ਬੁੱਢਾ ਲੇਖਕ



-ਬਲਰਾਜ ਸਿੰਘ ਸਿੱਧੂ
ਪੁਰਾਣੀਆਂ ਹਿੰਦੀ ਫਿਲਮਾਂ ਦੇ ਚਰਚਿਤ ਗੀਤਕਾਰ ਹਸਰਤ ਜੈਪੁਰੀ (ਇਕਬਾਲ ਹੁਸੈਨ) ਨੇ ਅਨੇਕਾਂ ਹਿੱਟ ਗੀਤ ਲਿੱਖੇ ਸਨ। ਫਿਰ ਇੱਕ ਸਮਾਂ ਆਇਆ ਕਿ ਨਵੇਂ-ਨਵੇਂ ਗੀਤਕਾਰਾਂ ਦੇ ਆਉਣ ਨਾਲ ਉਹਦੀ ਪੁੱਛ ਪ੍ਰਤੀਤ ਘੱਟ ਗਈ। ਉਹਨਾਂ ਦਿਨਾਂ ਵਿੱਚ ਰਾਜ ਕਪੂਰ ਦੀ ਫਿਲਮ ਰਾਮ ਤੇਰੀ ਗੰਗਾ ਮੈਲੀ ਦੇ ਗੀਤਾਂ ਦੀ ਰਿਕਾਰਡਿੰਗ ਚੱਲ ਰਹੀ ਸੀ। ਇਸ ਫਿਲਮ ਦੇ ਗੀਤਾਂ ਦਾ ਸੰਗੀਤ ਰਵਿੰਦਰ ਜੈਨ ਨੇ ਤਿਆਰ ਕਰਨਾ ਸੀ। ਹਸਰਤ ਜੈਪੁਰੀ, ਰਵਿੰਦਰ ਜ਼ੈਨ ਕੋਲ ਗਿਆ ਤੇ ਉਸਨੇ ਆਪਣੇ ਕਈ ਗੀਤ ਸੁਣਾਏ। ਗੀਤ ਸੁਣ ਕੇ ਰਵਿੰਦਰ ਜੈਨ ਕਹਿੰਦਾ, "ਮਾਮਾ ਤੂੰ ਬੁੱਢਾ ਹੋ ਗਿਐਂ। ਘਰ ਜਾ ਕੇ ਨਮਾਜ਼ ਪੜ੍ਹਿਆ ਕਰ। ਗੀਤਕਾਰੀ ਹੁਣ ਤੇਰੇ ਬਸ ਦਾ ਰੋਗ ਨਹੀਂ ਰਿਹਾ। ਗੀਤ ਲਿਖਣ ਲਈ ਹੁਣ ਸਾਡੇ ਵਰਗੇ ਜਵਾਨ ਪੈਦਾ ਹੋ ਗਏ ਹਨ।"

ਹਸਰਤ ਜੈਪੁਰੀ ਨੂੰ ਇਹ ਸੁਣ ਕੇ ਬੇਇਜ਼ਤੀ ਮਹਿਸੂਸ ਹੋਈ ਤੇ ਉਹ ਸਿੱਧਾ ਰਾਜ ਕਪੂਰ ਕੋਲ ਗਿਆ। ਰਾਜ ਕਪੂਰ ਦੇ ਪੈਰੀਂ ਡਿੱਗ ਕੇ ਉਹ ਰੋਂਦਾ ਹੋਇਆ ਬੋਲਿਆ, "ਰਾਜ ਜੀ, ਮੈਂ 1971 ਤੱਕ ਤੁਹਾਡੀਆਂ ਫਿਲਮਾਂ ਲਈ ਅਨੇਕਾਂ ਗੀਤ ਲਿਖੇ ਸਨ। ਹੁਣ ਮੇਰੀ ਇੱਜ਼ਤ ਦਾ ਸਵਾਲ ਹੈ, ਨਵੀਂ ਫਿਲਮ ਵਿੱਚ ਮੈਨੂੰ ਇੱਕ ਗੀਤ ਦਾ ਮੌਕਾ ਦੇ ਦਿਉ। ਬੇਸ਼ੱਕ ਉਸਦਾ ਮਿਹਨਤਾਨਾ ਵੀ ਨਾ ਦੇਣਾ।"
ਰਾਜ ਕਪੂਰ ਨੇ ਉਸਨੂੰ ਚੁੱਪ ਕਰਵਾਇਆ ਤੇ ਅਕੋਰਡੀਅਨ ਚੁੱਕ ਕੇ ਆਪਣੀ ਸੰਗਮ ਫਿਲਮ ਦੇ ਗੀਤ ਦੀ ਧੁੰਨ ਸੁਣਾਈ, "ਇਸ ਪਿਆਰੀ ਧੁੰਨ 'ਤੇ ਨਵਾਂ ਗੀਤ ਲਿੱਖ ਤੇ ਘੱਟੋ-ਘੱਟ ਪੰਜਾਹ ਅੰਤਰੇ ਲਿੱਖ ਕੇ ਲਿਆ।"
ਹਸਰਤ ਜੈਪੁਰੀ, ਰਾਜ ਕਪੂਰ ਦਾ ਧੰਨਵਾਦ ਕਰਕੇ ਚਲਾ ਗਿਆ ਤੇ ਹਫਤੇ ਬਾਅਦ ਅੱਸੀ ਅੰਤਰੇ ਲਿੱਖ ਕੇ ਲੈ ਕੇ ਗਿਆ। 
ਰਾਜ ਕਪੂਰ ਨੇ ਸਾਰੇ ਅੰਤਰੇ ਸੁਣ ਕੇ ਬਾਰ੍ਹਾਂ ਅੰਤਰੇ ਰੱਖ ਲਏ ਤੇ 'ਰਾਮ ਤੇਰੀ ਗੰਗਾ ਮੈਲੀ' ਫਿਲਮ ਵਿੱਚ ਉਹ ਸਾਰੇ ਹੀ ਵਰਤੇ। ਫਿਲਮ ਆਈ ਤਾਂ ਉਹੀ ਗੀਤ ਸਭ ਤੋਂ ਵੱਧ ਹਿੱਟ ਹੋਇਆ ਸੀ। ਹਰ ਪਾਸੇ 'ਸੁੰਨ ਸਾਹਿਬਾ ਸੁੰਨ, ਪਿਆਰ ਕੀ ਧੁੰਨ।' ਵੱਜ ਰਿਹਾ ਸੀ। ਬਜ਼ਾਰ ਵਿੱਚ ਅਚਾਨਕ ਹਸਰਤ ਜੈਪੁਰੀ ਨੂੰ ਰਵਿੰਦਰ ਜੈਨ ਮਿਲਿਆ ਤਾਂ ਇੱਕ ਦੁਕਾਨ 'ਤੇ ਨਜ਼ਦੀਕ ਹੀ ਉਹੀ ਗੀਤ ਵੱਜ ਰਿਹਾ ਸੀ। ਹਸਰਤ ਜੈਪੁਰੀ ਨੇ ਰਵਿੰਦਰ ਜੈਨ ਦੀ ਬਾਂਹ ਫੜੀ ਤੇ ਕਿਹਾ, "ਬਰਖੁਰਦਾਰ! ਉਮਰ ਦੇ ਸਾਲ ਵੱਧਣ ਜਾਂ ਧੌਲੇ ਆਉਣ ਨਾਲ ਲੇਖਕ ਕਦੇ ਬੁੱਢਾ ਨਹੀਂ ਹੁੰਦਾ। ਸਗੋਂ ਉਮਰ ਅਤੇ ਤਜ਼ਰਬਾ ਵੱਧਣ ਨਾਲ ਜਵਾਨ ਹੁੰਦਾ ਹੈ।"

No comments:

Post a Comment