ਨੰਗੇ ਸਾਗਰ ਦੀ ਸੈਰ

ਨੰਗੇ ਸਾਗਰ ਦੀ ਸੈਰ
-ਬਲਰਾਜ ਸਿੰਘ ਸਿੱਧੂ



ਅੱਜ ਮਿਤੀ ਇਕ ਸਤੰਬਰ ਦੋ ਹਜ਼ਾਰ ਤੇਰਾਂ ਨੂੰ ਪੰਜਾਬ ਟੈਲੀਗ੍ਰਾਫ ਵੱਲੋਂ ਪੰਜਾਬ ਟੂਰਜ਼ ਦੇ ਬੈਨਰ ਹੇਠ ਇੰਗਲੈਂਡ ਦੇ ਇਕ ਮਸ਼ਹੂਰ ਸਮੁੰਦਰੀ ਤੱਟ ਬ੍ਰਾਇਟਨ ਨੂੰ ਟੂਰ ਲਿਜਾਇਆ ਗਿਆ। ਵੈਸੇ ਤਾਂ ਲੀਮੋਸੋਲ (ਸਾਇਪ੍ਰਸ), ਓਸਟੈਂਡ (ਬੈਲਜ਼ੀਅਮ) ਆਦਿਕ ਯਾਨੀ ਕਿ  ਦੁਨੀਆਂ ਦੇ ਹੋਰ ਅਨੇਕਾਂ ਮੁਲਖਾਂ ਦੇ ਸਮੁੰਦਰ ਦੇਖੇ ਹਨ। ਇੰਗਲੈਂਡ ਦੇ ਵੀ ਬਲੈਕਪੂਲ, ਸਾਊਥਐਂਡ-ਔਨ-ਸੀਅ ਅਤੇ ਵੈਸਟਰਨਸੁਪਰਮੇਅਰ ਆਦਿ ਨੂੰ ਤਾਂ ਨਾਨਕੀ ਜਾਣ ਵਾਂਗ ਜਦੋਂ ਚਿੱਤ ਕਰੇ ਚਲੇ ਜਾਈਦੈ। ਬ੍ਰਾਇਟਨ ਦੇ ਇਸ ਸਾਗਰ ਦੀ ਸੈਰ ਦਾ ਵੀ ਇਹ ਕੋਈ ਪਹਿਲਾ ਅਵਸਰ ਨਹੀਂ ਸੀ। ਕਾਲਜ਼ ਦੇ ਦਿਨਾਂ ਵਿਚ ਤਾਂ ਤਕਰੀਬਨ ਹਰ ਦੂਜੇ ਤੀਜੇ ਸਪਤਾਹ ਅੰਤ ਉੱਤੇ ਇੱਥੇ ਜਾ ਕੇ 'ਡੱਟ' ਖੋਲ੍ਹੀਦੇ ਸਨ। ਲੇਕਿਨ ਬ੍ਰਾਇਟਨ ਦੀ ਮੇਰੀ ਇਸ ਫੇਰੀ ਵਿਚ ਪੂਰਬਲੀਆਂ ਫੇਰੀਆਂ ਨਾਲੋਂ ਭਿੰਨਤਾ ਸੀ। ਪਹਿਲਾਂ ਇਕ ਆਸ਼ਿਕਮਿਜ਼ਾਜ ਗੱਭਰੂ ਇੱਥੇ ਜਾਂਦਾ ਹੁੰਦਾ ਸੀ ਤੇ ਹੁਣ ਇਕ ਸੰਜ਼ੀਦਾ ਤੇ ਸਾਹਿਤ ਨੂੰ ਸਮਰਪਿਤ ਲੇਖਕ ਜਾ ਰਿਹਾ ਸੀ।


ਬ੍ਰਾਇਟਨ, ਪੂਰਬੀ ਸਸੈਕਸ ਕਾਉਂਟੀ ਅਧੀਨ ਪੈਂਦਾ ਗ੍ਰੇਟ ਬ੍ਰਿਟਿਨ ਦੀ ਦੱਖਣੀ ਬੰਦਰਗਾਹ ਵਾਲਾ ਸ਼ਹਿਰ ਹੈ। ਇਸ ਦੇ ਵਸਣ ਦਾ ਇਤਿਹਾਸ 1080 ਤੋਂ ਵੀ ਪਹਿਲਾਂ ਦਾ ਹੈ। ਪਹਿਲਾਂ ਇਸ ਨੂੰ ਬ੍ਰਿਸਟੈਲਮਸਟਿਉਨ ਆਖਿਆ ਜਾਂਦਾ ਸੀ। ਪੁਰਾਣੀ ਅੰਗਰੇਜ਼ੀ ਦੇ ਇਸ ਸ਼ਬਦ ਦਾ ਅਰਥ ਹੈ, ਪੱਥਰ ਦਾ ਚਮਕੀਲਾ ਟੋਪ। ਇਹ ਸਿੱਲ ਟੋਪ ਸਮੁੰਦਰੀ ਹਮਲਾਵਰਾਂ ਦਾ ਟਾਕਰਾ ਕਰਨ ਵਾਲੇ ਸੈਨਿਕ ਆਪਣੀ ਸੁਰੱਖਿਆ ਲਈ ਪਹਿਨਿਆ ਕਰਦੇ ਸਨ। ਭਾਵ ਬ੍ਰਾਇਟਨ ਨੂੰ ਇੰਗਲੈਂਡ ਦਾ ਸੁਰੱਖਿਆ ਟੋਪ ਮੰਨਿਆ ਜਾਂਦਾ ਸੀ, ਕਿਉਂਕਿ ਸਮੁੰਦਰ ਰਸਤਿਉਂ ਹੋਣ ਵਾਲੇ ਹਮਲੇ ਜ਼ਿਆਦਾ ਇਸੇ ਮਾਰਗ ਰਾਹੀਂ ਹੁੰਦੇ ਸਨ ਤੇ ਸਭ ਤੋਂ ਪਹਿਲਾਂ ਬ੍ਰਾਇਟਨ ਵਾਸੀ ਹੀ ਦੁਸ਼ਮਣ ਦਾ ਟਾਕਰਾ ਕਰਦੇ ਸਨ। ਬਾਰਵੀਂ ਤੇਰਵੀਂ ਸਦੀ ਵਿਚ ਇਹ ਨਾਮ ਵਿਗੜ ਕੇ ਬ੍ਰਾਇਟਹਲਮਸਟੋਨ ਬਣ ਗਿਆ ਸੀ, ਜਿਸ ਦਾ ਅਰਥ ਵੀ ਉਹੀ ਸੀ। ਉਸ ਤੋਂ ਬਾਅਦ ਬ੍ਰਾਇਟਹਲਮਸਟੋਨ ਦਾ ਮੌਜੂਦਾ ਸੰਖੇਪ ਰੂਪ ਬ੍ਰਾਇਟਨ ਪ੍ਰਚਲਤ ਹੋ ਗਿਆ ਸੀ। 



1514 ਵਿਚ ਫਰਾਂਸ ਅਤੇ ਇੰਗਲੈਂਡ ਦੇ ਯੁੱਧ ਵਿਚ ਇਹ ਸਾਰਾ
ਬ੍ਰਾਇਟਹਲਮਸਟੋਨ ਸ਼ਹਿਰ ਅੱਗ ਨਾਲ ਸੜ ਕੇ ਸੁਆਹ ਹੋ ਗਿਆ ਸੀ। ਕੇਵਲ ਇਕ ਸੇਂਟ ਨਿਕੋਲਸ ਚਰਚ ਹੀ ਅੱਗ ਦੀਆਂ ਲਪੇਟਾਂ ਤੋਂ ਬਚਿਆ ਸੀ। ਗਿਰਜ਼ਾਘਰ ਦੇ ਇਰਦ-ਗਿਰਦ ਨਸ਼ਟ ਹੋਈਆਂ ਇਮਾਰਤਾਂ ਦੇ ਮਲਬੇ ਚੁੱਕੀ ਖੜ੍ਹੀਆਂ ਗਲੀਆਂ ਅਤੇ ਪਗਡੰਡੀਆਂ ਉੱਤੇ ਪੁਨਰ ਉਸਾਰੀਆਂ ਕਰਕੇ ਫਰਾਂਸ ਦੇ ਹਮਲੇ ਦੀਆਂ ਕੁਰੱਖਤ ਯਾਦਾਂ ਨੂੰ ਸੰਭਾਲ ਲਿਆ ਗਿਆ ਸੀ। ਉਸ ਸਮੇਂ ਸੜ੍ਹ ਕੇ ਸੁਆਹ ਹੋਏ ਉਹਨਾਂ ਪੁਰਾਤਨ ਰਸਤਿਆਂ ਨੂੰ ਅੱਜ ਵੀ ਲੇਨਜ਼ ਆਖ ਕੇ ਫਰੰਗੀਆਂ ਨੇ ਆਪਣੇ ਇਤਿਹਾਸ ਨੂੰ ਸੰਭਾਲਣ ਦਾ ਯਤਨ ਕੀਤਾ ਹੋਇਆ ਹੈ। 1740-1750 ਬ੍ਰਾਇਟਨ ਨੂੰ ਖਿੱਚ ਦਾ ਕੇਂਦਰ ਬਣਾਉਣ ਲਈ ਲੁਇਸ ਦਾ ਡਾਕਟਰ ਰਿਚਹਰਡ ਰਸਲ ਆਪਣੇ ਮਰੀਜ਼ਾਂ ਨੂੰ ਬ੍ਰਾਇਟਨ ਸਾਗਰ ਦੇ ਪਾਣੀ ਦੀ ਵਰਤੋਂ ਕਰਨ ਨੁਖਸੇ ਦਿਆ ਕਰਦਾ ਸੀ। ਮਛੇਰਿਆਂ ਦਾ ਇਹ ਪਿੰਡ ਬਾਦਸ਼ਾਹ ਜੌਰਜ਼ ਚੌਥੇ ਦੇ ਸਮੇਂ ਹੀ ਚੱਜ ਨਾਲ ਜਵਾਨ ਹੋਇਆ ਸੀ ਤੇ ਅੱਜ ਵਿਸ਼ਾਲ ਸ਼ਹਿਰ ਦਾ ਰੂਪ ਧਾਰ ਚੁੱਕੇ ਇਸ ਸ਼ਹਿਰ ਵਿਚ ਬਹੁਗਿਣਤੀ ਇਮਾਰਤਾਂ ਜੌਰਜ਼ੀਅਨ ਸੈਲੀ ਦੀਆਂ ਹੀ ਹਨ। 480,000 ਦੀ ਅਬਾਦੀ ਵਾਲੇ ਬ੍ਰਾਇਟਨ ਨਾਲ ਲੱਗਦੇ ਪੋਰਟਸਡੇਲ, ਵੌਰਥਿੰਗ ਅਤੇ ਲਿਟਲਹੈਮਪਟਨ ਆਦਿ ਇਲਾਕੇ ਇਸੇ ਸ਼ਹਿਰ ਦੇ ਅੰਗ ਹੀ ਹਨ। ਇੱਥੇ ਦੋ ਯੂਨੀਵਰਸਿਟੀਆਂ ਅਤੇ ਇਕ ਮੈਡੀਕਲ ਸਕੂਲ ਹੈ। ਬਲੈਕਪੂਲ ਤੋਂ ਬਾਅਦ ਬ੍ਰਾਇਟਨ ਯੂਨਾਇਟਡ ਕਿੰਗਡਮ ਦਾ ਦੂਜਾ ਵੱਡਾ ਕਾਮੀ ਸੈਲਾਨੀਆਂ ਦਾ ਮਰਕਜ਼ ਮੰਨਿਆ ਜਾਂਦਾ ਹੈ। ਇੰਗਲੈਂਡ ਵਿਚ ਲਗਭਗ 30,000 ਰੈਸਟੋਰੈਂਟ ਹਨ, ਜਿਨ੍ਹਾਂ ਵਿਚੋਂ ਸਭ ਤੋਂ ਵੱਧ 12,477 ਇਕੱਲੇ ਲੰਡਨ ਸ਼ਹਿਰ ਵਿਚ ਹਨ ਤੇ ਲੰਡਨ ਤੋਂ ਬਾਅਦ ਬ੍ਰਾਇਟਨ ਸਭ ਤੋਂ ਵੱਧ ਭੋਜਨਾਲਿਯਾਂ ਵਾਲਾ ਦੂਜਾ ਪ੍ਰਮੁੱਖ ਸਥਾਨ ਹੈ, ਇੱਥੇ ਲਗਭਗ 400 ਰੈਸਟੋਰੈਂਟ ਹਨ।


ਦਿਨੋਂ ਦਿਨ ਵਧਦੀ ਅਬਾਦੀ ਨੂੰ ਦੇਖ ਕੇ 1997 ਵਿਚ ਬ੍ਰਾਇਟਨ ਨਾਲ ਹੋਵ ਇਲਾਕੇ ਨੂੰ ਵੀ ਮਿਲਾ ਦਿੱਤਾ ਗਿਆ ਸੀ। ਹੁਣ ਇਸ ਬ੍ਰਾਇਟਨ ਐਂਡ ਹੋਵ ਆਖਦੇ ਹਨ। ਮਲਕਾ ਇਲੀਜ਼ਬੈਥ-2 ਦੀ ਵਰ੍ਹੇ 2000 ਵਿਚ ਮਲੀਨੀਅਮ ਵਰ੍ਹੇਗੰਢ ਮੌਕੇ ਬ੍ਰਾਇਟਨ ਨੂੰ ਪ੍ਰਮੁੱਖ ਸੈਲਾਨੀ ਬੰਦਰਹਾਗਾਹ ਐਲਾਨ ਦਿੱਤਾ ਸੀ। 1919 ਵਿਚ ਇਥੇ ਪਹਿਲਾ ਸਿਨਮਾ ਬਣਿਆ ਸੀ, ਜਿਸ ਨੂੰ ਦੀ ਡਿਉਕ ਔਫ ਯੋਰਕਜ਼ ਪਿਕਚਰਹਾਉਸ ਕਿਹਾ ਜਾਂਦਾ ਸੀ। ਹੁਣ ਇਸਨੂੰ ਆਰਟ ਹਾਉਸ ਆਖਦੇ ਹਨ। ਇਸ ਤੋਂ ਇਲਾਵਾ ਬ੍ਰਾਇਟਨ ਵਿਚ ਦੋ ਹੋਰ ਮਲਟੀਪਲੈਕਸ ਸਿਨਮੇ ਹਨ। ਬ੍ਰਾਇਟਨ ਮਿਉਜ਼ਿਅਮ ਐਂਡ ਆਰਟ ਗੈਲਰੀ ਤੋਂ ਇਲਾਵਾ ਬੂਥ ਮਿਉਜ਼ਿਅਮ ਔਫ ਨੈਚੁਰਲ ਹਿਸਟਰੀ, ਬ੍ਰਾਇਟਨ ਟੋਆਏ ਐਂਡ ਮਿਉਜ਼ਿਅਮ ਅਤੇ ਬ੍ਰਾਇਟਨ ਫਿਸ਼ਿੰਗ ਅਜਾਇਬ ਘਰ ਵੀ ਇਥੇ ਹਨ।

ਬ੍ਰਾਇਟਨ ਵਿਖੇ ਅਨੇਕਾਂ ਫਿਲਮਾਂ ਵੀ ਬਣੀਆਂ ਹਨ, ਜਿਨ੍ਹਾਂ ਵਿਚ Quadrophenia (1979), MirrorMask (2005), Angus, Thongs and Perfect Snogging (2008), The Young Victoria (2009), Brighton Rock (2010 and 1947) and The Boat that Rocked (2009) ਦੇ ਨਾਮ ਵਰਣਨਯੋਗ ਹਨ।


ਮੈਂ ਜਦੋਂ ਕਦੇ ਵੀ ਸਮੁੰਦਰ ਕੰਢੇ ਤੁਰਦਾ ਹਾਂ ਤਾਂ ਸਕੂਲ ਦੇ ਦਿਨਾਂ ਵਿਚ ਪੜ੍ਹੀ ਹੋਈ ਅੰਗਰੇਜ਼ੀ ਦੀ ਕਵਿਤਾ 'ਮੈਨ ਐਂਡ ਗੌਡ' ਮੈਨੂੰ ਚੇਤੇ ਆ ਜਾਂਦੀ ਹੈ। ਜੋ ਸ਼ਾਇਦ ਲੌਰਡ ਟਾਇਸਨ ਦੀ ਲਿੱਖੀ ਹੋਈ ਸੀ। ਕਵਿਤਾ ਤਾਂ ਹੁਣ ਮੂਲਰੂਪ  ਵਿਚ ਯਾਦ ਨਹੀਂ। ਪਰ ਉਸ ਰਾਹੀਂ ਬਿਆਨ ਕੀਤੀ ਕਹਾਣੀ ਮੈਨੂੰ ਤਮਾਮ ਉਮਰ ਨਹੀਂ ਵਿਸਰੇਗੀਬੇਸ਼ੱਕ ਮੇਰੀ ਸੋਚ ਅਤੇ ਵਿਚਾਰਧਾਰਾ ਤਾਂ ਕਿਤਾਬਾਂ ਪੜ੍ਹ ਕੇ ਨਾਸਤਿਕ ਬਣ ਚੁੱਕੀ ਹੈ। ਪਰ ਗਿਆਨ ਫੈਲਾਉਣ ਦੇ ਮਕਸਦ ਨਾਲ ਇਸ ਕਵਿਤਾ ਤਾਂ ਜ਼ਿਕਰ ਕਰ ਰਿਹਾ ਹਾਂ। ਪ੍ਰਾਪਤ ਕੀਤੀ ਵਿਦਿਆ ਅਤੇ ਹੁਨਰ ਦੇ ਤੁਸੀਂ ਉਤਨੀ ਦੇਰ ਤੱਕ ਹੱਕਦਾਰ ਨਹੀਂ ਬਣਦੇ, ਜਦ ਤੱਕ ਤੁਸੀਂ ਉਸਨੂੰ ਕਿਸੇ ਦੂਸਰੇ ਦੀ ਝੋਲੀ ਵਿਚ ਨਹੀਂ ਪਾਉਂਦੇ। ਮਹਾਤਮਾ ਬੁੱਧ ਵੀ ਆਖ ਗਿਆ ਹੈ ਕਿ ਗਿਆਨ ਅਤੇ ਪਿਆਰ ਵੰਡਿਆਂ ਵਧਦੇ ਅਤੇ ਵਿਕਸਦੇ ਹਨ।


ਬਹਿਰਹਾਲ, ਉਸ ਕਵਿਤਾ ਰਾਹੀਂ ਕਵੀ ਜੋ ਕਥਾ ਪੇਸ਼ ਕਰਦਾ ਹੈ, ਉਹ ਇਸ ਪ੍ਰਕਾਰ ਹੈ। ਕਵੀ ਮੌਤ ਉਪਰੰਤ ਰੱਬ ਦੀ ਕਚਹਿਰੀ ਵਿਚ ਚਲਾ ਜਾਂਦਾ ਹੈ। ਉਸਦੀ ਜ਼ਿੰਦਗੀ ਦਾ ਲੇਖਾ-ਜੋਖਾ ਹੋਣ ਲੱਗਦਾ ਹੈ। ਉਸਦੇ ਪੂਰੇ ਜੀਵਨ ਸਫਰ ਦੀ ਦਾਸਤਾਨ ਮੂਹਰੇ ਪਈ ਹੁੰਦੀ ਹੈ। ਉਸਨੂੰ ਦੇਖ ਕੇ ਉਹ ਵਿਅਕਤੀ ਰੱਬ ਨੂੰ ਸਵਾਲ ਕਰਦਾ ਹੈ, "ਦੇਖ ਮੈਂ ਆਪਣੀ ਬੀਤੀ ਜ਼ਿੰਦਗੀ ਦੇ ਸਾਗਰ ਨੂੰ ਦੇਖਦਾ ਹਾਂ ਤਾਂ ਉਸ ਦੇ ਕੰਢੇ ਰੇਤੇ ਉੱਤੇ ਦੋ ਪੈੜਾਂ ਹਨ। ਇਕ ਮੇਰੀ ਤੇ ਇਕ ਤੇਰੀ। ਫੇਰ ਮੈਂ ਦੇਖਦਾਂ ਹਾਂ ਅੱਗੇ ਜਾ ਕੇ ਕਈ ਥਾਈਂ ਕੇਵਲ ਇਕ ਪੈੜ ਰਹਿ ਜਾਂਦੀ ਹੈ। ਇਹ  ਉਹ ਸਮਾਂ ਸੀ ਜਦੋਂ ਮੇਰੇ 'ਤੇ ਦੁੱਖਾਂ, ਔਕੜਾਂ ਅਤੇ ਮੁਸੀਬਤਾਂ ਦੇ ਝੱਖੜ ਝੁੱਲੇ। ਮੈਂ ਤੇਰੀ ਕਿੰਨੀ ਭਗਤੀ ਕੀਤੀ। ਕਿੰਨਾ ਨਾਮ ਸਿਮਰਨ ਕੀਤਾ। ਕਿੰਨੇ ਦਾਨ-ਪੁੰਨ ਤੇ ਲੋਕ ਭਲਾਈ ਦੇ ਕਾਰਜ਼ ਕੀਤੇ। ਲੋਕਾਂ, ਦੋਸਤਾਂ-ਮਿੱਤਰਾਂ ਅਤੇ ਸਕੇ ਸੰਬੰਧੀਆਂ ਨੇ ਤਾਂ ਮੇਰਾ ਸਾਥ ਛੱਡਣਾ ਹੀ ਸੀ। ਤੂੰ ਵੀ ਮੇਰਾ ਸਾਥ ਛੱਡ ਦਿੱਤਾ?"


ਇਹ ਸੁਣ ਕੇ ਰੱਬ ਉਸਨੂੰ ਉੱਤਰ ਦਿੰਦਾ ਹੈ, "ਜਦੋਂ ਤੇਰੇ 'ਤੇ ਗ਼ਮਾਂ ਦੇ ਬੱਦਲ ਛਾਏ ਹੋਏ ਸਨ ਤਾਂ ਤੇਰੇ ਵਿਚ ਚੱਲਣ ਦੀ ਹਿੰਮਤ ਨਹੀਂ ਸੀ ਰਹੀ। ਤੂੰ ਮੁੱਧੇ ਮੂੰਹ ਡਿੱਗ ਪਿਆ ਸੀ। ਮੈਂ ਤੈਨੂੰ ਆਪਣੇ ਘਨੇੜੇ ਚੁੱਕ ਕੇ ਤਰਿਆ ਸੀ। ਧਿਆਨ ਨਾਲ ਦੇਖ। ਉਹ ਜਿਹੜੀ ਇਕ ਪੈੜ ਤੈਨੂੰ ਦਿਸਦੀ ਹੈ ਨਾ, ਉਹ ਤੇਰੀ ਨਹੀਂ। ਮੇਰੀ ਹੈ।" 


ਇਹ ਟੂਰ ਸਾਡੇ ਯੂ. ਕੇ. ਤੋਂ ਛਪਦੇ ਪੰਜਾਬ ਟੈਲੀਗ੍ਰਾਫ ਅਖਬਾਰ ਵੱਲੋਂ ਆਯੋਜਿਤ ਕੀਤਾ ਗਿਆ ਹੋਣ ਕਰਕੇ ਬਹੁ-ਗਿਣਤੀ ਸੈਲਾਨੀ ਸਵਾਰੀਆਂ ਅਖਬਾਰ ਦੇ ਪਾਠਕ ਸਨ ਤੇ ਅੱਜਕੱਲ੍ਹ ਮੇਰਾ ਨਾਵਲ ਅੱਗ ਦੀ ਲਾਟ: ਪ੍ਰਿੰਸੈਸ ਡਾਇਨਾ ਛਪਦਾ ਹੋਣ ਕਰਕੇ ਮੇਰੇ ਨਾਮ ਤੋਂ ਵਾਕਿਫ ਸਨ। ਮੇਰੀ ਮੌਜੂਦਗੀ ਬਾਰੇ ਜਦੋਂ ਕਮਲ ਅਨਮੋਲ ਗਿੱਲ ਨੇ ਕੋਚ ਵਿਚ ਦੱਸਿਆ ਤਾਂ ਇਕਦਮ ਸਭ ਦੀਆਂ ਨਜ਼ਰਾਂ ਮੇਰੇ 'ਤੇ ਕੇਂਦਰਤ ਹੋ ਗਈਆਂ। ਦੇਖਿਆ ਜਾਵੇ ਤਾਂ ਇਹ ਆਪਣੇ ਆਪ ਵਿਚ ਇਹ ਮੇਰੀ ਕਲਾ ਦੀ ਦਾਦ ਸੀ। ਪਾਠਕ ਦਾ ਯੋਗ ਮੌਕੇ 'ਤੇ ਮਿਲਿਆ ਹੁੰਗਾਰਾ ਲੇਖਕ ਨੂੰ ਅੱਗੇ ਹੋਰ ਲਿਖਣ ਲਈ ਉਤਸ਼ਾਹਿਤ ਕਰਦਾ ਹੈ ਤੇ ਸਹੀ ਸਮੇਂ ਮਿਲੇ ਆਲੋਚਆਤਮਕ ਸੁਝਾਅ ਸਵੈ-ਪੜਚੋਲ ਕਰਨ ਤੇ ਅਗਲੇਰੀਆਂ ਰਚਨਾਵਾਂ ਨੂੰ ਦੋਸ਼ ਮੁਕਤ ਬੇਹਤਰੀਨ ਬਣਾਉਣ ਵਿਚ ਸਹਾਈ ਸਿੱਧ ਹੁੰਦੇ ਹਨ। 


ਇਕ ਵਾਰ ਇਕ ਮੰਨਿਆ ਹੋਇਆ ਕਵੀ ਸੀ। ਉਸਨੂੰ ਰਾਜ ਦਰਬਾਰੀ ਕਵੀ ਬਣਨ ਦਾ ਭੁੱਸ ਪੈ ਗਿਆ। ਉਹ ਬਾਦਸ਼ਾਹ ਕੋਲ ਗਿਆ ਤੇ ਆਪਣੀ ਗ਼ਜ਼ਲ ਸੁਣਾਉਣ ਲੱਗ ਪਿਆ। ਗ਼ਜ਼ਲ ਦਾ ਮਤਲਾ ਸੁਣ ਕੇ ਬਾਦਸ਼ਾਹ ਖਾਮੋਸ਼ ਰਹਿੰਦਾ ਹੈ। ਪਹਿਲਾ ਸ਼ਿਅਰ ਸੁਣ ਕੇ ਬਾਦਸ਼ਾਹ ਸੱਜੇ ਪਾਸੇ ਮੂੰਹ ਕਰਕੇ ਬੈਠ ਜਾਂਦਾ ਹੈ। ਦੂਜਾ ਸ਼ਿਅਰ ਸੁਣਾਉਣ 'ਤੇ ਬਾਦਸ਼ਾਹ ਉਹਦੇ ਵੱਲ ਪਿੱਠ ਕਰ ਲੈਂਦਾ ਹੈ। ਤੀਜਾ ਸ਼ਿਅਰ ਸੁਣਾਉਂਦਾ ਹੈ ਤਾਂ ਬਾਦਸ਼ਾਹ ਹੋਰ ਘੁੰਮ ਕੇ ਕਵੀ ਦੇ ਸੱਜੇ ਪਾਸੇ ਵਾਲੀ ਦਿਸ਼ਾਂ ਵਿਚ ਮੂੰਹ ਕਰ ਲੈਂਦਾ ਹੈ। ਚੌਥੇ ਸ਼ਿਅਰ ਨਾਲ ਬਾਦਸ਼ਾਹ ਘੁੰਮਾ ਕੇ ਗ਼ਜ਼ਲਗੋ ਵੱਲ ਮੂੰਹ ਸਿੱਧਾ ਕਰ ਲੈਂਦਾ ਹੈ। ਕਵੀ ਬਾਦਸ਼ਾਹ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਕਹਿੰਦਾ ਹੈ, "ਛੱਡ ਖਹਿੜਾ ਯਾਰ। ਮੈਂ ਤੇਰਾ ਤੇ ਆਪਣਾ ਸਮਾਂ ਬਰਬਾਦ ਕਰ ਰਿਹਾ ਹਾਂ। ਤੈਨੂੰ ਮੇਰੀ ਸਮਝ ਨਹੀਂ ਆਉਣੀ।"


ਇਹ ਸੁਣ ਕੇ ਬਾਦਸ਼ਾਹ ਕਹਿੰਦਾ ਹੈ, "ਜਦੋਂ ਤੂੰ ਮੈਨੂੰ ਪਹਿਲਾ ਸ਼ਿਅਰ ਸੁਣਾਇਆ ਤਾਂ ਮੈਂ ਤੈਨੂੰ ਆਪਣੇ ਸੱਜੇ ਪਾਸੇ ਵਾਲੀ ਰਿਆਸਤ ਦੇ  ਦਿੱਤੀ। ਦੂਜੇ ਸ਼ਿਅਰ ਤੋਂ ਮੁਤਾਸਿਰ ਹੋ ਕੇ ਮੈਂ ਆਪਣੇ ਪਿਛਲੇ ਪਾਸੇ ਵਾਲੀ ਦਿਸ਼ਾ ਦੀ ਰਿਆਸਤ ਬਖਸ਼ ਦਿੱਤੀ। ਤੀਜੇ ਸ਼ਿਅਰ ਨਾਲ ਖੱਬੇ ਪਾਸੇ ਵਾਲੀ ਤੇਰੇ ਨਾਮ ਕਰ ਦਿੱਤੀ। ਚੌਥੇ ਨਾਲ ਸਾਹਮਣੇ ਵਾਲੀ ਰਿਆਸਤ ਤੈਨੂੰ ਇਨਾਮ ਵਜੋਂ ਦੇ ਦਿੱਤੀ।"


ਕਵੀ ਉਹਦੀ ਗੱਲ ਵਿਚਾਲਿਉਂ ਕੱਟਦਾ ਹੋਇਆ ਬੋਲਦਾ ਹੈ, "ਤੇਰੀਆਂ ਰਿਆਸਤਾਂ ਮੈਂ ਸਿਰ ਵਿਚ ਮਾਰਨੀਆਂ ਹਨ ਜੇ ਤੂੰ ਮੇਰੀ ਰਚਨਾ ਦੀ ਹੀ ਮੌਕੇ 'ਤੇ ਦਾਦ ਨਾ ਦਿੱਤੀ ਤਾਂ ਕੀ ਦਿੱਤੈ।"


ਮੌਕੇ ਉੱਤੇ ਮਿਲੀ ਦਾਦ ਦਾ ਆਪਣਾ ਹੀ ਮਹੱਤਵ ਹੁੰਦਾ ਹੈ। ਸਾਡੀ ਬ੍ਰਮਿੰਘਮ ਵਾਲੀ ਕੋਚ ਵਿਚ ਆਰ ਪੀ ਸਿੰਘ ਵੀ ਸਨ। ਅੱਸੀ ਪੱਚਾਸੀ ਸਾਲ ਦੀ ਉਮਰ ਦੇ ਉਹ ਸੇਵਾ ਮੁਕਤ ਸਰਕਾਰੀ ਅਫਸਰ ਹਨ। ਉਨ੍ਹਾਂ ਨੂੰ ਮੇਰਾ ਸਭ ਤੋਂ ਪਹਿਲਾ ਤੁਆਰਫ ਕਰਵਾਉਂਦਿਆਂ ਰਾਮਦਾਸ ਚਾਹਲ (ਪੰਜਾਬ ਟੈਲੀਗ੍ਰਾਫ ਦਾ ਸੰਪਾਦਕ) ਨੇ ਦੱਸਿਆ ਸੀ. "ਇਹ ਬਲਰਾਜ ਸਿੱਧੂ ਉਹ ਮੁੰਡਾ ਹੈ, ਜੀਹਨੇ ਰੰਨ, ਘੋੜਾ ਤੇ ਤਲਵਾਰ ਕਹਾਣੀ ਲਿੱਖੀ ਸੀ।"  

ਉਹਨਾਂ ਨੇ ਮੈਨੂੰ ਬੈਠੇ ਨੂੰ ਦੇਖ ਕੇ ਕਿਹਾ, "ਖੜ੍ਹਾ ਹੋ।"

ਮੈਂ ਖੜ੍ਹ ਗਿਆ। ਉਹ ਮੈਨੂੰ ਸਿਰ ਤੋਂ ਪੈਰਾਂ ਤੱਕ ਦੇਖਦੇ ਹੋਏ ਮੁਤਾਸਿਰ ਸੁਰ ਵਿਚ , "ਵਾਹ" ਬੋਲੇ। ਉਹਨਾਂ ਨੂੰ ਮੇਰੀ ਰਚਨਾ ਦੇ ਮਿਆਰ ਮੁਤਾਬਿਕ ਮੇਰੀ ਘੱਟ ਉਮਰ ਦੇਖ ਕੇ ਤੁਅੱਜਬ ਹੋਇਆ ਸੀ। ਉਹ ਕਹਾਣੀ ਬਾਰੇ ਗੱਲਾਂ ਕਰਨ ਲੱਗ ਪਏ।... ਤੇ ਫੇਰ ਕਹਿੰਦੇ, "ਸਿੱਧੂ, ਯਾਰ ਤੇਰੀ ਕਹਾਣੀ ਦਾ ਇਕ ਡਾਇਲਾਗ ਹੈ। ਮੈਨੂੰ ਐਨਾ ਵਧੀਆ ਲੱਗਿਆ ਕਿ ਮੈਂ ਕਈਆ ਨੂੰ ਸੁਣਾ ਕੇ ਕਹਾਣੀ ਪੜ੍ਹਣ ਦੀ ਸਿਫਾਰਸ਼ ਕੀਤੀ ਹੈ। ਜਦੋਂ ਕਪੂਰਥਲੇ ਦੀ ਸ਼ਹਿਜ਼ਾਦੀ ਗੋਬਿੰਦ ਕੌਰ ਹਮੇਸ਼ਾ ਨਿਰਵਸਤਰ ਰਹਿੰਦੀ ਹੈ ਤੇ ਉਸਦੇ ਘਰ ਵਾਲਾ ਉਸਨੂੰ ਕਪੜੇ ਪਹਿਨਣ ਲਈ ਆਖਦਾ ਹੈ ਤਾਂ ਉਹ ਜੁਆਬ ਦਿੰਦੀ ਹੈ। ਵਸਤਰ ਪਹਿਨ ਦਾ ਕੀ ਫਾਇਦਾ, ਕੱਪੜਿਆਂ ਦੇ ਵਿਚ ਵੀ ਤਾਂ ਅਸੀਂ ਨੰਗੇ ਹੀ ਹੁੰਦੇ ਹਾਂ?"


ਮੈਂ ਗੱਲ ਹਾਸੇ ਪਾ ਦਿੱਤੀ ਤੇ ਸੁਣ ਕੇ ਪ੍ਰਸੰਨਤਾ ਵੀ ਹੋਈ ਕਿ ਮੇਰੀਆਂ ਕਹਾਣੀਆਂ ਨੂੰ ਯਾਦ ਰੱਖਿਆ ਜਾਂਦਾ ਹੈ। ਮੈਂ ਆਰ ਪੀ ਸਿੰਘ ਜੀ ਨੂੰ ਦੱਸਣ ਲੱਗ ਪਿਆ ਕਿ ਮੈਂ ਇਕ ਨਾਵਲ ਵਸਤਰ ਵੀ ਲਿੱਖਿਆ ਸੀ। ਜਿਸ ਵਿਚ ਵਸਤਰਾਂ ਨੂੰ ਅਨੇਕਾਂ ਸਿੰਬਲਾਂ ਵਿਚ ਵਰਤ ਕੇ ਇਹ ਦੱਸਿਆ ਸੀ ਕਿ ਰਿਸ਼ਤੇ-ਨਾਤੇ ਵੀ ਵਸਰਤ ਹੁੰਦੇ ਹਨ, ਜਿਨ੍ਹਾਂ ਨੂੰ ਉਤਾਰ ਕੇ ਸਿੱਟ ਬਾਅਦ ਇੰਨਸਾਨ ਨੰਗਾ ਹੋ ਜਾਂਦਾ ਹੈ।... ਇਉਂ ਗੱਲਾਂ ਕਰਦੇ ਅਸੀਂ ਬ੍ਰਾਇਟਨ ਪਹੁੰਚ ਗਏ।


ਬ੍ਰਾਇਟਨ, ਇੰਗਲੈਂਡ ਦਾ ਇਕੋ ਇਕ ਨੂਡ ਬੀਚ ਹੈ। ਭਾਵ ਇਸ ਸਾਗਰ ਦਾ ਇਕ ਹਿੱਸਾ ਅਜਿਹਾ ਹੈ, ਜਿੱਥੇ ਪੂਰਨਰੂਪ ਵਿਚ ਨਿਰਵਸਤਰ ਹੋ ਕੇ ਤੁਸੀਂ ਧੁੱਪ ਸੇਕ ਸਕਦੇ ਹੋ। ਆਮ ਤੌਰ 'ਤੇ ਸਮੁੰਦਰੀ ਤਟਾਂ ਉੱਤੇ ਤੁਸੀਂ ਵਿਹੜੇ ਵਿਚ ਸੁੱਕਣੀ ਪਾਈ ਕਣਕ ਵਾਂਗੂ ਧੁੱਪ ਸੇਕਣ ਲਈ ਲਿਟੇ ਗੋਰੇ ਗੋਰੀਆਂ ਦੇਖ ਸਕਦੇ ਹੋ, ਪਰ ਉਹਨਾਂ ਦੇ ਬਰਾ ਅਤੇ ਕੱਛੀਆਂ ਪਹਿਨੀਆਂ ਹੁੰਦੀਆਂ ਹਨ। ਸੁੱਖ ਨਾਲ  ਬ੍ਰਾਇਟਨ ਤੁਸੀਂ ਇਹਨਾਂ ਨੂੰ ਅਲਫ ਨਗਨ ਅਵਸਥਾ ਵਿਚ ਦੇਖ ਸਕਦੇ ਹੋ। ਇਹ ਪ੍ਰਥਾ ਯੂਨਾਇਟਡ ਕਿੰਗਡਮ, ਆਇਰਲੈਂਡ ਅਤੇ ਹੈਨਓਵਰ (ਜਰਮਨ) ਦੇ ਬਾਦਸ਼ਾਹ ਜ਼ੌਰਜ਼ ਚੌਥੇ (12 ਅਗਸਤ 1762-26 ਜੂਨ 1830 ) ਨੇ ਤੋਰੀ ਸੀ। ਉਹ ਸਾਹਿਤ, ਸੰਗੀਤ ਤੋਂ ਇਲਾਵਾ ਸ਼ਰਾਬ, ਕਬਾਬ ਅਤੇ ਸ਼ਬਾਬ ਦਾ ਸਿਰੇ ਦਾ ਸ਼ੌਕੀਨ ਸੀ। ਇਕੀ ਸਾਲ ਦੀ ਉਮਰ ਵਿਚ ਉਹ ਆਪਣੀਆਂ ਅਠਾਰਾਂ ਰਖੇਲਾਂ ਨੂੰ ਲੈ ਕੇ ਬ੍ਰਾਇਟਨ ਆਉਂਦਾ ਹੁੰਦਾ ਸੀ ਤੇ ਇਸ ਸਮੁੰਦਰੀ ਤੱਟ ਉੱਤੇ ਸ਼ਰਾਬ ਪੀਂਦਾ, ਬਾਰਬੀਕਿਉ ਪਾਰਟੀਆਂ ਵਿਚ ਮੁਰਗੇ ਬਕਰੇ ਭੁੰਨ੍ਹਦਾ ਹੋਇਆ ਨਗਨ ਨ੍ਰਿਤ ਦੇਖ ਕੇ ਆਪਣਾ ਮਨ ਪ੍ਰਚਾਵਾ ਕਰਿਆ ਕਰਦਾ ਸੀ। ਉਸ ਦੀ ਮੌਤ ਤੋਂ ਬਾਅਦ ਇਹ ਸਭ ਬੰਦ ਹੋ ਗਿਆ ਸੀ। 


ਮਲਕਾ ਵਿਕਟੋਰੀਆ ਦੇ ਵੱਡੇ ਪੁੱਤਰ ਪ੍ਰਿੰਸ ਔਫ ਵੇਲਜ਼, ਐਲਬਰਟ ਐਡਵਰਡ (ਜੋ ਬਾਅਦ ਵਿਚ ਐਡਵਰਡ ਸੱਤਵਾਂ ਬਣ ਕੇ ਯੂਨਾਟਿਡ ਕਿੰਗਡਮ, ਬ੍ਰਿਟਿਸ਼ ਡੋਮੇਨਜ਼ ਅਤੇ ਹਿੰਦੋਸਤਾਨ ਦਾ ਬਾਦਸ਼ਾਹ ਬਣਿਆ) ਨੇ ਭਾਰਤੀ ਸੰਸਕ੍ਰਿਤੀ ਤੋਂ ਪ੍ਰਭਾਵਿਤ ਹੋ ਕੇ 1847 ਵਿਚ ਬ੍ਰਾਇਟਨ ਦੇ ਬੀਚ ਨੂੰ 'ਨਿਉਟਰਸ ਬੀਚ' ਐਲਾਨ ਦਿੱਤਾ ਸੀ। ਉਸਨੇ ਮਹਾਭਾਰਤ ਦੇ ਕੌਰਵ ਦਰਯੋਧਨ ਦੀ ਕਹਾਣੀ ਸੁਣੀ ਸੀ ਕਿ ਉਸਦੇ ਬਾਪ ਧ੍ਰਿਦਰਾਸ਼ਟਰ ਦੇ ਅੰਨ੍ਹਾ ਹੋਣ ਕਾਰਨ ਉਸਦੀ ਮਾਂ ਗੰਧਾਰੀ ਨੇ ਵੀ ਆਪਣੇ ਅੱਖਾਂ ਉੱਤੇ ਇਹ ਆਖ ਕੇ ਪੱਟੀ ਬੰਨ੍ਹ ਲਈ ਸੀ ਕਿ ਜਿਸ ਸੰਸਾਰ ਨੂੰ ਉਸਦਾ ਪਤੀ ਨਹੀਂ ਦੇਖ ਸਕਦਾ। ਉਹ ਵੀ ਨਹੀਂ ਦੇਖੇਗੀ। ਦ੍ਰਯੋਧਨ ਨੂੰ ਵਰ ਪ੍ਰਾਪਤ ਹੋਇਆ ਸੀ ਕਿ ਜੇ ਉਸ ਨੂੰ ਨਗਨ ਰੂਪ ਵਿਚ ਉਸਦੀ ਮਾਂ ਇਕ ਵਾਰ ਅੱਖਾਂ ਤੋਂ ਪੱਟੀ ਲਾਹ ਕੇ ਦੇਖ ਲਵੇਗੀ ਤਾਂ ਉਸਦਾ ਸਾਰਾ ਸ਼ਰੀਰ ਪੱਧਰ ਵਰਗਾ ਪੱਕਾ ਹੋ ਜਾਵੇਗਾ ਤੇ ਉਸਨੂੰ ਕੋਈ ਵੀ ਹਥਿਆਰ ਚੋਟ ਨਹੀਂ ਪਹੁੰਚਾ ਸਕੇਗਾ। ਦ੍ਰੋਯਧਨ ਜਦੋਂ ਅਲਫ ਨੰਗਾ ਹੋ ਕੇ ਆਪਣੀ ਮਾਂ ਕੋਲ ਜਾਣ ਲੱਗਾ ਤਾਂ ਕ੍ਰਿਸ਼ਨ ਨੇ ਚਾਲ ਨਾਲ ਉਸਨੂੰ ਲਗੋਟ ਪਹਿਨਣ ਲਈ ਉਕਸਾ ਦਿੱਤਾ ਸੀ। ਜਦੋਂ ਗੰਧਾਰੀ ਨੇ ਅੱਖਾਂ ਤੋਂ ਪੱਟੀ ਲਾਹ ਕੇ ਦ੍ਰਯੋਧਨ ਨੂੰ ਦੇਖਿਆ ਤਾਂ ਉਸਦਾ ਬਾਕੀ ਸਾਰਾ ਸ਼ਰੀਰ ਤਾਂ ਚਟਾਨ ਵਾਂਗ ਸਖਤ ਅਤੇ ਫੌਲਾਦੀ ਬਣ ਗਿਆ ਸੀ। ਲੇਕਿਨ ਲੰਗੋਟ ਵਾਲਾ ਹਿੱਸਾ ਕੱਚਾ ਰਹਿ ਗਿਆ ਸੀ। ਹਿੰਦੂ ਮਿਥਿਹਾਸਕਾਰ ਮਰਦ ਦੇ ਲੰਗੋਟ ਅੰਦਰ ਆਉਂਦੇ ਇਸ ਅੰਗ 'ਤੇ ਸੱਟ ਲੱਗਣ ਨਾਲ ਮਰਦ ਦੀ ਹੋਣ ਵਾਲੀ ਮੌਤ ਨੂੰ ਇਸ ਮਿੱਥ ਨਾਲ ਜੋੜਦੇ ਹਨ।


ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਐਡਵਰਡ ਸੱਤਵੇਂ ਨੇ ਆਪਣੇ ਸ਼ਾਸਨ ਕਾਲ ਸਮੇਂ ਇਸ ਸਮੁੰਦਰ ਕੰਢੇ ਧੁੱਪ ਸੇਕਦਿਆਂ ਔਰਤਾਂ ਮਰਦਾਂ ਨੂੰ ਸਾਰੇ ਕੱਪੜੇ ਉਤਾਰਨ ਦੀ ਨਾ ਸਿਰਫ ਖੁੱਲ੍ਹ ਦਿੱਤੀ, ਬਲਕਿ ਇਸ ਨੇਕ ਕਾਰਜ਼ ਵਿਚ ਖੁਦ ਵੀ ਸ਼ਾਮਿਲ ਹੋ ਕੇ ਇਸ ਨੂੰ ਵੜਾਵਾ ਵੀ ਦਿੱਤਾ ਸੀ। ਉਦੋਂ  ਤੋਂ ਇਸ ਨੰਗੇ ਸਮੁੰਦਰੀ ਤੱਟ ਦੀ ਮਸ਼ਹੂਰੀ ਹੋਣੀ ਸ਼ੁਰੂ ਹੋਈ ਸੀ ਤੇ ਇਹ ਕਾਮੀ ਸੈਲਾਨੀਆਂ ਲਈ ਮੱਕਾ ਮਦੀਨਾ ਬਣ ਗਿਆ ਸੀ। ਐਡਵਰਡ ਦਾ ਮੰਨਣਾ ਸੀ ਕਿ ਠੰਡੇ ਮੁਲਖਾਂ ਵਿਚ ਰਹਿਣ ਵਾਲਿਆਂ ਲਈ ਧੁੱਪ ਪੌਸ਼ਟਿਕ ਆਹਰ ਦਾ ਕੰਮ ਕਰਦੀ ਹੈ। ਉਸਨੇ ਪ੍ਰਚਾਰਿਆ ਕਿ ਧੁੱਪ ਦੇ ਗੁਣਾਂ ਅਤੇ ਪੌਸ਼ਟਿਕ ਆਹਰ ਤੋਂ ਗੁਪਤ ਅੰਗ ਅਤੇ ਔਰਤਾਂ ਦੀਆਂ ਛਾਤੀਆਂ ਵਾਝੀਆਂ ਕਿਉਂ ਰਹਿਣ! ਇਸੇ ਲਈ ਇਸ ਸਮੁੰਦਰ ਦੇ ਉਹਨੇ ਹਿੱਸੇ ਨੂੰ ਨਿਉਟਰੀਅਸ  ਬੀਚ ਕਿਹਾ ਜਾਂਦਾ ਹੈ। ਉਹਨਾਂ ਦਿਨਾਂ ਵਿਚ ਬ੍ਰਾਇਟਨ ਨੂੰ ਸਮੁੰਦਰ ਕੰਢੇ ਵਸਦਾ ਲੰਡਨ ਵੀ ਕਿਹਾ ਜਾਂਦਾ ਸੀ।

Balraj Sidhu & R P Singh

ਮੈਂ ਅਤੇ ਆਰ ਪੀ ਸਿੰਘ ਸਮੁੰਦਰ ਦੇ ਕੰਢੇ ਜਾ ਕੇ ਪੱਥਰਾਂ ਉੱਤੇ ਬੈਠ ਕੇ ਸਮੁੰਦਰ ਦੇਖਣ ਲੱਗ ਪਏ। ਕੰਪਿਉਟਰਾਂ 'ਤੇ ਬਹੁਤਾ ਸਮਾਂ ਗੁਜ਼ਾਰਦੇ ਹੋਣ ਕਰਕੇ ਸਮੁੰਦਰ ਦੇ ਪਾਣੀ ਨਾਲ ਖਹਿ ਕੇ ਆਉਂਦੀਆਂ ਠੰਡੀਆਂ ਪੌਣਾਂ ਨੇਤਰਾਂ ਲਈ ਵਰਦਾਨ ਸਿੱਧ ਹੁੰਦੀਆਂ ਹਨ। ਠੰਡਕ, ਤਾਜ਼ਗੀ ਅਤੇ ਸਕੂਨ ਜਿਹੇ ਦਾ ਅਨੁਭਵ ਹੁੰਦਾ ਸੀ ਉਸ ਵੇਲੇ।ਕੁਝ ਦੇਰ ਬਾਅਦ ਮੈਂ ਆਰ ਪੀ ਸਿੰਘ ਨੂੰ ਕਿਹਾ ਕਿ ਤੁਸੀਂ ਬੈਠੋ ਤੇ ਸਮੁੰਦਰ ਦੇਖੋ। ਮੈਂ ਕੋਈ ਜ਼ਰੂਰੀ ਕੰਮ ਕਰਕੇ ਆਉਂਦਾ ਹਾਂ। 


ਜੇ ਬ੍ਰਾਇਟਨ ਦੇ ਸਮੁੰਦਰ ਵੱਲ ਜਾਂਦਿਆਂ ਮੂੰਹ ਕਰ ਲਈਏ ਤਾਂ ਸੱਜੇ ਪਾਸੇ ਸਧਾਰਨ ਬੀਚ ਹੈ ਤੇ ਖੱਬੇ ਪਾਸੇ ਨਿਉਟਰਸ ਬੀਚ ਹੈ। ਮੈਂ ਛਾਲਾਂ ਮਾਰਦਾ ਸਿੱਧਾ ਜਾ ਵੱਜਿਆ ਉਥੇ। ਜਿਵੇਂ ਸੱਜਰੀਆਂ ਵੱਟ ਕੇ ਸੇਵੀਆਂ ਸੁੱਕਣ ਲਈ ਟੰਗੀਆਂ ਹੁੰਦੀਆਂ ਹਨ। ਇਉਂ ਗੋਰੇ ਗੋਰੀਆਂ ਨਗਨ ਸਰੀਰ ਸੂਰਜ ਵੱਲ ਕੀਤੇ ਸ਼ੀਸ਼ੇ ਵਾਂਗ ਲਿਸ਼ਕੋਰਾਂ ਮਾਰ ਰਹੇ ਸਨ। ਮਰਦ ਤਾਂ ਦੋ ਚਾਰ ਕੁ ਹੀ ਸਨ, ਪਰ ਔਰਤਾਂ ਦੀ ਭਾਰੀ ਜਨਸੰਖਿਆ ਸੀ। ਘੱਟੋ-ਘੱਟ ਪੱਚੀ ਤੀਹ ਤਾਂ ਜ਼ਰੂਰ ਹੋਣਗੀਆਂ। ਲਿੱਖਣ ਲਈ ਲੇਖਕ ਆਪਣੇ ਆਲ੍ਹੇ-ਦੁਆਲੇ ਵਿਚੋਂ ਇਸੇ ਤਰ੍ਹਾਂ ਹੀ ਚੀਜ਼ਾਂ ਚੁੱਕਦਾ ਹੈ। ਮੈਨੂੰ ਵੀ ਆਸ ਸੀ ਕਿ ਮੈਨੂੰ ਵੀ ਲਿੱਖਣ ਲਈ ਕੁਝ ਨਵਾਂ ਇੱਥੋਂ ਮਿਲ ਜਾਵੇਗਾ। ਮੈਂ ਜਿੰਨਾ ਵੀ ਗਲਪ ਲਿੱਖਿਆ ਹੈ, ਅਰਥਾਤ ਨਾਵਲ ਕਹਾਣੀਆਂ ਸਾਰੀਆਂ ਔਰਤ ਮਰਦ ਦੇ ਰਿਸ਼ਤੇ ਉੱਥੇ ਅਧਾਰਤ ਹਨ ਤੇ ਇਸ ਰਿਸ਼ਤੇ ਦੀ ਬੁਨਿਆਦ ਸੈਕਸ ਹੁੰਦਾ ਹੈ। ਤੇ ਨਿਰਵਸਤਰ ਹੋਣ ਦਾ ਮਤਲਬ ਕਾਮ ਵੱਲ ਪਹਿਲੀ ਪੁਲਾਂਘ ਪੱਟਣਾ ਹੁੰਦਾ ਹੈ। ਮੇਰੀ ਹਰ ਕਹਾਣੀ ਅਤੇ ਨਾਵਲ ਵਿਚ ਸੈਕਸ ਦਾ ਵਰਣਨ ਹੋਣ ਕਰਕੇ ਕਈ ਤਾਂ ਪੰਜਾਬੀ ਵਿਚ ਸਭ ਤੋਂ ਵੱਧ ਅਸ਼ਲੀਲ ਲਿੱਖਣ ਦੇ ਖਿਤਾਬ ਨਾਲ ਵੀ ਮੈਨੂੰ ਨਿਵਾਜ਼ ਦਿੰਦੇ ਹਨ। ਨਗਨ ਡਾਂਸ ਅਤੇ ਮੁਜ਼ਰੇ ਤਾਂ ਬਥੇਰੇ ਦੇਖੇ ਹਨ। ਪਰ ਕਹਿੰਦੇ ਹੁੰਦੇ ਹਨ ਕਿ ਹੁਸਨ ਉਦੋਂ ਪੂਰੇ ਜਲੋਅ ਵਿਚ ਹੁੰਦਾ ਹੈ, ਜਦੋਂ ਸੁੱਤਾ ਹੋਵੇ। ਮੇਮਾਂ ਸਾਗਰ ਕੰਢੇ ਅੱਖਾਂ ਮੀਚੀ, ਨੀਮ ਨੀਂਦ ਦੀ ਅਵਸਥਾ ਵਿਚ ਪਈਆਂ ਸਨ। ਵੈਸੇ ਤਾਂ ਹੈਰਾਨੀ ਜਿਹੀ ਵੀ ਹੁੰਦੀ ਸੀ ਕਿ ਕਿਵੇਂ ਇਹ ਲੋਕ ਦੁਨੀਆ ਤੋਂ ਬੇਖਬਰ ਅਤੇ ਬੇਲਿਬਾਸ ਆਪਣੀ ਮਸਤੀ ਵਿਚ ਮਸਤ ਸਨ। 


ਅਚਾਰੀਆ ਰਜ਼ਨੀਸ਼ ਓਸ਼ੋ ਆਪਣੀ ਪੁਸਤਕ 'ਸੰਭੋਗ ਤੋਂ ਸਮਾਧੀ ਵੱਲ' ਵਿਚ ਇਕ ਬੜੀ ਵਧੀਆ ਗੱਲ ਬਿਆਨਦਾ ਹੈ। ਉਹ ਦੱਸਦਾ ਹੈ ਕਿ ਇਕ ਵਿਅਕਤੀ ਹੁੰਦਾ ਹੈ ਤੇ ਕਿਸੇ ਇਸਲਾਮਿਕ ਮੁਲਖ ਦੇ ਕਿਸੇ ਪਿੰਡ ਵਿਚ। ਉਸਨੇ ਬਚਪਨ ਤੋਂ ਜਵਾਨ ਹੋਣ ਤੱਕ ਕਦੇ ਕਿਸੇ ਔਰਤ ਨੂੰ ਨਹੀਂ ਦੇਖਿਆ ਹੁੰਦੈ। ਫੇਰ ਇਕ ਦਿਨ ਉਹ ਸ਼ਹਿਰ ਜਾਂਦਾ ਹੈ ਤੇ ਉਹ ਇਕ ਬੁਰਕਾਪੋਸ਼ ਔਰਤ ਦੇ ਹੱਥਾਂ ਦੀਆਂ ਉਂਗਲਾਂ ਦੇਖਦਾ ਹੈ ਤਾਂ ਉਸਨੂੰ ਅਸੀਮ ਉਤਾਜਨਾ ਹੁੰਦੀ ਹੈ। ਉਹ ਰੋਜ਼ ਔਰਤਾਂ ਦੀਆਂ ਉਂਗਲਾਂ ਵੱਲ ਦੇਖਦਾ ਰਹਿੰਦਾ ਹੈ। ਉਸ ਅੰਦਰੋਂ ਹੌਲੀ-ਹੌਲੀ ਉਤੇਜਨਾ ਮਰ ਜਾਂਦੀ ਹੈ। ਉਸ ਤੋਂ ਬਾਅਦ ਉਹ ਕਿਸੇ ਵੱਡੇ ਸ਼ਹਿਰ ਵਿਚ ਚਲਾ ਜਾਂਦਾ ਹੈ। ਉਥੋਂ ਦੀਆਂ ਔਰਤਾਂ ਦੀਆਂ  ਮੋਢਿਆਂ ਤੱਕ ਬਾਹਾਂ ਨੰਗੀਆਂ ਹੁੰਦੀਆਂ ਹਨ। ਉਸਦੀ ਉਤੇਜਨਾ ਮੁੜ ਉਤਪਨ ਹੋ ਜਾਂਦੀ ਹੈ। ਕੁਝ ਸਮੇਂ ਮਗਰੋਂ ਉਹ ਇਸਦਾ ਆਦੀ ਹੋ ਜਾਂਦਾ ਹੈ। ਫੇਰ ਉਹ ਕਿਸੇ ਮਹਾਂਨਗਰ ਵਿਚ ਚਲਾ ਜਾਂਦਾ ਹੈ, ਜਿੱਥੇ ਔਰਤਾਂ ਬੁਰਕਾ ਨਹੀਂ ਸਨ ਪਹਿਨਦੀਆਂ। ਕਾਮ ਉਹਦੇ ਅੰਦਰ ਭੜਥੂ ਪਾਉਣ ਲੱਗ ਜਾਂਦਾ ਹੈ। ਕੁਝ ਸਮੇਂ ਬਾਅਦ ਉਹ ਬਿਨਾ ਬੁਰਕਿਆਂ ਵਾਲੀਆਂ ਔਰਤਾਂ ਦੇ ਅੰਗ ਦੇਖਣ ਦਾ ਆਦੀ ਵੀ ਹੋ ਜਾਂਦਾ ਹੈ। ਫੇਰ ਉਹ ਯੂਰਪ ਵਿਚ ਆ ਜਾਂਦਾ ਹੈ ਤੇ ਬਕੀਨੀਆਂ ਵਾਲੀਆਂ ਔਰਤਾਂ ਦੇਖਣ ਲੱਗ ਜਾਂਦਾ ਹੈ। ਇਥੇ ਉਹ ਕਾਮ ਵਾਸਨਾ ਦੇ ਅਗਲੇ ਪੜਾਅ ਵਿਚ ਪਹੁੰਚ ਜਾਂਦਾ ਹੈ ਤੇ ਉਸਦੀਆਂ ਨਸਾਂ ਸਦਾ ਆਕੜੀਆਂ ਰਹਿਣ ਲੱਗਦੀਆਂ ਹਨ। ਫੇਰ ਉਹ ਮੇਰੇ ਵਾਂਗੂ ਬ੍ਰਾਇਟਨ ਬੀਚ 'ਤੇ ਆਉਣ ਲੱਗ ਜਾਂਦਾ ਹੈ ਤੇ ਇਸ ਪ੍ਰਕਾਰ ਜਦੋਂ ਔਰਤ ਦੇ ਜਿਸਮ ਅਤੇ ਸੰਭੋਗ ਕਲਾ ਦਾ ਗਿਆਤਾ ਹੋ ਜਾਂਦਾ ਹੈ ਤੇ ਉਹ ਸੈਕਸ ਤੋਂ ਉੱਪਰ ਉਠ ਜਾਂਦਾ ਹੈ ਤੇ ਬਹੁਤ ਵੱਡਾ ਵਿਅਕਤੀ ਬਣ ਜਾਂਦਾ ਹੈ। ਮਰਨ ਬਾਅਦ ਵੀ ਐਨੇ ਸਾਲ ਬੀਤ ਜਾਣ ਮਗਰੋਂ ਉਹ ਅੱਜ ਤੱਕ ਵੀ ਜਿੰਦਾ ਹੈ। ਲੋਕ ਅੱਜ ਵੀ ਉਸਨੂੰ ਜਾਣਦੇ ਹਨ ਤੇ ਯਾਦ ਕਰਦੇ ਹਨ। ਤੁਸੀਂ ਵੀ ਸਭ ਉਸ ਤੋਂ ਵਾਕਿਫ ਹੋ!


ਮੈਂ ਵੀ ਉਹਦੀ ਰੀਸ ਨਾਲ ਸੈਕਸ ਤੋਂ ਉੱਪਰ ਉੱਠਣ ਦਾ ਪ੍ਰੀਯਾਸ ਕਰ ਰਿਹਾ ਸੀ। ਸੈਕਸ ਤੋਂ ਉੱਪਰ ਉੱਠਣ ਲਈ ਪਹਿਲਾਂ ਇਸ ਵਿਚ ਗਲ੍ਹ-ਗਲ੍ਹ ਖੁੱਭਣਾ ਪੈਂਦਾ ਹੈ। ਮੈਂ ਇਸ ਕੁਦਰਤੀ ਨਜ਼ਾਰੇ ਦਾ ਆਨੰਦ ਮਾਣਦਿਆਂ ਸੋਚ ਰਿਹਾ ਸੀ ਕਿ ਕੀ ਮੈਂ ਅੱਖਾਂ ਸੇਕ ਰਿਹਾ ਹਾਂ ਜਾਂ ਅੱਖਾਂ ਨੂੰ ਠੰਡਕ ਪਹੁੰਚਾ ਰਿਹਾ ਹਾਂ? ਲੇਕਿਨ ਇਕ ਗੱਲ ਮੈਂ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਥੋਂ ਮੈਨੂੰ ਲਿੱਖਣ ਲਈ ਕਾਫੀ ਕੱਚਾ ਮਸਾਲਾ ਪ੍ਰਾਪਤ ਹੋ ਜਾਣਾ ਸੀ। ਪਰ ਦੂਜੇ ਹੱਥ ਉਥੇ ਬੈਠਿਆਂ ਬੰਦੇ ਨੂੰ ਪਾਲਾ ਜਿਹਾ ਵੀ ਮਾਰਦਾ ਹੁੰਦਾ ਹੈ ਕਿ ਕੋਈ ਵਾਕਿਫਕਾਰ ਨਾ ਦੇਖ ਲਵੇ। ਇਸ ਧੜ੍ਹਕੇ ਨੂੰ ਦਿਲੋਂ ਕੱਢਣ ਲਈ ਮੈਂ ਧਨੀ ਰਾਮ ਚਾਤ੍ਰਿਕ ਦੀ ਕਵਿਤਾ ਗੁਣਗਣਾਉਣ ਲੱਗ ਪਿਆ, "ਅੱਖੀਓ ਤੱਕਣਾ ਸਿਫਤ ਤੁਹਾਡੀ। ਕੌਣ ਕਹੇ ਤੁਸੀਂ ਤੱਕੋ ਨਾ? ਜਗਤ ਤਮਾਸ਼ਾ ਜੰਮ-ਜੰਮ ਤੱਕੋ। ਤੱਕਦੀਆਂ ਤੱਕਦੀਆਂ ਥੱਕੋ ਨਾ।" 


ਮੇਰੇ ਨੇਤਰਾਂ ਦੇ ਕਲੋਜ਼ ਸਰਕਟ ਕੈਮਰੇ ਘੁੰਮਦੇ ਹੋਏ ਇਕ ਅੰਗਰੇਜ਼ ਔਰਤ ਉੱਤੇ ਜਾ ਕੇ ਫੋਕਸ ਹੋ ਗਏ। ਉਹ ਮੁੱਧੀ ਪਈ ਕਿਤਾਬ ਪੜ੍ਹ ਰਹੀ ਸੀ। ਮੇਰੇ ਹਾਣ-ਪ੍ਰਵਾਣ ਦੀ ਅਥਲੈਟਿਕ ਸਰੀਰ ਵਾਲੀ ਸੀ ਉਹ। ਧੁੱਪ ਵਿਚ ਚਮਕਦੇ ਰੇਤ ਦੇ ਕਣਾਂ ਵਾਂਗ ਲਿਸ਼ਕ ਰਹੀ ਸੀ। ਮੇਰੇ ਮਨ ਵਿਚ ਆਇਆ ਕਿ ਇਹ ਤਾਂ ਆਪਣੇ ਮਹਿਕਮੇ (ਸਾਹਿਤ ਦੀ ਸ਼ੌਕੀਨ) ਦੀ ਲੱਗਦੀ ਹੈ। ਇਸ ਨੂੰ ਕਿਸੇ ਨਵੀਂ ਕਹਾਣੀ ਦੀ ਪਾਤਰ ਬਣਾਉਦੇ ਹਾਂ। ਮੈਂ ਉਹਦੇ ਕੋਲ ਜਾ ਕੇ ਪੁੱਛਿਆ, "ਬੁਰਾ ਨਾ ਮਨਾਉ ਤਾਂ ਕੀ ਮੈਂ ਤੁਹਾਡੇ ਕੋਲ ਬੈਠ ਸਕਦਾ ਹਾਂ?"


"ਨਹੀਂ। ਆਉ ਬੈਠੋ। ਇਟਸ ਏ ਫਰੀ ਕੰਟਰੀ!... ਇਹ ਅਜ਼ਾਦ ਮੁੱਲਖ ਹੈ।" ਉਸਨੇ ਪੜ੍ਹਿਆ ਜਾਣ ਵਾਲਾ ਨਾਵਲ ਬੰਦ ਕਰਕੇ ਰੱਖ ਦਿੱਤਾ।


ਇਹ ਐਨਾ ਰਾਇਸ ਦਾ ਇਤਿਹਾਸਕ ਨਾਵਲ ਸੀ। ਮੈਂ ਨਾਵਲ ਦੀ ਜਿਲਦ ਤੋਂ ਇਸ ਸੰਬੰਧੀ ਫੁਰਤੀ ਨਾਲ ਟਿੱਪਣੀਆਂ ਪੜ੍ਹ ਕੇ ਉਸਨੂੰ ਇਹ ਸਿੱਧ ਕਰ ਦਿੱਤਾ ਕਿ ਮੈਂ ਉਹ ਪੜ੍ਹਿਆ ਸੀ, "ਬਹੁਤ ਵਧੀਆ ਤੇ ਖੋਜ ਭਰਪੂਰ ਹੈ ਇਹ ਨਾਵਲ।"


"ਤੈਨੂੰ ਪੜ੍ਹਨ ਦਾ ਸ਼ੌਂਕ ਹੈ?" 


"ਹਾਂ। ਸੌਂਕ ਨਹੀਂ ਜਨੂੰਨ ਹੈ। ਪੜ੍ਹਨ ਦਾ ਹੀ ਨਹੀਂ, ਲਿੱਖਣ ਦਾ ਵੀ। ਰਾਇਟਰ ਹਾਂ ਮੈਂ।" ਮੈਂ ਨੰਬਰ ਜਿਹੇ ਬਣਾਉਣੇ ਚਾਹੇ ਸਨ।


"ਵੈਰੀ ਗੁੱਡ। ਕੀ ਲਿੱਖਦਾ ਹੁੰਨੈ?"


"ਜੋ ਦਿਲ ਕਰੇ। ਹਰ ਵਿਧਾ ਵਿਚ ਲਿੱਖਿਆ ਹੈ। ਪਰ ਮੇਰੀ ਪਹਿਚਾਣ ਜ਼ਿਆਦਾ ਗੀਤਾਂ, ਨਾਵਲ ਅਤੇ ਕਹਾਣੀਆਂ ਵਿਚ ਹੈ।"


ਉਹ ਮੁਸਕੜੀਏ ਹੱਸੀ, "ਮੇਰੇ 'ਤੇ ਕੋਈ ਕਹਾਣੀ ਲਿੱਖ ਸਕਦੈਂ?"


"ਮੈਂ ਵੀ ਐਨਾ ਰਾਇਸ ਵਾਂਗ ਇਤਿਹਾਸਕ ਗਲਪ ਹੀ ਲਿਖਦਾਂ। ਮੇਰੀ ਰਚਨਾ ਦੀ ਪਾਤਰ ਬਣਨ ਲਈ ਤਾਂ ਤੈਨੂੰ ਖੇਚਲ ਕਰਨੀ ਪਊ। ਜੇ ਮਿਹਨਤ ਕਰੇਂ, ਕੋਈ ਇਤਿਹਾਸਕ ਮੱਲ ਮਾਰੇਂ ਤਾਂ ਕਹਾਣੀ ਕੀ, ਮੈਂ ਤੇਰੇ 'ਤੇ ਪੂਰਾ ਨਾਵਲ ਲਿੱਖਦੂੰ।"


ਉਹਨੇ ਮਾਂ ਧੀ ਨੇ ਐਨਾ ਰਾਇਸ ਦੇ ਨਾਵਲ ਸੰਬੰਧੀ ਤਿੰਨ ਚਾਰ ਸਵਾਲ ਦਾਗ ਦਿੱਤੇ। ਪੜ੍ਹਿਆ ਨਾ ਹੋਣ ਕਰਕੇ ਵਿਸ਼ਾ ਬਦਲਨਾ ਜ਼ਰੂਰੀ ਹੋ ਗਿਆ ਸੀ। ਮੈਂ ਫੁਰਤੀ ਨਾਲ ਅਗਲਾ ਪੱਤਾ ਸਿੱਟ ਦਿੱਤਾ, "ਤੈਨੂੰ ਪਤੈ ਹੈ ਮੈਂ ਤੇਰੇ ਕੋਲ ਹੀ ਕਿਉਂ ਆਇਆ ਹਾਂ?"


"ਨਹੀਂ, ਕਿਉਂ?"


"ਦੂਰੋਂ ਪਈ ਹੋਈ ਤੂੰ ਇਉਂ ਲੱਗਦੀ ਸੀ, ਜਿਵੇਂ ਸਮੁੰਦਰ ਦੀ ਛੱਲ ਨੇ ਕੋਈ ਸਿੱਪੀ ਉਲੱਦ ਕੇ ਬਾਹਰ ਕੰਢੇ ਉੱਤੇ ਸਿੱਟ ਦਿੱਤੀ ਹੋਵੇ ਤੇ ਉਸ ਵਿਚੋਂ ਨਿਕਲ ਕੇ ਡਿੱਗਿਆ ਤੂੰ ਸੁੱਚਾ ਮੋਤੀ ਹੋਵੇ। ਸੱਚੀਂ ਤੂੰ ਸਵੀਟ, ਸੈਕਸੀ ਤੇ ਸੋਹਣੀ ਬਹੁਤ ਹੈਂ!"


ਸਿਫਤ ਜਨਾਨੀਆਂ ਦੀ ਸਭ ਤੋਂ ਵੱਡੀ ਕਮਜ਼ੋਰੀ ਹੁੰਦੀ ਹੈ ਤੇ ਇਸ ਦੀ ਮਾਰ ਤੋਂ ਕੋਈ ਵੀ ਔਰਤ ਬਚਦੀ ਨਹੀਂ। ਨਾਲੇ ਫੇਰ ਸਧਾਰਨ ਔਰਤਾਂ ਦੇ ਮੁਕਾਬਲਤਨ ਸੂਖਮ ਕਲਾਵਾਂ ਨੂੰ ਨਿਹੁੰ ਕਰਨ ਵਾਲੀਆਂ ਇਸਤਰੀਆਂ ਇਹਨਾਂ ਕਲਾਵਾਂ ਦੇ ਸਿਰਜਕਾਂ ਦੀ ਗ੍ਰਿਫਤ ਸੁਖਾਲੀਆਂ ਹੀ ਆ ਜਾਂਦੀਆਂ ਹਨ। ਅਸੀਂ ਵਾਰਤਾਲਾਪ ਦੇ  ਭੰਵਰ ਵਿਚ ਲਪੇਟੇ ਗਏ...।


"ਤੈਨੂੰ ਮੇਰੇ ਬਦਨ ਦਾ ਕਿਹੜਾ ਅੰਗ ਸੋਹਣਾ ਲੱਗਦੈ?", ਉਹਨੇ ਨਖਰੇ ਜਿਹੇ ਨਾਲ ਪੁੱਛਿਆ।


ਮੇਰੀਆਂ ਨਜ਼ਰਾਂ ਨੇ ਉਸਦੇ ਸੰਦਲੀ ਸ਼ਰੀਰ ਦੀ ਪ੍ਰਕਰਮਾ ਕੀਤੀ, "ਕਿਹੜਾ ਕਹਾਂ? ਸਿਰ ਤੋਂ ਤੂੰ ਸਾਰੀ ਦੀ ਸਾਰੀ ਸੋਹਣੀ ਐਂ। ਅਰਸ਼ੋਂ ਉਤਰੀ ਜਮ੍ਹਾ ਕੋਈ ਹੂਰ ਲੱਗਦੀ ਹੈਂ। ਤੇਰਾ ਸੁਹੱਪਣ ਦੇਖ ਕੇ ਬੰਦੇ ਦਾ ਤੈਨੂੰ ਭਰੀ ਭਰਾਈ ਨੂੰ ਡੀਕ ਲਾ ਕੇ ਪੀ ਜਾਣ ਨੂੰ ਚਿੱਤ ਕਰਨ ਲੱਗ ਜਾਂਦੈ।""


"ਫੇਰ ਵੀ ਤੈਨੂੰ ਮੇਰਾ ਸਭ ਤੋਂ ਵੱਧ ਕੀ ਸੋਹਣਾ ਲੱਗਦੈ?"


ਸ਼ਾਇਦ ਉਹ ਮੇਰੀ ਨੀਅਤ ਪਰਖ ਰਹੀ ਸੀ, "ਫਲਾਵਰ ਸ਼ੋਅ (ਪੁਸ਼ਪ ਉਤਸਵ) ਵਿਚ ਸਾਰੇ ਫੁੱਲ ਹੀ ਸੋਹਣੇ ਮਨਮੋਹਣੇ ਹੁੰਦੇ ਨੇ। ਜਦੋਂ ਬੰਦਾ ਇਤਿਹਾਸਕ ਵਸਤਾਂ ਦੀ ਪ੍ਰਦਰਸ਼ਨੀ ਦੇਖਣ ਗਿਆ ਹੋਵੇ ਤਾਂ ਉਸ ਲਈ ਇਹ ਫੈਸਲਾ ਕਰਨਾ ਕਠਿਨ ਹੁੰਦਾ ਹੈ ਕਿ ਕਿਸ ਇਤਿਹਾਸਕ ਵਸਤੂ ਦੀ ਵੱਧ ਮਹੱਤਤਾ ਹੈ। ਮੈਂ ਕੀ ਕਹਾਂ, ਤੇਰਾ ਕਿਹੜਾ ਅੰਗ ਸੋਹਣਾ ਹੈ, ਕਿਹੜਾ ਨਹੀਂ?"


"ਤੂੰ ਡਾਇਲਾਗ ਬਹੁਤ ਖੂਬਸੂਰਤ ਬੋਲਦੈਂ।"


"ਮੈਂ ਰੋਮਾਂਸ ਅਤੇ ਐਕਸ਼ਨ ਵੀ ਬਹੁਤ ਵਧੀਆ ਕਰਦਾਂ। ਕਦੇ ਮੌਕਾ ਦੇ ਕੇ ਦੇਖ।... ਡੀਅਰ! ਮੈਨੂੰ ਤਾਂ ਇੱਥੇ ਆ ਕੇ ਇਉਂ ਲਗਦਾ ਹੈ ਜਿਵੇਂ ਮੈਂ ਕੋਈ ਸੁਪਨਾ ਜਿਹਾ ਦੇਖ ਰਿਹਾ ਹੋਵਾਂ।... ਮੈਂ ਜਦੋਂ ਕਦੇ ਵੀ ਜਹਾਜ਼ ਵਿਚ ਬੈਠਦਾ ਹਾਂ ਤਾਂ ਇਕ ਵਿਚਾਰ ਹਮੇਸ਼ਾਂ ਮੇਰੇ ਜ਼ਿਹਨ ਵਿਚ ਆਉਂਦਾ ਹੈ ਕਿ ਜਹਾਜ਼ ਉੱਡੇ ਤੇ ਅਸਮਾਨ ਵਿਚ ਜਾ ਕੇ ਕਰੈਸ਼ ਹੋ ਜਾਵੇ। ਸਭ ਸਵਾਰੀਆਂ ਮਰ ਜਾਣ ਤੇ ਮੈਂ ਪੈਰਾਸ਼ੂਟ ਰਾਹੀਂ ਧਰਤੀ 'ਤੇ ਸਹੀ-ਸਲਾਮਤ ਪਹੁੰਚ ਜਾਵਾਂ। ਜਿੱਥੇ ਜਾ ਕੇ ਮੈਂ ਲੈਂਡ ਕਰਾਂ, ਉਥੇ ਕੇਵਲ ਸੋਹਣੀਆਂ ਸੋਹਣੀਆਂ ਔਰਤਾਂ ਹੀ ਹੋਣ ਤੇ ਮੈਂ ਇਕੱਲਾ ਮਰਦ ਹੋਵਾਂ। ਕੋਈ ਅਰਬ ਦਾ ਮੁਲਖ ਜਾਂ ਜੱਨਤ ਵਰਗੀ ਥਾਂ ਹੋਵੇ। ਮੈਂ ਹੁਸੀਨ ਔਰਤਾਂ ਵਿਚ ਦਿਨ ਰਾਤ ਘਿਰਿਆ ਰਹਾਂ। ਮੈਨੂੰ ਇੰਝ ਲੱਗਦੈ ਜਿਵੇਂ ਜਾਗਦੀਆਂ ਅੱਖਾਂ ਨਾਲ ਦੇਖਿਆ ਮੇਰਾ ਉਹ ਸੁਪਨਾ ਅੱਜ ਸਾਕਾਰ ਹੋ ਗਿਆ ਹੁੰਦਾ ਹੈ।" 


"ਸ਼ਰੇਆਮ ਨਗਨ ਜਨਾਨੀਆਂ ਪਹਿਲੀ ਵਾਰ ਦੇਖ ਰਿਹੈਂ?" ਉਸਦੇ ਚਿਹਰੇ 'ਤੇ ਕੋਈ ਸ਼ਰਾਰਤ ਸਾਲਸਾ ਨਾਚ ਨੱਚ ਰਹੀ ਸੀ।


"ਹੂੰ ਨਾ ਨਹੀਂ ... ਹੱਹਾ ਹਾਂ! ਨਹੀਂ ਬਥੇਰੇ ਸਟਰਿੱਪਟੀਜ਼ ਕਲੱਬ ਦੇਖੇ ਨੇ। ਇੰਨਫੈਕਟ, ਮੇਰੇ ਸਕੇ ਮਾਮੇ ਦੇ ਮੁੰਡਿਆਂ ਦੇ ਬ੍ਰਮਿੰਘਮ ਅਤੇ ਲੈਸਟਰ ਵਿਚ 'ਏਂਜ਼ਲ ਇੰਨ' ਨਾਮ ਦੇ ਜੈਂਟਲਮੈਨ ਕਲੱਬ ਹਨ। ਉਥੇ ਸੱਤੇ ਦਿਨ ਪੈਂਤੀ ਕੁੜੀਆਂ ਨਗਨ ਨ੍ਰਿਤ ਕਰਦੀਆਂ। ਸਾਡਾ ਪਰਿਵਾਰ ਯੂ. ਕੇ. ਵਿਚ ਅਜਿਹੇ ਖਰੀਦਣ ਵਾਲਾ ਪਹਿਲਾ ਏਸ਼ੀਅਨ ਪਰਿਵਾਰ ਹੈ। ਪਰ ਮੈਂ ਉਥੇ ਘੱਟ-ਵੱਧ ਈ ਜਾਂਦਾ ਹਾਂ। Too much nudity is a turn off. Especially if all that flesh is on one person.  (ਹੱਦੋ ਵੱਧ ਨੰਗੇਜ਼ ਦੇਖਣ ਨਾਲ ਬੰਦੇ ਦੀ ਉਤੇਜਨਾ ਮਰ ਜਾਂਦੀ ਹੈ।)... ਵੈਸੇ ਮੈਨੂੰ ਲੱਗਦਾ ਇਹ ਜਨਤਕ ਤੌਰ 'ਤੇ ਨਿਰਵਸਰ ਹੋਣ ਵਾਲਾ ਆਈਡੀਆ ਤੁਸੀਂ ਸਾਡੇ ਇੰਡੀਆ ਤੋਂ ਚੋਰੀ ਕੀਤਾ ਹੈ। ਸਾਡੇ ਉਥੇ ਨੰਗੇ ਸਾਧੂ ਹੁੰਦੇ ਨੇ। ਉਹ ਕਹਿੰਦੇ ਹਨ ਜਿਵੇਂ ਇਸ ਦੁਨੀਆ ਵਿਚ ਆਏ ਹਾਂ। ਉਸੇ ਅਵਸਥਾ ਵਿਚ ਹੀ ਜੀਵਨ ਬਤੀਤ ਕਰੀਏ। ਉਹਨਾਂ ਦਾ ਮੱਤ ਹੈ ਕਿ ਨਗਨ ਰਹਿਣ ਨਾਲ ਕਾਮ ਤੋਂ ਉੱਪਰ ਉੱਠ ਕੇ ਇਸ਼ਵਰ ਦੀ ਪ੍ਰਾਪਤੀ ਕਰੀ ਜਾ ਸਕਦੀ ਹੈ। ਪਰ...।"


ਉਸਨੇ ਮੈਨੂੰ ਵਿਚੋਂ ਟੋਕਿਆ, "ਪਰ ਕੀ?"


"ਪਰ ਉਹਨਾਂ ਨੰਗੇ ਸਾਧੂਆਂ ਨੂੰ ਦੇਖ ਕੇ ਬੰਦੇ ਦੇ ਪਿੰਡੇ 'ਤੇ ਉਹ ਕੀੜੀਆਂ ਜਿਹੀਆਂ ਨਹੀਂ ਲੜ੍ਹਦੀਆਂ, ਜੋ ਥੋਨੂੰ ਮੇਮਾਂ ਨੂੰ ਦੇਖ ਕੇ ਸਰੀਰਕ ਅੰਗਾਂ 'ਤੇ  ਕੁਰਬਲ-ਕੁਰਬਲ ਜਿਹੀ ਕਰਨ ਲੱਗ ਜਾਂਦੀਆਂ।... ਅੱਛਾ ਬੱਲੀਏ! ਇਕ ਗੱਲ ਦੱਸ ਤੂੰ ਇੰਝ ਵਸਤਰਹੀਣ ਸਮੁੰਦਰ ਕੰਢੇ ਲਿਟੀ ਪਈ ਐਂ। ਤੈਨੂੰ ਲੀੜੇ ਲਾਹੁੰਦਿਆਂ ਸ਼ਰਮ ਨਹੀਂ ਆਈ ਸੀ?"


"ਜਦੋਂ ਸ਼ਰਮ ਹੀ ਲਾਹ ਦਿਉ, ਫੇਰ ਲੀੜੇ ਉਤਾਰਦਿਆਂ ਸੰਗ ਨ੍ਹੀਂ ਲੱਗਦੀ ਹੁੰਦੀ। ਸੰਗ ਤੇ ਨੱਥ 'ਕੇਰਾਂ ਪਹਿਲੀ ਆਰੀ ਲਾਹੁਣ ਵੇਲੇ ਹੀ ਝਿਜਕ ਹੁੰਦੀ ਹੈ। ਫੇਰ ਤਾਂ ਆਦਤ ਪੈ ਜਾਂਦੀ ਹੈ ਤੇ ਇਹ ਸਧਾਰਨ ਪ੍ਰਕ੍ਰਿਆ ਜਾਪਣ ਲੱਗ ਜਾਂਦੀ ਹੈ।... ਅਮਰੀਕਨ ਅਭਿਨੇਤਰੀ ਮੈਰੇਲਾਇਨ ਮੂਨਰੋ ਆਪਣੇ ਸਮੇਂ ਦੀ ਸਭ ਤੋਂ ਵੱਡੀ ਸੈਕਸ ਸਿੰਬਲ ਮੰਨੀ ਜਾਂਦੀ ਸੀ। ਬੰਬਸ਼ੈੱਲ ਮੂਨਰੋ ਨੇ ਕਿਹਾ ਸੀ, "The body is meant to be seen, not all covered up.


"ਹਾਂ ਇਹ ਤਾਂ ਹੈ। ਹੁਸਨ ਅੱਖਾਂ ਵਿਚ ਵੱਜਣ ਲਈ ਹੁੰਦੈ, ਕੱਝਣ ਲਈ ਨਹੀਂ।"


"ਨੰਗੇਜ਼ਤਾ ਆਪਣੇ ਆਪ ਵਿਚ ਇਕ ਲਿਬਾਸ ਹੈ। ਜਿਸਨੂੰ ਜੀਵਤ ਪ੍ਰੇਮੀ ਜਾਂ ਮੁਰਦੇ ਪਹਿਨਿਆ ਕਰਦੇ ਹਨ। ਨਿਸੰਗ ਹੋ ਕੇ ਨਿਰਵਸਤਰ ਹੋਣਾ ਤੁਹਾਡੀ ਮਾਸੂਮੀਅਤ ਪ੍ਰਗਟ ਕਰਦਾ ਹੈ। ਮੈਂ ਤਾਂ ਕਹਿੰਨੀ ਆਂ ਤੂੰ ਵੀ ਲਾਹ ਕੇ ਪਰ੍ਹਾਂ ਸਿੱਟ ਕਪੜੇ। ਆ ਆਪਾਂ ਇਕੱਠੇ ਧੁੱਪ ਸੇਕਦੇ ਆਂ? ਦਿਲਚਸਪ ਬੰਦਾ ਲੱਗਦੈਂ ਤੂੰ। ਬਸ ਮਨ ਵਿਚ ਇਹ ਭਾਵਨਾ ਪੈਦਾ ਕਰ ਲੈ ਕਿ ਤੈਨੂੰ ਕੋਈ ਨਹੀਂ ਦੇਖਦੈ।"


"ਨਹੀਂ ਯਾਰ ਇੱਥੇ ਤਾਂ ਲੋਹੜੇ ਦੀ ਸੰਗ ਲੱਗਦੀ ਹੈ। ਫਰੈਂਡੋ ਪੇਸੋਆ ਨੇ ਆਪਣੀ ਕਿਤਾਬ ਦੀ ਬੁੱਕ ਔਫ ਡਿਸਕੁਆਇਟ ਵਿਚ ਲਿਖਿਆ ਹੈ, 'The beauty of a naked body is felt only by the dressed races.'... ਜਦੋਂ ਕਪੜੇ ਅਜੇ ਨਹੀਂ ਸਨ ਬਣੇ ਆਦੀ ਮਾਨਵ ਉਦੋਂ ਨੰਗੇ ਹੀ ਰਹਿੰਦੇ ਹੁੰਦੇ ਸਨ। ਨੰਗੇਜ਼ ਸੱਚ ਤੇ ਵਸਤਰਧਾਰਨਾ ਝੂਠ ਹੈ।"


"ਪਰ ਵਿਲੀਅਮ ਬਲੇਕ ਲਿੱਖਦਾ ਹੈ,Art can never exist without Naked beauty display'd."


ਉਸ ਦੇ ਇਹਨਾਂ ਵਾਕਾਂ ਨੇ ਮੇਰੇ ਬੁੱਲ੍ਹਾਂ ਉੱਤੇ ਜ਼ਿੰਦਾ ਜੜ੍ਹ ਦਿੱਤਾ ਸੀ। ਮੈਂ ਹੈਰਤ ਨਾਲ ਉਸਦੀਆਂ ਅੱਖਾਂ ਵਿਚ ਦੇਖਣ ਲੱਗਿਆ। ਉਸ ਨੇ ਆਪਣੇ ਕੋਲ ਪਈ ਲਾਲ ਵਾਇਨ ਦੀ ਬੋਤਲ ਚੁੱਕੀ ਤੇ ਡੱਟ ਖੋਲ੍ਹ ਦੇ ਵੱਡੀ ਸਾਰੀ ਘੁੱਟ ਭਰ ਲਿੱਤੀ। ਭਰੀ ਹੋਈ ਘੁੱਟ ਨਾਲ ਉਸਦਾ ਮੂੰਹ ਅਜੇ ਫੁੱਲਿਆ ਹੀ ਹੋਇਆ ਸੀ ਤੇ ਉਸਦੇ ਵਾਇਨ ਅੰਦਰ ਲੰਘਾਉਂਦਿਆਂ ਬੋਤਲ ਮੇਰੇ ਵੱਲ ਕੀਤੀ। ਉਸਦੀ ਗੋਰੀ ਨਿਛੋਹ ਗਰਦਨ ਵਿਚੋਂ ਲਾਲ ਵਾਇਨ ਮੈਨੂੰ ਹੇਠਾਂ ਤੱਕ ਜਾਂਦਾ ਦਿਸਦੀ ਸੀ।


"ਲੈ ਘੁੱਟ ਪੀ। ਦਲੇਰੀ ਤੇ ਹੌਂਸਲਾ ਆਜੂ। ਮੱਲ ਬਣ। ਫੜ੍ਹ...ਬੱਗਾ ਸ਼ੇਰ ਬਣਕੇ ਖਿੱਚ ਜਾਹ!"


"ਥੈਂਕਸ, ਬੱਟ ਨੋ ਥੈਂਕਸ! ਹੌਂਸਲੇ ਤਾਂ ਮੇਰੇ ਵੈਸੇ ਹੀ ਬਹੁਤ ਬੁਲੰਦ ਰਹਿੰਦੇ ਨੇ।"


"ਇਸਦਾ ਮਤਲਬ ਮੈਂ ਸੋਹਣੀ ਨਹੀਂ।"


"ਕਿਉਂ? ਇਹ ਮੈਂ ਕਦੋਂ ਕਿਹਾ?" 


"ਸੋਹਣੀ ਇਸਤਰੀ ਤਾਂ ਮਰਦ ਨੂੰ ਜ਼ਹਿਰ ਦੇ ਦੇਵੇ ਬੰਦਾ ਦੂਜੀ ਆਰੀ ਸੋਚਦਾ ਨਹੀਂ ਪੀਣ ਦੀ ਕਰਦੈ। ਇਹ ਤਾਂ ਫੇਰ ਵੀ ਸ਼ਰਾਬ ਐ।"


"ਨਹੀਂ, ਇਹੋ ਜਿਹੀ ਗੱਲ ਨਹੀਂ। ਮੈਨੂੰ ਪੀਣ ਤੋਂ ਮੇਰੇ ਡਾਕਟਰ ਨੇ ਮਨ੍ਹਾ ਕੀਤਾ ਹੋਇਆ ਹੈ। ਨਹੀਂ ਮੈਂ ਕਿੱਥੇ ਢਿੱਲ ਕਰਦਾ ਸੀ। ਨਾਲੇ ਫੇਰ ਮੇਰੀ ਪੀਣੀ ਬਹੁਤ ਭੈੜੀ ਆ। ਪੀ ਕੇ ਮੈਂ ਖੌਰੂ ਜਿਹਾ ਪਾ ਦਿੰਦਾਂ।"


"ਖੌਰੂ? ਕਿਵੇਂ ਦਾ ਖੌਰੂ?"


Maharaja Bhupinder Singh Sidhu

ਮੈਂ ਡੂੰਘਾ ਸਾਹ ਲਿਆ ਸੀ, "ਮੈਂ ਤਾਂ ਕਿਹੜਾ ਖੌਰੂ ਪਾਉਨਾਂ। ਅਸਲ ਖੌਰੂ ਤਾਂ ਮੇਰਾ ਗੋਤੀ ਪਟਿਆਲੇ ਵਾਲਾ ਮਹਾਰਾਜਾ ਭੂਪਾ  ਇੱਥੇ 1911 ਵਿਚ ਬ੍ਰਾਇਟਨ ਆ ਕੇ ਪਾਉਂਦਾ ਹੁੰਦਾ ਸੀ। ਹਿੱਜ਼ ਹਾਈਨੈੱਸ ਅਧੀਰਾਜ ਮਹਾਰਾਜਾ ਭੁਪਿੰਦਰ ਸਿੰਘ ਸਿੱਧੂ ਬਹਾਦਰ (GCSI, GCIE, GCVO, GBE ) ਵਲੀਏ ਰਿਆਸਤ ਪਟਿਆਲਾ, ਵੀਹਵੀਂ ਸਦੀ ਵਿਚ ਯੂਨਾਇਟਡ ਕਿੰਗਡਮ ਤੋਂ ਹਵਾਈ ਜਹਾਜ਼ ਖਰੀਦਣ ਵਾਲਾ ਪਹਿਲਾ ਭਾਰਤੀ ਹੋਇਆ ਸੀ। ਪਟਿਆਲੇ ਵਿਚ ਉਸਨੇ ਜਹਾਜ਼ ਦੇ ਚੜ੍ਹਣ ਅਤੇ ਉਤਰਨ ਲਈ ਵਿਸ਼ੇਸ਼ ਮਾਰਗ ਪੱਟੀ ਵੀ ਬਣਾਵਾਈ ਹੋਈ ਸੀ।  ਮਹਾਰਾਜਾ ਖੇਡਾਂ ਦਾ ਸੌਕੀਨ ਤੇ ਕ੍ਰਿਕਟ ਦਾ ਵਧੀਆ ਖਿਡਾਰੀ ਸੀ। ਚੈਲ, ਹਿਮਾਚਲ ਪ੍ਰਦੇਸ਼ (ਸ਼ਿਮਲੇ ਤੋਂ 49 ਕਿਲੋਮੀਟਰ ਦੂਰੀ 'ਤੇ ਸਥਿਤ ਨਗਰ) ਵਿਚ ਉਸਨੇ ਕ੍ਰਿਕਟ ਖੇਡਣ ਲਈ ਦੁਨੀਆਂ ਦੀ ਸਭ ਤੋਂ ਬੁਲੰਦ ਪਿੱਚ 1893 ਵਿਚ ਬਣਵਾਈ ਸੀ, ਜੋ 2443 ਮੀਟਰ ਦੀ ਸੀ। ਪੋਲੋ ਖੇਡ ਨੂੰ ਉਤਸ਼ਾਹਿਤ ਕਰਨ ਵਿਚ ਵੀ ਮਹਾਰਾਜਾ ਭੁਪਿੰਦਰ ਸਿੰਘ ਦਾ ਨਾਮ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ। ਚੈਲ ਵਿਖੇ ਬਣਾਏ ਮਹੱਲ ਨੂੰ ਉਹ ਆਪਣੀ ਅਯਾਸ਼ੀ ਦੇ ਕੇਂਦਰ ਵਜੋਂ ਗਰਮੀਆਂ ਵਿਚ ਵਰਤਦਾ ਸੀ। ਚਾਹੇ ਪੰਜ ਜਾਂ ਤਿੰਨ ਪੱਤਿਆਂ ਵਾਲੀ ਪੋਕਰ ਹੋਵੇ ਜਾਂ ਕਾਮ ਦੀ ਖੇਡ, ਥੋਡੇ ਮੇਮਾਂ ਨਾਲ ਖੇਡਣ ਦਾ ਪੂਰਾ ਸ਼ੌਂਕੀਨ ਸੀ। ਰੀਅਲ ਸਪੋਰਟਸ ਮੈਨ ਸੀ ਉਹ। ਮਹਾਰਾਜਾ ਭੁਪਿੰਦਰ ਸਿੰਘ ਨੇ ਦਸ ਵਿਆਹ ਕਰਵਾਏ ਸਨ। ਉਸ ਦੇ 88 ਬੱਚੇ ਪੈਦਾ ਹੋਏ ਸਨ ਤੇ ਜਿਨ੍ਹਾਂ ਵਿਚੋਂ 53 ਜ਼ਿੰਦਾ ਹਨ। ਮਹਾਰਾਜੇ ਦੀਆਂ ਚਾਰ ਪਤਨੀਆਂ ਤਾਂ ਹਿਮਾਚਲ ਪ੍ਰਦੇਸ਼ ਦੀਆਂ ਸਕੀਆਂ ਭੈਣਾਂ ਸਨ। ਪੰਜਾਬ ਦਾ ਸਾਬਕਾ ਚੀਫ ਮਨਿਸਟਰ ਕੈਪਟਨ ਅਮਰਿੰਦਰ ਸਿੰਘ ਉਸਦਾ ਪੋਤਾ ਹੈ। ਮਹਾਰਾਜੇ ਦੀ ਪਤਨੀ ਬਖਤਾਵਰ ਕੌਰ ਨੇ ਮਲਕਾ ਮੈਰੀ ਨੂੰ 1911 ਵਿਚ ਦਿੱਲੀ ਦਰਬਾਰ ਵਿਖੇ ਬੇਹੱਦ ਕੀਮਤੀ ਪਟਿਆਲਾ ਸ਼ਾਹੀ ਹਾਰ ਤੋਹਫੇ ਵਜੋਂ ਭੇਂਟ ਕੀਤਾ ਸੀ।"


"ਅੱਛਾ? ਬੜਾ ਦਿਲਸਪ ਇੰਨਸਾਨ ਸੀ ਥੋਡਾ ਮਹਾਰਾਜਾ। ਕੁਝ ਹੋਰ ਦੱਸ ਉਸ ਬਾਰੇ?" 


ਲਾਸ਼ਾਂ ਵਾਂਗ ਲਿੱਟੇ ਪਏ ਗੋਰੇ ਗੋਰੀਆਂ ਨੂੰ ਦੇਖ ਕੇ ਮੈਨੂੰ ਪਹਿਲੀ ਵਿਸ਼ਵ ਜੰਗ ਚੇਤੇ ਆ ਗਈ। ਪਹਿਲੇ ਵਿਸ਼ਵ ਯੁੱਧ ਵਿਚ ਅੰਗੇਰਜ਼ਾਂ ਦੀ ਸਹਾਇਤਾ ਲਈ ਪਟਿਆਲੇ ਵਾਲੇ ਮਹਾਰਾਜੇ ਭੁਪਿੰਦਰ ਸਿੰਘ ਸਿੱਧੂ ਨੇ ਆਪਣੀ ਰਿਆਸਤ ਦੇ 10080 ਸੈਨਿਕ ਦਿੱਤੇ ਸਨ। ਫਿਰ ਜਦੋਂ ਮਹਾਰਾਜਾ 1921 ਵਿਚ ਇੰਗਲੈਂਡ ਆਇਆ ਸੀ ਤਾਂ ਅੰਗਰੇਜ਼ਾਂ ਨੇ ਉਸਦੀ ਖਾਤਿਰਦਾਰੀ ਕਰਨ ਲਈ ਬ੍ਰਾਇਟਨ ਦਾ ਰੌਇਲ ਪਬੀਲੀਅਨ ਮਹਿਲ ਖਾਲੀ ਕਰ ਦਿੱਤਾ ਸੀ। ਕਈ ਮਹੀਨੇ ਮਹਾਰਾਜਾ ਭੁਪਿੰਦਰ ਸਿੰਘ ਬ੍ਰਾਇਟਨ ਦੇ ਇਸ ਸਾਗਰੀ ਤੱਟ ਉੱਤੇ ਰਾਸ ਰੰਗ ਦੀਆਂ ਮਹਿਫਲਾਂ ਲਾਉਂਦਾ ਰਿਹਾ ਸੀ। ਮਹਾਰਾਜਾ ਭੁਪਿੰਦਰ ਸਿੰਘ ਸਿੱਧੂ ਬਾਰੇ ਸੋਚਦਿਆਂ ਹੀ ਉਸਦੀ ਜ਼ਿੰਦਗੀ ਦੇ ਕਈ ਅਹਿਮ ਕਾਂਡ ਮੇਰੇ ਜ਼ਿਹਨ ਵਿਚ ਲੋਟ-ਪੋਟਨੀਆਂ ਮਾਰਨ ਲੱਗ ਪਏ ਸਨ, "ਮਹਾਰਾਜੇ ਭੁਪਿੰਦਰ ਸਿੰਘ ਨੇ ਇਸ ਨਿਉਟਰਸ ਬੀਚ ਨੂੰ ਦੇਖਣ ਬਾਅਦ ਆਪਣੀ ਅਯਾਸ਼ੀ ਲਈ ਪਟਿਆਲੇ ਜਾ ਕੇ ਲੀਲ੍ਹਾ ਭਵਨ ਬਣਾਇਆ ਸੀ। ਬਾਰਾਂਦਰੀ ਬਾਗ ਨਜ਼ਦੀਕ ਭੁਪਿੰਦਰ ਨਗਰ ਵੱਲ ਜਾਂਦੀ ਸੜਕ ਉੱਤੇ ਬਣਿਆ ਇਹ  ਮਹੱਲ ਉਸ ਸਮੇਂ ਇਕ ਅਜੂਬਾ ਹੀ ਸੀ। ਉਸਦੇ ਅੰਦਰ ਜਾਣ ਲਈ ਕੇਵਲ ਇਕ ਹੀ ਰਸਤਾ ਸੀ ਤੇ ਮੁੱਖ ਦਰਵਾਜੇ ਉੱਤੇ ਵੱਡੇ ਸਾਰੇ ਲੋਹੇ ਦੇ ਗੇਟ ਲੱਗੇ ਹੋਏ ਸਨ। ਗੇਟ ਪਾਰ ਕਰਦਿਆਂ ਹੀ ਅਗਲਾ ਰਸਤਾ MAZE (ਭੁੱਲ-ਭਲੀਆ) ਵਰਗਾ ਟੇਢਾ-ਮੇਢਾ ਸੀ ਤਾਂ ਕਿ ਕੁਝ ਗਜ਼ਾਂ ਤੋਂ ਅੱਗੇ ਕੁਝ ਵੀ ਸਪਸ਼ਟ ਦਿਖਾਈ ਨਾ ਦੇਵੇ। ਇਸ ਦੀ ਵਲਗਣ ਦੀਆਂ ਕੰਧਾਂ ਟੇਢੀਆਂ ਮੇਢੀਆਂ ਤੇ ਤੀਹ ਫੁੱਟ ਉੱਚੀਆਂ ਸਨ। ਬਾਹਰੋਂ ਅੰਦਰ ਝਾਤੀ ਮਾਰਨੀ ਅਸੰਭਵ ਬਣਾਉਣ ਲਈ ਸਫੈਦੇ ਅਤੇ ਹੋਰ ਉੱਚੇ ਘਣੇ ਦਰਖਤ ਲਗਾਏ ਗਏ ਸਨ। ਅੱਗੇ ਜਾ ਕੇ ਸ਼ਾਹੀ ਬਾਗ ਵਿਚੋਂ ਲੰਘਦਿਆਂ ਮਹਿਲ ਵਿਚ ਦਾਖਿਲ ਹੋਇਆ ਜਾਂਦਾ ਸੀ। ਮਹੱਲ ਵਿਚ ਅਨੇਕਾਂ ਸੌਣ ਕਮਰੇ ਸਨ। ਸਭ ਆਹਲਾ ਕਿਸਮ ਦੇ ਹੀਰੇ-ਮੋਤੀ ਜੜ੍ਹੇ ਗਲੀਚਿਆਂ ਅਤੇ ਵਿਦੇਸ਼ੀ ਯੂਰਪੀਅਨ ਫਰਨੀਚਰ ਨਾਲ ਸਜ਼ੇ ਹੋਏ ਸਨ। ਮਹੱਲ ਅੰਦਰ ਮਹਾਰਾਜੇ ਦੀਆਂ ਰਾਣੀਆਂ ਅਤੇ ਰਖੇਲਾਂ ਨਿਰਵਸਤਰ ਘੁੰਮਿਆ ਕਰਦੀਆਂ ਸਨ ਤੇ ਜਦੋਂ ਦਿਲ ਕਰਦਾ ਮਹਾਰਾਜਾ ਮਨ ਮਰਜ਼ੀ ਦੀ ਔਰਤ ਨੂੰ ਫੜ੍ਹ ਕੇ ਭੋਗ ਲੈਂਦਾ ਸੀ।" 


ਉਸ ਨੇ ਜਗਿਆਸਾ ਪ੍ਰਗਟ ਕੀਤੀ ਸੀ, "ਜੇ ਉਸ ਵੇਲੇ ਕਿਸੇ ਨੂੰ ਪੀਰੀਅਡਜ਼ ਆਏ ਹੁੰਦੇ ਹੋਣ, ਫੇਰ ਮਹਾਰਾਜਾ ਕੀ ਕਰਦਾ ਸੀ?" 


"ਜਿਹੜੀਆਂ ਔਰਤਾਂ ਦੇ ਮਹਾਵਾਰੀ ਆਈ ਹੁੰਦੀ ਸੀ ਜਾਂ ਬਿਮਾਰ ਹੋਣ ਕਾਰਨ ਸੈਕਸ ਕਰਨ ਤੋਂ ਅਸਮਰਥ ਹੁੰਦੀਆਂ ਸਨ, ਉਹਨਾਂ ਨੂੰ ਹਦਾਇਤ ਹੁੰਦੀ ਸੀ ਕਿ ਉਹਨਾਂ ਨੇ ਵਾਲ ਖੁੱਲ੍ਹੇ ਛੱਡ ਕੇ ਮਹੱਲ ਵਿਚ ਘੁੰਮਣਾ ਹੁੰਦਾ ਸੀ। ਇਹ ਮਹਾਰਾਜੇ ਲਈ ਸੰਕੇਤ ਹੁੰਦਾ ਸੀ। ਅਜਿਹੀ ਅਵਸਥਾ ਵਿਚ ਉਹ ਹੋਰ ਨੂੰ ਢਾਹ ਲੈਂਦਾ ਹੁੰਦਾ ਸੀ। ਬਥੇਰੀਆਂ ਹੁੰਦੀਆਂ ਸਨ ਉਸਦੇ ਹਰਮ ਵਿਚ... ਉਥੇ ਕਿਹੜਾ ਇਕ ਸੀ।"


"ਅੱਛਾ ਫੇਰ ਤਾਂ ਉਹ ਸਾਰੀ ਜ਼ਿੰਦਗੀ ਕਾਮ ਵਿਚ ਹੀ ਗਲਤਾਨ ਰਿਹਾ ਹੋਣੈ? ਉਹਨੇ ਹੋਰ ਕੋਈ ਕੰਮ ਨਹੀਂ ਕੀਤਾ ਹੋਣੈ?"


"ਹਾਂ, ਸੀ ਤਾਂ ਕੁਝ ਇਸੇ ਤਰ੍ਹਾਂ ਹੀ। ਮਹਾਰਾਜੇ ਦਾ ਰਿਆਸਤ ਦੇ ਕੰਮਾਂ ਵਿਚ ਧਿਆਨ ਘੱਟ ਤੇ ਕਾਮ ਰੁੱਚੀ ਵਧੇਰੇ ਦੇਖ ਕੇ ਉਸਦੇ ਪ੍ਰੀਵੀ-ਪਰਸ ਅਫਸਰ ਕਰਨਲ ਗੁਰਦਿਆਲ ਸਿੰਘ ਢਿੱਲੋਂ ਨੇ ਸਲਾਹ ਦਿੱਤੀ ਕਿ ਮਹਾਰਾਜ ਰਖੇਲਾਂ ਛੇਤੀ ਬਦਲ ਲਿਆ ਕਰੋ। ਇਕੋ ਕਿਸਮ ਦੀਆਂ ਇਸਤਰੀਆਂ ਨਾਲ ਸੰਭੋਗ ਕਰਦੇ ਕਰਦੇ ਤੁਸੀਂ ਬੋਰ ਹੋ ਜਾਵੋਗੇ। ਉਸਨੇ ਤਾਂ ਇਹ ਇਸ ਲਈ ਕਿਹਾ ਸੀ ਕਿ ਮਹਾਰਾਜਾ ਦਿਨ ਰਾਤ ਸੈਕਸ ਕਰਕੇ ਅੱਕ ਜਾਵੇਗਾ ਤੇ ਉਸਦਾ ਧਿਆਨ ਹੋਰ ਕੰਮਾਂ ਵੱਲ ਚਲਾ ਜਾਵੇਗਾ। ਲੇਕਿਨ ਮਹਾਰਾਜਾ ਗੱਲ ਪੁੱਠੀ ਲੈ ਗਿਆ ਸੀ। ਸਾਲ ਵਿਚ ਤਿੰਨ ਸੌ ਪੈਂਹਠ ਦਿਨ ਹੁੰਦੇ ਹਨ। ਉਹਨੇ ਪਤੰਦਰ ਨੇ ਤਿੰਨ ਸੌ ਪੈਂਹਠ ਜਨਾਨੀਆਂ ਹਰਮ ਵਿਚ ਪੂਰੀਆਂ ਕਰ ਲਈਆਂ ਤੇ ਸਾਲ ਮਗਰੋਂ ਇਕ ਰਾਤ ਲਈ ਹਰੇਕ ਦੀ ਵਾਰੀ ਆਉਂਦੀ ਸੀ। ਇਸ ਲੀਲ੍ਹਾਂ ਭਵਨ ਵਿਚ ਇਕ 'ਲਵ ਚੈਂਬਰ' ਨਾਮ ਦਾ ਵਿਸ਼ੇਸ਼ ਕਮਰਾ ਸੀ। ਮਹਾਰਾਜਾ ਬਹੁਤੀਆਂ ਬਿਸਰਤ ਕੁਸ਼ਤੀਆਂ ਇੱਥੇ ਹੀ ਲੜ੍ਹਦਾ ਸੀ। ਇਸ ਕਮਰੇ ਦੀਆਂ ਦਿਵਾਰਾਂ ਅਨੇਕਾਂ ਕਾਮ ਉਕਸਾਊ ਪੇਂਟਿੰਗਾਂ ਨਾਲ ਭਰੀਆਂ ਪਈਆਂ ਸਨ। ਇਸ ਵਿਚ ਇਕ ਵਿਲਾਸਮਈ ਪੰਘੂੜਾ ਵੀ ਲੱਗਿਆ ਹੋਇਆ ਸੀ, ਜਿਸ 'ਤੇ ਸਾਥਣ ਨਾਲ ਝੂਲਦਿਆਂ ਮਹਾਰਾਜਾ ਅਨੇਕਾਂ ਆਸਣਾਂ ਦੇ ਅਲੌਕਿਕ ਤਜ਼ਰਬੇ ਕਰਿਆ ਕਰਦਾ ਸੀ। ਇਸ ਮਹੱਲ ਦੇ ਬਾਹਰ ਇਕ ਵਿਸ਼ਾਲ ਸਵਿਮਿੰਗ ਪੂਲ ਸੀ। ਜਿਸ ਵਿਚ ਡੇਢ ਸੌ ਵਿਅਕਤੀ ਇਕੋ ਸਮੇਂ ਤੈਰ ਸਕਦੇ ਸਨ। ਹਰ ਰੋਜ਼ ਸ਼ਾਮ ਨੂੰ ਰਾਤ ਦੇਰ ਤੱਕ ਚੱਲਣ ਵਾਲੀਆਂ ਮਦਰਾ ਪਾਰਟੀਆਂ ਇਸੇ ਪੂਲ ਦੇ ਕੰਢੇ ਆਯਜਿਤ ਕੀਤੀਆਂ ਜਾਂਦੀਆਂ ਸਨ। ਮਹੀਨ ਪਾਰਦਰਸ਼ੀ ਤੈਰਕੀ ਸੂਟ ਮਹਿਨ ਕੇ ਔਰਤਾਂ ਦਾਰੂ ਅਤੇ ਭੋਜਨ ਵਰਤਾਉਂਦੀਆਂ। ਪੰਜਾਹ ਸੱਠ ਮਹਾਰਾਜੇ ਦੀਆਂ ਮਨ ਪਸੰਦ ਔਰਤਾਂ ਇਤਰ-ਫਲੇਲ ਨਾਲ ਪਿੰਡੇ ਗੱਚ ਕਰਕੇ ਸੁਗੰਧਤ ਪਾਣੀ ਵਿਚ ਤੈਰਦੀਆਂ ਰਹਿੰਦੀਆਂ। ਗਰਮੀਆਂ ਵਿਚ ਤਲਾਅ ਦੇ ਪਾਣੀ ਨੂੰ ਠੰਡਾ ਰੱਖਣ ਲਈ ਬਰਫ ਦੀਆਂ ਵੱਡੀਆਂ ਵੱਡੀਆਂ ਸਿਲਾਂ ਸਿੱਟ ਦਿੱਤੀਆਂ ਜਾਂਦੀਆਂ। ਅੱਤ ਦੀ ਗਰਮੀ ਵਿਚ ਵੀ ਇਸ ਪੂਲ ਦਾ ਪਾਣੀ ਨੌਰਥ ਪੋਲ ਵਾਂਗ ਠੰਡਾ ਹੁੰਦਾ ਸੀ। ਸਾਰੀ ਰਾਤ ਮੱਧਮ ਸੁਰ ਵਿਚ ਰਸ ਭਿੰਨਾ ਸੰਗੀਤ ਵਜਦਾ ਰਹਿੰਦਾ ਤੇ ਮਹਾਰਾਜਾ ਪਹੁੰ ਫਟਾਲੇ ਤੱਕ ਆਪਣੀਆਂ ਰਖੇਲਾਂ ਅਤੇ ਰਾਣੀਆਂ ਨਾਲ ਪਾਣੀ ਵਿਚ ਕਲੋਲਾਂ ਕਰਦਾ ਰਹਿੰਦਾ ਹੁੰਦਾ ਸੀ। ਜਿਹੜੀ ਯੂਰਪੀਅਨ ਜਾਂ ਅਮਰੀਕਨ ਸੁੰਦਰੀ ਇਕ ਵਾਰ ਮਹਾਰਾਜੇ ਨਾਲ ਇਸ ਤਲਾਅ ਵਿਚ ਤੈਰ ਲੈਂਦੀ ਸੀ ਫਿਰ ਉਹ ਆਪਣੀਆਂ ਦਸਾਂ ਸਹੇਲੀਆਂ ਨੂੰ ਭੇਜਦੀ ਲੀਲ੍ਹਾਂ ਭਵਨ ਵਿਚ ਭੇਜਦੀ ਹੁੰਦੀ ਸੀ।"


Maharaja Patiala and his wifes
"ਤੇਰੀਆਂ ਗੱਲਾਂ ਸੁਣ ਕੇ ਮੇਰਾ ਤਾਂ ਆਪ ਲੀਲ੍ਹਾ ਭਵਨ ਵਿਚ ਜਾਣ ਨੂੰ ਚਿੱਤ ਕਰਦੈ।"


"ਟਿਕੀ ਰਹਿ। ਜ਼ਿਆਦਾ ਐਕਸਾਇਟਡ ਨਾ ਹੋ। ਹੁਣ ਨਾ ਪਟਿਆਲੇ ਭੁਪਾ ਰਿਹਾ ਤੇ ਨਾ ਉਹਦਾ ਭਵਨ। ਗੱਲਾਂ ਦਾ ਕੜਾਹ ਬਣਾਉਣਾ ਮੇਰਾ ਪੇਸ਼ਾ ਹੈ। ਮੇਰੀ ਹਰੇਕ ਗੱਲ ਨੂੰ ਸੱਚ ਈ ਨਾ ਸਮਝੀ ਚੱਲ।"


"ਫੇਰ ਐਵੇਂ ਐਨੇ ਚਿਰ ਦੀ ਮੈਨੂੰ ਗਰਮ ਕਰੀ ਜਾਂਨੈਂ? ਮੇਰੇ ਅੰਦਰ ਤਾਂ ਜਵਾਰਭਾਟੇ ਲਿਆ ਕੇ ਰੱਖ ਦਿੱਤੇ ਭੂਪੇ ਦੇ ਕਿੱਸੇ ਸੁਣਾ ਕੇ, ਸਾਲੀ ਖਲਬਲੀ ਜਿਹੀ ਤਨ-ਬਦਨ ਵਿਚ ਮੱਚੀ ਪਈ ਹੈ।... ਔਹ ਸਾਹਮਣੇ ਮਰੀਨਾ ਡਰਾਇਵ 'ਤੇ ਮੇਰਾ ਹੋਟਲ ਹੈ। ਹੋਟਲ ਚਲਦੇ ਆਂ।... ਸੱਚ ਆਪਾਂ ਇਕ ਦੂਜੇ ਦਾ ਨਾਮ ਤਾਂ ਪੁੱਛਿਆ ਹੀ ਨਹੀਂ... ਮੇਰਾ ਨਾਮ ਨੈਟਲੀ ਤੇ ਤੇਰਾ?"


"ਰਾਜ, ਕਹਿ ਸਕਦੀ ਐਂ ਮੈਨੂੰ।... ਸ਼ੈਕਸਪੀਅਰ ਰੋਮੀਉ ਐਂਡ ਜੁਲੀਅਟ ਨਾਟਕ ਵਿਚ ਲਿੱਖਦੈ, ਵੱਟ ਲਾਇਜ਼ ਇੰਨ ਏ ਨੇਮ। ਗੁਲਾਬ ਨੂੰ ਗੇਂਦਾ ਕਹਿ ਦੇਈਏ ਤਾਂ ਉਸਦੀ ਸੁਗੰਧ ਵਿਚ ਫਰਕ ਨਹੀਂ ਪੈਂਦਾ।"


ਨੈਟਲੀ ਨੇ ਉਤੇਜਕ ਨਜ਼ਰਾਂ ਨਾਲ ਮੇਰੇ ਵੱਲ ਦੇਖਿਆ, "ਤੇਰੇ ਬੁੱਲ੍ਹ ਬਹੁਤ ਸੋਹਣੇ ਨੇ, ਰਾਜ।"


"ਮੈਨੂੰ ਪਤੈ। ਬਥੇਰੀਆਂ ਨੇ ਇਹ ਕੌਂਮਪਲੀਮੈਂਟ ਦਿੱਤੈ ਮੈਨੂੰ।" ਮੈਂ ਸਾਹੁਰੀ ਜਾਣ ਦਾ ਨਾਮ ਸੁਣ ਕੇ ਚਾਮ੍ਹਲੇ ਬਾਂਦਰ ਵਾਂਗ ਮੁਸਕੁਰਾਇਆ।


"ਡਿੰਪਲ ਪੈਂਦੇ ਬਹੁਤ ਸੋਹਣੇ ਲੱਗਦੇ ਨੇ ਤੇਰੀਆਂ ਗੱਲ੍ਹਾਂ ਵਿਚ।" ਉਸਨੇ ਮੇਰੀ ਖੱਬੀ ਗੱਲ੍ਹ ਤੋਂ ਚੂੰਢੀ ਭਰੀ।


ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਹੈ, ਮੈਂ ਉਸਦੇ ਦਿਲ ਦੀ ਗੱਲ ਬੁੱਝ ਗਿਆ ਸੀ।ਨੈਟਲੀ ਦੀ ਐਵਰੇਜ਼ ਲੁੱਕ ਸੀ! ਨਾ ਸੋਹਣੀ ਨਾ ਕੁਸੋਹਣੀ। ਉਂਝ ਸਿਆਣੇ ਕਹਿੰਦੇ ਹਨ ਕਿ ਮੁਫਤ ਦੀ ਘੋੜੀ ਦੇ ਤਾਂ ਵੈਸੇ ਵੀ ਦੰਦ ਨ੍ਹੀਂ ਗਿਣੀਦੇ ਹੁੰਦੇ। ਮੈਂ ਉਸਨੂੰ ਸਿਰ ਤੋਂ ਪੈਰਾਂ ਤੱਕ ਨਿਰਖ ਨਾਲ ਦੇਖਿਆ, "ਚੱਲ, ਆਜਾ ਚੱਲੀਏ ਫੇਰ।"


ਉਸਨੇ ਆਪਣੇ ਲੇਟਣ ਲਈ ਵਿਛਾਇਆ ਕਪੜਾ ਚੁੱਕ ਕੇ ਵਸਤਰ ਪਹਿਨੇ। ਉਸਦਾ ਸਾਰਾ ਸਾਮਾਨ ਉਸਦੇ ਬੈਗ ਵਿਚ ਪਾ ਕੇ ਅਸੀਂ ਉਥੋਂ ਤੁਰ ਪਏ।...


ਪਾਠਕੋ! ਕੰਟਰੋਲ ਕਰੋ ਆਪਣੇ ਆਪ 'ਤੇ। ਤੁਸੀਂ ਤਾਂ ਯਾਰ ਸਵਾਦ ਹੀ ਲੈਣ ਲੱਗ ਪਏ। ਹੋ ਸਕਦਾ ਹੈ ਮੈਂ ਤੁਹਾਡੇ ਮਨੋਰੰਜਨ ਲਈ ਗੱਪ ਹੀ ਮਾਰ ਰਿਹਾ ਹੋਵਾਂ!!!



***


ਹੌਲਾ ਫੁੱਲ ਹੋ ਕੇ ਮਰੀਨਾ ਹੋਟਲ ਵਿਚੋਂ ਨਿਕਲ ਕੇ ਮੈਂ ਸਾਹਮਣੇ ਸਧਾਰਨ ਸਮੁੰਦਰ ਵੱਲ ਦੇਖਿਆ। ਮੈਨੂੰ ਥੋੜ੍ਹੀ ਥਕਾਵਟ ਜਿਹੀ ਮਹਿਸੂਸ ਹੋ ਰਹੀ ਸੀ। ਸੈਲਾਨੀਆਂ ਨਾਲ ਭਰੀ ਬਾਲ ਟਰੇਨ ਸਾਹਮਣੇ ਜਾ ਰਹੀ ਸੀ। ਨਿਉਟਰਸ ਬੀਚ ਦੇ ਮੱਥੇ ਉੱਤੇ ਹੀ ਮਰੀਨਾ ਟਰੇਨ ਸਟੇਸ਼ਨ ਹੈ। ਜਿਥੋਂ ਪਰਾਤਨ ਕਿਸਮ ਦੀ ਛੋਟੀ ਜਿਹੀ ਸੈਲਾਨੀ ਰੇਲ ਚਲਦੀ ਹੈ, ਜੋ ਸ਼ਹਿਰ ਵਿਚ ਸਮੁੰਦਰ ਦੇ ਕੰਢੇ ਕੰਢੇ ਇਕ ਸਿਰੇ ਬ੍ਰਾਇਟਨ ਮਰੀਨਾ ਤੋਂ ਬਲੈਕ ਰੌਕ ਤੱਕ ਤੋਂ ਦੂਜੇ ਸਿਰੇ ਤੱਕ ਸੈਲਾਨੀਆਂ ਨੂੰ ਲਿਜਾਂਦੀ ਹੈ। 4 ਅਗਸਤ 1883 ਵੌਲਕਸ ਰੇਲ੍ਹਵੇਅ ਵੱਲੋਂ ਚਲਾਈ ਗਈ ਇਹ ਦੁਨੀਆ ਦੀ ਸਭ ਤੋਂ ਪੁਰਾਣੀ ਬਿਜ਼ਲਈ ਸੈਲਾਨੀ ਰੇਲ੍ਹ ਸੇਵਾ ਹੈ। 


ਸੱਜਰਾ ਸਿਰਜਿਆ ਇਤਿਹਾਸ ਸੰਭਾਲਣ ਲਈ ਖਿੱਚੀਆਂ ਤਸਵੀਰਾਂ ਮੈਂ ਉਂਗਲ ਮਾਰ ਕੇ ਆਈ ਫੋਨ ਫੋਰ ਐੱਸ ਵਿਚੋਂ ਦੇਖੀਆਂ ਤਾਂ ਜਿਸਮ ਵਿਚ ਨਵੀਨ ਜੋਸ਼ ਸੰਚਾਰ ਕਰਦਾ ਮਹਿਸੂਸ ਹੋਇਆ। ਮੈਂ ਰੇਲ੍ਹ ਦੀ ਪਟੜੀ ਦੇ ਨਾਲ ਨਾਲ ਸ਼ਹਿਰ ਵੱਲ ਨੂੰ ਕਾਹਲੇ ਕਦਮੀ ਤੁਰ ਪਿਆ। ਮੇਰੇ ਸੱਜੇ ਪਾਸੇ ਦੁਕਾਨਾਂ ਅਤੇ ਖੱਬੇ ਪਾਸੇ ਬਾਲੀਵਾਲ, ਟੇਬਲ ਟੈਨਿਸ ਅਤੇ ਗੌਲਫ ਖੇਡਣ ਲਈ ਕੋਰਟ ਬਣੇ ਹੋਏ ਸਨ। ਜਗ੍ਹਾ-ਜਗ੍ਹਾ ਸਾਇਕਲ ਕਿਰਾਏ 'ਤੇ ਦੇਣ ਵਾਲਿਆਂ ਦੇ ਖੋਖੇ ਵੀ ਬਣੇ ਹੋਏ ਸਨ। ਮੈਂ ਬ੍ਰਰਾਇਟਨ ਵੀਲ (ਚੰਡੋਲ) ਕੋਲ ਦੀ ਹੁੰਦਾ ਹੋਇਆ ਰੌਇਲ ਪਬੀਲੀਅਨ ਮਹੱਲ ਨੂੰ ਸਿੱਧਾ ਹੋ ਗਿਆ। ਇਸ ਚੰਡੋਲ ਨੂੰ ਸ਼ਹਿਰ ਦੇ ਮੱਧ ਵਿਚ ਮੈਟਰੋਪੋਲ ਹੋਟਲ ਨਜ਼ਦੀਕ ਲਗਾਇਆ ਜਾਣਾ ਸੀ ਤਾਂ ਕਿ ਇਸ ਉੱਪਰ ਬੈਠ ਕੇ ਸਾਰੇ ਸ਼ਹਿਰ ਦਾ ਨਜ਼ਾਰਾ ਦੇਖਿਆ ਜਾ ਸਕੇ। ਲੇਕਿਨ ਇਸ ਦਾ ਸਥਾਨਕ ਲੋਕਾਂ ਨੇ ਵਿਰੋਧ ਕੀਤਾ ਸੀ। ਖਾਸ ਕਰ ਬੀਚ ਉੱਤੇ ਖੋਖੇ ਅਤੇ ਦੁਕਾਨਾਂ ਵਾਲਿਆ ਨੇ ਕਿਉਂਕਿ ਇਸ ਨਾਲ ਉਨ੍ਹਾਂ ਦੇ ਵਪਾਰ ਉੱਤੇ ਮਾੜਾ ਅਸਰ ਪੈਂਦਾ ਸੀ। ਇਸ ਲਈ ਸਾਉਥ ਅਫਰੀਕਾ ਵਿਚ ਬਣੇ ਇਸ ਬ੍ਰਾਇਟਨ ਵੀਲ ਨੂੰ ਅਕਤੂਬਰ 2011 ਵਿਚ ਬ੍ਰਾਇਟਨ ਮਰੀਨਾ ਪੈਲਿਸ ਅਤੇ ਪੀਅਰ (ਘਾਟ) ਦੇ ਕੋਲ ਲਗਾ ਦਿੱਤਾ ਗਿਆ ਸੀ।


ਬ੍ਰਾਇਟਨ ਵੀਲ ਤੋਂ ਅੱਗੇ ਲੰਘ ਕੇ ਮੈਂ ਸੱਜੇ ਪਾਸੇ ਸੜਕ ਪਾਰ ਕਰਨ ਹੀ ਲੱਗਿਆ ਸੀ ਕਿ ਰਸਤੇ ਵਿਚ ਮੈਨੂੰ ਇਕ ਚਾਇਨੀਜ਼ ਲੜਕੀ ਨੇ ਰੋਕ ਲਿਆ। ਉਸ ਨੂੰ ਆਪਣੇ ਵੱਲ ਹਸਰਤ ਭਰੀਆਂ ਨਿਗਾਹਾਂ ਨਾਲ ਤੱਕਦਿਆਂ ਦੇਖ ਕੇ ਮੈਂ ਆਪਣੇ ਅੰਦਰ ਕੁਝ ਜ਼ਿਆਦਾ ਹੀ ਖੁਸ਼ਕਿਸਮਤ ਹੋਣ ਦੀ ਖੁਸ਼ਫਿਹਮੀ ਪਾਲ ਬੈਠਾ ਸੀ। ਦਰਅਸਲ ਮੇਰੇ ਮਨ ਵਿਚ ਇਕ ਭਰਮ ਜਿਹਾ ਵਸਿਆ ਹੋਇਆ ਹੈ ਕਿ ਜਿਨ੍ਹਾਂ ਸਿੱਧੂਆਂ ਦੇ ਨਾਮ ਅੰਗਰੇਜ਼ੀ ਦੀ ਬੀ (B) ਅੱਖਰ ਨਾਲ ਸ਼ੁਰੂ ਹੁੰਦੇ ਹਨ। ਉਹਨਾਂ ਦੇ ਅੰਗਰੇਜ਼ੀ ਅਤੇ ਪੰਜਾਬੀ ਵਾਲੇ ਦੋਨੇ ਲੱਕ (ਅੰਗੇਰਜ਼ੀ ਲੱਕ ਯਾਨੀ ਕਿਸਮਤ ਤੇ ਪੰਜਾਬੀ ਲੱਕ ਜਾਣੀ ਕਮਰ ਤੇ ਉਸਤੋਂ ਹੇਠਲਾਂ ਹਿੱਸਾ!) ਬੱਬੇ ਅੱਖਰ ਨਾਲ ਸ਼ੁਰੂ ਹੁੰਦੇ ਸਥਾਨਾਂ 'ਤੇ ਜਾ ਕੇ ਜ਼ਿਆਦਾ ਚੱਲਣ ਲੱਗ ਜਾਂਦੇ ਹਨ। ਇਹ ਮੇਰਾ ਵਹਿਮ ਉਦੋਂ ਪੱਕਾ ਹੋ ਗਿਆ ਸੀ ਜਦੋਂ ਮੈਂ ਕੁਝ ਅਰਸਾ ਬੈਲਜ਼ੀਅਮ ਦੇ ਬਰੁੱਜ਼ ਸ਼ਹਿਰ ਵਿਚ ਰਿਹਾ ਸੀ। ਬਲਰਾਜ, ਬੈਲਜ਼ੀਅ ਅਤੇ ਬਰੂਜ਼। ਇਸੇ ਲਈ ਮੈਂ ਇੰਗਲੈਂਡ ਦਾ ਬ੍ਰਮਿੰਘਮ ਸ਼ਹਿਰ ਨਹੀਂ ਛੱਡ ਰਿਹਾ ਹਾਂ। ਅੰਗਰੇਜ਼ੀ ਬੀ ਤੋਂ ਭੁਪਿੰਦਰ ਸਿੰਘ ਤੇ ਬੀ ਅੱਖਰ ਤੋਂ ਹੀ ਬ੍ਰਾਇਟਨ ਬਣਦਾ ਹੈ। 


ਕਾਹਲੀ ਵਿਚ ਹੋਣ ਕਰਕੇ ਮੈਂ ਉਸ ਚਾਇਨੀਜ਼ ਕੁੜੀ ਦਾ ਟੈਲੀਫੋਨ ਨੰਬਰ ਲੈਣ ਲਈ ਜ਼ੇਬ ਵਿਚੋਂ ਫੋਨ ਕੱਢਿਆ ਹੀ ਸੀ ਕਿ ਉਸਨੇ ਮੈਨੂੰ ਦੱਸਿਆ ਕਿ ਉਹ  ਬਾਇਬਲ ਸੁਸਾਇਟੀ ਵੱਲੋਂ ਮੁਫਤ ਸੈਂਡਵਿਚ ਵੰਡ ਰਹੇ ਸਨ। ਹਰ ਐਤਵਾਰ ਉਹ ਬ੍ਰਾਇਟਨ ਮੁੰਦਰ ਕੰਢੇ ਪੰਜਾਹ ਹਜ਼ਾਰ ਸੈਂਡਵਿਚ ਮੁਫਤ ਵੰਡਦੇ ਹਨ। ਮੈਨੂੰ ਭੁੱਖ ਨਾ ਹੋਣ ਕਰਕੇ ਮੈਂ ਮਨ੍ਹਾ ਕਰ ਦਿੱਤਾ। ਲੇਕਿਨ ਉਸ ਨੇ ਆਪਣੇ ਮਿਸ਼ਨ ਬਾਰੇ ਦੱਸ ਕੇ ਸੈਂਡਵਿਚ ਲੈਣ ਲਈ ਇਸਰਾਰ ਕੀਤਾ। ਮੈਂ ਮੰਨ ਗਿਆ ਤੇ ਉਸ ਤੋਂ ਟਿਉਨਾ ਮੱਛੀ ਵਾਲਾ ਸੈਂਡਵਿਚ ਲੈ ਲਿਆ। ਸੈਂਡਵੈਚ ਅਤੇ ਉਸਦੇ ਨਾਲ ਮਿਲੇ ਟਿਸ਼ੂ ਪੇਪਰ ਉੱਤੇ ਬਾਇਬਲ ਦੇ ਸੰਦੇਸ਼ ਛਪੇ ਹੋਏ ਸਨ। ਮੈਂ ਇਕਾਗਰਚਿਤ ਹੋ ਕੇ ਸੰਦੇਸ਼ ਪੜ੍ਹੇ ਤੇ ਉਥੋਂ ਤੁਰ ਪਿਆ। ਅੱਗੇ ਗਲ੍ਹਾਂ ਵਿਚ ਟੋਕਰੀਆ ਅਤੇ ਈਸਾ ਮਸੀਹ ਦੇ ਕਾਲ ਵਾਲਾ ਪਹਿਰਾਵਾ ਪਹਿਨੀ ਹੋਰ ਬਹੁਤ ਸਾਰੇ ਮੁੰਡੇ ਕੁੜੀਆਂ ਸੈਂਡਵਿਚ ਅਤੇ ਤਰਲ ਪਦਾਰਥ ਵੰਡ ਰਹੇ ਸਨ। ਮੈਨੂੰ ਬਾਇਬਲ ਸੁਸਾਇਟੀ ਦਾ ਇਹ ਉੱਦਮ ਸਿੱਖਾਂ ਦੇ ਲੰਗਰ ਤੋਂ ਇਕ ਕਦਮ ਅੱਗੇ ਲੱਗਿਆ। ਸਾਡਾ ਸਿੱਖਾਂ ਦਾ ਲੰਗਰ ਤਾਂ ਅਗਲਾ ਗੁਰਦੁਆਰੇ ਜਾ ਕੇ ਛਕੂ। ਇਹ ਲੋਕ ਲੰਗਰ ਲੋਕਾਂ ਤੱਕ ਲੈ ਕੇ ਗਏ ਹਨ। ਸਾਡੇ ਲੰਗਰ ਨਾਲ ਗੁਰਬਾਣੀ ਦਾ ਕੋਈ ਸੰਦੇਸ਼ ਨਹੀਂ ਹੁੰਦਾ। ਹਾਂ ਨਿਹੰਗ ਬਰਛੇ ਚੁੱਕ ਕੇ ਲੰਗਰ ਦੀ ਮਰਿਯਾਦਾ ਜ਼ਰੂਰ ਸਮਝਾਉਣ ਲੱਗ ਜਾਂਦੇ ਹਨ। ਤੁਰੇ ਜਾਂਦੇ ਦੇ ਮੇਰੇ ਜ਼ਿਹਨ ਵਿਚ ਅਨੇਕਾਂ ਸਵਾਲ ਕਲਾਬਾਜ਼ੀਆਂ ਮਾਰ ਰਹੇ ਸਨ।


ਮੈਂ ਆਪਣੀ ਕਹਾਣੀ 'ਪ੍ਰਿਥਮ ਭਗੌਤੀ ਸਿਮਰ ਕੈ' ਵਿਚ ਇਕ ਸੰਵਾਦ ਲਿੱਖਿਆ ਸੀ, ਮੇਰਾ ਪਾਤਰ ਕਹਿੰਦਾ ਹੈ, "ਰਾਜ ਤਲਵਾਰਾਂ ਅਤੇ ਧਰਮ ਪ੍ਰਚਾਰਾਂ ਨਾਲ ਫੈਲਦੇ ਹਨ।" ਸਿੱਖਾਂ ਨੂੰ ਸੌੜੀ ਸੋਚ ਕਾਰਨ ਹੁਣ ਤੱਕ ਪ੍ਰਚਾਰ ਨਹੀਂ ਕਰਨਾ ਆਇਆ। ਸਿੱਖਾਂ ਕੋਲ ਕੋਈ ਨੀਤੀ ਜਾਂ ਕੋਈ ਮਨਸੂਬਾਬੰਦੀ ਨਹੀਂ ਹੈ। ਉਨੇ ਸਿੱਖ ਨਹੀਂ ਜਿੰਨੇ ਅਸੀਂ ਸ਼ਹੀਦ ਪੈਦਾ ਕਰੀ ਬੈਠੇ ਹਾਂ। ਫੇਰ ਵੀ ਸਿੱਖ ਮਤ ਫੈਲਣ  ਦੀ ਨਜਾਏ ਸੁੰਘੜਦਾ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਦਾ ਕੋਈ ਸੰਦੇਸ਼ ਟਿਸ਼ੂ ਪੇਪਰ 'ਤੇ ਛਾਪ ਕੇ ਦੇਖੋ। ਉਸੇ ਵਕਤ ਪੰਥਕ ਮਸਲਾ ਬਣ ਜਾਵੇਗਾ। ਜਿਨ੍ਹਾਂ ਨੇ ਕਦੇ ਸਿਰ ਨੂੰ ਹਵਾ ਨਹੀਂ ਲਵਾ ਕੇ ਦੇਖੀ ਹੁੰਦੀ ਤੇ  ਅਜਿਹੇ ਅਖੌਤੀ ਰਾਤ ਨੂੰ ਵੀ ਪੱਗ ਬੰਨ ਕੇ ਸੌਂਣ ਵਾਲੇ ਅਜਿਹੇ ਅਖੌਤੀ ਲਾਇਸੰਸੀ ਸਿੱਖ ਤਲੀਬਾਨ ਫੇਸਬੁੱਕ ਉੱਤੇ ਫਤਵੇ ਦੇਣੇ ਸ਼ੁਰੂ ਕਰ ਦੇਣਗੇ।


ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਉੱਤੇ ਮੁਕੇਸ਼ ਖੰਨੇ ਨੂੰ ਲੈ ਕੇ ਬੀ ਆਰ ਚੋਪੜਾ ਸੀਰੀਅਲ ਬਣਾਉਣਾ ਚਾਹੁੰਦਾ ਸੀ। ਸਿੱਖ ਨੇ ਵਿਵਾਦ ਖੜ੍ਹਾ ਕਰ ਦਿੱਤਾ। ਚੋਪੜੇ ਨੇ 'ਭੈਣ... ਮਰਾਓ! ਮੈਂ ਕੀ ਲੈਣੇ। ਹੋਰ ਵਿਸ਼ੇ ਥੋੜ੍ਹੇ ਨੇ ਸੀਰੀਅਲ ਬਣਾਉਣ ਲਈ।' ਕਹਿ ਕੇ ਪ੍ਰੋਜੈਕਟ ਉਥੇ ਹੀ ਛੱਡ ਦਿੱਤਾ। ਇਸਾਈ ਤਾਂ ਆਪਣੇ ਇਤਿਹਾਸ ਨੂੰ ਅੱਖਾਂ ਮੂਹਰੇ ਲਿਆ ਕੇ ਖੜ੍ਹਾ ਕਰ ਦਿੰਦੇ ਹਨ। ਇਹਨਾਂ ਦੇ ਪ੍ਰਚਾਰਕ  ਅਗਲੇ ਦੇ ਘਰ ਜਾ ਕੇ ਪ੍ਰਚਾਰ ਕਰਦੇ ਹਨ। ਇਕ ਇੰਨਸਾਨ ਆਪਣੀ ਜ਼ਿੰਦਗੀ ਵਿਚ ਪੰਜ ਤਰ੍ਹਾਂ ਦੀਆਂ ਭੁੱਖਾਂ ਨਾਲ ਜੂਝਦਾ ਹੈ। ਇਹਨਾਂ ਵਿਚੋਂ ਸਭ ਤੋਂ ਅਹਿਮ ਪੇਟ ਦੀ ਭੁੱਖ ਹੁੰਦੀ ਹੈ। ਦੂਜੇ ਨੰਬਰ 'ਤੇ ਤਨ ਦੀ ਭੁੱਖ, ਫੇਰ ਧਨ ਦੀ ਭੁੱਖ, ਅੱਗੋਂ ਸ਼ੁਹਰਤ ਦੀ ਭੁੱਖ ਤੇ ਅੰਤਲੀ ਮਨ ਦੀ ਭੁੱਖ ਹੁੰਦੀ ਹੈ। ਬਾਕੀ ਦੀਆਂ ਭੁੱਖਾਂ ਪੂਰੀਆਂ ਕਰਨ ਉਪਰੰਤ ਇੰਨਸਾਨ ਮਨ ਦੀ ਭੁੱਖ ਮਿਟਾਉਣ ਦੇ ਕਾਬਲ ਬਣਦਾ ਹੈ।


ਫਰਾਂਸ ਦੀਆਂ ਗਲੀਆਂ ਵਿਚ ਫਟੇ ਕਪੜੇ ਪਹਿਨੀ, ਨੰਗੇ ਪੈਰੀਂ ਬੇਕਰੀ ਸਾਹਮਣੇ ਖੜ੍ਹਾ ਇਕ ਬਾਲ ਬੇਕਰੀ ਵਿਚ ਪਈਆਂ ਬਰੈਡਾਂ ਵੱਲ ਲਲਚਾਈਆਂ ਨਜ਼ਰਾਂ ਨਾਲ ਦੇਖ ਰਿਹਾ ਹੁੰਦਾ ਹੈ। ਜਦੋਂ ਉਸਨੂੰ ਉਥੇ ਉਸੇ ਅਵਸਥਾ ਵਿਚ ਖੜ੍ਹਿਆਂ ਕਾਫੀ ਦੇਰ ਹੋ ਜਾਂਦੀ ਹੈ ਤਾਂ ਦੁਕਾਨਦਾਰ ਉਸਨੂੰ ਹਾਕ ਮਾਰ ਕੇ ਆਪਣੇ ਕੋਲ ਬੁਲਾਉਂਦਾ ਹੈ ਤੇ ਕਹਿੰਦਾ ਹੈ, "ਕੀ ਕਰਦਾ ਹੈਂ ਇਥੇ? ਚੋਰੀ ਕਰਨ ਦੀਆਂ ਸਕੀਮਾਂ ਬਣਾ ਰਿਹਾ ਸੀ?"


"ਨਹੀਂ, ਚੋਰੀ ਕਰਨੀ ਹੁੰਦੀ ਤਾਂ ਕਦੋਂ ਦਾ ਕਰਕੇ ਭੱਜ ਜਾਂਦਾ। ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ ਤੇ ਗਰੀਬ ਹੋਣ ਕਰਕੇ ਬਰੈਡ ਖਰੀਦਣ ਦੇ ਮੇਰੇ ਕੋਲ ਸਿੱਕੇ ਨਹੀਂ ਹਨ। ਮੈਂ ਬਰੈਡ ਵੱਲ ਦੇਖ ਦੇਖ ਕੇ ਹੀ ਆਪਣਾ ਪੇਟ ਭਰ ਰਿਹਾ ਹਾਂ। ਜਦੋਂ ਪੇਟ ਭਰ ਗਿਆ ਮੈਂ ਇੱਥੋਂ ਚਲਾ ਜਾਵਾਂਗਾ।"


ਦੁਕਾਨਦਾਰ ਉਸ ਬੱਚੇ ਦੀ ਇਹ ਗੱਲ ਸੁਣ ਕੇ ਉਸਨੂੰ ਬਰੈਡ ਦੇ ਦਿੰਦਾ ਹੈ ਤੇ ਉਹ ਬੱਚਾ ਬਰੈਡ ਖਾਂਦਾ ਹੋਇਆ ਉਥੋਂ ਚਲਿਆ ਜਾਂਦਾ ਹੈ। ਕਾਫੀ ਸਾਲ ਬੀਤ ਜਾਂਦੇ ਹਨ। ਉਸੇ ਬੇਕਰੀ ਮੂਹਰੇ ਆ ਕੇ ਇਕ ਛੇ ਘੋੜਿਆ ਵਾਲੀ ਬੱਘੀ ਰੁੱਕਦੀ ਹੈ। ਹੁਣ ਉਸ ਬੇਕਰੀ ਦਾ ਮਾਲਕ ਬਹੁਤ ਬਿਰਧ ਹੋ ਚੁੱਕਾ ਹੁੰਦਾ ਹੈ ਤੇ ਬੇਕਰੀ ਵੀ ਕਾਫੀ ਖਸਤਾ ਹਾਲਤ ਵਿਚ ਹੁੰਦੀ ਹੈ। ਗਾਹਕ ਵੀ ਨਾਮਾਤਰ ਹੀ ਆਉਂਦੇ ਹੁੰਦੇ ਹਨ। ਬੱਘੀ ਵਿਚੋਂ ਉਹੀ ਬੱਚਾ ਉਤਰਦਾ ਹੈ, ਜੋ ਕਿ ਹੁਣ ਵੱਡਾ ਹੋ ਕੇ ਨਿਪੋਲੀਅਨ ਬੋਨਾਪਾਰਟ ਬਣ ਚੁੱਕਾ ਹੁੰਦਾ ਹੈ। 


ਨਿਪੋਲੀਅਨ ਆਪਣੇ ਸਿਪਾਹੀਆਂ ਨੂੰ ਇਸ਼ਾਰਾ ਕਰਦਾ ਹੈ ਤੇ ਉਹ ਸਿੱਕਿਆਂ ਨਾਲ ਭਰੀਆਂ ਬੋਰੀਆਂ ਚੁੱਕ ਕੇ ਬੇਕਰੀ ਅੰਦਰ ਢੋਣ ਲੱਗ ਜਾਂਦੇ ਹਨ। ਬੇਕਰੀ ਦਾ ਬੁੱਢਾ ਮਾਲਕ ਉਹਨਾਂ ਨੂੰ ਰੋਕ ਕੇ ਪੁੱਛਦਾ ਹੈ ਕਿ ਉਹ ਕੌਣ ਹਨ ਤੇ ਇਹ ਕੀ ਕਰ ਰਹੇ ਹਨ? 


ਨਿਪੋਲੀਅਨ ਅੱਗੇ ਵੱਧ ਕੇ ਬਜ਼ੁਰਗ ਨੂੰ ਜੁਆਬ ਦਿੰਦਾ ਹੈ, "ਬਾਬਾ, ਮੈਂ ਉਹੀ ਗਰੀਬ ਬੱਚਾ ਹਾਂ ਜਿਸ ਨੂੰ ਤੂੰ ਕਈ ਵਰ੍ਹੇ ਪਹਿਲਾਂ ਮੁਫਤ ਖਾਣ ਲਈ ਬਰੈਡ ਦਿੱਤੀ ਸੀ। ਉਸ ਬਰੈਡ ਦੀ ਕੀਮਤ ਅਤੇ ਉਸਦਾ ਅੱਜ ਤੱਕ ਦਾ ਜੋ ਵਿਆਜ ਬਣਦਾ ਹੈ। ਮੈਂ ਉਹ ਅਦਾ ਕਰਨ ਆਇਆ ਹਾਂ। ਤੁਸੀਂ ਮੇਰੀ ਇਕ ਦਿਨ ਦੀ ਭੁੱਖ ਮਾਰੀ ਸੀ। ਮੈਂ ਤੁਹਾਡੀ ਆਉਣ ਵਾਲੀ ਤਮਾਮ ਜ਼ਿੰਦਗੀ ਦੀ ਭੁੱਖ ਮਾਰ ਕੇ ਚੱਲਿਆ ਹਾਂ।"


ਬੇਕਰੀ ਵਾਲੇ ਬੁੱਢੇ ਦੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਹਨ ਤੇ ਉਹ ਅਸੀਸ ਦਿੰਦਾ ਹੈ, "ਜਾਹ ਬੇਟਾ, ਦੁਨੀਆ ਦਾ ਇਤਿਹਾਸ ਸੁਨਹਿਰੀ ਅੱਖਰਾਂ ਨਾਲ ਤੇਰਾ ਨਾਮ ਦਰਜ਼ ਕਰਕੇ ਸੰਭਾਲ ਕੇ ਰਹਿੰਦੀ ਦੁਨੀਆ ਤੱਕ ਯਾਦ ਰੱਖੇਗਾ। ਮੇਰੇ ਚੇਤਿਆਂ ਦੀ ਚੰਗੇਰ ਵਿਚ ਤੂੰ ਰੋਜ਼-ਏ-ਹਸ਼ਰ ਯਾਦ ਰਹੇਂਗਾ।"


ਬਾਇਬਲ ਸੁਸਾਇਟੀ ਵਾਲਿਆਂ ਨੇ ਵੀ ਭੁੱਖ ਦੀ ਮਹੱਤਤਾ ਨੂੰ ਸਮਝਦਿਆਂ, ਹਵਸ ਅਤੇ ਜਿਸਮਾਂ ਦੀ ਭੁੱਖ ਪੂਰੀ ਕਰਨ ਆਏ ਲੋਕਾਂ ਦੀ ਪੇਟ ਦੀ ਭੁੱਖ ਪੂਰੀ ਕਰਕੇ ਆਪਣਾ ਸੰਦੇਸ਼ ਫੈਲਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੋਇਆ ਸੀ। ਬੀਚ ਤੋਂ ਕੇਵਲ ਦੋ ਮਿੰਟ ਦੀ ਪੈਦਲ ਦੂਰੀ ਉੱਤੇ ਰੌਇਲ ਪਬੀਲੀਅਨ ਮਹੱਲ ਹੈ। ਮੈਂ ਪਾਰਕ ਵਿਚ ਦੀ ਹੁੰਦਾ ਹੋਇਆ ਮਹੱਲ ਮੂਹਰੇ ਪਹੁੰਚ ਗਿਆ। ਮੈਂ  ਰੌਇਲ ਪਬੀਲੀਅਨ ਮਹੱਲ ਦੇ ਬਿਲਕੁਲ ਸਾਹਮਣੇ ਖੜ੍ਹਾ ਸੀ ਤੇ ਮੇਰੇ ਮੂਹਰੇ ਉਸ ਵੇਲੇ ਦਾ ਮੁੱਖ ਦੁਆਰ (ਜੋ ਹੁਣ ਆਮ ਜਨਤਾ ਲਈ ਬੰਦ ਕੀਤਾ ਗਿਆ ਹੈ।) ਸੀ। ਇਸ ਨੂੰ ਸਾਉਥਰਨ ਗੇਟਵੇਅ ਆਖਦੇ ਹਨ। ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਜਦੋਂ ਬ੍ਰਾਇਟਨ ਆਇਆ ਸੀ ਤਾਂ ਉਸ ਲਈ ਰੌਇਲ ਪਬੀਲੀਅਨ ਮਹੱਲ ਦੇ ਦਾ ਸਾਉਥਰਨ ਗੇਟਵੇਅ ਦੁਆਰ ਉਚੇਚਾ ਬਣਾਇਆ ਗਿਆ ਸੀ। ਮੈਂ  ਸਾਉਥਰਨ ਗੇਟਵੇਅ ਅੱਗੇ ਖੜ੍ਹ ਕੇ ਕੁਝ ਤਸਵੀਰਾਂ ਖਿੱਚਵਾਈਆਂ ਤੇ ਮਹੱਲ ਮੂਹਰਲੇ ਬਾਗੀਚੇ ਵਿਚ ਦੀ ਹੁੰਦਾ ਹੋਇਆ ਸੱਜੇ ਪਾਸੇ ਵੱਲ ਬ੍ਰਾਇਟਨ ਮਿਉਜ਼ਿਅਮ ਐਂਡ ਆਰਟ ਗੈਲਰੀ ਵੱਲ ਚਲਾ ਗਿਆ।


ਮਿਉਜ਼ਿਅਮ ਵਿਚੋਂ ਮੈਂ ਬ੍ਰਾਇਟਨ ਬਾਰੇ ਕੁਝ ਇਤਿਹਾਸਕ ਜਾਣਕਾਰੀ ਇਕੱਤਰ ਕਰਕੇ ਬਾਹਰ ਨਿਕਲਿਆ ਤੇ ਸਾਹਮਣੇ ਸੱਜੇ ਪਾਸੇ ਵੱਲ ਰੌਇਲ ਪਬੀਲੀਅਨ ਮਹਿਲ ਦੇ ਪਿਛਲੇ ਦਰਵਾਜ਼ੇ ਵੱਲ ਚਲਾ ਗਿਆ। ਰੌਇਲ ਪਬੀਲੀਅਨ ਦੇ ਮੁੱਖ ਦੁਆਰ ਕੋਲ ਜੌਰਜ਼ ਚੌਥੇ ਦਾ ਆਦਮਕੱਦ ਬੁੱਤ ਵੀ ਲੱਗਾ ਹੋਇਆ ਹੈ। ਇਸ ਦਰਵਾਜ਼ਾ ਸੈਲਾਨੀਆਂ ਦੇ ਮਹੱਲ ਅੰਦਰ ਜਾਣ ਦਾ ਇਕੋ ਇਕ ਮਾਰਗ ਹੈ। ਕਾਉਂਟਰ ਤੋਂ ਸਾਢੇ ਦਸ ਪੌਂਡ ਦੀ ਟਿਕਟ ਲੈ ਕੇ ਮੈਂ ਅੱਗੇ ਵਧੀਆ ਤਾਂ ਉਥੇ ਖੜ੍ਹੀ ਇਕ ਕਰਮਚਾਰੀ ਕੁੜੀ ਨੇ ਮੈਥੋਂ ਪੁੱਛਿਆ ਕਿ ਮੈਂ ਕਿਹੜੀ ਭਾਸ਼ਾ ਬੋਲ ਜਾ ਸਮਝ ਸਕਦਾ ਹਾਂ।


ਤੁਹਾਡੇ ਵੱਲੋਂ ਦੱਸੀ ਗਈ ਭਾਸ਼ਾ ਉੱਤੇ ਉਹ ਇਲੈਕਟਰੋਨਿਕ ਗਾਇਡ ਨੂੰ ਸੈੱਟ ਕਰਕੇ ਨੀਲੇ ਰੰਗ ਦਾ ਛੋਟੇ ਜਿਹੇ ਟਰਾਂਜ਼ਿਸਟਰ ਵਰਗਾ  ਯੰਤਰ ਤੁਹਾਨੂੰ ਫੜ੍ਹਾ ਦਿੰਦੀ ਹੈ। ਇਸ ਨੂੰ ਪੋਰਟਬਲ ਗਾਇਡ ਕਹਿੰਦੇ ਹਨ। ਇਸ ਦੀ ਦਿੱਖ ਮੋਬਾਇਲ ਫੋਨ ਵਰਗੀ ਹੈ। ਉੱਪਰ ਸਕਰੀਨ ਜਿਸ ਵਿਚ ਵਿਡੀਉ ਅਤੇ ਫੋਟੋਆਂ ਤੁਸੀਂ ਦੇਖ ਸਕਦੇ ਹੋ ਤੇ ਹੇਠਲੇ ਹਿੱਸੇ 'ਤੇ ਕੀਅਪੈੱਡ ਹੁੰਦਾ ਹੈ। ਮਹੱਲ ਦੇ ਹਰ ਕਮਰੇ ਨੂੰ ਇਕ ਦੋ ਤਿੰਨ ਵੱਖ ਵੱਖ ਨੰਬਰ ਦਿੱਤੇ ਗਏ ਹਨ। ਤੁਸੀਂ ਜਿਸ ਕਮਰੇ ਵਿਚ ਜਾਂਦੇ ਹੋ ਉੱਥੇ ਜਾ ਕੇ  ਪੋਰਟਬਲ ਗਾਇਡ ਵਿਚ ਕਮਰਾ ਨੰਬਰ ਟਾਇਪ ਕਰ ਦੇਵੋ ਤੇ ਗਾਇਡ ਕੰਨਾਂ ਨਾਲ ਲਾ ਲਵੋ। ਗਾਇਡ ਉਸ ਕਮਰੇ ਬਾਰੇ ਰਿਕਾਰਡ ਕੀਤੀ ਜਾਣਕਾਰੀ ਤੁਹਾਨੂੰ ਸੁਣਾ ਦੇਵੇਗਾ। ਮਹੱਲ ਦੇ ਕਮਰਿਆਂ ਵਿਚ ਪਈਆਂ ਸਾਰੀਆਂ ਵਸਤਾਂ ਉੱਤੇ ਵੀ ਨੰਬਰ ਲਿਖੇ ਹੋਏ ਹਨ। ਜਿਵੇਂ ਕਿ ਸਭ ਤੋਂ ਪਹਿਲਾ ਕਮਰਾ ਸੁਅਗਤੀ ਕਮਰਾ ਹੈ। ਇਸ ਕਮਰੇ ਦਾ ਨੰਬਰ ਇੱਕ ਹੈ। ਇਸ ਵਿਚ ਇਕ ਵੱਡਾ ਪਿਆਨੋ ਪਿਆ ਹੈ ਉਸ ਉੱਤੇ ਵੀ ਇਕ ਨੰਬਰ ਲਿਖਿਆ ਹੋਇਆ ਹੈ। ਜਦੋਂ ਤੁਸੀਂ ਪਿਆਨੋ ਦਾ ਨੰਬਰ ਗਾਇਡ ਵਿਚ ਪਾਉਂਦੇ ਹੋ ਤਾਂ ਗਾਇਡ ਤੁਹਾਨੂੰ ਪਿਆਨੋ ਦੇ ਇਤਿਹਾਸ ਨਾਲ ਸੰਬੰਧਤ ਸਾਰੀ ਜਾਣਕਾਰੀ ਦੇ ਦਿੰਦਾ ਹੈ। ਮਹੱਲ ਅੰਦਰ ਮੋਬਾਇਲ ਫੋਨ ਵਰਤਣ ਅਤੇ ਤਸਵੀਰਾਂ ਖਿੱਚਣ ਦੀ ਸਖਤ ਮਨਾਹੀ ਹੈ। ਮਨਾਹੀ ਵਾਲੇ ਕੰਮ ਕਰਨ ਵਿਚ ਮੈਨੂੰ ਜ਼ਿਆਦਾ ਸਵਾਦ ਜਿਹਾ ਆਉਂਦਾ ਹੋਣ ਕਰਕੇ ਮੈਂ ਫੋਟੋ ਖਿੱਚ ਲਿੱਤੀ। ਗੁਪਤ ਕੈਮਰਿਆਂ ਵਿਚੋਂ ਸਕਿਉਰਟੀ ਵਾਲੇ ਦੇਖ ਕੇ ਝੱਟ ਆ ਗਏ ਤੇ ਬੜ੍ਹੇ ਪਿਆਰ ਨਾਲ ਉਨ੍ਹਾਂ ਨੇ ਮੈਨੂੰ ਫੋਟੋ ਡਲੀਟ ਕਰਨ ਲਈ ਕਿਹਾ ਤੇ ਮੈਂ ਉਨ੍ਹਾਂ ਨੂੰ ਫੋਨ ਦਿਖਾ ਕੇ ਫੋਟੋ ਉਡਾ ਦਿੱਤੀ।


ਕਿਸੇ ਸਮੇਂ ਬ੍ਰਾਇਟਨ ਦਾ ਰੌਇਲ ਪਬੀਲੀਅਨ ਮਹੱਲ ਬ੍ਰਤਾਨਵੀ ਸ਼ਾਸ਼ਕਾਂ ਦੀ ਛੁੱਟੀਆਂ ਵਾਲੀ ਰਿਹਾਇਸ਼ਗਾਹ ਹੁੰਦਾ ਸੀ। ਇਸ ਦਾ ਨਿਰਮਾਣ 1787 ਵਿਚ ਆਰੰਭ ਹੋ ਕੇ ਤਿੰਨ ਪੜਾਵਾਂ ਵਿਚ ਪੂਰਾ ਹੋਇਆ ਸੀ। ਭਾਰਤੀ, ਸਾਇਰੈਨਿਕ (ਸੀਰੀਆ ਅਤੇ ਅਰਬ) ਅਤੇ ਚੀਨੀ ਇਮਾਰਤਸਾਜ਼ੀ ਦੀ ਤਰਜ਼ ਉੱਤੇ ਬਣਾਈ ਗਈ ਇਹ ਇੰਗਲੈਂਡ ਦੀ ਇਕੋ ਇਕ ਇਮਾਰਤ ਹੈ। ਇਸ ਦੀ ਬਾਹਰੀ ਦਿੱਖ ਇਸਲਾਮਿਕ ਪ੍ਰਭਾਵ ਦਰਸਾਉਂਦੀ ਹੈ ਤੇ ਅੰਦਰੂਨੀ ਸਜਾਵਟ ਅਤੇ ਸਾਜ਼-ਓ-ਸਮਾਨ ਚੀਨੀ ਕਲਾ ਤੋਂ ਮੁਤਸਿਰ ਹੈ। ਪ੍ਰਿੰਸ ਔਫ ਵੇਲਜ਼ (ਜੋ ਬਾਅਦ ਵਿਚ ਰਾਜਾ ਜੌਰਜ਼ ਚੌਥਾ ਬਣ ਕੇ ਪ੍ਰਸਿੱਧ ਹੋਇਆ।) ਇੱਕੀ ਸਾਲ ਦੀ ਉਮਰ ਵਿਚ 1783 ਨੂੰ ਪਹਿਲੀ ਵਾਰ ਬ੍ਰਾਇਟਨ ਆਇਆ ਤਾਂ ਇਥੋਂ ਦੀ ਸੁੰਦਰਤਾ ਤੋਂ ਮੋਹਿਤ ਹੋਏ ਬਿਨਾ ਨਾ ਰਹਿ ਸਕਿਆ। ਉਸਦਾ ਚਾਚਾ ਕੰਮਬਰਲੈਂਡ ਦਾ ਡਿਉਕ, ਸ਼ਹਿਜ਼ਾਦਾ ਹੈਨਰੀ ਅਕਸਰ ਬ੍ਰਾਇਟਨ ਹੀ ਰਿਹਾ ਕਰਦਾ ਸੀ। ਕਿਉਂਕਿ ਉਸਦੇ ਪੈਰ ਉੱਤੇ ਹੋਏ ਕੋਹੜ ਦੇ ਇਲਾਜ਼ ਲਈ ਵੈਦਾਂ-ਹਕੀਮਾਂ ਨੇ ਉਸਨੂੰ ਬ੍ਰਾਇਟਨ ਸਾਗਰ ਦੇ ਕੁਦਰਤੀ ਖਾਰੇ ਪਾਣੀ ਨੂੰ ਪੀਣ ਅਤੇ ਨਹਾਉਣ ਲਈ ਵਰਤੋਂ ਕਰਨ ਦੀ ਸਲਾਹ ਦਿੱਤੀ ਸੀ।


ਲੰਡਨ ਦਰਬਾਰ ਦੀਆਂ ਨਿਗਾਹਾਂ ਤੋਂ ਚੋਰੀ ਇਕਾਂਤ ਵਿਚ ਰੰਗਲੀਆਂ ਮਨਾਉਣ ਦੇ ਮਕਸਦ ਨਾਲ ਜੌਰਜ਼ ਚੌਥਾ ਬ੍ਰਾਇਟਨ ਅਕਸਰ ਆਇਆ ਕਰਦਾ ਸੀ। ਇੱਥੇ ਹੀ ਬਾਦਸ਼ਾਹ ਜੌਰਜ਼ ਚੌਥੇ ਨੇ ਆਪਣੀ ਰਖੇਲ ਮਾਰੀਆ ਫਿਟਜ਼ਹਰਬਰਟ ਨਾਲ ਅਨੇਕਾਂ ਵਰ੍ਹੇ ਜੱਗ ਤੋਂ ਚੋਰੀ ਅਯਾਸ਼ੀ ਕੀਤੀ ਅਤੇ ਉਸ ਗੁਪਤ ਵਿਆਹ ਕਰਵਾਇਆ ਸੀ। ਲੇਕਿਨ ਜਦੋਂ ਇਹ ਭੇਤ ਖੁਲ੍ਹਿਆ ਸੀ ਤਾਂ ਮਾਰੀਆ ਦੇ ਰੌਮਨ ਕੈਥੋਲਿਕ ਬਿਗਾਨੇ ਸੰਪਰਦਾਏ ਨਾਲ ਸੰਬੰਧਿਤ ਹੋਣ ਕਾਰਨ ਸ਼ਾਹੀ ਪਰਿਵਾਰ ਨੇ ਰੌਇਲ ਮੈਰਿਜ਼ ਐਕਟ 1772 ਮੁਤਾਬਿਕ ਇਸ ਸ਼ਾਦੀ ਨੂੰ ਅਸਵਿਕਾਰ ਕਰ ਦਿੱਤਾ ਸੀ। 


George IV

ਮਾਰੀਆ ਫਿਟਜ਼ਹਰਬਰਟ, ਟੌਂਗ (ਸਰੌਪਸ਼ਾਇਰ, ਇੰਗਲੈਂਡ) ਦੀ ਜੰਮਪਲ ਸੋਹਣੀ ਸੁਨੱਖੀ ਮੁਟਿਆਰ ਸੀ। ਕਹਿੰਦੇ ਹਨ ਉਹਦੇ ਦੰਦ ਸ਼ਿੱਦੇ, ਅੱਖਾਂ ਭੁਰੀਆਂ, ਰੇਸ਼ਮੀ ਜ਼ੁਲਫਾਂ ਅਤੇ ਨੱਕ ਖੰਡੇ ਦੀ ਧਾਰ ਵਰਗਾ ਤਿੱਖਾ ਸੀ। ਉਹ ਐਨੀ ਹੁਸੀਨ ਸੀ ਕਿ ਉਹਨੂੰ ਦੇਖਦਿਆਂ ਹੀ ਬੰਦਾ ਫੱਟੜ ਹੋ ਜਾਂਦਾ ਹੁੰਦਾ ਸੀ। 'ਬੰਦੇ ਖਾਣੀ' ਉਹਦੀ ਅੱਲ ਪਈ ਹੋਈ ਸੀ। ਉਹ ਐਕਟਨ ਬੂਰਨਲ, ਸਰੌਪਸ਼ਾਇਰ ਦੇ ਤੀਜੇ ਬੈਰਨਟ ਸਰ ਜੌਹਨ ਸਿੰਨਥੇ ਦੀ ਪੋਤੀ ਅਤੇ ਵਿਲੀਅਮ ਸਿੰਨਥੇ ਅਤੇ ਮੈਰੀ ਐਨ ਇਰਿੰਘਟਨ ਦੀ ਸਭ ਤੋਂ ਵੱਡੀ ਲੜਕੀ ਸੀ। ਪੈਰਿਸ ਦੇ ਕੌਨਵੈਂਟ ਸਕੂਲਾਂ ਤੋਂ ਉਸਨੇ ਸਿੱਖਿਆ ਪ੍ਰਾਪਤ ਕੀਤੀ ਸੀ।  ਮਾਰੀਆ ਸਿੰਨਥੇ ਦੀ ਪਹਿਲੀ ਸ਼ਾਦੀ ਆਪਣੇ ਤੋਂ ਸੋਲ੍ਹਾਂ ਸਾਲ ਵੱਡੇ ਲੱਲਵਰਥ ਕਿਲ੍ਹੇ ਦੇ ਅਮੀਰ ਕੈਥੋਲਿਕ ਮਾਲਕ ਐਡਵਰਡ ਵੈਲਡ ਨਾਲ ਜੁਲਾਈ 1775 ਵਿਚ ਕੀਤੀ ਸੀ। ਵੈਲਡ ਦੀ ਘੋੜੇ ਤੋਂ ਡਿੱਗ ਕੇ ਵਿਆਹ ਤੋਂ ਤਿੰਨ ਮਹੀਨੇ ਬਾਅਦ ਹੀ ਮੌਤ ਹੋ ਗਈ ਸੀ। ਵੈਲਡ ਦੀ ਸਾਰੀ ਸੰਪਤੀ ਉਸਦੇ ਛੋਟੇ ਭਰਾ ਨੇ ਹਥਿਆ ਲਿੱਤੀ ਤੇ ਤਿੰਨ ਸਾਲ ਬਾਅਦ ਮਾਰੀਆ ਤੋਂ ਖਹਿੜਾ ਛੁੱਡਾਉਣ ਲਈ ਉਸਨੂੰ ਥੌਮਸ ਫਿਟਜ਼ਹਰਬਰਟ ਨਾਲ ਵਿਆਹ ਦਿੱਤਾ ਸੀ।  



ਥੌਮਸ ਫਿਟਜ਼ਹਰਬਰਟ, ਮਾਰੀਆ ਤੋਂ ਦਸ ਸਾਲ ਵੱਡਾ ਸੀ। ਉਨ੍ਹਾਂ ਦੇ ਇਕ ਲੜਕਾ ਪੈਦਾ ਹੋਇਆ, ਪਰ ਛੋਟੀ ਉਮਰ ਵਿਚ ਹੀ ਚਲ ਵਸਿਆ। 7 ਮਈ 1781 ਨੂੰ ਮਾਰੀਆ ਫਿਟਜ਼ਹਰਬਰਟ ਦੁਬਾਰਾ ਵਿਧਵਾ ਹੋ ਗਈ ਸੀ। ਉਸਦਾ ਪਤੀ ਉਸ ਲਈ ਇਕ ਹਜ਼ਾਰ ਪੌਂਡ ਦੀ ਰਾਸ਼ੀ ਅਤੇ ਟਾਉਨ ਹਾਉਸ, ਪਾਰਕ ਸਟਰੀਟ, ਮੇਅਫੇਅਰ ਵਾਲੀ ਹਵੇਲੀ ਛੱਡ ਗਿਆ ਸੀ। ਉਪਰਾਮ ਹੋ ਕੇ ਮਾਰੀਆ ਫਿਟਜ਼ਹਰਬਰਟ ਨੇ ਸ਼ਰਾਬ ਅਤੇ ਜੂਏ ਵਿਚ ਆਪਣੇ ਆਪ ਨੂੰ ਡੁਬੋਅ ਲਿਆ ਸੀ ਤੇ ਉਹ ਉੱਚ ਵਰਗ ਦੀਆਂ ਮਹਿਫਲਾਂ ਦਾ ਆਨੰਦ ਮਾਨਣ ਲੱਗ ਪਈ ਸੀ।  


ਮਾਰੀਆ ਫਿਟਜ਼ਹਰਬਰਟ ਬਹੁਤ ਕਾਮੀ ਔਰਤ ਸੀ ਤੇ ਉਹ ਨੌਜਵਾਨ ਮੁੰਡਿਆਂ ਨੂੰ ਨਕਦ ਰਾਸ਼ੀ ਅਤੇ ਗਹਿਣੇ-ਗੱਟੇ ਦੇ ਕੇ ਕਈ ਕਈ ਰਾਤਾਂ ਆਪਣੇ ਘਰ ਰੱਖ ਕੇ ਭੋਗਦੀ ਹੁੰਦੀ ਸੀ। 1784 ਦੀ ਬਸੰਤ ਰੁੱਤੇ ਜਦੋਂ  ਮਾਰੀਆ ਫਿਟਜ਼ਹਰਬਰਟ ਨੂੰ ਛੇ ਵਰ੍ਹੇ ਛੋਟੇ ਵੇਲਜ਼ ਦੇ ਸ਼ਹਿਜ਼ਾਦੇ ਅਤੇ ਭਵਿਖ ਦੇ ਬਾਦਸ਼ਾਹ ਜੌਰਜ਼ ਨਾਲ ਮਿਲਾਇਆ ਗਿਆ ਤਾਂ ਉਹ ਦੇਖਦਿਆਂ ਹੀ ਸ਼ਹਿਜ਼ਾਦੇ 'ਤੇ ਮਰ ਮਿੱਟੀ ਤੇ ਉਸਨੇ ਬਿਨਾ ਦੇਰ ਲਾਇਆਂ ਹਮਬਿਸਤਰੀ ਦੀ ਪੇਸ਼ਬੰਦੀ ਕਰ ਦਿੱਤੀ ਸੀ। ਇਤਿਹਾਸਕਾਰ ਲਿੱਖਦੇ ਹਨ ਕਿ ਪਹਿਲੀ ਵਾਰ ਅਠਾਰਾਂ ਘੰਟੇ ਲਗਾਤਾਰ ਮਾਰੀਆ ਫਿਟਜ਼ਹਰਬਰਟ ਨੇ ਸ਼ਹਿਜ਼ਾਦੇ ਨੂੰ ਬਿਸਤਰੇ ਵਿਚੋਂ ਧੌਣ ਨਹੀਂ ਸੀ ਚੁੱਕਣ ਦਿੱਤੀ। ਸ਼ਹਿਜ਼ਾਦਾ,  ਮਾਰੀਆ ਫਿਟਜ਼ਹਰਬਰਟ ਨਾਲ ਵਿਆਹ ਕਰਵਾਉਣ ਲਈ ਪਾਗਲ ਹੋ ਗਿਆ ਸੀ। ਜਦ ਤੱਕ ਮਾਰੀਆ ਫਿਟਜ਼ਹਰਬਰਟ ਨੇ ਹਾਂ ਨਹੀਂ ਸੀ ਕੀਤੀ, ਸ਼ਹਿਜ਼ਾਦੇ ਨੇ ਉਸਦਾ ਪਿੱਛਾ ਨਹੀਂ ਸੀ ਛੱਡਿਆ। 15 ਦਸੰਬਰ 1785 ਨੂੰ ਦੋਨਾਂ ਨੇ ਗੁਪਤ ਵਿਆਹ,  ਮਾਰੀਆ ਫਿਟਜ਼ਹਰਬਰਟ ਦੇ ਘਰ, ਲੰਡਨ ਵਿਖੇ ਕਰਵਾ ਲਿਆ ਸੀ। ਮਾਰੀਆ ਫਿਟਜ਼ਹਰਬਰਟ ਦਾ ਚਾਚਾ ਹੈਨਰੀ ਇਰਿੰਘਟਨ ਅਤੇ ਉਸਦਾ ਭਰਾ ਜੈਕ ਸਿੰਨਥੇ ਗਵਾਹ ਅਤੇ ਮਹਿਮਾਨ ਸਨ। ਪਾਦਰੀ ਰੌਬਰਟ ਬਰਟ ਨੂੰ ਉਚਾਚਾ ਇਸ ਕਾਰਜ਼ ਲਈ ਸ਼ਹਿਜ਼ਾਦੇ ਨੇ ਜ਼ੇਲ੍ਹ ਵਿਚੋਂ ਰਿਹਾਅ ਕਰਵਾਇਆ ਸੀ।


ਇਸ ਸ਼ਾਦੀ ਲਈ ਬਾਦਸ਼ਾਹ ਜੌਰਜ਼ ਤੀਜੇ ਅਤੇ ਪਿਰਵੀ ਕੌਂਸਲ ਦੀ ਮਨਜ਼ੂਰੀ ਨਾ ਲਈ ਹੋਣ ਕਾਰਨ ਇਸਨੂੰ ਗੈਰ-ਕਾਨੂੰਨੀ ਐਲਾਨ ਕਰ ਦਿੱਤਾ ਗਿਆ ਸੀ। ਐਕਟ ਔਫ ਸੈਟਲਮੈਂਟ 1701 ਅਨੁਸਾਰ ਇਸ ਵਿਆਹ ਦੇ ਗੈਰ-ਕਾਨੂੰਨਨ ਸਿੱਧ ਹੁੰਦਿਆਂ ਹੀ ਜੌਰਜ਼ ਚੌਥੇ ਦਾ ਰਾਜਗੱਦੀ ਤੋਂ ਹੱਕ ਖੁੱਸਦਾ ਸੀ। ਇਸ ਦਾ ਤੋੜ੍ਹ ਕਰਨ ਲਈ ਸ਼ਹਿਜ਼ਾਦੇ ਦੇ ਛੋਟੇ ਭਰਾ ਸ਼ਹਿਜ਼ਾਦਾ ਅਗਸਟਸ ਫਰੈਡਰਿਕ ਨੇ ਜੌਰਜ਼ ਦੀ ਸ਼ਾਦੀ ਲੇਡੀ ਅਗਸਟਾ ਮੂਰੀ ਨਾਲ 1793 ਵਿਚ ਕਰਵਾ ਦਿੱਤੀ ਸੀ। ਜਿਸ ਤੋਂ ਸ਼ਹਿਜ਼ਾਦਾ ਜੌਰਜ਼ ਦੇ ਦੋ ਬੱਚੇ ਵੀ ਹੋਏ ਸਨ। ਸ਼ਹਿਜ਼ਾਦਾ ਅਯਾਸ਼ੀਆਂ ਵਿਚ ਬਹੁਤ ਧਨ ਉਜਾੜਿਆ ਕਰਦਾ ਹੋਣ ਕਰਕੇ ਉਸ ਸਿਰ ਬਹੁਤ ਕਰਜ਼ੇ ਚੜ੍ਹ ਗਏ ਸਨ। ਇਨ੍ਹਾਂ ਕਰਜ਼ਿਆਂ  ਨੂੰ ਉਤਾਰਨ ਲਈ ਸ਼ਹਿਜ਼ਾਦੇ ਜੌਰਜ਼ ਨੇ ਬਰਨਸਵਿਕ ਦੀ ਡੱਚਿਜ਼ ਕੈਰੋਲਾਇਨ ਨਾਲ 8 ਅਪ੍ਰੈਲ 1795 ਨੂੰ ਸ਼ਾਦੀ ਕਰ ਦਿੱਤੀ ਸੀ ਤੇ ਇਸ ਵਿਆਹ ਤੋਂ ਵਰ੍ਹੇ ਬਾਅਦ ਰਾਜਕੁਮਾਰੀ ਸ਼ਾਰਲਟ ਦਾ ਜਨਮ ਹੋਇਆ ਸੀ। ਇਸ ਵਿਆਹ ਵਿਚ ਮਿਲੇ ਦਾਜ-ਦਹੇਜ ਨਾਲ ਸ਼ਹਿਜ਼ਾਦੇ ਨੇ ਆਪਣੇ ਕਰਜ਼ੇ ਉਤਾਰੇ ਸਨ। 


ਸ਼ਾਦੀਆਂ ਦੇ ਬਾਵਜੂਦ ਵੀ ਸ਼ਹਿਜ਼ਾਦੇ ਨੇ ਮਾਰੀਆਂ ਨੂੰ ਮਿਲਣਾ ਨਹੀਂ ਸੀ ਛੱਡਿਆ। ਇਸ ਰਿਸ਼ਤੇ ਦੇ ਫਲਸਰੂਪ ਮਾਰੀਆ ਦੀ ਕੁੱਖੋਂ ਇਕ ਪੁੱਤਰ ਜੇਮਜ਼ ਓਰਡ ਵੀ ਪੈਦਾ ਹੋਇਆ ਸੀ। ਮਾਰੀਆ ਤੋਂ ਸ਼ਹਿਜ਼ਾਦੇ ਦਾ ਮੋਹ-ਭੰਗ ਕਰਨ ਲਈ ਸ਼ਹਿਜ਼ਾਦੇ ਨੂੰ ਹੋਰ ਔਰਤਾਂ ਮਹੱਈਆ ਕਰਵਾਈਆਂ ਜਾਂਦੀਆਂ ਸਨ। ਰੌਇਲ ਪਬੀਲੀਅਨ ਮਹੱਲ ਦੇ ਪਿਛਵਾੜੇ ਹੀ ਕੁਝ ਦੂਰੀ ਉੱਤੇ ਅਸਤਬਲ ਬਣਾਇਆ ਗਿਆ ਸੀ। ਅਸਤਬਲ ਤੋਂ ਰੌਇਲ ਪਬੀਲੀਅਨ ਮਹੱਲ ਨੂੰ ਇਕ ਸੁਰੰਗ ਬਣੀ ਹੋਈ ਹੈ, ਜੋ ਸਿੱਧੀ ਸ਼ਹਿਜ਼ਾਦੇ ਦੇ ਸੌਣ ਕਮਰੇ ਨਾਲ ਬਣੇ ਕਮਰੇ ਵਿਚ ਨਿਕਲਦੀ ਹੈ। ਸ਼ਹਿਜ਼ਾਦੇ ਦੇ ਸੌਣ ਕਮਰੇ ਨਾਲ ਸੱਜੇ ਅਤੇ ਖੱਬੇ ਦੋ ਕਮਰੇ ਬਣੇ ਹੋਏ ਹਨ, ਜਿਨ੍ਹਾਂ ਦੇ ਗੁਪਤ ਦਰਵਾਜ਼ੇ ਸ਼ਹਿਜ਼ਾਦੇ ਦੀ ਅਰਾਮਗਾਹ ਵਿਚ ਹੀ ਖੁੱਲ੍ਹਦੇ ਹਨ। ਇਹਨਾਂ ਦਰਵਾਜਿਆਂ ਰਾਹੀ ਸ਼ਹਿਜ਼ਾਦੇ ਦੀਆਂ ਰਖੇਲਾਂ ਅਭਿਨੇਤਰੀ ਮੈਰੀ ਰੌਬਿਨਸਨ, ਗਰੇਸ ਇਲੀਅਟ (ਇਕ ਡਾਕਟਰ ਦੀ ਵਿਧਵਾ), ਫਰੈਂਸਿਸ ਵਿਲਰ (ਜਰਸੀ ਦੀ ਕਾਉਂਟੈੱਸ), ਲੇਡੀ ਹਰਟਫੋਰਡ, ਲੇਡੀ ਇਲੀਜ਼ਬੈਥ ਕੋਨੀਘਮ, ਲੇਡੀ ਐਨ ਲਿਡਸੇ, ਅਲੀਜ਼ਾ ਫੌਕਸ, ਲੇਡੀ ਇਲੀਜ਼ਬੈਥ ਲਿਡਸੇ, ਕੈਂਡੀ ਸਾਹਰਾ ਬਰਾਉਨ ਆਦਿ ਆ ਕੇ ਸ਼ਹਿਜ਼ਾਦੇ ਨੂੰ ਮਿਲਿਆ ਕਰਦੀਆਂ ਸਨ ਤੇ ਸਵੇਰ ਨੂੰ ਸੁਰੰਗ ਰਾਹੀਂ ਬਿਨਾ ਕਿਸੇ ਨੂੰ ਭਿਣਕ ਲੱਗਣ ਤੋਂ ਪਹਿਲਾਂ ਨਿਕਲ ਜਾਇਆ ਕਰਦੀਆਂ ਸਨ। ਲੇਕਿਨ ਜੌਰਜ਼ ਆਪਣੇ ਸਿਰਹਾਣੇ ਥੱਲੇ ਹਮੇਸ਼ਾ ਮਾਰੀਆ ਦੀ ਤਸਵੀਰ ਰੱਖਿਆ ਕਰਦਾ ਸੀ। 26 ਜੂਨ 1830 ਨੂੰ ਮਰਨ ਵੇਲੇ ਬਾਦਸ਼ਾਹ ਜੌਰਜ਼ ਚੌਥੇ ਦੀ ਅੰਤਿਮ ਇੱਛਾ ਅਨੁਸਾਰ ਉਸਦੇ ਗਲ੍ਹ ਵਿਚ ਮਾਰੀਆ ਦੀ ਅੱਖ ਦੀ ਤਸਵੀਰ ਵਾਲਾ ਲੌਕਟ ਪਹਿਨਾ ਕੇ ਉਸਨੂੰ ਦਫਨਾਇਆ ਗਿਆ ਸੀ। 


ਇੰਗਲੈਂਡ ਦਾ ਬਾਦਸ਼ਾਹ ਜੌਰਜ਼ ਕਾਮੁਕ ਬਿਰਤੀ ਦਾ ਮਾਲਕ ਹੋਣ ਕਰਕੇ ਉਸਨੇ 17 ਵੱਖ ਵੱਖ ਕਿਸਮ ਅਤੇ ਅਕਾਰਾਂ ਦੇ ਸਿਰਹਾਣੇ ਬਣਵਾਏ ਹੋਏ ਸਨ। ਇਹਨਾਂ ਸਿਰਹਾਣਿਆਂ ਦਾ ਇਸਤੇਮਾਲ ਉਹ ਸੇਜ ਸੁੱਖ ਵਿਚ ਇਜ਼ਾਫਾ ਕਰਨ ਲਈ ਕਰਿਆ ਕਰਦਾ ਸੀ। ਇਹ ਸਿਰਹਾਣੇ ਬਾਦਸ਼ਾਹ ਦੇ ਪਲੰਘ ਹੇਠ ਪਏ ਹੁੰਦੇ ਸਨ। ਜੌਰਜ਼ ਆਪਣੀ ਰਖੇਲ ਦੇ ਕੱਦ-ਕਾਠ ਅਤੇ ਸ਼ਰੀਰਕ ਬਣਤਰ ਅਨੁਸਾਰ ਲੋੜੀਂਦਾ ਸਿਰਹਾਣਾ ਕੱਢ ਕੇ ਸਾਥਣ ਔਰਤ ਹੇਠ ਰੱਖ ਕੇ ਸੰਭੋਗ ਕਰਿਆ ਕਰਦਾ ਸੀ। ਇਸੇ ਦੀ ਰੀਸ ਨਾਲ ਮਹਾਰਾਜਾ ਪਟਿਆਲਾ ਨੇ ਵਿਸ਼ੇਸ਼ ਕਿਸਮ ਦੇ ਗੋਲ ਨੀਲੇ ਰੰਗ ਦੇ ਸਿਰਾਹਣਿਆਂ ਦਾ ਸੇਜ ਸੁੱਖ ਪ੍ਰਾਪਤ ਕਰਨ ਲਈ ਇਸਤੇਮਾਲ ਸ਼ੁਰੂ ਕੀਤਾ ਸੀ। ਜੌਰਜ਼ ਚੌਥੇ ਦੇ ਉਹ ਸਿਰਹਾਣੇ ਹੁਣ ਵਿੰਨਸਡਰ ਕਿਲ੍ਹੇ ਵਿਚ ਪਏ ਹਨ। ਇਸ ਲਈ ਜੌਰਜ਼ ਦੀਆਂ ਰਖੇਲਾਂ ਉਸਨੂੰ ਸਿਰਾਹਣਿਆਂ ਵਾਲਾ ਬਾਦਸ਼ਾਹ ਵੀ ਕਹਿੰਦੀਆਂ ਸਨ। 


ਜੌਰਜ਼ ਦੀ ਮੌਤ ਉਪਰੰਤ ਸ਼ਾਹੀ ਪਰਿਵਾਰ ਨੂੰ ਬਹੁਤ ਸਾਰੇ ਮਾਰੀਆ ਦੇ ਖਤ ਪ੍ਰਾਪਤ ਹੋਏ, ਜੋ ਜੌਰਜ਼ ਅਤੇ ਮਾਰੀਆ ਦੇ ਵਿਆਹੁਤਾ ਰਿਸ਼ਤੇ ਨੂੰ ਸਾਬਿਤ ਕਰਦੇ ਸਨ। ਸ਼ਾਹੀ ਪਰਿਵਾਰ ਨੇ ਇਹ ਸਭ ਚਿੱਠੀਆਂ ਨਸ਼ਟ ਕਰ ਦਿੱਤੀਆਂ ਸਨ। ਮਾਰੀਆ ਨੇ ਜੌਰਜ਼ ਦੇ ਭਰਾ ਕਲੇਅਰੈਂਸ ਦੇ ਡਿਉਕ (ਜੋ ਬਾਅਦ ਵਿਚ ਬਾਦਸ਼ਾਹ ਵਿਲੀਅਮ ਚੌਥਾ ਬਣਿਆ) ਤੋਂ ਜਾਇਦਾਦ ਅਤੇ ਧਨ-ਸੰਪਤੀ ਵਿਚੋਂ ਆਪਣੇ ਰਿਸ਼ਤੇ ਦੇ ਸਬੂਤ ਦਿਖਾ ਕੇ ਹਿੱਸਾ ਮੰਗਿਆ ਤਾਂ ਸ਼ਾਹੀ ਪਰਿਵਾਰ ਨੇ ਇੰਨਕਾਰ ਕਰ ਦਿੱਤਾ ਸੀ। ਇਸ 'ਤੇ ਮਾਰੀਆ ਨੇ ਅਖਬਾਰਾਂ ਵਿਚ ਰੌਲਾ ਪਾਉਣ ਦੀ ਧਮਕੀ ਦਿੱਤੀ ਤਾਂ ਸ਼ਾਹੀ ਪਰਿਵਾਰ ਨੇ ਝੁੱਕ ਕੇ ਉਸਨੂੰ ਸਲਾਨਾ ਆਮਦਨ, ਸ਼ਾਹੀ ਨੌਕਰ, ਸ਼ਾਹੀ ਵਿਧਵਾ ਦੀ ਪਦਵੀ ਅਤੇ ਬ੍ਰਾਇਟਨ ਵਿਖੇ ਵਿਲੀਅਮ ਪੋਰਡਨ ਤੋਂ ਸਟੇਨ ਹਾਉਸ, ਪੁਰਾਤਨ ਸਟੇਨ ਹਵੇਲੀ ਵੀ ਬਣਵਾ ਕੇ ਦਿੱਤੀ ਸੀ। ਜਿਥੇ ਉਹ 1804 ਤੋਂ 1837 ਆਪਣੇ ਅੰਤਲੇ ਸਮੇਂ ਤੱਕ ਰਹੀ ਸੀ। ਮਾਰੀਆ ਨੂੰ ਗੁਪਤ ਤੌਰ 'ਤੇ ਸ਼ਾਹੀ ਰਵਾਇਤ ਅਨੁਸਾਰ ਸੈਂਟ ਜੌਹਨ ਬੈਪਟਿਸ ਚਰਚ, ਕੈਂਪ, ਬ੍ਰਾਇਟਨ ਨਜ਼ਦੀਕ ਦਫਨਾ ਦਿੱਤਾ ਗਿਆ ਸੀ। ਮਾਰੀਆ ਅਤੇ ਜੌਰਜ਼ ਦੇ ਰਿਸ਼ਤੇ ਉੱਤੇ ਅਨੇਕਾਂ ਫਿਲਮਾਂ ਵੀ ਬਣੀਆਂ ਹਨ। ਜਿਨ੍ਹਾਂ ਵਿਚੋਂ ਵਰਣਨਯੋਗ ਫਿਲਮਾਂ ਦੇ ਨਾਮ ਇਸ ਪ੍ਰਕਾਰ ਹਨ:-


1 'ਦੀ ਮੈਨ ਇੰਨ ਗਰੇਅ' (1943) ਮਾਰੀਆ ਦੀ ਭੁਮਿਕਾ ਨਿਭਾਈ ਅਭਿਨੇਤਰੀ ਨੌਰਾ ਸਵਿੰਨਬੁਰਨੀ ਨੇ।
2 'ਮਿਸਜ਼ ਫਿਟਜ਼ਹਰਬਰਟ' (1947) ਮਾਰੀਆ ਦੀ ਭੁਮਿਕਾ ਨਿਭਾਈ ਅਭਿਨੇਤਰੀ ਜੋਏਸ ਹੌਵਰਡ ਨੇ।
3 'ਬਿਊ ਬਰੱਮਲ' (1954) ਮਾਰੀਆ ਦੀ ਭੁਮਿਕਾ ਨਿਭਾਈ ਅਭਿਨੇਤਰੀ ਰੋਜ਼ਮੈਰੀ ਹੈਰਿਸ ਨੇ।

4 'ਦੀ ਮੈਡਨੈੱਸ ਔਫ ਕਿੰਗ ਜੌਰਜ਼' (1997) ਮਾਰੀਆ ਦੀ ਭੁਮਿਕਾ ਨਿਭਾਈ ਅਭਿਨੇਤਰੀ ਕੈਰੋਲਾਇਨ ਹੈਕਰ ਨੇ।


1787 ਵਿਚ ਕਾਰਲਟਨ ਹਾਉਸ ਦੇ ਡਿਜ਼ਾਇਨਰ ਹੈਨਰੀ ਹੌਲੈਂਡ ਨੂੰ ਇਸ ਮਹੱਲ ਦੇ ਵਿਸਥਾਰੀ ਨਿਰਮਾਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਸਨੇ ਤਿੰਨ ਮੁੱਖ ਕਮਰਿਆਂ ਤੋਂ ਇਲਾਵਾ ਨਾਸ਼ਤਾਗ੍ਰਹਿ, ਕੁਤਬਗ੍ਰਹਿ ਅਤੇ ਭੋਜਨਯਾਲਾ ਤਿਆਰ ਕਰਕੇ ਕੰਧਾਂ ਉੱਤੇ ਬਿਆਗੋ ਰਿਬੈਕਾ ਤੋਂ ਚਿੱਤਰਕਾਰੀ ਕਰਵਾਈ ਸੀ। ਜਿਸ ਵਿਚ ਫਰਾਂਸੀ ਕਲਾ ਦੀ ਸੁਰ ਭਾਰੂ ਸੀ। 1801-02 ਵਿਚ ਭੋਜਨ ਵਾਲਾ ਕਮਰਾ ਅਤੇ ਕੁਝ ਹੋਰ ਕਮਰੇ ਡਿਜ਼ਾਇਨਰ ਪੀਟਰ ਫਰੈਡਰਿਕ ਰੌਬਿਨਸਨ ਦੀ ਦੇਖ ਰੇਖ ਵਿਚ ਮੁਕੰਮਲ ਹੋਏ। 1803 ਵਿਚ ਵੇਲਜ਼ ਸ਼ਹਿਜ਼ਾਦੇ ਜੌਰਜ਼ ਨੇ ਇਸ ਮਹੱਲ ਦੇ ਆਲੇ-ਦੁਆਲੇ ਦੀ ਹੋਰ ਜ਼ਮੀਨ ਖਰੀਦ ਕੇ ਇਥੇ ਘੋੜਿਆਂ ਲਈ ਅਸਤਬਲ ਦਾ ਕਾਰਜ਼ ਵਿਲੀਅਮ ਪੋਰਟਡਨ ਦੇ ਸਪੁਰਦ ਕੀਤਾ ਤੇ 1808 ਤੱਕ 60 ਘੋੜਿਆਂ ਦਾ ਮਰੀਨ ਪਬੀਲੀਅਨ ਅਸਤਬਲ ਤਿਆਰ ਹੋ ਗਿਆ ਸੀ। 1860 ਵਿਚ ਅਸਤਬਲ ਨੂੰ ਅਖਾੜਿਆਂ ਅਤੇ ਸਭਿਆਚਾਰਕ ਇਕੱਤਰਤਾ ਲਈ ਵਰਤਿਆ ਜਾਣ ਲੱਗ ਪਿਆ ਤੇ ਇਸਦਾ ਨਾਮ ਬ੍ਰਾਇਟਨ ਡੋਮ ਰੱਖ ਦਿੱਤਾ ਗਿਆ ਸੀ। ਹੁਣ ਇਸ ਡੋਮ ਨੂੰ ਕਾਨਫਰੰਸ ਭਵਨ ਵਿਚ ਤਬਦੀਲ ਕਰ ਦਿੱਤਾ ਗਿਆ ਹੈ।


1815-1822 ਤੱਕ ਜੌਹਨ ਨੈਸ਼ ਨੇ ਇਸ ਮਹੱਲ ਨੂੰ ਪੁਨਰ ਡਿਜ਼ਾਇਨ ਕੀਤਾ ਤੇ ਉਸਦਾ ਕੀਤਾ ਕੰਮ ਅੱਜ ਦੇ ਮੌਜਦਾ ਮਹੱਲ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ। ਬ੍ਰਾਇਟਨ ਦੀ ਹਿੱਕ ਵਿਚ ਉਸਾਰਿਆ ਗਿਆ ਰੌਇਲ ਪਬੀਲੀਅਨ ਮਹੱਲ ਜੌਹਨ ਨੈਸ਼ ਦੀ ਕਲਪਨਾ ਵਾਲਾ 19ਵੀਂ ਸਦੀ ਦੀ ਭਾਰਤੀ ਇਮਾਰਤਸਾਜ਼ੀ ਦੀ ਭਾਅ ਮਾਰਦਾ ਇੰਗਲੈਂਡ ਦਾ ਇਕੋ ਇਕ ਸ਼ਾਹੀ ਮਹੱਲ ਹੈ, ਜਿਸ ਦੀ ਬਾਹਰੀ ਦਿੱਖ ਮੁਗਲ ਭਵਨ ਕਲਾ ਅਤੇ ਅੰਦਰੂਨੀ ਭਾਗ ਚੀਨੀ ਚਿੱਤਰ ਕਲਾ ਤੋਂ ਪ੍ਰੇਰਿਤ ਹੋ ਕੇ ਫਰੈਡਰਿਕ ਕਰੇਸ ਅਤੇ ਚਿੱਤਰਕਾਰ ਰੌਬਰਟ ਜੋਨਜ਼ ਦੇ ਹੁਨਰ ਦੀ ਮੂੰਹ ਬੋਲਦੀ ਤਸਵੀਰ ਹੈ। 


1830 ਵਿਚ ਬਾਦਸ਼ਾਹ ਜੌਰਜ਼ ਚੌਥੇ ਦੀ ਮੌਤ ਉਪਰੰਤ ਇਹ ਮਹੱਲ ਬਾਦਸ਼ਾਹ ਵਿਲੀਅਮ ਚੌਥੇ ਅਤੇ ਮਲਕਾ ਵਿਕਟੋਰੀਆ ਦਾ ਨਿਵਾਸ ਸਥਾਨ ਵਿਚ ਰਿਹਾ ਹੈ। ਮਲਕਾ ਵਿਕਟੋਰੀਆ ਕੇਵਲ ਬ੍ਰਾਇਟਨ ਨੂੰ ਇਸ ਲਈ ਪਸੰਦ ਕਰਦੀ ਸੀ ਕਿਉਂਕਿ ਇਸੇ ਰੌਇਲ ਪਬੀਲੀਅਨ ਮਹੱਲ ਵਿਚ ਹੀ ਮਲਕਾ ਵਿਕਟੋਰੀਆ ਦਾ ਉਸਦੇ ਭਾਰਤੀ ਖਾਨਸਾਮੇ ਨਾਲ ਇਸ਼ਕ ਵੀ ਪੁੰਗਰਿਆ ਅਤੇ ਪ੍ਰਵਾਨ ਚੜ੍ਹਿਆ ਸੀ। 


1850 ਵਿਚ ਸ਼ਾਹੀ ਪਰਿਵਾਰ ਨੇ ਰੌਇਲ ਪਬੀਲੀਅਨ ਮਹੱਲ ਬ੍ਰਾਇਟਨ ਦੀ ਜਨਤਾ ਨੂੰ £53,000 ਦਾ ਵੇਚ ਦਿੱਤਾ ਸੀ। ਰੌਇਲ ਪਬੀਲੀਅਨ ਵਿਚਲਾ ਬਹੁਤਾ ਅਸਲ ਫਰਨੀਚਰ ਵੇਚ ਦਿੱਤਾ ਗਿਆ ਸੀ ਜਾਂ ਲੰਡਨ ਬਕਿੰਘਮ ਮਹੱਲ ਤੇ ਵਿੰਨਸਡਰ ਕਿਲ੍ਹੇ ਨੂੰ ਭੇਜ ਦਿੱਤਾ ਗਿਆ ਸੀ। 

ਪਹਿਲੀ ਵਿਸ਼ਵ ਜੰਗ ਵੇਲੇ ਰੌਇਲ ਪਬੀਲੀਅਨ ਨੂੰ ਘਾਇਲ ਸੈਨਿਕਾਂ ਦੇ ਇਲਾਜ਼ ਲਈ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਨਵੰਬਰ 1914 ਤੋਂ ਦਸੰਬਰ 1916 ਤੱਕ ਇਥੇ ਜੰਗ ਪੀੜਤਾਂ ਦਾ ਇਲਾਜ਼ ਕੀਤਾ ਜਾਂਦਾ ਰਿਹਾ ਸੀ, ਜਿਨ੍ਹਾਂ ਵਿਚ ਬਹੁ ਗਿਣਤੀ ਇੰਪੀਰੀਅਲ ਇੰਡਅਨ ਆਰਮੀ ਯਾਨੀ ਭਾਰਤੀ ਫੌਜੀਆਂ ਦੀ ਸੀ।  1915 ਦੀ ਜੁਲਾਈ ਵਿਚ ਬਾਦਸ਼ਾਹ ਜੌਰਜ਼ ਪੰਚਮ ਅਤੇ ਲੌਰਡ ਕਿਚਨਰ ਫੌਜੀਆਂ ਦੀ ਮਿਜ਼ਾਜਪੁਰਸ਼ੀ ਲਈ ਅਕਸਰ ਬ੍ਰਾਇਟਨ ਆਇਆ ਕਰਦੇ ਸਨ ਅਤੇ ਉਨ੍ਹਾਂ ਨੇ ਅਨੇਕਾਂ ਫੌਜੀਆਂ  ਨੂੰ ਬਹਾਦਰੀ ਦੇ ਤਮਗੇ ਦੇ ਕੇ ਸਨਮਾਨਿਤ ਵੀ ਕੀਤਾ ਸੀ। ਡੋਮ ਦੇ ਬਰਾਬਰ ਵਾਲੇ ਹਿੱਸੇ ਨੂੰ ਓਪ੍ਰੇਸ਼ਨ ਥੀਏਟਰ ਵਜੋਂ ਵਰਤਿਆ ਗਿਆ ਸੀ, ਜਿਥੇ ਅੱਜ ਥੀਏਟਰ ਹੈ। ਮਹੱਲ ਵਿਚ ਗੋਰਖੇ, ਜਾਟ, ਪਠਾਨ, ਰਾਜਪੂਤ ਅਤੇ ਸਿੱਖ ਬਹਾਦਰ ਸਿਪਾਹੀਆਂ ਦੀਆਂ ਤਸਵੀਰਾਂ ਅਜੇ ਵੀ ਲੱਗੀਆਂ ਹਨ, ਜਿਨ੍ਹਾਂ ਨੇ ਪਹਿਲੀ ਸੰਸਾਰ ਜੰਗ ਵਿਚ ਹਿੱਸਾ ਲਿਆ ਸੀ। ਬਹੁਤੇ ਜ਼ਖਮੀ ਜੰਗੀ ਸੈਨਿਕਾਂ ਦਾ ਜਿੱਥੇ ਇਲਾਜ ਕੀਤਾ ਗਿਆ ਸੀ, ਉਸ ਜਗ੍ਹਾ ਨੂੰ ਕਿਚਨਰ ਇੰਡੀਅਨ ਹਸਪਤਾਲ ਦਾ ਨਾਮ ਦੇ ਦਿੱਤਾ ਗਿਆ ਸੀ, ਜੋ ਹੁਣ ਬ੍ਰਾਇਟਨ ਜਨਰਲ ਹਸਪਤਾਲ ਵਜੋਂ ਜਾਣਿਆ ਜਾਂਦਾ ਹੈ। 1916 ਵਿਚ ਜ਼ੇਰੇ ਇਲਾਜ਼ 14,000 ਭਾਰਤੀ ਸੈਨਿਕਾਂ ਦੀ ਮੌਤ ਹੋ ਗਈ ਸੀ ਤੇ ਉਨ੍ਹਾਂ ਦੀ ਯਾਦ ਵਿਚ ਬ੍ਰਾਇਟਨ ਵਿਖੇ ਬਣਾਇਆ ਗਿਆ ਵਿਸ਼ੇਸ਼ ਸਮਾਰਕ ਅੱਜ ਵੀ ਮੌਜੂਦ ਹੈ। 1918 ਵਿਚ ਪਬੀਲੀਅਨ ਮਹੱਲ ਵਿਚੋਂ ਹਸਪਤਾਲ ਨੂੰ ਮਨਫੀ ਕਰ ਦਿੱਤਾ ਗਿਆ ਸੀ।


ਰੌਇਲ ਪਬੀਲੀਅਨ ਮਹੱਲ ਦੇ ਸਵਾਗਤੀ ਕਮਰੇ ਤੋਂ ਅੱਗੇ ਰਸੋਈ ਘਰ ਆ ਜਾਂਦਾ ਹੈ। ਉਥੇ ਡੰਮੀ ਮੁਰਗੇ ਅਤੇ ਬੱਕਰੇ ਸਲਾਖਾਂ ਵਿਚ ਪਾ ਕੇ ਉਵੇਂ ਟੰਗੇ ਹੋਏ ਹਨ, ਜਿਵੇਂ ਰਾਜਿਆਂ ਦੇ ਸਮੇਂ ਭੁੰਨ੍ਹੇ ਜਾਂਦੇ ਸਨ। ਉਸ ਤੋਂ ਅੱਗੇ ਡਾਇਨਿੰਗ ਹਾਲ ਹੈ, ਜਿਥੇ ਇਕੋ ਸਮੇਂ ਪੰਜਾਹ ਤੋਂ ਵੱਧ ਵਿਅਕਤੀ ਵਿਸ਼ਾਲ ਮੇਜ਼ ਉੱਤੇ ਖਾਣਾ ਖਾਹ ਸਕਦੇ ਹਨ। ਇਸ ਤੋਂ ਅੱਗੇ ਤੁਸੀ ਸਲੂਨ ਵਿਚ ਦਾਖਲ ਹੋ ਜਾਂਦੇ ਹੋ। ਖਾਣੇ ਤੋਂ ਬਾਅਦ ਇਸਤਰੀਆਂ ਆਪਣੇ ਹੁਸਨ ਨੂੰ ਇਥੇ ਸਾਣ 'ਤੇ ਲਾਉਣ ਵਿਚ ਮਸਰੂਫ ਹੋ ਜਾਂਦੀਆਂ ਸਨ ਤੇ ਮਰਦ ਅੱਗਲੇ ਕਮਰੇ ਵਿਚ ਬੈਠ ਕੇ ਤਾਸ਼ ਜਾਂ ਜੁਆ ਖੇਡਦੇ ਸਿਆਸਤ ਬਾਰੇ ਵਿਚਾਰ ਵਟਾਂਦਰੇ ਕਰਿਆ ਕਰਦੇ ਸਨ। ਉਸ ਕਮਰੇ ਵਿਚੋਂ ਲੰਘ ਕੇ ਮੈਂ ਡਾਂਸ ਰੂਮ ਵਿਚ ਚਲਿਆ ਗਿਆ। ਇਸ ਕਮਰਾ ਸਭ ਤੋਂ ਵੱਧ ਸਜਾਇਆ ਗਿਆ ਸੀ। ਇਸ ਵਿਚ ਆਏ ਮਹਿਮਾਨ ਨ੍ਰਿਤ ਕਰਦੇ ਤੇ ਉਸ ਤੋਂ ਬਾਅਦ ਉਹ ਇਸ ਦੇ ਨਾਕ ਲਗਦੇ ਮਹਿਮਾਨ ਕਮਰਿਆਂ ਵਿਚ ਅਰਾਮ ਕਰਨ ਚਲੇ ਜਾਂਦਾ। ਡਾਂਸ ਰੂਮ ਤੋਂ ਬਾਅਦ ਪੌੜੀਆਂ ਆ ਜਾਂਦੀਆਂ ਹਨ।ਪੌੜੀਆਂ ਦੇ ਜੰਗਲੇ ਵਿਸ਼ੇਸ਼ ਕਿਸਮ ਦੇ ਕੈਸਟ ਲੋਹੇ ਨਾਲ ਬਣਾਏ ਗਏ ਹਨ, ਪਰ ਉਹ ਦੇਖਣ ਨੂੰ ਬਾਂਸ ਦਾ ਭੁਲੇਖਾ ਪਾਉਂਦੇ ਹਨ। ਜੌਰਜ਼ ਚੌਥਾ ਆਪਣੀਆਂ ਮਨਪਸੰਦ ਇਸਤਰੀਆਂ ਨੂੰ ਲੈ ਕੇ ਇਹਨਾਂ ਪੌੜੀਆਂ ਰਾਹੀਂ ਆਪਣੇ ਸੌਣ ਕਮਰੇ ਵਿਚ ਚਲਿਆ ਜਾਂਦਾ ਹੁੰਦਾ ਸੀ। ਜੀਵਨ ਦੇ ਅੰਤਲੇ ਸਮੇਂ ਬਾਦਸ਼ਾਹ ਜੌਰਜ਼ ਨੇ ਆਪਣਾ ਸੌਣ ਕਮਰਾ ਹੇਠਾਂ ਬਣਵਾ ਲਿਆ ਸੀ। ਪੌੜੀਆਂ ਚੜ੍ਹਦਿਆ ਹੀ ਬੀਹੀ ਵਿਚੋਂ ਲੰਘ ਕੇ ਖੱਬੇ ਪਾਸੇ ਬਾਦਸ਼ਾਹ ਜੌਰਜ਼ ਦੇ ਭਰਾਵਾਂ ਦੇ ਦੋ ਸੌਣ ਕਮਰੇ ਹਨ। ਇਕ ਕਮਰਾ ਡਿਉਕ ਔਫ ਯੋਰਕ ਅਤੇ ਇਕ ਡਿਉਕ ਔਫ ਕਲੇਅਰੈਂਸ ਵਰਤਦਾ ਹੁੰਦਾ ਸੀ। ਇਸ ਦੇ ਨਾਲ ਹੀ ਲੌਬੀ ਅਤੇ ਉਹਨਾਂ ਦੇ ਨੌਕਰਾਂ ਦੇ ਕਮਰੇ ਬਣੇ ਹੋ ਹਨ। ਰੌਬਰਟ ਜੋਨਜ਼ ਨੇ ਇਹਨਾਂ ਕਮਰਿਆਂ ਦੀਆਂ ਕੰਧਾਂ ਉੱਥੇ ਪੀਲੇ ਰੰਗ ਦੇ ਕਾਗਜ਼ ਲਗਾਏ ਸਨ। ਵਰਤਿਆਂ ਗਿਆ ਪੀਲਾ ਕਰੋਮ ਰੰਗ ਦਰਅਸਲ ਉਦੋਂ 1918 ਵਿਚ ਸੱਜਰਾ ਹੀ ਈਜ਼ਾਦ ਹੋਇਆ ਸੀ। ਅੱਗੇ ਜਾ ਕੇ ਮਲਕਾ ਵਿਕਟੋਰੀਆ ਦਾ ਕਮਰਾ ਆ ਜਾਂਦਾ ਹੈ ਜੋ ਕਿ ਮਹੱਲ ਦੇ ਪ੍ਰਵੇਸ਼ ਕਮਰੇ ਦੇ ਐਨ ਉੱਤੇ ਹੈ। ਇਸ ਵਿਚ ਮਲਕਾ ਦਾ ਡਰੈੱਸਿੰਗ ਟੇਬਲ ਕੁਰਸੀਆਂ ਅਤੇ ਉਹ ਚਾਰ ਖੰਭਾ ਇਤਿਹਾਸਕ ਬੈੱਡ ਹੈ, ਜੋ ਮਲਕ ਆਪਣੀ ਕਾਮਤ੍ਰਿਪਤੀ ਲਈ ਵਰਤਿਆ ਕਰਦੀ ਸੀ। ਮਲਕਾ ਵਿਕਟੋਰੀਆ ਘੋੜਿਆਂ ਦੀ ਬਜਾਏ ਮਰਦ ਦੀ ਸਵਾਰੀ ਕਰਨ ਨੂੰ ਤਰਜੀਹ ਦਿਆ ਕਰਦੀ ਸੀ। ਇਹ ਪਲੰਘ ਉਚੁਚਾ ਮਲਕਾ ਨੇ ਆਪਣੇ ਲਈ ਬਣਵਾਇਆ ਸੀ ਤੇ ਇਸ ਉੱਤੇ ਛੇ ਵੱਖ ਵੱਖ ਕਿਸਮ ਅਤੇ ਅਕਾਰਾਂ ਦੇ ਗੱਦੇ ਪਏ ਹਨ। ਇਹ ਗੱਦਾ ਮਲਕਾ ਨੂੰ ਸੰਭੋਗ ਸਮੇਂ ਉੱਛਲਣ ਵਿਚ ਸਹਾਈ ਹੁੰਦੇ ਸਨ। ਇਸ ਕਮਰੇ ਦੇ ਨਾਲ ਹੀ ਮਲਕਾ ਦੀ ਦਾਸੀ ਦਾ ਕਮਰਾ ਹੈ ਤੇ ਮਲਕਾ ਦੇ ਨੌਕਰ ਇਸ ਕਮਰੇ ਦੇ ਐਨ ਉੱਪਰ ਐਟਿਕ ਵਿਚ ਰਿਹਾ ਕਰਦੇ ਸਨ। ਦਾਸੀ ਦੇ ਕਮਰੇ ਵਿਚ ਬਹੁਤ ਆਲੀਸ਼ਾਨ ਤਿੰਨ ਗੁਣਾ ਛੇ ਫੁੱਟ ਦਾ ਪਲੰਘ ਹੈ। ਜਿਸ ਨੂੰ ਨੌਕਰਾਂ ਨਾਲ ਇਸ਼ਕ ਫਰਮਾਉਣ ਵੇਲੇ ਕਦੇ-ਕਦਾਈਂ ਮਲਕਾ ਵਿਕਟੋਰੀਆ ਵੀ ਵਰਤਿਆ ਕਰਦੀ ਸੀ। ਇਹਨਾਂ ਕਮਰਿਆਂ ਦੀਆਂ ਕੰਧਾਂ ਉੱਤੇ ਹੱਥਾਂ ਨਾਲ ਚਿੱਤਰਕਾਰੀ ਕੀਤੀ ਹੋਈ ਦੇਖਣ ਨੂੰ ਮਿਲਦੀ ਹੈ। ਇਥੋਂ ਅੱਗੇ ਹੇਠਾਂ ਨੂੰ ਛੋਟੀਆਂ ਛੋਟੀਆਂ ਪੌੜੀਆਂ ਉੱਤਰ ਕੇ ਜੌਰਜ਼ ਚੌਥੇ ਦੇ ਨਵੇਂ ਸੌਣ ਕਮਰੇ ਵਿਚ ਦਾਖਿਲ ਹੋਇਆ ਜਾ ਸਕਦਾ ਹੈ ਇਸੇ ਕਮਰੇ ਵਿਚ ਲਾਇਬ੍ਰੇਰੀ ਵੀ ਬਣੀ ਹੋਈ ਹੈ ਤੇ ਸੁਰੰਗ ਇਸੇ ਕਮਰੇ ਵਿਚ ਹੀ ਨਿਕਦੀ ਸੀ। ਗੁਪਤ ਦਰਵਾਜ਼ੇ ਸੈਲਾਨੀਆਂ ਨੂੰ ਦਿਖਾਉਣ ਲਈ ਖੋਲ੍ਹ ਕੇ ਰੱਖੇ ਜਾਂਦੇ ਹਨ। ਅਗਰ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਬਿਲਕੁੱਲ ਪਤਾ ਨਹੀਂ ਲੱਗਦਾ ਕਿ ਉਥੇ ਦਰਵਾਜ਼ੇ ਵੀ ਹਨ। ਮਹੱਲ ਦੀ ਗੈਲਰੀ ਨੂੰ ਕੈਫੇ ਵਿਚ ਤਬਦੀਲ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਮਹਿਮਾਨਾਂ ਲਈ ਕੁਝ ਹੋਰ ਕਮਰੇ ਵੀ ਹਨ।  

ਮਹੱਲ ਤੋਂ ਨਿਕਲ ਕੇ ਮੈਂ ਡੋਮ ਵੱਲ ਚਲਾ ਗਿਆ। ਡੋਮ ਨੂੰ ਹੁਣ ਸਿਆਸਤੀ ਅਤੇ ਸਭਿਆਚਾਰਕ ਸਰਗਰਮੀਆਂ ਲਈ ਵਰਤਿਆ ਜਾਂਦਾ ਹੈ। ਸਟਿਡੀਉ ਥੀਏਟਰ, ਕੋਰਨ ਅਕਸਚੇ ਅਤੇ ਕੌਨਸਰਟ ਹਾਲ ਅੱਜ ਤੁਹਾਨੂੰ ਅਸਤਬਲ ਦੀ ਥਾਂ ਦਿਖਾਈ ਦਿੰਦੇ ਹਨ।ਜੌਰਜ਼ ਚੌਥੇ ਦੇ ਸੌਣ ਕਮਰੇ ਤੱਕ ਜਾਂਦੀ ਸੁਰੰਗ ਹੁਣ ਮਹੱਲ ਦੇ ਬਾਹਰ ਬਣੇ ਪਬੀਲੀਅਨ ਬਾਗੀਚੇ ਤੱਕ ਹੀ ਆਉਂਦੀ ਹੈ ਤੇ ਬ੍ਰਾਇਟਨ ਮਿਉਜ਼ਿਅਮ ਨਾਲ ਉਸ ਦਾ ਨਿਕਾਸ ਮਾਰਗ ਸਾਂਝਾ ਹੈ। ਕੋਰਨ ਅਕਸਚੇਂਜ਼ ਦੀ ਜੌਰਜ਼ ਚੌਥੇ (ਉਸ ਸਮੇਂ ਉਹ ਪ੍ਰਿੰਸ ਰੀਜ਼ੈਂਟ ਸੀ।) ਨੇ ਘੋੜ ਸਿਖਲਾਈ ਲਈ ਬਣਾਵਾਇਆ ਸੀ। ਡੋਮ ਵਾਲੇ ਸਾਰੇ ਕੌਂਮਲੈਕਸ ਦਾ ਕਾਰਜ਼ 1805 ਵਿਚ ਨੇਪਰੇ ਚੜ੍ਹਿਆ ਸੀ ਤੇ ਵਿਲੀਅਮ ਪੋਰਡਨ ਨੇ ਇਸ ਦਾ ਡਿਜ਼ਾਇਨ ਤਿਆਰ ਕੀਤਾ ਸੀ। 19 ਮੀਟਰ ਉੱਚੇ ਅਤੇ 24 ਮੀਟਰ ਡਾਇਆਮੀਟਰ ਚੌੜੇ ਡੋਮ ਦੇ ਗੁਬੰਦ ਨੂੰ ਅਰਬੀ ਅਤੇ ਭਾਰਤੀ ਦਿੱਖ ਪ੍ਰਦਾਨ ਕੀਤੀ ਗਈ ਹੈ। 



ਉਥੋਂ ਵਿਹਲਾ ਹੋ ਕੇ ਮੈਂ ਬ੍ਰਾਇਟਨ ਮਰੀਨਾ ਪੈਲਿਸ ਪੀਅਰ (ਸ਼ਾਹੀ ਘਾਟ) ਵੱਲ ਚੱਲ ਪਿਆ। ਇਸ ਘਾਟ ਨੂੰ 1866 ਵਿਚ ਬਣਾਇਆ ਗਿਆ ਸੀ। ਇਥੇ ਮਨੋਰੰਜ਼ਨ ਦੇ ਸਾਧਨਾਂ ਚੰਡੋਲ ਅਤੇ ਝੂਟੇ ਲੈਣ ਵਾਲੀਆਂ ਅਨੇਕਾਂ ਸ਼ੈਅ ਅਤੇ ਖਾਣ-ਪੀਣ ਦੀਆਂ ਦੁਕਾਨਾਂ ਬਣੀਆਂ ਹੋਈਆਂ ਹਨ। 1975 ਵਿਚ ਅੱਗ ਲੱਗਣ ਦੀ ਵਾਰਦਾਤ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਹਾਲ ਹੀ ਵਿਚ ਕੁਝ ਵਰ੍ਹੇ ਪਹਿਲਾਂ ਦੁਬਾਰਾ ਖੋਲ੍ਹਿਆ ਗਿਆ ਹੈ।


ਪੀਅਰ ਉੱਤੇ ਟਹਿਲਦਿਆਂ ਕਾਫੀ ਭੁੱਖ ਲੱਗ ਗਈ ਸੀ। ਮੈਂ ਇਕ ਚਾਨਿੰਜ਼ ਟੇਕਅਵੇਅ ਤੋਂ ਚਿੰਕਨ ਨੂਡਲਜ਼ ਲੈ ਕੇ ਨੈਟਲੀ ਬਾਰੇ ਸੋਚਣ ਲੱਗ ਪਿਆ ਸੀ। ਨੈਟਲੀ ਨੇ ਕੁਝ ਘੰਟੇ ਪਹਿਲਾਂ  ਆਪਣੇ ਘਰ ਵੱਲ ਚਾਲੇ ਪਾ ਦੇਣੇ ਸਨ। ਦਰਅਸਲ ਉਸਦੀ ਦਸ ਸਾਲ ਲੰਮੀ ਵਿਆਹੁਤਾ ਜ਼ਿੰਦਗੀ ਦੀ ਕਿਸ਼ਤੀ ਭੰਵਰ ਵਿਚ ਫਸੀ ਹੋਈ ਸੀ ਤੇ ਉਹ ਮਾਨਸਿਕ ਪ੍ਰੇਸ਼ਾਨੀਆਂ ਤੋਂ ਨਿਜਾਤ ਪਾਉਣ ਲਈ ਤਿੰਨ ਦਿਨ ਪਹਿਲਾਂ ਦੀ ਬ੍ਰਾਇਟਨ ਆਈ ਹੋਈ ਸੀ। ਹੁਣ ਉਸਦੀ ਕਾਨੂੰਨ ਆਪਣੇ ਪਤੀ ਨਾਲ ਸੱਜਰੀ ਅਲਹਿਦਗੀ ਹੋ ਚੁੱਕੀ ਸੀ। ਨੈਟਲੀ ਨੂੰ ਵਾਪਸ ਪਰਤਣ ਦੀ ਕਾਹਲੀ ਨਾ ਹੁੰਦੀ ਤਾਂ ਉਸ ਨਾਲ ਘੁੰਮਿਆ ਜਾ ਸਕਦਾ ਸੀ। ਮੈਂ ਨੈਟਲੀ ਨਾਲ ਗੱਲ ਕਰਨ ਦੇ ਮਕਸਦ ਨਾਲ ਫੋਨ ਕੱਢ ਕੇ ਦੇਖਿਆ ਤਾਂ ਉਸਦੀਆਂ ਪੰਜ ਮਿਸ ਕਾਲਾਂ ਆਈਆਂ ਹੋਈਆਂ ਸਨ, ਜਿਨ੍ਹਾਂ ਬਾਰੇ ਮਹੱਲ ਵਿਚ ਤਫਰੀਹ ਸਮੇਂ ਮੈਨੂੰ ਇਲਮ ਨਹੀਂ ਸੀ ਹੋ ਸਕਿਆ। ਮੈਂ ਨੈਟਲੀ ਨੂੰ ਫੋਨ ਕੀਤਾ। ਉਸ ਨੇ ਫੋਨ ਨਾ ਚੁੱਕਿਆ। ਪੰਜ ਕੁ ਮਿੰਟ ਬਾਅਦ ਉਸਦਾ ਮੈਸਿਜ਼ ਅਤੇ ਕਾਲ ਆ ਗਈ। ਉਹ ਕੁਝ ਸਮੇਂ ਲਈ ਕੈਫੇ 'ਤੇ ਰੁੱਕੀ ਸੀ। ਕੁਝ ਦੇਰ ਉਸ ਨਾਲ ਗੱਲਾਂ ਹੋਈਆਂ। ਜਦ ਨੂੰ ਸਾਡੇ ਵਾਪਸੀ ਦਾ ਸਮਾਂ ਹੋ ਗਿਆ ਸੀ। ਮੈਂ ਕੋਚ ਵਿਚ ਸਵਾਰ ਹੋ ਗਿਆ ਤੇ ਅਸੀਂ ਵਾਪਿਸ ਬ੍ਰਮਿੰਘਮ ਵੱਲ ਯਾਤਰਾ ਆਰੰਭ ਕਰ ਦਿੱਤੀ।  ਸਾਡੀ ਕੋਚ ਵਿਚ ਕੁਝ ਸੰਗੀਤ ਨਾਲ ਵਾਹਵਸਤਾ ਮੁੰਡੇ ਵੀ ਸਨ। ਵਾਰੋ-ਵਾਰੀ ਉਹ ਆਪਣੇ ਗੀਤ ਸੁਣਾਉਣ ਲੱਗ ਪਏ। ਕੋਈ ਚੁਟਕਲੇ ਸੁਣਾ ਕੇ ਮਨੋਰੰਜ਼ਨ ਕਰ ਰਿਹਾ ਸੀ। ਲੇਕਿਨ ਮੈਂ ਨੈਟਲੀ ਦੇ ਖਿਆਲਾਂ ਵਿਚ ਹੀ ਗੁੰਮ ਸੀ। ਕੁਝ ਘੰਟੇ ਪਹਿਲਾਂ ਤੱਕ ਮੈਂ ਉਸਨੂੰ ਜਾਣਦਾ ਨਹੀਂ ਸੀ ਤੇ ਕੁਝ ਪਲਾਂ ਦੇ ਮੁਖਤਸਰ ਜਿਹੇ ਸਫਰ ਨਾਲ ਉਹ ਮੇਰੇ ਜ਼ਿਹਨ ਦੀ ਰਿਆਸਤ ਉੱਤੇ ਕਾਬਜ਼ ਹੋ ਚੁੱਕੀ ਸੀ। ਹੈਰਤ ਵੀ ਹੁੰਦੀ ਸੀ ਕਿ ਕੋਈ ਅਜ਼ਨਬੀ ਵੀ ਐਨੀ ਤੀਬਰਤਾ ਨਾਲ ਤੁਹਾਡੇ ਦਿਲ ਦੇ ਕਰੀਬ ਪਹੁੰਚ ਸਕਦਾ ਹੈ। ਇਕ ਔਰਤ ਅਤੇ ਮਰਦ ਦਰਿਆਨ ਸਿਰਫ ਤਿੰਨ ਕਪੜਿਆਂ ਦਾ ਫਾਸਲਾ ਹੁੰਦਾ ਹੈ। ਜਦੋਂ ਇਹ ਵਸਤਰ ਵਿਚਾਲਿਉਂ ਹਟਾ ਦਿੱਤੇ ਜਾਣ ਤਾਂ ਸਭ ਫਾਸਲੇ ਮਿੱਟ ਜਾਂਦੇ ਹਨ। ਸਾਡਾ ਟੈਕਸਟ ਮੈਸਿਜ਼ਾਂ ਦਾ ਆਦਾਨ ਪ੍ਰਦਾਨ ਹੋਣ ਲੱਗ ਪਿਆ। 

ਸਾਡਾ ਟੈਕਸਟ ਮੈਸਿਜ਼ਾਂ ਦਾ ਆਦਾਨ ਪ੍ਰਦਾਨ ਹੋਣ ਲੱਗ ਪਿਆ। ਨੈਟਲੀ ਦਾ ਬਿਜ਼ਲਈ ਸੰਦੇਸ਼ ਆਇਆ, "ਮੈਨੂੰ ਲਗਦਾ ਹੈ ਆਪਣੇ ਦਰਮਿਆਨ ਇਕ ਚਿਰਅਸਥਾਈ ਹੰਢਣ ਵਾਲਾ ਰਿਸ਼ਤਾ ਸਿਰਜਿਆ ਜਾ ਚੁੱਕਾ ਹੈ।"


ਫੋਨ ਦੇਖਦਿਆਂ ਮੈਂ ਮੁਸਕੁਰਾ ਕੇ ਉੱਤਰ ਟਾਇਪ ਕੀਤਾ, "ਪਤਾ ਨਹੀਂ। ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਆਪਾਂ ਇਕ ਦੂਜੇ ਤੋਂ ਬਹੁਤ ਫਾਸਲੇ ਨਾਲ ਰਹਿੰਦੇ ਹਾਂ। ਦੂਰੀਆਂ ਦੇ ਬਾਵਜੂਦ ਕਰੀਬੀਆਂ ਪੈਦਾ ਹੋ ਸਕਦੀਆਂ ਹਨ ਜਾਂ ਨਹੀਂ, ਇਹ ਤਾਂ ਵਕਤ ਹੀ ਦੱਸੇਗਾ।"


"ਆਸ਼ਿਕ ਦਾ ਸੱਤ ਸਮੁੰਦਰ ਚੀਰ ਕੇ ਵੀ ਇਕ ਦੂਜੇ ਨੂੰ ਮਿਲ ਲੈਂਦੇ ਹਨ। ਆਪਣੇ ਵਿਚ ਤਾਂ ਮਹਿਜ਼ ਕੁਝ ਮੀਲਾਂ ਦੀ ਦੂਰੀ ਹੈ।"


"ਹਾਂ ਉਹ ਤਾਂ ਠੀਕ ਹੈ। ਪਰ ਕਹਿੰਦੇ ਹੁੰਦੇ ਨੇ ਅੱਖੋਂ ਦੂਰ ਦਿਲੋਂ ਦੂਰ।"


ਕੁਝ ਦੁਰ ਬਾਅਦ ਉਸਨੇ ਸੋਚ ਕੇ ਅਗਲਾ ਟੈਕਸਟ ਕਰ ਦਿੱਤਾ, "ਕੁਝ ਵੀ ਹੋਵੇ ਤੇਰੀਆਂ ਯਾਦਾਂ ਭਾਵੇਂ ਥੋੜ੍ਹ-ਚਿਰੇ ਸਾਥ ਦੀਆਂ ਸਨ, ਪਰ ਤਮਾਮ ਉਮਰ ਮੇਰੇ ਨਾਲ ਰਹਿਣਗੀਆਂ। ਕਦੇ ਮੈਂ ਤੇਰੇ ਕੋਲ ਆ ਜਾਇਆ ਕਰਾਂਗੀ। ਕਦੇ ਤੂੰ ਮੇਰੇ ਕੋਲ ਆ ਜਾਇਆ ਕਰੀਂ।"


"ਹਾਂ । ਜ਼ਰੂਰ, ਕਿਉਂ ਨਹੀਂ? ਕਦੇ ਬ੍ਰਮਿੰਘਮ ਤੂੰ ਆਈ ਤਾਂ ਤੂੰ ਜ਼ਿਆਰਤ ਕਰ ਜਾਇਆ ਕਰੀਂ। ਕਦੇ ਮੇਰਾ ਚੱਕਰ ਸਾਉਥਹੈਂਪਟਨ ਲੱਗਿਆ ਤਾਂ ਮੈਂ ਹੱਜ ਕਰ ਜਾਇਆ ਕਰੂੰ। ਪਰ ਤੈਨੂੰ ਮੈਂ ਆਪਣੀ ਅਗਲੀ ਰਚਨਾ ਦੀ ਪਾਤਰ ਬਣਾ ਕੇ ਤੇਰੀਆਂ ਯਾਦ ਨੂੰ ਸਦਾ ਲਈ ਸਾਂਭ ਲੈਣਾ ਹੈ।"

ਅਗਲਾ ਸੁਨੇਹਾ ਪੜ੍ਹਦਿਆਂ ਨੈਟਲੀ ਦਾ ਨਿਖਰਿਆਂ ਚਿਹਰਾ ਮੇਰੀਆਂ ਅੱਖਾਂ ਸਾਹਮਣੇ ਮੰਡਰਾ ਰਿਹਾ ਸੀ, "ਸੋ ਨਾਇਸ ਔਫ ਯੂ! ਨਹੀਂ ਰਾਜ, ਵਾਅਦਾ ਕਰ ਤੂੰ ਹਰ ਵੀਕਐਂਡ ਮੈਨੂੰ ਮਿਲਿਆ ਕਰੇਂਗਾ।"


"ਮੈਂ ਬਹੁਤ ਮਸਰੂਫ ਇੰਨਸਾਨ ਹਾਂ। ਅਜਿਹਾ ਸੰਭਵ ਨਹੀਂ ਹੈ।  ਆਈ ਟੇਕ ਲਾਇਫ ਐਜ਼ ਇੱਟ ਕਮਜ਼। ਮੈਨੂੰ ਹੋਰ ਵੀ ਛੱਤੀ ਕੰਮ ਰਹਿੰਦੇ ਹਨ। ਔਰ ਭੀ ਗ਼ਮ ਹੈਂ ਜ਼ਿੰਦਗੀ ਮੇ ਮੁਹੱਬਤ ਕੇ ਸਿਵਾ। ਆਸ਼ਕੀ ਕਰਨ ਰਿਸ਼ਤਿਆਂ ਦੀਆਂ ਲਾਸ਼ਾਂ ਦਾ ਬੋਝ ਚੁੱਕਣ ਲਈ ਮੇਰੇ ਕੋਲ ਐਨਾ ਵਿਹਲ ਨਹੀਂ ਹੈ। ਬਸ ਇਉਂ ਸਮਝ ਲੈ ਕਿ ਮੈਂ ਇੱਕ ਅੱਥਰਾ ਦਰਿਆ ਹਾਂ, ਜਿਸਨੂੰ ਖੁਦ ਨਹੀਂ ਪਤਾ ਕਿ ਮੈਂ ਕਿੱਥੋਂ ਵਗ ਚੁੱਕਿਆਂ ਹਾਂ ਤੇ ਕਿੱਤੇ ਜਾ ਕੇ ਵਗਣਾ ਹੈ। ਸਾਡੀ ਪੰਜਾਬੀ ਜ਼ੁਬਾਨ ਵਿਚ ਅਖਾਣ ਹੈ ਕਿ ਪੁੱਲ੍ਹਾਂ ਹੇਠੋਂ ਲੰਘੇ ਨੀਰ ਮੁੜ ਕੇ ਨਹੀਂ ਪਰਤਦੇ।"


"ਅੱਥਰੇ ਦਰਿਆ ਉੱਭੜ-ਖਾਭੜ ਰਾਹਾਂ ਤੋਂ ਹੁੰਦੇ ਹੋਏ ਜਿੱਧਰ ਮਰਜ਼ੀ ਵਗ ਲੈਣ, ਅੰਤ ਨੂੰ ਨਿਰਵਸਤਰ ਹੋ ਕੇ ਉਨ੍ਹਾਂ ਨੇ ਨੰਗੇ ਸਾਗਰਾਂ ਵਿਚ ਹੀ ਡਿੱਗਣਾ ਹੁੰਦਾ ਹੈ'।"


ਨੈਟਲੀ ਦਾ ਇਹ ਸੰਦੇਸ਼ ਪੜ੍ਹਿਆਂ ਮੇਰੇ ਫੋਨ ਦੀ ਬੈਟਰੀ ਫਲੈਟ ਹੋ ਗਈ ਤੇ ਫੋਨ ਬੰਦ ਹੋ ਗਿਆ। ਸ਼ਾਇਦ ਕੁਦਰਤ ਨੂੰ ਮੇਰੇ ਵੱਲੋਂ ਕੋਈ ਜੁਆਬ ਦੇਣਾ ਮੰਨਜ਼ੂਰ ਨਹੀਂ ਸੀ।



Balraj Singh Sidhu
ਅੰਤਿਕਾ: ਇਸ ਪ੍ਰਕਾਰ ਜਦੋਂ ਔਰਤ ਦੇ ਜਿਸਮ ਅਤੇ ਸੰਭੋਗ ਕਲਾ ਦਾ ਗਿਆਤਾ ਹੋ ਜਾਂਦਾ ਹੈ ਤੇ ਉਹ ਸੈਕਸ ਤੋਂ ਉੱਪਰ ਉਠ ਜਾਂਦਾ ਹੈ ਤੇ ਬਹੁਤ ਵੱਡਾ ਵਿਅਕਤੀ ਬਣ ਜਾਂਦਾ ਹੈ। ਮਰਨ ਬਾਅਦ ਵੀ ਐਨੇ ਸਾਲ ਬੀਤ ਜਾਣ ਮਗਰੋਂ ਉਹ ਅੱਜ ਤੱਕ ਵੀ ਜਿੰਦਾ ਹੈ। ਲੋਕ ਅੱਜ ਵੀ ਉਸਨੂੰ ਜਾਣਦੇ ਹਨ ਤੇ ਯਾਦ ਕਰਦੇ ਹਨ। ਤੁਸੀਂ ਵੀ ਸਭ ਉਸ ਤੋਂ ਵਾਕਿਫ ਹੋ!(ਉਪ੍ਰੋਕਤ ਲੇਖ ਵਿਚ ਮੈਂ ਜਿਸ ਇੰਨਸਾਨ ਦਾ ਵਰਣਨ ਕੀਤਾ ਹੈ।ਅਜਿਹਾ ਕੋਈ ਵਿਅਕਤੀ ਨਹੀਂ ਹੈ। ਨਾਪੁੰਸਕ ਹੋਏ ਬਿਨਾ ਕਾਮ ਤੋਂ ਮੁਕਤੀ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਅਗਰ ਤੁਸੀਂ ਸੈਕਸ ਤੋਂ ਉੱਪਰ ਉੱਠ ਚੁੱਕੇ ਹੋ ਸ਼ੀਸ਼ੇ ਵਿਚ ਆਪਣਾ ਚਿਹਰਾ ਦੇਖੋ, ਇੱਥੇ ਮੈਂ ਤੁਹਾਡਾ ਜ਼ਿਕਰ ਕੀਤਾ ਹੈ। )



1 comment:

  1. ਬਹੁਤ ਵਧੀਆ ਲਿਖਦੇ ਹੋ ਜੀ, ਇੱਕ ਵੇਰ ਪੜ੍ਹਨਾ ਸ਼ੁਰੂ ਕੀਤਾ ਤੇ ਰੁਕਿਆ ਨਹੀਂ ਗਿਆ...

    ReplyDelete