25 ਅਗਸਤ 1962 ਨੂੰ ਬੰਗਲਾਦੇਸ਼ ਦੀ ਰਾਜਧਾਨੀ ਡਾਕਾ ਦੇ ਨੇੜੇ ਪੈਂਦੇ ਸ਼ਹਿਰ ਮੈਮਨ ਸਿੰਘ ਵਿੱਚ ਜਨਮ ਹੋਇਆ ਸੀ ਤਸਲੀਮਾ ਨਸਰੀਨ ਦਾ। ਤਸਲੀਮਾ ਨਸਰੀਨ ਯਾਨੀ ਇੱਕ ਦਮਦਾਰ, ਨਿਡਰ ਅਤੇ ਸੱਚ ਉਘਲਦੀ ਕਲਮ। ਤਸਲੀਮਾ ਨਸਰੀਨ ਯਾਨੀ ਮਜ਼ਲੁਮਾ ਲਈ ਹਾਅ ਦਾ ਨਾਅਰਾ ਮਾਰਨ ਅਤੇ ਜ਼ਾਲਿਮ ਦੇ ਖਿਲਾਫ ਬੁਲੰਦ ਹੋਣ ਵਾਲੀ ਆਵਾਜ਼। ਤਸਲੀਮਾ ਨਸਰੀਨ ਯਾਨੀ ਧਾਰਮਿਕ ਜਨੂੰਨੀਆਂ ਵੱਲੋਂ ਦਰੜੀ ਜਾ ਰਹੀ ਮਨੁੱਖਤਾ ਦਾ ਦਰਦ ਮਹਿਸੂਸਣ ਵਾਲੀ ਆਤਮਾ। ਤਸਲੀਮਾ ਨਸਰੀਨ ਯਾਨੀ ਤਸਲੀਮਾ ਨਸਰੀਨ। ਸਵਾ ਲੱਖ। ਜੀਹਦੇ ਵਰਗਾ ਕੋਈ ਹੋਰ ਨਹੀਂ ਬਣ ਸਕਦਾ!
ਤਸਲੀਮਾ ਨਸਰੀਨ ਦੀ ਫੋਟੋ ਨੂੰ ਗਹੁ ਨਾਲ ਦੋਖੋ ਤਾਂ ਉਹਦੇ ਸਾਵਲੇ ਚਿਹਰੇ ਉੱਤੇ ਚਮਕਦੀਆਂ ਅੱਖਾਂ ਦੇਖਦੇ ਇਉਂ ਲੱਗਦਾ ਹੈ, ਜਿਵੇਂ ਉਹ ਕਹਿ ਰਹੀ ਹੋਵੇ ਕਿ ਮੈਂ ਦੁਨੀਆਂ ਦਾ ਅੰਧਕਾਰ ਮਿਟਾ ਕੇ ਸਾਰੀ ਲੁਕਾਈ ਨੂੰ ਜਗਮਗ-ਜਗਮਗ ਕਰਨ ਲਾ ਦਿਆਂਗੀ। ਕੱਟ ਕੇ ਖੁੱਲ੍ਹੇ ਛੱਡੇ ਉਹਦੇ ਵਾਲ ਇਸਲਾਮੀ ਕੱਟੜਤਾ ਤੋਂ ਉਹਦੇ ਪਾਸਾ ਵੱਟਣ ਦੀ ਸ਼ਾਹਦੀ ਭਰਦੇ ਹਨ। ਗੋਲ-ਮਟੋਲ ਮੂੰਹ ਉੱਪਰ ਤਿੱਖਾ ਨੱਕ ਉਹਦੇ ਸਿੱਧੇ ਅਤੇ ਸੱਚ ਦੇ ਮਾਰਗ ਉੱਤੇ ਚੱਲਣ ਦਾ ਪ੍ਰਤੀਕ ਹੈ।
ਘਰ ਅਤੇ ਦੋਸਤਾਂ ਮਿਤਰਾਂ ਵੱਲੋਂ ਪਿਆਰ ਨਾਲ ਬੂਬੂ ਕਹਿ ਕੇ ਪੁਕਾਰੀ ਜਾਣ ਵਾਲੀ ਤਸਲੀਮਾ ਨਸਰੀਨ ਨੇ ਮੈਮਨ ਸਿੰਘ ਮੈਡੀਕਲ ਕਾਲਜ਼ ਤੋਂ ਐਮ ਬੀ ਬੀ ਐਸ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਕੁੱਝ ਵਰ੍ਹੇ ਡਾਕਟਰੀ ਦੀ ਸਰਕਾਰੀ ਨੌਕਰੀ ਕੀਤੀ। ਵਿਹਲੇ ਸਮੇਂ ਵਿੱਚ ਸ਼ੌਕ ਵਜੋਂ ਉਸਨੇ ਕਵਿਤਾ ਦੀ ਵਿਧਾ ਨੂੰ ਹੱਥ ਪਾਇਆ ਸੀ, ਪਰ ਉਸਦੀ ਲੇਖਣੀ ਦੇ ਪ੍ਰਤਿਕ੍ਰਮ ਵਿੱਚ ਪਾਠਕਾਂ ਵੱਲੋਂ ਮਿਲੇ ਭਰਪੂਰ ਹੂੰਗਾਰੇ ਸਦਕਾ ਉਹਨੂੰ ਮਜ਼ਬੂਰਨ ਵਾਰਤਕ ਦੇ ਖੇਤਰ ਵਿੱਚ ਵੀ ਠਿਲਣਾ ਪਿਆ। ਬਸ ਫੇਰ ਕੀ ਸੀ ਉਹਨੇ ਰੱਜ ਕੇ
ਨਿਰੰਤਰ ਅਖਬਾਰਾਂ ਅਤੇ ਮੈਗਜ਼ੀਨਾਂ ਲਈ ਅਣਗਿਣਤ ਲੇਖ ਅਤੇ ਕਾਲਮ ਲਿਖੇ। ਨਾਲ ਦੀ ਨਾਲ ਹੀ ਰਚੀਆਂ ਇਹ ਨਿਮਨ ਲਿਖਿਤ ਪੁਸਤਕਾਂ:- -SIKOREY BIPUL KHUDA 1986
-NIRBASITO BAHIREY ANTOREY1989
-AMAR KICHU JAI ASE NA 1991
-BALIKA GOLLACHOOT 1991
-NIRBACHITO 1991
-JABO NA KENO JABO 1992
-OPORPOKKHA 1992
-SODH 1992
-BEHULA EKA BHASIECHILO BHELA 1993
-NIMONTRON 1993
-BHRAMAR KOYO GIA 1993
-PHERA 1993
-NASHTO MEYER NASHTO GADYA 1993
-LAJJA(SHAME) 1993
-APARPAKSHA 1994
-ਛੋਟੇ ਛੋਟੇ ਦੁੱਖ ਕਥਾ 1994
-AYA KASHTA JHENPE, JIBON DIBO MEPE 1994
-ਔਰਤ ਕੇ ਹੱਕ ਮੇ (ਹਿੰਦੀ)1994
-DUKHBATI MEYE 1995
-ਔਰਤ ਦੇ ਹੱਕ ਵਿੱਚ (ਪੰਜਾਬੀ)1997
- FERO (ਗੁਜ਼ਰਾਤੀ) 1998
ਤਸਲੀਮਾ ਦੇ ਸਾਹਿਤਕ ਖੇਤਰ ਵਿੱਚ ਕੁੱਦਣ ਤੋਂ ਪੂਰਬ, ਬੰਗਾਲੀਆਂ ਦੀਆਂ ਦੋ ਚੀਜ਼ਾਂ ਜੱਗ ਵਿੱਚ ਮਸ਼ਹੂਰ ਸਨ। ਇੱਕ ਤਾਂ ਕਾਲਾ ਯਾਦੂ ਤੇ ਦੂਜਾ ਬੰਗਾਲੀ ਚੀਤੇ। ਤੇ ਹੁਣ ਉਨ੍ਹਾਂ ਕੋਲ ਜਿਹੜੀ ਤੀਜੀ ਜਗਤ ਪ੍ਰਸਿੱਧ ਸ਼ੈਅ ਹੋ ਗਈ ਹੈ, ਉਹ ਹੈ ਤਸਲੀਮਾ ਨਸਰੀਨ।
ਤਸਲੀਮਾ ਦੀ ਕਲਮ ਵਿੱਚ ਵੀ ਕਾਲੇ ਜਾਦੂ ਵਰਗਾ ਅਸਰ ਹੈ। ਪਾਠਕ ਨੂੰ ਉਹ ਆਪਣੀ ਲਿਖਤ ਨਾਲ ਮੰਤਰ-ਮੁਗਧ ਕਰ ਲੈਂਦੀ ਹੈ। ਹਿਪਨੋਟਾਈਜ਼ ਕਰ ਲੈਂਦੀ ਹੈ। ਤਸਲੀਮ ਨਸਰੀਨ ਨੂੰ ਪੜ੍ਹਦਿਆਂ ਆਲੇ-ਦੁਆਲੇ ਦੀ ਸੁੱਧ-ਬੁੱਧ ਨਹੀਂ ਰਹਿੰਦੀ। ਇਕਾਗਰ ਹੋਈ ਬਿਰਤੀ ਉਹਦੀ ਰਚਨਾ ਦੇ ਅੱਖਰਾਂ ਵਿੱਚ ਗੁਆਚ ਕੇ ਰਹਿ ਜਾਂਦੀ ਹੈ। ਕਹਿੰਦੇ ਨੇ ਯਾਦੂ ਉਹ ਜੋ ਸਿਰ ਚੜ੍ਹ ਕੇ ਬੋਲੇ। ਤਸਲੀਮਾ ਦੀ ਕਲਮ ਦਾ ਤਲਿਸਮ ਵੀ ਬੋਲਦਾ ਹੈ, ਸਿਰਫ਼ ਸਿਰ ਚੜ੍ਹ ਕੇ ਹੀ ਨਹੀਂ ਬਲਕਿ ਇੰਨਸਾਨ ਦੇ ਦਿਲ-ਓ-ਦਿਮਾਗ ਅਤੇ ਆਤਮਾ ’ਤੇ ਚੜ੍ਹਕੇ ਕੱਥਕ ਕਰਦਾ ਹੈ।
ਤਸਲੀਮਾ ਨਸਰੀਨ ਦੀ ਲੇਖਣੀ ਵਿੱਚ ਚੀਤੇ ਵਾਲੀਆਂ ਖਸਲਤਾਂ ਵੀ ਮੌਜੂਦ ਹਨ। ਉਸਦੀ ਕਲਮ ਵਿੱਚ ਫਰਤੀਲਾਪਨ ਅਤੇ ਰੋਹਦਾਰ ਦਬਕਾ ਹੈ। ਦਹਾੜ ਹੈ। ਰੂਹ ਨੂੰ ਨਸ਼ਿਆ ਜਾਂਦੀ ਹੈ ਉਹਦੀ ਸਿਨਫ਼। ਤਸਲੀਮਾ ਦੀ ਲਿਖਤ ਦੇ ਪ੍ਰਭਾਵ ਬਾਰੇ ਗੱਲ ਕਰਨੀ ਹੋਵੇ ਤਾਂ ਮੈਂ ਕਹਾਂਗਾ ਉਹ ਏਵਲ ਦੇ ਟੀਕੇ ਵਰਗੀ ਹੈ। ਜਿਸਨੂੰ ਲਾਉਂਦਿਆਂ ਹੀ ਹਲਕੀ ਜਿਹੀ ਚੁੰਭਨ ਹੁੰਦੀ ਹੈ। ਬੰਦਾ ਚੌਕਸ ਹੋ ਕੇ ਬੈਠ ਜਾਂਦਾ ਹੈ। ਫਿਰ ਰਚਨਾ ਪੜ੍ਹ ਲੈਣ ਬਾਅਦ ਸਰਿੰਜ਼ ਦੇ ਮਾਸ ਚੋਂ ਨਿਕਲਣ ਵਰਗਾ ਸੁਖਦ ਜਿਹਾ ਅਨੁਭਵ ਹੁੰਦਾ ਹੈ। ਉਸ ਤੋਂ ਪੇਸ਼ਤਰ ਦਵਾਈ ਦਾ ਖੂਨ ਵਿੱਚ ਸੰਚਾਰ ਹੋਣ ਨਾਲ ਮਿਚਦੀਆਂ ਅੱਖਾਂ ਵਾਂਗ ਪਾਠਕ ਦਾ ਧਿਆਨ ਰਚਨਾ ਵਿੱਚ ਹੀ ਅੜਕ ਕੇ ਰਹਿ ਜਾਂਦਾ ਹੈ ਤੇ ਬੇਹੋਸ਼ੀ ਦਾ ਆਲਮ ਤਾਰੀ ਹੋ ਜਾਂਦਾ ਹੈ। ਉਦੋਂ ਇੱਕ ਆਤਮਾ ਨੂੰ ਸ਼ਰਸਾਰ ਅਤੇ ਪ੍ਰਸੰਨ ਕਰ ਦੇਣ ਵਾਲੇ ਵਿਸਮਾਦ ਨੂੰ ਮਹਿਸੂਸਿਆ ਜਾ ਸਕਦਾ ਹੈ। ਰਚਨਾ ਵਿੱਚ ਗੜੂੰਦ ਰਹਿ ਕੇ ਪਾਠਕ ਜਦੋਂ ਰਚਨਾ ਦੇ ਅਰਥਾਂ ਦਾ ਗਿਆਨ ਗ੍ਰਹਿਣ ਕਰਦਾ ਹੈ ਤਾਂ ਝਟਕਾ ਖਾਹ ਉੱਠਦਾ ਹੈ। ਇਹ ਉਹ ਪਲ ਹੁੰਦੇ ਹਨ, ਜਦੋਂ ਪਾਠਕ ਨੋਟਿਸ ਕਰਦਾ ਹੈ ਕਿ ਉਸਦੀ ਬਿਮਾਰੀ (ਸਮਾਜਿਕ ਕੁਰੀਤੀ) ਦਾ ਬੇਹੋਸ਼ੀ ਦੇ ਪਲਾਂ ਦੌਰਾਨ ਇਲਾਜ਼ ਹੋ ਚੁੱਕਿਆ ਹੁੰਦਾ ਹੈ। ਉਸਦੀ ਮਾਨਸਿਕਤਾ ਵਿੱਚ ਬਦਲਾਉ ਆ ਚੁੱਕਾ ਹੁੰਦਾ ਹੈ। ਉਸਦੀ ਜ਼ਿਹਨੀਅਤ ਵਿੱਚ ਚੇਤਨਤਾ ਦਾ ਇੰਕਲਾਬ ਆ ਚੁੱਕਿਆ ਹੁੰਦਾ ਹੈ।
ਅਸਲ ਵਿੱਚ ਤਾਂ ਤਸਲੀਮਾ ਕਵਿਤਰੀ ਹੈ, ਸ਼ਾਇਦ ਇਸੇ ਕਰਕੇ ਉਸਦੀ ਵਾਰਤਕ ਵਿਚੋਂ ਵੀ ਕਾਵਿਕਤਾ ਦਾ ਝਲਕਾਰਾ ਪੈਂਦਾ ਹੈ। ਤਸਲੀਮਾ ਦੀ ਰਚਨਾ ਵਿੱਚ ਕੋਹੀ ਜਾ ਰਹੀ ਸਮੱਸਤ ਮਨੁੱਖ ਜਾਤੀ ਦੇ ਦ੍ਰਿਸ਼ਾਂ ਦਾ ਵਿਵਰਣ ਪੜ੍ਹ ਕੇ ਪਾਠਕ ਦੀਆਂ ਅੱਖਾਂ ਸਿਲੀਆਂ ਹੋਣੋਂ ਨਹੀਂ ਰਹਿ ਸਕਦੀਆਂ। ਤਸਲੀਮਾ ਨੂੰ ਪੜ੍ਹਦਿਆਂ ਉਸਦੀ ਇੱਕ ਹੋਰ ਪ੍ਰਭਾਵਸ਼ਾਲੀ ਅਤੇ ਦਿਲ ਨੂੰ ਲੁੱਟਣ ਵਾਲੀ ਅਦਾ ਜੋ ਮੇਰੇ ਧਿਆਨ ਵਿੱਚ ਆਈ ਹੈ, ਉਹ ਹੈ ਕਿ ਤਸਲੀਮਾ ਆਪਣੇ ਕਹੇ ਹੋਏ ਇੱਕ-ਇੱਕ ਵਾਕ ਨੂੰ ਸਹੀ ਸਾਬਤ ਕਰਨ ਲਈ ਸੌ-ਸੌ ਤੱਥ, ਹਵਾਲੇ ਅਤੇ ਤਰਕਮਈ ਦਲੀਲਾਂ ਦਿੰਦੀ ਹੈ ਤੇ ਕਹੀ ਗਈ ਗੱਲ ਨੂੰ ਸਿੱਧ ਕਰਕੇ ਹੀ ਦਮ ਲੈਂਦੀ ਹੈ। ਉਹ ਦਲੀਲ ਵੀ ਐਨੀ ਵਜ਼ਨਦਾਰ ਦੇਵੇਗੀ ਕਿ ਜਿਸਨੂੰ ਤੋੜ ਸਕਣਾ ਅਸੰਭਵ ਨਹੀਂ ਤਾਂ ਅਤਿ-ਮੁਸ਼ਕਿਲ ਤਾਂ ਜ਼ਰੂਰ ਹੁੰਦਾ ਹੈ। ਵੱਡੇ-ਵੱਡੇ ਆਲਮਾਂ-ਫਾਜ਼ਲਾਂ ਦੇ ਛੱਕੇ ਛੁਡਾ ਕੇ ਰੱਖ ਦਿੰਦੀ ਹੈ। ਸਾਜ਼ਾਂ ਦੀ ਤਾਲ ਨਾਲ ਤਾਲ ਮਿਲਾ ਕੇ ਨੱਚਦੀ ਕਿਸੇ ਨਾਚੀ ਦੇ ਪੈਰੀਂ ਪਾਈਆਂ ਝਾਜ਼ਰਾਂ ਦੇ ਛਣਕਦੇ ਬੋਰਾਂ ਵਰਗਾ ਸੰਗੀਤ ਹੁੰਦਾ ਹੈ, ਤਸਲੀਮਾ ਦੀ ਕਲਮ ਤੁਆਰਾ ਉਲੀਕੇ ਗਏ ਸ਼ਬਦਾਂ ਵਿੱਚ। ਉਹਦੇ ਸਧਾਰਨ ਤੋਂ ਸਧਾਰਨ ਵਾਕਾਂ ਵਿੱਚ ਵੀ ਲੋਕ ਗੀਤਾਂ ਵਰਗਾ ਰਿਦਮ ਹੈ ਤੇ ਆਪਣੇ ਕਾਵਿ ਵਿਚਲਾ ਰਵਾਨਗੀ ਵਾਲਾ ਗੁਣ ਉਹਨੇ ਬਚਪਨ ਵਿੱਚ ਬ੍ਰਹਮਪੁਤਰਾ ਦੀਆਂ ਧਾਰਾਵਾਂ ਨਾਲ ਖੇਡਦਿਆਂ ਉਨ੍ਹਾਂ ਤੋਂ ਗ੍ਰਹਿਣ ਕੀਤਾ ਹੈ।
ਤਸਲੀਮਾ ਦੇ ਹੋਸ਼ ਸੰਭਾਲਦਿਆਂ ਹੀ ਨਾਰੀ ਨਾਲ ਹੋ ਰਹੇ ਵਿਤਕਰੇ ਬਾਜ਼ੀ ਨੂੰ ਅਨੁਭਵ ਕੀਤਾ ਤੇ ਇਹੀ ਇੱਕ ਮਾਤਰ ਕਾਰਨ ਹੈ ਕਿ ਉਸਨੇ ਬਾਅਦ ਵਿੱਚ ਉਸ ਪ੍ਰਤਿ ਆਪਣਾ ਬਾਗੀ ਰੁੱਖ ਅਖਤਿਆਰ ਕਰ ਲਿਆ। ਸਮੇਂ-ਸਮੇਂ ਉਹਨੇ ਅਖਬਾਰਾਂ ਵਿੱਚ ਔਰਤ ਦੀ ਪੈਰਵਾਈ ਕਰਦੇ ਗਿਆਨਵਰਧਕ ਕਾਲਮ ਲਿਖ ਕੇ ਸਮਾਜ ਵਿੱਚ ਜਾਗਰਿਤੀ ਲਿਆਉਣ ਦੇ ਉਪਰਾਲੇ ਕੀਤੇ। ਉਸਦਾ ਕਥਨ ਹੈ ਕਿ ਮਰਦ ਵਿੱਚ ਪੰਜ ਗਿਆਨ ਇੰਦਰੀਆਂ ਅਤੇ ਔਰਤ ਵਿੱਚ ਛੇ ਹੁੰਦੀਆਂ ਹਨ। (ਛੇਵੀਂ ਜਿਸਦਾ ਔਰਤ ਮਰਦ ਨੂੰ ਸਮਝਣ ਲਈ ਪ੍ਰਯੋਗ ਕਰਦੀ ਹੈ!) ਇਸ ਲਈ ਔਰਤ ਮਰਦ ਤੋਂ ਨੀਵੀਂ ਨਹੀਂ ਬਲਕਿ ਸ੍ਰੇਸ਼ਟ ਹੈ।
ਇੱਕ ਥਾਂ ਤਸਲੀਮਾ ਨੇ ਆਪਣੇ ਨਿਬੰਧ ਵਿੱਚ ਜ਼ਿਕਰ ਕੀਤਾ ਹੈ ਕਿ ਭਾਰਤ ਦਾ ਭਰਮਣ ਕਰਨ ਬਾਅਦ ਜਦੋਂ ਉਹ ਵਾਪਸ ਬੰਗਲਾਦੇਸ਼ ਗਈ ਤਾਂ ਉਹ ਭਾਰਤ ਦੀ ਸੈਰ ਅਤੇ ਤਜ਼ਰਬਿਆਂ ਬਾਰੇ ਦੱਸਣ ਲਈ ਉਤਾਵਲੀ ਸੀ। ਤਸਲੀਮਾ ਜਦੋਂ ਵੀ ਕਿਸੇ ਨੂੰ ਦੱਸਦੀ ਕਿ ਉਹ ਭਾਰਤ ਜਾ ਕੇ ਆਈ ਹੈ ਤਾਂ ਬਜਾਏ ਇਸਦੇ ਕਿ ਲੋਕ ਉਹਨੂੰ ਉਸਦੀ ਯਾਤਰਾ ਸੰਬੰਧੀ ਪ੍ਰਸ਼ਨ ਪੁੱਛਦੇ। ਹਰ ਕੋਈ ਇਹੀ ਕਹਿੰਦਾ ਕਿ ਉਹਦੇ ਨਾਲ ਕੌਣ ਗਿਆ ਸੀ? ਭਾਵ ਕਿ ਇੱਕ ਔਰਤ ਐਨੀ ਕਮਜ਼ੋਰ ਸਮਝੀ ਜਾਂਦੀ ਹੈ ਕਿ ਇਕੱਲੀ ਘੁੰਮਣ ਵੀ ਨਹੀਂ ਜਾ ਸਕਦੀ। ਉਸਨੂੰ ਆਪਣੀ ਰੱਖਿਆ ਵਾਸਤੇ ਨਾਲ ਕੋਈ ਨਾ ਕੋਈ ਮਰਦ ਖੜ੍ਹਨਾ ਪੈਂਦਾ ਹੈ। ਇਸ ਘਟਨਾ ਉਪਰੰਤ ਉਸਨੇ ਨਾਰੀ ਸੁਤੰਰਤਾ ਦੇ ਵਿਸ਼ੇ ਨੂੰ ਲੈ ਕੇ ਅਨੇਕਾਂ ਕੰਢੇ ਕੱਢ ਲੇਖ ਲਿਖੇ। ਉਸਨੇ ਵਾਰ-ਵਾਰ ਬੁਧੀਜੀਵੀਆਂ ਨੂੰ ਸਤੀ ਅਤੇ ਬਾਂਝ ਸ਼ਬਦ ਦੇ ਪੁਲਿੰਗਾਂ ਦੀ ਅਣਹੋਂਦ ਬਾਰੇ ਸੁਆਲ ਕੀਤੇ ਹਨ। ਤਸਲੀਮਾ ਸ਼ਾਇਦ ਇੱਕੋ ਇੱਕ ਅਤੇ ਪਹਿਲੀ ਲੇਖਿਕਾ ਹੈ ਜਿਸਨੇ ਅਕਸ਼ਤ ਸ਼ਬਦ ਉੱਤੇ ਇਤਰਾਜ਼ ਉਠਾਇਆ ਹੈ ਕਿਉਂਕਿ ਇਸ ਸ਼ਬਦ ਦਾ ਲੜਕੀ ਦੇ ਮਾਮਲੇ ਵਿੱਚ ਅਰਥ ਕੁਆਰੀ ਕੁੜੀ ਹੈ ਅਤੇ ਲੜਕੇ ਦੇ ਸੰਦਰਭ ਵਿੱਚ ਅਰਥ ਹੋਰ ਹੈ ਜਿਸਦਾ ਕਿ ਮਤਲਵ ਸਹੀ ਸਲਾਮਤ ਠੀਕ ਠਾਕ ਬਣਦਾ ਹੈ। ਇੰਝ ਤਸਲੀਮਾ ਦੇ ਸਮਾਜਿਕ ਚੇਤਨਾ ਦੀ ਤੋਰ ਨੂੰ ਤੇਜ਼ ਕਰਨ ਅਤੇ ਨਾਰੀ ਮੁਕਤੀ ਦਾ ਝੰਡਾ ਬਰਦਾਰ ਕਰਨ ਵਿੱਚ ਕਦੇ ਕੋਈ ਕਸਰ ਬਾਕੀ ਨਹੀਂ ਛੱਡੀ।
ਪੱਛਮ ਵਿੱਚ ਔਰਤ ਦੀ ਸਥਿਤੀ ਬਾਰੇ ਅਨੇਕਾਂ ਕਲਮਕਾਰਾਂ ਨੇ ਕਲਮ ਵਾਹੀ ਹੈ ਜਿਨ੍ਹਾਂ ਵਿੱਚੋਂ ਕੈਥਰੀਨ ਕੁੱਕਸਨ ਤੇ ਸੈਮੋਨ-ਡੀ-ਬੈਵਰ ਆਦਿ ਅਨੇਕਾਂ ਨਾਮ ਵਰਣਨ ਕੀਤੇ ਜਾ ਸਕਦੇ ਹਨ। ਔਰਤ ਦੇ ਹੱਕ ਵਿੱਚ ਪੁਸਤਕ ਵਿਚਲੇ ਨਿਬੰਧਾਂ ਦਾ ਪਠਨ ਕਰਨ ਉਪਰੰਤ ਤਸਲੀਮਾ ਮੈਨੂੰ ਉਹਨਾਂ ਸਾਰੇ ਪੰਛਮੀ ਨਾਰੀਵਾਦੀ ਲੇਖਕਾਂ ਦੇ ਬਰਾਬਰ ਖੜ੍ਹੀ ਨਜ਼ਰ ਆਈ।
ਇੱਕ ਵਾਰ ਤਲਸੀਮਾਂ ਨੂੰ ਕੋਲ ਕੁੱਝ ਮੌਲਾਣੇ ਆਏ ਤੇ ਉਸਨੂੰ ਆਖਣ ਲੱਗੇ ਕਿ ਤੂੰ ਔਰਤ ਦੇ ਹੱਕਾਂ ਬਾਰੇ ਹੀ ਕਿਉਂ ਲਿਖੀ ਜਾ ਰਹੀ ਹੈਂ? ਤਾਂ ਤਸਲੀਮਾ ਉਹਨਾਂ ਨੂੰ ਹੱਸਕੇ ਕਹਾਣੀ ਸੁਣਾਉਣ ਲੱਗ ਪਈ ਕਿ ਬਚਪਨ ਵਿੱਚ ਉਸਦੇ ਛੋਟੇ ਭਰਾ ਨੂੰ ਕੀੜੇ-ਮਕੌੜਿਆਂ ਨਾਲ ਖੇਡਣ ਦਾ ਸ਼ੌਕ ਸੀ ਦੇ ਇੱਕ ਦਿਨ ਉਸਦੇ ਭਰਾ ਨੇ ਇੱਕ ਕਿਰਲੀ ਦੀ ਸੀਰੀ ’ਤੇ ਪੈਰ ਰੱਖ ਲਿਆ ਤੇ ਚੀਖ-ਚੀਖ ਕੇ ਆਖਣ ਲੱਗਾ, “ਆ ਦੇਖ ਬੂਬੂ? ਕਿਰਲੀ ਕਿੰਨੀ ਸ਼ੈਤਾਨ ਹੈ ਮੇਰੇ ਪੈਰ ਉੱਤੇ ਪੂਛ ਮਾਰੀ ਜਾ ਰਹੀ ਹੈ।” ਇਸ ’ਤੇ ਤਸਲੀਮਾ ਨੇ ਆਪਣੇ ਭਰਾ ਨੂੰ ਸਮਝਾਇਆ, “ਤੈਨੂੰ ਇਹ ਤਾਂ ਦਿਖਾਈ ਦੇ ਰਿਹਾ ਹੈ ਕਿ ਉਹ ਤੇਰੇ ਪੈਰ ’ਤੇ ਪੂਛ ਮਾਰ ਰਹੀ ਹੈ ਤੇ ਕੀ ਇਹ ਦਿਖਾਈ ਨਹੀਂ ਦਿੰਦਾ ਕਿ ਤੂੰ ਉਹਦੀ ਸੀਰੀ ਉੱਤੇ ਪੈਰ ਰੱਖਿਆ ਹੋਇਆ ਹੈ? ਉਹ ਮਰ ਰਹੀ ਹੈ। ਉਹਦਾ ਸਾਹ ਘੁੱਟਿਆ ਜਾ ਰਿਹਾ ਹੈ। ਇਸ ਲਈ ਉਹ ਤੜਫਦੀ ਹੋਈ ਆਪਣੇ ਬਚਾਅ ਖਾਤਰ ਪੂਛ ਮਾਰ ਰਹੀ ਹੈ। ਪੈਰ ਚੁੱਕ ਲੈ ’ਤੇ ਉਹ ਪੂਛ ਮਾਰਨੋਂ ਹੱਟ ਜਾਵੇਗੀ।” ਇਹ ਕਹਾਣੀ ਸੁਣਾ ਕੇ ਤਸਲੀਮਾ ਉਹਨਾਂ ਸੱਜਣਾ ਨੂੰ ਮੁਖਾਤਿਬ ਹੋ ਕੇ ਕਹਿਣ ਲੱਗੀ, “ਔਰਤ ਉੱਤੇ ਜ਼ੁਲਮ ਹੋ ਰਹੇ ਹਨ। ਇਸ ਲਈ ਮੈਂ ਉਸਦੇ ਹੱਕ ਵਿੱਚ ਆਵਾਜ਼ ਉੱਠਾ ਰਹੀ ਹਾਂ। ਤੁਸੀਂ ਜ਼ੁਲਮ ਕਰਨਾ ਛੱਡ ਦੇਵੋ। ਮੈਂ ਲਿਖਣਾ ਛੱਡ ਦੇਵਾਂਗੀ।”
ਅੱਗੋਂ ਉਹਨਾਂ ਨੂੰ ਕੋਈ ਜੁਆਬ ਨਾ ਆਇਆ।
ਔਰਤ ਦੇ ਹਿੱਤਾਂ ਲਈ ਸਭ ਤੋਂ ਵੱਧ ਡੱਟ ਕੇ ਲਿਖਣ ਕਾਰਨ ਪ੍ਰਸਿਧੀ ਤਾਂ ਤਸਲੀਮਾ ਨੂੰ ਪਹਿਲਾਂ ਹੀ ਕਾਫ਼ੀ ਮਿਲ ਗਈ ਸੀ। ਪਰ ਉਸਦੀ ਚਰਚਾ ਸਿਰਫ਼ ਬੰਗਲਾਦੇਸ਼ ਤੱਕ ਹੀ ਮਹਿਦੂਦ ਹੋ ਕੇ ਰਹਿ ਗਈ ਸੀ। ਫਰਵਰੀ 1993 ਵਿੱਚ ਜਦੋਂ ਉਹਨੇ ਲੱਜਾ ਨਾਵਲ ਪ੍ਰਕਾਸ਼ਿਤ ਕਰਵਾਇਆ ਤਾਂ ਸਾਰੇ ਸੰਸਾਰ ਵਿੱਚ ਤਰਥਲੀ ਮੱਚ ਗਈ। ਛਪਣ ਤੋਂ ਬਾਅਦ ਪੰਜ ਮਹੀਨਿਆਂ ਵਿੱਚ ਹੀ ਇਹਦੀਆਂ 60,000 ਕਾਪੀਆਂ ਵਿੱਕ ਗਈਆਂ। ਇਸ ਨਾਵਲ ਦੀ ਚਰਚਾ ਦਿਨੋਂ ਦਿਨ ਸਾਰੇ ਵਿਸ਼ਵ ਵਿੱਚ ਜੰਗਲ ਦੀ ਅੱਗ ਵਾਂਗ ਫੈਲਦੀ ਚਲੀ ਗਈ। ਉਸੇ ਸਾਲ ਜੁਲਾਈ ਵਿੱਚ ਬੰਗਲਾਦੇਸ਼ ਸਰਕਾਰ ਨੇ ਇਸ ਨਾਵਲ ਉੱਤੇ ਦੇਸ਼ ਅਤੇ ਕੌਮ ਦਾ ਅਮਨ ਭੰਗ ਕਰਨ ਦਾ ਦੋਸ਼ ਲਾ ਕੇ ਪਾਬੰਧੀ ਲਾ ਦਿੱਤੀ। ਉਸ ਤੋਂ ਬਾਅਦ ਸਤੰਬਰ ਵਿੱਚ ਕੱਟੜਪੰਥੀਆਂ ਵੱਲੋਂ ਤਸਲੀਮਾ ਨਸਰੀਨ ਨੂੰ ਫਤਵਾ ਲਾ ਦਿੱਤਾ ਗਿਆ ਤੇ ਉਸਦੇ ਸਿਰ ’ਤੇ ਭਾਰੀ ਨਕਦ ਇਨਾਮ ਰੱਖ ਦਿੱਤਾ ਗਿਆ। ਜਿਸ ਕਾਰਨ ਤਸਲੀਮਾ ਨੂੰ ਪਰਿਵਾਰ ਸਮੇਤ ਰੂਪੋਸ਼ ਹੋਣਾ ਪਿਆ। ਡਾਕੇ ਦੀਆਂ ਗਲੀਆਂ ਬਜ਼ਾਰਾਂ ਵਿੱਚ ਤਸਲੀਮਾ ਦੇ ਖੂਨ ਦੇ ਪਿਆਸਿਆਂ ਵੱਲੋਂ ਉਹਦੇ ਵਿਰੁਧ ਰੋਸ ਵਿਖਾਵੇ ਕੀਤੇ ਗਏ ਅਤੇ ਉਸਦੇ ਪੁਤਲੇ ਸਾੜੇ ਗਏ। ਇਕ ਔਰਤ ਹੋਣ ਦੇ ਬਾਵਜੂਦ ਉਸਦਾ ਸਾਹਸ ਕਾਬਲ-ਏ-ਦਾਦ ਹੈ। ਉਸਨੇ ਹੌਂਸਲਾ ਨਹੀਂ ਛੱਡਿਆ। ਨਾ ਹੀ ਡਰੀ ਅਤੇ ਨਾ ਹੀ ਜਰਕੀ ਹੈ। ਸਗੋਂ ਪਹਿਲਾਂ ਵਾਂਗ ਆਪਣੇ ਅਕੀਦੇ ਉੱਤੇ ਦ੍ਰਿੜਤਾ ਨਾਲ ਡਟੀ ਹੋਈ ਹੈ ਤੇ ਮਾਣ ਨਾਲ ਸਿਰ ਉੱਚਾ ਕਰਕੇ ਕਹਿੰਦੀ ਹੈ, “...none of these things have shaken my determination to continue the battle against religious persecution, genocide and communalism.” And “I am not afraid of any challenge or threat to my life.” ਅਸ਼ਕੇ! ਵਾਰੇ-ਵਾਰੇ ਜਾਈਏ ਇਹੋ ਜਿਹੀ ਦਲੇਰੀ ’ਤੇ।
ਲੱਜਾ ਦੀ ਮਸ਼ਹੂਰੀ ਤੋਂ ਬਾਅਦ ਤਸਲੀਮਾ ਦਾ ਜ਼ਿਕਰ ਸਾਰੇ ਹੱਦਾਂ-ਬੰਨ੍ਹੇ ਤੋੜ ਕੇ ਹੜ੍ਹਾਂ ਦੇ ਪਾਣੀ ਵਾਂਗ ਚਾਰੇ ਕੂੰਟੀ ਫੈਲ ਗਿਆ। ਅੱਜ ਬੱਚਾ-ਬੱਚਾ ਉਹਦੇ ਨਾਂ ਤੋਂ ਵਾਕਿਫ ਹੈ। ਹਾਲਾਂਕਿ ਉਸਦਾ ਅਕਸ ਨਾਰੀਵਾਦੀ ਲੇਖਕਾਂ ਵਜੋਂ ਬਣਿਆ ਹੋਇਆ ਹੈ, ਪਰ ਉਹ ਦੇਸ਼, ਲਿੰਗ ਅਤੇ ਮਜ਼ਹਬ ਦੀਆਂ ਕੱਚ ਜੜੀਆਂ ਵਲਗਣਾਂ ਨੂੰ ਟੱਪ ਕੇ ਨਿਰੋਲ ਮਾਨਵਤਾ ਦੀ ਬਾਤ ਪਾਉਂਦੀ ਹੈ। ਤਸਲੀਮਾ ਮੁਤਾਬਕ ਧਰਮ ਇੱਕ ਸੰਸਥਾ ਦੇ ਰੂਪ ਵਿੱਚ ਔਰਤ ਨੂੰ ਦਬਾਅ ਕੇ ਰੱਖਦਾ ਹੈ ਤੇ ਉਸਦਾ ਸ਼ੋਸ਼ਣ ਕਰਦਾ ਹੈ। ਇਸ ਲਈ ਉਹ ਖੋਖਲੀਆਂ ਅਤੇ ਬੇਬੁਨੀਆਦ ਗਲਤ ਧਾਰਮਿਕ ਰੀਤੀਆਂ ਅਤੇ ਰਿਵਾਜ਼ਾਂ ਦੀਆਂ ਖੂਬ ਧੱਜੀਆਂ ਉਡਾਉਂਦੀ ਹੈ। ਕੁਰਾਨ ਹਦੀਸ, ਤਿਰਮੀਜੀ ਹਦੀਸ ਅਤੇ ਮੁਸਲਿਮ ਕਿਤਾਬ ਮਕਸੂਦਲ- ਮੋਮੇਨੀਨ ਵਿਚਲੇ ਨਸੀਹਤ ਨਾਮਿਆਂ ਨੂੰ ਉਹ ਆੜੇ ਹੱਥੀਂ ਲੈਂਦੀ। ਮਾਮਲਾ ਇਹ ਨਹੀਂ ਹੈ ਕਿ ਉਹ ਖੁਦ ਮੁਸਲਮਾਨ ਹੋ ਕੇ ਹਿੰਦੂਆਂ ਦਾ ਪੱਖ ਪੂਰਦੀ ਹੈ ਤੇ ਮੁਸਲਮਾਨਾਂ ਦੇ ਬਰਖਿਲਾਫ ਲਿਖਦੀ ਹੈ। ਨਹੀਂ! ਉਸਨੇ ਆਪਣੀ ਪੁਸਤਕ ਔਰਤ ਕੇ ਹੱਕ ਮੇਂ। ਵਿੱਚ ਹਿੰਦੂ ਸੰਪਰਦਾਇਕਤਾ ਦਾ ਵੀ ਡੱਟਵਾਂ ਵਿਰੋਧ ਕੀਤਾ ਹੈ। ਉਹ ਤਾਂ ਧਰਮਾਂ ਮਜ਼ਹਬਾਂ ਦੇ ਨਾਮ ਹੇਠ ਫੈਲ ਰਹੀਆਂ ਗਲਤ ਧਾਰਨਾਵਾਂ ਅਤੇ ਦੁਰਾਚਾਰ ਦੇ ਕੋਹੜ ਨੂੰ ਨਿਰਪੱਖਤਾ ਨਾਲ ਬਿਆਨ ਕਰਦੀ ਅਤੇ ਨਿੰਦਦੀ ਹੈ। ਜੇ ਮਹਾਂਭਾਰਤ ਵਰਗੇ ਗ੍ਰੰਥ ਦਾ ਸਲੋਕ ਕਹਿੰਦਾ ਹੈ ਕਿ, ਨਾ ਇਸਤਰੀ ਸਵਾਤੰਤਰਮਰਹਤੀ ਤਾਂ ਫਿਰ ਵੀ ਉਹ ਚੁੱਪ ਨਹੀਂ ਰਹਿੰਦੀ ਤੇ ਹੱਥ ਖੜ੍ਹਾ ਕਰਕੇ ਪੁੱਛਦੀ ਹੈ ਕਿ ਕਿਉਂ? ਕਿਉਂ ਨਹੀਂ ਸਵੰਤਤਰਤਾ ਤੇ ਔਰਤ ਦਾ ਅਧਿਕਾਰ?
ਇਸੇ ਪ੍ਰਕਾਰ ਤਸਲੀਮਾ ਆਪਸਤੱਬ ਧਰਮਸੂਤਰ ਤੇ ਉਂਗਲ ਧਰਕੇ ਪੁੱਛਦੀ ਹੈ ਕਿ ਔਰਤ ਹੋਮ-ਹਵਨ ਕਿਉਂ ਨਹੀਂ ਕਰ ਸਕਦੀ? ਇੰਝ ਉਹ ਸਤਪਥ ਬ੍ਰਹਾਮਣ, ਬੋਧਾਯਿਨ ਧਰਮਸੂਤਰ, ਬ੍ਰਹਮਦਾਰਣਯਕ ਉਪਨਿਸ਼ਦ, ਮੈਤ੍ਰੈਯਣੀ ਸੰਹਿਤਾ, ਤੈਤਰੀਯ ਸੰਹਿਤਾ, ਏਤਰੇਯ ਬ੍ਰਾਹਮਣ, ਗ੍ਰਹਿ ਸੂਤਰ, ਵਸ਼ਿਸ਼ਠ ਧਰਮ ਸੂਤਰ ਆਦਿ ਗ੍ਰੰਥਾਂ ਤੇ ਵੀ ਨਿਝਿਜਕ ਹੋ ਕੇ ਉਂਗਲ ਰੱਖਦੀ ਹੈ।
2 ਫਰਵਰੀ 1968 ਨੂੰ ਸ਼ਾਰਦੀਯ ਦੇਸ਼ ਵਿੱਚ ਪ੍ਰਕਾਸ਼ਿਤ ਹੋਏ ਨਾਵਲਿਸਟ ਸਮਰੇਸ਼ ਬਸੂ ਦੇ ਨਾਵਲ ਪ੍ਰਜਾਪਤੀ ਉੱਤੇ ਦੂਜੇ ਲੇਖਕਾਂ ਦੇ ਕਹਿਣ ’ਤੇ ਅਸ਼ਲੀਲਤਾ ਦਾ ਦੋਸ਼ ਲਾ ਕੇ ਰੋਕ ਲਾ ਦਿੱਤੀ ਤਾਂ ਤਸਲੀਮਾਂ ਨੇ ਸਮਰੇਸ਼ ਬਸੂ ਦੇ ਹੱਕ ਵਿੱਚ ਲਿਖਿਆ ਅਤੇ ਧਾਰਮਿਕ ਗ੍ਰੰਥਾਂ ਵਿਚੋਂ ਹਵਾਲੇ ਦੇ ਕੇ ਸਾਬਤ ਕੀਤਾ ਕਿ ਜੇ ਇਸਤਰੀ ਪੁਰਸ਼ ਮਿਲਨ ਗੰਦੀ ਗੱਲ ਹੈ ਤੇ ਉਸਦਾ ਬੇਬਾਕੀ ਨਾਲ ਚਿਤਰਣ ਕਰਨ ਵਾਲਾ ਸਾਹਿਤ ਅਸ਼ਲੀਲ ਹੈ ਤਾਂ ਸਾਰੇ ਧਾਰਮਿਕ ਗ੍ਰੰਥ ਵੀ ਉੱਤੋਂ ਕੁੱਝ ਕਹਿ ਰਹੇ ਹਨ ਅਤੇ ਉਨ੍ਹਾਂ ਤੇ ਵੀ ਰੋਕ ਲੱਗਣੀ ਚਾਹੀਦੀ ਹੈ। ਇਸ ਲੇਖ ਵਿੱਚ ਉਸਨੇ, ਸੂਰਾ ਆ ਇਮਰਾਨ, ਸੂਰਾ ਬਕਾਰਾ, ਸੂਰਾ ਯੂਸਫ ਆਦਿ ਆਇਤਾਂ ਦੇ ਹਵਾਲੇ ਵੀ ਦਿੱਤੇ ਸਨ।
ਪੂਰਵਾਭਾਸ ਪੱਤ੍ਰਿਕਾ ਲਈ ਤਸਲੀਮਾ ਦੇ ਕਈ ਵਰ੍ਹੇ ਲਿਖਿਆ ਹੈ ਤੇ ਲੱਜਾ ਛਪੇ ਤੋਂ ਉਸੇ ਮੈਗਜ਼ੀਨ ਨੇ ਸਭ ਤੋਂ ਵੱਧ ਤਸਲੀਮਾ ਦੇ ਖਿਲਾਫ ਲਿਖਿਆ ਸੀ।
ਲੱਜਾ ਬੰਗਲਾਦੇਸ਼ ਵਿੱਚ ਰਹਿ ਰਹੇ ਹਿੰਦੂਆਂ ਦੇ ਜੀਵਨ ਦੇ ਕੌੜੇ ਯਥਾਰਥ ਨੂੰ ਮੂਰਤੀਮਾਨ ਕਰਦੀ ਕਹਾਣੀ ਹੈ। ਵੱਡੀ ਮੱਛੀ ਦੇ ਛੋਟੀ ਮੱਛੀ ਨੂੰ ਖਾਣ ਦੇ ਸਿਧਾਂਤ ਅਨੁਸਾਰ ਬਹੁਗਿਣਤੀ ਕੌਮਾਂ ਵੱਲੋਂ ਘੱਟ ਗਿਣਤੀ ਕੌਮਾਂ ਨੂੰ ਕਿਵੇਂ ਮਧੋਲਿਆ ਅਤੇ ਮਸਲਿਆ ਜਾਂਦਾ ਹੈ। ਇੰਨਸਾਨਾਂ ਦੇ ਦਿਮਾਗ ਉੱਤੇ ਕਿਵੇਂ ਮਜ਼ਹਬੀ ਜਨੂੰਨ ਐਨਾ ਹਾਵੀ ਹੋ ਜਾਂਦਾ ਹੈ ਕਿ ਉਹ ਅੱਖਾਂ ਮੀਚ ਕੇ ਨਿਰਦੋਸ਼ ਜੀਵਾਂ ਦਾ ਘਾਣ ਕਰਨ ਲੱਗ ਜਾਂਦੇ ਹਨ। ਇੰਨਸਾਨ ਤੋਂ ਜਦੋਂ ਬੰਦਾ ਹੈਵਾਨ ਬਣ ਜਾਂਦਾ ਹੈ ਤਾਂ ਉਹ ਸ਼ਰਮਨਾਕ ਗਤੀਵਿਧੀਆਂ ਵਿੱਚ ਸਰਗਰਮ ਹੋ ਜਾਂਦਾ ਹੈ ਤੇ ਐਸੇ-ਐਸੇ ਕਾਰੇ ਕਰਦਾ ਹੈ ਕਿ ਜਿਸ ਨਾਲ ਸਾਰੀ ਮਨੁੱਖਤਾ ਲੱਜਿਤ ਹੋ ਜਾਂਦੀ ਹੈ। ਇਸ ਸਭ ਕਾਸੇ ਦੀ ਮੂੰਹ ਬੋਲਦੀ ਤਸਵੀਰ ਲੱਜਾ ਵਿੱਚ ਪੇਸ਼ ਕਰੀ ਗਈ ਹੈ। 1992 ਵਿੱਚ ਬੰਗਲਾਦੇਸ਼ ਵਿੱਚ ਹੋਏ ਖੂਨੀ ਸਾਕੇ ਲਈ ਤਸਲੀਮਾ ਸਾਰੇ ਬੰਗਲਾਦੇਸ਼ ਦੇ ਵਾਸੀਆਂ ਨੂੰ ਦੋਸ਼ੀ ਠਹਿਰਾਉਂਦੀ ਹੋਈ ਲਾਹਨਤ ਪਾ ਕੇ ਆਖਦੀ ਹੈ, “All of us who love Bangladesh should feel ashamed that such a terrible thing could happen in our beautiful country. The riots that took place in 1992 in Bangladesh are the responsibility of us all, and we are all to blame. Lajja is a docoment of our collective defeat.”
ਅਕਤੂਬਰ 1990 ਵਿੱਚ ਜਦੋਂ ਰਾਮ ਜਨਮ ਭੂਮੀ ਤੇ ਬਾਬਰੀ ਮਸਜਿਦ ਨੂੰ ਭੰਨ੍ਹ ਕੇ ਮੰਦਰ ਉਸਾਰਨ ਦਾ ਮਾਮਲਾ ਖੜ੍ਹਾ ਹੋਇਆ ਸੀ ਤੇ ਵਿਸਵ ਮੀਡੀਏ(ਖਾਸ ਕਰ CNN) ਨੇ ਇਸਨੂੰ ਉਭਾਰਿਆ ਤਾਂ ਉਸ ਵਕਤ ਗੁੱਸੇ ਵਿੱਚ ਆ ਕੇ ਬੰਗਲਾਦੇਸ਼ ਦੇ ਕੱਟੜ ਮੁਸਲਮਾਨਾਂ ਵੱਲੋਂ ਮੰਦਰਾਂ ਦੀ ਤੋੜ੍ਹ-ਫੋੜ੍ਹ ਕੀਤੀ ਗਈ ਸੀ। ਦੇਵੀ ਦੇਵਤਿਆਂ ਦੀਆਂ ਮੂਰਤੀਆਂ ਤਹਿਸ-ਨਹਿਸ ਕੀਤੀਆਂ ਗਈਆਂ ਸਨ। ਮੁਲਖ ਦੇ ਹਿੰਦੂ ਬਾਸ਼ੀਦਿਆਂ ਦੀਆਂ ਜਾਇਦਾਦਾਂ ਲੁੱਟੀਆਂ ਗਈਆਂ। ਉਨ੍ਹਾਂ ਤੇ ਬੰਬ ਸਿੱਟੇ ਗਏ। ਅੱਗਾਂ ਲਾਈਆਂ ਗਈਆਂ। ਅਕਹਿ ਖੂਨ ਖਰਾਬਾ ਹੋਇਆ ਅਤੇ ਪੁਲੀਸ ਤਮਾਸ਼ਬੀਨ ਬਣ ਕੇ ਇਸ ਸਾਰੇ ਭਾਣੇ ਨੂੰ ਦੇਖਦੀ ਰਹੀ ਸੀ। ਉਸ ਵਕਤ ਬਹੁਤ ਸਾਰੇ ਨਿਰਦੋਸ਼ ਇਨ੍ਹਾਂ ਦੰਗਿਆਂ ਦੀ ਭੇਂਟ ਚੜ੍ਹ ਗਏ ਸਨ। ਕੁੱਝ ਕੁ ਨੇ ਇਸ ਤਨਾਉਪੂਰਬਕ ਸਥਿਤੀ ਵਿੱਚ ਚੰਗੇ ਮੁਸਲਿਮ ਲਿਹਾਜੀਆਂ ਦੇ ਘਰ ਸ਼ਰਨ ਲਈ ਸੀ। ਬਾਕੀ ਬਚੇ-ਖੁਚੇ ਹਿੰਦੂ ਬੰਗਲਾਦੇਸ਼ ਤੋਂ ਹਿਜ਼ਰਤ ਕਰਕੇ ਭਾਰਤ ਆ ਗਏ ਸਨ। ਹਾਲਾਤਾਂ ਵਿੱਚ ਆਇਆ ਉਬਾਲਾ ਕੁੱਝ ਦੇਰ ਲਈ ਟਲ੍ਹ ਗਿਆ ਸੀ।
ਉਸ ਤੋਂ ਬਾਅਦ ਭਾਰਤ ਵਿੱਚ 6 ਜੂਨ 1992 ਨੂੰ ਬਾਬਰੀ ਮਸਜਿਦ ਢਾਹੇ ਜਾਣ ਬਾਅਦ ਉਹੀ ਘਟਨਾਵਾਂ ਦੁਬਾਰਾ ਫਿਰ ਬੰਗਲਾਦੇਸ਼ ਵਿੱਚ ਵਾਪਰਦੀਆਂ ਹਨ। ਉਥੋਂ ਦੇ ਮੁਸਲਮਾਨ ਮੂਲਵਾਦੀ ਬਦਲੇ ਦੀ ਭਾਵਨਾ ਨਾਲ ਸਥਾਨਕ ਹਿੰਦੂਆਂ ਉੱਤੇ ਟੁੱਟ ਪੈਂਦੇ ਹਨ। ਤੇ ਫੇਰ ਉਹੀ ਕੁੱਝ ਹੁੰਦਾ ਹੈ ਜੋ 1947 ਵਿੱਚ ਭਾਰਤ ਪਾਕ ਵੰਡ ਵੇਲੇ ਹੋਇਆ ਸੀ ਜਾਂ 1984 ਵੇਲੇ ਦਿੱਲੀ ਦੰਗਿਆਂ ਵਿੱਚ। ਖੌਰੇ ਕਦੋਂ ਇੰਨਸਾਨ ਸਮਝੂਗਾ। ਵਾਰ-ਵਾਰ ਉਸੇ ਇਤਿਹਾਸ ਨੂੰ ਦੁਹਰਾਇਆ ਜਾ ਰਿਹਾ ਹੈ। ਬੰਗਲਾਦੇਸ਼ ਵਿੱਚ ਝੁੱਲਦੀ ਉਹ ਕਹਿਰ ਦੀ ਹਨੇਰੀ ਦੇਖ ਕੇ ਤਸਲੀਮਾ ਝੰਜੋੜੀ ਜਾਂਦੀ ਹੈ ਕਲਮ ਚੁੱਕ ਕੇ ਸੱਤਾਂ ਦਿਨਾਂ ਵਿੱਚ ਸ਼ਾਹਕਾਰ ਤੇ ਅਮਰ ਹੋ ਜਾਣ ਵਾਲੀ ਰਚਨਾ ਰਚ ਮਾਰਦੀ ਹੈ। ਨਾਵਲ ਵਿੱਚ ਦਰਸਾਇਆ ਗਿਆ ਜਦੋਂ ਇੰਨਸਾਨ ਇੰਸਾਨੀਅਤ ਤੋਂ ਗਿਰੀਆਂ ਹਰਕਤਾਂ ਕਰਨ ਲੱਗ ਜਾਂਦਾ ਹੈ ਤਾਂ ਇਸ ਸਾਰੇ ਕਾਰੇ ਨੂੰ ਦੇਖ ਕੇ ਹਰ ਸੰਵੇਦਨਾਸ਼ੀਲ ਹਿਰਦਾ ਲੱਜਿਤ! ਹੋ ਜਾਂਦਾ ਹੈ। ਬਸ ਉਸੇ ਵਹਿਸ਼ੀਅਤ ਦੇ ਤਾਡਵ ਨੂੰ ਨੰਗਾ ਕਰਕੇ ਨਸ਼ਰ ਕਰਨ ਦੀ ਗਾਥਾ ਹੈ ਇਹ ਲੱਜਾ।
ਲੱਜਾ ਦੀ ਸਾਰੀ ਕਹਾਣੀ ਦੱਤ ਗੋਤ ਦੇ ਪਰਿਵਾਰ ਦੇ ਇਰਦ-ਗਿਰਦ ਹੀ ਘੁੰਮਦੀ ਹੈ, ਜੋ ਕਿ ਮੁਸਲਮਾਨਾਂ ਦੀ ਬਹੁਗਿਣਤੀ ਵਾਲੇ ਦੇਸ਼ ਬੰਗਲਾਦੇਸ਼ ਵਿੱਚ ਘੱਟਗਿਣਤੀ ਵਾਲੇ ਹਿੰਦੂ ਪਰਿਵਾਰਾਂ ਵਿੱਚੋਂ ਇੱਕ ਹੈ। ਇਸ ਪਰਿਵਾਰ ਦੇ ਚਾਰ ਜੀਅ ਹਨ, ਸੁਧਾਮਯ, ਪਰਿਵਾਰ ਦਾ ਮੁੱਖੀ। ਕਿਰਨਮਈ ਉਸਦੀ ਪਤਨੀ। ਸੁਰਜਨ ਉਹਨਾਂ ਦਾ ਪੁੱਤਰ ਅਤੇ ਨੀਲਾਂਜਨਾ ਦੱਤ ਉਰਫ ਮਾਇਆ ਉਹਨਾਂ ਦੀ ਲੜਕੀ। ਸੁਧਾਮਯ ਨੇ ਬੰਗਲਾਦੇਸ਼ ਲਈ ਅਨੇਕਾਂ ਕੁਰਬਾਨੀਆਂ ਦਿੱਤੀਆਂ ਹੁੰਦੀਆਂ ਹਨ। ਪਾਕਸਤਾਨ ਤੋਂ ਬੰਗਲਾਦੇਸ਼ ਲੈਣ ਵਿੱਚ ਬੰਗਾਲੀਆਂ ਵੱਲੋਂ ਦਿੱਤੀਆਂ ਤਿੰਨ ਮੀਲੀਅਨ ਬਲੀਆਂ ਵਿੱਚੋਂ ਦੋ ਸੁਧਾਮਯ ਦੇ ਭਰਾਵਾਂ ਅਤੇ ਤਿੰਨ ਸਾਲਿਆਂ ਦੀਆਂ ਜਾਨਾਂ ਦਾ ਯੋਗਦਾਨ ਵੀ ਹੈ। ਇਸ ਦੇ ਬਾਵਜੂਦ ਵੀ ਜ਼ਿੰਦਗੀ ਵਿੱਚ ਪੈਰ-ਪੈਰ ’ਤੇ ਉਸ ਪਰਿਵਾਰ ਨਾਲ ਵਿਤਕਰਾ ਕੀਤਾ ਜਾਂਦਾ ਹੈ। ਇਸ ਪਰਿਵਾਰ ਨੂੰ ਵੀ ਬਾਕੀ ਹੋਰ ਹਿੰਦੂ ਪਰਿਵਾਰਾਂ ਵਾਂਗ ਆਪਣੇ ਜੀਵਨ ਵਿੱਚ ਅਨੇਕਾਂ ਜ਼ੁਲਮ, ਅਨਿਆਏ ਅਤੇ ਧੱਕੇ ਸਹਿਣ ਕਰਨੇ ਪੈਂਦੇ ਹਨ। ਪਰ ਫਿਰ ਵੀ ਉਹ ਜਿਵੇਂ ਕਿਵੇਂ ਉਥੇ ਦਿਨ ਕਟੀ ਕਰੀ ਜਾ ਰਹੇ ਹਨ। ਅਜਿਹਾ ਕਰਨ ਲਈ ਉਨ੍ਹਾਂ ਨੂੰ ਜੋ ਵੀ ਸਮਝੌਤੇ ਕਰਨੇ ਪੈਂਦੇ ਹਨ ਉਹ ਕਰੀ ਜਾ ਰਹੇ ਹਨ। ਮਸਲਨ, ਮਾਇਆ ਨੀਲਾਂਜਨਾ ਦੱਤ ਤੋਂ ਫਿਰੋਜਾ ਬੇਗਮ ਬਣ ਲਈ ਤਿਆਰ ਹੈ। ਸੁਧਾਮਯ 1975 ਤੋਂ ਧੋਤੀ ਲਾਹ ਕੇ ਪੰਜਾਮਾ ਪਹਿਨਣ ਲੱਗ ਪੈਂਦਾ ਹੈ ਤੇ ਕਿਰਨਮਈ ਨੇ 1971 ਤੋਂ ਹਿੰਦੂਤਵ ਦਾ ਸਬੂਤ ਸੁਹਾਗ ਦੀ ਸੰਖਾ ਅਤੇ ਸਿੰਧੂਰ ਪਾਉਣਾ ਛੱਡ ਦਿੱਤਾ ਸੀ, ਆਦਿ।
ਸੁਰਜਨ ਬਹੁਤ ਹੀ ਪੜ੍ਹਿਆ ਲਿਖਿਆ ਹੈ। ਪਰ ਉਸਨੂੰ ਫਿਰ ਵੀ ਹਿੰਦੂ ਹੋਣ ਕਰਕੇ ਨੌਕਰੀ ਨਹੀਂ ਮਿਲਦੀ। ਉਸ ਨਾਲ ਹਰ ਪੜ੍ਹਾਅ ’ਤੇ ਵਿਤਕਰਾ ਕੀਤਾ ਜਾਂਦਾ ਹੈ। ਉਸ ਤੋਂ ਘੱਟਯੋਗਤਾ ਵਾਲੇ ਮੁਸਲਮਾਨ ਅਸਾਨੀ ਨਾਲ ਨੌਕਰੀ ਹਥਿਆ ਜਾਂਦੇ ਹਨ।
ਮੂਲ ਰੂਪ ਵਿੱਚ ਇਹ ਦੰਗਿਆਂ ਦੌਰਾਨ ਦੱਤ ਪਰਿਵਾਰ ਵੱਲੋਂ ਬਿਤਾਏ ਉਨ੍ਹਾਂ ਸਹਿਮ ਭਰੇ ਪਲਾਂ ਦੀ ਹੀ ਦਾਸਤਾਨ ਹੈ ਪਰ ਤਸਲੀਮਾ ਨੇ ਇਸਨੂੰ ਕੁੱਝ ਦਹਿਸ਼ਤਵਾਦੀ ਦਿਨਾਂ ਤੱਕ ਹੀ ਸੀਮਿਤ ਨਹੀਂ ਰੱਖਿਆ ਸਗੋਂ ਫਲੈਂੱਸ਼ ਬੈਂੱਕ ਦੀ ਵਿਧੀ ਵਰਤ ਕੇ ਪਾਤਰਾਂ ਦੇ ਗੁਜ਼ਰੇ ਜੀਵਨ ਤੋਂ ਵੀ ਜਾਣੂ ਕਰਵਾਇਆ ਹੈ ਤੇ ਇਸਦੇ ਨਾਲ-ਨਾਲ ਹੀ ਨਾਵਲ ਦਾ ਘਟਨਾਕਾਲ 1906 ਮੁਸਲਿਮ ਲੀਗ ਦੇ ਜਨਮ ਵੇਲੇ ਤੱਕ ਪਸਾਰ ਕੇ ਸਮੱਸਿਆ ਦੀਆਂ ਜੜ੍ਹਾਂ ਨੂੰ ਵੀ ਜਾ ਹੱਥ ਪਾਇਆ ਹੈ।
ਬਹੁਤ ਸਾਰੇ ਹਿੰਦੂ ਪਰਿਵਾਰ 1947 ਅਤੇ ਫਿਰ ਬੰਗਲਾਦੇਸ਼ ਬਣੇ ਤੋਂ ਮੁਲਖ ਛੱਡ ਕੇ ਹਿੰਦੁਸਤਾਨ ਵਿੱਚ ਆ ਵਸਦੇ ਸਨ। ਪਰ ਸੁਧਾਮਯ ਦੇ ਪਿਤਾ ਸੁਕੁਮਾਰ ਵਰਗੇ ਕੁੱਝ ਪਰਿਵਾਰ ਉੱਥੇ ਇਹ ਆਖ ਕੇ ਟਿਕੇ ਰਹਿੰਦੇ ਹਨ ਕਿ ਬੰਗਲਾਦੇਸ਼ ਉਹਨਾਂ ਦੀ ਮਾਤਰਭੂਮੀ ਹੈ। ਉਹ ਕਿਉਂ ਛੱਡਣ ਆਪਣੀ ਧਰਤੀ ਅਤੇ ਪੁਰਖਿਆ ਦੀ ਵਿਰਾਸਤ ਨੂੰ? ਸੁਕੁਮਾਰ ਨੂੰ ਜਦੋਂ ਉਜੜ ਕੇ ਜਾ ਰਹੇ ਹਿੰਦੂ ਭਰਾ ਇਹ ਆਖਦੇ ਹਨ ਕਿ, “ਚਲੋ, ਭਾਰਤ ਚੱਲੀਏ। ਇਹ ਮੁਸਲਮਾਨਾਂ ਦਾ ਹੋਮਲੈਂਡ। ਹਿੰਦੂ ਜ਼ਿੰਦਗੀ ਦੀ ਇੱਥੇ ਕੋਈ ਗਰੰਟੀ ਨਹੀਂ।” ਤਾਂ ਅੱਗੋਂ ਸੁਕੁਮਾਰ ਉਨ੍ਹਾਂ ਲੋਕਾਂ ਨੂੰ ਕਾਵਰਡ (ਕਾਇਰ) ਦੇ ਵਿਸ਼ੇਸ਼ਨ ਨਾਲ ਸੰਬੋਧਨ ਕਰਕੇ ਝੱਟ ਜੁਆਬ ਦਿੰਦੇ ਹਨ, “ਗਰੰਟੀ ਤਾਂ ਕਿਤੇ ਵੀ ਨਹੀਂ। ਤੁਸੀਂ ਲੋਕ ਜਾਂਦੇ ਹੋ ਤਾਂ ਜਾਉ। ਮੈਂ ਆਪਣੇ ਪੁਰਖਿਆਂ ਦੀ ਭੂਮੀ ਨੂੰ ਨਹੀਂ ਛੱਡਾਂਗਾ।”
ਸੁਕੁਮਾਰ ਵਾਲੇ ਇਹੀ ਸੰਸਕਾਰ ਅੱਗੋਂ ਉਸਦਾ ਪੁੱਤਰ ਸੁਧਾਮਯ ਅਪਨਾ ਲੈਂਦਾ ਹੈ।1952 ਵਿੱਚ ਜਦੋਂ ਮਹੁੰਮਦ ਅਲੀ ਜਿਨਾਹ ਨੇ ਨਾਹਰਾ ਲਾਇਆ ਕਿ ਉਰਦੂ ਹੀ ਪਾਕਿਸਤਾਨ ਦੀ ਰਾਸ਼ਟਰ ਭਾਸ਼ਾ ਹੋਵੇਗੀ ਤਾਂ ਬੰਗਾਲੀਆਂ ਦਾ ਖੂਨ ਖੌਲ ਉਠੀਆ ਸੀ। ਉਹਨਾਂ ਨੇ ਜੰਗ-ਏੇ-ਆਜ਼ਾਦ ਅਤੇ ਪਾਕਸਤਾਨ ਬਣਨ ਵਿੱਚ ਪਾਏ ਆਪਣੇ ਸ਼ਹਾਦਤਾਂ ਦੇ ਯੋਗਦਾਨ ਬਦਲੇ ਬਣਦਾ ਆਪਣਾ ਹਿੱਸਾ ਮੰਗਿਆ ਸੀ ਤੇ ਬੰਗਾਲੀ ਨੂੰ ਰਾਸ਼ਟਰ ਭਾਸ਼ਾ ਦਾ ਦਰਜ਼ਾ ਦਿਵਾਉਣ ਲਈ ਸੰਘਰਸ਼ ਜਾਰੀ ਕਰ ਦਿੱਤਾ ਸੀ। ਸੁਧਾਮਯ ਉਦੋਂ ਉਨੀ-ਵੀਹ ਵਰ੍ਹਿਆਂ ਦੇ ਜਵਾਨ ਹੋਣ ਕਰਕੇ ਹਰ ਮੋਰਚੇ ਵਿੱਚ ਮੋਹਰੀ ਰਿਹਾ ਸੀ। ਜਲਸਿਆਂ-ਜਲੂਸਾਂ ਵਿੱਚ ਉਹ ਵੱਧ-ਚੜ੍ਹ ਕੇ ਸ਼ਿਰਕਤ ਕਰਦਾ ਰਿਹਾ ਸੀ। ਉਸਨੇ ਵੀ ਬਾਕੀ ਬੰਗਾਲੀਆਂ ਵਾਂਗ ਪੁਲਿਸ ਦਾ ਤਸ਼ੱਦਦ ਆਪਣੇ ਪਿੰਡੇ ਉੱਤੇ ਸਹਿਨ ਕੀਤਾ ਸੀ। ਆਪਣੇ ਸਾਥੀ ਰਫੀਕ, ਸਲੀਮ, ਬਰਕਤ ਤੇ ਜੱਬਾਰ ਨੂੰ ਗੋਲੀ ਲੱਗਣ ਵੇਲੇ ਵੀ ਉਨ੍ਹਾਂ ਦੇ ਮੋਡੇ ਨਾਲ ਮੋਡਾ ਲਾਈ ਖੜ੍ਹਾ ਸੀ।
1969 ਦੇ ਅੰਦੋਲਨ ਵਿੱਚ ਵੀ ਪਿਛੇ ਨਹੀਂ ਸੀ ਰਿਹਾ। ਆਯੂਬ ਖਾਂ ਦੇ ਹੁਕਮ ਤੇ ਪੁਲੀਸ ਨੇ ਫਾਇਰਿੰਗ ਕਰਕੇ ਕੁੱਝ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਤਾਂ ਸੁਧਾਮਯ ਨੇ ਵੀ ਮੈਮਨ ਸਿੰਘ ਦੀਆਂ ਸੜਕਾਂ ਤੇ ਦੂਜੇ ਬੰਗਾਲੀਆਂ ਵਾਂਗ ਪਾਕਸਤਾਨੀ ਸੈਨਿਕਾਂ ਵਿਰੁੱਧ ਰੋਸ ਮੁਜਾਹਿਰਾ ਕੀਤਾ ਸੀ। 1952 ਭਾਸ਼ਾ ਅੰਦੋਲਨ 1954 ਦੀ ਸੰਯੁਕਤ ਫਰੰਟ ਚੋਣ, 1962 ਸਿੱਖਿਆ ਅੰਦੋਲਨ 1964 ਫੌਜੀ ਰਾਜ ਵਿਰੋਧੀ ਅੰਦੋਲਨ, 1966 ਦੇ ਅੰਦੋਲਨ 1970 ਦੀਆਂ ਚੋਣਾਂ, 1971 ਦਾ ਮੁਕਤੀ ਯੁੱਧ। ਗੱਲ ਕੀ ਬੰਗਲਦੇਸ਼ ਦੀ ਬਿਹਤਰੀ ਵਾਲੀ ਕਿਸੇ ਵੀ ਮੁਹਿੰਮ ਵਿੱਚ ਸੁਧਾਮਯ ਫਾਡੀ ਨਹੀਂ ਸੀ ਰਿਹਾ।
ਵਤਨ ਦੇ ਮੁਸਤੱਕਬਿਲ ਨੂੰ ਸੁਆਰਨ ਲਈ ਜਦੋ-ਜਹਿਦ ਕਰਦਿਆਂ 25 ਮਾਰਚ 1971 ਪਾਕਸਤਾਨੀ ਸੈਨਿਕਾਂ ਨੇ ਸੁਧਾਮਯ ਨੂੰ ਘੇਰ ਲਿਆ ਸੀ। ਗਿਰਫਤਾਰ ਹੋਇਆ ਪੁੱਛ-ਗਿਛ ਵੇਲੇ ਉਹ ਆਪਣੇ ਪਿਤਾ ਦਾ ਨਾਂ ਸੁਕੁਮਾਰ ਦੱਤ ਤੇ ਦਾਦੇ ਦਾ ਜੋਤੀਰਾਮਯ ਦੱਤ ਆਦਿ ਸਭ ਭੁੱਲ ਗਿਆ ਸੀ ਤੇ ਇਥੋਂ ਤੱਕ ਕਿ ਬਚਣ ਲਈ ਉਸਨੇ ਆਪਣਾ ਨਾਮ ਸਿਰਾਜੁਦੀਨ ਹੁਸੈਨ ਦੱਸਿਆ ਸੀ। ਪਾਕਸਤਾਨੀ ਸੈਨਿਕਾਂ ਨੂੰ ਸ਼ੱਕ ਹੋ ਗਿਆ ਸੀ ਤੇ ਉਹਨਾਂ ਨੇ ਉਸਦੀ ਲੂੰਗੀ ਖੁੱਲ੍ਹਵਾ ਲਿੱਤੀ ਸੀ। ਕਈ ਦਿਨ ਸੁਧਾਮਯ ਉੱਤੇ ਟਾਰਚਰ ਸੈਲ ਵਿੱਚ ਅੰਨ੍ਹਾ ਤਸ਼ੱਦਦ ਹੁੰਦਾ ਰਿਹਾ ਸੀ। ਪਾਣੀ ਮੰਗਣ ਉੱਤੇ ਸਿਪਾਹੀ ਸੁਧਾਮਯ ਦੇ ਮੂਹਰੇ ਪਿਸ਼ਾਬ ਕਰਕੇ ਉਸਨੂੰ ਪਿਲਾਉਂਣ ਦੀ ਕੋਸ਼ਿਸ਼ ਕਰਦੇ। ਫਿਰ ਛੱਤ ਵਾਲੇ ਪੱਖੇ ਨਾਲ ਬੰਨ੍ਹ ਕੇ ਕੁੱਟਦੇ ਤੇ ਅੱਧ ਮੋਇਆ ਕਰ ਦਿੰਦੇ। ਇੱਥੇ ਲੱਜਾ ਨਾਵਲ ਵਿੱਚ ਬਿਲਕੁੱਲ ਅਲੇਕਸ ਹੈਲੀ ਦੇ ਨਾਵਲ ROOTS ਵਾਲੀ ਸਥਿਤੀ ਹੁੰਦੀ ਹੈ। ਜਿਵੇਂ ਉਸ ਵਿੱਚ ਹਬਸ਼ੀ ਮੁੰਡੇ ਕੁੰਟਾ-ਕੁੰਟੇ ਨੂੰ ਆਪਣਾ ਨਾਮ ਟੋਬੀ ਨਾ ਕਹਿਣ ਤੇ ਕੋੜੇ ਪੈਂਦੇ ਹਨ। ਉਵੇਂ ਸੁਧਾਮਯ ਨੂੰ ਮੁਸਲਮਾਨ ਬਣਨ ਲਈ ਕਿਹਾ ਜਾਂਦਾ ਹੈ। ਉਹ ਜਬਰੀ ਸਰਕਮਸ਼ਿਸਨ (ਸੁਨੱਤ) ਕਰਕੇ ਮੁਸਲਮਾਨ ਬਣਾਉਣ ਲਈ ਲਿੰਗ ਕੱਟ ਦਿੰਦੇ ਹਨ।- ਬੰਗਲਾਦੇਸ਼ ਆਜ਼ਾਦ ਮੁਲਖ ਬਣੇ ਤੋਂ ਜਖਮੀ ਹੋਇਆ ਸੁਧਾਮਯ ਗ਼ਮਗੀਨ ਪਿਆ ਹੁੰਦਾ ਹੈ ਤੇ ਲੋਕ ਖੁਸ਼ੀ ਵਿੱਚ ਜੈ ਬਾਂਗਲਾ ਆਮਰ ਬਾਂਗਲਾ ਦੇ ਜੈਕਾਰੇ ਲਾ ਰਹੇ ਹੁੰਦੇ ਹਨ।
ਸੁਧਾਮਯ ਦੀ 6 ਸਾਲ ਲੜਕੀ ਮਾਇਆ ਨੂੰ ਕੁੱਝ ਲੋਕ ਚੁੱਕ ਕੇ ਲੈ ਜਾਂਦੇ ਹਨ ਤੇ ਤਿੰਨ ਚਾਰ ਦਿਨ ਬਾਅਦ ਛੱਡ ਕੇ ਜਾਂਦੇ ਹੋਏ ਇਹ ਧਮਕੀ ਦੇ ਜਾਂਦੇ ਹਨ ਕਿ ਉਸਦੀ ਸਲਾਮਤੀ ਲਈ ਸੁਧਾਮਯ ਨੂੰ ਲਗਾਤਾਰ ਪੈਸੇ ਦਿੰਦੇ ਰਹਿਣਾ ਪਵੇਗਾ।
ਉਸ ਤੋਂ ਵੱਧ ਕੇ ਉਹਨਾਂ ਨੂੰ ਗੁਆਂਡੀ ਸ਼ੌਕਤ ਅਲੀ ਤੰਗ ਕਰਦਾ ਹੈ ਜੋ ਕਿ ਉਨ੍ਹਾਂ ਦੇ ਘਰ ਤੇ ਕਬਜ਼ਾ ਕਰਨ ਲਈ ਜਾਅਲੀ ਕਾਗ਼ਜ਼ ਬਣਾਈ ਫਿਰਦਾ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਮਜ਼ਬੂਰਨ ਉਨ੍ਹਾਂ ਨੂੰ 10 ਲੱਖ ਦਾ ਮਕਾਨ ਦੋ ਲੱਖ ਵਿੱਚ ਰਈਸੁਦੀਨ ਕੋਲ ਵੇਚਣਾ ਪੈਂਦਾ ਹੈ ਤੇ ਆਪ ਉਹ ਢਾਕੇ ਜਾ ਕੇ ਕਿਰਾਏ ਦੇ ਮਕਾਨਾਂ ਵਿੱਚ ਰੁਲਦੇ ਹਨ।
ਉਥੇ ਦੇ ਮੁਸਲਿਮ ਪਰਿਵਾਰਾਂ ਵਿੱਚ ਹਿੰਦੂਆਂ ਪ੍ਰਤਿ ਐਨੀ ਨਫਰਤ ਹੁੰਦੀ ਹੈ ਕਿ ਬਚਪਨ ਤੋਂ ਹੀ ਉਹਨਾਂ ਦੇ ਬੱਚੇ ਹਿੰਦੂ ਬੱਚਿਆਂ ਨਾਲ ਦੁਰ-ਵਿਹਾਰ ਕਰਨ ਲੱਗ ਜਾਂਦੇ ਹਨ ਤੇ ਉਨ੍ਹਾਂ ਨੂੰ ਅਛੂਤ ਸਮਝਦੇ ਹਨ। ਇਸ ਤੱਥ ਦਾ ਲੱਜਾ ਨਾਵਲ ਦੇ ਸਫਾ 25 ਉੱਤੇ ਤਸਲੀਮਾ ਇੱਕ ਘਟਨਾ ਰਾਹੀਂ ਬਹੁਤ ਵਧੀਆ ਵਰਣਨ ਕਰਦੀ ਹੈ, “He had had an massive argument with boy named Khaled. When this argument had reached its peak the boys had abused each other with the worst obscenities they could summon up. It was then that Khaled had angrily refereed to him as a Hindu. Suranjan was sure that the word Hindu was a derogatory as swine or dog.”
ਸੁਰਜਨ ਤੀਜੀ ਚੌਥੀ ਜਮਾਤ ਵਿੱਚ ਪੜ੍ਹਦਾ ਹੁੰਦਾ ਹੈ ਤਾਂ ਉਸਦਾ ਖਾਲਿਦ ਨਾਮੀ ਇੱਕ ਮੁਸਲਮਾਨ ਸਹਿਪਾਠੀ ਨਾਲ ਝਗੜਾ ਹੋ ਜਾਂਦਾ ਹੈ। ਖਾਲਿਦ ਉਸਨੂੰ ਗਾਲ ਕੱਢਦਾ ਹੈ, ਤੂੰ ਕੁੱਤਾ। ਅੱਗੋਂ ਸੁਰਜਨ ਉਹਨੂੰ ਉਹੀ ਗਾਲ ਕੱਢਦਾ ਹੈ, ਤੂੰ ਕੁੱਤਾ। ਖਾਲਿਦ ਫੇਰ ਉਹਨੂੰ, ਹਰਾਮਜ਼ਾਦਾ ਆਖਦਾ ਹੈ ਤਾਂ ਸੁਰਜਨ ਉਸਨੂੰ, ਹਰਾਮਜ਼ਾਦਾ ਆਖ ਕੇ ਮੋੜਾ ਦਿੰਦਾ ਹੈ। ਇਸ ਤੋਂ ਖਾਲਿਦ ਹੋਰ ਖਿੱਝ ਜਾਂਦਾ ਹੈ ਤੇ ਚੀਖ ਕੇ ਸੁਰਜਨ ਨੂੰ ਆਖਦਾ ਹੈ, ਤੂੰ ਹਿੰਦੂ। ਸੁਰਜਨ ਤੁਰੰਤ ਉਸਨੂੰ ਉੱਤਰ ਦਿੰਦਾ ਹੈ, ਤੂੰ ਹਿੰਦੂ। ਦੇਖੋ ਇਸ ਛੋਟੀ ਜਿਹੀ ਘਟਨਾ ਨਾਲ ਹੀ ਤਸਲੀਮਾ ਕਿੱਡਾ ਵੱਡਾ ਅਤੇ ਕਰੂਰ ਯਥਾਰਥ ਪਾਠਕ ਦੇ ਸਨਮੁੱਖ ਰੱਖ ਦਿੰਦੀ ਹੈ। ਉਹ ਬੱਚੇ ਐਨੇ ਭੋਲੇ ਅਤੇ ਨਾਸਮਝ ਹਨ ਕਿ ਉਹਨਾਂ ਨੂੰ ਤਾਂ ਹਿੰਦੂ ਜਾਂ ਮੁਸਲਮਾਨ ਜਿਹੇ ਸ਼ਬਦਾਂ ਦੇ ਅਰਥਾਂ ਦਾ ਵੀ ਗਿਆਨ ਨਹੀਂ ਹੈ। ਉਨ੍ਹਾਂ ਦੇ ਕੋਰੇ ਕਾਗ਼ਜ਼ ਜਿਹੇ ਬਾਲ ਮਨਾਂ ਉੱਤੇ ਫਿਰਕਾਪ੍ਰਸਤੀ ਦੇ ਹਰਫ ਉੱਕਰ ਦਿੱਤੇ ਜਾਂਦੇ ਹਨ। ਬਚਪਨ ਵਿੱਚ ਉਨ੍ਹਾਂ ਬੱਚਿਆਂ ਦੇ ਅੰਦਰ ਬੀਜਿਆ ਹੋਇਆ ਇਹ ਨਫਰਤ ਦਾ ਬੀਅ ਹੀ ਪੁੰਗਰ ਕੇ ਵੱਡੇ ਹੋਇਆਂ ਦੇ ਉਹਨਾਂ ਦੇ ਅੰਦਰ ਰੁੱਖ ਬਣ ਜਾਂਦਾ ਹੈ।
ਦੂਜਾ ਪੱਖ ਇਸ ਉਪਰੋਕਤ ਘਟਨਾ ਦਾ ਇਹ ਉਭਰਦਾ ਹੈ ਕਿ ਮੁਸਲਿਮ ਕੱਟੜਪੰਥੀਆਂ ਵੱਲੋਂ ਹਿੰਦੂ ਨਾਗਰਿਕਾਂ ਨਾਲ ਨਿਹਾਇਤ ਹੀ ਘਟੀਆ ਸਲੂਕ ਕਰਕੇ ਉਹਨਾਂ ਦੇ ਨੱਕ ਵਿੱਚ ਇਸ ਕਦਰ ਤੱਕ ਦਮ ਲਿਆਂਦਾ ਜਾਂਦਾ ਹੈ ਕਿ ਉਹਨਾਂ ਦੇ ਮਜ਼ਹਬ ਦਾ ਨਾਮ ਹਿੰਦੂ ਸ਼ਬਦ ਹੀ ਉਹਨਾਂ ਲਈ ਕੁੱਤਾ ਅਤੇ ਹਰਾਮਜ਼ਾਦਾ ਜਿਹੀ ਇੱਕ ਗਾਲ ਬਣ ਕੇ ਰਹਿ ਜਾਂਦਾ ਹੈ।
ਅੱਗੇ ਚੱਲ ਕੇ ਬੇਸ਼ੁਮਾਰ ਹੋਰ ਘਟਨਾਵਾਂ ਉਪਕਹਾਣੀਆਂ ਦੇ ਜ਼ਰੀਏ ਉਜਾਗਰ ਹੁੰਦੀਆਂ ਹਨ ਜਿਵੇਂ ਕਿ ਫਾਰੂਕ ਨਾਮ ਦਾ ਇੱਕ ਹੋਰ ਮੁੰਡਾ ਸੁਰਜਨ ਨੂੰ ਧੋਖੇ ਨਾਲ ਗਾਂ ਦਾ ਮਾਸ ਖੁਆ ਦਿੰਦਾ ਹੈ ਤੇ ਫਿਰ ਰੌਲਾ ਪਾਉਣ ਲੱਗ ਜਾਂਦਾ ਹੈ, “ਹਿੰਦੂ ਹਿੰਦੂ ਤੁਸਲੀ ਪੱਤਾ, ਹਿੰਦੂ ਖਾਂਦਾ ਗਾਂ ਦਾ ਮੱਥਾ।”
ਮਾਇਆ ਨੂੰ ਸਕੂਲ ਵਿੱਚ ਅਕਸਰ ਹਿੰਦੂ ਹਿੰਦੂ ਆਖ ਕੇ ਛੇੜਿਆ ਜਾਂਦਾ ਹੈ ਤੇ ਇਸਲਾਮ ਦੀ ਪੜਾਈ ਵੇਲੇ ਅਧਿਆਪਕ ਕਲਾਸ ਤੋਂ ਬਾਹਰ ਕੱਢ ਕੇ ਖੜ੍ਹੀ ਕਰ ਦਿੰਦੇ ਹਨ। ਅਕਸਰ ਉਨ੍ਹਾਂ ਨੂੰ ਮਲਾਊਨ (ਨੀਚ ) ਆਦਿਕ ਫਿਕਰੇ ਕਸੇ ਜਾਂਦੇ ਹਨ।
ਬਾਕੀ ਬੱਚੇ ਹਮੇਸ਼ਾਂ ਉਨ੍ਹਾਂ ਨੂੰ ਛੇੜਦੇ ਅਤੇ ਚੁੰਡੀਆਂ ਵੱਢ ਕੇ ਤੰਗ ਕਰਦੇ ਹਨ। ਸਰੁਜਨ ਦੀ ਪੈਂਟ ਵਿੱਚ ਤਿਲਚੱਟਾ(ਕਾਕਰੋਚ) ਮਾਰ ਕੇ ਪਾਉਂਦੇ ਹਨ। ਉਸਦਾ ਮਜ਼ਾਕ ਉਡਾਉਂਦੇ ਹਨ। ਇਸ ਪ੍ਰਕਾਰ ਹੋਰ ਬਹੁਤ ਸਾਰੇ ਛੋਟੇ ਛੋਟੇ ਵੇਰਵੇ ਹਨ ਜਿਨ੍ਹਾਂ ਤੋਂ ਹਿੰਦੂ ਨਾਗਰਿਕਾਂ ਦੀ ਬੰਗਲਾਦੇਸ਼ ਵਿੱਚ ਹੋਈ ਜਾਂ ਹੁੰਦੀ ਦੁਰ-ਦਸ਼ਾ ਦੇ ਸੰਕੇਤ ਮਿਲਦੇ ਹਨ।
ਮਾਇਆ ਜਹਾਂਗੀਰ ਨਾਮ ਦੇ ਇੱਕ ਮੁਸਲਮਾਨ ਮੁੰਡੇ ਨੂੰ ਪਿਆਰ ਕਰਦੀ ਹੁੰਦੀ ਹੈ ਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੁੰਦੀ ਹੈ। ਪਰ ਜਹਾਂਗੀਰ ਵਿਦੇਸ਼ ਜਾਣ ਦਾ ਬਹਾਨਾ ਲਾ ਕੇ ਉਸਨੂੰ ਕੋਈ ਲੜ੍ਹ ਸਿਰਾ ਨਹੀਂ ਫੜਾਉਂਦਾ।
6 ਜੂਨ 1992 ਵਿੱਚ ਆਯੋਧਿਆ (ਯੂ ਪੀ) ਵਿਖੇ ਇੱਕ ਅਹਿਮ ਘਟਨਾ ਘਟਦੀ ਹੈ। ਰਾਮ ਮੰਦਰ ਦੀ ਉਸਾਰੀ ਲਈ ਬਾਬਰੀ ਮਸਜਿਦ ਨੂੰ ਢਾਇਆ ਜਾਂਦਾ ਹੈ। ਭਾਵੇਂ ਕਿ ਇਹ ਘਟਨਾ ਭਾਰਤ ਵਿੱਚ ਘਟਦੀ ਹੈ ਪਰ ਇਸਦੇ ਪ੍ਰਕੋਪ ਨਾਲ ਸਾਰੀ ਦੁਨੀਆਂ ਪ੍ਰਭਾਵਿਤ ਹੁੰਦੀ ਹੈ। ਸੰਸਾਰ ਵਿੱਚ ਜਿੱਥੇ ਕਿਤੇ ਵੀ ਮੁਸਲਿਮ ਬਹੁਗਿਣਤੀ ਵਸਦੀ ਹੈ, ਉਹ ਹਿੰਦੂਆਂ ਤੇ ਅਤਿਆਚਾਰ ਕਰਦੇ ਹਨ। ਉਹਨਾਂ ਦੇ ਕਾਰੋਬਾਰ ਨਸ਼ਟ ਕਰਦੇ ਹਨ। ਮਕਾਨਾਂ ਅਤੇ ਦੁਕਾਨਾਂ ਨੂੰ ਅੱਗਾਂ ਲਾਉਂਦੇ ਹਨ। ਕਤਲੋ-ਗਾਰਤ, ਲੁੱਟ ਮਾਰ ਹੁੰਦੀ ਹੈ। ਔਰਤਾਂ ਦੀ ਬੇਪੱਤੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਹੀ ਦੱਤ ਪਰਿਵਾਰ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਦੰਗਿਆਂ ਵਾਲੇ ਚੰਦ ਕੁ ਦਿਨਾਂ ਵਿੱਚ ਉਹ ਪਰਿਵਾਰ ਕਿਨ੍ਹਾਂ-ਕਿਨ੍ਹਾਂ ਪ੍ਰਸਥਿਤੀਆਂ ਵਿੱਚੋਂ ਲੰਘਦਾ ਹੈ ਤੇ ਉਹਨਾਂ ਦੀ ਮਾਨਸਿਕ ਅਵੱਸਥਾ ਕੀ ਹੁੰਦੀ ਹੈ? ਇਸਨੂੰ ਬਹੁਤ ਹੀ ਸੂਝ, ਸਮਝ ਅਤੇ ਕਲਾ ਨਾਲ ਇਸ ਨਾਵਲ ਵਿੱਚ ਗੁੰਦਿਆਂ ਗਿਆ ਹੈ। ਸੁਧਾਮਯ ਦੀ ਇੱਕੀ ਵਰ੍ਹਿਆਂ ਦੀ ਭਰ ਜਵਾਨ ਕੁੜੀ ਮਾਇਆ ਨੂੰ ਦੰਗਾਕਾਰੀ ਸ਼ਰੇਆਮ ਘਰੋਂ ਚੁੱਕ ਕੇ ਲੈ ਜਾਂਦੇ ਹਨ ਤੇ ਮਗਰੋਂ ਉਸਦਾ ਕੁੱਝ ਪਤਾ ਨਹੀਂ ਚਲਦਾ। ਮਾਇਆ ਦੇ ਅਪਹਰਨ ਵੇਲੇ ਕਿਰਨਮਈ ਗਲੀ-ਮੁਹੱਲੇ ਵਾਲਿਆਂ ਨੂੰ ਮਦਦ ਲਈ ਪੁਕਾਰਦੀ ਹੈ ਪਰ ਸਭ ਬੁੱਤੇ ਬਣੇ ਖੜ੍ਹੇ ਰਹਿੰਦੇ ਹਨ ਤੇ ਕੋਈ ਵੀ ਉਸਦੀ ਮਦਦ ਲਈ ਨਹੀਂ ਬਹੁੜਦਾ। ਇਥੋਂ ਤੱਕ ਕਿ ਉਹ ਲੋਕ ਵੀ ਅੱਖਾਂ ਮੀਚ ਲੈਂਦੇ ਹਨ ਤੇ ਕੁੱਝ ਨਹੀਂ ਕਰਦੇ ਜਿਨ੍ਹਾਂ ਦਾ ਸੁਧਾਮਯ ਨੇ ਕਦੇ ਮੁਫਤ ਇਲਾਜ਼ ਕੀਤਾ ਹੁੰਦਾ ਹੈ, ਕਿਉਂਕਿ ਸੁਧਾਮਯ ਖੁਦ ਪੇਸ਼ੇ ਵਜੋਂ ਇੱਕ ਡਾਕਟਰ ਹੁੰਦੇ ਹਨ।
ਸੁਰਜਨ ਦੀ ਵੀ ਮੁਸਲਿਮ ਕੁੜੀ ਪਰਵੀਨ ਨਾਲ ਅਸ਼ਨਾਈ ਹੁੰਦੀ ਹੈ। ਪਰਵੀਨ ਦੇ ਘਰ ਵਾਲੇ ਸੁਰਜਨ ਨੂੰ ਮਸੁਲਿਮ ਬਣ ਲਈ ਆਖਦੇ ਹਨ। ਜਦੋਂ ਆਪਣਾ ਧਰਮ ਛੱਡਣ ਲਈ ਨਹੀਂ ਮੰਨਦਾ ਤਾਂ ਉਹ ਪਰਵੀਨ ਦੀ ਕਿਸੇ ਬਿਜਨੈਸਮੈਨ ਨਾਲ ਸ਼ਾਦੀ ਕਰ ਦਿੰਦੇ ਹਨ। ਸੁਰਜਨ ਨੂੰ ਪਰਵੀਨ ਦੀ ਬੇਵਫਾਈ ਨਾਲ ਕਾਫ਼ੀ ਦੁੱਖ ਪਹੁੰਚਦਾ ਹੈ ਕਿਉਂਕਿ ਕਦੇ ਪਰਵੀਨ ਆਉਂਦੀ ਹੀ ਉਹਦੇ ਉੱਤੇ ਡਿੱਗ ਪੈਂਦੀ ਹੁੰਦੀ ਸੀ ਤੇ ਕਹਿੰਦੀ ਹੁੰਦੀ ਸੀ, ਤਮੀ ਅਮਾਰ ਸਭੋ ਕੁਛੋ। ਅਮੀ ਤਮਾਕੋ ਬਾਲੋ ਬਾਸ਼ੀ। (ਮੈਂ ਤੇਰੇ ਬਿਨਾਂ ਮਰ ਜਾਉਂਗੀ। ਤੂੰ ਮੇਰਾ ਸਭ ਕੁੱਝ ਹੈਂ। ਮੈਨੂੰ ਤੈਨੂੰ ਬੇਪਨਾਹ ਮੁਹੱਬਤ ਕਰਦੀ ਹਾਂ। ਸੁਰਜਨ ਨੂੰ ਉਸਦੇ ਚੁੱਪਚਾਪ ਨਿਕਾਹ ਕਰਵਾ ਲੈਣ ਤੇ ਹੈਰਤ ਹੁੰਦੀ ਹੈ। ਕੁੱਝ ਅਰਸੇ ਬਾਅਦ ਪਰਵੀਨ ਦਾ ਵਿਆਹ ਅਸਫਲ ਹੋ ਜਾਂਦਾ ਹੈ। ਇਸ ਦੇ ਦਰਮਿਆਨ ਸੁਰਜਨ ਰਤਨਾ ਨਾਮ ਦੀ ਇੱਕ ਹਿੰਦੂ ਕੰਨਿਆ ਦੇ ਸੰਪਰਕ ਵਿੱਚ ਆ ਜਾਂਦਾ ਹੈ ਤੇ ਇੱਕ ਦਿਨ ਰਤਨਾ ਵੀ ਹਿਮਾਯੂ ਨਾਮੀ ਮੁਸਲਮਾਨ ਮੁੰਡੇ ਨਾਲ ਵਿਆਹ ਕਰਵਾ ਲੈਂਦੀ ਹੈ। ਸੁਰਜਨ ਇਸ ਹਾਦਸੇ ਨਾਲ ਟੁੱਟ ਜਾਂਦਾ ਹੈ ਤੇ ਇਸ ਮੁਕਾਮ ਤੱਕ ਪਹੁੰਚ ਕੇ ਉਹ ਵੀ ਕਮਿਊਨਲ(ਫਿਰਕੂ) ਹੋ ਜਾਂਦਾ ਹੈ। ਉਸ ਸੋਚਦਾ ਹੈ ਕਿ ਬੰਗਲਾਦੇਸ਼ ਵਿੱਚ ਦੋ ਕਰੋੜ ਹਿੰਦੂ ਹਨ। ਸਾਰੇ ਇਕੱਠੇ ਹੋ ਜਾਣ ਤੇ ਮਸੀਤਾਂ ਨੂੰ ਤੋੜਣ ਅਤੇ ਉਥੇ ਉਵੇਂ ਪਿਸ਼ਾਬ ਕਰਨ ਜਿਵੇਂ ਮੁਸਲਮਾਨ ਉਨ੍ਹਾਂ ਦੇ ਖੰਡਰਾਤ ਬਣੇ ਮੰਦਰ ਵਿੱਚ ਕਰਦੇ ਹਨ। ਉਸਦੀ ਜ਼ਿਹਨੀਅਤ ਵਿੱਚ ਮੁਕੱਮਲ ਪਰਿਵਰਤਨ ਆ ਜਾਂਦਾ ਹੈ ਤੇ ਉਹ ਵੀ ਵਹਿਸ਼ੀ ਬਣ ਜਾਂਦਾ ਹੈ। ਉਹ ਬਾਰ ਕੌਂਸਲ ਦੇ ਇਲਾਕੇ ਵਿੱਚ ਸ਼ਮੀਮਾ ਨਾਮ ਦੀ ਵੇਸਵਾ ਕੋਲ ਜਾ ਕੇ ਉਸਦਾ ਅਤੇ ਉਸਦੇ ਪਿਤਾ ਦਾ ਨਾਮ ਪੁੱਛਦਾ ਹੈ। ਜਦੋਂ ਵੇਸਵਾ ਆਪਣਾ ਨਾਮ ਸ਼ਮੀਮਾ ਬੇਗਮ ਅਤੇ ਆਪਣੇ ਪਿਉ ਦਾ ਅਬਦੁੱਲ ਜਲੀਲ ਦੱਸਦੀ ਹੈ ਤਾਂ ਸੁਰਜਨ ਨੂੰ ਚਾਅ ਚੜ੍ਹ ਜਾਂਦਾ ਹੈ। ਉਹ ਉਸ ਨਾਲ ਬਿਨਾਂ ਭਾਅ ਤੈਅ ਕੀਤਿਆਂ ਉਸਨੂੰ ਆਪਣੇ ਘਰ ਲਿਆ ਕੇ ਉਸ ਨਾਲ ਬੜ੍ਹੇ ਖੂਨਖਾਰ ਢੰਗ ਅਤੇ ਦਰਿੰਦਗੀ ਨਾਲ ਬਲਾਤਕਾਰ ਕਰਦਾ ਹੈ। ਸੁਰਜਨ ਸ਼ਮੀਮਾ ਦੇ ਕੱਪੜੇ ਫਾੜ੍ਹਦਾ ਹੈ। ਉਸਦੇ ਨਿਤੰਬਾਂ ਨੂੰ ਨੋਚਦਾ ਹੈ। ਉਸਦੀ ਛਾਤੀ ਤੇ ਬੇਰਹਿਮੀ ਨਾਲ ਦੰਦੀਆਂ ਵੱਢਦਾ ਹੈ। ਉਸਨੂੰ ਜ਼ਾਲਮਾਨਾ ਤਰੀਕੇ ਨਾਲ ਮਸਲਦਾ, ਮਧੋਲਦਾ ਅਤੇ ਖੇਹ-ਖਰਾਬ ਕਰਕੇ ਭੋਗਦਾ ਹੈ। ਸੁਰਜਨ ਦੀ ਕੈਫੀਅਤ ਅਤੇ ਇਸ ਪ੍ਰਕਾਰ ਦੀ ਪ੍ਰਵਿਰਤੀ ਤੋਂ ਉਸਦੀ ਮਾਨਸਿਕ ਅਵਸਥਾ ਅਤੇ ਉਸ ਉੱਪਰ ਹੋਏ ਮੈਂਟਲਟਾਰਚਰ ਦਾ ਅਨੁਮਾਨ ਲਾਇਆ ਜਾ ਸਕਦਾ ਹੈ। ਉਸਨੂੰ ਇਸ ਕਿਰਿਆ ਦੌਰਾਨ ਇੰਝ ਲੱਗ ਰਿਹਾ ਹੁੰਦਾ ਹੈ ਕਿ ਉਹ ਤਮਾਮ ਹਿੰਦੂ ਔਰਤਾਂ ਦੀ ਲੁੱਟੀ ਗਈ ਇੱਜ਼ਤ ਦਾ ਬਦਲਾ ਲੈ ਰਿਹਾ ਹੋਵੇ। ਜ਼ਬਰ-ਜਿਨਾਹ ਕਰਕੇ ਉਸਨੂੰ ਬੇਪਨਾਹ ਸਕੂਨ ਮਿਲਦਾ ਹੈ। ਉਹ ਖੁਸ਼ੀ ਦਾ ਮਾਰਾ ਗਾਉਂਦਾ ਹੈ, ਪ੍ਰਥਮ ਬਾਂਗਲਾ ਦੇਸ਼ ਮੇਰਾ , ਸ਼ੇਸ਼ ਬਾਂਗਲਾ ਦੇਸ਼, ਜੀਵਨ ਬਾਂਗਲਾ ਦੇਸ਼ ਮੇਰਾ, ਮਰਣ ਬਾਂਗਲਾ ਦੇਸ਼। ਉਸ ਤੋਂ ਮਗਰੋਂ ਦਸ ਰੁਪਏ ਮਿਹਨਤਾਨਾ ਲੈ ਕੇ ਜਾਂਦੀ ਹੋਈ ਸ਼ਮੀਮਾ ਸੁਰਜਨ ਦੇ ਅਨੋਖੇ ਵਰਤਾਉ ਬਾਰੇ ਹੈਰਾਨੀ ਨਾਲ ਸੋਚਦੀ ਹੈ ਕਿਉਂਕਿ ਉਸ ਲਈ ਸੰਭੋਗ ਅਤੇ ਬਲਾਤਕਾਰ ਇੱਕੋ ਹੀ ਸਿੱਕੇ ਦੇ ਦੋ ਪਾਸੇ ਹਨ।
ਬਲਾਤਕਾਰੀ ਚਾਹੇ ਮੁਸਲਮਾਨ ਹੈ ਚਾਹੇ ਹਿੰਦੂ ਹੈ। ਵਿਰੋਧੀ ਤੋਂ ਬਦਲਾ ਲੈਣ ਅਤੇ ਆਪਣੀ ਹਵਸ ਪੂਰੀ ਕਰਨ ਲਈ ਉਹ ਔਰਤ ਨੂੰ ਹੀ ਆਪਣੇ ਇਸ ਇਰਾਦੇ ਦਾ ਸ਼ਿਕਾਰ ਬਣਾਉਂਦੇ ਹਨ।
ਕੱਟੜਵਾਦੀਆਂ ਵੱਲੋਂ ਨਾਅਰੇ ਲਾਏ ਜਾਂਦੇ ਹਨ, ਹਿੰਦੂਓ ਜੇ ਜੀਣਾ ਚਾਹੋ ਬਾਂਗਲਾ ਛੱਡ ਕੇ ਭਾਰਤ ਜਾਉ।
ਅੰਤ ਟੁੱਟ ਕੇ ਸੁਧਾਮਯ ਵੀ ਬਾਕੀ ਦੇ ਹਿੰਦੂਆਂ ਵਾਂਗ ਭਾਰਤ ਆਉਣ ਲਈ ਮਜ਼ਬੂਰ ਹੋ ਜਾਂਦੇ ਹਨ। ਜਦੋਂ ਸੁਧਾਮਯ ਆਪਣੇ ਪਰਿਵਾਰ ਨੂੰ ਥੱਕ-ਹਾਰ ਕੇ ਇੰਡੀਆ ਜਾਣ ਲਈ ਕਹਿੰਦਾ ਹੈ ਤਾਂ; ਆਉ ਹਿੰਦੁਸਤਾਨ ਚੱਲੀਏ ਕਹਿਣ ਵਿੱਚ ਉਸਨੂੰ ਲੱਜਾ ਆਉਂਦੀ ਹੈ।
ਇਸ ਨਾਵਲ ਵਿੱਚ ਇੱਕ ਐਸੀ ਅਤਿ ਵਿਸਫੋਟਕ ਸਥਿਤੀ ਆਉਂਦੀ ਹੈ ਜਿਸਦੇ ਉਲੇਖ ਨੂੰ ਪੜ੍ਹ ਕੇ ਪਾਠਕ ਦਾ ਸੀਨਾ ਦਹਿਲ ਜਾਂਦਾ ਹੈ। ਇਸ ਘਟਨਾ ਵਿੱਚ ਸੁਧਾਮਯ ਤੇ ਕਿਰਨਮਈ ਰਾਤ ਨੂੰ ਲੇਟੇ ਹੋਏ ਹੁੰਦੇ ਹਨ। ਉਹ ਕਿਰਨਮਈ ਅੰਦਰ ਮਘਦੀ ਮੱਠੀ-ਮੱਠੀ ਸੈਕਸ ਭੁੱਖ ਨੂੰ ਤਾੜਦਾ ਹੈ। ਕਿਰਨਮਈ ਉਸਲਵੱਟੇ ਲੈਂਦੀ ਹੈ। ਸੁਧਾਮਯ ਵੀ ਮਚਲਦਾ ਹੈ। ਪਰ ਲਾਚਾਰ ਹੈ। ਕੁੱਝ ਨਹੀਂ ਕਰ ਸਕਦਾ। ਜਦੋਂ ਉਹ ਕਿਰਨਮਈ ਅੰਦਰ ਸੁਲਘਦੀ ਕਾਮ ਦੀ ਅੱਗ ਨੂੰ ਦੇਖ ਕੇ ਆਖਦਾ ਹੈ ਕਿ ਤੂੰ ਕਿਸੇ ਹੋਰ ਨਾਲ ਵਿਆਹ ਕਰਵਾ ਲੈ ਅਰਥਾਤ ਆਪਣੀ ਵਾਸਨਾ ਕਿਸੇ ਹੋਰ ਨਾਲ ਜਾ ਕੇ ਪੂਰੀ ਕਰ ਲੈ। ਇਹ ਕੁੱਝ ਬਿਆਨ ਕਰਨ ਬਾਅਦ ਤਸਲੀਮਾ ਇਸ ਪਿਛੇ ਛੁੱਪੇ ਰਹੱਸ ਨੂੰ ਅਗਰਭੂਮੀ ਤੇ ਲਿਆ ਕੇ ਦੱਸਦੀ ਹੈ ਕਿ ਜਨੂੰਨੀਆਂ ਦਾ ਅਤਿਆਚਾਰ ਹੱਦਾਂ ਤੋੜ ਕੇ ਐਨਾ ਲੰਘ ਚੁੱਕਿਆ ਹੁੰਦਾ ਹੈ ਕਿ ਉਹਨਾਂ ਨੇ ਮਰਦਾਂ ਦੇ ਲਿੰਗ ਕੱਟ ਕੇ ਉਨ੍ਹਾਂ ਦਾ ਜੀਵਨ ਮਰਿਆ ਨਾਲੋਂ ਵੀ ਬਦਤਰ ਬਣਾ ਦਿੱਤਾ ਹੁੰਦਾ ਹੈ। ਜਰ੍ਹਾਂ ਸੋਚੋ ਕਿ ਕੀ ਇਸ ਤੋਂ ਵੱਡੀ ਲਾਹਨਤ, ਗਾਲ ਜਾਂ ਸ਼ਰਮਨਾਕ ਚੀਜ਼ ਵੀ ਕੋਈ ਹੋ ਸਕਦੀ ਹੈ ਕਿ ਮਰਦ ਆਪਣੀ ਇਸਤਰੀ ਨੂੰ ਖੁਦ ਕਹੇ ਕਿ ਜਾਹ ਕਿਸੇ ਹੋਰ ਨਾਲ ਸੰਭੋਗ ਕਰ ਲੈ? ਇਉਂ ਇਸ ਨਾਵਲ ਵਿੱਚ ਨਾਵਲਕਾਰਾ ਜਗ੍ਹਾ-ਜਗ੍ਹਾ ਪਾਠਕ ਦੇ ਰੌਂਗਟੇ ਖੜ੍ਹੇ ਕਰਕੇ ਰੱਖ ਦਿੰਦੀ ਹੈ।
ਤਸਲੀਮਾ ਨੇ ਇਸ ਨਾਵਲ ਰਾਹੀਂ ਨਾਵਲ ਦੇ ਪਹਿਲਾਂ ਤੋਂ ਬਣੇ ਆ ਰਹੇ ਵਿਧਾ-ਵਿਧਾਨ ਅਤੇ ਮਾਡਲ ਨੂੰ ਵੀ ਤੋੜਿਆ ਹੈ ਅਤੇ ਉਸਦੀ ਥਾਂ ਨਵਾਂ ਸਿਰਜਿਆ ਹੈ। ਉਸਨੇ ਅਨੇਕਾਂ ਹੀ ਨਵੇਂ ਕਲਾਤਮਿਕ ਤਜ਼ਰਬੇ ਕੀਤੇ ਹਨ। ਪ੍ਰੈਸ ਅੰਕੜੇ ਦੇ ਕੇ ਇਸਨੂੰ ਗਾਲਪਨਿਕ ਦੀ ਬਜਾਏ ਯਥਾਰਥਵਾਦੀ ਰੂਪ ਵੀ ਬਖਸ਼ ਦਿੱਤਾ ਹੈ। ਇਸ ਨਾਵਲ ਵਿੱਚ ਦਰਜ਼ ਵੇਰਵਿਆਂ ਨੂੰ ਪੜ੍ਹ ਕੇ ਭਵਿੱਖ ਵਿੱਚ ਅਗਰ ਕੋਈ ਚਿੰਤਕ ਇਸ ਇਤਿਹਾਸਕ ਘਟਨਾ ਬਾਰੇ ਅਧਿਐਨ ਦਾ ਇਛੁਕ ਹੋਵੇਗਾ ਤਾਂ ਉਸ ਲਈ ਖੋਜ ਕਾਰਜ਼ ਵਿੱਚ ਤਸਲੀਮਾ ਨੇ ਬੜ੍ਹੀ ਸੌਖ ਕਰ ਦਿੱਤੀ ਹੈ।
ਲੱਜਾ ਮੂਲਵਾਦੀਆਂ ਦੀਆਂ ਜ਼ਿਆਦਤੀਆਂ ਦੀ ਵਾਰਤਾ ਹੈ। ਕੱਟੜਪੰਥੀਆਂ ਦੀਆਂ ਮਨਮਾਨੀਆਂ ਅਤੇ ਉਨ੍ਹਾਂ ਵੱਲੋਂ ਮਚਾਈ ਗਈ ਹਨੇਰ ਗਰਦੀ ਦੀ ਕਹਾਣੀ ਹੈ। ਧਰਮ ਦੀ ਆੜ ਵਿੱਚ ਹੋ ਰਹੇ ਅਧਰਮੀ ਕਾਰਜ਼ਾਂ ਨੂੰ ਲਾਹਨਤਾਂ ਪਾ ਕੇ ਤਸਲੀਮਾ ਨੇ ਲੱਜਾ ਨਾਵਲ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਵੇਂ ਬੌਸਨੀਆ ਅਤੇ ਹਾਰਜੇਗੋਵੀਨੀਆ ਦੀ ਘਟਨਾ ਲਈ ਬੰਗਲਾਦੇਸ਼ ਦਾ ਕੋਈ ਇਸਾਈ ਸ਼ਹਿਰੀ ਇਲਜ਼ਾਮ ਦਾ ਹੱਕਦਾਰ ਨਹੀਂ। ਉਵੇਂ ਭਾਰਤ ਦੀ ਦੁਰਘਟਨਾ ਲਈ ਵੀ ਬੰਗਲਾਦੇਸ਼ ਦੇ ਹਿੰਦੂ ਜਿੰਮੇਵਾਰ ਨਹੀਂ ਹਨ।
ਇਸ ਨਾਵਲ ਵਿੱਚ ਉਹ ਸਿਆਸਦਾਨਾਂ ਨੂੰ ਬੜ੍ਹੇ ਗੁੱਝੇ ਢੰਗ ਨਾਲ ਨੰਗਾ ਕਰਦੀ ਹੈ, ਮਿਸਾਲ ਦੇ ਤੌਰ ਤੇ ਲਾਰਡ ਮਾਉਂਟਬੈਟਨ ਵਲੋਂ ਪੰਜਾਬ ਅਤੇ ਬੰਗਾਲ ਸੂਬਿਆਂ ਵੰਡ ਦੇ ਸੰਦਰਭ ਵਿੱਚ ਮਸ਼ਵਰਾ ਕਰਨ ਤੇ ਜਿਨਾਹ ਦਾ ਇਹ ਕਹਿਣਾ ਕਿ “A man is Punjabi or Bengali before he is Hindu or Muslim. They share a common history, language, culture and economy. You must divide them. you will cause endless bloodshed and trouble.” ਅਤੇ ਬਾਬਰੀ ਮਸਜਿਦ ਕਾਂਡ ਵੇਲੇ ਚੋਟੀ ਦੇ ਅੱਠਾਂ ਨੇਤਾਵਾਂ ਦੇ ਚੁੱਪਚਪੀਤੇ ਗਿਰਫਤਾਰੀ ਦੇ ਕੇ ਅਰਾਮ ਨਾਲ ਜੇਲਾਂ ਵਿੱਚ ਬਹਿਣਾ ਤੇ ਬਾਹਰ ਹੋ ਰਹੇ ਖੂਨ-ਖਰਾਬੇ ਤੋਂ ਨਿਰਲੇਪ ਰਹਿਣ ਦਾ ਵਰਣਨ ਆਦਿ ਅਨੇਕਾਂ ਟਿਪਣੀ ਹਨ। ਇਥੇ ਉਹ ਪਾਤਰ ਵਿੱਚ ਦੀ ਲੁਪਤ ਰੂਪ ਵਿੱਚ ਇੱਕ ਪ੍ਰਸ਼ਨ ਕਰਕੇ ਉਸਨੂੰ ਬੜ੍ਹੀ ਚਲਾਕੀ ਨਾਲ ਹਾਈਲਾਈਟ ਕਰ ਜਾਂਦੀ ਹੈ। ਉਹ ਸਵਾਲ ਭਾਰਤ ਦੇ ਇਸ ਕਾਂਡ ਨਾਲ ਸੰਬੰਧਤ ਨੇਤਾਵਾਂ ਨੂੰ ਹੈ ਕਿ ਕੀ ਉਨ੍ਹਾਂ ਨੇ ਬਾਬਰੀ ਮਸਜਿਦ ਢਾਹੁੰਣ ਤੋਂ ਪਹਿਲਾਂ ਇਸਲਾਮੀ ਮੁਲਖਾਂ ਵਿੱਚ ਰਹਿੰਦੇ ਹੋਏ ਹਿੰਦੂਆਂ ਬਾਰੇ ਕੁੱਝ ਸੋਚਿਆ ਸੀ ਜਾਂ ਨਹੀਂ?
ਬੰਗਲਾਦੇਸ਼ ਦਾ ਕਾਨੂੰਨ ਵੀ ਕਿਵੇਂ ਹਿੰਦੂ ਨਾਗਰਿਕਾ ਨਾਲ ਧੱਕਾ ਕਰਦਾ ਹੈ ਤੇ ਉਨ੍ਹਾਂ ਦੀ ਮਲਕੀਅਤ ਸ਼ੱਤਰੂ ਸੰਪਤੀ (Enemy Property Act) ਅਤੇ ਅਰਪਿਤ ਸੰਪਤੀ ਆਦਿ ਕਾਨੂੰਨ ਠੋਕ ਕੇ ਕਿਵੇਂ ਸਰਕਾਰ ਜ਼ਬਤ ਕਰ ਲੈਂਦੀ ਹੈ। ਇਸ ਸਭ ਦਾ ਪਰਦਾ ਫਾਸ਼ ਕਰਦਿਆਂ ਤਸਲੀਮਾ ਨੇ ਇਹਨਾਂ ਕਾਨੂੰਨਾਂ ਦੀ ਬਹਾਲੀ ਨੂੰ ਸੰਵਿਧਾਨ ਦੀ ਉਲੰਘਣਾ ਸਾਬਤ ਕੀਤਾ ਹੈ। ਉਦਾਰਣ ਵਜੋਂ ਸੰਨ 1988 ਦੇ ਅੱਠਵੇਂ ਸੰਸ਼ੋਧਨ ਤੋਂ ਮਗਰੋਂ ਬੰਗਲਾਦੇਸ਼ੀ ਸੰਵਿਧਾਨ ਵਿੱਚ ਦਰਜ਼ ਕੀਤਾ ਗਿਆ ਕਿ, “The state religion of the Republic is Islam but other religions may be practised in peace and harmony in the Republic.”
ਇਉਂ ਲੇਖਕਾਂ ਨੇ ਨੁਕਤਾ ਉਠਾਇਆ ਹੈ ਕਿ may be ਦੀ ਜਗ੍ਹਾ shall be ਕਿਉਂ ਨਹੀਂ?
1972 ਦੇ ਸੰਵਿਧਾਨ ਨੂੰ ਬਦਲ ਕੇ 1978 ਦੇ ਸੰਵਿਧਾਨ ਦੇ ਸ਼ੁਰੂ ਵਿੱਚ ਬਿਸਮਿੱਲਾਹਹਿਰ ਰਹਿਮਾਨਿ ਰਹੀਮ ਦਾ ਜੋੜ ਦਿੱਤਾ ਜਾਣਾ, ਜਦ ਕਿ ਇਸਦੀ Freedom of Religion ਦੀ ਧਾਰਾ ਦੇ ਦੋ ਸੈਕਸ਼ਨ ਇਸ ਦੀ ਮਨਾਹੀ ਕਰਦੇ ਹਨ। ਹਾਜਰ ਹਨ ਉਹ ਦੋਨੋਂ ਮਿਸਾਲਾਂ :-
(C) The abuse of religion for political purposes.
(D) Any discrimination against or persecution of persons practising a particular religion.
ਲੱਜਾ ਪੜ੍ਹਣ ਬਾਅਦ ਆਪ ਮੂਹਰੇ ਹੀ ਤਸਲੀਮਾ ਨੂੰ ਮੁਖਾਤਿਬ ਹੋ ਕੇ ਮੇਰੇ ਮੂੰਹੋਂ ਨਿਕਲ ਗਿਆ ਸੀ ਕਿ, “ਬੂਬੂ!!! ਤੂੰ ਸਾਡੇ ਪੰਜਾਬ ’ਚ ਕਿਉਂ ਨਾ ਜੰਮੀ? ਬੰਗਾਲੀਆਂ ਨਾਲੋਂ ਜ਼ਿਆਦਾ ਤਾਂ ਸਾਨੂੰ ਪੰਜਾਬੀਆਂ ਨੂੰ ਤੇਰੀ ਲੋੜ੍ਹ ਸੀ!”
ਕਾਸ਼ ਕਦੇ ਤਸਲੀਮਾ ਮੇਰੇ ਰੂ-ਬ-ਰੂ ਆ ਜਾਵੇ ਤਾਂ ਸਭ ਪਹਿਲਾਂ (ਆਦਾਬ ਅਰਜ਼ ਕਰਨ ਤੋਂ ਵੀ ਪਹਿਲਾਂ) ਮੈਂ ਉਸ ਤੋਂ ਉਹ ਮੁਬਾਰਕ ਕਲਮ ਮੰਗਾਗਾ ਜਿਸ ਨਾਲ ਉਸਨੇ ਲੱਜਾ ਨਾਵਲ ਲਿਖਿਆ ਹੈ।
ਸਰਕਾਰ ਨੇ ਇਸ ਨਾਵਲ ਤੇ ਪਾਬੰਦੀ ਲਾ ਕੇ ਬਹੁਤ ਵੱਡੀ ਗਲਤੀ ਕੀਤੀ ਸੀ। ਕੀ ਮਿਲਿਆ ਬੈਨ ਕਰਕੇ? ਅੱਗੇ ਤਾਂ ਇਹ ਨਾਵਲ ਸਿਰਫ਼ ਬੰਗਾਲੀ ਵਿੱਚ ਹੀ ਛੱਪਿਆ ਸੀ। ਹੁਣ ਦੁਨੀਆਂ ਦੀਆਂ 43 ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਸਾਰੀ ਦੁਨੀਆਂ ਵਿੱਚ ਪਹੁੰਚ ਗਿਆ ਹੈ। ਜੀਹਨੇ ਨਹੀਂ ਵੀ ਪੜ੍ਹਨਾ ਸੀ ਉਹਨੇ ਵੀ ਪੜ੍ਹ ਲਿਆ ਹੈ। ਜਦੋਂ ਕਿਸੇ ਚੀਜ਼ ਦਾ ਵਿਰੋਧ ਹੋਵੇ ਤਾਂ ਉਸ ਚੀਜ਼ ਦੀ ਮੱਲੋਮੱਲੀ ਮੰਗ ਵੱਧ ਜਾਂਦੀ ਹੈ। ਪੰਛੀ ਨੂੰ ਹਵਾ ਪਵੇ ਤਾਂ ਉਹਦੇ ਖੰਭਾਂ ਵਿੱਚ ਤਾਕਤ ਆ ਜਾਂਦੀ ਹੈ ਤੇ ਉਹ ਹੋਰ ਜ਼ੋਰ ਨਾਲ ਉੱਡਦਾ ਹੋਇਆ ਆਪਣੀ ਮਜਿੰਲ-ਏ-ਮਕਸੂਦ ਵੱਲ ਵਧਦਾ ਹੈ। ਇਹ ਕਿੱਸਾ ਤਸਲੀਮਾ ਦਾ ਵੀ ਹੋਇਆ ਹੈ।
ਮੈਂ ਇਸ ਨਾਵਲ ਦੇ ਪੰਜਾਬੀ ਅਤੇ ਅੰਗਰੇਜ਼ੀ ਦੋਨੋਂ ਅਨੁਵਾਦ ਕਈ ਕਈ ਵਾਰ ਪੜ੍ਹੇ ਹਨ। ਸੋਮਾ ਸਬਲੋਕ ਦੇ ਕਰੇ ਪੰਜਾਬੀ ਨਾਲੋਂ ਤੁਤਲ ਗੁਪਤਾ ਦੁਆਰਾ ਕੀਤਾ ਗਿਆ ਅੰਗਰੇਜ਼ੀ ਅਨੁਵਾਦ ਮੈਨੂੰ ਵਧੇਰੇ ਪ੍ਰਭਾਵਸ਼ਾਲੀ ਲੱਗਿਆ ਹੈ। ਪੰਜਾਬੀ ਨਾਵਲ ਵਿੱਚ ਛਪਣ ਸਮੇਂ ਸਿਰਫ਼ ਪਰੂਫ ਰੀਡਿੰਗ ਦੀਆਂ ਹੀ ਗਲਤੀਆਂ ਨਹੀਂ ਬਲਕਿ ਲੇਖਿਕਾਂ ਵੱਲੋਂ ਕਰੀ ਗਈ ਕਾਂਡ ਵੰਢ (ਜੋ ਅੰਗਰੇਜ਼ੀ ਵਿੱਚ ਮੌਜ਼ੂਦ ਹੈ) ਵੀ ਕਿਧਰੇ ਨਜ਼ਰ ਨਹੀਂ ਆਉਂਦੀ।
ਸਮਝ ਨਹੀਂ ਆਉਂਦੀ ਕਿ ਇੱਕ ਛੋਟਾ ਜਿਹਾ ਨਾਵਲ ਲਿਖਣ ’ਤੇ ਹੀ ਐਡਾ ਵੱਡਾ ਤੂਫਾਨ ਕਿਉਂ ਖੜ੍ਹਾ ਕੀਤਾ ਜਾਂਦਾ ਹੈ? ਲੱਜਾ ਲਿਖ ਕੇ ਤਸਲੀਮਾ ਨੇ ਕੀ ਗੁਨਾਹ ਕੀਤਾ ਹੈ? ਕਲਮਕਾਰਾ ਹੋਣ ਦੇ ਨਾਤੇ ਇਹ ਤਾਂ ਉਸਦਾ ਫਰਜ਼ ਸੀ। ਉਸਨੇ ਤਾਂ ਸਿਰਫ਼ ਆਪਣੀ ਆਤਮਾ ਦੀ ਆਵਾਜ਼ ਨੂੰ ਕਾਗਜ਼ ਦੀ ਛਾਤੀ ਉੱਤੇ ਝਰੀਟਿਆ ਹੈ ਤੇ ਕੱਟੜਵਾਦੀਆਂ ਨੂੰ ਦੱਸਿਆ ਹੈ ਕਿ ਉਸ ਸਾਰੇ ਵਰਤਾਰੇ ਨੂੰ ਦੇਖ ਕੇ ਉਸਦੀ ਆਤਮਾਂ ਨੇ ਲੱਜਾ ਮਹਿਸੂਸ ਕੀਤੀ ਹੈ ਤੇ ਉਨ੍ਹਾਂ ਦੀ ਕਰਨੀ ਨੇ ਸਾਰੇ ਬੰਗਲਾਦੇਸ਼ ਨੂੰ ਲੱਜਿਤ ਕਰ ਦਿੱਤਾ ਹੈ।
ਇੱਥੇ ਲੱਜਾ ਨਾਵਲ ਦੀ ਪੰਜਾਬੀ ਅਨੁਵਾਦਿਕਾ ਸੋਮਾ ਸਬਲੋਕ ਦੀ ਤਰਕਸ਼ੀਲ ਟਿੱਪਣੀ ਖਾਸ ਮਹੱਤਵ ਰੱਖਦੀ ਹੈ, “ਮੈਂ ਸਮਝਦੀ ਹਾਂ ਕਿ ਕਿਸੇ ਦੇਸ਼ ਵਿੱਚ ਜਿਸ ਅਨੁਪਾਤ ਵਿੱਚ ਅਜਿਹੀ ਲੱਜਾ ਅਨੁਭਵ ਹੋਵੇਗੀ, ਉਸੇ ਅਨੁਪਾਤ ਵਿੱਚ ਉਸ ਦੇਸ਼ ਦੇ ਸਭਿਆਚਾਰ ਵਿੱਚ ਮਨੁੱਖੀ ਕਰਦਾਂ-ਕੀਮਤਾਂ ਦਾ ਸੰਚਾਰ ਹੋਵੇਗਾ।”
ਮੁੜ-ਮੁੜ ਮੇਰੇ ਜ਼ਿਹਨ ਵਿੱਚ ਇਹ ਸੁਆਲ ਉੱਠ ਰਿਹਾ ਹੈ ਕਿ ਕਿਉਂ ਦੁਨੀਆਂ ਵਾਲੇ ਲੇਖਕ ਨੂੰ ਸਮੇਂ ਦਾ ਸੱਚ ਚਿਤਰਨ ਤੋਂ ਰੋਕਦੇ ਹਨ। ਅਗਰ ਉਹ ਲੇਖਕ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਤਾਂ ਲੇਖਕ ਨੂੰ ਹਾਨੀ ਪਹੁੰਚਾਉਣ ਦੀ ਬਜਾਏ ਉਸਦੇ ਮਕਾਬਲੇ ਵਿੱਚ ਹੋਰ ਉਸ ਤੋਂ ਵਧੀਆ ਨਾਵਲ ਲਿਖਣ ਤੇ ਆਪਣੀਆਂ ਦਲੀਲਾਂ ਦੁਆਰਾ ਆਪਣੇ ਵਿਚਾਰ ਪੇਸ਼ ਕਰਨ ਤਾਂ ਕਿ ਉਹ ਲੇਖਕ ਜਿਸ ਉੱਤੇ ਉਹਨਾਂ ਨੂੰ ਇਤਰਾਜ਼ ਹੈ। ਉਹ ਵੀ ਤੁਹਾਡੇ ਤੋਂ ਮੁਤਾਸਿਰ ਹੋ ਕੇ ਤੁਹਾਡੇ ਨਾਲ ਰਲ੍ਹ ਜਾਵੇ। ਲੇਖਕਾਂ ਨੂੰ ਡਰਾ ਧਮਕਾ ਜਾਂ ਮਾਰ ਕੇ ਹਕੀਕਤ ਬਿਆਨ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ। ਜੱਗ ਵਾਲਿਓ! ਇੱਕ ਤਸਲੀਮਾ ਨਸਰੀਨ ਨੂੰ ਮਾਰੋਂਗੇ ਸੌ ਹੋਰ ਪੈਦਾ ਹੋ ਜਾਣਗੀਆਂ। ਕਿੱਡੇ ਅਫਸੋਸ ਅਤੇ ਲੱਜਾ ਵਾਲੀ ਗੱਲ ਹੈ ਕਿ ਜੋ ਸਨਮਾਨ ਦੀ ਹੱਕਦਾਰ ਹੈ, ਉਹ ਮੂਲਵਾਦੀਆਂ ਵੱਲੋਂ ਦਿੱਤੇ ਤਸੀਹੇ ਝੱਲ ਰਹੀ, ਘਰੋਂ ਬੇਘਰ ਹੋ ਕੇ ਵਿਦੇਸ਼ਾਂ ਵਿੱਚ ਰੁਲ ਰਹੀ ਹੈ। ਤਸਲੀਮਾ ਦੀ ਕਿਤਾਬ ਔਰਤ ਦੇ ਹੱਕ ਵਿੱਚ ਦੀ ਪੰਜਾਬੀ ਅਨੁਵਾਦਿਕਾ ਡਾ: ਚਰਨਜੀਤ ਕੌਰ ਨੇ ਭੂਮਿਕਾ ਵਿੱਚ ਬਹੁਤ ਹੀ ਖੂਬਸੂਰਤ ਲਿਖਿਆ ਹੈ ਕਿ, “ਮੈਂ ਜਦੋਂ ਸੋਚਦੀ ਹਾਂ ਕਿ ਇਸ ਸੰਵੇਦਨਸ਼ੀਲ ਔਰਤ ਤਸਲੀਮਾ ਨੂੰ ਸਹਿਮ ਦੇ ਮਾਹੌਲ ਵਿੱਚ ਆਪਣਾ ਸ਼ਹਿਰ ਛੱਡ ਕੇ ਬਿਗਾਨੀ ਯੂਰਪ ਦੀ ਧਰਤੀ ’ਤੇ ਪਨਾਹ ਲੈਣੀ ਪਈ ਹੋਵੇਗੀ ਤਾਂ ਉਸਦੇ ਮਨ ’ਤੇ ਕੀ ਵਾਪਰੀ ਹੋਵੇਗੀ? ਇਹ ਸੋਚਦਿਆਂ ਭੁੱਬ ਮਾਰਨ ਨੂੰ ਜੀਅ ਕਰਦਾ ਹੈ।”
ਇਹ ਗੱਲ ਡਾ: ਚਰਨਜੀਤ ਜੀ ਦੇ ਮੂੰਹੋਂ ਹੀ ਨਹੀਂ ਨਿਕਲਦੀ ਬਲਕਿ ਹਰ ਉਸ ਮੁਖਾਰਬਿੰਦ ਤੋਂ ਨਿਕਲਦੀ ਹੈ ਜੋ ਤਸਲੀਮਾ ਦਾ ਪ੍ਰਸੰਸਕ ਹੈ। ਤੇ ਹਰ ਉਹ ਵਿਅਕਤੀ ਤਸਲੀਮਾ ਦਾ ਪ੍ਰਸੰਸਕ ਬਣ ਜਾਂਦੈ ਜਿਸਨੇ ਉਸਨੂੰ ਪੜ੍ਹਿਆ ਹੈ, ਬਾਸ਼ਰਤ ਹੈ ਕਿ ਉਸਦੀ ਸੋਚ ਵਿੱਚ ਕੱਟੜਤਾ ਨਾ ਹੋਵੇ।
ਪਾਣੀ ਜਦੋਂ ਜ਼ੋਰ ਨਾਲ ਵਹਿੰਦਾ ਹੈ ਤਾਂ ਰੇਤਾ, ਕੰਕਰ, ਪੱਥਰ ਆਦਿ ਛੋਟੀਆਂ-ਮੋਟੀਆਂ ਚੀਜ਼ਾਂ ਖੁਦ-ਬਾ-ਖੁਦ ਉਸ ਨਾਲ ਵਹਿ ਕੇ ਰੁੜ ਜਾਂਦੀਆਂ ਹਨ। ਦੋ ਚਾਰ ਹੜ੍ਹ ਜਿਹੇ ਲਿਆ ਕੇ ਪਾਣੀ ਵਿੱਚ ਹੰਕਾਰ ਆ ਜਾਂਦਾ ਹੈ ਤੇ ਉਸਨੂੰ ਵਹਿਮ ਹੋ ਜਾਂਦਾ ਹੈ ਕਿ ਉਹ ਹਰ ਸ਼ੈਅ ਆਪਣੇ ਨਾਲ ਵਹਾ ਕੇ ਲਿਜਾ ਸਕਦਾ ਹੈ। ਲੇਕਿਨ ਪਾਣੀ ਨੂੰ ਇਹ ਨਹੀਂ ਪਤਾ ਕਿ ਉਹ ਵੱਡੀਆਂ ਅਤੇ ਮਜ਼ਬੂਤ ਚੱਟਾਨਾਂ ਨੂੰ ਜੜੋਂ ਨਹੀਂ ਹਿਲਾ ਸਕਦਾ। ਚੱਟਾਨਾਂ ਤਾਂ ਉਸਨੂੰ ਚੀਰ ਕੇ ਰੱਖ ਦਿੰਦੀਆਂ ਹਨ। ਜਦੋਂ ਚੱਟਾਨਾਂ ਮੂਹਰੇ ਆ ਜਾਣ ਤਾਂ ਪਾਣੀ ਨੂੰ ਆਪਣੀ ਦਿਸ਼ਾ ਬਦਲਣੀ ਪੈ ਜਾਂਦੀ ਹੈ। ਉਹ ਚੱਟਾਨ ਨਾਲ ਖਹਿ ਕੇ ਤਾਂ ਲੰਘ ਸਕਦਾ ਹੈ ਪਰ ਉਸਨੂੰ ਵਹਾ ਨਹੀਂ ਸਕਦਾ। ਚੱਟਾਨ ਵਰਗੀ ਇਸ ਫੌਲਾਦੀ, ਨਿੱਡਰ ਅਤੇ ਬੇਝਿਜਕ ਕਲਮ ਨੂੰ ਸੀਸ ਨਿਵਾ ਕੇ ਸਿਜਦਾ!
****
No comments:
Post a Comment