-ਬਲਰਾਜ ਸਿੰਘ ਸਿੱਧੂ, ਯੂ. ਕੇ.
ਸਿੱਖ ਧਰਮ ਜਦੋਂ ਹੋਂਦ ਵਿੱਚ ਆਇਆ ਸੀ ਤਾਂ ਭਾਰਤ ਵਿੱਚ ਤਿੰਨ ਵੱਡੇ ਧਰਮ ਪਹਿਲਾਂ ਹੀ ਵਜੂਦ ਵਿੱਚ ਸਨ, ਹਿੰਦੂ, ਇਸਲਾਮ ਤੇ ਬੁੱਧ। ਸਿੱਖ ਧਰਮ ਵਿੱਚਲੀਆਂ ਸਾਰੀਆਂ ਮਾਨਤਾਵਾਂ ਇਨ੍ਹਾਂ ਤਿੰਨਾਂ ਧਰਮਾਂ ਵਿੱਚੋਂ ਚੁੱਕੀਆਂ ਗਈਆਂ ਹਨ। ਬੁੱਤਪ੍ਰਸਤੀ ਇਸਲਾਮ ਵਿੱਚ ਵਿਵਰਜਿਤ ਸੀ ਤੇ ਹਿੰਦੂ ਧਰਮ ਵਿੱਚ ਪ੍ਰਵਾਨ ਸੀ। ਬਾਬੇ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਨੇ ਇੱਥੇ ਇਸਲਾਮੀ ਰੀਤ ਕਬੂਲੀ ਤੇ ਹਿੰਦੂ ਰੀਤ ਨੂੰ ਤਿਆਗਿਆ। ਅਰਥਾਤ ਸਿੱਖ ਬੁੱਤਸ਼ਿਕਨ ਹਨ।ਭਾਵ ਕਿ ਸਿੱਖ ਧਰਮ ਵਿੱਚ ਮੁਸਲਮਾਨਾਂ ਵਾਂਗ ਬੁੱਤਪ੍ਰਸਤੀ ਵਿਵਰਜਿਤ ਹੈ। ਗੁਰੂ ਗ੍ਰੰਥ ਸਾਹਿਬ ਨੂੰ ਏ ਸੀ ਕਮਰੇ ਵਿੱਚ ਰੱਖਣਾ, ਰੁਮਾਲੇ ਚੜ੍ਹਾਉਣੇ ਤੇ ਮੱਥਾ ਟੇਕਣਾ ਵੀ ਬੁੱਤਪ੍ਰਸਤੀ ਦਾ ਹੀ ਇੱਕ ਰੂਪ ਹੈ।
ਖੈਰ, ਸਿੱਖ ਧਰਮ ਵਿੱਚ ਸਿੱਖ ਗੁਰੂ ਸਾਹਿਬਾਨਾਂ ਦੀਆਂ ਕਲਪਿਤ ਤਸਵੀਰਾਂ ਨੂੰ ਪੂਜਣਾ ਬੁੱਤਪ੍ਰਸਤੀ ਦਾ ਅਗਲਾ ਪੜਾਅ ਹੈ। ਇਹ ਬੁੱਤਪ੍ਰਸਤੀ ਕਿਵੇਂ ਸ਼ੁਰੂ ਹੋਈ ਉਸ ਬਾਰੇ ਗੱਲ ਕਰਨ ਤੋਂ ਪਹਿਲਾਂ ਕੁੱਝ ਸਾਡੇ ਮਹਾਨ ਚਿੱਤਰਕਾਰ ਸਰਦਾਰ ਸੋਭਾ ਸਿੰਘ ਜੀ ਬਾਰੇ ਗੱਲ ਕਰਦੇ ਹਾਂ।
29 ਨਵੰਬਰ 1901 ਨੂੰ ਸ੍ਰੀ ਹਰਗਬਿੰਦਪੁਰ (ਗੁਰਦਾਸਪੁਰ) ਵਿਖੇ ਜਨਮਿਆ ਸੋਭਾ ਸਿੰਘ, ਅੰਗਰੇਜ਼ਾਂ ਦੀ ਫੌਜ ਵਿੱਚ ਨਕਸ਼ਾਨਵੀਸ ਸੀ। ਬਗਦਾਦ ਅਤੇ ਮੈਸੋਪੋਟਾਮੀਆ (ਮੌਜੂਦਾ ਇਰਾਕ) ਵਿਖੇ ਚਿੱਤਰਕਾਰੀ ਦੇ ਸ਼ੌਕੀਨ ਅੰਗਰੇਜ਼ ਅਫ਼ਸਰਾਂ ਨਾਲ ਰਹਿ ਕੇ ਸੋਭਾ ਸਿੰਘ ਦਾ ਰੁਝਾਨ ਚਿੱਤਰਕਲਾ ਵੱਲ ਚੱਲਿਆ ਗਿਆ। ਲੇਕਿਨ ਉਹ ਥੋੜੀ-ਬਹੁਤੀ ਚਿੱਤਰਕਾਰੀ ਪਹਿਲਾਂ ਵੀ ਕਰਦਾ ਸੀ। ਸੋਭਾ ਸਿੰਘ ਦੇ ਜੀਵਨ, ਨਾਮ ਅਤੇ ਕੀਤੇ ਕੰਮ ਬਾਰੇ ਅਸੀਂ ਸਾਰ ਹੀ ਜਾਣੂ ਹਾਂ। ਇਸ ਲਈ ਆਪਣੀ ਗੱਲ ਨੂੰ ਸੰਖੇਪ ਕਰ ਰਿਹਾ ਹਾਂ।
ਬੇਸ਼ੱਕ ਸੋਹਣੀ-ਮਹਿਵਾਲ ਦਾ ਕਿੱਸਾ ਹਾਸ਼ਮ ਨੇ ਲਿੱਖ ਕੇ ਮਕਬੂਲ ਕੀਤਾ। ਪਰ ਅੱਜ ਵੀ ਤੁਸੀਂ ਕਿਸੇ ਪੰਜਾਬੀ ਦੀਆਂ ਅੱਖਾਂ ਬੰਦ ਕਰਵਾ ਕੇ ਉਹਦੇ ਕੰਨ ਵਿੱਚ ਸੋਹਣੀ-ਮਹਿਵਾਲ ਪੁਕਾਰੋਂਗੇ ਤਾਂ ਇਸ ਸ਼ਬਦ ਸੁਣਨ ਵਾਲੇ ਦੇ ਜ਼ਿਹਨ ਵਿੱਚ ਸੋਭਾ ਸਿੰਘ ਦੀ ਬਣਾਈ ਸੋਹਣੀ-ਮਹਿਵਾਲ ਦੀ ਤਸਵੀਰ ਉੱਭਰ ਆਵੇਗੀ। ਸੋਹਣੀ-ਮਹਿਵਾਲ ਦੀ ਤਸਵੀਰ ਨੂੰ ਦੇਖਦਿਆਂ ਹੀ ਸੋਭਾ ਸਿੰਘ ਯਾਦ ਆ ਜਾਂਦਾ ਹੈ। ਜਦੋਂ ਸੋਭਾ ਸਿੰਘ ਦਾ ਨਾਮ ਲੈਂਦੇ ਹਾਂ ਤਾਂ ਸੋਹਣੀ-ਮਹਿਵਾਲ ਦੀ ਤਸਵੀਰ ਅੱਖਾਂ ਮੂਹਰੇ ਆ ਜਾਂਦੀ ਹੈ। ਜਿਸ ਵਕਤ ਸੋਭਾ ਸਿੰਘ ਨੇ ਇਹ ਤਸਵੀਰ ਬਣਾ ਦਿੱਤੀ ਸੀ ਤਾਂ ਉਸ ਤੋਂ ਬਾਅਦ ਸੋਹਣੀ ਨਾ ਹਾਸ਼ਮ ਦੀ ਰਹੀ ਤੇ ਨਾ ਹੀ ਮਹਿਵਾਲ ਦੀ। ਉਹ ਸੋਭਾ ਸਿੰਘ ਦੀ ਸੋਹਣੀ ਬਣ ਗਈ। ਇਹ ਸੀ ਸੋਭਾ ਸਿੰਘ ਦੀ ਕਲਾ ਦਾ ਸਿੱਖਰ।
ਬਹਿਰਹਾਲ ਸੋਭਾ ਸਿੰਘ ਨੇ ਪਹਿਲਾਂ ਸਿੱਖ ਗੁਰੂ ਸਹਿਬਾਨਾਂ ਦੀਆਂ ਤਸਵੀਰਾਂ ਬਣਾਈਆਂ ਸਨ। ਪਰ ਉਸ ਦੀ ਕਦਰ ਨਹੀਂ ਪਈ। ਇੱਥੋਂ ਤੱਕ ਕਿ ਉਸਨੂੰ ਆਪਣੀਆਂ ਕਲਾ ਕ੍ਰਿਤਾਂ ਵੇਚਣ ਲਈ ਦਰ-ਬਾ-ਦਰ ਧੱਕੇ ਵੀ ਖਾਣੇ ਪਏ ਸਨ। ਫਿਰ ਇੱਕ ਤਸਵੀਰ ਉਸਨੇ ਗੁਰੂ ਹਰਗੋਬਿੰਦ ਜੀ ਦੇ ਦਰਬਾਰ ਵਿੱਚ ਨੂਰਜਹਾਂ ਦੀ ਹਾਜਰੀ ਦੀ ਬਣਾਈ ਸੀ। ਜਿਸ ਉੱਪਰ ਵਿਵਾਦ ਚੱਲਣ ਬਾਅਦ ਸੋਭਾ ਸਿੰਘ ਨੇ ਦਿੱਲੀ ਵਿਖੇ ਪ੍ਰਦਰਸ਼ਨੀ ਤੋਂ ਬਾਅਦ ਮਾਫੀ ਮੰਗ ਕੇ ਖਹਿੜਾ ਛੁਡਾਇਆ ਸੀ। ਉਸ ਤੋਂ ਬਾਅਦ ਉਸਨੇ ਆਪਣਾ ਸ਼ਾਹਕਾਰ ਸੋਹਣੀ-ਮਹਿਵਾਲ ਸਿਰਜਿਆ ਸੀ।
ਅਸਲ ਵਿੱਚ 1937 ਤੋਂ 1980 ਤੱਕ ਸੋਭਾ ਸਿੰਘ ਨੇ ਸੋਹਣੀ-ਮਹਿਵਾਲ ਪੇਟਿੰਗ ਦੀਆਂ ਪੰਜ ਵੰਨਗੀਆਂ ਬਣਾਈਆਂ ਸਨ। ਪਰ ਸਭ ਤੋਂ ਵੱਧ ਮਕਬੂਲ 1952 ਵਿੱਚ ਬਣਾਈ ਸੋਹਣੀ-ਮਹਿਵਾਲ ਹੋਈ ਸੀ। ਜਿਸਨੂੰ ਤੁਸੀਂ ਆਮ ਹੀ ਦੇਖਦੇ ਹੋ। ਸਭ ਤੋਂ ਪਹਿਲੀ 1937 ਵਿੱਚ ਵਿੱਚ ਬਣੀ ਬਟਵਾਰੇ ਵੇਲੇ ਲਾਹੌਰ ਵਿਖੇ ਗੁੰਮ ਹੋ ਗਈ ਸੀ। ਦੂਜੀ ਤਸਵੀਰ ਜਿਸਨੂੰ ਬਣਾਉਣ ਲਈ ਸੋਭਾ ਸਿੰਘ ਦੇ ਦੋ ਸਾਲ ਲੱਗੇ ਸਨ ਉਹਨਾਂ ਨੇ 1949 ਵਿੱਚ ਅੰਧਰੇਤੇ ਵਿਖੇ ਮੁਕੰਮਲ ਕਰਕੇ ਉਸਨੇ ਰੌਇਲ ਏਅਰਫੋਰਸ ਅੰਬਾਲਾ ਨੂੰ ਭੇਂਟ ਕਰ ਦਿੱਤੀ ਸੀ। ਜੋ ਇਸ ਵੇਲੇ ਸਿਕੰਦਰਾਬਾਦ ਫੌਜੀ ਛਾਉਣੀ ਦੀ ਮੈੱਸ ਵਿੱਚ ਲੱਗੀ ਹੋਈ ਹੈ। ਤੀਜੀ 1952 ਵਿੱਚ ਬਣੀ ਹੋਈ ਸਾਨੂੰ ਆਮ ਹੀ ਦੇਖਣ ਨੂੰ ਮਿਲ ਜਾਂਦੀ ਹੈ। ਚੌਥੀ 1957 ਅਤੇ ਪੰਜਵੀ 1980 ਵਿੱਚ ਬਣੀਆਂ ਦੋਨੋਂ ਤਸਵੀਰਾਂ ਸੋਭਾ ਸਿੰਘ ਆਰਟਗੈਲਰੀ ਅੰਧਰੇਤੇ ਕੋਲ ਹਨ।
ਪੰਜਾਬੀ ਸਮਾਜ ਵਿੱਚ ਮਕਬੂਲ ਹੋਈ ਇਸ ਤੀਜੀ ਤਸਵੀਰ ਨੂੰ ਬਣਾਉਣ ਲਈ ਸੋਭਾ ਸਿੰਘ ਨੇ ਪਾਲਮਪੁਰ ਦੇ ਰੇਲ੍ਹਵੇ ਸਟੇਸ਼ਨ ਦੇ ਇੱਕ ਕੁੱਲੀ ਨੂੰ ਮਾਡਲ ਵੱਜੋਂ ਵਰਤਿਆ ਸੀ। ਸਰੀਰ ਖਾਸਕਰ ਡੌਲੇ ਕੁੱਲੀ ਦੇ ਸਨ। ਚਿਹਰਾ ਸੋਭਾ ਸਿੰਘ ਨੇ ਆਪਣੀ ਖੁਦ ਦੀ ਫੋਟੋ ਦੇਖ ਕੇ ਬਣਾਇਆ ਸੀ ਤੇ ਕੁੱਝ ਹਿੱਸਾ ਉਸ ਵਿੱਚ ਆਪਣੇ ਸਾਲੇ ਦੇ ਚਿਹਰੇ ਦਾ ਰਲਗੱਡ ਕਰ ਦਿੱਤਾ ਸੀ।
ਸੋਹਣੀ ਲਈ ਮਾਡਲ ਦੇ ਰੂਪ ਵਿੱਚ ਸੋਭਾ ਸਿੰਘ ਨੇ ਆਪਣੇ ਇੱਕ ਦੋਸਤ ਦੀ ਬੇਟੀ ਦਲਬੀਰ ਕੌਰ ਨੂੰ ਪ੍ਰਯੋਗ ਕੀਤਾ ਸੀ। ਜਿਸਨੂੰ ਕਿ ਸੋਭਾ ਸਿੰਘ ਨੇ ਆਪਣੀ ਧਰਮਪੁੱਤਰੀ ਬਣਾਇਆ ਹੋਇਆ ਸੀ। ਸਰੀਰਕ ਆਸਣ ਅਤੇ ਖਾਸਕਰ ਗਰਦਨ ਬਣਾਉਣ ਲਈ ਦਲਵੀਰ ਕੌਰ ਨੂੰ ਵਰਤਿਆ ਗਿਆ ਸੀ ਤੇ ਚਿਹਰਾ ਸੋਭਾ ਸਿੰਘ ਨੇ ਆਪਣੇ ਇੱਕ ਦੋਸਤ ਦੀ ਨੌਕਰਾਣੀ ਦਾ ਬਣਾਇਆ ਸੀ। ਧਰਮਪੁੱਤਰੀ ਨੂੰ ਸੋਭਾ ਸਿੰਘ ਅਰਧਨਗਨ ਆਪਣੇ ਮੂਹਰੇ ਨਹੀਂ ਸੀ ਬਿਠਾ ਸਕਦਾ। ਇਸ ਲਈ ਸੋਭਾ ਸਿੰਘ ਨੇ ਮਲਮਲ ਦਾ ਕੱਪੜਾ ਗਿੱਲਾ ਕਰਕੇ ਆਪਣੀ ਸੱਜੀ ਲੱਤ ਉੱਪਰ ਪਾ ਲਿਆ ਤੇ ਬਿਜਲੀ ਦਾ ਹੀਟਰ ਲਗਾ ਕੇ ਉਸ ਕੋਲ ਲੱਤ ਕਰਕੇ ਆਪਣੀ ਲੱਤ ਨੂੰ ਸ਼ੀਸ਼ੇ ਵਿੱਚੋਂ ਦੇਖ ਕੇ ਬਣਾਇਆ ਸੀ। ਇਉਂ ਇਹ ਸੋਹਣੀ ਦੀ ਖੱਬੀ ਲੱਤ ਬਣਾ ਕੇ ਪੇਸ਼ ਕੀਤੀ ਗਈ। ਇਸ ਤੋਂ ਬਾਅਦ ਤਸਵੀਰ ਵਿੱਚ ਸੋਹਣੀ ਦੇ ਤਣੇ ਹੋਏ ਕੱਪੜੇ ਵਿੱਚੋਂ ਝਾਕਦੇ ਸਤਨ ਬਣਾਉਣੇ ਸਨ। ਉਸ ਲਈ ਸੋਭਾ ਸਿੰਘ ਨੇ ਪ੍ਰਸਿੱਧ ਅਮਰੀਕੀ ਅਭਿਨੇਤਰੀ ਮੈਰਾਲਿਨ ਮੁਨਰੋ ਦੀ ਇੱਕ ਨਗਨ ਤਸਵੀਰ ਦਾ ਸਹਾਰਾ ਲਿਆ ਸੀ। ਸੋਹਣੀ ਦੇ ਮੰਮੇ ਯਾਨੀ ਨਿਪਲਜ਼ ਇੰਨ-ਬਿੰਨ ਜਿਉਂ ਦੇ ਤਿਉਂ ਐਰਲਿਨ ਮੂਨਰੋ ਦੇ ਕਾਪੀ ਕੀਤੇ ਗਏ ਹਨ। ਦੋਨੋਂ ਤਸਵੀਰਾਂ ਨੂੰ ਮਿਲਾ ਕੇ ਦੇਖ ਸਕਦੇ ਹੋ! ਇਸ ਪ੍ਰਕਾਰ ਇਹ ਸ਼ਾਹਕਾਰ ਤਸਵੀਰ ਤਿਆਰ ਹੋ ਗਈ ਸੀ।
ਗੁਰੂ ਪਿਆਰੀ ਸਾਧ ਸੰਗਤ ਜੀ, ਇੱਥੇ ਯਾਦ ਰੱਖਣਯੋਗ ਗੱਲ ਇਹ ਹੈ ਕਿ ਸੋਭਾ ਸਿੰਘ ਗੁਰੂਆਂ ਦੀਆਂ ਤਸਵੀਰਾਂ ਨੇ ਨਹੀਂ, ਬਲਕਿ ਸੋਹਣੀ-ਮਹਿਵਾਲ ਵਾਲੀ ਲੁੱਚੀ ਯਾਨੀ ਕਿ ਅਰਧ-ਨਗਨ ਅਸ਼ਲੀਲ ਤਸਵੀਰ ਨੇ ਮਸ਼ਹੂਰ ਕੀਤਾ ਸੀ। ਗੱਜ ਕੇ ਬੋਲੇ ਵਾਹਿ… ਓਏ ਨਹੀਂ..ਨਹੀਂ ਨਈਅਅਅਅਅ ਸੋਹਣੀ-ਮਹਿਵਾਅਅਅਅਲ!
ਸੋਹਣੀ-ਮਹਿਵਾਲ ਨਾਲ ਸੋਭਾ ਸਿੰਘ ਦਾ ਨਾਮ ਵੀ ਅਮਰ ਹੋ ਗਿਆ ਹੈ ਤੇ ਉਸਨੂੰ ਸਦੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ।
ਸੋਹਣੀ ਜਦੋਂ ਮਹਿਵਾਲ ਨੂੰ ਮਿਲਣ ਠੰਡੇ ਪਾਣੀ ਵਿੱਚੋਂ ਤਰਕੇ ਜਾਂਦੀ ਹੁੰਦੀ ਸੀ ਤਾਂ ਉਸਦਾ ਕਾਂਬਾ ਹਟਾਉਣ ਲਈ ਮਹਿਵਾਲ ਭੁੰਨੀ ਹੋਈ ਮੱਛੀ ਖਵਾਉਂਦਾ ਹੁੰਦਾ ਸੀ। ਮੈਰਲਿਨ ਮੂਨਰੋ ਦੀ ਤਸਵੀਰ ਵਰਤਣ ਨਾਲ ਸੋਭਾ ਸਿੰਘ ਦੀ ਸੋਹਣੀ-ਮਹਿਵਾਲ ਦੀ ਤਸਵੀਰ ਵਿੱਚ ਇਹ ਨੁਕਸ ਪਿਆ ਹੈ ਕਿ ਉਸਨੇ ਝਨਾਅ ਦੇ ਠੰਡੇ ਪਾਣੀ ਵਿੱਚੋਂ ਨਿਕਲੀ ਸੋਹਣੀ ਦੇ ਸਤਨ ਤਣੇ ਹੋਈ ਦਿਖਾ ਦਿੱਤੇ, ਜੋ ਕਿ ਅਸੰਭਵ ਹੈ। ਠੰਡ ਨਾਲ ਔਰਤ ਦੀ ਛਾਤੀ ਤਣਦੀ ਨਹੀਂ ਬਲਕਿ ਸੁੰਘੜਦੀ ਹੈ। ਔਰਤ ਦੀਆਂ ਝਾਤੀਆਂ ਸਿਰਫ ਦੋ ਵੇਲੇ ਤਣਦੀਆਂ ਹਨ, ਇੱਕ ਤਾਂ ਜਦੋਂ ਉਹ ਕਾਮ ਸਿੱਖਰ ਨੂੰ ਛੂੰਹਦੀ ਹੈ, ਦੂਜਾ ਉਦੋਂ ਜਦੋਂ ਉਹ ਆਪਣੇ ਬੱਚੇ ਨੂੰ ਦੁੱਧ ਚੁੰਘਾ ਰਹੀ ਹੋਵੇ।
ਆਉ ਹੁਣ ਗੱਲ ਕਰਦੇ ਹਾਂ ਸਿੱਖ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਬਾਰੇ। ਸਿੱਖ ਸੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਸੋਭਾ ਸਿੰਘ ਤੋਂ ਪਹਿਲਾਂ ਵੀ ਚਿੱਤਰਕਾਰਾਂ ਨੇ ਬਣਾਈਆਂ ਸਨ। ਲੇਕਿਨ ਉਹ ਦਿਲਕਸ਼ ਨਾ ਹੋਣ ਕਰਕੇ ਮਕਬੂਲ ਨਹੀਂ ਸਨ ਹੋ ਸਕੀਆਂ। ਸੋਭਾ ਸਿੰਘ ਦੀ ਬਣਾਈ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਲਈ ਉਸਨੇ ਗੁਰਦਾਸਪੁਰ ਦੇ ਇੱਕ ਸਾਬਤ-ਸੂਰਤ ਸਿੱਖ ਭਾਗ ਸਿੰਘ ਨੂੰ ਇਸਤੇਮਾਲ ਕੀਤਾ ਸੀ ਤੇ ਕੁਝ ਅੰਸ਼ ਚਿਹਰੇ ਦੇ ਖੁਦ ਆਪਣੀ ਫੋਟੋ ਦੇਖ ਕੇ ਬਣਾਏ ਸਨ। ਤਸਵੀਰ ਬਣਾਉਣ ਵੇਲੇ ਭਾਗ ਸਿੰਘ ਦੀ ਗੱਲ 'ਤੇ ਇੱਕ ਪਾਸੇ ਸੱਟ ਲੱਗੀ ਹੋਣ ਕਰਕੇ ਉਸਨੂੰ ਤਿਰਛੇ ਐਂਗਲ 'ਤੇ ਬੈਠਾਇਆ ਗਿਆ ਸੀ। ਇਹੀ ਵਜਾ ਹੈ ਕਿ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕੋਈ ਤਸਵੀਰ ਫਰੰਟ ਫੇਸ ਨਹੀਂ ਮਿਲੇਗੀ। ਕਿਉਂਕਿ ਬਾਕੀ ਸਭ ਤਸਵੀਰਾਂ ਸੋਭਾ ਸਿੰਘ ਦੀ ਬਣਾਈ ਤਸਵੀਰ ਦੀ ਨਕਲ ਕਰਕੇ ਬਣਾਈਆਂ ਗਈਆਂ ਹਨ। ਕਹਿਣ ਦਾ ਭਾਵ ਇਹ ਹੈ ਕਿ ਜਿਸ ਤਸਵੀਰ ਨੂੰ ਗੁਰੂ ਗੋਬਿੰਦ ਸਿੰਘ ਸਮਝ ਕੇ ਸਿੱਖ ਜਗਤ ਨਮਸਕਾਰ ਕਰਦਾ ਹੈ, ਅਸਲ ਵਿੱਚ ਉਹ ਭਾਗ ਸਿੰਘ ਗੁਰਦਾਸਪੁਰੀ ਹੈ। ਤਸਵੀਰ ਮਹਿਜ਼ ਸੋਭਾ ਸਿੰਘ ਦੀ ਕਲਾ ਅਤੇ ਕਲਪਨਾ ਹੈ।
ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਦੇ ਨਕਸ਼ਾਂ ਵਿੱਚ ਮਮੂਲੀ ਜਿਹਾ ਫ਼ਰਕ ਪਾ ਕੇ ਗੁਰੂ ਹਰਗੋਬਿੰਦ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀਆਂ ਤਸਵੀਰਾਂ ਬਣਾਈਆਂ ਗਈਆਂ ਸਨ। ਸੋਭਾ ਸਿੰਘ ਨੇ ਸੋਚਿਆ ਸੀ ਕਿ ਬਾਪ ਬੇਟੇ ਦੀ ਸ਼ਕਲ ਰਲਦੀ ਹੀ ਹੁੰਦੀ ਹੈ। ਪਰ ਇਹ ਜਰੂਰ ਨਹੀਂ ਕਿ ਪਿਉ ਪੁੱਤ ਦੀ ਸ਼ਕਲ ਮਿਲਦੀ ਹੋਵੇ। ਬੱਚਾ ਮਾਂ, ਦਾਦੇ, ਚਾਚੇ, ਤਾਏ, ਮਾਮੇ, ਕਿਸੇ 'ਤੇ ਵੀ ਜਾ ਸਕਦਾ ਹੈ। ਹੁਣ ਇਹ ਗੱਲ ਕਿਹੜਾ ਕਿਸੇ ਨੂੰ ਪਤਾ ਹੈ ਕਿ ਗੁਰੂ ਹਰਗੋਬਿੰਦ ਜੀ, ਗੁਰੂ ਤੇਗ਼ ਬਹਦਾਰ ਤੇ ਗੁਰੂ ਗੋਬਿੰਦ ਸਿੰਘ ਜੀ ਦੇਖਣ ਨੂੰ ਇਕੋ ਜਿਹੇ ਲੱਗਦੇ ਸਨ ਜਾਂ ਨਹੀਂ।
ਗੁਰੂ ਨਾਨਕ ਦੇਵ ਜੀ ਦੀ ਤਸਵੀਰ ਲਈ ਸੋਭਾ ਸਿੰਘ ਨੇ ਖੁਦ ਆਪਣੀਆਂ ਹੀ ਤਸਵੀਰਾਂ ਦਾ ਪ੍ਰਯੋਗ ਕੀਤਾ ਸੀ। ਤਸਵੀਰ ਨੂੰ ਖੁਦ ਤੋਂ ਵੱਖਰਾ ਕਰਨ ਲਈ ਉਸਨੇ ਥੋੜਾ ਜਿਹਾ ਗੁਰੂ ਨਾਨਕ ਦਾ ਚਿਹਰਾ ਆਪਣੇ ਪਿਤਾ ਦੇਵਾ ਸਿੰਘ ਦੀ ਤਸਵੀਰ ਦੇਖ ਕੇ ਵੱਖਰੇਵਾਂ ਪੈਦਾ ਕਰ ਦਿੱਤਾ ਸੀ। ਅਗਰ ਤੁਸੀਂ ਸੋਭਾ ਸਿੰਘ ਦੀਆਂ ਤਸਵੀਰਾਂ 'ਤੇ ਗੁਰੂ ਨਾਨਕ ਦੇਵ ਜੀ ਦੇ ਚਿੱਤਰਾਂ ਨੂੰ ਧਿਆਨ ਨਾਲ ਦੇਖੋਂਗੇ ਤਾਂ ਤੁਹਾਨੂੰ ਉਹੀ ਅੱਖਾਂ, ਉਹੀ ਨੱਕ, ਉਹੀ ਚਿਹਰੇ ਦੇ ਹਾਵ-ਭਾਵ ਗੁਰੂ ਨਾਨਕ ਦੇਵ ਜੀ ਦੇ ਦੇਖਣ ਨੂੰ ਮਿਲਣਗੇ, ਜੋ ਸੋਭਾ ਸਿੰਘ ਦੇ ਸਨ। ਸਭ ਤੋਂ ਵੱਡੀ ਗੱਲ ਅਗਰ ਤੁਸੀਂ ਗੌਰ ਕਰੋ ਤਾਂ ਗੁਰੂ ਨਾਨਕ ਦੇ ਚਿੱਤਰ ਵਿੱਚ ਗੁਰੂ ਨਾਨਕ ਦੀ ਦਾੜੀ ਅਤੇ ਮੁੱਛਾਂ ਚਿੱਟੀਆਂ ਹਨ, ਲੇਕਿਨ ਭਰਵੱਟੇ ਕਾਲੇ ਹਨ। ਅਜਿਹਾ ਇਸ ਲਈ ਹੈ ਕਿ ਸੋਭਾ ਸਿੰਘ ਦੀ ਦਾੜੀ ਅਤੇ ਮੁੱਛਾ ਪਹਿਲਾਂ ਚਿੱਟੀਆਂ ਹੋ ਗਈਆਂ ਸਨ ਤੇ ਉਹਨਾਂ ਦੇ ਦੇਰ ਤੱਕ ਭਰਵੱਟੇ ਕਾਲੇ ਰਹੇ ਸਨ।ਗੁਰੂ ਨਾਨਕ ਦੇਵ ਦੀ ਜਿਸ ਤਸਵੀਰ ਨੂੰ ਤੁਸੀਂ ਦੇਖਦੇ ਤੇ ਨਮਨ ਕਰਦੇ ਹੋ, ਉਹ ਅਸਲ ਵਿੱਚ ਸੋਭਾ ਸਿੰਘ ਹੈ।
ਇਸ ਪੋਸਟ ਨਾਲ ਨੱਥੀ ਕੀਤੀਆਂ ਤਸਵੀਰਾਂ ਨੂੰ ਧਿਆਨ ਨਾਲ ਮਿਲਾ ਕੇ ਦੇਖੋ ਕਿ ਮੈਂ ਸੱਚ ਕਹਿ ਰਿਹਾ ਹਾਂ ਜਾਂ ਝੂਠ।
ਗੁਰੂ ਨਾਨਕ ਨੇ ਹਿੰਦੂ ਧਰਮ ਵਿੱਚ ਪੈਦਾ ਹੋ ਕੇ ਹਿੰਦੂ ਰਹੁ-ਰੀਤਾਂ ਅਤੇ ਮਾਣਤਾਵਾਂ ਦਾ ਖੰਡਨ ਕੀਤਾ ਤੇ ਆਪਣੇ ਨਵੇਂ ਨਾਨਕ ਪੰਥ ਯਾਨੀ ਸਿੱਖ ਧਰਮ ਦਾ ਮੁੱਢ ਬੰਨਿਆ। ਸੋਭਾ ਸਿੰਘ ਨੇ ਸ਼ਰਧਾ ਵਜੋਂ ਗੁਰੂ ਸਾਹਿਬਾਨਾਂ ਦੀ ਕਲਪਨਾ ਕਰਕੇ ਉਹਨਾਂ ਦੀਆਂ ਤਸਵੀਰਾਂ ਬਣਾਈਆਂ। ਉਹ ਤਸਵੀਰਾਂ ਐਨੀਆਂ ਮਕਬੂਲ ਹੋਈਆਂ ਕਿ ਸਾਰੇ ਸਿੱਖ ਜਗਤ ਨੇ ਉਨ੍ਹਾਂ ਨੂੰ ਖਿੜੇ ਮੱਥੇ ਕਬੂਲ ਕਰ ਲਈਆਂ। ਇੰਝ ਸੋਭਾ ਸਿੰਘ ਦੀ ਕਲਾ ਨੇ ਸਿੱਖ ਧਰਮ ਦੇ ਬੁੱਤਪ੍ਰਸਤੀ ਤੋਂ ਇਨਕਾਰੀ ਹੋਣ ਦੇ ਅਸੂਲ ਮੰਨਣ ਵਾਲੇ ਸਿੱਖਾਂ ਨੂੰ ਬੁੱਤਪ੍ਰਸਤੀ ਕਰਨ ਲਾ ਕੇ ਸਿੱਖ ਧਰਮ ਦੇ ਅਸੂਲ ਦੀਆਂ ਐਨ ਉਵੇਂ ਧੱਜੀਆਂ ਉਡਾ ਦਿੱਤੀਆਂ, ਜਿਵੇਂ ਬਾਬੇ ਨਾਨਕ ਨੇ ਕਦੇ ਉਡਾਈਆਂ ਸਨ।। ਹੁਣ ਜਦ ਤੱਕ ਸਿੱਖ ਧਰਮ ਰਹੇਗਾ, ਉਹ ਇਹਨਾਂ ਕਾਲਪਨਿਕ ਤਸਵੀਰਾਂ ਨੂੰ ਪੂਜਦਾ ਰਹੇਗਾ।
ਇਸ ਪੋਸਟ ਨੂੰ ਪੜ੍ਹਣ ਬਾਅਦ ਰਾਜਾ ਰਵੀ ਵਰਮਾ ਦੀ ਜ਼ਿੰਦਗੀ ਉੱਪਰ ਅਧਾਰਿਤ ਹਿੰਦੀ ਫਿਲਮ ਰੰਗ-ਰਸੀਆ ਜ਼ਰੂਰ ਵੇਖੋ।
No comments:
Post a Comment