-ਬਲਰਾਜ ਸਿੰਘ ਸਿੱਧੂ, ਯੂ. ਕੇ.
ਸ਼ਾਹਜਹਾਨ ਦੇ ਦਰਬਾਰ ਦੀ ਹਿੰਦੂ ਨਾਚੀ ਗੌਤਮੀ ਨੂੰ ਮੀਨਾ ਬਜ਼ਾਰ ਵਿੱਚ ਸ਼ਹਿਜ਼ਾਦਾ ਦਾਰਾ ਸ਼ਿਕੋਅ ਅਤੇ ਸ਼ਹਿਜ਼ਾਦਾ ਔਰੰਗਜ਼ੇਬ ਦੇਖਦੇ ਹਨ ਤਾਂ ਦੋਨੋਂ ਹੀ ਉਸ 'ਤੇ ਫਿਦਾ ਹੋ ਜਾਂਦੇ ਹਨ। ਦਾਰਾ ਸ਼ਿਕੋਅ ਦੀਆਂ ਧਾਰਮਿਕ ਰੂਚੀਆਂ ਤੋਂ ਪ੍ਰਭਾਵਿਤ ਹੋ ਕੇ ਗੌਤਮੀ ਦਾਰੇ ਵੱਲ ਖਿੱਚੀ ਜਾਂਦੀ ਹੈ। ਇਸ ਦਾ ਦੂਜਾ ਕਾਰਨ ਇਹ ਵੀ ਸੀ ਕਿ ਦਾਰਾ ਸ਼ਾਹਜਹਾਨ ਦਾ ਗਰਦਾਨਿਆ ਹੋਇਆ ਵਲੀ ਅਹਿਦ ਸੀ ਭਾਵ ਰਾਜਗੱਦੀ ਦਾ ਅਗਲਾ ਵਾਰਿਸ। ਹਿੰਦੁਸਤਾਨ ਦਾ ਹੋਣ ਵਾਲਾ ਨਵਾਂ ਬਾਦਸ਼ਾਹ। ਗੌਤਮੀ ਦਾਰੇ ਦੇ ਹਰਮ ਦਾ ਹਿੱਸਾ ਬਣ ਜਾਂਦੀ ਹੈ। ਔਰੰਗੇਜ਼ਬ ਆਪਣੇ ਪਿਤਾ ਸ਼ਾਹਜਹਾਨ ਨੂੰ ਕੈਦ ਕਰਕੇ ਬਗਾਵਤ ਕਰ ਦਿੰਦਾ ਹੈ। ਮੁਗਲੀਆ ਸ਼ਾਹੀ ਪਰਿਵਾਰ ਵਿੱਚ ਖੂਨੀ ਜੰਗ ਆਰੰਭ ਹੋ ਜਾਂਦੀ ਹੈ। ਔਰੰਗਜ਼ੇਬ ਤੇਰਾਂ ਸਾਲ ਦੀ ਉਮਰ ਵਿੱਚ ਆਪਣੇ ਪਿਉ ਤੋਂ ਤੋਹਫੇ ਵਿੱਚ ਮਿਲੀ ਆਲਮਗੀਰੀ ਤਲਵਾਰ ਮਿਆਨ ਵਿੱਚੋਂ ਕੱਢ ਕੇ ਭਰਾ ਦਾਰਾ ਸ਼ਿਕੋਅ, ਜਹਾਨਆਰਾ ਭੈਣ ਦੇ ਪਤੀ ਤੇ ਹੋਰ ਅਨੇਕਾਂ ਰਿਸ਼ਤੇਦਾਰਾਂ ਦੇ ਖੂਨ ਨਾਲ ਰੰਗ ਕੇ ਹਿੰਦੁਸਤਾਨ ਦੇ ਸ਼ਾਹੀ ਤਖਤ ਉੱਪਰ ਆਲਮਗੀਰ ਬਣ ਕੇ ਬੈਠ ਜਾਂਦਾ ਹੈ। ਸ਼ਾਹਜਹਾਨ ਅਤੇ ਦਾਰੇ ਦੇ ਹਰਮ ਦੀਆਂ ਸਾਰੀਆਂ ਔਰਤਾਂ ਔਰੰਗਜ਼ੇਬ ਦੇ ਹਰਮ ਵਿੱਚ ਚਲੀਆਂ ਜਾਂਦੀਆਂ ਹਨ, ਸਿਵਾਏ ਗੌਤਮੀ ਦੇ।
ਆਲਮਗੀਰ ਔਰੰਗਜ਼ੇਬ ਗੌਤਮੀ ਨੂੰ ਆਪਣੇ ਹਰਮ ਦੀ ਸ਼ਾਨ ਬਣਨ ਲਈ ਨਜ਼ਾਰਾਨਾ ਭੇਜਦਾ ਹੈ। ਗੌਤਮੀ ਠੁਕਰਾ ਦਿੰਦੀ ਹੈ ਤੇ ਸਵਾਲ ਲਿਖ ਕੇ ਭੇਜਦੀ ਹੈ ਕਿ ਔਰੰਗਜ਼ੇਬ ਉਸਨੂੰ ਕਿਉਂ ਚਾਹੁੰਦਾ ਹੈ। ਜੁਆਬ ਵਿੱਚ ਔਰੰਗਜ਼ੇਬ ਗੌਤਮੀ ਦੇ ਹੁਸਨ ਦੀ ਤਾਰੀਫ ਵਿੱਚ ਸ਼ਾਇਰੀ ਲਿੱਖ ਕੇ ਭੇਜਦਾ ਹੈ। ਵਰਣਨਯੋਗ ਹੈ ਕਿ ਔਰੰਗਜ਼ੇਬ ਬਹੁਤ ਵਧੀਆ ਸ਼ਾਇਰ ਅਤੇ ਸਿਤਾਰਵਾਦਕ ਸੀ। ਔਰੰਗਜ਼ੇਬ ਵੱਲੋਂ ਲਿਖੀ ਸ਼ਾਇਰੀ ਵਿੱਚ ਗੌਤਮੀ ਦੇ ਹੁਸਨ ਦੀ ਸਿਰ ਤੋਂ ਪੈਰਾਂ ਤੱਕ ਤਾਰੀਫ ਲਿਖੀ ਗਈ ਹੁੰਦੀ ਹੈ। ਗੌਤਮੀ ਫੇਰ ਸਵਾਲ ਕਰਦੀ ਹੈ ਕਿ ਕੋਈ ਇੱਕ ਅੰਗ ਲਿਖੋ ਜੋ ਤੁਹਾਨੂੰ (ਔਰੰਗਜ਼ੇਬ ਨੂੰ) ਸਭ ਤੋਂ ਸੋਹਣਾ ਲੱਗਦਾ ਹੈ।
ਔਰੰਗਜ਼ੇਬ ਗੌਤਮੀ ਦੇ ਲੰਮੇ ਵਾਲਾ ਦੀ ਸਿਫਤ ਕਰਦਾ ਹੈ। ਗੌਤਮੀ ਆਪਣੇ ਸਿਰ ਦੇ ਸਾਰੇ ਵਾਲ ਮੁਨਵਾ ਕੇ ਔਰੰਗਜ਼ੇਬ ਨੂੰ ਭੇਜ ਦਿੰਦੀ ਹੈ। ਔਰੰਗਜ਼ੇਬ ਦੀ ਤਸੱਲੀ ਨਹੀਂ ਹੁੰਦੀ। ਉਹ ਗੌਤਮੀ ਨੂੰ ਸੰਦੇਸ਼ ਭੇਜਦਾ ਹੈ ਕਿ ਉਹ ਗੌਤਮੀ ਦੇ ਜਿਸਮ ਦੇ ਹਰ ਅੰਗ ਉੱਪਰ ਆਪਣਾ ਨਾਮ ਲਿਖਣਾ ਚਾਹੁੰਦਾ ਹੈ। ਗੌਤਮ ਰਾਤ ਨੂੰ ਔਰੰਗਜ਼ੇਬ ਕੋਲ ਜਾਂਦੀ ਹੈ ਤੇ ਆਪਣੇ ਸਾਰੇ ਵਸਤਰ ਉਤਾਰ ਕੇ ਉਸ ਮੁਹਰੇ ਅਲਫ ਨਗਨ ਲੇਟ ਜਾਂਦੀ ਹੈ। ਉਹ ਔਰੰਗੇਜ਼ ਨੂੰ ਆਪਣੀ ਹਸਰਤ ਪੂਰੀ ਕਰਨ ਲਈ ਆਖਦੀ ਹੈ ਤੇ ਨਾਲ ਸ਼ਰਤ ਰੱਖਦੀ ਹੈ ਕਿ ਉਹ ਗੌਤਮੀ ਦੇ ਸ਼ਰੀਰ ਦੇ ਕਿਸੇ ਅੰਗ ਨੂੰ ਹੱਥ ਨਹੀਂ ਲਾਵੇਗਾ। ਔਰੰਗਜ਼ੇਬ ਪੂਰੀ ਰਾਤ ਮੋਰ ਦੇ ਖੰਬ ਦੀ ਕਲਮ ਨਾਲ ਗੌਤਮੀ ਦੇ ਬਦਨ ਉੱਪਰ ਆਪਣਾ ਨਾਮ ਲਿਖਦਾ ਰਹਿੰਦਾ ਹੈ।
ਕੁਝ ਦਿਨਾਂ ਬਾਅਦ ਔਰੰਗਜ਼ੇਬ ਨੂੰ ਗੌਤਮੀ ਦੀ ਫੇਰ ਤਲਬ ਹੁੰਦੀ ਹੈ। ਉਹ ਉਸ ਨੂੰ ਆਪਣੇ ਹਰਮ ਦੀ ਜੀਨਤ ਬਣਨ ਲਈ ਦੁਬਾਰਾ ਪੇਸ਼ਕਸ਼ ਭੇਜਦਾ ਹੈ। ਗੌਤਮੀ ਫੇਰ ਪ੍ਰਸ਼ਨ ਕਰਦੀ ਹੈ ਕਿ ਔਰੰਗਜ਼ੇਬ ਨੂੰ ਉਸਦਾ ਕੀ ਸੋਹਣਾ ਲੱਗਦਾ ਹੈ। ਔਰੰਗਜ਼ੇਬ ਸੁਨੇਹਾ ਭੇਜਦਾ ਹੈ ਕਿ ਉਸਨੂੰ ਗੌਤਮੀ ਦਾ ਚਿਹਰਾ ਬਹੁਤ ਖੂਬਸੁਰਤ ਲੱਗਦਾ ਹੈ। ਗੌਤਮੀ ਖੰਜ਼ਰ ਲੈ ਕੇ ਔਰੰਗਜ਼ੇਬ ਕੋਲ ਜਾਂਦੀ ਹੈ ਤੇ ਆਪਣਾ ਸਾਰਾ ਚਿਹਰਾ ਬੁਰੀ ਤਰ੍ਹਾਂ ਛਲਣੀ ਕਰ ਲੈਂਦੀ ਹੈ। ਔਰੰਗਜ਼ੇਬ ਉਸਨੂੰ ਆਖਦਾ ਹੈ ਕਿ ਮੈਂ ਆਲਮਗੀਰ ਹਾਰ ਗਿਆ ਤੇ ਤੂੰ ਮਾਮੂਲੀ ਨਰਤਕੀ ਜਿੱਤ ਗਈ।
ਔਰੰਗਜ਼ੇਬ ਉਸਦਾ ਇਲਾਜ ਚੋਟੀ ਦੇ ਵੈਦਾਂ ਤੋਂ ਕਰਵਾਉਂਦਾ ਹੈ। ਕੁਝ ਹੀ ਮਹੀਨਿਆਂ ਵਿੱਚ ਜ਼ਖਮ ਭਰ ਜਾਂਦੇ ਹਨ ਤੇ ਗੌਤਮੀ ਦਾ ਚਿਹਰਾ ਪਹਿਲਾਂ ਨਾਲੋਂ ਵੀ ਹੁਸੀਨ ਨਿਕਲ ਆਉਂਦਾ ਹੈ। ਔਰੰਗਜ਼ੇਬ ਗੌਤਮੀ ਨੂੰ ਆਖਦਾ ਹੈ ਕਿ ਮੈਂ ਤੈਨੂੰ ਚਾਹਾਂ ਤਾਂ ਧੱਕੇ ਨਾਲ ਵੀ ਪ੍ਰਾਪਤ ਕਰ ਸਕਦਾ ਹਾਂ। ਲੇਕਿਨ ਕਰਾਂਗਾ ਨਹੀਂ। ਸਗੋਂ ਤੈਨੂੰ ਪਾਉਣ ਦੀ ਕਾਮਨਾ ਦਾ ਤਿਆਗ ਕਰਦਾ ਹਾਂ। ਵਰਣਨਯੋਗ ਹੈ ਕਿ ਔਰੰਗਜ਼ੇਬ ਸਾਰੇ ਮੁਗਲ ਬਾਦਸ਼ਾਹਾਂ ਵਿੱਚੋਂ ਸਭ ਤੋਂ ਘੱਟ ਆਇਯਾਸ਼ ਸੀ। ਇਸ ਤੋਂ ਬਾਅਦ ਆਲਮਗੀਰ ਔਰੰਗਜ਼ੇਬ ਗੌਤਮੀ ਨੂੰ ਰਾਣਾ-ਏ-ਦਿਲ ਦਾ ਖਿਤਾਬ ਅਰਥਾਤ ਦਿਲ ਨੂੰ ਜਿੱਤਣ ਵਾਲੀ ਦਾ ਲਕਬ ਬਖਸ਼ਦਾ ਹੈ ਤੇ ਤਮਾਮ ਉਮਰ ਲਈ ਉਸਨੂੰ ਜਾਗੀਰ ਦੇ ਕੇ ਨਿਵਾਜ਼ਦਾ ਹੈ।
No comments:
Post a Comment