ਸ਼ਿੰਦੇ ਦੇ ਵਿਆਹ ਦੀ ਮੂਵੀ

-ਬਲਰਾਜ ਸਿੰਘ ਸਿੱਧੂ

ਸੰਜੇ ਦੱਤ ਦੀ ਖਲਨਾਇਕ ਉਦੋਂ ਨਮੀ ਨਮੀ ਆਈ ਸੀ। ਬਈ ਮਾਧੁਰੀ ਆਲੇ ਰਕਾਟ ਚੋਲੀ ਕੇ ਪੀਛੇ ਕਿਆ ਨੇ ਬੜੀ ਧੂੜ ਪੱਟੀ ਹੋਈ ਸੀ। ਗੁਰਦਾਰਿਆਂ 'ਚ ਕੀਰਤਨ ਵੀ ਰਾਗੀ ਉਸੇ ਤਰਜ਼ 'ਤੇ ਕਰਨ ਲੱਗਪੇ ਸੀਗੇ। ਖਬਾਰ 'ਚ ਸੁਭਾਸ ਘਈ ਦੀ ਕੈਮਰੇ ਵਿੱਚ ਮੂੰਹ ਫਸਾਈ ਖੜ੍ਹੇ ਦੀ ਫੋਟੋ ਦੇਖ ਕੇ ਸ਼ਿੰਦੇ ਦਾ ਬਾਪੂ ਹਰੇਕ ਨੂੰ ਕਹਿੰਦਾ ਫਿਰੇ, "ਸ਼ਿੰਦੇ ਦੇ ਵਿਆਹ ਦੀ ਮੂਵੀ ਬੰਬੇ ਆਲੇ ਇਸੇ ਭਾਈ ਤੋਂ ਬਣਵਾਮਾਂਗੇ। ਇਹ ਵਧੀਆਂ ਮੂਵੀ ਬਣਾਉਂਦੈ।"

ਸੁਭਾਸ ਘਈ ਨੂੰ ਸ਼ਿੰਦੇ ਦਾ ਬਾਪੂ ਡਰਾਇਕਟਰ ਦੀ ਬਜਾਏ ਕੈਮਰਾਮੈਨ ਈ ਸਮਝੀ ਫਿਰਦਾ ਸੀ। ਜਦ ਸ਼ਿੰਦੇ ਦੇ ਵਿਆਹ ਦੀ ਵਾਰੀ ਆਈ। ਪਹਿਲਾਂ ਸ਼ਿੰਦੇ ਦਾ ਬਾਪੂ ਸ਼ਹਿਰ ਦੇ ਸਾਰੇ ਫੋਟੋਗ੍ਰਾਫਰਾਂ ਕੋਲ ਗਿਆ। ਭਾਅ ਪੁੱਛ ਕੇ ਪੈਂਚਰ ਜਿਹਾ ਹੋ ਕੇ ਪਿੰਡ ਆਲੇ ਜਲੌਰੇ ਕੋਲ ਆ ਗਿਆ। ਜਲੌਰੇ ਨੇ ਨਮਾਂ ਨਮਾਂ ਸਟੂਡਿਉ ਖੋਲ੍ਹਿਆ ਸੀ। ਪਹਿਲੇ ਗਾਹਕ ਸੀ। ਭਾਅ ਭੂ ਉਹਨੇ ਵੀ ਨਾ ਖੋਲ੍ਹਿਆ। ਕਹਿੰਦਾ, "ਜੋ ਦੇਣਾ ਹੋਇਆ, ਦੇ ਦਿਉ। ਆਪਣੀ ਘਰਦੀ ਗੱਲ ਆ।"
ਜਲੌਰੇ ਨੇ ਕੋਲੋ ਤਨਖਾਹ ਦੇ ਕੇ ਤਾਰੇ ਦੀ ਟੈਕਸੀ ਬੁੱਕ ਕਰ'ਲੀ। ਨਾਲ ਲੈਟ ਫੜ੍ਹਨ ਨੂੰ ਬੰਦਾ ਦਿਹਾੜੀ 'ਤੇ ਕਰ ਲਿਆ। ਸ਼ਿੰਦੇ ਦਾ ਸ਼ਿੰਦੀ ਨਾਲ ਵਿਆਹ ਹੋ ਗਿਆ। ਵਿਆਹ ਮਗਰੋਂ ਜਲੌਰਾ ਤਿੰਨ ਰਾਤਾਂ ਦੁਕਾਨ 'ਤੇ ਬੈਠਾ ਅਡੈਟਿੰਗ ਕਰਦਾ ਰਿਹਾ। ਚੌਥੇ ਪੰਜਮੇ ਦਿਨ ਜਦੋਂ ਸਾਰੇ ਰਿਸਤੇਦਾਰ ਘਰਾਂ ਨੁੰ ਚਲੇ ਗਏ। ਜਲੌਰਾ ਮੂਵੀ ਫੜਾ ਕੇ ਬਾਗੀਆਂ ਪਾਉਂਦਾ ਆਵੇ, ਬਈ ਹੁਣ ਤਾਂ ਚਾਰ ਪੰਜ ਹਜ਼ਾਰ ਰੁਪਈਆ ਆ ਜਾਣੈ।
ਹਫਤਾ ਨੰਘ... ਦੋ ਹਫਤੇ ਨੰਘ... ਮਹੀਨਾ ਨੰਘ ਗਿਆ। ਸ਼ਿੰਦੇ ਕੇ ਪੈਸੇ ਨਾ ਦੇਣ ਗਏ। ਜਲੌਰਾ ਪੈਸੇ ਪੁੱਛਣ ਚਲਿਆ ਗਿਆ। ਕਹਿੰਦੇ, "ਫੇਰ ਆਜੀ ਅਜੇ ਕੋਈ ਘਰੇ ਨ੍ਹੀਂ।"
ਜਲੌਰਾ ਆਸੇ ਪਾਸੇ ਝਾਕੇ ਨਾਲੇ ਸੋਚੀ ਜਾਵੇ ਸਾਰਾ ਟੱਬਰ ਤਾਂ ਘਰੇ ਬੈਠੈ। ਇਹ ਕੀਹਦੀ ਗੱਲ ਕਰਦਾ ਆ? ਚੱਲ ਉਠ ਦੇ ਬੁੱਲ੍ਹ ਆਂਗੂ ਸਿਰ ਜਿਹਾ ਸਿੱਟ ਕੇ ਮੁੜ ਆਇਆ। ਹਫਤੇ ਕੁ ਬਾਅਧ ਫੇਰ ਗਿਆ। ਕਹਿੰਦੇ, "ਵੀ ਸੀ ਆਰ ਨ੍ਹੀਂ ਕਿਰਾਏ 'ਤੇ ਮਿਲਿਆ। ਦੇਖ ਕੇ ਪੈਸੇ ਦੇਮਾਂਗੇ। ਏਕਣ ਕਿਮੇ ਦੇ ਦੀਏ?"
ਜਲੌਰਾ ਬਿਚਾਰਾ ਆਪਣਾ ਵੀ ਸੀ ਆਰ ਚੁੱਕ ਕੇ ਲੈ ਗਿਆ। ਸਾਰਾ ਟੱਬਰ ਹਫਤਾ ਮੂਵੀ ਦੇਖਦਾ ਰਿਹਾ। ਚਾਅ ਰੱਜ ਕੇ ਲਾਹ ਲਿਆ ਸਭ ਨੇ ਮੂਵੀ ਦਾ। ਹਫਤੇ ਮਗਰੋਂ ਜਦੋਂ ਜਲੌਰਾ ਵੀ ਸੀ ਆਰ ਤੇ ਆਪਣੇ ਪੈਸੇ ਲੈਣ ਗਿਆ ਤਾਂ ਉਹਦੇ ਗਲ਼ ਪੈਗੇ। ਸ਼ਿੰਦੇ ਦੀ ਭੂਆ ਦਾ ਨਾਂ ਵੀ ਮਨਜੀਤ ਕੌਰ ਸੀ ਤੇ ਮਾਸੀ ਦਾ ਨਾਂ ਵੀ ਮਨਜੀਤ ਕੌਰ। ਜਲੌਰੇ ਨੇ ਇੱਕ ਦਾ ਨਾਮ ਜੇ ਡਬਲ ਈ ਟੀ ਨਾਲ ਪਾ ਦਿੱਤਾ। ਦੂਜੀ ਦਾ ਜੇ ਆਈ ਟੀ ਨਾਲ। ਕਲੇਸ ਪਾ ਲਿਆ ਕਹਿੰਦੇ, "ਇੱਕ ਦੇ ਨਾਉਂ 'ਚ ਇੱਕ ਅੱਖਰ ਵੱਧ ਤੇ ਦੂਜੀ ਦੇ ਘੱਟ ਕਿਉਂ ਪਾਇਆ। ਹੱਤਕ ਕਰਤੀ ਤੈਂ ਤਾਂ।"
ਉਹ ਨਾਮ ਠੀਕ ਕਰਕੇ ਲੈ ਗਿਆ। ਸ਼ਿੰਦੇ ਦਾ ਬਾਪੂ ਜਲੌਰੇ ਨੂੰ ਕਹਿੰਦਾ, "ਜਲੌਰਿਆ ਗਾਣੇ ਨ੍ਹੀਂ ਤੂੰ ਠੀਕ ਭਰੇ। ਪੂਰੇ ਗਾਣੇ ਜਿਹੜੇ ਮੂਵੀ 'ਚ ਹੋਣੇ ਚਾਹੀਦੇ ਸੀ। ਉਹ ਹੈਨ੍ਹੀ?"
"ਨਾ ਚਾਚਾ ਮੈਂ ਸਾਰੇ ਭਰੇ ਆ। ਸਿਹਰੇ ਆਲੀ ਥਾਂ ਸਿਹਰੇ ਆਲਾ , ਸੁਰਮੇ ਆਲੀ ਥਾਂ ਸੁਰਮੇ ਆਲਾ, ਏਕਣ ਡੋਲੀ ਆਲੀ ਜਗ੍ਹਾ ਡੋਲੀ ਆਲਾ।"
ਸ਼ਿੰਦੇ ਦੇ ਬਾਪੂ ਨੇ ਵਿੱਚੇ ਟੋਕ ਲਿਆ, "ਉਹ ਚੋਲੀ ਕਿ ਪੀਛੇ ਆਲਾ ਐਨਾ ਹਿੱਟ ਗਾਣੈ। ਉਹ ਤਾਂ ਤੂੰ ਭਰੀਆ ਨ੍ਹੀਂ। ਜੇ ਉਹੀ ਨ੍ਹੀ ਭਰਿਆ ਤਾਂ ਸੁਆਹ ਗਾਣੇ ਭਰੇ ਆ।"
ਜਲੌਰਾ ਸੁਣ ਕੇ ਸੋਚੀਂ ਪੈ ਗਿਆ। ਉਹਨੂੰ ਹੋਰ ਤਾਂ ਕੁਸ਼ ਨਾ ਆਹੁੜਿਆ। ਬਣਾ ਸਮਾਰ ਕੇ ਕਹਿੰਦੈ, "ਚਾਚਾ ਪਾਣੀ ਵਾਰ ਕੇ ਬੁੜੀਆਂ ਗਿੱਧਾ ਪਾਉਣ ਲੱਗ ਪੀਆਂ ਸੀ। ਮੈਂ ਤਾਂ ਉਹਨਾਂ ਦੀ ਮੂਵੀ ਬਣਾ ਕੇ ਘਰਨੂੰ ਵਗ ਗਿਆ ਸੀ। ਉਹਦੂੰ ਬਾਅਦ ਆਲੇ ਸ਼ਿੰਦੇ ਹੋਰਾਂ ਦੇ ਪ੍ਰੋਗਰਾਮ ਦੀ ਮੂਵੀ ਨ੍ਹੀਂ ਬਣਾਈ। ਚੋਲੀ ਕੇ ਪੀਛੇ ਆਲਾ ਗਾਣਾ ਕਿੱਥੇ ਭਰਦਾ?"
ਜਲੌਰੇ ਨੇ ਸੋਚਿਆ ਬਈ ਮੂਵੀ ਇਹ ਰੱਖੀ ਬੈਠੇ ਆ। ਮੂਵੀ ਬਹਾਨੇ ਨਾਲ ਲੈ ਜਾਨਾਂ। ਆਪੇ ਪੈਸੇ ਦੇ ਕੇ ਲੈ ਕੇ ਜਾਣਗੇ, "ਲਿਆ ਮੂਵੀ ਚਾਚਾ ਚੋਲੀ ਆਲਾ ਗਾਣਾ ਵੀ ਭਰ ਦਿੰਦਾਂ।"
ਸ਼ਿੰਦੇ ਦੀ ਬੀਬੀ ਨੇ ਪੇਟੀ ਚੋਂ ਕੱਢ ਕੇ ਮੂਵੀ ਆਲੀ ਕੈਸਟ ਫੜਾ'ਤੀ।
ਮਹੀਨਾ ਲੰਘ। ਦੋ ਮਹੀਨੇ ਲੰਘ। ਸਾਲ ਲੰਘ ਗਿਆ। ਸ਼ਿੰਦੇ ਹੋਰਾਂ ਦੇ ਟੱਬਰ ਨੇ ਮੂਵੀ ਨਾ ਪੁੱਛੀ। ਕੱਚਾ ਜਿਹਾ ਹੋ ਕੇ ਜਲੌਰਾ ਫੇਰ ਚਲਿਆ ਗਿਆ। ਸ਼ਿੰਦੇ ਦੀ ਬੀਬੀ ਬੈਠੀ ਦਾਲ ਚੁੱਗੀ ਜਾਵੇ। ਜਲੌਰਾ ਕਹਿੰਦਾ, "ਚਾਚੀ ਸ਼ਿੰਦੇ ਦੇ ਵਿਆਹ ਦੀ ਮੂਵੀ ਨ੍ਹੀਂ ਲੈਣੀ?"
"ਨਾ ਭਾਈ ਅਸੀਂ ਕੀ ਕਰਨੀ ਆ?"
"ਥੋਡੀ ਚੀਜ਼ ਆ। ਲਵੋ ਤੇ ਮੇਰੇ ਪੈਸੇ ਦਵੋ।"
"ਪੈਸੇ ਕਾਹਦੇ? ਨਾਲੇ ਕਹਿੰਦਾ ਸੀ ਆਪਣੀ ਘਰਦੀ ਗੱਲ ਆ। ਘਰਦਿਆਂ ਤੋਂ ਵੀ ਕੋਈ ਪੈਸੇ ਲੈਂਦਾ ਹੁੰਦੈ, ਕਮਲਿਆ?"
"ਮੈਂ ਮਿਹਨਤ ਕੀਤੀ ਆ।"
"ਮਿਹਨਤ ਕਾਹਦੀ ਖਾਣ ਦੀ ਕੀਤੀ ਸੀ। ਪੰਜਾਹ ਰੁਪਈਆਂ ਦੀਆਂ ਤੂੰ ਗੁਲਾਬ ਜਾਮਣਾਂ ਖਾਹ ਗਿਆ। ਦੋ ਬੋਤਲਾਂ ਦਾਰੂ ਪੀ ਗਿਆ ਸੀ ਸਾਡੇ ਸ਼ਿੰਦੇ ਦੇ ਵਿਆਹ 'ਚ। ਫੇਰ ਤੂੰ ਸਗਨ ਵੀ ਨ੍ਹੀਂ ਪਾਇਆ? ਹਾਲੇ ਮੱਛੀ ਆਲੇ ਪਕੌੜੇ ਮੈਂ ਗਿਣੇ ਨ੍ਹੀਂ।"
ਜਲੌਰਾ ਖਿੱਝ ਕੇ ਕਹਿੰਦਾ, "ਚੰਗਾ ਨਾ ਦਿਉ ਪੈਸੇ, ਮੂਵੀ ਤਾਂ ਲੈ ਲੋ?"
"ਨਾ ਭਾਈ ਅਸੀਂ ਨ੍ਹੀਂ ਲੈਂਦੇ। ਆਪਦੇ ਕੋਲੇ ਈ ਰੱਖ। ਤੇਰੀ ਮਸ਼ੂਹਰੀ ਹੋਈ ਜਾਣੀ ਆ। ਤੂੰ ਲੋਕਾਂ ਨੂੰ ਕਹੀਂ ਜਾਈਂ। ਮੈਂ ਸ਼ਿੰਦੇ ਦੇ ਵਿਆਹ ਦੀ ਮੂਵੀ ਬਣਾਈ ਸੀ।"
"ਕਿਉਂ ਸ਼ਿੰਦਾ ਥੋਡਾ ਸਾਲਾ ਸੱਜੇ ਦੱਤ ਆ? ਚੱਕਣੀ ਆ ਚੱਕੋ। ਨਹੀਂ ਆ ਵਿਹੜੇ 'ਚ ਸਿੱਟ ਕੇ ਚੱਲਿਆਂ।" ਕੈਸਟਾਂ ਸਿੱਟ ਕੇ ਜਲੌਰਾ ਆਪਦੀ ਹੱਟੀ 'ਤੇ ਆਇਆ ਤੇ ਬੋਰਡ ਲਾਹ ਕੇ ਕਹਿੰਦਾ ਹੁਣ ਤੋਂ ਨ੍ਹੀਂ ਕਿਸੇ ਸ਼ਿੰਦੇ ਦੇ ਵਿਆਹ ਦੀ ਮੂਵੀ ਬਣਾਉਣੀ।

No comments:

Post a Comment