ਸਾਹਿਤ, ਸੰਗੀਤ ਅਤੇ ਕਲਾ ਵਿਚ ਅਸ਼ਲੀਲਤਾ


ਕਠੋਰ ਤੋਂ ਕਠੋਰ ਹਿਰਦੇ ਵਾਲੇ ਵਿਅਕਤੀ ਦੇ ਲਹੂ ਵਿਚ ਵੀ ਕੁਝ ਅਜਿਹੇ ਤੱਤ ਹੁੰਦੇ ਹਨ, ਜੋ ਉਸਨੂੰ ਰਹਿਮ ਦਿਲ, ਦਿਆਵਾਨ ਅਤੇ ਭਾਵੁਕ ਬਣਾਉਣ ਦੀ ਸਮਰੱਥਾ ਰੱਖਦੇ ਹੁੰਦੇ ਹਨ। ਜਦੋਂ ਇਹ ਤੱਤ ਜਾਂ ਬਲੱਡ ਸੈੱਲ ਆਪਣਾ ਅਸਰ ਦਿਖਾਉਂਦੇ ਹਨ ਤਾਂ ਇਕਦਮ ਮਨੁੱਖ ਦਾ ਵਿਅਕਤਿਤਵ ਬਦਲ ਜਾਂਦਾ ਹੈ। ਦੁਨੀਆਂ ਦੇ ਇਤਿਹਾਸ ਵਿਚ ਇਸ ਦੀਆਂ ਅਨੇਕਾਂ ਮਿਸਾਲਾਂ ਮਿਲਦੀਆਂ ਹਨ, ਜਿਵੇਂ ਲਸ਼ਮਣ ਦਾਸ ਤੋਂ ਬਣਿਆ ਬੰਦਾ ਬਹਾਦਰ, ਸਮਰਾਟ ਅਸ਼ੋਕ ਦਾ ਕਲਿੰਗਾ ਦੇ ਯੁੱਧ ਤੋਂ ਬਾਅਦ ਹਿਰਦਾ ਪਰਿਵਰਤਨ ਹੋਣਾ, ਬਾਦਸ਼ਾਹ ਅਕਬਰ ਦਾ ਜ਼ਬਰੀ ਔਰਤਾਂ ਨੂੰ ਆਪਣੇ ਹਰਮ ਵਿਚ ਰੱਖਣਾ ਤੇ ਦੂਜੇ ਪਾਸੇ ਹੋਰ ਲੋਕ ਭਲਾਈ ਦੇ ਕਾਰਜ ਕਰਨਾ ਆਦਿ ਬਹੁਤ ਸਾਰੀਆਂ ਉਦਹਰਣਾ ਹਨ।

 ਇਹੀ ਤੱਤ ਮਨੁੱਖ ਅੰਦਰ ਪ੍ਰੇਮ ਦਾ ਭਾਵ ਪੈਦਾ ਕਰਦੇ ਹਨ। ਪ੍ਰੇਮ ਦਾ ਮਨੁੱਖ ਦਾ ਝੁਕਾਅ ਸੁਖਮ ਕਲਾਵਾਂ ਵੱਲ ਝੁਕਾਉਂਦਾ ਹੈ। ਇਸੇ ਵਜ੍ਹਾ ਕਰਕੇ ਦੁਨੀਆਂ ਦੇ ਹਰ ਵਿਅਕਤੀ ਦਾ ਕਿਸੇ ਨਾ ਕਿਸੇ ਕਲਾ ਨਾਲ ਲਗਾਅ ਹੁੰਦਾ ਹੈ। ਚਾਹੇ ਇਹ ਸਾਹਿਤ, ਸੰਗੀਤ, ਨ੍ਰਿਤ, ਚਿੱਤਰਕਲਾ, ਬੁੱਤਰਾਸ਼ੀ, ਅਦਾਕਾਰੀ ਜਾਂ ਕੋਈ ਹੋਰ ਹੋਵੇ। ਇਹਨਾਂ ਕਲਾਵਾਂ ਨੂੰ ਪਿਆਰ ਕਰਨ ਵਾਲਾ ਵਿਅਕਤੀ ਜਦੋਂ ਉਸ ਕਲਾ ਦੇ ਕਿਸੇ ਕਲਾਕਾਰ ਦੀ ਕੋਈ ਵਧੀਆ ਰਚਨਾ ਦੇ ਸਨਮੁੱਖ ਹੁੰਦਾ ਹੈ ਤਾਂ ਸੁਭਾਵਿਕ ਹੀ ਉਸਦੇ ਮਨ ਵਿਚ ਉਸ ਕਲਾਕਾਰ ਲਈ ਸਤਿਕਾਰ ਅਤੇ ਸ਼ਰਧਾ ਉਤਪਨ ਹੋ ਜਾਂਦੀ ਹੈ। ਜਿਵੇਂ ਕਿ ਅਦਾਕਾਰੀ ਨੂੰ ਪਿਆਰ ਕਰਨ ਵਾਲੇ ਜਦੋਂ ਕਿਸੇ ਅਭਿਨੇਤਾ ਜਾਂ ਅਭਿਨੇਤਰੀ ਦੀ ਵਧੀਆ ਐਕਟਿੰਗ ਦੇਖਦੇ ਹਨ ਤਾਂ ਉਸਦੇ ਦਿਵਾਨੇ ਹੋ ਜਾਂਦੇ ਹਨ। ਜਦੋਂ ਕਲਾਕਾਰ ਨੂੰ ਪ੍ਰਸ਼ੰਸਕਾਂ ਦੀ ਮੁਹੱਬਤ ਮਿਲਦੀ ਹੈ ਤਾਂ ਉਹ ਮਕਬੂਲ ਹੋਣ ਲੱਗਦਾ ਹੈ। ਜਿਉਂ ਜਿਉਂ ਕਦਰਦਾਨਾਂ ਦੀ ਗਿਣਤੀ ਵੱਧਦੀ ਜਾਂਦੀ ਹੈ, ਤਿਉਂ ਤਿਉਂ ਕਲਾਕਾਰ ਪ੍ਰਸਿੱਧੀ ਪ੍ਰਾਪਤ ਕਰਦਾ ਜਾਂਦਾ ਹੈ ਤੇ ਜਿਸ ਨਾਲ ਸਮਾਜ ਵਿਚ ਉਸਦਾ ਰੁਤਬਾ ਉੱਚਾ ਹੁੰਦਾ ਜਾਂਦਾ ਹੈ। ਰੁਤਬੇ ਦੀ ਬੁਲੰਦੀ ਦੇ ਹਿਸਾਬ ਨਾਲ ਕਲਾਕਾਰ ਨੂੰ ਆਰਥਿਕ ਲਾਭ ਤੇ ਦਿਮਾਗੀ ਸਕੂਨ ਮਿਲਣ ਲੱਗਦਾ ਹੈ। ਇਹੀ ਕਾਰਨ ਹੈ ਕਿ ਹਰ ਕਲਾਕਾਰ ਆਪਣੀ ਕਲਾ ਨਾਲ ਕੋਈ ਨਾ ਕੋਈ ਸ਼ਾਹਕਾਰ ਸਿਰਜਣ ਦਾ ਯਤਨ ਕਰਕੇ ਆਪਣੇ ਆਪ ਨੂੰ ਸਰਬੋਤਮ ਸਿੱਧ ਕਰਨ ਦੀ ਹਮੇਸ਼ਾਂ ਕੋਸ਼ਿਸ਼ ਵਿਚ ਲੱਗਿਆ ਰਹਿੰਦਾ ਹੈ। ਕਲਾ ਕ੍ਰਿਤ ਨੂੰ ਵਧੀਆ ਬਣਾਉਣ ਦੇ ਪ੍ਰੀਯਾਸ ਵਿਚ ਕਈ ਵਾਰ ਕਲਾਕਾਰ ਤੋਂ ਕੋਈ ਗਲਤੀ ਵੀ ਹੋ ਜਾਂਦੀ ਹੈ। ਇਸ ਨਾਲ ਉਸ ਦੀ ਰਚਨਾ ਦੋਸ਼ਪੂਰਨ ਹੋ ਜਾਂਦੀ ਹੈ। ਜਿਸ ਦੀ ਲੋਕਾਂ ਵੱਲੋਂ ਆਲੋਚਨਾ ਵੀ ਕੀਤਾ ਜਾਂਦੀ ਹੈ। ਆਲੋਚਨਾ ਦਾ ਨਿਸ਼ਾਨਾ ਬਣੀ ਕ੍ਰਿਤ ਕਈ ਵਾਰ ਕਲਾਕਾਰ ਨੂੰ ਨੁਕਸਾਨ ਪਹੁੰਚਾਣ ਦੀ ਬਜਾਏ ਫਾਇਦਾ ਵੀ ਦਿੰਦੀ ਹੈ, ਜੋ ਹੋਰ ਕਲਾਕਾਰਾਂ ਨੂੰ ਉਹੀ ਗਲਤੀ ਜਾਣਬੁੱਝ ਕੇ ਕਰਨ ਲਈ ਉਕਸਾਉਂਦੀ ਹੈ। ਸਾਹਿਤ, ਸੰਗੀਤ, ਨ੍ਰਿਤ, ਚਿੱਤਰਕਾਰੀ ਅਤੇ ਬੁੱਤਤਰਾਸ਼ੀ ਵਿਚ ਜਾਣਬੁੱਝ ਕੇ ਭਰੇ ਜਾਂਦੇ ਅਜਿਹੇ ਹੀ ਇਕ ਦੋਸ਼ ਦਾ ਨਾਮ ਹੈ ਲੱਚਰਤਾ, ਜਿਸ ਨੂੰ ਹਿੰਦੀ ਵਿਚ ਅਸ਼ਲੀਲਤਾ, ਉਰਦੂ ਵਿਚ ਫਾਹਸੀਪਨ ਤੇ ਅੰਗਰੇਜ਼ੀ ਵਿਚ VULGARITY ਕਹਿੰਦੇ ਹਨ।

ਅਸ਼ਲੀਲਤਾ ਦਾ ਅਰਥ ਲੱਜਾ ਪੈਦਾ ਕਰਨ ਵਾਲਾ ਕਾਰਜ ਹੁੰਦਾ ਹੈ, ਜਿਸਨੂੰ ਸਭਿਅਕ ਸਮਾਜ ਨਾ ਕਬੂਲਦਾ ਹੋਵੇ। ਅਸ਼ਲੀਲਤਾ ਤੇ ਸ਼ਲੀਲਤਾ ਵਿਚ ਬਹੁਤ ਹੀ ਮਹੀਨ ਅੰਤਰ ਹੁੰਦਾ ਹੈ। ਮਿਸਾਲ ਦੇ ਤੌਰ 'ਤੇ ਕਿਸੇ ਕੁੜੀ ਨਾਲ ਬਲਾਤਕਾਰ ਕਰਨਾ ਅਸ਼ਲੀਲਤਾ ਹੈ ਤੇ ਪਿਆਰ ਅਤੇ ਸਹਿਮਤੀ ਅਧੀਨ ਸ਼ਰੀਰਕ ਸੰਬੰਧ ਬਣਾਉਣੇ ਸ਼ਲੀਲਤਾ ਹੈ। ਮਾਂ ਦੇ ਘਰਵਾਲੇ ਨੂੰ ਪਿਉ ਕਹਿਣਾ ਸ਼ਲੀਲਤਾ ਹੈ ਤੇ ਮਾਂ ਦਾ ਖਸਮ ਕਹਿਣਾ ਅਸ਼ਲੀਲਤਾ। ਕੁਝ ਅਖੌਤੀ ਵਿਦਵਾਨ ਅਨੁਸਾਰ ਜੇ ਅਸੀਂ ਸੰਭੋਗ ਸ਼ਬਦ ਲਿੱਖ ਦਿੰਦੇ ਹਾਂ ਤਾਂ ਉਹ ਅਸ਼ਲੀਲ ਹੈ, ਪਰ ਜੇ ਇਸ ਦੀ ਜਗ੍ਹਾ ਅੰਗਰੇਜ਼ੀ ਸ਼ਬਦ ਸੈਕਸ ਲਿਖਦੇ ਹਾਂ ਤਾਂ ਇਹ ਸ਼ਲੀਲ ਹੈ। ਜਟਕਾ ਭਾਸ਼ਾ ਵਿਚ ਕਹਿ ਲਈਏ ਤਾਂ ਪੈਂਦ ਪਾ ਲਉ ਜਾਂ ਸਿਰਹਾਣੇ ਪਾ ਲਉ, ਢੂਹੀ ਤਾਂ ਵਿਚਾਲੇ ਹੀ ਆਉਣੀ ਹੁੰਦੀ ਹੈ। ਪਰ ਇਸ ਨੂੰ ਦੇਖਣ ਦਾ ਦ੍ਰਿਸ਼ਟੀਕੋਣ ਵੱਖੋ ਵੱਖਰਾ ਹੁੰਦਾ ਹੈ।
ਅਸ਼ਲੀਲਤਾ ਦਾ ਸਿੱਧਾ ਸੰਬੰਧ ਸੈਕਸ ਨਾਲ ਜੁੜਿਆ ਹੋਇਆ ਹੈ। ਉਹ ਕਾਮ ਉਕਸਾਊ ਹਰਕਤ ਜੋ ਸਾਡੀਆਂ ਪੰਜਾਂ ਗਿਆਨ ਇੰਦਰੀਆਂ ਦੇ ਮਾਧਿਅਮ ਰਾਹੀਂ ਇਕ ਮਨੁੱਖ ਤੋਂ ਦੂਜੇ ਤੱਕ ਪਹੁੰਚੇ ਉਸ ਨੂੰ ਅਸ਼ਲੀਲ ਆਖਿਆ ਜਾਂਦਾ ਹੈ। ਇਥੇ ਨੋਟ ਕਰਨ ਵਾਲੀ ਗੱਲ ਹੈ ਕਿ ਕੋਈ ਵੀ ਕਾਮ ਉਕਸਾਉ ਹਰਕਤ ਉਨਾ ਚਿਰ ਤੱਕ ਅਸ਼ਲੀਲ ਨਹੀਂ ਬਣਦੀ ਜਿੰਨੀ ਦੇਰ ਤੱਕ ਉਸਦਾ ਸੰਚਾਰ ਇਕ ਵਿਅਕਤੀ ਵਿਸ਼ੇਸ਼ ਤੋਂ ਦੂਸਰੇ ਤੱਕ ਨਹੀਂ ਹੁੰਦਾ। ਮਿਸਾਲ ਦੇ ਤੌਰ 'ਤੇ ਕੋਈ ਔਰਤ ਤੁਹਾਡੇ ਨਾਲ ਦੇ ਕਮਰੇ ਵਿਚ ਆਪਣੇ ਕਪੜੇ ਉਤਾਰੇ ਤਾਂ ਉਹ ਸ਼ਲੀਲ ਹੈ। ਪਰ ਜੇਕਰ ਉਹ ਤੁਹਾਡੇ ਕਮਰੇ ਵਿਚ ਆ ਕੇ ਆਪਣੇ ਜਿਸਮ ਦੀ ਨੁਮਾਇਸ਼ ਕਰੇ ਉਹ ਅਸ਼ਲੀਲ ਹਰਕਤ ਬਣ ਜਾਂਦੀ ਹੈ। ਕਾਮ ਉਕਸਾਉ ਹਰਕਤ ਤਿੰਨ ਰੂਪਾਂ ਰਾਹੀਂ ਸਫਰ ਕਰਕੇ ਅਸ਼ਲੀਲਤਾ ਦੀ ਪਦਵੀ ਪ੍ਰਾਪਤ ਕਰਦੀ ਹੈ, ਉਹ ਤਿੰਨ ਰੂਪ ਹਨ:- ਸਵਰ, ਸਪਰਸ਼, ਸਾਖਿਆਤ।

1 ਸਵਰ : ਬੋਲੇ ਜਾਂ ਸੁਣੇ ਗਏ ਅਭੱਦਰ ਸ਼ਬਦ, ਜਿਵੇਂ ਕੋਈ ਗੰਦੀ ਗਾਲ੍ਹ, ਗੱਲ ਜਾਂ ਗੀਤ ਆਦਿ।
2 ਸਪਰਸ਼: ਕਿਸੇ ਦੁਸਰੇ ਵਿਅਕਤੀ ਨੂੰ ਇਤਰਾਜ਼ਯੋਗ ਸਥਾਨ ਤੋਂ ਛੁਹਣਾ ਆਦਿ।
3 ਸਾਖਿਆਤ: ਕੋਈ ਨਗਨ ਵਸਤੂ, ਇਨਸਾਨ ਜਾਂ ਦ੍ਰਿਸ਼ ਦੇਖਣਾ ਆਦਿ।

ਜਿਨ੍ਹਾਂ ਕਲਾਕਾਰਾਂ ਦੀ ਕਲਾ ਵਿਚ Sex Touch  (ਕਾਮੁਕ ਛੋਹ) ਵਿਦਮਾਨ ਹੁੰਦੀ ਹੈ। ਉਸ ਦੇ ਦੋ ਕਾਰਨ ਹੁੰਦੇ ਹਨ। ਇਕ ਤਾਂ ਉਹ ਖੁਦ ਕਾਮੁਕ ਤੌਰ 'ਤੇ ਅਤ੍ਰਿਪਤ ਜਾਂ ਜ਼ਿਆਦਾ ਕਾਮੀ ਹੁੰਦੇ ਹਨ ਤੇ ਦੂਜਾ ਤੀਬਰ ਪ੍ਰਸਿੱਧੀ ਪ੍ਰਾਪਤੀ ਦੀ ਇੱਛਾ। ਮੈਂ ਇਹ ਦਾਅਵੇ ਨਾਲ ਆਖਦਾ ਕਿ ਜਿਨ੍ਹਾਂ 'ਤੇ ਅਸ਼ਲੀਲਤਾ ਦਾ ਦੋਸ਼ ਲੱਗਦਾ ਹੈ ਉਹਨਾਂ 'ਤੇ ਕੇਵਲ ਇਕ ਨਹੀਂ ਇਕੱਠੀਆਂ ਇਹ ਦੋਨੋਂ ਗੱਲਾਂ ਲਾਗੂ ਹੁੰਦੀਆਂ ਹਨ। ਜੇ ਕੋਈ ਮੇਰੀ ਇਸ ਗੱਲ ਨੂੰ ਅਸਵਿਕਾਰ ਕਰਦਾ ਹੈ ਤਾਂ ਉਹ 100% ਕੋਰਾ ਝੂਠ ਬੋਲਦਾ ਹੈ। ਇਹ ਵੱਖਰੀ ਗੱਲ ਹੈ ਕਿ ਕੋਈ ਕਬੂਲਣਾ ਨਾ ਚਾਹੇ, ਪਰ ਹਕੀਕਤ ਇਹੀ ਹੈ। ਅਸ਼ਲੀਲਤਾ ਆਪਣੀ ਕਲਾ ਨੂੰ ਮਕਬੂਲ ਕਰਨ ਲਈ ਕਲਾਕਾਰ ਕੋਲ Shortcut ਤੇ Superfast ਅਰਥਾਤ ਤੀਬਰ ਤੇ ਸੌਖਾ ਰਸਤਾ ਹੈ। ਇਸ ਵਿਚਾਰ ਦੀ ਪ੍ਰੌੜਤਾ ਲਈ ਮੈਂ ਕੁਝ ਪ੍ਰਮੁੱਖ ਕਲਾਵਾਂ ਤੇ ਕਲਾਕਾਰਾਂ ਦੀਆਂ ਹੇਠ ਲਿੱਖੀਆਂ ਮਿਸਾਲਾਂ ਦੇ ਰਿਹਾ ਹਾਂ (ਇਥੇ ਮੈਂ ਕੇਵਲ ਉਹਨਾਂ ਦੀ ਉਦਹਰਣ ਦੇ ਰਿਹਾ ਹਾਂ ਜਿਨ੍ਹਾਂ ਦਾ ਪੰਜਾਬ ਅਤੇ ਪੰਜਾਬੀਅਤ ਨਾਲ ਸੰਬੰਧ ਹੈ):-

Amrita Shergill
ਅੰਮ੍ਰਿਤਾ ਸ਼ੇਰਗਿੱਲ (ਚਿੱਤਰਕਾਰਾ) : ਇਕ ਬਹੁਤ ਪ੍ਰਸਿੱਧ ਚਿੱਤਰਕਾਰਾ ਹੋਈ ਹੈ, ਅੰਮ੍ਰਿਤਾ ਸ਼ੇਰਗਿੱਲ। ਉਹ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਪ੍ਰਿੰਸਸ ਬੰਬਾ ਦੇ ਪ੍ਰੇਮੀ ਉਮਰਾਉ ਸਿੰਘ ਮਜੀਠੀਆ ਦੀ ਸੁਪੁੱਤਰੀ ਸੀ। ਅੰਮ੍ਰਿਤਾ ਯੌਰਪੀਨ ਮੌਡਰਨ ਆਰਟ ਪੇਟਿੰਗਾਂ ਕਈ ਸਾਲ ਬਣਾਉਂਦੀ ਰਹੀ। ਉਸਦੀ ਕਿਸੇ ਨੇ ਬਾਤ ਨਾ ਪੁੱਛੀ। ਉਹ ਉਪਰਾਮ ਹੋ ਕੇ ਚਿੱਤਰਕਾਰੀ ਛੱਡ ਦਿੰਦੀ ਤੇ ਕਦੇ ਫੇਰ ਲੱਗ ਜਾਂਦੀ, ਜਦੋਂ ਉਹਦੇ ਅੰਦਰ ਬੈਠੀ ਉਹਦੀ ਕਲਾ ਹਲੁਣਾ ਦਿੰਦੀ। ਅੰਮ੍ਰਿਤਾ ਨੇ ਅੱਕ ਕੇ ਸੈਲਫ ਨੂਡ ਪ੍ਰੋਟਰੇਟ ਯਾਨੀ ਆਪਣਾ ਹੀ ਨਗਨ ਚਿੱਤਰ ਬਣਾ ਧਰਿਆ। ਬਸ ਫੇਰ ਕੀ ਸੀ ਤਰਥੱਲੀ ਮੱਚ ਗਈ। ਉਸ ਤੋਂ ਬਾਅਦ ਉਹ ਗਰਮਾ ਗਰਮ ਚਿੱਤਰ ਬਣਾਉਂਦੀ ਰਹੀ। ਸ਼ੁਹਰਤ ਅਤੇ ਦੌਲਤ ਅੰਮ੍ਰਿਤਾ ਦੇ ਕਦਮਾਂ ਨੂੰ ਚੁੰਮਦੀ ਰਹੀ। ਹੁਣ ਤੱਕ ਦੀ ਉਹ ਸਭ ਤੋਂ ਮਹਿੰਗੀ ਭਾਰਤੀ ਮਹਿਲਾ ਪੇਂਟਰ ਹੈ। ਭਾਰਤ ਸਰਕਾਰ ਨੇ ਉਸਦੇ 150 ਚਿੱਤਰਾਂ ਨੂੰ ਰਾਸ਼ਟਰੀ ਕਲਾ ਸੰਪਤੀ ਘੋਸ਼ਿਤ ਕਰਕੇ ਨੈਸ਼ਨਲ ਗੈਲਰੀ ਔਫ ਮੌਡਰਨ ਆਰਟ, ਨਵੀਂ ਦਿੱਲੀ ਵਿਖੇ ਸਾਂਭਿਆ ਹੋਇਆ ਹੈ।

Sobha Singh
ਸੋਭਾ ਸਿੰਘ (ਚਿੱਤਰਕਾਰ): ਜਗਤ ਪ੍ਰਸਿੱਧ ਸੋਭਾ ਸਿੰਘ ਕਿਸੇ ਜਾਣ-ਪਹਿਚਾਣ ਦਾ ਮੁਹਥਾਜ਼ ਨਹੀਂ ਹੈ। ਫੌਜੀ ਅਫਸਰ ਦੇਵਾ ਸਿੰਘ ਦੇ ਘਰ ਗੁਰਦਾਸਪੁਰ ਵਿਚ ਜਨਮੇ ਸੋਭਾ ਸਿੰਘ ਨੇ ਕਾਫੀ ਅਰਸਾ ਫੌਜ ਵਿਚ ਨੌਕਰੀ ਕਰਨ ਬਾਅਦ ਕੁਲਵਕਤੀ ਚਿੱਤਰਕਾਰ ਬਣਨ ਦਾ ਫੈਸਲਾ ਕੀਤਾ। ਉਸ ਨੇ ਸਧਾਰਨ ਚਿੱਤਰਾਂ ਦੇ ਨਾਲ ਨਾਲ ਗੁਰੂ ਸਹਿਬਾਨਾਂ ਦੇ ਚਿੱਤਰ ਬਣਾਏ, ਪਰ ਕੋਈ ਖਾਸ ਪ੍ਰਾਪਤੀ ਨਾ ਕਰ ਸਕਿਆ। ਉਹ ਖੁਦ ਆਪਣੇ ਪੈਸੇ ਖਰਚ ਕੇ ਚਿੱਤਰ ਬਣਾਉਂਦਾ ਤੇ ਵੇਚਣ ਦੀ ਕੋਸ਼ਿਸ਼ ਕਰਦਾ। ਲੇਕਿਨ ਉਹਨੂੰ ਕੋਈ ਖਾਸ ਕਮਾਈ ਨਾ ਹੋਈ। ਉਸਦੀ ਆਰਥਿਕ ਹਾਲਤ ਦਿਨ ਪ੍ਰਤੀਦਿਨ ਮੰਦੀ ਹੁੰਦੀ ਚਲੀ ਗਈ। ਫੇਰ ਸੋਭਾ ਸਿੰਘ ਤੋਂ ਸ਼ਰਧਾ ਵਿਚ ਇਕ ਚਿੱਤਰ ਬਣਾਇਆ ਗਿਆ, ਜਿਸ ਵਿਚ ਉਸਨੇ ਗੁਰੂ ਸਾਹਿਬ ਦੇ ਦਰਬਾਰ ਵਿਚ ਨੂਰਜਹਾਂ ਖੜ੍ਹੀ ਦਿਖਾ ਦਿੱਤੀ। ਇਸ 'ਤੇ ਮੁਸਲਮਾਨਾਂ ਨੇ ਵਿਵਾਦ ਖੜ੍ਹਾ ਕਰ ਦਿੱਤਾ, ਜਿਸ ਨਾਲ ਸੋਭਾ ਸਿੰਘ ਟੁੱਟ ਗਿਆ। ਇਕ ਦਿਨ ਰੇਲਵੇ ਸਟੇਸ਼ਨ 'ਤੇ ਸੋਭਾ ਸਿੰਘ ਨੇ ਇਕ ਕੁਲੀ ਨੂੰ ਦੇਖਿਆ ਜਿਸਦੇ ਵੱਡੇ ਸਾਰੇ ਢੋਲੇ 'ਤੇ ਤਾਬੀਜ਼ ਤੇ ਸਿਰ 'ਤੇ ਪੱਟੀ ਵਾਂਗ ਪਰਨਾ ਬੰਨ੍ਹਿਆ ਹੋਇਆ ਸੀ। ਉਸ ਤੋਂ ਕੁਝ ਸਮੇਂ ਬਾਅਦ ਸੋਭਾ ਸਿੰਘ ਨੇ ਆਪਣੀ ਧਰਮ ਪੁੱਤਰੀ ਨੂੰ ਚਿੱਟੀ ਸੂਤੀ ਸਾੜੀ ਪਹਿਨਿਆ ਇਕ ਦਿਨ ਘੜਾ ਚੁੱਕ ਕੇ ਇਕ ਥਾਂ ਤੋਂ ਦੂਜੀ ਥਾਂ ਧਰਦਿਆਂ ਦੇਖਿਆ। ਸੋਭਾ ਸਿੰਘ ਦੀ ਕਲਪਨਾ ਦੌੜ ਪਈ। ਉਸਨੇ ਇਹਨਾਂ ਦੋਨਾਂ ਮਾਡਲਾਂ ਨੂੰ ਜ਼ਿਹਨ ਵਿਚ ਚਿੱਤਰਕੇ ਸੋਹਣੀ ਮਹਿਵਾਲ ਦੀ ਤਸਵੀਰ ਬਣਾਈ। ਜਿਸ ਵਿਚ ਸੋਹਣੀ ਦੀਆਂ ਛਾਤੀ ਤੇ ਪੱਟ ਗਿੱਲੇ ਕਪੜੇ ਦੇ ਚਿਪਕ ਜਾਣ ਸਦਕਾ ਦਿਖਾਈ ਦਿੰਦੇ ਹਨ। ਵਰਣਨਯੋਗ ਹੈ ਪੰਛਮੀ ਆਲੋਚਕ ਇਸ ਤਸਵੀਰ ਨੂੰ ਅਸ਼ਲੀਲ ਗਰਦਾਨਦੇ ਹਨ। ਉਹ ਤਸਵੀਰ ਐਨੀ ਜ਼ਿਆਦਾ ਮਸ਼ਹੂਰ ਹੋਈ ਕਿ ਹਰ ਪੰਜਾਬੀ ਨੇ ਦੇਖੀ ਹੋਈ ਹੈ। ਉਸ ਤੋਂ ਬਾਅਦ ਸੋਭਾ ਸਿੰਘ ਦੇ ਵਾਰੇ-ਨਿਆਰੇ ਹੋ ਗਏ ਤੇ ਉਹ ਹੁਣ ਤੱਕ ਦਾ ਸਭ ਤੋਂ ਵੱਡਾ ਸਿੱਖ ਚਿੱਤਰਕਾਰ ਹੈ। ਯਾਦ ਰਹੇ ਸੋਭਾ ਸਿੰਘ ਸੋਹਣੀ ਮਹਿਵਾਲ ਵਾਲੀ ਉਸ ਤਸਵੀਰ ਕਰਕੇ ਪ੍ਰਸਿੱਧ ਹੈ ਨਾ ਕਿ ਸਿੱਖ ਗੁਰੂ ਸਹਿਬਾਨਾਂ ਦੀਆਂ ਤਸਵੀਰਾਂ ਬਣਾਉਣ ਕਾਰਨ।

Amarjot & Chamkila
    ਅਮਰ ਸਿੰਘ ਚਮਕੀਲਾ
 (ਗਾਇਕ ਅਤੇ ਗੀਤਕਾਰ): ਅਮਰ ਸਿੰਘ ਚਮਕੀਲਾ ਦੁੱਗਰੀ, ਲੁਧਿਆਣਾ ਦੇ ਇਕ ਗਰੀਬ ਪਰਿਵਾਰ ਵਿਚ ਧਨੀ ਰਾਮ ਦੇ ਨਾਮ ਨਾਲ ਜਨਮਿਆ। ਘਰ ਦੀ ਖਸਤਾ ਹਾਲਤ ਕਾਰਨ ਉਹ ਕੇਵਲ ਪੰਜ ਸੱਤ ਜਮਾਤਾਂ ਹੀ ਪੜ੍ਹ ਸਕਿਆ। ਰੋਜ਼ੀ ਰੋਟੀ ਲਈ ਮਿਹਨਤ ਮਜ਼ਦੂਰੀ ਕਰਦਿਆਂ ਚਮਕੀਲੇ ਨੂੰ ਗੀਤ ਲਿਖਣ ਦਾ ਸ਼ੌਂਕ ਪੈ ਗਿਆ।ਗੀਤ ਲਿਖਦਿਆਂ ਕਦੇ ਕਦੇ ਉਹ ਗਾ ਵੀ ਲੈਂਦਾ। ਇਸ ਪ੍ਰਕਾਰ ਉਹ ਹੋਰ ਗਾਇਕਾਂ ਨਾਲ ਸਹਾਇਕ ਵਜੋਂ ਚਲਾ ਜਾਂਦਾ। ਫਿਰ ਉਸਦੇ ਆਪਣੇ ਗੀਤਾਂ ਦਾ ਰਿਕਾਰਡ (ਤਵਾ) ਆਇਆ, 'ਟਕੂਏ 'ਤੇ ਟਕੂਆ ਖੜ੍ਹਕੇ'। ਇਸ ਰਿਕਾਰਡ (ਐਲ ਪੀ) ਦੇ ਸਾਰੇ ਦੇ ਸਾਰੇ ਗੀਤ ਪੰਜਾਬ ਵਿਚ ਅੱਗ ਵਾਂਗ ਫੈਲ ਗਏ ਤੇ ਚਮਕੀਲੇ ਦੇ ਗਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਚਮਕੀਲਾ ਐਨੀ ਤੇਜ਼ੀ ਨਾਲ ਮਸ਼ਹੂਰ ਹੋਇਆ ਕਿ ਉਸਨੇ ਪੰਜਾਬ ਦੇ ਸਾਰੇ ਗਾਇਕ ਵਿਹਲੇ ਕਰਕੇ ਕੰਧਾਂ ਵਿਚ ਵੱਜਣ ਲਾ ਦਿੱਤੇ। ਚਮਕੀਲਾ ਪੰਜਾਬੀ ਦਾ ਇਕੋ ਇਕ ਗਾਇਕ ਹੋਇਆ ਹੈ, ਜਿਹੜਾ ਗਾਣੇ ਇਕ ਟੇਕ ਵਿਚ ਰਿਕਾਰਡ ਕਰਵਾ ਦਿੰਦਾ ਸੀ। ਪੰਜਾਬੀ ਜ਼ਬਾਨ ਨੂੰ ਆਪਣੇ ਗੀਤਾਂ ਰਾਹੀਂ ਪੰਚਨਵੇਂ ਨਵੇਂ ਮੁਹਾਵਰੇ ਦੇਣਾ ਚਮਕੀਲੇ ਦੀ ਸਭ ਤੋਂ ਵੱਡੀ ਦੇਣ ਹੈ।ਖਾੜਕੂਵਾਦ ਦਾ ਬੱਦਲ ਇਕ ਦਿਨ ਚਮਕੀਲੇ 'ਤੇ ਛਾਅ ਗਿਆ। ਪਰ ਉਹ ਅੱਜ ਤੱਕ ਉਸੇ ਤਰ੍ਹਾਂ ਵਿਕ ਰਿਹਾ ਹੈ ਤੇ ਸੁਣਿਆ ਜਾ ਰਿਹਾ ਹੈ। ਚਮਕੀਲਾ ਪੰਜਾਬੀ ਦਾ ਹੁਣ ਤੱਕ ਸਭ ਤੋਂ ਵੱਧ ਵਿਕਣ ਵਾਲਾ ਗਾਇਕ ਤੇ ਗੀਤਕਾਰ ਹੈ।


Honey Singh
ਹਨੀ ਸਿੰਘ (ਰੈਪਰ ਤੇ ਸੰਗੀਤਕਾਰ): ਯੋ ਯੋ ਹਨੀ ਸਿੰਘ ਹੁਸ਼ੀਆਰ ਵਿਚ ਹਰਦੇਸ਼ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇੰਗਲੈਂਡ ਤੋਂ ਸੰਗੀਤ ਦੀ ਸਿੱਖਿਆ ਲੈ ਕੇ ਉਹ ਭਾਰਤ ਗਿਆ। ਇੰਗਲੈਂਡ ਵਿਚ ਰਹਿੰਦੀਆਂ ਹਨੀ 'ਤੇ ਕਾਲਿਆ ਦਾ ਪ੍ਰਭਾਵ ਪੈ ਗਿਆ, ਜੋ ਉਸਦੇ ਕੀਤੇ ਕੰਮ ਵਿਚੋਂ ਸਾਫ ਝਲਕਦਾ ਹੈ। ਉਸ ਨੇ ਪੰਚੀਆਂ ਪਿੰਡਾਂ (ਅਸਲੀ ਟਾਇਲ ਸਭ ਜਾਣਦੇ ਹਨ) ਇਕ ਨਿਹਾਇਤ ਹੀ ਅਸ਼ਲੀਲ ਗੀਤ ਗਾ ਕੇ ਯੂ ਟਿਊਬ 'ਤੇ ਚਾੜ੍ਹ ਦਿੱਤਾ। ਗੀਤ ਦਿਨਾਂ ਵਿਚ ਹੀ ਐਨਾ ਮਸ਼ਹੂਰ ਹੋ ਗਿਆ ਕਿ ਹਨੀ ਨੂੰ ਧੜਾਧੜ ਕੰਮ ਡਿੱਗਣ ਲੱਗ ਪਿਆ। ਪੰਜਾਬੀ ਦੇ ਤਕਰੀਬਨ ਸਾਰੇ ਗਾਇਕ ਹਨੀ ਤੋਂ ਮਿਊਜ਼ਿਕ ਕਰਵਾਉਣ ਲਈ ਤਰਲੋ ਮੱਛੀ ਹੋਣ ਲੱਗੇ। ਹਰ ਗੀਤ ਬਾਅਦ ਹਨੀ ਆਪਣੀ ਕੀਮਤ ਵਧਾਉਂਦਾ ਗਿਆ। ਫੇਰ ਉਸਨੂੰ ਬੌਲੀਵੁੱਡ ਤੋਂ ਔਫਰਾਂ ਆਉਣ ਲੱਗੀਆਂ। ਪੰਚੀਆਂ ਪਿੰਡਾਂ ਵਾਲਾ ਹੁਣ ਤੱਕ ਦਾ ਪੰਜਾਬੀ ਦਾ ਸਭ ਤੋਂ ਅਸ਼ਲੀਲ ਗੀਤ ਹੈ। ਉਸਦਾ ਗੀਤ ਲੱਕ ਟਵੈਂਟੀਏਟ ਕੁੜੀ ਦਾ ਬੀ ਬੀ ਸੀ ਚਾਰਟ ਵਿਚ ਕਾਫੀ ਸਮਾਂ ਨੰਬਰ ਇਕ ਸਥਾਨ 'ਤੇ ਰਿਹਾ। ਬਲਾਤਕਾਰ ਉਸਦਾ ਇਕ ਹੋਰ ਵਿਵਾਦਪੂਰਨ ਗੀਤ ਹੈ। ਹਨੀ ਸਿੰਘ ਪੰਜਾਬੀ ਤੇ ਬੌਲੀਵੁੱਡ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਸੰਗੀਤਕਾਰ ਹੈ ਜਿਸਨੇ ਇਕ ਗੀਤ ਦੀ ਕੀਮਤ ਸੱਤਰ ਲੱਖ ਰੁਪਈਆ ਵਸੂਲੀ ਹੈ।



Nargis (Gazala)

ਨਰਗਿਸ(ਅਭਿਨੇਤਰੀ ਅਤੇਨ੍ਰਿਤਕੀ):
ਪਾਕਿਤਾਨੀ ਪੰਜਾਬ ਦੇ ਗੁਜ਼ਰਾਂਵਾਲਾ ਵਿਖੇ ਗਜ਼ਾਲਾ ਨਾਮ ਦੀ ਪਾਕਿਸਤਾਨੀ ਅਭਿਨੇਤਰੀ ਨਰਗਿਸ ਵਜੋਂ ਜਾਣੀ ਜਾਂਦੀ ਹੈ। ਫਿਲਮਾਂ ਵਿਚ ਉਸਨੂੰ ਵਿਸ਼ੇਸ਼ ਪ੍ਰਾਪਤੀ ਨਾ ਹੋ ਸਕੀ ਪਰ ਆਪਣੇ ਹੁਸਨ ਦੇ ਦਮ 'ਤੇ ਉਹ ਅੰਡਰਵਰਲਡ ਡੌਨ ਆਬਿਦ ਬੌਕਸਰ ਦੀ ਪ੍ਰੇਮਿਕਾ ਬਣ ਗਈ ਤੇ ਉਸ ਨਾਲ ਕੈਨੇਡਾ ਚਲੀ ਗਈ। ਆਬਿਦ ਨੇ ਉਸ ਨੂੰ ਉਸਦੇ ਵਾਲ ਕੱਟ ਕੇ ਬੇਆਬਰੂ ਕਰਦਿਆਂ ਕੈਨੇਡਾ ਤੋਂ ਕੱਢ ਦਿੱਤਾ। ਉਸਦੀ ਹੋਈ ਬਦਨਾਮੀ ਕਾਰਨ ਪਾਕਿਸਤਾਨੀ ਫਿਲਮ ਇੰਡਸਟਰੀ ਵਿਚ ਮੁੜ ਉਸ ਨੂੰ ਕੋਈ ਖਾਸ ਕੰਮ ਨਾ ਮਿਲਿਆ। ਉਹ ਸਟੇਜ਼ ਸ਼ੋਆਂ 'ਤੇ ਡਾਂਸਰ ਬਣ ਕੇ ਜਾਣ ਲੱਗੀ। ਇਥੋਂ ਉਸਨੇ ਤੇ ਉਸਦੀ ਭੈਣ ਦਿਦਾਰ ਨੇ ਗਰਮ ਗੀਤਾਂ 'ਤੇ ਕਾਮ ਉਕਸਾਉ ਨ੍ਰਿਤ ਕਰਨੇ ਸ਼ੁਰੂ ਕੀਤੇ 'ਤੇ ਪ੍ਰਸਿੱਧੀ ਖੱਟੀ। ਨਰਗਿਸ ਦੀ ਐਨੀ ਮੰਗ ਹੋਣ ਲੱਗੀ ਕਿ ਉਹ ਇਕ ਘੰਟੇ ਦੇ ਮੁਜ਼ਰੇ ਦਾ ਬੀਹ ਲੱਖ ਰੁਪਈਆ ਲੈਣ ਲੱਗ ਪਈ, ਜੋ ਉਸ ਸਮੇਂ ਕਿਸੇ ਪੰਜਾਬਣ ਕੁੜੀ ਵੱਲੋਂ ਆਪਣੇ ਨ੍ਰਿਤ ਦਾ ਸਭ ਤੋਂ ਵੱਧ ਇਵਾਜ਼ਾਨਾ ਸੀ। ਬਹੁਤ ਸਾਰੀ ਧਨ ਸੰਪਤੀ ਬਣਾਉਣ ਬਾਅਦ ਜੁਬੇਰ ਸ਼ਾਹ ਨਾਲ ਨਿਕਾਹ ਕਰਵਾ ਕੇ ਉਹ ਜੌਹਰ ਟਾਉਨ, ਲਾਹੌਰ ਵਿਖੇ ਰਹਿੰਦੀ ਹੈ ਤੇ ਹੁਣ ਉਸ ਨੇ ਡਾਂਸ ਬੰਦ ਕਰ ਦਿੱਤੇ ਹਨ।

Mahi Gill
ਮਾਹੀ ਗਿੱਲ (ਅਭਿਨੇਤਰੀ):
ਮਾਹੀ ਗਿੱਲ ਜਿਸਦਾ ਅਸਲੀ ਨਾਮ ਰਿੰਪੀ ਕੌਰ ਗਿੱਲ ਹੈ, ਚੰਡੀਗੜ੍ਹ ਦੀ ਜਮਪਲ ਅਭਿਨੇਤਰੀ ਹੈ। ਐਕਟਰਸ ਬਣਨ ਲਈ ਹੱਥ ਪੈਰ ਮਾਰਦਿਆਂ ਉਸਨੂੰ ਪੰਮੀ ਬਾਈ ਦੀ ਵਿਡਿਉ ਤੇ ਹਵਾਏਂ ਫਿਲਮ ਵਿਚ ਛੋਟਾ ਜਿਹਾ ਰੋਲ ਮਿਲਿਆ। ਉਸ ਤੋਂ ਬਾਅਦ ਉਸ ਨੇ ਇਕਾ-ਦੁੱਕਾ ਪੰਜਾਬੀ ਫਿਲਮਾਂ ਕੀਤੀਆਂ। ਪਰ ਆਪਣੀ ਪਹਿਚਾਣ ਸਥਾਪਤ ਨਾ ਕਰ ਸਕੀ। ਉਸ ਤੋਂ ਉਪਰੰਤ ਉਸਨੇ ਦੇਵ ਡੀ ਵਿਚ ਬੋਲਡ ਸੀਨ ਕੀਤਾ ਤੇ ਉਸਨੂੰ ਸਰਵੋਤਮ ਅਭਿਨੇਤਰੀ ਦਾ ਫਿਲਮ ਫੇਅਰ ਅਵਾਰਡ ਮਿਲ ਗਿਆ। ਇਸ ਨੇ ਉਸਦੀ ਸੰਗ ਖੋਲ੍ਹ ਦਿੱਤੀ ਤੇ ਫਿਰ ਉਪਰੋ-ਥਲੀ ਤੋਮਰ ਪਾਨ ਸਿੰਘ ਵਿਚ ਇਰਫਾਨ ਖਾਨ ਨਾਲ, ਸਾਹਿਬ ਬੀਵੀ ਔਰ ਗੈਂਗਸਟਰ ਵਿਚ ਜ਼ਿੰਮੀ ਸ਼ੇਰਗਿੱਲ ਤੇ ਰਣਦੀਪ ਹੁੱਡਾ ਨਾਲ ਅਤੇ ਰਾਮ ਗੋਪਾਲ ਵਰਮਾ ਦੀ ਨਾਟ ਏ ਲਵ ਸਟੋਰੀ ਵਿਚ ਕਾਮੁਕ ਦ੍ਰਿਸ਼ ਫਿਲਮਾਉਣ ਬਾਅਦ ਅਰਧ ਨਗਨ ਫੋਟੋ ਸ਼ੂਟ ਕੀਤੇ, ਜਿਸ ਨਾਲ ਮਾਹੀ ਗਿੱਲ ਕੋਲ ਅਨੇਕਾਂ ਫਿਲਮਾਂ ਅਤੇ ਹੋਰ ਪ੍ਰੋਜੈਕਟ ਆਏ।

ਵੀਨਾ ਵਰਮਾ (ਲੇਖਿਕਾ): ਬੁੱਢਲਾਡਾ, ਜ਼ਿਲ੍ਹਾ ਬਠਿੰਡਾ ਦੀ ਜਮਪਲ ਵੀਨਾ ਵਰਮਾ ਇੰਗਲੈਂਡ ਆ ਕੇ ਦੇਸ ਪ੍ਰਦੇਸ ਦੇ ਮਾਲਕ ਸਵ:
ਤਰਸੇਮ ਸਿੰਘ ਪੁਰੇਵਾਲ ਦੇ ਸੰਪਰਕ ਵਿਚ ਆਈ ਤੇ ਪੁਰੇਵਾਲ ਦੀ ਹੱਲਾਸ਼ੇਰੀ ਨਾਲ ਉਸਦੀ ਪਹਿਲੀ ਕਹਾਣੀਆਂ ਦੀ ਕਿਤਾਬ 'ਮੁੱਲ ਦੀ ਤੀਵੀਂ' ਛਪੀ। ਔਰਤਾਂ ਦੇ ਦਰਦ ਨੂੰ ਬਹੁਤ ਬੇਬਾਕੀ ਅਤੇ ਸੈਕਸ ਦਾ ਤੜ੍ਹਕਾ ਲਾ ਕੇ ਲਿਖੀ ਗਈ ਇਸ ਇਕੋ ਕਿਤਾਬ ਨਾਲ ਵੀਨਾ ਵਰਮਾ ਨੇ ਇੰਗਲੈਂਡ ਦੇ ਸਾਰੇ ਕਹਾਣੀਕਾਰ ਹੂੰਝ ਕੇ ਰੱਖ ਦਿੱਤੇ। ਇਕੋ ਪੁਸਤਕ ਨਾਲ ਉਹ ਪੰਜਾਬੀ ਸਾਹਿਤ ਜਗਤ ਵਿਚ ਆਪਣਾ ਨਾਮ ਬਣਾ ਗਈ। ਉਸ ਨੇ ਸਾਰੀਆਂ ਹੀ ਕਹਾਣੀਆਂ ਔਰਤ ਦੇ ਪੱਖ ਅਤੇ ਮਰਦ ਦੇ ਵਿਰੋਧ ਵਿਚ ਲਿੱਖਿਆਂ ਹਨ। ਇਸ ਸਮੇਂ ਵੀਨਾ ਵਰਮਾ ਪੰਜਾਬੀਆਂ ਮਹਿਲਾ ਕਹਾਣੀ ਲੇਖਿਕਾਵਾਂ ਵਿਚੋਂ ਸਭ ਤੋਂ ਵੱਧ ਪੜ੍ਹੀ ਜਾਂਦੀ ਹੈ।

ਮੈਂ ਆਪਣੀ ਪਹਿਲੀ ਕਹਾਣੀ (ਜੋ ਔਰਤ-ਮਰਦ ਸੰਬੰਧਾਂ 'ਤੇ ਨਹੀਂ ਸੀ) ਲਿਖੀ ਤੇ ਉਹ ਉਸੇ ਹੀ ਹਫਤੇ ਦੇ ਦੇਸ ਪ੍ਰਦੇਸ ਦੇ ਦਿਵਾਲੀ ਅੰਕ ਵਿਚ ਛਪ ਗਈ। ਜਦੋਂ ਤੁਹਾਡਾ ਆਗਾਜ਼ ਹੀ ਇਕ ਵੱਡੇ ਪਲੇਟਫਾਰਮ ਤੋਂ ਹੋਵੇ ਜ਼ਾਹਿਰ ਹੈ ਬੰਦੇ ਨੂੰ ਹੌਂਸਲਾ ਤਾਂ ਮਿਲ ਹੀ ਜਾਂਦਾ ਹੈ। ਉਸ ਵਕਤ ਇੰਗਲੈਂਡ ਵਿਚ ਛੱਬੀ ਕਹਾਣੀਕਾਰ ਸਰਗਰਮ ਸਨ। ਉਸ ਅੰਕ ਵਿਚ ਅਨੇਕਾਂ ਹੀ ਮਹਾਂਰਥੀਆਂ ਦੀਆਂ ਕਹਾਣੀਆਂ ਛਪੀਆਂ ਸਨ। ਉਸ ਤੋਂ ਉਪਰੰਤ ਪਾਠਕਾਂ ਦੇ ਪੱਤਰਾਂ ਵਿਚ ਸਭ ਦੀਆਂ ਕਹਾਣੀਆਂ ਦੀਆਂ ਤਾਰੀਫਾਂ ਹੁੰਦੀਆਂ ਰਹੀਆਂ, ਪਰ ਮੇਰੀ ਕਹਾਣੀ ਦਾ ਕਿਸੇ ਨੇ ਨਾਮ ਤੱਕ ਨਾ ਲਿਆ। ਮੈਨੂੰ ਬੜੀ ਅਹਿਸਾਸ-ਏ-ਕਮਤਰੀ ਜਿਹੀ ਹੋਈ। ਗੁੱਸਾ ਵੀ ਬਹੁਤ ਆਵੇ ਕਿ ਕਾਸ਼ ਕੋਈ ਮਾੜਾ ਜਿਹਾ ਨਾਮ ਹੀ ਲੈ ਲੈਂਦਾ। ਖੈਰ, ਮੈਂ ਫੇਰ ਇਸ ਦੀ ਪੜਚੋਲ ਕੀਤੀ ਤੇ ਪਤਾ ਲੱਗੇ ਕਿ ਖਾਮੀ ਕੀ ਸੀ। ਮੈਂ ਇਸ ਸਿੱਟੇ 'ਤੇ ਪਹੁੰਚ ਗਿਆ ਕਿ ਉਹੋ ਜਿਹੀਆਂ ਕਹਾਣੀਆਂ ਭਾਵੇਂ ਮੈਂ ਬੀਹ ਸਾਲ ਲਿਖਦਾ ਰਹਾਂ, ਮੇਰਾ ਕਿਤੇ ਵੀ ਜ਼ਿਕਰ ਨਹੀਂ ਹੋਵੇਗਾ। ਮੈਂ ਆਪਣੀ ਰਣਨੀਤੀ ਤਿਆਰ ਕੀਤੀ ਤੇ ਉਸ ਤੋਂ ਬਾਅਦ ਮੈਂ 'ਚੰਨੀ' ਕਹਾਣੀ ਲਿੱਖ ਕੇ ਪੰਜਾਬ ਟਾਇਮਜ਼ ਨੂੰ ਭੇਜੀ। ਥੋੜ੍ਹੇ ਦਿਨਾਂ ਬਾਅਦ ਬਾਈ ਹਰਜਿੰਦਰ ਸਿੰਘ ਮੰਡੇਰ ਜੀ ਦਾ ਖਤ ਆ ਗਿਆ ਕਿ ਇਕ ਕਹਾਣੀ ਹੋਰ ਭੇਜ ਮੈਂ 'ਅਣਲੱਗ' ਲਿੱਖ ਕੇ ਭੇਜ ਦਿੱਤੀ। ਦੋਨੋਂ ਕਹਾਣੀਆਂ ਛਪੀਆਂ ਤਾਂ ਲੋਕ ਅਖਬਾਰ ਦੇ ਦਫਤਰ ਵਿਚ ਫੋਨ ਕਰਕੇ ਪੁੱਛਦੇ ਫਿਰਨ ਇਹ ਬਲਰਾਜ ਸਿੱਧੂ ਕੌਣ ਹੈ ਅਸੀਂ ਤਾਂ ਪਹਿਲਾਂ ਕਦੇ ਪੜ੍ਹਿਆ ਸੁਣਿਆ ਹੀ ਨਹੀਂ ਸੀ। ਬਸ ਫਿਰ ਮੈਂ ਕਿਹਾ ਨੱਚਣ ਹੀ ਲੱਗ ਪਏ ਤਾਂ ਘੁੰਡ ਕਾਹਦਾ ਤੇ ਸ਼ੂਟ ਵੱਟਤੀ ਲਿਖਣ ਵਾਲੀ।ਅੱਜ ਪੰਦਰਾਂ ਸਾਲ ਹੋ ਗਏ ਮੈਨੂੰ ਲਿਖਦੇ ਨੂੰ ਵਿਚ ਪੰਜ ਕੁ ਸਾਲ ਮੈਂ ਲਿਖਣ ਤੋਂ ਸਨਿਆਸ ਵੀ ਲਈ ਰੱਖਿਆ ਹੈ। ਹਰ ਛੋਟੇ ਵੱਡੇ ਸਾਹਿਤਕ ਅਸਾਹਿਤਕ ਅਦਾਰੇ ਨੇ ਮੈਨੂੰ ਛਾਪਿਆ ਹੈ। ਅੱਜ ਤੱਕ ਸਿਰਫ ਤਿੰਨ ਰਚਨਾਵਾਂ ਤੋਂ ਬਿਨਾ ਮੇਰੀ ਕੋਈ ਐਸੀ ਰਚਨਾ ਨਹੀਂ ਜਿਸ ਨੂੰ ਛਾਪਣ ਤੋਂ ਕਿਸੇ ਨੇ ਇਨਕਾਰ ਕੀਤਾ ਹੋਵੇ। ਉਹ ਤਿੰਨ ਰਚਨਾਵਾਂ ਵੀ ਉਹ ਸਨ ਜੋ ਕਿਸੇ ਵਿਅਕਤੀ ਬਾਰੇ ਲਿਖੀਆਂ ਗਈਆਂ ਸਨ ਤੇ ਉਸ ਅਦਾਰੇ ਨਾਲ ਸੰਬੰਧਤ ਵਿਅਕਤੀ ਦੀ ਬਣਦੀ ਨਹੀਂ ਸੀ। ਲੇਕਿਨ ਇਨਕਾਰ ਕਰਦਿਆਂ ਉਸੇ ਹੀ ਅਦਾਰੇ ਨੇ ਉਸਦੀ ਥਾਂ ਮੈਥੋਂ ਹੋਰ ਰਚਨਾ ਮੰਗ ਕੇ ਛਾਪੀ ਤਾਂ ਕਿ ਮੈਂ ਨਾਰਾਜ਼ ਨਾ ਹੋਵਾਂ। ਬਹੁਤ ਸਾਰੇ ਆਦਰਿਆਂ ਵੱਲੋਂ ਮੈਥੋਂ ਮੰਗ ਕੇ ਰਚਨਾ ਲਈ ਜਾਂਦੀ ਹੈ। ਲਿਖਣ ਲਈ ਅੱਜ ਤੱਕ ਨਾ ਤਾਂ ਮੈਨੂੰ ਕਿਸੇ ਨੇ ਕੋਈ ਪੈਸਾ ਦਿੱਤਾ ਹੈ ਤੇ ਨਾ ਮੈਂ ਕਦੇ ਕਿਸੇ ਤੋਂ ਮੰਗਿਆ ਹੈ ਅਤੇ ਨਾ ਹੀ ਮੈਂ ਕਦੇ ਮੈਂ ਕਦੇ ਤਵੱਕੋਂ ਰੱਖੀ ਹੈ। ਹਾਂ, ਇਕ ਅਦਾਰੇ ਨੇ ਮੈਨੂੰ ਕਿਹਾ ਸੀ ਕਿ ਸਾਡੇ ਲਈ ਨਿਰੰਤਰ ਲਿੱਖ ਤੈਨੂੰ ਐਨੇ ਪੈਸੇ ਦਿਆਂਗੇ। ਮੈਂ ਉਹਨਾਂ ਨੂੰ ਕਿਹਾ ਮੇਰਾ ਜੋ ਮਿਹਨਤਾਨਾ ਬਣਦਾ ਹੈ, ਉਹ ਤੁਸੀਂ ਇੰਡੀਆ ਦੇ ਕਿਸੇ ਗਰੀਬ ਲੇਖਕ ਨੂੰ ਭੇਜ ਦਿਆ ਕਰੋ, ਮੈਨੂੰ ਪੈਸੇ ਦੀ ਲੋੜ੍ਹ ਨਹੀਂ। ਮੈਂ ਤੁਹਾਡੇ ਲਈ ਲਿਖਦਾ ਹਾਂ। ਮੈਂ ਗੀਤ ਲਿਖਣ ਲੱਗਿਆ। ਗੀਤ ਚੱਲ ਗਏ। ਮੈਂ ਮੂਵੀ ਬੌਕਸ ਕੰਪਨੀ ਕੋਲ ਗਿਆ ਤੇ ਗੀਤਾਂ ਦਾ ਇਵਜ਼ਾਨਾ ਮੰਗਦਿਆਂ ਕਿਹਾ ਮੇਰੇ ਗੀਤਾਂ ਤੋਂ ਤੁਸੀਂ ਪੈਸੇ ਕਮਾਏ ਨੇ, ਮਿਊਜ਼ਿਕ ਡਾਇਰੈਕਟਰ ਨੇ ਕਮਾਏ ਨੇ, ਗਾਇਕ ਨੇ ਕਾਮਏ ਨੇ, ਮੇਰਾ ਹਿੱਸਾ ਦਿਉ। ਮੈਨੂੰ ਕਮਰਾਨ ਅਹਿਮਦ ਨੇ ਹੱਸਦਿਆਂ ਕਿਹਾ, "ਸਰ ਸਾਨੂੰ ਤਾਂ ਗੀਤਕਾਰ ਆਪ ਪੈਸੇ ਦਿੰਦੇ ਨੇ ਸਾਡੇ ਗੀਤ ਰਿਕਾਰਡ ਕਰਵਾਉ। ਅੱਜ ਤੱਕ ਕਿਸੇ ਨੇ ਮੰਗੇ ਨਹੀਂ।"

ਮੈਂ ਉਸਨੂੰ ਕਿਹਾ ਇਹੀ ਤਾਂ ਸਾਡੀ ਤਰਾਸਦੀ ਹੈ। ਮੈਂ ਆਪਣੇ ਲਈ ਨਹੀਂ ਗੀਤਕਾਰ ਲਈ ਉਸਦਾ ਹੱਕ ਮੰਗਣ ਆਇਆ ਹਾਂ। ਗੀਤਕਾਰ ਦਾ ਵੀ ਖਿਆਲ ਰੱਖਿਆ ਕਰੋ। ਖੈਰ, ਉਸ ਨੇ ਉਸੇ ਵੇਲੇ ਮੈਨੂੰ ਅੱਠ ਸੌਂ ਪੌਂਡ ਦਾ ਚੈੱਕ ਕੱਟ ਕੇ ਦੇ ਦਿੱਤਾ ਤੇ ਕਿਹਾ ਬਾਕੀ ਹਿਸਾਬ ਕਿਤਾਬ ਨਾਲ ਦੀ ਨਾਲ ਕਰੀ ਜਾਵਾਂਗੇ। ਕੰਪਨੀ ਅਨੁਸਾਰ ਮੈਂ ਇੰਗਲੈਂਡ ਦਾ ਪਹਿਲਾ ਗੀਤਕਾਰ ਹਾਂ, ਜਿਸਨੇ ਗੀਤ ਦੇ ਪੈਸੇ ਵੀ ਲਏ ਤੇ ਰੌਇਲਟੀ ਵੀ ਲੈ ਰਿਹਾ ਹਾਂ। ਉਸ ਪੈਸੇ ਵਿਚੋਂ ਇਕ ਵੀ ਪੈਨੀ ਮੈਂ ਨਹੀਂ ਵਰਤੀ। ਮੇਰੇ ਡੈਡੀ ਇੰਡੀਆਂ ਗਰੀਬ ਲੜਕੀਆਂ ਦੇ ਵਿਆਹ ਹੁੰਦੇ ਨੇ, ਉਥੇ ਦੇ ਕੇ ਆਏ। ਗੀਤਾਂ ਦੀ ਮੈਨੂੰ ਪੀ ਆਰ ਐਸ ਤੋਂ ਜਿੰਨੀ ਵੀ ਰੌਇਲਟੀ ਆਉਂਦੀ ਹੈ। ਮੈਂ ਉਹ ਸਾਹਿਤ ਦੇ ਭਲੇ ਵਾਲੇ ਕਾਰਜ਼ ਲਈ ਦਾਨ ਕਰਦਾ ਹਾਂ। ਆਪਣੇ ਗੁਜ਼ਾਰੇ ਲਈ ਹੱਥ ਪੈਰ ਤੇ ਦਿਮਾਗ ਹੈ, ਜਿੰਨੇ ਮਰਜ਼ੀ ਚਲਾ ਕੇ ਪੈਸੇ ਬਣਾ ਲਈਏ। ਮੇਰੀ ਕੋਈ ਵੀ ਰਚਨਾ ਛਪਦੀ ਹੈ ਤਾਂ ਉਸਦੀ ਚਰਚਾ ਹੁੰਦੀ ਹੈ ਤੇ ਮੈਨੂੰ ਵੀ ਪਤਾ ਹੁੰਦਾ ਹੈ ਕਿ ਕਿੰਨੀ ਕੁ ਪੜ੍ਹੀ ਗਈ। ਮੇਰੀ ਕਲਮ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਤੇ ਇਥੋਂ ਤੱਕ ਕਿ ਮੇਰੀ ਇਕ ਵਾਰ ਜਾਨ ਵੀ ਬਚਾਈ ਹੈ। ਇਹ ਦੱਸਣ ਪਿੱਛੇ ਮੇਰਾ ਇਹੀ ਮਕਸਦ ਹੈ ਕਿ ਜੇ ਮੈਂ ਸੈਕਸ ਦੇ ਵਿਸ਼ੇ ਨਾਲ ਸੰਬੰਧਤ ਔਰਤ-ਮਰਦ ਰਿਸ਼ਤਿਆਂ 'ਤੇ ਅਧਾਰਿਤ ਕਹਾਣੀਆਂ ਨਾ ਲਿਖਦਾ ਹੁੰਦਾ ਤਾਂ ਅੱਜ ਮੇਰੀ ਕੋਈ ਹੋਂਦ ਨਾ ਹੁੰਦੀ। ਥੋੜ੍ਹੀ ਦੇਰ ਟੱਕਰਾਂ ਮਾਰ ਕੇ ਮੈਂ ਲਿਖਣੋਂ ਹਟ ਜਾਣਾ ਸੀ ਤੇ ਹੋਰ ਲੋਕਾਂ ਵਾਂਗ ਚੁੱਪਚਾਪ ਆਪਣੀ ਨੌਕਰੀ ਕਰੀ ਜਾਣੀ ਸੀ। ਜਦੋਂ ਮੈਂ ਲਿਖਣ ਲੱਗਿਆ ਸੀ ਕਿੰਨੇ ਹੀ ਮੁੰਡੇ ਮੇਰੇ ਨਾਲ ਦੇ ਲਿਖਣ ਲੱਗੇ ਸੀ। ਅੱਜ ਸਭ ਲਿਖਣਾ ਪੜ੍ਹਣਾ ਛੱਡਕੇ ਆਪੋਂ ਆਪਣੇ ਦੁਨੀਆਵੀ ਕੰਮ ਧੰਦਿਆਂ ਵਿਚ ਲੱਗੇ ਹੋਏ ਹਨ।

ਮੇਰੀਆਂ ਇਹ ਉਪ੍ਰੋਕਤ ਕਲਾ ਨੂੰ ਸੈਕਸ ਟੱਚ ਦੇ ਕੇ ਜਾਂ ਬੋਲਡ ਹੋ ਕੇ ਕੰਮ ਕਰਨ ਵਾਲਿਆਂ ਦੀਆਂ ਮਿਸਾਲਾਂ ਦੇਣ ਤੋਂ ਇਹ ਪ੍ਰਭਾਵ ਵੀ ਗ੍ਰਹਿਣ ਨਾ ਕਰ ਲੈਣਾ ਕਿ ਅਸ਼ਲੀਲਤਾ ਦਾ ਹਥਿਆਰ ਵਰਤਣਾ ਬਹੁਤ ਸੌਖੀ ਜਿਹੀ ਗੱਲ ਹੈ। ਇਹਦੇ ਲਈ ਝੋਟੇ ਜਿੰਡਾ ਕਾਲਜਾ ਚਾਹੀਦਾ ਹੈ ਤੇ ਕੀਮਤ ਉਤਾਰਨੀ ਪੈਂਦੀ ਹੈ। ਅਮਰ ਸਿੰਘ ਚਮਕੀਲੇ ਨੂੰ ਆਪਣੀ ਜਾਨ ਦੀ ਆਹੁਤੀ ਦੇਣੀ ਪਈ ਸੀ। ਕਿਸੇ ਕੰਜਰ ਨੇ ਅੱਜ ਤੱਕ ਇਹ ਗੱਲ ਨਹੀਂ ਲਿਖੀ ਕਿ ਚਮਕੀਲਾ ਆਪਣੇ ਸੰਘਰਸ਼ ਲਈ ਮਰਿਆ ਨਹੀਂ, ਸ਼ਹੀਦ ਹੋਇਆ ਸੀ। ਇਕ ਹੱਥ ਵਿਚ ਸਾਜ਼ ਤੇ ਗਰਭਵਤੀ ਔਰਤ ਤੇ ਦੂਜੇ ਪਾਸੇ ਏ ਕੇ ਸੰਤਾਲੀਆਂ। ਕਿੱਡੇ ਕੁ ਬਹਾਦਰ ਹੋਣਗੇ ਉਹ ਲੋਕ ਜਿਨ੍ਹਾਂ ਨੇ ਚਮਕੀਲੇ 'ਤੇ ਗੋਲੀਆਂ ਚਲਾਈ​ਆਂ ਹੋਣਗੀਆਂ? ਹਨੀ ਉੱਤੇ ਅਨੇਕਾਂ ਅਟੈਕ ਹੋ ਚੁੱਕੇ ਹਨ, ਉਸ ਨੂੰ ਕਈ ਥਾਈਂ ਸ਼ੋਅ ਕੈਂਸਲ ਕਰਕੇ ਆਰਥਿਕ ਘਾਟਾ ਖਾਣਾ ਪਿਆ। ਮੇਰੇ ਨਾਲ ਵੀ ਕੁਝ ਹਾਦਸੇ ਹੋ ਚੁੱਕੇ ਹਨ।ਇਥੇ ਅਗਲੀ ਗੱਲ ਕਰਨ ਤੋਂ ਪਹਿਲਾਂ ਮੈਂ ਇਕ ਛੋਟੀ ਜਿਹੀ ਕਹਾਣੀ ਸੁਣਾਉਂਦਾ ਹਾਂ।

ਪੰਜਾਬ ਸਿੰਘ ਹੋਰੀਂ ਦੋ ਭਰਾ ਸਨ। ਉਨ੍ਹਾਂ ਵਿਚ ਤੂੰ ਤੂੰ ਮੈਂ ਮੈਂ ਰਹਿੰਦੀ ਸੀ। ਇਕ ਦਿਨ ਪਿੰਡ ਦੇ ਸਰਪੰਚ ਨੇ ਕਿਹਾ ਕਿ ਤੁਹਾਡਾ ਨਿੱਤ ਦਾ ਝਗੜਾ ਨਿਬੜੇ, ਤੁਸੀਂ ਘਰ ਵੰਡ ਲਉ ਤੇ ਉਸ ਨੇ ਵਿਚਾਲੇ ਕੰਧ ਕੱਢਵਾ ਦਿੱਤੀ। ਪੰਜਾਬ ਸਿੰਘ ਮੰਜੇ 'ਤੇ ਬੈਠਾ ਆਪਣੀਆਂ ਹੀ ਸੋਚਾਂ ਵਿਚ ਗਲਤਾਨ ਰਿਹਾ ਕਰੇ। ਇਕ ਬਿੱਲਾ ਉਹਦੇ ਵਿਹੜੇ ਵਿਚ ਇਦਰ-ਉਧਰ ਭੱਜਿਆ ਫਿਰਦਾ ਰਹਿੰਦਾ। ਪੰਜਾਬ ਸਿੰਘ ਨੂੰ ਲੱਗਦਾ ਕਿ ਕਿਤੇ ਬਿੱਲਾ ਦੁੱਧ ਹੀ ਨਾ ਪੀ ਜਾਵੇ। ਉਹ ਮੰਜੇ ਦੇ ਪਾਵੇ ਨਾਲ ਬੰਨ੍ਹੇ ਕੁੱਤੇ ਦੀ ਸੰਗਲੀ ਖੋਲ੍ਹਦਾ ਤਾਂ ਕਿ ਉਹ ਬਿੱਲੇ ਨੂੰ ਡਰਾਕੇ ਭਜਾ ਦੇਵੇ। ਕੁੱਤਾ ਜਾ ਕੇ ਬਿੱਲੇ ਨਾਲ ਲਾਡ ਕਰਨ ਲੱਗ ਜਾਂਦਾ। ਪੰਜਾਬ ਸਿੰਘ ਨੂੰ ਕੋਈ ਸਲਾਹ ਦਿੰਦਾ ਹੈ ਕਿ ਇਸ ਤਰ੍ਹਾਂ ਨਹੀਂ ਗੱਲ ਬਣਨੀ, ਤੁਸੀਂ ਕੁੱਤੇ ਨੂੰ ਥੋੜ੍ਹਾ ਕੌੜ ਕਰੋ, ਇਹਦੇ ਸੋਟੀ ਸੋਟੀ ਮਾਰਦੇ ਰਿਹਾ ਕਰੋ ਤਾਂ ਜੋ ਬਿੱਲੇ ਨੂੰ ਜਾ ਕੇ ਦਬੋਚ ਸਕੇ। ਪੰਜਾਬ ਸਿੰਘ ਵੇਲੇ-ਕੁਵੇਲੇ ਕੁੱਤੇ ਦੇ ਸੋਟੀ ਮਾਰਦਾ ਤਾਂ ਕੁੱਤਾ ਚੰਊਂ ਜਿਹਾ ਕਹਿ ਕੇ ਚੁੱਪ ਹੋ ਜਾਂਦਾ। ਪਰ ਕੁੱਤੇ ਦੀ ਅਵਾਜ਼ ਸੁਣ ਕੇ ਆਂਢੀਆਂ-ਗੁਆਂਢੇ ਦੇ ਕੁੱਤੇ ਉੱਚੀ-ਉੱਚੀ ਭੌਂਗਣ ਲੱਗਣ ਜਾਂਦੇ ਤੇ ਥੋੜ੍ਹੀ ਦੇਰ ਭੌਂਕ-ਭੂੰਕ ਕੇ ਚੁੱਪ ਕਰ ਜਾਂਦੇ। ਫੇਰ ਇਕ ਦਿਨ ਉਹਨਾਂ ਦੇ ਘਰ ਇਕ ਸੱਪ ਨਿੱਕਲ ਆਇਆ ਤੇ ਉਸਨੇ ਬਿੱਲੇ ਨੂੰ ਡੰਗ ਦਿੱਤਾ। ਬਿੱਲਾ ਮਰ ਗਿਆ। ਪੰਜਾਬ ਸਿੰਘ ਨੇ ਸੁੱਖ ਦਾ ਸਾਹ ਲਿਆ। ਇਕ ਦਿਨ ਪੰਜਾਬ ਸਿੰਘ ਕੋਲ ਉਹਨਾਂ ਗੁਆਢੀਆਂ ਦਾ ਮੁੰਡਾ ਆਇਆ ਤੇ ਕਹਿਣ ਲੱਗਾ, "ਤਾਇਆ ਕਿਵੇਂ ਆ! ਮੰਜੇ 'ਤੇ 'ਕੱਠਾ ਜਿਹਾ ਹੋਇਆ ਬੈਠਾਂ?"

 ਪੰਜਾਬ ਸਿੰਘ ਬੋਲਿਆ, "ਕੀ ਕਰਾਂ ਪੁੱਤ ਪੱਪਿਆ? ਮੰਜੇ ਤੋਂ ਹੇਠਾਂ ਪੈਰ ਧਰਦਿਆਂ ਡਰ ਲੱਗਦਾ। ਮੰਜੇ ਹੇਠਾਂ ਤਾਂ ਸੱਪ ਤੁਰਿਆ ਫਿਰਦੈ।"

 ਪੱਪੇ ਨੇ ਡਾਂਗ ਚੁੱਕੀ ਤੇ ਸੱਪ ਮਾਰ ਦਿੱਤਾ। ਫੇਰ ਉਹਨਾਂ ਦੀ ਨਿੰਮ 'ਤੇ ਆ ਕੇ ਇਕ ਕਾਂ ਬੈਠ ਗਿਆ ਤੇ ਕਾਂ ਕਾਂ ਕਰਨ ਲੱਗ ਪਿਆ। ਪੰਜਾਬ ਸਿੰਘ ਨੇ ਬਥੇਰੀਆਂ ਰੋੜੀਆਂ ਮਾਰਨੀਆਂ। ਕਦੇ ਕਦੇ ਕੁੱਤੇ ਨੇ ਵੀ ਬਊਂ ਬਊਂ ਜਿਹੀ ਕਰਨੀ। ਪਰ ਕਾਂ ਕੀ ਪਰਵਾਹ ਮੰਨਦਾ ਸੀ, ਉਹ ਤਾਂ ਨਿੰਮ 'ਤੇ ਬੈਠਾ ਸੀ। ਪੰਜਾਬ ਸਿੰਘ ਬੜਾ ਔਖਾ ਹੋਇਆ ਬਈ ਇਕ ਮੁਸੀਬਤ ਟਲਦੀ ਹੈ ਤੇ ਦੂਜੀ ਆ ਜਾਂਦੀ ਹੈ। ਚਲੋ ਜੀ ਇਕ ਦਿਨ ਕਾਂ ਨੇ ਦੂਰ ਕਿਸੇ ਦਾ ਟੈਲੀਵਿਜ਼ਨ ਵਾਲਾ ਐਂਟੀਨਾ ਦੇਖਿਆ ਤੇ ਆਪੇ ਹੀ ਉੱਡ ਕੇ ਉੱਚੀ ਥਾਂ ਜਾ ਬੈਠਾ। ਕਾਂ ਦੇ ਉੱਡਣ ਦੀ ਦੇਰ ਸੀ ਉਹਨਾਂ ਦੇ ਬੰਨੇਰੇ 'ਤੇ ਕਬੂਤਰ, ਚਿੱੜ੍ਹੀਆਂ, ਘੁੱਗੀਆਂ, ਗਟਾਰਾਂ ਨੇ ਆ ਡੇਰਾ ਲਾਇਆ। ਉਹ ਬਿੱਠਾਂ ਕਰੀ ਜਾਣ ਤੇ ਪੰਜਾਬ ਸਿੰਘ ਸੁੰਭਰਦਾ ਸਾਫ ਕਰਦਾ ਸੋਚਦਾ ਇਸ ਨਾਲੋਂ ਤਾਂ ਬਿੱਲਾ ਹੀ ਚੰਗਾ ਸੀ, ਉਸਦੇ ਹੁੰਦਿਆਂ ਇਹਨਾਂ ਪੰਛੀਆਂ ਦੀ ਜ਼ੁਰਅਤ ਤਾਂ ਨਹੀਂ ਪੈਂਦੀ ਸੀ ਆਉਣ ਦੀ।

ਕਹਾਣੀ ਦਾ ਮੌਰਲ ਇਹ ਹੈ ਕਿ ਇਕ ਕਲਾਕਾਰ ਨੂੰ ਖਤਮ ਕਰਨ ਨਾਲ ਸਮੱਸਿਆ ਦਾ ਹੱਲ੍ਹ ਨਹੀਂ ਹੁੰਦਾ। ਅਖੇ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇਕ ਮੁੱਠੀ ਚੁੱਕ ਲੈ ਦੂਜੀ ਤਿਆਰ। ਇਕ ਨੂੰ ਮਾਰੋਂਗੇ ਦੂਜਾ ਆ ਜਾਵੇਗਾ। ਚਮਕੀਲਾ ਮਾਰੋਂਗੇ। ਹਨੀ ਆ ਜਾਵੇਗਾ। ਹਨੀ ਬੌਲੀਵੁੱਡ ਚਲਾ ਜਾਊ। ਕੋਈ ਹੋਰ ਆ ਜਾਵੇਗਾ। ਟਾਹਣੀਆਂ ਨਾ ਛਾਂਗੋ। ਜੜ੍ਹ ਵੱਢੋ। ਜੜ੍ਹ ਹੈ ਜਨਤਾ। ਸਾਰੇ ਸੁਣਨ ਵਾਲਿਆਂ ਨੂੰ ਮਾਰ ਸਕਦੇ ਹੋ ਤਾਂ ਮਾਰ ਦਿਉ। ਲੋਕ ਸੁਣਦੇ ਨੇ ਤਾਂ ਕਲਾਕਾਰ ਉਹੋ ਜਿਹੀ ਰਚਨਾ ਕਰਦੇ ਨੇ। ਕਲਾਕਾਰਾਂ ਲੋਕਾਂ ਦੀ ਪਸੰਦ ਨੂੰ ਮੁੱਖ ਰੱਖ ਕੇ ਕਰਦਾ ਹੈ, ਜੋ ਵੀ ਕਰਦਾ ਹੈ। ਕੀ ਚਮਕੀਲੇ ਨੂੰ ਮਾਰ ਕੇ ਸਮੱਸਿਆ ਦਾ ਸਮਾਧਾਨ ਹੋ ਗਿਆ? ਚਮਕੀਲਾ ਤਾਂ ਅੱਜ ਵੀ ਉਸੇ ਤਰ੍ਹਾਂ ਵਿਕ ਰਿਹਾ ਹੈ ਤੇ ਸੁਣਿਆ ਜਾਂਦਾ ਹੈ। ਜੇ ਲੋਕ ਆਪਣੀ ਪਸੰਦ ਬਦਲ ਲੈਣ ਤਾਂ ਨਾ ਕੋਈ ਚਮਕੀਲਾ ਉਹੋ ਜਿਹਾ ਗਾਉਗਾ, ਨਾ ਕੋਈ ਹਨੀ ਸਿੰਘ ਮਿਊਜ਼ਿਕ ਕਰੂ ਤੇ ਨਾ ਹੀ ਕੋਈ ਬਲਰਾਜ ਸਿੱਧੂ ਲਿਖੇਗਾ। ਤੁਸੀਂ ਪੰਜਾਬੀ ਵਿਚ ਬੰਦ ਕਰਵਾਉਂਗੇ ਤਾਂ ਲੋਕ ਹਿੰਦੀ ਦਾ 'ਸਰਕਾਇ ਲਿਉ ਖਟੀਆ ਕੇ ਝਾੜਾ ਲਾਗੇ' ਸੁਣ ਲੈਣਗੇ ਜਾਂ ਅੰਗਰੇਜ਼ੀ Touch me right tere baby ਜਾਂ All that she wants another baby (Ace of Base) ਸੁਣਨ ਲੱਗ ਜਾਣਗੇ। ਇਸ ਨਾਲ ਨੁਕਸਾਨ ਪੰਜਾਬੀ ਬੋਲੀ ਦਾ ਹੀ ਹੋਵੇਗਾ। ਜਦੋਂ ਸਾਡੀ ਨਵੀਂ ਪੀੜ੍ਹੀ ਨੂੰ ਉਹਨਾਂ ਦੇ ਪਸੰਦ ਜਾਂ ਮਤਲਵ ਦੀ ਚੀਜ਼ ਪੰਜਾਬੀ ਵਿਚ ਨਹੀਂ ਮਿਲਗੀ ਤਾਂ ਉਹ ਦੂਜੀਆਂ ਭਾਸ਼ਾਵਾਂ ਵੱਲ ਅਕਰਸ਼ਿਤ ਜ਼ਰੂਰ ਹੋਣਗੇ। ਇਸ ਦਾ ਪ੍ਰਣਾਮ ਇਹ ਹੋਵੇਗਾ ਕਿ ਸਾਡੀਆਂ ਨਵੀਆਂ ਪੀੜ੍ਹੀਆਂ ਪੰਜਾਬੀ ਤੋਂ ਦੂਰ ਹੁੰਦੀਆਂ ਜਾਣਗੀਆਂ ਤੇ ਉਹ ਦਿਨ ਵੀ ਦੂਰ ਨਹੀਂ ਹੋਵੇਗਾ, ਜਦੋਂ ਪੰਜਾਬੀ ਬੋਲੀ ਤੁਹਾਨੂੰ ਖੁਹ ਦੇ ਚੱਕ ਵਾਂਗ ਆਲੋਪ ਹੋ ਜਾਵੇਗੀ ਤੇ ਭਾਲਿਆਂ ਨਹੀਂ ਥਿਆਉਣੀ। ਜ਼ਰਾ ਗੰਭੀਰਤਾ ਨਾਲ ਸੋਚਣ ਦੀ ਗੱਲ ਹੈ।

 ਸਾਡੇ ਵਾਲੇ ਪਾਸੇ ਤਾਂ ਲੱਚਰਤਾ ਕੁਝ ਵੀ ਨਹੀਂ, ਪਾਕਿਸਤਾਨ ਵਾਲਿਆਂ ਨੇ ਸਿਰਾ ਦੀ ਲਾਇਆ ਪਿਆ। ਉਹਨਾਂ ਦੇ ਸਟੇਜ਼ ਸ਼ੋਅ ਦੇਖ ਲਉ ਅਸ਼ਲੀਲ ਕਾਮੇਡੀ ਤੇ ਲੱਚਰ ਗੀਤਾਂ 'ਤੇ ਐਨਾ ਭੜਕਾਉ ਡਾਂਸ ਅੰਜੁਮਨ ਸ਼ਹਿਜ਼ਾਦੀ ਤੇ ਮੀਰਾ ਵਰਗੀਆਂ ਕਰਦੀਆਂ ਹਨ ਕਿ ਲੁੱਚੇ ਤੋਂ ਲੁੱਚਾ ਬੰਦਾ ਵੀ ਇਕ ਵਾਰ ਤਾਂ ਨੀਵੀਂ ਪਾ ਜਾਂਦਾ ਹੈ।

 ਕੁਝ ਵਰ੍ਹੇ ਪਹਿਲਾਂ ਪਾਕਿਸਤਾਨ ਤੋਂ ਕੁਝ ਕਲਾਕਾਰ ਇੰਗਲੈਂਡ ਸ਼ੋਅ ਕਰਨ ਆਏ ਤੇ ਉਹਨਾਂ ਨਾਲ ਉਹ ਪ੍ਰਸਿੱਧ ਗੀਤਕਾਰ ਵੀ ਆਇਆ ਜਿਸ ਨੇ ਪਾਕਿਸਤਾਨ ਦੇ 95% ਨਹੀਂ ਤਾਂ ਘੱਟੋ ਘੱਟ 90% ਤਾਂ ਲੱਚਰ ਗੀਤ ਲਿਖੇ ਹੀ ਹਨ। ਇਕ ਮੁਸ਼ਾਇਰੇ ਵਿਚ ਸਾਡੀ ਮੁਲਾਕਾਤ ਹੋਈ ਤੇ ਮੈਂ ਉਸ ਨੂੰ ਖਾਣੇ ਦਾ ਸੱਦਾ ਦੇ ਦਿੱਤਾ। ਮਿਥੇ ਦਿਹਾੜੇ ਉਸਨੂੰ ਲੈ ਕੇ ਮੈਂ ਬ੍ਰੰਿਮੰਘਮ ਲਾਹੌਰ ਕੜਾਹੀ ਵਿਚ ਚਲਾ ਗਿਆ। ਉਸ ਨਾਲ ਉਸਦੀ ਮਹਿਬੂਬ ਇਕ ਬਹੁਤ ਸੁਨੱਖੀ ਜਿਹੀ ਡਾਂਸਰ ਕੁੜੀ ਵੀ ਸੀ। ਉਸਦੀ ਪਸੰਦ ਪੁੱਛ ਕੇ ਮੈਂ ਨੇਵੀ ਰੰਮ ਦੀ ਬੋਤਲ ਮੰਗਵਾ ਲਿੱਤੀ। ਪਾਕਿਸਤਾਨ ਤੇ ਹਿੰਦੁਸਤਾਨ ਦੇ ਫਨਕਾਰਾਂ ਅਤੇ ਸਾਹਿਤ ਬਾਰੇ ਸਾਡੀਆਂ ਗੱਲਾਂ ਹੁੰਦੀਆਂ ਰਹੀਆਂ। ਸਾਨੂੰ ਤਿੰਨਾਂ ਨੂੰ ਦੋ ਦੋ ਕੁ ਪੈੱਗ ਆਏ ਤੇ ਬੋਤਲ ਖਾਲੀ। ਮੈਂ ਲਿੱਟਰ ਦੀ ਬੋਤਲ ਹੋਰ ਮੰਗਵਾ ਲਈ। ਨਵੀਂ ਬੋਤਲ ਦੇ ਡੱਟ ਨੂੰ ਗੇੜਾ ਦਿੰਦਿਆਂ ਮੈਂ ਉਸਨੂੰ ਕਿਹਾ, "ਯਾਰ ਵੈਸੇ ਤਾਂ ਕਹਿੰਦੇ ਹੁੰਦੇ ਹਨ ਕਿ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੁੰਦੇ ਨੇ ਉਹ ਦੂਜਿਆਂ ਦੇ ਪੱਥਰ ਨਹੀਂ ਮਾਰਦੇ। ਪੰਜਾਬੀ ਅਫਸਾਨਾਨਿਗਾਰੀ ਵਿਚ ਗਰਮ ਮੈਂ ਵੀ ਬਥੇਰਾ ਲਿਖਦਾ ਹਾਂ। ਪਰ ਮੈਂ ਗੀਤ ਸਾਫ-ਸੁਥਰੇ ਲਿਖੇ ਹਨ, ਕਿਉਂਕਿ ਮੇਰਾ ਮੰਨਣਾ ਹੈ ਕਿ ਲਿਖਿਆ ਹੋਇਆ ਤਾਂ ਕੇਵਲ ਉਹੀ ਪੜ੍ਹੇਗਾ ਜੋ ਉਸਨੂੰ ਪੜ੍ਹਨਾ ਚਾਹੇਗਾ। ਪਰ ਗੀਤ ਮੱਲੋਮੱਲੀ ਉਹਨਾਂ ਲੋਕਾਂ ਤੱਕ ਵੀ ਪਹੁੰਚਦੇ ਹਨ, ਜੋ ਬੇਸ਼ੱਕ ਸੁਣਨਾ ਨਾ ਵੀ ਚਾਹੁੰਦੇ ਹੋਣ। ਪੰਜਾਬੀ ਜ਼ੁਬਾਨ ਨਾਲ ਤਾਂ ਵੈਸੇ ਹੀ ਬਹੁਤ ਬਦਸਲੂਕੀ ਹੋ ਚੁੱਕੀ ਹੈ। ਸਾਡੇ ਵਾਲੇ ਪਾਸੇ ਹਿੰਦੀ ਤੇ ਅੰਗਰੇਜ਼ੀ ਢਾਅ ਲਾ ਰਹੀ ਹੈ ਤੇ ਤੁਸੀਂ ਇਸ ਨੂੰ ਸਿੱਖਾਂ ਦੀ ਜ਼ੁਬਾਨ ਕਹਿ ਕੇ ਨਕਾਰ ਦਿੰਦੇ ਹੋ। ਜਿਹੜੇ ਤੁਸੀਂ ਗੀਤ ਲਿਖੀ ਜਾਂਦੇ ਹੋ ਉਸ ਨਾਲ ਤਾਂ ਪੰਜਾਬੀ ਦਾ ਮੁਹਾਂਦਰਾ ਹੋਰ ਵੀ ਵਿਗੜਦਾ ਹੈ। ਇਹ ਚੀਜ਼ ਬੰਦ ਨਹੀਂ ਤਾਂ ਘੱਟ ਜ਼ਰੂਰ ਕਰ ਦਿਉ।"

ਮੇਰੀ ਗੱਲ ਸੁਣ ਕੇ ਪਹਿਲਾਂ ਤਾਂ ਉਹ ਕੁਝ ਗੰਭੀਰ ਜਿਹਾ ਹੋ ਗਿਆ। ਫਿਰ ਕਹਿਣ ਲੱਗਾ, "ਤੁਹਾਡੀ ਗੱਲ ਤਾਂ ਸਹੀ ਹੈ। ਪਰ ਸਾਡੀ ਜ਼ਰੂਰਤ ਅਤੇ ਮਜ਼ਬੂਰੀ ਹੈ।"

"ਕੀ ਮਤਲਬ?"

"ਜਵਾਨੀ ਦੇ ਕੜਾਕੇ ਕੱਢਦੇ ਜਾਂ ਐਨਾ ਨੇੜੇ ਹੋ ਜਾ ਵਿਚੋਂ ਤੀਲਾ ਵੀ ਨਾ ਲੰਘੇ ਵਰਗੇ ਇਹ ਗੀਤ ਮੁਜ਼ਰੇ ਵਾਸਤੇ ਲਿਖੀਦੇ ਨੇ...।"

ਉਹ ਅੱਗੇ ਕੁਝ ਕਹਿਣ ਹੀ ਵਾਲਾ ਸੀ ਕਿ ਵਿਚ ਗੱਲ ਟੋਕ ਕੇ ਉਸਦੀ ਸਾਥਣ ਕੁੜੀ ਮੈਨੂੰ ਆਪਣੀ ਦਰਦ ਭਰੀ ਕਹਾਣੀ ਸੁਣਾਉਣ ਲੱਗ ਪਈ। ਉਹ ਇਕ ਬਹੁਤ ਹੀ ਗਰੀਬ ਪਰਿਵਾਰ ਦੀ ਲੜਕੀ ਸੀ ਤੇ ਮਾਂ ਅੰਨ੍ਹੀ, ਪਿਉ ਹਾਦਸੇ ਵਿਚ ਲੱਤਾਂ ਗਵਾਹ ਬੈਠਾ।ਚਾਰ ਭੈਣ ਭਰਾਵਾਂ ਦਾ ਪੇਟ ਪਾਲਣ ਲਈ ਉਸਨੂੰ ਮਜ਼ਬੂਰਨ ਜਿਸਮਫਰੋਸ਼ੀ ਦੇ ਧੰਦੇ ਵਿਚ ਪੈਣਾ ਪਿਆ। ਉਸ ਦੇ ਦੱਸਣ ਮੁਤਾਬਕ ਗਾਹਕ ਉਸਨੂੰ ਸਵੇਰੇ ਤੋਂ ਰਾਤ ਤੱਕ ਚੂੰਢਦੇ ਤੇ ਅੱਧੀ ਰਾਤ ਹੋਈ ਤੇ ਵੀ ਉਸਨੂੰ ਹੁੰਦਾ ਕਿ ਇਕ ਅੱਧਾ ਗਾਹਕ ਹੋਰ ਆ ਜਾਵੇ ਤਾਂ ਜੋ ਕੁਝ ਪੈਸੇ ਹੋਰ ਹੋ ਜਾਣ। ਦੂਜੇ ਦਿਨ ਭੰਨ੍ਹੇ ਹੋਏ ਪਿੰਡੇ ਨਾਲ ਉਸ ਵਿਚ ਉੱਠ ਕੇ ਬੈਠਣ ਦੀ ਵੀ ਹਿੰਮਤ ਨਾ ਹੁੰਦੀ। ਪਰ ਮਜ਼ਬੂਰਨ ਉਸਨੂੰ ਉੱਠ ਕੇ ਫੇਰ ਧੰਦਾ ਕਰਨਾ ਜਾਣਾ ਪੈਂਦਾ। ਫਿਰ ਉਸਨੂੰ ਸੋਹਣੀ ਹੋਣ ਕਾਰਨ ਕਿਸੇ ਨੇ ਡਾਂਸ ਸਿੱਖਣ ਦੀ ਸਲਾਹ ਦਿੱਤੀ ਤੇ ਉਹ ਸਟੇਜ਼ਾਂ 'ਤੇ ਡਾਂਸ ਕਰਕੇ ਕਮਾਈ ਕਰਨ ਲੱਗੀ 'ਤੇ ਤਾਂ ਜਾ ਕੇ ਉਸਨੂੰ ਉਸ ਨਰਕ ਭਰੀ ਜ਼ਿੰਦਗੀ ਤੋਂ ਛੁੱਟਕਾਰਾ ਮਿਲਿਆ। ਕੁਝ ਦੇਰ ਡਾਂਸ ਕਰਕੇ ਉਹ ਉਨਾ ਕਮਾਅ ਲੈਂਦੀ ਜਿੰਨਾ ਕਿ ਉਹ ਆਪਣਾ ਜਿਸਮ ਵੇਚ ਕੇ ਹਫਤੇ ਵਿਚ ਕਮਾਉਂਦੀ ਸੀ। ਭੜਕੀਲਾ ਰਕਸ਼ ਭੜੀਕਲੇ ਗੀਤ ਉੱਤੇ ਹੀ ਕੀਤਾ ਜਾ ਸਕਦਾ ਹੈ। ਉਸ ਮੁਤਾਬਕ ਬੁੱਲ੍ਹੇ ਸ਼ਾਹ ਦੀ ਕਾਫੀ 'ਤੇ ਨੱਚੇਗੀ ਤਾਂ ਕੌਣ ਪੈਸੇ ਸੁੱਟੇਗਾ।ਉਸਦੀ ਕਹਾਣੀ ਸੁਣਦਿਆਂ ਮੇਰੀ ਸਾਰੀ ਪੀਤੀ ਉਤਰ ਗਈ। ਹੱਢਬੀਤੀ ਸੁਣਾਉਂਦਿਆਂ ਹੁੱਬਕੀ-ਹੁੱਬਕੀ ਰੋਂਦੀ ਹੋਈ ਨੂੰ ਅਸੀਂ ਥੱਬਾ ਟਿਸ਼ੂ ਖਰਾਬ ਕਰਕੇ ਵਰਾਇਆ। ਉਹਨੇ ਮੈਨੂੰ ਦੱਸਿਆ ਕਿ ਪਹਿਲਾਂ ਇਹ ਗਰਮ ਗੀਤ ਬਣਦੇ ਹਨ ਤੇ ਉਹਨਾਂ 'ਤੇ ਵੱਡੀਆਂ 'ਤੇ ਮਸ਼ਹੂਰ ਲੈਲਾ, ਸਨਾ, ਸਾਇਮਾ, ਮੀਰਾ, ਦੀਦਾਰ ਵਰਗੀਆਂ ਡਾਂਸਰਾਂ ਵਿਡੀਉ ਬਣਾਉਂਦੀਆਂ ਹਨ। ਫਿਰ ਉਹਨਾਂ ਨੂੰ ਦੇਖ ਕੇ ਉਹ ਡਾਂਸ ਕਰਦੀਆਂ ਹਨ। ਇਸ ਤਰ੍ਹਾਂ ਪਾਕਿਸਤਾਨ ਦੇ ਹਜ਼ਾਰਾਂ ਘਰਾਂ ਵਿਚ ਚੁੱਲ੍ਹੇ ਜਲਦੇ ਹਨ।ਉਸ ਦੀ ਵਾਰਤਾ ਸੁਣਨ ਬਾਅਦ ਮੈਨੂੰ ਵੀ ਮਹਿਸੂਸ ਹੋਇਆ ਕਿ ਇਸ ਵਿਚ ਸ਼ਾਇਦ ਉਨੀ ਬੁਰਾਈ ਨਹੀਂ ਜਿੰਨੀ ਮੈਂ ਸਮਝਦਾ ਸੀ। ਇਨਸਾਨੀ ਜ਼ਿੰਦਗੀ ਬੋਲੀ ਨਾਲੋ ਜ਼ਿਆਦਾ ਕੀਮਤੀ ਹੈ। ਇਨਸਾਨ ਸਲਾਮਤ ਹੈ ਤਾਂ ਬੋਲੀ ਬੋਲੇਗਾ। ਬੋਲੀ ਆਪੇ ਸਲਾਮਤ ਰਹੇਗੀ। ਇਨਸਾਨ ਹੀ ਨਾ ਰਿਹਾ ਤਾਂ ਬੋਲੀ ਕੌਣ ਬੋਲੇਗਾ? ਬੋਲੀ ਬੰਦੇ ਲਈ ਬਣੀ ਹੈ, ਬੰਦਾ ਬੋਲੀ ਲਈ ਨਹੀਂ। ਜੇ ਹਜ਼ਾਰ ਚੰਗੇ ਗੀਤ ਹਨ ਤੇ ਇਕ ਮਾੜਾ ਲਿੱਖਿਆ ਜਾਵੇਗਾ ਤਾਂ ਕੀ ਤੁਫਾਨ ਆਉਣ ਲੱਗਾ ਹੈ? ਲੋਕ ਪਿੱਟਣ ਕਿਉਂ ਲੱਗ ਜਾਂਦੇ ਹਨ? ਮਾੜਾ ਗੀਤ ਹੋਵੇਗਾ ਤਾਂ ਅਸੀਂ ਚੰਗੇ ਦੀ ਕਦਰ ਕਰ ਸਕਾਂਗੇ। ਰਾਮ ਨੂੰ ਭਗਵਾਨ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਉਸਦੀ ਤੁਲਨਾ ਰਾਵਣ ਨਾਲ ਕੀਤੀ ਜਾਂਦੀ ਹੈ। ਜੇ ਰਾਵਣ ਨਾ ਹੁੰਦਾ ਤਾਂ ਰਾਮ ਸਿਰਫ ਰਾਮ ਹੀ ਹੁੰਦਾ। ਜੇ ਸਿਰਫ ਚੰਗੇ ਗੀਤ ਹੀ ਹੋਣਗੇ ਤਾਂ ਸਾਨੂੰ ਉਸਦੀ ਤੁਲਨਾ ਕਰਨ ਲਈ ਹੀ ਕੁਝ ਨਹੀਂ ਲੱਭੇਗਾ।

ਮੈਨੂੰ ਕਈ ਕਹਿ ਦਿੰਦੇ ਨੇ ਕਿ ਤੇਰੀਆਂ ਕਿਤਾਬਾਂ ਦੇ ਟਾਇਟਲ ਕਵਰ ਸਾਹਿਤਕ ਨਹੀਂ ਹਨ, ਵਿਚ ਜੋ ਮਰਜ਼ੀ ਹੋਵੇ ਟਾਇਟਲ ਕਲੀਨ ਹੋਣੇ ਚਾਹੀਦੇ ਹਨ। ਮੈਂ ਜੁਆਬ ਦਿੱਤਾ ਕਿ ਮੈਂ ਆਪਣੇ ਪਾਠਕ ਨਾਲ ਧੋਖਾ ਨਹੀਂ ਕਰ ਸਕਦਾ। ਜੋ ਲੇਬਲ 'ਤੇ ਲਿੱਖਿਆ ਹੈ ਵਿਚ ਵੀ ਉਹੀ ਮਿਲੇਗਾ। ਪੰਜਾਬੀ ਦਾ ਪਾਠਕ ਅਜੇ ਐਨਾ ਮਿਚਿਉਰ ਨਹੀਂ ਹੋਇਆ ਕਿ ਆਰਟ ਕੀ ਹੁੰਦੀ ਹੈ ਸਮਝ ਸਕੇ। ਮੇਰੇ ਨਾਵਲ ਵਸਤਰ ਦੇ ਟਾਇਟਲ 'ਤੇ ਕੁੜੀ ਆਪਣੇ ਬਲਾਉਜ਼ ਦੀ ਤਣੀ ਖੋਲ੍ਹਦੀ ਹੈ, ਫਿਰ ਨਾਵਲ ਵਿਚ ਜੋ ਮੈਂ ਕਹਿਣਾ ਚਾਹੁੰਦਾ ਸੀ ਕਿਹਾ ਤੇ ਬੈਕ ਕਵਰ 'ਤੇ ਮੇਰੀ ਜੈਕਟ ਦਾ ਬਟਨ ਬੰਦ ਕਰਦੇ ਦੀ ਫੋਟੋ ਹੈ। ਫੋਟੋ ਮੈਂ ਕੋਈ ਹੋਰ ਵੀ ਲਾ ਸਕਦਾ ਸੀ। ਲੇਕਿਨ ਉਥੇ ਵੀ ਉਹਦਾ ਕੋਈ ਮਤਲਬ ਪੇਸ਼ ਕੀਤਾ ਤਾਂ ਜੋ ਨਾਵਲ ਪੜ੍ਹੇ ਬਿਨਾ ਵੀ ਕਿਸੇ ਨੂੰ ਕੋਈ ਸੁਨੇਹਾ ਮਿਲ ਸਕੇ।

ਇੰਗਲੈਂਡ ਵਿਚ ਰਹਿ ਰਿਹਾ ਇਕ ਬੰਦਾ ਦਸ ਬਾਰਾਂ ਘੰਟੇ ਕੰਮ ਕਰਕੇ ਘਰ ਆਉਂਦਾ ਹੈ ਤੇ ਉਹ ਆਪਣੇ ਬੱਚਿਆਂ ਨਾਲ ਵਕਤ ਬਿਤਾਏਗਾ ਆਪਣੇ ਮਨੋਰੰਜਨ ਲਈ ਟੈਲੀਵਿਜ਼ਨ ਦੇਖੇਗਾ। ਇਕ ਔਰਤ ਕੰਮ ਤੋਂ ਆ ਕੇ ਘਰ ਦਾ ਰੋਟੀ-ਟੁੱਕ ਕਰੇਗੀ। ਜਦ ਨੂੰ ਸੌਂਣ ਦਾ ਟਾਇਮ ਹੋ ਜਾਂਦਾ ਹੈ ਕਿਉਂਕਿ ਸਵੇਰੇ ਉੱਠ ਕੇ ਫੇਰ ਕੰਮ 'ਤੇ ਜਾਣਾ ਹੁੰਦਾ ਹੈ। ਐਨੀ ਮਸਰੂਫ ਜ਼ਿੰਦਗੀ ਵਿਚ ਸਮਾਂ ਕਿਸ ਕੋਲ ਹੈ? ਲੋਕ ਸਾਹਿਤ ਕਿਉਂ ਪੜ੍ਹਨ? ਲੋਕਾਂ ਨੂੰ ਸਾਹਿਤ ਵੱਲ ਆਕਰਸ਼ਿਤ ਕਰਨ ਲਈ ਜੇ ਮੈਂ ਆਪਣੀ ਕਿਤਾਬ ਦੇ ਪੰਚੀ ਛੱਬੀ ਸਫੇ ਦੀ ਕਹਾਣੀ ਵਿਚ ਇਕ ਅੱਧਾ ਕਾਮ ਉਕਸਾਊ ਪੈਰਾ ਲਿਖ ਦਿੰਦਾ ਹਾਂ ਤਾਂ ਕਿੱਡਾ ਕੁ ਪਹਾੜ ਡਿੱਗ ਚੱਲਿਆ ਹੈ? ਆਲੋਚਕਾਂ ਨੂੰ ਇਕ ਸੈਕਸ ਸੀਨ ਤਾਂ ਦਿਸ ਜਾਂਦਾ ਹੈ ਉਹਨਾਂ ਨੂੰ ਇਹ ਨਹੀਂ ਦਿਸਦਾ ਕਿ ਮੇਰੀ ਹਰ ਕਹਾਣੀ ਸਿੱਖਿਆਦਾਇਕ ਹੁੰਦੀ ਹੈ। ਉਸ ਵਿਚ ਕੋਈ ਨਾ ਕੋਈ ਸੰਦੇਸ਼ ਹੁੰਦਾ ਹੈ। ਮੇਰੀ ਕਹਾਣੀ ਸਿਰਫ ਸੈਕਸੀ ਹੀ ਨਹੀਂ ਐਜੂਕੇਸ਼ਨਲ ਵੀ ਹੁੰਦੀ ਹੈ ਤੇ ਪੰਜਾਬੀ ਸਭਿਅਤਾ ਅਤੇ ਸੰਸਕ੍ਰਿਤੀ ਵੱਲ ਆਉਣ ਲਈ ਪ੍ਰੇਰਦੀ ਹੈ। ਉਸ ਵਿਚ ਜਨਰਲ ਨੌਲੇਜ਼ ਵੀ ਹੁੰਦੀ। ਹਰ ਕਹਾਣੀ ਵਿਚ ਤਕਨੀਕੀ ਪੱਖੋਂ ਵੀ ਮੈਂ ਕੁਝ ਨਾ ਕੁਝ ਨਵਾਂ ਕੀਤਾ ਹੁੰਦਾ ਹੈ। ਜਿਹੜਾ ਕਹਿੰਦਾ ਹੈ ਕਿ ਮੇਰੀ ਕਹਾਣੀ ਅਸ਼ਲੀਲ ਹੈ, ਮੈਂ ਕਹਿੰਦਾ ਹਾਂ ਕਿ ਉਸਨੇ ਮੇਰੀ ਕਹਾਣੀ ਪੜ੍ਹੀ ਹੀ ਨਹੀਂ। ਜਿਸਨੂੰ ਚੰਗਾ ਨਹੀਂ ਲੱਗਦਾ ਮੈਂ ਤਾਂ ਕਹਿੰਦਾ ਹੁੰਦਾ ਹੈ ਕਿ ਮੇਰੇ 'ਤੇ ਅਹਿਸਾਨ ਕਰ ਦਿਉ ਮੈਨੂੰ ਪੜ੍ਹਿਆ ਨਾ ਕਰੋ।

ਫਰਜ਼ ਕਰੋ ਪਾਣੀ ਦੇ ਜੱਗ ਵਿਚੋਂ ਗਿਲਾਸ ਭਰ ਕੇ ਜੇ ਅਸੀਂ ਉਸ ਵਿਚੋਂ ਅੱਧਾ ਪਾਣੀ ਪੀ ਲਈਏ ਤਾਂ ਇਸਦਾ ਮਤਲਬ ਹੈ ਜੱਗ ਵਾਲ ਪਾਣੀ ਸੁੱਚਾ ਹੈ ਤੇ ਗਿਲਾਸ ਵਾਲਾ ਜੂਠਾ। ਫੇਰ ਗਿਲਾਸ ਵਾਲੇ ਪਾਣੀ ਨੂੰ ਜੇ ਜੱਗ ਵਿਚ ਰਲਾ ਦੇਈਏ ਤਾਂ ਅਸੀਂ ਕਹਿੰਦੇ ਹਾਂ ਕਿ ਜੱਗ ਵਾਲਾ ਪਾਣੀ ਜੂਠਾ ਹੋ ਗਿਆ। ਜੇ ਸੁੱਚਾ ਹੋਣਾ ਉੱਤਮ ਹੈ ਤੇ ਜੂਠਾ ਹੋਣਾ ਨੀਚਤਾ ਹੈ? ਜੂਠਾ ਤਾਂ ਥੋੜ੍ਹੀ ਮਾਤਰਾ ਵਿਚ ਸੀ ਤੇ ਸੁੱਚਾ ਪਾਣੀ ਅਧੀਕ। ਸੁੱਚੇ ਪਾਣੀ ਵਿਚ ਰਲ ਕੇ ਜੂਠਾ ਪਾਣੀ ਸੁੱਚਾ ਕਿਉਂ ਨਹੀਂ ਬਣ ਸਕਿਆ? ਸੁੱਚਾ ਹੀ ਜੂਠਾ ਕਿਉਂ ਬਣਿਆ? ਇਸ ਅਰਥ ਤਾਂ ਇਹ ਹੋਇਆ ਕਿ ਜੁੱਠੇ ਪਾਣੀ ਵਿਚ ਗੁਣ ਜਿਆਦਾ ਸਨ। ਸਾਡੇ ਇੰਗਲੈਂਡ ਵਿਚ ਦੋ ਸੌ ਤੋਂ ਵੱਧ ਪੰਜਾਬੀ ਲੇਖਕ ਹਨ। ਸੈਕਸ ਬਾਰੇ ਲਿਖਣ ਵਾਲੇ ਸਿਰਫ ਦੋ। ਇਕ ਮੈਂ ਦੂਜੀ ਵੀਨਾ ਵਰਮਾ। ਵੀਨਾ ਕੁਝ ਸੰਕੋਚ ਨਾਲ ਲਿਖਦੀ ਹੈ ਤੇ ਦੂਜਾ ਔਰਤ ਹੋਣ ਕਰਕੇ ਬਰੀ ਹੋ ਜਾਂਦੀ ਹੈ। ਮੈਂ ਇਕ ਟਾਇਰ ਕੱਚੇ ਇਕ ਪੱਕੇ ਰੱਖ ਕੇ ਗੱਡੀ ਚਲਾਉਂਦਾ ਹੋਣ ਕਰਕੇ ਸਾਰੇ ਮੇਰੇ ਮਗਰ ਪੈ ਜਾਂਦੇ ਹਨ। ਜੇ ਸਾਰੇ ਬਾਕੀ ਵਧੀਆ ਲਿਖਦੇ ਨੇ ਤਾਂ ਉਹਨਾਂ ਦੇ ਸਾਹਿਤ ਨੂੰ ਤਾਂ ਮੇਰੀਆਂ ਕਹਾਣੀਆਂ ਇਸ ਕਦਰ ਰੋਲ ਦੇਣੀਆਂ ਚਾਹਦੀਆਂ ਸਨ ਕਿ ਮੇਰਾ ਕਦੇ ਕੋਈ ਜ਼ਿਕਰ ਹੀ ਨਾ ਹੁੰਦਾ। ਸਮਝ ਨਹੀਂ ਆਉਂਦੀ ਉਹ ਮੈਥੋਂ ਕਿਉਂ ਖਾਰ ਖਾਂਦੇ ਹਨ?

ਮੇਰੇ ਵਿਚ ਕੋਈ ਕਲਾ ਹੈ ਤਾਂ ਮੈਨੂੰ ਉਸਦਾ ਅੱਜ ਫਾਇਦਾ ਹੋਣਾ ਚਾਹੀਦਾ ਹੈ। ਮਰਨ ਮਗਰੋਂ ਕਿਸਨੇ ਦੇਖਿਆ ਹੈ ਕਿ ਤੁਹਾਨੂੰ ਕੌਣ ਪੜ੍ਹਦਾ ਹੈ ਕੌਣ ਨਹੀਂ। ਨੰਦ ਲਾਲ ਨੂਰਪੁਰੀ ਵਰਗਿਆਂ ਨੂੰ ਖੂਹ ਵਿਚ ਛਾਲਾਂ ਮਾਰ ਕੇ ਮਰਨਾ ਪਿਆ। ਮੇਰੇ ਤੋਂ ਨਹੀਂ ਇਹੋ ਜਿਹਾ ਕੁਝ ਹੋਣਾ। ਮੈਂ ਸਾਹਿਤਕਾਰਾਂ ਦੇ ਪੜ੍ਹਨ ਲਈ ਤਾਂ ਲਿਖਦਾ ਹੀ ਨਹੀਂ। ਮੇਰਾ ਸਾਹਿਤ ਆਮ ਪਾਠਕ ਲਈ ਹੈ ਤੇ ਜੇ ਮੈਂ ਆਪਣੇ ਪਾਠਕ ਨੂੰ ਸੁਆਦ ਦਿੰਦਾ ਹਾਂ ਤਾਂ ਕਿਸੇ ਦਾ ਕੀ ਢਿੱਡ ਦੁੱਖਦਾ ਹੈ? ਅਗਲਾ ਆਪਣੀ ਸਵੈ ਇੱਛਾ ਨਾਲ ਪੜ੍ਹਦਾ ਹੈ। ਮੈਂ ਕਿਹੜਾ ਕਿਸੇ ਨੂੰ ਤੋਪ ਨਾਲ ਬੰਨ੍ਹਿਆ ਹੁੰਦਾ ਹੈ ਕਿ ਮੈਨੂੰ ਪੜ੍ਹ। ਪੰਜਾਬੀ ਦਾ ਸਿਰਫ ਇਕੋ ਇਕ ਮੈਂ ਹੀ ਅਜਿਹਾ ਲੇਖਕ ਹਾਂ ਜਿਸਦੀ ਰਚਨਾ ਛਪੀ 'ਤੇ ਕੁਝ ਬੰਦੇ ਸੰਪਾਦਕ ਨੂੰ ਸਲਾਹ ਦਿੰਦੇ ਹਨ ਕਿ ਮੈਨੂੰ ਨਾ ਛਾਪਿਆ ਕਰੇ। ਬਹੁਤੀ ਵਾਰ ਤਾਂ ਇਸ ਪਿੱਛੇ ਜਾਤੀ ਰੰਜ਼ਸ਼ ਹੁੰਦੀ ਹੈ।

ਲਉ ਇਸ ਬਾਰੇ ਵੀ ਇਕ ਨਿੱਕਾ ਜਿਹਾ ਟੋਟਕਾ ਹੋ ਜਾਏ। ਇਕ ਬੰਦੇ ਦਾ ਸੱਜਰਾ ਵਿਆਹ ਹੋਇਆ ਸੀ ਤੇ ਉਸਨੇ ਲੋਹੜੀ 'ਤੇ ਆਪਣੇ ਸਾਰੇ ਦੋਸਤਾਂ ਮਿੱਤਰਾਂ ਨੂੰ ਸੱਦਿਆ।ਜਦੋਂ ਉਹ ਪਾਰਟੀ ਤੋਂ ਬਾਅਦ ਜਾਣ ਲੱਗੇ ਤਾਂ ਉਹ ਕਹਿੰਦਾ ਇਸੇ ਤਰ੍ਹਾਂ ਹੀ ਸਭ ਨੇ ਅਗਲੇ ਸਾਲ ਨੂੰ ਲੋਹੜੀ 'ਤੇ ਵੀ ਆਉਣਾ ਹੈ, ਸੁੱਖ ਨਾਲ ਅਸੀਂ ਦੋ ਤੋਂ ਤਿੰਨ ਹੋ ਜਾਵਾਂਗੇ। ਚਲੋ ਜੀ ਅਗਲੇ ਸਾਲ ਦੀ ਲੋਹੜੀ ਵੀ ਆ ਗਈ ਪਰ ਉਸਦੇ ਬੱਚਾ ਨਾ ਹੋਇਆ ਉਸਦੇ ਕਿਸੇ ਹੋਰ ਦੋਸਤ ਦੇ ਹੋ ਗਿਆ।ਸਾਰੇ ਦੋਸਤ ਉਥੇ ਇਕੱਠੇ ਹੋ ਗਏ। ਉਸ ਤੋਂ ਅਗਲੇ ਸਾਲ ਕਿਸੇ ਹੋਰ ਦੇ ਬੱਚਾ ਹੋ ਗਿਆ। ਇਉਂ ਪੰਜ ਸੱਤ ਸਾਲ ਲੰਘ ਗਏ ਤੇ ਉਸ ਬੰਦੇ ਦੇ ਦੋਸਤਾਂ ਚੋਂ ਕਿਸੇ ਨਾ ਕਿਸੇ ਦੇ ਬੱਚਾ ਹੁੰਦਾ ਰਿਹਾ ਪਰ ਉਹਦੇ ਕੋਈ ਔਲਾਦ ਨਾ ਹੋਈ। ਅੱਠਵੇਂ ਸਾਲ ਉਸਦਾ ਕੋਈ ਹੋਰ ਦੋਸਤ ਉਸਨੂੰ ਲੋਹੜੀ ਦੀ ਪਾਰਟੀ ਲਈ ਸੱਦਾ ਦੇਣ ਆਇਆ ਤਾਂ ਉਸ ਬੰਦੇ ਨੂੰ ਅੰਦਰੋਂ ਬੜਾ ਮਹਿਸੂਸ ਹੋਇਆ ਕਿ ਮੇਰੇ ਤਾਂ ਬੱਚਾ ਨਹੀਂ ਹੋਇਆ। ਬਦਹਵਾਸੀ ਵਿਚ ਉਹ ਲੋਹੜੀ ਲਈ ਸੱਦਾ ਦੇਣ ਆਏ ਆਪਣੇ ਦੋਸਤ ਨੂੰ ਕਹਿੰਦਾ, "ਲੋਹੜੀ ਮਨਾਉਣ ਤੋਂ ਪਹਿਲਾਂ ਡੀ ਐਨ ਏ ਕਰਵਾ ਲੈਣਾ ਸੀ। ਪੱਕਾ ਪਤਾ ਲੱਗਾ ਜਾਂਦਾ ਬੱਚਾ ਤੇਰਾ ਹੀ ਹੈ।"

"ਮੈਨੂੰ ਡੀ ਐਨ ਏ ਕਰਵਾਉਣ ਦੀ ਲੋੜ੍ਹ ਨਹੀਂ। ਤੂੰ ਡਾਕਟਰ ਤੋਂ ਮਰਦਾਨਾ ਤਾਕਤ ਦੀ ਦਵਾਈ ਲੈ ਲੈ ਤੈਨੂੰ ਉਹਦੀ ਜ਼ਰੂਰ ਲੋੜ੍ਹ ਹੈ।" ਉਹਦੇ ਦੋਸਤ ਜੁਆਬ ਦਿੱਤਾ ਹੈ।

ਮੇਰੇ ਬਾਰੇ ਕਈ ਲੇਖਕ ਕਹਿ ਦਿੰਦੇ ਹਨ ਕਿ ਮੈਂ ਸਟੰਟ (ਵਿਵਾਦਪੂਰਨ ਲਿਖ ਕੇ) ਕਰਕੇ ਚਰਚਾ ਕਰਵਾ ਜਾਂਦਾ ਹਾਂ। ਉਹਨਾਂ ਨੂੰ ਮੇਰਾ ਕਹਿਣਾ ਹੈ ਤੁਸੀਂ ਸਟੰਟ ਕਰ ਲਉ, ਤੁਹਾਡੇ ਤੋਂ ਨਹੀਂ ਹੁੰਦੇ।

ਇਕ ਲੇਖਕ ਦੀ ਮੂਰਖਤਾ ਦਾ ਪ੍ਰਦਰਸ਼ਨ ਤਾਂ ਇਥੋਂ ਤੱਕ ਦੇਖੋ ਮੇਰੇ ਬਲੌਗ 'ਤੇ ਹੀ ਟਿਪਣੀ ਛੱਡਦਾ ਹੈ ਕਿ ਹੋਰ ਵੀ ਲੇਖਕ ਹਨ ਤੁਸੀਂ ਉਹਨਾਂ ਨੂੰ ਛਾਪਿਆ ਕਰੋ ਬਲਰਾਜ ਸਿੱਧੂ ਦੀਆਂ ਕਹਾਣੀ ਹੀ ਛਾਪਦੇ ਰਹਿੰਦੇ ਹੋ। ਅਜਿਹਾ ਕਰਕੇ ਲੋਕ ਆਪਣਾ ਹੀ ਜਲੂਸ ਕੱਢ ਲੈਂਦੇ ਹਨ। ਅਖਬਾਰ ਦੇ ਸੰਪਾਦਕ ਕੋਲ ਵੀ ਦਿਮਾਗ ਹੁੰਦਾ ਹੈ, ਉਸਨੂੰ ਵੀ ਪਤਾ ਹੁੰਦਾ ਹੈ ਕਿ ਉਸ ਨੇ ਕੀ ਛਾਪਣਾ ਹੈ ਤੇ ਕੀ ਨਹੀਂ। ਇਹ ਗੱਲ ਤਾਂ ਇਸ ਤਰ੍ਹਾਂ ਹੈ ਜਿਵੇਂ ਤੁਸੀਂ ਭਾਵੇਂ ਕਰਿਆਨੇ ਦੀ ਦੁਕਾਨ ਤੋਂ ਲੱਖ ਸੌਦੇ ਲੈਂਦੇ ਹੋਵੋ ਤੇ ਤੁਸੀਂ ਦੁਕਾਨਦਾਰ ਨੂੰ ਕਹੋ ਕਿ ਮੈਨੂੰ ਬਲੱਡ ਪੈਸ਼ਰ ਹੈ ਤੂੰ ਦੇਸੀ ਘਿਉ ਨਾ ਰੱਖਿਆ ਕਰ ਆਪਣੀ ਦੁਕਾਨ 'ਤੇ ਕਿਤੇ ਮੈਨੂੰ ਹਾਰਟ ਅਟੈਕ ਨਾ ਹੋ ਜਾਵੇ। ਹੁਣ ਦੁਕਾਨਦਾਰ ਤਾਂ ਤੁਹਾਡੀ ਸਿਆਣਪ 'ਤੇ ਹੱਸੇਗਾ ਹੀ। ਬਈ ਤੈਨੂੰ ਜਿਹੜੀ ਚੀਜ਼ ਨਹੀਂ ਪਚਦੀ ਨਾ ਖਾਹ। ਘਿਉ ਹੋਰ ਲੋਕਾਂ ਨੇ ਤਾਂ ਲੈਣਾ ਹੀ ਹੈ। ਤੁਹਾਡੇ ਕਹਿਣ 'ਤੇ ਦੁਕਾਨਦਾਰ ਘਿਉ ਦੇ ਪੀਪੇ ਸੜਕ 'ਤੇ ਨਹੀਂ ਡੋਲ੍ਹਣ ਲੱਗਾ। ਜਦ ਤੁਸੀਂ ਪੜ੍ਹੋਗੇ ਹੀ ਨਹੀਂ ਫੇਰ ਮੇਰੀ ਕਹਾਣੀ ਤੁਹਾਡੇ ਕੀ ਦੰਦੀ ਵੱਡਦੀ ਹੈ। ਅਸਲ ਵਿਚ ਇਸ ਪਿਛੇ ਲੋਕਾਂ ਦੀ ਹੀਣ ਭਾਵਨਾ ਛੁਪੀ ਹੁੰਦੀ ਹੈ। ਉਹਨਾਂ ਨੂੰ ਡਰ ਹੁੰਦਾ ਹੈ ਕਿ ਇਹ ਚੀਜ਼ ਵੱਧ ਪੜ੍ਹੀ ਜਾਵੇਗੀ ਤੇ ਇਸ ਨਾਲ ਉਹਨਾਂ ਦੀ ਰਚਨਾ ਰੁਲ੍ਹ ਜਾਵੇਗੀ। ਸਾਡੇ ਯੂ. ਕੇ. ਤੋਂ ਪੰਜਾਬ ਟੈਲੀਗ੍ਰਾਫ ਅਖਬਾਰ ਨਿਕਲਦਾ ਹੈ। ਮੈਂ ਸ਼ੁਰੂਆਤੀ ਦਿਨਾਂ ਵਿਚ ਉਸਨੂੰ ਜੋ ਮੈਥੋਂ ਸਰਿਆ ਸਹਿਯੋਗ ਦਿੱਤਾ। ਇਕ ਲੇਖਕ ਨਾਲ ਮੇਰੇ ਕੁਝ ਨਿੱਜੀ ਮਤਭੇਦ ਹਨ। ਅਖਬਾਰ ਦਾ ਸੰਪਾਦਕ ਰਾਮ ਦਾਸ ਮੈਨੂੰ ਉਸ ਲੇਖਕ ਦਾ ਨਾਮ ਲੈ ਕੇ ਕਹਿਣ ਲੱਗਾ ਯਾਰ ਉਹਦੀ ਰਚਨਾ ਆਈ ਹੈ ਕਿਵੇਂ ਕਰੀਏ? ਮੈਂ ਬਿਨਾ ਦੇਰ ਲਾਇਆਂ ਉਸਨੂੰ ਕਿਹਾ ਜਿਥੇ ਮੇਰੀ ਰਚਨਾ ਛਪਦੀ ਹੈ ਉਹਦੇ ਬਰਾਬਰ ਛਾਪ ਦੇਵੀਂ, ਮੈਨੂੰ ਕਾਹਦਾ ਇਤਰਾਜ਼ ਹੈ। ਮੈਨੂੰ ਤਾਂ ਸਗੋਂ ਮੁਕਾਬਲਾ ਕਰਨਾ ਵਿਚ ਸੁਆਦ ਆਉਂਦਾ ਹੈ। ਜਦੋਂ ਕੁੰਢੀਆਂ ਦੇ ਸਿੰਗ ਫਸਣ ਫੇਰ ਈ ਪਤਾ ਲੱਗਦਾ ਹੁੰਦਾ ਬੜ੍ਹੇਵੇਂ ਖਾਣੀ ਕਿਵੇਂ ਨਿੱਤਰਦੀ ਹੈ।

ਚਾਹੇ ਉਹ ਹਨੀ ਹੈ, ਚਾਹੇ ਚਮਕੀਲਾ ਜਾਂ ਕੋਈ ਹੋਰ ਹੋਵੇ, ਕਦੇ ਵੀ ਦੇਖ ਲੈਣਾ ਜਿਹੜਾ ਵੀ ਅਸ਼ਲੀਲਤਾ ਦਾ ਸਹਾਰਾ ਲੈਂਦਾ ਹੈ, ਉਹ ਹਮੇਸ਼ਾਂ ਬਹੁਤ ਟੈਲੈਂਟਡ ਬੰਦਾ ਹੋਵੇਗਾ। ਚੂਤ ਤੇ ਬਲਾਤਕਾਰ ਹਨੀ ਦੇ ਮਾੜੇ ਗੀਤ ਹਨ, ਮੈਂ ਇਕ ਵਾਰ ਸੁਣ ਲਏ ਮੈਨੂੰ ਪਸੰਦ ਨਹੀਂ ਆਏ ਤੇ ਮੈਂ ਜ਼ਿੰਦਗੀ ਵਿਚ ਉਹ ਦੁਬਾਰਾ ਨਹੀਂ ਸੁਣਾਗਾ। ਪਰ ਮੈਂ ਹਨੀ ਦੇ ਦੂਜੇ ਕੀਤੇ ਕੰਮ ਲਈ ਉਸਦਾ ਫੈਨ ਹਾਂ ਤੇ ਮੇਰੀ ਤਮੰਨਾ ਹੈ ਕਿ ਕਾਸ਼ ਕਦੇ ਉਹ ਮੇਰੇ ਕਿਸੇ ਗੀਤ ਦਾ ਮਿਊਜ਼ਿਕ ਕਰੇ। ਮੈਂ ਨਹੀਂ ਕਹਿੰਦਾ ਕਿ ਉਸ 'ਤੇ ਕੋਈ ਪਾਬੰਦੀ ਲਾਉ। ਹਨੀ ਤੁਹਾਡੀ ਪੁੜਪੜੀ 'ਤੇ ਪਿਸਤੌਲ ਰੱਖ ਕੇ ਆਪਣੇ ਗਾਣੇ ਸੁਣਾਉਂਦਾ ਹੈ? ਚੈਨਲਾਂ ਨੂੰ ਪੈਸੇ ਦੇ ਕੇ ਉਹ ਗਾਣੇ ਲਵਾਉਂਦੇ ਹਨ। ਨਹੀਂ ਚੰਗਾ ਲਗਦਾ ਕੋਈ ਹੋਰ ਚੈਨਲ ਦੇਖ ਲਉ।

ਤੁਸੀਂ ਸੌ ਬੰਦਾ ਫੜ੍ਹ ਲਉ ਉਹਨਾਂ ਵਿਚੋਂ ਤੁਹਾਨੂੰ ਮੁਸ਼ਕਿਲ ਨਾਲ ਪੰਜ ਬੰਦੇ ਵੀ ਨਹੀਂ ਮਿਲਗੇ, ਜੋ ਪੰਜਾਬੀ ਸਾਹਿਤ ਪੜ੍ਹਦੇ ਹੋਣਗੇ।ਮੈਂ ਹਿੱਕ ਥਾਪੜ ਕੇ ਕਹਿੰਦਾ ਹੈ ਕਿ ਮੈਂ ਆਪਣੇ ਲਈ ਨਵੇਂ ਪਾਠਕ ਪੈਦਾ ਕੀਤੇ। ਜਿਨ੍ਹਾਂ ਨੇ ਕਦੇ ਸਾਹਿਤ ਪੜ੍ਹਕੇ ਹੀ ਨਹੀਂ ਸੀ ਦੇਖਿਆ, ਮੈਂ ਉਹਨਾਂ ਨੂੰ ਪੜ੍ਹਨ ਦਾ ਚਸਕਾ ਪਾਇਆ। ਮੈਂ ਅਜਿਹਾ ਇਸ ਲਈ ਕਰ ਸਕਿਆ, ਕਿਉਂਕਿ ਮੇਰੀਆਂ ਕਹਾਣੀਆਂ ਵਿਚ ਸੈਕਸ ਦਾ ਵਰਣਨ ਹੁੰਦਾ ਸੀ। ਸਾਫ-ਸੁਥਰੀ ਕਹਾਣੀ ਲਿਖ ਕੇ ਤੁਸੀਂ ਮੈਨੂੰ ਕਰਕੇ ਦਿਖਾਦਿਉ, ਮੈਂ ਵੀ ਉਵੇਂ ਕਰ ਲਿਆ ਕਰਾਂਗਾ। ਜਿਹੜੇ ਮੇਰੇ 'ਤੇ ਅਸ਼ਲੀਲਤਾ ਫੈਲਾਉਣ ਦਾ ਇਲਜ਼ਾਮ ਲਾਉਂਦੇ ਹਨ ਉਹਨਾਂ ਨੂੰ ਮੇਰਾ ਇਹ ਜੁਆਬ ਕਿ ਮੇਰੇ ਕਿਸੇ ਗੀਤ 'ਤੇ ਉਂਗਲ ਧਰ ਕੇ ਦਿਖਾਉ। ਕੀ ਕਦੇ ਸੋਚਿਆ ਹੈ ਮੇਰੇ ਗੀਤ ਸਾਫ-ਸੁਥਰੇ ਕਿਉਂ ਹਨ? ਜਿਹੜੀ 'ਅਣਲੱਗ' ਜਾਂ 'ਨੰਗੀਆਂ ਅੱਖੀਆਂ' ਕਹਾਣੀਆਂ ਲਿਖਦੀ ਹੈ, ਉਸੇ ਕਲਮ ਨੇ ਹੀ 'ਊਧਮ ਸਿੰਘ' ਤੇ 'ਮਾਛੀਵਾੜਾ ਜੰਗਲ' ਲਿਖੇ ਹਨ। ਕਹਾਣੀ ਲਿਖਣ ਨੂੰ ਮੈਨੂੰ ਮਹੀਨਾ ਮਹੀਨਾ ਲੱਗ ਜਾਂਦਾ ਹੈ ਤੇ ਗੀਤ ਲਿਖਣ ਨੂੰ ਮੈਂ ਕਦੇ ਪੰਜ ਮਿੰਟ ਤੋਂ ਵੱਧ ਟਾਇਮ ਨਹੀਂ ਲਾਇਆ। ਜੇ ਪੰਜ ਮਿੰਟ ਵਿਚ ਕੋਈ ਗੀਤ ਪੂਰਾ ਨਾ ਹੋਵੇ ਤਾਂ ਜਿੰਨਾ ਲਿੱਖਿਆ ਗਿਆ ਹੋਵੇ ਮੈਂ ਉਥੇ ਫਾੜ੍ਹ ਕੇ ਸੁੱਟ ਦਿੰਦਾ ਹਾਂ ਅੱਗੇ ਲਿੱਖਦਾ ਹੀ ਨਹੀਂ। ਲੱਚਰਤਾ ਫੈਲਾਉਣੀ ਹੁੰਦੀ ਤਾਂ ਗਰਮ ਗੀਤਾਂ ਦੀ ਝੜੀ ਲਾ ਕੇ ਮੈਂ ਖਿਲਾਰੇ ਪਾ ਦਿੰਦਾ। ਮੈਂ ਇਸ ਇਲਜ਼ਾਮ ਦਾ ਖੰਡਨ ਕਰਦਾ ਹਾਂ।

ਅਸ਼ਲੀਲਤਾ ਦਾ ਦੋਸ਼ ਲਾਉਣ ਵਾਲੇ ਕਈ ਕਹਿ ਦਿੰਦੇ ਹਨ ਕਿ ਹਨੀ ਆਪਣੀ ਮਾਂ ਭੈਣ ਨੂੰ ਗੀਤ ਸੁਣਾਵੇ। ਹਨੀ ਨੇ ਯੂਟਿਊਬ 'ਤੇ ਗੀਤ ਪਾ ਦਿੱਤਾ। ਉਥੋਂ ਕੋਈ ਵੀ ਸੁਣ ਸਕਦਾ ਹੈ। ਉਸਨੇ ਤੁਹਾਨੂੰ ਕਾਰਡ ਪਾਇਆ ਸੀ ਕਿ ਮੇਰਾ ਗੀਤ ਸੁਣੋ। ਇਸੇ ਤਰ੍ਹਾਂ ਮੇਰੀਆਂ ਕਿਤਾਬਾਂ ਵੀ ਮੇਰੇ ਘਰ ਪਈਆਂ ਹਨ, ਮੇਰੇ ਘਰਦੇ ਪੜ੍ਹਨਾ ਚਾਹੁਣ ਤਾਂ ਪੜ੍ਹ ਸਕਦੇ ਹਨ, ਮੈਂ ਕਿਹੜਾ ਰੋਕਦਾ ਹਾਂ। ਇਲਜ਼ਾਮ ਉਹ ਲਾਉ ਜੋ ਸਹੀ ਹੋਵੇ ਤੇ ਜਿਸਦੀ ਅਗਲੇ ਬੰਦੇ ਕੋਲ ਕੋਈ ਸਫਾਈ ਨਾ ਹੋਵੇ।

ਕਈ ਨੂੰ ਮੇਰੇ ਵਰਤੇ ਹੋਏ ਕੁਝ ਸ਼ਬਦ ਵੀ ਅੱਖਰ ਜਾਂਦੇ ਹਨ, ਉਸਦਾ ਜੁਆਬ ਮੇਰੇ ਤੋਂ ਪਹਿਲਾਂ ਬਲਵੰਤ ਗਾਰਗੀ ਨੇ ਬਹੁਤ ਸੋਹਣਾ ਲਿੱਖਿਆ ਹੈ ਕਿ ਅਸੀਂ ਔਰਤ ਦੀ ਛਾਤੀ ਦੀ ਗੱਲ ਕਰਨੀ ਹੈ, ਹੁਣ ਉਸਨੂੰ ਮੇਜ਼ ਲਿੱਖਿਆ ਕਰੀਏ ਜਾਂ ਕੁਰਸੀ।

ਆਮ ਲੇਖਕਾਂ ਦਾ ਵਿਚਾਰ ਹੈ ਕਿ ਰਚਨਾ ਸੰਖੇਪ ਹੋਣੀ ਚਾਹੀਦੀ ਹੈ, ਪਾਠਕ ਕੋਲ ਸਮਾਂ ਨਹੀਂ, ਕੋਈ ਪੜ੍ਹਦਾ ਨਹੀਂ। ਮੈਂ ਕਹਿੰਦਾ ਹਾਂ, "ਕੌਨ ਕਹਿਤਾ ਹੈ ਕਿ ਆਸਮਾਂ ਮੇ ਸੁਰਾਖ ਨਹੀਂ ਹੋਤਾ, ਕੋਈ ਤਬੀਅਤ ਸੇ ਪੱਥਰ ਮਾਰੇ ਤੋ ਸਹੀ।" ਜੇਕਰ ਤੁਹਾਡੀ ਕਲਮ ਵਿਚ ਦਮ ਨਹੀਂ ਤਾਂ ਤੁਹਾਡੀ ਮਿੰਨੀ ਕਹਾਣੀ ਵੀ ਕਿਸੇ ਨੇ ਨਹੀਂ ਪੜ੍ਹਣੀ, ਜੇ ਦਮ ਹੈ ਤਾਂ ਦਿੱਲੀ ਤੋਂ ਲਾਹੌਰ ਤੱਕ ਦੇ ਫਾਸਲੇ ਜਿੰਨਾ ਵੀ ਲਿੱਖ ਦਿਉ, ਲੋਕ ਪੜ੍ਹਣਗੇ। ਮੈਂ ਜਾਣਬੁੱਝ ਕੇ ਲੰਮੀ ਰਚਨਾ ਲਿਖਦਾ ਹਾਂ। ਮੈਂ ਸ਼ੇਖ ਫਰੀਦ, ਗੁਰੂ ਨਾਨਕ ਦੇਵ ਅਤੇ ਹੋਰ ਧਾਰਮਿਕ ਵਿਸ਼ਿਆਂ 'ਤੇ ਵੀ ਲਿਖਿਆ ਹੈ। ਮੈਨੂੰ ਅੱਜ ਤੱਕ ਕਿਸੇ ਨੇ ਨਹੀਂ ਕਿਹਾ ਅਸੀਂ ਉਹ ਪੜ੍ਹਿਆ ਹੈ। ਫੇਰ ਮੈਂ ਦੱਸੋ ਕੀ ਕਰਾਂ? ਮੈਂ ਕੇਵਲ ਕਹਾਣੀਆਂ ਹੀ ਨਹੀਂ ਲਿਖਦਾ ਹੋਰ ਵੀ ਬਹੁਤ ਕੁਝ ਲਿਖਿਆ ਹੈ। ਇੰਗਲੈਂਡ ਵਿਚ ਮੇਰੇ ਤੋਂ ਪਹਿਲਾਂ ਕਿਸੇ ਨੇ ਸਾਹਿਤਕਾਰਾਂ ਦੇ ਜੀਵਨ ਤੇ ਉਨਾ ਦੀਆਂ ਰਚਨਾਵਾਂ ਬਾਰੇ ਨਿਰੰਤਰ ਨਹੀਂ ਸੀ ਲਿਖੀਆ। ਮੈਂ 'ਲਫਜ਼ਾਂ ਦੇ ਦਰਵੇਸ਼' ਕਾਲਮ ਲਿਖ ਕੇ ਕਈਆਂ ਨੂੰ ਹਾਈਲਾਇਟ ਕੀਤਾ। ਜੇ ਮੈਂ ਇਕ ਕਹਾਣੀ ਸੈਕਸ 'ਤੇ ਲਿਖਦਾਂ ਤਾਂ ਉਸਦੇ ਮੁਕਾਬਲੇ ਦਸ ਹੋਰ ਸਾਫ-ਸਥਰੀਆਂ ਸਾਹਿਤਕ ਰਚਨਾਵਾਂ ਵੀ ਲਿਖਦਾ ਹਾਂ। ਇਸ ਲਈ ਭੰਢਣਾ ਛੱਡੋ ਤੇ ਸਿਰਜਣਾਤਮਕ ਬਣੋ।

ਲੱਚਰ ਗਾਇਕੀ ਬਾਰੇ ਲੋਕਾਂ ਨੂੰ ਸੁਰਤ ਆਈ ਹੈ। ਸਾਲਾਂ ਤੋਂ ਪਿੰਡ ਸ਼ੰਕਰ ਅਤੇ ਛਪਾਰ ਦੇ ਮੇਲੇ 'ਤੇ ਲੁੱਚੀਆਂ ਬੋਲੀਆਂ ਪਾਉਣ ਦੀ ਪ੍ਰਥਾ ਰਹੀ ਹੈ। ਉਹਨਾਂ ਬੋਲੀਆਂ ਮੂਹਰੇ ਤਾਂ ਅੱਜ ਦੇ ਇਹ ਗੀਤ ਕੁਝ ਵੀ ਨਹੀਂ ਹਨ। ਯੁਟਿਊਬ 'ਤੇ ਉਹਨਾਂ ਦੀਆਂ ਰਿਕਾਡਿੰਗਾਂ ਪਾ ਦਿਆਂਗੇ ਸਰਵਨ ਕਰਕੇ ਦੱਸਿਉ ਫੇਰ। ਐਵੇਂ ਵਿਹਲੜਾ ਨੇ ਕਾਵਾਂ ਰੌਲੀ ਪਾਈ ਹੋਈ ਹੈ। ਕੀ ਗਲਤ ਹੈ ਲੱਕ ਟਵੈਂਟੀ ਏਟ ਵਿਚ? ਗੁਰਦਾਸ ਮਾਨ ਨੇ ਲਿਖਿਆ ਤੇ ਗਾਇਆ 'ਮੁੰਦਰੀ ਦੇ ਛੱਲੇ ਜਿੰਨਾ ਲੱਕ' ਤੇ ਬਾਬੂ ਸਿੰਘ ਮਾਨ ਨੇ ਲਿੱਖਿਆ ਸੀ 'ਲੱਕ ਪਤਲਾ ਹੁਲਾਰੇ ਖਾਂਦਾ ਚਰੀ ਦਾ ਟਾਂਡਾ' ਫਰਕ ਕੀ ਹੈ? ਅੱਜ ਸਮੇਂ ਦੇ ਹਿਸਾਬ ਨਾਲ ਲੱਕ ਦੀ ਖੂਬਸੂਰਤੀ ਬਿਆਨਣ ਲਈ ਸਾਇਜ਼ ਕਹਿ ਦਿੱਤਾ ਗਿਆ।ਮਤਲਬ ਤਾਂ ਇਸ ਤਸ਼ਬੀਹ ਦਾ ਇਹੀ ਹੈ ਕਿ ਪਤਲਾ ਲੱਕ ਹੈ।

ਵਾਰਿਸ਼ ਸ਼ਾਹ ਨੇ ਥੋੜ੍ਹਾ ਗੰਦ ਵੱਢਿਆ ਕਿਤੇ, ਜਦੋਂ ਲਿਖਦੈ 'ਵਾਰਿਸ਼ ਸ਼ਾਹ ਜੇ ਰੰਨ ਦਿਆਲ ਹੋਵੇ...।' ਇਸ ਤੋਂ ਅਗਲੀ ਲਾਇਨ ਪੜ੍ਹ ਕੇ ਦੱਸੋ ਅਸ਼ਲੀਲ ਹੈ ਜਾ ਨਹੀਂ। ਉਹਨੂੰ ਤਾਂ ਕੋਈ ਕੁਝ ਨਹੀਂ ਕਹਿੰਦਾ। ਗੁਰਦਾਸ ਮਾਨ ਨੇ ਇਕ ਗੀਤ ਗਾਇਆ ਸੀ, 'ਨੱਚ ਨੀ ਨੱਚ ਨੀ ਮੁੰਡੇ ਗੱਭਰੂ ਜਵਾਨਾਂ ਕੋਲੋਂ ਬਚ ਨੀ, ਅੱਜਕੱਲ੍ਹ ਦੇ ਜਵਾਨ ਮੁੰਡੇ ਨਿਰੇ ਨੇ ਤੁਫਾਨ ਲੈਣ ਕੱਚ ਦੇ ਗਿਲਾਸ ਵਾਂਗੂ ਚੱਕ ਨੀ।' ਮਾਣਕ ਨੇ ਗਾਇਆ ਸੀ 'ਨੀ ਐਂਦਾ ਤੈਨੂੰ ਰਗੜ ਸਿੱਟੂੰ ਜਿਵੇਂ ਰਗੜੀ ਕੁੰਡੇ ਦੇ ਵਿਚ ਮਹਿੰਦੀ।' ਸੁਰਿੰਦਰ ਕੌਰ ਨੇ ਕਿਹੜਾ ਗਰਮ ਗੀਤ ਨਹੀਂ ਗਾਏ, ਉਹ ਤੁਹਾਡੀ ਕੋਇਲ ਹੋ ਗਈ। ਅਸੀਂ ਤਾਂ ਅੱਜ ਲਿਖਣ ਲੱਗੇ ਹਾਂ ਪਿਛਲੇ ਚਾਲੀ ਸਾਲਾਂ ਤੋਂ ਕੈਲਾਸ਼ ਪੁਰੀ ਸੈਕਸ ਬਾਰੇ ਸੇਜ਼ ਸਾਂਝ, ਸੇਜ਼ ਮਲਾਰ ਲਿਖੀ ਜਾ ਰਹੀ ਹੈ। ਉਸਨੂੰ ਕਦੇ ਕਿਸੇ ਨੇ ਨਹੀਂ ਕਿਹਾ। ਅਸੀਂ ਚਾਰ ਅੱਖਰ ਲਿੱਖ ਦੇਈਏ ਟੱਪਣ ਲੱਗ ਜਾਂਦੇ ਨੇ ਲੋਕ। ਕੈਲਾਸ਼ ਪੁਰੀ 'ਤੇ ਸਵ: ਬਹਾਦਰ ਸਾਥੀ ਨੇ ਚੁੱਟਕਲਾ ਵੀ ਜੋੜਿਆ ਹੋਇਆ ਹੈ। ਜੋ ਇਸ ਪ੍ਰਕਾਰ ਹੈ।

ਸੁਰਜੀਤ ਸਿੰਘ ਕਾਲੜਾ, ਹਰਿੰਦਰ ਸਿੰਘ ਬਜਾਜ ਤੇ ਗੁਰਦੀਪ ਸਿੰਘ ਪੁਰੀ ਨੇ ਰਲ ਕੇ ਇਕ ਫਾਇਨੈਂਸ ਕੰਪਨੀ ਬਣਾਈ। ਦਫਤਰ ਦੇ ਉਦਘਾਟਨ ਲਈ ਡਾ: ਗੁਪਾਲ ਸਿੰਘ ਪੁਰੀ ਨੂੰ ਨਿਮੰਤਰਨ ਦਿੱਤਾ। ਉਦਘਾਟਨ ਵਾਲੇ ਦਿਨ ਡਾ: ਪੁਰੀ ਨੂੰ ਅਚਾਨਕ ਖੁਦ ਮੌਕੇ ਉੱਤੇ ਪੁੱਜਣਾ ਤਾਂ ਅਸਮਰਥ ਹੋ ਗਿਆ ਹੋ ਗਿਆ, ਲੇਕਿਨ ਉਹਨਾਂ ਆਪਣੀ ਪਤਨੀ ਕੈਲਾਸ਼ ਪੁਰੀ ਨੂੰ ਭੇਜ ਦਿੱਤਾ।
ਉਦਘਾਟਨ ਦੀ ਰਸਮ ਉਪਰੰਤ ਕੈਲਾਸ਼ ਪੁਰੀ ਨੇ ਆਰਥਿਕ ਸਮੱਸਿਆਵਾਂ ਉੱਤੇ ਕੁਝ ਬੋਲਣ ਦੀ ਥਾਂ ਪੂਰਾ ਘੰਟਾ ਸੇਜ-ਉਲਝਣਾ ਤੇ ਸੈਕਸ ਸਮੱਸਿਆਵਾਂ ਸਬੰਧੀ ਹੀ ਪ੍ਰਧਾਨਗੀ ਭਾਸ਼ਨ ਦੇ ਕੇ ਆਪਣਾ ਫਰਜ਼ ਪੂਰਾ ਕਰ ਦਿੱਤਾ।
ਸ਼ਾਮ ਨੂੰ ਘਰ ਆ ਕੇ ਜਦੋਂ ਡਾਕਟਰ ਪੁਰੀ ਨੇ ਫੰਕਸ਼ਨ ਬਾਰੇ ਪੁੱਛਿਆ ਤਾਂ ਕੈਲਾਸ਼ ਪੁਰੀ ਨੇ ਬੜੇ ਫਖਰ ਨਾਲ ਦੱਸਿਆ ਕਿ ਲੋਕਾਂ ਨੇ ਮੇਰੇ ਭਾਸ਼ਨ ਦਾ ਇਕ ਇਕ ਸ਼ਬਦ ਬੜੇ ਅਰਾਮ ਨਾਲ ਸੁਣਿਆ। ਡਾਕਟਰ ਪੁਰੀ ਨੇ ਜ਼ਰਾ ਸੰਦੇਹ ਨਾਲ ਹੈਰਾਨ ਹੁੰਦਿਆਂ ਪੁੱਛਿਆ, "ਤੁਸੀਂ ਬੋਲੇ ਕਿਸ ਵਿਸ਼ੇ ਉੱਤੇ ਸੀ?"
ਕੈਲਾਸ਼ ਪੁਰੀ ਨੇ ਆਪਣੀ ਕਮਜ਼ੋਰੀ ਨੂੰ ਲੁਕਾਉਣ ਲਈ ਝੂਠ ਹੀ ਆਖ ਦਿੱਤਾ, "ਬਸ ਆਜੋਕੀ ਆਰਥਿਕ ਸਥਿਤੀ ਬਾਰੇ...।"
ਦੂਸਰੇ ਦਿਨ ਡਾਕਟਰ ਪੁਰੀ ਨੂੰ ਕੁਦਰਤੀ ਫਾਇਨੈਂਸ ਕੰਪਨੀ ਦੇ ਦਫਤਰ ਜਾਣ ਦਾ ਸਬਬ ਬਣ ਗਿਆ। ਡਾਕਟਰ ਪੁਰੀ ਨੂੰ ਦੇਖਦਿਆਂ ਹੀ ਸਾਰੇ ਸਟਾਫ ਮੈਂਬਰ ਬੜੇ ਖੁਸ਼ ਹੋਏ ਤੇ ਕੈਲਾਸ਼ ਪੁਰੀ ਦੇ ਭਾਸ਼ਨ ਦੀਆਂ ਸਿਫਤਾਂ ਦੇ ਪੁਲ ਬੰਨ੍ਹਣ ਲੱਗੇ। ਇਹ ਸਭ ਕੁਝ ਸੁਣ ਕੇ ਡਾਕਟਰ ਪੁਰੀ ਨੇ ਆਖਿਆ, "ਦੇਖੋ ਭਾਜੀ! ਮੇਰੀ ਪਤਨੀ ਕੈਲਾਸ਼ ਹੋਰੀਂ ਕੱਲ੍ਹ ਇਥੇ ਜਿਸ ਵਿਸ਼ੇ ਉੱਤੇ ਬੋਲ ਕੇ ਗਏ ਨੇ, ਸੱਚ ਮੰਨਿਓਂ ਉਸ ਬਾਰੇ ਤਾਂ ਉਹ A B C ਵੀ ਨਹੀਂ ਜਾਣਦੀ।"

ਅਸੀਂ ਉਸ ਧਰਤੀ 'ਤੇ ਜਨਮੇ ਹਾਂ ਜਿਥੇ ਦੁਨੀਆਂ ਦੀ ਸਭ ਤੋਂ ਪਹਿਲੀ ਸੰਭੋਗ ਸਿੱਖਿਆ ਦੀ ਕਿਤਾਬ ਲਿਖੀ ਗਈ। ਰਿਸ਼ੀ ਵਾਤਸਇਨ ਦਾ ਕਾਮਸੂਤਰ ਤੇ ਕੋਕੇ ਪੰਡਤ ਦਾ ਕੋਕ ਸ਼ਾਸ਼ਤਰ ਵਰਗੇ ਗ੍ਰੰਥ ਰਚੇ ਗਏ ਹਨ। ਸੈਕਸ ਨੂੰ ਅਧਾਰ ਬਣਾਕੇ ਕਹਾਣੀਆਂ ਲਿੱਖਣ ਵਿਚ ਕੀ ਬੁਰਾਈ ਹੈ? ਮੈਂ ਇਕ ਸਮੱਸਿਆ ਬਾਰੇ ਲਿਖ ਰਿਹਾ ਹਾਂ। ਰਾਮਇਣ ਤੇ ਮਹਾਭਾਰਤ ਔਰਤ ਮਰਦ ਸੰਬੰਧ 'ਤੇ ਅਧਾਰਿਤ ਹੈ। ਸੈਕਸ ਦੀ ਸਮੱਸਿਆ ਬੀਤੇ ਕੱਲ੍ਹ ਵੀ ਸੀ, ਅੱਜ ਵੀ ਹੈ ਤੇ ਆਉਣ ਵਾਲੇ ਕੱਲ੍ਹ ਨੂੰ ਵੀ ਰਹੇਗੀ। ਅੱਜਕੱਲ੍ਹ ਐਨੇ ਤਲਾਕ ਹੋ ਰਹੇ ਨੇ, ਉਹਨਾਂ ਦਾ ਕਾਰਨ ਵੀ ਇਹੀ ਸਮੱਸਿਆ ਹੈ।

ਸਾਹਿਤ ਸਮਾਜ ਦਾ ਦਰਪਨ ਹੁੰਦਾ ਹੈ। ਜੋ ਸਮਾਜ ਵਿਚ ਘਟ ਰਿਹਾ ਹੈ ਮੈਂ ਉਹੀ ਲਿਖ ਰਿਹਾ ਹਾਂ। ਜਿੰਨਾ ਕੁ ਸੈਕਸ ਮੇਰੀਆਂ ਕਹਾਣੀਆਂ ਵਿਚ ਹੈ ਉਸ ਨਾਲੋਂ ਕਿਤੇ ਵੱਧ ਤਾਂ ਅਸੀਂ ਟੀਵੀ ਜਾਂ ਆਪਣੇ ਆਲੇ-ਦੁਆਲ੍ਹੇ ਸ਼ਰੇਆਮ ਦੇਖਦੇ ਹਾਂ। ਸਾਡੇ ਇੰਗਲੈਂਡ ਵਿਚ ਤਾਂ ਤੁਸੀਂ ਬਾਹਰ ਨਿਕਲੋਂ ਤੁਹਾਨੂੰ ਕੋਈ ਨਾ ਕੋਈ ਜੋੜਾ ਮੂੰਹ ਵਿਚ ਮੂੰਹ ਪਾਈ ਚੁੰਮਦਾ ਨਜ਼ਰ ਆ ਜਾਵੇਗਾ। ਇੰਗਲੈਂਡ ਵਿਚ ਬਰਾਇਟਨ ਨਾਮ ਦਾ ਇਕ ਸ਼ਹਿਰ ਹੈ ਉਸ ਦੇ ਸਮੁੰਦਰ ਤਟ ਦਾ ਇਕ ਹਿੱਸਾ ਐਸਾ ਹੈ, ਜਿਥੇ ਤੁਸੀਂ ਕਪੜੇ ਪਾ ਕੇ ਨਹੀਂ ਜਾ ਸਕਦੇ। ਜ਼ਿੰਦਗੀ ਦਾ ਧੂਰਾ ਹੀ ਸੈਕਸ ਹੈ। ਸੈਕਸ ਦੀ ਵਜ੍ਹਾ ਨਾਲ ਹੀ ਅਸੀਂ ਇਸ ਦੁਨੀਆਂ 'ਤੇ ਆਏ ਹਾਂ। ਸੈਕਸ ਇਕ ਸੁਪਰੀਮ ਪਾਵਰ ਹੈ ਜਿਸ ਨੇ ਮਾਰਕੰਡੇ ਵਰਗੇ ਰਿਸ਼ੀ ਨੂੰ ਵੀ ਕਮਲਾ ਕਰਕੇ ਸਰਸਵਤੀ ਮਗਰ ਲਾ ਦਿੱਤਾ ਸੀ। ਵਿਸ਼ਵਾਮਿੱਤਰ ਦਾ ਤਪ ਭੰਗ ਕਰਵਾ ਦਿੱਤਾ ਸੀ। ਲਾਵਾਂ ਵਿਚੇ ਛੱਡ ਕੇ ਆਉਣ ਵਾਲੇ ਗੁਰਸਿੱਖ ਭਾਈ ਜੋਗੇ ਨੂੰ ਪਿਸ਼ਾਵਰ ਦੀ ਕੰਜਰੀ ਦੇ ਕੋਠੇ 'ਤੇ ਚੜ੍ਹਾ ਦਿੱਤਾ ਸੀ।

ਖਜਰਾਹੋ ਵਰਗੇ ਭਾਰਤ ਦੇ ਅਨੇਕਾਂ ਪ੍ਰਾਚੀਨ ਮੰਦਰਾਂ ਦੇ ਬਾਹਰ ਔਰਤ ਮਰਦ ਨੂੰ ਵੱਖ ਵੱਖ ਆਸਣਾਂ ਵਿਚ ਆਲਿੰਗਨਬਧ ਹੁੰਦਿਆਂ ਦਿਖਾਉਂਦੀਆਂ ਮੂਰਤੀਆਂ ਬਣੀਆਂ ਹੋਈਆਂ ਮਿਲਦੀਆਂ ਹਨ। ਉਹਨਾਂ ਦਾ ਮੰਦਰਾਂ ਦੇ ਬਾਹਰ ਬਣਾਉਣ ਪਿਛੇ ਦੋ ਮਕਸਦ ਸਨ। ਇਕ ਤਾਂ ਸੈਕਸ ਬਾਰੇ ਸਿੱਖਿਆ ਦੇਣੀ ਤੇ ਦੂਜਾ ਕਿ ਉਹਨਾਂ ਨੂੰ ਦੇਖ ਕੇ ਜੇ ਤੁਹਾਡਾ ਕਾਮ ਭੜਕਦਾ ਹੈ ਤਾਂ ਇਸ ਦਾ ਮਤਲਬ ਹੈ ਤੁਸੀਂ ਅਜੇ ਮੰਦਰ ਅੰਦਰ ਜਾਣ ਦੇ ਕਾਬਲ ਨਹੀਂ ਹੋਏ। ਤੁਸੀਂ ਸੈਕਸ ਤੋਂ ਉੱਪਰ ਉੱਠ ਕੇ ਮੰਦਰ ਵਿਚ ਆਉ। ਹੁਣ ਸੈਕਸ ਤੋਂ ਉੱਪਰ ਤਾਂ ਹੀ ਉੱਠਿਆ ਜਾ ਸਕੇਗਾ ਜੇਕਰ ਉਸ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਹੋਵੇਗੀ। ਲੱਚਰਤਾ ਪੰਜਾਬੀ ਸਾਹਿਤ ਜਾਂ ਗੀਤਾਂ ਵਿਚ ਤਾਂ ਰੋਕ ਲਵੋਂਗੇ। ਹਿੰਦੀ ਅੰਗਰੇਜ਼ੀ ਵਿਚੋਂ ਕਿਵੇਂ ਰੋਕੋਂਗੇ? ਇਹ ਅਸ਼ਲੀਲਤਾ ਨਾ ਤਾਂ ਕਦੇ ਰੁੱਕੀ ਜਾਂ ਮੁੱਕੀ ਹੈ ਤੇ ਨਾ ਹੀ ਕਦੇ ਰੁੱਕੇਗੀ। ਇਸ ਲਈ ਇਸ ਬਾਰੇ ਚਿੰਤਤ ਹੋ ਕੇ ਫਜ਼ੂਲ ਵਕਤ ਖਰਾਬ ਨਾ ਕਰੋ, ਇਸ ਦੇ ਮੁਕਾਬਲੇ ਜੋ ਚੰਗਾ ਸਿਰਜ ਸਕਦੇ ਹੋ ਸਿਰਜੋ। ਕਿਸੇ ਕਲਾਕਾਰ ਨੂੰ ਟੈਲੀਫੂਨ 'ਤੇ ਜਾਂ ਫੇਸਬੁੱਕ 'ਤੇ ਗਾਲ੍ਹਾਂ ਕੱਢ ਲੈਣੀਆਂ ਜਾਂ ਕੁੱਟਮਾਰ ਕਰਨ ਨਾਲ ਕੁਝ ਵੀ ਹੱਲ ਨਹੀਂ ਹੋਣ ਲੱਗਾ। ਜੋ ਹੁੰਦਾ ਹੈ, ਹੋਣ ਦਿਉ। ਅੰਗਰੇਜ਼ੀ ਦੀ ਕਹਾਵਤ ਹੈ, "When the rape is Unavoidable then enjoy it." ਭਾਵ ਜਦੋਂ ਬਲਾਤਕਾਰ ਨੂੰ ਰੋਕਣਾ ਅਸੰਭਵ ਹੋਵੇ, ਉਦੋਂ ਉਸ ਸੈਕਸ ਦਾ ਮਜ਼ਾ ਲੈ ਲੈਣਾ ਚਾਹੀਦਾ ਹੈ।

4 comments:

  1. thuade tark v sahi ne par jo lok sikke da duja pehlu dekhde ne oh v galt ni lagde.... kujh ni samj lagdi veer ji...

    ReplyDelete
  2. ਬੋਹਤ ਵਧੀਆ ਲਿਖੇਆ ਬਲਰਾਜ ਜੀ

    ReplyDelete
  3. ਬਹੁਤ ਹੀ ਵਧੀਆ ਲੇਖ ਹੈ ਵੱਡੇ ਵੀਰ.. ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਕਸ਼ੇ........!!

    ਤੁਹਾਡਾ ਛੋਟਾ ਵੀਰ.....

    ਲੇਖਕ - ਰਵੀ ਸੱਚਦੇਵਾ ਮੈਲਬੌਰਨ
    http://www.ravisachdeva.com/

    ReplyDelete