ਬੁੱਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ

- ਬਲਰਾਜ ਸਿੰਘ ਸਿੱਧੂ


ਬੀਤੇ ਦਿਨੀਂ ਸਪਨ ਮਨਚੰਦਾ ਵੱਲੋਂ ਕਰੀ ਨਵੀਂ ਉੱਭਰਦੀ ਗਾਇਕਾ ਸੁਨੰਦਾ ਸ਼ਰਮਾ ਦੀ ਮੁਲਕਾਤ ਦੀ ਵਿਡੀਉ ਯੂਟਿਉਬ ਉੱਪਰ ਨਸ਼ਰ ਹੋਈ। ਸੁਨੰਦਾ ਅਜੇ ਨਵੀਂ ਉੱਭਰ ਰਹੀ ਨਿਆਣੀ ਕਲਾਕਾਰਾਂ ਹੈ ਤੇ ਉਸ ਨੂੰ ਅਜੇ ਇੰਟਰਵਿਉਜ਼ ਦੇਣ ਦੇ ਦਾਅਪੇਚ ਨਹੀਂ ਆਉਂਦੇ। ਇਹ ਉਸਦੀ ਤਕਦੀਰ ਹੈ ਕਿ ਉਸਦੇ ਆਉਂਦੇ ਹੀ ਦੋਨੋਂ ਗੀਤ ਮਕਬੂਲ ਹੋ ਗਏ। ਸਪਨਾ ਮਨਚੰਦਾ ਨੇ ਉਸ ਨੂੰ ਸਵਾਲਾਂ ਵਿੱਚ ਉਲਝਾਅ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਉਸ ਵੱਲੋਂ ਗਾਇਆ ਗੀਤ 'ਬੁੱਲਟ ਤਾਂ ਰੱਖਿਆ ਪਟਾਕੇ ਪਾਉਣ' ਨੂੰ ਗੈਰ ਮਿਆਰੀ ਹੈ। ਖੈਰ ਮਨਚੰਦਾ ਬਾਰੇ ਤਾਂ ਕੋਈ ਟਿੱਪਣੀ ਨਹੀਂ ਕਰਦਾ। ਪਰ ਗੀਤ ਦੀ ਗੱਲ ਜ਼ਰੂਰ ਕਰਨੀ ਬਣਦੀ ਹੈ।

ਅੱਜ ਤੋਂ ਪੱਚੀ ਤੀਹ ਸਾਲ ਪੁਰਾਣਾ ਕੁਲਦੀਪ ਮਾਣਕ ਦਾ ਦੋਗਾਣਾ ਸੀ, "ਬੋਤਾ ਜੈਲਦਾਰ ਦਾ, ਦਿਲ ਲੈ ਗਿਆ ਨਾਰ ਦਾ। ਅੱਖ ਦੱਬ ਕੇ ਸ਼ਰਾਬੀ ਜੱਟ ਸੀਟੀ ਮਾਰਦਾ।" ਇਨਬਿਨ ਉਹੀ ਗੱਲ ਇਸ ਗੀਤ ਵਿੱਚ ਆ ਜਾਂਦੀ ਹੈ ਸਮੇਂ ਦੇ ਹਿਸਾਬ ਨਾਲ ਬੋਤੇ ਦੀ ਥਾਂ ਬੁੱਲਟ ਹੈ। ਬਾਕੀ ਸਭ ਕੁਝ ਉਹੀ ਹੈ। ਕੁਲਦੀਪ ਮਾਣਕ ਨੂੰ ਕਿਸੇ ਨੇ ਅੱਜ ਤੱਕ ਨਹੀਂ ਕਿਹਾ ਕਿ ਉਹਦਾ ਗੀਤ ਗੈਰਮਿਆਰੀ ਸੀ!!! ਫੇਰ ਸੁਨੰਦਾ ਦਾ ਗੀਤ ਜੋ ਸੰਗਦਿਲ ਸੰਤਾਲੀ ਨੇ ਲਿਖਿਆ ਹੈ, ਕਿਵੇਂ ਮਾੜਾ ਹੋਇਆ? ਗੀਤ ਦੇ ਬੋਲ ਦੇਖੀਏ ਕੀ ਕਹਿੰਦੇ ਹਨ। ਆਉ ਗੀਤ ਨੂੰ ਛਾਣਦੇ ਹਾਂ।

ਗੁੜਤੀ 'ਚ ਮਿਲੀ ਠਾਠ-ਬਾਠ ਉਸ ਨੂੰ, ਕਾਰਾਂ ਜੀਪਾਂ ਦੀ ਨ੍ਹੀਂ ਕੋਈ ਘਾਟ ਉਸਨੂੰ।
ਚੇਤਕ ਤਾਂ ਪੱਟੂ ਲੈ ਕੇ ਆਉਂਦਾ ਸ਼ੌਂਕ ਨਾਲ, ਹਾਰਲੇ ਵੀ ਹੈਗਾ ਕਾਲਿਜ ਲਿਉਣ ਨੂੰ।
ਘੁੰਮਣ ਘਮਾਉਣ ਨੂੰ ਤਾਂ ਥਾਰ ਰੱਖੀ ਐ, ਬੁੱਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ।

ਬਾਪੂ ਦੀ ਬਣਾਈ ਪੱਚੀ ਕਿਲ੍ਹੇ ਪੈਲੀ ਐ, ਪੰਜ ਕਿਲ੍ਹੇ ਕੱਲ ਹੋਰ ਗਹਿਣੇ ਲੈ ਲੀ ਐ।
ਕਹਿੰਦਾ ਸਵਰਾਜ ਨਾਲ ਗੰਨਾ ਢੋਈਦੈ, ਵੈਲੀ ਅਰਜਣ ਰੱਖਿਆ ਏ ਪੇਚੇ ਪਾਉਣ ਨੂੰ।
ਘੁੰਮਣ ਘਮਾਉਣ ਨੂੰ ਤਾਂ ਥਾਰ ਰੱਖੀ ਐ, ਬੁੱਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ।

ਆਈ ਨ੍ਹੀਂ ਪਸੰਦ ਆਉਡੀ ਲੈ ਕੇ ਵੇਚਤੀ, ਜੱਟ ਦੇ ਨ੍ਹੀਂ ਲੋਟ ਆਉਂਦੀ ਕਹਿਕੇ ਵੇਚਤੀ।
ਕਹਿੰਦਾ ਫੋਰਚਿਉਨਰ ਨਜ਼ਾਰੇ ਦਿੰਦੀ ਐ, ਕੱਚੇ ਪੱਕੇ ਰਾਹਾਂ 'ਚੋਂ ਲੰਘਾਉਣ ਨੂੰ।
ਘੁੰਮਣ ਘਮਾਉਣ ਨੂੰ ਤਾਂ ਥਾਰ ਰੱਖੀ ਐ, ਬੁੱਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ।

ਇੱਕ ਘਰੇ ਫੀਅਟ ਪੁਰਾਣੀ ਖੜ੍ਹੀ ਐ, ਬਜ਼ੁਰਗਾਂ ਦੀ ਆਖਰੀ ਨਿਸ਼ਾਨੀ ਖੜ੍ਹੀ ਐ।
ਕਹਿੰਦਾ ਵੱਡੇ ਬਾਪੂ ਨੇ ਸੀ ਲਈ ਸ਼ੌਂਕ ਨਾਲ, ਸੰਗਦਿਲਾ ਸੰਤਲੀ ਪਿੰਡੋਂ ਆਉਣ ਜਾਣ ਨੂੰ।
ਘੁੰਮਣ ਘਮਾਉਣ ਨੂੰ ਤਾਂ ਥਾਰ ਰੱਖੀ ਐ, ਬੁੱਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ।

ਇਸ ਗੀਤ ਵਿੱਚ ਇੱਕ ਮੁਟਿਆਰ ਆਪਣੇ ਪ੍ਰੇਮੀ ਬਾਰੇ ਵਰਣਨ ਕਰਦੀ ਹੈ। ਹਰ ਕੁੜੀ ਦੀ ਆਪੋ ਆਪਣੀ ਪਸੰਦ ਹੁੰਦੀ ਹੈ। ਇਸ ਗੀਤ ਦੀ ਨਾਇਕਾ ਨੂੰ ਭਰੋਸਾ ਹੈ ਕਿ ਉਸਦਾ ਅਮੀਰ ਪ੍ਰੇਮੀ ਉਸਨੂੰ ਪਤੀ ਬਣ ਕੇ ਐਸ਼ ਦੀ ਜ਼ਿੰਦਗੀ ਦੇ ਸਕਦਾ ਹੈ। ਮਾੜੀ ਗੱਲ ਨਹੀਂ, ਹਰ ਕੁੜੀ ਦਾ ਇਹੀ ਸੁਪਨਾ ਹੁੰਦਾ ਹੈ। ਇਸ ਗੀਤ ਦੀ ਮੁਟਿਆਰ ਦਾ ਪ੍ਰੇਮੀ ਜੱਦੀ ਪੁਸ਼ਤੀ ਰਈਸ ਜੱਟ ਹੈ, ਜਿਸ ਬਾਪ ਕੋਲ ਪਹਿਲਾਂ ਹੀ ਮੁਰੱਬਾ ਜ਼ਮੀਨ ਹੈ। ਉਸਦੇ ਦਾਦੇ ਨੇ ਫੀਅਟ ਕਾਰ ਉਦੋਂ ਖਰੀਦੀ ਹੋਈ ਸੀ, ਜਦ ਕਿ ਕਾਰਾਂ ਆਮ ਨਹੀਂ ਸੀ ਹੁੰਦੀਆਂ। ਅਮੀਰ ਅੰਬੈਜ਼ਡਰ ਤਾਂ ਲੈ ਲੈਂਦੇ ਸਨ। ਪਰ ਫੀਅਟ ਨੂੰ ਉਸਤੋਂ ਵੀ ਉੱਤੇ ਮੰਨਿਆ ਜਾਂਦਾ ਸੀ।

ਗੀਤ ਵਿਚਲਾ ਨਾਇਕ ਮਿਹਨਤੀ ਮੁੰਡਾ ਹੈ ਤੇ ਉਸਨੇ ਪੰਜ ਕਿਲ੍ਹੇ ਪੈਲੀ ਕਿਸੇ ਦੀ ਹੋਰ ਦੀ ਗਹਿਣੇ ਲੈ ਕੇ ਤਰੱਕੀ ਕੀਤੀ ਹੈ। ਗੀਤ ਵਿੱਚ ਨਸ਼ਿਆਂ ਦਾ ਕੋਈ ਵਰਣਨ ਨਹੀਂ, ਇਸਦਾ ਮਤਲਬ ਉਹ ਨਸ਼ੇ ਨਹੀਂ ਕਰਦਾ। ਗੀਤ ਵਿੱਚ ਹਥਿਆਰਾਂ ਦਾ ਕੋਈ ਜ਼ਿਕਰ ਨਹੀਂ, ਇਸਦਾ ਮਤਲਬ ਉਹ ਵੈਲੀ ਜੱਟ ਨਹੀਂ ਹੈ। ਜਦਕਿ ਮਾੜਾ ਮੋਟਾ ਸਰਦਾ-ਪੁੱਜਦਾ ਜੱਟ ਵੀ ਘੱਟੋ-ਘੱਟ ਬਾਰਾਂ ਬੋਰ ਦੋਨਾਲੀ ਜਾਂ .32 ਦਾ ਰਿਵਾਲਵਰ ਜ਼ਰੂਰ ਰੱਖਦਾ ਹੈ। ਇਸਦੇ ਉੱਲਟ ਉਹ ਪੜ੍ਹਿਆ ਲਿੱਖਿਆ ਨੌਜਵਾਨ ਹੈ, ਜੋ ਆਪਣੇ ਵਧੀਆ ਹਾਰਲੇ ਮੋਟਰਸਾਇਕਲ ਉੱਤੇ ਕਾਲਿਜ ਆਉਂਦਾ ਹੈ। ਹਾਰਲੇ ਮੋਟਰਸਾਇਕਲ ਹੋਣ ਦੇ ਬਾਵਜੂਦ ਉਹ ਆਮ ਕੰਮਕਾਰ ਕਰਨ ਵੇਲੇ ਜਦੋਂ ਕਿਤੇ ਜਾਂਦਾ ਹੈ ਤਾਂ ਪੁਰਾਣਾ ਚੇਤਕ ਸਕੂਟਰ ਲੈ ਕੇ ਜਾਂਦਾ ਹੈ। ਇਹ ਗੱਲ ਉਸਦੀ ਸਖਸ਼ੀਅਤ ਦਾ ਇੱਕ ਹੋਰ ਵਧੀਆ ਪੱਖ ਪੇਸ਼ ਕਰਦੀ ਹੈ। ਉਹ ਸ਼ੇਖੀਮਾਰ ਨਹੀਂ ਹੈ।

ਉਸਦੇ ਬਜ਼ੁਰਗ ਚੰਗਾ ਖਾਂਦੇ ਪਹਿਨਦੇ ਸਨ ਤੇ ਇਹ ਗੱਲਾਂ ਉਸਨੂੰ ਵਿਰਸੇ ਵਿੱਚੋਂ ਮਿਲੀਆ ਹਨ। ਉਹ ਖੇਤੀਬਾੜੀ ਦਾ ਜ਼ਿਆਦਾਤਰ ਕੰਮ ਸਵਾਰਜ ਟਰੈਕਟਰ ਨਾਲ ਕਰਦਾ ਹੈ। ਪਰ ਉਸ ਨੇ ਧੱਕੜ ਟਰੈਕਟਰ ਅਰੁਜਣ ਇਸ ਲਈ ਖਰੀਦਿਆ ਹੋਇਆ ਹੈ ਤਾਂ ਕਿ ਉਹ ਨਵੀਨ ਪੇਂਡੂ ਖੇਡਾਂ ਵਿੱਚ ਵੀ ਹਿੱਸਾ ਲੈ ਕੇ ਆਪਣੀ ਬੱਲੇ-ਬੱਲੇ ਕਰਵਾ ਸਕੇ। ਵਰਣਨਯੋਗ ਹੈ ਕਿ ਸਾਡੀਆਂ ਪੇਂਡੂ ਖੇਡਾਂ ਦਾ ਨਵੀਨੀਕਰਨ ਹੋ ਚੁੱਕਾ ਹੈ, ਬਲਦਾਂ, ਕੁਕੜਾਂ ਜਾਂ ਕਬੂਤਰਾਂ ਦੀ ਬਜਾਏ ਟਰੈਕਟਰਾਂ ਦਾ ਜ਼ੋਰ ਪਰਖ ਤੇ ਟਰੈਕਟਰਾਂ ਦੀ ਡਰਾਇਵਿੰਗ ਨਾਲ ਸੰਬਧਤ ਬਹੁਤ ਸਾਰੀਆਂ ਖੇਡਾਂ, ਟਰੈਕਟਰ ਕੁਸ਼ਤੀਆਂ ਜਾਂ ਸਟੰਟ ਅੱਜ ਸਾਡੀਆਂ ਪੇਂਡੂ ਦਾ ਹਿੱਸਾ ਬਣ ਚੁੱਕੇ ਹਨ।

ਕਿਸੇ 'ਤੇ ਆਪਣੀ ਅਮੀਰੀ ਦੀ ਧੌਂਸ ਜਮਾਉਣਾ ਉਸਦੀ ਫਿਤਰਤ ਨਹੀਂ, ਕਿਉਂਕਿ ਉਹਨੇ ਆਉਡੀ ਵੇਚ ਕੇ ਫੋਰਚਿਉਨਰ ਖਰੀਦੀ ਤਾਂ ਜੋ ਪਿੰਡਾਂ ਦੀਆਂ ਸੜਕਾਂ ਦੇ ਹਿਸਾਬ ਨਾਲ ਉਸਨੂੰ ਵਧੇਰੇ ਢੁੱਕਵੀ ਤੇ ਵਰਤਣਯੋਗ ਜਾਪਦੀ ਹੈ। ਜਦੋਂ ਉਹ ਕਿਤੇ ਆਪਣੇ ਯਾਰਾਂ ਦੋਸਤਾਂ ਨਾਲ ਕਿਧਰੇ ਘੁੰਮਣ ਫਿਰਨ ਜਾਂਦਾ ਹੈ ਤਾਂ ਥਾਰ ਜੀਪ ਲੈ ਕੇ ਜਾਂਦਾ ਹੈ, ਜੋ ਕਿ ਸ਼ਿਮਲੇ, ਕੁੱਲੂ, ਮਨਾਲੀ ਵਗਰੇ ਪਹਾੜੀ ਰਸਤਿਆਂ ਲਈ ਠੀਕ ਰਹਿੰਦੀ ਹੈ।

ਹੁਣ ਸਭ ਤੋਂ ਵੱਡੀ ਗੱਲ ਜੋ ਉਸ ਕੁੜੀ ਨੂੰ ਆਪਣੇ ਆਸ਼ਿਕ ਦੀ ਚੰਗੀ ਲੱਗਦੀ ਹੈ ਜਾਂ ਜਿਸ ਉੱਤੇ ਉਹ ਮਰਦੀ ਹੈ। ਉਹ ਇਹ ਹੈ ਕਿ ਉਸਨੇ ਬੁੱਲਟ ਪਟਾਕੇ ਪਾਉਣ ਨੂੰ ਰੱਖਿਆ ਹੈ। 'ਬੁੱਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ।' ਹੁਣ ਇਸ ਸੱਤਰ ਵਿੱਚ ਦੋ ਸ਼ਬਦ ਅਹਿਮ ਹਨ। ਇੱਕ ਬੁੱਲਟ ਮੋਟਰਸਾਇਕਲ ਤੇ ਦੂਜਾ ਪਟਾਕੇ। ਇਹਨਾਂ ਦੋਨਾਂ ਦਾ ਵੱਖਰਾ ਵਿਸ਼ਲੇਸ਼ਣ ਕਰਦਾ ਹਾਂ ਤਾਂ ਕਿ ਆਮ ਪਾਠਕ ਇਸ ਗੀਤ ਦੀ ਹੁੱਕ ਲਾਇਨ ਨੂੰ ਚੰਗੀ ਤਰ੍ਹਾਂ ਸਮਝ ਸਕੇ।

ਬੁੱਲਟ: ਮੋਟਰਸਾਇਕਲਾਂ ਵਿੱਚ ਬੁੱਲਟ ਮੋਟਰਸਾਇਕਲ ਪੰਜਾਬੀਆਂ ਦੀ ਹਮੇਸ਼ਾਂ ਤੋਂ ਪਹਿਲੀ ਪਸੰਦ ਰਿਹਾ ਹੈ। ਇਹ ਪੰਜਾਬੀ ਦਾ ਪਹਿਲਾਂ ਗੀਤ ਨਹੀਂ ਹੈ, ਜਿਸ ਵਿੱਚ ਬੁੱਲਟ ਮੋਟਰਸਾਇਕਲ ਦੀ ਵਡਿਆਈ ਕੀਤੀ ਗਈ ਹੋਵੇ। ਸਾਡੇ ਕੋਲ ਸੈਂਕੜੇ ਹੀ ਗੀਤ ਪਹਿਲਾਂ ਤੋਂ ਉਪਲਵਧ ਹੈ, ਜਿੰਨਾ 'ਤੇ ਕਦੇ ਕੋਈ ਇਤਰਾਜ਼ ਨਹੀਂ ਕੀਤਾ ਗਿਆ। ਖੈਰ ਆਉ ਥੋੜ੍ਹਾ ਬੁੱਲਟ ਦੇ ਇਤਿਹਾਸ ਉੱਪਰ ਥੋੜ੍ਹੀ ਝਾਤੀ ਮਾਰੀਏ।

ਇੰਗਲੈਂਡ ਦੇ ਬ੍ਰਮਿੰਘਮ ਸ਼ਹਿਰ ਦੇ ਵਸਨੀਕ ਅਲਬਰਟ ਏਡੀ ਨੇ 1883 ਵਿੱਚ ਏਡੀ ਮੈਨੂਫੈਕਚਰਿੰਗ ਕੰਪਨੀ ਸਥਾਪਿਤ ਕਰਕੇ ਸੂਈਆਂ ਬਣਾਉਣ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਉਸ ਸਮੇਂ ਬ੍ਰਮਿੰਘਮ ਦੇ ਆਲੇ-ਦੁਆਲੇ ਹਥਿਆਰ ਬਣਾਉਣ ਦੀਆਂ ਵੀ ਅਨੇਕਾਂ ਫੈਕਟਰੀਆਂ ਸਨ। ਉਹ ਹਥਿਆਰਾਂ ਅਤੇ ਸਾਇਕਲਾਂ ਦੇ ਪੁਰਜੇ ਵੀ ਬਣਾਉਣ ਲੱਗ ਪਿਆ। ਐਡੀ ਦਾ ਜੱਦੀ ਸ਼ਹਿਰ ਐਨਫੀਲਡ ਸੀ। ਉਸਨੇ 1836 ਵਿੱਚ ਆਪਣੀ ਕੰਪਨੀ ਦਾ ਨਾਮ ਬਦਲ ਕੇ ਐਨਫੀਲਡ ਸਾਇਕਲ ਕੰਪਨੀ ਰੱਖ ਦਿੱਤਾ ਤੇ ਪੂਰੇ ਸਾਇਕਲ ਬਣਾਉਣ ਲੱਗ ਪਿਆ। ਉਸਨੇ ਇੱਕ ਪਹੀਆ, ਦੋ ਪਹੀਆ, ਤਿੰਨ ਪਹੀਆਂ ਤੇ ਅਖੀਰ ਚਾਰ ਪਹੀਆ ਸਾਇਕਲ ਬਣਾਏ। ਉਸਦੀਆਂ ਦੋ ਫੈਕਰੀਆਂ ਸਨ। ਇੱਕ ਬ੍ਰਮਿੰਘਮ ਦੇ ਜਮ੍ਹਾਂ ਨਾਲ ਸਨੋਅਹਿੱਲ ਵਿੱਚ ਜਿੱਥੇ ਹਥਿਆਰ ਬਣਦੇ ਸਨ ਤੇ ਇੱਕ ਬ੍ਰਮਿੰਘਮ ਤੋਂ ਥੋੜ੍ਹੀ ਦੂਰ ਜਿੱਥੇ ਸਾਇਕਲ ਬਣਦੇ ਸਨ। ਉਸਦੇ ਸਾਇਕਲਾਂ ਦਾ ਨਾਮ ਰੌਇਲ ਐਨਫੀਲਡ ਸਾਇਕਲ ਹੁੰਦਾ ਸੀ। ਉਸਦੀ ਬਣਾਈ ਰਾਇਫਲ ਦਾ ਨਾਮ ਐਨਫੀਲਡ ਰਾਇਫਲ ਹੁੰਦਾ ਸੀ। ਸਾਇਕਲਾਂ ਤੋਂ ਤਰੱਕੀ ਕਰਕੇ ਐਨਫੀਲਡ ਕੰਪਨੀ ਨੇ 1901 ਵਿੱਚ ਪਹਿਲਾ ਮੋਟਰਸਾਇਕਲ ਬਣਾਇਆ ਸੀ, ਜਿਸਦਾ ਨਾਮ ਰੱਖਿਆ ਰੌਇਲ ਐਨਫੀਲਡ ਜੋ 236 ਸੀ.ਸੀ. ਇੰਜਣ ਨਾਲ ਲੈਸ ਸੀ। ਇਸ ਦੀਆਂ ਕਮੀਆਂ ਨੂੰ ਉਸਨੇ ਕੁਝ ਹੀ ਸਾਲਾਂ ਵਿੱਚ ਸੁਧਾਰਿਆ। ਸੁਧਰੇ ਹੋਏ ਰੂਪ ਨੂੰ ਉਸਨੇ ਨਾਮ ਦਿੱਤਾ ਰੌਇਲ ਐਨਫੀਲਡ ਬੁੱਲਟ। ਉਸਦਾ ਕਹਿਣਾ ਸੀ ਕਿ ਮੇਰਾ ਇਹ ਨਵਾਂ ਬੁੱਲਟ ਮੋਟਰ ਸਾਇਕਲ ਮੇਰੀ ਬਣਾਈ ਰਾਇਫਲ ਦੀ ਗੋਲੀ ਵਾਂਗ ਚੱਲਿਆ ਕਰੇਗਾ ਤੇ ਪਟਾਕੇ ਪਾਇਆ ਕਰੇਗਾ। ਬੁੱਲਟ ਅੰਗਰੇਜ਼ੀ ਵਿੱਚ ਗੋਲੀ ਨੂੰ ਕਿਹਾ ਜਾਂਦਾ ਹੈ। 1955 ਵਿੱਚ ਇਹ ਕੰਪਨੀ ਭਾਰਤ ਵਿੱਚ ਆਈ ਤੇ ਬੁੱਲਟ ਮੋਟਰਸਾਇਕਲ ਭਾਰਤ ਵਿੱਚ  ਆਪਣੀ ਮਕਬੂਲੀਅਤ ਦੇ ਪਟਾਕੇ ਪਾਉਣ ਲੱਗ ਪਿਆ। ਜਿਸ ਮੋਟਰਸਾਇਕਲ ਦਾ ਨਿਰਮਾਣ ਹੀ ਪਟਾਕੇ ਪਾਉਣ ਲਈ ਹੋਇਆ ਹੈ, ਉਸ ਉੱਪਰ ਇਤਰਾਜ਼ ਕਾਹਦਾ?

ਪਟਾਕੇ: ਪੰਜਾਬੀ ਦੁਨੀਆਂ ਦੀ ਇੱਕ ਐਸੀ ਜ਼ਬਾਨ ਹੈ ਜਿਸ ਵਿੱਚ ਇੱਕ ਸ਼ਬਦ ਦੇ ਅਨੇਕਾਂ ਅਰਥ ਨਿਕਲਦੇ ਹਨ। ਪਟਾਕਾ ਸ਼ਬਦ ਦੇ ਵੀ ਅਨੇਕਾਂ ਅਰਥ ਹਨ। ਪਟਾਕਾ ਬਰੂਦ ਦੇ ਵਿਸਫੋਟ ਨੂੰ ਵੀ ਕਿਹਾ ਜਾਂਦਾ ਹੈ। ਸੋਹਣੀ ਕੁੜੀ ਵੀ ਪਟਾਕਾ ਹੁੰਦੀ ਹੈ। ਖੜਕਾ ਹੋਣ ਨੂੰ ਵੀ ਪਟਾਕਾ ਕਿਹਾ ਜਾਂਦਾ ਹੈ। ਕੰਨ 'ਤੇ ਮਾਰੀ ਜ਼ੋਰਦਾਰ ਚਪੇੜ ਵੀ ਪਟਾਕਾ ਹੁੰਦੀ ਹੈ। ਕਿਸੇ ਕੰਮ ਨੂੰ ਬਹੁਤ ਵਧੀਆ ਕਰਨਾ ਵੀ ਪਟਾਕਾ ਪਾ ਦੇਣਾ ਅਖਵਾਉਂਦਾ ਹੈ। ਜਿਵੇਂ ਗੀਤ ਦੀ ਵਿਡੀਉ ਵਿੱਚ ਦਿਖਾਇਆ ਗਿਆ ਹੈ, ਮੋਟਰਸਾਇਕਲ ਦੀ ਐਗਜ਼ੋਸਟ ਪਾਇਪ ਨਾਲ ਪਟਾਕੇ ਪਾ ਕੇ ਸ਼ੋਰ ਪੈਦਾ ਕਰਨ ਦੀ ਇੱਲਤ ਦੀ ਇਜ਼ਾਦ ਵੀ ਹੈ। ਖੈਰ ਆਪਾਂ ਗੀਤ ਵਿੱਚ ਪਟਾਕੇ ਪਾਉਣ ਦੇ ਅਰਥ ਲੈਣੇ ਹੋਣ ਤਾਂ ਇਹ ਵੀ ਲਏ ਜਾ ਸਕਦੇ ਹਨ ਕਿ ਨਾਇਕ ਜਦੋਂ ਬੁੱਲਟ ਉੱਪਰ ਲੰਘਦਾ ਹੈ ਤਾਂ ਧੰਨ ਧੰਨ ਕਰਵਾ ਜਾਂਦਾ ਹੈ। ਜ਼ਿੱਦ ਜੱਟਾਂ ਦੇ ਸੁਭਾਅ ਦਾ ਇੱਕ ਅਨਿਖੜਵਾਂ ਅੰਗ ਹੈ। ਗੀਤ ਦਾ ਨਾਇਕ ਸ਼ਰੀਕਾਂ 'ਤੇ ਝੰਡੀ ਕਰਨ ਲਈ ਬੁੱਲਟ ਨਾਲ ਪਟਾਕਾ ਪਾ ਜਾਂਦਾ ਹੈ। ਜਾਂ ਇਹ ਕਹਿ ਲਵੋ ਕਿ ਉਹ ਹਵਾ ਕਰਨ ਲਈ ਉਹ ਬੁੱਲਟ ਨਾਲ ਕਦੇ-ਕਦੇ ਪਟਾਕੇ ਪਾ ਜਾਂਦਾ ਹੈ। ਉਹ ਸਰਦਾ ਪੁੱਜਦਾ ਜੱਟ ਹੈ ਜੇ ਕਦੇ ਫੁਕਰਪੁਣਾ ਵੀ ਕਰ ਜਾਂਦਾ ਹੈ ਤਾਂ ਫੇਰ ਕੀ ਲੋਹੜਾ ਆ ਗਿਆ? ਜੱਟਾਂ ਦੀ ਤਾਂ ਖਸਲਤ ਹੀ ਇਹ ਹੁੰਦੀ ਹੈ ਕਿ ਉਹ ਦੋ ਪੈੱਗ ਲਾ ਕੇ ਬੱਕਰੇ ਬੁਲਾਉਣ ਲੱਗ ਜਾਂਦੇ ਹਨ। ਜੇ ਬੁੱਲਟ ਨਾਲ ਪਟਾਕੇ ਪਾ ਲਏ, ਫੇਰ ਕੀ ਧਰਤੀ ਫਟ ਗਈ?

ਸੁਨੰਦਾ ਸ਼ਰਮਾ ਦਾ ਗੀਤ, "ਬੁੱਲਟ ਤਾਂ ਰੱਖਿਆ, ਪਟਾਕੇ ਪਾਉਣ ਨੂੰ" ਬਹੁਤ ਮਿਆਰ ਗੀਤ ਹੈ। ਇਸ ਗੀਤ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਨਾ ਨਸ਼ਿਆਂ ਦਾ ਜ਼ਿਕਰ ਹੈ ਤੇ ਨਾ ਹਥਿਆਰਾਂ ਦਾ। ਨਾ ਵੈਲਪੁਣੇ ਦਾ। ਇੱਕ ਤਰੱਕੀਸ਼ੁਦਾ ਰਇਸ ਜੱਟ ਘਰਾਣੇ ਦੇ ਪੜ੍ਹੇ ਲਿਖੇ ਮੁੰਡੇ ਦਾ ਜ਼ਿਕਰ ਹੈ, ਜੋ ਹੋਰਾਂ ਨੂੰ ਵੀ ਮਿਹਨਤਾਂ ਨਾਲ ਜ਼ਿੰਦਗੀ ਵਿੱਚ ਲਗਜ਼ਰੀ ਚੀਜ਼ਾਂ ਖਰੀਦ ਕੇ ਐਸ਼ ਕਰਨ ਲਈ ਪ੍ਰੇਰਦਾ ਹੈ। ਗੀਤ ਦੀ ਵਿਡੀਉ ਸਾਫਸੁਥਰੀ ਹੈ। ਸੁੰਨਦਾ ਨੇ ਪੰਜਾਬੀ ਪਹਿਰਾਵਾਂ ਪਹਿਨਿਆ ਹੋਇਆ ਹੈ ਤੇ ਕੋਈ ਨੰਗੇਜ਼ਵਾਦ ਨਹੀਂ। ਫੇਰ ਗੀਤ ਮਾੜਾ ਕਿਵੇਂ ਹੋਇਆ? ਕੀ ਨੁਕਸ ਹੈ? ਜਾਂ ਹੋਰ ਵਧੀਆ ਗੀਤ ਦੀ ਕੀ ਪ੍ਰੀਭਾਸ਼ਾ ਹੁੰਦੀ ਹੈ?

No comments:

Post a Comment