ਸ਼ੇਰ ਦਾ ਸ਼ਿਕਾਰ


 -ਬਲਰਾਜ ਸਿੰਘ ਸਿੱਧੂ

ਮੁੱਢਲਾ ਸਿੱਖ ਇਤਿਹਾਸ ਸਾਖੀਆਂ ਦੇ ਰੂਪ ਵਿੱਚ ਲਿੱਖਿਆ ਮਿਲਦਾ ਹੈ। ਇਹਨਾਂ ਸਾਖੀਆਂ ਨੂੰ ਜ਼ਿਆਦਾਤਰ ਗੁਰੂ ਪਰਿਵਾਰਾਂ ਜਾਂ ਉਨ੍ਹਾਂ ਦੇ ਖਾਨਦਾਨ ਵਾਲਿਆਂ ਨੇ ਲਿੱਖਿਆ ਤੇ ਕਈ ਵਾਰ ਉਹਨਾਂ ਨੂੰ ਆਪਣੀ ਸਾਖੀ ਨਾਲ ਸਾਚੀ ਸਾਖੀ ਲਿੱਖਣ ਦੀ ਲੋੜ ਵੀ ਮਹਿਸੂਸ ਹੁੰਦੀ ਸੀ ਤਾਂ ਕਿ ਉਹਨਾਂ ਦੀ ਦੱਸੀ ਕਹਾਣੀ ਨੂੰ ਲੋਕ ਸਹਿਜੇ ਪ੍ਰਵਾਨ ਕਰ ਲੈਣ। ਇਹ ਬਹੁਤੀਆਂ ਸਾਖੀਆਂ ਮਨੋ-ਕਲਪਿਤ ਹੁੰਦੀਆਂ ਸਨ, ਜੋ ਸਿੱਖੀ ਦੇ ਪ੍ਰਚਾਰ ਲਈ ਲਿੱਖੀਆਂ ਜਾਂਦੀਆਂ ਸਨ।
ਇਹਨਾਂ ਸਾਖੀਆਂ ਵਿੱਚ ਹਿੰਦੂ ਅਤੇ ਇਸਲਾਮੀ ਇਤਿਹਾਸ ਅਤੇ ਮਿਥਿਹਾਸ ਦੀਆਂ ਘਟਨਾਵਾਂ ਗੁਰੂ ਸਾਹਿਬਾਨਾਂ ਉੱਪਰ ਫਿੱਟ ਕਰਕੇ ਪੇਸ਼ ਕੀਤੀਆਂ ਜਾਂਦੀਆਂ ਸਨ। ਇਹਨਾਂ ਸਾਖੀਆਂ ਵਿੱਚ ਗੁਰੂ ਹਰਗੋਬਿੰਦ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ੇਰ ਦਾ ਸ਼ਿਕਾਰ ਕਰਨ ਦੇ ਜ਼ਿਕਰ ਆਉਂਦੇ ਹਨ। ਹਿੰਦੁਸਤਾਨ ਵਿੱਚ ਮਿਲਦੇ ਜੱਤਲ ਸ਼ੇਰ ਨੂੰ ਬੱਬਰ ਸ਼ੇਰ ਬਾਦਸ਼ਾਹ ਬਾਬਰ ਦੇ ਨਾਮ ਕਾਰਨ ਕਿਹਾ ਜਾਂਦਾ ਹੈ। ਬਾਬਰ ਦਾ ਅਰਥ ਸ਼ੇਰ ਹੁੰਦਾ ਹੈ। ਅੱਗੇ ਸਿੱਖ ਇਤਿਹਾਸ ਵੱਲ ਚੱਲੀਏ ਤਾਂ ਹਰੀ ਸਿੰਘ ਨਲੂਏ ਦੁਆਰਾ ਸ਼ੇਰ ਦਾ ਬਿਨਾਂ ਸ਼ਸਤਰਾਂ ਸ਼ਿਕਾਰ ਕਰਨ ਦਾ ਵਰਨਣ ਜੋ ਆਉਂਦਾ ਹੈ। ਹੂ-ਬਾ-ਹੂ ਉਹੀ ਰਾਜਪੂਤਾਂ ਦੇ ਇਤਿਹਾਸ ਵਿੱਚ ਰਾਜੇ ਨੱਲ ਦੁਆਰਾ ਸ਼ੇਰ ਦਾ ਸ਼ਿਕਾਰ ਕਰਨ ਦਾ ਵੇਰਵਾ ਮਿਲਦਾ ਹੈ। ਸ਼ੇਰ-ਏ-ਮੈਸੂਰ ਟਿੱਪੂ ਸੁਲਤਾਨ ਦੀ ਜੀਵਨੀ ਪੜ੍ਹੋ ਤਾਂ ਇਹੀ ਗੱਲ ਇੰਨ-ਬਿੰਨ ਉਹਦੇ ਨਾਲ ਜੁੜਦੀ ਹੈ। ਮੁਗ਼ਲ ਇਤਿਹਾਸ ਵੱਲ ਆਈਏ ਤਾਂ ਨੂਰਜਹਾਂ ਦੇ ਪਹਿਲੇ ਪਤੀ ਵੱਲੋਂ ਸ਼ੇਰ ਦਾ ਇੰਝ ਹੀ ਸ਼ਿਕਾਰ ਕਰਨ 'ਤੇ ਉਸਨੂੰ ਸ਼ੇਰ ਅਫਗਾਨ ਦਾ ਖਿਤਾਬ ਦਿੱਤਾ ਗਿਆ ਸੀ। ਨੂਰਜਹਾਂ ਤਾਂ ਕਹਿੰਦੇ ਹਨ ਕਿ ਛੋਰ ਗੋਲੀਆਂ ਨਾਲ ਛੇ ਸ਼ੇਰ ਮਾਰ ਦਿੰਦੀ ਸੀ। ਸ਼ੇਰ ਸ਼ਾਹ ਸੂਰੀ ਦੀ ਵੀ ਇਹੀ ਕਹਾਣੀ ਰਹੀ ਸੀ। ਮਰਾਠਿਆਂ ਦਾ ਇਤਿਹਾਸ ਚੁੱਕ ਲਵੋ, ਉਹ ਇਹੀ ਗੱਲ ਛਤਰਪਤੀ ਸ਼ਿਵਾਜੀ ਨਾਲ ਵੀ ਜੋੜਦੇ ਹਨ। ਫਿਰ ਅੰਗਰੇਜ਼ਾਂ ਦਾ ਇਤਿਹਾਸ ਚੁੱਕ ਕੇ ਦੇਖੀਏ ਤਾਂ ਕਰਨਲ ਟੌਡ ਆਪਣੀ ਡਾਇਰੀ ਵਿੱਚ ਇੰਝ ਹੀ ਸ਼ੇਰ ਦਾ ਸ਼ਿਕਾਰ ਕਰਨ ਦਾ ਜ਼ਿਕਰ ਕਰਦਾ ਹੈ। ਇਹਨਾਂ ਕਹਾਣੀਆਂ ਵਿੱਚ ਕੱਚ ਤੇ ਸੱਚ ਕੀ ਹੈ, ਅੱਲ੍ਹਾ ਜਾਣੇ!



No comments:

Post a Comment