ਚਮਕੀਲੇ ਦੇ ਗੀਤ ਵਿਚਲੀ ਨੂੰਹ ਸੱਸ


-ਬਲਰਾਜ ਸਿੰਘ ਸਿੱਧੂ

ਸਾਡੇ ਸਮਾਜ ਵਿੱਚ ਨੋਕ-ਝੋਕ ਤੇ ਹਾਸੇ ਮਜ਼ਾਕ ਵਾਲੇ ਬਹੁਤ ਰਿਸ਼ਤੇ ਹਨ, ਜਿਵੇਂ ਦਿਉਰ ਭਰਜਾਈ, ਜੇਠ-ਭਰਜਾਈ ਅਤੇ ਜੀਜਾ ਸਾਲੀ ਆਦਿ। ਇਹਨਾਂ ਰਿਸ਼ਤਿਆਂ ਵਿਚੋਂ ਸਭ ਤੋਂ ਵੱਧ ਨੋਕ-ਝੋਕ ਤੇ ਕਲੇਸ਼ ਵਾਲਾ ਇੱਕ ਰਿਸ਼ਤਾ ਹੈ, ਨੂੰਹ ਸੱਸ ਦਾ। ਸਾਡੀ ਇੱਕ ਅਖਾਣ ਹੈ ਕਿ ਸੱਪ ਨੂੰ ਇੱਕ ਸੱਸਾ ਲੱਗਦਾ ਹੈ ਤੇ ਸੱਸ ਨੂੰ ਦੋ। ਭਾਵ ਸੱਸ ਨੂੰ ਸੱਪ ਤੋਂ ਵੀ ਖਤਰਨਾਕ ਗਰਦਾਨਿਆ ਗਿਆ ਹੈ। ਹੈਰਤ ਦੀ ਗੱਲ ਤਾਂ ਇਹ ਹੈ ਕਿ ਸਿਰਫ ਸਾਡੇ ਪੰਜਾਬੀ ਸਮਾਜ ਅੰਦਰ ਹੀ ਇਸ ਰਿਸ਼ਤੇ ਦੀ ਕੁੜੱਤਣ ਦਾ ਜ਼ਿਕਰ ਨਹੀਂ ਹੁੰਦਾ। ਸਾਰੇ ਮੁਲਖਾਂ, ਧਰਮਾਂ, ਦੇਸ਼ਾਂ ਅਤੇ ਜਾਤੀਆਂ ਦੀਆਂ ਨੂੰਹਾਂ ਸੱਸਾਂ ਦੀ ਇਹੋ ਕਹਾਣੀ ਹੈ। ਸੱਸ ਕਿੰਨੀ ਵੀ ਚੰਗੀ ਕਿਉਂ ਨਾ ਹੋਵੇ, ਹਰ ਨੂੰਹ ਉਸ ਨੂੰ ਕਦੇ ਨਾ ਕਦੇ ਨਿੰਦਦੀ ਜ਼ਰੂਰ ਹੈ। ਮੈਂ ਆਪਣੇ ਕੰਮ 'ਤੇ ਜਦੋਂ ਗੋਰੀਆਂ ਨੂੰ ਆਪਣੀਆਂ ਸੱਸਾਂ ਦੀਆਂ ਚੁਗਲੀਆਂ ਕਰਦੀਆਂ ਸੁਣਦਾ ਹਾਂ ਤਾਂ ਅਕਸਰ ਮੈਨੂੰ ਹਾਸਾ ਆ ਜਾਂਦਾ ਹੈ। ਸਾਡੇ ਬਹੁਤ ਸਾਰੇ ਗੀਤ ਹਨ ਜਿਨ੍ਹਾਂ ਵਿੱਚ ਨੂੰਹ ਸ਼ਾਇਦ ਜਵਾਨ ਹੋਣ ਕਰਕੇ ਬਿਰਧ ਸੱਸ ਨੂੰ ਕੁੱਟ ਧਰਦੀ ਹੈ। ਮਿਸਾਲ ਵਜੋਂ ਨੀ ਮੈਂ ਸੱਸ ਕੁੱਟਣੀ, ਕੁੱਟਣੀ ਸੰਦੂਕਾਂ ਉਹਲੇ। ਹੈਰਤ ਦੀ ਗੱਲ ਤਾਂ ਇਹ ਹੈ ਕਿ ਸਾਡੇ ਗੀਤਾਂ ਵਿੱਚ ਹਮੇਸ਼ਾਂ ਨੂੰਹ ਹੀ ਸੱਸ ਨੂੰਹ ਕੁੱਟਦੀ ਹੈ ਤੇ ਫੇਰ ਆਪਣੇ ਘਰਵਾਲੇ ਜਾਂ ਘਰ ਦੇ ਕਿਸੇ ਹੋਰ ਮਰਦ ਸਾਉਰੇ ਜਾਂ ਜੇਠ ਤੋਂ ਛਿੱਤਰ ਖਾਂਧੀ ਹੈ। ਇੱਕ ਬੋਲੀ ਹੈ, 
"ਵੀਰ ਹੋਉਗਾ ਤੇਰਾ ਦੱਸ ਉਹ ਕੀ ਲੱਗਦਾ ਏ ਮੇਰਾ
ਮੇਰੀ ਜਾਣਦੀ ਜੁੱਤੀ, ਵੇ ਤੂੰ ਰਿਹਾ ਦੇਖਦਾ ਮੈਂ ਜੇਠ ਨੇ ਕੁੱਟੀ।"


ਨੂੰਹ ਸੱਸ ਦੇ ਯੁੱਧ ਵਿੱਚ ਬਿਚਾਰਾ ਆਦਮੀ ਨਜਾਇਜ਼ ਹੀ ਲਪੇਟਿਆ ਜਾਂਦਾ ਹੈ। ਉਹ ਨਾ ਮਾਂ ਨੂੰ ਖੁੱਲ੍ਹ ਕੇ ਕੁਝ ਕਹਿ ਸਕਦਾ ਹੁੰਦਾ ਹੈ ਤੇ ਨਾ ਹੀ ਆਪਣੀ ਪਤਨੀ ਨੂੰ। ਇਸ ਲੜਾਈ ਵਿੱਚ ਜਿੱਤ ਭਾਵੇਂ ਨੂੰਹ ਦੀ ਹੋਵੇ ਜਾਂ ਸੱਸ ਦੀ। ਬੰਦੇ ਦੀ ਹਾਰ ਦੋਨਾਂ ਸੂਰਤਾਂ ਵਿੱਚ ਨਿਸਚਿਤ ਹੁੰਦੀ ਹੈ। ਨੂੰਹ ਸੱਸ ਦੀ ਇਸੇ ਪ੍ਰਕਾਰ ਦੀ ਘਟਨਾ ਨੂੰ ਅਧਾਰ ਬਣਾ ਕੇ ਅਮਰ ਸਿੰਘ ਚਮਕੀਲੇ ਨੇ ਇੱਕ ਗੀਤ ਸਿਰਜਿਆ ਸੀ, "ਸੱਸ ਗੋਡਿਆਂ ਥੱਲੇ ਲੈਲੀ।" ਅਮਰਜੋਤ ਨਾਲ ਰਿਕਾਰਡ ਹੋਏ ਉਸ ਗੀਤ ਦੇ ਪਹਿਲਾਂ ਬੋਲ ਸਾਝੇ ਕਰਦਾ ਹਾਂ ਤੇ ਉਸ ਤੋਂ ਬਾਅਦ ਉਸ ਬਾਰੇ ਵਿਚਾਰ ਚਰਚਾ ਕਰਦੇ ਹਾਂ:-
ਕੁੜੀ: ਭਲਿਆ ਲੋਕਾ ਰੀੜੀ ਰੀੜੀ, ਅੱਜ ਬੇਬੇ ਜੀ ਨਾਲ ਜੰਗ ਛਿੜੀ।
ਮੇਰਾ ਸਬਰ ਪਿਆਲਾ ਟੁੱਟ ਗਿਆ, ਮੈਂ ਘੂਰ ਬਥੇਰੀ ਸਹਿਲੀ
ਉਹਨੇ ਕੱਢੀ ਭਾਈਆਂ ਦੀ ਗਾਲ, ਵੇ ਮੈਂ ਸੱਸ ਗੋਡਿਆਂ ਥੱਲੇ ਲੈਲੀ...।
ਮੁੰਡਾ: ਨੀ ਸਿਰ ਖਿੰਡੀਏ ਨੀ ਉਤਣੀਏ, ਇਹ ਕੀ ਕਰਤਾ ਕਾਰਾ ਭੂਤਨੀਏ।
ਹੁਣ ਖਸਮ ਪਤੰਦਰ ਕੋਲ ਬੂਥਾੜਾ, ਢਿੱਲਾ ਜਿਹਾ ਕਰ ਖੜ੍ਹਗੀ
ਤੈਨੂੰ ਦੇਵਾਂ ਕਸਾਈਆਂ ਦੇ, ਤੂੰ ਬਹੁਤਾ ਹੀ ਸਿਰ ਚੜ੍ਹਗੀ...।
ਕੁੜੀ: ਕਹਿੰਦੀ ਮਾਂ ਤੇਰੀ ਨੇ ਤੂੰ ਕਲਯੋਗਣ ਸਾਡੇ ਪੱਲੇ ਮੜ ਦਿੱਤੀ।
ਮੈਂ ਗੁੱਸੇ ਦੇ ਨਾਲ ਚੱਕ ਕੇ ਕੜਛੀ ਠਾਹ ਮੌਰਾਂ 'ਤੇ ਜੜ ਦਿੱਤੀ॥
ਉਸ ਕਿਹਾ ਭਰਾਵਾਂ ਪਿੱਟਣੀਏ, ਹੁਣ ਤੂੰ ਇਸ ਘਰ ਵਿੱਚ ਰਹਿਲੀ
ਉਹਨੇ ਕੱਢੀ ਭਾਈਆਂ ਦੀ ਗਾਲ, ਮੈਂ ਸੱਸ ਗੋਡਿਆਂ ਥੱਲੇ ਲੈਲੀ...।
ਮੁੰਡਾ: ਇੱਕ ਬੁੜੀ ਦਮੇ ਦੀ ਭੰਨੀ ਨੀ, ਤੂੰ ਹੋਰ ਕੁਲੱਛਣੀ ਪੇਸ਼ ਪਈ। 
ਹੁਣ ਕੀ ਭਾਅ ਬਣੂ ਚੁੜੇਲੇ ਨੀ, ਘੁੱਟ ਲਾ ਲੈਣ ਦੇ ਵੇਖ ਸਹੀ॥
ਤੂੰ ਢਾਈ ਮਣ ਦੀ, ਪੰਜ ਛੁਟਾਂਕੀ ਬੁੜੀ ਦੀ ਹਿੱਕ 'ਤੇ ਦੜਗੀ (grinding)
ਤੈਨੂੰ ਦੇਵਾਂ ਕਸਾਈਆਂ ਦੇ, ਤੂੰ ਬਹੁਤਾ ਹੀ ਸਿਰ ਚੜ੍ਹਗੀ...।
ਕੁੜੀ: ਕਿਉਂ ਜਣੇ-ਖਣੇ ਦਾ ਰੋਹਬ ਸਵਾਂ, ਮੈਂ ਉੱਧਲੀ ਹੋਈ ਤੀਮੀਂ ਨੀ।
ਉਹ ਨਿੱਤ ਤਰਾਕਾਂ (ਤਾਨੇ-ਤਰਕਾਂ) ਕਿਉਂ ਛੱਟੇ, ਮੈਂ ਕਿਸੇ ਗੱਲ ਤੋਂ ਨੀਵੀਂ ਨੀ॥
ਹੁਣ ਮਾਰ ਤੇ ਭਾਵੇਂ ਛੱਡ ਪਤੀ, ਤੂੰ ਸੁਣਲੀ ਤੇ ਮੈਂ ਕਹਿਲੀ
ਉਹਨੇ ਕੱਢੀ ਭਾਈਆਂ ਦੀ ਗਾਲ, ਮੈਂ ਸੱਸ ਗੋਡਿਆਂ ਥੱਲੇ ਲੈਲੀ...।
ਮੁੰਡਾ: ਤੇਰੇ ਹੁਣੇ ਪੂਰਨੇ ਪਾਉਨਾ ਮੈਂ, ਤੂੰ ਕੱਲ੍ਹ ਨਵਾਂ ਹੀ ਚੰਨ ਚੜਾਵੇਂਗੀ।
ਮੜੀਆਂ 'ਚੋਂ ਉੱਠੀ ਕਚੀਲੇ, ਨੀ ਤੂੰ ਗੰਗਾ ਹੱਡ ਪਹੁੰਚਾਵੇਂਗੀ॥
ਉਹਦੇ ਸੱਦ ਚਮਕੀਲਿਆ ਜਣਦਿਆਂ ਨੂੰ, ਅੱਜ ਮੱਕੜੀ ਜਾਲ ਵਿੱਚ ਤੜਗੀ
ਤੈਨੂੰ ਦੇਵਾਂ ਕਸਾਈਆਂ ਦੇ, ਤੂੰ ਬਹੁਤਾ ਹੀ ਸਿਰ ਚੜ੍ਹਗੀ...।
ਨੂੰਹ ਸੱਸ ਦਾ ਝਗੜਾ ਕੋਈ ਨਵੀਂ ਗੱਲ ਨਹੀਂ। ਆਦਿ ਕਾਲ ਤੋਂ ਚੱਲਦਾ ਆਇਆ ਹੈ ਤੇ ਅੰਤ ਕਾਲ ਤੱਕ ਚੱਲਦਾ ਰਹੇਗਾ। ਸਾਸ ਭੀ ਕਭੀ ਬਹੂ ਥੀ ਸੀਰੀਅਲ ਵਿੱਚ ਜਿਵੇਂ ਦਰਸਾਇਆ ਗਿਆ ਸੀ ਕਿ ਇਹ ਕਿਸੇ ਇੱਕ ਘਰ ਦੀ ਕਹਾਣੀ ਨਹੀਂ, ਬਲਕਿ ਘਰ ਘਰ ਦੀ ਕਹਾਣੀ ਹੈ। ਚਮਕੀਲੇ ਦੇ ਬਹੁਤੇ ਗੀਤ ਵਿਅੰਗਮਈ ਹਨ। ਉਸਦੇ ਗੀਤਾਂ ਵਿੱਚ ਸੰਜੀਦਾ ਘਟਨਾਵਾਂ ਘਟਦੀਆਂ ਹਨ, ਪਰ ਚਮਕੀਲੇ ਦਾ ਅੰਦਾਜ਼-ਏ-ਬਿਆਨ ਉਹਨਾਂ ਵਿੱਚ ਕਰੁਣਾ ਰਸ ਦੀ ਬਜਾਏ ਹਾਸਰਸ ਭਰ ਦਿੰਦਾ ਹੈ। ਮਿਸਾਲ ਦੇ ਤੌਰ 'ਤੇ ਇਸੇ ਹੀ ਗੀਤ ਵਿਚਲੀ ਘਟਨਾ ਦੀ ਕਲਪਨਾ ਕਰਕੇ ਦੇਖੋ ਤੁਹਾਨੂੰ ਮੱਲੋਮੱਲੀ ਹਾਸਾ ਆ ਜਾਵੇਗਾ, ਹਾਲਾਂਕਿ ਇਹ ਇੱਕ ਗੰਭੀਰ ਪਰਿਵਾਰਕ ਸਮਸਿਆ ਨੂੰ ਅਧਾਰ ਬਣਾ ਕੇ ਲਿਖਿਆ ਗਿਆ ਗੀਤ ਹੈ। 
ਗੀਤ ਅਨੁਸਾਰ ਨੂੰਹ ਸੱਸ ਦੀ ਲੜਾਈ ਹੋ ਜਾਂਦੀ ਹੈ ਤੇ ਨੂੰਹ ਜਾਣੀ ਪਤਨੀ ਆਪੇ ਪਤੀ ਨੂੰ ਸਾਰੀ ਘਟਨਾ ਤੋਂ ਜਾਣੂ ਕਰਵਾਉਂਦੀ ਹੋਈ ਆਪਣਾ ਪੱਖ ਪੇਸ਼ ਕਰਦੀ ਹੋਈ ਕਹਿੰਦੀ ਹੈ,
ਭਲਿਆ ਲੋਕਾ ਰੀੜੀ ਰੀੜੀ, ਅੱਜ ਬੇਬੇ ਜੀ ਨਾਲ ਜੰਗ ਛਿੜੀ।
ਮੇਰਾ ਸਬਰ ਪਿਆਲਾ ਟੁੱਟ ਗਿਆ, ਮੈਂ ਘੂਰ ਬਥੇਰੀ ਸਹਿਲੀ
ਉਹਨੇ ਕੱਢੀ ਭਾਈਆਂ ਦੀ ਗਾਲ, ਮੈਂ ਸੱਸ ਗੋਡਿਆਂ ਥੱਲੇ ਲੈਲੀ...।
ਪਤਨੀ ਆਪਣੇ ਪਤੀ ਨੂੰ ਦੱਸਦੀ ਹੈ ਕਿ ਮੇਰੀ ਤੇ ਤੇਰੀ ਮਾਂ ਦੀ ਚਿਰਾਂ ਤੋਂ ਘੈਂਸ-ਘੈਂਸ ਅਰਥਾਤ ਬਹਿਸ ਹੁੰਦੀ ਰਹਿੰਦੀ ਸੀ। ਤੇਰੀ ਮਾਂ ਅਕਸਰ ਮੈਨੂੰ ਬੁਰਾ ਭਲਾ ਕਹਿੰਦੀ ਹੋਈ ਘੂਰਦੀ ਰਹਿੰਦੀ ਸੀ। ਪਹਿਲਾਂ ਤਾਂ ਮੈਂ ਜਰਦੀ ਰਹਿੰਦੀ ਸੀ। ਪਰ ਮੈਥੋਂ ਹੋਰ ਸਬਰ ਕਰਕੇ ਚੁੱਪ ਨਾ ਰਹਿ ਹੋਇਆ। ਅੱਜ ਮੇਰੀ ਚੁੱਪ ਰਹਿਣ ਵਾਲੀ ਬਸ ਹੋ ਗਈ। ਸੱਸ ਨੇ ਮੈਨੂੰ ਭਾਈਆਂ ਦੀ ਗਾਲ ਕੱਢੀ ਤੇ ਮੇਰੇ 'ਤੇ ਮੈਂ ਉਹਨੂੰ ਢਾਹ ਲਿਆ।
ਪਤੀ ਨੂੰ ਇਹ ਸੁਣ ਕੇ ਗੁੱਸਾ ਵੀ ਆਉਂਦਾ ਹੈ ਤੇ ਉਹ ਘਰਵਾਲੀ ਦੀ ਝੇਪ ਵੀ ਮੰਨਦਾ ਹੈ। ਇਸ ਲਈ ਉਹ ਖੁੱਲ ਕੇ ਪਤਨੀ ਨੂੰ ਘੂਰ ਵੀ ਨਹੀਂ ਸਕਦਾ। ਪੁਰਾਤਨ ਕਿੱਸਿਆਂ ਦੇ ਨਾਇਕ ਨਾਇਕਾਵਾਂ ਵਾਂਗ ਚਮਕੀਲੇ ਦੇ ਗੀਤਾਂ ਦੇ ਨਾਇਕ ਹਮੇਸ਼ਾਂ ਨਾਇਕਾਂ ਤੋਂ ਕਮਜ਼ੋਰ ਅਤੇ ਡਰੂ ਰਹੇ ਹਨ। 
ਨੀ ਸਿਰ ਖਿੰਡੀਏ ਨੀ ਉਤਣੀਏ, ਇਹ ਕੀ ਕਰਤਾ ਕਾਰਾ ਭੂਤਨੀਏ।
ਹੁਣ ਖਸਮ ਪਤੰਦਰ ਕੋਲ ਬੂਥਾੜਾ, ਢਿੱਲਾ ਜਿਹਾ ਕਰ ਖੜ੍ਹਗੀ
ਤੈਨੂੰ ਦੇਵਾਂ ਕਸਾਈਆਂ ਦੇ, ਤੂੰ ਬਹੁਤਾ ਹੀ ਸਿਰ ਚੜ੍ਹਗੀ...।
ਪਤੀ ਆਪਣੀ ਪਤਨੀ ਦੀ ਗੱਲ ਸੁਣ ਕੇ ਭੜਕਦਾ ਜ਼ਰੂਰ ਹੈ, ਪਰ ਆਪੇ ਤੋਂ ਬਾਹਰ ਨਹੀਂ ਹੁੰਦਾ। ਉਹ ਆਪਣੀ ਪਤਨੀ ਉੱਪਰ ਗੁੱਸਾ ਰੋਹਬ ਨਾਲ ਕੱਢਣ ਦੀ ਬਜਾਏ ਡਰਦਾ-ਡਰਦਾ ਇਹ ਕਹਿੰਦਾ ਹੈ ਕਿ ਤੂੰ ਇਹ ਕਾਰਾ ਕਰਕੇ ਹੁਣ ਮੇਰੇ ਮੂਹਰੇ ਅਫਸੋਸਿਆ ਜਿਹਾ ਮੂੰਹ ਬਣਾਈ ਕਿਉਂ ਖੜ੍ਹੀ ਹੈ? ਪਤੀ ਦਾ ਐਡੀ ਵੱਡੀ ਘਟਨਾ ਘਟ ਜਾਣ ਦੇ ਬਾਵਜੂਦ ਵੀ ਆਪਣੇ ਗੁੱਸੇ 'ਤੇ ਕਾਬੂ ਹੈ। ਉਹ ਪਤਨੀ ਨੂੰ ਕੁੱਟਣ ਦੀ ਬਜਾਏ ਕਹਿੰਦਾ ਹੈ ਕਿ ਮੇਰਾ ਜੀਆ ਕਰਦਾ ਹੈ ਤੈਨੂੰ ਕਸਾਈ ਨੂੰ ਦੇ ਦੇਵਾਂ, ਮੇਰੇ ਵਿੱਚ ਹਿੰਮਤ ਨਹੀਂ, ਉਹ ਹੀ ਤੈਨੂੰ ਵਢਣਗੇ।
ਕਹਿੰਦੀ ਮਾਂ ਤੇਰੀ ਨੇ ਤੂੰ ਕਲਯੋਗਣ ਸਾਡੇ ਪੱਲੇ ਮੜ ਦਿੱਤੀ।
ਮੈਂ ਗੁੱਸੇ ਦੇ ਨਾਲ ਚੱਕ ਕੇ ਕੜਛੀ ਠਾਹ ਮੌਰਾਂ 'ਤੇ ਜੜ ਦਿੱਤੀ॥
ਉਸ ਕਿਹਾ ਭਰਾਵਾਂ ਪਿੱਟਣੀਏ, ਹੁਣ ਤੂੰ ਇਸ ਘਰ ਵਿੱਚ ਰਹਿਲੀ
ਅੱਗੋਂ ਪਤਨੀ ਆਪਣੇ ਆਪ ਨੂੰ ਕਵਰ ਕਰਨ ਲਈ ਸ਼ਿਕਾਇਤ ਲਾਉਂਦੀ ਹੋਈ ਦੋਸ਼ ਆਪਣੀ ਸੱਸ ਦੇ ਸਿਰ ਮੜਦੀ ਹੈ। ਉਹ ਦੱਸਦੀ ਹੈ ਕਿ ਤੇਰੀ ਮਾਂ ਨੇ ਮੈਨੂੰ ਕਿਹਾ ਕਿ ਮੇਰੇ ਮਾਪਿਆਂ ਨੇ ਮੈਨੂੰ ਬੁਰੀ ਨੂੰ ਆਪਣੇ ਗਲੋ ਲਾ ਕੇ ਤੁਹਾਡੇ ਪੱਲੇ ਪਾ ਦਿੱਤਾ ਹੈ। ਇਹ ਸੁਣ ਕੇ ਮੈਨੂੰ ਗੁੱਸਾ ਆ ਗਿਆ ਤੇ ਮੈਂ ਸੱਸ ਦੀ ਕੜਛੀ ਮਾਰ ਕੇ ਮੁਰੰਮਤ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਉਪਰੰਤ ਉਹ ਦੱਸਦੀ ਹੈ ਕਿ ਸੱਸ ਨੇ ਭਰਾਵਾਂ ਦੀ ਮੌਤ 'ਤੇ ਪਿੱਟਣ ਵਾਲੀ ਅਰਥਾਤ ਤੇਰੇ ਭਰਾ ਮਰ ਜਾਣ ਤੇ ਤੂੰ ਰੋਵੇ ਆਖ ਕੇ ਗਾਲ ਕੱਢਦਿਆਂ ਕਿਹਾ ਕਿ ਹੁਣ ਤੂੰ ਇਸ ਘਰ ਵਿੱਚ ਨਹੀਂ ਰਹਿ ਸਕਦੀ। ਤੂੰ ਰਹੇਂਗੀ ਜਾਂ ਮੈਂ। ਅਰਥਾਤ ਸੱਸ ਕਹਿਣਾ ਚਾਹ ਰਹੀ ਹੈ ਕਿ ਉਹ ਨੂੰਹ ਦਾ ਜੀਣਾ ਦੁੱਭਰ ਕਰ ਦੇਵੇਗੀ
ਇੱਕ ਬੁੜੀ ਦਮੇ ਦੀ ਭੰਨੀ ਨੀ, ਤੂੰ ਹੋਰ ਕੁਲੱਛਣੀ ਪੇਸ਼ ਪਈ। 
ਹੁਣ ਕੀ ਭਾਅ ਬਣੂ ਚੁੜੇਲੇ ਨੀ, ਘੁੱਟ ਲਾ ਲੈਣ ਦੇ ਵੇਖ ਸਹੀ॥
ਤੂੰ ਢਾਈ ਮਣ ਦੀ, ਪੰਜ ਛੁਟਾਂਕੀ ਬੁੜੀ ਦੀ ਹਿੱਕ 'ਤੇ ਦੜਗੀ
ਇਹਨਾਂ ਲਾਇਨਾਂ ਵਿਚ ਚਮਕੀਲੇ ਦੇ ਮਹਿਲਾ ਪਾਤਰਾਂ ਦੇ ਨਕਸ਼ ਉੱਘੜ ਕੇ ਸਾਡੀਆਂ ਅੱਖਾਂ ਸਾਹਮਣੇ ਆਹ ਜਾਂਦੇ ਹਨ। ਪਤੀ ਆਪਣੀ ਪਤਨੀ ਨੂੰ ਮਾਂ ਦੀ ਬਿਮਾਰੀ ਦਾ ਵਾਸਤਾ ਪਾਉਂਦਾ ਹੋਇਆ ਕਹਿੰਦਾ ਹੈ ਕਿ ਤੈਨੂੰ ਤਰਸ ਕਰਨਾ ਚਾਹੀਦਾ ਸੀ, ਮੇਰੀ ਮਾਂ ਬਿਮਾਰ ਰਹਿੰਦੀ ਹੈ। ਇਸ ਬਾਅਦ ਉਹ ਦਲੇਰੀ ਫੜਨ ਲਈ ਦਾਰੂ ਦਾ ਸਹਾਰਾ ਲੈਣ ਵੱਲ ਵੀ ਇਸ਼ਾਰਾ ਕਰਦਾ ਹੋਇਆ ਆਪਣੀ ਪਤਨੀ ਨੂੰ ਥੋੜ੍ਹਾ ਜਿਹਾ ਝਿੜਕਦਾ ਹੋਇਆ ਦਬਵੀ ਸੁਰ ਵਿੱਚ ਡਰਾਬਾ ਵੀ ਦਿੰਦਾ ਹੈ। ਨੂੰਹ ਅਤੇ ਸੱਸ ਦੀ ਦਿੱਖ ਦਾ ਚਿਤਰਨ ਚਮਕੀਲਾ ਇੱਕ ਲਾਇਨ ਵਿੱਚ ਵਜ਼ਨ ਦੀ ਮਿਣਤੀ ਮਣ ਅਤੇ ਛਟਾਂਕ ਕਰਕੇ ਕਰ ਦਿੰਦਾ ਹੈ। 'ਤੂੰ ਢਾਈ ਮਣ ਦੀ' ਤੇ 'ਪੰਜ ਛੁਟਾਂਕੀ ਬੁੜੀ' ਸ਼ਬਦਾਂ ਵਿੱਚੋਂ ਸਹਿਜੇ ਹੀ ਗਿਆਨ ਹੋ ਜਾਂਦਾ ਹੈ ਕਿ ਪਾਤਰ ਲੜਕੇ ਦੀ ਮਾਂ ਕਮਜ਼ੋਰ ਤੇ ਪਤਨੀ ਹੁੰਦੜਹੇਲ ਹੈ।
ਕਿਉਂ ਜਣੇ-ਖਣੇ ਦਾ ਰੋਹਬ ਸਵਾਂ, ਮੈਂ ਉੱਧਲੀ ਹੋਈ ਤੀਮੀਂ ਨੀ।
ਉਹ ਨਿੱਤ ਤਰਾਕਾਂ (ਤਾਨੇ-ਤਰਕਾਂ) ਕਿਉਂ ਛੱਟੇ, ਮੈਂ ਕਿਸੇ ਗੱਲ ਤੋਂ ਨੀਵੀਂ ਨੀ॥
ਹੁਣ ਮਾਰ ਤੇ ਭਾਵੇਂ ਛੱਡ ਪਤੀ, ਤੂੰ ਸੁਣਲੀ ਤੇ ਮੈਂ ਕਹਿਲੀ
ਪਤਨੀ ਆਪੇ ਪਤੀ ਉੱਪਰ ਆਪਣਾ ਹੱਕ ਜਤਾਉਂਦੀ ਹੋਈ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਵਿਆਹ ਕੇ ਆਈ ਹਾਂ, ਨਿਕਲ ਕੇ ਨਹੀਂ ਆਈ। ਤੇਰੀ ਮਾਂ ਮੈਨੂੰ ਰੋਜ਼ ਤਾਨੇ-ਮਿਹਣੇ ਦਿੰਦੀ ਹੋਈ ਮੇਰੇ ਵਿੱਚ ਨੁਕਸ ਕੱਢਦੀ ਰਹਿੰਦੀ ਹੈ। ਮੇਰੇ ਵਿੱਚ ਕੋਈ ਕਮੀ ਨਹੀਂ। ਫੇਰ ਮੈਂ ਕਿਸੇ ਦੀ ਕਿਉਂ ਗੱਲਾਂ ਸੁਣਾ? ਹੁਣ ਮੈਂ ਤੈਨੂੰ ਸਾਰੀ ਗੱਲ ਦੱਸ ਦਿੱਤੀ ਹੈ ਤੂੰ ਕੁੱਟ ਮਾਰ ਜੋ ਮਰਜ਼ੀ ਕਰ ਮੈਂ ਆਪਣੀ ਜਗ੍ਹਾ ਠੀਕ ਅਤੇ ਸੱਚੀ ਹਾਂ।
ਤੇਰੇ ਹੁਣੇ ਪੂਰਨੇ ਪਾਉਨਾ ਮੈਂ, ਤੂੰ ਕੱਲ੍ਹ ਨਵਾਂ ਹੀ ਚੰਨ ਚੜਾਵੇਂਗੀ।
ਮੜੀਆਂ 'ਚੋਂ ਉੱਠੀ ਕਚੀਲੇ, ਨੀ ਤੂੰ ਗੰਗਾ ਹੱਡ ਪਹੁੰਚਾਵੇਂਗੀ॥
ਉਹਦੇ ਸੱਦ ਚਮਕੀਲਿਆ ਜਣਦਿਆਂ ਨੂੰ, ਅੱਜ ਮੱਕੜੀ ਜਾਲ ਵਿੱਚ ਤੜਗੀ
ਤੈਨੂੰ ਦੇਵਾਂ ਕਸਾਈਆਂ ਦੇ, ਤੂੰ ਬਹੁਤਾ ਹੀ ਸਿਰ ਚੜ੍ਹਗੀ...।
ਨਵੀਂ ਪੀੜ੍ਹੀ ਦੇ ਗਿਆਨ ਲਈ ਦੱਸਦਾਂ ਹਾਂ ਕਿ ਪਹਿਲੇ ਵੇਲਿਆਂ ਵਿੱਚ ਫੱਟੀ ਉੱਪਰ ਲਿਖਣਾ ਸਿਖਾਉਣ ਲਈ ਕੱਚੀ ਪੈਨਸਲ ਨਾਲ ਅੱਖਰ ਮਾਸਟਰ ਲਿੱਖ ਦਿੰਦਾ ਸੀ ਤੇ ਫੇਰ ਸਿਆਹੀ ਨਾਲ ਵਿਦਿਆਰਥੀ ਉਹਨਾਂ ਨੂੰ ਗੂੜਾ ਕਰਕੇ ਲਿਖਣ ਦਾ ਅਭਿਆਸ ਕਰਿਆ ਕਰਦੇ ਸਨ। ਕੱਚੇ ਲਿਖੇ ਗਏ ਅੱਖਰਾਂ ਨੂੰ ਪੂਰਨੇ ਕਿਹਾ ਜਾਂਦਾ ਸੀ। ਪਤੀ ਇੱਥੇ ਕਹਿੰਦਾ ਹੈ ਕਿ ਮੈਂ ਹੁਣੇ ਸ਼ੁਰਆਤ ਵਿਚ ਹੀ ਕੋਈ ਹੱਲ ਕਰਦਾ ਹਾਂ' ਨਹੀਂ ਕੱਲ੍ਹ ਨੂੰ ਮਾਮਲਾ ਜ਼ਿਆਦਾ ਵੱਧ ਸਕਦਾ ਹੈ। ਕੁਆਰੀ, ਗਰਭਵਤੀ ਜਾਂ ਛਿਲੇ ਦੌਰਾਨ ਮਰੀ ਇਸਤਰੀ ਬਾਰੇ ਇਹ ਧਾਰਨਾ ਹੈ ਕਿ ਉਹਦੀ ਗਤੀ ਨਹੀਂ ਹੁੰਦੀ ਤੇ ਉਸਦੀ ਰੂਹ ਭਟਕਦੀ ਰਹਿੰਦੀ ਹੈ। ਉਸ ਭਟਕਦੀ ਰੂਹ ਨੂੰ ਕਚੀਲ ਕਿਹਾ ਜਾਂਦਾ ਹੈ। ਚਮਕੀਲੇ ਦਾ ਪਾਤਰ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਮੈਂ ਤੇਰੇ ਅੰਦਰ ਬੈਠੀ ਭੂਤ ਨੂੰ ਮਾਰ ਕੇ ਸ਼ਾਂਤ ਕਰ ਦੇਵਾਂਗਾ। ਅੱਗੋਂ ਉਹ ਕਹਿੰਦਾ ਹੈ ਕਿ ਭਾਵੇਂ ਛੋਟੀਆਂ ਮੋਟੀਆਂ ਰੋਜ਼ ਘਰ ਵਿੱਚ ਲੜਾਈਆਂ ਹੁੰਦੀਆਂ ਸਨ ਤੇ ਤੂੰ ਦਲੀਲਾਂ ਦੇ ਕੇ ਆਪਣੀ ਸਫਾਈ ਪੇਸ਼ ਕਰਕੇ ਚੁਸਤੀ ਨਾਲ ਬਚ ਜਾਂਦੀ ਸੀ। ਇਸ ਗੀਤ ਦੇ ਆਰੰਭ ਵਿਚ ਵੀ ਉਹ ਸੱਸ ਨੂੰ ਕੁੱਟਣ ਬਾਅਦ "ਅੱਜ ਬੇਬੇ ਜੀ ਨਾਲ ਜੰਗ ਛਿੜੀ" ਸੱਸ ਨੂੰ 'ਬੇਬੇ ਜੀ' ਆਖ ਕੇ ਆਪ ਸੱਚੀ ਅਤੇ ਸਾਊ ਬਣਨ ਦੀ ਕੋਸ਼ਿਸ਼ ਕਰਦੀ ਹੈ। ਚਮਕੀਲ਼ੇ ਦਾ ਨਾਇਕ ਆਖਦਾ ਹੈ ਕਿ ਪਹਿਲਾਂ ਮੇਰੇ ਕੋਲ ਕੋਈ ਠੋਸ ਵਜਾ ਨਹੀਂ ਸੀ ਹੁੰਦੀ, ਲੇਕਿਨ ਅੱਜ ਸਬੂਤ ਹਨ ਤੇ ਮੈਂ ਤੇਰੇ ਘਰਦਿਆਂ ਨੂੰ ਬੁਲਾਕੇ ਤੇਰੀ ਕਰਤੂਤ ਤੋਂ ਜਾਣੂ ਕਰਵਾਉਂਦਾ ਹਾਂ, "ਉਹਦੇ ਸੱਦ ਚਮਕੀਲਿਆ ਜਣਦਿਆਂ ਨੂੰ, ਅੱਜ ਮੱਕੜੀ ਜਾਲ ਵਿੱਚ ਤੜਗੀ।"
ਚਮਕੀਲੇ ਦੇ ਗੀਤ ਦਾ ਨਾਇਕ ਪੇਂਡੂ ਹੋਣ ਦੇ ਬਾਵਜੂਦ ਵੀ ਅਸਿਭਅਕ ਨਹੀਂ ਹੈ। ਉਹ ਆਪਣੀ ਪਤਨੀ ਨੂੰ ਕੁੱਟਦਾ ਮਾਰਦਾ ਨਹੀਂ। ਮਹਿਜ਼ ਧਮਕਾਉਂਦਾ ਹੀ ਹੈ ਤੇ ਫੇਰ ਅੰਤ ਵਿੱਚ ਆਪਣੀ ਪਤਨੀ ਦੇ ਮਾਪਿਆਂ ਨੂੰ ਬੁਲਾ ਕੇ ਗੱਲਬਾਤ ਨਾਲ ਸਾਰਾ ਮਾਮਲਾ ਨਜਿੱਠਣਾ ਚਾਹੁੰਦਾ ਹੈ। ਇਸ ਪ੍ਰਕਾਰ ਲਗਭਗ ਅਣਪੜ ਗੀਤਕਾਰ ਚਮਕੀਲੇ ਦਾ ਪੇਂਡੂ ਅਣਪੜ ਨਾਇਕ ਪੜ੍ਹੇ ਲਿਖਿਆ ਨਾਲੋਂ ਵੀ ਵੱਧ ਸਿਆਣਪ ਦਿਖਾਉਂਦਾ ਹੈ। ਜੇ ਚਮਕੀਲੇ ਦਾ ਇਹ ਗੀਤ ਸਮਾਜਿਕ ਅਤੇ ਸਭਿਅਕ ਨਹੀਂ ਹੈ ਤਾਂ ਦੱਸੋ, ਸਭਿਅਕ ਗੀਤ ਕਿਹੜਾ ਹੁੰਦਾ ਹੈ?
-----
ਅਮਰ ਸਿੰਘ ਚਮਕੀਲੇ ਦੀ ਜ਼ਿੰਦਗੀ ਉੱਪਰ ਅਧਾਰਿਤ ਮੇਰਾ ਨਾਵਲ ਸ਼ਹੀਦ ਜ਼ਰੂਰ ਪੜ੍ਹੋ। ਨਾਵਲ ਖਰੀਦਣ ਲਈ ਸੰਪਰਕ: 00447713038541 (Whatsapp)
Price: 150 Rs India

No comments:

Post a Comment