ਪੰਜਾਬੀ ਕਹਾਣੀ ਦਾ ਆਰਕਿਔਲਜਿਸਟ: ਮਨਮੋਹਨ ਬਾਵਾ

Manmohan Bawa
ਵਿਸ਼ਵਪ੍ਰਸਿੱਧ ਮੁਨੱਵਰ ਸ਼੍ਰੀ ਮਨਜੀਤ ਬਾਵਾ ਦੇ ਵੱਡੇ ਭਰਾਤਾ ਸ਼੍ਰੀ ਮਨਮੋਹਣ ਸਿੰਘ ਬਾਵਾ ਜੀ ਨੇ ਪੰਜਾਬੀ ਕਥਾ ਜਗਤ ਵਿੱਚ ਆਪਣੀ ਵਿਲੱਖਣ ਪਹਿਚਾਣ ਸਥਾਪਤ ਕਰ ਲਿੱਤੀ ਹੈ। ਅਜੋਕੀ ਪੰਜਾਬੀ ਕਹਾਣੀ ਵਿੱਚ ਜੋ ਆਦਰਯੋਗ ਸਥਾਨ ਉਨ੍ਹਾਂ ਨੇ ਮਲ ਲਿਆ ਹੈ, ਉਸਨੂੰ ਕੋਈ ਹੋਰ ਨਹੀਂ ਲੈ ਸਕਦਾ। ਤੇ ਇਹ ਸਥਾਨ ਉਨ੍ਹਾਂ ਨੇ ਰਾਤੋ-ਰਾਤ ਹਾਸਿਲ ਨਹੀਂ ਕੀਤਾ। ਬਲਕਿ ਇਸਦੇ ਪਿੱਛੇ ਉਨ੍ਹਾਂ ਦੀ ਲਗਨ, ਦ੍ਰਿੜ ਵਿਸ਼ਵਾਸ, ਗਿਆਨ, ਅਧਿਐਨ, ਉਮਰ ਦਾ ਤਜਰਬਾ ਅਤੇ ਵਰ੍ਹਿਆਂ ਦੀ ਸਾਧਨਾ ਹੈ। ਕਹਾਣੀ ਲਿਖਣੀ ਔਖੀ ਹੁੰਦੀ ਹੈ। ਪਰ ਮਨਮੋਹਣ ਬਾਵਾ ਵਰਗੀ ਕਹਾਣੀ ਲਿਖਣੀ ਤਾਂ ਬਹੁਤ ਬਹੁਤ ਬਹੁਤ ਹੀ ਔਖੀ ਹੈ। ਉਨ੍ਹਾਂ ਦੀਆਂ ਕਹਾਣੀਆਂ ਵਰਗੀਆਂ ਕਹਾਣੀਆਂ ਲਿਖਣ ਦਾ ਖਿਆਲ ਕਰਦਿਆਂ ਹੀ ਮਾੜੇ-ਮੋਟੇ ਕਹਾਣੀਕਾਰ ਦੀ ਤਾਂ ਮਤਮਾਰੀ ਜਾਂਦੀ ਹੈ। ਲਿਖਣ ਲੱਗੇ ਤਾਂ ਭੂਤਨੀ ਭੁੱਲਣੀ ਹੀ ਹੈ। ਮਨਮੋਹਨ ਬਾਵਾ ਦੀਆਂ ਕਹਾਣੀਆਂ ਦਾ ਮਹਿਜ਼ ਮੁਹਾਂਦਰਾ ਹੀ ਦੂਜਿਆਂ ਨਾਲੋਂ ਵੱਖਰਾ ਨਹੀਂ ਹੁੰਦਾ, ਬਲਕਿ ਉਨ੍ਹਾਂ ਦੀਆਂ ਕਥਾਵਾਂ ਦੇ ਸਿਰਲੇਖ ਵੀ ਅਜੀਬੋ-ਗਰੀਬ ਅਤੇ ਅਨੋਖੇ ਹੁੰਦੇ ਹਨ। ਮਿਸਾਲ ਦੇ ਤੌਰ 'ਤੇ ਅਲੋਰਾ ਦੀ ਮਹਾਂਮੇਧਾ, ਉਦਾਬਰਾਂ, ਕਵਸ਼ ਦਾ ਮਾਰੂਥਲ,  ਰਿਕਵ, ਰੂਪਾਂਤਰਣ, ਪ੍ਰਭਾਵਤੀ, ਮੰਦਾਲਿਕਾ ਆਦਿ। ਮਨਮੋਹਨ ਬਾਵਾ ਨੇ ਹੁਣ ਤੱਕ ਜਿੰਨਾ ਵੀ ਕੰਮ ਕੀਤਾ ਹੈ, ਉਹ ਲਕੀਰ ਤੋਂ ਹਟਵਾਂ ਕੀਤਾ ਹੈ। ਇਸੇ ਲਈ ਉਹ ਆਮ ਲਿਖਾਰੀਆਂ ਦੀ ਭੀੜ ਵਿੱਚ ਰਲ ਕੇ ਗੁਆਚਦੇ ਨਹੀਂ ਹਨ।
ਮਨਮੋਹਨ ਬਾਵਾ ਹੁਣ ਤੱਕ ਦਸ ਪੁਸਤਕਾਂ ਦੀ ਰਚਨਾ ਕਰ ਚੁੱਕੇ ਹਨ, ਜਿਨ੍ਹਾਂ ਦੀ ਫਰਿਸ਼ਤ ਨਿਮਨ ਲਿਖਤ ਹੈ:-
1  ਇੱਕ ਰਾਤ (ਕਹਾਣੀ ਸੰਗ੍ਰਹਿ) 1963
2  ਚਿੱਟੇ ਘੋੜੇ ਦਾ ਸਵਾਰ (ਕਹਾਣੀ ਸੰਗ੍ਰਹਿ) 1983
3  ਆਉ ਚੱਲੀਏ ਬਰਫਾ ਦੇ ਪਾਰ (ਸਫਰਨਾਮਾ ਬੱਚਿਆ ਲਈ)
4  ਅਣਡਿੱਠੇ ਰਸਤੇ, ਉਂੱਚੇ ਪਰਬਤ (ਸਫਰਨਾਮਾ ਬੱਚਿਆ ਲਈ)
5  Adventures in the Snows
6.  Himachal Pradesh
7.  Trekking Guide to Indian Himalaya
8.  Trekking Guide to the Annapurna and Dhaulagiri (Nepal)
9  ਅਜਾਤ ਸੁੰਦਰੀ 1996
10 ਨਰਬਲੀ 2000
11NOVEL: Yudh Nad
ਚਿੱਟੇ ਘੋੜੇ ਦਾ ਸਵਾਰ ਵਿੱਚ ਉਹਨਾਂ ਨੇ ਮਹਾਂਨਗਰ ਦੇ ਸਭਿਆਚਾਰ ਅਤੇ ਪਹਾੜੀ ਸਭਿਆਚਾਰ ਦੇ ਕੌਨਫਲਿਕਟ ਨੂੰ ਦਰਸਾਇਆ ਹੈ। ਆ ਚੱਲਿਏ ਬਰਫਾਂ ਦੇ ਪਾਰ ਭਾਵੇਂ ਕਿ ਬੱਚਿਆਂ ਲਈ ਹੈ ਪਰ ਇਸ ਨੂੰ ਵੱਡੇ ਵੀ ਪੂਰੀ ਦਿਲਚਸਪੀ ਨਾਲ ਪੜ੍ਹ ਸਕਦੇ ਹਨ, ਕਿਉਂਕਿ ਇਸ ਕਿਤਾਬ ਵਿੱਚ ਵੀ ਬਾਵਾ ਜੀ ਨੇ ਗਲਪ ਵਾਲਾ ਰਸ ਭਰਿਆ ਹੈ।  ਬੜੇ ਦਰਵੇਸ਼ੀ ਜਿਹੇ ਸੁਭਾਅ ਦੇ ਮਾਲਕ ਬਾਵਾ ਜੀ ਸਿਰਫ ਕਹਾਣੀਕਾਰ ਹੀ ਨਹੀਂ ਹਨ, ਉਹ ਚਿੱਤਰਕਾਰ, ਪਰਵਾਸ਼ੇਸ਼, ਮਾਨਵ-ਵਿਗਿਆਨੀ ਅਤੇ ਇਤਿਹਾਸ ਦੇ ਚਿੰਤਕ ਵੀ ਹਨ। ਆਰਟ ਦਾ ਉਨ੍ਹਾਂ ਨੇ ਬਕਾਇਦਾ ਡਿਪਲੋਮਾ ਕੀਤਾ ਹੋਇਆ ਹੈ। ਚਿੱਤਰਕਾਰੀ ਵਿੱਚ ਲੈਂਡਸਕੇਪ ਉਨ੍ਹਾਂ ਦਾ ਮਨਭਾਉਂਦਾ ਵਿਸ਼ਾ ਹੈ। ਉਹ ਇਕਾਂਤ ਵਿੱਚ ਬੰਸਰੀ ਵਜਾਉਣ, ਕਲਾਸੀਕਲ ਸੰਗੀਤ ਸੁਣਨ ਅਤੇ ਘੁੰਮਣ ਫਿਰਨ ਦੇ ਸ਼ੌਕੀਨ ਹਨ। ਸ਼ਾਇਦ ਇਸੇ ਵਜ੍ਹਾ ਕਰਕੇ ਉਨ੍ਹਾਂ ਅੰਦਰ ਧਰਤੀ ਨੂੰ ਗਾਹੁਣ ਦੀ ਪ੍ਰਬਲ ਇੱਛਾ ਹੈ। ਭਾਰਤ ਦੇ ਬਹੁਤ ਸਾਰੇ ਹਿੱਸਿਆਂ ਦਾ ਭਰਮਣ ਉਨ੍ਹਾਂ ਨੇ ਪੈਦਲ ਜਾ ਸਾਇਕਲ ਰਾਹੀਂ ਕੀਤਾ ਹੈ। ਡਾ: ਆਤਮਜੀਤ ਸਿੰਘ ਨੇ ਉਨ੍ਹਾਂ ਬਾਰੇ ਲਿਖਿਆ ਹੈ, ਲਦਾਖ ਤੋਂ ਲੈ ਕੇ ਅਰੁਨਾਚਲ ਤੱਕ, ਹਿਮਾਲਾ ਦੀ ਕੋਈ ਹੀ ਐਸੀ ਪਗਡੰਡੀ ਹੋਵੇਗੀ ਜੋ ਉਸ (ਮਨਮੋਹਨ ਬਾਵਾ) ਦੇ ਪੈਰਾਂ ਨੇ ਨਾ ਗਾਹੀ ਹੋਵੇ। ਆਪਣੀ ਮਨਮੋਹਣੀ ਸਖਸ਼ੀਅਤ ਅਤੇ ਮਿਲਾਪੜੇ ਸੁਭਾਅ ਸਦਕਾ ਜੰਗਲਾਂ ਵਿੱਚ ਵਿਚਰਦੇ ਆਦਿ ਵਾਸੀਆਂ ਨਾਲ ਉਹ ਰਿਸ਼ਦਾਰਾਂ ਵਾਂਗ ਘੁਲਮਿਲ ਜਾਂਦੇ ਹਨ। ਉਹਨਾਂ ਦਾ ਸੈਲਾਨੀਪਨ ਅਕਸਰ ਉਨ੍ਹਾਂ ਨੂੰ ਖੁਦਾਈਆਂ ਅਤੇ ਇਤਿਹਾਸਕ ਸਥਾਨਾਂ ਵੱਲ ਖਿੱਚ ਕੇ ਲੈ ਜਾਂਦਾ ਹੈ। ਉਨ੍ਹਾਂ ਨੇ ਇਤਿਹਾਸ ਦੀ ਐਮ ਏ ਕਰਨ ਤੋਂ ਇਲਾਵਾ ਹਿੰਦੁਸਤਾਨੀ ਇਤਿਹਾਸ, ਮਿਥਿਹਾਸ ਅਤੇ ਪ੍ਰਾਚੀਨ ਕਲਾ ਦਾ ਬੜਾ ਗੰਭੀਰ ਅਧਿਐਨ ਕੀਤਾ ਹੈ। ਉਨ੍ਹਾਂ ਨੇ ਆਪਣੀਆਂ ਰੁਚੀਆਂ, ਸ਼ੌਕ, ਗਿਆਨ ਅਤੇ ਅਨੁਭਵ ਨੂੰ ਆਪਣੀਆਂ ਕਹਾਣੀਆਂ ਵਿੱਚ ਬਾਸਲੀਕਾ ਇਸਤੇਮਾਲ ਕੀਤਾ ਹੈ।
ਕੁੱਝ ਅਰਸਾ ਪਹਿਲਾਂ ਮੈਂ ਅੰਮ੍ਰਿਤਾ ਪ੍ਰੀਤਮ ਜੀ ਦੇ ਰਸਾਲੇ ਨਾਗਮਣੀ ਵਿੱਚ ਮਨਮੋਹਨ ਬਾਵਾ ਦੀ ਕਹਾਣੀ ਐਲੀਫੈਂਟਾ ਦੀਆਂ ਗੁਫਾਵਾਂ ਪੜ੍ਹੀ ਸੀ। ਉਹ ਕਹਾਣੀ ਪੜ੍ਹਦਿਆਂ ਇਉਂ ਲਗਦਾ ਹੈ ਕਿ ਤੁਸੀਂ ਖੁਦ ਵੀ ਉਨ੍ਹਾਂ ਗੁਫਾਵਾਂ ਵਿੱਚ ਘੁੰਮ ਰਹੇ ਹੋਵੋਂ। ਉਸ ਕਹਾਣੀ ਵਿੱਚ ਸਫਰਨਾਮੇ ਵਾਲੇ ਗੁਣ ਵੀ ਸਨ। ਜਿਨ੍ਹਾ ਸਦਕਾ ਅਗਰ ਪਾਠਕ ਉਹ ਕਹਾਣੀ ਪੜ੍ਹ ਕੇ ਐਲੀਫੈਂਟਾ ਦੀਆਂ ਗੁਫਾਵਾਂ ਦੇਖਣ ਜਾਣਾ ਚਾਹੇ ਤਾਂ ਅੱਖਾਂ ਮੀਚ ਕੇ ਸਿੱਧਾ ਉਥੇ ਜਾ ਸਕਦਾ ਹੈ। ਕਿਸੇ ਨੂੰ ਪੁੱਛਣ ਦੱਸਣ ਦੀ ਲੋੜ ਨਹੀਂ ਅਤੇ ਨਾ ਹੀ ਗਾਇਡ ਦੀ ਜ਼ਰੂਰਤ ਪਵੇਗੀ। ਕਹਾਣੀਕਾਰ ਨੇ ਸਾਰੀ ਜਾਣਕਾਰੀ ਕਹਾਣੀ ਵਿੱਚ ਹੀ ਭਰ ਦਿੱਤੀ ਹੈ।
ਮਨਮੋਹਨ ਬਾਵਾ ਜੀ ਸਮਕਾਲੀ ਸਮੱਸਿਆਵਾਂ ਨੂੰ ਆਦਿ ਕਾਲੀਨ ਘਟਨਾਵਾਂ ਨਾਲ ਜੋੜ ਕੇ ਸਦੀਆਂ ਤੋਂ ਦਫ਼ਨ ਪਏ ਸੱਚ ਨੂੰ ਪਾਠਕ ਦੇ ਸਨਮੁੱਖ ਸਾਕਾਰ ਕਰ ਦਿੰਦੇ ਹਨ। ਜਿਵੇਂ ਕਿ ਗੁਰਦੁਆਰਾ ਰਕਾਬ ਗੰਜ ਕਿਵੇਂ ਬਣਿਆ? ਕਹਾਣੀ ਨੂੰ ਅਜੋਕੇ ਬਾਬਰੀ ਮਸਜਿਦ ਕਾਂਡ ਨਾਲ ਜੋੜਿਆ ਜਾ ਸਕਦਾ ਹੈ। ਕਹਾਣੀਆਂ ਲਿਖਣ ਲਈ ਕੱਚੀ ਸਮਗਰੀ ਉਹ ਮਹਾਂਭਾਰਤ, ਉਪਨਿਸ਼ਦਾਂ, ਪੁਰਾਨਾਂ ਪ੍ਰਾਚੀਨ ਕਥਾਵਾਂ ਆਦਿ ਚੋਂ ਚੁੱਕ ਲੈਂਦੇ ਹਨ। ਫਿਰ ਵੀ ਉਨ੍ਹਾਂ ਕਥਾਵਾਂ ਨੂੰ ਬਾਵਾ ਜੀ ਨੇ ਉਵੇਂ ਜਿਵੇਂ ਆਪਣੇ ਸ਼ਬਦਾਂ ਵਿੱੱਚ ਨਹੀਂ ਲਿਖਿਆ ਬਲਕਿ ਨਵੇਂ ਦ੍ਰਿਸ਼ਟੀਕੋਣ ਤੋਂ ਲਿਖ ਕੇ ਉਨ੍ਹਾਂ ਕਥਾਵਾਂ ਦੇ ਚਿਹਨ-ਚੱਕਰ ਹੀ ਬਦਲ ਦਿੱਤੇ ਹਨ ਤੇ  ਉਨ੍ਹਾਂ ਨੂੰ ਨਵੀਨ ਰੂਪ ਅਤੇ ਅਰਥ ਵੀ ਪ੍ਰਦਾਨ ਕੀਤੇ ਹਨ। ਉਹ ਪ੍ਰਚੀਨ ਸਮੇਂ ਦੀਆਂ ਕਹਾਣੀਆਂ ਲਿਖਦੇ ਵਕਤ ਪਾਤਰਾਂ, ਦ੍ਰਿਸ਼ਾਂ ਅਤੇ ਘਟਨਾਵਾਂ ਜਰੀਏ ਉਸ ਵੇਲੇ ਦੇ ਸਭਿਆਚਾਰ ਅਤੇ ਸੰਸਕ੍ਰਿਤੀ ਦੇ ਵੀ ਦਿਦਾਰ ਕਰਵਾਉਂਦੇ ਹਨ। ਪੁਰਾਤਨ ਸਾਹਿਤ ਵਿੱਚੋਂ ਅਣਕਹੀਆਂ ਗੱਲਾਂ ਅਤੇ ਦੱਬੇ ਕੁਚਲੇ ਪਾਤਰਾਂ ਨੂੰ ਮੁੜ ਅਗਰਭੂਮੀ ਤੇ ਲਿਆ ਕੇ ਉਹ ਆਪਣੇ ਵਿਰਸੇ ਵਿੱਚੋਂ ਨਵੇਂ ਅਰਥ ਲੱਭਣ ਦਾ ਯਤਨ ਕਰਦੇ ਹਨ।   ਉਹਨਾਂ ਨੇ ਨੀਵੀਆਂ ਜਾਤੀਆਂ ਦੇ ਦੁਖਾਂਤ ਅਤੇ ਮਨੋਭਾਵਾਂ ਨੂੰ ਉਭਾਰਿਆ ਹੈ। ਉਹ ਆਦਿ ਜਾਤੀਆਂ, ਸੂਦਰਾਂ, ਪਿਛੜੇ ਵਰਗਾਂ ਦੇ ਪਾਤਰਾਂ ਨੂੰ ਚੁਣ ਕੇ, ਜਿਨ੍ਹਾਂ ਬਾਰੇ ਪੁਰਾਣੇ ਗ੍ਰੰਥਾਂ ਨੇ ਚੁੱਪ ਵਰਤੀ ਜਾਂ ਨਿਖੇਧਾਤਮਕ ਸੁਰ ਅਪਣਾਇਆ ਹੋਇਆ ਸੀ, ਮੁੜ ਸੁਰਜੀਤ ਕਰਕੇ ਇਨਸਾਫ ਦਿਵਾਉਂਦੇ ਹਨ। ਇਸ ਵਿਚਾਰ ਦੀ ਪ੍ਰੋੜਤਾ ਲਈ ਉਨ੍ਹਾਂ ਦੀ ਕਹਾਣੀ ਇਕਲੱਵਅ ਵਾਚੀ ਜਾ ਸਕਦੀ ਹੈ। ਇਉਂ ਇਨ੍ਹਾਂ ਕਹਾਣੀਆਂ ਦੀ ਮਾਰਫਤ ਉਨ੍ਹਾਂ ਦੀ ਕਲਮ ਦਲਿਤ ਚੇਤਨਾ ਦੇ ਆਕਾਸ ਵੱਲ ਉਡਾਰੀ ਵੀ ਮਾਰਦੀ ਹੈ।
ਅਸੀਂ ਸਿਰਫ ਸਿੱਖ ਧਰਮ ਦੇ ਆਗਮਨ ਤੋਂ ਬਾਅਦ ਦੇ ਇਤਿਹਾਸ ਨੂੰ ਹੀ ਆਪਣੇ ਇਤਿਹਾਸ ਵਜੋਂ ਸਵਿਕਾਰਦੇ ਆਏ ਹਾਂ।  ਪਰ ਮਨਮੋਹਨ ਬਾਵਾ ਨੇ ਆਪਣੀਆਂ ਕਹਾਣੀਆਂ ਲਿਖ ਕੇ ਸਾਡੀਆਂ ਅੱਖਾਂ ਖੋਲ੍ਹੀਆਂ ਤੇ ਦੱਸਿਆ ਹੈ ਕਿ ਸਾਡਾ ਤੇ ਸਾਡੇ ਪੰਜਾਬ ਦਾ ਇਤਿਹਾਸ ਤਾਂ ਉਸ ਤੋਂ ਵੀ ਬਹੁਤ ਪੁਰਾਣਾ ਹੈ। ਮੋਹਿੰਜੋਦਾੜੋ ਅਤੇ ਹੜੱਪਾ ਦੀਆਂ ਸਭਿਆਤਾਵਾਂ ਤੋਂ ਇਲਾਵਾ ਸੰਸਾਰ ਦੀ ਸਭ ਤੋਂ ਪਹਿਲੀ ਰਚਨਾ ਰਿਗਵੇਦ ਵੀ ਸਾਡੇ ਪੰਜਾਬ ਦੀ ਧਰਤੀ 'ਤੇ ਰਚੀ ਗਈ। ਬਾਵਾ ਜੀ ਅਜੋਕੇ ਪੰਜਾਬ ਦੀ ਹਾਲਤ ਲਿਖ ਕੇ ਸੰਤੁਸ਼ਟ ਹੋਣ ਵਿੱਚ ਵਿਸ਼ਵਾਸ਼ ਨਹੀਂ ਰੱਖਦੇ। ਉਹ ਪੰਜਾਬ ਦੇ ਪਿਛੋਕੜ ਤੱਕ ਪਹੁੰਚਦੇ ਹਨ। ਐਨ ਧੁਰ ਤੱਕ ਜਦੋਂ ਪੰਜਾਬ ਨੂੰ ਅਜੇ ਪੰਜਾਬ ਵੀ ਨਹੀਂ ਸੀ ਕਿਹਾ ਜਾਂਦਾ। ਜਦੋਂ ਪੰਜਾਬ ਦਾ ਨਾਂ ਪੰਚਨਦ ਸੀ। ਉਸ ਤੋਂ ਵੀ ਪਿੱਛੇ ਜਦੋਂ ਪੰਜਾਬ ਨੂੰ ਸਪਤ ਸਿੰਧੂ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਉਸ ਤੋਂ ਵੀ ਪਹਿਲਾਂ ਜਦੋਂ ਪੰਜਾਬ ਨੂੰ ਮੱਧ-ਦੇਸ਼, ਉਂੱਤਰਾਪਥ ਅਤੇ ਬਾਹਿਕਾ ਆਦਿਕ ਨਾਵਾਂ ਨਾਲ ਪੁਕਾਰਿਆ ਜਾਂਦਾ ਸੀ। ਮਨਮੋਹਣ ਬਾਵਾ ਦੀ ਕਹਾਣੀ ਢਾਈ ਆਬਾਂ ਤੱਕ ਹੀ ਸੀਮਿਤ ਨਹੀਂ ਰਹਿੰਦੀ। ਉਹ ਪੰਜ ਦਰਿਆਵਾਂ ਦੀ ਧਰਤੀ 'ਤੇ ਘਟੀਆਂ ਕਥਾਵਾਂ ਦੀ ਰਚਨਾ ਕਰਦੇ ਹਨ। ਸਾਡੇ ਵਿੱਚੋਂ ਬਹੁਤਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਤਲੁਜ ਦਾ ਪੁਰਾਣਾ ਨਾਮ ਸਤਦੁਰੂ,  ਬਿਆਸ ਦਾ ਵਿਪਾਸ਼ਾ, ਰਾਵੀ ਦਾ ਪੁਰੂਸ਼ਿਨੀ ਅਤੇ ਐਰਾਵਤੀ, ਝਨਾਂ ਦਾ ਅਸਕਿਨੀ, ਅਤੇ ਜਿਹਲਮ ਦਾ ਵਿਤਸਿਤਾ ਸੀ। ਇਹ ਸਭ ਮਨਮੋਹਨ ਬਾਵਾ ਜੀ ਦੀਆਂ ਕਹਾਣੀਆਂ ਪੜ੍ਹਿਆਂ ਹੀ ਪਤਾ ਚੱਲਦਾ ਹੈ।
ਇੱਕ ਚੀਨੀ ਕਹਾਵਤ ਹੈ ਕਿ ਆਪਣੇ ਸਭਿਅਚਾਰ ਅਤੇ ਇਤਿਹਾਸਕ ਵਿਰਸੇ ਨੂੰ ਚੰਗੀ ਤਰ੍ਹਾਂ ਸਮਝੇ ਬਿਨਾਂ ਆਪਣੇ ਵਰਤਮਾਨ ਨੂੰ ਸਮਝਣ 'ਚ ਭੁਲੇਖਾ ਲੱਗ ਸਕਦਾ ਹੈ। ਤੇ ਮਨਮੋਹਣ ਬਾਵਾ ਜੀ ਨੇ ਇਸ ਕਹਾਵਤ ਨੂੰ ਆਪਣੇ ਜੀਵਨ ਵਿੱਚ ਢਾਲ ਲਿਆ ਲੱਗਦਾ ਹੈ। ਇਸੇ ਲਈ ਉਹ ਆਪਣੇ ਸਭਿਆਚਾਰ ਦੀਆਂ ਜੜ੍ਹਾਂ ਨੂੰ ਫਰੋਲਦੀਆਂ ਕਹਾਣੀਆਂ ਲਿਖਦੇ ਹਨ। ਸਾਡੇ ਦੇਸ਼ ਵਿੱਚ ਆਰੀਆ ਲੋਕਾਂ ਤੋਂ ਬਆਦ ਯੂਨਾਨੀ, ਕੁਸ਼ਾਨ, ਸਕ, ਹੂਣ ਜਾਤੀਆਂ ਅਤੇ ਮੁਗਲਾਂ ਨੇ ਆ ਕੇ ਢੇਰੇ ਲਾਏ। ਉਨ੍ਹਾਂ ਦੀ ਆਮਦ ਨਾਲ  ਨਾਲ ਸਾਡੀ ਧਰਤੀ 'ਤੇ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਖੇਤਰਾਂ ਵਿੱਚ ਕੀ ਕੀ ਉਥਲ-ਪੁਥਲ  ਹੋਈ? ਉਸ ਸਭ ਨੂੰ ਮਨਮੋਹਨ ਬਾਵਾਂ ਆਪਣੀਆਂ ਕਹਾਣੀਆਂ ਵਿੱਚ ਕਲਮਬੰਦ ਕਰਦੇ ਹਨ।
ਨਰਬਲੀ ਪੁਸਤਕ ਵਿਚਲੀਆਂ ਪੰਜਾਬ ਅਤੇ ਸਿੱਖ ਇਤਿਹਾਸ ਨਾਲ ਜੁੜੀਆਂ ਕਹਾਣੀਆਂ ਦੀ ਰਚਨਾ ਕਰਕੇ ਮਨਮੋਹਲ ਬਾਵਾ ਜੀ ਨੇ ਪੰਜਾਬੀ ਕਹਾਣੀ ਦੇ ਅਨੁਭਵ ਖੇਤਰ ਦੀਆਂ ਸਰਹੱਦਾਂ ਨੂੰ ਚੌਹਾਂ ਦਿਸ਼ਾਵਾਂ ਵਿੱਚ ਫੈਲਾ ਦਿੱਤਾ ਹੈ। ਸਿੱਖ ਕਾਲ ਦੀ ਅਤੇ ਮੁਗਲੀਆ ਸਾਮਰਾਜ ਦੀ ਸਭ ਤੋਂ ਮਹੱਤਵਪੂਰਨ ਸਦੀ ਯਾਨੀ ਅਠਾਰਵੀਂ ਸਦੀ ਨੂੰ ਆਪਣੀਆਂ ਰਚਨਾਵਾਂ ਦੀ ਪਿੱਠ-ਭੂਮੀ ਵਜੋਂ ਉਹ ਬੜੀ ਨਿਪੁੰਨਤਾ ਨਾਲ ਵਰਤਦੇ ਹਨ। ਉਹ ਪੁਰਾਤਨ ਪਾਤਰਾਂ ਵਿੱਚ ਐਨੀ ਕਲਾ-ਕੁਸ਼ਲਤਾ ਨਾਲ ਰੂਹ ਫੂਕਦੇ ਹਨ ਕਿ ਕਹਾਣੀ ਪੜ੍ਹਦਿਆਂ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਪਾਤਰ ਸਾਡੀਆਂ ਅੱਖਾਂ ਮੂਹਰੇ ਸਾਖਸ਼ਾਤ ਚੱਲ ਫਿਰ ਰਹੇ ਹੋਣ ਜਾਂ ਅਸੀਂ ਉਨ੍ਹਾਂ ਨੂੰ ਜਾਣਦੇ ਹੋਈਏ ਜਾਂ ਸਾਡਾ ਕੋਈ ਉਹਨਾਂ ਨਾਲ ਰਿਸ਼ਤਾ ਹੋਵੇ। ਕਈ ਕਹਾਣੀਆਂ ਵਿੱਚ ਤਾਂ ਮਨਮੋਹਨ ਬਾਵਾ ਦੀ ਕਲਾ ਇਸ ਸਿਖਰ ਤੱਕ ਪਹੁੰਚ ਗਈ ਹੈ ਕਿ ਪਾਠਕ ਖੁਦ ਵੀ ਆਪਣੇ ਆਪਨੂੰ ਕਹਾਣੀ ਵਿੱਚ ਐਕਟ ਕਰਦਾ ਨਾਇਕ ਸਮਝਣ ਦੇ ਭੁਲੇਖੇ ਦਾ ਸ਼ਿਕਾਰ ਹੋ ਜਾਂਦਾ ਹੈ। ਮਨਮੋਹਨ ਬਾਵਾ ਦੀ ਕਹਾਣੀ ਕਲਾ ਵਿੱਚ ਪਾਠਕ ਨੂੰ ਬੰਨ੍ਹਣ ਦੀ ਨਹੀਂ ਬਲਕਿ ਉਮਰਕੈਦ ਕਰ ਲੈਣ ਦੀ ਸਮਰਥਾ ਹੈ। ਉਹ ਆਪਣੇ ਅਧਿਐਨ ਦੀ ਦਿੱਬ ਦ੍ਰਿਸ਼ਟੀ ਨਾਲ ਅੱਜ ਤੋਂ ਹਜਾਰਾਂ ਸਾਲ ਪਹਿਲਾਂ ਦੀਆਂ ਕਥਾਵਾ ਨੂੰ ਲਿਖ ਰਹੇ ਹਨ। ਮਨਮੋਹਨ ਬਾਵਾ ਦੀ ਕਲਮ ਜੁਗਾਂ-ਜੁਗਾਂਤਰਾਂ ਦਾ ਸਫਰ ਤੈਅ ਕਰ ਜਾਂਦੀ ਹੈ। ਉਹ ਬਹੁਤ ਹੀ ਗਹਿਰ ਅਤੇ ਗੰਭੀਰ ਲੇਖਕ ਹਨ।
ਮਨਮੋਹਣ ਬਾਵਾ ਜੀ ਨੂੰ ਪੜ੍ਹ ਕੇ ਇਉਂ ਮਹਿਸੂਸ ਹੋਣ ਲੱਗ ਜਾਂਦਾ ਹੈ ਜਿਵੇਂ ਕੁੱਝ ਨਹੀਂ ਬਲਕਿ ਬਹੁਤ ਕੁੱਝ ਸਿੱਖ ਲਿਆ ਹੈ। ਅਗਰ ਉਨ੍ਹਾਂ ਦੀਆਂ ਕਹਾਣੀਆਂ ਨਾ ਪੜ੍ਹੀਆਂ ਹੁੰਦੀਆਂ ਤਾਂ ਮੈਨੂੰ ਕਦੇ ਵੀ ਇਹ ਗਿਆਨ ਨਹੀਂ ਸੀ ਹੋਣਾ ਕਿ ਨਵਾਬ ਲੋਧੀ ਖਾਂ ਦੇ ਮੋਦੀ ਖਾਨੇ ਵਾਲੇ ਲੁਧਿਆਣੇ ਨੂੰ ਲੋਧੀਆਣਾ ਤੋਂ ਪਹਿਲਾਂ ਸੁਨੇਤਰਾ ਕਿਹਾ ਜਾਂਦਾ ਸੀ। ਤੇ ਉਂੱਚਾ ਪਿੰਡ ਸੰਘੋਲ ਨੂੰ ਸੰਘਪੁਰ, ਕਸੂਰ ਨੂੰ ਕੁਸ਼ਾਵਤੀ, ਸਿਆਲਕੋਟ ਨੂੰ ਸਾਕਲ, ਪਠਾਣਕੋਟ ਨੂੰ ਪ੍ਰਤਿਸਥਾਨ, ਜਲੰਧਰ ਨੂੰ ਧਨਅਵਿਹਾਰ, ਗੁਰੂ ਕਾ ਜੰਡਾਲਾ ਨੂੰ ਜਡਾਲਾ, ਰੋਪੜ ਨੂੰ ਰੂਪਨਗਰ, ਜੀਂਦ ਨੂੰ ਜਯੰਤੀ, ਬਠਿੰਡਾ ਨੂੰ ਵਾਤਾਧਨ, ਕੈਥਲ ਨੂੰ ਕਪਿਸਥਲ, ਨਾਭਾ ਨੂੰ ਨਾਭੀ ਖੰਡ ਅਤੇ ਪੰਛਮੀ ਪਾਕਿਸਤਾਨ ਨੂੰ ਇਲਾਵਰਤ ਆਖਿਆ ਜਾਂਦਾ ਸੀ।
ਖਾਨਾ ਬਦੋਸ਼ ਬੇਗਮ ਮਨਮੋਹਣ ਬਾਵਾ ਦੀ ਕਹਾਣੀ, ਮਹਾਰਾਜਾ ਰਣਜੀਤ ਸਿੰਘ ਦੀਆਂ ਬਹੁਤ ਸਾਰੀਆਂ ਰਾਣੀਆਂ ਵਿੱਚੋਂ ਇੱਕ ਰਾਣੀ ਗੁਲਬਾਨੋ ਬਾਰੇ ਹੈ। ਜੋ ਕਿ ਅਫਗਾਨਿਸਤਾਨ ਦੇ ਇੱਕ ਕਬੀਲੇ ਦੀ ਮੁਸਲਿਮ ਔਰਤ ਜੈਨਬ ਖਾਤੂਨ ਅਤੇ ਮਹਾਰਾਜੇ ਦੇ ਫਰੰਗੀ ਜਰਨੈਲ ਗਾਰਡਨਰ ਦੀ ਸੰਤਾਨ ਸੀ। ਇਸ ਕਹਾਣੀ ਵਿੱਚ ਕੁੱਝ ਕੁ ਇਤਿਹਾਸਕ ਘਟਨਾਵਾਂ ਲੈ ਕੇ ਬਾਵਾ ਜੀ ਨੇ ਆਪਣੀ ਕਲਪਨਾ ਦਾ ਰੰਗ ਭਰ ਕੇ ਉਸ ਕਥਾ ਨੂੰ ਹੋਰ ਵੀ ਚਮਕਾ ਦਿੱਤਾ ਹੈ।  
ਨਰ ਬਲੀ ਤੋਂ ਪਹਿਲਾਂ ਆਇਆ ਕਹਾਣੀ ਸੰਗ੍ਰਹਿ ਅਜਾਤ ਸੁੰਦਰੀ ਪੰਜਾਬੀ ਸਾਹਿਤ ਵਿੱਚ ਬਹੁਤ ਚਰਚਿਤ ਰਿਹਾ ਹੈ। ਇਸ ਪੁਸਤਕ ਦੀ ਕਹਾਣੀ ਤਾਂ ਭਾਵੇਂ ਕੋਈ ਵੀ ਮਾੜੀ ਨਹੀਂ ਪਰ ਸਿਰਲੇਖ ਵਾਲੀ ਕਹਾਣੀ ਮੈਨੂੰ ਬਹੁਤ ਪਸੰਦ ਹੈ। ਬਾਵਾ ਜੀ ਅਨੁਸਾਰ ਕਹਾਣੀ ਅਜਾਤ ਸੁੰਦਰੀ ਦੀ ਕਰਮਭੂਮੀ ਡੇਢ-ਦੋ ਹਜਾਰ ਵਰ੍ਹੇ ਪਹਿਲਾਂ ਵਸਦੀ ਸੰਘੋਲ ਨਗਰੀ ਹੈ, ਜੋ ਅੱਜ ਵੀ ਚੰਡੀਗੜ੍ਹ-ਸਰਹੰਦ ਸੜਕ 'ਤੇ ਸਥਿਤ ਉਂੱਚਾ ਪਿੰਡ ਸੰਘੋਲ ਹੈ।  ਉਨ੍ਹਾਂ ਦਿਨਾਂ ਵਿੱਚ ਤਕਸ਼ਿਲਾ ਤੋਂ ਪਾਟਲੀਪੁੱਤਰ ਜਾਣ ਵਾਲਾ ਰਸਤਾ ਸਾਕਲ (ਜਿਸਨੂੰ ਹੁਣ ਸਿਆਲਕੋਟ ਆਖਿਆ ਜਾਂਦਾ ਹੈ।) ਤੋਂ ਹੁੰਦਾ ਹੋਇਆ ਸੰਘੋਲ ਵਿੱਚ ਦੀ ਲੰਘਦਾ ਸੀ। ਅਜਾਤ ਸੁੰਦਰੀ ਤਕਸ਼ਿਲਾ ਤੋਂ ਪਾਟਲੀਪੁੱਤਰ ਵੱਲ ਜਾਂਦੇ ਇੱਕ ਕਾਫਲੇ ਨਾਲੋਂ ਵਿਛੜ ਕੇ ਸੰਘੋਲ ਵਿੱਚ ਹੀ ਟਿਕ ਜਾਂਦੀ ਹੈ। ਤਕਸ਼ਸਿਲਾ ਉਹ ਆਤਮਗੁਪਤ ਨਾਟਕਕਾਰ ਦੇ ਨਾਟਕਾਂ ਵਿੱਚ ਕੰਮ ਕਰਿਆ ਕਰਦੀ ਸੀ ਅਤੇ ਇੱਕ ਵਿਖਿਆਤ ਵੈਦ ਨਾਲ ਵਿਆਹੀ ਹੋਈ ਸੀ। ਹੁਸੀਨ ਅਤੇ ਵਿਲਾਸੀ ਹੋਣ ਕਰਕੇ ਉਹ ਇੱਕ ਮੈਨਈਟਰ (ਮਰਦਬਾਜ਼) ਜਨਾਨੀ ਵਜੋਂ ਮਕਬੂਲ ਹੁੰਦੀ ਹੈ। ਆਪਣੇ ਵੈਦ ਪਤੀ ਦੀ ਗੈਰਹਾਜ਼ਰੀ ਵਿੱਚ ਉਹ ਪਰਾਏ ਮਰਦਾਂ ਦੀ ਸੇਜ ਹੰਢਾਉਣ ਦੀ ਆਦੀ ਹੈ ਤੇ ਇੱਕ ਦਿਨ ਵੈਦ ਕਿਸੇ ਹੋਰ ਨੂੰ ਉਸਦੇ ਬਿਸਤਰ ਵਿੱਚ ਫੜ੍ਹ ਲੈਂਦਾ ਹੈ। ਨਮੋਸ਼ੀ ਵਿੱਚ ਵੈਦ ਆਤਹੱਤਿਆ ਕਰ ਲੈਂਦਾ ਹੈ। ਵਿਆਹ ਦੇ ਬੰਦਨ ਚੋਂ ਮੁਕਤ ਹੋਣ ਬਾਅਦ ਅਜਾਤ ਸੁੰਦਰੀ ਨੂੰ ਖੁੱਲ੍ਹ ਖੇਡ ਹੋ ਜਾਂਦੀ ਹੈ। ਅਜਾਤ ਸੁੰਦਰੀ ਅੰਦਰ ਆਖਰਾਂ ਦੀ ਕਾਮ ਭੁੱਖ ਅਤੇ ਭਟਕਣ ਹੁੰਦੀ ਹੈ। ਉਹਦਾ ਇੱਕਾ-ਦੁੱਕਾ ਮਰਦਾਂ ਨਾਲ ਨਹੀਂ ਸਰਦਾ। ਇਸ ਲਈ ਉਹ ਆਏ ਦਿਨ ਪ੍ਰੇਮੀ ਬਦਲਦੀ ਰਹਿਣ ਵਾਲੀ ਇਸਤਰੀ ਹੈ। ਅਜਾਤ ਸੁੰਦਰੀ ਦੇ ਕਈ ਪ੍ਰੇਮੀ ਆਪਸ ਵਿੱਚ ਲੜ੍ਹ ਕੇ ਜਾਂ ਹਾਦਸਿਆਂ ਦੀ ਸ਼ਿਕਾਰ ਹੋ ਕੇ ਭੇਦਭਰੀਆਂ ਹਾਲਤਾਂ ਵਿੱਚ ਮਰਦੇ ਰਹਿੰਦੇ ਹਨ। ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਜਿਸਤੋਂ ਅਜਾਤ ਸੁੰਦਰੀ ਖਫਾ ਹੋ ਜਾਂਦੀ ਹੈ ਉਸਨੂੰ ਤਬਾਹ ਕਰ ਦਿੰਦੀ ਹੈ।  
ਅਜਾਤ ਸੁੰਦਰੀ ਦਿਆਲੂ ਅਤੇ ਦਾਨੀ ਸੁਭਾਅ ਦੀ ਹੈ। ਉਸਦੇ ਦਰੋਂ ਕੋਈ ਵੀ ਭਿਖਾਰੀ ਖਾਲੀ ਹੱਥ ਨਹੀਂ ਜਾਂਦਾ। ਉਹ ਪ੍ਰਤਿਭਾਵਾਨ ਅਤੇ ਬਹੁਤ ਅੱਛੀ ਫਨਕਾਰਾ ਹੈ। ਇਸ ਤੋਂ ਇਲਾਵਾ ਉਸ ਵਿੱਚ ਹੋਰ ਵੀ ਬਹੁਤ ਸਾਰੇ ਗੁਣ ਹਨ। ਨਾਚ ਮੁਕਾਬਲਿਆਂ ਵਿੱਚ ਅਨੇਕਾਂ ਪੁਰਸਕਾਰ ਜਿੱਤ ਚੁੱਕੀ ਹੈ। ਉਸਨੂੰ ਸ੍ਰੇਸ਼ਟ ਨ੍ਰਤਕੀ ਮੰਨਿਆ ਜਾਂਦਾ ਹੈ। ਹਰ ਪਾਸੇ ਉਸਦੀ ਨਾਚ ਕਲਾ ਦੀਆਂ ਧੁੰਮਾਂ ਹੁੰਦੀਆਂ ਹਨ। ਇਸ ਕਰਕੇ ਉਸ ਵਿੱਚ ਹੰਕਾਰ ਵੀ ਆ ਜਾਂਦਾ ਹੈ। ਜਿਸ ਸਦਕਾ ਕਦੇ ਉਹ ਆਪਣੀ ਮਿਹਨਤ ਤੋਂ ਅਵੇਸਲੀ ਹੋ ਜਾਂਦੀ ਹੈ ਤੇ ਇੱਕ ਵਾਰ ਉਜੈਨੀ ਦੇ ਰਾਜਾ ਵਿਕਰਮਾਜੀਤ ਦੇ ਦਰਬਾਰ ਵਿੱਚ ਹੋਈ ਪ੍ਰਤੀਯੋਗਤਾ ਵਿੱਚ ਉਸਦੀ ਰਾਜ ਨਰਤਕੀ ਅੰਮ੍ਰਿਤਾਂਜਲੀ ਤੋਂ ਹਾਰ ਖਾ ਜਾਂਦੀ ਹੈ। ਹਾਰ ਖਾਣ ਬਾਅਦ ਉਹ ਵਿਕਰਮਾਜੀਤ ਨੂੰ ਆਪਣਾ ਦੁਸ਼ਮਣ ਸਮਝਣ ਲੱਗ ਜਾਂਦੀ ਹੈ। ਵਿਕਰਮਾਜੀਤ ਨਿਆਕਾਰੀ ਅਤੇ ਕਲਾ ਦਾ ਪੁਜਾਰੀ ਰਾਜਾ ਹੈ। ਸ਼ਾਇਦ ਮੈਂ ਗਲਤ ਨਾ ਹੋਵਾਂ ਕਿ ਵਿਕਰਮਾਜੀਤ ਤੋਂ ਇੱਥੇ ਬਾਵਾ ਜੀ ਦੀ ਮੁਰਾਦ ਸਿੰਘਾਸਨ ਬੱਤੀਸੀ ਦੇ ਮਾਲਕ ਰਾਜਾ ਵਿਕਰਮਾ ਦਿੱਤਯ ਹੈ।
ਜਿਵੇਂ ਕਿ ਇਤਿਹਾਸ ਵਿੱਚ ਵਰਣਨ ਆਉਂਦਾ ਹੈ ਕਿ ਆਰੀਆਂ ਲੋਕਾਂ ਨੇ ਬਾਹਰੋਂ ਆ ਕੇ ਭਾਰਤ 'ਤੇ ਕਬਜ਼ਾ ਕੀਤਾ ਸੀ। ਇਸੇ ਤਰ੍ਹਾਂ ਹੀ ਤਕਸ਼ਿਲਾ ਦਾ ਰਾਜ ਵੀ ਆਰੀਅਨ ਹੁੰਦਾ ਹੈ। ਤਕਸ਼ਸਿਲਾ ਦੇ ਅਸਲ ਵਸਨੀਕ ਤਕਸ਼ ਜਾਤੀ ਦੇ ਅਸੁਰ ਅਤੇ ਦਾਸ ਆਪਣੇ ਆਰੀਆ ਰਾਜੇ ਵਿਰੁੱਧ ਬਗਾਵਤ ਕਰ ਦਿੰਦੇ ਹਨ। ਅਜਾਤ ਸੁੰਦਰੀ ਬਾਗੀਆਂ ਦੀ ਸਹਾਇਤਾ ਕਰਦੀ ਹੈ ਤੇ ਉਨ੍ਹਾਂ ਨੂੰ ਪਨਾਹ ਦਿੰਦੀ ਹੈ। ਅਜਾਤ ਸੁੰਦਰੀ ਚਤੁਰ ਹੋਣ ਕਰਕੇ ਰਾਜੇ ਦੇ ਸੈਨਿਕਾਂ ਵੱਲੋਂ ਫੜੇ ਜਾਣ ਤੋਂ ਪਹਿਲਾਂ ਹੀ ਆਪਣੇ ਸਾਥੀਆਂ ਨਾਲ ਤਕਸ਼ਿਲਾ ਛੱਡ ਕੇ ਪਾਟਲੀਪੁੱਤਰ ਨੂੰ ਰਵਾਨਾ ਹੋ ਜਾਂਦੀ ਹੈ। ਰਸਤੇ ਵਿੱਚ ਉਹ ਮਨ ਬਦਲ ਕੇ ਸੰਘੋਲ ਹੀ ਪੱਕਾ ਡੇਰਾ ਜਮਾ ਲੈਂਦੀ ਹੈ।
ਸੰਘੋਲ ਵਿੱਚ ਉਹ ਮੂਰਤੀਕਾਰ ਹਰੀਵਰਧਨ ਵਰਧਨ ਦੇ ਗੁਆਂਡ ਵਿੱਚ ਰਹਾਇਸ਼ ਰੱਖਦੀ ਹੈ। ਹਰੀਵਰਧਨ ਵਿਆਹਿਆ ਹੈ ਤੇ ਦੋ ਬੱਚਿਆਂ ਦਾ ਬਾਪ ਹੁੰਦਾ ਹੈ। ਹਰੀਵਰਧਨ ਅਜਾਤ ਸੁੰਦਰੀ ਦੇ ਅੰਗਾਂ ਚੋਂ ਫੁੱਟਦੀ ਅੱਗ ਅਤੇ ਉਸਦੀ ਫਟ-ਫਟ ਜਾਂਦੀ ਕੰਚੁਕੀ ਦੇਖ ਕੇ ਹਿੱਲ ਜਾਂਦਾ ਹੈ। ਅਜਾਤ ਸੁੰਦਰੀ ਵੀ ਉਸਦੀ ਕਲਾ ਤੋਂ ਪ੍ਰਭਾਵਿਤ ਹੁੰਦੀ ਹੈ ਤੇ ਉਸਨੂੰ ਮਰਦਾਦਾਨਾ ਸਾਥ ਦੀ ਲੋੜ ਹੁੰਦੀ ਹੈ। ਇਉਂ ਹਰੀਵਰਧਨ ਅਤੇ ਅਜਾਤ ਸੁੰਦਰੀ ਦਾ ਇਸ਼ਕ ਚੱਲ ਪੈਂਦਾ ਹੈ। ਅਜਾਤ ਸੁੰਦਰੀ ਹਰੀਵਰਧਨ ਨਾਲ ਜੀਵਨ ਭਰ ਦਾ ਨਾਤਾ ਜੋੜਨਾ ਚਾਹੁੰਦੀ ਹੈ। ਪਰ ਹਰੀਵਰਧਨ ਆਪਣੇ ਪਰਿਵਾਰ ਨੂੰ ਨਹੀਂ ਛੱਡਦਾ ਤੇ ਆਪਣੇ ਆਪਨੂੰ ਅਜਾਤ ਸੁੰਦਰੀ ਦੇ ਪੰਜੇ ਚੋਂ ਅਜ਼ਾਦ ਕਰਵਾ ਲੈਂਦਾ ਹੈ। ਦੂਸਰਾ ਉਹ ਅਜਾਤ ਸੁੰਦਰੀ ਦੀ ਬੀਤੀ ਜ਼ਿੰਦਗੀ ਅਤੇ ਉਸਦੇ ਚਿਰਿਤਰ ਬਾਰੇ ਜਾਣਦਾ ਹੈ, ਕਿਉਂਕਿ ਨਾਟਕਕਾਰ ਆਤਮਗੁਪਤ ਉਸਦਾ ਮਿੱਤਰ ਹੁੰਦਾ ਹੈ।
ਸੰਘੋਲ ਨਗਰੀ ਦੇ ਗਣਪਤੀ, ਸਾਮੰਤ ਅਤੇ ਸ੍ਰੇਸ਼ਟਪੁੱਤਰ ਸਭ ਸੁੰਦਰਤਾ ਦੇ ਪੁਜਾਰੀ ਤੇ ਰੰਗ-ਰਾਸ ਦੇ ਸੌਕੀਨ ਹੁੰਦੇ ਹਨ। ਉਹ ਅਜਾਤ ਸੁੰਦਰੀ ਨੂੰ ਭੋਗ ਵਿਲਾਸ ਤੇ ਮੁਖਬਰੀ ਲਈ ਵਰਤਦੇ ਹਨ। ਇਸ ਤਰ੍ਹਾਂ ਅਜਾਤ ਸੁੰਦਰੀ ਵੀ ਦਿਨਾਂ ਵਿੱਚ ਹੀ ਸੰਘੋਲ ਵਿੱਚ ਆਪਣਾ ਸਿੱਕਾਂ ਜਮਾ ਲੈਂਦੀ ਹੈ। ਜਦੋਂ ਉਹ ਸੰਘੋਲ ਆਈ ਸੀ ਤਾਂ ਉਸ ਕੋਲ ਕੇਵਲ ਕੁੱਝ ਗਹਿਣੇ ਹੀ ਹੁੰਦੇ ਹਨ ਪਰ ਦਿਨਾਂ ਵਿੱਚ ਹੀ ਉਹ ਭਵਨ, ਵਾਟਕਾ, ਦੋ ਘੋੜਿਆਂ ਵਾਲਾ ਰਥ, ਸੇਵਕ ਆਦਿ ਸੁੱਖ-ਸੁਵਿਧਾ ਦੀਆਂ ਸਾਰੀਆਂ ਵਸਤਾਂ ਦੀ ਮਾਲਕਣ ਬਣ ਬੈਠਦੀ ਹੈ। ਅਜਾਤ ਸੁੰਦਰੀ ਅੰਦਰ ਪੈਸੇ, ਗਹਿਣੇ ਅਤੇ ਅਮੀਰ ਬਣਨ ਦੀ ਹਵਸ ਹੁੰਦੀ ਹੈ। ਉਹ ਬਹੁਤ ਮਹੱਤਵਅਕਾਂਖੀ ਹੁੰਦੀ ਹੈ। ਉਸਦੀਆਂ ਤਮੰਨਾਵਾਂ ਦਾ ਕਦੇ ਵੀ ਅੰਤ ਨਹੀਂ ਹੁੰਦਾ ਤੇ ਉਹਦੀਆਂ ਖਾਹਸ਼ਾਂ ਦਿਨੋਂ ਦਿਨ ਵਧਦੀਆਂ ਚਲੀਆਂ ਜਾਂਦੀਆਂ ਹਨ। ਉਹ ਸੰਘੋਲ ਦੀ ਰਾਜ ਨਰਤਕੀ ਬਣਨਾ ਲੋਚਦੀ ਹੈ। ਸਿਰ ਤੇ ਛੱਤਰ ਅਤੇ ਅੰਗਰੱਖਿਅਕ ਰੱਖਣ ਦੀ ਇਛੁਕ ਹੈ।
ਵਕਤ ਆਪਣੀ ਤੋਰ ਤੁਰਦਾ ਰਹਿੰਦਾ ਹੈ। ਮੂਰਤੀਕਾਰ ਹਰੀਵਰਧਨ ਉਮਰ ਦੇ ਤਕਾਜੇ ਨਾਲ ਬੁੱਤਘੜਨੇ ਘਟਾ ਦਿੰਦਾ ਹੈ ਤੇ ਉਸਦਾ ਚੇਲਾ ਅਸ਼ਵਜਿਤ ਇਸ ਕਲਾ ਵਿੱਚ ਕਾਫ਼ੀ ਪ੍ਰਸਿੱਧੀ ਹਾਲ ਕਰ ਲੈਂਦਾ ਹੈ। ਅਸ਼ਵਜਿਤ ਸਥਾਨਕ ਨਰਤਕੀਆਂ ਅਤੇ ਗਣਿਕਾਵਾਂ ਨੂੰ ਮਾਡਲ ਬਣਾ ਕੇ ਨਗਣ, ਅਰਧ-ਨਗਣ ਅਪਸਰਾਵਾਂ, ਸ਼ਾਲ-ਭੰਜਕਾਵਾਂ ਦੀਆਂ ਮੂਰਤੀਆਂ ਬਣਾਉਂਦਾ ਹੁੰਦਾ ਹੈ। ਬੌਧ-ਸਤੂਪ ਦੁਆਲੇ ਉਸਦੀਆਂ ਘੜੀਆਂ ਕਈ ਮੂਰਤੀਆਂ ਲੱਗੀਆਂ ਹੋਈਆਂ ਹੁੰਦੀਆਂ ਹਨ।
ਬੌਧਮੱਠ ਦੇ ਦੁਆਰ 'ਤੇ ਅਸ਼ਵਜਿਤ ਦੀਆਂ ਬਣਾਈਆਂ ਦੋ ਮੂਰਤੀਆਂ ਸਥਾਪਿਤ ਹੁੰਦੀਆਂ ਹਨ, ਇੱਕ ਝਾਂਜਰਾਂ ਬੰਨ੍ਹਦੀ ਸੁੰਦਰੀ ਦੀ ਤੇ ਦੂਜੀ ਵਾਲ ਨਚੋੜਦੀ ਦੀ। ਉਹ ਮੂਰਤੀਆਂ ਉਹਨੇ ਇੱਕ ਅਜਾਤ ਸੁੰਦਰੀ ਅਤੇ ਦੂਜੀ ਸੂਮਤੀ ਲੇਖਾ ਨੂੰ ਮਾਡਲ ਬਣਾ ਕੇ ਬਣਾਈਆਂ ਸਨ। ਸੂਮਤੀ ਲੇਖਾ ਦੀ ਮੂਰਤੀ ਅਜਾਤ ਸੁੰਦਰੀ ਨਾਲੋਂ ਕਈ ਗੁਣਾਂ ਸੋਹਣੀ ਬਣੀ ਸੀ। ਅਜਾਤ ਸੁੰਦਰੀ ਆਪਣੀ ਮੂਰਤੀ ਵਧੀਆ ਨਾ ਬਣਨ ਉਂੱਤੇ ਖਿੱਝ ਜਾਂਦੀ ਹੈ ਤੇ ਅਸ਼ਵਜਿਤ ਨਾਲ ਲੜ੍ਹ ਪੈਂਦੀ ਹੈ ਕਿ ਉਸਨੇ ਜਾਣ-ਬੁੱਝ ਕੇ ਉਸਦੀ ਮੂਰਤੀ ਖਰਾਬ ਬਣਾਈ ਹੈ। ਅਜਾਤ ਸੁੰਦਰੀ ਨੂੰ ਆਪਣੀ ਸੁੰਦਰਤਾ ਦਾ ਗੁਮਾਨ ਹੁੰਦਾ ਹੈ। ਉਹ ਅਸ਼ਵਜਿਤ ਤੋਂ ਬਦਲਾ ਲੈਂਦੀ ਰਹਿੰਦੀ ਹੈ। ਉਸਦੀਆਂ ਮੂਰਤੀਆਂ ਨਹੀਂ ਵਿਕਣ ਦਿੰਦੀ।
ਅਸ਼ਵਜਿਤ ਕ੍ਰੋਧਿਤ ਹੋ ਕੇ ਅਜਾਤ ਸੁੰਦਰੀ ਦੀ ਇੱਕ ਮੂਰਤੀ ਬਣਾਉਂਦਾ ਹੈ, ਜਿਸ ਵਿੱਚ ਅਜਾਤ ਸੁੰਦਰੀ ਸ਼ਰਾਬ ਦੇ ਨਸ਼ੇ ਵਿੱਚ ਡਿੱਗੀ ਪਈ ਹੁੰਦੀ ਹੈ ਤੇ ਦਾਸੀਆਂ ਉਸਨੂੰ ਵਾਲਾਂ ਤੋਂ ਫੜ੍ਹ ਕੇ ਧੂਹੀ ਲਿਜਾਂਦੀਆਂ ਹਨ। ਇਹ ਮੂਰਤੀ ਅਜਾਤ ਸੁੰਦਰੀ ਦੇ ਮਨ ਵਿੱਚ ਅਸ਼ਵਜਿਤ ਲਈ ਘਿਰਣਾ ਵਿੱਚ ਵਾਧਾ ਕਰ ਦਿੰਦੀ ਹੈ।
 ਇੱਕ ਦਿਨ ਅਸ਼ਵਜਿਤ ਆਪਣੇ ਯਾਰਾਂ -ਬੇਲੀਆਂ ਨੂੰ ਦੱਸਦਾ ਹੈ ਕਿ ਸੁਪਨੇ ਵਿੱਚ ਉਸਨੇ ਅਜਾਤ ਸੁੰਦਰੀ ਦਾ ਨਾਚ ਦੇਖਿਆ ਤੇ ਸਾਰੀ ਰਾਤ ਨਜ਼ਾਰੇ ਲੁੱਟੇ। ਭਿੱਖੂ ਧਰਮਾਮਿੱਤਰ ਨੂੰ ਮਿਲ ਕੇ ਆ ਰਹੀ ਅਜਾਤ ਸੁੰਦਰੀ ਇਹ ਸੁਣ ਲੈਂਦੀ ਹੈ। ਉਹ ਫਟ ਜਾ ਕੇ ਗਣਪਤੀ ਸੁਹੇਲ ਵਰਮਨ ਕੋਲ  ਫਰਿਆਦ ਕਰਦੀ ਹੈ ਕਿ ਅਸ਼ਵਜਿਤ ਨੇ ਸੁਪਨੇ ਵਿੱਚ ਉਸਦਾ ਨਾਚ ਦੇਖਿਆ ਹੈ ਜਿਸਦੇ ਇਵਜ਼ ਵਿੱਚ ਉਹ ਉਸਨੂੰ ਹਜ਼ਾਰ ਮੁਦਰਾਂ ਦੇਵੇ। ਅਸ਼ਵਜਿਤ ਦੀ ਗਣਪ੍ਰੀਸ਼ਦ ਵਿੱਚ ਪੇਸ਼ੀ ਹੁੰਦੀ ਹੈ। ਉਹ ਗਰੀਬ ਹੋਣ ਕਰਕੇ ਹਜ਼ਾਰ ਮੁਦਰਾਂ ਦੇਣ ਤੋਂ ਅਸਮਰਥ ਹੈ। ਇਸ ਤਰ੍ਹਾਂ ਅਜਾਤ ਸੁੰਦਰੀ ਆਪਣੀ ਚਾਲ ਵਿੱਚ ਕਾਮਯਾਬ ਹੋ ਜਾਂਦੀ ਹੈ। ਅਸ਼ਵਜਿਤ ਫਸ ਜਾਂਦਾ ਹੈ। ਅਸ਼ਵਜਿਤ ਬਥੇਰੀਆਂ ਦਲੀਲਾਂ ਦਿੰਦਾ ਹੈ ਕਿ ਉਹ ਨਾਚ ਤਾਂ ਉਸਨੇ ਸੁਪਨੇ ਵਿੱਚ ਦੇਖਿਆ ਸੀ। ਇਸ ਲਈ ਉਸ ਬਦਲੇ ਉਹ ਅਜਾਤ ਸੁੰਦਰੀ ਨੂੰ ਹਕੀਕਤ ਵਿੱਚ ਮੁਦਰਾਂ ਕਿਉਂ ਦੇਵੇ? ਲੇਕਿਨ ਅਸ਼ਵਜਿਤ ਦੀ ਕੋਈ ਇੱਕ ਨਹੀਂ ਸੁਣਦਾ ਕਿਉਂਕਿ ਅਜਾਤ ਸੁੰਦਰੀ ਨੇ ਸਭਿਆਚਾਰ ਮੰਤਰੀ ਮਨੋਮਿੱਤਰ ਅਤੇ ਪ੍ਰਸੰਨਵੀਰ ਵਰਗੇ ਸਾਮਤਾਂ ਨਾਲ ਮਿਲ ਕੇ ਪਹਿਲਾਂ ਹੀ ਗੰਢਤੁੱਪ ਕਰ ਲਈ ਹੁੰਦੀ ਹੈ।
ਉਨ੍ਹਾਂ ਦਿਨਾਂ ਵਿੱਚ ਹੀ ਰਾਜਾ ਵਿਕਰਮਾਜਿਤ ਭੇਸ ਬਦਲ ਕੇ ਸਾਧਾਂ ਵਾਲਾ ਬਾਣਾ ਪਾ ਕੇ ਸੰਘੋਲ ਦੇ ਬੌਧ-ਮੱਠ ਦੇ ਦਰਸ਼ਨ ਕਰਨ ਆਉਂਦਾ ਹੈ ਤਾਂ ਉਸਨੂੰ ਅਸ਼ਵਜਿਤ ਅਤੇ ਅਜਾਤ ਸੁੰਦਰੀ ਦੇ ਖੜਯੰਤਰ ਦੀ ਕਹਾਣੀ ਪਤਾ ਲੱਗਦੀ ਹੈ। ਉਹ ਅਸ਼ਵਜਿਤ ਦੀ ਸਹਾਇਤਾ ਕਰਨ ਦਾ ਬਚਨ ਦਿੰਦਾ ਹੈ ਤੇ ਗਣਪਤੀ ਸੁਹੇਲ ਵਰਮਨ ਨੂੰ ਸਨੇਹਾ ਭੇਜ ਦਿੰਦਾ ਹੈ ਕਿ ਉਹ ਅਜਾਤ ਸੁੰਦਰੀ ਨੂੰ ਹਜ਼ਾਰ ਮੁਦਰਾਂ ਦੇਣ ਲਈ ਤਿਆਰ ਹੈ। ਮਿਥੇ ਦਿਨ ਗਣਪ੍ਰੀਸ਼ਦ ਵਿੱਚ ਵਿਕਰਮਾਜਿਤ ਬਾਂਸ ਨਾਲ ਹਜ਼ਾਰ ਮੁਦਰਾ ਬੰਨ੍ਹ ਕੇ ਹੇਠਾਂ ਪਾਣੀ ਦਾ ਕਟੋਰਾ ਧਰ ਦਿੰਦਾ ਹੈ ਤੇ ਅਜਾਤ ਸੁੰਦਰੀ ਨੂੰ ਕਹਿੰਦਾ ਹੈ ਉਹ ਪਾਣੀ ਵਿੱਚੋਂ ਮੁਦਰਾਂ ਚੁੱਕ ਲਵੇ। ਅਜਾਤ ਸੁੰਦਰੀ ਇਸਨੂੰ ਧੋਖਾ ਆਖਦੀ ਹੈ। ਉਹ ਪਾਣੀ ਵਿੱਚੋਂ ਮੁਦਰਾਂ ਕਿਵੇਂ ਚੁੱਕ ਸਕਦੀ ਹੈ ਕਿਉਂਕਿ ਪਾਣੀ ਵਿੱਚ ਤਾਂ ਪਰਛਾਈਂ ਹੈ, ਅਸਲ ਮੁਦਰਾਂ ਨਹੀਂ। ਅੱਗੋਂ ਵਿਕਰਮਾਜਿਤ ਜੁਆਬ ਦਿੰਦਾ ਹੈ ਕਿ ਜੇ ਸੁਪਨੇ ਵਿੱਚ ਅਸ਼ਵਜਿਤ ਨਾਚ ਦੇਖ ਕੇ ਅਜਾਤ ਸੁੰਦਰੀ ਦੇ ਹੁਸਨ ਨੂੰ ਮਾਣ ਸਕਦਾ ਹੈ ਤਾਂ ਉਹ ਕਟੋਰੇ ਵਿੱਚੋਂ ਮੁਦਰਾਂ ਕਿਉਂ ਨਹੀਂ ਚੁੱਕ ਸਕਦੀ? ਅਜਾਤ ਸੁੰਦਰੀ ਵਿਕਰਮਾਜਿਤ ਦੀਆਂ ਦਲੀਲਾਂ ਅੱਗੇ ਹਾਰ ਜਾਂਦੀ ਹੈ। ਇਸ ਨਿਆ ਕਰਨ ਦੇ ਢੰਗ ਤੋਂ ਸਾਰੇ ਸਾਧੂ ਦੇ ਭੇਸ ਵਿੱਚ ਲੁੱਕੇ ਰਾਜਾ ਵਿਕਰਮਾਜਿਤ ਨੂੰ ਪਹਿਚਾਣ ਜਾਂਦੇ ਹਨ।
ਵਿਕਰਾਜੀਤ ਅਸ਼ਵਜਿਤ ਦੀਆਂ ਸਾਰੀਆਂ ਮੂਰਤੀਆਂ ਖਰੀਦ ਲੈਂਦਾ ਹੈ ਤੇ ਅਜਾਤ ਸੁੰਦਰੀ ਨੂੰ ਟਿਕਾਉਣ ਲਈ ਅਸ਼ਵਜਿਤ ਨੂੰ ਉਸਦੀ ਇੱਕ ਹੋਰ ਮੂਰਤੀਆਂ ਘੜਨ ਲਈ ਆਖਦਾ ਹੈ ਤੇ ਉਸਦਾ ਸਾਰਾ ਖਰਚ ਉਠਾਉਣਾ ਦਾ ਵਾਅਦਾ ਵੀ ਕਰਦਾ ਹੈ। ਅਸ਼ਵਜਿਤ ਅਜਾਤ ਸੁੰਦਰੀ ਦੀ ਸਿੰਗਾਰ ਕਰਨ ਦੀ ਮੁੰਦਰਾਂ ਵਿੱਚ ਮੂਰਤੀ ਘੜਨ ਲੱਗ ਜਾਂਦਾ ਹੈ। ਮੂਰਤੀ ਅਜੇ ਅੱਧ ਤੱਕ ਹੀ ਪਹੁੰਚੀ ਹੁੰਦੀ ਹੈ ਕਿ  ਮਿਹਰਗੁੱਲ ਹੂਨ ਦੀ ਸੈਨਾ ਸੰਘੋਲ ਤੇ ਚੜਾਈ ਕਰ ਦਿੰਦੀ ਹੈ।
ਅਸ਼ਵਜੀਤ ਆਪਣੀਆਂ ਮੂਰਤੀਆਂ ਟੋਆ ਪੱਟ ਕੇ ਦੱਬ ਦਿੰਦਾ ਹੈ। ਲੋਕੀ ਆਪਣੀਆਂ ਜਾਨਾਂ ਬਚਾਉਣ ਲਈ ਸੰਘੋਲ ਛੱਡ ਕੇ ਭੱਜ ਜਾਂਦੇ ਹਨ। ਅਜਾਤ ਸੁੰਦਰੀ ਦਾ ਕਿਸੇ ਨੂੰ ਕੁੱਝ ਪਤਾ ਨਹੀਂ ਲਗਦਾ ਕਿ ਉਹ ਕਿਧਰ ਗੁੰਮ ਹੋ ਜਾਂਦੀ ਹੈ। ਇਸ ਤਰ੍ਹਾਂ ਉਦੋਂ ਸੰਘੋਲ ਨਗਰੀ ਅਤੇ ਉਸ ਸਭਿਅਤਾ ਦਾ ਪਤਨ ਹੋ ਜਾਂਦਾ ਹੈ।
ਹਜ਼ਾਰਾਂ ਵਰ੍ਹਿਆਂ ਬਾਅਦ ਜਦੋਂ ਸੰਘੋਲ ਨਗਰੀ ਦੀ ਖੁਦਾਈ ਹੁੰਦੀ ਹੈ ਤਾਂ ਸਮੇਂ ਦੇ ਭਾਰ ਅਤੇ ਮਿੱਟੀ ਹੇਠ ਦੱਬੀ ਇਸ ਗਾਥਾ ਦਾ ਸੁਰਖ ਨਿਕਲਦਾ ਹੈ। ਖੋਜੀਆਂ ਨੂੰ ਅਸ਼ਵਜਿਤ ਦੀਆਂ ਦੱਬੀਆਂ ਹੋਈਆਂ ਮੂਰਤੀਆਂ ਅਤੇ  ਇੱਕ ਭਵਨ ਦੇ ਤਹਿਖਾਨੇ ਵਿੱਚੋਂ ਗਹਿਣੇ ਪਹਿਨਿਆ ਇੱਕ ਇਸਤਰੀ ਦਾ ਪਿੰਜਰ ਮਿਲਦਾ ਹੈ। ਜੋ ਕਿ ਅਜਾਤ ਸੁੰਦਰੀ ਹੀ ਹੁੰਦੀ ਹੈ। ਅਜਾਤ ਸੁੰਦਰ ਨੂੰ ਉਸਦੀ ਹਵਸ ਹੀ ਖਤਮ ਕਰ ਦਿੰਦੀ ਹੈ। ਉਸ ਪਿੰਜਰ ਦੇ ਅਜਾਤ ਸੁੰਦਰੀ ਹੋਣ ਦੀ ਤਸਦੀਕ ਕਹਾਣੀ ਦੇ ਮੁੱਢ ਵਿੱਚ ਅਜਾਤ ਸੁੰਦਰੀ ਦੇ ਸੰਘੋਲ ਆ ਵਸਣ ਬਾਰੇ ਵੇਰਵਾ ਦਿੰਦੇ ਇਸ ਫਿਕਰੇ ਤੋਂ ਹੁੰਦੀ ਹੈ, ਅਜਾਤ ਸੁੰਦਰੀ ਜਦ ਆਈ ਸੀ, ਤਾਂ ਖਾਲੀ ਹੱਥ, ਸਿਵਾਏ ਗਹਿਣਿਆਂ ਦੀ ਇੱਕ ਪਟਾਰੀ ਦੇ। (ਸਫਾ 89, ਅਜਾਤ ਸੁੰਦਰੀ) ਅਤੇ ਇਸੇ ਹੀ ਵਿਚਾਰ ਨੂੰ ਸਪੋਰਟ ਕਰਦਾ ਇੱਕ ਹੋਰ ਪੈਰਾ, ਰਾਜਾ ਵਿਕਰਮਾਜਿਤ ਨੇ ਅਜਾਤ ਸੁੰਦਰੀ ਵੱਲ ਗਹੁ ਨਾਲ ਤੱਕਿਆ। ਹੱਲਕੇ ਨੀਲੇ ਰੱਗ ਦੇ ਵਸਤਰ, ਨੀਲੇ ਹੀ ਰੰਗ ਦੀ ਕੰਚੁਕੀ, ਅਤੇ ਥੱਲੇ ਧੁੰਨੀ ਤੱਕ ਝਾਕਦਾ ਗੋਰਾ ਲੱਕ, ਉਂੱਪਰ ਬੇ-ਪਰਵਾਹੀ ਨਾਲ ਸੋਨੇ ਦੀ ਕੰਨੀ ਵਾਲਾ ਉਂੱਤਰਾਸੰਗ ਸੁੱਟਿਆ ਹੋਇਆ ਸੀ। ਗੱਲ ਵਿੱਚ ਮੋਤੀਆਂ ਦੀ ਮਣੀ-ਮਾਲਾ, ਕੰਨਾਂ ਵਿੱਚ ਹੀਰਿਆਂ ਦੇ ਕਰਨ-ਸ਼ੋਭਣ ਤੇ ਬਾਹਵਾਂ ਕੂਹਣੀਆਂ ਤੱਕ ਸੋਨੇ ਦੀਆਂ ਚੂੜੀਆਂ ਨਾਲ ਭਰੀਆਂ ਹੋਈਆਂ ਸਨ। ਸਭ ਜਾਣਦੇ ਸਨ ਕਿ ਅਜਾਤ ਸੁੰਦਰੀ ਨੂੰ ਗਹਿਣਿਆਂ ਦਾ ਕਿੰਨਾ ਸ਼ੌਕ ਹੈ। ਸ਼ੌਕ ਵੀ ਖਪਤ ਦੀ ਹੱਦ ਤੱਕ ਪਹੁੰਚਿਆ ਹੋਇਆ। (96 ਪੰਨਾ)

ਅਜਾਤ ਸੁੰਦਰੀ ਇੱਕ ਸਸਪੈਂਸ ਥਰੀਲਰ ਹੈ। ਉਪਰੋਕਤ ਵਰਣਨ ਕੀਤੀ ਸਾਰੀ ਕਹਾਣੀ ਦੇ ਵੇਰਵੇ ਅਸਲ ਉਗੜ-ਦੁਗੜੇ ਅਤੇ ਇਸ ਕਲਾਕਾਰੀ ਨਾਲ ਬਾਵਾ ਜੀ ਨੇ ਫਿੱਟ ਕੀਤੇ ਹਨ ਕਿ ਪਾਠਕ ਇੱਕ ਵਾਰ ਕਹਾਣੀ ਪੜ੍ਹਨੀ ਸ਼ੁਰੂ ਕਰਕੇ ਪੂਰੀ ਖਤਮ ਕਰੇ ਬਿਨਾਂ ਵਿਚਾਲਿਉਂ ਨਹੀਂ ਛੱਡ ਸਕਦਾ। ਪੂਰੀ ਦੀ ਪੂਰੀ ਕਹਾਣੀ ਸਾਹ ਰੋਕ ਕੇ ਪੜ੍ਹਨੀ ਪੈਂਦੀ ਹੈ। ਖੂਬਸੂਰਤੀ ਦੀ ਗੱਲ ਇਹ ਹੈ ਕਿ ਬਾਵਾ ਦੀ ਹਰੇਕ ਕਹਾਣੀ ਵਿੱਚ ਕੁੱਝ ਨਹੀਂ ਬਲਿਕ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ। ਸ਼ਾਇਦ ਹੀ ਕੋਈ ਐਸਾ ਕਹਾਣੀਕਾਰ ਹੋਵੇਗਾ ਜਿਹੜਾ ਬਾਵਾ ਜੀ ਦੀਆਂ ਕਹਾਣੀਆਂ ਪੜ੍ਹ ਕੇ ਇਹ ਨਾ ਕਹਿੰਦਾ ਹੋਵੇ ਕਿ ਕਾਸ਼ ਯਾਰ ਮੈਂ ਵੀ ਇਹੋ ਜਿਹੀਆਂ ਕਹਾਣੀਆਂ ਲਿਖਾਂ। ਉਨ੍ਹਾਂ ਦੀਆਂ ਕਹਾਣੀਆਂ ਪੜ੍ਹ ਦੂਜੇ ਕਹਾਣੀਕਾਰਾਂ ਅੰਦਰ ਰਸ਼ਕ ਦੀ ਭਾਵਨਾ ਜਾਗਦੀ ਹੈ। ਬਾਵਾ ਜੀ ਦੀਆਂ ਕਹਾਣੀਆਂ ਬਾਰੇ ਪ੍ਰੋ: ਪ੍ਰੀਤਮ ਸਿੰਘ ਦਾ ਕਥਨ ਹੈ, ਉਸਦੀ ਕਲਾ ਨੇ ਮੇਰੇ ਮਨ ਵਿੱਚ ਉਸਦੀ ਕਲਾ ਲਈ ਸ਼ਰਧਾ ਤੇ ਪੰਜਾਬੀ ਕਹਾਣੀ ਦੀ ਪ੍ਰਾਪਤੀ ਲਈ ਗੌਰਵ ਦਾ ਅਹਿਸਾਸ ਪੈਦਾ ਕੀਤਾ ਹੈ।    

 ਬਾਵਾ ਜੀ ਨੇ ਮੁਢਲੀ ਸਿੱਖਿਆ ਖਾਲਸਾ ਸਕੂਲ ਕਰੋਲ ਬਾਗ, ਦਿੱਲੀ ਤੋਂ ਗ੍ਰਹਿਣ ਕੀਤੀ ਹੈ। ਵਰਣਨਯੋਗ ਹੈ ਕਿ ਪੰਜਾਬੀ ਦੇ ਪ੍ਰਸਿਧ ਵਿਦਿਵਾਨ ਆਲੋਚਕ ਡਾ: ਹਰਭਜਨ ਸਿੰਘ ਵੀ ਇਸੇ ਸਕੂਲ ਅਧਿਆਪਕ ਸਨ। ਉਨ੍ਹਾਂ ਨੇ ਬਾਵਾ ਜੀ ਬਾਰੇ ਅਕਸ ਵਿੱਚਲੇ ਆਪਣੇ ਕਾਲਮ ਵਿੱਚ ਲਿਖਿਆ ਸੀ ਕਿ ਮਨਮੋਹਨ ਬਾਵਾ ਜਿਸ ਖੇਤਰ ਵਿੱਚ ਵੀ ਵਿਚਰਿਆ ਹੈ ਉਹ ਸਿਰਕੱਢ ਹੀ ਰਿਹਾ ਹੈ।

ਉਪਜੀਵਕਾ ਲਈ ਮਨਮੋਹਨ ਬਾਵਾ ਜੀ ਪਰਬਤਾਂ ਵਿੱਚ ਟ੍ਰੈਕਿੰਗ ਸੰਬੰਧੀ ਅੰਗ੍ਰੇਜ਼ੀ ਵਿੱਚ ਕਿਤਾਬਾਂ ਲਿਖਦੇ ਹਨ, ਕਾਰਟੋਗਰਾਫੀ ਕਰਦੇ ਹਨ ਅਤੇ ਡਲਹੌਜੀ ਵਿੱਚ ਇੱਕ ਹੋਟਲ ਚਲਾਉਂਦੇ ਹਨ। ਕੁੱਝ ਸਮਾਂ ਉਹ ਪੰਜਾਬੀ ਪ੍ਰੈਸ ਕੁਤਬ ਰੋਡ ਵਿੱਚ ਬਤੌਰ ਆਰਟਿਸਟ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਦੀ ਦਿੱਲੀ ਵਿਖੇ ਪੱਕੀ ਰਿਹਾਇਸ਼ਗਾਹ ਹੈ ਤੇ ਪਿਛਿਉਂ ਉਹ ਪੰਜਾਬ ਦੇ ਧੂਰੀ ਕਸਬੇ ਨਾਲ ਸੰਬੰਧਿਤ ਹਨ।

18 ਅਗਸਤ 1932 ਨੂੰ ਜਨਮੇ ਮਨਮੋਹਨ ਬਾਵਾ ਜੀ ਦਾ ਜੈਸਾ ਨਾਮ ਵੈਸਾ ਕਾਮ। ਵਾਕਈ ਉਹ ਮਨ ਨੂੰ ਮੋਹਨ ਵਾਲੇ ਅਫਸਾਨਾਨਿਗਾਰ ਹਨ। ਮੇਰੇ ਸਮਕਾਲੀ ਇੱਕੋ-ਇੱਕ ਐਸੇ ਕਹਾਣੀਕਾਰ ਹਨ ਜਿਨ੍ਹਾਂ ਦੀਆਂ ਕਹਾਣੀਆਂ ਨੂੰ ਮੈਂ ਕਈ -ਕਈ ਵਾਰ ਪੜ੍ਹਦਾ ਹਾਂ। ਹੁਣ ਤਾਂ ਇਹ ਅਵਸਥਾ ਹੋ ਗਈ ਹੈ ਕਿ ਮੈਂ ਉਨ੍ਹਾਂ ਦੀਆਂ ਕਹਾਣੀ ਨੂੰ ਕਹਾਣੀ ਪੜ੍ਹਣ ਲਈ ਨਹੀਂ ਪੜ੍ਹਦਾ ਬਲਕਿ ਕਹਾਣੀ ਲਿਖਣੀ ਸਿਖਣ ਦੇ ਮਕਸਦ ਨਾਲ ਪੜ੍ਹਦਾ ਹਾਂ ਅਰਥਾਤ ਕਥਾ ਵਿਦਿਆਰਥੀ ਬਣਕੇ ਉਨ੍ਹਾਂ ਦਾ ਪਠਨ ਕਰਦਾ ਹਾਂ। ਮਨਮੋਹਨ ਬਾਵਾ ਦੀ ਹਰ ਨਵੀਂ ਕਹਾਣੀ ਦੀ ਮੈਨੂੰ ਬੜੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਉਹਨਾਂ ਦੀਆਂ ਕਹਾਣੀ  ਪੜ੍ਹਣ ਦੀ ਤੜਫ ਦਾ ਅੰਦਾਜ਼ਾ ਤੁਸੀਂ ਇਥੋਂ ਲਾ ਸਕਦੇ ਹੋ ਕਿ ਪਿੱਛੇ ਜਿਹੇ ਜਦੋਂ ਇੰਗਲੈਂਡ ਵਿੱਚ ਪੈਟਰੋਲ ਦੀ ਕਿਲਤ ਆ ਗਈ ਸੀ ਤਾਂ ਉਹਨਾਂ ਦਿਨਾਂ ਵਿੱਚ ਆਪਣੇ ਘਰ ਤੋਂ ਨੌ ਮੀਲ ਪੈਦਲ ਵਰਦੇ ਮੀਂਹ ਵਿੱਚ ਮੈਂ ਸਿਰਫ ਬਾਵਾ ਦੀ ਕਹਾਣੀ ਪੜ੍ਹਨ ਸੈਂਟਰਲ ਲਾਇਬਰੇਰੀ ਗਿਆ ਸੀ।
ਸਾਡੇ ਪੰਜਾਬੀਆਂ ਕੋਲ ਬੁਧੀਮਾਨ ਅਤੇ ਬਹੁਪੱਖੀ ਚੇਤਨਾ ਵਾਲੇ ਲੇਖਕਾਂ ਦੀ ਘਾਟ ਹੈ। ਇਹੀ ਕਾਰਨ ਹੈ ਕਿ ਪੰਜਾਬੀ ਪਾਠਕ ਦੀ ਗਿਣਤੀ ਦਿਨੋਂ ਦਿਨ ਮੁੱਠੀ ਵਿੱਚ ਘੁੱਟੀ ਰੇਤ ਵਾਂਗ ਕਿਰਦੀ ਜਾ ਰਹੀ ਹੈ। ਜਿਵੇਂ ਖੇਡਾਂ ਵਿੱਚ ਇੱਕ ਰੀਲੇ ਰੇਸ ਹੁੰਦੀ ਹੈ ਜਿਸ ਵਿੱਚ ਪਹਿਲਾਂ ਇੱਕ ਖਿਡਾਰੀ ਮੈਦਾਨ ਦਾ ਚੱਕਰ ਆਪਣੇ ਟਰੈਕ ਵਿੱਚ ਦੌੜ ਕੇ ਲਾਉਂਦਾ ਹੈ। ਜਦੋਂ ਉਹ ਆਪਣਾ ਚੱਕਰ ਪੂਰਾ ਕਰਕੇ ਆਉਂਦਾ ਹੈ ਤਾਂ ਉਸਦੇ ਆਉਂਦੇ ਨੂੰ ਉਸਦੀ ਜਗ੍ਹਾ ਇੱਕ ਹੋਰ ਖਿਡਾਰੀ ਖੜ੍ਹਾ ਹੁੰਦਾ ਹੈ ਹੋ ਪੁਰਾਣੇ ਤੋਂ ਲੱਕੜ ਦਾ ਗੁਟਕਾ ਫੜ੍ਹ ਕੇ ਅੱਗੇ ਦੌੜਦਾ। ਇਵੇਂ ਹੀ ਜਦੋਂ ਆਪਣਾ ਚੱਕਰ ਪੂਰਾ ਕਰਕੇ ਦੂਜਾ ਥੱਕ ਜਾਂਦਾ ਹੈ ਤਾਂ ਉਸ ਤੋਂ ਗੁਟਕਾ ਪਕੜ ਕੇ ਤੀਜਾ ਨੱਠਦਾ ਹੈ। ਇਉਂ ਇਹ ਦੌੜ ਮਤਲਬ ਕਿ ਨਿਰੰਤਰ ਜਾਰੀ ਰਹਿੰਦੀ ਹੈ। ਇਵੇਂ ਹੀ ਸਾਹਿਤ ਦੇ ਖੇਤਰ ਵਿੱਚ ਵੀ ਹੁੰਦਾ ਹੈ। ਕਹਾਣੀਕਾਰਾਂ ਦੀ ਥਾਂ ਕਹਾਣੀਕਾਰ, ਨਾਟਕਕਾਰਾਂ ਦੀ ਥਾਂ ਨਾਟਕਕਾਰ, ਕਵੀਆਂ ਦੀ ਥਾਂ ਕਵੀ ਆਪਣੇ ਤੋਂ ਪਹਿਲਿਆਂ ਸਾਹਿਤਕਾਰਾਂ ਦੀ ਪਾਈ ਪ੍ਰਿਤ ਨੂੰ ਕਾਇਮ ਰੱਖਦੇ ਹਨ।  ਕਿੱਡੇ ਅਫਸੋਸ ਤੇ ਚਿੰਤਾ ਦੀ ਗੱਲ ਹੈ ਕਿ ਜਦੋਂ ਕੱਲ੍ਹ ਨੂੰ ਮਨਮੋਹਨ ਬਾਵਾ ਥੱਕ ਜਾਵੇਗਾ ਤਾਂ ਸਾਡੇ ਕੋਲ ਕੋਈ ਵੀ ਐਸਾ ਕਹਾਣੀਕਾਰ ਨਹੀਂ ਹੈ ਜਿਹੜਾ ਉਨ੍ਹਾਂ ਤੋਂ ਇਸ ਤਰ੍ਹਾਂ ਦੀਆਂ ਕਹਾਣੀਆਂ ਦਾ ਗੁਟਕਾ ਫੜ੍ਹ ਕੇ ਅੱਗੇ ਭੱਜ ਸਕੇ। ਅਗਰ ਦੂਜੀਆਂ ਭਾਸ਼ਾਵਾਂ ਦੀਆਂ ਕਹਾਣੀਆਂ ਨਾਲ ਹੁੰਦੇ ਮੁਕਾਬਲੇ ਵਿੱਚੋਂ ਸਾਡੀ ਪੰਜਾਬੀ ਕਹਾਣੀ ਨੇ ਰੇਸ ਜਿੱਤਣੀ ਹੈ ਤਾਂ ਸਾਨੂੰ ਘੱਟੋਘੱਟ ਇੱਕ ਮਨਮੋਹਨ ਬਾਵਾ ਤਾਂ ਹੋਰ ਜ਼ਰੂਰ-ਬਰ-ਜ਼ਰੂਰ ਪੈਦਾ ਕਰਨਾ ਪਵੇਗਾ!!!!! ਜੋ ਇਸ ਮੌਜੂਦਾ ਮਨਮੋਹਨ ਬਾਵਾ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਪੁਰਾਤੱਤਵ ਵਿਗਿਆਨੀਆਂ (ਆਰਕਿਔਲਜਿਸਟ) ਵਾਂਗ ਮਲਬਿਆਂ ਨੂੰ ਫਰੋਲੇ ਅਤੇ ਖੰਡਰਾਂ ਨੂੰ ਖੋਦ ਕੇ ਦੱਬੀਆਂ ਅਤੇ ਗੁਆਚੀਆਂ ਕਹਾਣੀਆਂ ਕੱਢੇ। ਸਾਡੀ ਪੰਜਾਬੀ ਕਹਾਣੀ ਨੂੰ ਸੰਸਾਰਪੱਧਰ ਦੀ ਮੰਜ਼ਿਲ ਵੱਲ ਖਿੱਚੀ ਜਾ ਰਹੀ ਸ਼੍ਰੀ ਮਨਮੋਹਨ ਬਾਵਾ ਦੀ ਕਲਮ ਨੂੰ ਅਟੈਂਸਨ ਹੋ ਕੇ ਸਲਿਊਟ!



1 comment: