ਔਰੰਗਜ਼ੇਬ ਦਾ ਨਜ਼ਰਾਨਾ

-ਬਲਰਾਜ ਸਿੰਘ ਸਿੱਧੂਵੈਸੇ ਤਾਂ ਭਰਾਵਾਂ ਨੂੰ ਰਸਤੇ ਵਿੱਚੋਂ ਹਟਾ ਕੇ ਤੇ ਪਿਉ ਨੂੰ ਕੈਦ ਕਰਕੇ ਔਰੰਗਜ਼ੇਬ ਨੇ 13 ਜੂਨ 1659 ਨੂੰ ਦਿੱਲੀ ਆਪਣੀ ਮਾਂ ਦੀ ਸੌਂਕਣ ਦੇ ਨਾਮ 'ਤੇ ਅਬਾਦ ਹੋਏ ਅਜ਼ੀਜਾਬਾਦ ਬਾਗ (ਸ਼ਾਲੀਮਾਰ ਗਾਰਡਨਜ਼) ਵਿੱਚ ਖੁਦ ਦੀ ਤਾਜ਼ਪੋਸ਼ੀ ਕਰਵਾ ਲਈ ਸੀ ਤੇ ਆਪਣੀ ਬਾਦਸ਼ਾਹਤ ਦਾ ਐਲਾਨ ਕਰ ਦਿੱਤਾ ਸੀ। ਲੇਕਿਨ ਉਸ ਦਾ ਅਸਲੀ ਰਾਜ ਅਭਿਸ਼ੇਕ ਆਗਰੇ ਕੁੱਝ ਮਹੀਨੇ ਬਾਅਦ ਹੋਇਆ ਸੀ। ਇਸ ਦੀ ਖੁਸ਼ੀ ਵਿੱਚ ਸਾਰੀ ਰਾਤ ਜ਼ਸ਼ਨ ਹੁੰਦੇ ਰਹੇ ਸਨ। 
ਅਗਲੀ ਸਵੇਰੇ ਔਰੰਗਜ਼ੇਬ ਆਪਣੇ ਹਰਮ ਵਿੱਚ ਗਿਆ ਸੀ। ਜਨਾਨਖਾਨੇ ਦੀ ਦੇਹਲੀ 'ਤੇ ਪੈਰ ਧਰਦਿਆਂ ਹੀ ਮੁੱਖੀ ਦਾਸੀ ਯਾਸਮੀਨ ਨੇ ਔਰੰਗਜ਼ੇਬ ਨੂੰ ਮੁਬਾਰਕਬਾਦ ਦਿੱਤੀ ਤਾਂ ਔਰੰਗਜ਼ੇਬ ਨੇ ਆਪਣੇ ਗਲੋਂ ਸਪਤਮਣੀ ਮਾਲਾ ਲਾਹ ਕੇ ਉਸਨੂੰ ਇਨਾਮ ਵਿੱਚ ਦਿੱਤੀ ਸੀ। ਉਸ ਤੋਂ ਅੱਗੇ ਜਨਾਨੇਖਾਨੇ ਦਾ ਦਰੋਗਾ ਖੁਸਰਾ ਅਨਵਰ ਟੱਕਰਿਆ ਤਾਂ ਔਰਗਜ਼ੇਬ ਨੇ ਹੀਰਿਆਂ ਵਾਲੀ ਮੁੰਦਰੀ ਲਾਹ ਕੇ ਉਸਨੂੰ ਦਿੱਤੀ। ਫਿਰ ਜਨਾਨਖਾਨੇ ਦੀ ਨਿਗਰਾਨ ਸ਼ਮੀਮ ਮਿਲੀ ਤਾਂ ਔਰੰਗਜ਼ੇਬ ਨੇ ਉਸਨੂੰ ਆਪਣੇ ਦੋਨਾਂ ਗੁੱਟਾਂ 'ਚੋਂ ਉਤਾਰ ਕੇ ਕੰਗਣਾਂ ਦੀ ਜੋੜੀ ਦੇ ਦਿੱਤੀ। 
ਅੱਗੇ ਜਾ ਕੇ ਜਿੱਥੇ ਜਨਾਨਖਾਨੇ ਨੂੰ ਮਰਦਾਨਾਖਾਨੇ ਤੋਂ ਨਿਖੇੜਦਾ ਜਾਲੀਦਾਰ ਪਰਦਾ ਲੱਗ ਸੀ, ਔਰੰਗਜ਼ੇਬ ਉੱਥੇ ਜਾ ਕੇ ਖੜ੍ਹ ਗਿਆ। ਪਰਦੇ ਵਿੱਚੋਂ ਔਰੰਗਜ਼ੇਬ ਦੇ ਪਰਿਵਾਰ ਦੀਆਂ ਜਨਾਨੀਆਂ ਨੇ ਬਾਹਰ ਆ ਕੇ ਔਰੰਗਜ਼ੇਬ ਨੂੰ ਸਲਾਮ ਅਰਜ਼ ਕੀਤੀ। ਸਭ ਤੋਂ ਪਹਿਲਾਂ ਔਰੰਗਜ਼ੇਬ ਦੀ ਵੱਡੀ ਭੈਣ ਰੌਸ਼ਨਆਰਾ ਅੱਗੇ ਵਧੀ ਤੇ ਉਸਨੇ ਇੱਕ ਵੱਡੀ ਪਰਾਤ ਵਿੱਚ ਹੀਰੇ ਮੋਤੀ ਪੇਸ਼ ਕੀਤੇ। ਔਰੰਗਜ਼ੇਬ ਨੇ ਉਨ੍ਹਾਂ ਉੱਪਰ ਹੱਥ ਰੱਖ ਕੇ ਕਬੂਲੇ ਤੇ ਆਪਣੇ ਵੱਲੋਂ ਸ਼ੁਕਰਾਨੇ ਦਾ ਤੋਹਫਾ ਉਸ ਨਾਲੋਂ ਮਹਿੰਗੇ ਹੀਰੇ-ਮੋਤੀ ਮੋੜੇ।
ਉਸ ਤੋਂ ਬਾਅਦ ਔਰੰਗਜ਼ੇਬ ਦੀ ਵੱਡੀ ਬੇਟੀ ਜ਼ੇਬ-ਉੱਨ-ਨਿਸ਼ਾ ਆਈ ਤੇ ਉਸਨੇ ਆਪਣੇ ਹੱਥਾਂ ਦੀ ਬਣਾਈ ਪੇਂਟਿੰਗ ਭੇਟ ਕੀਤੀ। ਔਰਗਜ਼ੇਬ ਨੇ ਉਹ ਚਿੱਤਰ ਦੇਖਿਆ। ਉਹ ਮਰਾਠੇ ਯੋਧੇ ਦਾ ਸੀ।
ਔਰੰਗਜ਼ੇਬ ਨੇ ਕੜਕਦੀ ਅਵਾਜ਼ ਵਿੱਚ ਕਿਹਾ, "ਮੈਂ ਤੈਨੂੰ ਕਾਫਰਾਂ ਦੇ ਚਿੱਤਰ ਬਣਾਉਣ ਲਈ ਚਿੱਤਰਕਾਰੀ ਨਹੀਂ ਸਿਖਾਈ। ਅੱਜ ਮਾਫ। ਮੁੜ ਕੇ ਇਹ ਗਲਤੀ ਨਾ ਹੋਵੇ।"
ਉਸਨੂੰ ਵੀ ਸੋਨਾ-ਚਾਂਦੀ ਨਾਲ ਭਰਿਆ ਥਾਲ ਦਿੱਤਾ ਗਿਆ।
ਫਿਰ ਔਰੰਗਜ਼ੇਬ ਦੀ ਛੋਟੀ ਬੇਟੀ ਆਈ ਤੇ ਉਸਨੇ ਆਪਣੇ ਹੱਥਾਂ ਨਾਲ ਲਿੱਖੀ ਕੁਰਾਨ ਭੇਂਟ ਕੀਤੀ। ਹੱਥ ਲਿਖਤ ਕੁਰਾਨ ਦੇਖ ਕੇ ਔਰਗਜ਼ੇਬ ਨੇ ਬੇਟੀ ਦਾ ਸਿਰ ਪਲੋਸਿਆ ਤੇ ਬਦਲੇ ਵਿੱਚ ਉਸਨੂੰ ਕੀਮਤੀ ਵਸਤਰਾਂ ਅਤੇ ਗਹਿਣਿਆਂ ਦੇ ਉਪਹਾਰ ਦਿੱਤੇ... ਇੰਝ ਸਭ ਔਰਤਾਂ ਇੱਕ-ਇੱਕ ਕਰਕੇ ਆਉਂਦੀਆਂ ਗਈਆਂ ਸਨ...।
ਸਭ ਤੋਂ ਮਗਰੋਂ ਔਰੰਗਜ਼ੇਬ ਦੀ ਭੈਣ ਜਹਾਂਆਰਾ ਆਈ। ਜਹਾਂਆਰਾ ਦੇ ਮਨ ਵਿੱਚ ਬਾਪ ਦੀ ਕੈਦ ਅਤੇ ਦੂਜੇ ਭਰਾਵਾਂ ਨਾਲ ਹੋਈ ਬਦਸਲੂਕੀ ਕਾਰਨ ਕੁੜੱਤਣ ਸੀ। ਔਰੰਗਜ਼ੇਬ ਨੇ ਜਹਾਂਆਰਾ ਨੂੰ ਪੁੱਛਿਆ, "ਤੁਸੀਂ ਮੇਰੇ ਲਈ ਕੀ ਨਜ਼ਰਾਨਾ ਲਿਆਏ ਹੋ?"
"ਆਲਾ ਹਜ਼ਰਤ! ਉਹ ਤਾਂ ਮੈਂ ਦੇ ਚੁੱਕੀ ਹਾਂ। ਮੈਂ ਆਪਣੀ ਖਾਮੋਸ਼ੀ ਤੁਹਾਨੂੰ ਨਜ਼ਰਾਨੇ ਵਿੱਚ ਦਿੱਤੀ ਹੈ।" ਜਹਾਂਆਰਾ ਨੇ ਬੇਰੁੱਖੀ ਨਾਲ ਉੱਤਰ ਦਿੱਤਾ ਸੀ।
ਔਰੰਗਜ਼ੇਬ ਉਸਦਾ ਇਸ਼ਾਰਾ ਸਮਝ ਕੇ ਉੱਚੀ-ਉੱਚੀ ਹੱਸਿਆ, "ਮੈਂ ਵੀ ਇਸ ਦੇ ਬਦਲੇ ਤੁਹਾਨੂੰ ਇਸ ਤੋਂ ਕਈ ਗੁਣਾ ਕੀਮਤੀ ਤੋਹਫਾ ਦੇਵਾਂਗਾ। ਪਰ ਉਸ ਲਈ ਤੁਹਾਨੂੰ ਕੁੱਝ ਸਮਾਂ ਇੰਤਜ਼ਾਰ ਕਰਨਾ ਪਵੇਗਾ।"
ਦਿਨ... ਮਹੀਨੇ... ਸਾਲ ਗੁਜ਼ਰਦੇ ਗਏ।
ਜਹਾਂਆਰਾ 16 ਸਤੰਬਰ 1681 ਜਦੋਂ ਮਰਨ ਵਾਲੀ ਸੀ ਤਾਂ ਉਸਨੇ ਔਰੰਗਜ਼ੇਬ ਨੂੰ ਕਿਹਾ, "ਤੁਸੀਂ ਮੈਨੂੰ ਇੱਕ ਨਜ਼ਰਾਨਾ ਦੇਣਾ ਸੀ?"
"ਹਾਂ, ਮੈਂ ਉਹ ਨਜ਼ਰਾਨਾ ਤੁਹਾਨੂੰ ਦੇ ਚੁੱਕਾ ਹਾਂ। ਤੁਸੀਂ ਜਿਹੜਾ ਐਨੇ ਸਾਲ ਬਿਨਾਂ ਕਿਸੇ ਦੁੱਖ ਤਕਲੀਫ ਦੇ ਜਿਉਂਦੇ ਰਹੇ ਹੋ, ਮੇਰਾ ਇਹੋ ਨਜ਼ਰਾਨਾ ਸੀ। ਵਰਨਾ ਖਾਮੋਸ਼ ਬਗਾਵਤ ਦੀ ਸਜ਼ਾ ਮੈਂ ਉਸੇ ਵਕਤ ਮੌਤ ਦੇ ਦੇਣੀ ਸੀ।"
ਇਹ ਸੁਣਦਿਆਂ ਹੀ ਜਹਾਂਆਰਾ ਦੇ ਪ੍ਰਾਣ ਨਿਕਲ ਗਏ ਸਨ।
---

No comments:

Post a Comment