ਗੋਰਿਆਂ ਆਲਾ ਗੁਰਪੁਰਬ

-ਬਲਰਾਜ ਸਿੰਘ ਸਿੱਧੂ
ਲੈ ਵੀ ਮੱਲਾਂ ਜਿਮੇ ਆਪਣੇ ਧਰਮਾਂ ਦੇ ਤਾਂ ਅਨੇਕਾਂ ਗੁਰੂ ਤੇ ਅਵਤਾਰ ਹੋਏ ਨੇ ਇੱਕ ਤੋਂ ਤੇਤੀ ਕਰੋੜ ਤੱਕ ਵੀ ਗਿਣਤੀ ਜਾਂਦੀ ਆ। ਪਰ ਗੋਰਿਆਂ ਦਾ ਤਾਂ ਸਵਾ ਲੱਖ ਜਾਣੀ ਇੱਕ ਹੀ ਗੁਰੂ ਹੋਇਐ। ਉਹ ਸੀ ਜੀਜਸ ਕ੍ਰਾਇਸਟ ਜੀਹਨੂੰ ਆਪਾਂ ਈਸਾ ਮਸੀਹ ਕਹਿ ਲੈਨੇ ਆਂ। ਜੀਜਸ ਦਾ ਮਤਲਬ ਹੁੰਦੈ ਇਸ਼ਵਰ ਦੁਆਰਾ ਚੁਣਿਆ ਹੋਇਆ ਤੇ ਕ੍ਰਾਇਸਟ ਦਾ ਅਰਥ ਹੁੰਦੈ ਮਸੀਹਾ। ਕਹਿਣ ਦਾ ਭਾਵ ਕਿ ਜੀਜਸ ਕ੍ਰਾਇਸਟ ਦਾ ਮਤਲਬ ਬਣ ਗਿਐ ਰੱਬ ਦੁਆਰਾ ਚੁਣਿਆ ਹੋਇਐ ਮਸੀਹਾ। ਇਸ ਲਈ ਈਸਾ ਮਸੀਹ ਨੂੰ ਫਰੰਗੀ ਰੱਬ ਦਾ ਪੁੱਤਰ ਵੀ ਕਹਿੰਦੇ ਨੇ। ...ਮੈਨੂੰ ਲੱਗਦਾ ਮੈਂ ਸਾਹਿਤਕ ਜੀਆਂ ਗੱਲਾਂ ਕਰਨ ਲੱਗ ਪਿਆ। ਲੈ ਹੁਣ ਇੱਕ ਟੈਰ ਕੱਚੇ ਲਾਹ ਲੈਨੇ ਆਂ।

ਭਾਮੇ ਇਹਨਾਂ ਗੋਰਿਆਂ ਦਾ ਇੱਕ ਹੀ ਗੁਰੂ ਹੋਇਐ, ਪਰ ਉਹਦੇ ਜਨਮ ਦੀ ਅਸਲੀ ਤਰੀਕ ਇਹਨਾਂ ਨੂੰ ਵੀ ਨ੍ਹੀਂ ਪਤਾ। ਜਿਮੇ ਆਪਣੇ ਆਲੇ ਸਾਰੀ ਅਪ੍ਰੈਲ ਵਿਸਾਖੀ ਮਨਾਉਂਦੇ ਰਹਿੰਦੇ ਆ। ਓਕਣੇ ਇਹਨਾਂ ਦੀਆਂ ਜੱਥੇਬੰਦੀਆਂ ਵੀ ਆਪਣੇ ਸਾਬ ਨਾਲ ਜਦੋਂ ਜੀਅ ਕਰਦਾ ਸੀ ਆਵਦੇ ਗੁਰੂ ਦਾ ਜਲਮ ਦਿਨ ਮਨਾਈ ਜਾਂਦੇ ਸੀ। ਆਪਣੇ ਅਕਾਲ ਤਖਤ ਮਾਂਗੂ ਇਹਨਾਂ ਦਾ ਵੀ ਅਕਾਲ ਤਖਤ ਆ ਵੈਸਟਰਨ ਕਰਿਸਨ ਚਰਚ। ਮਹਾਰਾਜੇ ਰਣਜੀਤ ਸਿਉਂ ਮਾਂਗੂ ਉਹਨਾਂ ਨੇ ਵੀ ਰੋਮਨ ਰਾਜੇ ਤਲਬ ਕਰਕੇ ਤਨਖਾਹੀਏ ਕਰਾਰ ਕੀਤੇ ਸੀ। ਉੱਥੋਂ ਆਲੇ ਜਥੇਦਾਰ ਨੇ ਕੇਰਾਂ ਸਾਰੇ ਤਖਤਾਂ ਦੇ ਗੋਰਿਆਂ ਦੇ ਜੱਥੇਦਾਰ ਸੱਦ ਲੇ। ਜੱਥੇਦਾਰ, ਚੌਧਰੀ, ਇਹਨਾਂ ਦੇ ਹੈੱਡ ਗ੍ਰੰਥੀ ਸਾਰੇ ਪੋਪ ਬਿਸ਼ਪ-ਬਿਸ਼ੂਪ ਜਏ ਹੋਗੇ ਕੱਠੇ ਭਾਈ ਉੱਥੇ। ਜਿਮੇਂ ਆਪਣੇ ਆਲੇ ਖੱਟਾ ਸਰੋਪਾ ਪਾਉਂਦੇ ਆ। ਏਕਣ ਇਹਨਾਂ ਆਲੇ ਚਿੱਟੇ ਸਰੋਪੇ ਪਾਈ ਖੜ੍ਹੇ ਤੀ। ਆਪਣੇ ਆਲੇ ਜਿਕਣ ਕਰਪਾਨਾਂ ਲੈ ਕੇ ਜਾਂਦੇ ਆ, ਇਹਨਾਂ ਆਲਿਆਂ ਕੋਲ ਇੱਕ ਡਾਂਗ ਹੁੰਦੀ ਆ ਤੇ ਉਹਦੇ ਸਿਰੇ 'ਤੇ ਗੜਵੀ ਜਈ ਇੱਕ ਲੱਗੀ ਹੁੰਦੀਆਂ ਵਾ। ਜਿਮੇ ਆਪਣੇ ਕਨੀ ਗਾਤਰੇ ਤੇ ਜਨੇਊ ਹੁੰਦੇ ਆ। ਏਕਣ ਇਹਨਾਂ ਵਨੀ ਗਲ 'ਚ ਸਲੀਬ ਅਰਗਾ ਕਰੌਸ ਪਾਇਆ ਹੁੰਦੈ।
ਵੱਡੇ ਜੱਥੇਦਾਰ ਨੇ ਸਾਰਿਆਂ ਨੂੰ ਘੂਰ ਕੇ ਕਿਹਾ ਬਈ ਗਿੱਟਲੋ ਇਹ ਕੀ ਰੱਥ ਫੜਿਐ। ਜਦੋਂ ਚਿੱਤ ਕਰਦਾ ਆਵਦੀ ਮਰਜ਼ੀ ਨਾਲ ਆਪਣੇ ਗੁਰੂ ਦਾ ਅਵਤਾਰ ਦਿਵਸ ਮਨਾਈ ਜਾਂਦੇ ਓ, ਕੰਜਰੋ ਏਕਣ ਪੰਥ ਦੀ ਛਵੀ ਦਾ ਨਾਸ ਮਾਰੀ ਜਾਂਨੇ ਓ। ਡੰਗਰੋ ਦੂਜੇ ਧਰਮਾਂ ਆਲੇ ਕੀ ਕਹਿਣਗੇ ਬਈ ਇਹਨਾਂ ਦਾ ਇੱਕੋ ਗੁਰੂ ਸੀ, ਉਹਦਾ ਜਨਮ ਦਿਹਾੜਾ ਨ੍ਹੀਂ ਇਹਨਾਂ ਨੂੰ ਪਤਾ। ਖਾਸ ਕਰ ਸਿੱਖ ਆਪਣਾ ਮਖੌਲ ਉਡਾਇਆ ਕਰਨਗੇ ਤੇ ਕਹਿਣਗੇ ਗੌਰੇ ਵੀ ਆਪਣੇ ਅਰਗੇ ਈ ਆ। ਨਾ ਬਈ ਇਹ ਕੰਮ ਨ੍ਹੀਂ ਚੱਲਣੈ। ਆਪਾਂ ਸਾਰੇ ਸਹਿਮਤੀ ਨਾਲ ਇੱਕ ਤਰੀਕ ਮਿੱਥ ਲੋ ਤੇ ਸਾਰੇ ਓਦਣ ਮਨਾਇਆ ਕਰਾਂਗੇ।
ਚੱਲ ਮੇਰੇ ਭਾਈ ਤਰੀਕਾਂ 'ਤੇ ਵਿਚਾਰਾਂ ਹੋਣ ਲੱਗ ਪਿਆਂ। ਇੱਕ ਜੱਥੇਦਾਰ ਕਹਿੰਦਾ, "ਓਕਣ ਤਾਂ ਜਿਮੇਂ ਪੰਥ ਦੀ ਮਰਜ਼ੀ ਆ। ਪਰ ਬਾਈ ਬਣਕੇ ਮੇਰੀ ਸੁਣ ਲੋ। ਮੇਰੀ ਸਲਾਹ ਸੀ ਬਈ ਆਪਾਂ ਗਰਮੀਆਂ 'ਚ ਮਨਾਇਆ ਕਰਾਂਗੇ ਇੱਕ ਤਾਂ ਉਦੋਂ ਭੁੰਨੇ ਹੋਏ ਗਰਮਾ-ਗਰਮ ਸਟੇਕ ਠੰਡੀ ਕਾਰਲਿੰਗ ਬੀਅਰ ਨਾਲ ਘੜਿੱਚ ਦੇਣੇ ਅੰਦਰ ਜਾਂਦੇ ਆ ਤੇ ਢਿੱਡ ਵਿੱਚ ਦਾਖਲਾ ਲੈਂਦੇ ਈ ਹਜ਼ਮ ਹੋ ਜਾਂਦੇ ਆ। ਨਾਲੇ ਦਿਨ ਵੱਡੇ ਹੁੰਦੇ ਆ। ਗੁਰੂ ਦਾ ਜਨਮ ਦਿਨ ਮਨਾਉਣ ਲਈ ਬੰਦੇ ਕੋਲ ਖੁੱਲਾ ਟੈਮ ਹੁੰਦੈ।"
ਆਪਣੇ ਆਲਿਆਂ ਮਾਂਗੂ ਦੋ ਕੁ ਦੂਜੇ ਜਥੇਦਾਰਾਂ ਨੇ ਟੰਗ ਅੜਾਤੀ, "ਨਹੀਂ ਯਾਰ, ਸਿਆਲਾਂ ਨੂੰ ਸਨੋਅ ਪਈ ਹੁੰਦੀ ਆ। ਛੁੱਟੀਆਂ ਉਦੋਂ ਕਰੀਏ ਤਾਂ ਲੋਟ ਰਹੂ। ਬੰਦਾ ਘਰੇ ਬੈਠਾ ਅੱਗ ਸੇਕਦਾ, ਤਸੱਲੀ ਨਾਲ ਬਰਾਂਡੀ ਦਾ ਪੈੱਗ ਲਾਈ ਜਾਂਦਾ ਰਹਿੰਦੈ।"
ਸਾਰੇ ਸਹਿਮਤ ਹੋਗੇ ਤੇ ਦਿਨ ਪੱਚੀ ਦਸੰਬਰ ਦਾ ਮਿੱਥ ਲਿਆ ਗਿਆ ਕਿਉਂਕਿ ਇਹ ਦਿਨ ਹਨੇਰ ਤੋਂ ਬਾਅਦ ਚਾਨਣ ਵਾਲਾ ਪਹਿਲਾ ਦਿਨ ਸੀ। ਉਹਨਾਂ ਨੇ ਕਿਹਾ ਦੁਨੀਆਂ ਨੂੰ ਦੱਸਾਂਗੇ ਬਈ ਸਾਡੇ ਗੁਰੂ ਦੇ ਆਉਣ ਨਾਲ ਮਿੱਟੀ ਧੁੰਦ ਜੱਗ ਚਾਨਣ ਹੋਇਐ। ਤਰੀਕ ਮਿੱਥ ਕੇ ਵੱਡੇ ਜਥੇਦਾਰ ਨੇ ਸਾਰਿਆਂ ਨੂੰ ਪੁੱਛਿਆ, "ਕਿਸੇ ਨੂੰ ਤਰਾਜ ਅੇ ਤਾਂ ਦੱਸੋਂ। ਨਹੀਂ ਬਾਬੇ ਜੀਜਸ ਦਾ ਜਨਮ ਦਿਹਾੜਾ ਸਾਰਾ ਪੰਥ ਪੱਚੀ ਤਰੀਕ ਨੂੰ ਧੂਮਧਾਮ ਨਾਲ ਮਾਨਇਆ ਕਰੂ।"
ਕਿਸੇ ਨੇ ਆਪਣੇ ਆਲਿਆਂ ਮਾਂਗੂ ਤਰਾਜ ਨ੍ਹੀਂ ਕੀਤਾ ਤੇ ਸਭ ਨੇ ਗੋਰਿਆਂ ਆਲਾ ਜੈਕਾਰਾ (God loves everyone) ਛੱਡਤਾ ਸੱਤ ਵਾਰੀ। ਬਸ ਉੱਦਣ ਦਾ ਸਾਰੇ ਗੋਰੇ ਆਪਣੇ ਗੁਰੂ ਦਾ ਜਨਮ ਦਿਹਾੜਾ ਪੱਚੀ ਤਾਰੀਕ ਨੂੰ ਕ੍ਰਿਸਮਿਸ ਆਖ ਕੇ ਮਨਾਉਂਦੇ ਨੇ। ਕ੍ਰਿਸਮਿਸ ਨੂੰ ਉਦੋਂ ਕਰਾਇਸਟਮੈਸੀ ਕਹਿੰਦੇ ਸੀ। ਕਰਾਇਸਟ ਜੀਜਸ ਕਰਾਇਸਟ ਦਾ ਨਾਮ ਤੇ ਮੈਸੀ ਮਤਲਬ ਮਸੀਹੇ ਦਾ ਦਿਨ, ਏਕਣ ਕ੍ਰਿਸਮਿਸ ਬਣਗੀ ਤੀ।

No comments:

Post a Comment