ਰਿਸ਼ਤਿਆਂ ਦਾ ਪ੍ਰਦੂਸ਼ਣ

ਜਦੋਂ ਤੋਂ ਮਨੁੱਖੀ ਸਭਿਅਤਾ ਹੋਂਦ ਵਿੱਚ ਆਈ ਸੀ, ਉਦੋਂ ਤੋਂ ਹੀ ਰਿਸ਼ਤਿਆਂ ਦੀ ਈਜ਼ਾਦ ਵੀ ਹੋ ਗਈ ਸੀ। ਸਭ ਤੋਂ ਪਹਿਲਾ ਰਿਸ਼ਤਾ ਜੋ ਇਸ ਧਰਤੀ 'ਤੇ ਜਨਮਿਆ ਹੋਵੇਗਾ, ਨਿਰਸੰਦੇਹ ਉਹ ਔਰਤ ਅਤੇ ਮਰਦ ਦਾ ਜਿਣਸੀ ਰਿਸ਼ਤਾ ਸੀ। ਬਾਕੀ ਰਿਸ਼ਤਿਆਂ ਦੀਆਂ ਸ਼ਾਖਾਵਾਂ ਵੀ ਇਸੇ ਰਿਸ਼ਤੇ ਵਿਚੋਂ ਪੈਦਾ ਹੋਈਆਂ। ਔਰਤ-ਮਰਦ ਸਬੰਧਾਂ ਤੋਂ ਛੁੱਟ ਕਿਸੇ ਵੀ ਹੋਰ ਰਿਸ਼ਤੇ ਦਾ ਜੇਕਰ ਦੋ ਵਿਅਕਤੀ ਗ੍ਰਾਫ ਬਣਾਉਣ ਤਾਂ ਉਹ ਸਿੱਧ-ਪੱਧਰਾ ਬਣੇਗਾ। ਅਗਰ ਰਿਸ਼ਤੇ ਵਿੱਚ ਕਿਧਰੇ ਕੋਈ ਬਦਲਾਅ ਵੀ ਆਵੇਗਾ ਤਾਂ ਉਸ ਵਿੱਚ ਵੀ ਇਕਸਾਰਤਾ ਹੋਵੇਗੀ। ਅਚਾਨਕ ਰਿਸ਼ਤੇ ਵਿੱਚ ਆਈ ਤਬਦੀਲੀ ਵੀ ਉਸ ਰਿਸ਼ਤੇ ਦੀ ਰੇਖਾ ਨੂੰ ਸਹਿਜਤਾ ਨਾਲ ਉਸ ਦਿਸ਼ਾ ਵੱਲ ਮੋੜੇਗੀ। ਲੇਕਿਨ ਇੱਕ ਔਰਤ ਅਤੇ ਮਰਦ ਦਾ ਇੱਕੋ-ਇੱਕ ਰਿਸ਼ਤਾ ਐਸਾ ਹੈ ਕਿ ਜਿਸ ਦੇ ਗ੍ਰਾਫ਼ ਦੀ ਰੇਖਾ ਕਦੇ ਵੀ ਸਥਿਰ ਨਹੀਂ ਰਹਿੰਦੀ। ਹਮੇਸ਼ਾ ਇਸ ਦਾ ਰੂਪ ‘ਜਿੱਗਜ਼ੈਗ' ਦਿਖਾਈ ਦੇਵੇਗਾ। ਇਸ ਦਾ ਮੂਲ ਕਾਰਨ ਇਹ ਹੈ ਕਿ ਇਸ ਰਿਸ਼ਤੇ ਵਿੱਚ ਤਬਦੀਲੀਆਂ ਅਤੇ ਬਦਲਾਅ ਬਹੁਤ ਛੇਤੀ ਆਉਂਦੇ ਹਨ। ਸਵੇਰੇ ਵਧੀਆ ਨਿਭ ਰਿਹਾ ਰਿਸ਼ਤਾ ਸ਼ਾਮ ਨੂੰ ਵਿਗੜ ਸਕਦਾ ਹੈ। ਰਾਤ ਦੇ ਅੱਛੇ ਸੰਬੰਧ ਨਾ ਜਾਣੇ ਕਿਸ ਕਾਰਨ
ਸੁਬ੍ਹਾ ਕੋਈ ਹੋਰ ਰੁਖ ਅਖਤਿਆਰ ਕਰ ਲੈਣ। ਅਜ਼ਲਾਂ ਤੋਂ ਇਹ ਰਿਸ਼ਤਾ ਸਮਸਿਆਵਾਂ ਵਿੱਚ ਘਿਰਿਆ ਰਿਹਾ ਹੈ ਤੇ ਅਗੋਂ ਵੀ ਇਸ ਪ੍ਰਕਾਰ ਹੀ ਰਹੇਗਾ। ਮਸਲਨ ਰਮਾਇਣ। ਰਮਾਇਣ ਕੀ ਹੈ? ਇੱਕ ਔਰਤ-ਮਰਦ ਸਬੰਧਾਂ ਅਤੇ ਇਹਨਾਂ ਸਬੰਧਾਂ ਵਿਚੋਂ ਪੈਦਾ ਹੋਈਆਂ ਸਮਸਿਆਵਾਂ ਦੀ ਕਹਾਣੀ ਹੈ ਰਮਾਇਣ। ਤ੍ਰੇਤੇ ਯੁਗ ਵੇਲੇ ਔਰਤ ਮਰਦ ਦੇ ਰਿਸ਼ਤੇ ਦੀਆਂ ਜੋ ਮੁਸ਼ਕਲਾਂ ਸਨ, ਅਜੋਕੇ ਦੌਰ ਦੇ ਕਲਯੁਗੀ ਔਰਤ-ਮਰਦ ਵੀ ਉਨ੍ਹਾਂ ਹੀ ਸਮਸਿਆਵਾਂ ਨਾਲ ਜੂਝ ਰਹੇ ਹਨ। ਅੱਜਕਲ੍ਹ ਤਾਂ ਔਰਤ ਮਰਦ ਦਾ ਰਿਸ਼ਤਾ ਹੋਰ ਵੀ ਜਟਿਲ ਅਤੇ ਗੁੰਝਲਦਾਰ ਹੋ ਗਿਆ ਹੈ। ਪੁਰਾਣੇ ਜ਼ਮਾਨਿਆਂ ਵਿੱਚ ਤਲਾਕ ਸ਼ਬਦ ਲੋਕਾਂ ਲਈ ਇੱਕ ਹਊਆ ਹੋਇਆ ਕਰਦਾ ਸੀ। ਪਰ ਹੁਣ ਤਾਂ ਇਹ ਸ਼ਬਦ ਐਨਾ ਪ੍ਰਚਲਤ ਹੋ ਗਿਆ ਹੈ ਕਿ ਜੁਕਾਮ ਵਾਂਗੂ ਹਰੇਕ ਨੂੰ ਹੀ ਆਪਣੀ ਗ੍ਰਿਫਤ ਵਿੱਚ ਲੈ ਲੈਂਦਾ ਹੈ। ਤੁਹਾਨੂੰ ਮਿਲਣ ਵਾਲਾ ਹਰ ਦੂਜਾ ਚੌਥਾ ਵਿਅਕਤੀ ਇਸ ਰੋਗ ਦਾ ਜ਼ਰੂਰ ਸ਼ਿਕਾਰ ਹੋਇਆ ਹੋਵੇਗਾ। ਲੋਕਾਂ ਦਾ ਤਲਾਕ ਪ੍ਰਤੀ ਨਜ਼ਰੀਆ ਇਸ ਕਦਰ ਬਦਲ ਗਿਆ ਹੈ ਕਿ ਕਿਸੇ ਨੇ ਇਸ ਸੰਬੰਧੀ ਇੱਕ ਚੁਟਕਲਾ ਵੀ ਘੜ ਲਿਆ। ਅਖੇ ਕੋਈ ਵਿਅਕਤੀ ਵਕੀਲ ਕੋਲ ਜਾ ਕੇ ਪੁੱਛਣ ਲੱਗਾ, “ਵਕੀਲ ਸਾਹਿਬ ਤੁਸੀਂ ਵਿਆਹ ਕਰਵਾ ਕੇ ਦੇਣ ਦੀ ਕੀ ਫੀਸ ਲੈਂਦੇ ਹੋ?”
“ਪੰਜ ਸੌ।” ਵਕੀਲ ਬੋਲਿਆ। 
ਉਸ ਆਦਮੀ ਨੇ ਇੱਕ ਹੋਰ ਸਵਾਲ ਪੁੱਛ ਲਿਆ, “...ਤੇ ਤਲਾਕ ਕਰਵਾਉਣ ਦਾ ਤੁਹਾਡਾ ਕੀ ਰੇਟ ਹੈ?” 
“ਸੱਤ ਸੌ।” 
“ਕੁਝ ਘੱਟ ਨਹੀਂ ਹੋ ਸਕਦੇ?” ਆਦਮੀ ਨੇ ਪੁੱਛਿਆ। 
“ਠੀਕ ਆ ਦੋਨੋਂ ਇਕਠੇ ਹੀ ਕਰਵਾ ਲਉ।” ਵਕੀਲ ਨੇ ਜੁਆਬ ਦਿੱਤਾ। 
ਇਸੇ ਹੀ ਤਰ੍ਹਾਂ ਦਾ ਇੱਕ ਕਿਸਾ ਸਾਡੇ ਨਾਲ ਵੀ ਵਾਪਰਿਆ। ਇੱਕ ਦੋਸਤ ਦੇ ਵਿਆਹ ਲਈ ਵਿਡੀਉ ਵਾਲੇ ਨੂੰ ਬੁੱਕ ਕਰਨ ਗਏ ਤਾਂ ਅੱਗੋਂ ਸਟੂਡੀਓ ਵਾਲਾ ਸਾਰੇ ਪੈਸੇ ਐਡਵਾਂਸ ਮੰਗੇ। ਅਸੀਂ ਉਸ ਨੂੰ ਕਹੀਏ ਕਿ ਅੱਧੇ ਪਹਿਲਾਂ ਲੈ-ਲੈ ਬਾਕੀ ਬਾਅਦ ਵਿੱਚ ਵਿਡੀਉ ਬਣੀ ਤੋਂ ਦੇ ਦੇਵਾਂਗੇ। ਲੇਕਿਨ ਉਹ ਮੰਨਣ ਵਿੱਚ ਹੀ ਨਾ ਆਵੇ। ਜਦੋਂ ਅਸੀਂ ਉਸ ਤੋਂ ਉਸਦੀ ਜ਼ਿੱਦ ਦਾ ਕਾਰਨ ਪੁੱਛਿਆ ਤਾਂ ਉਸ ਨੇ ਭੋਲਾ ਜਿਹਾ ਮੂੰਹ ਬਣਾਉਂਦਿਆਂ ਕਿਹਾ, “ਕੀ ਕਰੀਏ ਜੀ, ਅੱਜਕਲ੍ਹ ਤਾਂ ਲੋਕਾਂ ਦਾ ਸਰਿਆ ਪਿਐ। ਵਿਆਹ ਹੁੰਦਾ ਹੈ, ਉਸ ਤੋਂ ਬਾਅਦ ਅਸੀਂ ਅਜੇ ਮੂਵੀ ਤਿਆਰ ਹੀ ਕਰ ਰਹੇ ਹੁੰਦੇ ਹਾਂ ਕਿ ਨੌਬਤ ਤਲਾਕ ਤੱਕ ਆ ਜਾਂਦੀ ਹੈ। ਲੋਕੀ ਸਾਥੋਂ ਮੂਵੀ ਲੈਣ ਹੀ ਨਹੀਂ ਆਉਂਦੇ। ਇਸ ਲਈ ਅਸੀਂ ਤਾਂ ਆਪਣੇ ਪਹਿਲਾਂ ਹੀ ਪੈਸੇ ਲੈ ਲਈਦੇ ਨੇ ਤੇ ਅਗਲੇ ਨੂੰ ਤਲਾਕ ਦੀ ਮੂਵੀ ਬਣਾਉਣ ਦੀ ਵੀ ਔਫ਼ਰ ਦੇ ਦਈਦੀ ਹੈ।” 
ਭਾਵੇਂ ਕਿ ਉਸ ਫੋਟੋਗ੍ਰਾਫਰ ਨੇ ਹਾਸੇਭਾਣੇ ਹੀ ਇਹ ਗੱਲ ਕਹੀ ਸੀ, ਕਿੰਤੂ ਇਸ ਪਿਛੇ ਗੰਭੀਰ ਤਰਕ ਛੁਪਿਆ ਹੋਇਆ ਸੀ। ਹੁਣ ਤਲਾਕ ਦਾ ਰੁਝਾਨ ਐਨਾ ਵਧਦਾ ਜਾ ਰਿਹਾ ਹੈ ਕਿ ਮੈਨੂੰ ਇਉਂ ਜਾਪਦਾ ਬਈ ਆਉਂਦੇ ਕੁਝ ਸਾਲਾਂ ਵਿੱਚ ਲੋਕਾਂ ਨੇ ਵਿਆਹ ਕਰਵਾਉਣੋਂ ਹਟ ਜਾਣਾ ਹੈ ਤੇ ਸਿੱਧਾ ਤਲਾਕ ਹੀ ਕਰਵਾਇਆ ਕਰਨਗੇ। 
ਇਥੇ ਵਰਣਨਯੋਗ ਹੈ ਕਿ ਪਹਿਲੇ ਸਮਿਆਂ ਵਿਚ ਲੋਕ ਤਲਾਕ ਨੂੰ ਕਲੰਕ ਸਮਝਿਆ ਕਰਦੇ ਸਨ। ਮੇਰੇ ਇਕ ਵਾਕਿਫਕਾਰ ਬਜ਼ੁਰਗ ਨੇ ਇਸ ਸੰਦਰਭ ਵਿਚ ਆਪਣੀ ਹੱਢਬੀਤੀ ਸੁਣਾਈ, ਜੋ ਮੈਨੂੰ ਅਕਸਰ ਉਦੋਂ ਚੇਤੇ ਆ ਜਾਂਦੀ ਹੈ ਜਦੋਂ ਮੈਨੂੰ ਕਿਸੇ ਦੇ ਤਲਾਕ ਬਾਰੇ ਪਤਾ ਚਲਦਾ ਹੈ। ਉਸ ਬਜ਼ੁਰਗ ਦਾ ਕਿੱਸਾ ਸੰਖੇਪ ਵਿਚ ਇਸ ਪ੍ਰਕਾਰ ਹੈ:-
ਉਸ ਬਜ਼ੁਰਗ ਦੇ ਵਿਆਹ ਹੋਏ ਨੂੰ ਅੱਠ ਦਸ ਸਾਲ ਬੀਤ ਗਏ, ਪਰ ਕੋਈ ਔਲਾਦ ਨਾ ਹੋਈ। ਬਜ਼ੁਰਗ ਦੇ ਮਨ ਵਿਚ ਹੋਰ ਵਿਆਹ ਕਰਵਾਉਣ ਦੀ ਗੱਲ ਆਈ। ਉਸ ਨੇ ਘਰ ਵਿਚ ਆਨੀ-ਬਹਾਨੀ ਆਪਣੀ ਪਤਨੀ ਨਾਲ ਲੜਨਾ ਸ਼ੁਰੂ ਕਰ ਦਿੱਤਾ।ਆਏ ਦਿਨ ਉਨ੍ਹਾਂ ਦੇ ਘਰ ਲੜਾਈ ਰਹਿਣ ਲੱਗੀ। ਹੌਲੀ ਹੌਲੀ ਨੌਬਤ ਛੱਡ-ਛਡਈਏ ਤੱਕ ਆ ਗਈ। ਲੜਕੀ  ਵਾਲਿਆਂ ਨੇ ਕੁਝ ਰਿਸ਼ਤੇਦਾਰਾਂ ਨੂੰ ਵਿਚ ਪਾ ਕੇ ਸਮਝੋਤਾ ਕਰਵਾਉਣਾ ਚਾਹਿਆ, ਲੇਕਿਨ ਸਾਡਾ ਮਿੱਤਰ ਬਜ਼ੁਰਗ ਨਾ ਮੰਨਿਆ। ਕਈ ਦਿਨ ਘੈਸਰ ਘੈਸਰ ਹੁੰਦੀ ਰਹੀ। ਅਖੀਰ ਸਾਡੇ ਮਿੱਤਰ ਬਜ਼ੁਰਗ ਨੂੰ ਰਿਸ਼ਤੇਦਾਰਾਂ ਅੱਗੇ ਝੁਕਣਾ ਪਿਆ। ਥੋੜ੍ਹੇ ਦਿਨ ਘਰ ਵਿਚ ਸ਼ਾਂਤੀ ਰੱਖਣ ਬਾਅਦ ਬਜ਼ੁਰਗ ਨੇ ਫਿਰ ਅੱਤ ਚੁੱਕ ਦਿੱਤੀ ਤੇ ਇਕ ਰੱਟ ਫੜ੍ਹ ਲਈ ਕੇ ਉਹ ਤਾਂ ਤਲਾਕ ਚਾਹੁੰਦਾ ਹੈ। ਰਿਸ਼ਤੇਦਾਰਾਂ ਨੇ ਫੇਰ ਚਾਬੀ ਘੁਮਾਈ। ਹੋਰ ਕੋਈ ਵਾਅ ਨਾ ਚੱਲਦੀ ਦੇਖ ਕੇ ਬਜ਼ੁਰਗ ਨੂੰ ਇਕ ਤਰਕੀਬ ਔੜੀ। ਉਸ ਨੂੰ ਪਤਾ ਸੀ ਕਿ ਉਸਦੇ ਸਾਹੁਰੇ ਨੇ ਆਪਣੇ ਭਰਾਵਾਂ ਨਾਲ ਲੜ੍ਹ ਝਗੜ ਜ਼ਮੀਨ ਵਿਚੋਂ ਆਪਣਾ ਹਿੱਸਾ ਲਿਆ ਸੀ। ਉਸ ਬਜ਼ੁਰਗ ਨੇ ਲੜਕੀ ਨੂੰ ਆਪਣੇ ਘਰੇ ਰੱਖਣ ਦੀ ਸ਼ਰਤ ਆਪਣੇ ਸਾਹੁਰੇ ਅੱਗੇ ਇਹ ਰੱਖ ਦਿੱਤੀ ਕਿ ਉਸਨੂੰ ਉਸਦਾ ਸਾਹੁਰਾ ਆਪਣੀ ਸਾਰੀ ਜ਼ਮੀਨ ਦੇਵੇ। ਕੁੜੀ ਦਾ ਪਿਉ ਉਸ ਲਈ ਵੀ ਮੰਨ ਗਿਆ। ਇਸ ਪ੍ਰਕਾਰ ਉਸ ਬਜ਼ੁਰਗ ਨੇ ਥੋੜ੍ਹੇ ਸਮੇਂ ਬਾਅਦ ਕੋਈ ਨਾ ਕੋਈ ਜਾਇਜ਼ ਜਾਂ ਨਜ਼ਾਇਜ ਮੰਗ ਰੱਖਣੀ ਸ਼ੁਰੂ ਕਰ ਦਿੱਤੀ।ਅੱਗੋਂ ਕੁੜੀ ਦਾ ਪਿਉ ਹਰ ਮੰਗ ਇਹ ਆਖ ਕੇ ਪੁਰੀ ਕਰਦਾ ਰਿਹਾ ਕਿ ਉਹ ਉਸਦੀ ਲੜਕੀ ਨੂੰ ਤਲਾਕ ਨਾ ਦੇਵੇ। ਅੰਤ ਅੱਕ ਕੇ ਉਸ ਬਜ਼ੁਰਗ ਨੇ ਆ ਇਹ ਆਖ ਦਿੱਤਾ ਕਿ ਉਸ ਨੇ ਕਿਸੇ ਵੀ ਕੀਮਤ ਉੱਤੇ ਉਸ ਲੜਕੀ ਨੂੰ ਨਹੀਂ ਰੱਖੇਗਾ ਤੇ ਹਰ ਹਾਲਤ ਵਿਚ ਤਲਾਕ ਚਾਹੁੰਦਾ ਹੈ।ਤਲਾਕ ਦੀ ਘਟਨਾ ਤੋਂ ਬਾਅਦ ਕਹਿੰਦੇ ਹਨ ਲੜਕੀ ਦੇ ਪਿਤਾ ਨੇ ਕੰਧਾਂ ਵਿਚ ਟੱਕਰਾਂ ਮਾਰ ਮਾਰ ਕੇ ਆਪਣਾ ਸਿਰ ਪੜਵਾਕੇ ਆਤਮ ਹੱਤਿਆ ਕਰ ਲਿੱਤੀ।ਇਥੋਂ ਤੁਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਤਲਾਕ ਪ੍ਰਤੀ ਅਜੋਕੀ ਦੁਨੀਆ ਦਾ ਨਜ਼ਰੀਆ ਕਿਵੇਂ ਤਬਦੀਲ ਹੋਇਆ ਹੈ।
ਵਿਆਹਾਂ ਦੇ ਨਾ ਨਿਭਣ ਦੇ ਮਨੋਵਿਗਿਆਨਕ ਮੁੱਖ ਕਾਰਨ ਕਾਮੁਕ ਅਤ੍ਰਿਪਤੀ, ਆਰਥਿਕ ਮੰਦਹਾਲੀ, ਹਾਊਮੇ, ਭੈੜੀ ਸੰਗਤ ਅਤੇ ਲੋਕ ਵਿਖਾਵਾਂ ਆਦਿਕ ਮੰਨਦੇ ਹਨ। 
ਵਿਆਹਾਂ ਦੇ ਨਾ ਨਿਭਣ ਦੇ ਕਾਰਨਾਂ ਵੱਲ ਨਾ ਜਾਂਦਿਆਂ ਹੋਇਆਂ ਇਹ ਕਹਿਣਾ ਚਾਹਾਂਗਾ ਕਿ ਅੱਜਕਲ੍ਹ ਰਿਸ਼ਤੇ ਮਤਲਬੀ ਹੋ ਗਏ ਹਨ। ਲੋਕਾਂ ਨੇ ਵਿਆਹਾਂ ਨੂੰ ਵਪਾਰ ਬਣਾ ਲਿਆ ਹੈ। ਅੱਜਕਲ੍ਹ ਵਿਆਹ ਦੇ ਨਾਂ 'ਤੇ ਸੌਦੇਬਾਜ਼ੀਆਂ ਹੋਣ ਲੱਗ ਪਈਆਂ ਹਨ। ਲੋਕਾਂ ਦੀਆਂ ਮਤਲਬੀ ਸੋਚਾਂ ਨੇ ਔਰਤ ਮਰਦ ਦੇ ਇਸ ਮੁਕੱਦਸ ਰਿਸ਼ਤੇ ਨੂੰ ਪ੍ਰਦੂਸ਼ਿਤ ਕਰਕੇ ਰੱਖ ਦਿੱਤਾ ਹੈ। ਲੋਕੀ ਉਮਰ ਭਰ ਦੇ ਸਾਥ ਦੀ ਬਜਾਏ ਪੱਛਮੀ ਮੁਲਕਾਂ ਵਿੱਚ ਸੈਟਲ ਹੋਣ ਲਈ ਅਸਥਾਈ ਅਤੇ ਥੋੜ੍ਹਚਿਰੇ ਰਿਸ਼ਤੇ ਗੰਢਣ ਤੋਂ ਰਤਾ ਗੁਰੇਜ਼ ਨਹੀਂ ਕਰਦੇ। ਅਣਖ, ਇੱਜ਼ਤ, ਸ਼ਰਮ, ਹਯਾ, ਪਿਆਰ ਆਦਿਕ ਜਜ਼ਬੇ ਮਹਿਜ਼ ਸ਼ਬਦ ਬਣ ਕੇ ਹੀ ਰਹਿ ਗਏ ਹਨ। ਸਰਕਾਰੀ ਅੰਕੜੇ ਸਿੱਧ ਕਰਦੇ ਹਨ ਕਿ ਹਰ ਰੋਜ਼ ਸਿਰਫ ਬਰਤਾਨੀਆਂ ਵਿੱਚ ਔਸਤਨ 15 ਘਰ ਟੁੱਟਦੇ ਹਨ। ਦਿਨ ਪ੍ਰਤੀ ਦਿਨ ਮਾਸੂਮ ਜ਼ਿੰਦਗੀਆਂ ਇਹਨਾਂ ਸਵਾਰਥੀ ਰਿਸ਼ਤਿਆਂ ਦੀ ਭੇਂਟ ਚੜ੍ਹ ਰਹੀਆਂ ਹਨ। ਸਾਡਾ ਸਮਾਜ ਨਿਘਾਰ ਵੱਲ ਜਾ ਰਿਹਾ ਹੈ। ਔਰਤ ਅਤੇ ਮਰਦ ਦੋਨਾਂ ਨੂੰ ਵਿਆਹ ਵਰਗੇ ਪਵਿੱਤਰ ਬੰਧਨ ਦੀ ਕਦਰ ਕਰਨੀ ਚਾਹੀਦੀ ਹੈ। ਵਿਆਹ ਕੁਝ ਸਮੇਂ ਲਈ ਗੌਂਅ ਕੱਢਣ ਵਾਸਤੇ ਨਹੀਂ ਕਰਵਾਉਣਾ ਚਾਹੀਦਾ, ਸਗੋਂ ਉਮਰ ਭਰ ਦਾ ਸਾਥ ਨਿਭਾਉਣ ਲਈ ਕਰਵਾਉਣਾ ਚਾਹੀਦਾ ਹੈ ਤਾਂ ਜੋ ਰਿਸ਼ਤਿਆਂ ਵਿੱਚ ਫੈਲੇ ਇਸ ਪ੍ਰਦੂਸ਼ਣ ਦੀ ਰੋਕਥਾਮ ਹੋ ਸਕੇ।

****

No comments:

Post a Comment