ਸ਼ਿੰਦੇ ਦਾ ਰਾਕਟ


-ਬਲਰਾਜ ਸਿੰਘ ਸਿੱਧੂ

ਕੇਰਾਂ ਵੀਕ ਐਂਡ ਜਿਆ ਸੀਗਾ। ਮੈਂ ਤੇ ਸ਼ਿੰਦਾ ਬਰੋਡ ਸਟਰੀਟ ਬ੍ਰਮਿੰਘਮ ਆਲੇ ਨਾਇਟ ਕਲੱਬ ਚੋਂ ਆਈਏ। ਜਦੋਂ ਪਿੰਡ ਕੋਲ ਆਏ ਤਾਂ ਗੋਰਿਆਂ ਦੇ ਗੁਰਦਾਰੇ ਕੋਲ ਪੁਲਸ ਦਾ ਨਾਕਾ ਲੱਗਿਆ ਹੋਇਆ। ਗੱਡੀ ਰੋਕ ਰੋਕ ਕੁਝ ਪੁੱਛਣ ਸਾਰੇ ਡਲੈਵਰਾਂ ਤੋਂ। ਮੈਂ ਸ਼ਿੰਦੇ ਨੂੰ ਪੁੱਛਿਆ, "ਸ਼ਿੰਦਿਆ ਕੋਈ ਕਰਤੂਤ ਤਾਂ ਨ੍ਹੀਂ ਕੀਤੀ ਤੈਂ। ਕੋਈ ਕੁੜੀ ਕਾੜੀ ਛੇੜੀ ਹੋਬੇ?"
"ਨਾ ਕਿੱਥੇ ਯਾਰ ਕਿਸੇ ਗੋਰੀ ਗੂਰੀ ਨੇ ਭਲਾਂ ਮੈਨੂੰ ਛੇੜਿਆ ਹੋਊ।... ਹਾਂ ਯਾਰ ਕਲੱਬ 'ਚ ਇੱਕ ਦੇ ਚੂੰਡੀ ਜਈ ਮਾੜੀ ਜੀ ਵੱਡੀ ਸੀ।"
"ਚੂੰਡੀ ਕਿਉਂ ਵੱਢੀ? ਸਾਲਿਆ ਕੇ. ਪੀ. ਐਸ ਗਿੱਲ ਸੀ ਤੂੰ?"
"ਮੈਂ ਨਾ ਵੱਢਦਾ, ਉਹ ਕਿਸੇ ਹੋਰ ਤੋਂ ਵਢਾ ਲੈਂਦੀ। ਨਾਲੇ ਕੇ. ਪੀ. ਐਸ. ਗਿੱਲ ਨੂੰ ਤਾਂ ਵੱਢਣੀ ਨ੍ਹੀਂ ਆਈ। ਐਵੇਂ ਰੌਲਾ ਪੁਆ ਲਿਆ। ਸਾਡੀ ਵੱਢੀ ਚੂੰਡੀ ਦੀ ਤਾਂ ਅਗਲੀ ਭਾਫ ਨ੍ਹੀਂ ਕੱਢਦੀ।"
ਐਨੇ ਨੂੰ ਭਾਈ ਸਾਡੀ ਗੱਲੀ ਕੋਲ ਆ ਕੇ ਪੁਲਸ ਆਲਾ ਪੁੱਛਣ ਲੱਗ ਪਿਆ, "ਸੋਡੇ ਚੋਂ ਸ਼ਿੰਦਾ ਕਿਹੜੈ ਬਾਈ?"
ਸ਼ਿੰਦਾ ਖੁੱਦੋਂ ਆਗੂੰ ਬੁੜਕ ਕੇ ਗੱਡੀ ਚੋਂ ਬਾਹਰ ਖੜ ਗਿਆ, "ਦਾਸ ਨਹੀਂ ਨਹੀਂ ਹਜ਼ੂਰ ਨੂੰ ਹੀ ਸ਼ਿੰਦਾ ਸ਼ੁਦਾਈ ਕਹਿੰਦੇ ਨੇ ਤੇ ਅਸੀਂ ਤਾਰੀਫ ਦੇ ਮੁਥਾਜ ਨ੍ਹੀਂ।"
ਪੁਲਸ ਆਲੇ ਸ਼ਿੰਦੇ ਦੇ ਪੈਰੀਂ ਪਈ ਜਾਣ, "ਫਟਾਫਟ ਚੱਲ ਔਹ ਲਿਮੋਜ਼ੀਨ ਤੇਰੇ ਲਈ ਲਿਆਂਦੀ ਆ। ਅਸੀਂ ਤਾਂ ਤੈਨੂੰ ਭਰਾਵਾ ਲੱਭ ਲੱਭ ਕਮਲੇ ਹੋਗੇ। ਨਾਸਾ ਆਲਿਆਂ ਦਾ ਤੇਰੇ ਬਿਨਾ ਕੰਮ ਖੜਿਆ ਪਿਆ।"
"ਮੈਂ ਉਨ੍ਹਾਂ ਦੀ ਨਲੀ ਪੂੰਜਣੀ ਆ।... ਬਾਈ ਨਾਸਾਂ ਤਾਂ ਸਭ ਦੇ ਲੱਗੀਆਂ ਹੁੰਦੀਆਂ। ਕੋਈ ਬਿਨਾ ਨਾਸਾਂ ਤੋਂ ਵੀ ਹੁੰਦੈ।"
"ਕੰਜਰਾ ਨਾਸਾਂ ਨ੍ਹੀਂ। ਇਹ ਨਾਸਾ ਆਲਿਆਂ ਦੀ ਗੱਲ ਕਰਦੇ ਆ। ਉਹ ਵਿਗਿਆਨੀ ਜੇ ਜਿਹੜੇ ਰੌਕਟ ਸਾਇੰਸ ਦੇ ਮਾਹਰ ਹੁੰਦੇ ਆ। ਖੋਜਾਂ ਖੂਜਾਂ ਕਰਦੇ ਆ। ਤੈਨੂੰ ਚੰਨ ਦੀ ਮੈਂ ਸੈਰ ਕਰਵਾਂ, ਨੀ ਰੂਸ ਦੇ ਰਾਕਟ 'ਤੇ ਗਾਣਾ ਨ੍ਹੀਂ ਸੁਣਿਐ। ਉਹ ਰਾਕਟ ਬਣਾਉਣ ਆਲੇ ਮਿਸਤਰੀ ਆ ਸ਼ਿੰਦਿਆ ਨਾਸਾ ਵਾਲੇ।"
"ਉਨ੍ਹਾਂ ਨੇ ਕੁੜੀ ਦਾ ਰਿਸ਼ਤਾ ਕਰਨੈ ਮੈਨੂੰ।"
ਪੁਲਸ ਆਲੇ ਕਹਾਲੇ ਪਈ ਜਾਣ ਤੇ ਘਨੇੜਿਆ ਤੇ ਚੱਕ ਕੇ ਸਿੰਦੇ ਨੂੰ ਨਾਸਾ ਆਲਿਆ ਕੋਲੋ ਮਰੀਕਾ ਨੂੰ ਲੈ'ਗੇ। ਸ਼ਿੰਦਾ ਜਾਂਦਾ ਈ ਪੁੱਛਦੈ, "ਕੀ ਕੰਮ ਆ?"
"ਭਰਾਵਾਂ ਅਸੀਂ ਬਹੁਤ ਖਰਚਾ ਕਰਕੇ ਆਹਾ ਰੌਕਿਟ ਬਣਾਇਆ ਸੀ ਚੰਦ ਤੇ ਭੇਜਣ ਨੂੰ। ਇਹ ਹੁਣ ਉੱਡਦਾ ਨ੍ਹੀਂ। ਕਰ ਇਹਦਾ ਕੁਸ਼।" ਨਾਸਾ ਆਲੇ ਸ਼ਿੰਦੇ ਦੇ ਦੁਆਲੇ ਹੱਥ ਜੋੜ ਕੇ ਖੜ'ਗੇ। ਸ਼ਿੰਦਾ ਕਹਿੰਦਾ , "ਇਹਦਾ ਤਾਂ ਪਿਉ ਵੀ ਉੱਡੂ। ਪਰ ਪਹਿਲਾਂ ਘਰ ਦੀ ਕੱਢੀ ਬੋਤਲ ਲਿਆਉ।"
ਉਹਨਾਂ ਨੇ ਮਕਾਲਨ ਵਿਸਕੀ ਦੀ ਬੋਤਲ ਤੇ ਕਾਜੂ ਕੁਜੂ ਜਿਹੇ ਸ਼ਿੰਦੇ ਮੂਹਰੇ ਟਿਕਾ ਤੇ। ਸ਼ਿੰਦੇ ਨੇ ਨਾਲੇ ਦੋ ਕੁ ਪੈੱਗ ਮਾਰੇ , ਨਾਲੇ ਲਲਕਾਰਾ ਮਾਰ ਕੇ ਜਦੋਂ ਬੁਰੱਰਰਰਰਰਰਾਅ ਕੀਤੀ ਨਾਸਾ ਆਲੇ ਕੰਬਣ ਲੱਗ'ਪੇ। ਸ਼ਿੰਦਾ ਕਹਿੰਦਾ ਦਿਖਾਓ ਕਿਹੜਾ ਰਾਕਟ ਆ ਥੋਡਾ ਜਿਹੜਾ ਉੱਡਦਾ ਨ੍ਹੀਂ। ਉਹ ਰੌਕਿਟ ਕੋਲ ਲੈ ਗਏ। ਸ਼ਿੰਦਾ ਰੌਕਿਟ ਦੀ ਪ੍ਰਕਰਮਾ ਕਰਕੇ ਉਹਨਾਂ ਨੂੰ ਕਹਿੰਦੈ, "ਲੈ ਬਈ ਸਟੈਂਡ ਤੋਂ ਲਾਹ ਕੇ ਇਹਨੂੰ ਮੇਰੇ ਮੂਹਰੇ ਲੰਮਾ ਪਾ'ਦੋ।"
ਉਹਨਾਂ ਨੇ ਉਵੇਂ ਕੀਤਾ। ਰੌਕਿਟ ਸਟੈਂਡ ਤੋਂ ਲਾਹਿਆ ਤੇ ਸ਼ਿੰਦੇ ਮੂਹਰੇ ਟੇਡਾ ਕਰਕੇ ਰੱਖ ਦਿੱਤਾ। ਦੋ ਕੁ ਮਿੰਟ ਬਾਅਦ ਸ਼ਿੰਦਾ ਕਹਿੰਦਾ, "ਲੈ ਹੁਣ ਇਹਨੂੰ ਓਕਣੇ ਟੰਗਦੋ।"
ਉਹਨਾਂ ਨੇ ਕੜਾ ਕਰਕੇ ਸਟੇਂਡ ਤੇ ਪਹਿਲਾਂ ਵਾਂਗ ਲਾ ਦਿੱਤਾ। ਸ਼ਿੰਦਾ ਕਹਿੰਦੈ, "ਲੈ ਹੁਣ ਬਾਬੇ ਦਾ ਨਾਂ ਲੈ ਕੇ ਜਿਵੇਂ ਇਹਨੂੰ ਸਟਾਰਟ ਕਰਦੇ ਹੁੰਨੇ ਓ ਓਕਣ ਕਰਕੇ ਦੇਖੋ। ਉੱਡ'ਜੂ।"
ਉਹਨਾਂ ਨੇ ਬਟਨ ਦੱਬ ਕੇ ਕਾਉਂਟ ਡਾਉਨ ਯਾਨੀ ਪੁੱਠੀ ਗਿਣਤੀ ਸ਼ੁਰੂ ਕਰ'ਤੀ, "10…9…8..."
ਜਦੋਂ ਗਿਣਤੀ ਸਿਰਫ ਤੇ ਆਈ ਸਾਡੇ ਪਿੰਡ ਆਲੇ ਅਮਲੀ ਮਾਸਟਰ ਦੀ ਕਰ ਆਂਗੂੰ ਫਰਾਟਾ ਜਿਹਾ ਮਾਰ ਕੇ ਰੌਕਿਟ ਨੇ ਧੂੰਆਂ ਕੱਢਿਆ ਤੇ ਬੱਦਲਾਂ ਨੂੰ ਬਾਰ੍ਹਾਂ ਬੋਰ ਦੀ ਦੇ ਫਾਇਰ ਆਂਗੂੰ ਪਾੜ ਪਾਉਂਦਾ ਠਾਹ ਚੰਦ 'ਤੇ ਪਹੁੰਚ ਗਿਆ। ਰੌਕਿਟ ਪਤੰਦਰ ਨੇ ਤਾਂ ਸੂਰਜ ਕੋਲੇ ਕੜ੍ਹਕੇ ਸਾਹ ਵੀ ਨ੍ਹੀਂ ਲਿਆ। ਨਾਸਾ ਆਲੇ ਭਾਈ ਹੈਰਾਨ ਬਈ ਸਾਡੇ ਵਿਗਿਆਨੀ ਮੱਥਾ ਮਾਰ ਕੇ ਕਮਲੇ ਹੋਗੇ। ਉਹਨਾਂ ਤੋਂ ਗੱਲ ਨ੍ਹੀਂ ਬਣੀ। ਸ਼ਿੰਦੇ ਨੇ ਤਾਂ ਹੱਥ ਲਾ ਕੇ ਨ੍ਹੀਂ ਸੀ ਦੇਖਿਆ ਤੇ ਰੌਕਿਟ ਕਿਮੇਂ ਉੱਡਾਤਾ। ਉਹ ਕਹਿੰਦੇ, "ਸ਼ਿੰਦਿਆ ਡਾਲਰ ਜਿੰਨੇ ਮਰਜ਼ੀ ਲੈ'ਲੀ 'ਕੇਰਾਂ ਦੱਸਦੇ ਤੈਂ ਜਾਦੂ ਕੀ ਮਾਰਿਆ?"
ਸ਼ਿੰਦਾ ਪਕੌੜੀਆਂ ਚੋਂ ਮੂਫਲੀ ਦੇ ਦਾਣੇ ਚੁਗਦਾ ਹੋਇਆ ਕਹਿਣ ਲੱਗਾ, "ਜਾਦੂ ਜੁਦੂ ਤਾਂ ਕਾਹਦੈ ਬਾਈ। ਸਾਡੇ ਪਿੰਡਾਂ ਕਨੀ ਤਾਂ ਏਕਣ ਈ ਕਰਦੇ ਹੁੰਦੇ ਆ। ਜਦੋਂ ਸਕੈਟਰ ਸਟਾਰਟ ਨਾ ਹੁੰਦਾ ਹੋਬੇ। ਮਾੜਾ ਜਿਹਾ ਟੇਢਾ ਕਰ ਲਈਦੈ ਤੇ ਕਿੱਕ ਮਾਰੀਦੀ ਆ। ਸਟਾਰਟ ਹੋ ਜਾਂਦਾ। ਉਹੀ ਮੈਂ ਥੋਡੇ ਰਾਕਟ ਨਾਲ ਕੀਤਾ। ਟੇਢਾ ਕਰਿਆ ਆਪੇ ਸਟਾਰਟ ਹੋ ਗਿਐ। ਬੁਰੱਰਰਰਰਰਅ!"

No comments:

Post a Comment