਵਵਾਦੀ ਸੁਰ ਦਾ ਸਾਹਿਤਕਾਰ ਸੀ। ਉਸਨੇ ਆਪਣੇ ਆਲੇ ਦੁਆਲੇ ਜੋ ਵੇਖਿਆ ਉਸਨੂੰ ਬੜੀ ਬੇਬਾਕੀ ਨਾਲ ਸਾਹਿਤ ਵਿੱਚ ਤਬਦੀਲ ਕੀਤਾ ਹੈ। ਉਹ ਮਨੋਵਿਗਿਆਨਕ ਕਥਾਕਾਰ ਸੀ ਤੇ ਉਸਨੇ ਆਪਣੀਆਂ ਕਹਾਣੀਆਂ ਵਿੱਚ ਕਿੱਧਰੇ ਵੀ ਦਿਮਾਗੀ ਸੋਸ਼ਣ(ਮਾਨਸਿਕ ਮੈਥੂਨ) ਦਾ ਪ੍ਰਦਰਸ਼ਨ ਨਹੀਂ ਕੀਤਾ। ਬਲਕਿ ਨਿਰੋਈਆਂ ਕਦਰਾਂ ਕੀਮਤਾਂ ਨੂੰ ਉਭਾਰਿਆ ਹੈ। 
ਦਿੱਲੀ, ਲਖਨਊ ਅਤੇ ਜਲੰਧਰ ਦੇ ਪ੍ਰਕਾਸ਼ਕ ਨਜਾਇਜ਼ ਢੰਗ ਨਾਲ ਮੰਟੋ ਦੀ ਇਜਾਜ਼ਤ ਤੋਂ ਬਿਨਾਂ ਉਸਦੀਆਂ ਕਿਤਾਬਾਂ ਛਾਪ-ਛਾਪ ਵੇਚਦੇ ਰਹੇ। ਦਿੱਲੀ ਦੇ ਇੱਕ  ਪਬਲੀਜ਼ਰ ਨੇ ਮੰਟੋ ਦੀ ਇੱਕ ਪੁਸਤਕ ਦਾ ਸਿਰਲੇਖ, ਮੰਟੋ ਕੇ ਫਾਹਸੀ ਅਫਸਾਨੇ। ਭਾਵ ਕਿ ਮੰਟੋ ਦੀਆਂ ਲੱਚਰ ਕਹਾਣੀਆਂ, ਰੱਖ ਕੇ ਬਹੁਤ ਪੈਸੇ ਕਮਾਏ ਸਨ।
ਮੰਟੋ ਹਿੱਪ-ਟੁੱਲਾ ਮਾਰਕਾ ਕਹਾਣੀਆਂ ਲਿਖਦਾ ਸੀ।1950 ਪਾਕਸਤਾਨੀ ਤਰੱਕੀ ਪਸੰਦ ਅਦੀਬਾਂ ਨੇ ਮੰਟੋ ਤੇ ਅਸ਼ਲੀਲ ਸਾਹਿਤਕਾਰ ਹੋਣ ਦਾ ਆਰੋਪ ਲਗਾ ਕੇ ਪਰਚਿਆਂ ਅਖਬਾਰਾਂ ਨੂੰ ਇੱਕ ਸਰਕੂਲਰ ਜਾਰੀ ਕੀਤਾ ਕਿ ਕੋਈ ਵੀ ਮੰਟੋ ਦੀ ਕਹਾਣੀ ਨਾ ਛਾਪੇ। ਇਹੀ ਸਰਕੂਲਰ ਦਿੱਲੀ ਵਿੱਚ ਵੀ ਘੁੰਮਿਆ। ਜਿਸ ਵਿੱਚ ਮੰਟੋ ਦੇ ਕੁੱਝ ਜਿਗਰੀ ਯਾਰ ਅਤੇ ਉਹ ਅਦੀਬ ਸਨ ਜੋ ਖੁਦ ਅਸ਼ਲੀਲ ਲਿਖਦੇ ਸਨ!
ਉਸ ਤੋਂ ਉਪਰੰਤ ਮੰਟੋ ਉੱਤੇ ਆਰਥਿਕ ਸੰਕਟ ਆ ਗਏ। ਉਹ ਸ਼ਰਾਬ ਦੀ ਬੋਤਲ ਬਦਲੇ ਕਹਾਣੀ ਲਿਖ ਕੇ ਦੇ ਦਿੰਦਾ। ਉਹ ਦਿਨ ਵਿੱਚ ਤਿੰਨ-ਤਿੰਨ ਚਾਰ-ਚਾਰ ਕਹਾਣੀਆਂ ਵੀ ਲਿਖ ਦਿੰਦਾ। ਸ਼ੇਵ ਕਰਦਾ-ਕਰਦਾ ਉਹ ਕਹਾਣੀ ਦਾ ਢਾਂਚਾ ਘੜ ਲੈਂਦਾ। ਮੰਟੋ ਦੀ ਹਾਲਤ ਦਿਨ-ਬ-ਦਿਨ ਖਸਤਾ ਹੁੰਦੀ ਚਲੀ ਗਈ। ਉਹ ਨੀਮ ਪਾਗਲ ਹੋ ਗਿਆ। ਇਲਾਜ਼ ਲਈ ਉਸਨੂੰ ਪਾਗਲਖਾਨੇ ਭਰਤੀ ਕਰਵਾਇਆ ਗਿਆ। ਪਰ ਫਿਰ ਵੀ ਉਸਦੇ ਅੰਦਰਲਾ ਕਹਾਣੀਕਾਰ ਨਹੀਂ ਮਰਿਆ। ਉਹਨੇ ਆਪਣੇ ਜਾਤੀ ਤਜ਼ਰਬਿਆਂ ਦੇ ਆਧਾਰ ਉੱਤੇ ਕਹਾਣੀ ਟੋਬਾ ਟੇਕ ਸਿੰਘ ਲਿਖੀ। ਜਿਸ ਵਿੱਚ ਉਸਨੇ ਸਿਆਸਤ ਉੱਤੇ ਤਿੱਖੇ-ਤਿੱਖੇ ਵਿਅੰਗ ਕੀਤੇ। ਪਾਗਲਾਂ ਦੀਆਂ ਗਤੀਵਿਧੀਆਂ ਅਤੇ ਹਰਕਤਾਂ ਰਾਹੀਂ ਕਪਟੀ ਰਾਜਨੀਤੀ ਉੱਤੇ ਬੜੇ ਹੀ ਚੋਭਮਈ ਡੰਗ ਚਲਾਏ ਹਨ। ਵਾਕ-ਵਾਕ ਤੇ ਕਟਾਖਸ਼ ਹੈ। ਕਹਾਣੀ ਵਿੱਚ ਪਾਤਰਾਂ ਦੀ ਨਿਮਨ ਚੇਤਨਾ ਧੁਨੀ ਮੰਤਰਾਂ ਰਾਹੀਂ ਉਘੜਦੀ ਹੈ। ਪਾਗਲਖਾਨੇ ਵਿੱਚ ਕੈਦ ਹਿੰਦੂ, ਸਿੱਖ ਅਤੇ ਮੁਸਲਮਾਨ ਪਾਤਰਾਂ ਨੂੰ ਪਾਕਿਸਤਾਨ ਬਣਨ ਤੇ ਹੈਰਤ ਹੁੰਦੀ ਹੈ। ਉਹ ਬਿਨਾਂ ਸਿਰ ਪੈਰ ਵਾਲੀਆਂ ਗੱਲਾਂ ਕਰਦੇ ਹੋਏ ਦਰੁਸਤ ਜ਼ਿਹਨ ਅਤੇ ਬੂਧੀਮਾਨ ਵਿਅਕਤੀਆਂ ਵਾਲਾ ਕਾਰ-ਵਿਹਾਰ ਕਰਦੇ ਹਨ। ਉਹਨਾਂ ਪਾਗਲਾਂ ਨੂੰ ਆਪਣੀ ਜੰਮਣ ਭੋਂ ਨਾਲ ਪਿਆਰ ਹੁੰਦਾ ਹੈ। ਮੰਟੋ ਵਿਸਫੋਟਕ ਅਤੇ ਕਰੁਣਾਮਈ ਕਲਾਇਮੈਕਸ ਦੇ ਕੇ ਅੰਤਮ ਸੱਤਰਾਂ ਚ ਬੜੀ ਹੁਨਰਮੰਦੀ ਨਾਲ ਕਹਾਣੀ ਨੂੰ ਸਮੇਟਦਾ ਹੈ ਤੇ ਲਿਖਦਾ ਹੈ, ਇੱਧਰ ਕੰਡੇਦਾਰ ਤਾਰਾਂ ਦੇ ਪਿੱਛੇ ਹਿੰਦੁਸਤਾਨ, ਉੱਧਰ ਉਹੋ ਜਿਹੀਆਂ ਹੀ ਕੰਡੇਦਾਰ ਤਾਰਾਂ ਦੇ ਪਿਛੇ ਪਾਕਿਸਤਾਨ। ਵਿਚਾਲੇ ਦੀ ਜ਼ਮੀਨ ਦੇ ਉਸ ਟੁਕੜੇ ਉੱਤੇ ਜਿਸ ਦਾ ਕੋਈ ਨਾਮ ਨਹੀਂ ਸੀ, ਟੋਭਾ ਟੇਕ ਸਿੰਘ ਪਿਆ ਸੀ। 
ਇਸ ਕਹਾਣੀ ਨੇ ਚਾਰੇ ਪਾਸੇ ਤਰਥੱਲੀ ਮਚਾ ਦਿੱਤੀ। ਦੰਗਿਆਂ ਦੇ ਵਿਸ਼ੇ ਉੱਪਰ ਲਿਖੀਆਂ ਗਈਆਂ ਤਮਾਮ ਕਹਾਣੀਆਂ ਦੀ ਭੀੜ ਤੋਂ ਜੁਦਾ  ਹੋਣ ਕਰਕੇ ਟੋਬਾ ਟੇਕ ਸਿੰਘ ਨੇ ਪਾਠਕਾਂ ਦੇ ਮਨਾ ਅੰਦਰ ਆਪਣੇ ਅਤੇ ਮੰਟੋ ਲਈ ਆਹਲਾ ਮੁਕਾਮ ਬਣਾ ਲਿਆ ਸੀ। ਮੰਟੋ ਦੰਗਿਆ ਦੇ ਵਿਸ਼ਿਆ ਉੱਤੇ ਲਿਖਣ ਵਾਲੇ ਹੋਰ ਤੁਅੱਸਬੀ ਲੇਖਕਾਂ ਵਾਂਗ ਆਪਣੀਆਂ ਕਹਾਣੀਆਂ ਉੱਤੇ ਭਾਵੁਕਤਾ ਭਾਰੀ ਨਹੀਂ ਸੀ ਹੋਣ ਦਿੰਦਾ। ਉਸਨੇ ਜੋ ਵੀ ਲਿਖਿਆ ਹੈ ਉਹ ਨਿਰਪੱਖ ਅਤੇ ਨਿਰਲੇਪ ਰਹਿ ਕੇ ਲਿਖਿਆ ਹੈ।  
ਮੰਟੋ ਨੇ ਅਫਸਾਨਾਨਿਗਾਰੀ ਤੋਂ ਇਲਾਵਾ ਵੀਰਾ, ਸਰਗੁਜ਼ਸਤੇ ਅਸੀਰ ਅਤੇ ਗੋਰਕੀ ਕੇ ਅਫਸਾਨੇ ਆਦਿ ਪੁਸਤਕਾਂ ਅਨੁਵਾਦਿਤ ਕੀਤੀਆਂ। ਜਿਨਾਹ, ਆਗਾ ਹਸ਼ਰ, ਅਖਤਰ ਸ਼ੀਗਾਨੀ, ਮੀਰਾਜੀ, ਇਸਮਤ ਚੁਗਤਾਈ, ਸਿਆਮ, ਨਸੀਮ, ਨਰਗਸ, ਡਿਸਾਈ ਤੇ ਬਾਬੂ ਰਾਮ ਪਟੇਲ ਦੇ ਰੇਖਾ ਚਿੱਤਰ ਵੀ ਲਿਖੇ। 
ਮੰਟੇ ਨੇ ਆਪਣੀਆਂ ਬੇਸ਼ੁਮਾਰ ਸ਼ਾਹਕਾਰ ਸਿਨਫਾਂ ਨਾਲ ਅਦਬ ਦੀ ਜੀਨਤ ਵਧਾਈ। ਉਸਦਾ ਸਿਰਜਿਆ ਢੇਰ ਸਾਰਾ ਸਾਹਿਤ ਅਨੇਕਾਂ ਪੁਸਤਕਾਂ ਵਿੱਚ ਸਾਂਭਿਆ ਪਿਆ ਹੈ ਜਿਨ੍ਹਾਂ ਵਿੱਚੋਂ ਕੁੱਝ ਦਾ ਵਰਣਨ ਕਰ ਰਿਹਾ ਹਾਂ:- ਮੰਟੋ ਕੇ ਅਫਸਾਨੇ, ਚੁਗਦ, ਖਾਲੀ ਬੋਤਲਾਂ ਖਾਲੀ ਡੱਬੇ, ਸਰਕੰਡਿਆਂ ਦੇ ਪਿਛੇ, ਜਨਾਜ਼ੇ, ਧੂੰਆਂ, ਸਿਆਹ ਹਾਸ਼ੀਏ, ਊਪਰ ਨੀਚੇ ਔਰ ਦਰਮਿਆਨ, ਆਉ, ਮੰਟੋ ਕੇ ਡਰਾਮੇ, ਯਜ਼ੀਦ, ਸੜਕ ਦੇ ਕਿਨਾਰੇ, ਬੁਰਕੇ, ਕਰਵਟ, ਲਜ਼ਤੇ ਸੰਗ ਤਲਖ ਤੁਰਸ਼ ਸ਼ੀਰੀ, ਫੁੰਦਨੇ, ਤਿੰਨ ਔਰਤਾਂ, ਅਫਸਾਨੇ ਤੇ ਡਰਾਮੇ, ਨਮਰੂਦ ਕੀ ਖੁਦਾਈ, ਠੰਡਾ ਗੋਸ਼ਤ, ਗੰਜੇ ਫਰਿਸ਼ਤੇ, ਸ਼ਿਕਾਰੀ ਔਰਤਾਂ ਆਦਿ।
18 ਜਨਵਰੀ 1955 ਨੂੰ ਮੰਟੋ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਕੇ ਸਦਾ ਲਈ ਖਾਮੋਸ਼ ਹੋ ਗਿਆ ਤੇ ਜਿਸ ਨਾਲ ਕਬੂਤਰ ਤੇ ਕਬੂਤਰੀ ਮੰਟੋ ਦੀ ਅੰਤਮ ਕਹਾਣੀ ਹੋ ਨਿਭੜੀ। ਮੰਟੋ ਨੂੰ ਲਾਹੌਰ ਦੇ ਮੀਆਂ ਸਾਹਿਬ ਕਬਰਸਤਾਨ ਵਿੱਚ ਸਪੁਰਦ-ਏ-ਖਾਕ ਕੀਤਾ ਗਿਆ ਸੀ। ਉਸਨੇ ਕਬਰ ਦੇ ਕੁਤਬੇ ਤੇ ਦਰਜ਼ ਹੈ, ਯਹਾਂ ਦਫਨ ਹੈ , ਸਆਦਤ ਹਸਨ ਮੰਟੋ ਔਰ ਉਸ ਕੇ ਸਾਥ ਲਿਖਨੇ ਕਾ ਫਨ।  
ਮੰਟੋ ਉਰਦੂ ਦਾ ਅਜ਼ੀਮ ਅਫਸ਼ਾਨਾਨਿਗਾਰ ਸੀ। ਮੰਟੋ ਦਾ ਨਾਮ ਅਦਬ ਵਿੱਚ ਕਿਆਮਤ ਤੱਕ ਜ਼ਿੰਦਾ ਰਹੇਗਾ। ਜਦ ਤੱਕ ਅਦਬ ਪੜ੍ਹਿਆ ਜਾਵੇਗਾ, ਪਾਠਕ ਮੰਟੋ ਨੂੰ ਯਾਦ ਕਰਦੇ ਰਹਿਣਗੇ। ਸੁਧੀਰ ਕੁਮਾਰ ਸੁਧੀਰ ਨੇ ਮੰਟੋ ਬਾਰੇ ਲਿਖਿਆ ਹੈ, ਕਹਿਣ ਨੂੰ ਮੰਟੋ ਇੱਕ ਆਦਮੀ ਸੀ ਪਰ ਉਹ ਇਕ ਸ਼ਕਤੀ, ਇਕ ਤਲਾਸ਼, ਇਕ ਨਜ਼ਰ, ਚਿੰਤਨ ਦੀ ਇਕ ਲਹਿਰ ਅਤੇ ਇਕ ਸੰਸਥਾ ਸੀ।
ਇੱਕ ਵਾਰ ਕੁੱਝ ਅਦੀਬ ਦੋਸਤਾਂ ਨਾਲ ਸਾਉਥਾਲ ਦੇ ਇੱਕ ਰੇਸਟੋਰੈਂਟ ਵਿੱਚ ਬੈਠਿਆਂ ਸਾਹਿਤ ਦੇ ਵਿਸ਼ੇ ਉੱਪਰ ਤਬਾਦਲਾ-ਏ-ਖਿਆਲਾਤ ਹੋ ਰਹੇ ਸਨ। ਗੱਲ ਬਰਤਾਨੀਵੀ ਪੰਜਾਬੀ ਕਹਾਣੀ ਦੀ ਚੱਲ ਪਈ ਤੇ ਘੁੰਮ ਕੇ ਮੇਰੀਆਂ ਕਹਾਣੀਆਂ ਵੱਲ ਆ ਗਈ। ਮੇਰੇ ਨਾਲ ਵਾਲੀ ਕੁਰਸੀ ਉੱਤੇ ਬਹਾਦਰ ਸਾਥੀ ਜੀ ਬੈਠੇ ਸਨ। ਮੈਂ ਉਹਨਾਂ ਨੂੰ ਪੁੱਛ ਬੈਠਾ ਕਿ ਉਹਨਾਂ ਦਾ ਮੇਰੀਆਂ ਕਹਾਣੀਆਂ ਬਾਰੇ ਕੀ ਵਿਚਾਰ ਹੈ ਤਾਂ ਮੈਨੂੰ ਪੰਪ ਚਾੜ੍ਹਦੇ ਹੋਏ ਉਹ ਬੋਲੇ, ਬਈ ਸਾਡੇ ਇੰਗਲੈਂਡ ਦਾ ਮੰਟੋ ਐਂ ਤੂੰ।
ਇਹ ਗੱਲ ਸੁਣ ਕੇ ਮੈਂ ਫੁਲਕੇ ਵਾਂਗੂੰ ਫੁੱਲ ਗਿਆ। ਭਾਵੇਂ ਕਿ ਮੈਂ ਜਾਣਦਾ ਸੀ ਕਿ ਸਾਥੀ ਸਾਹਿਬ ਦੇ ਕਹਿਣ ਦਾ ਉਹ ਮਤਲਵ ਨਹੀਂ ਸੀ, ਉਹਨਾਂ ਨੇ ਇਹ ਅਲਫਾਜ਼ ਮੈਨੂੰ ਮੇਰੀ ਹੌਂਸਲਾ ਅਫਜ਼ਾਈ ਕਰਨ ਲਈ ਹੀ ਆਖੇ ਸਨ। ਪਰ ਫੇਰ ਵੀ ਮੇਰੇ ਵਰਗੇ ਕਹਾਣੀਕਾਰਾਂ ਨੂੰ ਸਧਾਰਨ ਗੁਫਤਗੂ ਦੌਰਾਨ ਮੰਟੋ ਦਾ ਖਿਤਾਬ ਮਿਲ ਜਾਣ ਦੇ ਖੁਸ਼ੀ ਭਰੇ ਅਹਿਸਾਸ ਤੋਂ ਹੀ ਤੁਸੀਂ ਮੰਟੋ ਦੀ ਮਹਾਨਤਾ ਦਾ ਅੰਦਾਜ਼ਾ ਲਾ ਸਕਦੇ ਹੋ। ਮੰਟੋ ਮੇਰਾ ਰੋਲ-ਮਾਡਲ, ਮੇਰਾ ਸਾਹਿਤਕ ਆਦਰਸ਼ ਹੈ। ਮੰਟੋ ਇੱਕ ਹੀ ਹੋਇਆ ਹੈ। ਤੇ ਇੱਕ ਹੀ ਰਹੇਗਾ। ਮੰਟੋ ਬਣਨਾ ਔਖਾ ਹੀ ਨਹੀਂ ਬਲਕਿ ਨਾਮੁਮਕਿਨ ਵੀ ਹੈ। ਹੋਰ ਕੋਈ ਨਾ ਤਾਂ ਮੰਟੋ ਵਰਗੀ ਕਹਾਣੀ ਲਿਖ ਸਕਦਾ ਹੈ। ਨਾ ਹੀ ਮੰਟੋ ਬਣ ਸਕਦਾ ਹੈ। ਮੰਟੋ ਸਾਹਿਤ ਦਾ ਮੀਨਾਰ ਸੀ। ਜੋ ਬਹੁਤ ਉੱਚਾ ਹੈ। ਕੋਈ ਵੀ ਉਸਦੀ ਉੱਚਾਈ ਦੇ ਹਾਣ ਦਾ ਨਹੀਂ ਹੋ ਸਕਦਾ। ਚਾਹੇ ਅਸੀਂ ਸਟੂਲ ਤੇ ਪੈਰ ਧਰੀਏ, ਪੌੜੀ ਤੇ ਚੜੀਏ ਜਾਂ ਕੋਠੇ ਤੇ ਖੜੀਏ, ਕਿਸੇ ਵੀ ਤਰ੍ਹਾਂ ਅਸੀਂ ਮੰਟੋ ਤੋਂ ਉੱਚੇ ਨਹੀਂ ਹੋ ਸਕਦੇ। ਮੰਟੋ ਦੀ ਟਿੱਸੀ ਵੱਲ ਦੇਖਣ ਲਈ ਸਾਨੂੰ ਆਪਣੇ ਸਿਰ ਉੱਤੇ ਹੱਥ ਰੱਖਣਾ ਪਵੇਗਾ, ਵਰਨਾ ਸਿਰ ਤੇ ਲਈ  ਹੋਈ ਟੋਪੀ ਭੁੰਜੇ ਡਿੱਗ ਪਵੇਗੀ! ਸਾਹਿਤ ਦੇ ਇਸ ਬੁਲੰਦ ਅਤੇ ਸਰਬਸਰੇਸ਼ਟ ਮੀਨਾਰ ਨੂੰ ਅਦਬ ਨਾਲ ਅਦਬੀ ਸਲਾਮ!

****

No comments:

Post a Comment