ਰੀਮਿਕਸ ਕਹਾਣੀਆਂ

ਰੀਮਿਕਸ ਕਹਾਣੀਆਂ 


ਮੈਂ ਤੇ ਸੁੱਖੀ ਸਮੁੰਦਰੀ ਅਜੇ ਸਾਹਿਤ ਦੇ ਖੇਤਰ ਵਿਚ ਨਵੇਂ ਨਵੇਂ ਹੀ ਸੀ। ਪਰ ਮੁਢਲੀਆਂ ਕੁਝ ਕੁ ਕਹਾਣੀਆਂ ਨਾਲ ਅਸੀਂ ਆਪਣਾ ਆਪਣਾ ਪਾਠਕ ਵਰਗ ਜ਼ਰੂਰ ਬਣਾ ਲਿਆ ਸੀ।ਸਾਡਾ ਕਹਾਣੀਆਂ ਲਿਖਣ ਦਾ ਪੈਂਤਰਾ ਇਕ ਹੀ ਸੀ ਭਾਵ ਸਾਰੀਆਂ ਕਹਾਣੀਆਂ ਇਕੋ ਵਿਸ਼ੇ 'ਤੇ ਲਿਖਣੀਆਂ। ਫਰਕ ਸਿਰਫ ਇਹ ਸੀ ਕਿ ਮੈਂ ਔਰਤ ਮਰਦ ਸੰਬੰਧਾਂ 'ਤੇ ਲਿਖਦਾ ਸੀ ਤੇ ਸੁੱਖੀ ਖਾੜਕੂਵਾਦ 'ਤੇ ਕਿਉਂਕਿ ਆਪੋ ਆਪਣੇ ਵਿਸ਼ੇ ਦੇ ਅਸੀਂ ਸਪੈਸ਼ਲਿਸਟ ਸੀ ਤੇ ਨਿੱਜੀ ਤਜ਼ਰਬਾ ਸੀ। ਅਖਬਾਰਾਂ ਦੇ ਸਪੈਸ਼ਲ ਅੰਕਾਂ ਵਿਚ ਸਾਡੀਆਂ ਕਹਾਣੀਆਂ ਲਈ ਥਾਂ ਰਾਖਵੀਂ ਹੁੰਦੀ ਸੀ ਭਾਵ ਸਾਡੀਆਂ ਕਹਾਣੀਆਂ ਲਾਜ਼ਮੀ ਛਪਣੀਆਂ। ਕਹਾਣੀਆਂ ਛਪਣ ਬਾਅਦ ਸਾਡਾ 'ਓਪਰੇਸ਼ਨ ਰੀਸਪੌਂਸਨ' ਕਈ ਦਿਨ ਚਲਣਾ। ਅਸੀਂ ਇਕ ਦੂਜੇ ਨੂੰ ਉਹਦੀ ਕਹਾਣੀ ਬਾਰੇ ਮਿਲੇ ਹੁੰਗਾਰੇ ਦੀ ਪੜਤਾਲ ਕਰਦੇ ਰਹਿਣਾ।ਸਾਡੇ ਵਿਚੋਂ ਜਿਸ ਨੂੰ ਵੀ ਉਹਦੀ ਕਹਾਣੀ ਬਾਰੇ ਆਏ ਫੋਨਾਂ ਦੀ ਗਿਣਤੀ ਵੱਧ ਲੱਗਣੀ, ਦੂਜੇ ਨੂੰ ਸ਼ੱਕ ਹੋ ਜਾਣੀ ਬਈ ਇਹ ਝੂਠ ਬੋਲ ਰਿਹਾ ਹੈ।ਇਕ ਵਾਰ ਅਸੀਂ ਇਸ ਗੱਲ ਦਾ ਨਿਤਾਰਾ ਕਰਨ ਲਈ ਇਹ ਯੋਜਨਾ ਬਣਾਈ ਕਿ ਹੁਣ ਜਦੋਂ ਕਹਾਣੀ ਛਪੀ ਅਸੀਂ ਇਕ ਹਫਤਾ ਇਕੱਠੇ ਰਹਾਂਗੇ ਤੇ ਪਰਖ ਕਰਾਂਗੇ ਕਿ ਕਿਸ ਨੂੰ ਫੋਨ ਜ਼ਿਆਦਾ ਆਉਂਦੇ ਹਨ

ਨਵੀਆਂ ਕਹਾਣੀਆਂ ਛਪ ਗਈਆਂ ਤੇ ਅਸੀਂ ਆਪਣੇ ਮੋਬਾਇਲ ਫੋਨਾਂ ਨਾਲ ਲੈਸ ਹੋ ਕੇ ਇਕੱਠੇ ਹੋ ਗਏ।ਸਵੇਰ ਤੋਂ ਉਡੀਕਦਿਆਂ ਜਦ ਦੁਪਹਿਰ ਤੱਕ ਕਿਸੇ ਦਾ ਕੋਈ ਫੋਨ ਨਾ ਆਇਆ ਤਾਂ ਅਸੀਂ ਇਕ ਦੂਜੇ ਨੂੰ ਫੋਨ ਕਰਕੇ ਆਪਣੇ ਫੋਨ ਪਰਖੇ ਕਿ ਉਹ ਤਸੱਲੀਬਖਸ਼ ਕੰਮ ਕਰ ਰਹੇ ਹਨ ਜਾਂ ਨਹੀਂ। ਦੋਨਾਂ ਦੇ ਫੋਨ ਵਰਜਿਨ ਟਰੇਨ ਵਾਂਗੂ ਚੱਲਣ। ਐਮਰਜ਼ੈਂਸੀ ਦੀ ਸੂਰਤ ਵਿਚ ਵਰਤਣ ਲਈ ਸਾਡੇ ਕੋਲ ਵਾਧੂ ਬੈਟਰੀਆਂ ਤੇ ਚਾਰਜ਼ਰ ਵੀ ਸਨ। ਇਸ ਲਈ ਸੰਕਟਕਾਲੀਨ ਸਥੀਤੀ ਦੀ ਸਾਨੂੰ ਕੋਈ ਚਿੰਤਾ ਨਹੀਂ ਸੀ। ਬੇਜ਼ਾਰੀ ਤੇ ਬਰਕਰਾਰੀ ਦੇ ਆਲਮ ਵਿਚ ਅਸੀਂ ਪੰਜ ਮਸਾਂ ਵਜਾਏ।ਪੂਰੇ ਸਾਡੇ ਪੰਜ ਵਜੇ ਸਾਡੇ ਦੋਨਾਂ ਦੇ ਫੋਨ ਇਕੱਠੇ ਖੜਕ ਪਏ।ਜਿਵੇਂ ਮੱਛਰ ਮਾਰੀ ਦਾ ਹੈ ਅਸੀਂ ਇਉਂ ਝਪੱਟੇ ਮਾਰ ਕੇ ਫੋਨ ਚੁੱਕੇ ਸਾਨੂੰ ਖਦਸ਼ਾ ਸੀ ਕਿ ਕਿਧਰੇ ਅੰਨਸਰ ਕਰਨ ਤੋਂ ਪਹਿਲਾਂ ਹੀ ਬੰਦ ਨਾ ਹੋ ਜਾਣ।ਇਸ ਕਾਹਲ ਵਿਚ ਗਲਤੀ ਨਾਲ ਅਸੀਂ ਇਕ ਦੂਜੇ ਦਾ ਫੋਨ ਚੁੱਕ ਬੈਠੇ। ਪਰ ਸਾਨੂੰ ਤੁਰੰਤ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਅਸੀਂ ਇਕ ਦੂਜੇ ਦੇ ਹੱਥਾਂ ਵਿਚੋਂ ਆਪਣਾ ਆਪਣਾ ਫੋਨ ਖੋਹ ਕੇ ਗਲਤੀ ਸੁਧਰ ਲਿੱਤੀ।ਅਸੀਂ ਆਪਣੇ ਪਾਠਕਾਂ ਦੀ ਦੁਨੀਆਂ ਵਿਚ ਗੁਆਚ ਗਏ...

ਜਦੋਂ ਸੁੱਖੀ ਦੇ ਪਾਠਕ ਦਾ ਫੋਨ ਆਉਂਦਾ ਮੈਂ ਨਾਮ ਤੇ ਨੰਬਰ ਨੋਟ ਕਰ ਲੈਂਦਾ ਤੇ ਜਦੋਂ ਮੇਰੇ ਪਾਠਕ ਦਾ ਫੋਨ ਆਉਂਦਾ ਸੁੱਖੀ ਨੋਟ ਕਰ ਲੈਂਦਾ।...ਕਲਾਸ਼ਨੀਕੋਵ ਦੀਆਂ ਗੋਲੀਆਂ ਵਾਂਗ ਫੋਨ ਵਜਦੇ ਰਹੇ... ਹਫਤਾ ਗੁਜ਼ਰ ਗਿਆ।... ਅਸੀਂ ਆਪਣੇ ਪਾਠਕਾਂ ਦੀ ਟਰਨਓਵਰ ਗਿਣਨ ਲਈ ਕੈਲਕੁਲੇਟਰ ਚੁੱਕ ਲਿਆ।ਜੰਗੀ ਪੱਧਰ 'ਤੇ ਲੇਖਾ-ਜੋਖਾ ਕੀਤਾ ਤਾਂ ਹੈਰਤਅੰਗੇਜ਼ ਗੱਲ ਇਹ ਸੀ ਕਿ ਸਾਡੇ ਦੋਨਾਂ ਦੇ ਪ੍ਰਸੰਸਕਾਂ ਦੀਆਂ ਸੰਖੀਆਵਾਂ ਦੇ ਅੰਤਮ ਅੰਕੜੇ ਜੋੜੇ ਤਾਂ ਗਿਣਤੀ ਇਕੋ ਜਿੰਨੀ ਸੀ। 
ਮੈਂ ਸੁੱਖੀ ਨੂੰ ਕਿਹਾ, "ਲੈ ਬਈ ਮੈਚ ਡਰਾਅ ਹੋ ਗਿਆ।"
"ਬਲਰਾਜ ਤੈਨੂੰ ਲੇਡੀਜ਼ ਦੇ ਜ਼ਿਆਦੇ ਫੋਨ ਆਏ ਨੇ ਤੇ ਮੈਨੂੰ ਮੁੰਡਿਆਂ ਦੇ ਹਿਸਾਬ ਬਰਾਬਰ ਕਿਵੇਂ ਹੋ ਗਿਆ?"
"ਤੂੰ ਖਾੜਕੂ ਲਹਿਰ ਬਾਰੇ ਕਹਾਣੀ ਲਿਖਦਾ ਹੈਂ, ਇਸ ਲਈ ਜਾਹਰ ਹੈ ਤੈਨੂੰ ਖਾੜਕੂਆਂ ਦੇ ਫੋਨ ਹੀ ਆਉਣਗੇ। ਉਹਨਾਂ ਨੂੰ ਚੰਗਾ ਲੱਗਦਾ ਹੈ ਕੋਈ ਸਿੱਖ ਸੰਘਰਸ਼ ਬਾਰੇ ਲਿਖਦਾ ਹੈ।ਮੈਂ ਇਥੋਂ ਦੇ ਜੀਵਨ ਬਾਰੇ ਰੋਮੈਂਟਿਕ ਲਿਖਦਾ ਹਾਂ। ਮੇਰੀਆਂ ਪਾਠਕਾਵਾਂ ਬਹੁਤੀਆਂ ਉਹ ਕੁੜੀਆਂ ਹਨ ਜੋ ਇੰਡੀਆ ਤੋਂ ਵਿਆਹ ਕਰਵਾ ਕੇ ਆਈਆਂ ਹਨ ਤੇ ਹਾਉਸ ਵਾਇਵਜ਼ ਹਨ।ਘਰੇ ਵਿਹਲੀਆਂ ਹੁੰਦੀਆਂ ਹਨ।" ਮੈਂ ਸੁੱਖੀ ਨੂੰ ਸਮਝਾਇਆ
"ਉਥੇ ਹਥਿਆਰਾਂ ਨਾਲ ਜੁਝਦੇ ਆਏ ਹਾਂ।ਇਥੇ ਕਲਮ ਲੈ ਕੇ ਲੜ੍ਹ ਰਿਹਾਂ। ਜਦੋਂ ਪਾਠਕ ਆਪਣੇ ਤਜ਼ਰਬੇ ਸਾਂਝੇ ਕਰਦੇ ਹਨ ਤਾਂ ਬਹੁਤ ਤ੍ਰਾਸਦੀਆਂ ਚੇਤੇ ਜਾਂਦੀਆਂ ਹਨ।ਮੈਨੂੰ ਤਾਂ ਯਾਰ ਪਾਠਕਾਂ ਨਾਲ ਗੱਲਾਂ ਕਰਕੇ ਮਾਈਗ੍ਰੇਨ ਹੋ ਜਾਂਦੀ ਹੈ।... ਤੈਨੂੰ ਕਿਵੇਂ ਮਹਿਸੂਸ ਹੁੰਦੈ ਕਹਾਣੀ ਦੇ ਪ੍ਰਤੀਕ੍ਰਮ ਜਾਣ ਕੇ?"
"ਬਈ ਯਾਰਾਂ ਨੂੰ ਤਾਂ ਸਰੂਰੀ ਜਾਂਦੀ ਹੈ।"
"ਸਿੱਧੂ ਸਰੂਰੀ ਤਾਂ ਆਪੇ ਆਉਣੀ ਹੈ ਜਨਾਨੀਆਂ ਨਾਲ ਗੱਲਾਂ ਮਾਰ ਕੇ।"
ਮੈਂ ਸੁੱਖੀ ਨੂੰ ਆਪਣਾ ਸਪਸ਼ਟੀਕਰਨ ਦੇਣ ਲੱਗਾ,"ਮੈਂ ਕਿਹੜਾ ਇਸ਼ਕ-ਮੁਸ਼ਕ ਦੀਆਂ ਗੱਲਾਂ ਕਰਦਾਂ। ਸਾਹਿਤ ਬਾਰੇ ਹੀ ਵਾਰਤਾਲਾਪ ਕਰੀਦੈ।ਅਗਲੀਆਂ ਵੀ ਨਾਨਕ ਸਿੰਘ ਤੇ ਕੰਵਲ ਵਰਗਿਆਂ ਨੂੰ ਪੜ੍ਹ ਕੇ ਆਈਆਂ ਹੋਈਆਂ।ਮਾਈਗ੍ਰੇਨ ਕਿਹੋ ਜਿਹੀ ਹੁੰਦੀ ਹੈ?"
"ਤੂੰ ਮੈਨੂੰ ਅੱਧੀ ਸਰੂਰੀ ਦੇ ਦੇ। ਮੈਂ ਤੈਨੂੰ ਅੱਧੀ ਕੁ ਮਾਈਗ੍ਰੇਨ ਦੇ ਦਿੰਨਾਂ।"
"ਕੀ ਮਤਲਬ?"
"ਮੇਰਾ ਮਤਲਬ ਬੈਲੰਸ ਜਿਹਾ ਹੋਣਾ ਚਾਹੀਦੈ।ਮੇਰੇ ਅੱਧੇ ਕੁ ਪਾਠਕ ਤੂੰ ਲੈ ਲਾ, ਆਪਣੇ ਅੱਧੇ ਮੈਨੂੰ ਦੇ ਦੇ।ਮੈਂ ਤੇਰੀ ਲਾਇਨ ਤੇ ਕਹਾਣੀ ਲਿਖ ਲੈਨਾਂ ਤੂੰ ਮੇਰੇ ਵਾਲੇ ਵਿਸ਼ੇ 'ਤੇ।" ਸੁੱਖੀ ਨੇ ਆਪਣਾ ਮੰਤਵ ਸਪਸ਼ਟ ਕੀਤਾ
"ਚਾਹੁੰਦਾ ਮੈਂ ਵੀ ਹਾਂ ਮੈਨੂੰ ਹਰ ਵਰਗ ਪੜ੍ਹੇ।ਪਰ ਇਹ ਕਿਵੇਂ ਸੰਭਵ ਹੋ ਸਕਦੈ? ਮੈਨੂੰ ਖਾੜਕੂ ਲਹਿਰ ਬਾਰੇ ਕੋਈ ਗਿਆਨ ਨਹੀਂ। ਇਥੇ ਇੰਗਲੈਂਡ ਵਿਚ ਪੜ੍ਹਿਆ ਤੇ ਪਲਿਆ ਹਾਂ।ਤੂੰ ਰੋਮੈਂਟਿਕ ਲਿਖੇਗਾ ਤਾਂ ਜਥੇਬੰਦੀਆਂ ਨੇ ਤੇਰੇ ਵਿਰੁੱਧ ਹੋ ਜਾਣਾ। ਤੇਰੇ ਪਾਠਕ ਤੇਰੇ ਨਾਲੋਂ ਟੁੱਟ ਜਾਣੇ ਨੇ। ਪੱਕੀ ਦੇ ਚਾਅ ਵਿਚ ਕੱਚੀ ਢਾਹ ਬੈਠੇਗਾ।ਚੰਗਾ ਇਹੀ ਹੈ ਤੂੰ ਆਪਣਾ ਸੌਦਾ ਵੇਚੀ ਚਲ ਤੇ ਮੈਂ ਆਪਣਾ।"
ਗੰਭੀਰ ਸੋਚਾਂ ਵਿਚ ਡੁੱਬਦਾ ਹੋਇਆ ਸੁੱਖੀ ਬੋਲਿਆ, "ਹਾਂ! ਗੱਲ ਤਾਂ ਤੇਰੀ ਸਹੀ ਹੈ।ਫੰਡਰੇਸ਼ਨ ਵਾਲਿਆ ਨੇ ਮੇਰਾ ਖਹਿੜਾ ਨਹੀਂ ਛਡਣਾ, ਕਹਿਣਗੇ ਸਾਲਿਆ ਖਾਲਸਤਾਨੀ ਹੋ ਕੇ ਆਹ ਕੀ ਕਰਤੂਤਾਂ ਕਰਦੈ? ਸੰਘਰਸ਼ ਤਾਂ ਅੱਗੇ ਬਦਨਾਮ ਹੈ ਕੁਝ ਸਰਕਾਰ ਬੰਦਿਆਂ ਦੇ ਵਿਚ ਵੜ੍ਹਨ ਨਾਲ।... ਹੁਣ ਕੀਤਾ ਕੀ ਜਾਵੇ? ਦੇ ਕੋਈ ਆਈਡੀਆ?"
ਕੁਝ ਸੋਚ ਕੇ ਮੈਂ ਬੋਲਿਆ, "ਊਂ! ਇਕ ਗੱਲ ਹੋ ਸਕਦੀ ਹੈ। ਜੇ ਆਪਾਂ ਕਹਾਣੀ ਰੀਮਿਕਸ ਕਰ ਲਿਆ ਕਰੀਏ।"
"ਰੀਮਿਕਸ ਕੀ ?"
"ਦੇਖ ਯਾਰ, ਜਿਵੇਂ ਇਥੇ ਗੀਤ ਰੀਮਿਕਸ ਹੁੰਦੇ ਨੇ ਯਾਨੀ ਗੀਤ ਤੇ ਵੋਕਲ ਪੁਰਾਣੇ ਫੋਕ ਪੰਜਾਬੀ ਦੇ ਚੱਕ ਲੇ ਤੇ ਮਿਊਜ਼ਿਕ ਵੈਸਟਰਨ ਪਾ ਦਿੱਤਾ। ਇਕ ਕਹਾਣੀ ਤੂੰ ਆਪਣੇ ਸਟਾਇਲ ਦੀ ਖਾੜਕੂਵਾਦੀ ਲਿਖੀ ਲਵੀਂ। ਇਕ ਮੈਂ ਰੋਮਾਂਚਕ ਆਪਣੇ ਸਟਾਇਲ ਦੀ। ਫੇਰ ਆਪਾਂ ਦੋਨਾਂ ਕਹਾਣੀਆਂ ਨੂੰ ਅੱਧ ਵਿਚੋਂ ਪਾੜ੍ਹ ਕੇ ਮੇਰੇ ਵਾਲੀ ਦਾ ਅੱਧਾ ਹਿੱਸਾ ਤੂੰ ਆਪਣੇ ਵਾਲੀ ਨਾਲ ਜੋੜ੍ਹ ਲਵੀਂ ਤੇ ਤੇਰੇ ਵਾਲੀ ਦਾ ਅੱਧਾ ਹਿੱਸਾ ਮੈਂ ਆਪਣੇ ਵਾਲੀ ਨਾਲ ਜੋੜ ਲਊਂਗਾ। ਇਉਂ ਆਪਣੀਆਂ ਦੋਨਾਂ ਦੀਆਂ ਕਹਾਣੀਆਂ ਵਿਚ ਦੋਨੇ ਰੰਗ ਭਰੇ ਜਾਣਗੇ ਤੇ ਯਕੀਨਨ ਆਪਾਂ ਨੂੰ ਰਲਵੇ ਮਿਲਵੇ ਪਾਠਕ ਮਿਲ ਜਾਣਗੇ।" ਮੈਂ ਆਪਣਾ ਮਨਸੂਬਾ ਸਮਝਾਇਆ
"ਗੁੱਡ ਆਈਡੀਆ। ਚੱਲ ਅਗਲੇ ਅੰਕ ਲਈ ਨਵੀਂ ਘੈਂਟ ਜਿਹੀ ਕਹਾਣੀ ਲਿਖ। ਮੈਂ ਵੀ ਲਿਖਦਾਂ। ਆਪਾਂ ਪੰਜਾਬੀ ਕਹਾਣੀ ਵਿਚ ਰੀਮਿਕਸਿੰਗ ਦਾ ਨਵਾਂ ਟਰੈਂਡ ਚਲਾਉਂਦੇ ਹਾਂ। ਲੋਕ ਆਪੀ ਕਾਪੀ ਕਰਿਆ ਕਰਨਗੇ।" ਸੁੱਖੀ ਨੂੰ ਚਾਅ ਚੜ੍ਹ ਗਿਆ।...
ਅਸੀਂ ਕਹਾਣੀਆਂ ਲਿਖ ਲਈਆਂ। ਮੈਂ ਲਿਖੀ 'ਪ੍ਰੇਮ ਵਿਆਹ' ਤੇ ਸੁੱਖੀ ਨੇ ਲਿਖੀ 'ਪੁਲਿਸ ਓਪਰੇਸ਼ਨ'ਅਸੀਂ ਆਪਣੀਆਂ ਕਹਾਣੀਆਂ ਨੂੰ ਅੱਧ ਅੱਧ ਵਿਚੋਂ ਵੰਡ ਕੇ ਰੀਮਿਕਸਿੰਗ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ। ਸੁੱਖੀ ਨੇ ਆਪਣੀ ਕਹਾਣੀ ਦੇ ਪਹਿਲੇ ਅੱਧ ਨਾਲ ਮੇਰੀ ਕਹਾਣੀ ਦਾ ਅੰਤ ਜੋੜ ਦਿੱਤਾ ਤੇ ਮੈਂ ਆਪਣੀ ਕਹਾਣੀ ਦੇ ਸ਼ੁਰੂਆਤੀ ਅੱਧ ਨਾਲ ਸੁੱਖੀ ਦੀ ਕਹਾਣੀ ਦਾ ਅੰਤਿਮ ਭਾਗ ਜੋੜ ਦਿੱਤਾ। ਇਉਂ ਦੋ ਮਾਸਟਰਪੀਸ ਰਚਨਾਵਾਂ ਤਿਆਰ ਹੋ ਗਈਆਂ। ਲਉ ਤੁਸੀਂ ਸਾਡੇ ਸ਼ਾਹਕਾਰਾਂ ਦਾ ਆਨੰਦ ਮਾਣੋ:

ਪ੍ਰੇਮ ਵਿਆਹ
ਟੋਨੀ ਨੂੰ ਲੋਹੜੇ ਦਾ ਚਾਅ ਚੜ੍ਹਿਆ ਹੋਇਆ ਹੈ। ਕਿਉਂਕਿ ਅੱਜ ਜੂਲੀ ਨੇ ਆਪ ਉਸ ਲਈ ਹਨੀਮੂਨ ਹੋਟਲ ਬੁੱਕ ਕੀਤਾ ਹੋਇਆ ਹੈ। ਇਹ ਉਹੀ ਜੂਲੀ ਹੈ ਜੀਹਦੇ ਪਿਛੇ ਉਹ ਪਿਛਲੇ ਦਸਾਂ ਸਾਲਾਂ ਤੋਂ ਜੁੱਤੀਆਂ ਖਸਾਉਂਦਾ ਫਿਰਦਾ ਹੈ। ਉਸ ਨੇ ਮਨ ਬਣਾ ਲਿਆ ਸੀ ਕਿ ਜੂਲੀ ਨਾਲ ਪ੍ਰੇਮ ਵਿਆਹ ਕਰਵਾ ਲਵੇਗਾ। ਫਟਾਫਟ ਨਹਾ ਕੇ ਟੋਨੀ ਨੇ ਗੂਚੀ ਦਾ ਸੂਟ ਪਾਇਆ ਤੇ ਡੇਢ ਸੌ ਪੌਂਡ ਵਾਲੀ ਆਫਟਰ ਸ਼ੇਵ ਲਾ ਕੇ ਘਰੋਂ ਨਿਕਲ ਪਿਆ। ਲੰਡਨ ਦੀਆਂ ਸੜਕਾਂ ਨੂੰ ਚੀਰਦੀ ਹੋਈ ਉਸਦੀ ਫਰਾਰੀ ਕਾਰ ਮੰਜ਼ਿਲ 'ਤੇ ਪੁੰਹਚਣ ਲਈ ਉਸ ਤੋਂ ਵੀ ਕਾਹਲੀ ਜਾਪਦੀ ਸੀ
ਟੋਨੀ ਜਿਉਂ ਹੀ ਪਟਿਆਲੇ ਰੇਲਵੇਂ ਸਟੇਸ਼ਨ ਤੋਂ ਬਾਹਰ ਨਿਕਲਿਆ ਤਾਂ ਪਹਿਲਾਂ ਤੋਂ ਉਸ ਦਾ ਇੰਤਜ਼ਾਰ ਕਰ ਰਹੀ ਪੁਲਿਸ ਨੇ ਉਸ ਨੂੰ ਦਬੋਚ ਲਿਆ। ਟੋਨੀ ਝੱਟ ਸਮਝ ਗਿਆ ਕਿ ਮੁਖਬਰੀ ਜ਼ਰੂਰ ਉਹਨਾਂ ਦੀ ਜਥਬੰਦੀ ਵਿਚ ਭਰਤੀ ਹੋਏ ਭਾਈ ਦਲਜੀਤ ਸਿੰਘ ਲੱਡੂ ਨੇ ਕੀਤੀ ਹੈ। ਜਿਪਸੀ ਵਿਚ ਸਿੱਟ ਕੇ ਪੁਲਸ ਉਸ ਨੂੰ ਠਾਣੇ ਵੱਲ ਲੈ ਤੁਰੀ। ਟੋਨੀ ਕਮੀਜ਼ ਦੇ ਕਾਲਰ ਵਿਚ ਪਾਏ ਸਾਇਨਾਈਡ ਕੈਪਸੂਲ ਨੂੰ ਖਾਣ ਦੀ ਤਾਕ ਵਿਚ ਸੀ। ਪਰ ਉਸਦਾ ਕਾਲਰ ਐਸ ਆਈ ਨੇ ਆਪਣੀ ਮੁੱਠੀ ਵਿਚ ਘੁੱਟ ਕੇ ਫੜ੍ਹਿਆ ਹੋਇਆ ਸੀ।ਸਦਰ ਠਾਣੇ ਜਾਂਦਿਆਂ ਹੀ ਪੁਲਿਸ ਨੇ ਮੋਟਰ ਵਾਲਾ ਪਟਾ ਚਲਾਇਆ ਤੇ...ਟੋਨੀ ਦੀਆਂ ਚੀਕਾਂ ਨਾਲ ਸਾਰਾ ਪਟਿਆਲਾ ਸ਼ਹਿਰ ਕੰਬ ਗਿਆ। ਪੁਲਿਸ ਵਾਰ ਵਾਰ ਉਸਦੇ ਸਾਥੀਆਂ ਬਾਰੇ ਪੁੱਛਦੀ ਰਹੀ। ਉਸ ਨੇ ਪੁਲਸ ਦਾ ਅੰਨ੍ਹਾ ਤਸ਼ੱਦਦ ਨਾ ਸਹਾਰਦਿਆਂ ਹੋਇਆਂ ਸ਼ਹੀਦੀ ਪਾ ਲਈ ਪਰ ਆਪਣੇ ਸਾਥੀਆਂ ਬਾਰੇ ਕੋਈ ਭੇਦ ਨਾ ਦਿੱਤਾ।ਉਸ ਦੀ ਸ਼ਹੀਦੀ ਬਾਰੇ ਸੁਣ ਕੇ ਮੁਖਬਰ ਲੱਡੂ ਨੂੰ ਇਉਂ ਮਹਿਸੂਸ ਹੋਇਆ ਜਿਵੇਂ ਉਸਨੇ ਖੁਦ ਆਪਣੀ ਜ਼ਮੀਰ ਨੂੰ ਲਾਲਚ ਦੇ ਤਸ਼ੱਦਦ ਨਾਲ ਮਾਰ ਦਿੱਤਾ ਹੁੰਦਾ ਹੈ।ਲੱਡੂ ਨੂੰ ਸੋਚਾਂ ਵਿਚ ਪਏ ਨੂੰ ਦੇਖ ਕੇ ਭਾਈ ਤਾਰਾ ਸਿੰਘ ਤਲਵੰਡੀ ਬੋਲਿਆ, "ਸ਼ਹੀਦ ਲਾੜੀ ਮੌਤ ਨਾਲ ਵਿਆਹ ਕਰਵਾਉਂਦੇ ਨੇ।" ਇਕ ਦਿਨ ਆਪਾਂ ਵੀ ਇਉਂ ਪ੍ਰੇਮ ਵਿਆਹ ਕਰਵਾਉਣੇ ਹਨ। 

ਪੁਲਿਸ ਓਪਰੇਸ਼ਨ
ਐਸ ਐਸ ਪੀ ਕਲਿਆਨ ਸਿੰਘ ਆਪਣੀ ਫੋਰਸ ਨਾਲ ਸੀਵਲ ਕਪੜਿਆਂ ਵਿਚ ਰੇਲਵੇਂ ਸਟੇਸ਼ਨ ਦੇ ਕਦੋਂ ਦਾ ਬੇਸਬਰੀ ਨਾਲ ਚੱਕਰ ਕੱਟ ਰਿਹਾ ਸੀ।ਉਸ ਨੂੰ ਉਸ ਦੇ ਟਾਉਟ ਦਲਜੀਤ ਸਿੰਘ ਲੱਡੂ ਨੇ ਖੁਫੀਆ ਰਿਪੋਰਟ ਦਿੱਤੀ ਸੀ ਕਿ ਗਿਆਰਾਂ ਵਾਲੀ ਬਠਿੰਡੀਓ ਆਉਣ ਵਾਲੀ ਟਰੇਨ ਟਾਈਗਰ ਫੋਰਸ ਦਾ ਮੁੱਖੀ ਭਾਈ ਸੁੱਚਾ ਸਿੰਘ ਸੁੱਚਾ ਰਿਹਾ ਹੈ
ਕਲਿਆਨ ਸਿੰਘ ਨੇ ਹਨੀਮੂਨ ਹੋਟਲ ਵਿਚ ਜਾ ਕੇ ਜਦੋਂ ਸੌ ਨੰਬਰ ਕਮਰੇ ਦੇ ਬੂਹੇ 'ਤੇ ਨੌਕ ਕੀਤੀ ਤਾਂ ਅੰਦਰੋਂ ਕਿਸੇ ਨੇ ਬੂਹਾ ਨਾ ਖੋਲ੍ਹਿਆ। ਉਸ ਨੇ ਗੁੱਸੇ ਵਿਚ ਦਰਵਾਜ਼ੇ 'ਤੇ ਜ਼ੋਰ ਦੀ ਲੱਤ ਮਾਰੀ। ਜਿਉਂ ਹੀ ਉਸਨੇ ਅੰਦਰ ਪਰਵੇਸ਼ ਕੀਤਾ ਤਾਂ ਜੂਲੀ ਨੂੰ ਕਿਸੇ ਹੋਰ ਨਾਲ ਰੰਗਰਲੀਆਂ ਮਨਾਉਂਦੀ ਦੇਖ ਕੇ ਉਸਦਾ ਦਿਲ ਟੁੱਟ ਗਿਆ।ਉਸਨੇ ਆਪਣੀ ਵਰਸਾਚੀ ਦੀ ਟਾਈ ਲਾਹ ਕੇ ਜ਼ਮੀਨ 'ਤੇ ਸਿੱਟ ਦਿੱਤੀ ਤੇ ਟੁੱਟਿਆ ਦਿਲ ਲੈ ਕੇ ਆਪਣੀ ਫਰਾਰੀ ਵਿਚ ਬੈਠਾ। ਉਸਨੇ ਹਨੀਮੂਨ ਹੋਟਲ ਨੂੰ ਗਾਲ ਕੱਢਦਿਆਂ ਕਿਹਾ, "ਕੋਈ ਨ੍ਹੀਂ ਮੈਂ ਤੈਨੂੰ ਦੇਖ ਲਊਂ। ਤੂੰ ਗਲਤ ਸੂਚਨਾ ਦੇ ਕੇ ਮੇਰਾ ਓਪਰੇਸ਼ਨ ਅਸਫਲ ਬਣਾ ਦਿੱਤਾ ਹੈ।"


(ਇਹ ਰਚਨਾ ਲਿਖਣ ਪਿਛੇ ਕੇਵਲ ਮੇਰਾ ਇਹੀ ਮਨੋਰਥ ਹੈ ਕਿ ਜੇ ਰੀਮਿਕਸਿੰਗ ਕਰਨ ਦੀ ਸਹੀ ਜਾਚ ਨਾ ਹੋਵੇ ਤਾਂ ਰੱਬ ਦੇ ਵਾਸਤੇ ਵਧੀਆ ਕਲਾ ਕ੍ਰਿਤ ਦਾ ਸਤਿਆਸ ਨਾ ਮਾਰੋ।)ਟਾਈਗਰ ਫੋਰਸ ਦਾ ਮੁੱਖੀ ਭਾਈ ਸੁੱਚਾ ਸਿੰਘ ਸੁੱਚਾ ਰਿਹਾ ਹੈ

ਕਲਿਆਨ ਸਿੰਘ ਨੇ ਹਨੀਮੂਨ ਹੋਟਲ ਵਿਚ ਜਾ ਕੇ ਜਦੋਂ ਸੌ ਨੰਬਰ ਕਮਰੇ ਦੇ ਬੂਹੇ 'ਤੇ ਨੌਕ ਕੀਤੀ ਤਾਂ ਅੰਦਰੋਂ ਕਿਸੇ ਨੇ ਬੂਹਾ ਨਾ ਖੋਲ੍ਹਿਆ। ਉਸ ਨੇ ਗੁੱਸੇ ਵਿਚ ਦਰਵਾਜ਼ੇ 'ਤੇ ਜ਼ੋਰ ਦੀ ਲੱਤ ਮਾਰੀ। ਜਿਉਂ ਹੀ ਉਸਨੇ ਅੰਦਰ ਪਰਵੇਸ਼ ਕੀਤਾ ਤਾਂ ਜੂਲੀ ਨੂੰ ਕਿਸੇ ਹੋਰ ਨਾਲ ਰੰਗਰਲੀਆਂ ਮਨਾਉਂਦੀ ਦੇਖ ਕੇ ਉਸਦਾ ਦਿਲ ਟੁੱਟ ਗਿਆ।ਉਸਨੇ ਆਪਣੀ ਵਰਸਾਚੀ ਦੀ ਟਾਈ ਲਾਹ ਕੇ ਜ਼ਮੀਨ 'ਤੇ ਸਿੱਟ ਦਿੱਤੀ ਤੇ ਟੁੱਟਿਆ ਦਿਲ ਲੈ ਕੇ ਆਪਣੀ ਫਰਾਰੀ ਵਿਚ ਬੈਠਾ। ਉਸਨੇ ਹਨੀਮੂਨ ਹੋਟਲ ਨੂੰ ਗਾਲ ਕੱਢਦਿਆਂ ਕਿਹਾ, "ਕੋਈ ਨ੍ਹੀਂ ਮੈਂ ਤੈਨੂੰ ਦੇਖ ਲਊਂ। ਤੂੰ ਗਲਤ ਸੂਚਨਾ ਦੇ ਕੇ ਮੇਰਾ ਓਪਰੇਸ਼ਨ ਅਸਫਲ ਬਣਾ ਦਿੱਤਾ ਹੈ।"

(ਇਹ ਰਚਨਾ ਲਿਖਣ ਪਿਛੇ ਕੇਵਲ ਮੇਰਾ ਇਹੀ ਮਨੋਰਥ ਹੈ ਕਿ ਜੇ ਰੀਮਿਕਸਿੰਗ ਕਰਨ ਦੀ ਸਹੀ ਜਾਚ ਨਾ ਹੋਵੇ ਤਾਂ ਰੱਬ ਦੇ ਵਾਸਤੇ ਵਧੀਆ ਕਲਾ ਕ੍ਰਿਤ ਦਾ ਸਤਿਆਸ ਨਾ ਮਾਰੋ।)

No comments:

Post a Comment