ਵੈਨਿਸ ਤੋਂ ਤਕਰੀਬਨ ਚਾਲੀ ਮੀਲ ਦੂਰ ਇੱਕ ਬੂਰਾਨੋ ਨਾਮਕ ਬਹੁਤ ਹੀ ਛੋਟਾ ਜਿਹਾ
ਟਾਪੂ ਹੈ। ਵੈਨਿਸ ਤੋਂ ਪਾਣੀ ਵਾਲੀ ਬੱਸ ਰਾਹੀਂ ਪੂਰੇ ਪੰਤਾਲੀ ਮਿੰਟ ਲੱਗਦੇ ਹਨ ਉੱਥੇ
ਪਹੁੰਚਣ ਲਈ। ਵਨੀਸ਼ੀਅਨ ਝੀਲ ਵਿੱਚ ਸਥਿਤ ਇਹ ਟਾਪੂ ਵੈਨਿਸ ਦੇ ਉੱਤਰ ਵੱਲ, ਟੋਰਸੇਲੋ ਟਾਪੂ
ਦੇ ਬਹੁਤ ਨੇੜੇ ਹੈ। ਇਸ ਟਾਪੂ ਦੀ ਖਾਸੀਅਤ ਇੱਥੇ ਬਣੇ ਰੰਗ-ਬਰੰਗੇ ਘਰ ਹਨ। ਵੈਨਿਸ ਆਏ
ਫੋਟੋਗ੍ਰਾਫੀ ਦੇ ਸ਼ੌਂਕੀਨ ਇਸ ਟਾਪੂ ਨੂੰ ਇੰਝ ਪੈਂਦੇ ਹਨ, ਜਿਵੇਂ ਨਹਿੰਗ ਬੇਹੇ ਕਹਾੜ ਨੂੰ
ਟੁੱਟ ਕੇ ਪੈਂਦੇ ਹਨ। ਵੈਸੇ ਤਾਂ ਇਸ ਟਾਪੂ ਉੱਪਰ ਬਹੁਤ ਸ਼ਾਂਤੀ ਹੁੰਦੀ ਹੈ, ਪਰ ਹਰ ਪਾਸੇ
ਤੁਹਾਨੂੰ ਕੈਮਰਿਆਂ ਦੀਆਂ ਫਲੈਂਸ਼ਾਂ ਦੇ ਚਮਕਾਰੇ ਵੱਕਦੇ ਦਿਖਾਈ ਅਤੇ ਸੁਣਾਈ ਦਿੰਦੇ ਹਨ।
ਲੇਸ
ਨਾਲ ਕੱਪੜੇ 'ਤੇ ਕਢਾਈ ਕਰਕੇ ਬਣਾਈਆਂ ਵਸਤਾਂ ਅਤੇ ਕਪੜਿਆਂ ਲਈ ਵੀ ਇਹ ਟਾਪੂ ਕਾਫੀ
ਮਸ਼ਹੂਰ ਹਨ। ਇਸਦਾ ਪਿਛੋਕੜ ਇਹ ਹੈ ਕਿ ਜਦੋਂ ਮਛੇਰੇ ਸਮੁੰਦਰ ਵਿੱਚ ਮੱਛੀਆਂ ਫੜਨ ਚਲੇ
ਜਾਂਦੇ ਸਨ ਤਾਂ ਪਿੱਛੋਂ ਉਹਨਾਂ ਦੀਆਂ ਉਡੀਕਵਾਨ ਨਾਰਾਂ ਸਿਲਾਈ ਕਢਾਈ ਕਰਕੇ ਆਪਣਾ ਸਮਾਂ
ਟਪਾਇਆ ਕਰਦੀਆਂ ਸਨ।
ਲਗਭਗ 4,000 ਵਸਨੀਕਾਂ ਵਾਲੇ ਇਸ ਟਾਪੂ
ਵਿੱਚ ਇੱਕ ਉੱਚਾ ਘੰਟਾ-ਘਰ ਹੈ, ਜੋ ਦੂਰੋਂ ਦਿਖਾਈ ਦਿੰਦਾ ਹੈ। ਬੂਰਾਨੋ ਆਪਣੇ ਰੰਗੀਨ
ਘਰਾਂ ਲਈ ਸਭ ਤੋਂ ਵੱਧ ਵੇਖੇ ਜਾਣ ਵਾਲੇ ਟਾਪੂਆਂ ਵਿੱਚੋਂ ਇੱਕ ਬਣ ਗਿਆ ਹੈ। ਇੱਥੋਂ ਦੇ
ਵਾਸ਼ਿੰਦੀਆਂ ਲਈ ਸਾਲ ਆਪਣੇ ਘਰਾਂ ਨੂੰ ਪੇਂਟ ਕਰਨਾ ਲਾਜ਼ਮੀ ਹੁੰਦਾ ਹੈ ਅਤੇ ਉਹਨਾਂ ਨੂੰ
ਰੰਗ ਚੁਣਨ ਦੀ ਇਜਾਜ਼ਤ ਨਹੀਂ ਹੁੰਦੀ, ਪਰ ਸਰਕਾਰ ਦੁਆਰਾ ਉਹਨਾਂ ਦੇ ਨਿਵਾਸ ਸਥਾਨ ਦੇ
ਅਨੁਸਾਰ ਖਾਸ ਰੰਗਤ ਬਾਰੇ ਸੂਚਿਤ ਕੀਤਾ ਜਾਂਦਾ ਹੈ। ਇੱਕ ਦੰਤਕਥਾ ਅਨੁਸਾਰ ਘਰਾਂ ਨੂੰ
ਚਮਕਦਾਰ ਅਤੇ ਖੁਸ਼ਹਾਲ ਰੰਗਾਂ ਨਾਲ ਪੇਂਟ ਕੀਤਾ ਗਿਆ ਸੀ ਤਾਂ ਜੋ ਮਲਾਹ ਉਨ੍ਹਾਂ ਨੂੰ
ਖਰਾਬ ਮੌਸਮ ਜਾਂ ਧੁੰਦ ਵਾਲੇ ਦਿਨਾਂ ਵਿੱਚ ਦੂਰੋਂ ਦੇਖ ਸਕਣ। ਸਮੁੱਚੇ ਵੈਨਿਸ ਵਾਂਗ ਇਹ
ਟਾਪੂ ਵੀ ਹਨੀਮੂਨ ਜਾਂ ਇਸ਼ਕ ਫਰਮਾਉਣ ਲਈ ਬਹੁਤ ਵਧੀਆ ਜਗ੍ਹਾ ਹੈ। ਇਸ ਟਾਪੂ ਉੱਪਰ ਆ
ਕੇ ਤੁਹਾਨੂੰ ਮਲੋਮੱਲੀ ਇਸ ਜਗ੍ਹਾ ਨਾਲ ਇਸ਼ਕ ਹੋ ਜਾਣਾ ਸੁਭਾਵਿਕ ਹੈ। ਅਗਰ ਅਜਿਹਾ ਨਹੀਂ
ਹੁੰਦਾ ਤਾਂ ਇਸਦਾ ਮਤਲਬ ਤੁਹਨੂੰ ਡਾਕਟਰੀ ਇਲਾਜ ਦੀ ਜ਼ਰੂਰਤ ਹੈ। ਅਤੇ ਹਾਂ, ਇਸ ਸਥਾਨ ਦੀ
ਸੈਰ ਕਰਨ ਲਈ ਅਗਰ ਤੁਹਾਡੇ ਨਾਲ ਖੂਬਸੂਰਤ ਸਾਥ ਹੋਵੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਨਿਬੜਦੀ ਹੈ।-ਬਲਰਾਜ ਸਿੰਘ ਸਿੱਧੂ, ਯੂ. ਕੇ.
No comments:
Post a Comment