ਗ਼ਜ਼ਲ: ਆਦਿ ਤੇ ਅਜੋਕੀ




-ਬਲਰਾਜ ਸਿੰਘ ਸਿੱਧੂ

ਪੰਜਾਬੀ ਅਦਬ ਵਿੱਚ ਵੀ ਦੂਜੀਆਂ ਭਾਸ਼ਾਵਾਂ ਵਾਂਗ ਸ਼ਾਇਰੀ ਦੀਆਂ ਅਨੇਕਾਂ ਵਿਧਾਵਾਂ ਪ੍ਰਚਲਤ ਹਨ, ਜਿਵੇਂ ਕਿ ਗੀਤ, ਨਜ਼ਮ(ਉਰਦੂ ਵਿੱਚ ਕਵਿਤਾ ਨੂੰ ਨਜ਼ਮ ਕਹਿੰਦੇ ਹਨ।)/ ਕਵਿਤਾ(ਲੈਅ-ਯੁਕਤ ਖੁੱਲ੍ਹੀ ਅਤੇ ਛੰਦਬਧ), ਵਾਰ ਅਤੇ ਗ਼ਜ਼ਲ ਆਦਿ। ਸ਼ਾਇਰੀ ਦੇ ਦੋ ਰੰਗ ਮੰਨੇ ਜਾਂਦੇ ਹਨ, ਖ਼ਾਰਜੀਅਤ ਅਤੇ ਦਾਖ਼ਲੀਅਤ। ਖ਼ਾਰਜੀਅਤ ਉਹ ਸ਼ਾਇਰੀ ਹੈ ਜਿਸ ਵਿੱਚ ਮਹਿਬੂਬ ਦੇ ਹੁਸਨ ਦੀ ਤਾਰੀਫ਼ ਹੁੰਦੀ ਹੈ ਤੇ ਸ਼ਿੰਗਾਰ ਰਸ ਨਾਲ ਭਰਪੂਰ ਹੁੰਦੀ ਹੈ। ਆਧੁਨਿਕ ਗ਼ਜ਼ਲ ਵਿੱਚ ਇਸਦਾ ਇੱਕ ਹੋਰ ਰੂਪ ਸਾਹਮਣੇ ਆਇਆ ਹੈ। ਜਿਸਨੂੰ 'ਸਰਾਪਾ' ਵੀ ਕਿਹਾ ਜਾਂਦਾ ਹੈ। 'ਸਰਾਪਾ' ਇੱਕ ਅਜਿਹੀ ਗ਼ਜ਼ਲ ਹੁੰਦੀ ਹੈ, ਜਿਸ ਵਿੱਚ ਤਾਰੀਫ਼ ਕੀਤੀ ਜਾਂਦੀ ਹੈ, ਚਾਹੇ ਉਹ ਤਾਰੀਫ਼ ਸਿਰ ਤੋਂ ਲੈ ਕੇ ਪੈਰਾਂ ਤੱਕ ਮਹਿਬੂਬ ਦੀ ਹੋਵੇ ਜਾਂ ਕੁਦਰਤ ਦੀ।
ਜਦੋਂ ਅਸੀਂ ਦੂਸਰੀ ਤਰ੍ਹਾਂ ਦੀ ਸ਼ਾਇਰੀ ਦੀ ਗੱਲ ਕਰਦੇ ਹਾਂ ਜਿਸਨੂੰ ਕਿ ਦਾਖ਼ਲੀਅਤ ਕਿਹਾ ਜਾਂਦਾ ਹੈ ਇਸ ਵਿੱਚ ਦਿਲ ਦੀ ਗੱਲ, ਦਿਲ ਦੇ ਦਰਦਾਂ ਦੀ ਗੱਲ, ਦਿਲ ਦੀ ਜ਼ੁਬਾਨ ਦੀ ਗੱਲ ਕੀਤੀ ਜਾਂਦੀ ਹੈ।
ਕਾਵਿ ਵਿੱਚ ਇਸ਼ਾਰੀਅਤ (ਸੰਕੇਤ) ਅਤੇ ਰਮਜ਼ੀਅਤ (ਭੇਤ) ਦਾ ਪ੍ਰਯੋਗ ਕਰਨ ਵਾਲੇ ਸ਼ਾਇਰ ਨੂੰ ਉੱਤਮ ਸਮਝਿਆ ਜਾਂਦਾ ਹੈ। ਵਿਦਵਾਨ ਉਸਤਾਦ ਸ਼ਾਇਰਾਂ ਨੇ ਗ਼ਜ਼ਲ ਦੇ ਤਿੰਨ ਰੰਗ ਸਵੀਕਾਰ ਕੀਤੇ ਹਨ: ਪਹਿਲਾ -ਆਸ਼ਕਾਨਾ, ਦੂਜਾ- ਰਿੰਦਾਨਾ ਅਤੇ ਤੀਜਾ- ਸੂਫ਼ੀਆਨਾ। ਸੂਫ਼ੀਆਨਾ ਰੰਗ (ਤਸੱਵੁਫ਼) ਗ਼ਜ਼ਲ ਵਿੱਚ ਸਭ ਤੋਂ ਸ੍ਰੇਸ਼ਠ ਮੰਨਿਆ ਝਾਂਦਾ ਹੈ। ਪੰਜਾਬੀ ਸਾਹਿਤ ਅਤੇ ਸ਼ਾਇਰੀ ਵਿੱਚ ਗ਼ਜ਼ਲ ਦੀ ਉਮਰ ਬੇਸ਼ੱਕ ਬਹੁਤ ਛੋਟੀ ਹੈ, ਲੇਕਿਨ ਫਿਰ ਵੀ ਗ਼ਜ਼ਲ ਨੇ ਵੱਖਰੀ ਵਿਧਾ ਦੇ ਤੌਰ 'ਤੇ ਆਪਣੇ ਪੈਰ ਗੱਡ ਲਏ ਹਨ ਤੇ ਇੱਕ ਮਹੱਤਵਪੂਰਨ ਕਾਵਿ ਵੰਨਗੀ ਦੇ ਰੂਪ ਵਜੋਂ ਸਥਾਪਿਤ ਹੋ ਕੇ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ। ਅਜੋਕੇ ਸਮੇਂ ਗ਼ਜ਼ਲ, ਪੰਜਾਬੀ ਕਾਵਿ ਦਾ ਪ੍ਰਮੁੱਖ ਅੰਗ ਬਣ ਚੁੱਕੀ ਹੈ। ਗ਼ਜ਼ਲ ਅਜਿਹਾ ਸੂਖਮ ਕਾਵਿ-ਰੂਪ ਹੈ, ਜੋ ਮੁਹੱਬਤ ਦੇ ਜਜ਼ਬੇ ਨੂੰ ਰੌਚਕਤਾ ਨਾਲ ਬਿਆਨ ਕਰਦਾ ਹੈ। ਗ਼ਜ਼ਲ ਦਾ ਜ਼ਿਕਰ ਛਿੜਦਿਆਂ ਹੀ ਸਾਡੇ ਦਿਲ-ਓ-ਦਿਮਾਗ 'ਤੇ ਰੋਮਾਂਚਕ ਅਹਿਸਾਸ ਸਾਉਣ ਦੇ ਬੱਦਲਾਂ ਵਾਂਗ ਛਾਅ ਜਾਂਦੇ ਹਨ। ਗ਼ਜ਼ਲ ਕੀ ਹੈ?
"ਕਹਿੰਦੇ ਇਸ ਨੂੰ ਗ਼ਜ਼ਲ, ਸੋਹਣੇ ਸੂਖਮ ਖ਼ਿਆਲ,
ਜੜਨੇ ਬਸ ਤਰਤੀਬ ਵਿੱਚ, ਸ਼ਬਦ ਸਲੀਕੇ ਨਾਲ।
ਖੰਭ ਕਦੇ ਨਾ ਆਪਣੇ ਆਪ ਉਡਾਰੀ ਲਾਣ
ਉੱਡਣ ਦੀ ਇੱਛਾ ਭਰੇ, ਖੰਭਾਂ ਦੇ ਵਿਚ ਤਾਣ।"
ਅਬਦੁਲ-ਗ਼ਫ਼ੂਰ ਕੁਰੈਸ਼ੀ ਗ਼ਜ਼ਲ ਬਾਰੇ ਕਹਿੰਦੇ ਹਨ, "ਜਿਸ ਵਿੱਚ ਆਸ਼ਿਕਾਨਾ, ਸੂਫ਼ੀਆਨਾ ਤੇ ਫ਼ਲਸਫ਼ਿਆਨਾ ਰੰਗ ਦੇ ਖ਼ਿਆਲ ਹੋਣ। ਇਸ ਵਿੱਚ ਹਰ ਤਰ੍ਹਾਂ ਦੇ ਮਜ਼ਮੂਨ ਸਮਾਅ ਜਾਂਦੇ ਹਨ। ਇਸ ਦਾ ਪਹਿਲਾ ਸ਼ਿਅਰ ਬੀਤ ਤੇ ਬਾਕੀ ਸ਼ਿਅਰ ਫ਼ਰਦ ਹੁੰਦੇ ਹਨ।"
ਫ਼ਾਰਸੀ ਅਤੇ ਅਰਬੀ ਪਦ ਗ਼ਜ਼ਲ, ਅਸਲ ਵਿੱਚ ਫ਼ਾਰਸ (ਮੌਜੂਦਾ ਇਰਾਨ) ਵਿੱਚ ਜਨਮੀ ਤੇ ਅਰਬ ਵਿੱਚ ਜਵਾਨ ਹੋਈ। ਫ਼ਾਰਸੀ ਭਾਸ਼ਾ ਵਿੱਚੋਂ ਅਰਬੀ ਬੋਲੀ ਵਿੱਚ ਮਕਬੂਲ ਹੋਣ ਉਪਰੰਤ ਉਰਦੂ, ਪਸ਼ਤੋ, ਹਿੰਦੀਵੀ, ਸਿੰਧੀ, ਬਲੋਚੀ, ਅਤੇ ਹਿੰਦੀ ਰਾਹੀਂ ਸਫ਼ਰ ਕਰਦੀ ਹੋਈ ਪੰਜਾਬੀ ਤੱਕ ਪਹੁੰਚੀ ਹੈ। 12ਵੀਂ ਸਦੀ ਵਿੱਚ ਗਜ਼ਲ ਇਸਲਾਮੀ ਸਲਤਨਤ ਦਰਬਾਰਾਂ ਅਤੇ ਸੂਫ਼ੀ ਫ਼ਕੀਰਾਂ ਦੇ ਪ੍ਰਭਾਵ ਹੇਠ ਦੱਖਣ ਏਸ਼ੀਆ ਵਿੱਚ ਫੈਲਣੀ ਸ਼ੁਰੂ ਹੋ ਗਈ ਸੀ। ਹਾਲਾਂਕਿ ਗ਼ਜ਼ਲ ਸਭ ਤੋਂ ਉਭਰਵੇਂ ਤੌਰ 'ਤੇ ਦਾਰੀ ਅਤੇ ਉਰਦੂ ਕਵਿਤਾ ਹੈ, ਅੱਜ ਇਹ ਹਿੰਦ ਉਪ ਮਹਾਂਦੀਪ ਦੀਆਂ ਕਈ ਭਾਸ਼ਾਵਾਂ ਦੀ ਕਵਿਤਾ ਵਿੱਚ ਆਮ ਮਿਲਦਾ ਇੱਕ ਰੂਪ ਹੈ। ਭਾਰਤ ਵਿੱਚ ਗ਼ਜ਼ਲ ਦਾ ਅਸਲ ਪ੍ਰਵੇਸ਼ ਮੁਸਲਮਾਨਾਂ ਦੀ ਆਮਦ ਨਾਲ 13ਵੀਂ ਸਦੀ ਵਿੱਚ ਹੁੰਦਾ ਹੈ। ਇਹ ਸਿਨਫ਼ ਪੰਜਾਬੀ ਤੱਕ ਸਤਾਰਵੀਂ ਸਦੀ ਵਿੱਚ ਪਹੁੰਚੀ ਹੈ। ਹੁਣ ਗ਼ਜ਼ਲ, ਅੰਗਰੇਜ਼ੀ ਅਤੇ ਯੂਰਪ ਦੀਆਂ ਕਈ ਭਾਸ਼ਾਵਾਂ ਵਿੱਚ ਵੀ ਲਿੱਖੀ ਜਾਂਦੀ ਹੈ। ਚੌਦਵੀਂ ਸਦੀ ਦੇ ਫ਼ਾਰਸੀ ਸ਼ਾਇਰ ਹਾਫਿਜ਼ ਸ਼ਿਰਾਜ਼ੀ ਦੀ ਤਲਿਸਮੀ ਗ਼ਜ਼ਲਗੋਈ ਨੇ ਯੂਰਪ ਦੇ ਮਹਾਨ ਜਰਮਨ ਕਵੀ ਗੇਟੇ ਅਤੇ ਸਪੇਨੀ ਕਵੀ ਲੋਰਕਾ ਤੱਕ ਨੂੰ ਇਸ ਵਿਧਾ ਵਿੱਚ ਸ਼ਾਇਰੀ ਕਰਨ ਲਈ ਪ੍ਰੇਰਿਆ ਸੀ। ਊਰਦੂ ਭਾਸ਼ਾ ਦੇ ਪ੍ਰਥਮ ਉਪਨਿਆਸ ਰਚਨ ਵਾਲੇ ਮਿਰਜ਼ਾ ਹਾਦੀ ਰੂਸਵਾ ਦੀਆਂ ਰਚਨਾਵਾਂ ਉੱਪਰ ਅਧਾਰਿਤ ਫਿਲਮ ਅਮਰਾਓ ਜਾਨ ਬਣਨ ਬਾਅਦ ਗਾਇਕੀ ਦੇ ਖੇਤਰ ਵਿੱਚ ਗ਼ਜ਼ਲ ਦੀ ਮਕਬੂਲੀਅਤ ਬੁਲੰਦੀਆਂ ਤੱਕ ਪਹੁੰਚ ਗਈ ਹੈ। ਕਿਉਂਕਿ ਇਸ ਫਿਲਮ ਦੀ ਕਾਮਯਾਬੀ ਵਿੱਚ ਇਸਦੀਆਂ ਗ਼ਜ਼ਲਾਂ ਦਾ ਵਡਮੁੱਲਾ ਯੋਗਦਾਨ ਸੀ। ਗ਼ਜ਼ਲ ਉਰਦੂ ਫ਼ਾਰਸੀ ਦਾ ਅਤਿ ਜਜ਼ਬੇ ਰੱਤਾ ਸੰਗੀਤਮਈ ਕਾਵਿਰੂਪ ਹੈ। ਤਰੱਨਮ ਇਸਦੀ ਜਿੰਦ ਜਾਨ ਹੈ, ਪਰ ਕਾਫ਼ੀ ਵਾਂਗ ਇਸਦੇ ਗਾਉਣ ਲਈ ਵੀ ਕੋਈ ਖ਼ਾਸ ਰਾਗ ਅਥਵਾ ਰਾਗਣੀ ਨਿਯਤ ਨਹੀਂ ਹੈ।
ਭਾਰਤੀ ਕਵਿਤਾ ਵਿੱਚ ਪਿੰਗਲ ਦੇ ਨਿਯਮ ਅਪਨਾਏ ਜਾਂਦੇ ਹਨ। ਦੋ ਸੌ ਸਾਲ ਈਸਵੀ ਪੂਰਬ ਪਿੰਗਲ ਨਾਮ ਦਾ ਰਿਸ਼ੀ ਹੋਇਆ ਹੈ, ਜਿਸਨੇ ਛੰਦ ਸ਼ਾਸਤਰ ਦੀ ਸੰਸਕ੍ਰਿਤ ਵਿੱਚ ਰਚਨਾ ਕੀਤੀ ਸੀ। ਪਿੰਗਲ ਮੁਨੀ ਦੇ ਬਣਾਏ ਨਿਯਮਾਂ ਨੂੰ ਪਿੰਗਲ ਹੀ ਆਖ ਲਿਆ ਜਾਂਦਾ ਹੈ। ਲੇਕਿਨ ਦਸਵੀਂ ਸਦੀ ਈਸਵੀ ਵਿੱਚ ਅਲਬਰੂਨੀ ਲਿੱਖਦਾ ਹੈ ਕਿ ਛੰਦ ਵਿੱਦਿਆ ਪਹਿਲੀ ਵਾਰ ਪਿੰਗਲ ਅਤੇ ਚਲਿਤ ਨੇ ਈਜਾਦ ਕੀਤੀ ਸੀ। ਪਰੰਤੂ ਵੈਦਿਕ ਸ਼ਾਸਤਰੀਆਂ ਅਨੁਸਾਰ ਸੰਸਕ੍ਰਿਤ ਛੰਦ-ਸ਼ਾਸਤਰ ਵੇਦਾਂ ਵਾਂਗ ਹੀ ਈਸ਼ਵਰੀ ਕ੍ਰਿਤ ਹੈ, ਜਿਸ ਦਾ ਗਿਆਨ ਸ੍ਰਿਸ਼ਟੀ ਦੇ ਆਰੰਭ ਕਾਲ ਵਿੱਚ ਇਸ਼ਵਰ ਨੇ ਮਹਾਂਰਿਸ਼ੀ ਸ਼ੇਸ਼ਨਾਗ ਨੂੰ ਕਰਵਾਇਆ ਸੀ। ਉਸ ਤੋਂ ਮਹਾਂਰਿਸ਼ੀ ਗਰੁੜ ਜੀ ਨੇ ਇਹ ਗਿਆਨ ਪ੍ਰਾਪਤ ਕੀਤਾ। ਰਿਸ਼ੀ ਪਰੰਪਰਾ ਦੁਆਰਾ ਚਲਦਿਆਂ ਚਲਦਿਆਂ, ਇਹ ਗਿਆਨ ਮਹਾਂਰਿਸ਼ੀ ਪਿੰਗਲ ਤੱਕ ਪੁੱਜਾ।
ਅਰਬੀ ਅਤੇ ਫ਼ਾਰਸੀ ਕਾਵਿ ਇਲਮ-ਏ-ਅਰੂਜ਼ ਦੇ ਸਿਧਾਤਾਂ ਦੀ ਪਾਲਣਾ ਕਰਦਾ ਹੈ। ਗ਼ਜ਼ਲ ਕਾਵਿ-ਵਿਧਾ ਵਿੱਚ 'ਅਰੂਜ਼' ਦੇ ਨਿਯਮਾਂ ਦੀ ਬੰਦਸ਼ ਨੇ ਇਸਦਾ ਸੰਗੀਤ ਨਾਲ ਰਿਸ਼ਤਾ ਜੋੜਿਆ ਹੈ। ਅਰੂਜ਼ ਵੀ ਪਿੰਗਲ ਦੇ ਨਿਯਮਾਂ ਵਾਂਗ ਇਸਲਾਮਿਕ ਸ਼ਾਇਰੀ ਦੇ ਨਿਯਮ ਹਨ, ਜਿਨ੍ਹਾਂ ਦਾ ਜਨਮਦਾਤਾ ਅੱਠਵੀਂ ਸਦੀ ਵਿੱਚ ਹੋਇਆ ਖ਼ਲੀਲ ਬਿਨ ਅਹਿਮਦ (731-787) ਸੀ। ਉਸਨੇ ਆਪਣੀ ਪ੍ਰੇਮਿਕਾ ਆਰਜ਼ੂ ਦੇ ਨਾਮ ਉੱਪਰ ਅਰਬੀ ਸ਼ਾਇਰੀ ਦੇ ਸਿਧਾਂਤ 'ਕਿਤਾਬੁਲ ਅਰੂਜ਼' ਦੀ ਰਚਨਾ ਕੀਤੀ ਸੀ। 712 ਵਿੱਚ ਖ਼ਲੀਫਾ ਹੱਜਾਜ਼ ਨੇ ਭਾਰਤ ਉੱਪਰ ਹਮਲਾ ਕਰਕੇ ਸਿੰਧ ਫ਼ਤਿਹ ਕੀਤਾ ਸੀ ਤੇ ਦੋ ਸੌ ਸਾਲ ਇੱਥੇ ਆਪਣਾ ਅਧਿਕਾਰ ਜਮਾਈ ਰੱਖਿਆ ਸੀ। ਅਰਬੀ ਵਿਦਵਾਨਾਂ ਦੇ ਹਿੰਦੁਸਤਾਨੀ ਪ੍ਰਾਚੀਨ ਗੰ੍ਰਥਾਂ ਦੇ ਅਰਬੀ ਅਤੇ ਫਾਰਸੀ ਵਿੱਚ ਤਰਜ਼ਮੇ ਕੀਤੇ ਤੇ ਇਹ ਮੰਨਿਆ ਜਾਂਦਾ ਹੈ ਕਿ ਖ਼ਲੀਲ ਬਿਨ ਅਹਿਮਦ ਨੇ ਸੰਸਕ੍ਰਿਤ ਪਿੰਗਲ ਦੀ ਮਦਦ ਨਾਲ ਹੀ ਇਲਮ-ਏ-ਅਰੂਜ਼ ਨੂੰ ਘੜਿਆ ਸੀ।
Ilm-e-Arooz is Urdu counterpart of Prosody which is used to determine if a couplet follows a particular metric pattern or not. Under Arooz, various metric patterns have been classified with each metric pattern known as ‘Bahr’. Each ‘bahr’ constitutes of a few ‘arkaan’ (sing.-rukn) or part which are used to determine the metric pattern of a couplet. It is divided in to its ‘arkaan’ with the process known as taqtii’ (Scansion)
ਗ਼ਜ਼ਲ ਕਾਵਿ ਰੂਪ ਦੀ ਇੱਕ ਖ਼ਾਸ ਵੰਨਗੀ ਹੈ, ਜਿਸਦੇ ਆਪਣੇ ਵਿਧਾਗਤ ਅਸੂਲ ਅਤੇ ਨਿਯਮ ਹਨ। ਭਾਸ਼ਾ ਤੇ ਛੰਦਬੰਧੀ ਪੱਖੋਂ ਗ਼ਜ਼ਲ ਦੀ ਇੱਕ ਵੱਖਰੀ ਤੇ ਨਿਰਾਲੀ ਪਹਿਚਾਣ ਹੈ। ਉਰਦੂ-ਹਿੰਦੀ ਸ਼ਬਦ ਕੋਸ਼ ਅਨੁਸਾਰ ਗ਼ਜ਼ਲ ਦਾ ਸੰਕਲਪ ਪ੍ਰੇਮਿਕਾ ਨਾਲ ਵਾਰਤਾਲਾਪ ਕਰਨਾ ਹੈ ਤੇ ਇਹ ਉਰਦੂ ਫ਼ਾਰਸੀ ਕਵਿਤਾ ਦੀ ਇੱਕ ਵਿਸ਼ੇਸ਼ ਪ੍ਰਕਾਰ ਦੀ ਵੰਨਗੀ ਹੈ। ਜਿਸ ਵਿੱਚ ਪੰਜ ਤੋਂ ਗਿਆਰਾ ਜਾਂ ਸਤਾਰਾਂਂ ਸ਼ਿਅਰ ਹੁੰਦੇ ਹਨ। ਇੱਥੇ ਵਰਣਨਯੋਗ ਹੈ ਕਿ ਮੌਡਰਨ ਗ਼ਜ਼ਲ ਵੱਧ ਤੋਂ ਵੱਧ ਗਿਆਰਾਂ ਜਾਂ ਪੰਦਰਾਂ ਸ਼ਿਅਰਾਂ ਦੀ ਵਲਗਣ ਤੋਂ ਉੱਪਰ ਉੱਠ ਕੇ ਅਣਗਿਣਤ ਸ਼ਿਅਰਾਂ ਦੀ ਰਚੀ ਜਾ ਰਹੀ ਹੈ। ਖ਼ਾਸਕਰ ਸਾਡੀ ਫਿਲਮ ਇੰਡਸਟਰੀ ਵਿੱਚ ਸੌ ਤੋਂ ਵੀ ਉੱਪਰ ਸ਼ਿਅਰਾਂ ਵਾਲੀਆਂ ਗ਼ਜ਼ਲਾਂ ਦੀ ਰਚਨਾ ਕੀਤੀ ਜਾਂਦੀ ਹੈ। ਬਾਸ਼ਰਤ ਗ਼ਜ਼ਲ ਦੇ ਸ਼ਿਅਰਾਂ ਦੀ ਸੰਖਿਆ ਭੀਸ਼ਮ (Odd) ਹੋਵੇ, ਸਮਾਨ (Even) ਨਾ ਹੋਵੇ।
ਅੰਗਰੇਜ਼ੀ ਦੇ ਸ਼ਬਦਕੋਸ਼ Encyclopædia Britannica ਵਿੱਚ ਗ਼ਜ਼ਲ ਬਾਰੇ ਹੇਠ ਲਿੱਖੀ ਜਾਣਕਾਰੀ ਦਿੱਤੀ ਗਈ ਹੈ:
“The ghazal is a form of amatory poem or ode, originating in Arabic poetry. A ghazal may be understood as a poetic expression of both the pain of loss or separation and the beauty of love in spite of that pain. The ghazal form is ancient, tracing its origins to 7th-century Arabic poetry.”
ਗ਼ਜ਼ਲ ਸ਼ਬਦ ਦੇ ਮੂਲ ਹਿੱਸੇ ਗ਼-ਜ਼-ਲ ਹਨ। ਗ਼ਜ਼ਲ, ਅਰਬੀ ਭਾਸ਼ਾ ਦਾ ਲਫ਼ਜ਼ ਹੈ, ਜਿਸ ਦੇ ਅਨੇਕਾਂ ਅਰਥ ਕੱਢੇ ਜਾਂਦੇ ਹਨ, ਜੋ ਨਿਮਨ ਲਿੱਖਤ ਹਨ:-
੧. غَزَل (ਗ਼ਜ਼ਲ) ਜਾਂ غَزِلَ (ਗ਼ਜ਼ਿਲਾ) ਉਚਾਰਨ 'ਗ਼+ਜ਼ਲ'-ਮਿੱਠੀਆਂ ਗੱਲਾਂ ਨਾਲ ਵਰਗਲਾਉਣਾ, ਕਾਮੁਕ ਨਖ਼ਰੇ ਕਰਨਾ। 'ਫ਼ਰਹੰਗੇ ਨਫ਼ੀਸੀ' ਤੇ ਹੋਰ ਫ਼ਾਰਸੀ ਕੋਸ਼ਾਂ ਅਨੁਸਾਰ ਗ਼ਜ਼ਲ ਦੇ ਅਰਥ ਹਨ 'ਸੁਖਨ ਬਾ ਜ਼ਨਾ ਕੁਰਦਨ', ਭਾਵ ਹੁਸੀਨਾਵਾਂ ਨਾਲ ਹੁਸਨ, ਜਵਾਨੀ, ਇਸ਼ਕ ਮੁਅਤੱਲਕ ਗੱਲਾਂ ਕਰਨਾ, ਮਿੱਠੀਆਂ ਗੱਲਾਂ ਨਾਲ ਵਰਗਲਾਉਣਾ ਅਤੇ ਕਾਮੁਕ ਨਖ਼ਰੇ ਕਰਨਾ। ਮਹਿਬੂਬ ਔਰਤਾਂ ਬਾਰੇ ਗੱਲਾਂ ਕਰਨਾ ਤੇ ਹਿਜ਼ਰ ਦੀ ਵੇਦਨਾ ਤੇ ਬੇਵਫਾਈ ਦਾ ਬਿਆਨ ਕਰਨਾ। ਇਸਤਰੀਆਂ ਦੀ ਸੁੰਦਰਤਾ ਤੇ ਜੋਬਨ ਦੀ ਪ੍ਰਸੰਸਾ ਕਰਨਾ।
੨. غَزَلَ (ਗ਼ਜ਼ਲਅ) ਉਚਾਰਨ 'ਗ਼ਜ਼+ਲ'-ਅਰਬੀ ਬੋਲੀ ਵਿੱਚ ਸੂਤ ਕੱਤਣ, ਡੋਰ ਜਾਂ ਰੱਸੀ ਵੱਟਣ ਨੂੰ ਵੀ ਗਜ਼ਲ ਕਿਹਾ ਜਾਂਦਾ ਹੈ। ਯਾਨੀ ਮਹਿਬੂਬ ਦੀ ਖ਼ੂਬੀਆਂ ਦੀ ਸ਼ਿਅਰਾਂ ਰਾਹੀਂ ਗ਼ਜ਼ਲ ਰੂਪੀ ਰੱਸੀ ਵੱਟਣਾ।
੩. غزال (ਗ਼ਜ਼ਾਲ, ਗ਼ਜ਼ਾਲਾ) -ਅਰਬੀ ਵਿੱਚ ਹਿਰਨੀ ਨੂੰ ਗ਼ਜ਼ਾਲਾ (Gazella) ਕਿਹਾ ਜਾਂਦਾ ਹੈ। ਅੰਗਰੇਜ਼ੀ ਭਾਸ਼ਾ ਦਾ ਸ਼ਬਦ Gazelle ਇਸੇ ਤੋਂ ਬਣਿਆ ਹੈ, ਜਿਸ ਦਾ ਅਰਥ ਹੁੰਦਾ ਬੁੱਧੀਮਾਨ (intelligent) , ਸ਼ੋਖ ਜਾਂ ਆਕਰਸ਼ਕ (charming) ਹੈ। ਕਾਵਿ ਦੀ ਵੰਨਗੀ ਗ਼ਜ਼ਲ ਨੂੰ ਗ਼ਜ਼ਲ ਦੇ ਨਾਮਕਰਨ ਸੰਬੰਧੀ ਇਹ ਧਾਰਨਾ ਮਕਬੂਲ ਹੈ ਕਿ ਅਰਬ ਦੇਸ਼ ਵਿੱਚ ਸ਼ਿਕਾਰੀ ਕੁੱਤੇ ਜਦੋਂ ਹਿਰਨ ਦਾ ਪਿੱਛਾ ਕਰਦੇ ਹਨ ਤਾਂ ਹਿਰਨ ਥੱਕ ਹਾਰ ਕੇ ਤੇ ਜੀਵਨ ਤੋਂ ਨਿਰਾਸ਼ ਹੋ ਕੇ ਘਬਰਾ ਜਾਂਦਾ ਹੈ, ਅੱਖਾਂ ਸਾਹਮਣੇ ਮੌਤ ਨੂੰ ਕਲਪਿਤ ਕਰਦਿਆਂ ਉਸਦੀ ਹਿਰਦੇਵੇਦਕ ਦਰਦਨਾਕ ਚੀਕ ਨਿਕਲ ਜਾਂਦੀ ਸੀ। ਅਰਬੀ ਵਿੱਚ ਹਿਰਨ ਨੂੰ ਗ਼ਜ਼ਾਲ ਤੇ ਹਿਰਨੀ ਨੂੰ ਗ਼ਜ਼ਾਲਾ ਕਹਿੰਦੇ ਹਨ। 'ਤਲਮੀਆਤ-ਏ-ਇਕਬਾਲ' ਭਾਗ ਪਹਿਲਾ ਅਤੇ ਡਾ: ਸਇਯਦ ਆਬਿਦ ਅਲੀ ਅਨੁਸਾਰ ਜਿਵੇਂ ਕੁੱਕੜ ਦੀ ਕੁੜ-ਕੁੜ, ਕੋਇਲ ਦੀ ਕੂਕ, ਉਵੇਂ ਗ਼ਜ਼ਾਲਾ ਦੀ ਉਸ ਪੀੜਾਜਨਕ ਚੀਕ ਨੂੰ ਗ਼ਜ਼ਲ ਕਿਹਾ ਜਾਣ ਲੱਗਿਆ।
ਇਹੀ ਵਜ੍ਹਾ ਸੀ ਕਿ ਮੁੱਢਲੀ ਗ਼ਜ਼ਲਗੋਈ ਦਾ ਵਿਸ਼ਾ ਪ੍ਰੇਮ ਦੀਆਂ ਕਸਕਾਂ, ਇਸ਼ਕ-ਮਿਜ਼ਾਜੀ, ਇਜ਼ਹਾਰ-ਏ-ਮੁਹੱਬਤ ਅਤੇ ਜ਼ਾਮ-ਸੁਰਾਹੀਆਂ ਆਦਿ ਹੁੰਦਾ ਸੀ। ਗ਼ਜ਼ਲ ਦੇ ਸ਼ਿਅਰਾਂ ਦੀ ਸੰਰਚਨਾ ਦੀ ਤੁਲਨਾ ਗ਼ਜ਼ਾਲਾ ਦੀਆਂ ਲੰਮੀਆਂ ਛਲਾਂਗਾਂ ਨਾਲ ਕੀਤੀ ਜਾਂਦੀ ਹੈ। ਇਹ ਗੱਲ ਗ਼ਜ਼ਲ ਦੀ ਬਣਤਰ ਵੱਲ ਇਸ਼ਾਰਾ ਕਰਦੀ ਹੈ। ਗ਼ਜ਼ਲ ਦੇ ਸਾਰੇ ਸ਼ਿਅਰ ਹਮ-ਵਜ਼ਨ ਹੁੰਦੇ ਹਨ ਅਤੇ ਹਿਰਨ ਦਾ ਹਰ ਛੜੱਪਾ ਜਾਂ ਕਦਮ ਵੀ ਅਕਸਰ ਬਰਾਬਰ ਹੁੰਦਾ ਹੈ। ਲੇਕਿਨ ਡਾ. ਸਾਧੂ ਸਿੰਘ ਹਮਦਰਦ (ਪੁਸਤਕ ਗ਼ਜ਼ਲ: ਜਨਮ ਤੇ ਵਿਕਾਸ) ਦਾ ਮਤ ਹੈ ਕਿ ਗ਼ਜ਼ਲ ਦੇ ਸਾਰੇ ਸ਼ਿਅਰ ਆਮ ਤੌਰ 'ਤੇ ਸੁਤੰਤਰ ਹੁੰਦੇ ਹਨ ਤੇ ਉਹਨਾਂ ਦਾ ਇੱਕ-ਦੂਜੇ ਨਾਲ ਕੋਈ ਸੰਬੰਧ ਦੇਖਣ ਵਿੱਚ ਨਹੀਂ ਆਉਂਦਾ। ਉੱਧਰ ਗ਼ਜ਼ਾਲ ਜਾਂ ਹਿਰਨ ਵੀ ਜਦੋਂ ਉਸਦੀ ਜਾਨ 'ਤੇ ਬਣੀ ਹੋਵੇ, ਚੌਕੜੀ ਪੈ ਜਾਂਦਾ ਹੈ। ਇਸ ਹਾਲਤ ਵਿੱਚ ਉਸਦੇ ਇੱਕ ਕਦਮ ਦਾ ਦੂਜੇ ਨਾਲੋਂ ਫ਼ਾਸਲਾ ਹੁੰਦਾ ਹੈ। ਗ਼ਜ਼ਲ ਅਤੇ ਗ਼ਜ਼ਾਲ ਦੀ ਇਸ ਚਾਲ-ਸਮਾਨਤਾ ਕਾਰਨ ਕਈ ਲੋਕਾਂ ਦਾ ਖ਼ਿਆਲ ਹੈ ਕਿ ਇਸ ਤੋਂ ਇਸ ਕਾਵਿ-ਰੂਪ ਦਾ ਨਾਂ 'ਗ਼ਜ਼ਲ' ਪੈ ਗਿਆ ਹੈ।
ਅੱਗੇ ਜਾ ਕੇ ਡਾ. ਹਮਦਰਦ ਗ਼ਜ਼ਲ ਸ਼ਿਅਰਾਂ ਦੀ ਚੁਸਤੀ ਦੀ ਤੁਲਨਾ ਹਿਰਨ ਦੀ ਚੁਸਤ-ਛਲਾਂਗ ਨਾਲ ਕਰਦੇ ਹਨ। ਦੀਪਕ ਜੈਤੋਈ ਗ਼ਜ਼ਲ ਦੀ ਪਰਿਭਾਸ਼ਾ ਕਰਦਿਆਂ ਇਸਦੇ ਸ਼ਿਅਰਾਂ ਦੇ ਥੀਮਿਕ ਪਾਸਾਰ, ਮਹਿਬੂਬ ਨਾਲ ਪਿਆਰ ਭਰੇ ਸੰਵਾਦਾਂ ਅਤੇ ਕਰੁਣਾਮਈ ਮਨੋਭਾਵਾਂ 'ਚੋਂ ਉਪਜੇ ਦਰਸਾਉਂਦਾ ਹੈ।
ਬਹਿਰਹਾਲ, ਇੱਕ ਹੋਰ ਵਿਦਵਾਨ ਡਾ. ਜਸਵੰਤ ਸਿੰਘ ਖੁਮਾਰ ਦਾ ਪੁਸਤਕ 'ਪੰਜਾਬੀ ਗ਼ਜ਼ਲ ਦਾ ਆਲੋਚਨਾਤਮਕ ਅਧਿਐਨ' ਵਿੱਚ ਮੰਨਣਾ ਹੈ ਕਿ ਗ਼ਜ਼ਲ ਦਾ ਨਾਂ ਗ਼ਜ਼ਲ ਪੈਣ ਦੀ ਵਜ੍ਹਾ ਇਸਦਾ ਇੱਕ ਗ਼ਜ਼ਾਲ ਨਾਂ ਦੇ ਅਰਬੀ ਵਿਅਕਤੀ ਹੱਥੋਂ ਵਿਕਸਤ ਹੋਣਾ ਹੈ। ਉਸਦੀ ਸਾਰੀ ਉਮਰ ਮਦ੍ਰਾ-ਪਾਨ ਅਤੇ ਇਸ਼ਕ ਖੇਡਣਾ ਵਿੱਚ ਲੰਘ ਗਈ ਸੀ। ਸ਼ਰਾਬ ਦੀ ਮਸਤੀ ਅਤੇ ਪਿਆਰ ਦੀ ਨਿਰਾਸ਼ਾ ਦੇ ਮਨੋਵੇਗ ਤਹਿਤ ਉਸਨੇ ਇਹ ਕਾਵਿ-ਰੂਪਾਕਾਰ ਵਿਕਸਤ ਕੀਤਾ ਅਤੇ ਆਪਣੇ ਨਾਂ ਉੱਤੇ ਹੀ ਇਸਦਾ ਨਾਂ ਗ਼ਜ਼ਲ ਰੱਖਿਆ।
ਕੁੱਝ ਵਿਦਵਾਨਾਂ ਦਾ ਇਹ ਵੀ ਮੰਨਣਾ ਹੈ ਕਿ ਗ਼ਜ਼ਲ ਦੀ ਸ਼ੁਰੂਆਤ ਫ਼ਾਰਸ (ਈਰਾਨ) ਵਿੱਚ ਦਸਵੀਂ ਸਦੀ ਦੌਰਾਨ ਰਚੇ ਜਾਂਦੇ ਕਸੀਦੇ ਦੇ ਪਹਿਲੇ ਭਾਗ ਤਸ਼ਬੀਬ ਅਤੇ ਫ਼ਾਰਸੀ ਦੇ ਇੱਕ ਗੀਤ ਜਿਸ ਨੂੰ ਚਾਮਾ ਕਹਿੰਦੇ ਸਨ, ਦੇ ਮਿਸ਼ਰਨ ਨਾਲ ਹੋਈ ਸੀ। ਇਹ ਵੀ ਧਾਰਨਾ ਹੈ ਕਿ ਗ਼ਜ਼ਲ, ਕਵਿਤਾ ਦਾ ਹੀ ਸੋਧਿਆ ਹੋਇਆ ਰੂਪ ਹੈ, ਜਿਸਦੀ ਉੱਤਪਤੀ ਕਸੀਦੇ ਤੋਂ ਹੋਈ ਹੈ। ਕਸੀਦਾ ਵੀ ਕਵਿਤਾ ਦੀ ਇੱਕ ਕਿਸਮ ਹੈ। ਇਰਾਨੀ ਕਸੀਦੇ ਦੇ ਪਹਿਲੇ ਭਾਗ 'ਤਸ਼ਬੀਬ' ਨੂੰ ਕਸੀਦੇ ਤੋਂ ਵੱਖਰਾ ਕਰਕੇ ਹੀ ਗ਼ਜ਼ਲ ਦਾ ਰੂਪ ਪ੍ਰਦਾਨ ਕੀਤਾ ਗਿਆ ਮੰਨਿਆ ਜਾਂਦਾ ਹੈ। ਖ਼ਲੀਲ ਅਹਦ ਖਾਂ, (ਉਰਦੂ ਗ਼ਜ਼ਲ ਕੇ ਪਚਾਸ ਸਾਲ।) ਅਨੁਸਾਰ ਤਸ਼ਬੀਬ ਮਹਿਬੂਬ ਦੀ ਹਾਲਤ ਦਾ ਬਿਆਨ ਅਤੇ ਉਸਦੇ ਇਸ਼ਕ ਵਿੱਚ ਆਪਣੀ ਕੈਫ਼ੀਅਤ ਬਿਆਨ ਕਰਨ ਦਾ ਨਾਂ ਹੈ ਅਤੇ ਇਸਨੂੰ 'ਨਸੀਬ' ਜਾਂ 'ਗ਼ਜ਼ਲ' ਵੀ ਕਹਿੰਦੇ ਹਨ।
ਪੁਰਾਤਨ ਸਮੇਂ ਵਿੱਚ ਦਰਬਾਰੀ ਕਵੀ, ਭੰਡ ਅਤੇ ਮਰਾਸੀ ਆਦਿਕ ਆਪਣੇ ਹੁਕਰਾਨ ਤੋਂ ਮਾਣ-ਸਨਮਾਣ ਅਤੇ ਇਨਾਮ ਲੈਣ ਲਈ ਉਹਨਾਂ ਦੀ ਵਡਿਆਈ ਵਿੱਚ ਉਸਤਤੀ ਕਵਿਤਾ ਉਚਾਰਦੇ ਸਨ, ਜਿਸ ਨੂੰ ਕਸੀਦਾ ਕਹਿੰਦੇ ਹਨ।
ਕਸੀਦੇ ਵਿੱਚ ਸ਼ਾਸਕ ਦੇ ਗੁਣਾਂ ਦਾ ਵਿਖਿਆਨ ਕੀਤਾ ਜਾਂਦਾ ਸੀ। ਉਸਦੀ ਸ਼ਰੀਰਕ ਸੁੰਦਰਤਾ ਅਤੇ ਤਾਕਤ ਤੋਂ ਲੈ ਕੇ ਅਨੇਕਾਂ ਨਿਪੁੰਨਤਾਵਾਂ ਦਾ ਗੁਣਗਾਨ ਕੀਤਾ ਜਾਂਦਾ ਸੀ। ਸ਼ਾਹੀ ਘਰਾਣਿਆਂ ਜੰਗਾਂ ਵਿੱਚ ਜਿੱਤ ਉਪਰੰਤ, ਤਾਜਪੋਸ਼ੀ ਸਮੇਂ ਜਾਂ ਹੋਰ ਖੁਸ਼ੀ ਦੇ ਅਵਸਰਾਂ ਮੌਕੇ ਕਸੀਦੇ ਪੜ੍ਹਨ ਦਾ ਆਮ ਹੀ ਰਿਵਾਜ ਸੀ।
ਇਸ ਕਸੀਦਾ ਕਿਸਮ ਦੀ ਰਚਨਾ ਵਿੱਚ ਕਿਸੇ ਪਰਜਾ-ਪਾਲਕ ਦੀ ਸੁੰਦਰਤਾ ਅਤੇ ਉਸ ਅਨੁਕੂਲ ਸੁਹਾਵਣੇ ਮੌਸਮ ਦਾ ਗੁਣਗਾਇਨ ਕੀਤਾ ਜਾਂਦਾ ਸੀ। ਪਹਿਲੇ ਕੁੱਝ ਸ਼ਿਅਰਾਂ ਵਿੱਚ ਹੁਕਮਰਾਨ ਦੀ ਸਿਫਤ ਦਾ ਮਾਹੌਲ ਬੰਨ੍ਹਿਆ ਜਾਂਦਾ ਸੀ। ਉਸ ਤੋਂ ਅਗਲੇ ਸ਼ਿਅਰਾਂ ਵਿੱਚ ਉਸਦੀ ਦੀ ਵਡਿਆਈ ਹੁੰਦੀ ਸੀ, ਜਿਸ ਵਿੱਚ ਉਸ ਦੇ ਦੇਹੀ ਸੁਹੱਪਣ ਤੋਂ ਲੈ ਕੇ ਬਹਾਦਰੀ ਦੇ ਹੋਰ ਗੁਣਾਂ ਦਾ ਵਰਣਨ ਹੁੰਦਾ ਸੀ। ਜਿੱਤ ਦੀ ਖੁਸ਼ੀ ਵਿੱਚ ਲਿੱਖੇ ਕਸੀਦੇ ਵਿੱਚ ਬਾਦਸ਼ਾਹ ਦੀ ਬਹਾਦਰੀ, ਮਾਰੀਆਂ ਮੱਲਾਂ ਅਤੇ ਉਸ ਦੁਆਰਾ ਵਰਤੇ ਗਏ ਹਥਿਆਰਾਂ ਨੂੰ ਬੜੇ ਜੋਸ਼ੀਲੇ ਤੇ ਸੁਆਦਲੇ ਢੰਗ ਨਾਲ ਬਿਆਨ ਕੀਤਾ ਜਾਂਦਾ ਸੀ। ਸ਼ਾਹੀ ਸਮਾਗਮਾਂ ਜਾਂ ਕਿਸੇ ਹੋਰ ਸ਼ੁਭ ਮੌਕੇ 'ਤੇ ਹਾਕਮ ਤੇ ਉਸਦੇ ਪਰਿਵਾਰ ਦੀ ਇਸ ਤਰ੍ਹਾਂ ਪ੍ਰਸ਼ੰਸਾ ਕੀਤੀ ਜਾਂਦੀ ਸੀ ਕਿ ਹਾਕਮ ਸ਼ਾਇਰ ਨੂੰ ਇਨਾਮ ਦੇਣ ਲਈ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਸੀ। ਇਨਾਮ ਦੀ ਮੰਗ ਅਤੇ ਦੁਆ ਨਾਲ ਕਸੀਦੇ ਦਾ ਅੰਤ ਹੁੰਦਾ ਸੀ।
ਕਸੀਦੇ ਦੇ ਚਾਰ ਭਾਗ ਹੁੰਦੇ ਸਨ। ਪਹਿਲਾ 'ਤਸ਼ਬੀਬ' ਸੀ ਜਿਸਦੇ ਅੱਖਰੀ ਅਰਥ 'ਅੱਗ ਸੁਲਗਾਣਾ' ਜਾਂ 'ਚਿੰਗਾਰੀ ਲਾਉਣਾ' ਹੈ। ਪਰ ਇਸਦੇ ਅਨੇਕਾਂ ਹੋਰ ਅਰਥ ਵੀ ਕੀਤੇ ਜਾਂਦੇ ਹਨ, ਜਿਵੇਂ ਸ਼ਬਾਬ ਦੀਆਂ ਗੱਲਾਂ ਕਰਨਾ, ਪ੍ਰੇਮਿਕਾ ਦੀ ਤਾਰੀਫ਼ ਕਰਨਾ, ਜਵਾਨੀ ਦੇ ਦਿਨਾਂ ਦਾ ਜ਼ਿਕਰ ਕਰਨਾ, ਜਿਨ੍ਹਾਂ ਦਾ ਸਿੱਧਾ ਸੰਬੰਧ ਨਾਇਕ ਨਾਲ ਹੁੰਦਾ ਸੀ। ਕਸੀਦੇ ਦਾ ਆਗਾਜ਼ ਤਸ਼ਬੀਬ ਜਾਂ ਨਸੀਬ ਨਾਲ ਹੁੰਦਾ ਸੀ, ਜਿਸ ਵਿੱਚ ਕਵੀ ਆਪਣੇ ਮਾਲਕ, ਰਾਜੇ, ਮਹਾਰਾਜੇ ਦੀ ਸਿਫਤ ਤੋਂ ਪੂਰਬ ਵਾਤਾਵਰਨ ਦੀ ਸੁੰਦਰਤਾ ਬਾਰੇ ਕੁੱਝ ਸ਼ਿਅਰ ਬਿਆਨ ਕਰਿਆ ਕਰਦਾ ਸੀ। ਇਸ ਪ੍ਰਕਾਰ ਤਸ਼ਬੀਬ ਨੂੰ ਹੀ ਗ਼ਜ਼ਲ ਦੇ ਸਾਂਚੇ ਵਿੱਚ ਢਾਲਿਆ ਗਿਆ ਮੰਨ ਸਕਦੇ ਹਾਂ।
ਕਸੀਦੇ ਦੇ ਦੂਸਰੇ ਭਾਗ ਨੂੰ 'ਗੁਰੇਜ਼' ਕਿਹਾ ਜਾਂਦਾ ਸੀ। ਮਤਲਬ ਕਿਸੇ ਕੰਮ ਨੂੰ ਕਰਨ ਤੋਂ ਗੁਰੇਜ਼ ਕਰਨਾ ਜਾਂ ਰੁੱਕਣਾ। ਇਸਦਾ ਅਰਥ 'ਮੋੜ ਕੱਟਣਾ' ਵੀ ਲਿਆ ਜਾਂਦਾ ਹੈ, ਭਾਵ ਇੱਕ ਵਿਚਾਰ ਤੋਂ ਹਟਕੇ ਦੂਜੇ ਵੱਲ ਯਾਤਰਾ ਕਰਨਾ। ਇਸ ਵਿੱਚ ਕਵੀ ਨਾਇਕ ਦੀ ਪ੍ਰਸ਼ੰਸਾ ਦੀ ਇੱਕ ਪਿੱਠ-ਭੂਮੀ ਉਸਾਰਨ ਦਾ ਪ੍ਰੀਯਾਸ ਆਰੰਭਦਾ ਸੀ ਤਾਂ ਕਿ ਵਡਿਆਈ ਇੱਕ ਸਹਿਜ ਪ੍ਰਕਾਰਜ ਹੋ ਨਿੱਬੜੇ।
ਕਸੀਦੇ ਦਾ ਤੀਜਾ ਭਾਗ 'ਮਦਹ' ਹੁੰਦਾ ਹੈ। ਇਸ ਵਿੱਚ ਨਾਇਕ ਦੀਆਂ ਬੇਲੋੜੀਆਂ ਸਿਫਤਾਂ ਦੇ ਪੁੱਲ ਬੰਨ੍ਹੇ ਜਾਂਦੇ ਸਨ। ਕਾਵਿ ਕਲਾ ਦੇ ਜਿਹੜੇ ਸਿਧਾਂਤ ਤਸ਼ਬੀਬ ਭਾਗ ਅਤੇ ਗੁਰੇਜ਼ ਵਿੱਚ ਉਸਾਰੇ ਜਾਂਦੇ ਸਨ। ਉਹਨਾਂ ਬਾਰੇ ਨੁਕਤਿਆਂ ਨੂੰ ਨਾਇਕ ਉੱਪਰ ਢੁਕਾਉਣ ਦਾ ਕਾਰਜ ਕੀਤਾ ਜਾਂਦਾ ਸੀ। ਉਸਦੀ ਛਵੀ ਨੂੰ ਲੋਕ ਨਾਇਕ ਦਾ ਦਰਜਾ ਦੇਣ ਦੀ ਹੱਦ ਤੱਕ ਪਹੁੰਚਾਣ ਦਾ ਯਤਨ ਕੀਤਾ ਜਾਂਦਾ ਸੀ ਤਾਂ ਕਿ ਉਹ ਇੱਕ ਆਦਰਸ਼ ਨਾਇਕ ਵਜੋਂ ਲੁਕਾਈ ਵੱਲੋਂ ਕਬੂਲ ਕੀਤਾ ਜਾਵੇ ਤੇ ਮਕਬੂਲੀਅਤ ਹਾਸਿਲ ਕਰੇ।
ਚੌਥਾ ਤੇ ਅੰਤਿਮ ਭਾਗ 'ਦੁਆ' ਹੁੰਦਾ ਸੀ। ਜਿਸ ਨੂੰ 'ਹੁਸਨ-ਏ-ਤਲਬ' ਦਾ ਨਾਮ ਦਿੱਤਾ ਜਾਂਦਾ ਸੀ। ਇਸ ਭਾਗ ਵਿੱਚ ਕਵੀ ਪਾਲਕ, ਮਾਲਕ ਅਰਥਾਤ ਆਪਣੇ ਨਾਇਕ ਕੋਲ ਕਸੀਦੇ ਦੇ ਨਿਭਾਉ ਦੇ ਇਵਜ਼ ਵਿੱਚ ਸਿਲੇ (ਬਖਸ਼ੀਸ਼/ਇਨਾਮ/ਧੰਨ-ਦੌਲਤ/ਜਾਗੀਰ/ਵਸਤੂਆਂ) ਦੀ ਮੰਗ ਕਰਦਾ ਸੀ। ਇਸ ਤਰ੍ਹਾਂ 'ਕਸੀਦੇ' ਕਾਵਿ-ਰੂਪ ਦੀ ਸਿਰਜਣਾ ਦਾ ਮੂਲ ਮਕਸਦ ਧਨ, ਜਾਗੀਰਾਂ ਅਤੇ ਵਸਤੂ-ਸੁੱਖਾਂ ਦੀ ਪ੍ਰਾਪਤੀ ਹੁੰਦਾ ਸੀ।
ਗ਼ਜ਼ਲ ਦੀ ਉਤਪਤੀ ਦੇ ਇਤਿਹਾਸ 'ਤੇ ਨਿਗਾਹ ਮਾਰੀਏ ਤਾਂ ਇਹ ਵੀ ਪਤਾ ਚੱਲਦਾ ਹੈ ਕਿ ਛੇਵੀਂ ਸਦੀ ਦੇ ਅੰਤ ਤੇ ਸੱਤਵੀਂ ਸਦੀ ਦੇ ਆਰੰਭ ਵਿੱਚ ਗ਼ਜ਼ਲ ਅਰਬ ਦੇਸ਼ਾਂ ਵਿੱਚ ਜਨਮ ਲੈ ਚੁੱਕੀ ਸੀ। ਉਦੋਂ ਇਸਦੇ ਦੋ ਰੂਪ ਪ੍ਰਚਲਤ ਸਨ।
ਇੱਕ ਮੱਕੇ ਵਿੱਚ ਰਚੀ ਗਈ ਗ਼ਜ਼ਲ ਮਜ਼ਾਰਾਂ ਅਤੇ ਮੇਲਿਆਂ 'ਤੇ ਅੱਲ੍ਹਾ ਦੀ ਉਸਤਤ ਅਤੇ ਉਸਦੀਆਂ ਬਖਸ਼ੀਆਂ ਨਿਆਮਤਾਂ ਦੇ ਸ਼ੁਕਰਾਨੇ ਵਜੋਂ ਖੁਸ਼ੀ ਦੇ ਪ੍ਰਗਟਾਵੇ ਲਈ ਲਿੱਖੀ ਅਤੇ ਗਾਈ ਜਾਂਦੀ ਸੀ। ਲੇਕਿਨ ਦੂਜੀ ਮਦੀਨੇ ਵਿੱਖੇ ਵਿਕਸਤ ਹੋ ਰਹੀ ਗ਼ਜ਼ਲ ਮੁਹੱਬਤ, ਵਿਛੋੜੇ ਅਤੇ ਤੜਪ ਦੇ ਵਰਣਨ ਨਾਲ ਲਬਰੇਜ਼ ਹੁੰਦੀ ਸੀ। ਜੋ ਕਿ ਅਜੋਕੀ ਗ਼ਜ਼ਲ ਨੂੰ ਮੁਟਿਆਰ ਕਰਨ ਵਿੱਚ ਕਾਫ਼ੀ ਮਦਦਗਾਰ ਸਾਬਿਤ ਹੋਈ ਹੈ। ਮੱਕੇ ਵਿੱਚ ਰਚੀ ਜਾਣ ਵਾਲੀ ਗ਼ਜ਼ਲ ਨੂੰ ਸਿਖਰ 'ਤੇ ਲਿਜਾਣ ਵਾਲਾ ਕਵੀ ਉਮਰ ਬਿਨ ਉਬਈ ਰਬੀਅ ਸੀ ਅਤੇ ਮਦੀਨੇ ਵਿੱਚ ਰਚੀ ਜਾਣ ਵਾਲੀ ਗ਼ਜ਼ਲ ਦਾ ਪਹਿਲਾ ਪ੍ਰਸਿੱਧ ਕਵੀ ਜਮੀਲ ਸੀ। ਦਸਵੀਂ ਸਦੀ ਵਿੱਚ ਇਰਾਨ ਵਿੱਚ ਹੋਇਆ ਰੂਦਕੀ ਫ਼ਾਰਸੀ ਦਾ ਪਹਿਲਾ ਪ੍ਰਸਿੱਧ ਗ਼ਜ਼ਲਕਾਰ ਹੈ।
ਸ਼ਿਅਰ, ਮਤਲਾ, ਮਕਤਾ, ਕਾਫੀਆ, ਰਦੀਫ਼ ਆਦਿਕ ਗ਼ਜ਼ਲ ਸ਼ਿਲਪਕਲਾ ਦੇ ਅੰਸ਼ ਅਤੇ ਸਿੰਗਾਰ ਹਨ। ਗ਼ਜ਼ਲ, ਸ਼ਾਇਰੀ ਦੀ ਉਹ ਸਿਨਫ਼ ਹੈ ਜਿਸ ਵਿੱਚ ਇੱਕੋ ਬਹਿਰ-ਵਜ਼ਨ(ਤੋਲ) ਅਤੇ ਇੱਕੋ ਕਾਫ਼ੀਆ-ਰਦੀਫ਼(ਤੁਕਾਂਤ) ਵਿੱਚ ਪਹਿਲੇ ਸ਼ਿਅਰ ਤੋਂ ਲੈ ਕੇ ਆਖ਼ਰੀ ਸ਼ਿਅਰ ਤੱਕ ਕਾਵਿ-ਰਚਨਾ ਹੁੰਦੀ ਹੈ। ਗ਼ਜ਼ਲ ਦਾ ਹਰ ਸ਼ਿਅਰ ਇੱਕ ਖ਼ਾਸ ਧੁਨੀਆਤਮਕ ਲੈਅ/ਸੰਗੀਤਾਤਮਕ/ਚਾਲ ਦਾ ਧਾਰਨੀ ਹੁੰਦਾ ਹੈ। ਇਸ ਨੂੰ ਬਹਿਰ ਕਹਿੰਦੇ ਹਨ। ਯਾਨੀ ਵੱਖ ਵੱਖ ਧੁਨੀ ਖੰਡਾਂ ਦੇ ਨਿਸ਼ਚਿਤ ਗਿਣਤੀ ਵਿੱਚ ਲੈਅ ਮਈ ਪ੍ਰਬੰਧ ਨੂੰ ਬਹਿਰ ਅਖਵਾਉਂਦਾ ਹੈ।
ਅਰੂਜ਼ ਦੇ ਵੱਖਰੇ ਵੱਖਰੇ ਰੁਕਨਾਂ ਤੋਂ ਵੱਖਰੀਆਂ-ਵੱਖਰੀਆਂ ਬਹਿਰਾਂ ਬਣਦੀਆਂ ਹਨ। ਬਹਿਰ ਦੇ ਅਰਬੀ ਸ਼ਬਦਆਰਥ ਸਮੁੰਦਰ ਜਾਂ ਸਾਗਰ ਹਨ, ਪ੍ਰੰਤੂ ਅਰੂਜ਼ੀ ਪਰਿਭਾਸ਼ਾ ਅਨੁਸਾਰ ਰੁਕਨ, ਜਿਨ੍ਹਾਂ ਨਾਲ ਸ਼ਿਅਰ ਦਾ ਵਜ਼ਨ ਹਾੜਿਆ ਜਾਂਦਾ, ਅਰਕਾਨ ਨੂੰ ਦੁਹਰਾਉਣ ਨਾਲ ਬਹਿਰ ਬਣਦੀ ਹੈ, ਬਹਿਰ ਦੇ ਅੰਗਰੇਜ਼ੀ ਸ਼ਬਦਾਰਥ ਮੀਟਰ (ਗ਼ਜ਼) ਤੋਂ ਹਨ। ਜਿਸ ਤਰ੍ਹਾਂ ਸਮੁੰਦਰ ਦੀ ਵਿਸ਼ਾਲਤਾ ਨੂੰ ਦੇਖਦਿਆਂ ਅਕਲ ਹੈਰਾਨ ਰਹਿ ਜਾਂਦੀ ਹੈ, ਬਿਲਕੁਲ ਏਸੇ ਤਰ੍ਹਾਂ ਜਦੋਂ ਕੋਈ ਅਰੂਜ਼ੀ (ਅਰੂਜ਼-ਵੇਤਾ) ਬਹਿਰਾਂ ਦੇ ਪਸਾਰ ਨੂੰ ਦੇਖਦਾ ਹੈ ਤਾਂ ਅਚੰਭਤ ਹੋ ਜਾਂਦਾ ਹੈ ਕਿ ਸ਼ਿਅਰ ਨੂੰ ਕਿਹੜੀ ਬਹਿਰ ਨਾਲ ਨਾਪੇ।
ਵੱਖ-ਵੱਖ ਵਿਦਵਾਨਾਂ ਨੇ ਛੰਦ-ਸ਼ਾਸਤਰ ਵਿੱਚ 19 ਸਾਬਤ ਬਹਿਰਾਂ ਦੀ ਨਿਸ਼ਾਨਦੇਹੀ ਕੀਤੀ ਹੈ। ਪਰ ਰੁਕਨਾ ਵਿੱਚ ਜਿਹਾਫ/ਕਾਂਟ-ਛਾਂਟ ਕਰਕੇ ਇਸ ਤੋਂ ਅੱਗੇ 100 ਉੱਪ-ਬਹਿਰਾਂ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਅਰੂਜ਼ ਦੀਆਂ ਉੱਨੀ ਬਹਿਰਾਂ ਵਿੱਚੋਂ ਖਲੀਲ ਬਿਨ ਅਹਿਮਦ ਨੇ ਪੰਦਰਾਂ ਬਹਿਰਾਂ ਈਜਾਦ ਕੀਤੀਆਂ ਅਤੇ ਬਾਕੀ ਦੀਆਂ ਚਾਰ ਬਹਿਰਾਂ ਪਿੱਛੋਂ ਜਾ ਕੇ ਵੱਖ ਵੱਖ ਅਰੂਜ਼ੀਆਂ ਨੇ ਈਜ਼ਾਦ ਕੀਤੀਆਂ। ਅਰੂਜ਼ੀ ਬਹਿਰਾਂ ਤੋਂ ਇਲਾਵਾ ਪੰਜਾਬੀ ਪਿੰਗਲ ਵੀ ਛੰਦਾਂ ਦੀ ਗਿਣਤੀ ਨਿਸ਼ਚਿਤ ਕਰਦਾ ਹੈ। ਉਰਦੂ ਵਿੱਚ ਕਿਉਂਕਿ 'ਬਹਿਰ' ਦਾ ਅਰਥ ਇੱਕ ਨਿਸ਼ਚਿਤ ਵਜ਼ਨ ਹੈ, ਇਸ ਲਈ ਉਰਦੂ ਛੰਦ-ਸ਼ਾਸਤਰ ਵਿੱਚ ਲੈਅ ਦੀ ਪ੍ਰਧਾਨਤਾ ਨੂੰ ਹੀ ਪ੍ਰਮੁੱਖ ਮੰਨਿਆ ਜਾਂਦਾ ਹੈ। ਬਹਿਰਾਂ ਦੋ ਕਿਸਮ ਦੀਆਂ ਹੁੰਦੀਆਂ ਹਨ, ਮੁਫ਼ਰਦ ਬਹਿਰ ਤੇ ਮੁਰੱਕਬ ਬਹਿਰ।
1. ਮੁਫ਼ਰਦ ਬਹਿਰਾਂ ਦਾ ਅਰਬੀ ਸ਼ਬਦਾਰਥ ਇਕਹਿਰੀ ਜਾਂ ਇਕੱਲੀ ਤੋਂ ਹੈ, ਮੁਫ਼ਰਦ ਇਹਨਾਂ ਨੂੰ ਇਸ ਕਰਕੇ ਕਿਹਾ ਜਾਂਦਾ ਹੈ ਕਿ ਇਹ ਬਹਿਰਾਂ ਇੱਕ ਹੀ ਰੁਕਨ ਨੂੰ ਦੁਹਰਾਉਣ 'ਤੇ ਬਣਦੀਆਂ ਹਨ।
2. ਮੁਰੱਕਬ ਬਹਿਰਾ ਦਾ ਅਰਬੀ ਸ਼ਬਦਾਰਥ ਮਿਸ਼ਰਤ ਜਾਂ ਰਲੀ-ਮਿਲੀ ਵਸਤੂਆਂ ਤੋਂ ਹੁੰਦਾ ਹੈ। ਇਨ੍ਹਾਂ ਨੂੰ ਮੁਰੱਕਬ ਬਹਿਰਾਂ ਇਸ ਕਰਕੇ ਕਿਹਾ ਜਾਂਦਾ ਹੈ ਕਿ ਇਹ ਬਹਿਰਾਂ ਦੋ ਦੋ ਰੁਕਨਾਂ ਦੇ ਮਿਲਣ 'ਤੇ ਬਣਦੀਆਂ ਹਨ ।
ਅਰੂਜ਼ ਦੀਆਂ ਕੁੱਲ ਉੱਨੀ ਬਹਿਰਾਂ ਵਿੱਚੋਂ ਸੱਤ ਮੁਫ਼ਰਦ ਅਤੇ ਬਾਕੀ ਦੀਆਂ ਬਾਰ੍ਹਾਂ ਮੁਰੱਕਬ ਬਹਿਰਾਂ ਹਨ। ਸੱਤ ਮੁਫ਼ਰਦ ਬਹਿਰਾਂ ਅਰੂਜ਼ ਦੇ ਸੱਤ ਰੁਕਨਾਂ ਮੁਫਾਈਲੁਨ, ਫਾਇਲਾਤੁਨ, ਮੁਸਤਫਇਲੁਨ, ਮੁਤੁਫਾਇਲੁਨ, ਮੁਫਾਇਲਤੁਨ, ਫਾਇਲੁਨ, ਫਊਲੁਨ ਨੂੰ ਦੁਹਰਾਉਣ ਨਾਲ ਬਣਦੀਆਂ ਹਨ। ਅੱਠਵਾਂ ਰੁਕਨ ਮਫਊਲਾਤ ਇਕੱਲਾ ਕੋਈ ਬਹਿਰ ਨਹੀਂ ਬਣਾਉਂਦਾ ਸਗੋਂ ਇਹ ਕਿਸੇ ਦੂਸਰੇ ਰੁਕਨ ਦੇ ਨਾਲ ਲੱਗ ਕੇ ਕੋਈ ਬਹਿਰ ਬਣਾਉਂਦਾ ਹੈ। ਮੁਫ਼ਰਦ ਬਹਿਰਾਂ ਦਾ ਵੇਰਵਾ ਕ੍ਰਿਸ਼ਨ ਭਨੋਟ ਅਨੁਸਾਰ ਇਸ ਪ੍ਰਕਾਰ ਹੈ:
1. ਬਹਿਰ ਹਜ਼ਜ: ਹਜ਼ਜ ਦਾ ਅਰਬੀ ਭਾਸ਼ਾ ਵਿਚ ਅਰਥ ਮਨਮੋਹਣੀ ਜਾਂ ਦਿਲਕਸ਼ ਹੁੰਦਾ ਹੈ। ਮੁਫਾਈਲੁਨ ਰੁਕਨ ਦੀ ਬਣਤਰ ਹੀ ਇਹੋ ਜਿਹੀ ਹੈ ਕਿ ਇਸ ਦੀ ਧੁਨੀ ਕੰਨਾਂ ਨੂੰ ਬਹੁਤ ਸੁਰੀਲੀ ਅਤੇ ਦਿਲਕਸ਼ ਲੱਗਦੀ ਹੈ। ਇਸ ਦੀ ਸੰਗੀਤਆਤਮਕ ਧੁਨੀ ਵਾਸਤੇ ਹੀ ਇਹ ਬਹਿਰ ਅਰਬੀ, ਫਾਰਸੀ, ਉਰਦੂ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਬੜੀ ਹਰਮਨ-ਪਿਆਰੀ ਬਹਿਰ ਹੈ। ਇਸ ਦੀ ਬਣਤਰ ਇਸ ਪ੍ਰਕਾਰ ਹੈ :
ਚਾਰ ਮੁਫਾਈਲੁਨ
ਮੁਫਾਈਲੁਨ ਮੁਫਾਈਲੁਨ ਮੁਫਾਈਲੁਨ ਮੁਫਾਈਲੁਨ
ISSS ISSS ISSS ISSS
2. ਬਹਿਰ ਰਮਲ: ਰਮਲ ਦਾ ਅਰਬੀ ਭਾਸ਼ਾ ਵਿੱਚ ਅਰਥ ਹੈ, ਮਿਜ਼ਾਜ ਤੇ ਮੜਕ ਨਾਲ ਤੁਰਨਾ ਜਾਂ ਸ਼ੋਖੀ ਨਾਲ ਤੁਰਨਾ। ਇਹ ਬਹਿਰ ਫਾਇਲਾਤੁਨ ਰੁਕਨ ਨਾਲ ਬਣਦੀ ਹੈ। ਇਹ ਬਹਿਰ ਵੀ ਉਰਦੂ, ਫਾਰਸੀ, ਅਤੇ ਪੰਜਾਬੀ ਭਾਸ਼ਾਵਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਬਹਿਰ ਹੈ। ਇਸ ਦੀ ਬਣਤਰ ਇਸ ਪ੍ਰਕਾਰ ਹੈ:
ਫਾਇਲਾਤੁਨ ਫਾਇਲਾਤੁਨ ਫਾਇਲਾਤੁਨ ਫਾਇਲਾਤੁਨ
SISS SISS SISS SISS
ਇਹਨਾਂ ਦੋਨਾਂ ਬਹਿਰਾਂ ਨੂੰ ਯਾਦ ਰੱਖਣ ਵਾਸਤੇ ਇਨ੍ਹਾਂ ਦੋਹਾਂ ਨੂੰ ਕ੍ਰਿਸ਼ਨ ਭਨੋਟ ਵੱਲੋਂ ਕਾਵਿ ਬੰਦ ਕਰ ਦਿੱਤਾ ਗਿਆ ਹੈ ।
"ਰਮਲ ਬਹਿਰ ਹੁੰਦੀ ਸ਼ੁਰੂ, ਫਾਇਲਾਤੁਨ ਦੇ ਨਾਲ,
ਕ੍ਰਿਸ਼ਨ ਮੁਫਾਈਲੁਨ ਰੁਕਨ ਹੈ, ਹਜ਼ਜ ਬਹਿਰ ਦੀ ਚਾਲ।"
3. ਬਹਿਰ ਰਜਜ: ਰਜਜ ਦਾ ਅਰਬੀ ਭਾਸ਼ਾ ਵਿੱਚ ਅਰਥ ਹੈ ਬੇਚੈਨੀ ਜਾਂ ਘਬਰਾਹਟ। ਇਸ ਬਹਿਰ ਵਿੱਚ ਵੀਰ-ਰਸੀ ਕਵਿਤਾਵਾਂ ਰਚੀਆਂ ਜਾਂਦੀਆਂ ਹਨ। ਇਸ ਰੁਕਨ ਦੀ ਬਣਤਰ ਵੀ ਜੰਗ-ਜੂ ਅੰਦਾਜ਼ ਦੀ ਹੈ। ਇਸ ਦਾ ਰੁਕਨ ਮੁਸਤਫ਼ਇਲੁਨ ਹੈ ਅਤੇ ਇਸ ਦੀ ਬਣਤਰ ਇਸ ਤਰ੍ਹਾਂ ਹੈ:
ਮੁਸਤਫ਼ਇਲੁਨ ਮੁਸਤਫ਼ਇਲੁਨ ਮੁਸਤਫ਼ਇਲੁਨ ਮੁਸਤਫ਼ਇਲੁਨ
SSIS SSIS SSIS SSIS
4. ਬਹਿਰ ਕਾਮਿਲ: ਕਾਮਿਲ ਦਾ ਅਰਥ ਹੈ, ਪੂਰਨ ਜਾਂ ਮੁਕੰਮਲ। ਇਹ ਬਹਿਰ ਬਿਲਕੁਲ ਉਸੇ ਤਰ੍ਹਾਂ ਕਹੀ ਜਾਂਦੀ ਹੈ ਜਿਸ ਤਰ੍ਹਾਂ ਖਲੀਲ ਬਿਨ ਅਹਿਮਦ ਨੇ ਬਣਾਈ ਸੀ, ਇਸ 'ਤੇ ਕੋਈ ਵੀ ਜਿਹਾਫ਼ ਲਾਗੂ ਨਹੀਂ ਹੁੰਦਾ ਹੈ। ਇਹ ਮੁਤੁਫਾਇਲੁਨ ਰੁਕਨ ਤੋਂ ਬਣਦੀ ਹੈ। ਮੁਤੁਫਾਇਲੁਨ ਰੁਕਨ ਵਿੱਚ ਦੋ ਸਬਬ ਸਕੀਲ ਯਾਨੀ ਮੁਤਹੱਰਕ ਅੱਖਰ ਹਨ, ਜਿਨ੍ਹਾਂ ਦਾ ਪੰਜਾਬੀ ਵਿੱਚ ਉਚਾਰਨ ਮੁਸ਼ਕਲ ਹੁੰਦਾ ਹੈ। ਜੇ ਇਸਨੂੰ ਪੰਜਾਬੀ ਵਿੱਚ ਲਿੱਖਿਆ ਵੀ ਜਾਵੇ ਤਾਂ ਮੁੱਢਲੇ ਸ਼ਬਦ ਦੀਆਂ ਦੋ ਦੀਰਘ ਲਗਾਂ ਗਿਰਾਉਣੀਆਂ ਪੈਂਦੀਆਂ ਹਨ। ਕਾਮਿਲ ਬਹਿਰ ਦੀ ਬਣਤਰ ਇਸ ਤਰ੍ਹਾਂ ਹੈ:
ਮੁਤੁਫਾਇਲੁਨ ਮੁਤੁਫਾਇਲੁਨ ਮੁਤੁਫਾਇਲੁਨ ਮੁਤੁਫਾਇਲੁਨ
IISIS IISIS IISIS IISIS
ਬਹਿਰ ਰਜ਼ਜ ਅਤੇ ਬਹਿਰ ਕਾਮਿਲ ਨੂੰ ਯਾਦ ਕਰਨ ਵਾਸਤੇ--
"ਰਜਜ ਬਹਿਰ ਮੁਸਤਫ਼ਇਲੁਨ, ਇਸ ਦਾ ਰੁਕਨ ਪਛਾਣ,
ਮੁਤੁਫਾਇਲੁਨ ਰੁਕਨ ਹੈ, ਜੋ ਇਸ ਨੂੰ ਕਾਮਿਲ ਜਾਣ ।"
5. ਬਹਿਰ ਵਾਫਿਰ; ਵਾਫ਼ਿਰ ਦਾ ਅਰਥ ਹੈ, ਅਧਿਕ ਜਾਂ ਵਾਧੂ। ਇਸ ਬਹਿਰ ਦਾ ਨਾਮ ਵਾਫ਼ਿਰ ਇਸ ਕਰਕੇ ਪਿਆ ਹੈ ਕਿ ਇਸ ਵਿੱਚ ਹਰਕਤਾਂ ਭਾਵ ਮੁਤਹੱਰਕ ਅੱਖਰਾਂ ਦੀ ਅਧਿੱਕ ਵਰਤੋਂ ਹੁੰਦੀ ਹੈ। ਮੁਫਾਇਲਤੁਨ ਸੱਤ ਅੱਖਰੀ ਰੁਕਨ ਵਿੱਚ ਪੰਜ ਮੁਤਹੱਰਕ ਅੱਖਰ ਹਨ, ਸਿਰਫ਼ ਦੋ ਅੱਖਰ ਹੀ ਸਾਕਿਨ ਹਨ। ਕੁੱਝ ਸਾਲ ਪਹਿਲਾਂ ਇਸਨੂੰ ਪੰਜਾਬੀ ਵਿੱਚ ਲਿੱਖਣਾ ਲਗਭਗ ਅਸੰਭਵ ਹੀ ਸਮਝਿਆ ਜਾਂਦਾ ਸੀ। ਇੱਥੋਂ ਤੱਕ ਕਿ ਉਸਤਾਦ ਦੀਪਕ ਜੈਤੋਈ ਸਾਹਿਬ ਨੇ ਵੀ ਕਹਿ ਦਿੱਤਾ ਸੀ ਕਿ ਬਹਿਰ ਵਾਫ਼ਿਰ ਪੰਜਾਬੀ ਵਿੱਚ ਵਰਤਣੀ ਅਸੰਭਵ ਹੈ। ਬਹਿਰ ਵਾਫਿਰ ਮੁਫਾਇਲੁਤੁਨ ਰੁਕਨ ਤੋਂ ਬਣਦੀ ਹੈ। ਇਸ ਦੀ ਬਣਤਰ ਇਸ ਪ੍ਰਕਾਰ ਹੈ:
ਮੁਫ਼ਾਇਲੁਤੁਨ ਮੁਫ਼ਾਇਲੁਤੁਨ ਮੁਫ਼ਾਇਲੁਤੁਨ ਮੁਫ਼ਾਇਲੁਤੁਨ
ISIIS ISIIS ISIIS ISIIS
"ਪੰਜਾਬੀ ਦੀ ਸ਼ਾਇਰੀ, ਇਸ ਤੋਂ ਹੈ ਅਣਜਾਣ,
ਮੁਫਇਲਤੁਨ ਦ ਰੁਕਨ ਹੈ, ਵਾਫਿਰ ਦੀ ਪਹਿਚਾਣ।"
ਪਹਿਲਾਂ ਬਿਆਨ ਕੀਤੀਆਂ ਪੰਜ ਬਹਿਰਾਂ ਸੱਤ ਅੱਖਰੀ ਰੁਕਨ ਤੋਂ ਬਣਦੀਆਂ ਹਨ। ਦੋ ਬਹਿਰਾਂ, ਬਹਿਰ ਮੁਤਕਾਰਿਬ ਅਤੇ ਬਹਿਰ ਮੁਤਦਾਰਿਕ ਪੰਜ ਅੱਖਰੀ ਰੁਕਨਾਂ ਤੋਂ ਬਣਦੀਆਂ ਹਨ, ਜਿਹੜੇ ਕਰਮਵਾਰ ਫਊਲੁਨ ਅਤੇ ਫਾਇਲੁਨ ਰੁਕਨ ਹਨ ।
6. ਬਹਿਰ ਮੁਤਕਾਰਿਬ: ਅਰਬੀ ਭਾਸ਼ਾ ਵਿੱਚ ਮੁਤਕਾਰਿਬ ਦਾ ਅਰਥ ਨੇੜੇ ਹੋਣਾ ਹੁੰਦਾ ਹੈ। ਪੰਜ ਅੱਖਰੀ ਰੁਕਨ ਫਊਲੁਨ ਤੋਂ ਬਹਿਰ ਮੁਤਕਾਰਿਬ ਬਣਦੀ ਹੈ। ਪੰਜ ਅੱਖਰੀ ਰੁਕਨ ਹੋਣ ਕਰਕੇ ਉਚਾਰਣ ਸਮੇਂ ਇਹ ਨੇੜੇ ਨੇੜੇ ਲੱਗਦੇ ਹਨ। ਇਸ ਕਰਕੇ ਇਸ ਬਹਿਰ ਦਾ ਨਾਮ ਮੁਤਕਾਰਿਬ ਪੈ ਗਿਆ। ਅਰਬੀ ਸ਼ਬਦ ਕੁਰਬ ਜਿਸਦਾ ਅਰਥ ਨਜ਼ਦੀਕ ਹੁੰਦਾ ਹੈ, ਇਸ ਤਰ੍ਹਾਂ ਹੀ ਕੁਰਬ ਤੋਂ ਕੁਰਬਤ ਬਣਿਆ, ਜਿਸਦਾ ਅਰਥ ਨੇੜਤਾ ਹੁੰਦਾ ਹੈ ਅਤੇ ਇਸ ਤੋਂ ਹੀ ਇਸ ਬਹਿਰ ਨੂੰ ਇਹ ਨਾਮ ਮਿਲਿਆ ਹੈ। ਇਸ ਬਹਿਰ ਦੀ ਬਣਤਰ ਇਸ ਪ੍ਰਕਾਰ ਹੈ:
ਫਊਲੁਨ ਫਊਲੁਨ ਫਊਲੁਨ ਫਊਲੁਨ
ISS ISS ISS ISS
"ਜੇਕਰ ਚਾਹੋਂ ਜਾਨਣੀ, ਮੁਤਕਾਰਿਬ ਦੀ ਚਾਲ,
ਮੁਤਕਾਰਿਬ ਜੋ ਬਹਿਰ ਹੈ, ਬਣਦੀ ਫਊਲੁਨ ਨਾਲ।"
7. ਬਹਿਰ ਮੁਤਦਾਰਿਕ: ਅਰਬੀ ਭਾਸ਼ਾ ਵਿਚ ਮੁਤਦਾਰਿਕ ਦਾ ਅਰਥ ਮਿਲਣ ਵਾਲਾ ਹੁੰਦਾ ਹੈ। ਅਬੁਲ ਹਸਨ ਅਖ਼ਫ਼ਸ਼ ਨੇ ਇਸ ਨੂੰ ਖ਼ਲੀਲ ਬਿਨ ਅਹਿਮਦ ਤੋਂ ਬਾਅਦ ਈਜ਼ਾਦ ਕੀਤਾ ਅਤੇ ਇਸ ਤਰ੍ਹਾਂ ਇਹ ਬਹਿਰ ਖਲੀਲ ਬਿਨ ਅਹਿਮਿਦ ਦੀਆਂ ਈਜ਼ਾਦ ਕੀਤੀਆਂ ਬਹਿਰਾਂ ਨਾਲ ਮਿਲ ਗਈ। ਇਸੇ ਕਰਕੇ ਇਸ ਬਹਿਰ ਦਾ ਨਾਮ ਮੁਤਦਾਰਿਕ ਪੈ ਗਿਆ ਹੈ। ਇਸ ਬਹਿਰ ਦੀ ਬਣਤਰ ਇਸ ਤਰ੍ਹਾਂ ਹੈ:
ਫਾਇਲੁਨ ਫਾਇਲੁਨ ਫਾਇਲੁਨ ਫਾਇਲੁਨ
SIS SIS SIS SIS
"ਮੁਤਦਾਰਿਕ ਇਸ ਦਾ ਨਾਮ ਹੈ, ਏਨਾਂ ਰੱਖੋ ਖਿਆਲ,
ਬਣਦੀ ਫਾਇਲੁਨ ਰੁਕਨ ਤੋਂ, ਏਸ ਬਹਿਰ ਦੀ ਚਾਲ ।"
ਇਸ ਤਰ੍ਹਾਂ ਅਰੂਜ਼ ਦੀਆਂ ਸੱਤ ਮੁਫਰਦ ਬਹਿਰਾਂ ਇੱਕ ਇੱਕ ਰੁਕਨ ਤੋਂ ਬਣਦੀਆਂ ਹਨ। ਅੱਠਵਾਂ ਰੁਕਨ ਮਫ਼ਊਲਾਤ ਇਕੱਲਾ ਕੋਈ ਬਹਿਰ ਨਹੀਂ ਬਣਾਉਂਦਾ। ਮਫ਼ਊਲਾਤ ਦੂਸਰੇ ਰੁਕਨਾਂ ਦੇ ਨਾਲ ਮਿਲ ਕੇ ਮਰੱਕਬ ਬਹਿਰ ਬਣਾਉਂਦਾ ਹੈ ।
ਰੁਕਨ(ਗਣ) ਬਹਿਰਾਂ ਦੀ ਰਚਨਾ ਕਰਦੇ ਹਨ। ਬਹਿਰ ਦੀ ਰਚਨਾ ਵਿੱਚ ਰੁਕਨ/ਗਣ ਦੀ ਭੂਮਿਕਾ ਪ੍ਰਮੁੱਖ ਹੈ। ਭਾਰਤੀ ਛੰਦ-ਸ਼ਾਸਤਰ ਵਿੱਚ ਲਘੂ ਅਤੇ ਗੁਰੂ ਵਰਣਾਂ ਦੇ ਮੇਲ ਤੋਂ ਭਿੰਨ-ਭਿੰਨ ਰੂਪ ਮਿਲਦੇ ਹਨ। ਤੋਲ ਦੇ ਇਹਨਾਂ ਰੂਪਾਂ ਨੂੰ ਗਣ ਕਹਿੰਦੇ ਹਨ। ਅਰਬੀ ਵਿੱਚ ਇਹਨਾਂ ਨੂੰ 'ਰੁਕਨ' ਕਹਿੰਦੇ ਹਨ। ਅਰੂਜ਼ੀ ਛੰਦ-ਪ੍ਰਬੰਧ ਵਿੱਚ ਕੁੱਝ ਰੁਕਨਾਂ ਦਾ ਵਿਖਿਆਨ ਕੀਤਾ ਗਿਆ ਹੈ। ਇਹ ਰੁਕਨ ਇੱਕ ਵਜ਼ਨ/ਤੋਲ ਅਨੁਸਾਰੀ ਹੁੰਦੇ ਹਨ। ਰੁਕਨ ਬਾਰੇ ਇੱਕ ਹੋਰ ਵਿਦਵਾਨ ਆਪਣੀ ਰਾਏ ਪ੍ਰਸਤੁਤ ਕਰਦਾ ਹੈ: ਬਹਿਰ ਤੱਕੜੀ ਦੇ ਸ਼ਿਅਰ ਤੋਲਣ ਲਈ ਅਰਜ਼ੀ ਵਿਦਵਾਨਾਂ ਨੇ ਕੁੱਝ ਸ਼ਬਦ-ਟੁਕੜੀਆਂ(ਤੋਲ) ਬਣਾਈਆਂ ਹਨ, ਜਿਨ੍ਹਾਂ ਨੂੰ 'ਰੁਕਨ' ਕਹਿੰਦੇ ਹਨ। ਜਿਵੇਂ ਫ਼ਾਇਲਾਤੁਨ, ਮੁਫ਼ਾਈਲੁਨ, ਫ਼ਊਲੁਨ ਆਦਿ।
ਵਜ਼ਨ: ਕਿਸੇ ਵੀ ਬਹਿਰ ਵਿੱਚ ਪ੍ਰਯੋਗਤ ਸ਼ਾਬਦਿਕ ਉਚਾਰਣ ਵਿੱਚ ਖਰਚ ਆਉਂਦੇ ਸਮੇਂ ਨੂੰ ਵਜ਼ਨ/ਤੋਲ ਕਿਹਾ ਜਾਂਦਾ ਹੈ। ਵਜ਼ਨ ਨੂੰ ਮਾਪਣ ਦੇ ਭਾਰਤੀ/ਪੰਜਾਬੀ ਪਿੰਗਲ ਅਤੇ ਅਰੂਜ਼ ਦਾ ਆਪਣਾ ਆਪਣਾ ਨੇਮ ਪ੍ਰਬੰਧ ਹੈ। ਭਾਰਤੀ ਪਿੰਗਲ ਦੇ ਵਜ਼ਨ ਨੂੰ ਮਾਪਣ ਦੇ ਯੰਤਰਾਂ ਵਿੱਚ ਵਰਣਾਂ ਅਤੇ ਮਾਤਰਾਵਾਂ ਦੀ ਗਿਣਤੀ ਕਰਨਾ ਜ਼ਿਕਰਯੋਗ ਹੈ। ਅਰੂਜ਼ ਵਿੱਚ ਇਹ ਕੰਮ ਅੱਖਰਾਂ ਦੀ ਹਰਕਤ ਪਹਿਚਾਣ ਕੇ ਕੀਤਾ ਜਾਂਦਾ ਹੈ। ਅਰਬੀ/ਫ਼ਾਰਸੀ/ਉਰਦੂ ਜ਼ੁਬਾਨਾਂ ਵਿੱਚ ਲਗਾਂ-ਮਾਤਰਾਂ ਦੀ ਲਗਭਗ ਅਣਹੋਂਦ ਹੀ ਹੈ। ਪਿੰਗਲ ਅਨੁਸਾਰ ਕਿਸੇ ਕਵਿਤਾ ਦਾ ਤੋਲ/ਵਜ਼ਨ ਮਿੱਥਣ ਦੇ ਦੋ ਢੰਗ ਹਨ। ਇੱਕ ਢੰਗ ਅਨੁਸਾਰ ਤੁਕ ਦੇ ਕੇਵਲ ਵਰਣ ਗਿਣੇ ਜਾਂਦੇ ਹਨ। ਦੂਜੇ ਢੰਗ ਅਨੁਸਾਰ ਤੁਕ ਦੀਆਂ ਮਾਤਰਾਵਾਂ ਗਿਣੀਆਂ ਜਾਂਦੀਆਂ ਹਨ। ਅਰਬੀ ਫ਼ਾਰਸੀ ਅਤੇ ਉਰਦੂ ਵਿੱਚ ਅਰਬੀ ਛੰਦ-ਪ੍ਰਬੰਧ ਅਰੂਜ ਨੂੰ ਮਾਨਤਾ ਪ੍ਰਾਪਤ ਹੈ। ਇਸ ਲਈ ਅਰਬੀ, ਫਾਰਸੀ ਤੇ ਉਰਦੂ ਦੇ ਸ਼ਾਇਰ ਅੱਖਰਾਂ ਦੀਆਂ ਹਰਕਤਾਂ ਵੇਖਦੇ ਹਨ। ਕਾਰਨ ਇਹ ਹੈ ਕਿ ਇਹਨਾਂ ਭਾਸ਼ਾਵਾਂ ਵਿੱਚ ਅੱਖਰਾਂ ਦੇ ਨਾਲ ਲਗਾਂ-ਮਾਤਰਾ ਦਾ ਉਹ ਪੂਰਾ ਵਿਧਾਨ ਨਹੀਂ ਹੈ, ਜੋ ਸੰਸਕ੍ਰਿਤੀ ਹਿੰਦੀ, ਪੰਜਾਬੀ ਅਤੇ ਉੱਤਰੀ ਭਾਰਤੀ ਭਾਸ਼ਾਵਾਂ ਵਿੱਚ ਹੈ।
ਤੋਲ, ਕਾਫ਼ੀਆ ਤੇ ਰਦੀਫ਼ ਦੇ ਸੁਮੇਲ ਨੂੰ ਗ਼ਜ਼ਲ ਦੀ 'ਜ਼ਮੀਨ' ਵੀ ਕਿਹਾ ਜਾਂਦਾ ਹੈ। ਅਨੇਕਾਂ ਕਾਵਿਕ ਤੁਕਾਂ ਦੇ ਸਮੂਹ ਨਾਲ ਗ਼ਜ਼ਲ ਹੋਂਦ ਵਿੱਚ ਆਉਂਦੀ ਹੈ। ਗ਼ਜ਼ਲ ਦੀ ਭਾਸ਼ਾ ਵਿੱਚ ਤੁਕ ਨੂੰ ਮਿਸਰਾ ਕਿਹਾ ਜਾਂਦਾ ਹੈ। ਮਿਸਰਾ ਗ਼ਜ਼ਲ ਦੀ ਕਾਵਿਕ-ਇਕਾਈ ਨੂੰ ਸੰਪੂਰਨਤਾ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਗ਼ਜ਼ਲ ਦੇ ਸਾਰੇ ਮਿਸਰੇ ਇੱਕ ਸੰਪੂਰਨ ਬਿੰਬ ਦੀ ਸਰਚਨਾ ਵਿੱਚ ਯੋਗਦਾਨ ਪਾਉਂਦੇ ਹਨ। ਗ਼ਜ਼ਲ ਦੀ ਪਹਿਲੀ ਤੇ ਦੂਸਰੀ ਤੁਕ ਜਿਸ ਨੂੰ ਤਕਨੀਕੀ ਤੌਰ 'ਤੇ ਮਿਸਰਾ-ਏ-ਅਵੱਲ (First) ਤੇ ਮਿਸਰਾ-ਏ-ਦੋਮ (Second) ਕਿਹਾ ਜਾਂਦਾ ਹੈ। ਗ਼ਜ਼ਲ ਵਿੱਚ ਦੋ ਅੰਤਰ-ਸੰਬੰਧਿਤ ਮਿਸਰਿਆਂ ਦੇ ਸੁਮੇਲ ਨੂੰ (ਜੋ ਇਕੋ ਹੀ ਵਜ਼ਨ, ਬਹਿਰ ਜਾਂ ਛੰਦ ਵਿੱਚ ਹੋਣ) ਨੂੰ ਸ਼ਿਅਰ ਕਿਹਾ ਜਾਂਦਾ ਹੈ। ਭਾਵ ਸ਼ਿਅਰ ਦੋ ਤੁਕਾਂ 'ਤੇ ਆਧਾਰਿਤ ਇੱਕ ਕਾਵਿ ਟੁੱਕੜੀ ਹੁੰਦੀ ਹੈ। ਗ਼ਜ਼ਲ ਦੀ ਇਹ ਕਾਵਿ ਟੁਕੜੀ ਅਰਥਾਤ ਕਾਵਿਕ ਇਕਾਈ ਅਰਥ ਪੱਖੋਂ ਇੱਕ ਮੁਕੰਮਲ ਕਵਿਤਾ ਹੁੰਦੀ ਹੈ। ਸ਼ਿਅਰ, ਗ਼ਜ਼ਲ ਦੀ ਮੁੱਢਲੀ ਇਕਾਈ ਹੂੰਦਾ ਹੈ। ਸ਼ਿਅਰ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸਦਾ ਅਰਥ ਸਿਰ ਦੇ ਵਾਲ ਹੁੰਦਾ ਹੈ। ਜਿਸ ਤਰ੍ਹਾਂ ਵਾਹੇ, ਸੰਵਾਰੇ ਅਤੇ ਗੁੰਦੇ ਹੋਏ ਕੇਸ ਸਿਰ ਅਤੇ ਚਿਹਰੇ ਦੀ ਸੁੰਦਰਤਾ ਵਿੱਚ ਇਜ਼ਾਫਾ ਕਰਦੇ ਹਨ, ਐਨ ਉਸੇ ਪ੍ਰਕਾਰ ਸ਼ਬਦ ਤਰਤੀਬ, ਤੋਲ, ਤੁਕਾਂਤ ਅਤੇ ਮਿਥੀ ਬਹਿਰ/ਵਜ਼ਨ ਵਿੱਚ ਪ੍ਰੋਣ ਨਾਲ ਕਾਵਿਕ ਸੱਤਰ ਦੀ ਖ਼ੂਬਸੂਰਤੀ ਸ਼ਿਅਰ ਵਿੱਚੋਂ ਨਿੱਖਰ ਆਉਂਦੀ ਹੈ। ਸ਼ਿਅਰ ਦੀ ਦੂਜੀ ਤੁਕ ਵੀ ਤੁਕਾਂਤ-ਯੁਕਤ ਹੋਣੀ ਚਾਹੀਦੀ ਹੈ। ਥੀਮਿਕ ਪੱਖੋਂ ਇੱਕ ਸ਼ਿਅਰ ਦੂਜੇ ਸ਼ਿਅਰ ਨਾਲੋਂ ਭਿੰਨਤਾ ਦਾ ਧਾਰਨੀ ਹੋ ਸਕਦਾ ਹੈ, ਕਿਉਂਕਿ ਗ਼ਜ਼ਲ ਦਾ ਸ਼ਿਅਰ ਇੱਕ ਦੂਜੇ ਤੋਂ ਪੂਰਨ ਸੁਤੰਤਰ ਹੁੰਦਾ ਹੈ।
"ਕਿਸਮਤ ਹੀ ਸੇ ਲਾਚਾਰ ਹੂੰਅ 'ਜ਼ੌਕ' ਵਰਨਾ,
ਸਭ ਫ਼ਨ ਮੇਂ ਹੂੰ ਮੈਂ ਤਾਕ ਮੁਝੇ ਕਿਆ ਨਹੀਂ ਆਤਾ ।"
-ਜ਼ੌਕ
ਸ਼ਿਅਰ ਦੋ ਕਿਸਮ ਦੇ ਹੋ ਸਕਦੇ ਹਨ। ਪਹਿਲੀ ਕਿਸਮ ਦਾ ਸ਼ਿਅਰ ਉਹ ਹੁੰਦਾ ਹੈ ਜਿਸ ਦੀਆਂ ਦੋਨੋਂ ਤੁਕਾਂ ਦਾ ਤੁਕਾਂਤ ਮਿਲਦਾ ਹੋਵੇ, ਇਸ ਕਿਸਮ ਦੇ ਸ਼ਿਅਰ ਨੂੰ ਗ਼ਜ਼ਲ ਦਾ ਮਤਲਾ ਕਿਹਾ ਜਾਂਦਾ ਹੈ। ਦੂਸਰੀ ਕਿਸਮ ਦਾ ਸ਼ਿਅਰ ਉਹ ਹੁੰਦਾ ਹੈ ਜਿਸਦੀ ਦੂਸਰੀ ਤੁਕ ਦੀ ਆਪਣੇ ਤੋਂ ਪਹਿਲਾਂ ਕਹੇ ਗਏ ਸ਼ਿਅਰ ਦੀ ਦੂਸਰੀ ਤੁਕ ਨਾਲ ਕਾਫੀਆ-ਬੰਦੀ ਹੋਵੇ। ਇਸ ਨੂੰ ਗ਼ਜ਼ਲ ਦਾ ਸ਼ਿਅਰ ਕਿਹਾ ਜਾਂਦਾ। ਪਹਿਲੀ ਕਿਸਮ ਦੇ ਸ਼ਿਅਰ ਨੂੰ ਗ਼ਜ਼ਲ ਦਾ ਮਤਲਾ ਕਿਹਾ ਜਾਂਦਾ ਤੇ ਦੂਸਰੀ ਕਿਸਮ ਦੇ ਸ਼ਿਅਰ ਨੂੰ ਗ਼ਜ਼ਲ ਦਾ ਸ਼ਿਅਰ।
"ਖਿਆਲ ਤਖ਼ਈਅਲ ਵੇਦਨਾਂ, ਕੁਛ ਚਿੰਤਨ ਕੁਛ ਖ਼ਾਬ,
ਦਿਲ ਦਾ ਖ਼ੂਨ ਕਸ਼ੀਦ ਕੇ, ਹੁੰਦੈ ਸ਼ਿਅਰ ਜਨਾਬ।"
ਸਭ ਤੋਂ ਪਹਿਲਾਂ ਖ਼ਿਆਲ, ਉਸ ਤੋਂ ਮਗਰੋਂ ਤਖ਼ਈਅਲ(ਖ਼ਿਆਲ ਉਡਾਰੀ), ਦਰਦ, ਚਿੰਤਨ, ਸੁਪਨੇ ਤੇ ਨਾਲ ਦਿਲੀ ਜਜ਼ਬਾਤ ਕਿਸੇ ਸ਼ਿਅਰ ਦੀ ਜਿੰਦ-ਜਾਨ ਹੁੰਦੇ ਹਨ। ਗ਼ਜ਼ਲ ਦਾ ਸ਼ਿਅਰ ਇਹੋ ਜਿਹਾ ਹੋਣਾ ਚਾਹੀਦਾ ਹੈ ਜਿਸ ਨੂੰ ਕਹਿੰਦਿਆਂ ਸ਼ਾਇਰ ਆਪਣੀ ਵਿਸਮਾਦੀ ਅਵਸਥਾ ਵਿੱਚ ਹੋਵੇ। ਸੁਣਨ ਵਾਲੇ ਤੇ ਅਜਿਹਾ ਅਸਰ ਪਵੇ ਕਿ ਉਹ ਦਾਦ ਤੱਕ ਦੇਣੀ ਵੀ ਭੁੱਲ ਜਾਵੇ ।
"ਮਨ ਤੇ ਤਾਰੀ ਹੋ ਗਿਆ, ਸ਼ਿਅਰਾਂ ਦਾ ਵਿਸਮਾਦ,
ਬੁੱਲ ਫਰਕਦੇ ਰਹਿ ਗਏ, ਕੀਕਣ ਦਿੰਦੇ ਦਾਦ ।"
ਗ਼ਜ਼ਲ ਦਾ ਸ਼ਿਅਰ ਮਹਿਜ਼ ਬਿਆਨ ਬਾਜ਼ੀ ਨਹੀਂ ਹੁੰਦਾ, ਸਗੋਂ ਰਮਜ਼ਮਈ ਹੁੰਦਾ ਹੈ। ਗ਼ਜ਼ਲ ਦਾ ਹਰ ਸ਼ਿਅਰ ਆਪਣੇ ਆਪ ਵਿੱਚ ਸੁਤੰਤਰ ਹੁੰਦਾ ਹੈ। ਹਰ ਸ਼ਿਅਰ ਵਿੱਚ ਵੱਖਰਾ ਖ਼ਿਆਲ ਪ੍ਰਗਟ ਕੀਤਾ ਜਾਂਦਾ ਹੈ ਤੇ ਇੱਕ ਸ਼ਿਅਰ ਪੂਰੀ ਗ਼ਜ਼ਲ ਦੇ ਅਰਥ ਦੇ ਜਾਂਦਾ ਹੈ। ਸ਼ਿਅਰ ਨੂੰ ਖ਼ੂਬਸੂਰਤੀ ਦੇਣ ਵਾਸਤੇ ਸ਼ਾਇਰ ਕਾਫੀਆ ਤੇ ਰਦੀਫ ਵਰਤਦੇ ਹਨ ।
ਗ਼ਜ਼ਲ ਦੀ ਇਬਤਦਾ ਜਿਸ ਸ਼ਿਅਰ ਤੋਂ ਹੁੰਦੀ ਹੈ, ਉਸ ਨੂੰ ਮਤਲਾ ਜਾਂ ਗੱਦਾ ਕਹਿੰਦੇ ਹਨ। ਅਰਬੀ ਵਿੱਚ ਸੂਰਜ ਦੇ ਉਦੇ ਹੋਣ ਨੂੰ ਮਤਲਾ ਕਿਹਾ ਜਾਂਦਾ ਹੈ। ਜਿਵੇਂ ਸੂਰਜ ਦੇ ਉੱਗਣ ਨਾਲ ਦਿਨ ਦੀ ਸ਼ੁਰੂਆਤ ਹੁੰਦੀ ਹੈ, ਉਵੇਂ ਹੀ ਗ਼ਜ਼ਲ ਦਾ ਆਰੰਭ ਮਤਲੇ ਨਾਲ ਹੁੰਦਾ ਹੈ। ਮਤਲੇ ਨੂੰ ਪੰਜਾਬੀ ਗੀਤਕਾਰੀ ਵਿੱਚ ਗੀਤ ਦਾ ਮੁਖੜਾ (ਜਿਸ ਉੱਪਰ ਸਭ ਤੋਂ ਪਹਿਲਾਂ ਧਿਆਨ ਕੇਂਦ੍ਰਿਤ ਹੋਵੇ।) ਕਿਹਾ ਜਾਂਦਾ ਹੈ। ਗ਼ਜ਼ਲ ਦਾ ਮਤਲਾ ਜਿੰਨਾ ਖ਼ੂਬਸੂਰਤ ਹੋਵੇਗਾ ਗ਼ਜ਼ਲ ਓਨੀ ਹੀ ਵੱਧ ਕਮਾਯਾਬ ਹੋਵੇਗੀ। ਗ਼ਜ਼ਲ ਦੇ ਖ਼ੂਬਸੂਰਤ ਮਤਲੇ ਦੀ ਮਿਕਨਾਤੀਸੀ ਖਿੱਚ ਦੇ ਕਾਰਨ ਹੀ ਗ਼ਜ਼ਲ ਨੂੰ ਵਾਰ-ਵਾਰ ਸੁਣਿਆ ਜਾਂਦਾ ਹੈ। ਮਤਲਾ ਗ਼ਜ਼ਲ ਦੀ ਬੁਨਿਆਦ ਹੈ, ਜਿਸ ਉੱਤੇ ਗ਼ਜ਼ਲ ਵਰਗੀ ਖ਼ੂਬਸੂਰਤ ਇਮਾਰਤ ਤਾਮੀਰ ਹੁੰਦੀ ਹੈ। ਮਤਲਾ ਹੀ ਚੋਭਦਾਰ ਹੁੰਦਾ ਹੈ ਜਿਹੜਾ ਗ਼ਜ਼ਲ ਵਿਚ ਲਈਆਂ ਗਈਆਂ ਖੁੱਲ੍ਹਾਂ, ਢਿੱਲਾਂ ਅਤੇ ਪਾਬੰਦੀਆਂ ਦਾ ਐਲਾਨ ਕਰਦਾ ਹੈ। ਮਤਲਾ ਹੀ ਗ਼ਜ਼ਲ ਦਾ ਧੁਰਾ ਹੈ ਜਿਸ ਦੁਆਲੇ ਬਾਕੀ ਦੇ ਸਾਰੇ ਸ਼ਿਅਰ ਪ੍ਰਕਰਮਾ ਕਰਦੇ ਹਨ ।
"ਏਨਾਂ ਹੀ ਬਸ ਗ਼ਜ਼ਲ ਦੇ, ਮਤਲੇ ਦਾ ਬਿਰਤਾਂਤ,
ਮਤਲਾ ਪਹਿਲੀਆਂ ਦੋ ਤੁਕਾਂ ਦੇ ਮਿਲ ਜਾਣ ਤੁਕਾਂਤ ।"
ਜਿਵੇਂ ਕਿਸੇ ਮੁਟਿਆਰ ਦੀ ਸੁੰਦਰਤਾ ਦਾ ਕੇਂਦਰ-ਬਿੰਦੂ ਉਸਦਾ ਆਕਰਸ਼ਕ ਮੁੱਖੜਾ ਹੁੰਦਾ ਹੈ, ਇਸੇ ਤਰ੍ਹਾਂ ਗ਼ਜ਼ਲ ਦੀ ਸੁੰਦਰਤਾ ਉਸ ਦੇ ਮਤਲੇ ਤੇ ਨਿਰਭਰ ਕਰਦੀ ਹੈ ।
"ਮੁਖੜੇ ਤੋਂ ਹੀ ਹੁਸਨ ਦੇ ਹੁੰਦੇ ਕ੍ਰਿਸ਼ਨ ਦਿਦਾਰ,
ਮਤਲਾ ਮੁਖੜਾ ਗ਼ਜ਼ਲ ਦਾ, ਮਤਲਾ ਰੂਪ ਸ਼ਿੰਗਾਰ।"
-ਕ੍ਰਿਸ਼ਨ ਭਨੋਟ
ਜਿੰਨ੍ਹਾਂ ਖ਼ੂਬਸੂਰਤ ਗ਼ਜ਼ਲ ਦਾ ਮਤਲਾ ਹੋਵੇਗਾ, ਗ਼ਜ਼ਲ ਓਨੀ ਹੀ ਦਿਲਕਸ਼ ਹੋਵੇਗੀ। ਮਤਲੇ ਵਿੱਚ ਦੋ ਤੁਕਾਂ ਹੁੰਦੀਆਂ ਹਨ ਜਿਨ੍ਹਾਂ ਦੀ ਬਹਿਰ (ਤੋਲ), ਕਾਫ਼ੀਆਂ ਤੇ ਰਦੀਫ਼ ਮਿਲਦਾ ਹੁੰਦਾ ਹੈ। ਯਾਨੀ ਕਿ ਮਤਲੇ ਦੇ ਦੋਨੋਂ ਮਿਸਰੇ ਹਮਕਾਫ਼ੀਆ ਅਤੇ ਹਮਰਦੀਫ਼ ਹੁੰਦੇ ਹਨ। ਇਸਦੇ ਬਾਅਦ ਗ਼ਜ਼ਲ ਦੇ ਹਰ ਸ਼ਿਅਰ ਦਾ ਦੂਜਾ ਮਿਸਰਾ ਮਤਲੇ ਦੇ ਕਾਫ਼ੀਏ ਅਤੇ ਰਦੀਫ਼ ਨਾਲ ਮੇਲ ਖਾਂਦਾ ਹੁੰਦਾ ਹੈ। ਮਤਲੇ ਦੀ ਪਹਿਲੀ ਤੁਕ ਵਿੱਚ ਬਹਿਰ (ਤੋਲ), ਕਾਫ਼ੀਆ ਤੇ ਰਦੀਫ਼ ਨਿਸ਼ਚਿਤ ਕਰ ਲਏ ਜਾਂਦੇ ਹਨ। ਇੱਕ ਗ਼ਜ਼ਲ ਵਿੱਚ ਇੱਕ ਤੋਂ ਵਧੀਕ ਮਤਲੇ ਵੀ ਸੰਭਵ ਹਨ।
ਜੇ ਮਤਲੇ ਪਿੱਛੋਂ ਕਿਸੇ ਹੋਰ ਸ਼ਿਅਰ ਦੀਆਂ ਦੋਹਾਂ ਤੁਕਾਂ ਦਾ ਕਾਫ਼ੀਆ ਤੇ ਰਦੀਫ਼ ਮਿਲਦਾ ਹੋਵੇ ਤਾਂ ਉਸ ਨੂੰ ਮਤਲਾ ਸਾਨੀ ਜਾਂ ਹੁਸਨ-ਏ-ਮਤਲਾ(ਦੂਜਾ ਮੁਖੜਾ) ਕਹਿੰਦੇ ਹਨ। ਲੇਕਿਨ ਮਤਲਾ ਸਾਨੀ ਗ਼ਜ਼ਲ ਦਾ ਜ਼ਰੂਰੀ ਅੰਗ ਨਹੀਂ ਹੈ।
ਪਹਿਲੇ ਮਤਲੇ ਨੂੰ ਮਤਲਾ-ਏ-ਅੱਵਲ ਅਤੇ ਬਾਅਦ ਵਿੱਚ ਆਉਣ ਵਾਲੇ ਨੂੰ ਮਤਲਾ-ਸਾਨੀ ਜਾਂ ਹੁਸਨ-ਏ-ਮਤਲਾ ਕਹਿੰਦੇ ਹਨ। ਮਤਲੇ ਵਿੱਚ ਦੋ ਤੁਕਾਂ ਹੁੰਦੀਆ ਹਨ। ਦੋਹਾਂ ਤੁਕਾਂ ਦਾ ਬਹਿਰ/ਵਜ਼ਨ ਸਮਾਨ ਹੁੰਦਾ ਹੈ। ਪੰਜਾਬ ਕੋਸ਼ ਵਿਚ ਮਤਲੇ ਬਾਰੇ ਵਿਚਾਰ ਇੰਦਰਾਜ ਹਨ, "ਮਤਲੇ ਵਿੱਚ ਦੋ ਤੁਕਾਂ/ਦੋ ਮਿਸਰੇ ਹੁੰਦੇ ਹਨ। ਇਹ ਦੋਵੇਂ ਤੁਕਾਂ ਹਮ-ਵਜ਼ਨ, ਹਮ-ਕਾਫ਼ੀਆ, ਹਮ-ਰਦੀਫ਼ ਹੁੰਦੀਆਂ ਹਨ।"
ਮਤਲੇ (ਮੁਖੜਾ) ਦਾ ਨਮੂਨਾ ਪੇਸ਼ ਹੈ :
ਮੇਰੀ ਤਾਸੀਰ ਮਿੱਟੀ ਦੀ, ਤੂੰ ਅੱਥਰਾ ਵੇਗ ਪਾਣੀ ਦਾ
ਇਹੋ ਅੰਜਾਮ ਹੋਣਾ ਸੀ ਤੇਰੀ ਮੇਰੀ ਕਹਾਣੀ ਦਾ
-ਸੁੱਖਵਿੰਦਰ ਅੰਮ੍ਰਿਤ
ਪਹਿਲੀ ਤੁਕ ਵਿੱਚ 'ਪਾਣੀ' ਤੇ ਦੂਜੀ ਤੁਕ ਵਿੱਚ 'ਕਹਾਣੀ' ਦਾ ਕਾਫ਼ੀਆ ਹੈ ਅਤੇ ਦੋਹਾਂ ਤੁਕਾਂ ਦੇ ਅੰਤ ਉੱਤੇ ਆਇਆ ਸ਼ਬਦ 'ਦਾ' ਰਦੀਫ਼ ਹੈ । ਕਾਫ਼ੀਏ ਦੇ ਨਿਯਮਾਂ ਅਨੁਸਾਰ ਪਹਿਲੀ ਤੁਕ ਵਿੱਚ ਆਏ ਸ਼ਬਦ 'ਪਾਣੀ' ਵਿੱਚ ਪਾ+ਣੀ ਤੇ ਦੂਜੀ ਤੁਕ ਵਿੱਚ 'ਕਹਾਣੀ' ਦੇ ਕਹਾ+ਣੀ ਦਾ ਕਾਫ਼ੀਆ ਮੇਲ ਹੋਇਆ ਹੈ। ਇਸ ਤਰ੍ਹਾਂ ਇੱਥੇ 'ਣੀ' ਕਾਫ਼ੀਏ ਦਾ ਮੂਲ ਅੱਖਰ ਜਾਂ ਬੁਨਿਆਦ ਹੈ।
ਇਹ ਮਤਲੇ ਨੇ ਹੀ ਨਿਸ਼ਚਿਤ ਕਰਨਾ ਹੁੰਦਾ ਹੈ ਕਿ ਕਾਫ਼ੀਏ ਦਾ ਮੂਲ ਅੱਖਰ ਜਾਂ ਮਾਤਰਾ ਕਿਹੜੀ ਹੈ। ਗੁਰਮੁਖੀ ਦੇ ਸਾਰੇ ਅੱਖਰ ਅਤੇ ਲਗਾਂ-ਮਾਤਰਾਂ ਅੱਖਰ ਹੀ ਅਖਵਾਉਂਦੇ ਹਨ ਕਿਉਂਕਿ ਅਸੀਂ ਬਹਿਰ, ਕਾਫ਼ੀਏ ਤੇ ਰਦੀਫ਼ ਦੇ ਕਾਇਦੇ ਅਰਬੀ, ਫ਼ਾਰਸੀ ਛੰਦ ਤੋਂ ਲਏ ਹਨ ਜਿਸਨੂੰ ਆਰੂਜ਼ ਕਹਿੰਦੇ ਹਨ। ਅਰਬੀ, ਫ਼ਾਰਸੀ ਵਿੱਚ ਸਭ ਅੱਖਰ ਹੀ ਹੁੰਦੇ ਹਨ ਜਿਸ ਕਾਰਨ ਉੱਥੋਂ ਦੇ ਆਰੂਜ਼ ਅਰਥਾਤ ਛੰਦ-ਸ਼ਾਸਤਰ ਵਿੱਚ ਤੋਲ, ਤੁਕਾਂਤ ਦੇ ਨਿਯਮਾਂ ਸੰਬੰਧੀ ਜਾਣਕਾਰੀ ਅੱਖਰ ਸ਼ਬਦ ਲਿੱਖ ਕੇ ਹੀ ਦਿੱਤੀ ਜਾਂਦੀ ਹੈ, ਲਗਾਂ-ਮਾਤਰਾਂ ਨਾਲ ਨਹੀਂ।
ਮਤਲੇ ਵਿੱਚ ਨਿਸ਼ਚਿਤ ਕਾਫ਼ੀਏ ਦੇ ਅੱਖਰਾਂ/ਮਾਤਰਾਂ ਦੇ ਨਿਯਮ ਅਗਲੇ ਸ਼ਿਅਰਾਂ ਵਿੱਚ ਬਦਲੇ ਨਹੀਂ ਜਾ ਸਕਦੇ। ਮਤਲੇ ਪਿੱਛੋਂ ਆਉਣ ਵਾਲੀ ਹਰ ਕਾਵਿ ਟੁੱਕੜੀ ਨੂੰ ਸ਼ਿਅਰ ਕਿਹਾ ਜਾਂਦਾ ਹੈ। ਮਤਲੇ ਦੇ ਬਾਅਦ ਗ਼ਜ਼ਲ ਦੇ ਹਰ ਸ਼ਿਅਰ ਦਾ ਦੂਜਾ ਮਿਸਰਾ ਮਤਲੇ ਦੇ ਕਾਫ਼ੀਏ ਅਤੇ ਰਦੀਫ਼ ਨਾਲ ਮੇਲ ਖਾਂਦਾ ਹੁੰਦਾ ਹੈ। ਇਸ ਤਰ੍ਹਾਂ ਇਹ ਸਿਲਸਿਲਾ ਜਾਰੀ ਰਹਿੰਦਾ ਹੈ। ਉਪਰੋਕਤ ਮਤਲੇ ਨਾਲ ਸੰਬੰਧਿਤ ਗ਼ਜ਼ਲ ਦੇ ਹੇਠ ਲਿਖੇ ਸ਼ਿਅਰ ਗ਼ਜ਼ਲ ਦੀ ਬਣਤਰ ਸਮਝਣ ਵਿੱਚ ਸਹਾਈ ਹੋਣਗੇ :
ਗ਼ਜ਼ਲ
------
ਮੇਰੀ ਤਾਸੀਰ ਮਿੱਟੀ ਦੀ, ਤੂੰ ਅੱਥਰਾ ਵੇਗ ਪਾਣੀ ਦਾ
ਇਹੋ ਅੰਜਾਮ ਹੋਣਾ ਸੀ ਤੇਰੀ ਮੇਰੀ ਕਹਾਣੀ ਦਾ (ਮਤਲਾ)
ਸਮੇਂ ਦੀ ਗਰਦ ਪੈ ਕੇ ਗਰਦ ਹੀ ਹੋ ਜਾਣ ਨਾ ਕਿਧਰੇ
ਉਹ ਜਿਹਨਾਂ ਸ਼ੀਸ਼ਿਆਂ ਵਿਚ ਵੇਖ ਕੇ ਖ਼ੁਦ ਨੂੰ ਪਛਾਣੀ ਦਾ (ਸ਼ਿਅਰ)
ਸਮੇਂ ਦੇ ਚੇਤਿਆਂ ਵਿਚ ਕੁਝ ਕੁ ਦਿਨ ਤਾਂ ਟਿਮਟਿਮਾਂਵਾਗਾ
ਮੈਂ ਰੌਸ਼ਨ ਹਰਫ਼ ਹਾਂ ਐ ਜ਼ਿੰਦਗੀ ਤੇਰੀ ਕਹਾਣੀ ਦਾ (ਸ਼ਿਅਰ)
ਸਿਤਾਰੇ ਰਸ਼ਕ ਕਰਦੇ ਨੇ ਅਜੇ ਤਕ ਖ਼ਾਕ ਮੇਰੀ 'ਤੇ
ਰਿਹਾ ਮਿਟ ਕੇ ਵੀ ਮੈਂ ਮਰਕਜ਼ ਮੁਹੱਬਤ ਦੀ ਕਹਾਣੀ ਦਾ
-ਸੁੱਖਵਿੰਦਰ ਅੰਮ੍ਰਿਤ
ਉਪਰੋਕਤ ਸ਼ਿਅਰਾਂ ਤੋਂ ਸਪਸ਼ਟ ਹੈ ਕਿ ਹਰ ਸ਼ਿਅਰ ਦੀ ਪਹਿਲੀ ਤੁਕ ਦਾ ਬਹਿਰ, ਵਜ਼ਨ ਜਾਂ ਤੋਲ ਉਹੀ ਹੈ ਜੋ ਮਤਲੇ ਦੀਆਂ ਦੋਵਾਂ ਤੁਕਾਂ ਵਿੱਚ ਨਿਸ਼ਚਿਤ ਹੈ। ਲੇਕਿਨ ਦੂਜੀ ਤੁਕ ਵਿੱਚ ਬਹਿਰ, ਵਜ਼ਨ ਦੇ ਨਾਲ-ਨਾਲ ਮਤਲੇ ਅਨੁਸਾਰ ਕਾਫ਼ੀਆਂ ਤੇ ਰਦੀਫ਼ ਦੇ ਨਿਯਮ ਦੀ ਪਾਲਣਾ ਕੀਤੀ ਗਈ ਹੈ, ਅਰਥਾਤ ਪਾਣੀ ਤੇ ਕਹਾਣੀ ਨਾਲ ਪਛਾਣੀ, ਕਹਾਣੀ, ਕਹਾਣੀ ਦੇ ਕਾਫ਼ੀਏ ਨਿਭਾਏ ਗਏ ਹਨ ਤੇ ਕਾਫ਼ੀਏ ਪਿੱਛੋਂ ਹਰ ਸ਼ਿਅਰ ਦੀ ਦੂਜੀ ਤੁਕ ਵਿੱਚ 'ਦਾ' ਰਦੀਫ਼ ਆਉਂਦਾ ਹੈ।
'ਕਾਫ਼ੀਆ' ਵੀ ਅਰਬੀ ਭਾਸ਼ਕ ਸ਼ਬਦ ਹੈ, ਜਿਸਦਾ ਕੋਸ਼ਗਤ ਅਰਥ ਵਾਰ-ਵਾਰ ਪਿੱਛੇ ਆਉਣਾ ਹੈ। ਕਵਿਤਾ/ਗ਼ਜ਼ਲ ਵਿੱਚ ਕਾਫ਼ੀਆ ਉਹ ਸ਼ਬਦ ਹੈ, ਜੋ ਸ਼ਿਅਰ ਦੇ ਅੰਤ 'ਤੇ ਰਦੀਫ਼ ਤੋਂ ਪੂਰਬ ਆਉਂਦਾ ਹੈ ਤੇ ਤੇ ਉਹਨਾਂ ਵਿੱਚ ਇੱਕ ਜਾਂ ਇੱਕ ਤੋਂ ਵੱਧ ਅੱਖਰਾਂ ਦੀ ਸਾਂਝ ਹੁੰਦੀ ਹੈ ਤੇ ਇਕੋ ਜਿਹੀ ਆਵਾਜ਼ ਹੁੰਦੀ ਹੈ। ਇਹ ਹਮੇਸ਼ਾ ਤੁਕਾਂਤ-ਯੁਕਤ ਹੁੰਦਾ ਹੈ। ਭਾਰਤੀ ਛੰਦ-ਵਿਧਾਨ ਵਿੱਚ ਕਾਫ਼ੀਏ ਨੂੰ 'ਅੰਤਯ ਅਨੁਪ੍ਰਾਸ' ਦਾ ਨਾਮ ਦਿੱਤਾ ਗਿਆ ਹੈ। ਕਾਫ਼ੀਏ ਦਾ ਮੁੱਖ ਕਾਰਜ ਗ਼ਜ਼ਲ ਨੂੰ ਲੈਅਬਧ ਅਤੇ ਸੰਗੀਤਬਧ ਕਰਨਾ ਹੁੰਦਾ ਹੈ। ਕਾਫ਼ੀਆ ਤਿੰਨ ਕਿਸਮਾਂ ਦਾ ਹੁੰਦਾ ਹੈ:-
1. ਸਹੀ ਕਾਫ਼ੀਏ: ਇਹਨਾਂ ਕਾਫ਼ੀਆਂ ਦੇ ਅੱਖਰਾਂ/ਮਾਤਰਾ ਦੀ ਸਾਂਝ ਬਿਲਕੁਲ ਇੱਕ ਸੁਰਤਾ ਵਿੱਚ ਪਰੋਈ ਗਈ ਹੁੰਦੀ ਹੈ। ਜਿਵੇਂ ਕੁਹਰਾਮ-ਕਤਲਾਮ, ਸਹਾਰਾ-ਕਿਨਾਰਾ ਆਦਿਕ।
2. ਸੁਸਤ ਕਾਫ਼ੀਏ: ਇਹਨਾਂ ਵਿੱਚ ਅੱਖਰਾਂ/ਮਾਤਰਾਂ ਬੇਮੇਲ ਹੁੰਦੇ ਹਨ, ਪਰ ਮੂਲ ਅੱਖਰ/ਮਾਤਰਾ ਸਾਂਝੇ ਹੁੰਦੇ ਹਨ। ਜਿਵੇਂ ਰਸਤਾ, ਫਿੱਕਾ, ਜ਼ਿੰਦਗੀ-ਆਸ਼ਕੀ ਆਦਿ।
3. ਵਿਕਟ ਕਾਫ਼ੀਏ: ਇਹਨਾਂ ਵਿਚ ਅੱਖਰਾਂ/ਮਾਤਰਾ ਨਾਲੋਂ ਧੁਨੀਆਤਮਕ ਸਾਂਝ ਹੁੰਦੀ ਹੈ। ਜਿਵੇਂ ਪੈਣਾ-ਗਹਿਣਾ, ਵੈਰ-ਜ਼ਹਿਰ ਆਦਿ।
ਗ਼ਜ਼ਲ ਦੇ ਮਤਲੇ, ਸ਼ਿਅਰ ਅਤੇ ਮਕਤੇ ਦੀ ਅੰਤਲੀ ਪੰਗਤੀ ਦੇ ਆਖੀਰ ਵਿੱਚ ਕਾਫ਼ੀਏ ਤੋਂ ਮਗਰੋਂ ਵਰਤੇ ਜਾਣ ਵਾਲੇ ਸ਼ਬਦ ਨੂੰ ਰਦੀਫ਼ ਕਿਹਾ ਗਿਆ ਹੈ। ਸਾਰੇ ਸ਼ਿਅਰ ਇਸ ਸ਼ਬਦ ਸਮੂਹ 'ਸ਼ਬਦਾਂ ਦਾ' ਦੁਆਲੇ ਹੀ ਘੁੰਮਣਗੇ। ਰਦੀਫ਼ ਦਾ ਅੱਖਰੀ ਅਰਥ ਘੋੜੇ ਦਾ ਪਿਛਲਾ ਸਵਾਰ ਹੁੰਦਾ ਹੈ। ਘੋੜੇ ਦੀ ਲਗਾਮ ਅਗਲੇ ਸਵਾਰ ਕੋਲ ਹੁੰਦੀ ਹੈ। ਇਸ ਤਰ੍ਹਾਂ ਕਾਫ਼ੀਏ ਦੇ ਹੱਥ ਵਿੱਚ ਜੁੰਬਸ਼ ਅਤੇ ਹਰਕਤ ਹੁੰਦੀ ਹੈ। ਉਹ ਸ਼ਬਦਾਂ ਦੇ ਘੋੜੇ ਨੂੰ ਨ੍ਰਿਤ ਵੀ ਕਰਵਾ ਸਕਦਾ ਹੈ ਅਤੇ ਦੌੜਾ ਵੀ ਸਕਦਾ ਹੈ। ਅਰੂਜ਼ੀ ਭਾਸ਼ਾ ਵਿੱਚ ਸ਼ਿਅਰ ਵਿਚ ਉਹ ਸ਼ਬਦ ਜਾਂ ਸ਼ਬਦਾਂ ਦਾ ਸਮੂਹ ਹੁੰਦਾ ਹੈ ਜੋ ਕਾਫ਼ੀਏ ਦੇ ਪਿੱਛੇ ਇਕਹਿਰੇ ਰੂਪ ਵਿੱਚ ਵਾਰ-ਵਾਰ ਆਉਂਦਾ ਹੈ। ਆਧੁਨਿਕ ਪੰਜਾਬੀ ਗ਼ਜ਼ਲ ਵਿੱਚ ਰਦੀਫ਼-ਵਿਹੁਣੇ ਸ਼ਿਅਰਾਂ ਦਾ ਰਿਵਾਜ ਵੀ ਪੈ ਚੁੱਕਾ ਹੈ। ਡਾ. ਜਗਤਾਰ ਦਾ ਇੱਕ ਮਤਲਾ ਪੇਸ਼ ਹੈ:
ਘਰ ਦੇ ਦਰਵਾਜ਼ੇ ਤੋਂ ਆਪਣੇ ਨਾਮ ਦੀ ਤਖ਼ਤੀ ਉਤਾਰ
ਏਸ ਵਿੱਚ ਖ਼ਤਰੇ ਛੁਪੇ ਹੋਏ ਨੇ ਅੱਜ ਕੱਲ੍ਹ ਬੇਸ਼ੁਮਾਰ।
ਰਦੀਫ਼ ਗ਼ਜ਼ਲ ਦੇ ਮਿਸਰਿਆਂ ਵਿੱਚ ਉਹੀ ਵਰਤੋਂ ਵਿੱਚ ਆਉਂਦਾ ਹੈ, ਪਰ ਕਾਫ਼ੀਆ ਲਗਾਤਾਰ ਬਦਲਦਾ ਰਹਿੰਦਾ ਹੈ। ਰਦੀਫ਼ ਇੱਕ-ਸ਼ਬਦੀ, ਦੋ-ਸ਼ਬਦੀ, ਤਿੰਨ-ਸ਼ਬਦੀ ਵੀ ਪ੍ਰਯੋਗ ਵਿੱਚ ਆਏ ਹਨ। ਇਹਨਾਂ ਸ਼ਿਅਰਾਂ ਦੀਆ ਉਦਾਹਰਣਾਂ ਪੇਸ਼ ਹਨ:
ਆਦਮੀ ਮੌਤ ਦੇ ਵੱਲ ਜਾਂਦਾ ਏ ਹੌਲੀ-ਹੌਲੀ।
ਚੰਦ ਮੁੱਖ ਰੇਤ 'ਚ ਰਲ ਜਾਂਦਾ ਏ ਹੌਲੀ-ਹੌਲੀ। (ਸੁਰਜੀਤ ਪਾਤਰ)
ਲੋਕ ਪੱਥਰ ਵੇਚਦੇ ਨੇ ਸ਼ੀਸ਼ਿਆਂ ਦੇ ਨਾਲ-ਨਾਲ।
ਹਾਵਾਂ ਭਾਵਾਂ ਤੇ ਨਜਰ ਰੱਖ, ਚਿਹਰਿਆਂ ਦੇ ਨਾਲ-ਨਾਲ। (ਡਾ. ਜਗਤਾਰ)
ਰਦੀਫ਼ ਦੋ ਕਿਸਮਾਂ ਦੇ ਹਨ:
1. ਸੁਤੰਤਰ ਰਦੀਫ਼: ਇਹ ਰਦੀਫ਼ ਪੂਰਨ ਅਜਾਦ ਹੁੰਦੇ ਹਨ ਜਿਵੇ:
ਕਿੰਨਾ ਫਿਕਰ ਗ਼ਜ਼ਲਗੋ ਕਰਦੇ ਨਿੱਕੀ ਇੱਕ ਸਿਹਾਰੀ ਦਾ।
ਐਪਰ ਚੇਤਾ ਭੁੱਲ ਜਾਂਦੇ ਨੇ ਦਿਲ 'ਤੇ ਚਲਦੀ ਆਰੀ ਦਾ।
2. ਮਿਸ਼ਰਤ ਰਦੀਫ਼ : ਇਸ ਕਿਸਮ ਦੇ ਰਦੀਫ਼ ਕਾਫ਼ੀਏ ਨਾਲ ਸੰਮਿਲਤ ਰੂਪ ਵਿੱਚ ਵਿਦਮਾਨ ਹੁੰਦੇ ਹਨ। ਜਿਵੇਂ:
ਹਮਦਰਦ ਅਲਗ ਰੋਂਦੇ, ਬੇਗਾਨੇ ਵੱਖ ਹੱਸਦੇ।
ਜੋ ਬੀਤੀ ਸਾਡੇ ਤੇ, ਲੋਕਾਂ ਨੂੰ ਕੀ ਦੱਸਦੇ?
ਬਚ ਰਹਿੰਦਾ ਬਾਗ ਕਿਵੇਂ, ਵਰਦੀ ਸੀ ਅੱਗ ਧੁੱਪ ਦੀ,
ਫੁੱਲ ਕਿੱਥੇ ਜਾ ਲੁਕਦੇ, ਕਿਧਰ ਨੂੰ ਰੁੱਖ ਨੱਸਦੇ?
ਉਪਰੋਕਤ ਗ਼ਜ਼ਲ ਵਿੱਚ 'ਹੱਸ', 'ਦਸ', 'ਨੱਸ' ਕਾਫ਼ੀਏ ਹਨ ਅਤੇ 'ਦੋ' ਰਦੀਫ਼ ਹੈ ਜੋ ਕਾਫ਼ੀਏ ਨਾਲ ਸੰਮਿਲਤ ਰੂਪ ਦਰਸਾਉਂਦਾ ਹੈ।
ਗ਼ਜ਼ਲ ਦੇ ਅੰਤਲੇ ਸ਼ਿਅਰ ਵਿੱਚ ਕਵੀ ਆਪਣਾ ਉਪਨਾਮ, ਗੋਤ, ਕਲਮੀ ਨਾਮ ਜਾਂ ਤਖ਼ੱਲਸ ਵਰਤਦਾ ਹੈ। ਇਸ ਸ਼ਿਅਰ ਨੂੰ ਮਕਤਾ ਕਹਿੰਦੇ ਹਨ। ਅਰਬੀ ਵਿੱਚ ਮਕਤਾ ਬੰਦ ਕਰਨ, ਸਮਾਪਤੀ ਜਾਂ ਕੱਟਣ-ਵੱਡਣ ਨੂੰ ਕਹਿੰਦੇ ਹਨ। ਗ਼ਜ਼ਲ ਵਿੱਚ ਮਕਤੇ ਤੋਂ ਭਾਵ ਉਹ ਸ਼ਿਅਰ ਹੈ ਜੋ ਗ਼ਜ਼ਲ ਦਾ ਅੰਤ ਕਰਨ ਲਈ ਰਚਿਆ ਜਾਂਦਾ ਹੈ ਤੇ ਜਿਸ ਵਿੱਚ ਸ਼ਾਇਰ ਦਾ ਤਖ਼ੱਲਸ ਵੀ ਆ ਜਾਂਦਾ ਹੈ।
"ਦੱਸੇ ਸ਼ਾਇਰ ਆਪਣੀ, ਆਖ਼ਰ 'ਤੇ ਪਹਿਚਾਣ,
ਤਾਂ ਉਹ ਸ਼ਿਅਰ ਗ਼ਜ਼ਲ ਦਾ ਮਕਤਾ ਕਰਕੇ ਜਾਣ ।"
ਵਾਸਤਵ ਵਿੱਚ ਇੱਕ ਗ਼ਜ਼ਲ ਦੌਰਾਨ ਜੋ ਭਾਵ-ਪ੍ਰਬੰਧ ਉਸਾਰਿਆ ਜਾਂਦਾ ਹੈ, ਜਿਹੜਾ ਵਿਚਾਰ-ਤੰਤਰ ਸਿਰਜਿਆ ਜਾ ਰਿਹਾ ਹੁੰਦਾ ਹੈ, ਉਸ ਦਾ ਅੰਜ਼ਾਮ ਮਕਤਾ ਹੀ ਹੁੰਦਾ ਹੈ। ਇਸਦਾ ਮਕਸਦ ਸਿਰਫ਼ ਗ਼ਜ਼ਲ ਨੂੰ ਵਿਅਕਤੀ ਵਿਸ਼ੇਸ਼ ਨਾਲ ਸੰਬੰਧਿਤ ਕਰਨ ਹਿੱਤ ਲਿੱਖਿਆ ਜਾਂਦਾ ਹੈ। ਗ਼ਜ਼ਲ ਵਿੱਚ ਜਿਵੇਂ ਮਤਲੇ ਦੀ ਅਹਿਮੀਅਤ ਹੈ ਇਸੇ ਤਰ੍ਹਾਂ ਹੀ ਖ਼ੂਬਸੂਰਤ ਮਕਤਾ ਵੀ ਗ਼ਜ਼ਲ ਦੀ ਜਾਨ ਹੋ ਨਿੱਬੜਦਾ ਹੈ। ਇੱਕ ਖ਼ੂਬਸੂਰਤ ਮਕਤਾ ਵੀ ਗ਼ਜ਼ਲ ਨੂੰ ਪਾਠਕਾਂ ਅਤੇ ਸਰੋਤਿਆਂ ਵਿੱਚ ਮਕਬੂਲ ਕਰ ਦਿੰਦਾ ਹੈ। ਮਹਾਨ ਸ਼ਾਇਰ ਮਿਰਜ਼ਾ ਗ਼ਾਲਿਬ ਅਤੇ ਆਖਰੀ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦੇ ਇਹ ਮਕਤੇ ਬਹੁਤ ਪ੍ਰਸਿੱਧ ਹੋਏ ਹਨ:-
"ਹੈ ਔਰ ਭੀ ਜ਼ਮਾਨੇ ਮੇਂ ਸੁਖ਼ਨਵਰ ਬਹੁਤ ਅੱਛੇ,
ਕਹਿਤੇ ਹੈਂ, ਕਿ ਗਾਲਿਬ ਕਾ ਅੰਦਾਜ਼ੇ-ਬਯਾਂ ਹੈ ਔਰ ।"
-ਮਿਰਜ਼ਾ ਗਾਲਿਬ
"ਕਿਤਨਾਂ ਹੈ ਬਦਨਸੀਬ ਜਫ਼ਰ, ਦਫਨ ਕੀ ਲੀਏ,
ਦੋ ਗਜ਼ ਜਮਂਂ ਭੀ ਨਾ ਮਿਲੀ, ਕੂਏ ਯਾਰ ਮੇਂ।"
-ਬਹਾਦਰ ਸ਼ਾਹ ਜ਼ਫਰ
ਗ਼ਜ਼ਲ ਦੇ ਕੁੱਝ ਸ਼ਾਇਰ ਤੇ ਆਲੋਚਕ ਮਕਤੇ ਨੂੰ ਗ਼ਜ਼ਲ ਦਾ ਲਾਜ਼ਮੀ ਅੰਗ ਮੰਨਦੇ ਹਨ, ਇਸ ਲਈ ਕੁੱਝ ਵਰਤਮਾਨ ਸ਼ਾਇਰ ਮਕਤਾ ਉਪਨਾਮ/ਤਖ਼ੱਲਸ ਪਾਬੰਦੀ ਤੋਂ ਮੁਕਤ ਹੋ ਚੁੱਕੇ ਹਨ ਤੇ ਮਕਤਾ ਰਹਿਤ ਗ਼ਜ਼ਲ ਉਚਾਰਦੇ ਹਨ। ਅਜੋਕੀ ਆਧੁਨਿਕ ਗ਼ਜ਼ਲ ਵਿੱਚ ਸ਼ਾਇਰ ਆਪਣੇ ਤਖ਼ੱਲਸ ਨੂੰ ਮਕਤੇ ਵਿੱਚ ਇੱਕ ਅਰਥਪੂਰਨ ਇਕਾਈ ਵਜੋਂ ਪ੍ਰਯੋਗ ਕਰਦੇ ਹਨ। ਇੰਝ ਮਕਤਾ ਗ਼ਜ਼ਲ ਦਾ ਆਖਰੀ ਸ਼ਿਅਰ ਹੋ ਨਿਬੜਦਾ ਹੈ। ਜਦੋਂ ਕੋਈ ਸ਼ਾਇਰ ਆਪਣੇ ਤਖੱਲੁਸ ਦੀ ਬਾ-ਮਾਅਨੀ ਵਰਤੋਂ ਕਰਦਾ ਹੈ ਤਾਂ ਮਕਤਾ ਹੋਰ ਵੀ ਖ਼ੂਬਸੂਰਤ ਹੋ ਜਾਂਦਾ ਹੈ। ਮਿਸਾਲ ਦੇ ਤੌਰ 'ਤੇ ਹੇਠ ਲਿੱਖੇ ਸ਼ਿਅਰ ਵੇਖੋ:
"ਦੋ ਚਾਰ ਸ਼ਿਅਰ ਲਿਖ ਸਕਾਂ, ਲੋਕਾਂ ਨੂੰ ਯਾਦ ਰਹਿਣ,
ਭਗਵਾਨ ਕ੍ਰਿਸ਼ਨ ਤਾਂ ਨਹੀ, ਨਾ ਹੀ ਵਿਆਸ ਮੈਂ।"
ਇੱਥੇ ਕ੍ਰਿਸ਼ਨ ਬਾ-ਮਾਅਨੀ ਅਰਥਾਂ ਵਿੱਚ ਵਰਤਿਆ ਗਿਆ ਹੈ। ਕਿਉਂਕਿ ਕ੍ਰਿਸ਼ਨ ਨੇ ਗੀਤਾ ਉਚਰੀ ਸੀ ਤੇ ਵੇਦ ਵਿਆਸ ਨੇ ਮਹਾਭਾਰਤ ਲਿੱਖਿਆ ਸੀ ।
ਹਮੇਸ਼ਾ ਲੋਚਿਆ ਬਣਨਾ ਤੁਹਾਡੇ ਪਿਆਰ ਦਾ ਪਾਤਰ,
ਕਦੇ ਨਾ ਸੋਚਿਆ ਆਪਾਂ ਕਿ ਅਹੁ ਬਣਦੇ ਜਾਂ ਆਹ ਬਣਦੇ।
-ਸੁਰਜੀਤ ਪਾਤਰ
ਸ਼ੁਰਜੀਤ ਪਾਤਰ ਵੱਲੋਂ ਰਚੇ ਇਸ ਮਕਤੇ ਵਿੱਚ ਪਾਤਰ ਤਖੱਲਸ ਨੂੰ ਸ਼ਬਦਿਕ ਅਰਥਾਂ ਵਿੱਚ ਵਰਤਿਆ ਗਿਆ ਹੈ।
ਮੈਂ 'ਰਾਵੀ' ਹਾਂ, ਹੁਨਰ ਮੇਰਾ, ਸਦਾ ਹੈ ਵਗਦਿਆਂ ਰਹਿਣਾ,
ਮੈਂ ਪਾਪੜ ਵੇਲਦੀ ਛੱਤੀ, ਤੁਹਾਡੀ ਯਾਦ ਆਉਂਦੀ ਹੈ ।
-ਰਾਵੀ ਕਿਰਨ (ਰਵਿੰਦਰ ਕਿਰਨ)
ਇੱਥੇ ਰਾਵੀ ਸ਼ਬਦ ਨੂੰ ਦਰਿਆ ਰਾਵੀ ਦੀ ਸੰਗਿਆ ਦੇ ਤੌਰ 'ਤੇ ਵਰਤਿਆ ਗਿਆ ਹੈ।
ਗ਼ਜ਼ਲ ਦੇ ਪਹਿਲੇ ਚੰਗੇ ਪ੍ਰਭਾਵ ਵਾਸਤੇ ਜੇ 'ਮਤਲਾ' ਜ਼ੋਰਦਾਰ ਹੋਣਾ ਚਾਹੀਦਾ ਹੈ ਤਾਂ ਗ਼ਜ਼ਲ ਦੇ ਅੰਤਮ ਅਤੇ ਪ੍ਰਭਾਵ ਵਾਸਤੇ 'ਮਕਤਾ' ਵੀ ਬਹੁਤ ਜ਼ੋਰਦਾਰ ਹੋਣਾ ਚਾਹੀਦਾ ਹੈ। ਗ਼ਜ਼ਲ ਦੀ ਕਾਮਯਾਬੀ ਵਿੱਚ ਇਸ ਨੁਕਤੇ ਦਾ ਵੀ ਇੱਕ ਵਿਸ਼ੇਸ਼ ਰੋਲ ਰਹਿੰਦਾ ਹੈ।
ਗ਼ਜ਼ਲ ਨਾਲ ਸੰਬੰਧਿਤ ਸਾਰੇ ਅੰਗ ਮਤਲੇ ਤੋਂ ਮਕਤਾ ਤੱਕ ਵੇਖੋ :
ਗ਼ਜ਼ਲ
ਸੱਜਣ ਤਾਂ ਦਰਿਆਵਾਂ ਵਰਗੇ ਹੁੰਦੇ ਨੇ।
ਆਉਂਦੇ ਜਾਂਦੇ ਸਾਹਵਾਂ ਵਰਗੇ ਹੁੰਦੇ ਨੇ ।(ਮਤਲਾ)
ਖੁਸ਼ੀਆਂ ਵੰਡਣ ਨਾਲੇ ਵੰਡਣ ਦਰਦਾਂ ਨੂੰ ,
ਕੁੱਝ ਤਾਂ ਬਿਲਕੁਲ ਮਾਵਾਂ ਵਰਗੇ ਹੁੰਦੇ ਨੇ ।(ਸ਼ਿਅਰ)
ਛੱਡ ਜਾਂਦੇ ਤਾਂ ਘੁੱਪ ਹਨੇਰਾ ਕਰ ਜਾਂਦੇ ,
ਦਿਲਬਰ ਕਈ ਸਜ਼ਾਵਾਂ ਵਰਗੇ ਹੁੰਦੇ ਨੇ।(ਸ਼ਿਅਰ)
ਤਪਦੀ ਰੂਹ ਤੇ ਕਿਣਮਿਣ ਬਣਕੇ ਵਰ੍ਹ ਜਾਂਦੇ ,
ਜਿਹੜੇ ਘੋਰ ਘਟਾਵਾਂ ਵਰਗੇ ਹੁੰਦੇ ਨੇ ।(ਸ਼ਿਅਰ)
ਹੰਝੂ ਬਣਦੇ ਤੇ ਬਣਦੇ ਗ਼ਮਖਾਰ ਕਦੀ ,
ਕੁਝ ਕੁ ਪਾਕ ਦੁਆਵਾਂ ਵਰਗੇ ਹੁੰਦੇ ਨੇ ।(ਸ਼ਿਅਰ)
ਤਪਦੇ ਥਲਾਂ 'ਚ ਮਿਲ ਜਾਂਦੇ ਨੇ ਛਾਂ ਵਾਂਗਰ,
ਰੁੱਖਾਂ ਭਰੀਆਂ ਰਾਹਵਾਂ ਵਰਗੇ ਹੁੰਦੇ ਨੇ ।(ਸ਼ਿਅਰ)
ਡੋਲੀਂ ਨਾ,ਘਬਰਾਈਂ ਨਾ,ਬਸ ਡਟੀ ਰਹੀਂ,
ਕੁਝ ਤਾਂ ਨੇਕ ਸਲਾਹਵਾਂ ਵਰਗੇ ਹੁੰਦੇ ਨੇ ।(ਸ਼ਿਅਰ)
ਤੇਰੀ ਖਾਤਰ ਮਰਜਾਂਗੇ ਜੇ ਲੋੜ ਪਈ ,
ਮਿੱਤਰ ਕਈ ਭਰਾਵਾਂ ਵਰਗੇ ਹੁੰਦੇ ਨੇ ।(ਸ਼ਿਅਰ)
ਲਿਖੀਏ,ਪੜੀਏ,ਰਚੀਏ ,ਗਾਈਏ ਜੀਅ ਭਰ ਕੇ,
ਸੱਜਣ ਤਾਂ ਰਚਨਾਵਾਂ ਵਰਗੇ ਹੁੰਦੇ ਨੇ । (ਸ਼ਿਅਰ)
ਨਜ਼ਮਾਂ,ਗੀਤਾਂ,ਗਜ਼ਲਾਂ ਕਰਕੇ ਹੀ ਹੈਂ ਤੂੰ ,
'ਰਾਵੀ' ਸ਼ਬਦ ਤਾਂ ਸਾਹਵਾਂ ਵਰਗੇ ਹੁੰਦੇ ਨੇ। (ਮਕਤਾ)
-ਰਾਵੀ ਕਿਰਨ
ਇੱਥੇ 'ਰਾਵੀ' ਸ਼ਾਇਰਾ ਰਵਿੰਦਰ ਕਿਰਨ ਦਾ ਨਾਂ ਕਲਮੀ ਨਾਮ ਹੈ, ਜਿਸ ਦੀ ਹਾਜ਼ਰੀ ਨਾਲ ਇਹ ਸ਼ਿਅਰ ਮਕਤਾ ਬਣ ਗਿਆ ਹੈ।
ਗ਼ਜ਼ਲ ਅਜਿਹੀ ਵਿਧਾ ਹੈ ਜਿਸ ਵਿੱਚ ਵੱਖੋ-ਵੱਖਰੀਆਂ ਵੰਨਗੀਆਂ ਦੀ ਨਿਸ਼ਾਨਦੇਹੀ ਹੋਈ ਹੈ। ਜੇਕਰ ਵਿਚਾਰ ਪੱਖੋਂ ਪਰਖੀਏ ਤਾਂ ਇਹ ਦੋ ਕਿਸਮਾਂ ਦੀ ਹੀ ਉਜਾਗਰ ਹੁੰਦੀਆਂ ਹਨ:
(1) ਮੁਸੱਲਸਲ ਗ਼ਜ਼ਲ: ਜੇਕਰ ਇੱਕ ਗ਼ਜ਼ਲ ਦੇ ਸਾਰੇ ਸ਼ਿਅਰ ਇੱਕੋ ਵਿਸ਼ੇ ਨਾਲ ਸੰਬੰਧਿਤ ਹੋਣ ਅਤੇ ਹਰ ਸ਼ਿਅਰ ਭਾਵ ਤੇ ਵਿਚਾਰ ਪੱਖੋਂ ਇੱਕ-ਦੂਜੇ ਨਾਲ ਇੱਕ ਲੜੀ ਵਿੱਚ ਪਰੋਏ ਹੋਏ ਹੋਣ ਤਾਂ ਉਸ ਨੂੰ ਮੁਸੱਲਸਲ ਗ਼ਜ਼ਲ ਕਹਿੰਦੇ ਹਨ। ਮੁਸੱਲਸਲ ਗ਼ਜ਼ਲ ਨੂੰ ਨਜ਼ਮ ਜਾਂ ਕਵਿਤਾ ਵੀ ਕਹਿ ਸਕਦੇ ਹਾਂ। ਜੇਕਰ ਅਜਿਹੀ ਕਾਵਿ-ਰਚਨਾ ਨੂੰ ਗ਼ਜ਼ਲ ਸਿਰਲੇਖ ਦੀ ਥਾਂ ਕੋਈ ਵਿਸ਼ਾ-ਵਸਤੂ ਅਨੁਕੂਲ ਸਿਰਲੇਖ ਦੇ ਦਿੱਤਾ ਜਾਵੇ ਤਾਂ ਉਹ ਕਵਿਤਾ ਦੀ ਸ਼੍ਰੇਣੀ ਵਿੱਚ ਹੀ ਗਿਣੀ ਜਾ ਸਕਦੀ ਹੈ।
(2) ਗ਼ੈਰ-ਮੁਸੱਲਸਲ" ਪਰ ਜਿਸ ਗ਼ਜ਼ਲ ਦੇ ਸ਼ਿਅਰ ਸੰਪੂਰਨ ਕਾਵਿਕ ਇਕਾਈ ਤਾਂ ਹੋਣ ਪਰ ਹਰ ਸ਼ਿਅਰ ਦਾ ਵਿਸ਼ਾ ਦੂਜੇ ਸ਼ਿਅਰ ਨਾਲੋਂਂ ਭਿੰਨ ਹੋਵੇ ਤਾਂ ਉਸ ਨੂੰ ਗ਼ੈਰ-ਮੁਸੱਲਸਲ ਗ਼ਜ਼ਲ ਮੰਨਿਆ ਜਾਂਦਾ ਹੈ। ਅਸਲ ਵਿੱਚ ਗ਼ੈਰ-ਮੁਸੱਲਸਲ ਗ਼ਜ਼ਲ ਹੀ ਗ਼ਜ਼ਲ ਦੀ ਹੋਂਦ ਦੀ ਪਹਿਚਾਣ ਹੈ।
ਫ਼ਾਰਸੀ ਦਾ ਪਹਿਲਾ ਗ਼ਜ਼ਲਗੋ ਰੂਦਕੀ ਸੀ ਤੇ ਗ਼ਜ਼ਨ ਦਾ ਉਸਤਾਦ ਕਵੀ ਸਾਅਦੀ ਮੰਨਿਆ ਜਾਂਦਾ ਹੈ ਅਤੇ ਇਸ ਦੀ ਸਿੱਖਰ ਹਾਫ਼ਿਜ਼ ਨਾਲ ਆਉਂਦੀ ਹੈ। ਨਵੀਨ ਯੁੱਗ ਵਿੱਚ ਬਿਹਾਰ, ਫ਼ਰਖ਼ੀਯਜ਼ਦੀ, ਕਜ਼ਵੀਨੀ ਆਦਿ ਫ਼ਾਰਸੀ ਦੇ ਚੰਗੇ ਗ਼ਜ਼ਲਗੋ ਹਨ। ਭਾਰਤ ਦੇ ਹਿੰਦੀ ਫ਼ਾਰਸੀ ਸ਼ਾਇਰਾਂ ਵਿੱਚ ਅਮੀਰ ਖ਼ੁਸਰੋ, ਨਜ਼ੀਰੀ ਤੇ ਉਰਫ਼ੀ ਦੇ ਨਾਂ ਬੜੇ ਮਾਣ ਨਾਲ ਲਏ ਜਾ ਸਕਦੇ ਹਨ। ਉਰਦੂ ਗ਼ਜ਼ਲ ਦਾ ਉਸਤਾਦ ਗ਼ਾਲਿਬ ਹੈ। ਸੌਦਾ, ਜ਼ੌਕ, ਮੀਰਤਕੀ ਮੀਰ, ਮੋਮਨ ਚੰਗੇ ਗ਼ਜ਼ਲਸਰਾ ਹੋਏ ਹਨ। ਆਖ਼ਰੀ ਮੁਗ਼ਲ ਸਮਰਾਟ ਬਹਾਦਰ ਸ਼ਾਹ ਜ਼ਫਰ ਵੀ ਗ਼ਜ਼ਲ ਕਹਿਣ ਵਿੱਚ ਖ਼ਾਸ ਸ਼ੌਂਕ ਰੱਖਦਾ ਸੀ। ਹਸਰਤ ਮੋਹਾਨੀ, ਜਿਗਰ ਮੁਰਾਦਾਬਾਦੀ, ਫ਼ੈਜ਼ ਅਹਿਮਦ ਫ਼ੈਜ਼, ਫਿਰਾਕ ਗ਼ੋਰਖਪੁਰੀ, ਸਾਹਿਰ ਲੁਧਿਆਣਵੀ ਆਦਿ ਉਰਦੂ ਦੇ ਵੀਹਵੀਂ ਸਦੀ ਈ. ਦੇ ਰੰਗੇ ਗ਼ਜ਼ਲਗੋ ਹਨ।
ਪੰਜਾਬੀ ਗ਼ਜ਼ਲ ਦੇ ਮੁੱਢ ਬਾਰੇ ਇਹ ਕਿਹਾ ਜਾਂਦਾ ਹੈ ਕਿ ਮਸਊਦ ਸਲਮਾਨ ਪੰਜਾਬੀ ਵਿੱਚ ਗ਼ਜ਼ਲ ਦਾ ਪਹਿਲਾ ਸ਼ਾਇਰ ਸੀ। ਪਰ ਉਹਦਾ ਕੋਈ ਦੀਵਾਨ ਨਹੀਂ ਬਚਿਆ ਹੈ। ਉਸ ਦੇ ਮਗਰੋਂ ਬਾਬਾ ਫ਼ਰੀਦ ਸ਼ਕਰ ਗੰਜ ਨੂੰ ਪੰਜਾਬੀ ਦਾ ਪਹਿਲਾ ਸ਼ਾਇਰ ਮੰਨਿਆ ਜਾਂਦਾ ਹੈ। ਹਜ਼ਰਤ ਨੋਸ਼ਾ ਗੰਜ ਬਖ਼ਸ਼ ਨੇ ਪੰਜਾਬੀ ਵਿੱਚ ਸਭ ਪਹਿਲਾ ਗ਼ਜ਼ਲਗੋਈ 'ਤੇ ਹੱਥ ਅਜ਼ਮਾਇਆ ਸੀ। ਲੇਕਿਨ ਸਤਾਰ੍ਹਵੀਂ ਸਦੀ ਵਿੱਚ ਹੋਇਆ ਸ਼ਾਹ ਮੁਰਾਦ ਪੰਜਾਬੀ ਦਾ ਪਹਿਲਾ ਗ਼ਜ਼ਲਕਾਰ ਹੈ, ਪਰ ਉਸ ਪਿੱਛੋਂ ਉਨ੍ਹੀਵੀਂ ਸਦੀ ਦਾ ਮੁੱਖ ਪੰਜਾਬੀ ਗ਼ਜ਼ਲਗੋ ਮੌਲਾ ਬਖ਼ਸ਼ ਕੁਸ਼ਤਾ (ਕਰਤਾ ਸੈਫੁਲ ਮਲੂਕ -1832-1906) ਹੈ, ਜਿਸ ਦਾ ਦਿਵਾਨ 1902 ਵਿੱਚ ਛਪਿਆ। ਪਰ ਪੰਜਾਬੀ ਗ਼ਜ਼ਲ ਉਰਦੂ ਗ਼ਜ਼ਲ ਜਿੰਨੀ ਤਰੱਕੀ ਨਹੀਂ ਕਰ ਸਕੀ ਸੀ। ਕੁਸ਼ਤਾ ਤੋਂ ਬਾਅਦ ਧਨੀ ਰਾਮ ਚਾਤ੍ਰਿਕ, ਫ਼ਿਰੋਜ਼ਦੀਨ ਸ਼ਰਫ਼, ਬਰਕਤ ਰਾਮ ਯੁਮਨ, ਦਰਸ਼ਨ ਸਿੰਘ ਅਵਾਰਾ, ਮੋਹਨ ਸਿੰਘ ਤੇ ਬਾਵਾ ਬਲਵੰਤ ਪੰਜਾਬੀ ਗ਼ਜ਼ਲ ਦੀ ਪਹਿਚਾਣ ਗੂੜੀ ਕਰਨ ਵਾਲੇ ਮੋਢੀ ਕਵੀ ਹਨ। ਇਹਨਾਂ ਦੀਆਂ ਗ਼ਜ਼ਲਾਂ ਦਾ ਵਿਸ਼ਾ ਇਸਤਰੀ ਮਰਦ ਪਿਆਰ ਵੀ ਹੈ ਤੇ ਲੋਕ ਪਿਆਰ ਵੀ। ਪੰਜਾਬੀ ਗ਼ਜ਼ਲ ਨੂੰ ਪੂਰੀ ਤਰ੍ਹਾਂ ਸਥਾਪਿਤ ਕਰਨ ਵਿੱਚ ਸਾਧੂ ਸਿੰਘ ਹਮਦਰਦ, ਤਖ਼ਤ ਸਿੰਘ, ਦੀਪਕ ਜੈਤੋਈ, ਅਜਾਇਬ ਚਿੱਤਰਕਾਰ, ਚਾਨਣ ਗੋਬਿੰਦਪੁਰੀ, ਮਹਿੰਦਰ ਮਾਨਵ ਅਤੇ ਮਹਿੰਦਰਦੀਪ ਗਰੇਵਾਲ ਦਾ ਵੱਡਮੁੱਲਾ ਯੋਗਦਾਨ ਹੈ।
ਆਧੁਨਿਕ ਪੰਜਾਬੀ ਗ਼ਜ਼ਲ ਨੂੰ ਉਰਦੂ ਗ਼ਜ਼ਲ ਦੇ ਪੱਧਰ ਤੱਕ ਪਹੁੰਚਾਉਣ ਵਾਲੇ ਸ਼ਾਇਰਾਂ ਵਿੱਚ ਜਗਤਾਰ, ਕੰਵਰ ਚੌਹਾਨ, ਮੀਸਾ, ਐਸ. ਤਰਸੇਮ ਅਤੇ ਸੁਰਜੀਤ ਪਾਤਰ ਵੱਲੋਂ ਗ਼ਜ਼ਲ ਦੇ ਸਿਧਾਂਤ ਅਤੇ ਸਿਰਜਣਾ ਵਿੱਚ ਨਿਭਾਈ ਭੂਮਿਕਾ ਬੜੀ ਮਹੱਤਵਪੂਰਨ ਹੈ। ਵੀਹਵੀਂ ਸਦੀ ਦੇ ਆਖ਼ਰੀ ਦੋ ਦਹਾਕਿਆਂ ਵਿੱਚ ਹਰਦਿਆਲ ਸਾਗਰ, ਸੁਰਜੀਤ ਜੱਜ, ਬਰਜਿੰਦਰ ਚੌਹਾਨ, ਸੁਖਵਿੰਦਰ ਅੰਮ੍ਰਿਤ, ਸੁਸ਼ੀਲ ਰਹੇਜਾ ਅਤੇ ਕਵਿੰਦਰ ਚਾਂਦ ਨੇ ਪੰਜਾਬੀ ਗ਼ਜ਼ਲ ਨੂੰ ਆਧੁਨਿਕ ਦਿੱਖ ਪ੍ਰਦਾਨ ਕਰਨ ਲਈ ਵਿਸ਼ੇਸ਼ ਯੋਗਦਾਨ ਪਾਇਆ ਹੈ।
6ਵੀਂ ਸਦੀ ਤੋਂ ਚੱਲੀ ਅਰਬੀ ਦੀ ਸਿਨਫ਼-ਏ-ਸੁਖਨ ਗ਼ਜ਼ਲ ਸਾਰ-ਤੱਤ ਪੱਖੋਂ ਇਸਤਰੀ ਕੇਂਦਰਿਤ ਸੀ। ਮੁਢਲੀ ਗ਼ਜ਼ਲ ਤੋਂ ਲੈ ਕੇ ਉਨ੍ਹੀਵੀਂ ਸਦੀ ਤੱਕ ਦੀ ਗ਼ਜ਼ਲ ਦਾ ਵਿਸ਼ਾ ਇਸਤਰੀ-ਮਰਦ ਸੰਬੰਧ, ਪਿਆਰ-ਮੁਹੱਬਤ, ਬੇਵਫ਼ਾਈ, ਸ਼ਰਾਬ ਜਾਂ ਜਾਮ-ਸੁਰਾਹੀ ਅਤੇ ਰੂਹਾਨੀਅਤ ਨਾਲ ਸੰਬੰਧਿਤ ਸੀ। 19ਵੀਂ ਸਦੀ ਤੋਂ ਉਰਦੂ ਗ਼ਜ਼ਲ ਰਚਨਾਤਮਕ ਪੱਧਰ 'ਤੇ ਨਿੱਜ ਤੋਂ ਪਰ ਵੱਲ ਰੁਖ਼ ਕਰ ਕੇ ਗ਼ਜ਼ਲ ਦੇ ਸਾਰ-ਤੱਤ ਨੂੰ ਨਵੇਂ ਪਾਸਾਰ ਪ੍ਰਦਾਨ ਕਰਦੀ ਹੋਈ ਸਮਾਜ-ਮੁਖਤਾ ਦਾ ਪ੍ਰਮਾਣ ਦਿੰਦੀ ਹੈ। ਅਜੋਕੀ ਪੰਜਾਬੀ ਗ਼ਜ਼ਲ ਦੇ ਸੰਦਰਭ ਵਿਚ, ਥੀਮਿਕ ਉਸਾਰੀ ਰੁਮਾਂਟਿਕ ਵਲਗਣਾਂ ਵਿਚੋਂ ਨਿਕਲ ਕੇ ਆਪਣੇ ਘੇਰੇ ਨੂੰ ਹੋਰ ਵਿਸ਼ਾਲਤਾ ਵੱਲ ਲਿਜਾ ਚੁੱਕੀ ਹੈ। ਉਸਦੇ ਸ਼ਿਅਰ ਸਮਾਜਕ, ਮਨੋਵਿਗਿਆਨਕ, ਇਤਿਹਾਸਕ ਵੱਖ ਨੂੰ ਅਜੋਕੇ ਮਨੁੱਖ ਦੀ ਯਥਾਰਥਕ ਸਥਿਤੀ/ਚੇਤਨਾ ਦੇ ਮਾਧਿਅਮ ਰਾਹੀਂ ਵਿਅਕਤ ਹੁੰਦੇ ਹਨ। ਅਜੋਕੀ ਗ਼ਜ਼ਲ ਵਿਸ਼ਵੀਕਰਨ ਦਾ ਦ੍ਰਿਸ਼ਟੀਮੂਲਕ ਅਧਿਐਨ ਪ੍ਰਸਤੁਤ ਕਰਦੀ ਹੈ। ਮਨੁੱਖ ਦੀ ਤਿੜਕੀ ਹੋਂਦ ਮੂਲਕ ਸੰਵੇਦਨਾ ਦਾ ਸੰਦ੍ਰਿਸ਼ ਉਸਰਿਆ ਪ੍ਰਾਪਤ ਹੁੰਦਾ ਹੈ।ਪਰ ਵੀਹਵੀਂ ਸਦੀ ਤੋਂ ਕੁੱਝ ਪਹਿਲਾਂ ਹੀ ਸਮਾਜਿਕ ਜੀਵਨ ਵਿੱਚ ਵੱਡੇ ਪਰਿਵਰਤਨ ਨਾਲ ਸਮਾਜਿਕ, ਆਰਥਿਕ, ਰਾਜਨੀਤਿਕ, ਸਭਿਆਚਾਰਿਕ ਆਦਿ ਮਸਲੇ ਵੀ ਗ਼ਜ਼ਲ ਦਾ ਮਜਮੂਨ ਬਣ ਗਏ ਹਨ ਅਤੇ ਇਸ ਤਰ੍ਹਾਂ ਦੀ ਗ਼ਜ਼ਲ ਨੂੰ ਆਧੁਨਿਕ ਗ਼ਜ਼ਲ ਕਹਿੰਦੇ ਹਨ। ਆਧੁਨਿਕ ਗ਼ਜ਼ਲ ਵਿੱਚ ਤਗੱਜ਼ੁਲ ਦੇ ਗੁਣ ਨੂੰ ਹੀ ਗ਼ਜ਼ਲ ਦਾ ਪ੍ਰਮੁਖ ਗੁਣ ਮੰਨਿਆ ਜਾਂਦਾ ਹੈ । ਗ਼ਜ਼ਲ ਉਹ ਸ਼ਕਤੀਸ਼ਾਲੀ ਵਿਧਾ ਹੈ, ਜਿਸ ਰਾਹੀਂ ਅਸੀਂ ਜੀਵਨ ਅਤੇ ਜਗਤ ਦੀਆਂ ਸਾਰੀਆਂ ਵਿਸੰਗਤੀਆਂ, ਬਿਪਤਾਵਾਂ ਸਮਾਜਕ ਪੀੜਾ, ਸ਼ੋਸ਼ਣ ਅਤੇ ਸੰਘਰਸ਼ ਦੀਆਂ ਸਭ ਜਟਿਲ ਸਥਿਤੀਆਂ ਦੇ ਅੰਕਣ ਦੇ ਨਾਲ ਨਾਲ ਮਨੁੱਖੀ ਮਨ ਦੇ ਕਲੇਸ਼, ਵੈਰਾਗ, ਦੁੱਖ ਦੇ ਸਾਰੇ ਸੂਖਮ ਅਨੁਭਵਾਂ ਨੂੰ ਪ੍ਰਗਟ ਕਰ ਸਕਦੇ ਹਾਂ। ਗ਼ਜ਼ਲ ਵਿਚ ਥੀਮਿਕ ਪਹਿਲੂ ਦੀ ਪ੍ਰਸਤੁਤੀ ਸਮੁੱਚੇ ਮਾਨਵੀ ਸੰਸਾਰ, ਪੇਂਡੂ ਤੋਂ ਸ਼ਹਿਰੀ ਪਰਿਵੇਸ਼ ਤੱਕ, ਪਦਾਰਥਕ ਤੋਂ ਮਨੋਵਿਗਿਆਨਕ ਵਰਤਾਰੇ ਤਕ ਦੇ ਮਨੁੱਖੀ ਦੇਹੀ ਤੋਂ ਮਾਨਸਿਕ ਸਥਿਤੀਕ-ਹੋਂਦ ਮੂਲਕ ਸਿਸਟਮ ਤੱਕ ਪੱਸਰੀ ਹੋਈ ਹੈ।
ਗ਼ਜ਼ਲ ਉਹ ਸ਼ਕਤੀਸ਼ਾਲੀ ਵਿਧਾ ਹੈ, ਜਿਸ ਰਾਹੀਂ ਅਸੀਂ ਜੀਵਨ ਅਤੇ ਜਗਤ ਦੀਆਂ ਸਾਰੀਆਂ ਵਿਸੰਗਤੀਆਂ, ਬਿਪਤਾਵਾਂ ਸਮਾਜਕ ਪੀੜਾ, ਸ਼ੋਸ਼ਣ ਅਤੇ ਸੰਘਰਸ਼ ਦੀਆਂ ਸਭ ਜਟਿਲ ਸਥਿਤੀਆਂ ਦੇ ਅੰਕਣ ਦੇ ਨਾਲ ਨਾਲ ਮਨੁੱਖੀ ਮਨ ਦੇ ਕਲੇਸ਼, ਵੈਰਾਗ, ਦੁੱਖ ਦੇ ਸਾਰੇ ਸੂਖਮ ਅਨੁਭਵਾਂ ਨੂੰ ਪ੍ਰਗਟ ਕਰ ਸਕਦੇ ਹਾਂ। ਗ਼ਜ਼ਲ ਜਿੰਨੀ ਕੋਮਲ ਹੈ, ਇਸ ਦੇ ਅਸੂਲ ਓਨੇ ਹੀ ਸਖਤ ਹਨ। ਬੇਸ਼ੱਕ ਗ਼ਜ਼ਲ ਸਿਖਾਂਦਰੂਆਂ ਲਈ ਗ਼ਜ਼ਲ ਰਚਨਾ ਬਾਰੇ ਅਨੇਕਾਂ ਪੁਸਤਕਾਂ ਉਪਲਵਧ ਹਨ। ਲੇਕਿਨ ਇਹ ਵਿਧਾ ਕੇਵਲ ਉਸਤਾਦਾਂ ਦੀ ਸੰਗਤ ਅਤੇ ਰਹਿਨੁਮਾਈ ਦੁਆਰਾ ਹੀ ਸਿੱਖੀ ਜਾ ਸਕਦੀ ਹੈ ਅਤੇ ਕਰੜੇ ਅਭਿਆਸ ਨਾਲ ਇਸ ਵਿੱਚ ਪ੍ਰਪੱਕਤਾ ਹਾਸਿਲ ਕੀਤੀ ਜਾ ਸਕਦੀ ਹੈ।

No comments:

Post a Comment