ਸੁੱਖਾਂ ਪੂਰੀਆਂ ਕਰਨ ਵਾਲਾ ਸੂਰ ਦੇਵਤਾ


-ਬਲਰਾਜ ਸਿੰਘ ਸਿੱਧੂ

ਜਦੋਂ ਇਨਸਾਨ ਕਿਸੇ ਚੀਜ਼ ਨੂੰ ਸ਼ਿੱਦਤ ਨਾਲ ਚਾਹੁੰਦਾ ਹੁੰਦਾ ਹੈ ਤਾਂ ਉਸਨੂੰ ਉਸ ਸ਼ੈਅ ਦੀ ਪ੍ਰਾਪਤੀ ਲਈ ਅੱਚਵੀ ਲੱਗ ਜਾਂਦੀ ਹੈ। ਇਹੀ ਅੱਚਵੀ ਉਸਨੂੰ ਅੰਨੀ ਸ਼ਰਧਾ ਵੱਲ ਲੈ ਤੁਰਦੀ ਹੈ। ਇਨਸਾਨ ਦੈਵੀ ਸ਼ਕਤੀਆਂ ਦੁਅਰਾ ਉਸਨੂੰ ਜਲਦ ਹਾਸਿਲ ਕਰਨ ਲਈ ਮੰਨਤਾਂ ਮੰਗਣ ਲੱਗ ਜਾਂਦਾ ਹੈ। ਸਾਡੇ ਮੁਲਖਾਂ ਵਿੱਚ ਅਖੰਡ ਪਾਠ ਸੁੱਖਣ, ਰਮਾਲੇ ਚੜ੍ਹਾਉਣ, ਪੀਰਾਂ ਦੀਆਂ ਦਰਗਾਹਾਂ ਤੇ ਚਾਦਰਾਂ ਚੜ੍ਹਾਉਣ ਜਾਂ ਮਾਤਾ ਦੇ ਮੰਦਰਾਂ ਵਿੱਚ ਸੋਨੇ ਦੇ ਛਤਰ ਤੱਕ ਚੜ੍ਹਾਉਣ ਦੀਆਂ ਰੀਤਾਂ ਹਨ। ਇਸੇ ਪ੍ਰਕਾਰ ਪੱਛਮੀ ਮੁਲਖਾਂ ਵਿੱਚ ਵੀ ਬਹੁਤ ਸਾਰੇ ਖੂਹਾਂ, ਬੁੱਤਾਂ ਅਤੇ ਫੁਹਰਿਆਂ ਵਿੱਚ ਪੈਸੇ ਸਿੱਟ ਕੇ ਆਸਥਾ ਰੱਖਣ ਵਾਲੇ ਸੁੱਖਾਂ ਸੁੱਖਦੇ ਹਨ। ਅਜਿਹੀ ਹੀ ਮੰਨਤਾਂ ਮੰਗਣ ਵਾਲੀ ਇੱਕ ਜਗ੍ਹਾ ਫਲੌਰੈਂਸ, ਇਟਲੀ ਵਿੱਚ ਹੈ। ਉੱਥੇ ਕੋਈ ਦੇਵੀ ਦੇਵਤਾ ਦਾ ਬੁੱਤ ਨਹੀਂ ਬਲਕਿ ਇੱਕ ਤਾਂਬੇ ਦਾ ਬਣਿਆ ਸੂਰ ਦੇ ਬੁੱਤ ਵਾਲਾ ਫੁਹਾਰਾ ਹੈ। ਜਿਸਨੂੰ ਫਲੌਰੈਂਸ, ਇਟਲੀ ਵਾਸੀਆਂ ਦੀ ਸਥਾਨਕ ਭਾਸ਼ਾ ਵਿੱਚ ਪੋਰਕਲੀਨੋ ਕਿਹਾ ਜਾਂਦਾ ਹੈ। ਪੋਰਕਲੀਨੋ ਦਾ ਅਰਥ ਸੂਰ ਹੁੰਦਾ ਹੈ। ਫਲੌਰੈਂਸ ਸ਼ਹਿਰ ਦੇ ਐਨ ਵਿਚਕਾਰ ਬਣਿਆ ਇੱਕ ਸੂਰ ਦਾ ਬੁੱਤਨੁਮਾ ਫੁਹਾਰਾ ਆਪਣੇ ਆਪ ਵਿੱਚ ਵਿਲੱਖਣ ਤੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ। ਲੋਕ ਇਸ ਸੂਰ ਦੇ ਮੂੰਹ ਵਿੱਚ ਛੋਟੇ ਛੋਟੇ ਸਿੱਕੇ ਰੱਖਦੇ ਹਨ। ਮੰਨਣਾ ਹੈ ਕਿ ਅਗਰ ਸਿੱਕਾ ਸੂਰ ਦੇ ਮੂੰਹ ਅੰਦਰ ਚਲਾ ਜਾਵੇ ਤਾਂ ਤੁਹਾਡੀ ਕਾਮਨਾ ਪੂਰੀ ਹੋ ਜਾਵੇਗੀ। ਜ਼ਿਆਦਾਤਰ ਸਿੱਕੇ ਸੂਰ ਦੇ ਮੂੰਹ ਹੇਠ ਬਣੀ ਡਰੇਨ ਰੂਪੀ ਗੋਲਕ ਵਿੱਚ ਡਿੱਗ ਪੈਂਦੇ ਹਨ। ਸਿੱਕਾ ਸੂਰ ਨੂੰ ਭੇਂਟ ਕਰਨ ਬਾਅਦ ਉਸਨੂੰ ਪਲੋਸਣ ਦੀ ਰਸਮ ਕੀਤੀ ਜਾਂਦੀ ਹੈ, ਜਿਸ ਬਾਰੇ ਧਾਰਨਾ ਹੈ ਕਿ ਤੁਹਾਡਾ ਦੁਬਾਰਾ ਇਸ ਸਥਾਨ 'ਤੇ ਆਉਣ ਦਾ ਜਲਦ ਸਬੱਬ ਬਣੇਗਾ।
ਫਲੌਰੈਂਸ ਘੁੰਮਦਿਆਂ ਇਸੇ ਅਜੂਬੇ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਦੇਖਿਆ ਕਿ ਉੱਥੇ ਸੂਰ ਦੇ ਮੂੰਹ ਵਿੱਚ ਸਿੱਕੇ ਪਾਉਣ ਵਾਲਿਆ ਦੀ ਵਾਰੀ ਵੀ ਬਹੁਤ ਮੁਸ਼ਕਿਲ ਨਾਲ ਆਉਂਦੀ ਹੈ। ਅਸਲ ਵਿੱਚ ਸੂਰ ਦਾ ਅਜਿਹਾ ਬੁੱਤ ਪੀਟਰੋ ਟੈਕਾ Pietro Tacca (1577–1640) ਵੱਲੋਂ 1634 ਵਿੱਚ ਬਣਾਇਆ ਗਿਆ ਸੀ ਤੇ ਰੋਮ ਵਿਖੇ ਸਥਾਪਿਤ ਕੀਤਾ ਗਿਆ ਸੀ। ਉਸਦੀ ਨਕਲ ਕਰਕੇ ਕੱਚ ਦਾ ਸੂਰ ਬਣਾਇਆ ਗਿਆ, ਜੋ ਅੱਜ ਵੀ ਸਥਾਨਕ ਉਗਫੀ ਅਜਾਇਬਘਰ ਵਿੱਚ ਦੇਖਿਆ ਜਾ ਸਕਦਾ ਹੈ। ਸੋਲ੍ਹਵੀਂ ਸਦੀ ਵਿੱਚ ਤਾਂਬੇ ਦਾ ਸੂਰ ਰੋਮ ਤੋਂ ਫਲੌਰੈਂਸ ਲਿਆਂਦਾ ਗਿਆ। ਜੋ ਮਾਰਕੋਟੋ ਨੋਵੋ ਅਜ਼ਾਇਬ ਘਰ ਵਿੱਚ ਸਥਾਪਿਤ ਕੀਤਾ ਗਿਆ। ਮਜੂਦਾ ਸਮੇਂ ਲੱਗਿਆ ਬੁੱਤ ਬਾਅਦ ਟੈਕਾ ਦੇ ਬੁੱਤ ਦੀ ਨਕਲ ਕਰਕੇ Ferdinando Marinelli Artistic Foundry ਵੱਲੋਂ 1998 ਵਿੱਚ ਬਣਾਇਆ ਗਿਆ ਸੀ। ਬਾਅਦ ਵਿੱਚ 2008 ਵਿੱਚ ਇਸ ਨੂੰ ਦੁਬਾਰਾ ਢਾਲ ਕੇ ਬਣਾਇਆ ਗਿਆ। ਟੈਕਾ ਦਾ ਬਣਾਇਆ ਅਸਲ ਬੁੱਤ ਹੁਣ ਪਲੈਜ਼ਾ ਮੋਇਜ਼ੀ ਦੇ ਬਰਡੀਨੀ ਮਿਉਜ਼ਿਅਮ ਵਿੱਖੇ ਦੇਖਿਆ ਜਾ ਸਕਦਾ ਹੈ।
ਇਸ ਪੋਰਕਲੀਨੋ ਦਾ ਜ਼ਿਕਰ ਹੰਸ ਕਰੀਸ਼ਟਨ ਐਂਡਰਸਨ ਦੀ ਕਿਤਾਬ ਪੋਇਟਜ਼ ਬਜ਼ਾਰ ਦੇ 'ਦਾ ਬਰੌਂਨਜ਼ ਹੌਂਗ' ਨਾਮੀ ਚੈਪਟਰ ਵਿੱਚ ਵੀ ਆਉਂਦਾ ਹੈ। 2001 ਵਿੱਚ ਬਣੀ ਇਟੈਲੀਅਨ ਫਿਲਮ ਹੈਨੀਬਾਲ ਵਿੱਚ ਇਸ ਸੂਰ ਦੇ ਮੂੰਹ ਵਿੱਚੋਂ ਵਗਦੇ ਪਾਣੀ ਨਾਲ ਨਾਇਕ ਨੂੰ ਹੱਥ ਧੋਂਹਦੇ ਦਿਖਾਇਆ ਗਿਆ ਹੈ। ਇਸ ਸੂਰ ਦੇ ਬੁੱਤ ਦੀਆਂ ਨਕਲਾਂ ਕਰਕੇ ਅਸਟਰੇਲੀਆ, ਬੈਲਜ਼ੀਅਮ, ਕੈਨੇਡਾ, ਅਮਰੀਕਾ, ਫਰਾਂਸ, ਡੈਨਮਾਰਕ, ਜਰਮਨੀ, ਇੰਗਲੈਂਡ, ਨੌਰਵੇਅ, ਸਪੇਨ, ਸਵੀਡਨ ਆਦਿਕ ਮੁਲਖਾਂ ਵਿੱਚ 28 ਬੁੱਤ ਲਗਾਏ ਜਾ ਚੁੱਕੇ ਹਨ। ਬੇਸ਼ੱਕ ਸਾਡੇ ਸਮਾਜ ਵਿੱਚ ਸੂਰ ਨੂੰ ਬੁਰਾ ਸਮਝਿਆ ਜਾਂਦਾ ਹੈ ਤੇ ਕਿਸੇ ਨੂੰ ਸੂਰ ਕਹਿ ਦੇਣਾ ਗਾਲ ਬਰਾਬਰ ਹੈ। ਲੇਕਿਨ ਪੱਛਮੀ ਲੋਕਾਂ ਨੇ ਉਸਨੂੰ ਦੇਵਤੇ ਦੀ ਉਪਾਧੀ ਦੇ ਰੱਖੀ ਹੈ। ਜ਼ਿੰਦਗੀ ਮੌਕਾ ਦੇਵੇ ਤਾਂ ਅੱਖੀ ਦੇਖ ਲੈਣਾ, ਫਲੌਰੈਂਸ ਸ਼ਹਿਰ ਦੇ ਬਜ਼ਾਰ ਵਿੱਚ ਲੱਗਿਆ ਇਹ ਪੋਰਕਲੀਨੋ।

No comments:

Post a Comment