-ਅਨੁਵਾਦਕ ਬਲਰਾਜ ਸਿੰਘ ਸਿੱਧੂ UK
ਬਾਈਬਲ ਵਿੱਚ ਸੈਮਸਨ ਅਤੇ ਦਲਾਈਲਾਹ ਦੇ ਪ੍ਰੇਮ ਪ੍ਰਸੰਗ ਦੀ ਇੱਕ ਕਥਾ ਆਉਂਦੀ ਹੈ, ਜੋ ਪ੍ਰਮਾਤਮਾ ਦੇ ਦਰਸਾਏ ਮਾਰਗ ਉੱਤੇ ਚੱਲਣ ਅਤੇ ਮਨ ਨੂੰ ਕਾਬੂ ਰੱਖਣ ਆਦਿ ਵਰਗੀਆਂ ਬਹੁਤ ਸਾਰੀਆਂ ਸਿੱਖਿਆਵਾਂ ਦਿੰਦੀ ਹੈ।ਬਹੁਤ ਸਾਰੀਆਂ ਫਿਲਮਾਂ ਅਤੇ ਨਾਟਕ ਵੀ ਇਸ ਵਿਸ਼ੇ 'ਤੇ ਅਧਾਰਿਤ ਮਿਲ ਜਾਂਦੇ ਹਨ।ਉਸ ਸਮੇਂ ਇਜ਼ਰਾਇਲੀਆਂ ਲਈ ਕਾਲਾ ਦੌਰ ਚੱਲ ਰਿਹਾ ਸੀ। ਇਜ਼ਰਾਇਲ ਉੱਤੇ ਫਿਲਸਤੀਨੀਆਂ ਦਾ ਰਾਜ ਸੀ। ਚਾਰੇ ਪਾਸੇ ਬੂਰਝਾਗਰਦੀ, ਲੁੱਟਮਾਰ, ਜੁਲਮ-ਜਬਰ, ਹਾਹਾਕਾਰ ਅਤੇ ਅਤਿਆਚਾਰਾਂ ਦੀ ਹਨੇਰੀ ਵਗ ਰਹੀ ਸੀ। ਅਜਿਹੇ ਸਮੇਂ ਵਿੱਚ ਫਰਿਸ਼ਤੇ ਦੇ ਵਰਦਾਨ ਨਾਲ ਸੈਮਸਨ ਦਾ ਜਨਮ ਹੋਇਆ ਸੀ। ਸੈਮਸਨ ਨਾਜ਼ੀਰਾਇਟ ਸੀ। ਨਾਜ਼ੀਰਾਇਟ (ਨਾਇਜ਼ੀਰੀ) ਬਾਇਬਲ ਅਨੁਸਾਰ ਇਜ਼ਰਾਇਲੀਆਂ ਦਾ ਇੱਕ ਵਿਸ਼ੇਸ਼ ਤਬਕਾ ਹੁੰਦਾ ਹੈ, ਜਿਨ੍ਹਾਂ ਦਾ ਜਨਮ ਪ੍ਰਮਾਤਮਾਂ ਦੇ ਸੌਂਪੇ ਕਾਰਜ ਪੂਰੇ ਕਰਨ ਲਈ ਹੁੰਦਾ ਹੈ। ਇਹਨਾਂ ਦੀ ਕੌਮ ਨੂੰ ਸ਼ਰਾਬ ਦਾ ਸੇਵਨ ਕਰਨ ਅਤੇ ਕੇਸ ਕਤਲ ਕਰਨ ਦੀ ਮਨਾਹੀ ਹੁੰਦੀ ਹੈ। ਅਜਿਹਾ ਵਿਸ਼ਵਾਸ਼ ਹੈ ਕਿ ਪ੍ਰਮਾਤਮਾ ਇਹਨਾਂ ਨੂੰ ਆਪਣੀਆਂ ਗੈਬੀ ਅਤੇ ਵਿਸ਼ੇਸ਼ ਸ਼ਕਤੀਆਂ ਨਾਲ ਨਿਵਾਜਦਾ ਹੈ। ਇਸੇ ਪ੍ਰਕਾਰ ਸੈਮਸਨ ਵਿੱਚ ਵੀ ਗੈਬੀ ਸ਼ਕਤੀ ਅਤੇ ਅਲੋਕਿਕ ਤਾਕਤ ਸੀ।
ਜਵਾਨ ਹੋ ਕੇ ਜਦੋਂ ਸੈਮਸਨ ਨੇ ਦੇਖਿਆ ਕਿ ਉਹ ਬਹੁਤ ਤਾਕਤਵਰ ਅਤੇ ਮਹਾਨ ਬਣ ਗਿਆ ਹੈ ਤਾਂ ਉਸਨੇ ਪ੍ਰਮਾਤਮਾ ਦਾ ਦਰਸਾਇਆ ਧਰਮ ਦਾ ਮਾਰਗ ਛੱਡ ਕੇ ਮਨਆਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਐਸ਼ਪ੍ਰਸਤ ਅਤੇ ਵਿਲਾਸੀ ਬਣ ਗਿਆ। ਉਸ ਨੇ ਆਪਣੀ ਵਾਸਨਾ ਮਿਟਾਉਣ ਲਈ ਇੱਕ ਫਿਲਸਤੀਨੀ ਔਰਤ ਨਾਲ ਵਿਆਹ ਕਰਵਾਉਣ ਦਾ ਨਿਸਚਾ ਕੀਤਾ। ਲੇਕਿਨ ਵਿਆਹ ਸਮੇਂ ਫਿਲਸਤੀਨੀ ਔਰਤ ਨੇ ਸੈਮਸਨ ਅਤੇ ਉਸ ਨਾਲ ਆਈ ਬਰਾਤ ਦੀ ਬਹੁਤ ਬੇਇਜ਼ਤੀ ਕੀਤੀ। ਸੈਮਸਨ ਨੇ ਆਪਣੀ ਅਤੇ ਆਪਣੇ ਮਹਿਮਾਨਾਂ ਦੀ ਤੌਹੀਨ ਦਾ ਬਦਲਾ ਇੱਕ ਹਜ਼ਾਰ ਫਿਲਸਤੀਨੀ ਮਰਦਾਂ ਨੂੰ ਮਾਰ ਕੇ ਲਿਆ ਸੀ।
ਫਿਰ ਸਮਾਂ ਪਾ ਕੇ ਸੈਮਸਨ ਨੂੰ ਦਲਾਈਲਾਹ ਨਾਮ ਦੀ ਇੱਕ ਸੁੰਦਰ ਫਿਲਸਤੀਨੀ ਔਰਤ ਨਾਲ ਪਿਆਰ ਹੋ ਗਿਆ। ਫਿਲਿਸਤੀਨ ਦੇ ਸ਼ਾਸਕ ਦਲਾਈਲਾਹ ਕੋਲ ਗਏ ਅਤੇ ਉਹਨਾਂ ਨੇ ਦਲਾਈਲਾਹ ਨੂੰ ਧਨ ਦੀ ਪੇਸ਼ਕਸ਼ ਕੀਤੀ ਕਿ ਇਵਜ਼ ਵਿੱਚ ਉਹ ਇਹ ਪਤਾ ਕਰੇ ਕਿ ਸੈਮਸਨ ਦੀ ਅਥਾਹ ਤਾਕਤ ਦਾ ਰਾਜ ਕੀ ਹੈ? ਦਲਾਈਲਾਹ ਲਾਲਚ ਵਿੱਚ ਆ ਗਈ। ਉਹਨੇ ਉਸੇ ਦਿਨ ਘਰ ਜਾ ਕੇ ਸੈਮਸਨ ਲਈ ਵਧੀਆ ਖਾਣਾ ਬਣਾਇਆ ਅਤੇ ਉਸ ਨੂੰ ਪੁੱਛਿਆ ਕਿ ਕਿਹੜੀ ਚੀਜ਼ ਹੈ ਜਿਸਨੇ ਉਸਨੂੰ ਇੰਨਾ ਮਜ਼ਬੂਤ ਬਣਾਇਆ ਹੈ?
ਸੈਮਸਨ ਨੇ ਜਵਾਬ ਦਿੱਤਾ ਕਿ ਜੇ ਉਸਨੂੰ ਸੱਤ ਨਵੇਂ ਕਮਾਨਾਂ ਦੇ ਚਿਲਿਆਂ (bow strings) ਨਾਲ ਬੰਨ੍ਹਿਆ ਜਾਵੇ, ਜੋ ਅਜੇ ਸੁੱਕੇ ਨਾ ਹੋਣ ਤਾਂ ਉਹ ਆਪਣੀ ਤਾਕਤ ਗੁਆ ਦੇਵੇਗਾ। ਦਲਾਈਲਾਹ ਨੇ ਜਾ ਕੇ ਉਨ੍ਹਾਂ ਸ਼ਾਸਕਾਂ ਨੂੰ ਦੱਸ ਦਿੱਤਾ। ਸ਼ਾਸਕਾਂ ਨੇ ਦਲਾਈਲਾਹ ਨੂੰ ਆਦੇਸ਼ ਦਿੱਤਾ ਕਿ ਉਹ ਸੁੱਤੇ ਪਏ ਸ਼ੈਮਸਨ ਨੂੰ ਜਿਵੇਂ ਉਸਨੇ ਕਿਹਾ ਹੈ, ਉਵੇਂ ਬੰਨ੍ਹ ਦੇਵੇ।
ਦਲਾਈਲਾਹ ਨੇ ਉਵੇਂ ਹੀ ਕੀਤਾ। ਪਰ ਉਸਦੀ ਹੈਰਾਨੀ ਦੀ ਹੱਦ ਨਾ ਰਹੀ, ਜਦੋਂ ਸੈਮਸਨ ਨੇ ਜਾਗਦਿਆਂ ਹੀ ਆਪਣੇ ਆਪ ਨੂੰ ਅਜ਼ਾਦ ਕਰਵਾ ਲਿਆ।
ਦਲਾਈਲਾਹ ਨੇ ਦੁਬਾਰਾ ਵਡਿਆ ਕੇ ਸੈਮਸਨ ਤੋਂ ਉਸਦੀ ਤਾਕਤ ਦਾ ਭੇਤ ਜਾਨਣਾ ਚਾਹਿਆ ਤਾਂ ਸੈਮਸਨ ਨੇ ਦੱਸਿਆ ਕਿ ਅਗਰ ਉਸਨੂੰ ਸੱਤ ਕਮਾਨਾਂ ਦੇ ਉਨ੍ਹਾਂ ਚਿਲਿਆਂ (ਕਮਾਨ ਦੀਆਂ ਤਾਰਾਂ) ਨਾਲ ਬੰਨ੍ਹਿਆਂ ਜਾਵੇ ਜੋ ਬਿਲਕੁਲ ਨਵੇਂ ਹੋਣ ਤੇ ਅਣਲੱਗ ਹੋਣ ਤਾਂ ਦੇਵਤਿਆਂ ਵੱਲੋਂ ਬਖਸ਼ੀ ਉਸਦੀ ਤਾਕਤ ਅਤੇ ਸ਼ਕਤੀ ਚਲੀ ਜਾਵੇਗੀ।
ਦਲਾਈਲਾਹ ਨੇ ਦੁਬਾਰਾ ਉਸ ਨੂੰ ਸੁੱਤੇ ਪਏ ਨੂੰ ਨੂੜ ਦਿੱਤਾ। ਪਰ ਸ਼ੈਮਸਨ ਫਿਰ ਆਜ਼ਾਦ ਹੋ ਗਿਆ। ਦਲਾਈਲਾਹ ਨੂੰ ਆਪਣੀ ਨਾਕਾਮਯਾਬੀ ਉੱਪਰ ਬੜਾ ਅਫਸੋਸ ਹੋਇਆ। ਦਲਾਈਲਾਹ ਨੇ ਇੱਕ ਵਾਰ ਫਿਰ ਜਨਾਨੀਆਂ ਵਾਲੇ ਚਲਿੱਤਰ ਚੱਲੇ ਤੇ ਸ਼ਰਾਬ ਪਿਲਾ ਕੇ ਸੈਮਸਨ ਨੂੰ ਕਿਹਾ ਕਿ ਜੇ ਉਹ ਉਸਨੂੰ ਸੱਚਾ ਪਿਆਰ ਕਰਦਾ ਹੈ ਤਾਂ ਆਪਣੀ ਤਾਕਤ ਦਾ ਰਾਜ਼ ਉਸ ਨਾਲ ਸਾਂਝਾ ਕਿਉਂ ਨਹੀਂ ਕਰਦਾ?
ਸ਼ਰਾਬ ਦੇ ਨਸ਼ੇ ਵਿੱਚ ਮਦਹੋਸ਼ ਹੋ ਕੇ ਦਲਾਈਲਾਹ ਦੇ ਇਸਰਾਰ ਕਰਨ 'ਤੇ ਸੈਮਸਨ ਨੇ ਉਸਨੂੰ ਆਪਣੀ ਤਾਕਤ ਦਾ ਰਾਜ਼ ਦੱਸ ਦਿੱਤਾ, "ਮੈਨੂੰ ਜਨਮ ਸਮੇਂ ਪ੍ਰਮਾਤਮਾ ਨੇ ਤਾਕਤ ਦਾ ਵਰਦਾਨ ਦਿੱਤਾ ਸੀ। ਨਾਲ ਹੀ ਇਹ ਮਨਾਹੀ ਵੀ ਕੀਤੀ ਸੀ ਕਿ ਮੈਂ ਆਪਣੇ ਵਾਲ ਨਾ ਕੁਤਰਾਂ। ਮੇਰੀ ਅਸਲ ਤਾਕਤ ਮੇਰੇ ਵਾਲਾਂ ਵਿੱਚ ਹੀ ਹੈ। ਅਗਰ ਇਹ ਚਲੇ ਗਏ ਤਾਂ ਮੇਰੀ ਸਾਰੀ ਤਾਕਤ ਚਲੀ ਗਈ।"
ਉਸੇ ਸ਼ਾਮ ਦਲਾਈਲਾਹ ਨੇ ਸ਼ਰਾਬ ਪਿਲਾ ਕੇ ਸੈਮਸਨ ਨੂੰ ਮਦਹੋਸ਼ ਕਰ ਦਿੱਤਾ। ਜਦੋਂ ਸੈਮਸਨ ਸੌਂ ਰਿਹਾ ਸੀ ਤਾਂ ਦਲਾਈਲਾਹ ਨੇ ਉਸਦੇ ਕੇਸ ਕੱਟ ਦਿੱਤੇ ਅਤੇ ਫਿਲਿਸਤੀਨੀਆਂ ਨੂੰ ਬੁਲਾ ਲਿਆ। ਫਿਲਿਸਤੀਨੀ ਆਦਮੀ ਸੈਮਸਨ ਨੂੰ ਫੜਨ ਦੇ ਸਮਰੱਥ ਹੋ ਗਏ ਸਨ। ਉਨ੍ਹਾਂ ਨੇ ਸੈਮਸਨ ਦੀਆਂ ਅੱਖਾਂ ਖੰਜਰ ਮਾਰ ਕੇ ਬਾਹਰ ਕੱਢ ਦਿੱਤੀਆਂ ਅਤੇ ਉਸਨੂੰ ਗਾਜ਼ਾ ਦੀ ਜੇਲ੍ਹ ਲੈ ਗਏ।
ਫਿਰ ਇੱਕ ਦਿਨ ਕੈਦ ਵਿੱਚੋਂ ਕੱਢ ਕੇ ਫਿਲਿਸਤੀਨੀਆਂ ਦੇ ਹਾਕਮ ਨੇ ਸੈਮਸਨ ਨੂੰ ਇੱਕ ਵੱਡੀ ਭੀੜ ਦੇ ਸਾਹਮਣੇ ਬਾਹਰ ਲਿਆਂਦਾ। ਹਜ਼ਾਰਾਂ ਲੋਕ ਮੰਦਰ ਵਿੱਚ ਇਕੱਠੇ ਹੋਕੇ ਸੈਮਸਨ ਦੇ ਬੰਦੀ ਬਣਨ ਦਾ ਜਸ਼ਨ ਮਨਾਉਣ ਲਈ ਆਏ ਹੋਏ ਸਨ। ਕੈਦ ਵਿੱਚ ਕੁਝ ਦਿਨ ਰਹਿਣ ਨਾਲ ਸੈਮਸਨ ਦੇ ਵਾਲ ਵਾਪਸ ਉੱਗਣੇ ਸ਼ੁਰੂ ਹੋ ਗਏ ਸਨ। ਸੈਮਸਨ ਨੇ ਮੰਦਰ ਦੇ ਥਮਲੇ ਨਾਲ ਬੰਨ੍ਹੇ ਹੋਏ ਨੇ ਅਰਦਾਸ ਕੀਤੀ ਕਿ ਪ੍ਰਮਾਤਮਾ ਇੱਕ ਵਾਰ ਉਸਨੂੰ ਮੁੜ ਉਸਦੀ ਤਾਕਤ ਬਖਸ਼ ਦੇਵੇ ਤਾਂ ਜੋ ਉਹ ਫਿਲਿਸਤੀਨੀਆਂ ਤੋਂ ਬਦਲਾ ਲੈ ਸਕੇ ਤੇ ਉਨ੍ਹਾਂ ਨੂੰ ਹਰਾ ਸਕੇ। ਸੈਮਸਨ ਨੇ ਅਰਦਾਸ ਕਰਨ ਉਪਰੰਤ ਆਪਣੀਆਂ ਮੁੱਠੀਆਂ ਘੁੱਟ ਕੇ ਮੀਚੀਆਂ ਤਾਂ ਉਸ ਨੂੰ ਤਾਕਤ ਮਹਿਸੂਸ ਹੋਈ। ਉਸਨੇ ਆਪਣਾ ਪੂਰਾ ਜ਼ੋਰ ਲਾ ਕੇ ਮੰਦਰ ਦਾ ਉਹ ਥਮਲਾ ਹੀ ਜੜੋਂ ਪੱਟ ਦਿੱਤਾ, ਜਿਸ ਨਾਲ ਉਸਨੂੰ ਬੰਨ੍ਹਿਆਂ ਗਿਆ ਸੀ। ਥਮਲੇ ਦੇ ਉੱਖੜਣ ਨਾਲ ਮੰਦਰ ਦੀ ਛੱਤ ਡਿੱਗ ਪਈ ਤੇ ਸੈਮਸਨ ਸਮੇਤ ਹਜ਼ਾਰਾਂ ਫਿਲਿਸਤੀਨੀ ਮਲਬੇ ਹੇਠ ਆ ਕੇ ਮਾਰੇ ਗਏ।
ਸੈਮਸਨ ਦੁਆਰਾ ਮੰਦਰ ਢਾਹ ਕੇ ਸ਼ਹੀਦੀ ਪਾਉਣ ਦਾ ਇਹ ਅਸਰ ਹੋਇਆ ਕਿ ਉਸ ਘਟਨਾ ਤੋਂ ਬਾਅਦ ਜਲਦ ਹੀ ਇਜ਼ਰਾਇਲੀ ਫਿਲਿਸਤੀਨੀ ਸ਼ਾਸਨ ਤੋਂ ਅਜ਼ਾਦ ਹੋ ਗਏ।
No comments:
Post a Comment