ਜੁਗਨੀ
-ਬਲਰਾਜ ਸਿੰਘ ਸਿੱਧੂ
ਮੇਰੀ ਜੁਗਨੀ ਦੇ ਧਾਗੇ ਬੱਗੇ
ਜੁਗਨੀ ਉਹਦੇ ਮੂੰਹੋਂ ਫੱਬੇ
ਜੀਹਨੂੰ ਸੱਟ ਇਸ਼ਕ ਦੀ ਲੱਗੇ।
ਅੱਲਾ ਬਿਸਮਿਲਾ ਤੇਰੀ ਜੁਗਨੀ…
ਸਾਈਂ ਮੈਂਡਿਆ ਵੇ ਤੇਰੀ ਜੁਗਨੀ…
ਜੁਗਨੀ ਪੰਜਾਬੀ ਜ਼ੁਬਾਨ ਦਾ ਅਹਿਜਾ ਲੋਕ ਗੀਤ ਹੈ, ਜਿਸਨੂੰ ਹਰ ਪੰਜਾਬੀ ਨੇ ਸੁਣਿਆ ਹੋਇਆ ਹੈ। ਗੁਰਮੀਤ ਬਾਵਾ, ਆਲਮ ਲੁਹਾਰ, ਆਲਿਫ ਲੁਹਾਰ, ਗੁਰਦਾਸ ਮਾਨ, ਰੱਬੀ ਸ਼ੇਰਗਿੱਲ, ਕੁਲਦੀਪ ਮਾਣਕ, ਹਰਭਜਨ ਮਾਨ ਆਦਿ ਨੇ ਇਸ ਨੂੰ ਆਪੋ ਆਪਣੇ ਰੰਗ ਵਿਚ ਗਾਇਆ ਹੈ। ਸੁਰਜੀਤ ਬਿੰਦਰਖੀਏ ਨੇ ਤਾਂ ਇਸ ਨੂੰ ਪੰਜ ਰੰਗ ਵਿਚ ਗਾਉਣ ਦਾ ਦਾਵਾ ਵੀ ਕੀਤਾ ਸੀ। ਕਮਲਜੀਤ ਨੀਰੂ ਨੇ ਜੁਗਨੀ ਨੂੰ ਮੌਡਰਨ ਟਰੀਟਮੈਂਟ ਦੇਣ ਦਾ ਐਲਾਨ ਕੀਤਾ ਸੀ ਪਰ ਉਸ ਵੱਲੋਂ ਗਾਈ ਜੁਗਨੀ ਵਿਚ ਬੀਟ ਤੋਂ ਸਿਵਾਏ ਕੁਝ ਵੀ ਨਵਾਂ ਨਹੀਂ ਸੀ। ਜਗਮੋਹਣ ਕੌਰ ਨੇ ਅਤੇ ਆਸਾ ਸਿੰਘ ਮਸਤਾਨਾ ਨੇ ਆਪਣੇ ਅੰਦਾਜ਼ ਵਿਚ ਗਾਇਆ ਹੈ।ਐਮ ਬੀ ਈ ਗੋਲਡਨ ਸਟਾਰ ਮਲਕੀਤ ਸਿੰਘ ਨੇ ਇੰਗਲੈਂਡ ਦੇ ਸ਼ਹਿਰਾਂ ਵਿਚ ਜੁਗਨੀ ਨੂੰ ਘੁੰਮਾ ਕੇ 'ਜੁਗਨੀ ਜਾ ਵੜੀ ਬ੍ਰਮਿੰਘਮ, ਖਾਂਦੀ ਸੋਹੋ ਰੋਡ 'ਤੇ ਚਿੰਗਮ' ਗਾਇਆ, ਇਹ ਇਕ ਵੱਖਰਾ ਰੰਗ ਸੀ। ਕਨਿਕਾ ਦੁਅਰਾ ਗਾਈ ਜੁਗਨੀ ਵੀ ਕਾਫੀ ਚਰਚਿਤ ਰਹੀ ਸੀ। ਨਿਸ਼ਵਾਨ ਭੁੱਲਰ ਨੇ ਆਪਣੇ ਤਰੀਕੇ ਵਿਚ ਪੁਲੀਟਿਕਲ ਜੁਗਨੀ ਪੇਸ਼ ਕੀਤੀ ਹੈ। ਲੱਕੀ ਲੱਕੀ ਓਏ, ਤੱਨੂ ਵੈਡਜ਼ ਮੱਨ ਤੋਂ ਇਲਾਵਾ ਇਹ ਗੀਤ ਅਨੇਕਾਂ ਫਿਲਮਾਂ ਦਾ ਸ਼ਿਗਾਰ ਬਣਿਆ ਹੈ।ਇਸ ਤੋਂ ਇਲਾਵਾ ਬਹੁਤ ਸਾਰਿਆਂ ਨੇ ਜੁਗਨੀ ਗਾਈ ਹੈ ਜਾਂ ਕਹਿ ਲਵੋ ਕਿ ਤਕਰੀਬਨ ਹਰ ਗਾਇਕ ਨੇ ਜੁਗਨੀ ਨੂੰ ਗਾਇਆ ਹੈ।
ਬਹੁਤ ਸਾਰੇ ਗਾਇਕਾਂ ਦੇ ਲਈ ਤਾਂ ਜੁਗਨੀ ਇਕ ਕਲਪਿਤ ਮੁਟਿਆਰ ਸੀ। ਕੁਝ ਲਈ ਜੁਗਨੀ ਮਹਿਜ਼ ਇਕ ਤਸੱਵਰ ਕੀਤਾ ਹੋਇਆ ਬਿੰਬ ਹੈ। ਕਵੈਂਟਰੀ ਵਾਲੇ ਸ਼ਿੰਦੇ ਸੁਰੀਲੇ ਵੱਲੋਂ ਗਾਈ ਜੁਗਨੀ ਦੀ ਭੂਮਿਕਾ ਵਿਚ ਹੰਸ ਰਾਜ ਹੰਸ ਵੱਲੋਂ ਬਹੁਤ ਸੰਖੇਪ ਰੂਪ ਵਿਚ ਜੁਗਨੀ ਬਾਰੇ ਚਾਨਣਾ ਪਾਇਆ ਮਿਲਦਾ ਹੈ।
ਜੁਗਨੀ ਦਾ ਗੀਤ ਜਿੰਨਾ ਪੰਜਾਬੀ ਵਿਚ ਪ੍ਰਚਲਿਤ ਹੈ, ਉਸ ਨਾਲੋਂ ਕਿਤੇ ਵੱਧ ਇਰਾਨੀ, ਫਾਰਸੀ, ਅਰਬੀ ਅਤੇ ਮੁਲਤਾਨੀ ਵਿਚ ਮਸ਼ਹੂਰ ਹੈ। ਪਰ ਇਸ ਦੇ ਇਤਿਹਾਸਕ ਪਛੋਕੜ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। 24 ਸੰਤਬਰ 2005 ਦੇ ਪੰਜਾਬੀ ਟ੍ਰਿਬਿਊਨ (ਚੰਡੀਗੜ੍ਹ) ਵਿਚ ਕਰਮਜੀਤ ਸਿੰਘ ਔਜਲਾ ਨੇ ਇਕ ਲੇਖ ਲਿਖਿਆ ਸੀ, ਜਿਸ ਵਿਚ ਔਜਲਾ ਸਾਹਿਬ ਲਿਖਦੇ ਹਨ ਕਿ ਜੁਗਨੀ ਕਾਵਿ ਰੂਪ ਵਿਚ 1906 ਤੋਂ ਹੋਂਦ ਵਿਚ ਆਈ ਤੇ ਉਸ ਤੋਂ ਪਹਿਲਾਂ ਜੁਗਨੀ ਦਾ ਕਿਤੇ ਵੀ ਜ਼ਿਕਰ ਨਹੀਂ ਆਉਂਦਾ।ਮੇਰਾ ਜੱਦੀ ਸ਼ਹਿਰ ਜਗਰਾਉਂ ਹੈ।ਜਗਰਾਉਂ ਇਕ ਸੂਫੀ ਫਕੀਰ ਜੱਗਰਾਵ ਨੇ ਵਸਾਇਆ ਸੀ। ਮੇਰੇ ਸ਼ਹਿਰ ਹਰ ਸਾਲ ਮਾਰਚ ਮਹੀਨੇ ਵਿਚ ਇਕ ਮਸ਼ਹੂਰ ਮੇਲਾ ਲੱਗਦਾ ਹੈ, ਜਿਸਨੂੰ 'ਰੋਸਨੀ ਦਾ ਮੇਲਾ' ਕਿਹਾ ਜਾਂਦਾ ਹੈ। ਜੋ ਮੇਰੇ ਜੱਦੀ ਘਰ ਦੇ ਐਨ ਸਾਹਮਣੇ ਬਣੀ ਖਾਨਗਾਹ ਵਿਚ ਲੱਗਦਾ ਹੈ।ਇਹ ਮੇਲਾ ਜਹਾਂਗੀਰ ਦੇ ਜਗਰਾਉਂ ਆਉਣ ਸਮੇਂ ਤੋਂ ਹੀ ਲੱਗਣ ਲੱਗਾ ਹੈ। ਉਸਦੀ ਆਮਦ 'ਤੇ ਨਗਰ ਨਿਵਾਸੀਆਂ ਨੇ ਦੀਵੇ ਅਤੇ ਮਿਸ਼ਾਲਾਂ ਜਲਾ ਕੇ ਰੋਸ਼ਨੀ ਕੀਤੀ ਸੀ, ਜੋ ਮੇਲੇ ਦੇ ਨਾਮਕਰਨ ਦਾ ਸਬੱਬ ਬਣ ਗਿਆ। ਇਥੇ ਵਰਣਨਯੋਗ ਹੈ ਕਿ ਰੋਸ਼ਨੀ ਦੇ ਮੇਲੇ ਵਿਚ 1840 ਤੋਂ ਜੁਗਨੀ ਗਾਈ ਜਾਂਦੀ ਹੈ।1857 ਦੇ ਗਦਰ ਤੋਂ ਵੀ ਪਹਿਲਾਂ। ਜਿਨ੍ਹਾਂ ਨੂੰ 'ਛਪਾਰ ਦਾ ਮੇਲਾ' ਦੇਖਣ ਦਾ ਅਵਸਰ ਮਿਲਿਆ ਹੋਵੇ ਉਹ ਜਾਣਦੇ ਹੋਣਗੇ ਕਿ ਉਥੇ ਜਿੱਥੇ ਲੁੱਚੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ, ਉੱਥੇ ਜੁਗਨੀ, ਜਿੰਦੂਆ ਤੇ ਮਾਹੀਆ ਵੀ ਸੈਂਕੜੇ ਸਾਲਾਂ ਤੋਂ ਗਾਏ ਜਾਂਦੇ ਹਨ।
ਜੁਗਨੀ ਬਾਰੇ ਵਧੇਰੇ ਖੋਜ ਕਰਨ ਲਈ ਇਨਸਾਈਕਲੋਪੀਡੀਆ ਔਫ ਸੂਫੀਇਜ਼ਮ ਦਾ ਪੰਨਾ ਨੰ: 900 ਦੇਖਿਆ ਜਾ ਸਕਦਾ ਹੈ।ਅੱਗੇ ਜਾ ਔਜਲਾ ਸਾਹਿਬ ਲਿਖਦੇ ਹਨ ਕਿ ਜੁਗਨੀ ਇਕ ਕਾਲਪਨਿਕ ਨਾਮ ਹੈ ਤੇ ਇਸ ਦੀ ਉਤਪਤੀ ਹਾਦਸਨ ਹੋਈ। ਉਹਨਾਂ ਅਨੁਸਾਰ ਜੁਗਨੀ ਸ਼ਬਦ ਅੰਗਰੇਜ਼ੀ ਸ਼ਬਦ ਜੁਬਲੀ ਦਾ ਵਿਗੜਿਆ ਰੂਪ ਹੈ। 1906 ਵਿਚ ਮਲਕਾ ਵਿਕਟੋਰੀ ਨੇ ਆਪਣੀ ਤਖਤਨਸ਼ੀਨੀ ਦੀ 50ਵੀਂ ਵਰ੍ਹੇਗੰਢ ਮਨਾਈ। ਜਿਸ ਕਰਕੇ ਇਕ ਮਿਸ਼ਾਲ ਵੱਖ ਵੱਖ ਨਗਰਾਂ ਵਿਚ ਲਿਜਾਈ ਗਈ। ਉਸ ਦੀ ਉਸਤਤੀ ਵਿਚ ਬਿਸ਼ਨਾ ਅਤੇ ਮੰਦਾ ਨਾਮ ਦੇ ਦੋ ਮਰਾਸੀਆਂ ਨੇ ਗੁਣਗਾਨ ਕੀਤਾ ਤੇ ਉਹਨਾਂ ਨੇ ਜੁਬਲੀ ਦੀ ਥਾਂ ਇਸ ਨੂੰ ਜੁਗਨੀ ਆਖ ਦਿੱਤਾ। ਹੈਰਤ ਦੀ ਗੱਲ ਤਾਂ ਇਹ ਹੈ ਕਿ ਮਲਕਾ ਵਿਕਟੋਰੀਆਂ ਦੀ ਮਿਸ਼ਾਲ ਦਾ ਬੱਗੇ ਧਾਗੀਆਂ ਜਾਂ ਸਾਈਂ ਮੈਂਡੇ ਨਾਲ ਕੀ ਸੰਬੰਧ ਹੋਇਆ? ਇਸੇ ਹੀ ਲੇਖ ਨੂੰ ਗੁਰਜੰਟ ਸਿੰਘ ਨੇ ਅਨੁਵਾਦ ਕਰਕੇ ਵਿਕੀਪੀਡੀਆ ਉੱਤੇ ਚਾੜ੍ਹ ਦਿੱਤਾ ਤੇ ਲੋਕਾਂ ਨੂੰ ਜੁਗਨੀ ਬਾਰੇ ਗੁੰਮਰਾਹ ਕਰ ਦਿੱਤਾ ਹੈ।
ਦਰਅਸਲ ਜੁਗਨੀ ਦਾ ਜਨਮ ਉੱਤਰੀ ਭਾਰਤ ਵਿਚ ਦੋ ਹਜ਼ਾਰ ਸਾਲ ਪਹਿਲਾਂ ਹੋਇਆ ਸੀ। ਨਾਥ ਯੋਗੀ, ਯੋਗ ਧਾਰਨ ਕਰਵਾਉਣ ਸਮੇਂ ਆਪਣੇ ਚੇਲਿਆਂ ਦੇ ਗਲੇ ਵਿਚ ਨਿਸ਼ਾਨੀ ਵਜੋਂ ਇਕ ਵਿਸ਼ੇਸ਼ ਕਿਸਮ ਦਾ ਧਾਤੂ ਤਵੀਤ ਧਾਗਿਆਂ ਦੀ ਮਾਲਾ ਵਿਚ ਪਰੋ ਕੇ ਪਾਇਆ ਕਰਦੇ ਸਨ। ਜਿਸਨੂੰ ਉਹ ਯੋਗ+ਗ੍ਰਹਿਨੀ ਕਿਹਾ ਕਰਦੇ ਸਨ।ਇਕ ਜਗ੍ਹਾ ਰਹਿੰਦਿਆਂ ਜਦੋਂ ਉਹਨਾਂ ਨੂੰ ਅਹਿਸਾਸ ਹੋ ਜਾਂਦਾ ਸੀ ਕਿ ਉਹਨਾਂ ਦੇ ਚੇਲੇ ਯੋਗ ਵਿਦਿਆ ਵਿਚ ਮਾਹਿਰ ਹੋ ਗਏ ਹਨ ਤਾਂ ਉਹ ਅਗਲੀ ਮੰਜ਼ਿਲ 'ਤੇ ਜਾ ਕਿਆਮ ਕਰਦੇ ਸਨ। ਨਵੇਂ ਥਾਂ ਉਹ ਯੋਗ+ਗ੍ਰਹਿਨੀ ਲੈ ਜਾਂਦੇ ਤੇ ਯੋਗ ਦਾ ਪ੍ਰਚਾਰ ਕਰਦੇ। ਇਹ ਯੋਗ ਗ੍ਰਹਿਨੀ ਹੌਲੀ ਹੌਲੀ ਯੋਗਨੀ ਬਣ ਗਈ। ਨਾਥਾਂ ਦੀ ਪ੍ਰੰਮਪਰਾ ਦਾ ਇਕ ਅੰਗ। ਯੋਗਨੀ ਸਿੱਧਾਂ ਨਾਥ ਦੀ ਪਹਿਚਾਣ ਦਾ ਇਕ ਚਿੰਨ੍ਹ ਬਣ ਕੇ ਪ੍ਰਚੱਲਤ ਹੋਈ। ਦੇਸ਼ ਵਿਦੇਸ਼ਾਂ ਵਿਚ ਯੋਗੀਆਂ ਨੇ ਆਪਣੇ ਅਕੀਦੇ ਅਤੇ ਇਸ਼ਟ ਨੂੰ ਪ੍ਰਚਾਰਿਆ।ਉਸ ਤੋਂ ਉਪਰੰਤ ਹਜ਼ਰਤ ਮੁਹੰਮਦ ਦੇ ਪੈਰੋਕਾਰ ਤੁਅਸਬੀ ਹੁੰਦੇ ਗਏ, ਜਿਸ ਦੀ ਬਗਾਵਤ ਦੇ ਸਿੱਟੇ ਵਜੋਂ ਸੂਫੀ ਸੰਪਰਦਾਏ ਦਾ ਜਨਮ ਹੋਇਆ। ਸੂਫੀ ਭਾਵੇਂ ਮੰਨਦੇ ਤਾਂ ਇਸਲਾਮ ਨੂੰ ਹੀ ਸੀ, ਪਰ ਉਹ ਪੁਰਾਤਨ ਮੁਸਲਮਾਨਾਂ ਵਾਂਗ ਕੱਟੜ ਨਹੀਂ ਸਨ ਤੇ ਸੰਗੀਤ ਦੇ ਉਪਾਸ਼ਕ ਪਾਗਲਪਨ ਦੀ ਹੱਦ ਤੱਕ ਸਨ। ਇਸ ਕਾਰਨ ਸੂਫੀਵਾਦ ਦਾ ਉਭਾਰ ਬਹੁਤ ਤੀਰਬਰਗਤੀ ਨਾਲ ਹੋਇਆ।
ਸੂਫੀਆਂ ਨੂੰ ਜਦੋਂ ਯੋਗਨੀ ਬਾਰੇ ਇਲਮ ਹੋਇਆ ਤਾਂ ਉਹਨਾਂ ਨੇ ਯੋਗਨੀ ਨੂੰ ਅਪਨਾ ਲਿਆ। ਪਰ ਇਸ ਦੀ ਦਿੱਖ ਅਤੇ ਬਣਤਰ ਵਿਚ ਤਬਦੀਲੀ ਕਰਕੇ ਉਹ ਇਸਨੂੰ ਆਪਣੇ ਡੌਲ੍ਹੇ ਉੱਤੇ ਬੰਨ੍ਹਣ ਲੱਗ ਪਏ।ਨਾਥਾਂ ਸਮੇਂ ਯੋਗਨੀ ਕੈਪਸੂਲ ਵਰਗੀ ਹੁੰਦੀ ਸੀ ਤੇ ਸੂਫੀਆਂ ਨੇ ਇਸ ਨੂੰ ਆਪਣੇ ਕਾਪੀਰਾਈਟ ਹੇਠ ਦਰਜ਼ ਕਰਨ ਲਈ ਚਪਟਾ ਬਣਾ ਲਿਆ।ਨਾਥਾਂ ਨਾਲੋਂ ਸੂਫੀਆਂ ਨੇ ਯੋਗਨੀ ਨੂੰ ਇਕ ਉੱਚਾ ਤੇ ਵਿਸ਼ੇਸ਼ ਦਰਜਾ ਪ੍ਰਦਾਨ ਕੀਤਾ। ਉਹ ਹਰੇਕ ਚੇਲੇ ਦੀ ਬਜਾਏ ਯੋਗਨੀ ਆਪਣੇ ਅਗਲੇ ਗੱਦੀਨਸ਼ੀਨ ਨੂੰ ਸੌਂਪਦੇ। ਜਿਹੜਾ ਸੂਫੀ ਦਰਵੇਸ਼ 'ਮਾਰਫਤ' ਦੀ ਅਵਸਥਾ ਉੱਤੇ ਪਹੁੰਚ ਜਾਂਦਾ, ਯੋਗਨੀ ਉਸ ਕੋਲ ਹੁੰਦੀ ਤੇ ਅੱਗੋਂ ਉਹ ਇਸਨੂੰ ਆਪਣੇ ਮੁਕਾਬਲੇ ਉੱਤੇ ਪਹੁੰਚ ਚੁੱਕੇ ਫਕੀਰ ਨੂੰ ਹੀ ਬਖਸ਼ਦੇ।ਇਸ ਤਰ੍ਹਾਂ ਸੂਫੀ ਫਕੀਰ ਯੋਗਨੀ ਨੂੰ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਸਫਰ ਕਰਵਾਉਂਦੇ। ਜਿਥੇ ਯੋਗਨੀ ਚਲੀ ਜਾਂਦੀ ਉਥੇ ਦੇ ਫਕੀਰਾਂ ਵਿਚ ਹੁਲਾਸ ਦੀ ਲਹਿਰ ਦੌੜ ਜਾਂਦੀ। ਉਹ ਯੋਗਨੀ ਪ੍ਰਾਪਤ ਕਰਨ ਦੀ ਲਾਲਸਾ ਵਿਚ ਕਠਿਨ ਤੋਂ ਕਠਿਨ ਇਮਤਿਹਾਨ ਦਿੰਦੇ। ਚਿੱਲੇ ਤੱਕ ਵੀ ਕੱਟਦੇ।ਯੋਗਨੀ ਧਾਰਨ ਕਰਵਾਉਣ ਸਮੇਂ ਜਸ਼ਨ ਹੁੰਦਾ। ਯੋਗਨੀ ਦਾ ਗੁਣਗਾਨ ਕੀਤਾ ਜਾਂਦਾ।ਜੁਗਨੂੰ ਇਕ ਜੀਵ ਹੁੰਦਾ ਹੈ, ਜਦੋਂ ਉਹ ਹਵਾ ਵਿਚ ਉੱਡਦਾ ਹੈ ਤਾਂ ਰੋਸ਼ਨੀ ਪੈਦਾ ਕਰਦਾ ਹੈ। ਇਥੋਂ ਹੀ ਇਹ ਗਿਆਨਤਾ ਦਾ ਚਾਨਣ ਫੈਲਾਉਣ ਵਾਲੀ ਯੋਗਨੀ ਹੀ ਜੁਗਨੀ ਬਣ ਕੇ ਸਾਡਾ ਲੋਕ ਗੀਤ ਬਣੀ।
ਬੇਸ਼ਕ ਆਧੁਨਿਕ ਕਵੀਆਂ ਨੇ ਇਸਦੇ ਨਕਸ਼ ਵਿਗਾੜ ਕੇ ਇਸ ਨੂੰ ਮੁਟਿਆਰ ਵਜੋਂ ਚਿੱਤਰਿਆ ਹੈ, ਪਰ ਪੁਰਾਤਨ ਕਾਵਿ ਵਿਚ ਇਸ ਦਾ ਸਪਸ਼ਟ ਜ਼ਿਕਰ ਆਉਂਦਾ ਹੈ। ਖਾਸ ਕਰ ਅਰਬੀ ਅਤੇ ਫਾਰਸੀ ਦੀਆਂ ਭਾਸ਼ਾਵਾਂ ਵਿਚਲੇ ਜੁਗਨੀ ਕਾਵਿ ਵਿਚ। ਬਾਬਾ ਸ਼ੇਖ ਫਰੀਦ ਸਾਹਿਬ ਨੇ ਅਜ਼ਮੇਰ ਸ਼ਰੀਫ ਵਿਖੇ ਚਿੱਲਾ ਕੱਟ ਕੇ ਜੁਗਨੀ ਪ੍ਰਾਪਤ ਕੀਤੀ ਸੀ। ਅੱਜ ਵੀ ਅਜ਼ਮੇਰ ਸ਼ਰੀਫ ਜਾਵੋ ਤਾਂ ਦਰਗਾਹ ਵਿਚ ਵੜ੍ਹਦਿਆਂ ਜੇ ਖੱਬੇ ਪਾਸੇ ਮੁੜ ਜਾਇਏ ਤਾਂ ਉਥੇ ਉਹ ਜਗ੍ਹਾ ਮੌਜੂਦ ਹੈ ਜਿਥੇ ਸ਼ੇਖ ਫਰੀਦ ਸਾਹਿਬ ਨੇ ਚਿੱਲਾ ਕੱਟਿਆ ਸੀ। ਉੱਥੇ ਬਕਾਇਦਾ ਹਰੇ ਰੰਗ ਦੇ ਅੱਖਰਾਂ ਵਿਚ ਹਿੰਦੀ ਅਤੇ ਉਰਦੂ ਵਿਚ ਇਹ ਲਿਖਿਆ ਹੋਇਆ ਮੈਂ ਖੁਦ ਦੇਖਿਆ ਹੈ।ਉਥੋਂ ਥੋੜ੍ਹੀ ਵਿੱਥ 'ਤੇ ਰਾਜਸਥਾਨ ਵਿਚ ਹੀ ਇਕ ਪੁਸ਼ਕਰ ਨਾਮ ਦੀ ਜਗ੍ਹਾ ਹੈ, ਬ੍ਰਹਮਾ ਦਾ ਭਾਰਤ ਵਿਚ ਸਭ ਤੋਂ ਵੱਡਾ ਮੰਦਰ ਇਸ ਸਥਾਨ 'ਤੇ ਸਥਿਤ ਹੈ। ਪੁਸ਼ਕਰ ਦੇ ਕਰੀਬ ਹੀ ਅਜੇ ਨਗਰ ਨਾਮ ਦਾ ਕਸਬਾ ਹੈ। ਇਸ ਕਸਬੇ ਵਿਚ ਇਕ ਬਹੁਤ ਉੱਚੇ ਪਹਾੜ ਉੱਤੇ ਕਾਦਰੀ ਮੱਤ ਦੇ ਨਾਥਾਂ ਦਾ ਟਿੱਲਾ ਹੈ। ਉਸ ਟਿੱਲੇ ਵਿਚ ਯੋਗੀਆਂ ਦੇ ਰੁਦਰਾਖਸ਼ ਅਤੇ ਜੁਗਨੀਆਂ ਪਾਈਆਂ ਅੱਜ ਤੋਂ ਦਸ -ਗਿਆਰਾਂ ਸਾਲ ਪਹਿਲਾਂ ਮੈਂ ਖੁਦ ਦੇਖੀਆਂ ਹਨ।
ਇਰਾਨੀਆਂ ਤੇ ਅਰਬੀਆਂ ਨੇ ਤਾਂ ਅਜੇ ਤੱਕ ਵੀ ਜੁਗਨੀ ਨੂੰ ਸਾਂਭ ਕੇ ਰੱਖਿਆ ਹੈ। ਬੜੇ ਅਫਸੋਸ ਦੀ ਗੱਲ ਹੈ ਕਿ ਜੁਗਨੀ ਵਰਗਾ ਇਕ ਪਾਕ-ਪਵਿੱਤਰ ਅਤੇ ਵਰਦਾਨ ਜਿਹਾ ਗਹਿਣਾ ਅਜੌਕੇ ਆਧਨਿਕ ਜੁੱਗ ਵਿਚ ਸਾਡੇ ਪੰਜਾਬੀਆਂ ਅਤੇ ਭਾਰਤੀਆਂ ਕੋਲੋਂ ਗੁਆਚ ਗਿਆ ਹੈ। ਅੱਜ ਜੁਗਨੀ ਦਾ ਲੱਗਭੱਗ ਨਾਮੋਨਿਸ਼ਾਨ ਹੀ ਮਿਟ ਗਿਆ ਹੈ ਤੇ ਜੁਗਨੀ ਵਿਚਾਰੀ ਮਹਿਜ਼ ਸਾਡੇ ਗੀਤਾਂ ਦਾ ਵਿਸ਼ਾ ਬਣ ਕੇ ਰਹਿ ਗਈ ਹੈ।
No comments:
Post a Comment