-ਬਲਰਾਜ ਸਿੰਘ ਸਿੱਧੂ
14 ਫਰਵਰੀ ਨੂੰ ਵੈਲਨਟਾਇਨ ਦਿਵਸ ਦੇ ਰੂਪ ਵਿੱਚ ਦੁਨੀਆਂ ਭਰ ਵਿੱਚ ਪ੍ਰੇਮੀਆਂ ਦੇ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਆਧੁਨਿਕ ਦੌਰ ਵਿੱਚ ਪ੍ਰੇਮੀ ਅਤੇ ਪ੍ਰੇਮਿਕਾਵਾਂ ਆਪਣੇ ਸਾਥੀ ਨੂੰ ਇਸ ਦਿਨ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੇ ਅਤੇ ਤੋਹਫਿਆਂ ਅਤੇ ਪ੍ਰੇਮ ਪੱਤਰਾਂ ਦਾ ਅਦਾਨ-ਪ੍ਰਦਾਨ ਕਰਿਆ ਕਰਦੇ ਹਨ।
ਵੈਲਨਟਾਇਨ ਸ਼ਬਦ ਦਾ ਨਿਕਾਸ ਲਤੀਨੀ (Latin) ਭਾਸ਼ਾ ਦੇ ਸ਼ਬਦ ਵੈਲਨਟੀਨਸ (Valentinus) ਤੋਂ ਹੋਇਆ ਹੈ। ਜਿਸ ਦੇ ਅੱਖਰੀ ਅਰਥ ਤਾਕਤਵਰ ਜਾਂ ਜਿਗਰੇ ਵਾਲਾ ਹੁੰਦਾ ਹੈ। ਇਹ ਸ਼ਬਦ ਦੂਜੀ ਤੋਂ ਤੀਜੀ ਸ਼ਤਾਬਦੀ ਦਰਮਿਆਨ ਜ਼ਿਆਦਾ ਮਕਬੂਲ ਹੋਇਆ ਸੀ। ਵੈਲਨਟਾਇਨ ਦਿਹਾੜੇ ਦਾ ਇਤਿਹਾਸ ਸੰਤ ਵੈਲਨਟਾਇਨ ਨਾਲ ਜੋੜਿਆ ਜਾਂਦਾ ਹੈ। ਰੋਮਨੀ ਮਿਥਿਹਾਸ ਅਤੇ ਇਤਿਹਾਸ ਵਿੱਚ ਅਨੇਕਾਂ ਹੀ ਸੰਤ ਵੈਲਨਟਾਇਨ ਹੋਏ ਹਨ। ਕੁਝ ਰੋਮਨ ਪੋਪ (ਰੋਮਨ ਕੈਥੋਲਿਕ ਮਤ ਦਾ ਧਰਮ ਗੁਰੂ) ਅਤੇ ਬਿਸ਼ਪ (ਧਰਮ ਅਧਿਅਕਸ਼) ਵੀ ਹੋਏ ਹਨ। ਵੈਲਨਟਾਇਨ ਦਾ ਸੰਬੰਧ ਜਿਸ ਸੰਤ ਵੈਲਨਟਾਇਨ ਨਾਲ ਜੁੜਦਾ ਹੈ, ਉਹ ਰੋਮ ਦਾ ਵਸਨੀਕ ਸੀ। ਰੋਮਨ ਸ਼ਾਸਕ ਮਾਰਕੁਸਯੂਰਲੀਅਸ ਕਲਾਊਡਸ ਦੂਜਮ (Marcus Aurelius Claudius 'Gothicus' (10 May 214 – January 270), also known as Claudius II, was Roman emperor from 268 to 270. During his reign he fought successfully against the Alemanni and decisively defeated the Goths at the Battle of Naissus.) ਦੇ ਰਾਜ ਸਮੇਂ ਸ਼ਾਹੀ ਸੈਨਿਕਾਂ ਨੂੰ ਵਿਆਹ ਕਰਵਾਉਣ ਦੀ ਆਗਿਆ ਨਹੀਂ ਸੀ, ਕਿਉਂਕਿ ਰਾਜੇ ਦਾ ਮੰਨਣਾ ਸੀ ਕਿ ਘਰ-ਗ੍ਰਹਿਸਥੀ ਦੇ ਬੰਧਨਾਂ ਤੋਂ ਮੁਕਤ ਵਿਅਕਤੀ ਹੀ ਵਧੀਆ ਸੈਨਿਕ ਸੇਵਾਵਾਂ ਦੇ ਸਕਦੇ ਹਨ ਤੇ ਫੌਜ ਨੂੰ ਪੂਰਨ ਰੂਪ ਵਿੱਚ ਸਮਰਪਿਤ ਹੋ ਸਕਦੇ ਹਨ। ਸੰਤ ਵੈਲਨਟਾਇਨ ਨੇ ਇਸ ਨੂੰ ਕੁਦਰਤ ਦੇ ਨਿਯਮਾਂ ਦੇ ਉੱਲਟ ਘੋਸ਼ਿਤ ਕਰਦਿਆਂ ਅਨੇਕਾਂ ਸੈਨਿਕਾਂ ਦੇ ਗੁਪਤ ਵਿਆਹ ਕਰਵਾਏ ਸਨ। ਹੁਕਮਰਾਨ ਨੂੰ ਇਸ ਗੱਲ ਦਾ ਪਤਾ ਲੱਗਣ ’ਤੇ ਸੰਤ ਵੈਲਨਟਾਇਨ ਨੂੰ ਕੁਝ ਦੇਰ ਕੈਦ ਵਿੱਚ ਰੱਖਣ ਉਪਰੰਤ 269 ਈਸਵੀ ਵਿੱਚ ਸਜ਼ਾ-ਏ-ਮੌਤ ਦੇ ਦਿੱਤੀ ਗਈ ਸੀ।
ਇੱਕ ਹੋਰ ਪ੍ਰਚਲਤ ਰੋਮਨੀ ਕਥਾਵਾਂ ਅਨੁਸਾਰ ਸੰਤ ਵੈਲਨਟਾਇਨ ਇੱਕ ਧਰਮ ਗੁਰੂ ਹੋਣ ਦੇ ਨਾਲ ਨਾਲ ਵਧੀਆ ਉਪਚਾਰਕ ਵੀ ਸੀ। ਉਹ ਕੈਦਖਾਨਿਆਂ ਵਿੱਚ ਬਿਮਾਰ ਕੈਦੀਆਂ ਦਾ ਉਪਚਾਰ ਕਰਨ ਜਾਂਦਾ ਹੁੰਦਾ ਸੀ ਤੇ ਉਸਨੇ ਕੁਝ ਕੈਦੀਆਂ ਨੂੰ ਕੈਦ ਵਿੱਚੋਂ ਭਜਾਇਆ ਸੀ, ਜਿਸ ਕਰਕੇ ਉਸਨੂੰ ਜ਼ੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ।
ਸੰਤ ਵੈਲਨਟਾਇਨ ਨੇ ਜ਼ੇਲ੍ਹਰ ਦੀ ਅੰਨੀ ਬੇਟੀ ਦੀਆਂ ਅੱਖਾਂ ਦਾ ਇਲਾਜ ਕਰਕੇ ਉਸਨੂੰ ਮੁੜ ਰੋਸ਼ਨੀ ਪ੍ਰਦਾਨ ਕੀਤੀ ਸੀ। ਉਹ ਲੜਕੀ ਸੰਤ ਵੈਲਨਟਾਇਨ ਨੂੰ ਮੁਹੱਬਤ ਕਰਨ ਲੱਗ ਪਈ ਸੀ ਤੇ ਜ਼ੇਲ੍ਹ ਵਿੱਚ ਅਕਸਰ ਉਸਨੂੰ ਮਿਲਣ ਜਾਇਆ ਕਰਦੀ ਸੀ। ਸੰਤ ਵੈਲਨਟਾਇਨ ਨੇ ਆਪਣੀ ਪ੍ਰੇਮਿਕਾ ਨੂੰ ਅਨੇਕਾਂ ਪ੍ਰੇਮ-ਪੱਤਰ ਲਿੱਖੇ ਸਨ। ਫਾਂਸੀ ਲੱਗਣ ਵਾਲੇ ਦਿਨ ਸੰਤ ਵੈਲਨਟਾਇਨ ਨੇ ਆਪਣੀ ਪ੍ਰੇਮਿਕਾ ਨੂੰ ਲਿੱਖੇ ਖਤ ਵਿੱਚ ਕੇਵਲ ਇਹ ਹੀ ਲਿੱਖਿਆ ਸੀ, “ਵੱਲੋਂ ਤੇਰਾ ਵੈਲਨਟਾਇਨ”। ਸੰਤ ਵੈਲਨਟਾਇਨ ਦੀ ਮਿ੍ਰਤਕ ਦੇਹ ਨੂੰ ਕੈਟਾਕੌਂਭ, ਰੋਮ ਵਿਖੇ ਦਫਨਾ ਦਿੱਤਾ ਗਿਆ ਸੀ। ਸੰਤ ਵੈਲਨਟਾਇਨ ਦੀ ਖੋਪੜੀ ਸੈਂਟਾ ਮਾਰੀਆ ਬੈਸਲਿਕਾ ਗਿਰਜ਼ਾਘਰ, ਰੋਮ ਵਿਖੇ ਅੱਜ ਵੀ ਸਸ਼ੋਭਿਤ ਹੈ ਤੇ ਬਾਕੀ ਹਿੱਸੇ ਕਬਰ ਵਿੱਚੋਂ ਅਠਾਵੀਂ ਸਦੀ ਵਿੱਚ ਕੱਢ ਕੇ ਇੰਗਲੈਂਡ, ਸਕਾਟਲੈਂਡ, ਆਇਰਲੈਂਡ, ਫਰਾਂਸ ਅਤੇ ਚੱੈਖ ਰਿਪਬਲਿਕ ਵਿਖੇ ਦਫਨ ਕਰ ਦਿੱਤੇ ਗਏ ਸਨ।
ਵੈਲਨਟਾਇਨ ਦੇ ਦਿਹਾੜੇ ਨੂੰ ਰੋਮਨਾਂ ਦੇ ਸਮੇਂ ਤੋਂ ਚੱਲਦੇ ਲੂਪਰਕੇਲੀਆ ਭੋਜ ਉਤਸਵ ਨਾਲ ਵੀ ਜੋੜਿਆ ਜਾਂਦਾ ਹੈ। ਲੂਪਰਕੇਲੀਆ ਰੋਮਨਾਂ ਦੇ ਖੇਤੀਬਾੜੀ ਦੇ ਦੇਵਤਾ ਫਾਨੁੱਸ ਨੂੰ ਖੁਸ਼ ਕਰਨ ਲਈ ਮਨਾਇਆ ਜਾਂਦਾ ਸੀ। ਪੁਰਾਤਨ ਰੋਮਨੀ ਕਿਸਾਨ ਆਪਣੀ ਫਸਲਬਾੜੀ ਦੀ ਆਮਦਨ ਨਾਲ ਇੱਕ ਸਮੂਹਿਕ ਭੋਜ ਉਤਸਵ ਕਰਦੇ ਸਨ, ਜਿਵੇਂ ਸਾਡੇ ਪੰਜਾਬ ਵਿੱਚ ਕਦੇ ਵਿਸਾਖੀ ਮਨਾਈ ਜਾਂਦੀ ਸੀ। ਇਸੇ ਭੋਜ ਉਤਸਵ ਵਿੱਚ ਉਹ ਆਪਣੇ ਲੜਕੇ ਅਤੇ ਲੜਕਿਆਂ ਦੇ ਰਿਸ਼ਤੇ ਵਰ ਅਤੇ ਵਧੂ ਚੁਣ ਕੇ ਤੈਅ ਕਰਿਆ ਕਰਦੇ ਸਨ।
496 ਈਸਵੀ ਵਿੱਚ ਰੋਮਨ ਧਰਮ ਗੁਰੂ ਗੈਲਾਸੀਅਸ ਪ੍ਰਥਮ ਨੇ ਵੈਲਨਟਾਇਨ ਨੂੰ ਮਹਿਜ਼ ਸਮੂਹਿਕ ਭੋਜ ਵਜੋਂ ਮਨਾਏ ਜਾਣ ਦਾ ਆਦੇਸ਼ ਦਿੱਤਾ ਸੀ ਤੇ ਹੁਕਮ ਕੀਤਾ ਸੀ ਕਿ ਇਹ ਦਿਵਸ ਪ੍ਰੇਮੀ ਦਿਵਸ ਵਜੋਂ ਨਾ ਮਨਾਇਆ ਜਾਵੇ।
ਵੈਲਨਟਾਇਨ ਦਿਹਾੜੇ ਨੂੰ ਪ੍ਰੇਮੀ ਦਿਵਸ ਵਜੋਂ ਮਨਾਉਣ ਦੀ ਪ੍ਰਥਾ 1375 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਜ਼ੈਫਰੀ ਚੌਸਰ ਦੀ ਕਵਿਤਾ (Parliament of Foules, “For this was sent on Seynt Valentyne’s day / Whan every foul cometh ther to choose his mate.”) ਤੋਂ ਬਾਅਦ ਹੋਈ ਇਸ ਕਵਿਤਾ ਵਿੱਚ ਉਸਨੇ ਵਰਣਨ ਕੀਤਾ ਸੀ ਕਿ ਇਸ ਦਿਨ ਪੰਛੀ ਆਪਣੇ ਸਾਥੀ ਚੁਣਦੇ ਹਨ।
1800 ਈਸਵੀ ਇਸ ਸ਼ੁਭ ਦਿਨ ਕਾਰਡ ਦੇਣ ਦਾ ਪ੍ਰਚਲਨ ਆਰੰਭ ਹੋ ਗਿਆ ਸੀ ਤੇ 1913 ਵਿੱਚ ਕਾਰਡ ਛਾਪਕ ਹਾਲਮਾਰਕ ਨੇ ਇਸ ਨੂੰ ਚਰਮਸੀਮਾ ਤੱਕ ਲਿਜਾ ਕੇ ਰੀਤ ਬਣਾ ਦਿੱਤਾ ਸੀ। ਵੈਲਨਟਾਇਨ ਕਾਰਡਾਂ ਉੱਪਰ ਇੱਕ ਨਿਆਣੇ ਦੇ ਹੱਥ ਵਿੱਚ ਤੀਰ ਅਤੇ ਉਸਦੀ ਪਿੱਠਭੂਮੀ ’ਤੇ ਦਿਲ ਬਣਿਆ ਤੁਸੀਂ ਅਕਸਰ ਦੇਖਦੇ ਹੋ। ਉਹ ਨਿਆਣਾ ਰੋਮਨ ਪ੍ਰੇਮ ਦੀ ਦੇਵੀ ਵਿਨੀਸ ਅਤੇ ਜੰਗ ਦੇ ਦੇਵਤਾ ਮਾਰਜ਼ ਦਾ ਪੁੱਤਰ ਕਿਊਪਿੱਡ ਹੈ। ਉਸਦੇ ਹੱਥ ਫੜਿਆ ਤੀਰ ਪਿਆਰ ਦਾ ਨਿਸ਼ਾਨ ਅਤੇ ਜਿਸਨੂੰ ਅਸੀਂ ਦਿਲ ਕਹਿੰਦੇ ਹਾਂ, ਦਰਅਸਲ ਉਹ ਉਸਦੀ ਢਾਲ ਹੈ। ਯੂਨਾਨੀ ਮਿਥਿਹਾਸ ਕਿਊਪਿੱਡ ਨੂੰ ਯੂਨਾਨੀ ਪਿਆਰ ਦੇ ਦੇਵਤੇ ਇਰੋਸ ਦਾ ਪੁੱਤਰ ਦੱਸਦੀ ਹੈ।
ਰੋਮਨ ਪਿਆਰ ਦੀ ਦੇਵੀ ਵਿਨੀਸ ਨੂੰ ਗੁਲਾਬ ਪਸੰਦ ਹੋਣ ਕਰਕੇ ਸਵੀਡਨ ਦੇ ਰਾਜਾ ਚਾਰਲਸ ਦੂਜ਼ਮ ਨੇ ਇਸ ਦਿਨ ਫੁੱਲਾਂ ਨੂੰ ਪਿਆਰ ਦੀ ਭਾਸ਼ਾ ਆਖ ਕੇ ਗੁਲਾਬ ਦੇ ਫੱਲਾਂ ਦੇ ਅਦਾਨ-ਪ੍ਰਦਾਨ ਦੀ ਪ੍ਰਥਾ ਤੋਰੀ ਸੀ। ਅਜੋਕੇ ਦੌਰ ਵਿੱਚ ਇਸ ਪਵਿੱਤਰ ਦਿਹਾੜੇ ਦੀ ਆੜ ਵਿੱਚ ਮਨਚਲੇ ਆਸ਼ਿਕਾਂ ਵੱਲੋਂ ਕੁੜੀਆਂ ਨੂੰ ਛੇੜਨ ਦਾ ਪ੍ਰਚਲਨ ਵੀ ਹੁੰਦਾ ਹੈ। ਯਾਦ ਰਹੇ ਇਹ ਵਲੀਆਂ ਦਾ ਦਿਨ ਹੈ, ਵੈਲੀਆਂ ਦਾ ਨਹੀਂ!
ਵੈਲਨਟਾਇਨ ਦਿਵਸ ਮਨੁੱਖਤਾ ਲਈ ਸ਼ਹੀਦ ਹੋਣ ਵਾਲੇ ਸੰਤ ਵੈਲਨਟਾਇਨ ਦੀ ਸ਼ਹਾਦਤ ਨੂੰ ਯਾਦ ਰੱਖਣ ਦਾ ਦਿਹਾੜਾ ਹੈ।
No comments:
Post a Comment