ਚਮਕੀਲੇ ਦੀ ਪੱਤਣਾਂ 'ਤੇ ਕੂਕ ਪਵੇ -ਬਲਰਾਜ ਸਿੰਘ ਸਿੱਧੂ


Post image

Chamkila's Kamaldeep Chamkila 

ਪੰਜਾਬੀ ਸੰਗੀਤ ਵਿੱਚ ਨੂੰ ਜੇ ਦੋ ਭਾਗਾਂ ਵਿੱਚ ਵੰਡ ਕੇ ਦੇਖੀਏ ਤਾਂ ਸਾਹਮਣੇ ਗੀਤ ਵਿਧਾ ਦੀਆਂ ਮੁੱਖ ਤਿੰਨ ਵੰਨਗੀਆਂ ਆਉਂਦੀਆਂ ਹਨ। ਇੱਕ ਸਮੂਹਿਕ ਗਾਨ ( Group Song), ਦੋਗਾਣਾ ( Duet) ਤੇ ਇਕਹਿਰੀ ਗਾਇਕੀ ( Solo)। ਪੰਜਾਬੀ ਸੰਗੀਤ ਦੇ ਇਤਿਹਾਸ ਨੂੰ ਵਾਚੀਏ ਤਾਂ ਇਹ ਤਿੰਨੋਂ ਵੰਨਗੀਆਂ ਪੁਰਾਤਨ ਸਮੇਂ ਵਿੱਚ ਲਗਭਗ ਇਕੋ ਜਿਹੀਆਂ ਮਕਬੂਲ ਰਹੀਆਂ ਸਨ। ਪਰੰਤੂ ਜਦੋਂ ਤੋਂ ਸਾਡੇ ਸੰਗੀਤ ਦਾ ਬਿਜ਼ਲਈ ਸਾਧਨਾਂ ਨਾਲ ਬਜ਼ਾਰੀਕਰਨ ਹੋਣ ਲੱਗਾ ਤਾਂ ਵਪਾਰੀਆਂ ਨੇ ਆਪਣੀ ਲੋੜ ਅਨੁਸਾਰ ਕਦੇ ਸੋਲੋ ਤੇ ਕਦੇ ਡਿਊਟ ਨੂੰ ਪ੍ਰੋਤਸਾਹਣ ਤੇ ਹੱਲਾਸੇਰੀ ਦੇ ਕੇ ਉਭਾਰਿਆ ਤੇ ਦਬਾਇਆ। ਉਸ ਦਾ ਨਤੀਜਾ ਇਹ ਹੋਇਆ ਕਿ ਦੋਗਾਣਾ ਗਾਇਕੀ ਪਿੰਡਾਂ ਵਾਲਿਆਂ ਵਿੱਚ ਪ੍ਰਚਲਤ ਰਹੀ ਤੇ ਸੋਲੋ ਸ਼ਹਿਰੀਆਂ ਦੀ ਪਸੰਦ ਬਣੀ ਰਹੀ। ਸਮੂਹਿਕ ਗਾਇਕੀ ਦੋ ਭਾਗਾਂ ਵਿੱਚ ਵੰਡੀ ਗਈ। ਸਿੱਠਣੀਆਂ, ਘੋੜੀਆਂ, ਸ਼ਗਨਾਂ ਦੇ ਗੀਤ ਅਤੇ ਕੀਰਨੇ ਦੇ ਰੂਪ ਵਿੱਚ ਪੇਂਡੂਆਂ ਕੋਲ ਚਲੀ ਗਈ ਅਤੇ ਦੇਸ਼ ਭਗਤੀ ਅਤੇ ਧਾਰਮਿਕ ਗੀਤਾਂ ਰਾਹੀਂ ਸ਼ਹਿਰੀਆਂ ਪੱਲੇ ਪੈ ਗਈ।

ਦੋਗਾਣਾ ਗਾਇਕੀ ਨਾਲ ਧੱਕਾ ਇਹ ਹੋਇਆ ਕਿ ਇਸ ਨੂੰ ਅਣਪੜ੍ਹ, ਗਵਾਰ, ਪੇਂਡੂਆਂ ਅਤੇ ਟਰੱਕ ਡਰਾਇਵਰ ਨਾਲ ਜੋੜ ਕੇ ਲੱਚਰ ਕਰਾਰ ਦੇ ਦਿੱਤਾ ਜਾਂਦਾ ਰਿਹਾ ਹੈ। ਇਸ ਦੇ ਸਿੱਟੇ ਵਜੋਂ ਇਹ ਹੋਇਆ ਕਿ ਪੰਜਾਬੀ ਦੀਆਂ ਬਹੁਤ ਸਾਰੀਆਂ ਦੋਗਾਣਾ ਗਾਇਕ ਜੋੜੀਆਂ ਨੂੰ ਸੁਣਨ ਤੋਂ ਪੜ੍ਹੇ ਲਿਖੇ ਵਰਗ ਨੇ ਹਮੇਸ਼ਾਂ ਕੰਨੀ ਕਤਰਾਈ ਰੱਖੀ। ਅਜਿਹੀ ਹੀ ਇੱਕ ਸਭ ਤੋਂ ਪ੍ਰਸਿੱਧ ਗਾਇਕ ਜੋੜੀ ਸਵ: ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਕੌਰ ਦੀ ਸੀ। ਚਮਕੀਲੇ ਦੀ ਤਰਾਸਦੀ ਇਹ ਰਹੀ ਹੈ ਕਿ ਆਪਣੇ ਸਮੇਂ ਦਾ ਸਭ ਤੋਂ ਮਹਿੰਗਾ, ਮਸਰੂਫ ਅਤੇ ਵੱਧ ਵਿਕਣ ਵਾਲਾ ਕਲਾਕਾਰ ਹੋਣ ਦੇ ਬਾਵਜੂਦ ਵੀ ਉਸਦੇ ਗੀਤਾਂ ਦਾ ਕਿਸੇ ਨੇ ਆਲੋਚਨਾਤਮਕ ਅਧਿਐਨ ਨਹੀਂ ਕੀਤਾ ਤੇ ਨਾ ਹੀ ਅੱਜ ਤੱਕ ਉਸਦੇ ਗੀਤਾਂ ਦੀਆਂ ਵਿਸ਼ੇਸ਼ਤਾਈਆਂ ਬਾਰੇ ਅਕਾਦਮਿਕ ਪੱਧਰ ਉੱਪਰ ਲਿੱਖਿਆ ਗਿਆ ਹੈ।

ਆਉ ਅਮਰ ਸਿੰਘ ਚਮਕੀਲੇ ਦੀ ਇੱਕ ਰਚਨਾ ਉੱਪਰ ਸਾਹਿਤਕ ਪੱਖ ਤੋਂ ਨਜ਼ਰ ਮਾਰੀਏ। ਚਮਕੀਲੇ ਦਾ ਇੱਕ ਬਹੁਤ ਹੀ ਮਕਬੂਲ ਗੀਤ ਹੈ, 'ਸੋਹਣਿਆ ਕੱਲੀ ਨੂੰ ਲੈ ਜਾ ਕਿਤੇ ਦੂਰ।' ਇਹ ਗੀਤ ਚਮਕੀਲੇ ਨੂੰ ਖੁਦ ਵੀ ਆਪਣੇ ਸਾਰੇ ਗੀਤਾਂ ਵਿੱਚੋਂ ਪਿਆਰਾ ਸੀ ਤੇ ਮੇਰਾ ਵੀ ਮਨਪਸੰਦ ਗੀਤ ਹੈ। ਗੀਤ ਦੇ ਸੰਦਰਭ ਵਿੱਚ ਆਪਣੀ ਗੱਲ ਅੱਗੇ ਕਰਨ ਤੋਂ ਪਹਿਲਾਂ ਗੀਤ ਦੇ ਬੋਲਾਂ ਨੂੰ ਪੇਸ਼ ਕਰਦਾ ਹਾਂ:-

ਕੱਲੀ ਨੂੰ ਲੈ ਜਾ ਕਿਤੇ ਦੂਰ

ਕੁੜੀ: ਹੱਥ ਬੰਨ੍ਹ ਮੈਂ ਮਿੰਨਤਾ ਕਰਦੀ, ਇੱਕ ਗੱਲ ਤੂੰ ਮੰਨ ਲੈ ਮੇਰੀ।

ਸਹੁੰ ਤੇਰੀ ਮੇਰੇ ਸੋਹਣਿਆਂ ਵੇ, ਬਣ ਕੇ ਮੈਂ ਰਹਿਣਾ ਤੇਰੀ।

ਝੱਲੀਏ ਕਿਸੇ ਦੀ ਕਾਹਨੂੰ ਘੂਰ, ਸੋਹਣਿਆਂ ਕੱਲੀ ਨੂੰ ਲੈ ਜਾ ਕਿਤੇ ਦੂਰ...।

ਮੁੰਡਾ : ਜੋ ਨਾਰਾਂ ਉੱਧਲ ਗਈ ਨੀ, ਉਨ੍ਹਾਂ ਨੂੰ ਦਾਜ ਜੁੜੇ ਨਾ,

ਕੱਚਿਆਂ ਤੋਂ ਰੁੜਗੇ ਜਿਹੜੇ ਨੀ, ਪਿੱਛੇ ਉਹ ਯਾਰ ਮੁੜੇ ਨਾ

ਰੱਬ ਸਾਡੀ ਸੁਣ ਜੇ ਲਵੇ, ਸੋਹਣੀਏ ਪੱਤਣਾਂ 'ਤੇ ਕੂਕ ਪਵੇ...।

ਕੁੜੀ: ਹਾਸੇ ਨਾਲ ਹਾਸ ਰਹਿ ਗਿਐ, ਸੱਚੀਂ ਹਾਂ ਹਾਂ ਵੇ ਮੇਰੀ,

ਰਹਿ ਸਾਡੇ ਨੇੜੇ-ਨੇੜੇ, ਫੜ ਲੈ ਬਾਂਹ ਬਾਂਹ ਵੇ ਮੇਰੀ,

ਚੱਖੀਏ ਜਵਾਨੀ ਦਾ ਸਰੂਰ, ਸੋਹਣਿਆਂ ਕੱਲੀ ਨੂੰ ਲੈ ਜਾ ਕਿਤੇ ਦੂਰ...।

ਮੁੰਡਾ : ਰੱਖੇ ਰੱਬ ਰਾਜ਼ੀ ਤੈਨੂੰ ਨੀ, ਰੋ ਨਾ ਹਾਏ ਰੋ ਨੀ ਅੜੀਏ,

ਕੱਖਾਂ ਤੋਂ ਹੌਲੀ ਐਵੇ ਨੀ, ਹੋ ਨਾ ਹਾਏ ਹੋ ਨੀ ਅੜੀਏ,

ਯਾਰ ਤੇਰਾ ਵਸਦਾ ਰਵੇ, ਸੋਹਣੀਏ ਪੱਤਣਾਂ 'ਤੇ ਕੂਕ ਪਵੇ...।

ਕੁੜੀ:ਸਾਰਾ ਜੱਗ ਵੈਰੀ ਹੋਇਐ, ਆ ਬਹਿ ਬਹਿ ਵੇ ਚੰਨਾ,

ਮੈਥੋਂ ਨੀ ਦਿਨ ਕੱਟ ਹੁੰਦੇ, ਦਿਲ ਵਿੱਚ ਰਹਿ ਰਹਿ ਵੇ ਚੰਨਾ,

ਮਰ ਜਾਣਾ ਸਾਨੂੰ ਮਨਜ਼ੂਰ, ਸੋਹਣਿਆਂ ਕੱਲੀ ਨੂੰ ਲੈ ਜਾ ਕਿਤੇ ਦੂਰ...।

ਮੁੰਡਾ : ਪਿੰਡ 'ਚੋਂ ਸਿਰ ਕੱਢਵੇ ਲਾਣੇ ਦੀ, ਧੀ ਏ ਤੂੰ ਧੀ ਹਾਨਣੇ,

ਕਲਯੁੱਗ ਮੂੰਹ ਅੱਡੀ ਬੈਠਾ, ਬੁੱਲ੍ਹੀਆਂ ਲੈ ਸੀ ਹਾਨਣੇ,

ਘੂਰਦੇ ਗਰੀਬ ਨੂੰ ਸਭੇ, ਸੋਹਣੀਏ ਪੱਤਣਾਂ 'ਤੇ ਕੂਕ ਪਵੇ...।

ਕੁੜੀ:ਮੇਰਾ ਹੁਣ ਵੈਰੀ ਹੋਇਐ, ਘਰ ਦਾ ਜੀਅ ਜੀਅ ਹਾਣੀਆ,

ਮੇਰੇ ਜੋ ਦਿਲ 'ਤੇ ਬੀਤੇ, ਦੱਸਾਂ ਕੀ ਕੀ ਹਾਣੀਆ,

ਹਾਉਕਿਆਂ ਚਿੱਤ ਚੂਰੋ ਚੂਰ, ਸੋਹਣਿਆਂ ਕੱਲੀ ਨੂੰ ਲੈ ਜਾ ਕਿਤੇ ਦੂਰ...।

ਮੁੰਡਾ : ਦੋ ਘੜੀਆ ਹੱਸ ਖੇਡ ਕੇ ਨੀ, ਦੁੱਖਾਂ ਦੀ ਜੂਨ ਹੰਢਾਉਣੀ,

ਕੱਲਿਆਂ ਬਹਿ ਬਹਿ ਕੇ ਰੋਣਾ, ਕੰਧਾਂ ਨੂੰ ਹੂਕ ਸਣਾਉਣੀ,

ਮਾੜਾ ਚਮਕੀਲਾ ਕੀ ਕਵੇ, ਸੋਹਣੀਏ ਪੱਤਣਾਂ 'ਤੇ ਕੂਕ ਪਵੇ...।

ਗੀਤ ਵਿੱਚ ਪੱਤਣਾਂ 'ਤੇ ਕੂਕ ਪਵੇ ਦਾ ਵਰਣਨ ਆਉਂਦਾ ਹੈ। ਕੂਕ ਦੇ ਅਰਥ ਇੱਥੇ ਬਹੁਤ ਗਹਿਰਾ ਮਹੱਤਵ ਰੱਖਦੇ ਹਨ। ਕੂਕ ਪੀੜ ਅਤੇ ਦਰਦ ਨਾਲ ਕੁਰਾਹੁਣ ਤੋਂ ਬਾਅਦ ਅਤੇ ਰੋਣ ਤੋਂ ਪਹਿਲੀ ਅਵਸਥਾ ਵਿੱਚ ਇਨਸਾਨ ਮੂੰਹੋਂ ਆਪ-ਮੁਹਾਰੇ ਨਿਕਲਣ ਵਾਲੀ ਅਵਾਜ਼ ਨੂੰ ਕਿਹਾ ਜਾਂਦਾ ਹੈ। ਉਹ ਅਵਾਜ਼ ਜੋ ਸੁਤੇ-ਸਿੱਧ ਦਿਲ ਦੀਆਂ ਗਹਿਰਾਈਆਂ ਤੋਂ ਨਿਕਲਦੀ ਹੈ।

ਪੰਛੀਆਂ ਵਿੱਚੋਂ ਕੋਇਲ ਦੀ ਅਵਾਜ਼ ਨੂੰ ਸੰਗੀਤਮਈ ਮੰਨਿਆ ਜਾਂਦਾ ਹੈ। ਇਸ ਲਈ ਜਿਵੇਂ ਕਾਵਾਂ ਦੀ ਬੋਲੀ ਨੂੰ ਕਾਂ ਕਾਂ ਜਾਂ ਕਾਵਾਂ ਰੌਲੀ, ਕੁਕੜਾਂ ਦੀ ਭਾਸ਼ਾ ਨੂੰ ਕੌਅ ਕੌਅ, ਪਸ਼ੂਆਂ ਦੀ ਜ਼ੁਬਾਨ ਨੂੰ ਰਿੰਗਣਾ ਆਖਿਆ ਜਾਂਦਾ ਹੈ। ਉਵੇਂ ਕੋਇਲ ਦੀ ਸੁਰੀਲੀ ਅਵਾਜ਼ ਨੂੰ ਕੂਕ ਕਿਹਾ ਜਾਂਦਾ ਹੈ। ਲੇਕਿਨ ਜਦੋਂ ਪ੍ਰੇਮ ਪ੍ਰਸੰਗ ਵਿੱਚ ਅਸੀਂ ਤੜਫ ਨਾਲ ਜੋੜ ਕੇ ਦੇਖਦੇ ਹਾਂ ਤਾਂ ਪਪੀਹੇ ਦੀ ਕੂਕ ਨੂੰ ਸ੍ਰਵੋਤਮ ਮੰਨਿਆ ਜਾਂਦਾ ਹੈ। ਇਸ ਲਈ ਕਿਸੇ ਨੇ ਉਚਾਰਿਆ ਸੀ, "ਸੁਣੀ ਦਾਤਿਆ ਵੇ ਮੇਰੀ ਕੂਕ ਪਪੀਹੇ ਵਾਲੀ।" ਜਾਂ ਕੂਕ ਦਾ ਮਤਲਬ ਪੁਕਾਰ ਵੀ ਹੂੰਦਾ ਹੈ, 'ਜੇ ਦਰਿਮਾਂਗਤ ਕੂਕ ਕਰੇ ਮਹਲੀ ਖਸਮ ਸੁਣੇ। (ਆਸਾ ਮਹਲਾ 1)' ਕੂਕ ਦਾ ਅਰਥ ਢੰਡੋਰਾ ਪਿੱਟਣਾ ਜਾਂ ਹੋਕਾ ਦੇਣਾ ਵੀ ਹੁੰਦਾ ਹੈ, "ਸਾਸਤ੍ਰ ਬੇਦ ਕੀ ਫਿਰਿ ਕੂਕ ਨ ਹੋਇ। (ਮਲਾ ਮ: 3)"

ਪੁਰਾਤਨ ਮਿਥਿਹਾਸਕ ਗ੍ਰੰਥਾਂ ਅਨੁਸਾਰ ਪਪੀਹਾ ਇਸ਼ਕ ਵਿੱਚ ਸਭ ਤੋਂ ਵਫਾਦਾਰ ਪੰਛੀ ਗਰਦਾਨਿਆ ਗਿਆ ਹੈ। "ਚਾਤ੍ਰਿਕ ਚਿਤ ਸੁਚਿਤ ਸੁ ਸਾਜਨ ਚਾਹੀਐ।" (ਫੁਨਹੇ ਮ: 5) ਰਿੱਗਵੇਦ ਵਿੱਚ ਇੱਕ ਕਰਾਮਾਤੀ ਤੇ ਪਵਿੱਤਰ ਨਦੀ ਸਵਾਂਤੀ ਦਾ ਵਰਨਣ ਆਉਂਦਾ ਹੈ। ਬੋਧ ਗ੍ਰੰਥਾਂ ਅਨੁਸਾਰ ਇਹ ਨਦੀ ਉਦਿਆਨ (ਭਾਰਤ) ਦੇਸ਼ ਵਿੱਚ ਸੀ। ਪਪੀਹੇ ਦੇ ਸੰਦਰਭ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਦ ਤੱਕ ਸੁਆਂਤੀ ਨਦੀ ਦੇ ਪਾਣੀ ਦੀ ਬੂੰਦ ਉਸਦੇ ਮੂੰਹ ਵਿੱਚ ਨਹੀਂ ਪੈਂਦੀ, ਉਸਦੀ ਮੁਕਤੀ ਨਹੀਂ ਹੁੰਦੀ ਤੇ ਉਹ ਸਾਰੀ ਉਮਰ ਇਸ ਦੀ ਪ੍ਰਾਪਤੀ ਲਈ ਤੜਫਦਾ ਰਹਿੰਦਾ ਹੈ। "ਤੂ ਨ ਜਾਣਹੀ ਕਿਆ ਤੁਧੁ ਵਿਚਿ ਤਿਖਾ ਹੈ।" (ਵਾਰ ਮਲਾ ਮ: 3) ਜਿਗਆਸੂ , ਜੋ ਹਰਿਰਸ ਤੋਂ ਛੁੱਟ ਹੋਰ ਕਿਸੇ ਰਸ ਵੱਲ ਧਿਆਨ ਨਹੀਂ ਦਿੰਦਾ। ਚਾਤ੍ਰਿਕ, ਪਪੀਹਾਂ ਜਾਂ ਮੇਘਜੀਵ ਅਖਵਾਉਂਦਾ ਹੈ।

ਯੂਨਾਨੀ ਮਿਥਿਹਾਸ ਵਿੱਚ ਕੁਕਨੁਸ ਪੰਛੀ ਦਾ ਜ਼ਿਕਰ ਆਉਂਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਪੰਛੀ ਮਧੁਰ ਰਾਗ ਅਲਾਪਦਾ ਹੈ। ਬਸੰਤ ਰੁੱਤ ਵਿੱਚ ਦੀਪਕ ਰਾਗ ਆਲਪਦਾ ਹੋਇਆ ਇਹ ਭਸਮ ਹੋ ਜਾਂਦਾ ਹੈ ਤੇ ਵਰਖਾ ਰੁੱਤ ਵਿੱਚ ਉਸਦੀ ਭਸਮ ਸੁਆਂਤੀ ਨਦੀ ਦੇ ਵਾਸ਼ਪ ਬਣ ਕੇ ਵਰੇ ਪਾਣੀ ਦੀ ਬੂੰਦ ਦੇ ਸੰਗਮ ਨਾਲ ਅੰਡੇ ਦਾ ਰੂਪ ਦਾਰ ਜਾਂਦੀ ਹੈ ਤੇ ਫਿਰ ਉਸ ਵਿੱਚੋਂ ਨਵੇਂ ਕੁਕਨੁਸ ਦਾ ਜਨਮ ਹੁੰਦਾ ਹੈ। ਵਰਣਨਯੋਗ ਹੈ ਕਿ ਇਸ ਪੰਛੀ ਦੀ ਕੇਵਲ ਮਦੀਨ ਹੁੰਦੀ ਹੈ, ਨਰ ਨਹੀਂ ਹੁੰਦਾ। ਖ਼ੈਰ ਇਹ ਮਿਥਿਹਾਸ ਹੈ।

ਸੰਸਾਰ ਦੀਆਂ ਜਿੰਨੀਆਂ ਵੀ ਪ੍ਰੀਤ ਕਹਾਣੀਆਂ ਹਨ, ਉਹਨਾਂ ਸਭਨਾਂ ਵਿੱਚ ਇੱਕ ਗੱਲ ਸਾਂਝੀ ਹੈ ਕਿ ਪ੍ਰੇਮੀ ਅਤੇ ਪ੍ਰੇਮਿਕਾ ਕਦੇ ਬਰਾਬਰ ਦੇ ਨਹੀਂ ਹੁੰਦੇ। ਉਨ੍ਹਾਂ ਵਿੱਚ ਜਾਤ-ਪਾਤ, ਅਮੀਰੀ-ਗਰੀਬੀ, ਕਾਲਾ-ਗੋਰਾ ਰੰਗ, ਉੱਚਾ-ਨੀਵਾਂ ਭਾਵ ਕੋਈ ਨਾ ਕੋਈ ਵਖਰੇਵਾਂ ਜ਼ਰੂਰ ਹੁੰਦਾ ਹੈ, ਜੋ ਉਨ੍ਹਾਂ ਦੇ ਇਸ਼ਕ ਦਾ ਇਮਤਿਹਾਨ ਲੈਂਦਾ ਹੈ। ਇਹੀ ਤੱਤ ਉਨ੍ਹਾਂ ਦੀ ਕਹਾਣੀ ਨੂੰ ਆਮ ਜ਼ਿੰਦਗੀ ਨਾਲੋਂ ਵੱਖ ਕਰਕੇ ਖਾਸ ਹੋਣ ਦਾ ਰੁਤਬਾ ਦਿਵਾਉਂਦਾ ਹੈ।

ਚਮਕੀਲੇ ਦੇ ਇਸ ਗੀਤ ਵਿੱਚ ਵੀ ਅਮੀਰ ਕੁੜੀ ਨਾਲ ਗਰੀਬ ਮੁੰਡੇ ਦਾ ਪਿਆਰ ਦਰਸਾਇਆ ਗਿਆ ਹੈ। ਪ੍ਰੇਮੀ ਅਤੇ ਪ੍ਰਮਿਕਾ ਦਾ ਵਾਰਤਾਲਾਪ ਬਹੁਤ ਖੂਬਸੂਰਤੀ ਨਾਲ ਪੇਸ਼ ਕਰਦਿਆਂ ਸਮਾਜਿਕ ਮਰਿਆਦਾ ਨੂੰ ਕਾਇਮ ਰੱਖਦਿਆਂ ਮੁਹੱਬਤ ਦੇ ਸਫ਼ਰ ਉੱਪਰ ਚੱਲਣ ਦੀ ਪ੍ਰੇਰਣਾ ਦਿੱਤੀ ਗਈ ਹੈ ਇਸ ਦੋਗਾਣੇ ਵਿੱਚ।

ਗੀਤ ਦਾ ਪਾਤਰ ਮੁੰਡਾ ਨਾਇਕਾ ਕੁੜੀ ਨਾਲੋਂ ਵੱਧ ਹੰਢਿਆ ਹੋਇਆ ਤੇ ਸਮਝਦਾਰ ਹੈ। ਕੁੜੀ ਵਿੱਚ ਜੁਆਨੀ ਦਾ ਵੇਗ ਤੇ ਬਚਪਨਾ ਹੈ। ਕੁੜੀ ਕਾਮੁਕਤਾ ਨਾਲ ਭਰੀ ਪਈ ਹੈ। ਮੁੰਡੇ ਵਿੱਚ ਠਰਮਾ ਅਤੇ ਜ਼ਾਬਤਾ ਕਾਇਮ ਰੱਖਣ ਦੀ ਸਮਰਥਾ ਝਲਕਦੀ ਹੈ। ਵੇਗਮਤੀ ਮੁਟਿਆਰ ਆਪਣੇ ਆਸ਼ਿਕ ਨੂੰ ਘਰੋਂ ਭਜਾ ਕੇ ਲਿਜਾਣ ਲਈ ਉਕਸਾਉਂਦੀ ਹੈ ਤੇ ਕੁੱਲ ਜਹਾਨ ਤੋਂ ਬਾਗੀ ਹੋ ਕੇ ਆਪਣੇ ਪ੍ਰੇਮੀ ਨਾਲ ਨਵੀਂ ਦੁਨੀਆ ਵਸਾਉਣ ਦੀ ਖਾਹਿਸ਼ਮੰਦ ਹੈ। ਕੁੜੀ ਬੇਬਾਕ, ਨਿਸ਼ੰਗ ਅਤੇ ਦਲੇਰ ਹੈ। ਮੁੰਡਾ ਡਰੂ, ਨਿਮਾਣਾ ਅਤੇ ਸੰਗਾਊ ਹੈ। ਮੁੰਡਾ ਦਲੀਲਾਂ ਦੇ ਕੇ ਕੁੜੀ ਨੂੰ ਜਵਾਨੀ ਦੇ ਨਸ਼ੇ ਵਿੱਚ ਅੰਨ੍ਹੀ ਹੋਈ ਨੂੰ ਕੋਈ ਗਲਤ ਕਦਮ ਚੁੱਕਣ ਤੋਂ ਵਰਜਦਾ ਹੋਇਆ ਨਸੀਹਤਾਂ ਦਿੰਦਾ ਹੈ। ਮੁੰਡਾ ਸਮਾਜ ਵੱਲੋਂ ਪ੍ਰਵਾਨਿਆ ਰਿਸ਼ਤਾ ਸਥਾਪਿਤ ਕਰਕੇ ਕੁੜੀ ਨੂੰ ਅਪਨਾਉਣਾ ਚਾਹੁੰਦਾ ਹੈ। ਮੁੰਡਾ ਦੱਸਦਾ ਹੈ ਕਿ ਬੁਰੇ ਕੰਮ ਦਾ ਨਤੀਜਾ ਵੀ ਬੁਰਾ ਹੁੰਦਾ ਹੈ। ਕੁੜੀ ਸਭ ਫੈਸਲੇ ਲਈ ਬੈਠੀ ਹੁੰਦੀ ਹੈ ਤੇ ਪਿਆਰ ਦੀ ਅਸਫਲਤਾ ਬਰਦਾਸ਼ਤ ਨਹੀਂ ਕਰਨਾ ਚਾਹੁੰਦੀ ਤੇ ਮਰਨ ਤੱਕ ਲਈ ਵੀ ਕਮਰ ਕਸੀ ਫਿਰਦੀ ਹੁੰਦੀ ਹੈ। ਲੇਕਿਨ ਮੁੰਡਾ ਯੋਗ ਵਸੀਲੇ ਉਪਲਵਧ ਨਾ ਹੋਣ ਕਰਕੇ ਕੋਈ ਵੀ ਹਾਮੀ ਭਰਨ ਤੋਂ ਅਸਮਰਥ ਹੁੰਦਾ ਹੈ। ਇਸ਼ਕ ਦੇ ਵਿੱਚ ਭਿੱਜੀ ਕੁੜੀ ਹਰ ਹੱਦ ਪਾਰ ਕਰਨ ਲਈ ਤਿਆਰ ਹੈ ਤੇ ਮੁੰਡਾ ਆਪਣੇ ਇਰਦ-ਗਿਰਦ ਹੱਦਾਂ ਉਸਾਰਦਾ ਰਹਿੰਦਾ ਹੈ। ਮੁੰਡਾ ਕੁੜੀ ਦੀ ਇੱਜ਼ਤ ਆਬਰੂ ਉੱਪਰ ਹਰਫ ਆਉਣ ਦੇ ਡਰੋਂ ਵਿਯੋਗ ਵਿੱਚ ਤੜਫਦੇ ਰਹਿਣ ਨੂੰ ਤਰਜੀਹ ਦਿੰਦਾ ਹੈ।

ਪੱਤਣਾਂ ਤੇ ਕੂਕ ਪਵੇ ਦੇ ਅਰਥ ਗੀਤ ਦੇ ਹਰ ਅੰਤਰੇ ਵਿੱਚ ਬਦਲਦੇ ਹਨ। ਪਹਿਲੇ ਅੰਤਰੇ ਵਿੱਚ ਲੜਕਾ ਸੋਹਣੀ ਮਹਿਵਾਲ ਦੇ ਕਿੱਸੇ ਦਾ ਹਵਾਲਾ ਦਿੰਦਾ ਹੈ ਕਿ ਦੇਖ ਸੋਹਣੀ ਨੇ ਹਵਸ ਵਿੱਚ ਅੰਨ੍ਹੀ ਹੋ ਕੇ ਜੋ ਗੈਰਇਖਲਾਕੀ ਕਦਮ ਚੁੱਕਿਆ ਸੀ, ਉਸ ਨਾਲ ਉਸਨੂੰ ਕੁਝ ਵੀ ਹਾਸਿਲ ਨਹੀਂ ਹੋਇਆ ਸੀ। ਆਪਾਂ ਅਜਿਹਾ ਕਦਮ ਹਰਗਿਜ਼ ਨਹੀਂ ਚੁੱਕਣਾ। ਨਾਇਕ ਅਨੁਸਾਰ ਪੱਤਣਾਂ ਦੇ ਗਵਾਹ ਪਾਣੀ ਹੋਕਾ ਦੇ ਕੇ ਪ੍ਰੇਮੀਆਂ ਨੂੰ ਉਨ੍ਹਾਂ ਰਾਹਾਂ ਵੱਲ ਜਾਣ ਤੋਂ ਵਰਜਦੇ ਹਨ।

ਦੂਜੇ ਅੰਤਰੇ ਵਿੱਚ ਉਹ ਕਹਿੰਦਾ ਹੈ ਕਿ ਜਦ ਤੱਕ ਮੈਂ ਜਿਉਂਦਾ ਹਾਂ ਤੈਨੂੰ ਪਾਉਣ ਦਾ ਯੋਗ ਉੱਦਮ ਕਰਦਾ ਰਹਾਂਗਾ ਤੇ ਤੇਰੇ ਸਿਵਾਏ ਕਿਸੇ ਹੋ ਦਾ ਨਹੀਂ ਹੋਵਾਂਗਾ। ਕੂਕ ਇੱਥੇ ਪਪੀਹੇ ਵਾਂਗ ਵਫਾਦਾਰੀ ਦਾ ਅਹਿਦ ਕਰਨ ਦੀ ਜਾਮਨ ਬਣ ਜਾਂਦੀ ਹੈ।

ਤੀਜੇ ਅੰਤਰੇ ਵਿੱਚ ਕੂਕ ਦੇ ਨਵੇਂ ਅਰਥ ਸਿਰਜੇ ਜਾਂਦੇ ਹਨ। ਮੁੰਡਾ ਦੱਸਦਾ ਹੈ ਕਿ ਮੇਰੀ ਗਰੀਬੀ ਕਾਰਨ ਮੇਰੇ ਉੱਪਰ ਤਸੱਦਦ ਅਤੇ ਜ਼ੁਲਮ ਵੀ ਹੋ ਸਕਦਾ ਹੈ। ਮੈਂੁੰ ਜਾਂ ਮੇਰੇ ਪਰਿਵਾਰ ਨੂੰ ਵਿਰੋਧ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਕੜੇ ਦਾ ਸੱਤੀ ਵੀਹੀਂ ਸੌ ਹੁੰਦਾ ਹੈ ਤੇ ਗਰੀਬ ਨਿਰਦੋਸ਼ ਹੁੰਦੇ ਹੋਏ ਵੀ ਗੁਨਾਹਗਾਰ ਬਣਾ ਦਿੱਤਾ ਜਾਂਦਾ ਹੈ। ਕੂਕ ਇੱਥੇ ਮਾਨਸਿਕ ਵੇਦਨਾ ਅਤੇ ਕੁਰਲਾਹਟ ਦਾ ਪ੍ਰਤੀਕ ਬਣ ਕੇ ਉੱਭਰਦੀ ਹੈ।

ਅਖੀਰਲੇ ਅੰਤਰੇ ਵਿੱਚ ਪ੍ਰੇਮੀ ਆਪਣੀ ਬੇਬਸੀ ਤੇ ਲਾਚਾਰੀ ਪ੍ਰਗਟ ਕਰਦਾ ਹੋਇਆ ਪਿਆਰ ਲਈ ਕੁਰਬਾਨੀ ਦੇਣ ਨੂੰ ਤਿਆਰ ਹੈ, ਪਰੰਤੂ ਇੱਜ਼ਤ ਉੱਪਰ ਦਾਗ ਲਾਉਣ ਵਾਲੇ ਕਰਮ ਕਰਨ ਦੀ ਹਾਮੀ ਨਹੀਂ ਭਰਦਾ। ਇੱਥੇ ਕੂਕ ਕੁਕਨਸ ਵਾਂਗ ਫਨਾਹ ਹੋ ਕੇ ਭਵਿੱਖ ਸਿਰਜਣ ਦੀ ਇੱਛਾ ਬਣ ਜਾਂਦੀ ਹੈ। ਪ੍ਰੇਮੀ ਦਾ ਜਮਾਨੇ ਦੇ ਦਸਤੂਰਾਂ ਅੱਗੇ ਹਾਰ ਕੇ ਧੂਰ ਅੰਦਰੋਂ ਨਿਕਲਦੇ ਪੀੜਾ ਜਨਕ ਵਿਰਲਾਪ ਨੂੰ ਕੂਕ ਬਣਾ ਕੇ ਵਰਣਿਤ ਕੀਤਾ ਗਿਆ ਹੈ ਇੱਥੇ।

ਇਸ ਗੀਤ ਵਿੱਚ ਚਮਕੀਲੇ ਨੇ ਇੱਕ ਬਹੁਤ ਵਧੀਆ ਤਕਨੀਕੀ ਤਜਰਬਾ ਵੀ ਕੀਤਾ ਹੈ। ਗੀਤ ਵਿੱਚ ਉਸਨੇ ਦੁਹਰਾਓ ਸ਼ਬਦਾਂ ਦਾ ਬੜੇ ਉਮਦਾ ਢੰਗ ਨਾਲ ਪ੍ਰਯੋਗ ਕੀਤਾ ਹੈ। ਮਿਸਾਲ ਦੇ ਤੌਰ 'ਤੇ ਦੇਖੋ:-

1 ਸੱਚੀਂ ਹਾਂ ਹਾਂ ਵੇ ਮੇਰੀ।

2 ਰਹਿ ਸਾਡੇ ਨੇੜੇ-ਨੇੜੇ।

4 ਫੜ ਲੈ ਬਾਂਹ ਬਾਂਹ ਵੇ ਮੇਰੀ।

5 ਰੋ ਨਾ ਹਾਏ ਰੋ ਨੀ ਅੜੀਏ।

6 ਹੋ ਨਾ ਹਾਏ ਹੋ ਨੀ ਅੜੀਏ।

7 ਆ ਬਹਿ ਬਹਿ ਵੇ ਚੰਨਾ।

8 ਦਿਲ ਵਿੱਚ ਰਹਿ ਰਹਿ ਵੇ ਚੰਨਾ।

9 ਘਰ ਦਾ ਜੀਅ ਜੀਅ ਹਾਣੀਆ।

10 ਦੱਸਾਂ ਕੀ ਕੀ ਹਾਣੀਆ।

11 ਹਾਉਕਿਆਂ ਚਿੱਤ ਚੂਰੋ ਚੂਰ।

ਮੇਰੇ ਹਿਸਾਬ ਨਾਲ ਇਹ ਅਮਰ ਸਿੰਘ ਚਮਕੀਲੇ ਦਾ ਬਹੁਤ ਸਭਿਅਕ, ਸੇਧਮਈ, ਮਿਆਰੀ ਅਤੇ ਸਾਹਿਤਕ ਗੀਤ ਹੈ। ਅਗਰ ਕੋਈ ਮੇਰੇ ਇਸ ਵਿਚਾਰ ਨਾਲ ਸਹਿਮਤ ਨਹੀਂ ਤਾਂ ਇਹ ਉਹਦੀ ਸਮਝ ਦੀ ਸਮੱਸਿਆ ਹੈ, ਚਮਕੀਲਾ ਇਸ ਲਈ ਦੋਸ਼ੀ ਨਹੀਂ ਹੈ।


No comments:

Post a Comment