ਯੋਗ ਮੁਦਰਾਵਾਂ (Yoga Mudras) 

 
✍️ਲੇਖਕ: #ਬਲਰਾਜ #ਸਿੰਘ #ਸਿੱਧੂ, ਯੂ.ਕੇ.
🖊
ਯੋਗ ਮੁਦਰਾ ਇੱਕ ਅਜਿਹੀ ਤਕਨੀਕ ਹੈ, ਜਿਸ ਵਿੱਚ ਹੱਥਾਂ ਦੀਆਂ ਉਂਗਲਾਂ ਅਤੇ ਅੰਗੂਠੇ ਦੀ ਵਰਤੋਂ ਕਰਕੇ ਸਰੀਰ ਦੀ ਊਰਜਾ ਨੂੰ ਸਹੀ ਦਿਸ਼ਾ ਦਿੱਤੀ ਜਾਂਦੀ ਹੈ। ਸਾਡਾ ਸਰੀਰ ਪੰਜ ਤੱਤਾਂ (ਅਗਨੀ, ਵਾਯੂ, ਆਕਾਸ਼, ਪਿ੍ਥਵੀ ਅਤੇ ਜਲ) ਤੋਂ ਬਣਿਆ ਹੈ, ਅਤੇ ਇਹ ਮੁਦਰਾਵਾਂ ਇਹਨਾਂ ਤੱਤਾਂ ਵਿੱਚ ਸੰਤੁਲਨ ਬਣਾਉਣ ਵਿੱਚ ਮਦਦ ਕਰਦੀਆਂ ਹਨ। ਇਹ ਸਿਰਫ਼ ਹੱਥਾਂ ਦੀ ਕਸਰਤ ਨਹੀਂ, ਸਗੋਂ ਇੱਕ "ਊਰਜਾ ਦੀ ਮੋਹਰ" ਹੈ। ਜਿਵੇਂ ਇੱਕ ਬੰਨ੍ਹ (Dam) ਪਾਣੀ ਦੇ ਵਹਾਅ ਨੂੰ ਰੋਕ ਕੇ ਬਿਜਲੀ ਪੈਦਾ ਕਰਦਾ ਹੈ, ਉਵੇਂ ਹੀ ਮੁਦਰਾ ਸਰੀਰ ਦੀ ਪ੍ਰਾਣ-ਸ਼ਕਤੀ ਨੂੰ ਬਾਹਰ ਜਾਣ ਤੋਂ ਰੋਕ ਕੇ ਉਸਨੂੰ ਦਿਮਾਗ ਅਤੇ ਅੰਦਰੂਨੀ ਅੰਗਾਂ ਵੱਲ ਮੋੜ ਦਿੰਦੀ ਹੈ।
ਸਾਡੇ ਹੱਥਾਂ ਦੀਆਂ ਪੰਜ ਉਂਗਲਾਂ ਪੰਜ ਤੱਤਾਂ ਦਾ ਪ੍ਰਤੀਕ ਹਨ:
* ਅੰਗੂਠਾ (अँगूठा-Thumb): ਅਗਨੀ (Fire)
* ਪਹਿਲੀ ਉਂਗਲ ( तर्जनी-Indext finger): ਵਾਯੂ (Air)
* ਵਿਚਕਾਰਲੀ ਉਂਗਲ (मध्यमा -Middle finger): ਆਕਾਸ਼ (Ether/Space)
* ਚੌਥੀ ਉਂਗਲ (अनामिका-Ring finger): ਪਿ੍ਥਵੀ (Earth)
* ਚੀਚੀ (कनिष्ठा -Little finger): ਜਲ (Water)
ਪੰਜ ਉਂਗਲਾਂ ਅਤੇ ਪੰਜ ਤੱਤ (The Five Elements)
ਸਾਡਾ ਸਰੀਰ ਬ੍ਰਹਿਮੰਡ ਦਾ ਇੱਕ ਛੋਟਾ ਰੂਪ ਹੈ। ਪੰਜਾਬੀ ਵਿੱਚ ਇਹਨਾਂ ਪੰਜ ਤੱਤਾਂ ਦਾ ਸਬੰਧ ਇਸ ਤਰ੍ਹਾਂ ਹੈ:
* ਅੰਗੂਠਾ (ਅਗਨੀ ): ਇਹ ਸਰੀਰ ਦੀ ਗਰਮੀ ਅਤੇ ਪਾਚਨ ਸ਼ਕਤੀ ਦਾ ਪ੍ਰਤੀਕ ਹੈ।
* ਪਹਿਲੀ ਉਂਗਲ (ਵਾਯੂ ): ਇਹ ਗਤੀ ਅਤੇ ਸਾਹ ਪ੍ਰਣਾਲੀ ਦਾ ਪ੍ਰਤੀਕ ਹੈ।
* ਵਿਚਕਾਰਲੀ ਉਂਗਲ (ਆਕਾਸ਼ ): ਇਹ ਖਾਲੀ ਥਾਂ ਅਤੇ ਖੁੱਲ੍ਹੇਪਨ ਦਾ ਪ੍ਰਤੀਕ ਹੈ।
* ਤੀਜੀ ਉਂਗਲ (ਪਿ੍ਥਵੀ): ਇਹ ਸਰੀਰਕ ਬਣਤਰ, ਹੱਡੀਆਂ ਅਤੇ ਤਾਕਤ ਦਾ ਪ੍ਰਤੀਕ ਹੈ।
* ਚੀਚੀ (ਜਲ ): ਇਹ ਸਰੀਰ ਦੇ ਤਰਲ ਪਦਾਰਥਾਂ ਅਤੇ ਰਸਾਂ ਦਾ ਪ੍ਰਤੀਕ ਹੈ।
ਜਦੋਂ ਅਸੀਂ ਇਹਨਾਂ ਉਂਗਲਾਂ ਨੂੰ ਖਾਸ ਤਰੀਕੇ ਨਾਲ ਜੋੜਦੇ ਹਾਂ, ਤਾਂ ਇਹ ਸਰੀਰ ਦੇ ਅੰਦਰੂਨੀ ਅੰਗਾਂ ਅਤੇ ਮਾਨਸਿਕ ਸਥਿਤੀ 'ਤੇ ਸਿੱਧਾ ਅਸਰ ਪਾਉਂਦੀਆਂ ਹਨ। ਯੋਗ ਵਿੱਚ ਮੁਦਰਾ ਦਾ ਮਤਲਬ ਅਜਿਹੀ ਸਰੀਰਕ ਜਾਂ ਹੱਥਾਂ ਦੀ ਸਥਿਤੀ ਹੈ ਜੋ ਸਰੀਰ ਦੀ ਊਰਜਾ (ਪ੍ਰਾਣ) ਨੂੰ ਬਾਹਰ ਜਾਣ ਤੋਂ ਰੋਕ ਕੇ ਅੰਦਰ ਹੀ 'ਸੀਲ' (Seal) ਕਰ ਦਿੰਦੀ ਹੈ, ਤਾਂ ਜੋ ਉਹ ਊਰਜਾ ਸਰੀਰ ਨੂੰ ਤੰਦਰੁਸਤ ਰੱਖਣ ਲਈ ਵਰਤੀ ਜਾ ਸਕੇ।
'ਮੁਦਰਾ' ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਇਹ ਦੋ ਸ਼ਬਦਾਂ 'ਮੁਦ' (ਖੁਸ਼ੀ) ਅਤੇ 'ਰਾ' (ਦੇਣਾ) ਤੋਂ ਬਣਿਆ ਹੈ। ਉਹ ਕਿਰਿਆ ਜੋ ਮਨੁੱਖ ਨੂੰ ਅੰਦਰੂਨੀ ਖੁਸ਼ੀ ਅਤੇ ਸੰਤੁਸ਼ਟੀ ਪ੍ਰਦਾਨ ਕਰੇ, ਉਸਨੂੰ 'ਮੁਦਰਾ' ਕਿਹਾ ਜਾਂਦਾ ਹੈ। ਅਰਥਾਤ ਮਾਨਸਿਕ ਪ੍ਰਸੰਨਤਾ, ਜਿਵੇਂ ਅਸੀਂ ਕਹਿੰਦੇ ਹੁੰਦੇ ਹਾਂ ਕਿ ਮੰਦ-ਮੰਦ ਮੁਸਕਰਾਉਣਾ। ਇਹ ਵੀ ਮੁਦਰਾ ਹੈ।
ਸੰਸਕ੍ਰਿਤ ਵਿੱਚ ਇੱਕ ਹੋਰ ਵਿਆਖਿਆ ਅਨੁਸਾਰ, "ਮੁਦੰ ਹਰਸ਼ੰ ਕੁਰੁਤੇ ਇਤਿ ਮੁਦਰਾ"। ਭਾਵ, ਉਹ ਕਿਰਿਆ ਜੋ ਮਨ ਨੂੰ ਹਰਸ਼ (ਖੁਸ਼ੀ) ਨਾਲ ਭਰ ਦੇਵੇ, ਉਹ 'ਮੁਦਰਾ' ਹੈ।
ਜਦੋਂ ਵੀ ਅਸੀਂ ਹੱਥਾਂ ਦੀਆਂ ਉਂਗਲਾਂ ਨਾਲ ਕੋਈ ਹਰਕਤ ਕਰ ਰਹੇ ਹੁੰਦੇ ਹਾਂ ਤਾਂ ਅਸੀਂ ਜਾਣੇ-ਅਣਜਾਣੇ ਵਿੱਚ ਕੋਈ ਨਾ ਕੋਈ ਮੁਦਰਾ ਬਣਾ ਰਹੇ ਹੁੰਦੇ ਹਾਂ। ਮਿਸਾਲ ਦੇ ਤੌਰ 'ਤੇ ਜਦੋਂ ਚੌਲ ਹੱਥਾਂ ਨਾਲ ਨਿਵਾਲਾ ਬਣਾ ਕੇ ਅਸੀਂ ਖਾਹ ਰਹੇ ਹੁੰਦੇ ਹਾਂ ਤਾਂ ਇਹ ਵੀ ਇੱਕ ਯੋਗ ਮੁਦਰਾ ਹੈ। ਯੋਗ ਵਿੱਚ ਇਸਨੂੰ ਮੁਕਲ ਮੁਦਰਾ ਆਖਦੇ ਹਨ। ਉਸ ਵਕਤ ਖਾਣੇ ਨੂੰ ਇਕੱਤਰ ਕਰ ਰਹੀਆਂ ਸਾਡੀਆਂ ਸਾਰੀਆਂ ਉਂਗਲਾਂ ਰਾਹੀਂ ਪੰਜ ਤੱਤਾਂ ਦਾ ਸੁਮੇਲ ਹੋ ਰਿਹਾ ਹੁੰਦਾ ਹੈ। ਇਸਦਾ ਸਿੱਧਾ ਪ੍ਰਭਾਵ ਸਾਡੀ ਪਾਚਨ ਪ੍ਰਣਾਲੀ ਉੱਤੇ ਪੈਂਦਾ ਹੈ। ਖਾਣਾ ਖਾਣ ਲਈ ਫੜ੍ਹੇ ਜਾਂਦੇ ਚਮਚੇ ਜਾਂ ਫੋਰਕ ਵੇਲੇ ਵੀ ਉਂਗਲ਼ਾਂ ਰਾਹੀਂ ਤੱਤਾਂ ਦਾ ਸੁਮੇਲ ਹੁੰਦਾ ਹੈ। ਜਪਾਨੀ ਅਤੇ ਚੀਨੀ ਲੋਕਾਂ ਵੱਲੋਂ ਨੂਡਲ ਖਾਣ ਲਈ ਵਰਤੀ ਜਾਂਦੀ ਚੌਪ ਸਟਿੱਕ ਵੀ ਪੰਜਾਂ ਤੱਤਾਂ ਦਾ ਸੁਮੇਲ ਕਰਵਾਉਂਦੀ ਹੈ। ਸੰਭੋਗ ਵਿੱਚ ਆਨੰਦ ਪ੍ਰਾਪਤੀ ਲਈ ਕਾਮ ਅੰਗਾਂ ਅਤੇ ਬੁੱਲ੍ਹਾਂ ਤੋਂ ਇਲਾਵਾ ਉਂਗਲਾਂ (Fingering) ਦੀ ਵੀ ਖਾਸ ਭੂਮਿਕਾ ਹੁੰਦੀ ਹੈ।
ਮੁਦਰਾਵਾਂ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ:
1 ਹਸਤ ਮੁਦਰਾ
2 ਨੈਣ ਮੁਦਰਾ
3 ਸਰੀਰ ਮੁਦਰਾ
ਮੁਦਰਾ ਨੂੰ ਇੱਕ 'ਇਸ਼ਾਰਾ' (Gesture) ਵੀ ਕਿਹਾ ਜਾਂਦਾ ਹੈ। ਵੱਖ-ਵੱਖ ਖੇਤਰਾਂ ਵਿੱਚ ਇਸਦੇ ਵੱਖਰੇ ਅਰਥ ਹਨ:
* ਯੋਗ ਵਿੱਚ ਇਹ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਸਰਗਰਮ ਕਰਨ ਵਾਲਾ ਇੱਕ ਮਾਧਿਅਮ ਹੈ।
* ਨਾਚ ਵਿੱਚ ਇਹ ਹੱਥਾਂ ਦੀ ਇੱਕ ਭਾਸ਼ਾ ਹੈ ਜਿਸ ਰਾਹੀਂ ਕਲਾਕਾਰ ਬਿਨਾਂ ਬੋਲੇ ਆਪਣੀ ਗੱਲ ਜਾਂ ਕਹਾਣੀ ਦੂਜਿਆਂ ਤੱਕ ਪਹੁੰਚਾਉਂਦਾ ਹੈ।
ਮੁਦਰਾਵਾਂ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ ਅਤੇ ਇਹ ਭਾਰਤੀ ਸੰਸਕ੍ਰਿਤੀ ਦਾ ਇੱਕ ਅਹਿਮ ਹਿੱਸਾ ਰਹੀਆਂ ਹਨ। ਮੁਦਰਾਵਾਂ ਦਾ ਜ਼ਿਕਰ ਸਾਡੇ ਵੇਦਾਂ, ਉਪਨਿਸ਼ਦਾਂ ਅਤੇ ਖਾਸ ਕਰਕੇ 'ਹਠਯੋਗ ਪ੍ਰਦੀਪਿਕਾ' ਅਤੇ 'ਘੇਰੰਡ ਸੰਹਿਤਾ' ਵਰਗੇ ਪ੍ਰਾਚੀਨ ਯੋਗ ਗ੍ਰੰਥਾਂ ਵਿੱਚ ਮਿਲਦਾ ਹੈ। ਰਾਣੇ ਸਮੇਂ ਵਿੱਚ ਰਿਸ਼ੀ-ਮੁਨੀ ਮੰਤਰਾਂ ਦਾ ਜਾਪ ਕਰਦੇ ਸਮੇਂ ਖਾਸ ਹੱਥਾਂ ਦੇ ਇਸ਼ਾਰਿਆਂ ਦੀ ਵਰਤੋਂ ਕਰਦੇ ਸਨ ਤਾਂ ਜੋ ਮੰਤਰਾਂ ਦੀ ਸ਼ਕਤੀ ਵਧ ਸਕੇ। ਭਗਵਾਨ ਬੁੱਧ ਦੀਆਂ ਮੂਰਤੀਆਂ ਵਿੱਚ ਤੁਸੀਂ ਵੱਖ-ਵੱਖ ਮੁਦਰਾਵਾਂ ਦੇਖ ਸਕਦੇ ਹੋ (ਜਿਵੇਂ ਕਿ 'ਭੂਮੀ ਸਪਰਸ਼ ਮੁਦਰਾ')। ਜਦੋਂ ਬੁੱਧ ਧਰਮ ਭਾਰਤ ਤੋਂ ਤਿੱਬਤ, ਚੀਨ ਅਤੇ ਜਾਪਾਨ ਗਿਆ, ਤਾਂ ਇਹ ਮੁਦਰਾਵਾਂ ਵੀ ਪੂਰੀ ਦੁਨੀਆ ਵਿੱਚ ਫੈਲ ਗਈਆਂ।
ਭਾਰਤ ਦੇ ਕਲਾਸੀਕਲ ਨਾਚਾਂ ਜਿਵੇਂ ਭਰਤਨਾਟਿਅਮ ਅਤੇ ਕਥਕ ਅਥਵਾ ਸ਼ਾਸਤਰੀ ਨਾਚ ਵਿੱਚ 24 ਤੋਂ ਵੱਧ ਮੁੱਖ ਮੁਦਰਾਵਾਂ ਵਰਤੀਆਂ ਜਾਂਦੀਆਂ ਹਨ,ਜੋ ਬਿਨਾਂ ਬੋਲੇ ਭਾਵਨਾਵਾਂ ਨੂੰ ਪ੍ਰਗਟ ਕਰਦੀਆਂ ਹਨ।
ਪੁਰਾਤਨ ਵਿਗਿਆਨ ਅਨੁਸਾਰ, ਸਾਡਾ ਸਰੀਰ ਪੰਜ ਤੱਤਾਂ ਦਾ ਬਣਿਆ ਹੈ। ਉਂਗਲਾਂ ਦੇ ਪੋਟਿਆਂ/ਪੋਰਿਆਂ ਵਿੱਚ ਹਜ਼ਾਰਾਂ ਨਸਾਂ ਦੇ ਸਿਰੇ ਹੁੰਦੇ ਹਨ। ਜਦੋਂ ਅਸੀਂ ਉਂਗਲਾਂ ਨੂੰ ਖਾਸ ਤਰੀਕੇ ਨਾਲ ਛੂਹੰਦੇ ਹਾਂ, ਤਾਂ ਇਹ ਸਰੀਰ ਦੇ ਅੰਦਰੂਨੀ 'ਬਿਜਲਈ ਸਰਕਟ' ਨੂੰ ਪੂਰਾ ਕਰਦਾ ਹੈ। ਇਸ ਨਾਲ ਦਿਮਾਗ ਦੇ ਖਾਸ ਹਿੱਸੇ ਸਰਗਰਮ ਹੁੰਦੇ ਹਨ ਅਤੇ ਸਰੀਰ ਦੇ ਪੰਜ ਤੱਤ (ਅਗਨੀ, ਵਾਯੂ, ਆਕਾਸ਼, ਪਿ੍ਥਵੀ, ਜਲ) ਸੰਤੁਲਿਤ ਹੋ ਜਾਂਦੇ ਹਨ।
ਮੁਦਰਾਵਾਂ ਸਿਰਫ਼ ਹੱਥਾਂ ਦੀ ਹਰਕਤ ਨਹੀਂ ਹਨ, ਬਲਕਿ ਇਹ ਸਰੀਰ ਅਤੇ ਮਨ ਨੂੰ ਜੋੜਨ ਵਾਲੀ ਇੱਕ 'ਰਿਮੋਟ ਕੰਟਰੋਲ' ਵਾਂਗ ਕੰਮ ਕਰਦੀਆਂ ਹਨ। ਵਿਗਿਆਨ ਅਨੁਸਾਰ ਸਾਡੀਆਂ ਉਂਗਲਾਂ ਦੇ ਪੋਟਿਆਂ 'ਤੇ ਬਹੁਤ ਜ਼ਿਆਦਾ ਮਾਤਰਾ ਵਿੱਚ ਨਸਾਂ ਹੁੰਦੀਆਂ ਹਨ। ਜਦੋਂ ਅਸੀਂ ਇੱਕ ਖਾਸ ਉਂਗਲ ਨੂੰ ਅੰਗੂਠੇ ਨਾਲ ਛੂਹੰਦੇ ਹਾਂ:
* ਇੱਕ ਇਲੈਕਟ੍ਰੋ-ਮੈਗਨੈਟਿਕ ਸਰਕਟ ਬਣਦਾ ਹੈ।
* ਇਹ ਸਰਕਟ ਦਿਮਾਗ ਦੇ ਖਾਸ ਹਿੱਸੇ ਨੂੰ ਸੁਨੇਹਾ ਭੇਜਦਾ ਹੈ।
* ਇਸ ਨਾਲ ਸਰੀਰ ਵਿੱਚ ਹਾਰਮੋਨਸ ਦਾ ਸੰਤੁਲਨ ਬਣਦਾ ਹੈ।
ਆਯੁਰਵੇਦ ਅਨੁਸਾਰ, ਜਦੋਂ ਸਰੀਰ ਵਿੱਚ ਕੋਈ ਤੱਤ ਵਧ ਜਾਂਦਾ ਹੈ ਜਾਂ ਘਟ ਜਾਂਦਾ ਹੈ, ਤਾਂ ਬਿਮਾਰੀ ਲੱਗਦੀ ਹੈ। ਮੁਦਰਾਵਾਂ ਰਾਹੀਂ ਅਸੀਂ ਬਿਨਾਂ ਕਿਸੇ ਦਵਾਈ ਦੇ ਇਹਨਾਂ ਤੱਤਾਂ ਨੂੰ ਸੰਤੁਲਿਤ ਕਰ ਸਕਦੇ ਹਾਂ। ਗਿਆਨ ਮੁਦਰਾ ਵਿੱਚ ਬੈਠਣ ਨਾਲ ਮਨ ਦੀ ਇਕਾਗਰਤਾ ਵਧਦੀ ਹੈ, ਜੋ ਪੜ੍ਹਨ ਵਾਲੇ ਬੱਚਿਆਂ ਲਈ ਬਹੁਤ ਫਾਇਦੇਮੰਦ ਹੈ। ਯੋਗ ਵਿਗਿਆਨ ਅਨੁਸਾਰ ਸਾਡੇ ਸਰੀਰ ਦੀ ਊਰਜਾ (ਪ੍ਰਾਣ) ਲਗਾਤਾਰ ਉਂਗਲਾਂ ਦੇ ਪੋਰਿਆਂ ਰਾਹੀਂ ਬਾਹਰ ਨਿਕਲਦੀ ਰਹਿੰਦੀ ਹੈ। ਜਦੋਂ ਅਸੀਂ ਉਂਗਲਾਂ ਨੂੰ ਖਾਸ ਤਰੀਕੇ ਨਾਲ ਜੋੜਦੇ ਹਾਂ, ਤਾਂ ਇਹ ਇੱਕ 'ਸੀਲ' ਦਾ ਕੰਮ ਕਰਦੀਆਂ ਹਨ। ਇਹ ਊਰਜਾ ਨੂੰ ਬਾਹਰ ਜਾਣ ਤੋਂ ਰੋਕ ਕੇ ਵਾਪਸ ਸਰੀਰ ਦੇ ਅੰਦਰ ਭੇਜ ਦਿੰਦੀਆਂ ਹਨ,ਜਿਸ ਨਾਲ ਸਰੀਰਕ ਅਤੇ ਮਾਨਸਿਕ ਸ਼ਕਤੀ ਵਧਦੀ ਹੈ।
ਮੁਦਰਾਵਾਂ ਦਾ ਅਭਿਆਸ ਸਵੇਰੇ ਖਾਲੀ ਪੇਟ ਕਰਨਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਮੁਦਰਾਵਾਂ ਦਾ ਅਭਿਆਸ ਸੁਖਾਸਨ ਜਾਂ ਪਦਮਾਸਨ ਵਿੱਚ ਬੈਠ ਕੇ, ਰੀੜ੍ਹ ਦੀ ਹੱਡੀ ਸਿੱਧੀ ਰੱਖ ਕੇ ਕਰੋ। ਹਰ ਮੁਦਰਾ ਨੂੰ ਘੱਟੋ-ਘੱਟ 15 ਤੋਂ 45 ਮਿੰਟ ਤੱਕ ਕਰਨਾ ਚਾਹੀਦਾ ਹੈ। ਯੋਗ ਮੁਦਰਾਵਾਂ ਕਰਦੇ ਸਮੇਂ ਸਾਹ ਦੀ ਗਤੀ ਆਮ ਅਤੇ ਮਨ ਇਕਾਗਰ ਹੋਣਾ ਚਾਹੀਦਾ ਹੈ।
ਮੁਦਰਾ ਇੱਕ ਅਜਿਹੀ 'ਪਵਿੱਤਰ ਤਲਿਸਮੀ ਸ਼ਕਤੀ' ਹੈ, ਜੋ ਸਾਡੇ ਸਰੀਰ, ਮਨ ਅਤੇ ਆਤਮਾ ਨੂੰ ਇੱਕ ਸੂਤਰ ਵਿੱਚ ਪਰੋਂਦੀ ਹੈ। ਇਹ ਸਰੀਰ ਦੇ ਅੰਦਰੂਨੀ 'ਬਿਜਲਈ ਸਰਕਟ' ਨੂੰ ਪੂਰਾ ਕਰਕੇ ਸਾਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੀ ਹੈ।

No comments:

Post a Comment