-ਬਲਰਾਜ ਸਿੰਘ ਸਿੱਧੂ
ਯੂਨਾਨ ਸਮਰਾਟ ਮਹਾਨ ਸਿਕੰਦਰ ਨੇ ਮਹਿਜ਼ ਅੱਠ ਸਾਲ ਦੀ ਉਮਰ ਵਿੱਚ ਘੋੜਸਵਾਰੀ ਸਿੱਖਣੀ ਆਰੰਭ ਦਿੱਤੀ ਸੀ ਤੇ ਦਸ ਸਾਲ ਦੀ ਆਯੂ ਤੱਕ ਪਹੁੰਚਦਿਆਂ ਉਹ ਨਿਪੁੰਨ ਘੋੜਸਵਾਰ ਬਣ ਗਿਆ ਸੀ। ਉਹ ਰੋਜ਼ ਵੱਖ-ਵੱਖ ਘੋੜਿਆਂ ਨੂੰ ਪਹਾੜੀ ਰਸਤਿਆਂ 'ਤੇ ਲਿਜਾ ਕੇ ਅਨੇਕਾਂ ਪ੍ਰਕਾਰ ਦੇ ਕਰਤਵ ਕਰਦਾ ਰਹਿੰਦਾ ਸੀ।
ਇੱਕ ਦਿਨ ਉਹਦੇ ਪਿਤਾ ਸਮਰਾਟ ਫਿਲਪ ਦੇ ਦਰਬਾਰ ਵਿੱਚ ਮਕਦੂਨੀਆ ਵਿਖੇ ਇੱਕ ਫਿਲੋਕਿਨਸ ਨਾਮ ਦਾ ਵਿਅਕਤੀ ਬੁੱਕੇਫੈਲਸ ਨਾਮਕ ਘੋੜਾ ਵੇਚਣ ਲਈ ਹਾਜਿਰ ਹੋਇਆ। ਉਹ ਬੁੱਕੇਫੈਲਸ ਘੋੜੇ ਨੂੰ 30 ਟੈਟਰੇਚਮ (ਪਰਾਤਨ ਯੂਨਾਨੀ ਧਨ ਮੁਦਰਾ ਇੱਕ ਟੈਟਰੁਚਮ ਵਿੱਚ ਚਾਰ ਦਰਾਮਚੇ ਹੁੰਦੇ ਸਨ ਤੇ ਇਸਦੇ ਸਿੱਕੇ ਦਾ ਵਜ਼ਨ 17,2 ਗ੍ਰਾਮ ਹੁੰਦਾ ਸੀ।) ਦਾ ਵੇਚਣਾ ਚਾਹੁੰਦਾ ਸੀ। ਘੋੜਾ ਬਹੁਤ ਹੀ ਖ਼ੂਬਸੂਰਤ ਸੀ।
ਜਦੋਂ ਘੋੜੇ ਦੀ ਰਫਤਾਰ ਪਰਖਣ ਲਈ ਫਿਲਪ ਦੇ ਸਿਪਾਹੀਆਂ ਨੇ ਬੁੱਕੇਫੈਲਸ ਦੀ ਸਵਾਰੀ ਕਰਨੀ ਚਾਹੀ ਤਾਂ ਘੋੜਾ ਉਹਨਾਂ ਨੂੰ ਨੇੜੇ ਨਾ ਲੱਗਣ ਦੇਵੇ। ਘੋੜੇ ਨੂੰ ਬਿਗੜਿਆ ਦੇਖ ਕੇ ਫਿਲਪ ਨੇ ਆਪ ਉਸਦੀ ਸਵਾਰੀ ਕਰਨੀ ਚਾਹੀ ਤਾਂ ਉਸਨੂੰ ਵੀ ਸਫਲਤਾ ਹਾਸਿਲ ਨਾ ਹੋਈ। ਉੱਥੇ ਬੈਠੇ ਸਭ ਨਿਪੁੰਨ ਘੋੜਸਵਾਰਾਂ ਨੇ ਯਤਨ ਕੀਤੇ, ਪਰ ਕੋਈ ਵੀ ਬੁੱਕੇਫੈਲਸ ਘੋੜੇ ਨੂੰ ਕਾਬੂ ਨਾ ਕਰ ਸਕਿਆ।
ਇਹ ਦੇਖ ਕੇ ਸਮਰਾਟ ਫਿਲਪ ਨੇ ਘੋੜੇ ਦੇ ਸੌਦਾਗਰ ਫਿਲੋਕਿਨਸ ਨੂੰ ਕਿਹਾ, "ਮਾਫ ਕਰਨਾ ਮੈਂ ਇਹ ਘੋੜਾ ਖਰੀਦਣ ਤੋਂ ਅਸਮਰਥ ਹਾਂ। ਇਹ ਘੋੜਾ ਨਾ ਤਾਂ ਕੋਈ ਨਿਰਦੇਸ਼ ਮੰਨਦਾ ਹੈ ਤੇ ਨਾ ਹੀ ਕਾਬੂ ਵਿੱਚ ਆ ਕੇ ਕਿਸੇ ਨੂੰ ਸਵਾਰੀ ਕਰਨ ਦਿੰਦਾ ਹੈ। ਅਸੀਂ ਇਸ ਅੜੀਅਲ ਘੋੜੇ ਦਾ ਕੀ ਕਰਾਂਗੇ?"
ਇਹ ਸੁਣ ਕੇ ਨਿਰਾਸ਼ ਹੋਇਆ ਸੌਦਾਗਰ ਫਿਲੋਕਿਨਸ ਦਰਬਾਰ ਵਿੱਚੋਂ ਜਾਣ ਲੱਗਾ ਤਾਂ ਸਿੰਕਦਰ ਨੇ ਅਵਾਜ਼ ਮਾਰ ਕੇ ਉਸਨੂੰ ਰੋਕ ਲਿਆ, "ਇਹ ਅੜੀਅਲ ਘੋੜਾ ਕਿਸੇ ਨੂੰ ਸਵਾਰੀ ਨਹੀਂ ਕਰਨ ਦਿੰਦੈ। ਇਹ ਕਿਸੇ ਦੇ ਕੰਮ ਦਾ ਨਹੀਂ। ਇਸਨੂੰ ਕੋਈ ਨਹੀਂ ਖਰੀਦੇਗਾ। ਤੁਸੀਂ ਥਾਂ-ਥਾਂ ਭਟਕਦੇ ਰਹੋਗੇ। ਇਹ ਤੁਹਾਡੇ ਲਈ ਫਜ਼ੂਲ ਦੀ ਸਿਰਦਰਦੀ ਬਣਿਆ ਹੋਇਆ ਹੈ। ਇਹ ਘੋੜਾ ਤੁਸੀਂ ਮੈਨੂੰ ਮੁਫਤ ਵਿੱਚ ਦੇਕੇ ਚਿੰਤਾ ਮੁਕਤ ਹੋ ਸਕਦੇ ਹੋ।"
ਇਹ ਸੁਣ ਕੇ ਸਾਰੇ ਦਰਬਾਰੀ ਹੈਰਾਨ ਰਹਿ ਗਏ। ਸੌਦਾਗਰ ਫਿਲੋਕਿਨਸ ਨੇ ਸਿਕੰਦਰ ਨੂੰ ਸਵਾਲ ਕਰਿਆ, "ਸ਼ਹਿਜ਼ਾਦੇ ਤੂੰ ਇਸ ਬੇਕਾਰ ਘੋੜੇ ਦਾ ਕੀ ਕਰੇਂਗਾ?"
"ਮੈਂ ਇਸਦੀ ਸਵਾਰੀ ਕਰਿਆ ਕਰਾਂਗਾ।" ਸਿਕੰਦਰ ਨੇ ਸਵੈਵਿਸ਼ਵਾਸ਼ ਨਾਲ ਜੁਆਬ ਦਿੱਤਾ।
"ਇਸਦੀ ਸਵਾਰੀ ਤਾਂ ਮਾਹਿਰ ਘੋੜਸਵਾਰ ਤੇ ਤੁਹਾਡੇ ਪਿਤਾ ਵੀ ਨਹੀਂ ਕਰ ਸਕੇ। ਤੁਸੀਂ ਤਾਂ ਨਿਆਣੇ ਹੋ। ਤੁਸੀਂ ਇਸਦੀ ਘੋੜਸਵਾਰੀ ਕਿਵੇਂ ਕਰ ਸਕਦੇ ਹੋ?"
"ਇਹ ਤੁਸੀਂ ਮੇਰੇ 'ਤੇ ਛੱਡੋ। ਅਗਰ ਮੈਂ ਇਸਦੀ ਸਵਾਰੀ ਕਰਕੇ ਦਿਖਾ ਦੇਵਾਂ ਤਾਂ ਕੀ ਤੁਸੀਂ ਮੈਨੂੰ ਇਹ ਘੋੜਾ ਮੁਫਤ ਵਿੱਚ ਦੇ ਦਿਉਂਗੇ?"
ਸੌਦਾਗਰ ਫਿਲੋਕਿਨਸ ਕੋਲ ਰਜ਼ਾਮੰਦ ਹੋਣ ਬਿਨਾਂ ਕੋਈ ਹੋਰ ਚਾਰਾ ਨਹੀਂ ਸੀ। ਉਸਨੇ ਸਹਿਮਤੀ ਵਿੱਚ ਸਿਰ ਹਿਲਾ ਦਿੱਤਾ। ਸਿਕੰਦਰ ਆਪਣੇ ਆਸਣ ਤੋਂ ਉੱਠਿਆ ਤੇ ਉਹਨੇ ਘੋੜੇ ਨੂੰ ਜਾ ਕੇ ਪੁਚਕਾਰਨਾ ਸ਼ੁਰੂ ਕਰ ਦਿੱਤਾ। ਘੋੜੇ ਦਾ ਮੂੰਹ ਚੁੰਮਿਆ ਤੇ ਉਸਨੂੰ ਪਲੋਸਦਿਆਂ ਥਾਪੀਆਂ ਦਿੱਤੀਆਂ। ਲਗਾਮ ਫੜ ਕੇ ਸਿਕੰਦਰ ਨੇ ਘੋੜੇ ਦਾ ਮੂੰਹ ਸੂਰਜ ਦੀ ਦਿਸ਼ਾ ਵੱਲ ਕੀਤਾ ਤੇ ਕੁੱਝ ਦੇਰ ਉਸਨੂੰ ਤੋਰਨ ਬਾਅਦ ਯਕਦਮ ਰਕਾਬ ਉੱਪਰ ਪੱਬ ਧਰਕੇ ਘੋੜੇ 'ਤੇ ਸਵਾਰ ਹੋ ਗਿਆ। ਸਿਕੰਦਰ ਨੇ ਮੈਦਾਨ ਦੇ ਕਈ ਚੱਕਰ ਲਗਵਾਏ। ਅੰਤ ਘੋੜੇ ਦੇ ਸੌਦਾਗਰ ਫਿਲੋਕਿਨਸ ਮੂਹਰੇ ਆ ਕੇ ਮੂਹਰਲੇ ਪੌੜ ਚੁਕਵਾਏ।
ਇਹ ਦੇਖ ਕੇ ਸਭ ਦੰਗ ਰਗਿ ਗਏ ਤੇ ਸ਼ਰਤ ਮੁਤਾਬਿਕ ਸੌਦਾਗਰ ਫਿਲੋਕਿਨਸ ਨੇ ਘੋੜਾ ਸਿਕੰਦਰ ਨੂੰ ਬਖਸ਼ ਦਿੱਤਾ।
ਸਮਰਾਟ ਫਿਲਪ ਅਤੇ ਸਿਕੰਦਰ ਦੇ ਪਿਤਾ ਨੇ ਸਿਕੰਦਰ ਨੂੰ ਹੈਰਤ ਨਾਲ ਸਵਾਲ ਕੀਤਾ, "ਅਲੈਗਜ਼ੈਂਡਰ, ਤੂੰ ਇਹ ਘੋੜਾ ਕਿਵੇਂ ਕਾਬੂ ਕੀਤੈ?"
"ਪਿਤਾ ਜੀ, ਇਹ ਘੋੜਾ ਸਾਰੇ ਸਵਾਰਾਂ ਨੂੰ ਓਪਰਾ ਸਮਝਦਾ ਸੀ ਤੇ ਘੋੜਾ ਨਵੀਂ ਜਗ੍ਹਾ ਆ ਕੇ ਪਿੱਠ ਪਿੱਛੇ ਸੂਰਜ ਹੋਣ ਕਾਰਨ ਮੂਹਰੇ ਪੈਂਦੇ ਆਪਣੇ ਪਰਛਾਵੇਂ ਤੋਂ ਡਰਦਾ ਸੀ। ਮੈਂ ਪਹਿਲਾ ਉਸਦਾ ਡਰ ਕੱਢ ਕੇ ਉਸਨੂੰ ਮਿੱਤਰਤਾ ਦਾ ਪ੍ਰਸਤਾਵ ਦਿੱਤਾ। ਫਿਰ ਉਸਦਾ ਮੂੰਹ ਸੂਰਜ ਵੱਲ ਕਰਵਾਇਆ ਤਾਂ ਕਿ ਉਹ ਆਪਣਾ ਪ੍ਰਛਾਵਾ ਨਾ ਦੇਖ ਸਕੇ ਤੇ ਉਸਦੇ ਮਨ ਦਾ ਡਰ ਨਿਕਲ ਜਾਵੇ। ਇਸ ਲਈ ਉਸਨੇ ਮੈਨੂੰ ਆਪਣੀ ਸਵਾਰੀ ਕਰਵਾ ਦਿੱਤੀ।"
ਇਸ ਘਟਨਾ ਸਮੇਂ ਸਿਕੰਦਰ ਦੇ ਆਪਣੇ ਪਿਤਾ ਨਾਲ ਸੰਬੰਧ ਵਧੀਆ ਨਹੀਂ ਸਨ। ਕਿਉਂਕਿ ਉਹ ਜੰਗਾਂ ਵਿੱਚ ਜਾਣ ਦੀ ਜ਼ਿੱਦ ਕਰਦਾ ਹੁੰਦਾ ਸੀ। ਉਸਦਾ ਪਿਤਾ ਉਸਦੀ ਬਾਲ ਅਵਸਥਾ ਕਾਰਨ ਉਸਨੂੰ ਰੋਕਦਾ ਹੁੰਦਾ ਸੀ। ਪਰ ਇਸ ਘਟਨਾ ਤੋਂ ਸਬਕ ਲੈ ਉਸਦੇ ਪਿਤਾ ਨੇ ਆਪਣੇ ਅੰਦਰਲੇ ਡਰ ਮਾਰੇ ਤੇ ਸਿਕੰਦਰ ਨੂੰ ਜੰਗੀ ਕਾਰਜਾਂ ਵਿੱਚ ਸ਼ਾਮਿਲ ਕਰਨਾ ਸ਼ੁਰੂ ਕਰ ਦਿੱਤਾ ਸੀ। ਵਿਸ਼ਵ ਵਿਜੇਤਾ ਬਣਨ ਜਦੋਂ ਸਿਕੰਦਰ ਨਿਕਲਿਆ ਸੀ ਤਾਂ ਉਹ ਇਸੇ ਬੁੱਕੇਫੈਲਸ ਨਾਮਕ ਘੋੜੇ 'ਤੇ ਸਵਾਰ ਸੀ।
No comments:
Post a Comment