ਕਿੱਸਾ ਮਿਰਜ਼ਾ ਸਾਹਿਬਾਂ ਦਾ ਅਧਿਐਨ

ਮਿਰਜ਼ਾ ਐਸਾ ਸੂਰਮਾ



? ਬਲਰਾਜ ਸਿੰਘ ਸਿੱਧੂ, ਯੂ. ਕੇ.(www.balrajsidhu.com, e-mail: balrajssidhu@yahoo.co.uk, Mob: 0044 -7940120555)

ਪਿਆਰ ਨੂੰ ਮਨੁੱਖ ਦੀਆਂ ਚੌਦਾਂ ਮੂਲ ਪ੍ਰਵਿਰਤੀਆਂ ਵਿਚੋਂ ਉੱਤਮ ਗਰਦਾਨਿਆਂ ਜਾਂਦਾ ਹੈ। ਦੁਨੀਆਂ ਦੀਆਂ ਬਾਕੀ ਭਾਸ਼ਾਵਾਂ ਵਾਂਗ ਪੰਜਾਬੀ ਜ਼ਬਾਨ ਵਿਚ ਵੀ ਪ੍ਰੇਮ ਕਹਾਣੀ ਨੂੰ ਇਕ ਵਿਲੱਖਣ ਸਥਾਨ ਪ੍ਰਾਪਤ ਹੈ।ਵੈਸੇ ਤਾਂ ਹਰ ਪ੍ਰਾਣੀ ਦੀ ਕੋਈ ਨਾ ਕੋਈ ਆਪਣੀ ਪ੍ਰੀਤ ਕਥਾ ਹੁੰਦੀ ਹੈ। ਪਰ ਉਹ ਨਿੱਜ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੀ ਹੈ।ਪਰੰਤੂ ਕੁਝ ਮਨੁੱਖਾਂ ਦੀਆਂ ਪ੍ਰੇਮ ਕਹਾਣੀਆਂ ਆਮ ਲੋਕਾਂ ਨਾਲੋਂ ਵੱਖਰੀਆਂ, ਦਿਲਚਸਪ, ਅਲੋਕਿਕ ਤੇ ਅਲੋਕਾਰੀ ਹੁੰਦੀਆਂ ਹਨ।ਇਸ ਲਈ ਲੋਕ ਉਸਦੀਆਂ ਬਾਤਾਂ ਪਾਉਂਦੇ ਹਨ ਤੇ ਉਹ ਸਾਹਿਤ ਦਾ ਅਨਿਖੜਵਾਂ ਅੰਗ ਬਣਕੇ ਇਕ ਪੀੜੀ ਤੋਂ ਦੂਜੀ ਤੱਕ ਹੁੰਦੀਆਂ ਹੋਈਆਂ ਸਦੀਆਂ ਤੱਕ ਅਮਰ ਰਹਿੰਦੀਆਂ ਹਨ।ਇਹੋ ਜਿਹੀ ਹੀ ਸਾਡੀ ਇਕ ਪ੍ਰੇਮ ਕਹਾਣੀ ਹੈ, ਮਿਰਜ਼ਾ-ਸਾਹਿਬਾਂ। ਜਦੋਂ ਵੀ ਮਿਰਜ਼ੇ ਦਾ ਜ਼ਿਕਰ ਛਿੜਦਾ ਹੈ ਤਾਂ ਸਾਡੇ ਜ਼ਿਹਨ ਵਿਚ ਚਾਰ ਪਾਤਰ ਸਾਖਸ਼ਾਤ ਆ ਖੜ੍ਹਦੇ ਹਨ। ਇਕ ਕਿੱਸੇ ਦਾ ਨਾਇਕ ਮਿਰਜ਼ਾ, ਦੂਜੀ ਨਾਇਕਾ ਸਾਹਿਬਾਂ ਤੇ ਤੀਜੀ ਸਹਾਇਕ ਪਾਤਰ ਮਿਰਜ਼ੇ ਦੀ ਘੋੜੀ ਬੱਕੀ ਅਤੇ ਚੌਥਾ ਉਹ ਜੰਡ ਜਿਸਦੀ ਛਾਵੇਂ ਮਿਰਜ਼ਾ ਵੱਢਿਆ ਜਾਂਦਾ ਹੈ।

ਕਿੱਸਾ ਸ਼ਬਦ ਜਿਸਦਾ ਅਰਥ ਕਹਾਣੀ, ਕਥਾ ਜਾਂ ਬਿਰਤਾਤ ਹੁੰਦਾ ਹੈ। ਭਾਵੇਂ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ, ਪਰ ਪੰਜਾਬੀ ਵਿਚ ਵੀ ਇਸਨੂੰ ਉਨੀ ਹੀ ਮਾਨਤਾ ਪ੍ਰਾਪਤ ਹੈ, ਜਿੰਨੀ ਕਿ ਅਰਬੀ, ਫਾਰਸੀ ਜਾਂ ਇਰਾਨੀ ਅਦਬ ਵਿਚ ਹੈ। ਕਿੱਸੇ ਦਾ ਉਦਭਵ ਵਿਦਵਾਨਾਂ ਅਨੁਸਾਰ ਫਾਰਸੀ ਮਨਸਵੀ ਪ੍ਰੰਪਰਾ ਰਾਹੀਂ ਹੋਇਆ ਹੈ। ਇਹੀ ਕਾਰਨ ਹੈ ਕਿ ਸਾਡੇ ਕੋਲ ਜਿਉਣਾ ਮੌੜ, ਦੁੱਲਾ ਭੱਟੀ, ਜੈਮਲ-ਫੱਤਾ, ਸੁੱਚਾ ਸੂਰਮਾ, ਸ਼ਾਹਣੀ ਕੌਲਾਂ, ਰੂਪ-ਬਸੰਤ ਵਰਗੇ ਕਿੱਸੇ ਤੇ ਪੰਜਾਬੀ ਕਿੱਸਾਕਾਰਾਂ ਦੇ ਨਾਮਾਂ ਵੀ ਲੰਬੀ ਫਰਿਸ਼ਤ ਮੌਜੂਦ ਹੈ। ਜਿਨ੍ਹਾਂ ਵਿਚੋਂ ਦਮੋਦਰ (ਹੀਰ-ਰਾਂਝਾ), ਵਾਰਿਸ਼ ਸ਼ਾਹ (ਹੀਰ-ਰਾਂਝਾ), ਹਾਂਸ਼ਮ ਕਾਦਰਯਾਰ (ਸੱਸੀ-ਪੁਨੂੰ), ਪੀਲੂ (ਮਿਰਜ਼ਾ-ਸਾਹਿਬਾਂ), ਹਾਫ਼ਿਜ਼ ਬਰਖ਼ੁਰਦਾਰ (ਮਿਰਜ਼ਾ-ਸਾਹਿਬਾਂ), ਅਹਿਮਦ ਯਾਰ (ਕਾਮਰੂਪ-ਕਾਮਲਤਾ), ਕਾਦਰ ਯਾਰ (ਰਾਜਾ ਰਸਾਲੂ, ਪੂਰਨ ਭਗਤ), ਫਜ਼ਲ ਸ਼ਾਹ (ਸੋਹਣੀ-ਮਹਿਵਾਲ, ਲੈਲਾ-ਮਜਨੂੰ), ਇਮਾਮ ਬਖਸ਼ (ਸ਼ਾਹ ਬਹਿਰਾਮ), ਅਹਿਮਦ ਗੁਜਰ, ਮੁਕਬਲ ਆਦਿਕ ਨਾਮ ਪ੍ਰਮੁੱਖ ਹਨ।

ਮਰਦ ਪ੍ਰਧਾਨ ਸਮਾਜ ਦੇ ਹੁੰਦਿਆਂ ਹੋਇਆਂ ਵੀ ਪੰਜਾਬੀ ਦੇ ਜਿੰਨੇ ਵੀ ਪੁਰਾਤਨ ਪ੍ਰੀਤ ਕਿੱਸੇ ਹਨ, ਉਹਨਾਂ ਵਿਚ ਨਾਇਕ ਤੋਂ ਪਹਿਲਾਂ ਨਾਇਕਾ ਦਾ ਨਾਮ ਆਉਂਦਾ ਹੈ, ਜਿਵੇਂ ਹੀਰ-ਰਾਂਝਾ, ਸੱਸੀ-ਪੁਨੂੰ, ਮਲਕੀ-ਕੀਮਾ, ਸੱਮੀ-ਢੋਲਾ, ਸਹਿਤੀ-ਮੁਰਾਦ, ਸ਼ੀਰੀ-ਫਰਹਾਦ, ਲੈਲਾ-ਮਜਨੂੰ, ਬੇਗੋ-ਇੰਦਰ, ਸੋਹਣੀ-ਮਹੀਵਾਲ, ਸ਼ੀਰੀ-ਖੁਸਰੋ ਆਦਿਕ। ਇਸਦਾ ਇਕ ਮਾਤਰ ਕਾਰਨ ਇਹ ਰਿਹਾ ਹੈ ਕਿ ਇਹਨਾਂ ਕਿੱਸਿਆਂ ਵਿੱਚ ਨਾਇਕਾਵਾਂ ਨਾਇਕ ਦੇ ਮੁਕਾਬਲੇ ਵਧੇਰੇ ਉੱਦਮੀ, ਦਲੇਰ, ਬਲਵਾਨ, ਚਲਾਕ ਅਤੇ ਬਹਾਦਰੀ ਭਰਪੂਰ ਕਾਰਨਾਮੇ ਕਰਦੀਆਂ ਹਨ।ਪੰਜਾਬੀ ਦਾ ਸਿਰਫ ਤੇ ਸਿਰਫ ਇੱਕੋ ਇੱਕ ਕਿੱਸਾ ਹੈ ਜਿਸ ਵਿਚ ਨਾਇਕ ਦਾ ਨਾਮ ਨਾਇਕਾ ਤੋਂ ਪਹਿਲਾਂ ਆਉਂਦਾ ਹੈ। ਉਹ ਹੈ ਪੀਲੂ ਰਚਿਤ ਮਿਰਜ਼ਾ-ਸਾਹਿਬਾਂ, ਕਿਉਂਕਿ ਕਿੱਸੇ ਵਿਚ ਨਾਇਕ ਦਾ ਸੰਘਰਸ਼ ਨਾਇਕਾ ਤੋਂ ਵਧੇਰੇ ਹੁੰਦਾ ਹੈ ਤੇ ਉਹ ਸਾਰੇ ਕਿੱਸੇ ਵਿਚ ਨਾਇਕਾ 'ਤੇ ਭਾਰੂ ਰਹਿੰਦਾ ਹੈ। ਨਾਇਕਾ ਦਾ ਕੰਮ ਤਾਂ ਸਿਰਫ ਬੱਕੀ 'ਤੇ ਝੂਟਾ ਲੈਣ ਜਾਂ ਤੀਰ ਤੋੜ੍ਹਣ ਦਾ ਹੀ ਹੁੰਦਾ ਹੈ। ਪੀਲੂ ਨੇ ਵੱਖ-ਵੱਖ ਪ੍ਰਕਾਰ ਦੀਆਂ ਸਮਗਰੀਆਂ ਅਤੇ ਮਸਾਲੇ ਪਾ ਕੇ ਇਹ ਜ਼ਾਇਕੇਦਾਰ ਕਿੱਸਾ ਤਿਆਰ ਕੀਤਾ ਹੈ।

ਪੰਜਾਬੀ ਕਿੱਸਾ ਕਾਵਿ ਦਾ ਜਨਮਦਾਤਾ ਜਾਂ ਬਾਬਾ ਬੋਹੜ ਦਮੋਦਰ ਨੂੰ ਮੰਨਿਆ ਜਾਂਦਾ ਹੈ।ਕਿਉਂਕਿ ਉਸ ਨੇ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਧ ਮਕਬੂਲ ਕਿੱਸੇ ਹੀਰ ਦੀ ਰਚਨਾ ਨਾਲ ਪੰਜਾਬੀ ਵਿਚ ਕਿੱਸਾ ਕਾਵਿ ਦਾ ਆਰੰਭ ਕੀਤਾ। ਉਸ ਤੋਂ ਬਾਅਦ ਹੁਣ ਤੱਕ ਢਾਈ ਸੌ ਪੰਜਾਬੀ ਅਦੀਬਾਂ ਨੇ ਹੀਰ 'ਤੇ ਕਲਮ ਅਜ਼ਮਾਈ ਕੀਤੀ ਹੈ, ਜੋ ਕਿਤਾਬੀ ਰੂਪ ਵਿਚ ਉਪਲਵਧ ਹੈ। ਬਾਕੀ ਅਣਪ੍ਰਕਾਸ਼ਿਤ ਹੋਰ ਵੀ ਬਹੁਤ ਹੋਣਗੇ।ਇਸੇ ਪ੍ਰਕਾਰ ਮਿਰਜ਼ੇ ਦੇ ਕਿੱਸੇ ਨੂੰ ਸਭ ਤੋਂ ਪਹਿਲਾਂ ਰਚਣਵਾਲਾ ਪੀਲੂ ਹੈ।ਪੀਲੂ ਨੇ ਇਸ ਕਿੱਸੇ ਨਾਲ ਨਾ ਸਿਰਫ ਕਿੱਸਾ ਕਾਵਿ ਨੂੰ ਨਵਾਂ ਮੋੜ ਦਿੱਤਾ, ਸਗੋਂ ਪ੍ਰੰਪਰਾਗਤ ਧਾਰਨਾਵਾਂ, ਸ਼ੈਲੀਆਂ ਅਤੇ ਵਿਧੀਆਂ ਨੂੰ ਤੋੜ ਕੇ ਨਵੀਂ ਪਿਰਤ ਪਾਈ। ਪੀਲੂ ਤੋਂ ਪਹਿਲਾਂ ਹਰ ਪੰਜਾਬੀ ਕਿੱਸੇ ਦਾ ਅੰਤ ਸੁਖਾਂਤ ਵਿਚ ਹੋਇਆ ਕਰਦਾ ਸੀ ਤੇ ਕਿੱਸੇ ਦੇ ਨਾਇਕ ਕਮਜ਼ੋਰ, ਆਲਸੀ, ਡਰਪੋਕ ਅਤੇ ਭੋਲੇ ਪਰਾਸ਼ਰੀਰਕ ਸ਼ਕਤੀਆਂ ਵਿਚ ਆਸਥਾ ਰੱਖਣ ਵਾਲੇ ਹੋਇਆ ਕਰਦੇ ਸਨ।ਪੀਲੂ ਨੇ ਪੱਛਮੀ ਕਿੱਸਿਆਂ ਵਾਂਗ ਕਿੱਸੇ ਦਾ ਅੰਤ ਦੁਖਾਂਤ ਵਿਚ ਕਰਨ ਦੀ ਪ੍ਰੰਪਰਾ ਦਾ ਮੁੱਢ ਬੰਨ੍ਹਿਆ। ਪੀਲੂ ਨੇ ਪੁਰਤਾਨ ਜਾਂ ਆਪਣੇ ਤੋਂ ਪੂਰਬਲੇ ਕਿੱਸਿਆਂ ਦੀ ਇਕ ਗੱਲ ਨੂੰ ਗ੍ਰਹਿਣ ਵੀ ਕੀਤਾ ਤੇ ਆਪਣੇ ਕਿੱਸੇ ਵਿਚ ਉਸੇ ਲੜੀ ਨੂੰ ਹੂ-ਬਾ-ਹੂ ਅੱਗੇ ਤੋਰਿਆ। ਉਹ ਹੈ ਕਿੱਸੇ ਵਿਚ ਨਾਇਕ ਅਤੇ ਨਾਇਕਾਂ ਦੇ ਰਾਹ ਵਿਚ ਆਉਣ ਵਾਲਾ ਨਾਇਕਾ ਦਾ ਕੋਈ ਰਿਸ਼ਤੇਦਾਰ ਖਲਨਾਇਕ ਤੇ ਉਹਨਾਂ ਦੇ ਮੇਲ-ਮਿਲਾਪ ਵਾਸਤੇ ਸਹਾਇਤਾ ਕਰਨ ਵਾਲਾ ਕੋਈ ਨਾ ਕੋਈ ਸਹਾਇਕ ਪਾਤਰ ਜੋ ਆਮ ਤੌਰ 'ਤੇ ਨਾਇਕਾ ਦੇ ਘਰ ਜਾਣ ਦੀ ਪਹੁੰਚ ਰੱਖਦਾ ਹੁੰਦਾ ਹੈ।ਜ਼ਿਆਦਾਤਰ ਇਹ ਪਾਤਰ ਬੁੱਢੇਰੀ ਉਮਰ ਦੀ ਇਸਤਰੀ ਹੋਇਆ ਕਰਦੀ ਹੈ, ਜਿਵੇਂ ਹੀਰ ਦੀ ਸਹਾਇਤਾ ਮਿੱਠੀ ਨੈਣ, ਜ਼ੁਲੇਖਾ ਦਾ ਸਾਥ ਬੁੱਢੀ ਔਰਤ ਅਤੇ ਸਾਹਿਬਾਂ ਦੀ ਮਦਦ ਉਸਦੀ ਭੂਆ ਬੀਬੋ ਕਰਦੀ ਹੈ।

ਸਾਡੇ ਵਿਦਵਾਨਾਂ ਦਾ ਮੰਨਣਾ ਹੈ ਕਿ ਪੀਲੂ ਪਿੰਡ ਵੈਰੋਵਾਲ, ਤਹਿਸੀਲ ਤਰਨਤਾਰਨ, ਜ਼ਿਲ੍ਹਾ ਅੰਮ੍ਰਿਤਸਰ ਦਾ ਵਸਨੀਕ ਮੁਸਲਮਾਨ ਜੱਟ ਸੀ।ਉਸਦਾ ਜਨਮ ਪੰਦਰਾਂ ਸੌ ਅੱਸੀ ਈਸਵੀ ਵਿਚ ਹੋਇਆ ਤੇ ਪਚੰਨਵੇਂ ਸਾਲ ਦੀ ਉਮਰ ਭੋਗ ਕੇ 1675 ਈ: ਵਿਚ ਚੱਕਵਾਲ ਦੇ ਪਿੰਡ ਮਿਹਰੂ ਪੀਲੂ ਵਿਖੇ ਉਸਦਾ ਦਿਹਾਂਤ ਹੋਇਆ। ਉਹ ਬਾਦਸ਼ਾਹ ਜਹਾਂਗੀਰ (1569 –1627) ਦੇ ਅੰਤਲੇ ਅਤੇ ਸ਼ਾਹਜਹਾਨ (1592-1666) ਦੇ ਮੁਢਲੇ ਸਮੇਂ ਵਿਚ ਹੋਇਆ ਤੇ ਗੁਰੂ ਅਰਜਨ ਦੇਵ ਜੀ (1563-1606) ਦੀ ਸੰਗਤ ਕਰਨ ਦਾ ਉਸਨੂੰ ਮਾਣ ਪ੍ਰਾਪਤ ਸੀ।

ਮਿਰਜ਼ਾ-ਸਾਹਿਬਾਂ ਦੇ ਕਿੱਸੇ ਦਾ ਘਟਨਾਕਾਲ 1627-58  ਮੰਨਿਆ ਜਾਂਦਾ ਹੈ। ਦਾਨਾਬਾਦ (ਨਨਕਾਣਾ ਸਾਹਿਬ, ਫੈਸਲਾਬਾਦ, ਪਾਕਿਸਤਾਨ) ਵਿਚ ਖਰਲ ਗੋਤ ਦੇ ਵੰਝਲ ਖਾਨ ਦੇ ਘਰ ਮਿਰਜ਼ੇ ਦਾ ਜਨਮ ਹੁੰਦਾ ਹੈ। ਉਸਦੇ ਚਾਰ ਹੋਰ ਭਰਾ ਤੇ ਇਕ ਭੈਣ ਸਹਿਤੀ (ਛਹਿਤੀ) ਹੈ। ਮਿਰਜ਼ੇ ਦੀ ਬਚਪਨ ਤੋਂ ਪਰਵਰਿਸ਼ ਨਾਨਕੇ ਘਰ ਝੰਗ (ਜ਼ਿਹਲਮ ਅਤੇ ਝਨਾਅ ਦਾ ਸੰਗਮੀ ਸਥਾਨ, ਮੌਜੂਦਾ ਖੀਵਾ, ਜ਼ਿਲ੍ਹਾ ਝੰਗ, ਪਾਕਿਸਤਾਨ) ਵਿਚ ਹੁੰਦੀ ਹੈ।ਸਾਹਿਬਾਂ ਸਿਆਲ (ਸਾਹਿਬਾਂ ਦਾ ਗੋਤ ਸੀ ਸਿਆਲ, ਜੋ ਰਾਜਾ ਸ਼ੰਕਰ ਤੋਂ ਚੱਲਿਆ, ਜਿਸਦੀ ਕੁੱਲ ਮਹਾਂਭਾਰਤ ਦੇ ਕੌਰਵਾਂ ਨਾਲ ਮਿਲਦੀ ਹੈ ਤੇ ਅੱਗੇ ਆ ਕੇ ਖਰਲਾਂ ਨਾਲ ਰਲਦੀ ਹੈ।) ਮਿਰਜ਼ੇ ਦੇ ਮਾਮੇ ਖੀਵੇ ਖਾਨ ਧੀ ਹੁੰਦੀ ਹੈ।ਨਿੱਕੇ ਹੁੰਦਿਆਂ ਮਕਤਬ ਵਿਚ ਪੜ੍ਹਦਿਆਂ ਦੋਨਾਂ ਦਾ ਇਸ਼ਕ ਹੋ ਜਾਂਦਾ ਹੈ। ਦੋਨਾਂ ਦੀ ਨਿੱਕੀ ਉਮਰੇ ਮੰਗਣੀ ਵੀ ਹੋ ਜਾਂਦੀ ਹੈ। ਦੋਨੋਂ ਜਵਾਨ ਹੁੰਦੇ ਹਨ ਤਾਂ ਮਿਰਜ਼ਾ ਤੀਰ ਅੰਦਾਜ਼ੀ ਦਾ ਵਧੀਆ ਯੋਧਾ ਤੇ ਸਾਹਿਬਾਂ ਹੁਸੀਨ ਮੁਟਿਆਰ ਵਜੋਂ ਪ੍ਰਸਿੱਧੀ ਪ੍ਰਾਪਤ ਕਰਦੇ ਹਨ। ਕਿਸੇ ਕਾਰਨ ਮਿਰਜ਼ੇ ਨਾਲੋਂ ਸਾਹਿਬਾਂ ਦੀ ਮੰਗਣੀ ਤੋੜ੍ਹ ਕੇ ਚੰਧੜ ਖਾਨਦਾਨ ਦੇ ਪੁੱਤਰ ਨਾਲ ਰਿਸ਼ਤਾ ਕਰ ਦਿੱਤਾ ਜਾਂਦਾ ਹੈ।ਚੰਧੜਾਂ ਦੇ ਵੰਸ਼ ਦੀ ਉਤਪਤੀ ਉੱਤਰੀ ਭਾਰਤ ਦੇ ਸ਼ਾਸਕ ਅਗਨਪਾਲ ਤੋਮਰ, ਮਹਾਂਭਾਰਤ ਦੇ ਸ਼ਾਂਤਨੂੰ ਅਤੇ ਅਰਜੁਨ ਪਾਂਡਵਾਂ ਤੋਂ ਹੁੰਦੀ ਹੋਈ ਉਹਨਾਂ ਦੇ ਵਡੇਰੇ ਚੰਦਰ (ਸੋਮ) ਤੋਂ ਹੋਈ ਮੰਨੀ ਜਾਂਦੀ ਹੈ। ਇਹ ਵਧੇਰੇ ਰਾਜਪੂਤ ਜਾਂ ਗੁੱਜਰ ਹਨ।

ਵਿਆਹ ਤੋਂ ਚਾਰ ਦਿਨ ਪਹਿਲਾਂ ਸਾਹਿਬਾਂ ਆਪਣੇ ਨੌਕਰ ਕਰਮੂ ਬਾਹਮਣ ਰਾਹੀਂ ਮਿਰਜ਼ੇ ਨੂੰ ਆਪਣੇ ਵਿਆਹ ਦੀ ਖ਼ਬਰ ਭੇਜਦੀ ਹੈ। ਮਿਰਜ਼ੇ ਦੀ ਭੈਣ ਨੂੰ ਸੰਦਲ ਬਾਰ ਦੇ ਭੱਟੀਆਂ ਨੇ ਵਿਆਹੁਣ ਆਉਂਣਾ ਹੁੰਦਾ ਹੈ। ਮਿਰਜ਼ਾ ਆਪਣੀ ਭੈਣ ਸਹਿਤੀ ਦਾ ਵਿਆਹ ਵਿਚੇ ਛੱਡ ਕੇ ਆਪਣੀ ਮਾਂ, ਭੈਣ ਅਤੇ ਪਿਉ ਦੇ ਰੋਕਣ ਅਤੇ ਛਿੱਕ ਵੱਜਣ, ਪੱਲਾ ਅਟਕਣ ਵਰਗੀਆਂ ਬਦਸ਼ਨੀਆਂ ਦੇ ਬਾਵਜੂਦ ਆਪਣੀ ਘੋੜੀ ਬੱਕੀ ਉੱਤੇ ਬੈਠ ਝੰਗ ਵੱਲ ਚੱਲ ਪੈਂਦਾ ਹੈ।

ਮਿਰਜ਼ੇ ਨੇ ਘੋੜੀ ਸ਼ਿੰਗਾਰ ਲਈ, ਆਸਣ ਬੈਠਾ ਜਾ।
ਚੜ੍ਹਦੇ ਦਾ ਪੱਲਾ ਅਟਕਿਆ, ਛੀਂਕ ਸਾਹਮਣੇ ਆ।16 ॥ (ਕਿੱਸਾ ਮਿਰਜ਼ਾ-ਸਾਹਿਬਾਂ, ਪੀਲੂ)

ਘਰੋਂ ਜਾਂਦੇ ਮਿਰਜ਼ੇ ਨੂੰ ਜਾਣ ਵਿਚ ਨੰਨਾ ਪਾ ਕੇ :-

ਭੈਣ ਦਾ ਰੋਕਣਾ: ਚੜ੍ਹਦੇ ਮਿਰਜ਼ੇ ਖਾਨ ਨੂੰ ਛਹਿਤੀ ਕਰੇ ਜੁਆਬ।
"ਹਟ ਕੇ ਬੈਠੀਂ ਮਿਰਜ਼ਿਆ, ਘਰ ਵਿਚ ਕਰੀਂ ਸਲਾਹ।
ਅਤੇ ਪਲੰਘ 'ਤੇ ਬਹਿ ਕੇ, ਮੇਰਾ ਹੱਥੀਂ ਕਾਜ ਸਵਾਰ।
ਭਲ੍ਹਕੇ ਆਉਣਗੇ ਭੱਟੀ ਸੰਦਲ ਬਾਰ ਦੇ, ਸਾਹਿਬਾਂ ਸੰਡੇ ਦੀ ਬਾਰ।" 12

ਮਿਰਜ਼ੇ ਦਾ ਜੁਆਬ: ਮੇਰਾ ਜਾਣ ਜ਼ਰੂਰ ਦਾ, ਪਿੱਛੇ ਭਾਈ ਚਾਰ।
ਅੱਛੀ ਕਰਨ ਆਪਣੇ ਨੱਕ ਨੂੰ, ਨਹੀਂ ਖਰਲਾਂ ਆਊ ਹਾਰ।
ਮੇਰਾ ਜਾਣਾ ਜ਼ਰੂਰ ਦਾ, ਜਾਂਦੇ ਨੂੰ ਹੋੜ ਨਾ ਪਾ।13

ਮਾਂ ਦਾ ਰੋਕਣਾ: ਚੜ੍ਹਦੇ ਮਿਰਜ਼ੇ ਖਾਨ ਨੂੰ, ਮੱਤਾਂ ਦੇਵੇ ਮਾਂ।
ਬੁਰੇ ਸਿਆਲਾਂ ਦੇ ਮਾਮਲੇ, ਬੁਰੀ ਸਿਆਲਾਂ ਦੀ ਰਾਹ।
ਬੁਰੀਆਂ ਸਿਆਲਾਂ ਦੀਆਂ ਔਰਤਾਂ, ਲੈਂਦੀਆਂ ਜਾਦੂ ਪਾ।
ਕੱਢ ਕਲੇਜੇ ਖਾਂਦੀਆਂ, ਮੇਰੇ ਝਾਟੇ ਤੇਲ ਨਾ ਪਾ।
ਰੰਨ ਦੀ ਖਾਤਿਰ ਚੱਲਿਐਂ, ਆਵੇਂ ਨਾ ਜਾਨ ਗਵਾ।
ਆਖੇ ਮੇਰੇ ਲੱਗ ਜਾ, ਅੱਗੇ ਪੈਰ ਨਾ ਪਾ।14॥

ਮਿਰਜ਼ੇ ਦਾ ਜੁਆਬ: ਵਿਆਹੀ ਹੋਵੇ ਛੱਡ ਦੇਵਾਂ, ਮੰਗ ਨਾ ਛੱਡੀ ਜਾ।
ਜੇਕਰ ਮੰਗ ਮੈਂ ਛੱਡ ਦੇਵਾਂ, ਲੱਗੇ ਖਰਲਾਂ ਨੂੰ ਲਾਜ।2॥

ਪਿਉ ਦਾ ਰੋਕਣਾ: ਚੜ੍ਹਦੇ ਮਿਰਜ਼ੇ ਖਾਨ ਨੂੰ, ਵੰਝਲ ਦੇਂਦਾ ਮੱਤ।
ਭੱਠ ਰੰਨਾਂ ਦੀ ਦੋਸਤੀ, ਖੁਰੀਂ ਜਿਨ੍ਹਾਂ ਦੀ ਮੱਤ।
ਹੱਸ ਕੇ ਲਾਉਂਦੀਆਂ ਯਾਰੀਆਂ, ਰੋ ਕੇ ਦਿੰਦੀਆਂ ਦੱਸ।
ਜਿਸ ਘਰ ਲਾਈ ਦੋਸਤੀ, ਮੂਲ ਨਾ ਘੱਤੋਂ ਲੱਤ।
ਲੱਥੀ ਹੱਥ ਨਾ ਆਵੰਦੀ, ਦਾਨਿਸ਼ਮੰਦਾਂ ਦੀ ਪੱਤ। 18॥

ਮਿਰਜ਼ੇ ਦਾ ਜੁਆਬ: ਰਾਜਾ ਝੂਰੇ ਰਾਜ ਨੂੰ, ਬੁਧਿ ਨੂੰ ਝੂਰੇ ਚੋਰ।
ਗੋਰੀ ਝੂਰੇ ਰੂਪ ਨੂੰ, ਪੈਰਾਂ ਝੂਰੇ ਮੋਰ।19॥ ( ਕਿੱਸਾ ਮਿਰਜ਼ਾ-ਸਾਹਿਬਾਂ, ਪੀਲੂ)

ਨਾਨਕੇ ਪਿੰਡ ਆ ਕੇ ਮਿਰਜ਼ਾ ਆਪਣੀ ਧਰਮ ਮਾਸੀ ਬੀਬੋ ਰਾਹੀਂ ਸਾਹਿਬਾਂ ਨਾਲ ਸੰਪਰਕ ਬਣਾਉਂਦਾ ਹੈ।ਜਾਮ ਲੁਹਾਰ ਤੋਂ ਉਹ ਹਜ਼ਾਰ ਕਿੱਲੀਆਂ ਬਣਵਾ ਕੇ ਉਹਨਾਂ ਨੂੰ ਕੰਧ ਵਿਚ ਗੱਡ ਕੇ ਸਾਹਿਬਾਂ ਦੇ ਘਰ ਅੰਦਰ ਪਹੁੰਚਦਾ ਹੈ ਤੇ ਸਾਹਿਬਾਂ ਨੂੰ ਕੱਢ ਲਿਆਉਂਦਾ ਹੈ।

ਫੀਰੋਜ਼ ਡੋਗਰ ਕੂਕਿਆ, ਸੁਣੀਂ ਖਾਨ ਖੀਵੇ ਮੇਰੀ ਬਾਤ।
ਸਾਹਿਬਾਂ ਨੂੰ ਮਿਰਜ਼ਾ ਲੈ ਗਿਆ, ਰੋਂਦੀ ਸੰਡੇ ਦੀ ਬਾਰ।
ਲਾ ਗਿਆ ਲਾਜ ਸਿਆਲਾਂ ਨੂੰ, ਗਿਆ ਸੀ ਦਾਗ ਲਗਾ।
ਘੋੜੇ ਪਾਓ ਪਾਖਰਾਂ, ਪੈਦਲ ਹੋ ਜਾਓ ਅਸਵਾਰ।
ਰਸਤੇ ਪਵੋ ਪੈਦੋਲ, ਮੁੱਛ ਮੱਲੋ ਅਸਵਾਰ।
ਸ਼ਾਵਾ ਮਿਰਜ਼ਾ ਮਾਰਨਾ, ਕਰਕੇ ਕੌਲ ਕਰਾਰ। ਬੰਦ 4॥

ਫਿਰੋਜ਼ ਡੋਗਰ ਇਸ ਘਟਨਾ ਦੀ ਖਬਰ ਖੀਵੇ ਖਾਨ ਨੂੰ ਦਿੰਦਾ ਹੈ ਤਾਂ ਸਾਹਿਬਾਂ ਦਾ ਭਰਾ ਸ਼ਮੀਰ ਅਤੇ ਚੰਧੜ ਘੌੜੇ ਅਤੇ ਪੈਦਲ ਸਾਥੀ ਲੈ ਕੇ ਮਿਰਜ਼ੇ ਸਾਹਿਬਾਂ ਦੀ ਖੋਜ ਵਿਚ ਨਿਕਲ ਤੁਰਦੇ ਹਨ। ਝੰਗ ਅਤੇ ਦਾਨਾਬਾਦ ਦੇ ਰਸਤੇ ਵਿਚ ਮਿਰਜ਼ਾ ਸਾਹਿਬਾਂ ਇਕ ਜੰਡ ਹੇਠ ਕਿਆਮ ਕਰਦੇ ਹਨ। ਮਿਰਜ਼ਾ ਘੂਕ ਸੁੱਤਾ ਪਿਆ ਹੁੰਦਾ ਹੈ ਕਿ ਸਾਹਿਬਾਂ ਦਾ ਭਰਾ ਅਤੇ ਮੰਗੇਤਰ ਉਹਨਾਂ ਨੂੰ ਆ ਦਬੋਚਦੇ ਹਨ। ਸਿਆਲ ਅਤੇ ਚੰਧੜਾਂ ਦੀ ਫੌਜ ਨਾਲ ਹੋਈ ਇਸ ਜੰਗ ਵਿਚ ਇਕੱਲਾ ਲੜ੍ਹਦਾ ਮਿਰਜ਼ਾ ਮਾਰਿਆ ਜਾਂਦਾ ਹੈ।
 

ਬਾਵਾ ਬੁੱਧ ਸਿੰਘ ਮੁਤਾਬਿਕ, ਹਾਫ਼ਿਜ਼ ਬਰਖੁਰਦਾਰ 1676 ਈ: ਵਿਚ ਔਰੰਗਜ਼ੇਬ ਦਾ ਸਮਕਾਲੀ ਸੀ। ਲੇਕਿਨ ਹਾਫ਼ਿਜ਼ ਬਰਖ਼ੁਰਦਾਰ ਨੇ 1090 ਹਿ: ਵਿਚ ਨਵਾਬ ਜ਼ਾਫਰ ਖਾਂ ਦੇ ਇਸਰਾਰ 'ਤੇ 'ਯੂਸਫ-ਜ਼ੁਲੇਖਾਂ' ਕਿੱਸਾ ਲਿਖ ਕੇ ਇਵਜ਼ਾਨੇ ਵਿਚ ਸੱਤ ਵਿਘੇ ਜ਼ਮੀਨ, ਘੋੜਾ, ਸਿਰਪਾਓ ਅਤੇ ਸੌ ਰੁਪਏ ਨਕਦ ਇਨਾਮ ਪ੍ਰਾਪਤ ਕੀਤਾ ਸੀ।

ਮੈਂ ਨੈਣਾਂ ਦੇ ਨਾਲ ਪਰੋਤੇ ਚੁਣ ਚੁਣ ਦੁਰ ਯਗਾਨੇ।
ਤਾਂ ਇਹ ਹਾਰ ਮਰੱਤਬ ਹੋਇਆ ਆਲਮਗੀਰ ਜ਼ਮਾਨੇ।
ਨਵਾਬ ਜ਼ਾਫਰ ਖਾਂ ਫੁਰਮਾਇਸ਼ ਕੀਤੀ ਤਾਂ ਇਹ ਕਿੱਸਾ ਬਣਿਆ।
ਜ਼ਾਹਿਰ ਬਾਤਨ ਰਾਜ਼ੀ ਹੋਇਆ ਜਾਂ ਇਹ ਪੜ੍ਹਿਆ ਸੁਣਿਆ।
ਇਕ ਜ਼ਮੀਨ ਇਲਾਇਤ ਕੀਤੀ, ਬਿੱਘਾ ਸੱਤ ਪਛਾਣੀ।
ਜੋੜਾ ਘੋੜਾ ਨਕਦ ਦੁਆਇਆ, ਸੌ ਰੁਪਿਆ ਜਾਣੀ।(ਕਿੱਸਾ ਯੁਸਫ਼ ਜ਼ੁਲੈਖਾਂ, ਹਾਫ਼ਿਜ਼ ਬਰਖ਼ੁਰਦਾਰ)

ਮਿਰਜ਼ਾ-ਸਾਹਿਬਾਂ ਨੂੰ ਪਹਿਲਾਂ ਪੀਲੂ ਨੇ ਲਿੱਖਿਆ, ਫਿਰ ਉਸ ਤੋਂ ਚੋਰੀ ਕਰਕੇ ਹਾਫ਼ਿਜ਼ ਬਰਖ਼ੁਦਾਰ ਨੇ ਲਿੱਖ ਦਿੱਤਾ। ਪੀਲੂ ਦੇ ਕਿੱਸੇ ਨੂੰ ਕਾਪੀ ਪੇਸਟ ਕਰਨ ਬਾਅਦ ਹਾਸਾ ਆਉਂਦਾ ਹੈ ਜਦੋਂ ਹਾਫ਼ਿਜ਼ ਬਰਖ਼ੁਰਦਾਰ ਪੀਲੂ ਦੀ ਸਿਫਤ ਵਿੱਚ ਅਖੀਰ 'ਤੇ ਲਿੱਖਦਾ ਹੈ, "ਯਾਰੋ! ਪੀਲੂ ਨਾਲ ਬਰਾਬਰੀ ਸ਼ਾਇਰ ਭੁੱਲ ਕਰੇਨਿ।61॥" ਪੀਲੂ ਨੇ ਕਹਾਣੀ ਬੁਣੀ ਹੋਈ ਸੀ। ਇਸ ਲਈ ਹਾਫ਼ਿਜ਼ ਬਰਖ਼ੁਰਦਾਰ ਨੂੰ ਬਹੁਤੀ ਖੇਚਲ ਨਹੀਂ ਕਰਨੀ ਪਈ। ਰੀਸ ਦੀ ਘੜੀਸ ਨਕਲਮਾਰ ਹਾਫ਼ਿਜ਼ ਬਰਖ਼ੁਰਦਾਰ ਘੜਿਆ-ਘੜਾਇਆ ਕਿੱਸਾ ਜਿਉਂ ਦਾ ਤਿਉਂ ਠੇਠ ਪੰਜਾਬੀ ਬੋਲੀ ਵਿਚੋਂ ਤਬਦੀਲ ਕਰਕੇ ਆਪਣੀ ਆਂਚਲਿਕ ਪੰਜਾਬੀ ਵਿਚ ਲਿੱਖ ਦਿੰਦਾ ਹੈ। ਹਾਫ਼ਿਜ਼ ਬਰਖ਼ੁਰਦਾਰ ਦੀ ਖੇਤਰ ਬੋਲੀ ਤੋਂ ਬਿਨਾਂ ਉਸਦੇ ਕਿੱਸੇ ਵਿਚ ਪੀਲੂ ਦੇ ਕਿੱਸੇ ਨਾਲੋਂ ਕੋਈ ਵਿਸ਼ੇਸ਼ ਭਿੰਨਤਾ ਨਹੀਂ ਹੈ। ਜੇ ਕੁਝ ਹੋਰ ਕੁਝ ਉਸਨੇ ਪੱਲਿਉਂ ਲਿੱਖਿਆ ਵੀ ਹੈ ਤਾਂ ਉਸਦਾ ਕਹਾਣੀ ਨਾਲ ਕੋਈ ਸੰਬੰਧ ਨਹੀਂ ਹੈ ਤੇ ਮਹਿਜ਼ ਜੱਕੜ ਹੀ ਮਾਰੇ ਹੋਏ ਹਨ। ਉਦਾਰਣ ਵਜੋਂ ਹੇਠ ਲਿਖੀਆਂ ਪੰਗਤੀਆਂ ਪੜ੍ਹੋ:-

ਪੀਲੂ: ਘਰ ਖੀਵੇ ਦੇ ਸਾਹਿਬਾਂ, ਜੰਮੀ ਮੰਗਲਵਾਰ।1॥
ਹਾਫ਼ਿਜ਼ : ਘਰ ਖੀਵੇ ਦੇ ਜੰਮੀ ਸਾਹਿਬਾਂ, ਜਿਸ ਦੀ ਹੂਰਾਂ ਰਸ਼ਕ ਕਰੰਨ।3॥
ਪੀਲੂ: ਘਰ ਵੰਝਲ ਦੇ ਮਿਰਜ਼ਾ, ਜੰਮਿਆ ਕਰੜੇ ਵਾਰ।2॥
ਹਾਫ਼ਿਜ਼ : ਜਿਸ ਦਿਨ ਮਿਰਜਾ ਜੰਮਿਆ, ਚੰਦੋਂ ਚੌਧਵੀ ਰਾਤ।7॥
ਪੀਲੂ: ਜੇ ਦੇਵੇ ਪਿਆਲਾ ਜ਼ਹਿਰ ਦਾ, ਮੈਂ ਮਿਰਜ਼ਾ ਲੈਂਦਾ ਪੀ।7॥
ਹਾਫ਼ਿਜ਼ : ਏਹ ਜ਼ਹਿਰ ਪਿਆਲਾ ਇਸ਼ਕ ਦਾ, ਭਰ ਭਰ ਪੀ ਨਿਸ਼ੰਗ।14॥
ਪੀਲੂ: ਚੜ੍ਹਦੇ ਮਿਰਜ਼ੇ ਖਾਨ ਨੂੰ, ਮੱਤਾਂ ਦੇਵੇ ਮਾਂ।4॥
ਹਾਫ਼ਿਜ਼ : ਚੜ੍ਹਦੇ ਮਿਰਜ਼ੇ ਖਾਨ ਨੂੰ, ਅਗੋਂ ਮਾਦਰ ਦੇਵੇ ਮੱਤ।26॥
ਪੀਲੂ: ਰੰਨ ਦੀ ਖਾਤਰ ਚਲਿਐਂ, ਆਵੇਂ ਜਾਨ ਗਵਾ।4॥
ਹਾਫ਼ਿਜ਼ : ਜਾਇ ਬਿਗਾਨੀ ਨਾਰ ਨੂੰ, ਮੂਰਖ ਪਾਵੇ ਹੱਥ।26॥
ਪੀਲੂ: ਦੇਖ ਕੇ ਮੇਰੀ ਟੈਰ ਨੂੰ, ਝੋਰੇ ਚਿੱਤ ਨਾ ਪਾ।38॥
ਹਾਫ਼ਿਜ਼ : ਨੀਲੀ ਵੇਖ ਨਾ ਦੁਬਲੀ, ਝੂਰੇ ਜੀਆ ਬਾ ਤਾਇ।33॥
ਪੀਲੂ: ਬੱਕੀ ਤੋਂ ਡਰਨ ਫਰਿਸ਼ਤੇ, ਮੈਥੋਂ ਡਰੇ ਖੁਦਾ।39॥
ਹਾਫ਼ਿਜ਼ : ਮਿਰਜ਼ੇ ਦੀ ਨੀਲੀ ਕਟਕ ਨੀ, ਜਿਹਦਾ ਖਾਂਧੇ ਖੌਫ ਗਨੀਮ।6॥
ਪੀਲੂ: ਮੰਦਾ ਕੀਤਾ ਸੁਣ ਸਾਹਿਬਾਂ, ਮੇਰਾ ਤਰਕਸ਼ ਟੰਗਿਆ ਜੰਡ।
ਤਿੰਨ ਸੌ ਕਾਨੀ ਮਿਰਜ਼ੇ ਜਵਾਨ ਦੀ, ਦੇਂਦਾ ਸਿਆਲਾਂ ਨੂੰ ਵੰਡ।
ਪਹਿਲੀ ਮਾਰਦਾ ਵੀਰ ਸ਼ਮੀਰ ਦੇ, ਦੂਜੀ ਕੁੱਲੇ ਦੇ ਤੰਗ।
ਤੀਜੀ ਮਾਰਾਂ ਜੋੜ ਕੇ, ਜਿਹਦੀ ਹੈਂ ਤੂੰ ਮੰਗ। 63॥
ਹਾਫ਼ਿਜ਼ : ਬੁਰਾ ਕੀਤੋ ਈ ਸਾਹਿਬਾਂ ਮੇਰਾ ਤਰਕਸ਼ ਛਡਿਯੋਈ ਜੰਡ।
ਮੇਰਾ ਜੀਵਨ ਬਹੁਤ ਮੁਹਾਲ ਹੈ ਪਰ ਤੂੰ ਵੀ ਹੋਸੀ ਰੰਡ।
ਇਕ ਮੰਦਾ ਕੀਤਾ ਸਾਹਿਬਾਂ ਮੇਰੀ ਨੀਲੀ ਛੱਡੀ ਡੰਗ।
ਤ੍ਰੈ ਸੈ ਸੱਠ ਕਾਨੀ ਮੈਂ ਤਰਕਸ਼ੀ ਦੇਵਾਂ ਸਾਲਿਆਂ ਨੋ ਵੰਡ। ਮੁਲ ਲੱਗਦਾ ਸੀ
ਪਹਿਲੇ ਮਾਰਾਂ ਖਾਨ ਸ਼ਮੀਰ ਨੂੰ ਦੂਜੇ ਕੁੱਲੇ ਦੇ ਤੰਗ।
ਤੀਜੇ ਮਾਰਾਂ ਤਾਹਰ ਖਾਨ ਨੂੰ, ਜਿਹਦੀ ਤੂੰ ਸਾਈ ਮੰਗ।
ਚੌਥਾ ਮਾਰਾਂ ਤੇਰੇ ਬਾਪ ਨੂੰ ਕੁਲ ਮੁਕਾਵਾਂ ਕਲੰਕ।
ਪੰਜਵੇਂ ਮਾਰਾਂ ਖਾਨ ਅੱਲਾਹ ਦਾਦ ਨੂੰ, ਸੁਟਾਂ ਬਿਰਹੋਂ ਦੀ ਪੰਡ।35॥
ਪੀਲੂ: ਮਿਰਜ਼ਾ ਫੁੱਲ ਗੁਲਾਬ ਦਾ, ਮੇਰੀ ਝੋਲੀ ਟੁੱਟ ਪਿਆ। ਬੰਦ 33॥
ਹਾਫ਼ਿਜ਼ : ਜਦ ਬੁੱਤਾਂ ਦੀਆਂ ਵੰਡੀਆਂ ਢੇਰੀਆਂ, ਮੈਂ ਮਿਰਜ਼ਾ ਬੈਠੀ ਸਾਂ ਮੰਗ।5॥
ਪੀਲੂ: ਉੱਠੀ ਵੇ ਮਿਰਜ਼ਿਆ ਸੁੱਤਿਆ, ਕਿਉਂ ਪਿਆ ਬੜੇ ਗੁਮਾਨ।56॥
ਹਾਫ਼ਿਜ਼ : ਸਾਹਿਬਾਂ ਨਾਲ ਹਰੀਫ ਦੇ ਸੁੱਤਿਆ, ਮਿਰਜ਼ਾ ਮਰਨੋਂ ਬੇਪਰਵਾਹ।11॥
ਪੀਲੂ: ਜੇ ਘਰ ਨਾ ਸੀ ਤੇਰੇ ਬਾਪ ਦੇ, ਮੰਗ ਲਿਆਉਂਦੋਂ ਹੋਰ।37॥
ਹਾਫ਼ਿਜ਼ : ਜੇ ਘਰ ਨਹੀਂ ਸਾਈਂ ਆਪਣੇ, ਤਾਂ ਮੰਗ ਲਿਆਂਦੋਂ ਹੋਰ।31॥

ਇਹ ਦੱਸਣਾ ਬਹੁਤ ਹੀ ਲਾਜ਼ਮੀ ਹੈ ਕਿ ਪੀਲੂ ਦੁਆਰਾ ਰਚਿਤ ਕਿੱਸਾ ਮਿਰਜ਼ਾ-ਸਾਹਿਬਾਂ ਕਰਤਾ ਦੀ ਕਲਮ ਤੋਂ ਲਿਖਤੀ ਰੂਪ ਵਿਚ ਸਾਡੇ ਕੋਲ ਉਪਲਵਧ ਨਹੀਂ ਹੈ ਅਤੇ ਨਾ ਹੀ ਸਾਨੂੰ ਹੀਰ ਵਾਰਿਸ਼ ਸ਼ਾਹ ਦੇ ਕਿੱਸੇ ਵਾਂਗ ਸੰਪੂਰਨ ਰੂਪ ਵਿਚ ਮਿਲਦਾ ਹੈ। ਜਦੋਂ ਅਸੀਂ ਬਾਕੀ ਕਿੱਸਾਕਾਰਾਂ ਨੂੰ ਪੜ੍ਹਦੇ ਹਾਂ ਤਾਂ ਦੇਖਣ ਨੂੰ ਮਿਲਦਾ ਹੈ ਕਿ ਉਹ ਕਿੱਸੇ ਦੀ ਕਹਾਣੀ ਨੂੰ ਥਾਂ-ਥਾਂ ਰੋਕ ਕੇ ਆਪਣੀ ਕਹੀ ਗਈ ਗੱਲ ਦੀ ਪ੍ਰੌੜਤਾ ਕਰਨ ਜਾਂ ਵਰਤੇ ਗਏ ਮੁਹਾਵਰੇ ਅਤੇ ਅਲੰਕਾਰ ਨਾਲ ਸੰਬੰਧਤ ਮਿਸਾਲਾਂ ਅਤੇ ਬੇਲੋੜੀਆਂ ਵਿਆਖਿਆਵਾਂ ਦੇ ਕੇ ਕਵਿਓ ਵਾਚ ਰਾਹੀਂ ਆਪਣੀ ਵਿਦਵਤਾ ਝਾੜਨ ਦਾ ਯਤਨ ਕਰਦੇ ਹਨ।ਲੇਕਿਨ ਪੀਲੂ ਦੇ ਕਿੱਸੇ ਵਿਚ ਕਹਾਣੀ ਰਾਕਟੀ ਸਪੀਡ ਨਾਲ ਛੜੱਪੇ ਮਾਰ ਕੇ ਚੱਲਦੀ ਹੈ ਤੇ ਅਨੇਕਾਂ ਥਾਵਾਂ ਉੱਤੇ ਖੱਪੇ ਹਨ। ਜਿਨ੍ਹਾਂ ਨੂੰ ਪਾਠਕ ਆਪਣੀ ਬੁੱਧੀ ਅਨੁਸਾਰ ਪੂਰਾ ਕਰਦਾ ਹੈ।ਦੂਜਾ ਸਬੂਤ ਸਾਨੂੰ ਕਿੱਸੇ ਦੇ ਅਧੂਰੇ ਹੋਣ ਦਾ ਇਹ ਮਿਲਦਾ ਹੈ ਕਿ ਸਾਰੇ ਬੰਦ ਬੇਤਰਤੀਬੇ ਅਤੇ ਇਕਸਾਰ ਨਹੀਂ ਹਨ ਅਤੇ ਨਾ ਹੀ ਤੋਲ-ਤੁਕਾਂਤ ਮਾਤਰਾਵਾਂ ਬਰਾਬਰ ਹਨ। ਬੰਦ 59, ਬੰਦ 57 ਤੋਂ ਪਹਿਲਾਂ ਚਾਹੀਦਾ ਸੀ। ਗੌਰ ਫਰਮਾਓ:-

ਬੰਦ 57: ਮਿਰਜ਼ੇ ਆਉਂਦਾ ਵੇਖਿਆ, ਸਾਹਿਬਾਂ ਦਾ ਵੀਰ ਸ਼ਮੀਰ।
ਤੇ ਮਿਰਜ਼ੇ ਗੋਸ਼ੇ ਵਿੱਚੋਂ ਕੱਢਿਆ, ਕਰੜੇ ਨੁੱਕੇ ਦਾ ਤੀਰ।
ਕਰ ਬਿੱਸਮਿਲਾਹ ਮਾਰਿਆ, ਭੌਂਦਾ ਵਾਂਗ ਭੰਬੀਰ।
ਘੋੜੀ ਉੱਤੋਂ ਲਾਹ ਲਿਆ, ਸਾਹਿਬਾਂ ਦਾ ਵੀਰ ਸ਼ਮੀਰ।

ਬੰਦ 59: ਮਿਰਜ਼ੇ ਵਿੱਚ ਬੜਾ ਗੁਮਾਨ ਸੀ, ਫਿਰ ਸੌਂ ਗਿਆ ਜੰਡੂਰੇ ਦੇ ਪਾਸ।
ਮੈਂ ਵਲ ਵਲ ਵੱਢ ਦਿਆਂਗਾ ਸੂਰਮੇ, ਦੇਊਂ ਪੂਰ ਖਪਾ।
ਮੈਨੂੰ ਝੱਟ ਕੁ ਠੌਂਕਾ ਲਾ ਲੈਣ ਦੇ, ਸੁੱਤੇ ਨੂੰ ਨਾ ਜਗਾ।
ਦਿਨ ਚੜ੍ਹਦੇ ਨੂੰ ਚਲਾਂਗੇ, ਤੈਨੂੰ ਲੈ ਚਲਾਂ ਦਾਨਾਬਾਦ।
 
ਕਈ ਥਾਈਂ ਦੋ ਤੁਕੀਏ ਬੰਦ, ਤਿੰਨ ਤੁਕੀਏ ਤੇ ਵਧੇਰੇ ਚਾਰ ਤੁਕੀਏ ਹਨ। ਇਸ ਕਿਸੇ ਵਿਚ ਵੱਖੋ-ਵੱਖਰੇ ਗਾਇਕਾਵਾਂ ਵੱਲੋਂ ਮਿਲਾਵਟ ਹੋਣ ਦੀ ਵੀ ਪੂਰੀ ਗੁੰਜਾਇਸ਼ ਹੈ। ਪਰ ਅਸੀਂ ਇਸ ਨੂੰ ਪੀਲੂ ਦੀ ਸਮੂਚੀ ਰਚਨਾ ਹੀ ਮੰਨਦੇ ਹਾਂ। 'ਸੱਦ' (ਉੱਚੀ ਅਵਾਜ਼ ਵਿੱਚ ਆਪਣੀ ਗੱਲ ਕਹਿਣੀ) ਕਾਵਿ ਰੂਪ ਵਿਚ ਹੋਣ ਸਦਕਾ ਇਸ ਕਿੱਸੇ ਨੂੰ ਗਵੰਤਰੀ, ਭੰਡ, ਭੱਟ, ਨਚਾਰ, ਮਰਾਸੀ ਆਦਿ ਗਾਇਆ ਕਰਦੇ ਸਨ ਤੇ ਇਸੇ ਪ੍ਰਕਾਰ ਇਹ ਮਕਬੂਲ ਹੋਇਆ।ਸੱਦ ਕਿਸੇ ਦੀ ਮੌਤ ਤੋਂ ਬਾਅਦ ਉਸਦੇ ਜੀਵਨ ਬਾਰੇ ਲਿੱਖੇ ਜਾਣ ਨੂੰ ਵੀ ਕਿਹਾ ਜਾਂਦਾ ਹੈ।ਰਮਾਇਣ ਵਿਚ ਰਾਜਾ ਦਸ਼ਰਥ ਦੀ ਮੌਤ ਤੋਂ ਬਾਅਦ ਅਤੇ ਮਹਾਭਾਰਤ ਵਿਚ ਅਭਿਮਨਯੂ ਦੀ ਮੌਤ ਤੋਂ ਬਾਅਦ ਸੰਸਕ੍ਰਿਤ ਵਿਚ ਸੱਦ ਕਾਵਿ ਰੂਪ ਦੇ ਸਲੋਕ ਮਿਲਦੇ ਹਨ।ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਬਾਅਦ ਭਾਈ ਸੁੰਦਰ ਜੀ ਨੇ ਰਾਮਕਲੀ ਰਾਗ ਵਿਚ 'ਸੱਦ' ਦੀ ਰਚਨਾ ਕੀਤੀ, ਜੋ ਗੁਰੁ ਗ੍ਰੰਥ ਸਾਹਿਬ ਵਿਚ ਸੰਕਲਿਤ ਹੈ।
 
ਕਿੱਸਾ ਮਿਰਜ਼ਾ-ਸਾਹਿਬਾ ਜਿੰਨਾ ਤੇ ਜਿਸ ਰੂਪ ਵਿਚ ਵੀ ਅੱਜ ਸਾਡੇ ਕੋਲ ਹੈ ਤਾਂ ਇਸਦਾ ਸਿਹਰਾ ਫਰੰਗੀਆਂ ਨੂੰ ਜਾਂਦਾ ਹੈ। ਈਸਟ ਇੰਡੀਆ ਕੰਪਨੀ ਦੇ ਅਫਸਰ ਜੌਹਨ ਲੌਰੇਂਸ ਦੇ ਨਿੱਜੀ ਸਕੱਤਰ ਰਹੇ ਸਰ ਰਿਚਅਰਡ ਟੈਂਪਲ(Sir Richard Temple, 1st Baronet, FRS, GCSI, CIE, PC 8 March 1826 – 15 March 1902) ਨੇ ਪੰਜਾਬ ਦਾ ਚੀਫ ਕਮਿਸ਼ਨਰ ਬਣਨ ਬਾਅਦ 1864-65 ਵਿਚ ਭੱਟਾਂ-ਮਰਾਸੀਆਂ ਤੋਂ ਇਹ ਮੌਖਿਕ ਕਿੱਸਾ ਸੁਣ ਕੇ ਲਿੱਪੀਬਧ ਕੀਤਾ ਸੀ।
 
ਕਹਾਣੀਆਂ ਲਿੱਖਣ ਵਾਲੇ ਕੁਝ ਲੋਕਾਂ ਦੀ ਧਾਰਨਾ ਰਹੀ ਹੈ ਕਿ ਜੇਕਰ ਆਪਣੀ ਕਥਾ ਕਹਾਣੀ 'ਤੇ ਸੱਚਾ ਹੋਣ ਦਾ ਲੇਬਲ ਲਾ ਦਿੱਤਾ ਜਾਵੇ ਤਾਂ ਲੋਕਾਂ ਵਿਚ ਉਸਨੂੰ ਪੜ੍ਹਣ ਜਾਂ ਸੁਣਨ ਦੀ ਉਤਸੁਕਤਾ ਦੁੱਗਣੀ ਹੋ ਜਾਂਦੀ ਹੈ। ਆਪੋ ਆਪਣੀ ਰਚਨਾ ਦੀ ਮਕਬੂਲੀਅਤ ਲਈ ਬਹੁਤ ਸਾਰੇ ਲਿਖਾਰੀ ਇਹ ਹੱਥਕੰਢਾ ਅਪਨਾਉਂਦੇ ਵੀ ਹਨ। ਪਰ ਮੇਰਾ ਨਿੱਜੀ ਖਿਆਲ ਹੈ ਕਿ ਸਾਹਿਤ ਤਾਂ ਸਾਹਿਤ ਹੁੰਦਾ ਹੈ ਤੇ ਉਸਦੀ ਚੰਗੇ ਮਾੜੇ ਦੀ ਪਰਖ ਸਾਹਿਤ ਦੀ ਕਸਵੱਟੀ 'ਤੇ ਹੀ ਕੀਤੀ ਜਾਂਦੀ ਹੈ। ਕਹਾਣੀ ਦੇ ਸੱਚੇ ਹੋਣ ਨਾਲ ਉਸ ਵਿਚ ਗੁਣ ਨਹੀਂ ਪੈਦਾ ਹੋ ਜਾਂਦੇ ਤੇ ਕਾਲਪਨਿਕ ਹੋਣ ਨਾਲ ਦੋਸ਼ ਨਹੀਂ ਆਉਂਦੇ। ਇਹ ਤਾਂ ਲਿਖਣ ਵਾਲੇ ਦੀ ਪ੍ਰਤਿਭਾ, ਮਿਹਨਤ ਅਤੇ ਕਲਾ 'ਤੇ ਨਿਰਭਰ ਕਰਦਾ ਹੈ ਕਿ ਉਹ ਆਪਣੀ ਸਿਨਫ ਨੂੰ ਕਿਸ ਬੁਲੰਦੀ 'ਤੇ ਲੈ ਕੇ ਜਾਂਦਾ ਹੈ। ਸਾਡੇ ਬਹੁਤ ਸਾਰੇ ਪੰਜਾਬੀ ਦੇ ਵਿਦਵਾਨ ਮਿਰਜ਼ਾ-ਸਾਹਿਬਾਂ ਦੇ ਕਿੱਸੇ ਨੂੰ ਇਕ ਸੱਚੀ ਕਹਾਣੀ ਮੰਨਦੇ ਹਨ। ਝੰਗ ਵਿਚ ਸਿਆਲਾਂ ਦੇ ਕਬੀਲੇ ਦਾ ਵਸਣਾ ਅਤੇ ਦਾਨਾਬਾਦ ਵਿਚ ਖਰਲਾਂ ਦਾ ਹੋਣਾ, ਇਸ ਕਿੱਸੇ ਦੇ ਸੱਚੇ ਹੋਣ ਦਾ ਕੋਈ ਪ੍ਰਮਾਣ ਨਹੀਂ ਹੈ। ਇਸ ਲਈ ਆਪਣੇ ਅਧਿਐਨ ਦੇ ਅਧਾਰ 'ਤੇ ਮੈਂ ਇਸ ਨੂੰ ਨਿਰੋਲ ਕਾਲਪਨਿਕ ਕਿੱਸਾ ਮੰਨਦਾ ਹਾਂ।ਇਹ ਅਰਧ-ਕਲਪਿਤ ਵੀ ਵੀ ਹੋ ਸਕਦਾ ਹੈ। ਹਾਂ, ਇਹ ਜ਼ਰੂਰ ਮੰਨਿਆ ਜਾਂ ਸਕਦਾ ਹੈ ਕਿ ਕਿੱਸੇ ਵਿਚਲੇ ਕੁਝ ਅੰਸ਼ ਵੱਖ-ਵੱਖ ਥਾਵਾਂ 'ਤੇ ਵਾਪਰੇ ਹੋਣਗੇ।ਮੇਰੀ ਜਾਚੇ ਕਿੱਸੇ ਦਾ ਮੂਲਸ੍ਰੋਤ ਹਿੰਦੁਸਤਾਨ ਦੇ ਸ਼ਹਿਨਸ਼ਾਹ ਜਲਾਲ-ਉੱਦ-ਦੀਨ ਅਕਬਰ (14 ਅਕਤੂਬਰ 1542 – 27 ਅਕਤੂਬਰ 1605) ਦੇ ਰਾਜਕਾਲ ਸਮੇਂ ਘਟੀ ਇਕ ਬਹੁਤ ਹੀ ਮਕਬੂਲ ਘਟਨਾ ਤੋਂ ਲਿਆ ਗਿਆ ਹੈ। ਅਕਬਰ-ਏ-ਆਜ਼ਮ ਨੇ ਆਪਣੇ ਸ਼ਾਸਨਕਾਲ ਸਮੇਂ ਆਪਣਾ ਨਵਾਂ ਮਜ਼ਹਬ ਦੀਨ-ਏ-ਇਲਾਹੀ ਚਲਾਉਣ ਦਾ ਪ੍ਰੀਯਾਸ ਕੀਤਾ ਸੀ। ਉਸਨੇ ਆਪਣੇ ਨਵੇਂ ਧਰਮ ਵਿਚ ਗੈਰ ਮੁਸਲਮਾਨਾਂ ਤੋਂ ਲਿਆ ਜਾਣ ਵਾਲਾ 'ਜ਼ਜੀਆ'(Tax) ਤੇ ਜਾਨਵਰਾਂ ਦੀ ਈਦ ਮੌਕੇ ਲਈ ਜਾਣ ਵਾਲੀ ਕੁਰਬਾਨੀ 'ਤੇ ਪਾਬੰਦੀ ਲਗਾਉਣ ਵਰਗੇ ਅਨੇਕਾਂ ਵਧੀਆ ਕਾਰਜ ਕੀਤੇ। ਇਹ ਗੱਲ ਵੱਖਰੀ ਹੈ ਕਿ ਕੱਟੜਪੰਥੀਆਂ ਨੇ ਦੀਨ-ਏ-ਇਲਾਹੀ ਨੂੰ ਚੱਲਣ ਨਹੀਂ ਦਿੱਤਾ।
 
ਖੈਰ, ਪੁਰਾਣੇ ਸਮਿਆਂ ਵਿਚ ਰਾਜੇ-ਮਹਾਰਾਜੇ ਅਤੇ ਧਨਾਢ ਵਿਅਕਤੀ ਆਪਣੇ ਜਵਾਨ ਹੋ ਰਹੇ ਮੁੰਡਿਆਂ ਨੂੰ ਵੇਸਵਾਂ ਦੇ ਕੋਠਿਆਂ 'ਤੇ ਭੇਜਿਆ ਕਰਦੇ ਸਨ ਤਾਂ ਕਿ ਉਹਨਾਂ ਨੂੰ ਔਰਤ ਨਾਲ ਗੱਲਬਾਤ ਅਤੇ ਪਿਆਰ ਕਰਨ ਦਾ ਸਲੀਕਾ ਆ ਜਾਵੇ। ਇਸੇ ਪ੍ਰਕਾਰ ਹੀ ਇਕ ਅਮੀਰਜ਼ਾਦਾ ਹੁੰਦਾ ਹੈ। ਜੋ ਵੇਸਵਾਵਾਂ ਦੀ ਸੰਗਤ ਵਿਚ ਰਹਿ ਕੇ ਇਸ ਕਦਰ ਵਿਗੜ ਜਾਂਦਾ ਹੈ ਕਿ ਉਸਦਾ ਪਿਉ ਉਸਨੂੰ ਘਰ ਵਿਚ ਹਰ ਵੇਲੇ ਕੈਦ ਰੱਖਣ ਦਾ ਆਪਣੇ ਨੌਕਰਾਂ ਨੂੰ ਹੁਕਮ ਦੇ ਦਿੰਦਾ ਹੈ।ਉਸ ਅਮੀਰਜ਼ਾਦੇ ਨੇ ਖੁੱਲ੍ਹ-ਖੇਡ ਦੇਖੀ ਹੁੰਦੀ ਹੈ। ਉਸਨੂੰ ਆਪਣੇ ਪਿਉ ਦੀ ਕੈਦ ਵਿਚ ਰਹਿਣਾ ਬੜਾ ਔਖਾ ਲਗਦਾ ਹੈ। ਦਿਨ ਰਾਤ ਵੇਸਵਾਵਾਂ ਨਾਲ ਮਾਣੀਆਂ ਰੰਗ-ਰਲੀਆਂ ਬਾਰੇ ਸੋਚ-ਸੋਚ ਕਾਮ ਉਸ ਅੰਦਰ ਭੜਕਦਾ ਰਹਿੰਦਾ ਹੈ ਤੇ ਜਿਸਦਾ ਸਿੱਟਾ ਇਹ ਹੁੰਦਾ ਹੈ ਕਿ ਉਸਦੇ ਆਪਣੀ ਹੀ ਸਕੀ ਭੈਣ ਨਾਲ ਸ਼ਰੀਰਕ ਸੰਬੰਧ ਬਣ ਜਾਂਦੇ ਹਨ।ਮਾਮਲਾ ਅਕਬਰ ਦੇ ਦਰਬਾਰ ਵਿਚ ਚਲਿਆ ਜਾਂਦਾ ਹੈ।ਮੌਲਵੀ ਅਕਬਰ ਨੂੰ ਪੁੱਛਦਾ ਹੈ ਕਿ ਤੁਹਾਡੇ ਦੀਨ-ਏ-ਇਲਾਹੀ ਮੁਤਾਬਕ ਇਸ ਨੂੰ ਕੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਅਕਬਰ ਕਹਿੰਦਾ ਹੈ ਕਿ ਮੈਂ ਇਹਨਾਂ ਦੋਨਾਂ ਦੀ ਸ਼ਾਦੀ ਹੋਰ ਕਿਧਰੇ ਕਰਵਾ ਦਿਆਂਗਾ। ਮੌਲਾਣੇ ਇਹ ਸੁਣ ਕੇ ਭੜਕ ਉੱਠਦੇ ਹਨ ਤੇ ਕਹਿੰਦੇ ਹਨ ਕਿ ਨਹੀਂ ਇਹਨਾਂ ਦਾ ਜ਼ੁਰਮ ਬਹੁਤ ਸੰਗੀਨ ਹੈ ਤੇ ਇਹਨਾਂ ਨੂੰ ਸ਼ਰ੍ਹਾ ਮੁਤਾਬਕ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਇਹਨਾਂ ਦੇ ਕਰਮ ਨਾਲ ਸਮਾਜ ਵਿਚ ਅਨੈਤਿਕਤਾ ਫੈਲਦੀ ਹੈ। ਜੇ ਇਹਨਾਂ ਨੂੰ ਬਖਸ਼ ਦਿੱਤਾ ਗਿਆ ਤਾਂ ਕੱਲ੍ਹ ਨੂੰ ਕੋਈ ਹੋਰ ਇਹੋ ਗੁਨਾਹ ਕਰੇਗਾ।
 
ਅਕਬਰ ਮਾਮਲਾ ਮੌਲਾਣਿਆਂ ਦੇ ਹਵਾਲੇ ਕਰ ਦਿੰਦਾ ਹੈ। ਉਸ ਅਮੀਰਜ਼ਾਦੇ ਅਤੇ ਉਸਦੀ ਭੈਣ ਨੂੰ ਸ਼ਰੇਆਮ ਅਵਾਮ ਦੇ ਸਾਹਮਣੇ ਮੌਤ ਦੇ ਘਾਟ ਉਤਾਰੇ ਜਾਣ ਦਾ ਫਤਵਾ ਦੇ ਦਿੰਦੇ ਹਨ। ਲੋਕਾਂ ਦੇ ਹਜ਼ੂਮ ਵੱਲੋਂ ਚੁਰਸਤੇ ਵਿਚ ਇਕ ਜੰਡ ਹੇਠਾਂ ਉਹ ਦੋਨੋਂ ਭੈਣ ਭਰਾ ਟੋਟੇ-ਟੋਟੇ ਕਰਕੇ ਵੱਢ ਦਿੱਤੇ ਜਾਂਦੇ ਹਨ। ਸਾਰੇ ਹਿੰਦੁਸਤਾਨ ਵਿਚ ਇਸ ਅਮੀਰਜ਼ਾਦੇ ਦੀ ਘਟਨਾ ਦੰਦ-ਕਥਾ ਬਣ ਕੇ ਫੈਲ ਜਾਂਦੀ ਹੈ। ਵਰਣਨਯੋਗ ਹੈ ਕਿ ਮਿਰਜ਼ਾ ਅਮੀਰਜ਼ਾਦੇ ਸ਼ਬਦ ਦਾ ਹੀ ਸੰਖੇਪ ਰੂਪ ਮਿਰਜ਼ਾ ਨਾਮ ਨਹੀ ਸੀ, ਇਹ ਮਿਰਜ਼ੇ ਦੀ ਅੱਲ੍ਹ ਸੀ, ਜਿਵੇਂ ਲੰਬੜਦਾਰ ਜਾਂ ਠਾਣੇਦਾਰ ਆਦਿਕ ਵਿਸ਼ੇਸ਼ਣ ਵਿਅਕਤੀਆਂ ਨਾਲ ਨਾਮ ਦੀ ਥਾਂ ਵਰਤੇ ਜਾਂਦੇ ਹਨ। ਹੈ।ਮੁਗਲਾਂ ਦੇ ਰਾਜ ਸਮੇਂ ਹਿੰਦੂ ਕਰਮਚਾਰੀਆਂ ਨੂੰ ਮੁਸਲਮਾਨਾਂ ਦੇ ਅਧੀਨ 'ਮਿਰਜ਼ੇ' ਦੀ ਉਪਾਧੀ ਵੀ ਦਿੱਤੀ ਜਾਂਦੀ ਸੀ। ਜਿਵੇਂ ਮਿਰਜ਼ਾ ਗਾਲਿਬ ਅਤੇ ਉਮਰਾਓ ਜਾਨ ਵਰਗਾ ਸ਼ਾਹਕਾਰ ਦਾ ਰਚੇਤਾ ਮਿਰਜ਼ਾ ਹਾਦੀ ਰੁਸਵਾ ਆਦਿ ਨੂੰ ਸਰਕਾਰ ਵੱਲੋਂ ਮਿਰਜ਼ੇ ਦੀਆਂ ਪਦਵੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਸੀ।

ਉਪ੍ਰੋਕਤ ਵਰਣਿਤ ਘਟਨਾ ਵਾਲੀਆਂ ਸਾਰੀਆਂ ਗੱਲਾਂ ਪੀਲੂ ਦੇ ਮਿਰਜ਼ੇ ਵਿਚ ਵੀ ਬਿਲਕੁਲ ਉਸੇ ਤਰ੍ਹਾਂ ਦਰਜ਼ ਹਨ, ਫ਼ਰਕ ਸਿਰਫ ਐਨਾ ਹੀ ਹੈ ਕਿ ਪੀਲੂ ਕਿੱਸੇ ਨੂੰ ਸਮਾਜ ਵੱਲੋਂ ਪ੍ਰਵਾਨਿਤ ਕਰਨ ਹਿੱਤ ਮਿਰਜ਼ਾ ਸਾਹਿਬਾਂ ਨੂੰ Cousins ਜਾਣੀ ਮਾਮੇ ਭੂਆ ਦੇ ਮੁੰਡਾ ਕੁੜੀ ਦਰਸਾ ਦਿੰਦਾ ਹੈ।ਮੁਸਲਮਾਨਾਂ ਵਿਚ ਇਹ ਰਿਸ਼ਤਾ ਜ਼ਾਇਜ ਹੈ, ਕਿਉਂਕਿ ਇਸਲਾਮ ਦਾ ਮਤ ਹੈ ਕਿ ਸਕੀ ਮਾਂ ਅਤੇ ਸਕੀ ਭੈਣ ਨੂੰ ਛੱਡ ਕੇ ਦੁਨੀਆਂ ਦੀਆਂ ਬਾਕੀ ਸਭ ਔਰਤਾਂ ਭੋਗਣਯੋਗ ਹਨ।
 
ਇਸ ਪੂਰਬ ਬਿਆਨੀ ਅਮੀਰਜ਼ਾਦੇ ਵਾਲੀ ਘਟਨਾ ਤੋਂ ਇੰਜਣ ਚੁੱਕ, Chassis (ਤਲਾ) ਮਿਥਿਹਾਸ ਅਤੇ ਇਤਿਹਾਸ ਦੀ ਲਾ ਕੇ ਪੀਲੂ ਨੇ Body (ਢਾਂਚਾ) ਹੀਰ ਦੇ ਕਿੱਸੇ ਦੀ ਫਿੱਟ ਕਰਕੇ ਆਪਣੇ ਕਿੱਸੇ ਦੀ ਗੱਡੀ ਤਿਆਰ ਕਰਕੇ ਰੋੜ੍ਹ ਲਈ ਜਾਪਦੀ ਹੈ।ਭਾਵ ਮਿਰਜ਼ਾ-ਸਾਹਿਬਾਂ, ਹੀਰ ਤੋਂ ਪ੍ਰੇਰਿਤ ਹੋ ਕੇ ਲਿੱਖਿਆ ਗਿਆ ਹੈ। ਇਸ ਤੱਥ ਦੇ ਕਿੱਸੇ ਵਿਚ ਅਨੇਕਾਂ ਸਬੂਤ ਅਤੇ ਸੰਕੇਤ ਮਿਲਦੇ ਹਨ, ਜਿਵੇਂ ਕਿ "ਮਿਰਜ਼ਾ ਸਿਆਲਾਂ ਨੂੰ ਚੱਲਿਆ, ਖੇੜੇ ਸੀਸ ਨਿਵਾ।16॥" ਖੇੜੇ ਹੀਰ ਦੇ ਸਾਉਰੇ ਸਨ।
 
ਜਿਵੇਂ ਹੁਣ ਸਾਡੇ ਲੰਡਨ ਜਾਂ ਲਾਹੌਰ ਦੀਆਂ ਕੁੜੀਆਂ ਟੀਸੀ ਵਾਲਾ ਬੇਰ ਸਮਝੀਆਂ ਜਾਂਦੀਆਂ ਹਨ, ਉਵੇਂ ਉਹਨਾਂ ਸਮਿਆਂ ਵਿਚ ਸਿਆਲਾਂ ਦੀਆਂ ਕੁੜੀਆਂ ਹੁਸਨਾਕ ਮੰਨੀਆਂ ਜਾਂਦੀਆਂ ਸਨ।ਇਸੇ ਲਈ ਰਾਂਝੇ ਦੀਆਂ ਭਰਜਾਈਆਂ ਮਿਹਣਾ ਮਾਰਦੀਆਂ ਹੋਈਆਂ ਕਹਿੰਦੀਆਂ ਹਨ:-

ਸਾਡਾ ਹੁਸਨ ਪਸੰਦ ਨ ਲਿਆਵਣਾ ਏਂ
ਜਾ ਹੀਰ ਸਿਆਲਾਂ ਵਿਆਹ ਲਿਆਵੀਂ
ਵਾਹ ਵੰਝਲੀ ਪ੍ਰੇਮ ਦੀ ਪਾ ਜਾਲੀ
ਕਾਈ ਨੱਢੀ ਸਿਆਲਾਂ ਦੀ ਫਾਹ ਲਿਆਵੀਂ। (ਪੰਨਾ ਨੌ, ਹੀਰ ਵਾਰਿਸ ਸ਼ਾਹ, ਸੰਪਾਦਕ ਡਾ: ਬਖਸ਼ੀਸ਼ ਸਿੰਘ ਨਿੱਝਰ)

ਪੀਲੂ ਵੀ ਆਪਣੀ ਨਾਇਕਾ ਨੂੰ ਸਿਆਲਾਂ ਦੀ ਕੁੜੀ ਹੀ ਨਹੀਂ ਬਣਾਉਦਾ, ਸਗੋਂ ਹੀਰ ਵਾਂਗ ਸਾਹਿਬਾਂ ਨੂੰ ਝੰਗ ਦੀ ਹੀ ਬਣਾ ਦਿੰਦਾ ਹੈ। ਸਿਆਲਾਂ ਦੀਆਂ ਕੁੜੀਆਂ ਦੇ ਹੁਸਨ ਦਾ ਡੰਕਾ ਕਿਸ ਕਦਰ ਵੱਜਿਆ ਹੋਇਆ ਸੀ, ਇਸ ਗੱਲ ਦਾ ਅੰਦਾਜ਼ਾ ਮਿਰਜ਼ੇ ਦੀ ਮਾਂ ਵੱਲੋਂ ਮਿਰਜ਼ੇ ਨੂੰ ਦਿੱਤੀਆਂ ਮੱਤਾਂ ਵਿਚੋਂ ਲਾਇਆ ਜਾ ਸਕਦਾ ਹੈ:-

ਬੁਰੇ ਸਿਆਲਾਂ ਦੇ ਮਾਮਲੇ, ਬੁਰੀ ਸਿਆਲਾਂ ਦੀ ਰਾਹ।
ਬੁਰੀਆਂ ਸਿਆਲਾਂ ਦੀਆਂ ਔਰਤਾਂ, ਲੈਂਦੀਆਂ ਜਾਦੂ ਪਾ। (ਬੰਦ ਚੌਦਾਂ, ਕਿੱਸਾ ਮਿਰਜ਼ਾ-ਸਾਹਿਬਾਂ, ਪੀਲੂ)

ਹੀਰ ਦੀ ਨਣਦ ਦਾ ਨਾਮ ਸਹਿਤੀ ਹੁੰਦਾ ਹੈ। ਅਜ਼ੀਬ ਇਤਫਾਕ ਦੇਖੋ ਮਿਰਜ਼ੇ ਦੀ ਭੈਣ ਜਾਣੀ ਸਾਹਿਬਾਂ ਦੀ ਨਣਦ ਦਾ ਨਾਮ ਵੀ ਸਹਿਤੀ ਹੁੰਦਾ ਹੈ।ਵਾਰਿਸ਼ ਸ਼ਾਹ ਅਨੁਸਾਰ ਹੀਰ ਰਾਂਝਾ ਦੋਨੋਂ ਹੀ ਖੂਬਸੂਰਤ ਸਨ। ਉਹ ਰਾਂਝੇ ਦਾ ਸੁਹੱਪਣ ਹੀਰ ਦੇ ਮੋਹਿਤ ਹੋਣ ਨਾਲ ਬਿਆਨ ਕਰਦਾ ਹੈ:-

ਸੂਰਤ ਵੇਖਦਿਆਂ ਹੀਰ ਨੂੰ ਖੁਸ਼ੀ ਹੋਈ,
ਅਕਲ ਭੁੱਲ ਗਈ ਸਰ ਗਰਦਾਨ ਹੋਈ।
ਰੂਪ ਜੱਟ ਦਾ ਵੇਖ ਕੇ ਜਾਗ ਲੱਧੀ,
ਹੀਰ ਵਾਰ ਘੱਤੀ ਸਦਕੇ ਜਾਨ ਹੋਈ। (ਪੰਨਾ ਨੰਬਰ ਬਾਈ, ਹੀਰ -ਵਾਰਿਸ ਸ਼ਾਹ, ਸੰਪਾਦਕ ਡਾ: ਬਖਸ਼ੀਸ਼ ਸਿੰਘ ਨਿੱਝਰ)

ਫਿਰ ਹੀਰ ਦੀ ਸਿਫਤ ਕਰਨ ਲੱਗਿਆਂ ਤਾਂ ਵਾਰਿਸ਼ ਸ਼ਾਹ ਤੋਪੇ ਹੀ ਤੋੜ੍ਹ ਦਿੰਦਾ ਤੇ ਸਿਰ ਤੋਂ ਪੈਰਾਂ ਤੱਕ ਹੀਰ ਦੇ ਹਰ ਇਕ ਅੰਗ ਦੀ ਤਾਰੀਫ ਤਸ਼ਬੀਹਾਂ ਦੇ ਕਰਦਾ ਹੈ ਤਾਂ ਇਉਂ ਲੱਗਦਾ ਜਿਵੇਂ ਉਹ ਹੀਰ ਦਾ ਜਿਸਮਾਨੀ ਸਰਵੇਖਣ (Medical Examination) ਜਾਂ ਪੋਸਟ ਮੌਰਟਮ ਕਰ ਰਿਹਾ ਹੋਵੇ।ਇਸੇ ਤਰ੍ਹਾਂ ਹੀ ਪੀਲੂ ਵੀ ਮਿਰਜ਼ੇ ਅਤੇ ਸਾਹਿਬਾਂ ਦੇ ਹੁਸਨ ਦੀ ਵਾਰੋ-ਵਾਰੀ ਤਾਰੀਫ ਕਰਦਾ ਹੈ:-

1 ਜਨਮ ਦਿੱਤਾ ਮਾਈ ਬਾਪ ਨੇ, ਰੂਪ ਦਿੱਤਾ ਕਰਤਾਰ,
ਮਿਰਜ਼ਾ ਐਸਾ ਸੂਰਮਾ, ਖਰਲਾਂ ਦਾ ਸਰਦਾਰ।2॥

2 ਹੋਰਾਂ ਹੱਥੀਂ ਬਰਛੀਆਂ, ਮਿਰਜ਼ੇ ਦੀ ਸਬਜ਼ ਕਮਾਨ।
ਧਹਿਨੇ ਕੰਨੀਂ ਆਉਂਦਾ ਮੇਰਾ, ਮਿਰਜ਼ਾ ਸ਼ੇਰ ਜਵਾਨ। ਬੰਦ 30॥

3 ਚੀਰੇ ਵਾਲਾ ਛੋਕਰਾ, ਬੀਬੋ ਅੰਦਰ ਕੌਣ ਖੜਾ?

ਮਿਰਜ਼ਾ ਫੁੱਲ ਗੁਲਾਬ ਦਾ, ਮੇਰੀ ਝੋਲੀ ਟੁੱਟ ਪਿਆ। ਬੰਦ 33॥ (ਕਿੱਸਾ ਮਿਰਜ਼ਾ-ਸਾਹਿਬਾਂ, ਪੀਲੂ)

ਹੀਰ ਦੀ ਤਫਸੀਲ ਵਿਚ ਸਿਫਤ ਕਰਨ ਲਈ ਤਾਂ ਵਾਰਿਸ਼ ਸ਼ਾਹ ਕੋਲ ਉਸਦੀ ਪ੍ਰੇਮਿਕਾ ਭਾਗਭਰੀ ਜਾਂ ਮੱਠੀ ਨੈਣ ਵਰਗੇ ਜਿਉਂਦੇ ਜਾਗਦੇ ਪਾਤਰ ਸਨ। ਉਹਨੇ ਉਹਨਾਂ ਨੂੰ ਬੇਪਰਦਾ ਕਰਕੇ ਸਾਹਮਣੇ ਬਿਠਾ ਲਿਆ ਹੋਵੇਗਾ ਤੇ ਉਹਨਾਂ ਦੇ ਸ਼ਰੀਰ ਦਾ ਹਾਸ਼ੀਆ ਬਣਾਕੇ ਹੀਰ ਵਾਲੇ ਰੰਗ ਭਰ ਦਿੱਤੇ ਹੋਣਗੇ। ਪਰ ਪੀਲੂ ਉਨਾ ਖੁਸ਼ਕਿਸਮਤ ਨਹੀਂ ਸੀ ਸ਼ਾਇਦ।ਮਜ਼ਬੂਰਨ ਉਸਨੂੰ ਸਾਹਿਬਾਂ ਦੇ ਹੁਸਨ ਨੂੰ ਬਿਆਨਣ ਲਈ ਹੋਰ ਵਿਧੀ ਅਪਨਾਉਣੀ ਪਈ। ਪੀਲੂ ਨੇ ਸਾਹਿਬਾਂ ਦੇ ਹੁਸਨ ਦਾ ਵਰਣਨ ਕਰਦਿਆਂ ਬਹੁਤ ਹੀ ਸੰਕੋਚ ਅਤੇ ਸੰਜਮ ਵਰਤਿਆ ਹੈ ਤੇ ਉਸਨੇ ਸਾਹਿਬਾਂ ਹੁਸਨ ਦੇ ਪ੍ਰਭਾਵ ਰਾਹੀਂ ਉਸਦੀ ਖੂਬਸੂਰਤੀ ਨੂੰ ਉਜਾਗਰ ਕੀਤਾ ਹੈ ਤੇ ਇਸ ਕਾਰਜ ਲਈ ਪੀਲੂ ਨੇ ਦ੍ਰਿਸ਼ਟਾਂਤ ਅਲੰਕਾਰ ਦੀ ਵਰਤੋਂ ਵੀ ਕੀਤੀ ਹੈ। ਪੀਲੂ ਸ਼ਰਤੀਆ ਜਮਾਂਦਰੂ ਛੜਾ ਹੋਣੈ ਕਿਉਂਕਿ ਉਹ ਉਸੇ ਪ੍ਰਕਾਰ ਆਪਣੇ ਅੰਦਾਜ਼ ਅਤੇ ਨਜ਼ਰੀਏ ਤੋਂ ਸਾਹਿਬਾਂ ਦੀ ਸੁੰਦਰਤਾ ਨੂੰ ਚਿਤਰਨ ਕਰਦਾ ਹੈ:-

1 ਸਾਹਿਬਾਂ ਗਈ ਤੇਲ ਨੂੰ, ਗਈ ਪਸਾਰੀ ਦੀ ਹੱਟ।
ਫੜ ਨਾ ਜਾਣੇ ਤੱਕੜੀ, ਹਾੜ ਨਾ ਜਾਣੇ ਵੱਟ।
ਤੇਲ ਭੁਲਾਵੇ ਭੁੱਲਾ ਬਾਣੀਆਂ, ਬਲਦ ਗਵਾ ਲੈ ਜੱਟ।(ਬੰਦ ਪੰਜ, ਕਿੱਸਾ ਮਿਰਜ਼ਾ-ਸਾਹਿਬਾਂ, ਪੀਲੂ)

2 ਕੱਢ ਕਲੇਜਾ ਲੈ ਗਈ, ਖਾਨ ਖੀਵੇ ਦੀ ਧੀ।
ਗਜ਼ ਗਜ਼ ਲੰਮੀਆਂ ਮੀਂਢੀਆਂ, ਰੰਗ ਜੋ ਗੋਰਾ ਸੀ।(ਬੰਦ ਸੱਤ, ਕਿੱਸਾ ਮਿਰਜ਼ਾ-ਸਾਹਿਬਾਂ, ਪੀਲੂ)

ਕਮਾਲ ਹੈ ਜਰਵਾਣੇ ਵੀਰ ਸ਼ਮੀਰ, ਚੌਧਰੀ ਬਾਪ ਖੀਵੇ ਖਾਨ ਅਤੇ ਕਰਮੂ ਬ੍ਰਾਹਮਣ ਵਰਗੇ ਨੌਕਰਾਂ ਦੇ ਹੁੰਦਿਆਂ ਹੋਇਆਂ ਪੀਲੂ ਸਾਹਿਬਾਂ ਨੂੰ ਤੇਲ ਲੈਣ ਤੋਰਦਾ ਹੈ।ਬਹਿਰਹਾਲ, ਪੀਲੂ ਸਾਹਿਬਾਂ ਦੇ ਹੁਸਨ ਦੇ ਪ੍ਰਭਾਵਾਂ ਨੂੰ ਉਲੀਕਦਾ ਹੈ, ਪਰ ਪੀਲੂ ਦਾ ਚੇਲਾ ਹਾਫ਼ਿਜ਼ ਬਰਖ਼ੁਰਦਾਰ ਮਿਰਜ਼ਾ ਲਿਖਣ ਲੱਗਿਆਂ ਸਾਰੀਆਂ ਕਸਰਾਂ ਕੱਢ ਦਿੰਦਾ ਹੈ।ਵਾਰਿਸ ਸ਼ਾਹ ਹੀਰ ਬਾਰੇ ਬਿਆਨ ਕਰਦਾ ਹੋਇਆ ਜੋ ਲਿਖਦਾ ਹੈ, ਉਹੀ ਹਾਫ਼ਿਜ਼ ਬਰਖ਼ੁਰਦਾਰ ਝਰੀਟ ਦਿੰਦਾ ਹੈ। ਉਹ ਵਾਰਿਸ਼ ਸ਼ਾਹ ਦੀ ਹੀਰ ਮੂਹਰੇ ਰੱਖ ਕੇ ਨਕਲ ਮਾਰਨ ਲੱਗ ਜਾਂਦਾ ਹੈ। ਵਾਰਿਸ਼ ਸ਼ਾਹ ਦੀ ਸ਼ੈਲੀ ਅਤੇ ਉਪਮਾਵਾਂ ਹੂਬਾਹੂ ਚੋਰੀ ਕਰਦਿਆਂ ਰੀਸ ਦੀ ਘੜੀਸ ਨਕਲਮਾਰ ਹਾਫ਼ਿਜ਼ ਨੇ ਭੋਰਾ ਸ਼ਰਮ ਨਹੀਂ ਕੀਤੀ। ਨਮੂਨਾ ਦੇਖੋ:-

ਘਰ ਖੀਵੇ ਦੇ ਜੰਮੀ ਸਾਹਿਬਾਂ, ਜਿਸਦੀ ਹੂਰਾਂ ਰਸ਼ਕ ਕਰੰਨ।
ਅਤੇ ਪਰੀਆਂ ਵੇਖ ਲੁੜ ਜਾਦੀਆਂ, ਕੈ ਨਾਰੀ ਫਖਰ ਕਰੰਨ।
ਸਾਹਿਬਾਂ ਰੰਗ ਮਜੀਠ ਦਾ, ਜਿਉਂ ਜਿਉਂ ਧਰਤ ਰੰਗੰਨ।
ਓਹਦੀ ਛਾਤੀ ਦੇ ਦੋ ਵਾਲੀਆਂ, ਦੋ ਬੱਤਖਾਂ ਚੋਗ ਚੁਗੰਨ।
ਉਸ ਦਾ ਕੱਦ ਸਕੀਮ ਤਨ, ਵਿਚ ਤ੍ਰਿੱਕਲ ਵੱਟ ਪਵੰਨ।
ਅਤੇ ਨੱਕ ਕੁੰਡੀ ਦਾ ਪਿਪਲਾ, ਜ਼ੁਲਫਾਂ ਨਾਲ ਪਲਮੰਨ।
ਭਾਰ ਜੰਗਲ ਦੇ ਪੌਣ ਅਗਲੀ, ਜਿਥੇ ਪਦਮ ਨਾ ਵਜੰਨ।
ਝਾੜੀ ਬੀਜੇ ਅੰਬ ਜੋ, ਜੰਡੋਂ ਅੰਬ ਕਰੰਨ।
ਉਹ ਦੀਆਂ ਸੁਰਖ ਲਬਾਂ ਦੰਦ ਉਜਲੇ, ਜਿਉਂ ਮੋਤੀ ਲਾਲ ਭਖੰਨ।
ਜਾਂ ਗੱਲ ਕਰੇਂਦੀ ਹੱਸ ਕੇ, ਮੁਖਹੁੰ ਫਲ ਝੜੰਨ।
ਸਾਹਿਬਾਂ ਦੇ ਤ੍ਰਿਖੇ ਨੈਣ ਕਟਾਰੀਆਂ, ਦੁੱਸਰ ਘਾਉ ਕਰੰਨ।
ਜਿਉਂ ਤੇਜ਼ੀ ਸੂਰਜ ਸਾਹਮਣੇ, ਲਾਟਾਂ ਨੈਣ ਮਚੰਨ।
ਓਹ ਫਾਰਗ ਸੁਰਮੇ ਕੱਜਲੋਂ, ਐਮੇ ਖੁਨ ਕਰੰਨ।
ਜਾਂ ਜ਼ਹਰ ਚੜੀਵੇ ਜ਼ਹਰ 'ਤੇ, ਆਸ਼ਕ ਕਿਵੇਂ ਜੀਵੰਨ।
ਓਹਦੇ ਪੱਟ ਚੰਦਨ ਦੀਆਂ ਗੇਲੀਆਂ, ਚੰਗੇ ਮੁਸ਼ਕ ਛਡੰਨ।
ਉਸ ਦੀ ਧੁੰਨੀ ਤੁੰਗ ਸ਼ਰਾਬ ਦੀ, ਆਸ਼ਕ ਘੁਟ ਪੀਵੰਨ।
ਉਸ ਦੇ ਸੀਨੇ ਤੇ ਦੋ ਡੱਬੀਆਂ ਆਸ਼ਕ ਮਸਤ ਕਰੰਨ।
ਉਪਰ ਭੌਛਨ ਕਾਂਢਵਾਂ, ਵਿਚ ਤਿਲੀਅਰ ਚੋਗ ਚੁਗੰਨ। (ਬੰਦ ਤੀਜਾ, ਮਿਰਜ਼ਾ-ਸਾਹਿਬਾਂ, ਹਾਫ਼ਿਜ਼ ਬਰਖ਼ੁਰਦਾਰ)
ਸਾਕੀ ਆਮ੍ਹੋ ਸਾਮ੍ਹਣੇ ਮੱਥੇ ਤੇ ਖਰਲ ਕਦੀਮ।
ਤਵੰਗਰ ਸਾਕ ਤਵੰਗਰਾਂ, ਸਕੀਮ ਸਾਕ ਸਕੀਮ।
ਸਾਹਿਬਾਂ ਹਾਜ਼ਤ ਨਹੀਂ ਸ਼ਿਗਾਰ ਦੀ, ਲਖ ਸ਼ੀਂਗਾਰ ਕਰੰਨ।
ਪਰ ਆਸ਼ਕ ਮਿਸਲ ਪਤੰਗ ਦੇ ਜਲ ਕੇ ਖਾਕ ਥੀਵੰਨ।(ਬੰਦ ਚੌਥਾ, ਮਿਰਜ਼ਾ-ਸਾਹਿਬਾਂ, ਹਾਫ਼ਿਜ਼ ਬਰਖ਼ੁਰਦਾਰ)

'ਧੁੰਨੀ ਬਹਿਸ਼ਤ ਦੇ ਹੌਜ਼ ਦਾ ਮੁਸ਼ਕ ਕੁਪਾ', 'ਨਕ ਅਲਫ ਹੁਸੈਨੀ ਦਾ ਪਿਪਲਾ', 'ਛਾਤੀ ਠੇਠ ਦੀ ਉਭਰੀ ਪਟ ਖੇਨੂੰ' ਅਤੇ 'ਹੂਰ ਨਿਕਲੀ ਚੰਨ ਅਨਵਾਰ ਦੀ ਗਾਰ' ਆਦਿਕ ਇਹ ਸਭ ਗੱਲਾਂ ਵਾਰਿਸ ਸ਼ਾਹ ਪਹਿਲਾਂ ਹੀ ਲਿੱਖ ਚੁੱਕਾ ਹੈ।ਹਾਫ਼ਿਜ਼ ਬਸ ਵਾਰਿਸ ਸ਼ਾਹ ਦੀਆਂ ਉਪਮਾਵਾਂ ਨੂੰ ਤੋੜ ਮਰੋੜ ਕੇ ਪੇਸ਼ ਕਰਦਾ ਹੈ।ਹਾਫ਼ਿਜ਼ ਆਪਣੇ ਕਲਾਮ ਵਿੱਚ ਫੇਰ ਬਦਲ ਕਰਦਿਆਂ ਬਹੁਤਾਂ ਸੁਚੇਤ ਨਹੀਂ ਹੁੰਦਾ। ਹਾਫ਼ਿਜ਼ ਲਿਖਦਾ ਹੈ, "ਓਹਦੇ ਪੱਟ ਚੰਦਨ ਦੀਆਂ ਗੇਲੀਆਂ, ਚੰਗੇ ਮੁਸ਼ਕ ਛਡੰਨ।4॥" ਮੈਨੂੰ ਸਮਝ ਨਹੀਂ ਲਗਦੀ ਕਿ ਉਹ ਸਾਹਿਬਾਂ ਦੀ ਤਾਰੀਫ ਕਰ ਰਿਹਾ ਹੈ ਜਾਂ ਬੇਇੱਜ਼ਤੀ।ਖੁਸ਼ਬੂ ਅਤੇ ਮੁਸ਼ਕ ਵਿਚਾਲੇ ਅੰਤਰ ਬਾਰੇ ਉਸਨੂੰ ਗਿਆਨ ਹੀ ਨਹੀਂ?
ਹੀਰ ਅਤੇ ਮਿਰਜ਼ਾ, ਦੋਨਾਂ ਕਿੱਸਿਆਂ ਵਿਚ ਇਕ ਹੋਰ ਸਮਾਨਤਾ ਇਹ ਹੈ ਕਿ ਨਾਇਕਾ ਆਪੇ ਪਿਆਰ ਲਈ ਖ਼ਤਰਾ ਬਣਨ ਵਾਲੇ ਮਰਦ ਨੂੰ ਗੁੱਸੇ ਵਿਚ ਆ ਕੇ ਧਮਕਾਉਂਦੀ ਹੈ। ਜਦੋਂ ਕੈਦੋਂ ਭੇਸ ਵਟਾ ਕੇ ਛਾਪਾ ਮਾਰਦਾ ਹੈ ਤੇ ਹੀਰ ਦੀ ਚੂਰੀ ਬਰਾਮਦ ਕਰ ਲੈਂਦਾ ਹੈ ਤਾਂ ਹੀਰ ਦਬਕਾ ਮਾਰਦੀ ਹੈ:-

ਹੀਰ ਢਾਹ ਕੇ ਆਖਿਆ ਮੀਆਂ ਚਾਚਾ,
ਚੂਰੀ ਦੇਹ ਜੇ ਜੀਵਣਾ ਲੋੜਨਾ ਏ।
ਨਹੀਂ ਤਾਂ ਮਾਰਕੇ ਜਿੰਦ ਗਵਾ ਦੇਸਾਂ,
ਮੈਨੂੰ ਕਿਸੇ ਨ ਹਟਕਣਾ ਹੋੜਨਾ ਏ।
ਬੰਨ੍ਹ ਹੱਥ ਤੇ ਪੈਰ ਲਟਕਾ ਦੇਸਾਂ,
ਮੈਨੂੰ ਕਿਸੇ ਨ ਰੋਕਣਾ ਮੋੜਨਾ ਏ।(ਪੰਨਾ ਨੰਬਰ ਪੈਂਤੀ, ਹੀਰ -ਵਾਰਿਸ ਸ਼ਾਹ, ਸੰਪਾਦਕ ਡਾ: ਬਖਸ਼ੀਸ਼ ਸਿੰਘ ਨਿੱਝਰ)

ਜਦੋਂ ਕਰਮੂ ਬਾਹਮਣ ਸਾਹਿਬਾਂ ਨੂੰ ਮਿਰਜ਼ੇ ਨੂੰ ਛੱਡਣ ਬਾਰੇ ਨੇਕ ਸਲਾਹ ਦਿੰਦਾ ਹੈ ਤਾਂ ਸਾਹਿਬਾਂ ਗਰਜ਼ਦੀ ਹੈ:-

ਅੱਗੋਂ ਸਾਹਿਬਾਂ ਬੋਲਦੀ, ਤੇਰੇ ਮੂੰਹ ਦੇ ਵਿਚ ਸੁਆਹ।
ਮਾਰਾਂ ਚਪੇੜ ਤੇਰੇ ਗਜ਼ਬ ਦੀ, ਦਿਆਂ ਅਕਲ ਗਵਾ।
ਖਬਰ ਹੋ ਜਾਏ ਮੇਰੇ ਬਾਪ ਨੂੰ, ਤੈਨੂੰ ਸ਼ਹਿਰੋਂ ਦੇਇ ਉਜਾੜ।
ਜੇ ਖਬਰ ਰਹੋ ਜਾਏ ਵੀਰ ਸ਼ਮੀਰ ਨੂੰ, ਤੈਨੂੰ ਕਰਹਿ ਮਾਰ।
ਜੇ ਖਬ ਰਹੋ ਜਾਏ ਪਿੰਡ ਦੇ ਮੁੰਡਿਆਂ, ਕਰਨ ਢੀਮਾਂ ਦੀ ਮਾਰ।(ਬੰਦ ਨੌਂਵਾਂ, ਕਿੱਸਾ ਮਿਰਜ਼ਾ-ਸਾਹਿਬਾਂ, ਪੀਲੂ)

ਕਿੱਸਾਕਾਰਾਂ ਅਨੁਸਾਰ ਦੋਨਾਂ ਪ੍ਰੇਮੀਆਂ ਦੇ ਇਸ਼ਕ ਦਾ ਭੇਤ ਸਾਰੇ ਜੱਗ ਵਿਚ ਜ਼ਾਹਰ ਹੁੰਦਾ ਹੈ:-
ਆਮ ਗੱਲ ਜਹਾਨ 'ਤੇ ਨਸ਼ਰ ਹੋਈ,
ਹੀਰ ਰਾਂਝੇ ਨਾਲ ਵੰਞਾਪੜੀ ਏ। (ਪੰਨਾ ਨੰਬਰ ਪੈਂਤੀ, ਹੀਰ -ਵਾਰਿਸ ਸ਼ਾਹ, ਸੰਪਾਦਕ ਡਾ: ਬਖਸ਼ੀਸ਼ ਸਿੰਘ ਨਿੱਝਰ)

ਹੈਰਤ ਦੀ ਗੱਲ ਤਾਂ ਇਹ ਹੈ ਕਿ ਸਾਰੇ ਜਹਾਨ ਨੂੰ ਤਾਂ ਪਤਾ ਹੁੰਦਾ ਹੈ ਲੇਕਿਨ ਖੀਵੇ ਖਾਨ ਤੇ ਸ਼ਮੀਰ ਇਸ ਤੋਂ ਬੇਖਬਰ ਹੁੰਦੇ ਹਨ।
ਵਿਚ ਮਸੀਤ ਦੇ ਲੱਗੀਆਂ ਜਾਣੇ ਕੁਲ ਜਹਾਨ। (ਬੰਦ ਤੀਜਾ, ਕਿੱਸਾ ਮਿਰਜ਼ਾ-ਸਾਹਿਬਾਂ, ਪੀਲੂ)

ਇਸ ਪ੍ਰਕਾਰ ਹੋਰ ਬਹੁਤ ਸਾਰੀਆਂ ਗੱਲਾਂ ਦੋਨਾਂ ਕਿੱਸਿਆਂ ਵਿਚ ਸਾਂਝੀਆਂ ਹਨ।ਪੀਲੂ ਦੀ ਰਚਨਾ ਉੱਤੇ ਵਾਰਿਸ ਸ਼ਾਹ ਦੇ ਪਏ ਸਿੱਧੇ ਅਤੇ ਸਪਸ਼ਟ ਪ੍ਰਭਾਵ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।
 
ਸਾਡਾ ਪੁਰਾਤਨ ਸਾਹਿਤ ਜ਼ਿਆਦਾਤਰ ਅਤਕਥਨੀਆਂ ਭਰਪੂਰ ਹੈ। ਹੀਰ ਦੇ ਕਿੱਸੇ ਵਿਚ ਵਾਰਿਸ ਸ਼ਾਹ ਨੇ ਹੀਰ ਦੀਆਂ ਸੱਠ ਅਤੇ ਦਮੋਦਰ ਤਿੰਨ ਸੌ ਸੱਠ ਸਹੇਲੀਆਂ ਦੱਸੀਆਂ ਹਨ, ਜੋ ਹਜ਼ਮ ਕਰਨਾ ਕਠਿਨ ਜਾਪਦਾ ਹੈ।ਇਸੇ ਤਰ੍ਹਾਂ ਪੀਲੂ ਨੇ ਵੀ ਮਿਰਜ਼ੇ ਦੇ ਭੱਥੇ ਵਿਚ ਤਿੰਨ ਸੌ ਤੀਰ ਦੱਸੇ ਹਨ, ਜੋ ਅਸੰਭਵ ਹੈ। "ਤਿੰਨ ਸੌ ਕਾਨੀ ਮਿਰਜ਼ੇ ਜਵਾਨ ਦੀ, ਦੇਂਦਾ ਸਿਆਲਾਂ ਨੂੰ ਵੰਡ। 63।" ਭਲਿਓ ਮਾਨਸੋ! 300 ਤੀਰਾਂ ਵਾਲਾ ਕੋਈ ਭੱਥਾ ਨਹੀਂ ਹੁੰਦਾ। ਗੱਪ ਮਾਰਨ ਦੀ ਵੀ ਕੋਈ ਸੀਮਾ ਹੁੰਦੀ ਹੈ। ਹਾਫ਼ਿਜ਼ ਬਰਖ਼ੁਰਦਾਰ ਨੇ ਆਪਣੇ ਕਰੈਡਿਟ ਕਾਰਡ ਨਾਲ ਤੀਰਾਂ ਦੇ ਪੈਸੇ ਨਹੀਂ ਦੇਣੇ ਸਨ, ਇਸ ਲਈ ਉਹ ਤਿੰਨ ਸੌ ਵਿਚ ਸੱਠ ਹੋਰ ਜੋੜ ਕੇ ਲਿੱਖਦਾ ਹੈ, "ਤ੍ਰੈ ਸੈ ਸੱਠ ਕਾਨੀ ਮੈਂ ਤਰਕਸ਼ੀ ਦੇਵਾਂ ਸਾਲਿਆਂ ਨੋ ਵੰਡ। 35॥"

"ਮਜੂਰੀ ਲੈ ਲਈਂ ਆਪਣੀ, ਕਿੱਲੀਆਂ ਦੇਈਂ ਹਜ਼ਾਰ।(ਬੰਦ ਪੈਂਤੀ, ਕਿੱਸਾ ਮਿਰਜ਼ਾ-ਸਾਹਿਬਾਂ, ਪੀਲੂ)"
ਸਾਹਿਬਾਂ ਦੇ ਬਾਪ ਦੀ ਹਵੇਲੀ ਉੱਤੇ ਚੜ੍ਹਨ ਲਈ ਮਿਰਜ਼ਾ ਜਾਮ ਲੁਹਾਰ ਤੋਂ ਹਜ਼ਾਰ ਕਿੱਲੀਆਂ ਬਣਵਾਉਂਦਾ ਹੈ। ਜੇ ਮਿਰਜ਼ਾ ਇੱਕ ਫੁੱਟ ਦੇ ਫਾਸਲੇ ਨਾਲ ਵੀ ਇੱਕ ਕਿੱਲੀ ਗੱਡਦਾ ਹੈ ਤਾਂ ਉਚਾਈ ਘੱਟੋਘੱਟ 1002 ਫੁੱਟ ਬਣਦੀ ਹੈ। ਇਸ ਦਾ ਮਤਲਵ ਖੀਵੇ ਖਾਨ ਦੀ ਹਵੇਲੀ ਨਾ ਹੋਈ, ਉਹ ਤਾਂ ਇੰਮਪਾਇਰ ਸਟੇਟ ਬਿਲਡਿੰਗ ਹੀ ਹੋ ਗਈ।ਮਿਰਜਾ ਜੱਟ ਨਹੀਂ ਮਿਸਤਰੀਆਂ ਦਾ ਜਾਂ ਮੋਚੀਆਂ ਦਾ ਮੁੰਡਾ ਹੋਣੈ, ਜਿਸਨੂੰ ਮੇਖਾ ਠੋਕ ਕੇ ਉਸਦਾ ਚੰਗਾ ਅਭਿਆਸ ਹੋਇਆ ਹੋਣੈ।ਜੱਟਾਂ ਦੇ ਮੁੰਡੇ ਅੱਖਾਂ ਮੀਚ ਕੇ ਸਿਆੜ ਸਿੱਧੇ ਕੱਢ ਸਕਦੇ ਹਨ, ਪਰ ਅੱਖਾਂ ਖੋਲ਼੍ਹ ਕੇ ਵੀ ਹਜ਼ਾਰ ਕਿੱਲੀਆਂ ਸਿੱਧੀਆਂ ਨਹੀਂ ਗੱਡ ਸਕਦੇ। ਹੈਰਤਅੰਗੇਜ਼ ਪੱਖ ਹੈ ਕਿ ਜਦੋਂ ਮਿਰਜ਼ਾ ਹਜ਼ਾਰ ਕਿੱਲੀਆਂ ਗੱਡ ਰਿਹਾ ਹੋਵੇਗਾ ਤਾਂ ਕੀ ਉਹਨਾਂ ਦਾ ਖੜ੍ਹਕਾ ਨਹੀਂ ਹੋਇਆ ਹੋਵੇਗਾ?

ਸਾਹਿਬਾਂ ਦੇ ਜਨਮ ਵੇਲੇ ਪੀਲੂ ਖੀਵੇ ਖਾਨ ਨੂੰ ਵਧਾਈਆਂ ਦਵਾਉਂਦਾ ਹੈ ਤੇ ਜਸ਼ਨ ਮਨਾਏ ਜਾਣ ਦਾ ਜ਼ਿਕਰ ਕਰਦਾ ਹੈ,
ਡੂਮ ਸੋਹਲੇ ਗਾਵੰਦੇ, ਖਾਨ ਖੀਵੇ ਦੇ ਬਾਰ।
ਰੱਜ ਦੁਆਈਂ ਦਿੱਤੀਆਂ, ਸੋਹਣੇ ਪਰਿਵਾਰ।1॥

ਪਤਾ ਨਹੀਂ ਕਿਉਂ ਇਹ ਗੱਲ ਮੇਰੇ ਹਲਕ ਵਿੱਚ ਉਤਰਦੀ ਨਹੀਂ।ਮੁੰਡਿਆਂ ਦੇ ਹੁੰਦਿਆਂ ਖੀਵਾ ਖਾਨ ਕੁੜੀ ਦੇ ਜਨਮ 'ਤੇ ਕੀ ਇਸ ਲਈ ਖੁਸ਼ੀ ਮਨਾਉਂਦਾ ਹੈ ਕਿ ਵੱਡੀ ਹੋ ਕੇ ਉਹ ਚੰਦ ਚਾੜ੍ਹੇਗੀ? ਉਹ ਵੀ ਉਸ ਸਮੇਂ ਜਦੋਂ ਕੁੜੀਆਂ ਨੂੰ ਜਨਮ ਉਪਰੰਤ ਲੋਕ ਜਿਉਂਦਿਆਂ ਧਰਤੀ ਵਿੱਚ ਦੱਬ ਦਿੰਦੇ ਸਨ। ਜੇ ਖੀਵਾ ਖਾਨ ਜ਼ਿਆਦਾ ਹੀ ਅਗਾਂਹ-ਵਧੂ ਖਿਆਲਾਂ ਦਾ ਸੀ ਤਾਂ ਸਾਹਿਬਾਂ ਦੇ ਪ੍ਰੇਮ ਵਿਆਹ 'ਤੇ ਵੀ ਉਸਨੂੰ ਇਤਰਾਜ਼ ਨਹੀਂ ਸੀ ਹੋਣਾ ਚਾਹੀਦਾ।

"ਤਿੰਨ ਸੈ ਨਾਂਗਾ ਪਿੜ ਰਿਹਾ, ਹੋ ਗਏ ਚੌੜ ਚੁਪੱਟ। (ਬੰਦ ਪੰਜਵਾਂ, ਕਿੱਸਾ ਮਿਰਜ਼ਾ-ਸਾਹਿਬਾਂ, ਪੀਲੂ)" ਇਹ ਸੋਚਣ ਲਈ ਮਜ਼ਬੂਰ ਹੋਣਾ ਪੈਂਦਾ ਹੈ ਕਿ ਝੰਗ ਉਸ ਸਮੇਂ ਕਿੱਡਾ ਕੁ ਵੱਡਾ ਸ਼ਹਿਰ ਜਾਂ ਪਿੰਡ ਹੋਵੇਗਾ। ਜਿਥੋਂ ਦਾ ਤਿੰਨ ਸੌ ਨਾਂਗਾ ਅਵਾਰਾਗਰਦੀ ਕਰਦੀ ਫਿਰਦੀ ਸਾਹਿਬਾ ਚੌੜ ਚਪੱਟ ਕਰ ਦਿੰਦੀ ਹੈ।

ਪੀਲੂ ਦੇ ਕਿੱਸੇ ਵਿਚ ਕਈ ਥਾਈਂ ਵਿਰੁੱਧਾਭਾਸ ਵੀ ਹੈ।
ਘਰ ਮਿਰਜ਼ੇ ਹੋਰ ਇਸਤਰੀ ਸੁਣੀਂਦੀ ਬੁਰੀ ਬਲਾ। 8॥
ਅਤੇ
ਕਾਜ ਵਿਹੁਣਾ ਮੈਂ ਫਿਰਾਂ, ਮੈਨੂੰ ਕੀ ਕਿਸੇ ਦੇ ਕਾਜਾਂ ਨਾਲ।।13॥

ਇਹ ਗੱਲ ਸਪਸ਼ਟ ਨਹੀਂ ਹੁੰਦੀ ਕਿ ਮਿਰਜ਼ਾ ਵਿਆਹਿਆ ਸੀ ਜਾਂ ਕੁਆਰਾ।ਅਗਰ ਕਰਮੂ ਬਾਹਮਣ ਝੂਠ ਬੋਲਦਾ ਹੈ ਤਾਂ ਉਸਦੀ ਤਸਦੀਕ ਲਈ ਵੀ ਕੋਈ ਵੇਰਵਾ ਨਹੀਂ ਹੈ। ਚਰਨਜੀਤ ਸਿੰਘ ਗੁਮਟਾਲਾ ਅਤੇ ਹੋਰ ਕਈ ਲੇਖਕ ਇੱਕ ਦੂਜੇ ਦੀ ਨਕਲ ਮਾਰ ਕੇ ਲਿੱਖੀ ਜਾਂਦੇ ਹਨ ਕਿ ਕਰਮੂ ਨੇ ਸਾਹਿਬਾਂ ਕੋਲ ਝੂਠ ਬੋਲਿਆ ਸੀ। ਇਹ ਗੱਲ ਬਿਲਕੁਲ ਮੰਨਣਯੋਗ ਨਹੀਂ ਹੈ। ਮਿਰਜ਼ਾ, ਸਾਹਿਬਾਂ ਦਾ ਮਹਿਬੂਬ ਹੀ ਨਹੀਂ ਰਿਸ਼ਤੇਦਾਰ ਵੀ ਹੁੰਦਾ ਹੈ ਤੇ ਉਹ ਬਚਪਨ ਤੋਂ ਉਸ ਨੂੰ ਜਾਣਦੀ ਹੈ। ਫਿਰ ਕਰਮੂ ਦੇ ਝੂਠ ਬੋਲਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਮਿਰਜ਼ੇ ਦੇ ਮੈਰਿਟਲ ਸਟੇਟਸ ਵਰਗੀ ਮਹੱਤਵਪੂਰਨ ਜਾਣਕਾਰੀ ਤੋਂ ਸਾਹਿਬਾਂ ਕਿਵੇਂ ਵਾਂਝੀ ਰਹਿ ਗਈ ਹੋਵੇਗੀ?

ਹਰ ਕਾਰਜ ਰੱਬ ਦਾ ਨਾਮ ਲੈ ਕੇ ਕਰਨ ਵਾਲਾ ਮਿਰਜ਼ਾ ਇਕਦਮ ਰੱਬ ਦੀ ਹੋਂਦ ਤੋਂ ਮੁਨਕਰ ਵੀ ਹੋ ਜਾਂਦਾ ਹੈ:-

1 ਮਿਰਜ਼ਾ ਪੜ੍ਹੇ ਕੁਰਾਨ।ਬੰਦ 3॥

2 ਮਿਰਜ਼ੇ ਕਿੱਲੀਆਂ ਗੱਡੀਆਂ ਪੰਜੇ ਪੀਰ ਮਨਾ। ਬੰਦ 36॥

3 ਤੇ ਮਿਰਜ਼ੇ ਨੇ ਗੋਸ਼ੇ ਵਿੱਚੋਂ ਕੱਢਿਆ, ਕਰੜੇ ਨੁੱਕੇ ਦਾ ਤੀਰ।
ਕਰ ਬਿਸਮਿੱਲਾਹ ਮਾਰਿਆ, ਭੌਂਦਾ ਵਾਂਗ ਭੰਬੀਰ। ਬੰਦ 57।

ਇਸ ਤੋਂ ਉਪਰੰਤ ਪੀਲੂ ਮਿਰਜ਼ੇ ਦੀ ਸ਼ਖਸੀਅਤ ਵਿਚ ਆਏ ਪ੍ਰੀਵਰਤਨ ਨੂੰ ਦਰਸਾਉਣ ਲਈ ਆਸਤਿਕ ਤੋਂ ਮਿਰਜ਼ੇ ਦੀ ਨਾਸਤਿਕ ਸੋਚ ਬਣਾਉਂਦਾ ਹੋਇਆ ਪੀਲੂ ਮਿਰਜ਼ੇ ਦੇ ਮੂੰਹੋਂ ਕਢਵਾਉਂਦਾ ਹੈ:-
ਬੱਕੀ ਤੋਂ ਡਰਨ ਫਰਿਸ਼ਤੇ, ਮੈਥੋਂ ਡਰੇ ਖੁਦਾ। ਬੰਦ 39॥

ਕੁਝ ਲੋਕਾਂ ਦੇ ਮਨ ਵਿਚ ਇਹ ਵਹਿਮ ਹੁੰਦਾ ਹੈ ਕਿ ਜੇ ਝੂਠ ਨੂੰ ਸੱਚ ਸਾਬਿਤ ਕਰਨਾ ਹੈ ਤਾਂ ਉਸ ਨੂੰ ਚੁੱਕੀ ਰੱਖਣ ਲਈ ਕੁਝ ਯਥਾਰਥਕ ਥਮਲੇ ਖੜ੍ਹੇ ਕਰ ਦੇਵੋ। ਇੰਝ ਹੀ ਸਾਡੇ ਕਿੱਸਾਕਾਰ ਮਨਘੜਤ ਕਹਾਣੀਆਂ ਨੂੰ ਅਸਲੀਅਤ ਵਿਚ ਵਾਪਰੀਆਂ ਸਾਬਿਤ ਕਰਨ ਲਈ ਅਨੇਕਾਂ ਪ੍ਰਸੰਗ ਉਸ ਨਾਲ ਜੋੜਨ ਦੇ ਆਦੀ ਰਹੇ ਹਨ। ਕਿੱਸਾ ਮਿਰਜ਼ਾ ਸਾਹਿਬਾਂ ਵਿਚ ਵੀ ਅਨੇਕਾਂ ਇਸ ਪ੍ਰਕਾਰ ਦੇ ਹਵਾਲੇ ਆਉਂਦੇ ਹਨ। ਮਿਸਾਲ ਦੇ ਤੌਰ 'ਤੇ ਕ੍ਰਮਵਾਰ ਬੰਦ ਇਕ ਤੇ ਦੋ ਦੀਆਂ ਸਤਰਾਂ:-

ਘਰ ਖੀਵੇ ਖਾਨ ਦੇ ਸਾਹਿਬਾਂ, ਜੰਮੀ ਮੰਗਲਵਾਰ। (ਬੰਦ ਪਹਿਲਾ, ਕਿੱਸਾ ਮਿਰਜ਼ਾ-ਸਾਹਿਬਾਂ, ਪੀਲੂ)

ਘਰ ਵੰਝਲ ਦੇ ਮਿਰਜ਼ਾ, ਜੰਮਿਆ ਕਰੜੇਵਾਰ। (ਬੰਦ ਦੂਜਾ, ਕਿੱਸਾ ਮਿਰਜ਼ਾ-ਸਾਹਿਬਾਂ, ਪੀਲੂ)

ਪੀਲੂ ਉਹਨਾਂ ਦੇ ਜਨਮਦਿਨ ਬਾਰੇ ਇਉਂ ਦਾਵੇ ਨਾਲ ਲਿਖਦਾ ਹੈ, ਜਿਵੇਂ ਕਿ ਉਸਨੇ ਮਿਰਜ਼ਾਂ ਸਾਹਿਬਾਂ ਦੇ ਜਨਮ ਸਨਦ (Birth Certificate) ਦੇਖੇ ਹੁੰਦੇ ਹਨ।ਪੀਲੂ ਅਨੁਸਾਰ ਇਕ ਪਾਸੇ ਸਾਹਿਬਾਂ ਜੰਮਦੀ ਹੈ ਤੇ ਦੂਜੇ ਪਾਸੇ ਮਿਰਜ਼ਾਂ ਤੇ ਉਹ ਦੋਨੋਂ ਹਮਉਮਰ ਹਨ ਤੇ ਇਕੱਠੇ ਜਵਾਨ ਹੋਣ ਲੱਗਦੇ ਹਨ। ਲੇਕਿਨ ਅੱਗੇ ਜਾ ਕੇ ਤੀਜੇ ਬੰਦ ਵਿਚ ਵਰਣਨ ਆਉਂਦਾ ਹੈ, "ਸਾਹਿਬਾਂ ਪੜ੍ਹੇ ਪੱਟੀਆਂ, ਮਿਰਜ਼ਾ ਪੜ੍ਹੇ ਕੁਰਾਨ।"

ਅਗਰ ਸਾਹਿਬਾਂ ਅਜੇ ਪੱਟੀਆਂ(Alphabets) ਹੀ ਪੜ੍ਹ ਰਹੀ ਹੈ ਤਾਂ ਉਸ ਸਮੇਂ ਦੇ ਹਿਸਾਬ ਨਾਲ ਉਸਦੀ ਉਮਰ ਘੱਟ ਤੋਂ ਘੱਟ ਪੰਜ ਛੇ ਸਾਲ ਹੋਵੇਗੀ, ਮਿਰਜ਼ਾ ਕੁਰਾਨ ਪੜ੍ਹਨ ਲੱਗ ਪਿਆ ਹੈ ਤਾਂ ਉਸਦੀ ਉਮਰ ਤਕਰੀਬਨ ਪੰਦਰਾਂ ਸੋਲ੍ਹਾਂ ਸਾਲ ਹੋਣੀ ਚਾਹੀਦੀ ਹੈ।ਇਸ ਹਿਸਾਬ ਨਾਲ ਉਹਨਾਂ ਦੀ ਉਮਰ ਵਿਚ ਦਸ ਬਾਰ੍ਹਾਂ ਸਾਲ ਦਾ ਵਕਫਾ ਬਣਦਾ ਹੈ।ਕਿੱਸੇ ਦੇ ਅਠਵੇਂ ਬੰਦ ਵਿਚ ਇਸ ਗੱਲ ਦਾ ਹੋਰ ਸਬੂਤ ਵੀ ਮਿਲਦਾ ਹੈ, ਜਦੋਂ ਕਰਮੂ ਸਾਹਿਬਾਂ ਨੂੰ ਕਹਿੰਦਾ ਹੈ:-

"ਘਰ ਮਿਰਜ਼ੇ ਦੇ ਹੋਰ ਇਸਤਰੀ, ਸੁਣੀਂਦੀ ਬੁਰੀ ਬਲਾ।" (ਬੰਦ ਅਠਵਾਂ, ਕਿੱਸਾ ਮਿਰਜ਼ਾ-ਸਾਹਿਬਾਂ, ਪੀਲੂ)

ਪਹਿਲੇ ਜ਼ਮਾਨਿਆਂ ਵਿਚ ਲੋਕ ਮੁੰਡੇ ਦੇ ਵਿਆਹ ਦੇ ਮਾਮਲੇ ਵਿਚ ਤਾਂ ਢਿੱਲਮਠ ਵਰਤ ਜਾਇਆ ਕਰਦੇ ਸਨ, ਲੇਕਿਨ ਕੁੜੀ ਵਿਆਹੁਣ ਲਈ ਅਵੇਲਸੇ ਕਦੇ ਨਹੀਂ ਹੁੰਦੇ ਸਨ।ਮਿਰਜ਼ਾ ਸ਼ਾਦੀਸ਼ੁਦਾ ਹੁੰਦਾ ਹੈ ਤੇ ਸਾਹਿਬਾਂ ਕੁਆਰੀ ਹੁੰਦੀ ਹੈ, ਜੋ ਕਿ ਉਹਨਾਂ ਵਿਚਕਾਰ ਉਮਰ ਦੇ ਪਾੜੇ ਦੀ ਪ੍ਰੋੜਤਾ ਕਰਦਾ ਹੈ।

ਨਾ ਮਾਰ ਕਾਜ਼ੀ ਛਮਕਾਂ, ਨਾ ਦੇ ਤੱਤੀ ਨੂੰ ਤਾਇ।
ਪੜ੍ਹਨਾ ਸਾਡਾ ਰਹਿ ਗਿਆ, ਲੈ ਆਏ ਇਸ਼ਕ ਲਿਖਾਇ। (ਬੰਦ ਚੌਥਾ, ਕਿੱਸਾ ਮਿਰਜ਼ਾ-ਸਾਹਿਬਾਂ, ਪੀਲੂ)

ਮਿਰਜਾ ਐਸਾ ਸੂਰਮਾ, ਖਰਲਾਂ ਦਾ ਸਰਦਾਰ।(ਬੰਦ 2, ਕਿੱਸਾ ਮਿਰਜ਼ਾ-ਸਾਹਿਬਾਂ, ਪੀਲੂ)

'ਪੰਜਾਬੀ ਕਿੱਸਾ ਕਾਵਿ ਅਤੇ ਦੁਖਾਂਤ ਪਰੰਪਰਾ' ਪੁਸਤਕ ਦੇ ਪੰਨਾ 121 'ਤੇ ਬਿਕਰਮ ਸਿੰਘ ਘੁੰਮਣ ਲਿੱਖਦਾ ਹੈ, "ਮਿਰਜ਼ਾ ਸਾਹਿਬਾਂ ਦਾ ਕਿੱਸਾ ਇਸ਼ਕੀਆ ਕਿੱਸਾ ਹੈ। 'ਇਸ਼ਕ' ਦੀ ਪ੍ਰਕ੍ਰਿਤੀ ਵਿੱਚ ਹੀ ਦੁਖਾਂਤ ਦਾ ਤੱਤ ਸਮਾਇਆ ਹੋਇਆ ਹੈ। ਇਸ਼ਕ ਦੇ ਕੋਸ਼ਗਤ ਅਰਥ ਹਨ: ਮੁਹੱਬਤ, ਉਲਫਤ, ਚਾਹਿਤ, ਕਿਸੇ ਚੀਜ਼ ਦੀ ਖ਼ਾਹਿਸ਼ ਕਰਨਾ ਜਾਂ ਕਿਸੇ ਵਸਤੂ ਨਾਲ ਹੱਦੋਂ ਵੱਧ ਪਿਆਰ ਹੋਣਾ। ਹਿਕਮਤ ਜਾਂ ਤਿੱਬ ਵਿੱਚ ਇਹ ਇੱਕ ਕਿਸਮ ਦਾ ਰੋਗ ਹੈ, ਜਿਸਨੂੰ 'ਜਨੂੰਨ' ਜਾਂ 'ਪਾਗਲਪਨ' ਵੀ ਕਹਿੰਦੇ ਹਨ, ਜਿਹੜਾ ਕਿਸੇ ਸੁੰਦਰ ਸੂਰਤ ਨੂੰ ਵੇਖਣ ਨਾਲ ਪੈਦਾ ਹੁੰਦਾ ਹੈ। ਅਰਥਾਤ ਕਿਸੇ ਹੁਸੀਨ ਸ਼ੈਅ ਨੂੰ ਦੇਖ ਕੇ ਸ਼ੁਦਾਈ ਹੋ ਜਾਣ ਨੂੰ 'ਇਸ਼ਕ' ਕਹਿੰਦੇ ਹਨ। ਇਸ਼ਕ ਸ਼ਬਦ ਨੂੰ 'ਇਸ਼ਕਾ' ਵਿਚੋਂ ਨਿਕਲਿਆ ਵੀ ਦੱਸਿਆ ਜਾਂਦਾ ਹੈ।, ਜੋ ਇੱਕ ਬੂਟੀ ਦਾ ਨਾਮ ਹੈ, ਜਿਸ ਨੂੰ 'ਲਬਲਾਬ' ਜਾਂ 'ਅਮਰਵੇਲ' ਵੀ ਕਹਿੰਦੇ ਹਨ। ਜਦ ਉਹ ਬੂਟੀ ਕਿਸੇ ਰੁੱਖ ਨਾਲ ਚੰਬੜਦੀ ਜਾਂ ਲਿਪਟਦੀ ਹੈ ਤਾਂ ਉਸ ਨੂੰ ਸੁਕਾ ਦੇਂਦੀ ਹੈ। ਇਹੋ ਹਾਲਤ ਇਸ਼ਕ ਦੀ ਹੈ। ਇਹ ਜਿਸ ਦਿਲ 'ਤੇ ਛਾ ਜਾਂਦਾ ਹੈ, ਉਸਦੇ ਮਾਲਕ ਨੂੰ ਸੁਕਾ ਦੇਂਦਾ ਹੈ ਤੇ ਉਸ ਨੂੰ ਪੀਲਾ ਕਰ ਦਿੰਦਾ ਹੈ।"
 
ਪੀਲੂ ਅਨੁਸਾਰ ਮਿਰਜ਼ਾ ਸਾਹਿਬਾ ਦਾ ਇਸ਼ਕ ਮਦਰਸੇ ਤੋਂ ਬਹੁਤ ਨਿਆਣੀ ਉਮਰ ਵਿਚ ਹੀ ਸ਼ੁਰੂ ਹੋ ਜਾਂਦਾ ਹੈ।ਐਨੀ ਛੋਟੀ ਉਮਰ ਵਿਚ ਇਸ਼ਕ ਦੇ ਜਜ਼ਬੇ ਬਾਰੇ ਕੀ ਪਤਾ ਹੁੰਦਾ ਹੈ। ਹਾਂ, ਉਹ ਮਹਿਜ਼ ਅੱਲੜ ਉਮਰ ਦਾ ਆਕਰਸ਼ਣ (Teenage Crush) ਜ਼ਰੂਰ ਹੋ ਸਕਦਾ ਹੈ।
 
ਮਿਰਜ਼ਾ ਸਾਹਿਬਾਂ ਦੇ ਕਿੱਸੇ ਦੀ ਕਹਾਣੀ ਐਨੀ ਬਦਕਿਸਮਤ ਹੈ ਕਿ ਇਸ ਵਿਚ ਕਲਮਕਾਰ ਤੋਂ ਲੈ ਕੇ ਸਾਰੇ ਪਾਤਰਾਂ ਨਾਲ ਬੇਇੰਨਸਾਫੀ ਹੁੰਦੀ ਹੈ। ਪੀਲੂ ਦਾ ਕਿੱਸਾ ਅਧੂਰਾ ਅਤੇ ਲਿੱਖਤੀ ਰੂਪ ਵਿਚ ਸਾਂਭਿਆ ਨਾ ਜਾਣਾ, ਪੀਲੂ ਨਾਲ ਅਨਿਯਾਏ ਕਰਦਾ ਹੈ। ਮਿਰਜ਼ਾ ਦੀ ਕੁਰਬਾਨੀ ਅਜ਼ਾਈ ਜਾਂਦੀ ਹੈ। ਉਹ ਸਾਹਿਬਾਂ ਦਾ ਸਾਥ ਪ੍ਰਾਪਤ ਕਰਨ ਲਈ ਸਭ ਰਿਸ਼ਤੇ-ਨਾਤੇ ਤੋੜ੍ਹ ਕੇ ਆਉਂਦਾ ਹੈ ਤੇ ਆਪਣੇ ਆਪਣੇ ਮਕਸਦ ਵਿਚ ਖਾਸ ਕਾਮਯਾਬੀ ਹਾਸਿਲ ਨਹੀਂ ਕਰਦਾ। ਐਨਾ ਤਰਦੱਦ ਕਰਨ ਬਾਅਦ ਵੀ ਸਾਹਿਬਾਂ ਨੂੰ ਰੱਜ ਕੇ ਮਾਨਣ ਤੋਂ ਪਹਿਲਾਂ ਹੀ ਉਹ ਮਰ ਜਾਂਦਾ ਹੈ। ਇੱਥੇ ਮਿਰਜ਼ੇ ਨਾਲ ਇਨਸਾਫ ਨਹੀਂ ਹੁੰਦਾ। ਸਾਹਿਬਾਂ ਦੀ ਹਾਲਤ ਮਿਰਜ਼ੇ ਨਾਲ ਉਧਲਣ ਬਾਅਦ ਧੋਬੀ ਦੇ ਕੁੱਤੇ ਵਾਲੀ ਹੁੰਦੀ ਹੈ। ਉਹ ਨਾ ਘਰ ਦੀ ਰਹਿੰਦੀ ਹੈ ਨਾ ਘਾਟ ਦੀ। ਬੱਕੀ ਸਾਹਿਬਾਂ ਦੀ ਫਰਾਰੀ ਦੀ ਸ਼ਤਰੰਜ ਦਾ ਮਹਿਮ ਮੋਹਰਾ ਹੁੰਦੀ ਹੈ ਤੇ ਬੜ੍ਹੇ ਚਾਵਾਂ ਨਾਲ ਮਿਰਜ਼ੇ ਦਾ ਸਹਿਯੋਗ ਦਿੰਦੀ ਹੈ। ਕਿੰਤੂ ਬੱਕੀ, ਸਾਹਿਬਾਂ ਤੋਂ ਆਪਣੀ ਬੇਇੱਜ਼ਤੀ ਕਰਵਾ ਲੈਂਦੀ ਹੈ। ਮਿਰਜ਼ੇ ਨੂੰ ਮਿਹਣੇ ਦਿੰਦੀ ਸਾਹਿਬਾਂ ਬੱਕੀ ਬਾਰੇ ਅਪਸ਼ਬਦਾਵਲੀ ਵਰਤ ਕੇ ਬੱਕੀ ਨੂੰ 'ਕਾਵਾਂ ਖਾਧੀ ਕੰਗਰੋੜ ਟੈਰਕੀ' ਆਖ ਕੱਚੇ ਲਾਹ ਕੇ ਰੱਖ ਦਿੰਦੀ ਹੈ।ਬੱਕੀ ਦਸ ਮਹਿੰਈਆਂ ਦਾ ਦੁੱਧ ਘਿਉ ਚਾਰਨ ਵਾਲੇ ਆਪਣੇ ਸ਼ਾਹਸਵਾਰ ਤੋਂ ਵਿਛੜ ਜਾਂਦੀ ਹੈ।ਜੰਡ ਨੂੰ ਦਾਨੀ ਅਤੇ ਦੇਵਤੇ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਮਨੋਕਾਮਨਾਵਾਂ ਪੂਰੀਆਂ ਕਰਨ ਅਤੇ ਦਾਤਾਂ ਦੇਣ ਵਾਲਾ ਜੰਡ ਮਿਰਜ਼ੇ ਦੀ ਜਾਨ ਲੈਣ ਦਾ ਚਸ਼ਮਦੀਦ ਗਵਾਹ ਬਣ ਜਾਂਦਾ ਹੈ। ਜੰਡ ਮਿਰਜ਼ਾ ਅਤੇ ਸਾਹਿਬਾਂ ਦੇ ਮੁਹੱਬਤ ਨੂੰ ਪ੍ਰਾਪਤ ਕਰਨ ਦੇ ਮੰਤਵ ਵਿਚ ਅਸਫਲ ਨਹੀਂ ਹੋਣ ਦਿੰਦਾ। ਜੇ ਜੰਡ ਨਾਲ ਹੁੰਦਾ ਤਾਂ ਸ਼ਾਇਦ ਮਿਰਜ਼ਾ ਨਾ ਰੁੱਕਦਾ ਤੇ ਕਿੱਸੇ ਦਾ ਕਲਾਇਮੈਕਸ ਕੁਝ ਹੋਰ ਹੁੰਦਾ।ਸਾਹਿਬਾਂ ਦੇ ਪਰਿਵਾਰ ਦੇ ਸਮਾਜਿਕ ਰੁਤਬੇ ਨੂੰ ਭਾਰੀ ਸੱਟ ਲਗਦੀ ਹੈ। ਸਾਹਿਬਾਂ ਦੀ ਇਕ ਗਲਤੀ ਨਾਲ ਸਿਆਲਾਂ ਦੀਆਂ ਸਭ ਪੀੜ੍ਹੀਆਂ ਉੱਤੇ ਕਲੰਕ ਲੱਗ ਜਾਂਦਾ ਹੈ। ਮਿਰਜ਼ੇ ਦੇ ਮਾਪੇ ਆਪਣਾ ਲਾਲ ਗਵਾ ਬੈਠਦੇ ਹਨ।…
 
ਪੀਲੂ ਦੇ ਕਿੱਸੇ ਵਿਚ ਕੀਤੀਆਂ ਟਿੱਪਣੀਆਂ ਤੋਂ ਅਨੇਕਾਂ ਥਾਵਾਂ 'ਤੇ ਔਰਤ ਵਿਰੁੱਧੀ ਸੁਰ ਵੀ ਉਭਰਦੀ ਹੈ, ਜੋ ਕਿੱਸੇ ਵਿੱਚ ਕਿੱਸਾਕਾਰ ਦੇ ਨਿੱਜੀ ਤਜ਼ਰਬੇ ਅਤੇ ਸਵੈ-ਸ਼ਮੂਲੀਅਤ ਦੀ ਨਿਸ਼ਾਨਦੇਹੀ ਕਰਦੀ ਹੈ। ਮਿਸਾਲ ਵਜੋਂ,
ਭੱਠ ਰੰਨਾ ਦੀ ਦੋਸਤੀ, ਖੁਰੀਂ ਜਿੰਨਾਂ ਦੀ ਮੱਤ।18॥
 
ਆਮ ਤੌਰ 'ਤੇ ਪ੍ਰੀਤ ਕਿੱਸਿਆਂ ਵਿਚ ਨਾਇਕਾ ਨਾਇਕਾ ਇਕ ਦੂਜੇ ਦੇ ਪਿਆਰ ਵਿਚ ਜ਼ਮਾਨੇ ਨਾਲ ਲੜ੍ਹਦੇ ਹੋਏ ਆਪਣੀ ਜਾਨ ਦੇ ਦਿੰਦੇ ਹਨ। ਪਰ ਮਿਰਜ਼ਾ ਸਾਹਿਬਾਂ ਇਕੋ ਇਕ ਅਜਿਹਾ ਕਿੱਸਾ ਹੈ, ਜਿਸ ਵਿਚ ਪ੍ਰੇਮੀ ਦੀ ਮੌਤ ਦਾ ਇਲਜ਼ਾਮ ਪ੍ਰੇਮੀਕਾ ਸਿਰ ਜਾਂਦਾ ਹੈ।ਵੈਸੇ ਸਾਹਿਬਾਂ ਉਨੇ ਦੀ ਹੱਕਦਾਰ ਨਹੀਂ ਜਿੱਡੇ ਇਲਜ਼ਾਮ ਦੀ ਪੰਡ ਉਸ ਦੇ ਸਿਰ ਧਰ ਦਿੱਤੀ ਜਾਂਦੀ ਹੈ। ਦਗੇਬਾਜ਼ ਸਾਹਿਬਾਂ ਨਹੀਂ, ਬਲਕਿ ਧੋਖਾ ਤਾਂ ਮਿਰਜ਼ਾ ਕਰਦਾ ਹੈ। ਸਾਹਿਬਾਂ ਨੂੰ ਘਰ ਵਸਾਉਣ ਦਾ ਸੁਪਨਾ ਦਿਖਾ ਵਰਗ ਲਾਉਂਦਾ ਹੈ ਤੇ ਫਿਰ ਧੁਰ ਲੈ ਕੇ ਵੀ ਨਹੀਂ ਉੱਪੜਦਾ। ਰਸਤੇ ਵਿੱਚ ਹੀ ਉਸਨੂੰ ਹੌਲਾ ਹੋਣ ਦੀ ਅੱਚਵੀ ਲੱਗ ਜਾਂਦੀ ਹੈ। ਕਸੂਰ ਮਿਰਜ਼ੇ ਦਾ ਸੀ। ਇਕ ਟਰਾਂਸਪੋਰਟ ਮਾੜਾ ਲੈ ਆਇਆ। ਦੂਜਾ ਕੋਹੜੀ ਲਾਲ ਦੁਸ਼ਾਲਾ ਤਾਣ ਕੇ ਸੌਂ ਜਾਂਦਾ ਹੈ। ਸਾਹਿਬਾਂ ਤਾਂ ਜਿੰਨੇ ਜੋਗੀ ਸੀ ਉਸਨੇ ਕੀਤਾ।ਉਹ ਨਾ ਸਿਰਫ ਮਿਰਜ਼ੇ ਨਾਲ ਭੱਜਦੀ ਹੈ। ਬਲਕਿ ਮਿਰਜ਼ੇ ਨੂੰ ਉਸਨੇ ਸੁਨੇਹਾ ਵੀ ਭੇਜਿਆ ਕਿ ਜਦੋਂ ਚੰਧੜ ਵਿਆਹ ਕੇ ਲੈ ਗਏ ਤਾਂ ਬੱਕੀ ਦੀਆਂ ਪੂਛ ਫੜ੍ਹ ਕੇ ਚਾਂਗਾ ਮਾਰੇਂਗਾ। ਹੁਣ ਵਕਤ ਹੈ ਆ ਜਾਹ। ਇਸ ਕੰਮ ਲਈ ਉਹ ਕਰਮੂ ਨੂੰ ਇਨਾਮਾਂ ਦਾ ਲਾਲਚ ਵੀ ਦਿੰਦੀ ਹੈ,
ਤੂੰ ਸੁਣ ਕਰਮੂੰ ਬਾਹਮਣਾਂ, ਕਦੀ ਨਾ ਆਇਓਂ ਕਾਮ।
ਘੋੜੀ ਦਿਆਂ ਤੇਰੇ ਚੜ੍ਹਨ ਨੂੰ ਕਾਠੀ ਸਣੇ ਲਗਾਮ।
ਹੱਥ ਦੀਆਂ ਦੇ ਦਿਆਂ ਚੂੜੀਆਂ, ਸੋਨਾਂ ਕਰਦੀ ਦਾਨ।
ਝੋਟੀ ਦਿਆਂ ਦੁੱਧ ਪੀਣ ਨੂੰ, ਹਲ ਦੀ ਜ਼ਿਮੀਂ ਇਨਾਮ।
ਜਬ ਲੱਗ ਜੀਵੇ ਸਾਹਿਬਾਂ, ਰੱਖੇ ਤੇਰਾ ਅਹਿਸਾਨ।7॥
 
ਇਸ਼ਕ ਦੇ ਮਾਮਲੇ ਵਿਚ ਪੈਂਦੀ ਉਧਾਲੇ ਵਰਗੀ ਅਹਿਮ ਮੁਹਿੰਮ ਵੇਲੇ ਜਦੋਂ ਜਾਨ ਨੂੰ ਖ਼ਤਰਾ ਹੋਵੇ ਉਦੋਂ ਤਾਂ ਮੁਰਦੇ ਵੀ ਕਬਰਾਂ ਵਿਚੋਂ ਉੱਠ ਕੇ ਭੱਜ ਲੈਂਦੇ ਹਨ ਤੇ ਮਿਰਜ਼ੇ ਨੂੰ ਨੀਂਦ ਚੜ੍ਹੀ ਹੋਈ ਸੀ। ਉਹ ਲੰਮੀਆਂ ਤਾਣ ਕੇ ਸੁੱਤਾ ਰਹਿੰਦਾ ਹੈ। ਸਾਹਿਬਾਂ ਤਾਂ ਸਗੋਂ ਉਸਨੂੰ ਜਗਾਉਂਦੀ ਰਹੀ, "ਜੰਡ ਦੇ ਹੇਠ ਜੱਟਾਂ! ਸੌਂ ਰਹਿਓਂ, ਉਠ, ਸੁਰਤ ਸੰਭਾਲ।ਬੰਦ 43॥"
ਅਤੇ
ਉਠੀਂ ਮਿਰਜ਼ਿਆ ਸੁੱਤਿਆ, ਖੱਬੇ ਆਏ ਅਸਵਾਰ।
ਹੱਥੀਂ ਤੇਗਾਂ ਰੰਗਲੀਆਂ, ਕਰਦੇ ਮਾਰੋ ਮਾਰ।
ਮੇਰੇ ਬਾਬਲ ਵਰਗੀਆਂ ਘੋੜੀਆਂ, ਵੀਰ ਮੇਰੇ ਅਸਵਾਰ। ਬੰਦ 46॥

ਪੀਲੂ ਨੇ ਆਪਣੇ ਕਿੱਸੇ ਵਿਚ ਮਿਰਜ਼ੇ ਦੀ ਮੌਤ ਤੋਂ ਬਾਅਦ ਸਾਹਿਬਾਂ ਨਾਲ ਕੀ ਵਾਪਰਿਆ ਨਹੀਂ ਲਿਖਿਆ।ਇਸ ਲਈ ਇਹ ਕਿੱਸਾ ਔਰਤ ਮਰਦ ਸੰਬੰਧਾਂ ਦੀਆਂ ਅਨੇਕਾਂ ਪਰਤਾ ਖੋਲ੍ਹਦਾ ਹੈ, ਜਿਨ੍ਹਾਂ ਨੂੰ ਵਿਚਾਰਨ ਲਈ ਮਜ਼ਬੂਰਨ ਸਾਨੂੰ ਮਨੁੱਖੀ ਮਨੋਵਿਗਿਆਨ ਦੇ ਦ੍ਰਿਸ਼ਟੀਕੋਣ ਤੋਂ ਦੇਖਣਾ ਪੈਂਦਾ ਹੈ।ਇਉਂ ਇਹ ਔਰਤ ਮਰਦ ਸੰਬੰਧਾਂ ਦੀ ਨਿਯਮਾਵਲੀ 'ਤੇ ਅਧਾਰਿਤ ਕਿੱਸਾ ਬਣ ਜਾਂਦਾ ਹੈ, ਜਿਸਦਾ ਦਾਰਮਦਾਰ ਸੈਕਸ ਸੰਬੰਧਾਂ ਅਤੇ ਉਸ ਉਪਰੰਤ ਨਿਕਲਣ ਵਾਲੇ ਸਿੱਟਿਆਂ 'ਤੇ ਝਾਤ ਮਰਵਾਉਂਦਾ ਹੈ।ਇਹ ਪਾਤਰਾਂ ਦੇ ਸ਼ਰੀਰਕ, ਮਾਨਸਿਕ ਅਤੇ ਮਾਨਵੀ ਸੰਬੰਧਾਂ ਨੂੰ ਖੱਟ ਵਾਂਗ ਖਿਲਾਰ ਕੇ ਸਾਡੇ ਮੂਹਰੇ ਰੱਖ ਦਿੰਦਾ ਹੈ।

ਹਾਫ਼ਿਜ਼ ਸਾਹਿਬਾਂ ਤੋਂ ਰਾਵੀ ਵਿਚ ਛਾਲ ਮਰਵਾ ਦਿੰਦਾ ਹੈ, "ਯਾਰੋ ਲਗੀ ਅੱਗ ਬੁਝਾਉਣੀ, ਸਾਹਿਬਾਂ ਰਾਵੀ ਮੱਲੀ ਜਾਣ। 40।" ਕੁਝ ਲੇਖਕਾਂ ਨੇ ਲਿੱਖਿਆ ਹੈ ਕਿ ਸਾਹਿਬਾਂ ਸ਼ਮੀਰ ਦਾ ਖੰਜਰ ਖੋਹ ਕੇ ਆਪਣੇ ਆਪ ਖੋਭ ਲੈਂਦੀ ਹੈ। ਕੁਝ ਨੇ ਲਿੱਖਿਆ ਹੈ ਕਿ ਮਿਰਜ਼ੇ ਦੇ ਨਾਲ ਹੀ ਸਾਹਿਬਾਂ ਨੂੰ ਵੀ ਮਾਰ ਦਿੱਤਾ ਗਿਆ ਸੀ, ਵਗੈਰਾ…ਵਗੈਰਾ…।

ਬਹਿਰਹਾਲ, ਇਕ ਗੱਲ ਤਾਂ ਪੱਕੀ ਹੈ ਕਿ ਚੰਧੜਾਂ ਤੇ ਸਿਆਲਾਂ ਨੇ ਜਦੋਂ ਮਿਰਜ਼ੇ ਨੂੰ ਵੱਢਿਆ ਹੋਊ, ਸਾਹਿਬਾਂ ਨੂੰ ਕਿਵੇਂ ਛੱਡਿਆ ਹੋਊ?
ਪੀਲੂ ਦੁਆਰਾ ਸਾਹਿਬਾਂ ਦੀ ਪੈਦਾਇਸ਼ ਦਾ ਦਿਹਾੜਾ ਮੰਗਲਵਾਰ ਦੱਸਿਆ ਗਿਆ ਹੈ ਤੇ ਜੇ ਇਸ ਨੂੰ ਸੱਚ ਮੰਨ ਕੇ ਚੱਲੀਏ ਤਾਂ ਮੰਗਲਵਾਰ ਨੂੰ ਪੈਦਾ ਹੋਣ ਵਾਲੇ ਵਿਅਕਤੀਆਂ ਦੇ ਲੱਛਣਾਂ ਬਾਰੇ ਜ਼ਿਕਰ ਕਰਦਾ ਹੋਇਆ ਰਣਧੀਰ ਸਿੰਘ ਬੇਦੀ 'ਭਾਰਤੀਯ ਜੋਤਿਸ਼' ਪੁਸਤਕ ਦੇ ਪੰਨਾ ਨੰਬਰ 9 ਅਤੇ 10 'ਤੇ ਲਿਖਦਾ ਹੈ, "ਮੰਗਲਵਾਰ ਦਾ ਮਾਲਕ ਗ੍ਰਹਿ ਮੰਗਲ ਹੈ। ਇਹ ਅਗਨੀ ਗ੍ਰਹਿ ਹੈ। ਅੱਗ ਅਤੇ ਗਰਮੀ ਦੀ ਪ੍ਰਤੀਨਿਧਤਾ ਕਰਦਾ ਹੈ। ਇਹ ਜਲਾਦ ਵੀ ਹੈ ਤੇ ਸੈਨਾਪਤੀ ਵੀ ਹੈ। ਮੰਗਲਵਾਰ ਨੂੰ ਪੈਦਾ ਹੋਣ ਵਾਲੇ ਵਿਅਕਤੀਆਂ ਦੇ ਸੰਬੰਧ ਬਣਦੇ ਵਿਗੜਦੇ ਰਹਿੰਦੇ ਹਨ। ਨਿੱਕੀ ਨਿੱਕੀ ਗੱਲ ਉੱਤੇ ਇਹਨਾਂ ਨੂੰ ਗੁੱਸਾ ਆਉਣ ਲੱਗਦਾ ਹੈ ਤੇ ਅਕਸਰ ਲੜਾਈ ਝਗੜਿਆਂ ਵਿਚ ਫਸੇ ਰਹਿੰਦੇ ਹਨ।ਇਹਨਾਂ ਦੀ ਆਪਣੇ ਮਾਪਿਆਂ ਅਤੇ ਭਰਾਵਾਂ ਨਾਲ ਨਹੀਂ ਬਣਦੀ। ਅਜਿਹੇ ਲੋਕ ਸਮਾਜ ਦੇ ਗਲਤ ਲੋਕਾਂ ਨੂੰ ਮਿਲਣ ਵਾਲੇ ਹੁੰਦੇ ਹਨ, ਭਾਵ ਬੁਰੀ ਸੰਗਤ ਵਿਚ ਬੈਠਣ ਲੱਗਦੇ ਹਨ ਤੇ ਕਈ ਵਾਰ ਸੰਗਤ ਦੇ ਬੁਰੇ ਅਸਰ ਨੂੰ ਕਬੂਲ ਵੀ ਕਰ ਲੈਂਦੇ ਹਨ। ਵੈਸੇ ਬੁਰੀ ਸੰਗਤ ਦੇ ਮੇਲ ਨਾਲ ਇਹ ਆਪਣੇ ਅੰਦਰ ਇਕ ਖੁਸ਼ੀ ਵੀ ਮਹਿਸੂਸ ਕਰਦੇ ਹਨ। ਇਹਨਾਂ ਤੋਂ ਨੇਕੀ ਬਦੀ ਦੀ ਆਸ ਰੱਖਣਾ ਫਜ਼ੂਲ ਹੈ।ਇਹਨਾਂ ਦੀ ਇਕ ਖੂਬੀ ਇਹ ਅਵੱਸ਼ ਹੈ ਕਿ ਇਹ ਆਪਣੇ ਮਿੱਤਰਾਂ ਲਈ ਜਾਨ ਵੀ ਕੁਰਬਾਨ ਕਰ ਸਕਦੇ ਹਨ ਅਤੇ ਉਹਨਾਂ ਲਈ ਵੱਡੇ ਤੋਂ ਵੱਡਾ ਖਤਰਾ ਵੀ ਮੁੱਲ ਲੈ ਲੈਂਦੇ ਹਨ। ਪਰ ਅੱਖੜ ਤਬੀਅਤ ਕਰਕੇ ਖਤਰਾ ਬਣਿਆ ਰਹਿੰਦਾ ਹੈ ਕਿ ਪਤਾ ਨਹੀਂ ਕਿਸ ਸਮੇਂ ਆਪਣੇ ਨੇੜੇ ਦੇ ਮਿੱਤਰ ਨਾਲ ਵੀ ਵਿਗਾੜ ਪੈਦਾ ਕਰ ਲੈਣ। ਕਈ ਵਾਰ ਮਾਮੂਲੀ ਜਿਹੀ ਗੱਲ 'ਤੇ ਮਿੱਤਰ ਦੇ ਵੈਰੀ ਬਣ ਜਾਂਦੇ ਹਨ। ਜੇ ਕੁੰਡਲੀ ਵਿਚ ਅਸ਼ੁੱਭ ਗ੍ਰਹਿ ਅਸਰ ਅੰਦਾਜ਼ ਹੋ ਰਹੇ ਹੋਵਣ ਅਤੇ ਲਗਨ ਉੱਪਰ ਵੀ ਸ਼ੁਭ ਅਸਰ ਨਾ ਹੋਵੇ ਤਾਂ ਮੌਤ ਛੇਤੀ ਜਾਂ ਜੁਆਨੀ ਵਿਚ ਹੋ ਜਾਂਦੀ ਹੈ।"

ਝੰਗ ਤੋਂ ਸਾਹਿਬਾਂ ਨੂੰ ਲੈ ਕੇ ਫਰਾਰ ਹੋਇਆ ਮਿਰਜ਼ਾ ਜੰਡ ਹੇਠ ਸੌਂ ਜਾਂਦਾ ਹੈ।ਅਸਲ ਵਿਚ ਇਥੋਂ ਹੀ ਸਾਹਿਬਾਂ ਦੇ ਕਿਰਦਾਰ ਦਾ ਉਭਾਰ ਹੁੰਦਾ ਹੈ।ਇਹ ਬਹੁ-ਪਰਤੀ ਸਥਿਤੀ ਉਤਪਨ ਹੋ ਜਾਂਦੀ ਹੈ ਤੇ ਬਹੁ-ਸ਼ਾਖਈ ਉਲਝਣਾਂ ਦਾ ਸਾਹਿਬਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ।ਉਸ ਸਮੇਂ ਸਾਹਿਬਾਂ ਦੇ ਮਾਨਸਿਕ ਦਵੰਦ ਦੀ ਨਬਜ਼ ਫੜ੍ਹਨ ਲਈ ਮੈਂ ਸਾਹਿਬਾਂ ਨੂੰ ਤਿੰਨ ਵੱਖ-ਵੱਖਰੇ ਰੂਪਾਂ ਵਿਚ ਦੇਖਦਾ ਹਾਂ। ਇਕ ਮਾਸੂਮ ਕੁੜੀ ਸਾਹਿਬਾਂ, ਦੂਜੀ ਪ੍ਰੇਮਕੁਠੀ ਮੁਟਿਆਰ ਸਾਹਿਬਾਂ ਅਤੇ ਤੀਜੀ ਵਿਲਾਸੀ ਔਰਤ ਸਾਹਿਬਾਂ।ਇਹੀ ਵਜ੍ਹਾ ਹੈ ਕਿ ਮੈਨੂੰ ਮਿਰਜ਼ੇ ਦੀ ਮੌਤ ਲਈ ਸਾਹਿਬਾਂ ਦੀ ਜ਼ਿੰਮੇਵਾਰੀ ਦੇ ਤਿੰਨ ਕਾਰਨ ਦਿਖਾਈ ਦਿੰਦੇ ਹਨ:-

• ਮਾਸੂਮ ਕੁੜੀ: ਝੰਗ ਦੇ ਹਾਕਮ ਖੀਵਾ ਖਾਨ ਦੀ ਧੀ, ਜੋ ਬਹੁਤ ਵੱਡੀ ਹਵੇਲੀ ਵਿਚ ਰਹਿੰਦੀ ਹੈ। ਉਸਦਾ ਬਾਪ ਕਚਹਿਰੀ ਲਾਉਂਦਾ ਹੈ।ਭਰਾ ਸ਼ਮੀਰ ਦਾ ਇਲਾਕੇ ਵਿਚ ਅਸਰ ਰਸੂਖ ਅਤੇ ਦਹਿਸ਼ਤ ਹੈ। ਬਚਪਨ ਵਿਚ ਮਿਰਜ਼ੇ ਨਾਲ ਮੰਗੀ ਹੋਣ ਕਰਕੇ ਉਸਦੇ ਖਿਆਲਾਂ ਵਿਚ ਮਿਰਜ਼ਾ ਵਸਿਆ ਹੋਇਆ ਹੈ। ਖਰਲਾਂ ਨਾਲੋਂ ਮੰਗਣੀ ਤੋੜ੍ਹ ਕੇ ਉਸਦਾ ਰਿਸ਼ਤਾ ਚੰਧੜਾਂ ਦੇ ਕਰ ਦਿੱਤਾ ਜਾਂਦਾ ਹੈ। ਮੂੰਹ ਬੋਲੀ ਭੂਆ ਬੀਬੋ ਦੇ ਚੁੱਕ-ਥੱਲ ਕਰਨ ਕਾਰਨ ਉਹ ਬਹਿਕਾਵੇ ਵਿਚ ਆ ਜਾਂਦੀ ਹੈ ਤੇ ਮਿਰਜ਼ੇ ਨਾਲ ਘਰੋਂ ਭੱਜ ਜਾਂਦੀ ਹੈ।ਤੱਤੇਘਾਹ ਲਏ ਹੋਏ ਫੈਸਲੇ ਬਾਰੇ ਉਹ ਠੰਡੇ ਦਿਮਾਗ ਨਾਲ ਸੋਚਦੀ ਹੈ ਤੇ ਉਸਨੂੰ ਅੱਗੇ ਜਾ ਪਿੱਛੇ ਕੋਈ ਢੋਈ ਮਿਲਦੀ ਨਜ਼ਰ ਨਹੀਂ ਆਉਂਦੀ। ਸਾਹਿਬਾਂ ਆਪਣੇ ਆਪ ਨੂੰ ਗੰਭੀਰ ਸਥਿਤੀ ਦੇ ਚੱਕਰਵਿਊ, ਜਿਸਨੂੰ ਅੰਗਰੇਜ਼ੀ ਵਿੱਚ ਅਸੀਂ Catch 22 Situation ਆਖਦੇ ਹਾਂ, ਵਿੱਚ ਘਿਰਿਆ ਮਹਿਸੂਸਦੀ ਹੈ।ਅਜ਼ੀਬ ਵਿਡੰਬਨਾ ਮਿਰਜ਼ੇ, ਸਾਹਿਬਾਂ, ਸਾਹਿਬਾਂ ਦੇ ਮੰਗੇਤਰ, ਮਿਰਜ਼ੇ ਦੇ ਮਾਪੇ ਅਤੇ ਸਾਹਿਬਾਂ ਦੇ ਪਰਿਵਾਰ, ਪੰਜਾਂ ਲਈ ਹੁੰਦੀ ਹੈ। ਕਿੰਤੂ ਸਭ ਤੋਂ ਵੱਧ ਤ੍ਰਾਸਦਿਕ ਸਥਿਤੀ ਅਤੇ ਚਿੰਤਾਜਨਕ ਹਾਲਤ ਸਾਹਿਬਾਂ ਦੀ ਬਣਦੀ ਹੈ।ਮਾਪਿਆਂ ਦਾ ਦਰਵਾਜ਼ਾ ਉਹ ਢੋਹ ਕੇ ਆ ਚੁੱਕੀ ਹੁੰਦੀ ਹੈ ਤੇ ਸਾਹੁਰਿਆਂ ਦਾ ਉਸ ਲਈ ਅਜੇ ਖੁੱਲ੍ਹਿਆ ਨਹੀਂ ਹੁੰਦਾ। ਇਸ ਜਲਿਟ ਸਮੱਸਿਆ ਨਾਲ ਜੂਝਦੀ ਹੋਈ ਉਹ ਮਿਰਜ਼ੇ ਨੂੰ ਜਗਾਉਂਦੀ ਹੈ। ਭਰਾ ਮਰੇ ਜਾਂ ਪ੍ਰੇਮੀ, ਦੋਨਾਂ ਸੂਰਤ ਵਿਚ ਸਾਹਿਬਾਂ ਸੋਗ ਦੀ ਭਾਗੀਦਾਰ ਬਣਦੀ ਹੈ। ਸੰਭਵ ਹੈ ਕਿ ਸਾਹਿਬਾਂ ਅੰਦਰ ਭਰਾਵਾਂ ਦਾ ਮੋਹ ਵੀ ਜਾਗਿਆ ਹੋਵੇ। ਲੇਕਿਨ ਸਾਹਿਬਾਂ ਵੀ ਇਹ ਜਾਣਦੀ ਹੁੰਦੀ ਹੈ ਕਿ ਅੰਮਾ ਜਾਏ ਭਰਾ ਹੁਣ ਉਸਦੇ ਦੁਸ਼ਮਣ ਅਤੇ ਖੂਨ ਦੇ ਪਿਆਸੇ ਹਨ। ਇਸ ਕਸ਼ਮਕਸ਼ ਵਿਚ ਉਹ ਮਿਰਜ਼ੇ ਨਾਲ ਹੋਣੀ ਦਾ ਸ਼ਿਕਾਰ ਹੋ ਜਾਂਦੀ ਹੈ।
ਹੋਣੀ ਮਿਰਜ਼ੇ 'ਤੇ ਕੁੱਦ ਪਈ, ਰਲੀ ਸਿਆਲਾਂ ਦੇ ਨਾਲ।60॥

• ਪ੍ਰੇਮਕੁਠੀ ਮੁਟਿਆਰ: ਹੁਸੀਨ ਮੁਟਿਆਰਾਂ ਦੀ ਇਹ ਖਸਲਤ ਹੁੰਦੀ ਹੈ ਕਿ ਜਦੋਂ ਹਰ ਕੋਈ ਉਹਨਾਂ 'ਤੇ ਆਸ਼ਿਕ ਹੋਇਆ ਹੋਵੇ ਤਾਂ ਉਹਨਾਂ ਦਾ ਦਿਲ ਕਿਸੇ ਇਕ 'ਤੇ ਆ ਕੇ ਅਟਕਣਾ ਹੁੰਦਾ ਹੈ। ਇਹ ਹਕੀਕੀ ਗੱਲ ਹੈ ਕਿ ਜਦੋਂ ਸੋਹਣੀਆਂ ਨਾਰਾਂ ਡਿੱਗਣ 'ਤੇ ਆਉਣ ਤਾਂ ਮਿੱਗ ੨੨ ਜਹਾਜ਼ ਵਾਂਗ ਕਸੂਤੇ ਥਾਂ 'ਤੇ ਜਾ ਕੇ ਹੀ ਡਿੱਗਦੀਆਂ ਹਨ।ਇਹੀ ਹਾਲ ਸਾਹਿਬਾਂ ਦਾ ਵੀ ਹੋਇਆ ਹੈ। ਮਿਰਜ਼ੇ ਦੇ ਇਸ਼ਕ ਵਿਚ ਗ੍ਰਿਫਤਾਰ ਸਾਹਿਬਾਂ ਆਪਣੇ ਪਿਆਰ ਦੀ ਪ੍ਰਾਪਤ ਦੀ ਖਾਹਿਸ਼ ਦਿਲ ਵਿਚ ਲੈ ਕੇ ਮਿਰਜ਼ੇ ਨਾਲ ਆ ਜਾਂਦੀ ਹੈ। ਜੰਡ ਹੇਠ ਮਿਰਜ਼ਾ ਸਾਹਿਬਾਂ ਕੋਲ ਇੰਕਾਸਾਫ ਕਰਦਾ ਹੈ ਕਿ ਉਸ ਨੇ ਕੇਵਲ ਸਿਆਲਾਂ ਤੇ ਚੰਧੜਾਂ ਦੀਆਂ ਧੌਣਾਂ ਝੁਕਾਉਣ ਲਈ ਸਾਹਿਬਾਂ ਨੂੰ ਉਧਾਲਿਆ ਹੈ।
ਅੱਛੀ ਕਰਨ ਆਪਣੇ ਨੱਕ ਨੂੰ, ਨਹੀਂ ਖਰਲਾਂ ਨੂੰ ਆਊ ਹਾਰ। 13।
ਸਾਹਿਬਾਂ ਆਈਂ ਨਾ ਛੱਡ ਕੇ, ਸਿਰ ਨਾ ਰਹੂ ਸਾਡੀ ਪੱਤ।18।
ਵਿਆਹੀ ਹੋਵੇ ਛੱਡ ਦੇਵਾਂ, ਮੰਗ ਨਾ ਛੱਡੀ ਜਾ।
ਜੇ ਕਰ ਮੰਗ ਮੈਂ ਛੱਡ ਦੇਵਾਂ, ਲੱਗੇ ਖਰਲਾਂ ਨੂੰ ਲਾਜ। 21। (ਕਿੱਸਾ ਮਿਰਜ਼ਾ-ਸਾਹਿਬਾਂ, ਪੀਲੂ)
 
ਇਹ ਸੁਣ ਕੇ ਸਾਹਿਬਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਤੇ ਪ੍ਰੇਮ ਦਾ ਜ਼ਜਬਾ ਵਲ ਖਾਹ ਨੇ ਨਫ਼ਰਤ ਵਿਚ ਬਦਲ ਜਾਂਦਾ ਹੈ। ਉਸਨੂੰ ਮਿਰਜ਼ੇ ਨੇ ਹਥਿਆਰ ਬਣਾ ਕੇ ਵਰਤਿਆ ਹੈ ਤੇ ਇਸ ਇਲਮ ਦੇ ਹੁੰਦਿਆਂ ਹੀ ਸਾਹਿਬਾਂ ਦਾ ਮਨ ਮਿਰਜ਼ੇ ਪ੍ਰਤੀ ਹਿਕਾਰਤ ਨਾਲ ਭਰ ਜਾਂਦਾ ਹੈ। ਸਾਹਿਬਾਂ ਸੌਂਦੀ ਨਹੀਂ ਬਲਿਕ ਜਾਣਬੁੱਝ ਕੇ ਜਾਗਦੀ ਰਹਿੰਦੀ ਹੈ। ਗੁੱਸੇ ਵਿਚ ਮਿਰਜ਼ੇ ਦੀਆਂ ਕਾਨ੍ਹੀਆਂ ਤੋੜ੍ਹ ਦਿੰਦੀ ਹੈ ਤੇ ਉਸਦਾ ਤਰਕਸ਼ ਜੰਡ 'ਤੇ ਟੰਗ ਦਿੰਦੀ ਹੈ।ਇਸ ਪ੍ਰਕਾਰ ਆਪਣੀ ਪਿਆਰ ਵਿੱਚ ਹੋਈ ਸ਼ਿਕਸਤ ਨੂੰ ਉਹ ਮਿਰਜ਼ੇ ਤੋਂ ਬਦਲਾ ਲੈ ਕੇ ਜਿੱਤ ਵਿਚ ਤਬਦੀਲ ਕਰਨਾ ਲੋਚਦੀ ਹੈ।ਸਾਹਿਬਾਂ ਦੇ ਦਿਲ ਵਿਚ ਆਉਂਦਾ ਹੈ ਕਿ ਮੈਂ ਤਾਂ ਮਰਨਾ ਹੀ ਹੈ, ਕਿਉਂ ਨਾ ਤੈਨੂੰ (ਮਿਰਜ਼ਾ) ਵੀ ਨਾਲ ਲੈ ਕੇ ਮਰਾਂ।

• ਵਿਲਾਸੀ ਔਰਤ: ਸਾਡੇ ਸ਼ਾਸ਼ਤਰਾਂ ਨੇ ਔਰਤਾਂ ਦੀਆਂ ਪੰਜ ਕਿਸਮਾਂ ਮਿਥੀਆਂ ਹਨ, ਦੇਵੀ, ਅਪਸਰਾ, ਪਦਮਨੀ, ਲਕਸ਼ਮੀ ਅਤੇ ਕਾਮਿਨੀ।ਇਹਨਾਂ ਵਿਚੋਂ ਸਭ ਤੋਂ ਖਤਰਨਾਕ ਕਿਸਮ ਦੀ ਔਰਤ ਨੂੰ 'ਕਾਮਿਨੀ' ਕਿਹਾ ਜਾਂਦਾ ਹੈ।ਕਾਮਾਸੂਤਰ ਵਿਚ ਲਿੱਖਿਆ ਹੈ, "ਅਜਿਹੀ ਕਿਸਮ ਦੀਆਂ ਨਾਰਾਂ ਯੌਨ ਸੁੱਖ ਲਈ ਤੜਫਦੀਆਂ ਹਨ। ਉਹ ਸੁੰਦਰ, ਚਾਲਾਕ, ਚਾਲਬਾਜ਼, ਫਰੇਬੀ ਅਤੇ ਦਿਲ ਦੀਆਂ ਕਾਲੀਆਂ ਹੁੰਦੀਆਂ ਹਨ।"

ਅਕਸਰ ਇਹ ਕਾਮਿਨੀ ਕਿਸਮ ਮਰਦ ਦੀ ਤਬਾਹੀ ਅਤੇ ਮੌਤ ਦਾ ਕਾਰਨ ਵੀ ਬਣਦੀਆਂ ਹਨ। ਇਹਨਾਂ ਦੇ ਧੱਕੇ ਬੰਦਾ ਚੜ੍ਹ ਜਾਵੇ ਤਾਂ ਇਕ ਵਾਰ ਤਾਂ ਇਹ ਬਠਿੰਡੇ ਵਾਲਾ ਕਿਲ੍ਹਾ ਦਿਖਾ ਦਿੰਦੀਆਂ ਹਨ।ਪੁਲਸੀਆਂ ਵਰਗੀ ਇਹਨਾਂ ਦੀ ਦੋਸਤੀ ਵੀ ਮਾੜੀ ਤੇ ਦੁਸ਼ਮਣੀ ਵੀ ਮਾੜੀ ਸਾਬਿਤ ਹੁੰਦੀ ਹੈ।

ਕੋਕ ਸ਼ਾਸ਼ਤਰ ਅਨੁਸਾਰ, "ਅਜਿਹੀਆਂ ਔਰਤਾਂ ਤੇਜ਼ਾਬੀ ਇਸ਼ਕ ਕਰਦੀਆਂ ਹਨ।ਲਾਵੇ ਦੇ ਕਲਕਲ ਵਗਦੇ ਦਰਿਆ ਵਰਗਾ ਇਹਨਾਂ ਦਾ ਮਨ ਕਦੋਂ ਕਿਧਰ ਮੁੜ ਜਾਵੇ, ਇਸ ਦਾ ਕੋਈ ਪਤਾ ਨਹੀਂ ਲਗਦਾ।"
ਪੀਲੂ ਸਾਹਿਬਾਂ ਨੂੰ ਸੁੰਦਰ ਅਤੇ ਫੈਸ਼ਨਪ੍ਰਸਤ ਮੁਟਿਆਰ ਵਜੋਂ ਪ੍ਰਸਤੂਤ ਕਰਨ ਲਈ ਲਿਖਦਾ ਹੈ, "ਗਜ਼ ਗਜ਼ ਲੰਮੀਆਂ ਮੀਢੀਆਂ, ਰੰਗ ਜੋ ਗੋਰਾ ਸੀ।ਬੰਦ ੭।" ਅਤੇ ਜਦੋਂ ਮਿਰਜ਼ਾਂ ਸਾਹਿਬਾਂ ਨੂੰ ਬਾਂਹੋਂ ਫੜ੍ਹਦਾ ਹੈ ਤਾਂ ਉਸ ਤੋਂ ਬਾਂਹ ਛੁਡਾਉਂਦੀ ਹੋਈ ਸਾਹਿਬਾਂ ਕਹਿੰਦੀ ਹੈ,
"ਨਾ ਫੜ ਬਾਂਹੀਂਆਂ ਘੁੱਟ ਕੇ, ਵੰਗਾਂ ਜਾਂਦੀਆਂ ਟੁੱਟ।
ਕੱਲ੍ਹ ਚੀਰ ਚੜ੍ਹਾਈਆਂ, ਪਹਿਨ ਨਾ ਦੇਖੀਆਂ ਰੱਜ।ਬੰਦ 33।"

ਸਾਹਿਬਾਂ ਇਕ ਸ਼ੌਂਕੀਨਣ ਮੁਟਿਆਰ ਹੈ, ਜਿਸ ਦੇ ਹੁਸਨ ਦੇ ਮੁੰਡੇ-ਖੁੰਡੇ ਹੀ ਨਹੀਂ ਬੁੜ੍ਹੇ-ਠੇਰੇ ਵੀ ਆਸ਼ਕ ਹਨ। ਇਥੋਂ ਤੱਕ ਕਿ ਸਾਹਿਬਾ ਦਾ ਨੌਕਰ ਕਰਮੂ ਬਾਹਮਣ ਵੀ, ਜੋ ਕਿ ਉਸਦੇ ਦਾਦੇ ਦੀ ਉਮਰ ਦਾ ਹੈ। ਜਦੋਂ ਸਾਹਿਬਾਂ ਮਿਰਜ਼ੇ ਨੂੰ ਆਪਣੇ ਸਾਹੇ ਦਾ ਸੁਨੇਹਾ ਦੇਣ ਲਈ ਕਰਮੂ ਨੂੰ ਭੇਜਦੀ ਹੈ ਤਾਂ ਕਰਮੂ ਸਾਹਿਬਾਂ 'ਤੇ ਆਪਣੀ ਟਰਾਈ ਮਾਰਨ ਲੱਗ ਪੈਂਦਾ ਹੈ ਤੇ ਸਾਹਿਬਾਂ ਨੂੰ ਆਖਦਾ ਹੈ,

ਅੱਗੋਂ ਕਰਮੂੰ ਬੋਲਦਾ, ਸੱਚੀ ਦਿਆਂ ਸੁਣਾ।
ਚਾਲ੍ਹੀ ਕੋਹਾਂ ਦਾ ਪੈਂਡਾ ਹੈ, ਕੌਣ ਜਾ।
ਘਰ ਮਿਰਜ਼ੇ ਦੇ ਹੋਰ ਇਸਤਰੀ, ਸੁਣੀਂਦੀ ਬੁਰੀ ਬਲਾ।
ਸ਼ੌਕਣ ਉੱਤੇ ਸੌਕਣ ਪਏ, ਲੈਵੇ ਅੱਧ ਵੰਡਾ।
ਛੱਡ ਦੇ ਪੁਰਾਣੀ ਜੱਟ ਦੀ ਦੋਸਤੀ, ਨਵੀਂ ਕਰਮੂੰ ਵੱਲ ਲਾ।
ਘਰ ਵਿਚ ਲਾ ਲੈ ਦੋਸਤੀ, ਬਹਿ ਕੇ ਇਸ਼ਕ ਕਮਾ।ਬੰਦ 8।

ਕਰਮੂ ਸਾਹਿਬਾਂ ਦੇ ਇਸ਼ਕ ਦਾ ਰਾਜਗਾਰ ਹੁੰਦਾ ਹੈ ਤੇ ਮਿਰਜ਼ੇ ਤੱਕ ਉਹਦਾ ਸੁਨੇਹਾ ਵੀ ਲੈ ਕੇ ਜਾਂਦਾ ਹੈ। ਇਹਦਾ ਮਤਲਵ ਸਾਹਿਬਾਂ ਆਪਣੀ ਬਾਪ ਦੀ ਉਮਰ ਦੇ ਆਪਣੇ ਨੌਕਰ ਨਾਲ ਕਾਫੀ ਖੁੱਲ੍ਹੀ ਹੋਈ ਹੋਵੇਗੀ।ਇਹ ਗੱਲ ਇਹ ਸਿੱਧ ਕਰਦੀ ਹੈ ਕਿ ਸਾਹਿਬਾਂ ਖਾਸੀਆਂ ਵਿਲਾਸੀ ਰੂਚੀਆਂ ਦੀ ਰਹੀ ਹੋਵੇਗੀ।

ਝੰਗ ਤੋਂ ਬਾਹਰ ਆ ਕੇ ਮਿਰਜ਼ੇ ਨੂੰ ਖਤਰਾ ਟੱਲ੍ਹ ਗਿਆ ਲੱਗਦਾ ਹੈ। ਉਹ ਸਾਹਿਬਾਂ ਨੂੰ ਕੱਢ ਲਿਆਉਣ ਦੀ ਖੁਸ਼ੀਂ ਵਿਚ ਖੀਵਾ ਹੋਇਆ ਹੁੰਦਾ ਹੈ। ਘੋੜੇ 'ਤੇ ਜਾਂਦਿਆਂ ਦੋਨਾਂ ਦੇ ਸ਼ਰੀਰਾਂ ਵਿਚ ਘੈਸਰ ਹੁੰਦੀ ਹੈ ਤੇ ਜਿਸਦੇ ਫਲਸੂਰਪ ਉਤੇਜਨਾ ਪੈਦਾ ਹੋ ਜਾਂਦੀ ਹੈ। ਹਲਕਿਆ ਹੋਇਆ ਮਿਰਜ਼ਾ ਸੁਰੱਖਿਅਤ ਥਾਂ ਦੇਖ ਕੇ ਜੰਡ ਹੇਠ ਰੁੱਕਦਾ ਹੈ। ਹੋਛੇਪਨ ਵਿੱਚ ਜੰਡ ਹੇਠ ਸਾਹਿਬਾਂ ਅਤੇ ਮਿਰਜ਼ੇ ਦੇ ਜ਼ਿਸਮਾਨੀ ਸੰਬੰਧ ਬਣਦੇ ਹਨ। ਮਿਰਜ਼ੇ ਅੰਦਰ ਸਾਹਿਬਾਂ ਦਾ ਰੂਪ ਹੰਡਾਉਣ ਦੀ ਤੀਬਰ ਇੱਛਾ ਅਤੇ ਬੇਸਬਰਾਪਨ ਹੁੰਦਾ ਹੈ।ਚਰਮਸੀਮਾ 'ਤੇ ਪਹੁੰਚਿਆਂ ਮਿਰਜ਼ੇ ਦੀ ਹਵਸ ਦਾ ਪਾਰਾ ਜਿਸ ਰਫਤਾਰ ਨਾਲ ਉੱਪਰ ਚੜ੍ਹਦਾ ਹੈ, ਉਸੇ ਗਤੀ ਨਾਲ ਹੇਠਾਂ ਵੀ ਆ ਜਾਂਦਾ ਹੈ।ਮਿਰਜ਼ੇ ਦੀ ਆਤਮਸੰਤੁਸ਼ਟੀ ਛੇਤੀ ਹੋ ਜਾਂਦੀ ਹੈ।ਸ਼ੀਘਰ ਪਤਨ ਉਪਰੰਤ ਸਾਹਿਬਾਂ ਨੂੰ ਭੋਗ ਕੇ ਮਿਰਜ਼ਾ ਆਪਣੀ ਪਿਆਸ ਬੁਝਾ ਕੇ ਸਰੂਰ ਵਿਚ ਮਖਮੂਰ ਹੋ ਸੁੱਖ ਦੀ ਨੀਂਦ ਸੌਂ ਜਾਂਦਾ ਹੈ। ਸਾਹਿਬਾਂ ਦੀਆਂ ਮਿਰਜ਼ੇ ਤੋਂ ਜ਼ਿਆਦਾ ਸੰਭਾਵਨਾਵਾਂ ਹੁੰਦੀਆਂ ਹਨ। ਮਿਰਜ਼ਾ ਸਾਹਿਬਾਂ ਨੂੰ ਸੰਤੁਸ਼ਟ ਕਰਨ ਵਿਚ ਅਸਫਲ ਰਹਿੰਦਾ ਹੈ ਤੇ ਅਤ੍ਰਿਪਤ ਸਾਹਿਬਾਂ ਦੇ ਮਨ ਅੰਦਰ ਬਣਿਆ ਮਿਰਜ਼ੇ ਦੀ ਮਰਦਾਨਗੀ ਦਾ ਬਿੰਬ ਟੁੱਟ ਕੇ ਢਹਿ ਢੇਰੀ ਹੋ ਜਾਂਦਾ ਹੈ।ਤੀਰ ਚਲਾਉਣਾ ਹੋਰ ਵਿਦਿਆ ਹੈ ਤੇ ਇਸਤਰੀ ਨੂੰ ਸੇਜ ਸੁੱਖ ਪ੍ਰਦਾਨ ਕਰਨਾ ਹੋਰ ਕਲਾ ਹੈ।ਯੁੱਧ ਵਿੱਦਿਆ ਵਿਚ ਮੁਹਾਰਤ ਅਤੇ ਕਾਰਜ਼ਕੁਸ਼ਲਤਾ ਨਿਰੋਏ ਔਰਤ ਮਰਦ ਦੇ ਜਿਣਸੀ ਸੰਬਧਾਂ ਦੀ ਸਫਲਤਾ ਦੀ ਕੂੰਜੀ ਨਹੀਂ ਹੈ।

ਸਹਿਵਾਸ ਮੌਕੇ ਅਗਰ ਮਰਦ ਔਰਤ ਨੂੰ ਠਾਰ ਦੇਵੇ ਤਾਂ ਉਹ ਹੋਰ ਵੀ ਅਜ਼ੀਜ ਹੋ ਜਾਂਦਾ ਹੈ ਤੇ ਜੇ ਔਰਤ ਨੂੰ ਤ੍ਰਿਪਤ ਨਾ ਕਰ ਸਕੇ ਤਾਂ ਔਰਤ ਨੂੰ ਉਸ ਮਰਦ ਨਾਲ ਨਫ਼ਰਤ… ਕੋਫਤ ਹੋ ਜਾਂਦੀ ਹੈ। ਮਰਦ ਉਸਦੇ ਦਿਲੋਂ ਲਹਿ ਜਾਂਦਾ ਹੈ।ਕਾਮ ਦੀ ਅੱਗ ਵਿਚ ਸੜਦੀ ਸਾਹਿਬਾਂ ਤਰਕਸ਼ ਜੰਡ 'ਤੇ ਟੰਗਦੀ ਹੈ ਤੇ ਗੁੱਸੇ ਵਿਚ ਕਾਨੀਆਂ ਤੋੜ੍ਹਦੀ ਹੈ। ਇਹ ਮਿਰਜ਼ੇ ਦੇ ਹਥਿਆਰ ਉਸ ਨੂੰ ਆਪਣੀਆਂ ਸੌਕਣਾਂ ਪ੍ਰਤੀਤ ਹੁੰਦੇ ਹਨ। ਉਹ ਮਿਰਜ਼ੇ ਨੂੰ ਆਪਣੀ ਭੁੱਖ ਮਿਟਾਉਣ ਦੇ ਮਕਸਦ ਨਾਲ ਉਠਾਉਂਦੀ ਹੈ। ਪਰ ਮਿਰਜ਼ਾ ਲਾਲ ਦੁਸ਼ਾਲਾ ਲਈ ਮਰੇ ਕੁੱਤੇ ਵਾਂਗ ਨਿਢਾਲ ਹੋਇਆ ਪਿਆ ਰਹਿੰਦਾ ਹੈ,
ਮੁੱਠੀਆਂ ਭਰ ਜਗਾਉਂਦੀ ਯਾਰ ਨੂੰ, ਜਾਗੀਏ ਰੱਬ ਦੇ ਨਾਂ।
ਧੁਰ ਨਾ ਅਪੜੀ ਰੰਨ ਸਾਹਿਬਾਂ, ਮੇਰੀ ਵਿਚਾਲਿਓਂ ਟੁੱਟੀ ਲਾਂ।
ਜੇ ਨਾ ਸੀ ਤੋੜ ਨਿਭਾਉਂਣੀ, ਤੇਰੀ ਕਾਹਨੂੰ ਪਕੜੀ ਬਾਂਹ।
ਬਚਾਅ ਕਰੇਂਦੇ ਆਸ਼ਿਕਾ, ਨਾ ਅੱਗੇ ਮਿਲਣਾ ਤੈਨੂੰ ਥਾਂ।47॥


 
ਸਾਹਿਬਾਂ ਮਿਰਜ਼ੇ ਦੀ ਨਿਪੁੰਨਸਕਤਾ ਬਾਰੇ ਸੋਚਦੀ ਹੈ ਕਿ ਕਿੱਥੇ ਮਰਿਆ ਸੱਪ ਗਲ ਪਾ ਲਿਆ ਹੈ, ਇਹਦੇ ਤੋਂ ਖਹਿੜਾ ਛੁਡਾਵਾਂ!
ਸਿਆਲਾਂ ਅਤੇ ਚੰਧੜਾਂ ਨਾਲ ਹੋਈ ਝੜਪ ਵਿਚ ਮਿਰਜ਼ਾ ਮਾਰਿਆ ਜਾਂਦਾ ਹੈ।ਇਸ ਉਪਰੰਤ ਯਕੀਕਨ ਸਾਹਿਬਾਂ ਦੀ ਵੀ ਦੁਰਗਤੀ ਹੋਈ ਹੋਵੇਗੀ, ਕਿਉਂਕਿ ਉਸਦੇ ਰੋਸ਼ਨ ਮੁਸਤਕਬਿਲ ਦੀ ਤਾਂ ਕੋਈ ਸੰਭਾਵਨਾ ਹੀ ਨਹੀਂ ਰਹਿੰਦੀ।ਕਿੱਸੇ ਨੂੰ ਇਸ ਪਹਿਲੂ ਤੋਂ ਦੇਖੀਏ ਤਾਂ ਮਿਰਜ਼ਾ ਨਾਮਰਦ ਅਤੇ ਸਾਹਿਬਾਂ ਬਦਚਲਣ ਸਿੱਧ ਹੁੰਦੀ ਹੈ।ਵੈਸੇ ਸਾਊ ਤਾਂ ਕਿਸੇ ਨਜ਼ਰੀਏ ਨਾਲ ਵੀ ਨਹੀਂ ਦਿਖਾਈ ਦਿੰਦੀ!
 
ਮਿਰਜ਼ੇ ਦਾ ਸੌਣਾ ਤੇ ਸਾਹਿਬਾਂ ਦਾ ਜਾਗਣਾ ਇਸ ਕਿੱਸੇ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਹੈ। ਸਾਹਿਬਾਂ ਮਿਰਜ਼ੇ ਨਾਲ ਮੰਗੀ ਹੁੰਦੀ ਹੈ ਤੇ ਉਸਦੀ ਮੰਗਣੀ ਤੋੜ ਕੇ ਚੰਧੜਾਂ ਨਾਲ ਰਿਸ਼ਤਾ ਕਰ ਦਿੱਤਾ ਜਾਂਦਾ ਹੈ। ਇਸ ਗੱਲ ਦੀ ਮਿਰਜ਼ੇ ਨੂੰ ਹੇਠੀ ਮਹਿਸੂਸ ਹੁੰਦੀ ਹੈ। ਮਿਰਜ਼ਾ ਆਪਣੇ ਵਕਾਰ ਨੂੰ ਕਾਇਮ ਰੱਖਣ ਤੇ ਹਾਉਮੇ ਨੂੰ ਪੱਠੇ ਪਾਉਣ ਲਈ ਸਾਹਿਬਾਂ ਨੂੰ ਘਰੋਂ ਭਜਾਉਣ ਦਾ ਫੇਸਲਾ ਲੈਂਦਾ ਹੈ। ਸਾਹਿਬਾਂ ਦੇ ਉਧਾਲੇ ਪਿਛੇ ਕੇਵਲ ਇਹੀ ਉਸਦਾ ਮਕਸਦ ਹੁੰਦਾ ਹੈ।ਇਸ ਮੰਤਵ ਦੀ ਪੂਰਤੀ ਲਈ ਉਹ ਸਾਹਿਬਾਂ ਨੂੰ ਦਾਨਾਬਾਦ ਲਿਜਾਣ ਦੀ ਬਜਾਏ ਜੰਡ ਹੇਠ ਠਹਿਰਾਉਂਦਾ ਹੈ। ਮਿਰਜ਼ੇ ਦੀ ਪ੍ਰਥਮਿਕਤਾ ਸਾਹਿਬਾਂ ਨੂੰ ਭੋਗਣ ਦੀ ਹੁੰਦੀ ਹੈ। ਸਾਹਿਬਾਂ ਜੇ ਉਹਦੀ ਨਹੀਂ ਬਣਦੀ ਤਾਂ ਉਹ ਕਿਸੇ ਹੋਰ ਦੀ ਹੋਣ ਦੇਣਾ ਨਹੀਂ ਚਾਹੁੰਦਾ। ਉਸਦੇ ਮਨ ਵਿਚ ਹੁੰਦਾ ਹੈ ਕਿ ਇਕ ਵਾਰ ਸਾਹਿਬਾਂ ਕਾਣੀ ਕਰ ਲਵਾਂ, ਫੇਰ ਜਿਹੜੇ ਭਾਅ ਪਊ ਦੇਖੀ ਜਾਊ। ਮਿਰਜ਼ੇ ਅਮਦਰ ਜਿੱਥੇ ਹਵਸ ਹੁੰਦੀ ਹੈ, ਉਥੇ ਸਾਹਿਬਾਂ ਅੰਦਰ ਸਦੀਵੀ ਪ੍ਰੇਮ ਦਾ ਸੰਕਲਪ ਹੁੰਦਾ ਹੈ। ਸਾਹਿਬਾਂ ਲਈ ਜੰਡ ਹੇਠ ਮਿਰਜ਼ੇ ਨਾਲ ਬਣੇ ਸ਼ਰੀਰਕ ਸੰਬੰਧ ਅਰੋਗ ਨਹੀਂ ਹੁੰਦੇ, ਇਸ ਲਈ ਉਸਨੂੰ ਨੀਂਦ ਨਹੀਂ ਆਉਂਦੀ। ਪਰ ਉਹੀ ਕ੍ਰਿੜਾ ਮਿਰਜ਼ੇ ਲਈ ਸਿਹਤੰਦ ਹੁੰਦੀ ਹੈ ਤੇ ਉਹ ਸੌਂ ਜਾਂਦਾ ਹੈ। ਸੈਕਸ ਇਕ ਰੂਪ ਦੀ ਮਾਨਸਿਕ ਅਤੇ ਸ਼ਰੀਰਕ ਕਸਰਤ ਹੈ, ਜੋ ਮਨੁੱਖ ਨੂੰ ਤਨੋ-ਮਨੋ ਥਕਾ ਦਿੰਦੀ ਹੈ ਤੇ ਜਿਸ ਉਪਰੰਤ ਸ਼ਰੀਰ ਨਵੀਨ ਊਰਜਾ ਪੈਦਾ ਕਰਨ ਲਈ ਮਨੁੱਖ ਨੂੰ ਨੀਂਦ ਲਿਆ ਦਿੰਦਾ ਹੈ।ਡਾ: ਡੇਵ ਜ਼ਿੰਕਕੈਕੋ ਆਪਣੀ ਪੁਸਤਕ Men, Love and Sex: The Complete User Guide For Women ਵਿਚ ਪੰਨਾ 83 'ਤੇ ਲਿੱਖਦਾ ਹੈ, ਜਿਸਦਾ ਪੰਜਾਬੀ ਤਰਜਮਾ ਇਸ ਪ੍ਰਕਾਰ ਬਣੇਗਾ, " Positron Emission Tomography (PET) ਰਾਹੀ ਇਹ ਸਾਬਿਤ ਹੋ ਚੁੱਕਾ ਹੈ ਕਿ ਨਿਰੋਗ ਸੈਕਸ ਮਾਸਪੇਸ਼ੀਆਂ ਨੂੰ ਢਿੱਲੀਆਂ ਕਰਨ ਉਪਰੰਤ ਮਨੁੱਖ ਨੂੰ ਕਾਹਲੇਪਨ ਅਤੇ ਫਿਕਰਾ ਤੋਂ ਨਿਜਾਤ ਦਵਾ ਕੇ ਸੁੱਖ ਦੀ ਨੀਂਦ ਸਵਾਉਣ ਵਿਚ ਸਹਾਈ ਸਿੱਧ ਹੁੰਦਾ ਹੈ। ਸੰਭੋਗ ਸਿੱਖਰ ( orgasm) ਦੇ ਪੜਾਅ 'ਤੇ ਉੱਪੜ ਕੇ ਸੰਕਰਾਣੂਆਂ ਨਾਲ ਇਨਸਾਨੀ ਸ਼ਰੀਰ ਵਿਚੋਂ ਸਾਡਾ ਜ਼ਿਹਨ ਅਨੇਕਾਂ ਪ੍ਰਕਾਰ ਦੇ ਰਸਾਇਣਕ ਦ੍ਰਵਾਂ ਅਤੇ ਸੈਲਾਂ ਦਾ ਨਿਕਾਸ ਵੀ ਕਰਦਾ ਹੈ, ਜਿਵੇਂ ਕਿ norepinephrine, serotonin, oxytocin, vasopressin, nitric oxide (NO), and the hormone prolactin.ਇਹਨਾਂ ਵਿਚੋਂ ਪ੍ਰੋਲੈਕਟਿਨ ਦਾ ਸਿੱਧਾ ਸੰਬੰਧ ਕਾਮੁਕ ਸੰਤੁਸ਼ਟੀ ਨਾਲ ਹੁੰਦਾ ਹੈ।"
 
Then there is the biochemistry of the orgasm itself. Research shows that during ejaculation, men release a cocktail of brain chemicals, including norepinephrine, serotonin, oxytocin, vasopressin, nitric oxide (NO), and the hormone prolactin. The release of prolactin is linked to the feeling of sexual satisfaction, and it also mediates the “recovery time” that men are well aware of—the time a guy must wait before “giving it another go.” Studies have also shown that men deficient in prolactin have faster recovery times. (Men, Love and Sex: The Complete User Guide For Women  by Dr. Dave Zinczenko)

ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਮਿਰਜ਼ੇ ਨੂੰ ਨੀਂਦ ਦਾ ਆ ਜਾਣਾ ਇਕ ਕੁਦਰਤੀ ਗੱਲ ਸੀ।
 
ਕਿੱਸੇ ਦਾ ਚੱਜ ਨਾਲ ਮੁਲਾਂਕਣ ਨਾ ਕਰਿਆ ਹੋਣ ਕਰਕੇ ਲੇਖਕਾਂ ਵੱਲੋਂ ਪ੍ਰਚਾਰੀ ਜਾਂਦੀ ਗੱਲ ਕਿ ਸਾਹਿਬਾਂ ਨੂੰ ਭਰਾਵਾਂ ਦਾ ਮੋਹ ਆ ਗਿਆ ਸੀ ਨਿਰਆਧਾਰ ਹੈ ਤੇ ਬਹੁਤ ਵਾਸਤਵਿਕ ਨਹੀਂ ਭਾਸਦੀ। ਜੇਕਰ ਸਾਹਿਬਾਂ ਦੇ ਦਿਲ ਵਿਚ ਭਰਾਵਾਂ ਜਾਂ ਮਾਪਿਆਂ ਦਾ ਐਨਾ ਹੀ ਹੇਜ ਹੁੰਦਾ ਤਾਂ ਉਸਨੇ ਘਰੋਂ ਹੀ ਨਹੀਂ ਸੀ ਭੱਜਣਾ। ਦੂਜੀ ਗੱਲ ਜੇਕਰ ਇਹ ਘਟਨਾ ਸਾਹਿਬਾਂ ਦੇ ਘਰੋਂ ਭੱਜਣ ਤੋਂ ਬਾਅਦ ਕੁਝ ਦੇਰ ਦਾ ਵਕਫਾ ਪੈ ਕੇ ਵਾਪਰਦੀ ਤਾਂ ਸਾਹਿਬਾਂ ਦਾ ਹਿਰਦਾ ਪ੍ਰੀਵਰਤਣ ਸੰਭਵ ਸੀ ਤੇ ਇਹ ਦਲੀਲ ਮੰਨੀ ਵੀ ਜਾ ਸਕਦੀ ਸੀ। ਪਰ ਇਕ ਪਲ ਉਹ ਘਰੋਂ ਭਜਦੀ ਹੈ ਤੇ ਦੂਜੇ ਪਲ ਝਟਕੇ ਨਾਲ ਉਸਦੇ ਵਿਚਾਰ ਕਿਵੇਂ ਬਦਲ ਸਕਦੇ ਹਨ? ਇਕ ਪਲ ਮਿਰਜ਼ੇ ਨਾਲ ਨਿਕਲਣ ਬਾਅਦ ਅਗਲੇ ਪਲ ਸਾਹਿਬਾਂ ਦੀ ਸੋਚ ਦਾ ਪਲੜਾ ਭਰਾਵਾਂ ਵੱਲ ਉਲਰਦਾ ਯਥਾਰਥਕ ਨਹੀਂ ਜਾਪਦਾ।ਕਿਸੇ ਵੀ ਇਨਸਾਨ ਦੇ ਦਿਮਾਗ ਵਿਚ ਕਿੰਨੀ ਵੀ ਉਥਲ-ਪੁਥਲ ਕਿਉਂ ਨਾ ਹੋ ਰਹੀ ਹੋਵੇ, ਉਸਦੀ ਸੋਚ ਵਿਚ ਐਨੀ ਛੇਤੀ ਤਬਦੀਲੀ ਨਹੀਂ ਆਉਂਦੀ। ਵਿਚਾਰ ਬਦਲਣ ਨੂੰ ਸਮਾਂ ਲੱਗਦਾ ਹੈ। ਉਸ ਸਮੇਂ ਸਾਹਿਬਾਂ ਲਈ ਅੰਮਾ ਜਾਏ ਭਰਾ ਸਭ ਤੋਂ ਵੱਡੇ ਜਾਨੀ ਦੁਸ਼ਮਣ ਹੁੰਦੇ ਹਨ ਤੇ ਜਾਨ ਦਾ ਸਭ ਤੋਂ ਵੱਧ ਖਤਰਾ ਉਹਨਾਂ ਤੋਂ ਹੁੰਦਾ ਹੈ।

ਬਚਪਨ ਤੋਂ ਤਸਵੀਰਾਂ ਦੇਖਦਾ ਆਇਆ ਹਾਂ। ਮਿਰਜ਼ਾ ਸਾਹਿਬਾਂ ਦੇ ਪੱਟ ਦਾ ਸਿਰਹਾਣਾ ਲਾਈ ਜੰਡ ਹੇਠ ਪਿਆ ਹੈ ਤੇ ਕੋਲ ਬੱਕੀ ਖੜ੍ਹੀ ਹੈ। ਇਸ ਲਈ ਜਦੋਂ ਵੀ ਮਿਰਜ਼ੇ ਬਾਰੇ ਸੋਚਦਾ ਹਾਂ ਤਾਂ ਆਪ ਮੁਹਾਰੇ ਅੱਖਾਂ ਮੂਹਰੇ ਜੰਡ ਵਾਲਾ ਸੀਨ ਆ ਜਾਂਦਾ ਹੈ। ਜੰਡ ਹੇਠ ਵਾਪਰੇ ਸਾਕੇ ਦੇ ਅਦਭੁਤ ਨਜ਼ਾਰੇ ਦੀ ਦ੍ਰਿਸ਼ਕਸ਼ੀ ਪੀਲੂ ਇਉਂ ਕਰਦਾ ਹੈ:-

ਚੰਧੜ ਸਿਆਲ ਚੜ੍ਹ ਪਏ, ਰਾਹੀਂ ਘੱਤ ਵਹੀਰ।
ਫੌਜਾਂ ਘੇਰਾ ਘੱਤਿਆ, ਕਰਕੇ ਬੜੀ ਤਦਬੀਰ।
ਕੜ ਕੜ ਚਲਣ ਗੋਲੀਆਂ, ਮਿਰਜ਼ੇ ਨੂੰ ਪੈਂਦੇ ਤੀਰ।
ਉਹ ਸੁੱਤਾ ਨਹੀਂ ਜਾਗਦਾ, ਕਾਇਮ ਨਹੀਂ ਹੁੰਦਾ ਸਰੀਰ। ਬੰਦ 55।

ਮਹਾਭਾਰਤ ਦੇ ਯੁੱਧ ਵਿਚ ਕਰਨ ਅਤੇ ਉਸਦੇ ਨੌਂ ਪੁੱਤਾਂ ਚੋਂ ਅੱਠ ਪੁੱਤਰਾਂ ਨੂੰ ਕ੍ਰਿਸ਼ਨ ਅਤੇ ਪਾਂਡਵ ਛਲ-ਕਪਟ ਨਾਲ ਮਾਰਦੇ ਹਨ।ਕਰਨ ਦੇ ਕੁੰਡਲ ਅਤੇ ਕਵਚ ਉਸ ਤੋਂ ਵੱਖ ਕਰ ਦਿੱਤੇ ਜਾਂਦੇ ਹਨ। ਇਸੇ ਚੀਜ਼ ਨੂੰ ਪੀਲੂ ਦੁਹਰਾਉਂਦਾ ਹੋਇਆ ਸਾਹਿਬਾਂ ਤੋਂ ਤਰਕਸ਼ ਜੰਡ 'ਤੇ ਟੰਗਵਾਉਂਦਾ ਹੈ ਤੇ ਤੀਰ ਤੁੜਵਾਉਂਦਾ ਹੈ ਅਤੇ ਮਿਰਜ਼ੇ ਨੂੰ ਚੰਧੜਾਂ ਅਤੇ ਸਿਆਲਾਂ ਦੀ ਬਹੁਗਿਣਤੀ ਵਾਹਰ ਤੋਂ ਮਰਵਾਉਂਦਾ ਹੈ।

ਹੋਣੀ ਮਿਰਜ਼ੇ 'ਤੇ ਕੁੱਦ ਪਈ, ਰਲੀ ਸਿਆਲਾਂ ਦੇ ਸੰਗ।
ਛੁੱਟੀ ਕਾਨੀ ਗਜ਼ਬ ਦੀ, ਲੈ ਗਈ ਮਿਰਜ਼ੇ ਨੂੰ ਨਾਲ।
ਰੂਹ ਮਿਰਜ਼ੇ ਦੀ ਨਕਲ ਗਈ, ਲੱਗੀ ਜੰਡੂਰੇ ਨਾਲ।
ਮੰਦਾ ਕੀਤਾ ਸਾਹਿਬਾਂ ਤੂੰ ਰਲ ਗਈ ਸਿਆਲਾਂ ਦੇ ਨਾਲ।60॥

ਇਸ ਪ੍ਰਕਾਰ ਮਿਰਜ਼ਾ ਆਪਣੀ ਮੌਤ ਪਿੱਛੇ ਸਾਹਿਬਾਂ ਦਾ ਹੱਥ ਦੱਸਦਾ ਹੈ। ਪੀਲੂ ਮਿਰਜ਼ੇ ਦੀ ਮੌਤ ਦਾ ਕਾਰਨ ਉਸਦਾ ਹੰਕਾਰ ਦੱਸਦਾ ਹੈ, "ਮਿਰਜ਼ਾ ਮਾਰਿਆ ਮਲਕੁਲ ਮੌਤ ਦਾ, ਕੁਝ ਮਾਰਿਆ ਉਹਨੂੰ ਗੁਮਾਨ।64॥" ਸਾਹਿਬਾਂ ਮਿਰਜ਼ੇ ਦੀ ਮੌਤ ਦਾ ਭਾਂਡਾ 'ਹੋਣੀ' ਉੱਤੇ ਭੰਨਦੀ ਹੈ, "ਹੋਣੀ ਵਰਤੀ ਪੈਗੰਬਰਾਂ, ਹੋਣੀ ਮਿਰਜ਼ੇ ਤੇ ਗਈ ਆ।62॥" ਪਰੰਤੂ ਮੈਂ ਮਿਰਜ਼ੇ ਦੀ ਮੌਤ ਲਈ ਉਸਦੀ ਮੂਰਖਤਾ ਅਤੇ ਆਲਸੀਪਨ ਨੂੰ ਮੰਨਦਾ ਹਾਂ। ਬਿਨਾਂ ਦਿਮਾਗ ਨਾਲ ਸੋਚਿਆਂ ਤੇ ਕਿਸੇ ਵਿਉਂਤਬੰਦੀ ਦੇ ਉਹ ਕਾਹਲਾ ਵਗਿਆ। ਜਿਸ ਦਾ ਖਮਿਆਜ਼ਾ ਉਸਨੂੰ ਭੁਗਤਣਾ ਪਿਆ।

ਸਾਡੇ ਸਾਹਿਤਕਾਰਾਂ ਨੇ ਮਿਰਜ਼ੇ ਨੂੰ ਸੂਰਮੇ ਦਾ ਖਿਤਾਬ ਦੇ ਕੇ ਉਸਦੀ ਮੌਤ ਨੂੰ ਸ਼ਹੀਦੀ ਦਾ ਰੁਤਬਾ ਦੇ ਰੱਖਿਆ ਹੈ।"ਮਿਰਜਾ ਐਸਾ ਸੂਰਮਾ, ਖਰਲਾਂ ਦਾ ਸਰਦਾਰ।2।" ਕਿੱਸੇ ਵਿਚ ਨਾਇਕ ਨਾਇਕਾ ਨੂੰ ਚੋਰੀ ਘਰੋਂ ਭਜਾ ਕੇ ਲੈ ਜਾਂਦਾ ਹੈ ਤੇ ਨਾਇਕਾ ਦੇ ਮੰਗੇਤਰ ਅਤੇ ਭਰਾਵਾਂ ਹੱਥੋਂ ਮਾਰਿਆ ਜਾਂਦਾ ਹੈ। ਮਿਰਜ਼ਾ ਉਹਨਾਂ ਦੀ ਇੱਜਤ ਨਾਲ ਖੇਡਿਆਂ ਤੇ ਉਹਨਾਂ ਨੇ ਉਸਦਾ ਬਦਲਾ ਲਿਆ ਤੇ ਮਿਰਜ਼ੇ ਨੂੰ ਰਾਤ ਦੀ ਰੋਟੀ ਘਰੇ ਜਾ ਕੇ ਨਹੀਂ ਖਾਣ ਦਿੱਤੀ।ਮਿਰਜ਼ੇ ਦੀ ਮੌਤ ਸ਼ਹੀਦੀ ਨਹੀਂ, ਬਲਕਿ Honor Killing  (ਇੱਜ਼ਤ ਲਈ ਕੀਤਾ ਗਿਆ ਕਤਲ) ਸੀ।ਸਦੀਆਂ ਤੋਂ ਇਸ ਕਿੱਸੇ ਨੂੰ ਗਲ੍ਹ ਵਿਚ ਤਵੀਤ ਵਾਂਗੂ ਟੰਗੀ ਫਿਰਦੇ ਪੰਜਾਬੀ ਸਭਿਆਚਾਰ ਦੇ ਮੁਦਈ ਮਿਰਜ਼ੇ ਨੂੰ ਸੂਰਵੀਰ ਕਿਉਂ ਸਮਝੀ ਬੈਠੇ ਹਨ? ਬਹਾਦਰ ਅਤੇ ਜੰਗਜੂ ਯੋਧੇ ਤਾਂ ਚੰਧੜ ਅਤੇ ਸਾਹਿਬਾਂ ਦੇ ਵੀਰ ਸਨ। ਜੋ ਆਪਣੀ ਇੱਜ਼ਤ ਅਤੇ ਅਣਖ ਲਈ ਜੰਗ ਲੜ੍ਹਦੇ ਹਨ।ਮਿਰਜ਼ਾ ਕਿਸੇ ਪੱਖੋਂ ਵੀ ਸੂਰਮਿਆਂ ਦੀ ਪ੍ਰਤੀਨਿਧਤਾ ਕਰਦਾ ਨਹੀਂ ਮਿਲਦਾ।

ਕਿਸੇ ਦੀ ਕੁੜੀ ਨੂੰ ਭਜਾ ਲਿਜਾਣਾ ਬਹਾਦਰੀ ਨਹੀਂ, ਬਲਕਿ ਕਲੰਕ ਅਤੇ ਚਰਿਤਰਹੀਣਤਾ ਹੈ। ਇਹੀ ਵਜ੍ਹਾ ਹੈ ਕਿ ਕੋਈ ਵੀ ਮਿਰਜ਼ੇ ਦਾ ਸਾਥ ਨਹੀਂ ਦਿੰਦਾ।ਬਹਾਦਰੀ ਦੇ ਪ੍ਰਤੀਕ ਕਿੱਸੇ ਤਾਂ ਜਿਉਣਾ ਮੌੜ, ਜੱਗਾ ਡਾਕੂ, ਜੈਮਲ-ਫੱਤਾ, ਸੁੱਚਾ ਸੂਰਮਾ ਹਨ, ਜਿਹਨਾਂ ਦੇ ਨਾਇਕ ਇੱਜ਼ਤ ਆਬਰੂ ਦੀ ਰਾਖੀ ਲਈ ਲੜ੍ਹੇ ਤੇ ਹੱਕ ਸੱਚ ਦੀ ਰਾਖੀ ਲਈ ਖੜ੍ਹੇ। ਇਸ ਕਾਰਜ ਲਈ ਇਹ ਪਾਤਰ ਪੂਰੇ ਕਿੱਸੇ ਵਿਚ ਸਘਰਸ਼ਸ਼ੀਲ ਰਹਿੰਦੇ ਹਨ।ਨਾ ਕਿ ਮਿਰਜ਼ੇ ਵਾਂਗ ਅਚਾਨਕ ਹਰਕਤ ਵਿਚ ਆਉਂਦੇ ਹਨ।ਪੰਜਾਬੀ ਸਮਾਜ ਮਿਰਜ਼ੇ ਵੱਲੋਂ ਚੁੱਕੇ ਕਦਮ ਨੂੰ ਹਰਗਿਜ਼ ਨੈਤਿਕ ਕਰਮ ਨਹੀਂ ਗਰਦਾਨਦਾ।ਜਿਨ੍ਹਾਂ ਲੋਕਾਂ ਦੀ ਨਿਗਾਹ ਵਿਚ ਮਿਰਜ਼ਾ ਬਹਾਦਰ ਹੈ ਤਾਂ ਉਹਨਾਂ ਨੂੰ ਮੇਰਾ ਸੁਆਲ ਹੈ ਕਿ ਅਗਰ ਕੋਈ ਤੁਹਾਡੀ ਇਜ਼ਤ ਨਾਲ ਉਵੇਂ ਖੇਡੇ ਜਿਵੇਂ ਮਿਰਜ਼ੇ ਨੇ ਕੀਤੀ ਤਾਂ ਕੀ ਤੁਸੀਂ ਉਸ ਵਿਅਕਤੀ ਨੂੰ ਬਹਾਦਰੀ ਦਾ ਤਗਮਾ ਦੇਵੋਂਗੇ?

ਮੈਂ ਹਮੇਸ਼ਾਂ ਇਸ ਗੱਲ 'ਤੇ ਜ਼ੋਰ ਦਿੰਦਾ ਹਾਂ ਕਿ ਹਰ ਕਲਮਕਾਰ ਉਦੋਂ ਲਿੱਖਦਾ ਹੈ ਜਦੋਂ ਉਸ ਨੂੰ ਸਮਾਜ ਵਿਚ ਕੁਝ ਗਲਤ ਘਟ ਰਿਹਾ ਦਿਖਾਈ ਦਿੰਦਾ ਹੈ।
ਸਾਹਿਬਾਂ ਨੋ ਮਿਲਿਆ ਖਾਰੇ ਲਾਹਨੇ ਗਲ ਪਟਕਾਰ।
ਵਤ ਤੇਗਾਂ ਤੀਰਾਂ ਹਥਿਆਰਾਂ ਦਾਜ ਦਿੱਤਾ ਪਰਵਾਰ। (ਬੰਦ ਦੋ, ਕਿੱਸਾ ਮਿਰਜ਼ਾ ਸਾਹਿਬਾਂ, ਹਾਫਿਜ਼ ਬਰਖ਼ੁਰਦਾਰ)

ਪੀਲੂ ਨੇ ਵੀ ਇਹ ਕਿੱਸਾ ਇਸੇ ਕਰਕੇ ਲਿੱਖਿਆ ਕਿ ਜੋ ਉਸਦੇ ਕਿੱਸੇ ਦੇ ਨਾਇਕ ਤੇ ਨਾਇਕ ਘਤੀਤ ਕਰਦੇ ਹਨ, ਉਹ ਕਰਕੇ ਕੋਈ ਹੋਰ ਨਾ ਅਣਆਈ ਮੌਤ ਮਰੇ। ਪਰ ਲੋਕੀ ਸਮਝਦੇ ਅਤੇ ਸਾਹਿਤ ਤੋਂ ਕੁਝ ਸਿੱਖਦੇ ਨਹੀਂ। ਅੱਜ ਵੀ ਅਨੇਕਾਂ Honor Killings ਹੁੰਦੀਆਂ ਹਨ। ਸ਼ਹਿਜ਼ਾਦੀ ਡਾਇਆਨਾ ਤੇ ਡੋਡੀ ਅਲਫਾਇਦ ਵੀ ਇਸ ਲਿਹਾਜ਼ ਨਾਲ ਮਿਰਜ਼ਾ-ਸਾਹਿਬਾਂ ਦਾ ਮਾਡਰਨ ਰੂਪ ਸਿੱਧ ਹੁੰਦੇ ਹਨ।

ਰਾਵਣ ਰਾਮ ਦੀ ਪਤਨੀ ਸੀਤਾ ਦਾ ਹਰਨ ਕਰਕੇ ਲੈ ਜਾਂਦਾ ਹੈ। ਰਾਮ ਚੰਦਰ ਰਾਵਣ ਅਤੇ ਉਸਦੇ ਪਰਿਵਾਰ ਦਾ ਹੀ ਨਾਸ ਨਹੀਂ ਕਰਦਾ, ਸਗੋਂ ਉਸਦੀ ਸੋਨੇ ਦੀ ਲੰਕਾ ਨੂੰ ਵੀ ਤਬਾਹ ਕਰਕੇ ਆਪਣੀ ਵੀਰਤਾ ਦਾ ਸਬੂਤ ਦਿੰਦਾ ਹੈ। ਭਾਵੇਂ ਉਸਨੇ ਇਸ ਕੰਮ ਲਈ ਕਪਟ ਜਾਂ ਹੋਰਾਂ ਦਾ ਸਹਾਰਾ ਵੀ ਲਿਆ। ਲੇਕਿਨ ਉਸਨੇ ਆਪਣੀ ਮਰਦਾਨਗੀ ਦਾ ਸਬੂਤ ਵੀ ਦਿੱਤਾ। ਰਾਵਣ ਤੋਂ ਸੀਤਾ ਨੂੰ ਪ੍ਰਾਪਤ ਕਰਕੇ ਉਹ ਮਰਦਾਂ ਵਾਲੀ ਹੈਂਕੜ ਵੀ ਪੁਗਾਉਂਦਾ ਹੈ ਤੇ ਸੀਤਾ ਨੂੰ ਅਗਨੀ ਪ੍ਰੀਖਿਆ ਲੈਣ ਦੇ ਬਾਵਜੂਦ ਵੀ ਅਸਵਿਕਾਰ ਕਰ ਦਿੰਦਾ ਹੈ।ਉਧਰ ਮਿਰਜ਼ਾ ਸਾਹਿਬਾਂ ਨੂੰ ਬਿਨਾਂ ਲੜ੍ਹਿਆਂ ਚੋਰੀ ਭਜਾ ਕੇ ਲਿਆਉਂਦਾ ਹੈ।ਦੱਸੋ ਉਹ ਬਹਾਦਰ ਕਿਵੇਂ ਹੋਇਆ? ਬਹਾਦਰ ਅਤੇ ਯੋਧਾ ਹੁੰਦਾ ਤਾਂ ਯੁੱਧ ਕਰਕੇ ਸਾਹਿਬਾਂ ਨੂੰ ਚੁੱਕ ਕੇ ਲਿਜਾਂਦਾ।ਨਾ ਕਿ ਚੋਰੀ ਭਜਾ ਕੇ। ਮਿਰਜ਼ਾ ਬਹਾਦਰੀ ਜਾਂ ਮਰਦਾਨਗੀ ਨਹੀਂ ਬਲਕਿ ਕਾਇਰਤਾ, ਨਿਪੁੰਸਕਤਾ ਅਤੇ ਨਾਮਰਦੀ ਦਾ ਪ੍ਰਤੀਕ ਹੈ।

ਤੀਜਾ ਅਹਿਮ ਪਹਿਲੂ ਇਹ ਹੈ ਕਿ ਸਾਹਿਬਾਂ ਜਾਣਦੀ ਹੁੰਦੀ ਹੈ ਕਿ ਮੌਤ ਦਾ ਡਰ ਮਿਰਜ਼ੇ ਨੂੰ ਹੈ ਨਾ ਕਿ ਸਿਆਲਾਂ ਜਾਂ ਚੰਧੜਾਂ ਨੂੰ ਕਿਉਂਕਿ ਉਹ ਵਾਰ ਵਾਰ ਮਿਰਜ਼ੇ ਨੂੰ ਚਿਤਾਵਨੀਆਂ ਦੇ ਕੇ ਅਗਾਹ ਕਰਦੀ ਹੈ:-
 
1 ਘੋੜੇ ਖੀਵੇ ਖਾਨ ਦੇ ਬੜੇ ਮੁਰਾਤਬਖੋਰ।
ਭੱਜਿਆਂ ਨੂੰ ਜਾਣ ਨਾ ਦੇਣਗੇ, ਉੱਧਲ ਗਈਆਂ ਦੇ ਚੋਰ।
ਵਿੱਚ ਉਜਾੜ ਦੇ ਮਾਰ ਕੇ, ਤੇਰੀ ਸੁੱਟਣ ਧੌਣ ਮਰੋੜ।37।

2 ਘਰ ਬਿਗਾਨੇ ਮਾਰ ਕੇ, ਸੌਂ ਰਿਹਾ ਵਿੱਚ ਮੈਦਾਨ।
ਤੇਰੇ ਸਿਰ ਸਾਂਗਾਂ ਵਗਦੀਆਂ, ਜਿਉਂ ਲੋਹੇ ਪੜੇ ਧੰਗਾਨ।
ਚੰਧੜ ਢੁਕੇ ਜੰਨ ਬਣ ਕੇ, ਮਾਰੇ ਤੈਨੂੰ ਬਾਝ ਨਾ ਜਾਣ।53॥

3 ਵੇਖ ਜੰਡੂਰੇ ਦੀ ਛੱਤਰੀ, ਸਿਰ ਪਰ ਬੋਲੇ ਕਾਂ।
ਟਾਂਗੂ ਵੱਜੇ ਮਲਕੁਲ ਮੌਤ ਦੇ, ਕਿਤੇ ਨਹੀਂ ਦੇਂਦੇ ਜਾਣ।
ਚੰਧੜ ਸਿਆਲ ਮਾਰਨਗੇ, ਬੜੇ ਸੂਰਮੇ ਜਵਾਨ।
ਉਠੀ ਵੇ ਮਿਰਜ਼ਿਆ ਸੁੱਤਿਆ, ਕਿਉਂ ਪਿਆ ਬੜੇ ਗੁਮਾਨ?
ਘੋੜੀ ਆਉਂਦੀ ਵੀਰ ਸ਼ਮੀਰ ਦੀ, ਆਉਂਦੀ ਹੀ ਬੜੇ ਤਾਣ।
ਸੁੱਤਾ ਏਂ ਤੂੰ ਉੱਠ ਖੜ, ਜੇ ਰੱਬ ਰੱਖੇ ਸਿਦਕ ਈਮਾਨ।56॥

4 ਅੱਗੋਂ ਸਾਹਿਬਾਂ ਬੋਲਦੀ, ਮੰਨ ਮਿਰਜ਼ਿਆ! ਮੇਰੀ ਸਲਾਹ।
ਛੇੜ ਬੱਕੀ ਨੂੰ ਤੂੰ ਰਾਹ ਖਰਲਾਂ ਦੇ, ਲੈ ਚੱਲ ਦਾਨਾਬਾਦ।
ਸਿਆਲਾਂ ਦੀਆਂ ਘੋੜੀਆਂ ਆਦਮ-ਖਾਣੀਆਂ, ਨਿੱਤ ਰੋਕ ਲੈਂਦੀਆਂ ਰਾਹ।
ਜੇ ਤੂੰ ਮਿਰਜ਼ਾ ਸੂਰਮਾ! ਮੇਰੀ ਸਾਹਿਬਾਂ ਦੀ ਓੜ ਨਿਭਾਹ।58॥

ਘਰੋਂ ਤੁਰਨ ਵੇਲੇ ਮਿਰਜ਼ਾਂ ਵੀ ਆਪਣੀ ਜਾਨ ਦੇ ਖਤਰੇ ਤੋਂ ਭਲੀਭਾਂਤ ਜਾਣੂ ਹੁੰਦਾ ਹੈ, ਜਦੋਂ ਉਹ ਆਪਣੀ ਮਾਂ ਨੂੰ ਕਹਿੰਦਾ ਹੈ, "ਜੀਉਂਦਾ ਰਿਹਾ ਤਾਂ ਆ ਮਿਲਾ, ਮੱਤ ਛੋਡਿਓ ਆਸ। 23॥" ਅਤੇ "ਆਪਣੀ ਮੌਤੇ ਮੈਂ ਮਰਾਂ, ਮੇਰੇ ਨਾਲ ਤੁਹਾਨੂੰ ਕੀ?" 17॥

ਕਿੱਸੇ ਦਾ ਕੇਂਦਰੀ ਪਾਤਰ ਮਿਰਜ਼ਾ ਹੋਣ ਕਰਕੇ ਪੀਲੂ ਨੇ ਆਪਣੀ ਰਚਨਾ ਵਿਚ ਮਿਰਜ਼ੇ ਦੀ ਸ਼ਖਸੀਅਤ ਨੂੰ ਉੱਚਾ ਚੁੱਕਣ 'ਤੇ ਬਲ ਦਿੱਤਾ ਹੈ, ਪਰ ਸਾਹਿਬਾਂ ਦੇ ਭਰਾ ਸ਼ਮੀਰ ਦੇ ਜੰਗਜੂ, ਯੋਧਾ ਅਤੇ ਰੋਹਬਦਾਰ ਵਿਅਕਤੀ ਹੋਣ ਦੇ ਸੰਕੇਤ ਵੀ ਕਿੱਸੇ ਵਿਚ ਦਰਜ ਹਨ। ਲੋਕ ਸ਼ਮੀਰ ਦਾ ਭੈਅ ਮੰਨਦੇ ਹਨ। ਉਹ ਘੋੜੇ 'ਤੇ ਪਾਖਰ ਅਰਥਾਤ ਲੋਹੇ ਦਾ ਜਾਲੀਦਾਰ ਸੁਰੱਖਿਆ ਝੁੱਲ ਪਾ ਕੇ ਰੱਖਦਾ ਹੈ, ਯਾਨੀ ਕਿ ਲੜਣ ਲਈ ਸਦਾ ਤਿਆਰ-ਬਰ-ਤਿਆਰ ਰਹਿੰਦਾ ਹੈ।:-

1 ਤੇ ਖਬਰ ਹੋ ਜਾਏ ਵੀਰ ਸ਼ਮੀਰ ਨੂੰ, ਤੈਨੂੰ ਕਰਿ ਮਾਰ।9॥

2 ਖਬਰ ਹੋਵੇ ਖਾਨ ਸ਼ਮੀਰ ਨੂੰ, ਲਹੂ ਪੀਵੇਗਾ ਰੱਜ।
ਲੈ ਚੱਲ ਦਾਨਾਬਾਦ ਨੂੰ, ਜੇ ਸਿਰ ਹੈਗੀ ਪੱਗ।
ਤੈਨੂੰ ਮਾਰ ਗਵਾਉਂਣਗੇ ਤੂੰ, ਰੱਖ ਖਰਲਾਂ ਦੀ ਲੱਜ।34॥

3 ਘੋੜੀ ਆਉਂਦੀ ਵੀਰ ਸ਼ਮੀਰ ਦੀ, ਆਉਂਦੀ ਹੀ ਬੜੇ ਤਾਣ।56॥

ਦਰਅਸਲ ਕਿੱਸੇ ਵਿਚ ਵੀ ਮਿਰਜ਼ੇ ਦਾ ਅਕਸ ਸੂਰਮੇ ਵਾਲਾ ਨਹੀਂ ਪ੍ਰਗਟ ਹੁੰਦਾ, ਸਗੋਂ ਸਾਹਿਬਾਂ ਵਾਸਤੇ ਪਾਉਂਦੀ ਹੈ ਤੇ ਮਿਰਜ਼ੇ ਦੇ ਦਿੱਤੇ ਗਏ ਜੁਆਬਾਂ ਵਿਚੋਂ ਉਸਦਾ ਫੁਕਰੇ ਬੰਦੇ ਵਾਲਾ ਪ੍ਰਤੀਬਿੰਬ ਬਣਦਾ ਹੈ।ਉਦਾਰਣ ਵਜੋਂ ਹੇਠ ਲਿੱਖੀਆਂ ਸ਼ੇਖਚੀਲੀ ਵਾਂਗ ਮਿਰਜ਼ੇ ਦੀਆਂ ਫੜ੍ਹਾਂ ਦੇਖੋ:
 
1 ਮੇਰੇ ਉੱਪਰ ਨਾ ਕੋਈ ਦੀਹਦਾ ਸੂਰਮਾ, ਜਿਹੜਾ ਮੇਰੇ ਪੁਰ ਵਾਰ ਕਰੇ।
ਮਾਰ ਕੋਹਾਂ ਤੇਰੇ ਜਿੰਨੇ ਨੇ ਪਾਸ, ਤੇਰੇ ਵੀਰ ਖੜੇ!
ਝਟ ਕੁ ਝੂਟਾ ਜੰਡ ਹੇਠ ਲੈਣ ਦੇ, ਮੁੜ ਜਿਹੜੀ ਰੱਬ ਕਰੇ।
ਅੱਜ ਦੀ ਘੜੀ ਸੌਂ ਲੈਣ ਦੇ, ਦੂਜੀ ਘੜੀ ਵੜਾਂ ਦਾਨਾਬਾਦ।44॥

2 ਸਿਰ ਸਿਆਲਾਂ ਦੇ ਵੱਢ ਕੇ, ਦੇਵਾਂ ਜੰਡ ਚੜ੍ਹਾ।50॥

3 ਮਿਰਜ਼ਾਂ ਆਖੇ ਕੋਈ ਨਾ ਦੀਹਦਾ ਸੂਰਮਾ, ਜਿਹੜਾ ਮੈਨੂੰ ਹੱਥ ਕਰੇ।
ਕਟਕ ਭਿੜਾ ਦਿਆਂ ਟੱਕਰੀਂ, ਮੈਥੋਂ ਭੀ ਰਾਠ ਡਰੇ।
ਵਲ ਵਲ ਵੱਢ ਦੇਊਂ ਸੂਰਮੇ, ਜਿਉਂ ਖੇਤੀ ਨੂੰ ਪੈਣ ਗੜ੍ਹੇ।
ਸਿਰ ਸਿਆਲਾਂ ਦੇ ਵੱਢ ਕੇ, ਸੁੱਟਾਂਗਾ ਵਿੱਚ ਰੜ੍ਹੇ।52॥

ਪੰਜਾਬੀ ਗੱਭਰੂਆਂ ਦੀਆਂ ਢਾਣੀਆਂ ਵਿੱਚ ਜਦੋਂ ਕੋਈ ਕਿਸੇ ਆਸ਼ਿਕ ਮਿਜ਼ਾਜ ਨੂੰ ਪੁੱਛ ਲਵੇ, "ਕਿਵੇਂ ਐਂ ਰਾਂਝਿਆ?" ਤਾਂ ਅੱਗੋਂ ਅਗਲਾ ਹੁੱਭ ਕੇ ਜੁਆਬ ਦਿੰਦਾ ਹੈ, "ਰਾਂਝਾ ਤਾਂ ਐਵੇਂ ਡੰਗਰ ਸੀ ਡੰਗਰ ਹੀ ਚਾਰਦਾ ਰਿਹੈ।ਰਾਂਝਾ ਨਹੀਂ, ਮੈਂ ਤਾਂ ਮਿਰਜ਼ਾ ਹਾਂ ਮਿਰਜ਼ਾ।"
ਮੇਰਾ ਇਹ ਲੇਖ ਖਾਨੇ ਪੈ ਗਿਆ ਤਾਂ ਸੋਚ ਕੇ ਆਪੇ ਹੀ ਫੈਸਲਾ ਕਰ ਲਉ ਬਾਈ ਕਿਹਨੇ ਕਿਹਨੇ ਮਿਰਜ਼ਾ ਬਣਨੈ? ਮਿਰਜ਼ੇ ਕੋਲ ਤਾਂ ਸਾਹਿਬਾਂ ਇਕ ਰਾਤ ਨ੍ਹੀਂ ਟਿਕੀ! ਮਿਰਜ਼ਾ ਵੈਸਾ ਸੂਰਮਾ ਨਹੀਂ ਸੀ ਜਿਹੋ ਜਿਹਾ ਤੁਸੀਂ ਸਮਝੀ ਬੈਠੇ ਹੋ, ਮਿਰਜ਼ਾ ਐਸਾ ਸੂਰਮਾ ਸੀ ਜਿਸਦਾ ਮੈਂ ਉੱਪਰ ਵਿਸ਼ਲੇਸ਼ਨ ਕੀਤਾ ਹੈ।

ਪੀਲੂ ਨੇ ਕਿੱਸੇ ਵਿਚ ਮਿਰਜ਼ਾ, ਸਾਹਿਬਾਂ, ਮਿਰਜ਼ੇ ਦਾ ਬਾਪ ਵੰਝਲ, ਭੈਣ ਸਹਿਤੀ, ਸਾਹਿਬਾਂ ਦਾ ਬਾਪ ਖੀਵਾ ਖਾਨ, ਭਰਾ ਸ਼ਮੀਰ, ਸਾਹਿਬਾਂ ਦਾ ਨੌਕਰ ਕਰਮੂ ਬਾਹਮਣ, ਜਾਮ ਲੁਹਾਰ, ਮਿਰਜ਼ੇ ਦੀ ਧਰਮ-ਮਾਸੀ ਬੀਬੋ, ਖੀਵੇ ਖਾਨ ਦਾ ਕਰਮਚਾਰੀ, ਫਰੋਜ਼ ਡੋਗਰ (ਡੋਗਰ, ਰਾਜਪੂਤਾਂ ਤੋਂ ਮਾਸਲਮਾਨ ਬਣੇ ਲੋਕਾਂ ਦੀ ਇਕ ਜਾਤੀ ਹੈ, ਜੋ ਜ਼ਿਆਦਾਤਰ ਗੁੱਜ਼ਰਾਂ ਵਾਂਗ ਪਸ਼ੂ ਪਾਲਣ ਦਾ ਕਿੱਤਾ ਕਰਦੇ ਹਨ।) ਅਤੇ ਵੰਝਲ ਦਾ ਨੌਕਰ ਅਥਵਾ ਮਿਰਜ਼ੇ ਦਾ ਦੋਸਤ ਬਾਈ ਡੋਗਰ (ਜੋ ਬੱਕੀ ਨੂੰ ਪਾਲਦਾ ਹੈ) ਦੇ ਨਾਮ ਦਿੱਤੇ ਹਨ। ਇਸ ਤੋਂ ਬਿਨਾ ਉਸ ਨੇ ਕੋਈ ਹੋਰ ਨਾਮ ਨਹੀਂ ਦਿੱਤਾ।ਮਿਰਜ਼ੇ ਦੀ ਮਾਂ ਅਤੇ ਸਾਹਿਬਾਂ ਦੇ ਮੰਗੇਤਰ ਦਾ ਜ਼ਿਕਰ ਆਉਂਦਾ ਹੈ ਅਤੇ ਸ਼ਮੀਰ ਤੋਂ ਬਿਨਾ ਸਾਹਿਬਾਂ ਦੇ ਹੋਰ ਭਰਾ ਹੋਣ ਦਾ ਸੰਕੇਤ ਜ਼ਰੂਰ ਆਉਂਦਾ ਹੈ, ਪਰ ਉਹਨਾਂ ਦੇ ਨਾਮ ਕਿੱਸੇ ਵਿਚ ਦਰਜ਼ ਨਹੀਂ ਹਨ। ਸਾਹਿਬਾਂ ਦੇ ਭਰਾਵਾਂ ਦੇ ਨਾਮ, ਮੰਗੇਤਰ ਦਾ ਨਾਂ ਤਾਹਿਰ ਖਾਨ ਆਦਿਕ ਬਾਕੀ ਪਾਤਰ ਅਤੇ ਉਹਨਾਂ ਦੇ ਨਾਮ ਮਗਰੋਂ ਦੂਜੇ ਲੇਖਕਾਂ ਦੇ ਦਿਮਾਗ ਦੀ ਉੱਪਜ ਹੈ।

ਤਕਰੀਬਨ ਸਾਰੀਆਂ ਪ੍ਰੇਮ ਗਾਥਾਵਾਂ ਨਾਲ ਕੋਈ ਨਾ ਕੋਈ ਜੀਵ-ਨਿਰਜੀਵ ਪਾਤਰ ਜੁੜਿਆ ਹੁੰਦਾ ਹੈ, ਭਾਵੇਂ ਉਹ ਕੋਈ ਜਾਨਵਰ, ਵਸਤੂ ਜਾਂ ਸਥਾਨ ਹੋਵੇ। ਜਦੋਂ ਅਸੀਂ ਤਪਦੇ ਥਲਾਂ ਜਾਂ ਦਾ ਊਠ ਦਾ ਤਸੱਵਰ ਕਰਦੇ ਹਾਂ ਤਾਂ ਸਾਨੂੰ ਸੱਸੀ ਚੇਤੇ ਆ ਜਾਂਦੀ ਹੈ। ਝਨਾਅ ਜਾਂ ਘੜੇ ਨੂੰ ਯਾਦ ਕਰਿਆਂ ਸੋਹਣੀ। ਬੇਲੇ ਜਾਂ ਵੰਝਲੀ ਦੀ ਗੱਲ ਛਿੜੇ ਤਾਂ ਰਾਂਝੇ ਦੀ ਤਸਵੀਰ ਆਪ ਮੁਹਾਰੇ ਜ਼ਿਹਨ ਵਿਚ ਉੱਘੜ ਆਉਂਦੀ ਹੈ। ਇਵੇਂ ਹੀ ਜਦੋਂ ਜੰਡ ਤੇ ਘੋੜੀ ਦਾ ਖਿਆਲ ਕਰਦੇ ਹਾਂ ਤਾਂ ਸਾਡੇ ਮਨ-ਮਸਤਕ ਵਿਚ ਮਿਰਜ਼ੇ ਦੇ ਕਿੱਸੇ ਦੀ ਪੁਸਤਕ ਖੁੱਲ੍ਹ ਜਾਂਦੀ ਹੈ।ਵੈਸੇ ਤਾਂ ਬਹੁਤ ਸਾਰੇ ਘੋੜੇ ਅਤੇ ਘੋੜਸਵਾਰ ਮਸ਼ਹੂਰ ਹੋਏ ਹਨ, ਜਿਵੇਂ ਝਾਂਸੀ ਦੀ ਰਾਣੀ ਦਾ ਘੋੜਾ 'ਬਾਦਲ' ਜੋ ਲਕਸ਼ਮੀ ਬਾਈ ਅਤੇ ਉਸਦੇ ਮੁੰਡੇ ਸਣੇ ਝਾਂਸੀ ਦੇ ਕਿੱਲ੍ਹੇ ਤੋਂ ਕੁੱਦ ਪਿਆ ਸੀ।ਪਰ ਕੁੱਲ ਦੁਨੀਆ ਦੇ ਇਤਿਹਾਸ ਵਿਚ ਇਤਿਹਾਸਕ ਅਤੇ ਮਿਥਿਹਾਸਕ ਸੱਤ ਮਹਾਨ ਪੁਰਸ਼ ਐਸੇ ਹੋਏ ਹਨ, ਜੋ ਆਪਣੀ ਤਕਦੀਰ ਖੁਦ ਲਿਖਦੇ ਸਨ ਅਤੇ ਉਹਨਾਂ ਦੇ ਜੀਵਨ ਸੰਘਰਸ਼ ਵਿਚ ਉਹਨਾਂ ਦੇ ਘੋੜਿਆਂ ਦਾ ਵੀ ਬਰਾਬਰ ਦਾ ਯੋਗਦਾਨ ਰਿਹਾ ਹੈ।ਉਹਨਾਂ ਦੀ ਸੂਚੀ ਇਸ ਪ੍ਰਕਾਰ ਹੈ:-

1 ਹਜ਼ਰਤ ਮੁਹੰਮਦ ਅਤੇ ਉਸਦੀ ਘੋੜੀ ਦੁਲਦੁਲ
2 ਗੁਰੂ ਹਰਗੋਬਿੰਦ ਅਤੇ ਘੋੜਾ ਦਾਨ (ਜੋ ਬਿਧੀਚੰਦ ਛੁਡਵਾ ਕੇ ਲਿਆਇਆ ਸੀ।)
3 ਗੁਰੂ ਗੋਬਿੰਦ ਸਿੰਘ ਅਤੇ ਨੀਲਾ ਘੋੜਾ
4 ਰਾਣਾ ਪ੍ਰਤਾਪ ਅਤੇ ਚੇਤਕ ਘੋੜਾ
5 ਮਹਾਰਾਜਾ ਰਣਜੀਤ ਸਿੰਘ ਅਤੇ ਲੈਲ੍ਹਾ ਘੋੜਾ
6 ਗੁੱਗਾ ਚੌਹਾਨ ਅਤੇ ਜਾਵਦਿਯਾ
7 ਮਿਰਜ਼ਾ ਖਾਨ ਅਤੇ ਬੱਕੀ
 
ਕਿੱਸੇ ਦੀ ਕਹਾਣੀ ਨੂੰ ਮੁੱਖ ਰਖਦਿਆਂ ਇਹ ਪੀਲੂ ਦੀ ਲੋੜ ਸੀ ਕਿ ਉਹ ਮਿਰਜ਼ੇ ਦੀ ਘੋੜੀ 'Lockheed SR-71 "Blackbird'ਜ਼ਹਾਜ ਵਾਂਗ ਗਤੀਮਾਨ ਅਤੇ ਆਮ ਘੋੜੀਆਂ ਤੋਂ ਉੱਤਮ ਦਿਖਾਵੇ। ਇਸ ਗੱਲ ਲਈ ਉਸ ਨੇ ਮਿਥਿਹਾਸ ਅਤੇ ਇਤਿਹਾਸ ਦਾ ਸਹਾਰਾ ਲਿਆ ਤੇ ਸਰਵਸ੍ਰੇਸ਼ਟ ਘੋੜੀ ਲਈ ਬੱਕੀ ਦੀ ਸਟਾਰ ਕਾਸਟਿੰਗ ਕਰ ਦਿੱਤੀ।
 
ਹਿੰਦੂ ਮਿਥਹਾਸ ਵਿਚ ਦੇਵਤਿਆਂ ਤੇ ਰਾਖਸ਼ਿਸ਼ਾਂ ਵੱਲੋਂ ਖੀਰ ਸਮੁੰਦਰ ਨੂੰ ਰਿੜਕਣ ਦੀ ਘਟਨਾ ਆਉਂਦੀ ਹੈ। ਖੀਰ ਸਮੁੰਦਰ ਵਿਚੋਂ ਚੌਦਾਂ ਅਦਭੁਤ ਪਦਾਰਥ ਨਿਕਲੇ। ਜਿਸ ਵਿਚੋਂ ਸ਼੍ਰਵਾ ਘੋੜਾ ਵੀ ਇਕ ਸੀ। ਸਮਾਂ ਪਾ ਕੇ ਉਹ ਸ਼੍ਰਵਾ ਘੋੜਾ ਸਵਰਗਲੋਕ ਨੂੰ ਚਲਿਆ ਜਾਂਦਾ ਹੈ। ਮਹਾਭਾਰਤ ਦੇ ਯੁੱਧ ਵੇਲੇ ਕੁੰਤੀ ਦੇ ਪੁੱਤਰ ਕਰਨ ਦੀ ਸਵਾਰੀ ਕਰਨ ਲਈ ਉਹੀ ਘੋੜਾ ਅਸਮਾਨ ਤੋਂ ਉਤਰ ਕੇ ਆਉਂਦਾ ਹੈ। ਪੀਲੂ ਨੇ ਹਿੰਦੂ ਮਿਥਹਾਸ ਦੀ ਇਹ ਗੱਲ ਚੁੱਕ ਕੇ ਆਪਣੇ ਕਿੱਸੇ ਵਿਚ ਅੰਕਿਤ ਕਰਦਿਆਂ ਲਿੱਖਿਆ ਹੈ ਕਿ ਬੱਕੀ ਹੋਰੀਂ ਛੇ ਭੈਣ ਭਰਾ ਅਰਸ਼ ਤੋਂ ਉਤਰੇ। ਪੀਲੂ ਨੇ ਆਪਣੀ ਗਲਪ ਰਚਨਾ 'ਤੇ ਵਾਸਤਵਿਕਤਾ ਦੀ ਮੋਹਰ ਲਾਉਣ ਲਈ ਕੁਝ ਇਤਿਹਾਸਕ ਪਾਤਰ ਚੁੱਕ ਲਏ;-
ਅਰਸ਼ੋ ਉਤਰੇ ਛੇ ਜਣੇ, ਛੀਏ ਭੈਣ ਭਰਾ।
'ਦੁਲਦੁਲ' ਲਈ ਸ਼ਾਹ ਅਲੀ ਨੇ, ਪਾਈ ਕਾਅਬੇ ਦੀ ਰਾਹ।
ਇਕ ਲਿਆ ਗੁੱਗੇ ਚੌਹਾਨ ਨੇ, ਬਾਂਗੜਾ ਦਿੱਤੀਆਂ ਢਾਹ।
ਨੀਲਾ ਲਿਆ ਰਾਜੇ ਰਸਾਲੂ ਨੇ, ਰਾਣੀਆਂ ਲਈ ਛੁਡਾ।48॥
ਗਰਾੜਾ ਜੈਮਲ ਫੱਤੇ ਸੰਦਲ ਬਾਰ, ਬੇਟੀ ਨਾ ਦਿੱਤੀ ਵਿਆਹ।
'ਲੱਖੀ' ਲੈ ਲਈ ਦੁੱਲੇ ਜਵਾਨ ਨੇ, ਮਾਰੀ ਅਕਬਰ ਦੀ ਰਾਹ।
'ਕੱਕੀ' ਘਰ ਸੁਲਤਾਨ ਦੇ, ਚਾਰੇ ਕੂੰਟਾਂ ਲਈਆਂ ਨਿਵਾ।
ਸਭਨਾਂ ਤੋਂ ਛੋਟੀ ਹੈ 'ਬੱਕੀ', ਚੱਲ ਕੇ ਆਈ ਮਿਰਜ਼ੇ ਦੇ ਪਾਸ।49॥
 
ਪੀਲੂ ਅਨੁਸਾਰ 'ਦੁਲਦੁਲ' ਨੂੰ ਸ਼ਾਹ ਅਲੀ ਲੈ ਗਿਆ।ਦੁਲਦੁਲ ਖੱਚਰ ਮਿਸਰ ਦੇ ਬਾਦਸ਼ਾਹ ਨੇ ਹਜ਼ਰਤ ਮੁਹੰਮਦ ਨੂੰ ਦਿੱਤੀ ਸੀ, ਜਿਸ ਉੱਤੇ ਉਹ ਸਵਾਰ ਹੋਇਆ ਕਰਦੇ ਸਨ। ਬਾਅਦ ਵਿਚ ਉਹਨਾਂ ਨੇ ਇਹ ਆਪਣੇ ਚਚੇਰੇ ਭਰਾ ਦੇ ਜਵਾਈ ਹਜ਼ਰਤ ਸ਼ਾਹ ਅਲੀ ਨੂੰ ਦੇ ਦਿੱਤੀ, ਜੋ ਮੁਸਲਮਾਨਾਂ ਦੇ ਚੌਥੇ ਖਲੀਫਾ ਸਨ।

ਡੱਬ-ਖੜੱਬਾ, ਗੁੱਗਾ ਚੌਹਾਨ ਨੇ ਮੱਲ ਲਿਆ।ਗੁੱਗਾ ਚੌਹਾਨ ਬੀਕਾਨੇਰ ਰਿਆਸਤ ਦੇ ਪਿੰਡ ਓਡੇਰੇ ਵਿਚ ਗਿਆਰਵੀਂ ਸਦੀ ਵਿਚ ਪੈਦਾ ਹੋਇਆ ਯੋਧਾ ਸੀ, ਜਿਸ ਨੇ ਰਾਜਪੂਤਾਂ ਦਾ ਆਗੂ ਬਣ ਕੇ ਮਹਿਮੂਦ ਗਜ਼ਨਵੀ ਨਾਲ ਲੜਾਈ ਕੀਤੀ ਸੀ।ਵਾਛਲ ਨਾਂ ਦੀ ਰਾਜਪੂਤ ਕੰਨਿਆਂ ਨੂੰ ਗੋਰਖਨਾਥ ਨੇ ਸੰਤਾਨ ਦੀ ਗੁੱਗਲ ਦਿੱਤੀ ਸੀ, ਜਿਸ ਸਦਕਾ ਗੁੱਗੇ ਦਾ ਜਨਮ ਹੁੰਦਾ ਹੈ।ਬਾਅਦ ਵਿਚ ਇਸ ਨੇ ਇਸਲਾਮ ਧਰਮ ਅਪਨਾ ਲਿਆ ਤੇ ਧਾਰਮਿਕ ਖਿਆਲਾਂ ਵਾਲਾ ਵਿਅਕਤੀ ਬਣ ਗਿਆ। ਇਸ ਵਿਚ ਸੱਪ ਦਾ ਜ਼ਹਿਰ ਮਾਰਨ ਦੀ ਵਿਸ਼ੇਸ਼ ਸ਼ਕਤੀ ਸੀ। ਲੋਕ ਇਸਨੂੰ ਸ਼ੇਸ਼ਨਾਗ ਦਾ ਅਵਤਾਰ ਮੰਨਦੇ ਹਨ ਤੇ ਪੂਜਦੇ ਹਨ। ਗੁੱਗੇ ਪੀਰ ਵਜੋਂ ਪ੍ਰਸਿੱਧ ਹੋਣ ਮਗਰੋਂ ਇਸਦੇ ਨਾਮ 'ਤੇ ਹਰ ਸਾਲ ਭਾਦੋਂ ਦੇ ਮਹੀਨੇ ਲੁਧਿਆਣੇ ਜ਼ਿਲ੍ਹੇ ਵਿਚ ਛਪਾਰ ਦਾ ਮੇਲਾ ਲਗਦਾ ਹੈ।ਜੋ ਮਾਲਵੇ ਦੇ ਮਕਬੂਲ ਮੇਲਿਆਂ ਵਿਚੋਂ ਇਕ ਹੈ, ਕਿਉਂਕਿ ਇਸ ਮੇਲੇ 'ਤੇ ਸਾਲਾਂ ਤੋਂ ਲੁੱਚੀਆਂ ਬੋਲੀਆਂ ਪਾਉਣ ਦੀ ਰੀਤ ਹੈ।ਗੁੱਗੇ ਦੀ ਕਬਰ ਤੈਹਰ ਨਗਰ ਵਿੱਚ ਹੈ।

ਨੀਲਾ, ਰਾਜੇ ਰਸਾਲੂ ਦੇ ਹਿੱਸੇ ਆਇਆ।ਸਿਆਲਕੋਟ ਦੇ ਰਾਜੇ ਸਲਵਾਨ ਅਤੇ ਰਾਣੀ ਲੂਣਾ ਦਾ ਪੁੱਤਰ ਰਾਜਾ ਰਸਾਲੂ ਰਾਜਾ ਸਿਰਕਪ ਦੀ ਧੀ ਕੋਕਲਾਂ ਨਾਲ ਵਿਆਹਿਆ ਸੀ। ਕੋਕਲਾਂ ਭਿਵਚਾਰਨ ਸੀ। ਰਾਜਾ ਰਸਾਲੂ ਕੋਕਲਾਂ ਦੇ ਪ੍ਰੇਮੀ ਰਾਜਾ ਹੋਡੀ ਨੂੰ ਮਾਰ ਦਿੰਦਾ ਹੈ ਤੇ ਕੋਕਲਾਂ ਮਹਿਲ ਤੋਂ ਛਾਲ ਮਾਰ ਕੇ ਮਰ ਜਾਂਦੀ ਹੈ।

ਗਰਾੜਾ, ਜੈਮਲ-ਫੱਤਾ ਸਾਂਭ ਲੈਂਦੇ ਹਨ।ਜੈਮਲ ਸਿੰਘ ਅਤੇ ਫਤਿਹ ਸਿੰਘ 1567-68 ਵਿਚ ਅਕਬਰ ਨੂੰ ਧੀ ਦਾ ਡੋਲਾ ਦੇਣ ਦੀ ਮੁਖਾਲਫਤ ਕਰਦੇ ਹੋਏ ਰਾਣਾ ਉਦੈ ਸਿੰਘ ਦੀ ਰਹਿਨੁਮਾਈ ਵਿਚ ਚਿਤੌੜ ਤੋਂ ਲੜਣ ਵਾਲੇ ਰਾਜਪੂਤ ਸਨ। ਇਹਨਾਂ ਕੋਲ ਇਹ ਬਹੁਰੰਗਾ ਘੋੜਾ ਸੀ।

ਲੱਖੀ ਘੋੜੀ ਦੁੱਲਾ ਸੰਭਾਲਦਾ ਹੈ।ਦੁੱਲਾ ਭੱਟੀ, ਲਾਹੌਰ ਤੋਂ ਬਾਰਾਂ ਕੋਹ ਦੂਰ ਪਿੰਡੀ ਦਾ ਵਸਨੀਕ ਸੀ ਤੇ ਅਕਬਰ ਨਾਲ ਉਸਨੇ ਆਢਾ ਲਿਆ। ਉਹ ਅਮੀਰਾਂ ਨੂੰ ਲੁੱਟ ਕੇ ਗਰੀਬਾਂ ਨੂੰ ਦਾਨ ਕਰਦਾ ਸੀ। ਉਸਨੂੰ ਪੰਜਾਬੀ ਦਾ ਰੌਬਿਨ ਹੁੱਡ ਵੀ ਕਿਹਾ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ।

ਕੱਕੀ ਨੂੰ ਸੁਲਤਾਨ ਆਪਣੇ ਘਰ ਲੈ ਜਾਂਦਾ ਹੈ।ਸੁਲਤਾਨ ਦਾ ਅਸਲ ਨਾਮ ਸੱਯਦ ਅਹਿਮਦ ਸੁਲਤਾਨ ਸੀ। ਇਸ ਨੂੰ ਸਖੀ ਸਰਵਰ ਅਤੇ ਰੋਹੀਆਂ ਵਾਲਾ ਪੀਰ ਵੀ ਕਿਹਾ ਜਾਂਦਾ ਹੈ।ਉਹ ਹਠੀ ਅਤੇ ਘੋਰ ਤਪੱਸਿਆ ਕਰਨ ਵਾਲਾ ਸੀ। ਕਹਿੰਦੇ ਹਨ ਉਸਦੇ ਮੂੰਹੋਂ ਕੱਢੀ ਹਰ ਗੱਲ ਪੂਰੀ ਹੁੰਦੀ ਸੀ।

ਤੇ ਸਭ ਤੋਂ ਛੋਟੀ ਬੱਕੀ ਮਿਰਜ਼ੇ ਵੱਲ ਆ ਜਾਂਦੀ ਹੈ।ਵਰਣਨਯੋਗ ਹੈ ਕਿ ਬੱਕੀ ਘੋੜੀ ਦੀ ਨਸਲ ਸੀ, ਨਾ ਕਿ ਨਾਮ। 'ਬੱਕ' (ਰੰਗਹੀਣ ਭਾਵ ਸਫੈਦ) ਰਾਖਸ਼ਿਸ਼ ਭਗਵਾਨ ਕ੍ਰਿਸ਼ਨ ਨੂੰ ਮਾਰਨ ਲਈ ਘੋੜਾ ਬਣ ਕੇ ਆਉਂਦਾ ਹੈ, ਪਰ ਨਾਕਾਮਯਾਬ ਰਹਿੰਦਾ ਹੈ। ਇਸ ਤੋਂ ਪਹਿਲਾਂ ਕਿ ਕ੍ਰਿਸ਼ਨ ਉਸਨੂੰ ਫੜ ਸਕਦਾ। ਉਹ ਆਪਣੀ ਤੇਜ਼ ਰਫਤਾਰ ਕਾਰਨ ਭੱਜ ਜਾਂਦਾ ਹੈ। ਫਿਰ ਉਹ ਬਗਲਾ ਬਣ ਕੇ ਆਉਂਦਾ ਹੈ ਤੇ ਬਲਰਾਮ ਹੱਥੋਂ ਮਾਰਿਆ ਜਾਂਦਾ ਹੈ। ਉਸੇ ਬੱਕ ਰਾਖਸ਼ਿਸ਼ ਤੋਂ ਤੇਜ਼ ਰਫਤਾਰ ਘੋੜਿਆਂ ਦੀ ਨਸਲ ਚੱਲੀ, ਜੋ ਸਿਰਫ ਬੱਕ ਯਾਨੀ ਸਫੈਦ ਰੰਗ ਦੀ ਹੀ ਹੁੰਦੀ ਹੈ।ਮਹਾਂਭਾਰਤ ਦੇ ਯੁੱਧ ਵਿਚ ਸਾਰਥੀ ਬਣੇ ਕ੍ਰਿਸ਼ਨ ਨੇ ਅਰਜੁਨ ਦੇ ਰਥ ਨਾਲ ਸਾਰੇ ਬੱਕੀ ਘੋੜੇ ਜੋੜੇ ਸਨ।ਬਾਬਰ ਨੇ ਆਪਣੇ ਪੁੱਤਰ ਹਿਮਾਯੂ ਨੂੰ ਪਹਿਲੀ ਜੰਗ ਜਿੱਤਣ 'ਤੇ ਇਨਾਮ ਵਜੋਂ ਬੱਕੀ ਘੋੜਾ ਦਿੱਤਾ ਸੀ, ਜੋ ਚਿੱਟਾ ਸੀ। ਸ਼ਾਇਦ ਪੀਲੂ ਨੂੰ ਇਸ ਗੱਲ ਦਾ ਗਿਆਨ ਨਹੀਂ ਸੀ। ਪੀਲੂ ਬੱਕੀ ਦਾ ਰੰਗ ਕਾਲਾ ਦੱਸੀ ਜਾਂਦਾ ਹੈ। ਨੀਲਾ, ਕੁੱਲਾ ਅਤੇ ਲੱਖੀ ਆਦਿਕ ਘੋੜਿਆਂ ਦੀਆਂ ਨਸਲਾਂ ਹਨ। ਗਜ਼ਬ ਦੀ ਗੱਲ ਤਾਂ ਇਹ ਹੈ ਕਿ ਵੱਖ-ਵੱਖ ਸਮਿਆਂ ਵਿਚ ਪੈਦਾ ਹੋਏ ਵੱਖਰੋ-ਵਖਰੀਆਂ ਨਸਲਾਂ ਦੇ ਘੋੜੇ-ਘੋੜੀਆਂ ਨੂੰ ਪੀਲੂ ਭੈਣ ਭਰਾ ਬਣਾਈ ਜਾਂਦਾ ਹੈ।ਹਜ਼ਰਤ ਮੁਹੰਮਦ ਅਤੇ ਜੈਮਲ ਸਿੰਘ ਤੇ ਫਤਿਹ ਸਿੰਘ ਦੇ ਪੈਂਦਾ ਹੋਣ ਵਿਚ ਸਾਲਾਂ ਨਹੀਂ, ਸਦੀਆਂ ਦਾ ਅੰਤਰ ਹੈ। ਘੋੜਿਆਂ ਦੀ ਐਨੀ ਜ਼ਿਆਦਾ ਲੰਮੀ ਉਮਰ ਨਹੀਂ ਹੁੰਦੀ। ਪੰਜ ਸਾਲਾਂ ਵਿਚ ਘੋੜਾ ਜੋਬਨ 'ਤੇ ਹੁੰਦਾ ਹੈ ਤੇ ਔਸਤਨ ਘੋੜੇ ਦੀ ਆਯੂ 25-30ਸਾਲ ਹੁੰਦੀ ਹੈ।ਘੋੜਿਆਂ ਮੁਅਤਲਕ ਸਹੀ ਜਾਣਕਾਰੀ ਦੀ ਅਣਹੋਂਦ ਸਦਕਾ ਸਾਡੇ ਚਿੱਤਰਕਾਰ ਗੁਰੂ ਗੋਬਿੰਦ ਸਿੰਘ ਦਾ ਘੋੜਾ ਵਾਹ ਕੇ ਨੀਲਾ ਰੰਗ ਚੇਪ ਦਿੰਦੇ ਹਨ।ਗੁਰੂ ਗੋਬਿੰਦ ਸਿੰਘ ਦਾ ਘੋੜਾ ਨੀਲਾ ਨਸਲ ਦਾ ਸੀ ਨਾ ਕਿ ਰੰਗ ਦਾ! ਨੀਲੇ ਰੰਗ ਦਾ ਕੋਈ ਘੋੜਾ ਨਹੀਂ ਹੁੰਦਾ। ਨੀਲਾ ਘੋੜਿਆਂ ਦੀ ਨਸਲ ਦਾ ਨਾਮਕਰਨ ਨੀਲ ਦੇਵਤੇ ਤੋਂ ਹੋਇਆ ਸੀ।ਕਸੂਰ ਚਿੱਤਰਕਾਰਾਂ ਦਾ ਵੀ ਨਹੀਂ, ਬੇਅਕਲ ਸਿੱਖ ਬੁੱਧੀਜੀਵੀ ਲੋਕਾਂ ਨੂੰ ਨੀਲਾ ਘੋੜਾ ਲਿੱਖ ਕੇ ਬੁੱਧੂ ਬਣਾਈ ਜਾਂਦੇ ਹਨ।ਸਾਖੀਆਂ ਦੀ ਇਕ ਐਸੀ ਕਿਤਾਬ ਵੀ ਮੈਂ ਪੜ੍ਹੀ ਹੈ ਜਿਸ ਦਾ ਲਿਖਾਰੀ ਗੁਰੂ ਗੋਬਿੰਦ ਸਿੰਘ ਦੇ ਘੋੜੇ ਦੇ ਖੰਭ ਵੀ ਲਾਈ ਜਾਂਦਾ ਹੈ। ਇਕ ਹੋਵੇ ਕਮਲਾ ਤਾਂ ਸਮਝਾਵੇ ਵਿਹੜਾ, ਵਿਹੜਾ ਹੋਵੇ ਕਮਲਾ ਤਾਂ ਸਮਝਾਵੇ ਕਿਹੜਾ? ਗੁਰੁ ਗੋਬਿੰਦ ਸਿੰਘ ਨੇ ਸਾਰੀ ਉਮਰ ਸੰਘਰਸ਼ ਕਰਦਿਆਂ ਅਤੇ ਜੂਝਦਿਆਂ ਉੱਤਮ ਪੁਰਖ ਦੀ ਪ੍ਰੀਭਾਸ਼ਾ ਦੱਸਣ 'ਤੇ ਲਗਾ ਦਿੱਤੀ, ਇਹ ਸ਼ਰਧਾਵਾਨ ਲੋਕ ਉਹਨਾਂ ਨੂੰ ਕਰਾਮਾਤੀ ਬਣਾ ਕੇ ਪੇਸ਼ ਕਰਨ ਲੱਗੇ ਹਨ।

ਅੰਗਰੇਜ਼ੀ ਦਾ ਸਾਹਿਤਕਾਰ ਜਦੋਂ ਬੁੜ੍ਹਾ ਹੋ ਜਾਂਦਾ ਹੈ ਤਾਂ ਸਵੈ-ਜੀਵਨੀ ਲਿੱਖ ਕੇ ਲਿੱਖਣ ਤੋਂ ਸਨਿਆਸ ਲੈ ਲੈਂਦਾ ਹੈ, ਕਿਉਂਕਿ ਵਧੀਆ ਲਿੱਖਣ ਲਈ ਉਸ ਕੋਲ ਮਸਾਲਾ ਮੁੱਕ ਜਾਂਦਾ ਹੈ। ਬਾਕੀ ਤਮਾਮ ਉਮਰ ਉਹ ਆਲੋਚਕ ਬਣ ਕੇ ਨਵੇਂ ਲਿਖਾਰੀਆਂ ਨੂੰ ਲਿੱਖਣ ਦੇ ਵਲ ਸਿਖਾਉਂਦੇ ਰਹਿੰਦੇ ਹਨ। ਪੰਜਾਬੀ ਦਾ ਲਿਖਾਰੀ ਪਿੱਛਲੀ ਉਮਰ ਵਿਚੱ ਜਾ ਕੇ ਸਵੈ-ਪੜਚੋਲ ਕਰਦਾ ਸੋਚਣ ਲੱਗ ਜਾਂਦਾ ਹੈ ਕਿ ਉਸਦੀ ਕਾਬਲੀਅਲ ਅਤੇ ਮਿਹਨਤ ਦਾ ਸਹੀ ਮੁੱਲ ਨਹੀਂ ਪਿਆ ਤੇ ਉਹ ਇਸ ਖਿਆਲ ਨੂੰ ਲੈ ਕੇ ਪਾਗਲ ਹੋ ਜਾਂਦਾ ਹੈ।ਆਂਢੀ-ਗੁਆਢੀਂ ਜਾ ਕਿਸੇ ਵਾਕਫਕਾਰ ਰਿਟਾਇਰਡ ਫੌਜੀ ਨੂੰ ਪੈਸੇ ਦੇ ਕੇ ਉਹ ਫੌਜੀ ਕੰਟੀਨ ਤੋਂ ਸਸਤੀ ਤੇ ਖਾਲਸ ਰੰਮ ਮੰਗਾ ਕੇ ਰੋਜ ਸ਼ਾਮ ਨੂੰ ਉਸ ਵਿਚੋਂ ਚਮਚਾ ਕੁ ਪੀ ਕੇ ਬੋਤਲ ਨੂੰ ਮਹੀਨਾ ਜਾ ਘੱਟੋ ਘੱਟ ਹਫਤੇ ਵਿਚ ਪੀਂਦਾ ਹੋਇਆ ਧਾਰਮਿਕ ਸਾਹਿਤ ਰਚਣ ਵਿਚ ਮਸਰੂਫ ਰਹਿਣ ਲੱਗਦਾ ਹੈ।ਅਜਿਹੀ ਅਵਸ਼ਥਾ ਵਿਚ ਉਹ ਅੰਨ੍ਹੀ ਸ਼ਰਧਾ ਤਹਿਤ ਅਜਿਹੇ ਹੀ ਰੰਗ ਲਾਉਂਦਾ ਹੈ!

ਪੰਜਾਬੀ ਦੇ ਤਕਰੀਬਨ ਸਾਰੇ ਪਾਠਕ, ਲੇਖਕ ਅਤੇ ਵਿਦਵਾਨ ਮਿਰਜ਼ੇ ਦੀ ਘੋੜੀ ਦਾ ਨਾਮ ਬੱਕੀ ਸਮਝੀ ਜਾਂਦੇ ਹਨ। ਇਸ ਲਈ ਹਾਫ਼ਿਜ਼ ਬਰਖ਼ੁਦਾਰ ਕਸੂਰਵਾਰ ਹੈ। ਉਹ ਮਿਰਜ਼ੇ ਦੀ ਘੋੜੀ ਨੀਲਾ ਨਸਲ ਦੀ ਲਿੱਖੀ ਜਾਂਦਾ ਹੈ।ਜਿਸ ਕਾਰਨ ਲੋਕ ਘੋੜੀ ਦਾ ਨਾਮ ਬੱਕੀ ਮੰਨ ਬੈਠੇ ਹਨ।

ਦੂਜਾ ਕਾਰਨ ਬੱਕੀ ਨੂੰ ਅਰਸ਼ੋਂ ਉਤਾਰਨ ਦਾ ਇਹ ਹੈ ਕਿ ਪਾਂਡਵ ਨਾਲ ਵਿਆਹ ਹੋਣ ਤੋਂ ਪਹਿਲਾਂ ਸੂਰਜ ਦੇ ਸੁਮੇਲ ਤੋਂ ਕੁਆਰੀ ਕੁੰਤੀ ਨੂੰ ਜਨਮੇ ਕੇਸ਼ਾਪੁਰ ਨਰੇਸ਼ ਕਰਨ ਦੇ ਨੌ ਪੁੱਤਰਾਂ ਵਿਚੋਂ ਮਹਾਂਭਾਰਤ ਦੇ ਯੁੱਧ ਵਿਚੋਂ ਇਕੱਲਾ ਜਿਉਂਦਾ ਬਚਣ ਵਾਲਾ ਕਰਨ ਦਾ ਪੁੱਤਰ ਵਰਿਸ਼ਾਕੇਥੂ ਆਪਣੇ ਪਿਤਾ ਦਾ ਰਾਜਖੇਤਰ ਅੰਗਾ (ਮੌਜੂਦਾ ਭਾਗਲਪੁਰ ਅਤੇ ਮੂਗਰ, ਬਿਹਾਰ, ਯੂ. ਪੀ.) ਛੱਡ ਕੇ ਪੰਚਾਲ (ਪੰਜਾਬ) ਦੇ ਇਲਾਕੇ ਵਿਚ ਝਨਾਅ ਅਤੇ ਰਾਵੀ ਵਿਚਕਾਰ ਸਾਂਢਲਿਯ ਰਿਸ਼ੀ ਦੀ ਆਬਾਦ ਕੀਤੀ ਸੰਢੇ ਦੀ ਬਾਰ, ਜਿਸ ਨੂੰ ਦੁੱਲੇ ਭੱਟੀ ਵੇਲੇ ਉਸਦੇ ਦਾਦੇ ਸਾਂਦਲ ਦੇ ਨਾਮ ਕਰਕੇ ਸੰਦਲ ਬਾਰ (ਫੈਸਲਾਬਾਦ. ਝੰਗ ਅਤੇ ਟੋਬਾ ਟੇਕ ਸਿੰਘ, ਪਾਕਿਸਤਾਨ ਦਾ ਇਲਾਕਾ) ਕਿਹਾ ਜਾਣ ਲੱਗ ਪਿਆ, ਵਿਖੇ ਆ ਵਸਦਾ ਹੈ।ਬਾਰ ਜੰਗਲ ਦੇ ਅਬਾਦੀ ਵਾਲੇ ਇਲਾਕੇ ਨੂੰ ਕਿਹਾ ਜਾਂਦਾ ਹੈ। ਹਿਮਾਲਿਆ ਦੇ ਖਤਰੀ ਕਰਨ (ਹਰਿਆਣੇ ਦੇ ਜ਼ਿਲ੍ਹੇ ਕਰਨਾਲ ਦਾ ਨਾਮਕਰਨ ਵੀ ਇਸੇ ਕਰਨ ਤੋਂ ਹੋਇਆ ਹੈ।) ਦਾ ਪੋਤਾ ਖਰਲ ਉੱਚ ਸ਼ਰੀਫ ਵਿਖੇ ਰਹਿੰਦਿਆਂ ਮੋਹਕਮਦੀਨ ਜ਼ਲਾਲ-ਉੱਦ-ਦੀਨ ਜਹਾਨੀਆਂ ਦੇ ਪ੍ਰਭਾਵ ਅਧੀਨ ਇਸਲਾਮ ਕਬੂਲ ਲੈਂਦਾ ਹੈ। ਖਰਲ ਤੋਂ ਖਰਲ ਗੋਤ ਚਲਦਾ ਹੈ ਤੇ ਖਰਲ ਦੇ ਬਾਰਾਂ ਪੁੱਤਰ ਸਨ।ਅਗਨੀਵੰਸ਼ੀ ਪਨਵਰ ਰਾਜਪੂਤ ਅਤੇ ਜੱਟ ਸਿੱਖ ਪਰਮਾਰ ਵੀ ਖਰਲ ਦੀ ਔਲਾਦ ਹਨ।ਅਰਜੁਨ ਨਾਲ ਟੱਕਰ ਲੈਣ ਵਾਲਾ ਕਰਨ, ਉਸਦਾ ਪੁੱਤਰ ਵਰਿਸ਼ਾਕੇਥੂ ਅਤੇ ਪੋਤਾ ਖਰਲ ਤਿੰਨੋਂ ਵਧੀਆਂ ਤੀਰਅੰਦਾਜ਼ ਸਨ, ਇਸ ਲਈ ਮਿਰਜ਼ੇ ਨੂੰ ਵੀ ਕਰਨ ਦੀ ਔਲਾਦ ਸਿੱਧ ਕਰਕੇ ਪੀਲੂ ਤੀਰਅੰਦਾਜ਼ੀ ਦਾ ਵਧੀਆ ਯੋਧਾ ਬਣਾ ਦਿੰਦਾ ਹੈ ਤੇ ਪੁਰਵਜ ਕਰਨ ਵਾਂਗ ਉਸ ਲਈ ਘੋੜੀ ਅਸਮਾਨੋਂ ਉਤਾਰਦਾ ਹੈ।


ਮਿਰਜ਼ੇ ਦੇ ਕਿੱਸੇ ਨੂੰ ਪੜ੍ਹਿਆ ਅਤੇ ਵਿਚਾਰਿਆ ਨਾ ਹੋਣ ਕਰਕੇ ਪੰਜਾਬੀਆਂ ਦੇ ਮਨ ਵਿਚ ਬੱਕੀ ਦੀ ਇਕ ਐਸੀ ਛਵੀ ਬਣੀ ਹੋਈ ਹੈ ਕਿ ਬੱਕੀ ਵੱਡੇ ਕੱਦ ਦੀ ਨਿੱਗਰ, ਨਿਰੋਈ ਤੇ ਤੇਜ਼ ਭੱਜਣ ਵਾਲੀ ਰਿਸ਼ਟ ਪੁਸ਼ਟ ਘੋੜੀ ਹੋਵੇਗੀ।ਪੀਲੂ ਵੀ ਇਸ ਗੱਲ ਨੂੰ ਹਵਾ ਦਿੰਦਾ ਹੈ,
ਜਦੋਂ ਉਹ ਮਿਰਜ਼ੇ ਦੇ ਮੂੰਹੋਂ ਕਹਾਉਂਦਾ ਹੈ,

ਸੁੰਮ ਬੱਕੀ ਦੇ ਖੜਕਦੇ, ਜਿਉਂ ਲੋਹੇ ਪੈਣ ਧਿਗਾਣ।
ਦੁਮ ਬੱਕੀ ਦੀ ਇੰਜ ਫਿਰੇ, ਜਿਉਂ ਚੌਰੀ ਕਰੇ ਗੁਲਾਮ।ਬੰਦ 28।

ਕੰਨ ਲੰਮੇ ਖੁਰ ਪਤਲੇ, ਦੁੰਮ ਬੱਕੀ ਦੀ ਸਿਆਹ।
ਦੇਖ ਕੇ ਮੇਰੀ ਟੈਰ ਨੂੰ, ਝੋਰੇ ਚਿੱਤ ਨਾ ਪਾ।
ਬਾਈ ਡੋਗਰ ਜਿਨ੍ਹਾਂ ਦੇ ਬਹਿਣ ਪੁਆਂਦੀ ਆ।
ਮੂੰਹ ਨਾਲ ਲਾਹੇ ਪਗੜੀਆਂ, ਫੱਟ ਕੇ ਸੁੱਟੇ ਅੰਜਾਣ।
ਬੱਕੀ ਲਾਹੀਆਂ ਪਗੜੀਆਂ, ਵੇਕੀ ਨਾ ਕਿਸੇ ਦੀ ਲਾਜ।
ਨਾਈ ਮੇਰਾ ਮਾਰਿਆ, ਸ਼ਰਬਤ ਦਿੱਤਾ ਡੋਲ੍ਹ।28॥

ਬਾਪ ਦੇ ਖੱਤਿਆਂ ਚਾਰ ਕੇ, ਬੱਕੀ ਨੂੰ ਲਇਆ ਬਣਾ।ਬੰਦ 38।
ਦਸ ਮਹੀਆਂ ਦਾ ਘਿਉ ਦਿੱਤਾ, ਬੱਕੀ ਦੇ ਢਿੱਡ ਪਾ।
ਬੱਕੀ ਤੋਂ ਡਰਨ ਫਰਿਸ਼ਤੇ, ਮੈਥੋਂ ਡਰੇ ਖੁਦਾ।
ਚੁੱਭੇ ਵਿਚ ਪਤਾਲ, ਉੱਡ ਕੇ ਚੜ੍ਹੇ ਅਕਾਸ਼।

ਚੜ੍ਹਨਾ ਆਪਣੇ ਸ਼ੌਂਕ ਨੂੰ, ਬੱਕੀ ਨੂੰ ਲਾਜ ਨਾ ਲਾ।ਬੰਦ 39।

ਲੇਕਿਨ ਆਪ ਹੀ ਪੀਲੂ ਆਪਣੇ ਕਿੱਸੇ ਵਿਚ ਇਸ ਦਾ ਖੁਦ ਹੀ ਖੰਡਨ ਕਰਦਾ ਹੈ, ਜਦੋਂ ਟੈਰ (ਖੱਚਰ) ਦੇਖ ਕੇ ਸਾਹਿਬਾਂ ਮਿਰਜ਼ੇ ਨੂੰ ਮਿਹਣਾ ਮਾਰਦੀ ਹੋਈ ਕਹਿੰਦੀ ਹੈ ਕਿ ਜੇ ਘਰੇ ਘੋੜਾ ਹੈ ਨਹੀਂ ਸੀ ਤਾਂ ਕਿਸੇ ਤੋਂ ਮੰਗ ਕੇ ਹੀ ਲੈ ਆਉਂਦਾ,

ਮਾੜੀ ਤੇਰੀ ਟੈਰਕੀ, ਮਿਰਜ਼ਿਆ! ਲਿਆਇਆ ਕਿਧਰੋਂ ਟੋਰ।
ਸੁੱਕਾ ਇਹਦਾ ਚੌਖਟਾ, ਕਾਵਾਂ ਖਾਧੀ ਕੰਗਰੋੜ।
ਜੇ ਘਰ ਨਾ ਸੀ ਤੇਰੇ ਬਾਪ ਦੇ, ਮੰਗ ਲਿਆਉਂਦੋਂ ਹੋਰ।
ਘੋੜੇ ਖੀਵੇ ਖਾਨ ਦੇ ਬੜੇ ਮੁਰਾਤਿਬ ਖੋਰ।
ਭੱਜਿਆਂ ਨੂੰ ਜਾਣ ਨਾ ਦੇਣਗੇ, ਉੱਧਲ ਗਈਆਂ ਦੇ ਚੋਰ।
ਵਿੱਚ ਉਜਾੜ ਦੇ ਮਾਰ ਕੇ, ਤੇਰੀ ਸੁੱਟਣ ਧੌਣ ਮਰੋੜ।ਬੰਦ 37।

ਜਾਂ ਮਿਰਜ਼ਾ ਕਹਿੰਦਾ ਹੈ:-

ਤੁਹਾਡੇ ਬਾਰ ਘੋੜੀਆਂ, ਮੇਰੀ ਬੱਕੀ ਦਾ ਪਤਲਾ ਲੱਕ।ਬੰਦ 28।

ਘੋੜੇ ਆਪਣੇ ਸਵਾਰ ਪ੍ਰਤੀ ਬਹੁਤ ਵਫਾਦਾਰ ਹੁੰਦੇ ਹਨ। ਪਰ ਜਦੋਂ ਕਿਸੇ ਬੰਦੇ ਦੀ ਕਿਸਮਤ ਸਾਥ ਛੱਡ ਜਾਵੇ, ਬਾਕੀ ਸਾਰੇ ਉਸਨੂੰ ਛੱਡ ਜਾਂਦੇ ਹਨ। ਮਿਰਜ਼ੇ 'ਤੇ ਜਦ ਹਮਲਾ ਹੁੰਦਾ ਹੈ ਤਾਂ ਬੱਕੀ ਵੀ ਉਸਨੂੰ ਤਿਲਾਜ਼ਲੀ ਦੇ ਭੱਜ ਜਾਂਦੀ ਹੈ ਤੇ ਸਾਹਿਬਾਂ ਤਾਨਾ ਮਾਰਦੀ ਹੈ:-
ਜੰਡ ਦੇ ਹੇਠ ਜੱਟਾ! ਸੌਂ ਰਹਿਓਂ, ਉਠ, ਸੁਰਤ ਸੰਭਾਲ।
'ਬੱਕੀ' ਤੈਨੂੰ ਛੱਡ ਕੇ ਉੱਠ ਗਈ, ਜਿਸ ਦੇ ਉੱਤੇ ਬੜਾ ਇਤਬਾਰ।
ਨਾਰਦ ਛੱਡ ਕੇ ਉੱਠ ਗਿਆ, ਤੇਰਾ ਮੁੱਢ-ਕਦੀਮਾਂ ਦਾ ਯਾਰ।ਬੰਦ 43।

ਜਿੱਥੋਂ ਤੱਕ ਦਾਨਾਬਾਦ ਵਿਚ ਮਿਰਜ਼ਾ, ਸਾਹਿਬਾਂ ਅਤੇ ਬੱਕੀ ਦੀਆਂ ਕਬਰਾਂ ਦਾ ਸਵਾਲ ਹੈ, ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਚੰਧੜ ਅਤੇ ਸਿਆਲ ਮਿਰਜ਼ਾ ਸਾਹਿਬਾਂ ਇਕੱਠਿਆਂ ਦਾ ਕਬਰ ਬਰਦਾਸ਼ਤ ਕਰ ਲੈਂਦੇ। ਉਹਨਾਂ ਨੇ ਤਾਂ ਨਾਲ ਚੌਥੀ ਕਬਰ ਬਣਾਉਣ ਵਾਲੇ ਦੀ ਵੀ ਕਬਰ ਬਣਾ ਦੇਣੀ ਸੀ। ਹਾਂ, ਉਹਨਾਂ ਦੀ ਯਾਦ ਵਿਚ ਬਣੀਆਂ ਉਹ ਸਮਾਧਾਂ ਮੰਨੀਆਂ ਜਾ ਸਕਦੀਆਂ ਹਨ। ਦਰਅਸਲ ਮੁਸਲਮਾਨਾਂ ਦਾ ਇੱਕ ਖਾਸ ਫਿਰਕਾ ਹੈ ਜਿਨ੍ਹਾਂ ਦੀ ਰੋਜ਼ੀ-ਰੋਟੀ ਕਬਰਾਂ ਦੀ ਨਿਗਰਾਨੀ ਰੱਖਣ ਨਾਲ ਚਲਦੀ ਹੈ। ਇਹਨਾਂ ਦੇ ਪਰਿਵਾਰ ਕਬਰਾਂ ਉੱਤੇ ਚੜ੍ਹੇ ਚੜ੍ਹਾਵੇ ਨਾਲ ਪਲਦੇ ਹਨ। ਇਸ ਲਈ ਇਹ ਲੋਕ ਆਪਣੇ ਅਧਿਕਾਰ ਖੇਤਰ ਵਿਚ ਆਉਂਦੀਆਂ ਕਬਰਾਂ ਦੀ ਮਹਾਨਤਾ ਵਧਾਉਣ ਲਈ ਕਬਰਾਂ ਨਾਲ ਝੂਠੀਆਂ ਗੱਲਾਂ ਜੋੜ ਦਿੰਦੇ ਹਨ। ਜਿਵੇਂ ਮਾਈ ਹੀਰ ਦੀ ਕਬਰ 'ਤੇ ਗੋਲ ਗੁੰਬਦ ਬਣਾ ਕੇ ਉਸਦਾ ਮੂੰਹ ਖੁੱਲ੍ਹਾ ਰੱਖ ਕੇ ਇਹ ਪ੍ਰਚਾਰ ਕਰ ਦਿੱਤਾ ਗਿਆ ਕਿ ਹੀਰ ਦੀ ਕਬਰ 'ਤੇ ਮੀਂਹ ਨਹੀਂ ਪੈਂਦਾ। ਚਾਰੇ ਪਾਸਿਉਂ ਵਾਛੜ ਨੂੰ ਗੁਬੰਦ ਰੋਕ ਲੈਂਦਾ ਹੋਣ ਕਰਕੇ ਹਲਕੀ ਬਾਰਿਸ਼ ਅੰਦਰ ਨਹੀਂ ਜਾਂਦੀ। ਪਰ ਜਦੋਂ ਭਾਰੀ ਮੀਂਹ ਪੈਂਦਾ ਹੈ ਤਾਂ ਉਹ ਅਵਸ਼ ਹੀ ਹੀਰ ਦੀ ਕਬਰ 'ਤੇ ਪੈਂਦਾ ਹੈ।

ਆਦਮ ਅਤੇ ਹਵਾ ਦੀ ਕਬਰ ਸ਼੍ਰੀ ਲੰਕਾ ਵਿਚ ਹੈ, ਜਿਥੇ ਆਦਮ ਦੇ ਪੈਰ ਦਾ 5' 7'' x 2' 6'' ਵੱਡਾ ਨਿਸ਼ਾਨ ਖਿੱਚ ਦਾ ਕੇਂਦਰ ਹੈ।ਆਦਮ (ADAM) ਦੇ ਪੁੱਤਰ ਅਬੀਲ ਦੀ ਜੋਰਡਨ ਵਿਖੇ ਸਥਿਤ ਕਬਰ ਨੂੰ ਦੁਨੀਆਂ ਦੀ ਪਹਿਲੀ ਕਬਰ ਦੱਸ ਕੇ ਪ੍ਰਚਾਰਿਆ ਜਾਂਦਾ ਹੈ। ਓਮਾਨ ਦੇ ਧੋਫਰ ਇਲਾਕੇ ਵਿਚ ਨਬੀ ਇਮਰਾਨ (ਯਿਸੂ ਮਸੀਹ ਦਾ ਨਾਨਾ) ਦੀ 40 ਫੁੱਟ ਲੰਮੀ ਕਬਰ, ਹਜ਼ਰਤ ਆਦਿਮ ਦੇ ਪੁੱਤਰ ਹਜ਼ਰਤ ਕਾਨਬੀਤ ਦੀ 70 ਫੁੱਟ ਲੰਮੀ ਕਬਰ, ਬਰੀਲਾ ਸ਼ਰੀਫ, ਗੁਜ਼ਰਾਤ (ਪਾਕਿਸਤਾਨ) ਹੈ। ਇਹਨਾਂ ਕਬਰਾਂ ਦਾ ਵੱਡਾ ਅਕਾਰ ਸੇਲਾਨੀਆਂ ਨੂੰ ਖਿੱਚਣ ਦੇ ਮਕਸਦ ਨਾਲ ਬਣਾਇਆ ਗਿਆ ਹੈ।
ਸ਼ੇਖ ਫਰੀਦ ਨੇ ਇੱਕ ਦੋਹਰਾ ਲਿੱਖਿਆ ਸੀ,
"ਰੋਟੀ ਮੇਰੀ ਕਾਠ ਦੀ ਕੀ ਲਾਵਣੁ ਮੇਰੀ ਭੁੱਖ,
ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ।"

ਫਰੀਦਕੋਟ ਬਾਬਾ ਸ਼ੇਖ ਫਰੀਦ ਦੀ ਯਾਦ ਵਿੱਚ ਬਣੇ ਰੋਜ਼ੇ ਵਿਖੇ ਕਹਿੰਦੇ ਹਨ ਦਰਖਤ ਦੇ ਟੁੱਕੜੇ ਬਾਰੇ ਆਖਿਆ ਜਾਂਦਾ ਹੈ ਕਿ ਉਸ ਨਾਲ ਬਾਬਾ ਫਰੀਦ ਨੇ ਮਿੱਟੀ ਨਾਲ ਲਿੱਬੜੇ ਹੱਥ ਪੂੰਝੇ ਸਨ। ਇੱਥੇ ਹੀ ਪਿਆ ਇੱਕ ਲੱਕੜ ਦੇ ਗੋਲਾਕਾਰ ਟੁੱਕੜਾ ਹੁੰਦਾ ਸੀ। ਸ਼ਾਇਦ ਹੁਣ ਵੀ ਹੋਵੇ! ਉਸਦਾ ਇਕ ਸਿਰਾ ਤੇਸੇ ਨਾਲ ਘੜ ਕੇ ਉੱਤੇ ਰੰਦਾ ਫੇਰਿਆ ਹੋਇਆ ਸੀ। ਲੋਕ ਉਸ ਬਾਰੇ ਆਖੀ ਜਾਂਦੇ ਹਨ ਕਿ ਫਰੀਦ ਨੇ ਲੱਕੜ ਦੀ ਰੋਟੀ ਦੀ ਬੁਰਕੀ ਖਾਧੀ ਸੀ।ਮੂਰਖ ਜਨਤਾ ਨੂੰ ਕੌਣ ਦੱਸੇ ਕਿ ਦੋਹਰੇ ਵਿਚ ਫਰੀਦ ਨੇ 'ਕਾਠ ਦੀ ਰੋਟੀ' ਸਿੰਬਲ ਵਜੋਂ ਵਰਤੀ ਹੈ। ਉਹਦੇ ਦਿਮਾਗ ਵਿੱਚ ਨੁਕਸ ਨਹੀਂ ਸੀ ਪਿਆ ਕਿ ਲੱਕੜਾਂ ਨੂੰ ਦੰਦੀਆਂ ਵੰਡਦਾ ਫਿਰਦਾ ਸੀ।ਲੇਖਕਾਂ ਤੇ ਪੱਤਰਕਾਰਾਂ ਨੇ ਵੀ ਇਸ ਗੱਲ ਨੂੰ ਪੂਰੀ ਤੂਲ ਦਿੱਤੀ ਹੈ। 'ਪੰਜਾਬੀ ਸਾਹਿਤ ਦਾ ਇਤਿਹਾਸ' ਭਾਸ਼ਾ ਵਿਭਾਗ, ਪੰਜਾਬ ਪੁਸਤਕ ਦੇ ਪੰਨਾ 377 ਅਤੇ 'ਜ਼ਿਲ੍ਹਾ ਬਠਿੰਡਾ ਦਾ ਪੰਜਾਬੀ ਸਾਹਿਤ -ਇਕ ਅਧਿਐਨ (1972 ਤੱਕ)' ਪੁਸਤਕ ਵਿਚ ਡਾ: ਮਹਿੰਦਰ ਸਿੰਘ ਬਿਰਦੀ ਇਸਦਾ ਜ਼ਿਕਰ ਕਰਦੇ ਹਨ।ਮਿਰਜ਼ਾ, ਸਾਹਿਬਾਂ ਅਤੇ ਬੱਕੀ ਦੀਆਂ ਕਬਰਾਂ ਵੀ ਕਮਾਈ ਦਾ ਸਾਧਨ ਬਣਾਉਣ ਲਈ ਹੀ ਬਣਾਈਆਂ ਗਈਆਂ ਹਨ ਅਤੇ ਯਥਾਰਥਕ ਨਹੀਂ ਹਨ। ਨਾ ਹੀ ਉਹਨਾਂ ਪਿੱਛੇ ਕੋਈ ਠੋਸ ਤਰਕ ਹੈ।
ਇਤਿਹਾਸਕਾਰ ਦਾਨਾਬਾਦ ਨਜ਼ਦੀਕ ਖੜ੍ਹੇ ਇੱਕ ਜੰਡ ਨੂੰ ਮਿਰਜ਼ੇ ਦੀ ਕਤਲਗਾਹ ਵਾਲਾ ਸਥਾਨ ਦੱਸ ਕੇ ਲੋਕਾਂ ਨੂੰ ਬੁੱਧੂ ਬਣਾਈ ਜਾਂਦੇ ਹਨ। ਇਹਨਾਂ ਨੂੰ ਪੁੱਛੇ ਕਿ ਕੀ ਇਹਨਾਂ ਨੂੰ ਉਥੋਂ ਮਿਰਜ਼ੇ ਦਾ ਡੀ. ਐਨ. ਏ.(Deoxyribonucleic Acid) ਲੱਭਿਆ ਸੀ, ਜੋ ਇਹ ਉਸ ਜੰਡ ਬਾਰੇ ਦਾਵੇ ਨਾਲ ਆਖ ਰਹੇ ਹਨ।ਝੰਗ ਤੋਂ ਦਾਨਾਬਾਦ ਦੇ ਰਸਤੇ ਵਿਚ ਸੈਂਕੜੇ ਹੀ ਜੰਡ ਹੋਣਗੇ। ਕੀ ਸਬੂਤ ਹੈ ਕਿ ਦਾਨਾਬਾਦ ਦੇ ਬਾਹਰ ਖੜਾ ਜੰਡ ਉਹੀ ਹੈ?

ਚਾਲ੍ਹੀ ਕੋਹਾਂ ਦਾ ਪੈਂਡਾ ਹੈ, ਕੌਣ ਆਵੇ, ਕੌਣ ਜਾ।8॥
ਪੀਲੂ ਝੰਗ ਤੋਂ ਦਾਨਾਬਾਦ ਦੀ ਦੂਰੀ 40 ਕੋਹ ਦੱਸਦਾ ਹੈ। 1 ਕੋਹ ਪੁਰਾਣੀ ਮਿਣਤੀ ਅਨੁਸਾਰ 4000 ਗਜ਼ ਦਾ ਬਣਦਾ ਹੈ।ਇਸ ਸਮੇਂ

ਪੱਕੀ ਸੜਕ ਬਣ ਜਾਣ ਕਾਰਨ ਝੰਗ ਤੋਂ ਦਾਨਾਬਾਦ 129 ਕਿਲੋਮੀਟਰ ਅਰਥਾਤ ਲਗਭਗ 80 ਮੀਲ ਬਣਦਾ ਹੈ।ਪੀਲੂ ਦੀ ਮਿਣਤੀ ਕਾਫੀ ਹੱਦ ਤੱਕ ਦਰੁਸਤ ਜਾਪਦੀ ਹੈ, ਕਿਉਂਕਿ ਇਕ ਕੋਹ = ਦੋ ਮੀਲ+ਦੋ ਫਰਲਾਂਗ+ਚਾਲੀ ਗਜ਼ ਮਿਣਤੀ ਬਣਦੀ ਹੈ। ਇਸ ਦਾ ਮਤਲਬ 40 ਕੋਹ 90.8ਮੀਲ ਬਣਦੇ ਹਨ, ਜੋ ਉਸ ਸਮੇਂ ਦੇ ਲਿਹਾਜ ਨਾਲ ਠੀਕ ਦੂਰੀ ਮੰਨੀ ਜਾ ਸਕਦੀ ਹੈ।ਪੀਲੂ ਮੁਤਾਬਕ ਉਸ ਵੇਲੇ ਦਾਨਾਬਾਦ ਤੋਂ ਝੰਗ ਜਾਣ ਲਈ ਚਾਰ ਦਿਨ ਲਗਦੇ ਸਨ, ਜਾਣੀ ਇਕ ਦਿਨ ਵਿਚ ਘੱਟੋਘੱਟ 10 ਕੋਹ ਜਾਂ ਵੱਧ ਤੋਂ ਵੱਧ 20 ਕੋਹ ਦਾ ਫਾਸਲਾ ਤੈਅ ਕੀਤਾ ਜਾਂਦਾ ਸੀ।ਸਾਹਿਬਾਂ ਦੇ ਘਰੋਂ ਭੱਜਣ ਤੋਂ ਤੁਰੰਤ ਬਾਅਦ ਹੀ ਸਿਆਲਾਂ ਅਤੇ ਚੰਧੜਾਂ ਨੂੰ ਖ਼ਬਰ ਹੋ ਜਾਂਦੀ ਹੈ। ਵੱਧ ਤੋਂ ਵੱਧ ਮਿਰਜ਼ਾ ਦਸ ਜਾਂ ਵੀਹ ਕੋਹ ਦੂਰ ਨਿਕਲ ਆਇਆ ਹੋਵੇਗਾ। ਇਹ ਮੁਮਕਿਨ ਹੀ ਨਹੀਂ ਜਾਪਦਾ ਕਿ ਸ਼ਮੀਰ ਦੀ ਫੌਜ ਤੇ 'ਮੁਰਾਤਬਖੋਰ' 'ਆਦਮ ਖਾਣੀਆਂ' ਫਰਤੀਲੀਆਂ ਘੋੜੀਆਂ ਨੇ ਮਿਰਜ਼ੇ ਤੇ ਉਸਦੀ ਟੈਰਕੀ (ਖੱਚਰ) ਬੱਕੀ ਨੂੰ ਭੱਜਣ ਲਈ ਚਾਲੀ ਕੋਹ ਜਾਂ ਚਾਰ ਦਿਨ ਦਾ ਵਕਫਾ ਦੇ ਦਿੱਤਾ ਹੋਵੇਗਾ।ਇਹ ਜੰਡ ਝੰਗ ਤੋਂ ਦਸ ਵੀਹ ਮੀਲ ਦੂਰੀ 'ਤੇ ਹੁੰਦਾ ਤਾਂ ਮੰਨਿਆ ਵੀ ਜਾ ਸਕਦਾ ਸੀ।ਇਸ ਲਈ ਇਹ ਜੰਡ ਵਾਲੀ ਵਾਰਤਾ ਵੀ ਮਹਿਜ਼ ਗੱਪ ਤੋਂ ਵੱਧ ਕੁਝ ਨਹੀਂ ਹੈ।

ਮਿਰਜ਼ਾ ਭਾਵੇਂ ਸੀ ਜਾਂ ਨਹੀਂ ਇਸ ਵਿਵਾਦ ਨੂੰ ਇਕ ਪਾਸੇ ਰੱਖ ਕੇ ਸੋਚੀਏ ਤਾਂ ਮਿਰਜ਼ੇ ਦੀ ਪੰਜਾਬੀ ਸਾਹਿਤ ਨੂੰ ਕਿੱਸੇ ਦੇ ਰੂਪ ਵਿਚ ਅਤੇ ਪੰਜਾਬੀ ਸੰਗੀਤ ਨੂੰ ਵਿਸ਼ੇਸ ਤਰਜ਼ ਪ੍ਰਦਾਨ ਕਰਨ ਦੀ ਦੇਣ ਹੈ। ਕੋਈ ਵੀ ਗੀਤ ਇਕ ਤੋਂ ਵੱਧ ਕੰਪੋਜ਼ੀਸ਼ਨਾਂ ਵਿਚ ਗਾਇਆ ਜਾ ਸਕਦਾ ਹੈ। ਪਰ ਹੀਰ, ਢੋਲਾ , ਮਾਹੀਆ ਵਾਂਗ ਮਿਰਜ਼ੇ ਦੀ ਵੀ ਇਕ ਵਿਸ਼ੇਸ਼ ਤਰਜ਼ ਹੈ ਤੇ ਮਿਰਜ਼ਾ ਸਿਰਫ ਉਸੇ ਤਰਜ਼ ਵਿਚ ਹੀ ਅੱਛਾ ਲਗਦਾ ਹੈ।ਹਿੱਕ ਦੇ ਜ਼ੋਰ ਨਾਲ ਗਾਇਆ ਜਾਣ ਵਾਲਾ ਮਿਰਜ਼ਾ ਮਾੜੇ ਮੋਟੇ ਗਵਈਏ ਦੇ ਬਸ ਦਾ ਰੋਗ ਵੀ ਨਹੀਂ ਹੈ।ਇਸ ਨੂੰ ਬੀਰ-ਰਸੀ ਢਾਡੀਆਂ ਵੱਲੋਂ ਗਾਈਆਂ ਜਾਂਦੀਆਂ ਵਾਰਾਂ ਵਾਂਗ ਗਾਇਕ ਉੱਚੀ ਸੁਰ ਵਿਚ ਗਾਉਂਦੇ ਹਨ ਤੇ ਇਸ ਦਾ ਆਰੰਭ ਅਕਸਰ ਲੰਮੀ ਹੇਕ ਨਾਲ ਕੀਤਾ ਜਾਂਦਾ ਹੈ।ਪਹਿਲਾਂ ਮਿਰਜ਼ੇ ਨੂੰ ਗਾਉਣ ਦੀ ਤਫਤਾਰ ਧੀਮੀ ਹੁੰਦੀ ਸੀ। ਹੁਣ ਅਸੀਂ ਆਪਣੇ ਸੰਗੀਤ ਵਿਚ ਪੱਛਮੀ ਸਾਜ਼ਾਂ ਅਤੇ ਬੀਟਾਂ ਦੀ ਵਰਤੋਂ ਕਰਦੇ ਹਾਂ ਇਸ ਲਈ ਮਿਰਜ਼ੇ ਦੇ ਬੋਲਾਂ ਨੂੰ ਗਾਉਣ ਦੀ ਰਫਤਾਰ, ਜਿਸ ਨੂੰ ਸੰਗੀਤ ਦੀ ਤਕਨੀਕੀ ਭਾਸ਼ਾ ਵਿਚ ਅਸੀਂ ਟੈਂਪੋ ( Beats Per Minute) ਆਖਦੇ ਹਾਂ, ਵੀ ਕਾਫੀ ਤੇਜ਼ ਹੁੰਦੀ ਹੈ।ਇਸ ਲਿਹਾਜ਼ ਨਾਲ ਸਾਜ਼ੀ ਵੀ ਉਸੇ ਤੀਬਰਤਾ ਅਤੇ ਗਤੀ ਨਾਲ ਸਾਜ਼ ਕੁੱਟਦੇ ਹਨ। ਮਿਰਜ਼ੇ ਨੂੰ ਹਰ ਤਤਕਾਲੀ ਗਾਇਕ ਆਪੋ-ਆਪਣੀ ਸਮਰਥਾ ਮੁਤਾਬਕ ਆਪਣੇ ਹਿਸਾਬ ਨਾਲ ਗਾਉਂਦਾ ਹੈ, ਪਰ ਜ਼ਿਆਦਾਤਰ ਇਹ ਆਹੀਰ ਭੈਰਵੀ ਰਾਗ ਵਿਚ ਗਾਇਆ ਜਾਂਦਾ ਹੈ।ਮਿਰਜ਼ੇ ਤੇ ਅਨੇਕਾਂ ਫਿਲਮਾਂ ਵੀ ਬਣੀਆਂ ਹਨ। ਅਨੇਕਾਂ ਗਾਇਕਾਂ ਨੇ ਮਿਰਜ਼ਾ ਗਾਇਆ ਹੈ, ਪਰ ਹੁਣ ਤੱਕ ਸਭ ਤੋਂ ਵਧੀਆ ਮਿਰਜ਼ਾ ਮੈਂ ਜਗਮੋਹਣ ਕੌਰ ਦਾ ਸੁਣਿਆ ਹੈ।ਮਿਰਜ਼ਾ ਪਹਿਲੀ ਵਾਰ ਕਿਤਾਬੀ ਰੂਪ ਵਿਚ 1884 ਵਿਚ ਛਪੀ ਆਰ. ਸੀ. ਟੈਂਪਲ ਦੀ ‘The Legends of the Punjab’  ਪੁਸਤਕ ਵਿਚ ਛਪਿਆ, ਭਾਵੇਂ ਕਿ ਗਜ਼ਟੀਅਰ ਵਿਚ ਉਸਨੇ ਇਸ ਨੂੰ ਪਹਿਲਾਂ ਹੀ ਲਿੱਖ ਦਿੱਤਾ ਸੀ।ਊਰਦੂ ਵਿਚ ਮਿਰਜ਼ਾ 1951 ਪੰਜਾਬ ਸਿੱਖਿਆ ਵਿਭਾਗ, ਲਾਹੌਰ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ।

ਜੇਕਰ ਮਿਰਜ਼ਾ ਹਕੀਕਤਨ ਸੀ ਤਾਂ ਸਿਆਲਾਂ ਅਤੇ ਚੰਧੜਾਂ ਹੱਥੋਂ ਵੱਡਿਆ ਗਿਆ ਹੈ। ਜੇ ਨਹੀਂ ਸੀ ਤਾਂ ਪੀਲੂ ਨੇ ਕਿੱਸੇ ਵਿਚ ਉਸਨੂੰ ਮਾਰ ਦਿੱਤਾ ਹੈ,
ਵਿੱਚ ਕਬਰਾਂ ਦੇ ਖੱਪ ਗਿਆ, ਮਿਰਜ਼ਾ ਸੋਹਣਾ ਜਵਾਨ।
ਇਹ ਕਿੱਸਾ ਮਿਰਜ਼ਾ ਸਾਹਿਬਾਂ ਦਾ ਜੋੜਿਆ।
ਪੀਲੂ ਸ਼ਾਇਰ ਨੇ, ਜਿਹਨੂੰ ਜਾਣੇ ਕੁਲ ਜਹਾਨ।64॥

ਲੇਕਿਨ ਮਿਰਜ਼ਾ ਰਹਿੰਦੀ ਦੁਨੀਆ ਤੱਕ ਉਦੋਂ ਤਾਈਂ ਅਮਰ ਰਹੇਗਾ, ਜਦੋਂ ਤੱਕ ਸਾਡੇ ਗਾਇਕ ਗਾਉਂਦੇ ਰਹਿਣਗੇ:-
ਹੁਜਰੇ ਜਾਹ ਮੁਕੀਮ ਦੇ,
ਇਕ ਜੱਟੀ ਅਰਜ਼ ਕਰੇ।
ਮੈਂ ਬੱਕਰਾ ਦੇਨੀਆਂ ਪੀਰ ਦਾ,
ਮੇਰੇ ਸਿਰ ਦਾ ਸਾਈਂ ਮਰੇ।
ਪੰਜ ਸੱਤ ਮਰਨ ਗੁਆਂਢਣਾਂ,
ਰਹਿੰਦੀਆਂ ਨੂੰ ਤਾਪ ਚੜ੍ਹੇ।
ਹੱਟੀ ਢਹੇ ਕਰਾੜ ਦੀ,
ਜਿੱਥੇ ਦੀਵਾ ਨਿੱਤ ਬਲੇ।
ਕੁੱਤੀ ਮਰੇ ਫਕੀਰ ਦੀ,
ਜਿਹੜੀ ਚਊਂ ਚਊਂ ਨਿੱਤ ਕਰੇ।
ਗਲੀਆਂ ਹੋਵਣ ਸੁੰਨੀਆਂ,
ਵਿਚ ਮਿਰਜ਼ਾ ਯਾਰ ਫਿਰੇ।(ਪੰਜਾਬੀ ਲੋਕ ਗੀਤ)
 

7 comments:









  1. Sukhdarshan Sekhon ਸਿੱਧੂ ਸਾਹਿਬ ਤੁਹਾਡੀ ਘਾਲਣਾਂ ਕਮਾਲ ਦੀ ਹੈ । ਏਨੀਂ ਮਿਹਨਤ, ਏਨੀਂ ਬਾਰੀਕਬੀਨੀਂ, ਆਪਣੇਂ ਦਿਮਾਗ਼ ਦਾ ਹੀ ਚਰਬਾ ਕੱਢਕੇ ਰੱਖ ਦਿੱਤਾ ਤੁਸੀਂ ਤਾਂ.. ਪਰ ਇੱਕ ਗੱਲ ਜਰੂਰ ਹੈ ਬਾਈ ਜੀ ਕਿ ਮਿਰਜ਼ੇ ਨਾਲ ਜੁੜੀ ਲੋਕਾਂ ਦੀ ਭਾਵੁਕਤਾ ਦੀ ਏਨੀਂ ਨਗ਼ਦ ਬੇਇੱਜ਼ਤੀ ਨਾਂ ਕਰੋ ਯਾਰ...! ਇਹ ਸਭ ਕਰਕੇ ਪਤਾ ਨਹੀਂ ਤੁਹਾਨੂੰ ਕੀ ਆਤਮਿਕ ਸਕੂਨ ਮਿਲਦਾ ਹੈ ? ਜੇ ਤੁਸੀਂ ਇਸਨੂੰ ਜੁਅਰਤ ਦਾ ਨਾਮ ਦਿੰਦੇ ਹੋ, ਤਾਂ ਸਿੱਖ,ਹਿੰਦੂ,ਮੁਸਲਿਮ ਇਤਿਹਾਸ ਦੇ ਉਹਨਾਂ ਪੰਨਿਆਂ ਨੂੰ ਵੀ ਫੋਲੋ ਜਿਹਨਾਂ 'ਤੇ ਸਾਰੀ ਦੁਨੀਆਂ ਅੰਦਰੇ ਅੰਦਰ ਕੁੜਕੁੜ ਕਰਦੀ ਰਹਿੰਦੀ ਹੈ, ਲੇਕਿਨ ਸਫ਼ਿਆਂ ਉੱਪਰ ਲਿਆਉਣ ਲੱਗਿਆਂ ਹਰ ਕੋਈ ਸ਼ਰਧਾਲੂ ਬਣ ਜਾਂਦਾ ਹੈ.......ਬੱਸ ਏਨਾਂ ਹੀ ਕਹਿਣਾਂ ਸੀ, ਬਹਿਸ ਵਿੱਚ ਹਿੱਸਾ ਲੈਣ ਦਾ ਮੇਰੇ ਕੋਲ਼ ਵਕਤ ਨਹੀਂ, ਮੇਰੀ ਖ਼ੁਦ ਦੀ ਭਾਵੁਕਤਾ ਵੀ ਕਿਧਰੋਂ ਨਾਂ ਕਿਧਰੋਂ ਮਿਰਜ਼ੇ ਨਾਲ਼ ਜੁੜੀ ਹੋਈ ਹੈ........?????

    ReplyDelete








  2. Karan Dhaliwal ਬਾਈ ਪਹਿਲਾ ਤਾਂ ਹਰ ਵਾਰ ਦੀ ਤਰਹ ਪੜ੍ਹ ਕੇ ਬੜਾ ਸਵਾਦ ਆਇਆ!! ਇਕ ਤਾਂ ਬਾਈ ਤੇਰੀ ਖਾਸੀਅਤ ਇਹ ਆ ਕੇ ਤੂੰ ਪੰਜਾਬੀ ਦੇ ਓਹਨਾ ਚੁਨਿਦਾ ਲੇਖਕਾ ਚ ਆ ਜੋ ਚੰਗੀ ਤਰਹ ਪੜ੍ਹ ਕੇ ਲਿਖਦੇ ਨੇ ਤੇ ਆਲੋਚਕਾਂ ਤੋਂ ਪਹਿਲਾ ਓਹ ਤੱਤ ਨਚੋੜੀ ਬੇਠੇ ਹੁੰਦੇ ਨੇ ਜੇਹੜੇ ਸਾਇਦ ਉਹਨਾ ਦੀ ਵੀ ਮਾਰ ਤੋਂ ਬਾਹਰ ਹੁੰਦੇ ਹਨ !! ਇਕ ਵਾਰ ਫੇਰ ਚੰਗਾ ਜਾਣਕਾਰੀ ਤੇ ਮਨੋਰੰਜਨ ਭਰਪੂਰ ਲਿਖਤ ਪੇਸ਼ ਕਰਨ ਲਈ ਧੰਨਵਾਦ !!

    ReplyDelete








  3. Karan Dhaliwal ਬਾਈ ਇਕ ਗੱਲ ਜਿਹੜੀ ਦਿਮਾਗ ਚ ਰੜਕਦੀ ਆ ਕਿ ਮਿਰਜ਼ੇ ਦੀ ਮਾਂ ਕਿਉ ਆਪਣੇ ਪੇਕੇ ਤੇ ਓਥੇ ਦੀਆਂ ਰਾਹਾਂ, ਓਥੋਂ ਦੀਆਂ ਔਰਤਾਂ ਜਿਹਨਾ ਨੂ ਜਾਦੁਗਾਰਨਿਆ ਤੇ ਆਦਮ-ਖੋਰ ਕਹਿੰਦੀ ਆ ਜਦੋਂ ਕੇ ਓਹ ਆਪ ਵੀ ਝੰਗ ਦੀ ਧੀ ਸੀ
    ਚੜ੍ਹਦੇ ਮਿਰਜ਼ੇ ਖਾਨ ਨੂੰ, ਮੱਤਾਂ ਦੇਵੇ ਮਾਂ।
    ਬੁਰੇ ਸਿਆਲਾਂ ਦੇ ਮਾਮਲੇ, ਬੁਰੀ ਸਿਆਲਾਂ ਦੀ ਰਾਹ।
    ਬੁਰੀਆਂ ਸਿਆਲਾਂ ਦੀਆਂ ਔਰਤਾਂ, ਲੈਂਦੀਆਂ ਜਾਦੂ ਪਾ।
    ਕੱਢ ਕਲੇਜੇ ਖਾਂਦੀਆਂ, ਮੇਰੇ ਝਾਟੇ ਤੇਲ ਨਾ ਪਾ।
    ਕਿਹੜੀ ਜਨਾਨੀ ਆਪਣੇ ਪੇਕੇ ਨਿੰਦਦੀ ਆ ਯਾਰ ਮੈਂ ਮੰਨਦਾ ਜਦੋਂ ਓਹਨੁ ਮਿਰਜ਼ੇ ਦੀ ਮੌਤ ਦੀ ਖਬਰ ਗਈ ਹੋਊ ਫੇਰ ਜਰੂਰ ਆਪਣੇ ਪੇਕੇਆਂ ਨੂ ਪਿੱਟੀ ਹੋਊ ਭਾਈ-ਭਤਜਿਆ ਦਾ ਸਿਆਪਾ ਕੀਤਾ ਹੋਊ ਪਰ ਓਸ ਤੋਂ ਪਹਿਲਾ ..........

    ReplyDelete








  4. Lok Raj ਵਾਹ! ਬਹੁਤ ਹੀ ਜਾਣਕਾਰੀ ਭਰਪੂਰ ਵਿਸ਼ਲੇਸ਼ਣ ਜਿਹੜਾ ਬਹੁਤ ਸਾਰੇ ਮਿੱਥਾਂ ਨੂੰ ਤੋੜਨ ਦੀ ਸਮਰੱਥਾ ਰੱਖਦਾ ਹੈ...ਮਿਰਜ਼ੇ ਦਾ ਬਿੰਬ ਸਚ ਮੁਚ ਹੀ ਨਕਾਰਾਤਮਕ ਹੈ

    ReplyDelete








  5. Birinder Dhillon ਅੰਗਰੇਜ਼ੀ ਦਾ ਸਾਹਿਤਕਾਰ ਜਦੋਂ ਬੁੜ੍ਹਾ ਹੋ ਜਾਂਦਾ ਹੈ ਤਾਂ ਸਵੈ-ਜੀਵਨੀ ਲਿੱਖ ਕੇ ਲਿੱਖਣ ਤੋਂ ਸਨਿਆਸ ਲੈ ਲੈਂਦਾ ਹੈ, ਕਿਉਂਕਿ ਵਧੀਆ ਲਿੱਖਣ ਲਈ ਉਸ ਕੋਲ ਮਸਾਲਾ ਮੁੱਕ ਜਾਂਦਾ ਹੈ। ਬਾਕੀ ਤਮਾਮ ਉਮਰ ਉਹ ਆਲੋਚਕ ਬਣ ਕੇ ਨਵੇਂ ਲਿਖਾਰੀਆਂ ਨੂੰ ਲਿੱਖਣ ਦੇ ਵਲ ਸਿਖਾਉਂਦੇ ਰਹਿੰਦੇ ਹਨ। ਪੰਜਾਬੀ ਦਾ ਲਿਖਾਰੀ ਪਿੱਛਲੀ ਉਮਰ ਵਿਚੱ ਜਾ ਕੇ ਸੋਚਣ ਲੱਗ ਜਾਂਦਾ ਹੈ ਕਿ ਉਸਦੀ ਕਾਬਲੀਅਲ ਅਤੇ ਮਿਹਨਤ ਦਾ ਸਹੀ ਮੁੱਲ ਨਹੀਂ ਪਿਆ ਤੇ ਉਹ ਇਸ ਖਿਆਲ ਨੂੰ ਲੈ ਕੇ ਪਾਗਲ ਹੋ ਜਾਂਦਾ ਹੈ।ਆਂਢੀ-ਗੁਆਢੀਂ ਜਾ ਕਿਸੇ ਵਾਕਫਕਾਰ ਰਿਟਾਇਰਡ ਫੌਜੀ ਨੂੰ ਪੈਸੇ ਦੇ ਕੇ ਉਹ ਫੌਜੀ ਕੰਟੀਨ ਤੋਂ ਸਸਤੀ ਤੇ ਖਾਲਸ ਰੰਮ ਮੰਗਾ ਕੇ ਰੋਜ ਸ਼ਾਮ ਨੂੰ ਉਸ ਵਿਚੋਂ ਚਮਚਾ ਕੁ ਪੀ ਕੇ ਬੋਤਲ ਨੂੰ ਮਹੀਨਾ ਜਾ ਘੱਟੋ ਘੱਟ ਹਫਤੇ ਵਿਚ ਪੀਂਦਾ ਹੋਇਆ ਧਾਰਮਿਕ ਸਾਹਿਤ ਰਚਣ ਵਿਚ ਮਸਰੂਫ ਰਹਿਣ ਲੱਗਦਾ ਹੈ।ਅਜਿਹੀ ਅਵਸ਼ਥਾ ਵਿਚ ਉਹ ਅੰਨ੍ਹੀ ਸ਼ਰਧਾ ਤਹਿਤ ਅਜਿਹੇ ਹੀ ਰੰਗ ਲਾਉਂਦਾ

    ReplyDelete








  6. Sukhjit Thandi " ਬਹਾਦਰ ਅਤੇ ਯੋਧਾ ਹੁੰਦਾ ਤਾਂ ਯੁੱਧ ਕਰਕੇ ਸਾਹਿਬਾਂ ਨੂੰ ਚੁੱਕ ਕੇ ਲਿਜਾਂਦਾ।ਨਾ ਕਿ ਚੋਰੀ ਭਜਾ ਕੇ। ਮਿਰਜ਼ਾ ਬਹਾਦਰੀ ਜਾਂ ਮਰਦਾਨਗੀ ਨਹੀਂ ਬਲਕਿ ਕਾਇਰਤਾ, ਨਿਪੁੰਸਕਤਾ ਅਤੇ ਨਾਮਰਦੀ ਦਾ ਪ੍ਰਤੀਕ ਹੈ" @ਜੇ ਮਿਰਜ਼ੇ ਨੂੰ ਚੰਧੜ ਜਾਂ ਸਿਆਲ ਨਾ ਮਾਰਦੇ, ਤਾਂ ਇਹ ਪੜ੍ਹ ਕੇ ਜਰੂਰ ਮਰ ਜਾਂਦਾ। ਬਲਰਾਜ ਇਸ ਵਧੀਆ ਲੇਖ ਲੲੀ ਮੁਬਾਰਕ

    ReplyDelete
  7. on Fri 19 October 2012 - 07:23:07 AM Mintu Brar on punjabinewsonline.com

    ਦੋਸਤੋ! ਹੁਣੇ ਹੀ ਬਲਰਾਜ ਸਿੱਧੂ ਯੂ.ਕੇ. ਵੱਲੋਂ ਲਿਖਿਆ ਲੇਖ ^^ਮਿਰਜ਼ਾ ਐਸਾ ਸੂਰਮਾ^^ ਕਿੱਸਾ ਮਿਰਜ਼ਾ ਸਾਹਿਬਾਂ ਇਕ ਅਧਿਐਨ, ਪੜ੍ਹ ਕੇ ਹਟਿਆਂ ਹਾਂ। ਬਲਰਾਜ ਦੀਆਂ ਲਿਖਤਾਂ ਵਿਚੋਂ ਅਕਸਰ ਹੀ ਉਸ ਦੀ ਮਿਹਨਤ ਝਲਕਦੀ ਹੁੰਦੀ ਹੈ। ਉਹ ਅੰਗਰੇਜ਼ ਲੇਖਕਾਂ ਵਾਂਗ ਲਿਖਣ ਤੋਂ ਪਹਿਲਾਂ ਅਧਿਐਨ ^ਚ ਵਿਸ਼ਵਾਸ ਰੱਖਦਾ ਹੈ। ਇਕ ਲੇਖ ਲਿਖਣ ਤੋਂ ਪਹਿਲਾਂ ਉਸ ਵਿਸ਼ੇ ਨਾਲ ਸੰਬੰਧਿਤ ਸਾਰੀਆਂ ਲਿਖਤਾਂ ਪੜ੍ਹਨ ਦੀ ਕੋਸ਼ਿਸ਼ ਕਰਦਾ ਹੈ। ਹਥਲਾ ਲੇਖ ਮਿਰਜ਼ੇ ਪ੍ਰਤੀ ਤੁਹਾਡੀ ਸੋਚ ਬਦਲਣ ਦੀ ਸਮਰੱਥਾ ਰੱਖਦਾ ਹੈ। ਬਲਰਾਜ ਦਲੀਲ ਨਾਲ ਗੱਲ ਕਰਦਾ ਹੈ। ਪਰ ਹੁਣ ਤੱਕ ਮੈਂ ਜਿੰਨੇ ਵੀ ਲੇਖ ਬਲਰਾਜ ਦੇ ਪੜ੍ਹੇ ਹਨ ਉਨ੍ਹਾਂ ਵਿੱਚ ਇੱਕ ਗੱਲ ਸਮਝ ਨਹੀਂ ਆਈ ਕਿ ਉਹ ਪੰਜਾਬੀ ਦੇ ਲੇਖਕਾਂ ਨੂੰ ਬੜੇ ਲੰਮੇ ਹੱਥੀਂ ਕਿਉਂ ਲੈਂਦਾ ਹੈ! ਉਸ ਦੀ ਹਰ ਲਿਖਤ ਵਿਚ ਲੇਖਕਾਂ ਪ੍ਰਤੀ ਸਤਿਕਾਰ ਤਾਂ ਦੂਰ ਦੀ ਗੱਲ ਉਲਟਾ ਉਨ੍ਹਾਂ ਦੀ ਖ਼ੁੰਬ ਠੱਪੀ ਹੁੰਦੀ ਹੈ। ਮੈਨੂੰ ਲਗਦਾ ਇਸ ਪਿੱਛੇ ਦਾ ਕਾਰਨ ਪੰਜਾਬੀ ਲੇਖਕਾਂ ਦਾ ਜ਼ਿਆਦਾ ਆਮਦ ਤੇ ਨਿਰਭਰ ਹੋਣਾ ਲਗਦਾ ਹੈ। ਕਿਉਂਕਿ ਇਸ ਗੱਲ ਨਾਲ ਮੈਂ ਵੀ ਸਹਿਮਤ ਹਾਂ ਕਿ ਸਾਡੇ ਲੇਖਕ ਲਿਖਤ ਨੂੰ ਆਮਦ ਹੋਈ ਕਹਿੰਦੇ ਹਨ। ਨਾ ਕਿ ਕਿਸੇ ਵਿਸ਼ੇ ਦੀ ਤਹਿ ਤੇ ਜਾਣ ਦੀ ਮਿਹਨਤ ਕਰਨ ਦੀ ਖੇਚਲ ਕਰਦੇ ਹਨ। ਪਰ ਇਕ ਗੱਲ ਤੇ ਮੈਂ ਲੇਖਕ ਨਾਲ ਸਹਿਮਤ ਨਹੀਂ ਹਾਂ, ਉਹ ਹੈ ^ਸਤਿਕਾਰ ਦੀ ਭਾਸ਼ਾ ਨਾ ਵਰਤਣਾ^! ਕਈ ਬਾਰ ਲੇਖਕ ਲਿਖਦਾ-ਲਿਖਦਾ ਬਾਬਾ ਫ਼ਰੀਦ, ਬੁੱਲੇ ਸ਼ਾਹ ਜਿਹੇ ਫ਼ਕੀਰਾਂ ਨੂੰ ਵੀ ਨਹੀਂ ਬਖ਼ਸ਼ਦਾ। ਪਰ ਮੈਨੂੰ ਪਤਾ ਕਿ ਬਲਰਾਜ ਕੋਲ ਇਸ ਲਈ ਵੀ ਕੋਈ ਦਲੀਲ ਹੋਵੇਗੀ ਜਿਸ ਨੂੰ ਮੈਂ ਆਉਣ ਵਾਲੇ ਉਸ ਦੇ ਲੇਖ ^ਚ ਪੜ੍ਹ ਸਕਾਂਗਾ। ਆਉਣ ਵਾਲੇ ਵਕਤ ਬਲਰਾਜ ਜਿਹੇ ਲੇਖਕਾਂ ਦੀ ਸਾਡੇ ਪੰਜਾਬੀ ਸਾਹਿੱਤ ਨੂੰ ਬਹੁਤ ਲੋੜ ਹੈ। ਸ਼ਾਲਾ ਬਲਰਾਜ ਦੀ ਕਲਮ ਇੰਝ ਹੀ ਸਿਰਜਣਾ ਕਰਦੀ ਰਹੇ।

    ReplyDelete