ਗੈਂਗਸਟਰ


-ਬਲਰਾਜ ਸਿੰਘ ਸਿੱਧੂ, ਯੂ. ਕੇ.

ਪੰਜਾਬ ਸਰਕਾਰ ਨੇ ਨਾਸਾ ਨਾਲੋਂ ਵੱਡੀ ਖੋਜ ਕਰਤੀ, ਅਖੇ ਪੰਜਾਬੀ ਗੀਤ ਗੈਂਗਸਟਰ ਬਣਾਉਂਦੇ ਹਨ। ਪੰਜਾਬੀ ਗੀਤ ਸੁਣ ਕੇ ਕੋਈ ਆਸ਼ਕੀ ਤਾਂ ਕਰ ਸਕਦਾ ਹੈ, ਪਰ ਗੁੰਡਾਗਰਦੀ ਨਹੀਂ। ਪੰਜਾਬੀ ਗੀਤਾਂ ਦੀ ਵਿਡੀਉ ਵਧੀਆ ਪੱਗ ਬੰਨਣ ਲਈ ਉਕਸਾ ਸਕਦੀ ਹੈ ਜਾਂ ਕਿਸੇ ਕੁੜੀ ਨੂੰ ਸੋਹਣਾ ਸੂਟ ਪਾਉਣਾ ਸਿਖਾ ਸਕਦੀ ਹੈ।
ਗੀਤ ਗੈਂਗਸਟਰ ਨਹੀਂ ਬਣਾਉਦੇ। ਗੈਂਗਸਟਰ ਪੁਲਿਸ ਬਣਾਉਂਦੀ ਹੈ। ਜਦੋਂ ਕਿਸੇ ਬੇਕਸੂਰ ਗੱਭਰੂ ਉੱਪਰ ਝੂਠਾ ਕੇਸ ਪਾ ਕੇ ਉਸਦੀ ਜ਼ਿੰਦਗੀ ਖ਼ਰਾਬ ਕਰ ਦਿੱਤੀ ਜਾਂਦੀ ਹੈ ਤਾਂ ਉਹ ਗੈਂਗਸਟਰ ਬਣ ਜਾਂਦਾ ਹੈ। ਗੈਂਗਸਟਰ ਸਿਆਸਤਦਾਨ ਪੈਦਾ ਕਰਦੇ ਹਨ, ਖੁਦ ਨੂੰ ਕੁਰਸੀ ਉੱਪਰ ਬਿਠਾਉਣ ਵਾਸਤੇ। ਗੈਂਗਸਟਰ ਸਰਕਾਰ ਪੈਦਾ ਕਰਦੀ ਹੈ, ਜਦੋਂ ਸ਼ਾਂਤਮਈ ਆਪਣੇ ਹੱਕਾਂ ਲਈ ਲੋਕ ਰੋਸਪ੍ਰਦਸ਼ਨ ਕਰਦੇ ਹਨ ਤਾਂ ਉਹਨਾਂ ਨੂੰ ਚੁੱਪ ਕਰਵਾਉਣ ਲਈ ਉਨ੍ਹਾਂ ਉੱਪਰ ਲਾਠੀ ਅਤੇ ਗੋਲੀਆਂ ਵਰਾ ਕੇ।
ਗੈਂਗਸਟਰ ਬਣਦੇ ਨੇ ਹਥਿਆਰਾਂ ਦੀ ਵਰਤੋਂ ਨਾਲ ਤੇ ਪੰਜਾਬੀ ਗੀਤਾਂ ਦੀ ਵਿਡੀਉ ਟੀਵੀ 'ਤੇ ਚੱਲਦੀ ਤੋਂ ਕੋਈ ਗੱਭਰੂ ਟੀਵੀ ਤੋੜ੍ਹ ਹਥਿਆਰ ਕੱਢਕੇ ਗੈਂਗਸਟਰ ਨਹੀਂ ਬਣ ਜਾਂਦਾ। ਪੰਜਾਬੀ ਗੀਤਾਂ ਦੀ ਵਿਡੀਉ ਵਿੱਚ ਬਹੁਤੀ ਵਾਰੀ ਤਾਂ ਡੰਮੀ ਹਥਿਆਰ ਹੁੰਦੇ ਹਨ। ਹਥਿਆਰਾਂ ਦੀ ਸਪਲਾਈ ਕੌਣ ਕਰਦਾ ਹੈ? ਪੰਜਾਬੀ ਦੇ ਗੀਤਕਾਰ, ਗਾਇਕ ਜਾਂ ਮਿਉਜ਼ਕ ਵਿਡੀਉਜ਼?
ਚੁਰਾਸੀ ਦੀ ਖਾੜਕੂ ਲਹਿਰ ਤੋਂ ਪਹਿਲਾਂ ਦੱਸੋਂ ਕਿੰਨੇ ਕੁ ਪੰਜਾਬੀ ਗੀਤਾਂ ਵਿੱਚ ਏ ਕੇ ਸੰਤਾਲੀ ਦਾ ਜ਼ਿਕਰ ਸੀ? ਚੁਰਾਸੀ ਤੋਂ ਬਾਅਦ ਏ ਕੇ ਸੰਤਾਲੀਆਂ ਦੀ ਵਰਤੋਂ ਲਈ ਕੀ ਗੀਤ ਜ਼ਿੰਮੇਵਾਰ ਹਨ?
ਜੱਗਾ ਤੇ ਜਿਉਣਾ ਮੌੜ ਸਾਡੇ ਲੋਕ ਨਾਇਕ ਹਨ। ਇਹ ਦੋਨੋਂ ਡਾਕੂ ਸਨ। ਇਹ ਗੀਤ ਸੁਣ ਕੇ ਡਾਕੂ ਨਹੀਂ ਸੀ ਬਣੇ। ਸਗੋਂ ਜੱਗੇ ਤੇ ਜਿਉਣੇ ਤੋਂ ਗੀਤ ਬਣੇ।
ਹਾਜ਼ੀ ਮਸਤਾਨ, ਦਾਉਦ, ਅੱਬੂ ਸਲੇਮ ਅਤੇ ਪਾਸ਼ਾ ਵਰਗੇ ਅੰਡਰ ਵਰਲਡ ਡੌਨ ਕਿਹੜੇ ਪੰਜਾਬੀ ਗੀਤ ਸੁਣ ਕੇ ਡੌਨ ਬਣੇ ਸਨ? ਦੱਸੋਂ ਦਿਉ ਮੈਂ ਵੀ ਉਹ ਸੁਣ ਕੇ ਡੌਨ ਬਣਨ ਦੀ ਟਰਾਈ ਮਾਰ ਲਵਾਂ?
ਪੰਜਾਬ ਦੇ ਕਈ ਘਰਾਂ ਵਿੱਚ ਤਿੰਨ ਤਿੰਨ ਅਸਲੇ ਹਨ। ਬੈਨ ਕਰਨਾ ਹੈ ਕੁੱਝ ਤਾਂ ਹਥਿਆਰ ਬੈਨ ਕਰ ਦਿਉ। ਪੰਜਾਬੀ ਗੀਤਾਂ ਵਿੱਚੋਂ ਹਥਿਆਰਾਂ ਦਾ ਵਰਣਨ ਖੁਦ-ਬਾ-ਖੁਦ ਨਿਕਲ ਜਾਵੇਗਾ। ਨਾਲੇ ਗੈਂਗਸਟਰਵ ਕਲਚਰ ਖਤਮ ਹੋ ਜਾਵੇਗਾ ਕਿਉਂਕਿ ਲੀੜੇ ਧੋਣ ਆਲੀਆਂ ਧਾਪੀਆਂ ਚੁੱਕ ਕੇ ਗੈਂਗਸਟਰਵ ਨਹੀਂ ਬਣ ਸਕਦੇ। ਗੈਂਗਸਟਰ ਹਥਿਆਰਾਂ ਦੇ ਸਿਰ 'ਤੇ ਬਣਦੇ ਹਨ।

No comments:

Post a Comment