ਆਵਿਜ਼ੇ ਕੌਮ ਦੇ ਅੰਕ 699 ਵਿੱਚ ਸਫਾ 25 ’ਤੇ ਛਪ ਚੁੱਕੀ ਮੇਰੀ ਇੱਕ ਕਹਾਣੀ ਦੇ ਸੰਦਰਭ ਵਿੱਚ ਇੱਕ ਲੇਖਕ ਦੋਸਤ ਨੇ ਟਿੱਪਣੀ ਕਰੀ ਸੀ ਕਿ ਮੈਂ ਉਸ ਕਹਾਣੀ ਵਿੱਚ ਬੁਰਾਈ ਦੇ ਪ੍ਰਤੀਨਿਧ ਖਲਨਾਇਕ ਨਾਲ ਇੰਨਸਾਫ ਨਹੀਂ ਕੀਤਾ ਅਤੇ ਉਸਦਾ ਵਿਚਾਰ ਸੀ ਕਿ ਕਹਾਣੀਕਾਰ ਨੂੰ ਕਦੇ ਵੀ ਕਿਸੇ ਪਾਤਰ ਨਾਲ ਬੇਇੰਨਸਾਫੀ ਨਹੀਂ ਕਰਨੀ ਚਾਹੀਦੀ। ਪਹਿਲੀ ਤਾਂ ਗੱਲ ਇਹ ਕਿ ਉਸ ਕਹਾਣੀ ਵਿੱਚ ਦੋ ਹੀ ਅਹਿਮ ਪਾਤਰ ਸਨ ਤੇ ਦੋਨਾਂ ਨੂੰ ਬਰਾਬਰ ਰੱਖਿਆ ਗਿਆ ਸੀ। ਪਰ ਉਸ ਲੇਖਕ ਨੂੰ ਕੋਈ ਵੀ ਦਲੀਲ ਦੇਣੀ ਤਾਂ ਮੱਝ ਮੂਹਰੇ ਬੀਨ ਵਜਾਉਣ ਸਮਾਨ ਹੈ। ਕਿਉਂਕਿ ਉਹਦੀ ਤਾਂ ਇੱਕੋ ਹੀ ਮੈਂ ਨਾ ਮਾਨੂੰ ਵਾਲੀ ਮੁਹਾਰਨੀ ਫੜ੍ਹੀ ਹੁੰਦੀ ਹੈ। ਬਾਕੀ ਉਹਦੀ ਫਿਤਰਤ ਹੈ ਕਿ ਉਹਨੇ ਦੂਜੇ ਦੀਆਂ ਰਚਨਾਵਾਂ ਵਿੱਚ ਜਾਣ ਬੁੱਝ ਕੇ ਨੁਕਸ ਕੱਢਣਾ ਹੀ ਹੁੰਦਾ ਹੈ। (ਨੁਕਸ ਵੀ ਉਹਦੇ ਕੋਲ ਸਿਰਫ ਦੋ ਹੀ ਹਨ, ਜੋ ਕਿ ਖੁਦ ਉਹਦੀਆਂ ਆਪਣੀਆਂ ਸਾਰੀਆਂ ਰਚਨਾਵਾਂ ਵਿੱਚ ਵੀ ਮੌਜੂਦ ਹੁੰਦੇ ਹਨ। ਪਤਾ ਨਹੀਂ ਉਹਨੂੰ ਆਪਣੀਆਂ ਰਚਨਾਵਾਂ ਵਿੱਚ ਉਹ ਨੁਕਸ ਕਿਉਂ ਨਹੀਂ ਨਜ਼ਰ ਆਉਂਦੇ?) ਨਾਲੇ ਫੇਰ ਉਹ ਤਾਂ ਭਾਈ ਟੌਲਸਟੌਏ ਤੋਂ ਵੀ ਵੱਡਾ ਲੇਖਕ ਹੈ। ਇਹ ਗੱਲ ਮੈਂ ਨਹੀਂ ਕਹਿੰਦਾ। ਲੇਖਕ ਨੇ ਖੁਦ ਮੈਨੂੰ ਦੱਸੀ ਸੀ ਕਿ ਇਹ ਖਿਤਾਬ ਉਸਨੂੰ ਇੰਡੀਆ ਦੇ ਇੱਕ ਅੱਜ-ਕੱਲ੍ਹ ਉਭਰ ਰਹੇ ਨੌਜਵਾਨ ਆਲੋਚਕ ਰ*******ਰ ਸਿੰਘ ਨੇ ਨਿੱਜੀ ਚਿੱਠੀ ਵਿੱਚ ਦਿੱਤਾ ਹੈ ਤੇ ਲਿਖਿਆ ਹੈ ਕਿ (ਸਾਡੇ ਇਸ ਲੇਖਕ) ਦਾ ਨਾਵਲ ਦੁਨੀਆਂ ਵਿੱਚ ਸਭ ਤੋਂ ਵੱਧ ਵਿੱਕਣ ਵਾਲੇ ਨਾਵਲ ਵੌਰ ਐਂਡ ਪੀਸ ਨੂੰ ਮਾਤ ਪਾ ਗਿਆ ਹੈ। ਹਾਸੇ ਦੀ ਗੱਲ ਇਹ ਹੈ ਕਿ ਲੇਖਕ ਨੂੰ ਇਹ ਟਿੱਪਣੀ ਹਾਜਮੂਲਾ ਦੀ ਗੋਲੀ ਵਾਂਗੂੰ ਹਜ਼ਮ
ਵੀ ਹੋ ਗਈ ਸੀ। ਪੰਪ ਤਾਂ ਬਈ ਸਾਨੂੰ ਵੀ ਕਈ ਲੋਕ ਮਾਰਦੇ ਹੁੰਦੇ ਹਨ। ਪਰ ਐਡਾ ਵੱਡਾ ਪੰਪ ਸਹਿਣ ਕਰਨ ਵਾਲਾ ਲੇਖਕ ਵਾਕਈ ਹੀ ਜਿਗਰੇ ਵਾਲਾ ਹੈ। ਵੈਸੇ ਲੇਖਕ ਸਾਹਿਬ ਜੇ ਤੁਸੀਂ ਇਹ ਪੜ੍ਹ ਰਹੇ ਹੋਵੋਂ ਤਾਂ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ ਮੈਂ ਜਦੋਂ ਇਸ ਉਪਰੋਕਤ ਵਿਚਾਰ ਬਾਰੇ ਉਸ ਉਕਤ ਆਲੋਚਕ ਨੂੰ ਸੁਆਲ ਕੀਤਾ ਸੀ ਤਾਂ ਉਸ ਨੇ ਹੇਠ ਲਿਖਿਆ ਜੁਆਬ ਦਿੱਤਾ ਸੀ:-“ਲੈ। ਕਿੱਥੇ ਰਾਜਾ ਭੋਜ, ਕਿੱਥੇ ਗੰਗੂ ਤੇਲੀ? ਕਿੱਥੇ ਵੌਰ ਐਂਡ ਪੀਸ ਤੇ ਕਿੱਥੇ ਘ… ਰੇ। ਮੈਂ ਤਾਂ ਭਰਾਵਾ ਵਲਾਇਤ ਦੀ ਟਿਕਟ ਭੋਟਣੀ ਸੀ ਤਾਂ ਕਿਤੇ ਇਹੋ ਜਿਹਾ ਕੁਸ (ਆਲੋਚਕ ਡਾ: ਹੈ ਪਰ ਛ ਨੂੰ ਸ ਬੋਲਦਾ ਹੈ, ਜਿਵੇਂ ਆਪਣੇ ਇੱਕ ਪਰਚੇ ਦੌਰਾਨ ਕਥਾ ਕਹੋ ਉਰਵਸ਼ੀ ਨੂੰ ਉਹਨੇ ਕਥਾ ਕਹੋ ਉਰਵਸੀ ਉਚਾਰਿਆ ਸੀ।) ਕਿਹਾ ਗਿਆ ਹੋਣੈ।”
ਇੱਥੇ ਹੀ ਬਸ ਨਹੀਂ ਸਾਡੇ ਇਸ ਪੂਜਨੀਕ ਲੇਖਕ ਮਹਾਸ਼ੇ ਇੱਕ ਭਰਮ ਦੀ ਬਿਮਾਰੀ ਦਾ ਸ਼ਿਕਾਰ ਵੀ ਹਨ ਕਿ ਉਹ ਜੇਕਰ ਅੱਜ ਲਿਖਣਾ ਛੱਡ ਦੇਣ ਤਾਂ ਘੱਟੋ ਘੱਟ ਬੀਹ ਸਾਲ ਤੱਕ ਬਰਤਾਨਵੀਂ ਸਾਹਿਤ ਵਿੱਚ ਉਹਨਾਂ ਦਾ ਜ਼ਿਕਰ ਹੁੰਦਾ ਰਹੇਗਾ। ਬਾਬਿਓ ਜ਼ਿਕਰ ਤਾਂ ਤੁਹਾਡਾ ਅੱਜ ਵੀ ਨਹੀਂ ਹੁੰਦਾ। ਤੁਹਾਡੇ ਨਾਮ ਦੀ ਮਾਲਾ ਤਾਂ ਸਿਰਫ ਉਹੀ ਫੇਰਦੇ ਹਨ ਜਿਨ੍ਹਾਂ ਨੂੰ ਤੁਸੀਂ ਪੁੰਨ-ਦਾਨ ਦਿੰਦੇ ਹੋ। ਉਹ ਵੀ ਸੁੱਖ ਨਾਲ ਤੁਹਾਡੀ ਪਿੱਠ ਪਿੱਛੇ ਪੂਰੀ ਰੇਲ ਬਣਾਉਂਦੇ ਹਨ। ਹਾਏ! ਮੈਨੂੰ ਤਾਂ ਤਰਸ ਆਉਂਦਾ ਹੈ, ਇਹੋ ਜਿਹੇ ਲੇਖਕ ਦੀ ਤਕਦੀਰ ’ਤੇ। ਪ੍ਰਮਾਤਮਾ ਬਚਾਵੇ ਸਾਡੇ ਇਸ ਲੇਖਕ ਨੂੰ!
ਲੇਖਕ ਜੀ, ਇਹ ਵਿਚਾਰ ਮੈਂ ਕੋਈ ਤੁਹਾਡੇ ਨਾਲ ਪੰਗਾ ਲੈਣ ਲਈ ਨਹੀਂ ਲਿਖੇ। ਸਗੋਂ ਮੈਂ ਤਾਂ ਤੁਹਾਡਾ ਸਨੇਹੀ ਹਾਂ। ਇਹ ਮੈਂ ਇਸ ਲਈ ਲਿਖਿਆ ਹੈ ਤਾਂ ਕਿ ਤੁਸੀਂ ਹੰਕਾਰ ਦੇ ਕਿਲੇ ਵਿੱਚੋਂ ਬਾਹਰ ਨਿਕਲ ਕੇ ਅੱਗੋਂ ਤੋਂ ਸੁਹਿਰਦਤਾ ਅਤੇ ਨਰਮਾਈ ਨਾਲ ਧਰਤੀ ’ਤੇ ਰਹਿ ਕੇ ਪੰਜਾਬੀ ਸਾਹਿਤ ਦੀ ਸੇਵਾ ਕਰੋਂ ਤੇ ਮਨ ਨੀਵਾਂ ਮੱਤ ਉੱਚੀ ਦੇ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਢਾਲਣ ਦਾ ਯਤਨ ਕਰੋਂ।
ਆਉ ਹੁਣ ਪਹਿਲਾਂ ਵਰਣਨ ਕੀਤੇ ਗਏ ਕਥਨ ਨੂੰ ਵਿਚਾਰੀਏ, ਕੀ ਕਹਾਣੀਕਾਰ ਆਪਣੀ ਹਰ ਕਹਾਣੀ ਵਿੱਚ ਹਰ ਪਾਤਰ ਨਾਲ ਇੰਨਸਾਫ ਕਰ ਸਕਦਾ ਹੈ? ਮੇਰਾ ਖਿਆਲ ਹੈ ਨਹੀਂ। ਅਜਿਹਾ ਸੰਭਵ ਹੀ ਨਹੀਂ ਹੈ। ਕਿਉਂਕਿ ਇੱਕ ਕਥਾਕਾਰ ਦੇ ਜ਼ਿਹਨ ਵਿੱਚ ਉਦੋਂ ਹੀ ਕਹਾਣੀ ਜਨਮ ਲੈਂਦੀ ਹੈ ਜਦੋਂ ਲੇਖਕ ਨੂੰ ਸਮਾਜਕ ਵਿਵਸਥਾ ਵਿੱਚ ਕੋਈ ਨੁਕਸ, ਕੋਈ ਕੁਹਜ ਨਜ਼ਰ ਆਉਂਦਾ ਹੈ। ਆਪਣੇ ਮੁਆਸ਼ਰੇ ਦੀ ਭਲਾਈ ਲਈ ਕਹਾਣੀਕਾਰ ਸਮਾਜ਼ਕ ਢਾਂਚੇ ਵਿੱਚ ਜੋ ਤਬਦੀਲੀ ਹੋਣੀ ਚਾਹੁੰਦਾ ਹੈ, ਉਸੇ ਦਾ ਵਰਣਨ ਕਰਨ ਲਈ ਇਹ ਕਹਾਣੀ ਕਹੀ ਗਈ ਹੁੰਦੀ ਹੈ। ਕਿਸੇ ਅੱਖੀਂ ਡਿੱਠੇ ਵਾਕੇ ਜਾਂ ਘਟਨਾ ਨੂੰ ਬਿਆਨ ਕਰ ਦੇਣਾ ਨਿਊਜ਼ ਰੀਪੋਰਟ ਤਾਂ ਹੋ ਸਕਦੀ ਹੈ। ਪਰ ਕਹਾਣੀ ਕਦੇ ਨਹੀਂ ਹੋ ਸਕਦੀ। ਕਹਾਣੀ ਦਾ ਵਿਸ਼ਾ ਬਣੀ ਹੋਈ ਬੁਰਾਈ ਨੂੰ ਖਤਮ ਕਰਨ ਲਈ ਕਹਾਣੀਕਾਰ ਨੇ ਉਹਦੇ ਖਿਲਾਫ ਕਲਮ ਚੁੱਕੀ ਹੁੰਦੀ ਹੈ। ਉਸਨੂੰ ਅਛਾਈ ਦੇ ਬਰਾਬਰ ਤੋਲ ਕੇ ਹਲਕੀ ਸਾਬਤ ਕਰਨ ਦਾ ਪ੍ਰਯਾਸ ਕਰਨਾ ਹੁੰਦਾ ਹੈ ਤੇ ਪਾਠਕਾਂ ਨੂੰ ਸੰਦੇਸ਼ ਦੇ ਕੇ ਅਛਾਈ ਨੂੰ ਅਪਣਾਉਣ ਲਈ ਪ੍ਰੇਰਨਾ ਹੁੰਦੈ। ਲੇਖਕ ਨੇ ਸਿਰਫ ਅਛਾਈ ਨੂੰ ਹੀ ਹਾਈਲਾਈਟ ਕਰਨਾ ਹੁੰਦਾ ਹੈ, ਨਾ ਕੇ ਬਰਾਈ ਨੂੰ ਵੀ। ਬੁਰਾਈ ਨੂੰ ਹੱਲਾਸ਼ੇਰੀ ਦੇਣ ਦੀ ਤਾਂ ਲੋੜ੍ਹ ਹੀ ਨਹੀਂ। ਬੁਰਾਈ ਤਾਂ ਖੁਦ-ਬਾ-ਖੁਦ ਉਭਰਦੀ ਅਤੇ ਫੈਲਦੀ ਰਹਿੰਦੀ ਹੈ।ਰਸੂਲ ਹਮਜ਼ਾਤੋਵ ਕਹਿੰਦਾ ਹੈ, “ਜਦੋਂ ਸੱਚ ਅਜੇ ਪੈਰੀਂ ਜੁੱਤੀ ਹੀ ਪਾ ਰਿਹਾ ਹੁੰਦਾ ਹੈ ਤਾਂ ਝੂਠ ਸਾਰਾ ਪਿੰਡ ਗਾਹ ਆਉਂਦਾ ਹੈ। ਜਦੋਂ ਇਸਦਾ ਨਿਤਾਰਾ ਹੁੰਦਾ ਹੈ ਤਾਂ ਇਹ ਕ੍ਰਮ ਉਲਟਾ ਹੋ ਜਾਂਦਾ ਹੈ।”
ਹੁਣ ਜਿੱਥੋਂ ਤੱਕ ਕਹਾਣੀ ਵਿੱਚ ਸਾਰੇ ਪਾਤਰਾਂ ਨਾਲ ਇੰਨਸਾਫ ਕਰਨ ਦੀ ਗੱਲ ਆਉਂਦੀ ਹੈ। ਕਹਾਣੀ ਵਿੱਚ ਤਾਂ ਕਈ ਵਾਰ ਸਹਾਇਕ ਪਾਤਰ ਵੀ ਘੜਨੇ ਪੈਂਦੇ ਹਨ, ਜਿਨ੍ਹਾਂ ਤੋਂ ਬਹੁਤ ਥੋੜਾ ਕੰਮ ਲੈਣਾ ਹੁੰਦਾ ਹੈ। ਅਜਿਹੇ ਪਾਤਰਾਂ ਦਾ ਵਰਣਨ ਮਹਿਜ਼ ਉਦੋਂ ਹੀ ਆਉਂਦਾ ਹੈ ਜਦੋਂ ਉਹਨਾਂ ਦਾ ਬਿਆਨ ਕੀਤੀ ਜਾਣ ਵਾਲੀ ਘਟਨਾ ਵਿੱਚ ਕੋਈ ਰੋਲ ਆਉਂਦਾ ਹੈ। ਉਨ੍ਹਾਂ ਤੋਂ ਲਿਆ ਜਾਣ ਵਾਲਾ ਕੰਮ ਜਦੋਂ ਪੂਰਾ ਹੋ ਜਾਂਦਾ ਹੈ ਤਾਂ ਲੇਖਕ ਲਈ ਅਜਿਹੇ ਪਾਤਰ ਬੇਲੋੜੇ ਅਤੇ ਵਾਧੂ ਹੋ ਜਾਂਦੇ ਹਨ। ਇਸ ਲਈ ਉਨ੍ਹਾਂ ਨੂੰ ਕਹਾਣੀ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਹੁਣ ਜੇ ਕਹੋਂ ਕਿ ਮਦਦਗਾਰੀ ਪਾਤਰ ਦੀ ਭੂਮਿਕਾ ਵੀ ਮੁੱਖ ਪਾਤਰ ਜਿੰਨੀ ਹੋਵੇ, ਨਹੀਂ ਤਾਂ ਉਹਨਾਂ ਨਾਲ ਬੇਇੰਨਸਾਫੀ ਹੁੰਦੀ ਹੈ। ਮਿੱਤਰੋਂ ਇਹ ਤਾਂ ਹੋ ਨਹੀਂ ਸਕਦਾ। ਜੇਕਰ ਲੇਖਕ ਇੰਝ ਪਾਤਰਾਂ ਨਾਲ ਇੰਨਸਾਫ ਕਰਨ ਲੱਗ ਪਿਆ ਤਾਂ ਕਹਾਣੀ ਨਾਲ ਬੇਇੰਨਸਾਫੀ ਅਤੇ ਜ਼ਿਆਦਤੀ ਹੋ ਜਾਵੇਗੀ। ਹਕੀਕਤ ਵਿੱਚ ਵੀ ਤਾਂ ਇਸੇ ਤਰ੍ਹਾਂ ਹੁੰਦਾ ਹੈ। ਵਿਲੀਅਮ ਸ਼ੇਕਸਪੀਅਰ ਦਾ ਕਥਨ ਹੈ, "World is stage, life is drama. Man is actor and god is director” ਸੱਚ ਜ਼ਿੰਦਗੀ ਇੱਕ ਰੰਗਮੰਚ ਦੇ ਨਾਟਕ ਦੀ ਤਰ੍ਹਾਂ ਹੈ ਤੇ ਅਸੀਂ ਸਭ ਅਦਾਕਾਰਾਂ ਵਾਂਗ ਹਾਂ। ਕਈ ਵਾਰ ਅਸੀਂ ਦੇਖਦੇ ਹਾਂ ਕਿ ਕੁੱਝ ਇੰਨਸਾਨ ਇਸ ਦੁਨੀਆਂ ਤੋਂ ਆਪਣੀ ਪੂਰੀ ਉਮਰ ਭੋਗਣ ਤੋਂ ਪਹਿਲਾਂ ਹੀ ਰੁਖਸਤ ਹੋ ਜਾਂਦੇ ਹਨ। ਪ੍ਰਮਾਤਮਾਂ ਨੇ ਵੀ ਇਹੀ ਖੇਲ ਰਚਾਇਆ ਹੋਇਆ ਹੈ। ਜਿਸ ਵਿਅਕਤੀ ਤੋਂ ਇਸ ਦੁਨੀਆਂ ਵਿੱਚ ਜੋ ਕੰਮ, ਜਿੰਨੇ ਅਰਸੇ ਵਿੱਚ ਕਰਵਾਉਣਾ ਹੈ। ਉਹ ਕਰਵਾ ਕੇ ਉਸਨੂੰ ਆਪਣੇ ਕੋਲ ਬੁਲਾ ਲੈਂਦਾ ਹੈ। ਫਜ਼ੂਲ ਪਾਤਰ ਨੂੰ ਤਾਂ ਰੱਬ ਵੀ ਨਹੀਂ ਛੱਡ ਸਕਦਾ। ਹੁਣ ਜੋ ਕੰਮ ਰੱਬ ਨਹੀਂ ਕਰ ਸਕਦਾ, ਲੇਖਕ ਉਹ ਕਿਵੇਂ ਕਰ ਸਕਦਾ ਹੈ? ਨਾਲੇ ਫੇਰ ਕਹਾਣੀ ਰਚਨਾ ਕੋਈ ਪ੍ਰਸ਼ਾਦ ਵੱਡਣਾ ਥੋੜੀ ਹੈ? ਬਈ ਹਰੇਕ ਨੂੰ ਇਕੋ ਜਿਹਾ ਗੱਫਾ ਦੇਈ ਜਾਵੋ। ਕਹਾਣੀ ਤਾਂ ਗੁਲਦੱਸਤਾ ਬਣਾਉਣ ਵਾਂਗ ਸਿਰਜੀ ਜਾਂਦੀ ਹੈ। ਜਿਵੇਂ ਗੁਲਦਸਤਾ ਬਣਾਉਣ ਵਾਲੇ ਕੋਲ ਅਨੇਕਾਂ ਫੁੱਲ ਹੁੰਦੇ ਹਨ ਤੇ ਉਹਨੇ ਗੁਲਦੱਸਤੇ ਦੀ ਖੂਬਸੁਰਤੀ ਨੂੰ ਮੱਦੇ ਨਜ਼ਰ ਰੱਖਣਾ ਹੁੰਦਾ ਹੈ। ਜਿੰਨੀ ਗਿਣਤੀ ਵਿੱਚ ਜਿਹੜੇ ਫੁੱਲ ਉਸ ਗੁਲਦਸਤੇ ਨੂੰ ਸੁੰਦਰ ਬਣਾਉਣ ਵਿੱਚ ਸਹਾਈ ਹੋਣ, ਗੁਲਦਸਤਾਕਾਰ ਉਨ੍ਹਾਂ ਨੂੰ ਵਰਤ ਲੈਂਦਾ ਹੈ ਤੇ ਬਾਕੀਆਂ ਨੂੰ ਛੱਡ ਦਿੰਦਾ ਹੈ। ਉਹ ਸਾਰੇ ਫੁੱਲਾਂ ਨੂੰ ਇਕੋਂ ਜਿੰਨੀ ਮਾਤਰਾ ਵਿੱਚ ਹਰਗਿਜ ਇਸਤੇਮਾਲ ਨਹੀਂ ਕਰ ਸਕਦਾ।
ਮਸਲਾ ਤਾਂ ਪਾਠਕਾਂ ਦੇ ਖਾਨੇ ਵਿੱਚ ਉਹ ਗੱਲ ਪਾਉਣ ਦਾ ਹੁੰਦਾ ਹੈ ਜਿਹੜੀ ਲੇਖਕ ਕਹਿਣੀ ਚਾਹੁੰਦਾ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਦੀ ਰੋਟੀ ਚੋਂ ਦੁੱਧ ਅਤੇ ਮਲਿਕ ਭਾਗੋ ਦੀਆਂ ਪੂਰੀਆਂ ਵਿੱਚੋਂ ਲਹੂ ਕੱਢਣ ਦਾ ਕੌਤਕ ਵਰਤਾਇਆ ਸੀ। ਹੁਣ ਜੇ ਇਹ ਕਹੀਏ ਕਿ ਗੁਰੂ ਨਾਨਕ ਦੇਵ ਜੀ ਨੇ ਮਲਿਕ ਭਾਗੋ ਨਾਲ ਬੇਇਨਸਾਫੀ ਕੀਤੀ ਹੈ। ਉਹਦੀਆਂ ਪੂਰੀਆਂ ਵਿੱਚੋਂ ਵੀ ਦੁੱਧ ਹੀ ਕੱਢਣਾ ਚਾਹੀਦਾ ਸੀ ਤਾਂ ਅਜਿਹਾ ਕਿਵੇਂ ਮੁਮਕਿਨ ਹੋ ਸਕਦਾ ਹੈ? ਫੇਰ ਤਾਂ ਕੋਈ ਗੱਲ ਹੀ ਨਹੀਂ ਬਣਦੀ। ਮਾਮਲਾ ਤਾਂ ਇਹ ਸੀ ਕਿ ਮਲਿਕ ਭਾਗੋ ਨੇ ਬਾਬੇ ਨਾਨਕ ਨੂੰ ਇਹ ਪੁੱਛਿਆ ਸੀ ਕਿ ਤੁਸੀਂ ਮੇਰੇ ਪਕਵਾਨ ਛੱਡ ਕੇ ਲਾਲੋ ਦੇ ਕੋਧਰੇ ਦੀ ਰੁੱਖੀ ਰੋਟੀ ਕਿਉਂ ਛਕੀ?
ਰੋਟੀ ਵਿੱਚੋਂ ਨਿਕਲਦਾ ਦੁੱਧ ਪ੍ਰਤੀਕ ਸੀ ਇਸ ਗੱਲ ਦਾ ਕਿ ਉਹ ਰੋਟੀ ਲਾਲੋ ਦੀ ਮਿਹਨਤ ਅਤੇ ਦਸਾਂ ਨੌਹਾਂ ਦੀ ਕਿਰਤ ਦੀ ਕਮਾਈ ਵਿੱਚੋਂ ਤਿਆਰ ਹੋਈ ਸੀ ਤੇ ਦੁੱਧ ਪੀਤਾ ਜਾ ਸਕਦਾ ਹੈ। ਪਰੰਤੂ ਦੂਜੇ ਪਾਸੇ ਮਲਿਕ ਭਾਗੋ ਨੇ ਠੱਗੀ-ਠੌਰੀ ਅਤੇ ਗਰੀਬਾਂ ’ਤੇ ਜ਼ੁਲਮ ਕਰਕੇ ਉਹਨਾਂ ਦਾ ਖੂਨ ਨਿਚੋੜ ਕੇ ਉਹ ਪਕਵਾਨ ਬਣਵਾਏ ਸਨ। ਇਸ ਲਈ ਉਨ੍ਹਾਂ ਵਿੱਚ ਲਹੂ ਸੀ। ਹੁਣ ਇੱਕ ਮਾਨਵ ਦੂਜੇ ਮਾਨਵ ਦੀ ਰਤ ਕਿਵੇਂ ਪੀ ਸਕਦਾ ਹੈ? ਇੰਝ ਤਰੀਕੇ ਨਾਲ ਗੁਰੂ ਸਾਹਿਬ ਨੇ ਮਲਿਕ ਭਾਗੋਂ ਨੂੰ ਆਪਣੀ ਗੱਲ ਕਹਿ ਦਿੱਤੀ ਸੀ ਤੇ ਜੋ ਉਹਨੂੰ ਅਤੇ ਸਾਨੂੰ ਸਾਰਿਆਂ ਨੂੰ ਸਮਝ ਵੀ ਆਉਂਦੀ ਹੈ। ਇਸੇ ਪ੍ਰਕਾਰ ਹੀ ਕਹਾਣੀ ਵਿੱਚ ਕਹਾਣੀਕਾਰ ਨੇ ਕੋਈ ਗੱਲ ਕਿਸੇ ਨਾ ਕਿਸੇ ਅਜਿਹੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਕਹਿਣੀ ਹੁੰਦੀ ਹੈ।
ਜਦੋਂ ਦੋ ਪਹਿਲਵਾਨ ਘੁੱਲਦੇ ਹਨ। ਉਹਨਾਂ ਵਿੱਚੋਂ ਇੱਕ ਨੇ ਤਾਂ ਢਹਿਣਾ ਹੀ ਹੈ। ਜੇ ਦੋਨਾਂ ਨੂੰ ਬਰਾਬਰ ਰੱਖਣਾ ਹੈ ਤਾਂ ਘੁਲਾਉਣ ਦੀ ਲੋੜ੍ਹ ਹੀ ਕੀ ਹੈ? ਉਹਨਾਂ ਨੂੰ ਤਾਂ ਲੜਾਇਆ ਹੀ ਇਸ ਲਈ ਜਾਂਦਾ ਹੈ ਤਾਂ ਕਿ ਉਹਨਾਂ ਦੀ ਪਰਖ ਹੋ ਸਕੇ ਕਿ ਕੌਣ ਤਕੜਾ ਹੈ ਤੇ ਕੌਣ ਮਾੜਾ। ਇਉਂ ਹੀ ਕਹਾਣੀਆਂ ਵਿੱਚ ਚੰਗੇ ਮਾੜੇ ਪਾਤਰਾਂ ਦੀ ਟੱਕਰ ਹੁੰਦੀ ਹੈ। ਸਦੀਆਂ ਤੋਂ ਇਹ ਸਿਧਾਂਤ ਰਿਹਾ ਹੈ ਕਿ ਅਛਾਈ ਦੀ ਬੁਰਾਈ ਉੱਤੇ ਜਿੱਤ ਹੁੰਦੀ ਹੈ। ਕਥਾਵਾਂ ਵਿੱਚ ਤਾਂ ਬੁਰਾਈ ਇਸ ਲਈ ਖੜ੍ਹੀ ਕੀਤੀ ਜਾਂਦੀ ਹੈ ਤਾਂ ਕਿ ਲੋਕਾਂ ਨੂੰ ਅਛਾਈ ਦੀ ਕਦਰ ਦਾ ਪਤਾ ਚੱਲ ਸਕੇ।
ਪ੍ਰਸਿੱਧ ਚਿੱਤਰਕਾਰ ਪਿਕਾਸੋ ਨੇ ਇੱਕ ਵਾਰ ਇੱਕ ਤਸਵੀਰ ਬਣਾਈ, ਜਿਹੜੀ ਕਿ ਇੱਕ ਅੰਤਾਂ ਦੀ ਖੂਬਸੂਰਤ ਔਰਤ ਦੀ ਸੀ। ਤਸਵੀਰ ਬਣਾਉਂਦਿਆਂ ਬੁਰਸ਼ ਚੁੱਕ ਕੇ ਪਿਕਾਸੋ ਕੁੱਝ ਕਦਮ ਪਿਛਾਂਹ ਹਟਿਆ ਤੇ ਉਸਦੀ ਸੁੰਦਰਤਾ ਦਾ ਜਾਇਜ਼ਾ ਲੈਣ ਲੱਗਿਆ। ਐਨ ਉਦੋਂ ਹੀ ਪਿਕਾਸੋ ਦਾ ਇੱਕ ਅਮੀਰ ਦੋਸਤ ਉਥੇ ਆਇਆ ਜੋ ਉਸ ਦੀਆਂ ਕ੍ਰਿਤਾਂ ਦਾ ਗਾਹਕ ਵੀ ਸੀ। ਤਸਵੀਰ ਦੇਖ ਕੇ ਉਹ ਦੋਸਤ ਪਿਕਾਸੋ ਨੂੰ ਕਹਿਣ ਲੱਗਿਆ, “ਇਹ ਤਸਵੀਰ ਤੂੰ ਮੈਨੂੰ ਵੇਚ ਦੇ, ਬੋਲ ਕੀ ਕੀਮਤ ਲੈਣੀ ਹੈ?”
ਉਸਦੀ ਗੱਲ ਸੁਣ ਕੇ ਪਿਕਾਸੋ ਕਹਿਣ ਲੱਗਿਆ, “ਭਾਈ ਜੇ ਤੂੰ ਇਹ ਤਸਵੀਰ ਲੈਣੀ ਹੈ ਤਾਂ ਕੁੱਲ੍ਹ ਨੂੰ ਆਵੀਂ। ਅਜੇ ਇਹ ਮੁਕੰਮਲ ਨਹੀਂ ਹੋਈ।”
ਦੋਸਤ ਹੈਰਾਨ ਹੋਇਆ, ਦੇਖਣ ਨੂੰ ਪੂਰੀ ਲੱਗਦੀ ਹੈ, ਹੋਰ ਇਸ ਵਿੱਚ ਕੀ ਸੁਧਾਰ ਹੋਵੇਗਾ? ਉਸ ਨੇ ਪਿਕਾਸੋ ਨੂੰ ਕਿਹਾ, “ਚੱਲ ਤੂੰ ਰਕਮ ਦੱਸ? ਲੈ ਮੈਂ ਕੱਲ੍ਹ ਨੂੰ ਜਾਊਂ।”
“ਜਦ ਤਸਵੀਰ ਬਣੀ ਹੀ ਨਹੀਂ ਮੈਂ ਮੁੱਲ ਕਿਵੇਂ ਨਿਰਧਾਰਤ ਕਰ ਸਕਦਾਂ। ਜਦੋਂ ਬਣੂਗੀ ਦੇਖ ਕੇ ਇਹਦੀ ਕੀਮਤ ਵੀ ਤੈਅ ਕਰ ਦੇਵਾਂਗਾ।” ਪਿਕਾਸੋ ਨੇ ਦੋਸਤ ਨੂੰ ਟਾਲਣ ਲਈ ਆਖਿਆ।
ਅਗਲੇ ਦਿਨ ਦੋਸਤ ਫਿਰ ਆ ਗਿਆ। ਪਿਕਾਸੋ ਨੇ ਕੀਮਤ ਵਸੂਲ ਕਰਕੇ ਤਸਵੀਰ ਦੇ ਦਿੱਤੀ। ਉਸ ਵਿਅਕਤੀ ਨੇ ਤਸਵੀਰ ਤੋਂ ਪਰਦਾ ਚੁੱਕ ਕੇ ਦੇਖਿਆ। ਉਸ ਵਿੱਚ ਪਹਿਲੀ ਔਰਤ ਦੇ ਬਰਾਬਰ ਇੱਕ ਹੋਰ ਔਰਤ ਬਣਾ ਦਿੱਤੀ ਗਈ ਸੀ, ਜੋ ਦੇਖਣ ਨੂੰ ਬਹੁਤ ਹੀ ਬਦਸ਼ਕਲ ਜਿਹੀ ਲੱਗਦੀ ਸੀ।
ਦੋਸਤ ਬੋਲਿਆ, “ਆਹ ਕੀ? ਇੱਕ ਬਹੁਤ ਖੂਬਸੂਰਤ ਤੇ ਦੂਜੀ ਬਹੁਤ ਹੀ ਬਦਸੂਰਤ ਔਰਤ? ਦੂਜੀ ਔਰਤ ਬਣਾਉਣ ਦੀ ਕੀ ਲੋੜ੍ਹ ਸੀ?”
“ਕੱਲ੍ਹ ਤੱਕ ਉਹ ਸਿਰਫ ਖੂਬਸੂਰਤ ਔਰਤ ਸੀ। ਅੱਜ ਬਦਸੂਰਤ ਦੇ ਬਰਾਬਰ ਖੜ੍ਹੀ ਹੋਣ ਕਰਕੇ ਉਹ ਬਹੁਤ ਖੂਬਸੂਰਤ ਹੋ ਗਈ ਹੈ। ਉਸਦੀ ਸੁੰਦਰਤਾ ਹੋਰ ਵੀ ਉਘੜ ਆਈ ਹੈ।” ਪਿਕਾਸੋ ਨੇ ਸੰਖੇਪ ਜਿਹਾ ਜੁਆਬ ਦਿੱਤਾ ਸੀ।
ਮੇਰੇ ਕਹਿਣ ਦਾ ਭਾਵ ਹੈ ਕਿ ਬੁਰੇ ਬੰਦੇ ਨਾਲ ਵਾਹ ਪੈਣ ’ਤੇ ਹੀ ਸਾਨੂੰ ਭਲੇ ਦੀ ਕਦਰ ਹੁੰਦੀ ਹੈ। ਫਿਰ ਕਹਾਣੀਆਂ ਵਿੱਚ ਖਲਨਾਇਕਾਂ ਨੂੰ ਨਾਇਕਾਂ ਤੇ ਭਾਰੂ ਕਿਵੇਂ ਕਰਿਆ ਸਕਦਾ ਹੈ? ਉਹਨਾਂ ਨੂੰ ਤਾਂ ਚੰਗੇ ਪਾਤਰਾਂ ਦੀ ਚੰਗਿਆਈ ਦਰਸਾਉਣ ਲਈ ਹੀ ਵਰਤਿਆ ਜਾਂਦਾ ਹੈ। ਨਾਲੇ ਫੇਰ ਸਾਹਿਤ ਤਾਂ ਜ਼ਿੰਦਗੀ ਦਾ ਦਰਪਨ ਹੁੰਦਾ ਹੈ। ਕੀ ਜ਼ਿੰਦਗੀ ਵਿੱਚ ਸਾਨੂੰ ਸਾਰਿਆਂ ਨੂੰ ਇੰਨਸਾਫ ਮਿਲਦਾ ਹੈ? ਜੀਵਨ ਵਿੱਚ ਕਈ ਮੋੜ ਐਸੇ ਆਉਂਦੇ ਹਨ ਜਦੋਂ ਸਾਡੇ ਨਾਲ ਬੇਇੰਨਸਾਫੀਆਂ ਹੋ ਜਾਂਦੀਆਂ ਹਨ ਅਤੇ ਕਈ ਵਾਰ ਅਸੀਂ ਦੂਸਰਿਆਂ ਨਾਲ ਧੱਕੇਸ਼ਾਹੀ ਕਰ ਜਾਂਦੇ ਹਾਂ। ਜੋ ਗੱਲ ਅਸਲ ਮਨੁੱਖੀ ਜ਼ਿੰਦਗੀ ਵਿੱਚ ਹੀ ਨਹੀਂ ਵਾਪਰਦੀ ਉਸਨੂੰ ਕਾਗ਼ਜ਼ਾਂ ਦੀ ਹਿੱਕ ਵਿੱਚ ਖਭੋਣ ਦਾ ਕੀ ਲਾਭ? ਅੰਤ ਵਿੱਚ ਮੈਂ ਤਾਂ ਇਹੀ ਕਹਾਂਗਾ ਕਿ ਸੱਜਣੋਂ, ਇੰਨਸਾਫ ਕਹਾਣੀ ਨਾਲ ਹੋਣਾ ਚਾਹੀਦਾ ਹੈ ਨਾ ਕਿ ਪਾਤਰਾਂ ਨਾਲ।
No comments:
Post a Comment