ਗੰਗੂ ਬ੍ਰਾਹਮਣ ਤਰਕ ਦੀ ਸਾਣ 'ਤੇ



-ਬਲਰਾਜ ਸਿੰਘ ਸਿੱਧੂ, ਯੂ. ਕੇ.
ਵੈਸੇ ਤਾਂ ਕਿਸੇ ਵੀ ਦੇਸ਼, ਕੌਮ ਜਾਂ ਧਰਮ ਦਾ ਇਤਿਹਾਸ ਸੌ ਫੀਸਦੀ ਸੱਚ ਨਹੀਂ ਹੁੰਦਾ। ਕਿਉਂਕਿ ਜਿਵੇਂ ਸ਼ੁੱਧ ਸੋਨੇ ਦਾ ਗਹਿਣਾ ਨਹੀਂ ਬਣ ਸਕਦਾ। ਉਸੇ ਤਰ੍ਹਾਂ ਨਿਰੋਲ ਸੱਚਾ ਇਤਿਹਾਸ ਵੀ ਨਹੀਂ ਲਿੱਖਿਆ ਜਾ ਸਕਦਾ। ਹਰ ਇਤਿਹਾਸਕਾਰ ਦੀ ਇਤਿਹਾਸਕ ਘਟਨਾ ਬਿਆਨ ਕਰਨ ਤੋਂ ਪਹਿਲਾਂ ਹੀ ਇੱਕ ਧਾਰਨਾ ਬਣ ਚੁੱਕੀ ਹੁੰਦੀ ਹੈ ਤੇ ਉਹ ਨਿਰਣਾ ਕਰ ਚੁੱਕਾ ਹੁੰਦਾ ਹੈ ਕਿ ਉਸਨੇ ਕਿਸ ਦੇ ਪੱਖ ਵਿੱਚ ਲਿਖਣਾ ਹੈ। ਫਿਰ ਕੋਈ ਹੋਰ ਇਤਿਹਾਸਕਾਰ ਉਸੇ ਘਟਨਾ ਨੂੰ ਕਿਸੇ ਹੋਰ ਦ੍ਰਿਸ਼ਟੀਕੋਣ ਤੋਂ ਲਿੱਖ ਦਿੰਦਾ ਹੈ। ਇੰਝ ਇਤਿਹਾਸ ਵਿੱਚ ਮਤਭੇਦ ਪੈਦਾ ਹੋ ਜਾਂਦੇ ਹਨ। ਤਕਰੀਬਨ ਹਰ ਇਤਿਹਾਸ ਵਿੱਚ ਇਹੀ ਕੁੱਝ ਹੁੰਦਾ ਹੈ। ਸਿੱਖ ਧਰਮ ਸਭ ਤੋਂ ਆਧੁਨਿਕ ਧਰਮ ਹੋਣ ਦੇ ਬਾਵਜੂਦ ਵੀ ਸਿੱਖ ਧਰਮ ਦੇ ਇਤਿਹਾਸ ਵਿੱਚ ਦੂਜੇ ਧਰਮਾਂ ਦੇ ਮੁਕਾਬਲਤਨ ਸਭ ਤੋਂ ਵੱਧ ਭਰਮ ਭੇਲੇਖੇ ਹਨ। ਇਸ ਦੇ ਕਈ ਕਾਰਨ ਹਨ।
ਖੈਰ ਸਿੱਖ ਇਤਿਹਾਸ ਵਿੱਚ ਇੱਕ ਪਾਤਰ ਗੰਗੂ ਬ੍ਰਾਹਮਣ ਦਾ ਜਦੋਂ ਕਦੇ ਵੀ ਮੈਂ ਜ਼ਿਕਰ ਪੜ੍ਹਦਾ ਹਾਂ ਤਾਂ ਅਨੇਕਾਂ ਸਵਾਲ ਮੇਰੇ ਜ਼ਿਹਨ ਵਿੱਚ ਉਪਜਦੇ ਹਨ। ਅੱਜ ਉਹ ਸਵਾਲ ਤੁਹਾਡੇ ਨਾਲ ਸਾਂਝੇ ਕਰਨ ਲੱਗਾ ਹਾਂ। ਅਗਰ ਕਿਸੇ ਵਿਦਵਾਨ ਕੋਲ ਉਨ੍ਹਾਂ ਦੇ ਜੁਆਬ ਹੋਣ ਤਾਂ ਜ਼ਰੂਰ ਦਿਉ। ਨਜਾਇਜ਼ ਭਕਾਈ ਮਾਰਨ ਤੋਂ ਗੁਰੇਜ਼ ਕੀਤਾ ਜਾਵੇ ਤਾਂ ਕਿ ਮੈਨੂੰ ਬਲੌਕ ਬਟਨ ਦੀ ਵਰਤੋਂ ਨਾ ਕਰਨੀ ਪਵੇ।
ਗੰਗੂ ਬ੍ਰਾਹਮਣ ਬਾਰੇ ਇਹ ਦੱਸਿਆ ਜਾਂਦਾ ਹੈ ਕਿ ਉਹ ਸਹੇੜੀ ਦਾ ਵਸਨੀਕ ਸੀ ਤੇ ਗੁਰੂ ਘਰ ਦਾ ਰਸੋਈਆ ਸੀ। ਜਿਸਨੇ ਗਹਿਣਿਆਂ ਦੇ ਲਾਲਚ ਵਿੱਚ ਆ ਕੇ ਮਾਤਾ ਗੁਜ਼ਰੀ ਅਤੇ ਸਾਹਿਬਜ਼ਾਦਿਆਂ ਨੂੰ ਫੜਾ ਕੇ ਸ਼ਹੀਦ ਕਰਵਾਇਆ।
ਜਦੋਂ ਆਨੰਦਰਪੁਰ ਦੇ ਕਿਲ੍ਹੇ ਨੂੰ ਛੱਡ ਕੇ ਸਰਸਾ ਕੰਢੇ ਆਉਂਦੇ ਹਨ ਤੇ ਪਰਿਵਾਰ ਵਿਛੋੜਾ ਹੁੰਦਾ ਹੈ ਤਾਂ ਮਾਤਾ ਗੁਜ਼ਰੀ ਜੀ, ਦੋਨੋਂ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ, ਸਿੱਖ ਸੇਵਕ ਧੁੰਨਾ ਸਿੰਘ ਹਡੂਰੀਆ ਅਤੇ ਇੱਕ ਦਾਸੀ ਸੁਭਿੱਖੀ ਸਿੱਖਾਂ ਦੇ ਦਲ ਨਾਲੋਂ ਵਿਛੜ ਕੇ ਚਮਕੌਰ ਸਾਹਿਬ ਹੁੰਦੇ ਹੋਏ ਕੁੰਮੇ ਮਸ਼ਕੀ ਕੋਲ ਚਲੇ ਜਾਂਦੇ ਹਨ। ਧੁੰਨਾ ਸਿੰਘ ਹਡੂਰੀਏ ਦੀ ਲਿੱਖਤ 'ਕਥਾ ਗੁਰੂ ਸੂਤਨ ਕੀ' ਜੋ ਕਿ 122 ਛੰਦਾਂ ਦੀ ਰਚਨਾ ਸੀ। ਇਸ ਦਾ ਖਰੜਾ (ਖਰੜਾ ਨੰਬਰ 6045) ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ 1984 ਵੇਲੇ ਨਸ਼ਟ ਹੋ ਗਿਆ ਸੀ, ਪਰੰਤੂ ਪਿਆਰਾ ਸਿੰਘ ਪਦਮ ਇਸਨੂੰ ਸੰਪਾਦਿਤ ਕਰਕੇ ਛਾਪ ਚੁੱਕੇ ਸਨ। ਇਹ ਖਰੜਾ 1760-65 ਵਿੱਚ ਸਿੱਖ ਵਿਦਵਾਨਾਂ ਦੀ ਨਜ਼ਰ ਚੜਿਆ ਸੀ। ਇਸ ਲਿੱਖਤ ਅਨੁਸਾਰ ਕੁੰਮੇ ਮਾਸ਼ਕੀ ਦੇ ਘਰ ਤੋਂ ਧੁੰਮਾ ਅਤੇ ਦਰਬਾਰੀ ਨਾਮ ਦੇ ਦੋ ਮਸੰਦ ਭਰਾ ਮਾਤਾ ਗੁਜ਼ਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਆਪਣੇ ਪਿੰਡ ਸਹੇੜੀ ਲੈ ਗਏ ਸਨ। ਜਿੱਥੇ ਲਛਮੀ ਨਾਮ ਦੀ ਬ੍ਰਾਹਮਣ ਸੇਵਕਾਂ ਨੇ ਇਹਨਾਂ ਨੂੰ ਭੋਜਨ ਛਕਾਇਆ ਤੇ ਮਾਤਾ ਗੁਜ਼ਰੀ ਜੀ ਨੇ ਉਸਨੂੰ ਦੋ ਮੋਹਰਾਂ ਅਤੇ ਕੰਗਣਾਂ ਦੀ ਜੋੜੀ ਦਿੱਤੀ। ਕੁੰਮੇ ਮਾਸ਼ਕੀ ਨੂੰ ਮਾਤਾ ਜੀ ਨੇ 500 ਰੁਪਏ ਦਿੱਤੇ ਸਨ। ਧੁੰਨੇ ਅਤੇ ਦਰਬਾਰੀ ਨੇ ਮਾਤਾ ਗੁਜ਼ਰੀ ਜੀ ਦੀ ਗਹਿਣਿਆਂ ਵਾਲੀ ਪੋਟਲੀ ਚੋਰੀ ਕੀਤੀ ਅਤੇ ਸਹਿਬਜ਼ਾਦਿਆਂ ਨੂੰ ਫੜਾਇਆ ਸੀ।ਵਰਣਨਯੋਗ ਹੈ ਕਿ ਪੁਰਾਣੀ ਅਤੇ ਉਸ ਵੇਲੇ ਦੀ ਸਮਕਾਲੀਨ ਕਿਸੇ ਵੀ ਲਿੱਖਤ ਵਿੱਚ ਗੰਗੂ ਬ੍ਰਾਹਮਣ ਨਾਮ ਦਾ ਕੋਈ ਪਾਤਰ ਨਹੀਂ ਹੈ।
ਇਸਲਾਮ, ਬੁੱਧ ਅਤੇ ਹਿੰਦੂ ਧਰਮ ਤੋਂ ਬਾਅਦ ਸਿੱਖ ਧਰਮ ਨੇ ਵੀ ਲੰਗਰ ਪ੍ਰਥਾ ਨੂੰ ਅਪਨਾਇਆ ਤੇ ਗੁਰੂ ਸਾਹਿਬਾਨਾਂ ਨੇ ਲੰਗਰ ਦੀ ਪ੍ਰਥਾ ਉੱਪਰ ਜ਼ੋਰ ਦਿੱਤਾ। ਲੰਗਰ ਗੁਰੂ ਘਰ ਦੇ ਸੇਵਕਾਂ ਵੱਲੋਂ ਮਿਲ ਕੇ ਸ਼ਰਧਾ ਭਾਵਨਾ ਅਤੇ ਸੇਵਾ ਵਜੋਂ ਤਿਆਰ ਕੀਤਾ ਜਾਂਦਾ ਸੀ। ਜ਼ਿਆਦਾਤਰ ਔਰਤਾਂ ਦੀ ਸ਼ਮੂਲੀਅਤ ਇਸ ਵਿੱਚ ਹੁੰਦੀ ਸੀ। ਸਵਾਲ ਇਹ ਹੈ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਲੰਗਰ ਪ੍ਰਥਾ ਤੋਂ ਮੁਨਕਰ ਹੋ ਕੇ ਆਪਣੇ ਲਈ ਨਿੱਜੀ ਰਸੋਈਆ ਰੱਖਿਆ ਹੋਇਆ ਸੀ?
ਚਲੋ ਜੇ ਇਹ ਵੀ ਮੰਨ ਲਈਏ ਕਿ ਲੰਗਰ ਵਿੱਚ ਰੋਜ਼ ਬੰਦਾ ਮੂੰਗੀ ਦੀ ਦਾਲ ਖਾਂਦਾ ਅੱਕ ਜਾਂਦਾ ਹੈ ਤੇ ਗੁਰੂ ਸਾਹਿਬ ਮਾਸਾਹਾਰੀ ਹੋਣ ਕਰਕੇ ਘਰੇ ਵੱਖਰਾ ਭੋਜਨ ਬਣਵਾਉਂਦੇ ਹੋਣਗੇ। ਤਾਂ ਕੀ ਇੱਕ ਬ੍ਰਾਹਮਣ ਆਪਣਾ ਧਰਮ ਭੰਗ ਕਰਕੇ ਮੀਟ ਬਣਾ ਦਿੰਦਾ ਹੋਵੇਗਾ?
ਗੁਰੂ ਗੋਬਿੰਦ ਸਿੰਘ ਦੁਆਰਾ ਖਾਲਸਾ ਸਾਜਣ ਉਪਰੰਤ ਉਨ੍ਹਾਂ ਦਾ ਪ੍ਰਚਾਰ ਐਨੇ ਜ਼ੋਰ 'ਤੇ ਸੀ ਕਿ ਉਹ ਹਰ ਸ਼ਰਧਾਲੂ ਅਤੇ ਸੇਵਕ ਨੂੰ ਅੰਮ੍ਰਿਤਪਾਨ ਕਰਕੇ ਸਿੱਖ ਸਜਣ ਲਈ ਪ੍ਰੇਰਿਤ ਕਰਦੇ ਸਨ। ਫਿਰ ਗੁਰੂ ਦੇ ਆਪਣੇ ਘਰ ਦਾ ਰਸੋਈਆ ਬ੍ਰਾਹਮਣ ਦਾ ਬ੍ਰਾਹਮਣ ਕਿਵੇਂ ਰਹਿ ਗਿਆ ਸੀ?
ਗੁਰੂ ਸਾਹਿਬ ਨੇ ਅੰਮ੍ਰਿਤ ਛਕਾਉਣ ਤੇ ਲੜਾਈਆਂ ਲਈ ਨੀਵੀਆਂ ਜਾਤੀਆਂ ਨੂੰ ਚੁਣਿਆ ਤੇ ਰਸੋਈਆ ਉੱਚ ਕੁੱਲ ਬ੍ਰਾਹਮਣ ਕਿਉਂ ਰੱਖਿਆ ਸੀ?
ਕੀ ਗੁਰੂ ਸਾਹਿਬ ਦੇ ਪ੍ਰਚਾਰ ਅਤੇ ਸੰਗਤ ਦਾ ਉਸ (ਗੰਗੂ ਬ੍ਰਾਹਮਣ) ਉੱਪਰ ਕੋਈ ਅਸਰ ਨਹੀਂ ਸੀ ਹੋਇਆ?
ਰਸੋਈਆਂ ਗੰਗੂ ਕਈ ਸਾਲ ਗੁਰੂ ਸਾਹਿਬ ਦੀ ਸੇਵਾ ਵਿੱਚ ਰਿਹਾ ਹੋਵੇਗਾ, ਕੀ ਗੁਰੂ ਸਾਹਿਬ ਉਸਦੀ ਨੀਅਤ ਨੂੰ ਤਾੜਣ ਤੋਂ ਅਸਮਰਥ ਰਹੇ ਸਨ? ਇੱਥੇ ਮੈਂ ਤ੍ਰਲੋਚਨ ਸਮਾਧਵੀਂ ਜੀ ਦੀ ਲਿੱਖਤ ਦਾ ਹਵਾਲਾ ਦੇ ਰਿਹਾ ਹਾਂ, ਉਹ ਲਿੱਖਦੇ ਹਨ,"ਮਾਤਾ ਕੋਲ ਗਹਿਣੇ ਸਨ ਜਿਸ ਉਪਰ ਗੰਗੂ ਬੇਈਮਾਨ ਹੋ ਗਿਆ ਤੇ ਉਸਨੇ ਆਪਣੇ ਘਰ ਵਿਚ ਚੰਦ ਗਹਿਣਿਆਂ ਪਿੱਛੇ ਮੁਗਲਾਂ ਨੂੰ ਚੁਗਲੀ ਕਰ ਦਿੱਤੀ ਕਮਾਲ ਹੈ, ਉਹ ਗੁਰੂ ਸਾਹਿਬ ਨਾਲ ਚਾਲੀ ਸਾਲ ਰਿਹਾ ਤੇ ਗੁਰੂ ਜੀ ਦੀ ਸ਼ਖਸੀਅਤ ਦਾ ਉਸ ਉਪਰ ਕੋਈ ਪ੍ਰਭਾਵ ਨਹੀਂ ਰਿਹਾ, ਇਕ ਨੌਕਰ ਨੂੰ ਸੌ ਰੁਪਿਆ ਦੇ ਕੇ ਸਬਜੀ ਮੰਡੀ ਭੇਜੋ, ਨੌਕਰ ਦੀ ਔਕਾਤ ਦਾ ਪਤਾ ਲਗ ਜਾਵੇਗਾ, ਗੁਰੂ ਜੀ ਨੂੰ ਚਾਲੀ ਸਾਲਾਂ ਵਿਚ ਗੰਗੂ ਦੀ ਔਕਾਤ ਦਾ ਪਤਾ ਨਹੀਂ ਲੱਗਿਆ । ਚਮਕੌਰ ਦੀ ਗੜ੍ਹੀ ਛੱਡਣ ਤੋਂ ਪਹਿਲਾਂ ਗੁਰੂ ਜੀ ਨੇ ਦੋ ਹੁਕਮਨਾਮੇ ਬਾਬਾ ਭਾਈ ਰੂਪ ਨੂੰ ਦੋ ਹੁਕਮਨਾਮੇ ਭੇਜੇ ਹਨ ਜੋ ਅੱਜ ਵੀ ਲਿਖਤ ਵਿਚ ਮੌਜੂਦ ਹੈ ਕਿ ਇਕ ਵਾਰ ਗੁਰੂ ਜੀ ਨੇ ਸੌ ਰੁਪਏ ਦੀ ਹੁੰਡੀ ਮੰਗਵਾੲੀ ਤੇ ਇਕ ਵਾਰ ਵੀਹ ਰੁਪਏ ਦੀ । ਪੁਤ ਪੈਸੇ ਪੈਸੇ ਨੂੰ ਤਰਸ ਰਿਹਾ ਤੇ ਮਾਂ ਗਹਿਣੇ ਲਕੋ ਕੇ ਬੈਠੀ ਹੈ ।"
ਆਨੰਦਪੁਰ ਛੱਡਣ ਉਪਰੰਤ ਜਦੋਂ ਪਰਿਵਾਰ ਵਿਛੋੜਾ ਹੁੰਦਾ ਹੈ ਤਾਂ ਮਾਤਾ ਗੁਜ਼ਰੀ ਕੋਲ ਦੋ ਬੱਚੇ ਯਾਨੀ ਸਾਹਿਬਜ਼ਾਦੇ ਵੀ ਹੁੰਦੇ ਹਨ। ਗੁਰੂ ਤੇਗ਼ ਬਹਾਦਰ ਜੀ ਪਹਿਲਾਂ ਹੀ ਸ਼ਹੀਦ ਹੋ ਚੁੱਕੇ ਸਨ ਭਾਵ ਉਦੋਂ ਮਾਤਾ ਗੁਜ਼ਰੀ ਜੀ ਵਿਧਵਾ ਸਨ। ਇਸ ਲਈ ਉਨ੍ਹਾਂ ਦੇ ਕੋਈ ਗਹਿਣਾ ਪਹਿਨਿਆ ਨਹੀਂ ਹੋ ਸਕਦਾ। ਦੂਜੀ ਗੱਲ ਸਿੱਖ ਮਰਿਆਦਾ ਗਹਿਣਿਆਂ ਤੋਂ ਵਰਜਦੀ ਹੋਣ ਕਰਕੇ ਵੀ ਉਨ੍ਹਾਂ ਕੋਲ ਗਹਿਣੇ-ਗੱਟੇ ਹੋਣੇ ਨਹੀਂ ਚਾਹੀਦੇ ਸਨ। ਦੋ ਬੱਚਿਆਂ ਨੂੰ ਚੁੱਕਣ ਬਾਅਦ ਗੱਠੜੀ ਵਿੱਚ ਉਹ ਕਿੰਨੇ ਕੁ ਗਹਿਣੇ ਜਾਂ ਮੋਹਰਾਂ ਆਦਿ ਚੁੱਕ ਸਕਦੇ ਸਨ? ਜ਼ਾਹਿਰ ਹੈ ਬਹੁਤ ਘੱਟ ਹੋਣਗੇ। ਗੰਗੂ ਬ੍ਰਾਹਮਣ ਦੇ ਮਨ ਵਿੱਚ ਆਨੰਦਪੁਰ ਰਹਿੰਦਿਆਂ ਲਾਲਚ ਆਉਂਦਾ ਤਾਂ ਮੰਨਣਯੋਗ ਗੱਲ ਹੈ। ਉਹ ਮੁਗ਼ਲਾਂ ਜਾਂ ਰੰਗੜਾਂ ਨਾਲ ਮਿਲ ਕੇ ਭਾਰੀ ਇਨਾਮ ਹਾਸਿਲ ਕਰ ਸਕਦਾ ਸੀ ਤੇ ਗੁਰੂਘਰ ਦਾ ਜ਼ਿਆਦਾ ਨੁਕਸਾਨ ਕਰ ਸਕਦਾ ਸੀ। ਕੀ ਉਹ ਥੋੜ੍ਹੇ ਜਿਹੇ ਗਹਿਣਿਆਂ ਪਿੱਛੇ ਆਪਣੇ ਲੰਮੇ ਸਮੇਂ ਦੇ ਰਿਸ਼ਤੇ ਨੂੰ ਖਰਾਬ ਕਰਨ ਲਈ ਦ੍ਰਿੜ ਨਿਸਚਾ ਕਰ ਬੈਠਾ ਹੋਵੇਗਾ?
ਗੰਗੂ ਬ੍ਰਾਹਮਣ ਦੇ ਸੰਦਰਭ ਵਿੱਚ ਮੈਂ ਬਹੁਤ ਸਾਰੇ ਵਿਦਵਾਨਾਂ ਨਾਲ ਗੱਲ ਕੀਤੀ ਹੈ ਤੇ ਸਭ ਦਾ ਇਹੀ ਕਹਿਣਾ ਹੈ ਕਿ ਗੰਗੂ ਬ੍ਰਾਹਮਣ ਦਾ ਪੁਰਾਤਨ ਕਿਸੇ ਵੀ ਸ੍ਰੋਤ ਵਿੱਚ ਜ਼ਿਕਰ ਨਹੀਂ ਹੈ। ਗੰਗੂ ਬ੍ਰਾਹਮਣ ਦਾ ਕਾਲਪਨਿਕ ਪਾਤਰ ਘੜਨ ਦਾ ਮਸਕਦ ਕੇਵਲ ਸਿੱਖਾਂ ਦੇ ਮਨਾਂ ਵਿੱਚ ਬ੍ਰਾਹਮਣਾਂ ਲਈ ਨਫਰਤ ਪੈਦਾ ਕਰਨਾ ਹੈ। ਫੇਸਬੁੱਕ ਦੇ ਕਈ ਵਿਦਵਾਨਾਂ ਨੇ ਤਾਂ ਗੰਗੂ ਬ੍ਰਾਹਮਣ ਨੂੰ ਕੌਲ ਗੋਤ ਦੇ ਕੇ ਇੰਦਰਾਂ ਗਾਂਧੀ ਦੇ ਵਡੇਰੇ ਰਾਜ ਕੌਲ ਦਾ ਪਿਉ ਤੱਕ ਦਰਸਾ ਦਿੱਤਾ ਹੈ।ਇੰਦਰਾਂ ਗਾਂਧੀ ਦੇ ਵਡੇਰੇ ਬਹੁਤ ਪਹਿਲਾਂ ਬਾਬਰ ਦੇ ਸਮੇਂ ਕਸ਼ਮੀਰ ਤੋਂ ਇਲਾਹਾਬਾਦ ਆ ਕੇ ਵਸ ਚੁੱਕੇ ਸਨ। ਫਿਰ ਉਹਨਾਂ ਦਾ ਵਡੇਰਾ ਗੰਗੂ ਬ੍ਰਾਹਮਣ ਸਹੇੜੀ ਕਿਵੇਂ ਪਹੁੰਚ ਗਿਆ? ਮੁਗ਼ਲ ਬਾਦਸ਼ਾਹਾਂ ਨਾਲ ਇਸ ਪਰਿਵਾਰ ਦੀ ਮੁੱਢ ਤੋਂ ਹੀ ਨੇੜਤਾ ਰਹੀ ਸੀ। ਇਤਿਹਾਸ ਫਰੋਲ ਕੇ ਦੇਖ ਲਵੋ।ਸਭ ਤੋਂ ਪਹਿਲਾਂ ਇੰਦਰਾ ਗਾਂਧੀ ਦਾ ਰਿਸ਼ਤਾ ਗੰਗੂ ਨਾਲ ਤੋਂ ਪਹਿਲਾਂ ਇੰਦਰਾ ਗਾਂਧੀ ਦਾ ਰਿਸ਼ਤਾ ਗੰਗੂ ਨਾਲ ਜੋੜਨ ਦੀ ਜੱਭਲੀ ਸਤਵੰਤ ਸਿੰਘ ਨੇ ਆਪਣੀ ਪੁਸਤਕ ਸਿੱਖਜ਼ ਇੰਨ ਹਿਸਟਰੀ ਵਿੱਚ ਮਾਰੀ ਸੀ।ਪਰ ਕੋਈ ਬਹੁਤੇ ਸਬੂਤ ਉਹ ਵੀ ਪੇਸ਼ ਨਹੀਂ ਸੀ ਕਰ ਸਕੇ।
ਸਭ ਤੋਂ ਅਹਿਮ ਗੱਲ ਜੋ ਸਿੱਖ ਇਤਿਹਾਸ ਚੀਖ ਕੇ ਨਹੀਂ ਬਲਕਿ ਪਿੱਟ-ਪਿੱਟ ਦੱਸਦਾ ਹੈ ਕਿ ਜਦੋਂ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀ ਸਰਜ਼ਮੀਨ 'ਤੇ ਕਦਮ ਰੱਖੇ ਤਾਂ ਗੁਰੂ ਪਰਿਵਾਰ ਦੇ ਵੈਰੀਆਂ ਨੂੰ ਸਜ਼ਾਵਾਂ ਦੇਣੀਆਂ ਆਰੰਭ ਕੀਤੀਆਂ, ਚਾਹੇ ਉਹ ਸਮਾਣੇ ਦੇ ਜਲਾਦ ਸਨ, ਚਾਹੇ ਫੌਜਦਾਰ ਸਰਹਿੰਦ ਸੀ। ਦੀਵਾਨ ਸੁੱਚਾ ਨੰਦ ਦਾ ਪਿੰਡ ਔੜ ਤਬਾਹ ਕੀਤਾ। ਧੁੰਮੇ ਤੇ ਦਰਬਾਰੀ ਦੀ ਕਰਤੂਤ ਕਾਰਨ ਸਹੇੜੀ (ਖੇੜੀ) ਨਸ਼ਤ-ਓ-ਨਾਬੂਦ ਕਰਕੇ ਉੱਥੋਂ ਦੇ ਬਾਸ਼ਿੰਦਿਆਂ ਨੁੰ ਸਜ਼ਾਵਾਂ ਦਿੱਤੀਆਂ। ਅਗਰ ਗੰਗੂ ਬ੍ਰਾਹਮਣ ਨਾਮ ਦਾ ਕੋਈ ਵਿਅਕਤੀ ਹੁੰਦਾ, ਉਦੋਂ ਤਾਂ ਗੱਲ ਸੱਜਰੀ ਸੀ। ਕੀ ਬੰਦਾ ਬਹਾਦਰ ਉਸਨੂੰ ਤੇ ਉਸਦੇ ਪਰਿਵਾਰ ਨੂੰ ਮਾਰ ਕੇ ਕੰਮ ਨਾ ਨਿਬੇੜ ਦਿੰਦਾ, ਫਿਰ ਇੰਦਰਾ ਗਾਂਧੀ ਉਸਦੇ ਪਰਿਵਾਰ ਵਿੱਚ ਪੈਦਾ ਹੋਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੋਣਾ ਸੀ।
ਸੋਸ਼ਲ ਮੀਡੀਏ 'ਤੇ ਫਿਰਕੂ ਭਾਵਨਾ ਨਾਲ ਕੱਟੜਪੰਥੀਆਂ ਵੱਲੋਂ ਫੈਲਾਈ ਜਾਂਦੀ ਉਹ ਪੋਸਟ ਹੇਠ ਹੂ-ਬਾ-ਹੂ ਸਾਂਝੀ ਕਰ ਰਿਹਾ ਹਾਂ:
***
ਕੀ ਤੁਸੀਂ ਜਾਣਦੇ ਹੋ ? ਗੰਗੂ ਬ੍ਰਾਹਮਣ ਦੀ ਪੀੜੀ ਚੋਂ ਸੀ ਇੰਦਰਾ ਗਾਂਧੀ!
ਗੰਗੂ ਬ੍ਰਾਹਮਣ ਬਾਰੇ ਸਾਰਿਆਂ ਨੂੰ ਹੀ ਪਤਾ ਹੈ। ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਨੂੰ ਸੂਬਾ ਸਰਹੰਦ ਵਜੀਰ ਖਾਨ ਨੂੰ ਫੜਾਉਣ ਵਾਲਾ ਇਹ ਗੰਗੂ ਬ੍ਰਾਹਮਣ ਹੀ ਸੀ। ਇਸੇ ਗੰਗੂ ਦੇ ਇਸ ਪਾਪ ਕਰਕੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਕੇ ਸ਼ਹੀਦ ਕੀਤਾ ਗਿਆ ਸੀ। ਗੁਰੂ ਘਰ ਦਾ ਕਿਸੇ ਸਮੇਂ ਰਸੋਈਆ ਰਿਹਾ ਇਹ ਗੰਗੂ ਨਮਕ ਹਰਾਮ ਨਿਕਲਿਆ ਤੇ ਪਾਪ ਕਮਾ ਗਿਆ। ਅੱਜ ਅਸੀਂ ਦਸਾਂਗੇ ਕਿ ਗੰਗੂ ਬ੍ਰਾਹਮਣ ਦਾ ਇੰਦਰਾ ਗਾਂਧੀ ਨਾਲ ਕੀ ਰਿਸ਼ਤਾ ਹੈ ? ਇੰਦਰਾ ਗਾਂਧੀ ਓਹੀ ਜਿਸਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਸੀ ਤੇ ਗੋਲੀਆਂ-ਤੋਪਾਂ-ਟੈਂਕਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕੀਤਾ ਸੀ। ਅਸਲ ਵਿਚ ਇੰਦਰਾ ਗਾਂਧੀ ਓਸੇ ਗੰਗੂ ਬ੍ਰਾਹਮਣ ਦੀ 7ਵੀਂ ਪੀੜੀ ਤੋਂ ਸੀ। ਜੀ ਹਾਂ…ਗੰਗੂ ਬ੍ਰਾਹਮਣ ਦੀ ਹੀ ਅੱਗੇ ਦੀ ਅੱਗੇ ਔਲਾਦ ਸੀ ਇੰਦਰਾ ਗਾਂਧੀ ਜਿਸਨੇ ਆਪਣੇ ਪੁਰਖਿਆਂ ਵਾਂਗ ਸਿੱਖ ਕੌਮ ਨਾਲ ਵੈਰ ਕਮਾਇਆ।
ਕਿਉਂਕਿ ਗੰਗੂ ਨੇ ਮੁਗ਼ਲ ਹਕੂਮਤ ਦੀ ਮਦਦ ਕੀਤੀ ਸੀ ਇਸ ਕਰਕੇ ਬਾਦਸ਼ਾਹ ਫਰੁਖਸੀਅਰ ਨੇ ਗੰਗੂ ਨੂੰ ਅਲਾਹਾਬਾਦ ਕੋਲ ਇੱਕ ਨਹਿਰ ਦੇ ਕਿਨਾਰੇ ਬੰਗਲਾ ਇਨਾਮ ਵਜੋਂ ਦਿੱਤਾ ਸੀ ਤੇ ਨਾਲ ਕਈ ਏਕੜ ਜਮੀਨ ਵੀ ਦਿੱਤੀ ਸੀ। ਗੰਗੂ ਦੇ ਪੁੱਤਰ ਦਾ ਨਾਮ ਸੀ ਰਾਜ ਕੌਲ। ਕੌਲ ਇੱਕ ਗੋਤ ਹੈ,ਜਾਤ ਹੈ ਬ੍ਰਾਹਮਣਾਂ ਵਿਚ। ਰਾਜ ਕੌਲ ਦਾ ਪੁੱਤਰ ਹੋਇਆ ਲਕਸ਼ਮੀ ਨਰੈਣ,ਉਸਦਾ ਅੱਗੇ ਪੁੱਤਰ ਹੋਇਆ ਗੰਗਾਧਰ ਤੇ ਫਿਰ ਗੰਗਾਧਰ ਦਾ ਪੁੱਤਰ ਹੋਇਆ ਮੋਤੀ ਲਾਲ ਨਹਿਰੂ,ਮੋਤੀ ਲਾਲ ਨਹਿਰੂ ਦਾ ਪੁੱਤਰ ਹੋਇਆ ਪੰਡਿਤ ਜਵਾਹਰਲਾਲ ਨਹਿਰੂ ਤੇ ਜਵਾਹਰਲਾਲ ਨਹਿਰੂ ਦੀ ਧੀ ਸੀ ਇੰਦਰਾ ਗਾਂਧੀ।
ਸੋ ਇਸ ਤਰਾਂ ਇੰਦਰਾ ਗਾਂਧੀ ਗੰਗੂ ਕੌਲ ਦੀ 7ਵੀਂ ਪੀੜੀ ਚੋਂ ਸੀ। ਹੁਣ ਤੁਸੀਂ ਸੋਚੋਗੇ ਕਿ ਗੰਗੂ ਕੌਲ ਦੀ ਤੇ ਜਵਾਹਰਲਾਲ ਫਿਰ ਨਹਿਰੂ ਕਿਵੇਂ ਹੋਇਆ ?? ਅਸਲ ਵਿਚ ਗੰਗੂ ਨੂੰ ਨਹਿਰ ਦੇ ਕਿਨਾਰੇ ਅਲਾਹਾਬਾਦ ਵਿਚ ਬੰਗਲਾ ਇਨਾਮ ਵਜੋਂ ਮਿਲਿਆ ਸੀ ਓਸੇ ਦਾ ਕਰਕੇ ਇਹ ਪਰਿਵਾਰ ਨਹਿਰੂ ਵਜੋਂ ਯਾਨੀ ਨਹਿਰ ਦੇ ਕਿਨਾਰੇ ਰਹਿਣ ਵਾਲਿਆਂ ਕਰਕੇ ਮਸ਼ਹੂਰ ਹੋਗਿਆ ਸੀ।
ਸੋ ਇਸ ਤਰਾਂ ਇਹ ਪਰਿਵਾਰ ਗੰਗੂ ਤੋਂ ਹੀ ਸਿੱਖ ਵਿਰੋਧੀ ਰਿਹਾ ਤੇ ਫਿਰ ਇੰਦਰਾ ਗਾਂਧੀ ਕਿਵੇਂ ਘੱਟ ਕਰਦੀ ?? ਇਹ ਜਾਣਕਾਰੀ ਬਹੁਤ ਘੱਟ ਸੰਗਤ ਨੂੰ ਪਤਾ ਹੈ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
***
ਇੱਕ ਵੱਡਾ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਕਸ਼ਮੀਰ ਦੇ ਕਈ ਪੁਸ਼ਤਾਂ ਦੇ ਜ਼ੱਦੀ ਅੱਤ ਰਈਸ ਬ੍ਰਾਹਮਣ ਕਿਸੇ ਦੇ ਘਰ ਭਾਂਡੇ ਮਾਜਣ ਕਿਵੇਂ ਲੱਗ ਸਕਦੇ ਹਨ?
ਇਸ ਵਾਹੀਯਾਤ ਪੋਸਟ ਨੂੰ ਚੈਂਲਜ਼ ਕਰਦੀ ਬਲਵਿੰਦਰ ਸਿੰਘ ਬਾਈਸਨ ਨੇ ਇੱਕ ਪੋਸਟ ਪਾਈ ਸੀ, ਜੋ ਧਿਆਨ ਦੀ ਮੰਗ ਕਰਦੀ ਹੈ ਤੇ ਤੁਹਾਡੀ ਦਿਲਚਸਪੀ ਲਈ ਇੰਨ-ਬਿੰਨ ਉਵੇਂ ਹੀ ਕਾਪੀ ਪੇਸਟ ਕਰ ਰਿਹਾ ਹਾਂ:
By Balvinder Singh Bison (August 27 at 7:05 PM)
ਗੰਗੂ ਬਾਹਮਣ -ਬਲਵਿੰਦਰ ਸਿੰਘ ਬਾਈਸਨ
ਸੋਸ਼ਲ ਮੀਡਿਆ ਤੇ ਮਸ਼ਹੂਰ ਕੀਤਾ ਜਾ ਰਿਹਾ ਹੈ ਕੀ ਇੰਦਰਾ ਗਾਂਧੀ ਗੰਗੂ ਬਾਹਮਣ ਦੀ ਸਤਵੀਂ ਪੁਸ਼ਤ ਸੀ ..... ਇਹੋ ਜਿਹੇ ਮੈਸੇਜ ਕਿਓਂ ਪ੍ਰਚਾਰੇ ਜਾਂਦੇ ਹਨ, ਇਹ ਖੋਜ ਦਾ ਵਿਸ਼ਾ ਹੈ ਪਰ ਲੋਕੀ ਬਿਨਾ ਸੋਚੇ ਸਮਝੇ ਅਜੇਹੇ ਮੈਸੇਜ ਅੱਗੇ ਵਧਾਉਂਦੇ ਹਨ, ਇਸਨੂੰ ਰੋਕਣ ਦੀ ਜਰੂਰਤ ਹੈ .... ਇੱਕ ਖਾਸ ਤਰਾਂ ਦੀ ਨਫਰਤ ਨੂੰ ਹਵਾ ਦੇਣ ਲਈ ਅਜੇਹੇ ਮੈਸੇਜ ਪ੍ਰਚਾਰੇ ਜਾਂਦੇ ਹਨ !
ਗੱਲ ਨੂੰ ਸਮਝਣ ਲਈ ਹੇਠ ਦਿੱਤਾ ਵੇਰਵਾ ਵੇਖਿਆ ਜਾਵੇ ....
ਗੰਗੂ ਦਾ ਜਨਮ 1650 ਵਿੱਚ ਹੋਇਆ (ਜਿਸ ਵੇਲੇ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਸਾਹਿਬ ਅੱਗੇ 1675 ਵਿੱਚ ਫਰਿਆਦ ਲੈ ਕੇ ਆਏ ਉਸ ਵੇਲੇ ਗੰਗੂ ਦੀ ਉਮਰ ਤਕਰੀਬਨ 25 ਸਾਲ ਦਸੀ ਜਾਂਦੀ ਹੈ .... ਉਸ ਦਾ ਪੁੱਤਰ ਤਕਰੀਬਨ 1680 ਵਿੱਚ ਹੋਇਆ ....... ਇਸ ਤੋਂ ਬਾਅਦ ਦਾ ਸਮਾਂ ਗੁਆਚ ਗਿਆ ਹੈ ....
1680 ਤੋਂ ਲੈ ਕੇ 1827 ਤਕ ਤਕਰੀਬਨ 147 ਸਾਲ ਹੁੰਦੇ ਹਨ ... ਸੱਤ ਪੁਸ਼ਤਾਂ ਵਿਚੋਂ ਪੰਜ ਪੁਸ਼ਤਾਂ ਦੇ ਬੱਚੇ 28 ਤੋਂ 35 ਸਾਲਾਂ ਵਿੱਚ ਹੋਏ .... ਹੁਣ ਕਿਸੀ ਵੀ ਤਰੀਕੇ 147 ਸਾਲਾਂ ਵਿੱਚ ਦੋ ਪੁਸਤਾਂ ਕਿਵੇਂ ਜੰਮਣਗੀਆਂ ... ਕਿਵੇਂ ਸਿੱਧ ਕੀਤਾ ਜਾਵੇਗਾ ?
0. Gangu ------------------- 1650
1. Raj Kaul ---------- 1680
2. Gap of 147 years
3. Gap of 147 years
4. Gangadhar Nehru ----- 1827
5. Moti Lal Nehru ------- 1861
6. Jawaharlal Nehru ------ 1889
7. Indira Gandhi ------ 1917
ਇਸ ਤੋਂ ਅੱਗੇ ਵੀ ਵੇਖਿਆ ਜਾਵੇ ... Law of Average ਵੇਖਣ ਵਾਲਾ ਹੈ !
8. Rajiv Gandhi ----------- 1944
9. Rahul Gandhi ---------- 1970
ਨਾਗਪੁਰ ਤੋਂ ਬਣਿਆ ਇਤਿਹਾਸ ਲੋਕੀ ਸ਼ੇਅਰ ਕਰੀ ਜਾਂਦੇ ਹਨ .... ਹਿਸਾਬ ਵੀ ਤਾਂ ਲਾ ਕੇ ਵੇਖਿਆ ਜਾਵੇ ਕੀ ਕਿਵੇਂ ਹੋ ਸਕਦਾ ਹੈ ??
ਤੁਸੀਂ ਵੀ ਇਨ੍ਹਾਂ ਚੱਕਰਾਂ ਵਿੱਚ ਆ ਗਏ ? ਅਜੇਹੀਆਂ ਪੋਸਟਾਂ ਬਹੁਤ ਕਹੀ ਖਾਸ ਮੰਤਵ ਨਾਲ ਪਾਈਆਂ ਜਾਂਦੀਆਂ ਹਨ .... ਇਹ ਨਾਗ੍ਪੁਰੀ ਤਰੀਕਾ ਹੈ ਇੱਕ ਤਰੀਕੇ ਦੀ ਸੋਚ ਨੂੰ ਵਧਾਵਾ ਦੇਣ ਲਈ ! ਇਸ ਗੰਗੂ ਵਾਲੀ ਗੱਲ ਤੋਂ ਬਿਨਾ ਵੀ ਇੰਦਰਾ ਬਾਰੇ ਵਿਚਾਰ ਪੱਕੇ ਰੱਖੇ ਜਾ ਸਕਦੇ ਹਨ ਪਰ ਗਲਤ ਤਥਾਂ ਤੇ ਅਧਾਰਿਤ ਨਹੀਂ !
ਬਲਵਿੰਦਰ ਸਿੰਘ ਬਾਈਸਨ
***
ਗੰਗੂ ਬ੍ਰਾਹਮਣ ਦਾ ਗੁਰੂ ਕਾਲ ਦੇ ਕਿਸੇ ਸੋਮੇ ਵਿੱਚ ਕੋਈ ਜ਼ਿਕਰ ਨਹੀਂ ਆਉਂਦਾ। ਇਹ ਬਹੁਤ ਬਾਅਦ ਵਿੱਚ ਘੜਿਆ ਗਿਆ ਕਾਲਪਨਿਕ ਪਾਤਰ ਹੈ। ਕੁੱਝ ਸੋਮਿਆਂ ਮੁਤਾਬਿਕ ਮਾਤਾ ਗੁਜ਼ਰੀ ਅਤੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਰਸੋਈਆ ਨਹੀਂ, ਬਲਕਿ ਕੋਈ ਮਸੰਦ ਲੈ ਕੇ ਜਾਂਦਾ ਹੈ। ਉਸ ਮਸੰਦ ਦਾ ਨਾਮ ਕਿੱਧਰੇ ਵਰਣਨ ਕੀਤਾ ਹੋਇਆ ਨਹੀਂ ਮਿਲਦਾ। ਗੰਗੂ ਬ੍ਰਾਹਮਣ ਦੇ ਸੰਦਰਭ ਵਿੱਚ ਸਿੱਖ ਇਤਿਹਾਸਕਾਰ ਡਾ: ਹਰਜਿੰਦਰ ਸਿੰਘ ਇੰਝ ਲਿੱਖਦੇ ਹਨ:
ਕਵੀ ਸੰਤੋਖ ਸਿੰਘ, (ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ) ਗੰਗੂ ਬ੍ਰਾਹਮਣ ਅਤੇ ਮੋਤੀ ਰਾਮ ਮਹਿਰਾ ਨੂੰ ਨਹੀਂ ਮੰਨਦਾ
-: ਡਾ. ਹਰਜਿੰਦਰ ਸਿੰਘ ਦਿਲਗੀਰ
ਕਵੀ ਸੰਤੋਖ ਸਿੰਘ, (ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ) ਜਿਲਦ ਚੌਦਵੀਂ, ਸਫ਼ੇ 5946 ਤੋਂ 5957 (12 ਸਫ਼ੇ) ਵਿਚ ਨਿੱਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਿਰਤਾਂਤ ਲਿਖਦਾ ਹੈ। ਉਸ ਦੇ ਖ਼ਾਸ ਨੁਕਤੇ ਇਹ ਹਨ:
ਸਫ਼ਾ 5946 = ਸਾਹਿਬਜ਼ਾਦਿਆਂ ਨੂੰ ਖੇੜੀ (ਕਵੀ ਸਹੇੜੀ ਨਹੀਂ ਲਿਖਦਾ) ਆਪਣੇ ਘਰ ਲਿਜਾਣ ਵਾਲਾ ਬ੍ਰਾਹਮਣ “ਮਸੰਦ” ਰਹਿ ਚੁਕਾ ਸੀ। ਸੰਤੋਖ ਸਿੰਘ ਨੇ ਕਿਤੇ ਗੰਗੂ ਰਸੋਈਏ ਦਾ ਨਾਂ ਤਕ ਨਹੀਂ ਲਿਖਿਆ, ਬ੍ਰਾਹਮਣ ਮਸੰਦ ਲਿਖਿਆ ਹੈ।
ਸਫ਼ਾ 5947, 5948 = ਸੰਤੋਖ ਸਿੰਘ ਨੇ ਇਕ ਬ੍ਰਾਹਮਣ (ਮਸੰਦ) ਲਿਖਿਆ ਹੈ। ਕਿਤੇ ਗੰਗੂ ਰਸੋਈਏ ਦਾ ਨਾਂ ਤਕ ਨਹੀਂ ਲਿਖਿਆ।
ਸਫ਼ਾ 5950, 5951, 5952 = ਸੰਤੋਖ ਸਿੰਘ ਨੇ ਵੱਡੇ ਸਾਹਿਬਜ਼ਾਦੇ ਦਾ ਨਾਂ ਜ਼ੋਰਾਵਰ ਸਿੰਘ ਨਹੀਂ ਜੁਝਾਰ ਸਿੰਘ ਲਿਖਿਆ ਹੈ, ਜੋ ਕਿ ਚਮਕੌਰ ਵਿਚ ਸ਼ਹੀਦ ਹੋ ਚੁਕਾ ਸੀ। ਤਿੰਨ ਸਫ਼ਿਆਂ ਵਿਚ ਜੁਝਾਰ ਸਿੰਘ 7 ਵਾਰ ਆਉਂਦਾ ਹੈ (5950=1 ਵਾਰ, 5951= 2ਵਾਰ, 5953= 3 ਵਾਰ)। ਭਾਈ ਵੀਰ ਸਿੰਘ ਸੰਪਾਦਨ ਕਰਦਿਆਂ ਵੀ ਜ਼ੋਰਾਵਰ ਸਿੰਘ ਨਹੀਂ ਲਿਖਦਾ। ਯਾਨਿ ਉਹ ਵੀ ਸਰਹੰਦ ਵਿਚ ਸ਼ਹੀਦ ਹੋਣ ਵਾਲੇ ਸਾਹਿਬਜ਼ਾਦੇ ਦਾ ਨਾਂ ਜੁਝਾਰ ਸਿੰਘ ਹੀ ਮੰਨਦਾ ਹੈ,
ਸਫ਼ਾ 5956 = ਸੰਤੋਖ ਸਿੰਘ ਮੁਤਾਬਿਕ ਟੋਡਰ ਮੱਲ ਮਾਤਾ ਜੀ ਨੂੰ ਠੰਡੇ ਬੁਰਜ ਵਿਚ ਮਿਲਣ ਆਉਂਦਾ ਹੈ। ਮਾਤਾ ਗੁਜਰੀ ਜੀ ਦੇ ਮੰਗਣ ’ਤੇ ਉਹ ਹੀਰਾ ਦੇਂਦਾ ਹੈ। ਮਾਤਾ ਜੀ ਹੀਰਾ ਨਿਗਲ ਕੇ ਜਾਨ ਦੇ ਦੇਂਦੇ ਹਨ। ਕਵੀ ਮਾਤਾ ਜੀ ਤੋਂ ਖ਼ੁਦਕੁਸ਼ੀ ਕਰਵਾਉਂਦਾ ਹੈ। ਉਹ ਹੀ ਤਿੰਨਾਂ ਦੀਆਂ ਦੇਹਾਂ ਦਾ ਸਸਕਾਰ ਕਰਦਾ ਹੈ।
ਸੋ, ਇਹ ਸਾਬਿਤ ਹੁੰਦਾ ਹੈ ਕਿ:
ਸੰਤੋਖ ਸਿੰਘ ਕਿਤੇ ਗੰਗੂ ਦਾ ਨਾਂ ਨਹੀਂ ਦੇਂਦਾ। ਉਹ ਬਿਪਰ ਨੂੰ ਮਸੰਦ ਕਹਿੰਦਾ ਹੈ, ਨਾ ਕਿ ਗੁਰੁ ਜੀ ਦਾ ਰਸੋਈਆ।
ਸੰਤੋਖ ਸਿੰਘ ਕਿਸੇ ਮੋਤੀ ਰਾਮ ਮਹਿਰਾ ਦਾ ਜ਼ਰਾ ਮਾਸਾ ਜ਼ਿਕਰ ਨਹੀਂ ਕਰਦਾ, ਨਾਂ ਤਕ ਨਹੀਂ ਦੇਂਦਾ।
ਸੰਤੋਖ ਸਿੰਘ ਲਿਖਦਾ ਹੈ ਕਿ ਟੋਡਰ ਮੱਲ ਮਾਤਾ ਜੀ ਨੂੰ ਹੀਰਾ ਦੇਂਦਾ ਹੈ ਤੇ ਮਾਤਾ ਜੀ ਖ਼ੁਦਕੁਸ਼ੀ ਕਰਦੇ ਹਨ।
ਸੰਤੋਖ ਸਿੰਘ ਟੋਡਰ ਮੱਲ ਵੱਲੋਂ ਮੁਹਰਾਂ ਦੇ ਕੇ ਜ਼ਮੀਨ ਲੈਣ ਦੀ ਗੱਲ ਨਹੀਂ ਲਿਖਦਾ।
***
ਬਹਿਰਹਾਲ, ਕੁੱਝ ਸਮਾਂ ਪਹਿਲਾਂ ਦਲੀਪ ਸਿੰਘ ਗ੍ਰਿਫਤ ਨੇ ਇੱਕ ਲਿੱਖਤ ਫੇਸਬੁੱਕ ਉੱਪਰ ਸਾਝੀ ਕੀਤੀ ਸੀ। ਇੱਥੇ ਉਹ ਉਵੇਂ ਸ਼ੇਅਰ ਕਰ ਰਹਾ ਹਾਂ, ਇਹ ਪੜ੍ਹ ਕੇ ਆਪ ਹੀ ਫੈਸਲਾ ਕਰ ਲਵੋ ਕਿ ਗੰਗੂ ਬ੍ਰਾਹਮਣ ਅਸਲ ਪਾਤਰ ਹੈ ਜਾਂ ਕਾਲਪਨਿਕ:
Dalip Griffith January 2, 2017
ਹਰਨਾਮ ਸਿੰਘ ਧੁੰਮਾ ਕੌਣ ਹੈ? --ਲੇਖਕ ਦਲੀਪ ਸਿੰਘਮਾਰੀ
ਲ਼ੋਕ ਜਿਸ ਹਰਨਾਮ ਸਿੰਘ ਧੁੰਮਾ ਨੂੰ ਦਮਦਮੀ ਟਕਸਾਲ ਦਾ ਮੁਖੀ ਵਜੋਂ ਜਾਣਦੇ ਹਨ, ਉਸ ਦਾ ਪਿਛੋਕੜ ਬਹੁਤ ਘਟ ਲੋਕ ਜਾਣਦੇ ਹੋਣਗੇ। ਮੈਂ ਮਾਲ ਮਹਿਕਮੇ ਦੀ ਨੌਕਰੀ ਕਰਦਿਆਂ ਰਾਜਪੁਰਾ ਦੇ ਪਿੰਡਾਂ ਖੇੜਾ ਗੱਜੂ, ਲਹਿਲਾਂ, ਧੁੰਮਾ, ਉਚਾ ਖੇੜਾ, ਰਾਏ ਮਾਜਰਾ ਆਦਿਕ ਵਿਚ ਜਾਂਦਾ ਰਿਹਾ ਹਾਂਮਾਰੀ ਇਸ ਕਰ ਕੇ ਮੈਨੂੰ ਇਸ ਟੱਬਰ ਦੀ ਵਾਸਤਵਿਕਤਾ ਦਾ ਗਿਆਨ ਹੈ।ਹਰਨਾਮ ਸਿੰਘ ਧੁੰਮਾ ਦੇ ਵੱਡੇ ਵਡੇਰੇ ਮੋਰਿੰਡਾ ਦੇ ਨਿਕਟ ਗਾਂਵ ਸਹੇੜੀ ਦੇ ਵਸਨੀਕ ਸਨ। ਸ੍ਰੀ ਗੁਰੁ ਤੇਗ ਬਹਾਦਰ ਜੀ ਮਹਾਰਾਜ ਵੇਲੇ ਇਸ ਪਿੰਡ ਦੇ ਦੋ ਭਰਾ ਧੁੰਮਾ ਤੇ ਦਰਬਾਰੀ ਸਿੱਖ ਪੰਥ ਦੇ ਮਸੰਦ ਹੁੰਦੇ ਸਨ। ਜਦ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਸੰਦ ਪ੍ਰਥਾ ਸਮਾਪਤ ਕੀਤੀ ਤਾਂ ਇਹ ਦੋਵੇਂ ਵੀ ਸੇਵਾ ਤੋਂ ਹਟਾ ਦਿੱਤੇ ਗਏ। ਉਨ੍ਹਾਂ ਕੋਲ ਚੰਗੀ ਭੋਇੰ ਸੀ ਜਿਸ ਨਾਲ ਉਨ੍ਹਾਂ ਦਾ ਗੁਜਾਰਾ ਚੰਗਾ ਚਲਦਾ ਰਿਹਾ ਸੀ। ਜਦ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪਰਵਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਨਿਕਲਣਾ ਪਿਆ ਤਾਂ ਉਥੋਂ ਚਲ ਕੇ ਸਰਸਾ ਨਦੀ ਪਾਰ ਕਰ ਕੇ ਮਾਤਾ ਗੁਜਰੀ ਅਤੇ ਨੰਨ੍ਹੇ ਸਾਹਿਬਜ਼ਾਦੇ ਚਮਕੌਰ ਆ ਗਏ।ਉਸ ਦਿਨ ਅਚਾਣਕ ਦੋਵੇਂ ਭਰਾ ਧੁੰਮਾ ਤੇ ਦਰਬਾਰੀ ਉਥੇ ਆਏ ਹੋਏ ਸਨ। ਉਹ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਪਿੰਡ ਸਹੇੜੀ ਲੈ ਗਏ। ਫਿਰ ਇਤਿਹਾਸ ਸਾਰਾ ਪੰਥ ਜਾਣਦਾ ਹੈ ਕਿ ਕਿਵੇਂ ਇਨ੍ਹਾਂ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਵਾ ਕੇ ਸਰਹੰਦ ਦੇ ਸੂਬੇਦਾਰ ਦੇ ਹਵਾਲੇ ਕਰ ਕੇ ਸ਼ਹੀਦ ਕਰਵਾਇਆ ਸੀ।ਬੰਦਾ ਸਿੰਘ ਬਹਾਦਰ ਵੇਲੇ ਸਿੱਖ ਫ਼ੌਜਾਂ ਨੇ ਸਹੇੜੀ ਤੇ ਵੀ ਧਾਵਾ ਬੋਲਿਆ ਸੀ ਤੇ ਧੁੰਮਾ ਤੇ ਦਰਬਾਰੀ ਤੇ ਉਨ੍ਹਾਂ ਦੇ ਟੱਬਰ ਨੂੰ ਕਤਲ ਕਰ ਕੇ ਉਨ੍ਹਾਂ ਦਾ ਘਰ ਸਾੜ ਦਿੱਤਾ ਤੇ ਪਿੰਡ ਨੂੰ ਤਬਾਹ ਕਰ ਦਿੱਤਾ ਸੀ। ਧੁੰਮੇ ਦਾ ਨਿੱਕਾ ਮੁੰਡਾ ਧੌਲਾ ਨਾਨਕੇ ਪਿੰਡ ਮਾਜਰੀ (ਸਰਹੰਦ ਤੋਂ ਦਸ ਕੋਸ ਦੂਰ, ਸਰਾਇ ਬਣਜਾਰਾ ਤੇ ਖੇੜਾ ਗੱਜੂ ਦੇ ਵਿਚਕਾਰ) ਗਿਆ ਹੋਣ ਕਰ ਕੇ ਬਚ ਗਿਆ ਸੀ। ਜਦ ਨਾਨਕਿਆਂ ਨੂੰ ਧੌਲੇ ਦੇ ਬਾਪ ਤੇ ਚਾਚੇ ਦਾ ਖ਼ਾਨਦਾਨ ਸਿੱਖਾਂ ਹੱਥੋਂ ਮਾਰੇ ਜਾਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਧੌਲ਼ੇ ਨੂੰ ਲੁਕਾ ਲਿਆ। ਇਸ ਤਰ੍ਹਾਂ ਧੌਲਾ ਬਚਿਆ ਰਿਹਾ। ਉਹ ਵਿਆਹ ਕਰ ਕੇ ਮਾਜਰੀ ਹੀ ਰਹਿੰਦਾ ਰਿਹਾ ਤੇ ਤੇ ਉਸ ਦਾ ਟੱਬਰ ਵੀ ਬਚਿਆ ਰਿਹਾ। ਮਾਜਰੀ ਪਿੰਡ ਦੇ ਦੁਆਲੇ ਉਸ ਵੇਲੇ ਭੋਇੰ ਬੰਜਰ ਸੀ। ਇਸ ਟੱਬਰ ਨੇ ੁੳਸ ਨੂੰ ਖੇਤੀ ਜੋਗੀ ਕਰ ਲਿਆ ਤੇ ਗੁਜਾਰਾ ਕਰਦੇ ਰਹੇ। ਧੁੰਮੇ ਦੀ ਔਲਾਦ ਹੋਣ ਕਰ ਕੇ ਇਨ੍ਹਾਂ ਦੀ ਭੋਇੰ ਵਾਲੀ ਥਾਂ ਦਾ ਨਾਂ ਵੀ ਧੁੰਮਾ ਪੈ ਗਿਆ। ਇਹ ਇਲਾਕਾ ਵਧੇਰੇ ਕਰ ਕੇ ਮੁਸਲਮਾਨਾਂ ਦਾ ਸੀ ਪਰ ਲੋਕ ਇਹ ਨਹੀਂ ਸਨ ਜਾਣਦੇ ਕਿ ਇਹ ਉਸੇ ਟੱਬਰ ਵਿਚੋਂ ਹਨ ਜਿਨ੍ਹਾਂ ਨੇ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਵਾਇਆ ਸੀ। ਇਸ ਤਰ੍ਹਾਂ ਇਹ ਬਚੇ ਰਹੇ। ਦੂਜੇ ਪਾਸੇ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਵਾਉਣ ਦੀ ਗੱਲ ਸਿੱਖਾਂ ਨੂੰ ਕਦੇ ਨਹੀਂ ਸੀ ਭੁੱਲਣੀ, ਇਸ ਕਰ ਕੇ ਇਨ੍ਹਾਂ ਨੇ ਵੀ ਚੁੱਪ ਰੱਖੀ। ਹੌਲੀ ਹੌਲੀ ਪੰਜਾਬ ਵਿਚ ਮੁਗਲਾਂ ਦਾ ਰਾਜ ਸਮਾਪਤ ਹੋ ਗਿਆ ਤੇ ਸਿੱਖ ਮਿਸਲਾਂ ਦਾ ਰਾਜ ਆ ਗਿਆ। ਇਨ੍ਹਾਂ ਨੂੰ ਹੁਣ ਸਗੋਂ ਵਧ ਡਰ ਲਗਣ ਲਗ ਪਿਆ ਕਿਉਂ ਕਿ ਉਨ੍ਹਾਂ ਨੂੰ ਆਪਣੇ ਪਿਛੋਕੜ ਦਾ ਪਤਾ ਲਗਣ ਦਾ ਤੌਖਲਾ ਹੋ ਰਿਹਾ ਸੀ।ਇਸ ਕਰ ਕੇ ਧੌਲੇ ਦਾ ਪੜਪੋਤਾ ਝੰਡਾ ਬਹੁਤ ਚੁਸਤ ਸੀ। ਉਸ ਨੇ ਇਕ ਚਲਾਕੀ ਸੋਚੀ। ਉਹ ਇਕ ਵਾਰ ਅੰਮ੍ਰਿਤਸਰ ਗਿਆ ਜਿਥੇ ਉਸ ਨੇ ਗਿਆਨੀਆਂ ਦੇ ਟੱਬਰ (ਸੂਰਤ ਸਿੰਘ ਤੇ ਸੰਤ ਸਿੰਘ ਗਿਆਨੀ) ਕੋਲੋਂ ਖੰਡੇ ਦੀ ਪਾਹੁਲ ਲੈ ਲਈ ਤੇ ਝੰਡਾ ਸਿੰਘ ਬਣ ਗਿਆ। ਉਹ ਗਿਆਨੀਆਂ ਦੇ ਬੁੰਗੇ ਵਿਚ ਸੇਵਾ ਵੀ ਕਰਨ ਲਗ ਪਿਆ। ਉਸ ਨੂੰ ਪੜ੍ਹਨ ਲਿਖਣ ਦਾ ਸ਼ੌਕ ਵੀ ਸੀ। ਇਕ ਵਾਰ ਉਹ ਧੁੰਮਾ ਪਿੰਡ ਤੋਂ ਅੰਮ੍ਰਿਤਸਰ ਗਿਆ ਹੋਇਆ ਸੀ। ਉਥੇ ਕੈਥਲ ਤੋਂ ਸੰਤੋਖ ਸਿੰਘ ਕਵੀ ਅਇਆ ਹੋਇਆ ਸੀ। ਉਹ ਇਸ ਨੂੰ ਨਾਲ ਲੈ ਗਿਆ। ਇਸ ਨੇ ਉਸ ਨੂੰ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਵਾਉਣ ਦੀ ਨਵੀਂ ਕਹਾਣੀ ਬਣਾ ਕੇ ਸੁਣਾ ਦਿੱਤੀ ਤੇ ਇਸ ਦਾ ਦੋਸ਼ੀ ਕਾਲਪਨਿਕ ਗੰਗੂ ਨੂੰ ਬਣਾ ਦਿੱਤਾ। ਝੰਡਾ ਸਿੰਘ ਦਾ ਦਾਅ ਕਾਮਯਾਬ ਹੋਇਆ ਤੇ ਸੰਤੋਖ ਸਿੰਘ ਨੇ ਝੰਡੇ ਦੇ ਪੜਦਾਦੇ ਧੁੰਮਾ ਦੀ ਥਾਂ ਗੰਗੂ ਨੂੰ ਖਲਨਾਇਕ ਬਣਾ ਦਿੱਤਾ। ਇੰਜ ਝੰਡੇ ਨੇ ਆਪਣੇ ਵਡੇਰਿਆਂ ਨੂੰ ਇਤਿਹਾਸ ਵਿਚੋਂ ਬਰੀ ਕਰਵਾ ਲਿਆ। ਇਨ੍ਹਾਂ ਦਾ ਇਲਾਕਾ ਮਹਾਰਾਜਾ ਪਟਿਆਲਾ ਦੀ ਰਿਆਸਤ ਵਿਚ ਪੈਂਦਾ ਸੀ। ਇਹ ਮਹਾਰਾਜਿਆਂ ਦੇ ਵਫ਼ਾਦਾਰ ਬਣ ਗਏ ਤੇ ਪੁਲਸ ਦੇ ਮੁਖ਼ਬਰ ਬਣ ਕੇ ਸੁਰੱਖਿਅਤ ਰਹੇ। ਜਦ ਅਕਾਲੀ ਲਹਿਰ ਸ਼ੁਰੂ ਹੋਈ ਤਾਂ ਇਨ੍ਹਾਂ ਨੇ ਡਟ ਕੇ ਮਹੰਤਾਂ ਦਾ ਸਾਥ ਦਿੱਤਾ। 1947 ਤੋਂ ਮਗਰੋਂ ਮਹਾਰਾਜਿਆਂ ਦੀਆਂ ਰਿਆਸਤਾਂ ਟੁੱਟੀਆਂ ਤਾਂ ਇਹ ਅਕਾਲੀਆਂ ਵਿਚ ਸ਼ਾਮਿਲ ਹੋ ਗਏ ਤਾਂ ਜੋ ਕੋਈ ਇਨ੍ਹਾਂ ਦੇ ਪਿਛੋਕੜ ਵਲ ਇਸ਼ਾਰਾ ਵੀ ਨਾ ਕਰ ਸਕੇ। ਮਗਰੋਂ ਇਸ ਟੱਬਰ ਦੇ ਇਕ 19 ਸਾਲਾ ਨੌਜਵਾਨ ਤਰਲੋਚਨ ਸਿੰਘ ਨੇ 1955 ਵਿਚ ਅਕਾਲੀਆਂ ਵਿਚ ਸ਼ਾਮਿਲ ਹੋ ਕੇ ਚੰਗਾ ਦਖਲ ਬਣਾ ਲਿਆ ਤੇ ਜਥੇਦਾਰ ਅਖਵਾਉਂਦਾ ਰਿਹਾ (ਸਤੰਬਰ 2016 ਵਿਚ ਉਸ ਦੀ ਮੌਤ ਹੋਈ)।ਉਧਰ ਕਈ ਦਹਾਕੇ ਲੋਕੀਂ ਸੰਤੋਖ ਸਿੰਘ ਦਾ ਸੂਰਜ ਪ੍ਰਕਾਸ਼ ਸੁਣਦੇ ਰਹੇ ਤੇ ਇਤਿਹਾਸ ਸੁਣਦੇ ਰਹੇ ਤੇ ਤਿੰਨ-ਚਾਰ ਪੁਸ਼ਤਾਂ ਮਗਰੋਂ ਲੋਕ ਧੁੰਮਾ ਤੇ ਦਰਬਾਰੀ ਨੂੰ ਭੁੱਲ ਕੇ ਗੰਗੂ ਗੰਗੂ ਕਰਨ ਲਗ ਪਏ। ਕਵੀਆਂ ਨੇ ਗੰਗੂ ਨੂੰ ਹੋਰ ਵੀ ਪ੍ਰਸਿੱਧ ਕਰ ਦਿੱਤਾ। ਪਰ 1983 ਵਿਚ ਜਦ ਪਿਆਰਾ ਸਿੰਘ ਪਦਮ ਨੇ ਸਵਰੂਪ ਸਿੰਘ ਕੌਸ਼ਿਸ਼ ਦੀ ਪੁਸਤਕ ਗੁਰੁ ਕੀਆਂ ਸਾਖੀਆਂ ਛਾਪੀ ਅਤੇ ਉਨ੍ਹੀਂ ਦਿਨੀ ਹੀ ਪੁਸਤਕ ਕਥਾ ਗੁਰੁ ਕੇ ਸੁਤਨ ਕੀ ਦਾ ਖਰੜਾ ਵੀ ਛਪ ਗਿਆ ਤਾਂ ਇਸ ਟੱਬਰ ਨੂੰ ਫਿਰ ਡਰ ਲਗਣ ਲਗ ਪਿਆ ਕਿ ਕਿਧਰੇ ਸਾਡਾ ਭੇਤ ਹੀ ਨਾ ਖੁਲ੍ਹ ਜਾਵੇ। ਇਸ ਕਰ ਕੇ ਤਰਲੋਚਨ ਸਿੰਘ ਨੇ ਆਪਣੇ ਮੁੰਡੇ ਹਰਨਾਮ ਨੂੰ ਟਕਸਾਲੀਆਂ ਕੋਲ ਚੌਕ ਮਹਿਤਾ ਭੇਜ ਦਿੱਤਾ। ਹਰਨਾਮ ਨੇ ਉਥੇ ਜਾ ਕੇ ਅੰਮ੍ਰਿਤ ਛਕ ਲਿਆ ਤੇ ਬਾਬਾ ਠਾਕਰ ਸਿੰਘ ਦਾ ਗੜਵਈ ਬਣ ਗਿਆ। ਉਸ ਮਗਰੋਂ ਦੀ ਕਹਾਣੀ ਸਭ ਜਾਣਦੇ ਹਨ ਕਿ ਕਿਵੇਂ ਉਸ ਨੇ ਕੇ.ਪੀ. ਸਿੰਘ ਗਿੱਲ ਰਾਹੀਂ ਪਾਸਪੋਰਟ ਪ੍ਰਾਪਤ ਕੀਤਾ ਅਤੇ ਅਮਰੀਕਾ ਦਾ ਵੀਜ਼ਾ ਲਿਆ ਅਤੇ ਕਿਵੇਂ ਉਹ ਦਮਦਮੀ ਟਕਸਾਲ ਦਾ ਮੁਖੀ ਬਣਿਆ।ਇਹ ਹੈ ਸਚ ਹਰਨਾਮ ਸਿੰਘ ਧੁੰਮਾ ਦਾ। ਇਹ ਉਹੀ ਟੱਬਰ ਹੈ ਜਿਸ ਨੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਵਾ ਕੇ ਸ਼ਹੀਦ ਕਰਵਾਇਆ ਸੀ। ਹੁਣ ਵੀ ਜਦ ਵੀ ਕੋਈ ਧੁੰਮਾ ਤੇ ਦਰਬਾਰੀ ਦਾ ਨਾਂ ਲੈਂਦਾ ਹੈ ਤਾਂ ਇਹਦੇ ਚਿਹਰੇ ਦਾ ਰੰਗ ਉਡ ਜਾਂਦਾ ਹੈ।
-ਲੇਖਕ ਦਲੀਪ ਸਿੰਘ
___
ਅੰਤ ਵਿੱਚ ਇਹੀ ਸਿੱਟਾ ਨਿਕਲਦਾ ਹੈ ਕਿ ਸ਼ਰਾਰਤੀ ਅਨਸਰਾਂ ਵੱਲੋਂ ਹਿੰਦੂਆਂ ਖਾਸਕਰ ਬ੍ਰਾਹਮਣਾਂ ਨਾਲ ਸਿੱਖਾਂ ਦੀ ਨਫਰਤ ਪੈਦਾ ਕਰਨ ਦੀ ਭਾਵਨਾ ਨਾਲ ਗੰਗੂ ਪਾਤਰ ਘੜਿਆ ਗਿਆ ਹੈ। ਢਾਡੀਆਂ ਕਵੀਸ਼ਰਾਂ ਨੇ ਸੰਘ ਪਾੜ ਪਾੜ ਗੰਗੂ ਕ੍ਰਿਤਘਣ, ਗੰਗੂ ਪਾਪੀ, ਗੰਗੂ ਲਾਲਚੀ ਕਹਿ ਕੇ ਅਜਿਹਾ ਭੰਡਿਆ ਤੇ ਬਦਨਾਮ ਕੀਤਾ ਕਿ ਅੱਜ ਪੰਜਾਬ ਦੀ ਬ੍ਰਹਮਣਜਾਤੀ ਨੂੰ ਪੂਰੀ ਤਰ੍ਹਾਂ ਨਮੋਸ਼ੀ ਤੇ ਬੇਇਤਬਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਹੁਣ ਤੁਹਾਨੂੰ ਦੱਸਦੇ ਹਾਂ ਕਿ ਗੰਗੂ ਬ੍ਰਾਹਮਣ ਦਾ ਪਾਤਰ ਚੁੱਕਿਆ ਕਿੱਥੋਂ ਗਿਆ ਹੈ। ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਵਾਰ 32 ਛੰਦ 18 ਸੱਤਰ 1-7 ਵਿੱਚ ਇੱਕ ਗੰਗੂ ਨਾਮ ਦੇ ਗੁੰਗੇ ਤੇਲੀ ਅਤੇ ਬ੍ਰਾਹਮਣ ਦੀ ਕਥਾ ਦਾ ਵਰਣਨ ਆਉਂਦਾ ਹੈ:-
ਗੋਸਟਿ ਗਾਂਗੇ ਤੇਲੀਐ ਪੰਡਤ ਨਾਲ ਹੋਵੈ ਜਗੁ ਦੇਖੈ॥
ਖਡ਼ੀ ਕਰੈ ਇਕ ਅੰਗੁਲੀ ਗਾਂਗਾ ਦੁਇ ਵੇਖਾਲੈ ਰੇਖੈ॥
ਫੇਰਿ ਉਚਾਇ ਪੰਜਾਂਗੁਲਾ ਗਾਂਗਾ ਮੁਠਿ ਹਲਾਏ ਅਲੇਖੈ॥
ਪੈਰੀਂ ਪੈ ਉਠਿ ਚਲਿਆ ਪੰਡਿਤੁ ਹਾਰ ਭੁਲਾਵੈ ਭੇਖੈ॥
ਨਿਰਗੁਣੁ ਸਰਗੁਣੁ ਅੰਗ ਦੁਇ ਪਰਮੇਸਰੁ ਪੰਜਿ ਮਿਲਨ ਸਰੇਖੈ॥
ਅਖੀਂ ਦੋਵੈਂ ਭੰਨਸਾਂ ਮੁਕੀ ਲਾਇ ਹਲਾਇ ਨਿਮੇਖੈ॥
ਮੂਰਖ ਪੰਡਿਤੁ ਸੁਰਤਿ ਵਿਸੇਖੈ ॥੧੮॥
ਕਥਾ ਅਨੁਸਾਰ ਇੱਕ ਬ੍ਰਾਹਮਣ ਨੂੰ ਆਪਣੇ ਗਿਆਨ ਦਾ ਹੰਕਾਰ ਹੋ ਜਾਂਦਾ ਹੈ ਤੇ ਉਹ ਰਾਜੇ ਨੂੰ ਕਹਿੰਦਾ ਹੈ ਕਿ ਤੇਰੇ ਰਾਜ ਵਿੱਚ ਕੋਈ ਵਿਦਵਾਨ ਮੈਨੂੰ ਬਹਿਸ ਵਿੱਚ ਹਰਾ ਕੇ ਦਿਖਾਵੇ। ਰਾਜਾ ਆਪਣੇ ਰਾਜ ਪ੍ਰੋਹਿਤ ਨੂੰ ਬੁਲਾਉਂਦਾ ਹੈ। ਰਾਜ ਪ੍ਰੋਹਿਤ ਬ੍ਰਾਹਮਣ ਦੀਆਂ ਪੋਥੀਆਂ ਦੇਖ ਕੇ ਡਰ ਜਾਂਦਾ ਹੈ। ਬ੍ਰਾਹਮ ਹੰਕਾਰ ਵਿੱਚ ਕਹਿੰਦਾ ਹੈ ਕਿ ਕਿਹੋ ਜਿਹੇ ਵਿਦਵਾਨ ਤੂੰ ਰੱਖੇ ਹੋਏ ਨੇ? ਮੈਨੂੰ ਆਪਣਾ ਰਾਜ ਗੁਰੂ ਬਣਾ। ਰਾਜਾ ਕਹਿੰਦਾ ਹੈ ਇੱਕ ਮੌਕਾ ਦੇ ਮੈਂ ਕੋਈ ਵਿਦਵਾਨ ਲੱਭਦਾ ਹਾਂ। ਰਾਜਾ ਨਗਰ ਵਿੱਚ ਢਿੰਡੋਰਾ ਫਿਰਵਾ ਦਿੰਦਾ ਹੈ ਕਿ ਜੇ ਕੋਈ ਬ੍ਰਾਹਮਣ ਨੂੰ ਗਿਆਨ ਵਿੱਚ ਹਰਾ ਦੇਵੇਗਾ ਤਾਂ ਉਸਨੂੰ ਭਾਰੀ ਇਨਾਮ ਦਿੱਤੇ ਜਾਣਗੇ। ਇੱਕ ਗੂੰਗੂ ਨਾਮ ਦਾ ਤੇਲੀ, ਜੋ ਇੱਕ ਅੱਖ ਤੋਂ ਕਾਣਾ, ਗੂੰਗਾ ਅਤੇ ਬਹਿਰਾ ਹੁੰਦਾ ਹੈ, ਰਾਜੇ ਨੂੰ ਕਹਿੰਦਾ ਹੈ ਮੇਂ ਪੰਡਤ ਨਾਲ ਬਹਿਸ ਕਰਾਂਗਾ। ਰਾਜਾ ਸ਼ਰਤ ਰੱਖਦਾ ਹੈ ਕਿ ਪੰਤਤ ਦੋ ਸਵਾਲ ਪੁੱਛੇਗਾ ਅਗਰ ਜੁਆਬ ਨਾ ਦੇ ਸਕਿਆ ਤਾਂ ਸਿਰ ਕਲਮ ਕਰ ਦਿੱਤਾ ਜਾਵੇਗਾ। ਗੰਗੂ ਕਹਿੰਦਾ ਹੈ ਠੀਕ ਹੈ ਮੈਂ ਇਸ਼ਾਰਿਆ ਵਿੱਚ ਜੁਆਬ ਦੇਵਾਂਗਾ। ਬ੍ਰਾਹਮਣ ਪਹਿਲਾ ਸਵਾਲ ਕਰਦਾ ਹੋਇਆ ਇੱਕ ਉਂਗਲ ਖੜੀ ਕਰਕੇ ਦਿਖਾਉਂਦਾ ਹੈ। ਗੰਗੂ ਦੋ ਉਂਗਲਾਂ ਖੜੀਆਂ ਕਰ ਦਿੰਦਾ ਹੈ। ਫਿਰ ਬ੍ਰਾਹਮਣ ਪੰਜ ਉਂਗਲਾਂ ਖੜੀਆਂ ਕਰਦਾ ਹੈ ਤੇ ਗੰਗੂ ਮੁੱਠੀ ਮੀਚ ਕੇ ਦਿਖਾ ਦਿੰਦਾ ਹੈ। ਬ੍ਰਾਹਮਣ ਗੰਗੂ ਦੇ ਪੈਰੀਂ ਪੈ ਜਾਂਦਾ ਹੈ। ਲੋਕ ਹੈਰਾਨ ਹੁੰਦੇ ਹਨ ਤੇ ਬ੍ਰਾਹਮਣ ਨੂੰ ਪੁੱਛਦੇ ਹਨ ਕਿ ਉਸਨੇ ਹਾਰ ਕਿਵੇਂ ਮੰਨ ਲਈ? ਬ੍ਰਾਹਮਣ ਕਹਿੰਦਾ ਇਸ ਨੇ ਮੇਰੇ ਦੋਨਾਂ ਸਵਾਲਾਂ ਦੇ ਜੁਆਬ ਸਹੀ ਦਿੱਤੇ ਹਨ। ਮੈਂ ਇਸ ਨੁੰ ਕਿਹਾ ਸੀ ਕਿ ਪ੍ਰਮਾਤਮਾ ਇੱਕ ਹੈ। ਇਸ ਨੇ ਕਿਹਾ ਨਹੀਂ ਉਸਦੇ ਦੋ ਰੂਪ ਹਨ, ਇੱਕ ਸਾਡੇ ਅੰਦਰ ਤੇ ਇੱਕ ਬਾਹਰ ਜੋ ਸ੍ਰਿਸ਼ਟੀ ਨੂੰ ਚਲਾਉਂਦਾ ਹੈ।ਮੈਂ ਕਿਹਾ ਸ੍ਰਿਸ਼ਟੀ ਦੇ ਜੀਵਾਂ ਦੀ ਰਚਨਾ ਪੰਜ ਤੱਤਾਂ ਨਾਲ ਹੋਈ ਹੈ। ਇਸ ਨਨੇ ਕਿਹਾ ਨਹੀਂ ਜਦੋਂ ਪੰਜ ਤੱਤ ਮਿਲਣ ਉਦੋਂ ਹੁੰਦੀ ਹੈ। ਫਿਰ ਲੋਕਾਂ ਨੇ ਗੂੰਗੇ ਨੂੰ ਪੁੱਛਿਆ ਕਿ ਤੂੰ ਗਿਆਨ ਹਾਸਲ ਕਿੱਥੋ ਕੀਤਾ। ਉਹ ਕਹਿੰਦਾ ਬ੍ਰਾਹਮਣ ਨੇ ਮੈਨੂੰ ਕਿਹਾ ਤੇਰੀ ਇੱਕ ਅੱਖ ਕਾਣੀ ਹੈ ਮੈਂ ਦੂਜੀ ਵੀ ਕੱਢ ਦੇਵਾਂਗਾ। ਮੈਂ ਉਸਨੂੰ ਕਿਹਾ ਮੈਂ ਤੇਰੀਆਂ ਦੋਨੋਂ ਕੱਢ ਦੇਵਾਂਗਾ। ਫਿਰ ਉਸਨੇ ਮੈਨੂੰ ਚਪੇੜ ਦਿਖਾਈ ਮੈਂ ਮੁੱਕਾ ਦਿਖਾ ਦਿੱਤਾ।
ਬਸ ਇਸੇ ਗੰਗੂ ਗੁੰਗੇ ਅਤੇ ਬ੍ਰਾਹਮਣ ਦੋ ਪ੍ਰਚਲਤ ਪਾਤਰਾਂ ਨੂੰ ਇੱਕ ਬਣਾ ਕੇ ਗੰਗੂ ਬ੍ਰਾਹਮਣ ਨਾਮ ਦਾ ਕਾਲਪਨਿਕ ਪਾਤਰ ਈਜ਼ਾਦ ਕਰ ਲਿਆ ਗਿਆ ਸੀ।
-ਬਲਰਾਜ ਸਿੰਘ ਸਿੱਧੂ, ਯੂ. ਕੇ.

No comments:

Post a Comment